ਮਹੀਪਾਲ
ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.), ਇਸ ਦਾ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ), ਮੋਦੀ-ਸ਼ਾਹ ਸਰਕਾਰ ਅਤੇ ਆਰ.ਐਸ.ਐਸ. ਦੀ ਸਰਪ੍ਰਸਤੀ ਹੇਠ ਚੱਲ ਰਹੇ ਸਾਰੇ ਸੰਗਠਨ (ਸੰਘ ਪਰਿਵਾਰ) ਅੱਜ ਕਲ੍ਹ ਬਹੁਤ ਤਿਲਮਿਲਾਏ ਹੋਏ ਹਨ। ਸੰਘੀ ਲਾਣਾ ਇਸ ਗੱਲੋਂ ਬਹੁਤ ਖਿਝਿਆ ਹੋਇਆ ਹੈ ਕਿ ਸੰਸਾਰ ਦੇ ਵੱਖੋ-ਵੱਖ ਦੇਸ਼ਾਂ ਵਿੱਚ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀ ਨਜ਼ਰਸਾਨੀ ਕਰਨ ਉਪਰੰਤ, ਉੱਥੋਂ ਦੇ ਹਾਲਾਤ ਦੀ ਦਰਜਾਬੰਦੀ ਕਰਨ ਵਾਲੀਆਂ ਵਿਸ਼ਵ ਦੀਆਂ ਸੰਸਥਾਵਾਂ ਇਸ ਪੱਖੋਂ ਭਾਰਤ ਦੇ ਮੰਦੇ ਰੀਕਾਰਡ ਬਾਰੇ ਬੇਬਾਕ ਟਿੱਪਣੀਆਂ ਕਿਉਂ ਕਰ ਰਹੀਆਂ ਹਨ!
ਫਿਰਕੂ-ਫਾਸ਼ੀ, ਤਾਨਾਸ਼ਾਹੀ ਰਾਜ ਵਿਵਸਥਾ ਦਾ ਆਲੰਬਰਦਾਰ ਇਹ ‘ਨਾਗਪੁਰੀ ਟੋਲਾ’, ਇਸ ਆਲੋਚਨਾ ਨੂੰ ‘ਭਾਰਤ ਕੀ ਛਵੀ ਖਰਾਬ ਕਰਨੇ ਕਾ ਅੰਤਰਰਾਸ਼ਟਰੀਯਾ ਛੜਯੰਤਰ’ ਕਰਾਰ ਦੇ ਰਿਹਾ ਹੈ।
ਇਸ ਨਾਲ ਮਿਲਦੇ-ਜੁਲਦੇ ਇਲਜ਼ਾਮ ਉਨ੍ਹਾਂ ਵਿਸ਼ਵ ਸੰਸਥਾਵਾਂ ‘ਤੇ ਵੀ ਲਾਏ ਜਾਂਦੇ ਹਨ ਜੋ ਭਾਰਤੀ ਬਹੁਗਿਣਤੀ ਵਸੋਂ ਦੀਆਂ ਬਦਹਾਲ ਜੀਵਨ ਹਾਲਤਾਂ ਅਤੇ ਇੱਥੋਂ ਦੀਆਂ ਤਰਸ ਯੋਗ ਸਿਹਤ ਸੇਵਾਵਾਂ ਤੇ ਸਿੱਖਿਆ ਸਹੂਲਤਾਂ, ਭੁੱਖਮਰੀ-ਕੰਗਾਲੀ, ਅਤਿ ਨੀਵੇਂ ਦਰਜੇ ਦੀਆਂ ਰਿਹਾਇਸ਼ੀ ਅਤੇ ਸੈਨੀਟੇਸ਼ਨ ਅਵਸਥਾਵਾਂ, ਭ੍ਰਿਸ਼ਟਾਚਾਰ, ਪੁਲਸ-ਪ੍ਰਸ਼ਾਸ਼ਨਿਕ ਵਧੀਕੀਆਂ ਆਦਿ ਤੋਂ ਸੰਸਾਰ ਨੂੰ ਜਾਣੂੰ ਕਰਵਾਉਂਦੀਆਂ ਰਹਿੰਦੀਆਂ ਹਨ।
ਇੰਨਾ ਹੀ ਨਹੀਂ, ਮੋਦੀ ਸਰਕਾਰ ਅਤੇ ਸੂਬਾਈ ਭਾਜਪਾ ਸਰਕਾਰਾਂ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ਤੋਂ ਅਸੰਤੁਸ਼ਟ ਹੋਣ ਕਰਕੇ ਉੱਠਣ ਵਾਲੇ ਹਰ ਛੋਟੇ-ਵੱਡੇ ਆਵਾਮੀ ਸੰਘਰਸ਼ ਖਿਲਾਫ਼ ਵੀ, ਆਪਣੇ ਲਾਹਣਤੀ ਅਫਵਾਹ ਤੰਤਰ ਦੇ ਆਸਰੇ ਆਪਣੀ ਹੋਂਦ ਬਰਕਰਾਰ ਰੱਖਣ ਵਾਲਾ ਇਹ ਦੰਗਈ ਕੁਨਬਾ, ਅਜਿਹੀਆਂ ਹੀ ਗੈਰ ਜ਼ਿੰਮੇਵਾਰਾਨਾ, ਗੁੰਮਰਾਹਕੁੰਨ ਅਤੇ ਭੜਕਾਊ ਟਿੱਪਣੀਆਂ ਕਰਨ ਲਈ ਜਾਣਿਆ ਜਾਂਦਾ ਹੈ।
ਬੀਤੇ ਵਰ੍ਹੇ ਸੀਏਏ, ਐਨਆਰਸੀ ਅਤੇ ਐਨਪੀਆਰ ਵਿਰੋਧੀ ਅੰਦੋਲਨਕਾਰੀਆਂ, ਖਾਸ ਕਰਕੇ ਇਸਤਰੀਆਂ ਵਿਰੁੱਧ, ਜਾਮੀਆ ਮਿਲੀਆ ਇਸਲਾਮੀਆ (ਜੇਐਮਆਈ), ਜੇਐਨਯੂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਖਿਲਾਫ਼ ਅਤੇ ਇਸ ਵੇਲੇ ਦਿੱਲੀ ਦੀਆਂ ਜੂਹਾਂ ਤੇ ਮੋਰਚੇ ਮੱਲੀ ਬੈਠੇ ਅੰਦੋਲਨਕਾਰੀ ਮਜ਼ਦੂਰਾਂ-ਕਿਸਾਨਾਂ ਉੱਪਰ ਜਿਸ ਕਿਸਮ ਦੀਆਂ ਬੇਬੁਨਿਆਦ ਅਤੇ ਅਤਿ ਨੀਵੇਂ ਦਰਜੇ ਦੀਆਂ ਊਜਾਂ ਬਦਜੁਬਾਨ ਸੰਘੀ ਗੁਰਗਿਆਂ ਲਾਈਆਂ ਗਈਆਂ ਉਹ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ।
ਸੰਘੀ ਗਪੌੜੀਏ ਤਾਂ ਇਸ ਹੱਦ ਤੱਕ ਹਲਕੇ ਹਨ ਕਿ ਦੇਸ਼ ਦੇ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿੱਚ ਨਿੱਜੀ ਹੈਸੀਅਤ ਵਿੱਚ ਕੀਤੇ ਇੱਕ ਟਵੀਟ ਰਾਹੀਂ ਪਾੱਪ ਸਟਾਰ ਰਿਹਾਨਾ ਅਤੇ ਚੌਗਿਰਦਾ ਕਾਰਕੁੰਨ ਬਰੇਟਾ ਵੱਲੋਂ ਮਾਰੇ ਗਏ ‘ਹਾਅ ਦੇ ਨਾਅਰੇ’ ਨੂੰ ਵੀ ‘ਭਾਰਤ ਕੇ ਅੰਤਰਿਕ ਮਾਮਲੋਂ ਮੇਂ ਹਸਤਕਸ਼ੇਪ’ ਕਹਿਣ ਦੀ ਪੱਧਰ ਤੱਕ ਜਾ ਗਰਕੇ। ਇਨ੍ਹਾਂ ਨਾਮ ਨਿਹਾਦ ‘ਰਾਸ਼ਟਰਵਾਦੀਆਂ’ ਦੀ ਉਕਤ ਬੁਖਲਾਹਟ ਦਾ ਤਾਜਾ ਕਾਰਨ ਸਵੀਡਨ ਦੀ ਇੱਕ ਸੰਸਥਾ, ‘ਵਰਾਇਟੀਸ ਆਫ ਡੈਮੋਕਰੇਸੀ’ ਜਿਸ ਦਾ ਛੋਟਾ ਨਾਂ ‘ਵੀ-ਡੈਮ’ ਹੈ, ਵੱਲੋਂ ਜਾਰੀ ਕੀਤੀ ਗਈ ਉਹ ਰੀਪੋਰਟ ਬਣੀ ਹੈ, ਜਿਸ ਵਿੱਚ ਭਾਰਤੀ ਜਮਹੂਰੀਅਤ ਦੇ ਨਿਘਾਰ ਸੰਬੰਧੀ ਤੱਥਾਂ ਸਹਿਤ ਰੋਸ਼ਨੀ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਅਜਿਹੀਆਂ ਰਿਪੋਰਟਾਂ ਛਾਇਆ ਕਰਨ ਵਾਲੀ ਇਹ ਇਕਲੌਤੀ ਸੰਸਥਾ ਨਹੀਂ ਹੈ।
ਕੀ ਇਹ ਰਿਪੋਰਟਾਂ ਮਨਘੜਤ ਹਨ? ਜਾਂ ਕੀ ਸਚਮੁੱਚ ਇਹ ਭਾਰਤ ਦੇ ਖਿਲਾਫ਼ ਕੋਈ ਸਾਜ਼ਿਸ ਹੈ? ਜਾਂ ਫਿਰ ਫਿਰਕੂ-ਫਾਸ਼ੀ ਮੋਦੀ ਸਰਕਾਰ ਵੱਲੋਂ ਆਪਣੀ ਨੱਖਿਧ ਕਾਰਗੁਜ਼ਾਰੀ ਦੀ ਪਰਦਾਪੋਸ਼ੀ ਲਈ ਇਸ ਰੀਪੋਰਟ ਨੂੰ ਵਿਦੇਸ਼ੀ ਸਾਜ਼ਿਸ਼ ਕਿਹਾ ਜਾ ਰਿਹਾ ਹੈ? ਕਿਸੇ ਵੀ ਸਿੱਟੇ ‘ਤੇ ਪੁੱਜਣ ਤੋਂ ਪਹਿਲਾਂ ਉਕਤ ਰੀਪੋਰਟ ਦੇ ਵੇਰਵਿਆਂ ਦੀ ਘੋਖ ਕਰਨਾ ਲਾਹੇਵੰਦਾ ਰਹੇਗਾ।
ਰੀਪੋਰਟ ਕਹਿੰਦੀ ਹੈ ਕਿ ਭਾਰਤ ਇੱਕ ਚੁਣੀ ਹੋਈ ਲੋਕ ਤੰਤਰੀ ਵਿਵਸਥਾ ਨਹੀਂ ਰਿਹਾ। ਹੁਣ ਇਹ ਇੱਕ ਚੁਣੀ ਹੋਈ ਤਾਨਾਸ਼ਾਹੀ ਵਿੱਚ ਤਬਦੀਲ ਹੋ ਚੁੱਕਾ ਹੈ। ਰੀਪੋਰਟ ਅਨੁਸਾਰ 2019 ਵਿੱਚ ਭਾਰਤ ਤੇਜੀ ਨਾਲ ਇਸ ਪਾਸੇ ਵੱਲ ਵਧ ਰਿਹਾ ਸੀ ਅਤੇ 2020 ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ।
ਇਸ ਤੋਂ ਅਗਲਾ ਨਿਰਣਾ ਇਹ ਹੈ ਕਿ ਇਹ ਵਰਤਾਰਾ 2014 ਵਿੱਚ ਮੋਦੀ ਵੱਲੋਂ ਭਾਰਤ ਦਾ ਰਾਜ-ਭਾਗ ਸੰਭਾਲਣ ਵੇਲੇ ਤੋਂ ਸ਼ੁਰੂ ਹੋਇਆ ਅਤੇ ਦਿਨੋਂ ਦਿਨ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਰੀਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨਾਲ ਅਸਹਿਮਤੀ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਬੁਨਿਆਦੀ ਅਧਿਕਾਰਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਦੇਸ਼ ਧਰੋਹ, ਹੱਤਕ ਇੱਜ਼ਤ, ਅੱਤਵਾਦ ਰੋਕੂ ਆਦਿ ਕਾਨੂੰਨਾਂ ਤਹਿਤ ਜੇਲ੍ਹੀਂ ਡੱਕਿਆ ਜਾਣ ਆਮ ਵਰਤਾਰਾ ਬਣ ਚੁੱਕਾ ਹੈ। ਸਰਕਾਰ ਦੀ ਵਿਚਾਰਧਾਰਾ ਅਤੇ ਕਾਰਜਸ਼ੈਲੀ ਦੀ ਆਲੋਚਨਾ ਕਰਨ ਵਾਲੇ 7 ਹਜਾਰ ਦੇਸ਼ ਵਾਸੀਆਂ ਖਿਲਾਫ਼ ਦੇਸ਼ ਧਰੋਹ ਦੇ ਪਰਚੇ ਦਰਜ ਕੀਤੇ ਗਏ ਹਨ।
‘ਵਿਦੇਸ਼ੀ ਸਹਾਇਤਾ ਨੂੰ ਕਾਬੂ ਹੇਠ ਰੱਖਣ ਵਾਲੇ ਕਾਨੂੰਨ’ (ਫਾਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ) ਤਹਿਤ ਨਾਗਰਿਕਾਂ ਦੇ ਦਾਖਲੇ, ਨਿਕਾਸ ਅਤੇ ਗਤੀਵਿਧੀਆਂ ਤੇ ਪਾਬੰਦੀਆਂ ਲਾਈਆਂ ਗਈਆਂ ਹਨ ਜਦਕਿ ਇਸ ਮਾਮਲੇ ਵਿੱਚ ਸਰਕਾਰ ਦੀਆਂ ਚਹੇਤੀਆਂ ਹਿੰਦੂਤਵੀ ਧਿਰਾਂ ਪੂਰੀ ਆਜ਼ਾਦੀ ਮਾਣ ਰਹੀਆਂ ਹਨ।
ਸਰਕਾਰੀ ਨੀਤੀਆਂ-ਵਧੀਕੀਆਂ ਖਿਲਾਫ਼ ਸੰਘਰਸ਼ ਕਰਨ ਵਾਲਿਆਂ, ਵਿੱਦਿਅਕ ਮਾਹਿਰਾਂ, ਸਰਕਾਰ ਦੇ ਨੀਤੀ ਚੌਖਟੇ ਨਾਲ ਅਸਹਿਮਤੀ ਰੱਖਣ ਵਾਲਿਆਂ, ਨਾਗਰਿਕ ਸੁਸਾਇਟੀ ਅਤੇ ਰਾਜਸੀ ਵਿਰੋਧੀਆਂ ਨੂੰ ਦਹਿਸ਼ਤਜਦਾ ਅਤੇ ਜਿੱਚ ਕਰਨ ਹਿਤ ਯੂਏਪੀਏ ( ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ।
ਪ੍ਰਚਾਰ ਮਾਧਿਅਮਾਂ ਨੂੰ ਖ੍ਰੀਦ ਲਿਆ ਗਿਆ ਹੈ ਅਤੇ ਜਿਹੜੇ ਨਹੀਂ ਵਿਕੇ-ਝੁਕੇ ਉਨ੍ਹਾਂ ਨੂੰ ਆਜ਼ਾਦੀ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਪੱਖਪਾਤੀ ਤੇ ਨੁਕਸਦਾਰ ਹੁਕੂਮਤੀ ਕਾਰਕਰਦਗੀ ਨੂੰ ਬੇਪਰਦ ਕਰਨ ਵਾਲੇ ਜਾਂਬਾਜ਼ ਪੱਤਰਕਾਰਾਂ ‘ਤੇ ਕੇਸ ਮੜ੍ਹ ਕੇ ਜੇਲ੍ਹੀਂ ਡੱਕਣਾ ਅਤੇ ਤਸ਼ੱਦਦ ਕਰਨਾ ਹੁਣ ਕੋਈ ਅਸਾਧਾਰਨ ਗੱਲ ਨਹੀਂ ਰਹੀ। ਹਾਲ ਹੀ ਵਿਚ ਦਿਸ਼ਾ ਰਾਣੀ ਨੂੰ ਟੂਲ ਕਿੱਟ ਦੇ ਬਹਾਨੇ ਜੇਲ੍ਹ ‘ਚ ਸੁਟਣ ਦੀ ਘਟਨਾ ਕਿਸੇ ਨੂੰ ਭੁੱਲੀ ਨਹੀਂ ‘ਰੀਪੋਰਟਰਜ਼ ਵਿਦਾਊਟ ਬਾਰਡਰਜ਼’ ਨਾਂਅ ਦੀ ਸੰਸਥਾ ਦੀ ਰਿਪੋਰਟ ਅਨੁਸਾਰ ਮੀਡੀਆ ਦੀ ਆਜਾਦ ਤੇ ਨਿਰਪੱਖ ਭੂਮਿਕਾ ਪੱਖੋਂ 180 ਦੇਸ਼ਾਂ ‘ਚੋਂ ਭਾਰਤ ਦਾ ਸਥਾਨ 142ਵਾਂ ਹੈ। ਰੀਪੋਰਟ ਕਹਿੰਦੀ ਹੈ ਕਿ ਫਿਰਕੂ ਧਰੁਵੀਕਰਨ, ਸਰਕਾਰੀ ਮਾਲਕੀ ਵਾਲੇ ਮੀਡੀਆ ਰਾਹੀਂ ਨੀਵੇਂ ਦਰਜੇ ਦੇ ਪ੍ਰਚਾਰ ਅਤੇ ਅਫਵਾਹਾਂ ਫੈਲਾ ਕੇ ਵਿਰੋਧੀਆਂ ਨੂੰ ਰੱਜ ਕੇ ਬੇਇੱਜ਼ਤ ਕੀਤਾ ਜਾਂਦਾ ਹੈ।
ਜਮਹੂਰੀਅਤ ਦੀ ਬੁਨਿਆਦ ਮੰਨੀ ਜਾਂਦੀ ਚੋਣ ਪ੍ਰਣਾਲੀ ਅਤੇ ਹੋਰ ਮਹੱਤਵਪੂਰਨ ਸੰਸਥਾਵਾਂ ਵੀ ਰਾਜ ਕਰਦੀ ਪਾਰਟੀ ਅਤੇ ਇਸ ਦੇ ਜੋਟੀਦਾਰਾਂ ਦੇ ਹਮਲਿਆਂ ਦੀ ਮਾਰ ਹੇਠ ਹਨ। ਕਾਗਜੀ ਸ਼ੇਰ ਬਣਾ ਦਿੱਤੇ ਗਏ ਚੋਣ ਕਮਿਸ਼ਨ ਦੀ ਦੁਰਦਸ਼ਾ ਇਸ ਤੱਥ ਦਾ ਮੂੰਹ ਬੋਲਦਾ ਸਬੂਤ ਹੈ। ਚੋਣ ਕਮਿਸ਼ਨ ਨੇ ਰਾਜ ਕਰਦੀ ਭਾਜਪਾ ਖਿਲਾਫ਼ ਸ਼ੱਕੀ ਸ੍ਰੋਤਾਂ ਤੋਂ ਆਏ ਬੇਬਹਾ ਧਨ ਦੀ ਦੁਰਵਰਤੋਂ, ਧਾਰਮਿਕ ਮੁਦਿਆਂ ਦੇ ਬੇਜ਼ਾ ਇਸਤੇਮਾਲ, ਫੌਜ ਨੂੰ ਚੋਣ ਹਥਿਆਰ ‘ਚ ਵਟਾ ਦਿੱਤੇ ਜਾਣ ਅਤੇ ਕੇਵਲ ਮੋਦੀ ਦੀ ਹੀ ਫੌਜ ਵਲੋਂ ਪੇਸ਼ ਕੀਤੇ ਜਾਣ ਤੇ ਬੁਰਛਾਗਰਦੀ ਆਦਿ ਦੀਆਂ ਸ਼ਿਕਾਇਤਾਂ ਅਸਲੋਂ ਹੀ ਅਣਸੁਣੀਆਂ ਕਰ ਛੱਡੀਆਂ। ਦੇਸ਼ ਦੇ ਕਰੋੜਾਂ ਗਰੀਬਾਂ, ਦਲਿਤਾਂ, ਹਾਸ਼ੀਆਗਤ ਸਮੂਹਾਂ, ਤੇ ਘੱਟ ਗਿਣਤੀ ਵਸੋਂ ਦੇ ਵੋਟਰ ਲਿਸਟਾਂ ‘ਚ ਨਾਂਅ ਹੀ ਨਾ ਹੋਣ ਦੇ ਗੰਭੀਰ ਇਲਜ਼ਾਮਾਂ ਨੂੰ ਈ.ਸੀ. ਆਈ. ਨੇ ਗੌਲਣ ਯੋਗ ਹੀ ਨਾ ਸਮਝਿਆ। 2019 ਦੀਆਂ ਚੋਣਾਂ ਵਿੱਚ ਹੋਏ ਕੁਲ 60000 ਕਰੋੜ ਰੁਪਏ ਦੇ ਖਰਚ ‘ਚੋਂ ਇਕੱਲੀ ਭਾਜਪਾ ਨੇ 27000 ਕਰੋੜ ਰੁਪਏ ਖਰਚ ਕੀਤੇ ਪਰ ਚੋਣ ਕਮਿਸ਼ਨ ਨੇ ਅੱਖਾਂ-ਕੰਨ ਬੰਦ ਕਰੀ ਰੱਖੇ। ਤਿੰਨਾਂ ਵਿੱਚੋਂ ਇੱਕ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣਦਿਆਂ ਭਾਜਪਾ ਦੀ ਕਾਰਜਸ਼ੈਲੀ ਤੇ ਉਂਗਲ ਧਰਦਿਆਂ, ਕਮਿਸ਼ਨ ਦੇ ਦੂਜੇ ਦੋ ਮੈਂਬਰਾਂ ਨਾਲੋਂ ਪਾਟਵੇਂ ਵਿਚਾਰ ਪੇਸ਼ ਕੀਤੇ ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਏਜੰਸੀਆਂ ਰਾਹੀਂ ਜਲੀਲ ਤੇ ਪ੍ਰੇਸ਼ਾਨ ਕੀਤਾ ਜਾਣ ਲੱਗਾ। ਅਖੀਰ ਉਹ ਚੋਣ ਕਮਿਸ਼ਨ ਛੱਡ ਕੇ ਏਸ਼ੀਅਨ ਵਿਕਾਸ ਬੈਂਕ ‘ਚ ਜਾ ਲੱਗਾ। ਜੇ ਇਸ ਆਧਾਰ ‘ਤੇ ਕੋਈ ਕਹੇ ਕਿ ਭਾਰਤ ‘ਚ ਜਮਹੂਰੀਅਤ ਮਰਨ ਅਵਸਥਾ ਵਿੱਚ ਪਹੁੰਚ ਗਈ ਹੈ ਤਾਂ ਇਸ ਵਿੱਚ ਗਲਤ ਕੀ ਹੈ? ਇਸ ਗੰਭੀਰ ਵਿਗਾੜ ‘ਤੇ ਕਿੰਤੂ ਕਰਨ ਵਾਲੇ ਵਿਦਵਾਨ, ਕਾਨੂੰਨਦਾਨ, ਸਾਬਕਾ ਜੱਜ ਤੇ ਨੌਕਰਸ਼ਾਹ ਭਾਜਪਾ ਦੇ ਕਹੇ ਮੁਤਾਬਕ ਦੇਸ਼ ਧ੍ਰੋਹੀ ਹਨ।
ਮੋਦੀ-ਸ਼ਾਹ ਸਰਕਾਰ ਅਤੇ ਸੰਘ ਭਾਜਪਾ ਆਗੂਆਂ ਨੇ ਲੋਕ ਰਾਜ ਦੀ ਆਪਣੀ ਏਕਾਧਿਕਾਰਵਾਦੀ ਵਿਚਾਰਧਾਰਾ ਨਾਲ ਮੇਚਵੀਂ ਅਜੀਬੋ ਗਰੀਬ ਪਰਿਭਾਸ਼ਾ ਘੜ ਲਈ ਹੈ। ਸੰਵਿਧਾਨਕ ਮਰਿਆਦਾ ਅਤੇ ਜਮਹੂਰੀ ਤਕਾਜ਼ਿਆਂ ਦੀ ਘੋਰ ਅਣਦੇਖੀ ਕਰਦਿਆਂ ਮੋਦੀ ਸਰਕਾਰ ਵੱਲੋਂ ਲਏ ਫੈਸਲਿਆਂ ‘ਤੇ ਕਿੰਤੂ ਕਰਨ ਵਾਲਿਆਂ ਨੂੰ ਇਹ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ”ਹਮੇਂ ਭਾਰਤ ਕੇ ਮਤਦਾਤਾਓਂ ਨੇ ਪ੍ਰਚੰਡ ਬਹੁਮਤ ਵਾਲਾ ਜਨਾਦੇਸ਼ ਦੀਆ ਹੈ।” ਲਗਦੇ ਹੱਥ ਇਹ ਵੀ ਸੁਣਾ ਦਿੰਦੇ ਨੇ ਕਿ ਉਨ੍ਹਾਂ ਕੋਲ (ਲੋਕ ਸਭਾ) ਦੀਆਂ 303 ਸੀਟਾਂ ਹਨ। ਇਸੇ ਕਰਕੇ ਰਾਜਸੀ ਵਿਸ਼ਲੇਸ਼ਕ ਤੰਜ਼ ਨਾਲ ਇਨ੍ਹਾਂ ਨੂੰ ‘ਥ੍ਰੀ ਨਟ ਥ੍ਰੀ’ ਕਹਿੰਦੇ ਹਨ।
ਭਾਜਪਾ ਅਤੇ ਸੰਘ ਲੋਕਾਂ ਨੂੰ ਧੱਕੇ ਨਾਲ ਇਹ ਸਮਝਾਉਣਾ ਚਾਹੁੰਦੇ ਹਨ ਕਿ ਲੋਕ ਤੰਤਰ ਵਿੱਚ ਸਰਕਾਰਾਂ ਸੰਵਿਧਾਨ ਨੂੰ ਜਵਾਬਦੇਹ ਨਹੀਂ ਹੁੰਦੀਆਂ ਅਤੇ ਜੇ ਕਿਸੇ ਪਾਰਟੀ ਕੋਲ ਬਹੁਮਤ ਹੋਵੇ ਤਾਂ ਉਹ ਕੋਈ ਵੀ ਪੁੱਠਾ-ਸਿੱਧਾ ਫੈਸਲਾ ਲੈਣ ਲਈ ਆਜ਼ਾਦ ਹੈ। ਐਸਾ ਹਰਗਿਜ਼ ਨਹੀਂ ਹੈ। ਵੈਸੇ ਭਾਜਪਾ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਬਹੁਮਤ ਦੀ ਐਨੀ ਭੱਦੀ ਵਿਆਖਿਆ ਨੂੰ ਚੁਣੀ ਹੋਈ ਤਾਨਾਸ਼ਾਹੀ ਤੋਂ ਇਲਾਵਾ ਹੋਰ ਕੀ ਕਿਹਾ ਜਾ ਸਕਦਾ ਹੈ? ਇਹ ਵੀ ਦੱਸਿਆ ਗਿਆ ਹੈ ਕਿ ਵਰਤਮਾਨ ਦੌਰ ਵਿੱਚ ਕੇਵਲ ਭਾਰਤ ਹੀ ਨਹੀਂ ਬਲਕਿ ਸੰਸਾਰ ਦੇ ਵੱਖੋ-ਵੱਖ ਮਹਾਂਦੀਪਾਂ ਦੇ ਅਨੇਕਾਂ ਦੇਸ਼ਾਂ ਦੀ 68% ਵਸੋਂ ਜਮਹੂਰੀ ਅਤੇ ਮਨੁੱਖੀ ਹੱਕ-ਹਕੂਕ ਤੋਂ ਵਿਰਵੀ ਹੈ।
ਉੱਤਰ ਪ੍ਰਦੇਸ਼ ਦੇ ਹਾਥਰਸ ਕਸਬੇ ਨੇੜਲੇ ਇੱਕ ਪਿੰਡ ਵਿੱਚ ਇੱਕ ਦਲਿਤ ਮੁਟਿਆਰ ਨਾਲ ਅਖੌਤੀ ‘ਉੱਚ ਜਾਤੀ’ ਦੇ ਜਰਵਾਣਿਆਂ ਵੱਲੋਂ ਸਮੂਹਿਕ ਬਲਾਤਕਾਰ ਪਿਛੋਂ ਬੜੀ ਬੇਰਹਿਮੀ ਨਾਲ ਇਸ ਧੀਅ ਦਾ ਪੋਰ-ਪੋਰ ਚਕਨਾਚੂਰ ਕਰ ਦਿੱਤਾ ਗਿਆ ਸੀ। ਵੱਖ-ਵੱਖ ਹਸਪਤਾਲਾਂ ਵਿੱਚ ਕਈ ਦਿਨ ਤੜਫਣ ਉਪਰੰਤ ਇਹ ਬੇਬਸ ਬੇਟੀ ਸੰਸਾਰ ਤੋਂ ਕੂਚ ਕਰ ਗਈ। ਉੱਤਰ ਪ੍ਰਦੇਸ਼ ਸਰਕਾਰ ਅਤੇ ਇਸ ਦੇ ਹੁਕਮਾਂ ਦਾ ਬੱਧਾ ਪੁਲਸ-ਪ੍ਰਸ਼ਾਸ਼ਨ, ਸਮੁੱਚਾ ਸੰਘ ਪਰਿਵਾਰ ਅਤੇ ‘ਪੰਚ ਪਰਮੇਸ਼ਵਰ’ ਕਹਾਉਣ ਵਾਲੀਆਂ ਇੱਥੋਂ ਦੀਆਂ ਜਾਤੀਵਾਦੀ ਖਾਪ ਪੰਚਾਇਤਾਂ ਨੰਗੇ ਚਿੱਟੇ ਰੂਪ ਵਿੱਚ ਦੋਸ਼ੀਆਂ ਦੇ ਪੱਖ ਵਿਚ ਡੱਟ ਗਈਆਂ। ਪੀੜਤਾ ਦੇ ਪਰਿਵਾਰ ਅਤੇ ਇਮਦਾਦੀਆਂ ਨੂੰ ਹਰ ਪੱਖੋਂ ਜਲੀਲ ਤੇ ਪ੍ਰੇਸ਼ਾਨ ਕੀਤਾ ਜਾਣ ਲੱਗਾ। ਉਕਤ ਅਮਾਨਵੀ ਘਟਨਾਕ੍ਰਮ ਦੀ ਨਿਰਪੱਖ ਰੀਪੋਰਟਿੰਗ ਕਰਨ ਵਾਲੇ ਜਾਂਬਾਜ਼ ਪੱਤਰਕਾਰਾਂ ਦੀ ਖਿੱਚ ਧੂਹ ਕੀਤੀ ਗਈ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਦੇਸ਼ ਧਰੋਹੀ ਦੇ ਦੋਸ਼ ਲਾਕੇ ਜੇਲ੍ਹੀਂ ਡੱਕਿਆ ਗਿਆ।
ਇਸ ਸ਼ਰਮਨਾਕ ਕਰਤੂਤ ਦੀ ਨਿਰਲੱਜ ਪਰਦਾਪੋਸ਼ੀ ਦੀ ਦੇਸ਼-ਦੁਨੀਆਂ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਕੀਤੀ ਗਈ ਥੂਹ-ਥੂਹ ਨੂੰ ਵੀ ਮੋਦੀ-ਯੋਗੀ ਸਰਕਾਰ ਅਤੇ ਇਸ ਦੇ ਹਿਟਲਰੀ ਸ਼ਾਸ਼ਨ ਪੱਧਤੀ ਦੇ ਪੈਰੋਕਾਰ ‘ਮਾਰਗ ਦਰਸ਼ਕ ਸੰਗਠਨ’ ਦੇ ਆਗੂਆਂ ਨੇ ‘ਹਿੰਦੂ ਹਿਤਾਂ ਦੀ ਰਖਵਾਲੀ’ ਯੋਗੀ ਸਰਕਾਰ ਨੂੰ ਬਦਨਾਮ ਕਰਕੇ ਅਸਥਿਰ ਕਰਨ ਦੀ ਹਿੰਦੂ ਵਿਰੋਧੀਆਂ ਦੀ ਕੌਮਾਂਤਰੀ ਸਾਜ਼ਿਸ਼ ਕਰਾਰ ਦਿੱਤਾ ਸੀ। ਇਹ ਭੁੱਲਣਾ ਨਹੀਂ ਚਾਹੀਦਾ ਕਿ ਮੋਦੀ ਸਰਕਾਰ ਜਦੋਂ ਤੋਂ ਦੇਸ਼ ਦੀ ਰਾਜਗੱਦੀ ‘ਤੇ ਬਿਰਾਜਮਾਨ ਹੋਈ ਹੈ ਉਦੋਂ ਤੋਂ ਦੇਸ਼ ਭਰ ਵਿੱਚ ਦਲਿਤਾਂ ਖਿਲਾਫ਼ ਅਤਿਆਚਾਰ ਅਤੇ ਦਲਿਤ ਔਰਤਾਂ ਖਾਸ ਕਰ ਮੁਟਿਆਰਾਂ ਅਤੇ ਬਾਲੜੀਆਂ ਨਾਲ ਦਿਲ ਕੰਬਾਊ ਯੌਨ ਅਪਰਾਧਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਦਿਨੋਂ ਦਿਨ ਤੇਜੀ ਫੜਦਾ ਜਾ ਰਿਹਾ ਹੈ। ਇਸ ਪੱਖੋਂ ਭਾਜਪਾ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਦਾ ਰੀਕਾਰਡ ਸਿਰੇ ਦਾ ਘਟੀਆ ਹੈ ਅਤੇ ਇਨ੍ਹਾਂ ਵਿਚੋਂ ‘ਸਿਰਮੌਰ’ ਸਥਾਨ ਹਿੰਦੂਤਵ ਦੀ ਵਰਤਮਾਨ ਪ੍ਰਯੋਗਸ਼ਾਲਾ ਯੂ ਪੀ ਦਾ ਹੈ। ਇਹੋ ਹਾਲ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਦਾ ਹੈ। ਆਰ ਐਸ ਐਸ ਦੀਆਂ ਸ਼ਿਸ਼ਕਾਰੀਆਂ ਜੁਨੂੰਨੀ ਭੀੜਾਂ ਵੱਲੋਂ ਮੁਸਲਮਾਨਾਂ ਨੂੰ ਕੋਹ-ਕੋਹ ਕੇ ਮਾਰਨ ਜਾਂ ਬੁਰੀ ਤਰ੍ਹਾਂ ਨਾਲ ਫੱਟੜ ਕਰ ਦੇਣ ਦੀਆਂ ਹੌਲਨਾਕ ਵਾਰਦਾਤਾਂ, ਹਿੰਦੂਆਂ ਤੋਂ ਇਲਾਵਾ ਬਾਕੀ ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਦੇ ਮੰਦਰਾਂ ‘ਚ ਦਾਖਲੇ ‘ਤੇ ਪਾਬੰਦੀ ਦੇ ਬੋਰਡ/ਫਲੈਕਸਾਂ ਟੰਗੇ ਜਾਣ ਦੇ ਰੁਝਾਨ ਦੇ ਆਧਾਰ ਤੇ ਭਲਾ ਭਾਰਤ ਦੀ ਜਮਹੂਰੀਅਤ ਬਾਰੇ ਕਿਸੇ ਦੀ ਕਿੰਨੀ ਕੁ ਹਾਂ ਪੱਖੀ ਰਾਇ ਬਣ ਸਕਦੀ ਹੈ! ਸਵੀਡਿਸ਼ ਰਿਪੋਰਟ ਉਕਤ ਘਿਨਾਉਣੇ ਵਰਤਾਰੇ ਦੀ ਵੀ ਨਿਸ਼ਾਨਦੇਹੀ ਕਰਦੀ ਹੈ।
ਸਾਦ ਮੁਰਾਦੀ ਲੋਕ ਬੋਲੀ ‘ਚ ਮਾਰਕਸੀ ਫਲਸਫਾ ਪੜ੍ਹਾਉਣ ਵਾਲੇ ਉਘੇ, ਲੋਕਾਈ ਦੇ ਚਿੰਤਕ ਬਾਬਾ ਭਾਗ ਸਿੰਘ ਸੱਜਣ ਅਕਸਰ ਇੱਕ ਗੱਲ ਸੁਣਾਇਆ ਕਰਦੇ ਸਨ ਕਿ ਕਿਸੇ ਕਰੂਪ ਸ਼ਖਸ ਨੇ ਸ਼ੀਸ਼ੇ ਵਿੱਚ ਆਪਣਾ ਬੇਤਰਤੀਬਾ ਚਿਹਰਾ ਦੇਖ ਕੇ ਖਫਾ ਹੁੰਦਿਆਂ ਸ਼ੀਸ਼ਾ ਟੁਕੜੇ-ਟੁਕੜੇ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਉਸ ਦੇ ਭੱਦੇ ਚਿਹਰੇ ਦਾ ਪਹਿਲਾਂ ਇੱਕੋ ਅਕਸ ਦਿਸਦਾ ਸੀ ਪਰ ਹੁਣ ਹਜਾਰਾਂ ਟੁਕੜਿਆਂ ‘ਚੋਂ ਹਜਾਰਾਂ ਬਦਸੂਰਤ ਅਕਸ ਦਿਸ ਰਹੇ ਸਨ। ਸਾਡੀ ਭਾਜਪਾ ਨੂੰ ਨੇਕ ਸਲਾਹ ਹੈ ਕਿ ਦਰਪਣ ਚਕਨਾਚੂਰ ਕਰਨ ਦੀ ਬਜਾਇ ਆਪਣਾ ਮੁਹਾਂਦਰਾ ਸੰਵਾਰਨ ਵੱਲ ਧਿਆਨ ਦੇਵੇ। ਐਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਇਹ ਭਾਜਪਾ ਲਈ ਸੰਭਵ ਨਹੀਂ ਕਿਉਂਕਿ ਫਿਰਕੂ-ਫਾਸ਼ੀ ਤਾਨਾਸ਼ਾਹੀ ਸੋਚ ਚੌਖਟਾ ਅਤੇ ਲੋਕ ਤੰਤਰ ਤੇ ਸਾਂਝੀਵਾਲਤਾ ਇੱਕ ਮਿਆਨ ‘ਚ ਸਮਾ ਹੀ ਨਹੀਂ ਸਕਦੇ।
Category: English 2021
-

ਸੰਘ-ਭਾਜਪਾ, ਮੋਦੀ-ਸ਼ਾਹ ਕੋ ਗੁੱਸਾ ਕਿਉਂ ਆਤਾ ਹੈ!
-

ਮੋਦੀ ਸਰਕਾਰ ਦੇ ਹਾਵ ਭਾਵ ਦੱਸਦੇ ਹਨ… ਦੇਸ਼ ਨੂੰ ਹੁਣ ਕਾਰਪੋਰੇਟਾਂ ਦੀ ਰਜ਼ਾ ‘ਚ ਹੀ ਰਹਿਣਾ ਹੋਵੇਗਾ
ਰਘਬੀਰ ਸਿੰਘ
ਦੇਸ਼ ਦੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ 20 ਫਰਵਰੀ ਨੂੰ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ 65ਵੇਂ ਸਥਾਪਨਾ ਦਿਵਸ ਸਮੇਂ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਕੇਂਦਰੀ ਬਜਟ ਰਾਹੀਂ ਇਹ ਤੈਅ ਕਰ ਦਿੱਤਾ ਗਿਆ ਹੈ ਕਿ ਭਾਰਤ ਦਾ ਵਿਕਾਸ ਹੁਣ ਪੂਰੀ ਤਰ੍ਹਾਂ ਨਿੱਜੀ ਖੇਤਰ ‘ਤੇ ਆਧਾਰਤ ਹੋਵੇਗਾ। ਉਹਨਾਂ ਕਿਹਾ ਹੈ ਕਿ ਇਹ ਬਜਟ, ਪ੍ਰਧਾਨ ਮੰਤਰੀ ਜੀ ਵਲੋਂ ਲੋੜੀਂਦੀਆਂ ਸੋਧਾਂ ਕੀਤੇ ਜਾਣ ਪਿਛੋਂ ਹੀ ਸੰਸਦ ਵਿਚ ਪੇਸ਼ ਕੀਤਾ ਗਿਆ ਹੈ। ਉਹਨਾਂ ਸਪੱਸ਼ਟ ਕਿਹਾ ਕਿ ”ਹੁਣ ਨੀਤੀ ਪੂਰੀ ਤਰ੍ਹਾਂ ਸਪੱਸ਼ਟ ਹੈ ਅਤੇ ਕਾਰੋਬਾਰ ਕਰਨ ਦੀ ਸੌਖ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਕਾਰਪੋਰੇਟ ਟੈਕਸ ਵਿਚ ਕੀਤੀ ਗਈ ਕਟੌਤੀ ਪਿਛੋਂ ਹੁਣ ਇਹ ਪੂਰੀ ਤਰ੍ਹਾਂ ਉਦਯੋਗਪਤੀਆਂ ਤੇ ਨਿਰਭਰ ਹੈ ਕਿ ਉਹ ਹੁਣ ਆਪਣੀਆਂ ਪਸ਼ੂ ਭਾਵਨਾਵਾਂ (Animal Spirits) ਨੂੰ ਜਗਾਉਣ ਅਤੇ ਭਾਰਤ ਨੂੰ ਸਭ ਤੋਂ ਤੇਜ਼ ਰਫਤਾਰ ਨਾਲ ਵੱਧਣ ਵਾਲੀ ਅਰਥ ਵਿਵਸਥਾ ਬਣਾਉਣ।”
ਸ਼੍ਰੀਮਤੀ ਸੀਤਾਰਮਨ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗਪਤੀਆਂ ਵਲੋਂ ਦਿੱਤੇ ਗਏ ਬਜ਼ਟ ਬਾਰੇ ਸੁਝਾਵਾਂ ‘ਤੇ ਪ੍ਰਧਾਨ ਮੰਤਰੀ ਜੀ ਨਾਲ ਹੋਈ ਗੰਭੀਰ ਚਰਚਾ ਦੇ ਆਧਾਰ ‘ਤੇ ਹੀ ਇਹ ਬਜ਼ਟ ਤਿਆਰ ਕੀਤਾ ਗਿਆ ਹੈ। ਉਹਨਾਂ ਵੱਡੀ ਪੱਧਰ ‘ਤੇ ਲਾਗੂ ਕੀਤੇ ਜਾ ਰਹੇ ਨਿੱਜੀਕਰਨ ਦੇ ਪ੍ਰੋਗਰਾਮਾਂ ਅਤੇ ਬਦੇਸ਼ੀ ਨਿਵੇਸ਼ ਲਈ ਢਿੱਲੇ ਕੀਤੇ ਗਏ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪ੍ਰੋੜਤਾ ਕਰਦਿਆਂ ਇਸਨੂੰ ਸਮੇਂ ਦੀ ਲੋੜ ਦੱਸਿਆ।
ਵਿੱਤ ਮੰਤਰੀ ਦੇ ਐਲਾਨ ਦਾ ਸਾਰ ਤੱਤ ਇਹ ਹੈ ਕਿ ਉਨ੍ਹਾਂ ਨੇ ਭਵਿੱਖ ਵਿਚ ਦੇਸ਼ ਦੇ ਵਿਕਾਸ ਦਾ ਧੁਰਾ ਸਿਰਫ ਪ੍ਰਾਈਵੇਟ ਸੈਕਟਰ ਨੂੰ ਹੀ ਮੰਨ ਲਿਆ ਹੈ। ਪਬਲਿਕ ਸੈਕਟਰ ਦਾ ਇਸ ਵਿਚ ਕੋਈ ਹਿੱਸਾ ਨਹੀਂ ਹੋਵੇਗਾ ਸਗੋਂ ਇਸਦੇ ਉਲਟ ਜਨਤਕ ਖੇਤਰ ਦੇ ਅਦਾਰੇ ਵੇਚੇ ਜਾਣਗੇ ਜਾਂ ਬੜੀ ਤੇਜ਼ ਰਫਤਾਰ ਨਾਲ ਇਹਨਾਂ ‘ਚੋਂ ਸਰਕਾਰੀ ਹਿੱਸੇ ਕੱਢ ਲਏ ਜਾਣਗੇ। ਪ੍ਰਾਈਵੇਟ ਸੈਕਟਰ ਨੂੰ ਮਜ਼ਬੂਤ ਕਰਨ ਲਈ ਜਨਤਕ ਖੇਤਰ ਦਾ ਵਿਕਣਾ ਲਾਜ਼ਮੀ ਬਣਾ ਦਿੱਤਾ ਗਿਆ ਹੈ।
ਉਦਯੋਗਪਤੀਆਂ ਦੀ ਪਸ਼ੂ ਭਾਵਨਾ ਕੀ ਹੈ? : ਰਾਜਨੀਤਕ ਆਰਥਕਤਾ ਵਿਚ ਇਸ ਸ਼ਬਦਾਵਲੀ ਦੀ ਆਮਦ 1929-33 ਦੇ ਸੰਸਾਰ ਵਿਆਪੀ ਆਰਥਕ ਸੰਕਟ ਦੌਰਾਨ ਹੋਈ-ਜਿਸਦਾ ਸੋਵੀਅਤ ਰੂਸ ਤੇ ਕੋਈ ਪ੍ਰਭਾਵ ਨਹੀਂ ਸੀ ਪਿਆ ਅਤੇ ਬਾਕੀ ਬੁਰਜ਼ੁਆ ਆਰਥਕਤਾ ਵਾਲੇ ਦੇਸ਼ਾਂ ਵਿਚ ਭਾਰੀ ਤਬਾਹੀ ਮਚੀ ਸੀ। ਸਰਮਾਏਦਾਰ ਆਰਥਕਤਾ ਦੇ ਮਾਹਰ ਡਾ. ਕੇਨਜ ਵਲੋਂ 1936 ਵਿਚ ‘ਜਨਰਲ ਥਿਊਰੀ ਆਫ ਇੰਪਲਾਏਮੈਂਟ’ ਨਾਂਅ ਦੀ ਲਿਖੀ ਪੁਸਤਕ ਵਿਚ ਇਸਦਾ ਵਰਣਨ ਮਿਲਦਾ ਹੈ। ਇਸ ਪਸ਼ੂ ਭਾਵਨਾ ਦੀ ਵਿਆਖਿਆ ਬੁਰਜ਼ੂਆ ਸਿਧਾਂਤਕਾਰ ਇਸ ਤਰ੍ਹਾਂ ਕਰਦੇ ਹਨ ਕਿ ”ਅਜਿਹੀਆਂ ਮਨੁੱਖੀ ਭਾਵਨਾਵਾਂ ਜੋ ਪੂੰਜੀ ਨਿਵੇਸ਼ ਕਰਨ ਵਾਲੇ ਉਦਯੋਗਪਤੀਆਂ ਨੂੰ ਗੰਭੀਰ ਉਤਰਾਅ ਚੜ੍ਹਾਅ (Volatile) ਵਾਲੀਆਂ ਅਵਸਥਾਵਾਂ ਵਿਚ ਨਿਵੇਸ਼ ਕਰਨ ਲਈ ਉਤਸਾਹਤ ਕਰਦੀਆਂ ਹਨ।” ਉਸ ਸੰਸਾਰ ਵਿਆਪੀ ਆਰਥਕ ਸੰਕਟ ਵਿਚ ਵੀ ਅਜਿਹੀਆਂ ਅਪੀਲਾਂ ਵਾਰ-ਵਾਰ ਕੀਤੀਆਂ ਜਾਂਦੀਆਂ ਸਨ।
ਪੂੰਜੀਵਾਦੀ ਢਾਂਚੇ ਦੇ 2007-2008 ਦੇ ਆਰਥਕ ਸੰਕਟ ਦੌਰਾਨ ਇਸ ਸ਼ਬਦਾਵਲੀ ਦੀ ਵਰਤੋਂ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਵਾਰ-ਵਾਰ ਕੀਤੀ ਸੀ। ਪਰ ਇਸ ਅਪੀਲ ਦਾ ਭਾਰਤ ਦੇ ਕਾਰੋਬਾਰੀਆਂ ‘ਤੇ ਕੋਈ ਅਸਰ ਨਹੀਂ ਸੀ ਹੋਇਆ। ਇਸਦੇ ਉਲਟ ਸਰਕਾਰ ‘ਤੇ ਦਬਾਅ ਪਾ ਕੇ ਉਹਨਾਂ ਵੱਡੀਆਂ ਆਰਥਕ ਰਾਹਤਾਂ ਪ੍ਰਾਪਤ ਕਰ ਲਈਆਂ ਸਨ। ਕਿਰਤੀ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਸੀ ਹੋਈ। ਪਰ ਉਸ ਸਮੇਂ ਜਨਤਕ ਖੇਤਰ ਨੂੰ ਇੰਨੀ ਬੇਦਰਦੀ ਨਾਲ ਨਹੀਂ ਸੀ ਵੇਚਿਆ ਜਾ ਰਿਹਾ ਅਤੇ ਉਹ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਕਈ ਵਸਤਾਂ ਸਸਤੀਆਂ ਦਰਾਂ ‘ਤੇ ਮੁਹੱਈਆ ਕਰਨ ਦੇ ਯੋਗ ਸੀ। ਇਸਤੋਂ ਬਿਨ੍ਹਾਂ ਦੇਸ਼ ਦੀਆਂ ਹਾਕਮ ਜਮਾਤਾਂ, ਹੁਣ ਵਾਂਗ ਦੇਸੀ-ਬਦੇਸ਼ੀ ਕਾਰਪੋਰੇਟ ਅਦਾਰਿਆਂ ਦੇ ਪੂਰੀ ਤਰ੍ਹਾਂ ਦਾਬੇ ਅਧੀਨ ਨਹੀਂ ਸੀ ਆਈਆਂ। ਉਹਨਾਂ ਅੰਦਰ ਕਾਫੀ ਮਤਭੇਦ ਸਨ।
ਪਸ਼ੂ ਬਿਰਤੀਆਂ ਦੀ ਅਸਲੀਅਤ : ਜਦ ਵੇਲੇ ਦੀਆਂ ਸਰਕਾਰਾਂ, ਹਾਕਮ ਜਮਾਤਾਂ ਦੀਆਂ ਨੀਤੀਆਂ ਅਨੁਸਾਰ ਸੰਕਟ ਦੇ ਹੱਲ ਲਈ ਪਸ਼ੂ ਬਿਰਤੀਆਂ (ਭਾਵਨਾਵਾਂ) ਜਗਾਉਣ ਲਈ ਕਾਰੋਬਾਰੀਆਂ ਨੂੰ ਖੁੱਲ੍ਹਾ ਸੱਦਾ ਦਿੰਦੀਆਂ ਹਨ, ਤਾਂ ਇਹ ਅਮਲੀ ਰੂਪ ਵਿਚ ਬੜਾ ਲੋਕ ਵਿਰਧੀ ਅਤੇ ਖਤਰਨਾਕ ਹੁੰਦਾ ਹੈ। ਪਰਦੇ ਪਿੱਛੇ ਰਹਿਕੇ ਉਹ ਆਪਣੇ ਕਾਰੋਬਾਰੀ ਹਿਤਾਂ ਲਈ ਸਮੇਂ ਦੀਆਂ ਸਰਕਾਰਾਂ ਤੋਂ ਅਜਿਹੇ ਕਾਨੂੰਨ ਬਣਵਾ ਲੈਂਦੀਆਂ ਹਨ ਜੋ ਉਹਨਾਂ ਦਾ ਦੇਸ਼ ਦੇ ਸਾਰੇ ਆਰਥਕ ਵਸੀਲਿਆਂ ਭਾਵ ਜਲ, ਜੰਗਲ, ਜ਼ਮੀਨ, ਖਣਿਜ ਪਦਾਰਥਾਂ ਤੇ ਕਬਜ਼ਾ ਕਰਵਾ ਦਿੰਦੇ ਹਨ। ਆਪਣੇ ਲਾਭਾਂ ਲਈ ਇਹ ਸ਼ੈਤਾਨ ਦੇਸ਼ ਦੇ ਵਾਤਾਵਰਣ ਨੂੰ ਤਬਾਹ ਅਤੇ ਬਰਬਾਦ ਕਰਨ ਵਾਲਾ ਰਸਤਾ ਧਾਰਨ ਕਰਦੇ ਹਨ। ਦੇਸ਼ ਦੇ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਤ ਕਰਦੇ ਹਨ। ਦਰਿਆਵਾਂ ਦੇ ਨਿਰਮਲ ਪਾਣੀਆਂ ਵਿਚ ਜ਼ਹਿਰ ਘੋਲਦੇ ਹਨ। ਬਦੇਸ਼ੀ ਧਨਕੁਬੇਰਾਂ, ਬਹੁਰਾਸ਼ਟਰੀ ਕੰਪਨੀਆਂ ਨਾਲ ਆਪਣੀਆਂ ਕਾਰੋਬਾਰੀ ਸਾਂਝਾਂ ਵਧਾਉਣ ਅਤੇ ਬਦੇਸ਼ੀ ਸਰਮਾਏ ਦੀ ਆਮਦ ਲਈ ਕਾਨੂੰਨ ਬਣਵਾ ਲੈਂਦੇ ਹਨ।
1929-33 ਦੇ ਸੰਕਟ ਨਾਲੋਂ ਅਜੋਕੇ ਸਮੇਂ ਭਾਰੀ ਅੰਤਰ ਹੈ। ਉਸ ਸਮੇਂ ਸੋਵੀਅਤ ਯੂਨੀਅਨ ਦੀ ਚੜ੍ਹਤ ਸੀ ਤੇ ਸਰਮਾਏਦਾਰ ਹਾਕਮ ਆਪਣੇ ਆਰਥਕ ਸੰਕਟ ਦੇ ਹੱਲ ਦਾ ਭਾਰ ਆਮ ਲੋਕਾਂ ‘ਤੇ ਨਾ ਪਾ ਕੇ ਉਹਨਾਂ ਨੂੰ ਸੋਵੀਅਤ ਯੂਨੀਅਨ ਪੱਖੀ ਬਣਨ ਤੋਂ ਰੋਕਣਾ ਚਾਹੁੰਦੇ ਸਨ। ਇਸ ਲਈ ਉਹਨਾਂ ਮੰਗ ਦੇ ਸੰਕਟ (Demand crisis) ਨੂੰ ਹੱਲ ਕਰਨ ਲਈ ਬੜੇ ਠੋਸ ਕਦਮ ਚੁੱਕੇ। ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਲਈ ਸਰਕਾਰੀ ਖਰਚੇ ਵਿਚ ਬਹੁਤ ਵੱਡਾ ਵਾਧਾ ਕੀਤਾ। ਇਸ ਨਾਲ ਆਮ ਲੋਕਾਂ ਪਾਸ ਪੈਸਾ ਗਿਆ, ਉਹਨਾਂ ਦੀ ਖਰੀਦ ਸ਼ਕਤੀ ਵਧੀ ਅਤੇ ਹੌਲੀ-ਹੌਲੀ ਸੰਕਟ ‘ਤੇ ਕਾਬੂ ਪਾ ਲਿਆ ਗਿਆ। ਕਹਿਣ ਦਾ ਭਾਵ ਸਰਕਾਰਾਂ ਨੇ ਆਮ ਲੋਕਾਂ ‘ਤੇ ਭਾਰ ਪਾਉਣ ਦੀ ਥਾਂ, ਉਹਨਾਂ ਨੂੰ ਰਾਹਤਾਂ ਦਿੱਤੀਆਂ।
2007-2008 ਦੇ ਸੰਕਟ ਸਮੇਂ ਹਾਲਾਤ ਬਹੁਤ ਬਦਲ ਚੁੱਕੇ ਸਨ ਤੇ ਹੁਣ ਸਮਾਜਵਾਦੀ ਖੇਮੇ ਵੱਲੋਂ ਕੋਈ ਚੈਲੰਜ ਨਹੀਂ ਸੀ। ਇਸ ਲਈ ਸਾਮਰਾਜੀ ਦੇਸ਼ਾਂ ਨੇ ਆਪੋ-ਆਪਣੇ ਦੇਸ਼ਾਂ ਦੇ ਕਿਰਤੀਆਂ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਦੇ ਪੂਰੇ ਰਗੜੇ ਕੱਢੇ। ਅਮਰੀਕਾ ਵਿਚ ਹੀ 10 ਲੱਖ ਲੋਕਾਂ, ਜੋ ਸੰਕਟ ਕਰਕੇ ਆਪਣੇ ਕਰਜ਼ੇ ਮੋੜ ਸਕਣ ਵਿਚ ਅਸਮਰਥ ਸਨ, ਦੇ ਘਰਾਂ ‘ਤੇ ਕਬਜ਼ਾ ਕਰਕੇ ਉਹਨਾਂ ਨੂੰ ਬੇਘਰੇ ਕਰ ਦਿੱਤਾ ਗਿਆ। ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਦੂਜੇ ਪਾਸੇ ਕਰਜ਼ੇ ਦਾ ਜਾਲ ਵਿਛਾਉਣ ਵਾਲੇ ਬੈਂਕਾਂ ਅਤੇ ਨੁਕਸਾਨੇ ਗਏ ਉਦਯੋਗਿਕ ਅਦਾਰਿਆਂ ਨੂੰ ਅਰਬਾਂ ਡਾਲਰ ਦੇ ਰਾਹਤ ਪੈਕੇਜ (Stimulus) ਦਿੱਤੇ ਗਏ।
ਭਾਰਤ ਦੀ ਮੌਜੂਦਾ ਅਵਸਥਾ : ਭਾਰਤ ਵਰਗਾ ਕੁਦਰਤੀ ਵਸੀਲਿਆਂ ਨਾਲ ਭਰਪੂਰ ਦੇਸ਼, ਹਾਕਮਾਂ ਦੀਆਂ ਲੋਕ ਵਿਰੋਧੀ, ਦੇਸੀ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਪੱਖੀ ਨੀਤੀਆਂ ਕਰਕੇ ਗੰਭੀਰ ਆਰਥਕ, ਰਾਜਨੀਤਕ ਅਤੇ ਸਮਾਜਕ ਸੰਕਟ ਵਿਚੋਂ ਲੰਘ ਰਿਹਾ ਹੈ। ਇਹਨਾਂ ਸੰਕਟਾਂ ਦਾ ਮੂਲ ਅਧਾਰ ਸਾਮਰਾਜੀ ਦਬਾਅ ਹੇਠਾਂ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਹਨ। ਸੋਵੀਅਤ ਯੂਨੀਅਨ ਟੁੱਟਣ ਪਿਛੋਂ ਦੇਸ਼ ਵਿਚਲੀਆਂ ਸਾਮਰਾਜ ਪੱਖੀ ਸ਼ਕਤੀਆਂ ਨੂੰ ਇਹ ਨੀਤੀਆਂ ਲਾਗੂ ਕਰਨ ਸਮੇਂ ਕਿਸੇ ਵਿਸ਼ੇਸ਼ ਜਨਤਕ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਦੇਸ਼ ਦੀਆਂ ਹਾਕਮ ਪਾਰਟੀਆਂ ਕਾਂਗਰਸ ਅਤੇ ਬੀ.ਜੇ.ਪੀ. ਇਹਨਾਂ ਨੀਤੀਆਂ ਦੀਆਂ ਝੰਡਾ ਬਰਦਾਰ ਬਣੀਆਂ। ਪਿਛੋਂ ਸਹਿਜੇ-ਸਹਿਜੇ ਸਾਰੀਆਂ ਹਾਕਮ ਜਮਾਤੀ ਖੇਤਰੀ ਪਾਰਟੀਆਂ ਇਸ ਮਰਣਾਊ ਰਾਹ ‘ਤੇ ਤੁਰ ਪਈਆਂ। ਹੌਲੀ-ਹੌਲੀ ਦੇਸ਼ ਦੀਆਂ ਆਰਥਕ ਨੀਤੀਆਂ ਦੀਆਂ ਮੁੱਖ ਸੂਤਰਧਾਰ, ਸੰਸਾਰ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਫੰਡ ਵਰਗੀਆਂ ਸਾਮਰਾਜੀ ਸੰਸਥਾਵਾਂ ਬਣ ਗਈਆਂ। ਇਹ ਸੰਸਥਾਵਾਂ ਵੱਖ-ਵੱਖ ਢੰਗਾਂ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਸਾਮਰਾਜੀ ਅਰਥ ਵਿਵਸਥਾ ਨਾਲ ਨੂੜਨ ਅਤੇ ਉਹਨਾਂ ਦੇ ਆਰਥਕ ਵਸੀਲਿਆਂ ਦੀ ਲੁੱਟ ਕਰਾਉਣ ‘ਚ ਮੁੱਖ ਰੋਲ ਅਦਾ ਕਰਦੀਆਂ ਹਨ। ਮੌਜੂਦਾ ਸਮੇਂ ਵਿਚ ਭਾਰਤ ਦਾ ਆਰਥਕ ਢਾਂਚਾ ਇਹਨਾਂ ਦੀ ਪੂਰੀ ਜਕੜ ਵਿਚ ਹੈ। ਮੌਜੂਦਾ ਸੰਕਟ ਇਹਨਾਂ ਨੀਤੀਆਂ ਦਾ ਮੰਤਕੀ ਸਿੱਟਾ ਹੈ। ਦੇਸ਼ ਦੀਆਂ ਖੱਬੀਆਂ ਪਾਰਟੀਆਂ, ਅਨੇਕਾਂ ਰੌਸ਼ਨ ਖਿਆਲ ਬੁੱਧੀਜੀਵੀ ਅਤੇ ਹੋਰ ਦੇਸ਼ ਭਗਤ ਸ਼ਕਤੀਆਂ ਇਹਨਾਂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੀਆਂ ਆ ਰਹੀਆਂ ਹਨ ਪਰ ਇਹ ਵਿਰੋਧ ਜਨਤਕ ਪ੍ਰਤੀਰੋਧ ਨਾ ਬਣਨ ਕਰਕੇ ਠੋਸ ਸਿੱਟੇ ਨਹੀਂ ਕੱਢ ਸਕਿਆ।
2014 ਤੋਂ ਹੋਈ ਸਿਫ਼ਤੀ ਤਬਦੀਲੀ : 2014 ਵਿਚ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਨਾਲ ਦੇਸ਼ ਦੀ ਅਵਸਥਾ ਵਿਚ ਵੱਡੀ ਸਿਫਤੀ ਤਬਦੀਲੀ ਆਈ। ਇਸ ਨਾਲ ਦੇਸ਼ ਵਿਚਲਾ ਆਰਥਕ ਸੰਕਟ ਦੇਸ਼ ਦੇ ਰਾਜਨੀਤਕ ਅਤੇ ਵਿਸ਼ੇਸ਼ ਕਰਕੇ ਸਮਾਜਕ ਖੇਤਰ ਵਿਚ ਵੀ ਤੇਜ਼ੀ ਨਾਲ ਵਧਣ ਲੱਗਾ। ਭਾਰਤੀ ਜਨਤਾ ਪਾਰਟੀ, ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਰਾਜਸੱਤਾ ‘ਤੇ ਬਿਰਾਜਮਾਨ ਹੋਈ ਸੀ। ਦੇਸ਼ ਦੇ ਕਾਰਪੋਰੇਟ ਘਰਾਣੇ ਆਪਣੀਆਂ ਲੁਟੇਰੀਆਂ ਨੀਤੀਆਂ ਨੂੰ ਅੱਗੇ ਵਧਾਉਣ ਲਈ ਬੀ.ਜੇ.ਪੀ. ਵਰਗੀ ਵੰਡਵਾਦੀ ਅਤੇ ਬੇਕਿਰਕ ਪਾਰਟੀ ਦੀ ਭਾਲ ਵਿਚ ਸਨ ਜੋ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਕਿਸੇ ਵੀ ਹਦ ਤੱਕ ਜਾ ਸਕਦੀ ਹੋਵੇ। ਉਹ ਮੋਦੀ ਵਰਗੇ ਗੈਰ ਸੰਵੇਦਨਾਸ਼ੀਲ ਅਤੇ ਹਰ ਤਰ੍ਹਾਂ ਦੇ ਵਿਰੋਧ ਨੂੰ ਪੈਰਾਂ ਹੇਠਾਂ ਲਤਾੜ ਦੇਣ ਦੀ ਸਮਰਥਾ ਰੱਖਣ ਵਾਲੇ ਆਗੂ ਨੂੰ ਪ੍ਰਧਾਨ ਮੰਤਰੀ ਬਣਿਆ ਵੇਖਣਾ ਚਾਹੁੰਦੇ ਸਨ। ਸੋ 2014 ਦੀ ਬਣੀ ਸਰਕਾਰ ਆਰ.ਐਸ.ਐਸ, ਬੀ.ਜੇ.ਪੀ. ਅਤੇ ਅਡਾਨੀ-ਅੰਬਾਨੀ ਜੋੜੀ ਦੀ ਅਗਵਾਈ ਵਾਲੀ ਕਾਰਪੋਰੇਟ ਘਰਾਣਿਆਂ ਦੀ ਫਿਰਕੂ-ਫਾਸ਼ੀ, ਤਾਨਾਸ਼ਾਹੀ ਸਰਕਾਰ ਹੈ।
ਇਸ ਸਰਕਾਰ ਨੇ ਆਪਣਾ ਵੱਖਰਾ ਰਸਤਾ ਅਖ਼ਤਿਆਰ ਕਰਦਿਆਂ ਲੋਕਾਂ ਦੀ ਏਕਤਾ ਨੂੰ ਤੋੜਨ ਲਈ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ, ਲਵ ਜ਼ਹਾਦ ਵਰਗੇ ਨਾਹਰਿਆਂ ਨਾਲ ਪਰੇਸ਼ਾਨ ਕੀਤਾ। ਉਹਨਾਂ ਦੇ ਖਾਣ-ਪੀਣ ਅਤੇ ਪਹਿਰਾਵੇ ਤੇ ਸਵਾਲ ਉਠਾਏ, ਭੀੜਾਂ ਵਲੋਂ ਹਮਲੇ ਕਰਕੇ ਕਈਆਂ ਦੀਆਂ ਜਾਨਾਂ ਲਈਆਂ। ਘਟ ਗਿਣਤੀਆਂ ਵਿਰੁੱਧ ਇਸ ਤਰ੍ਹਾਂ ਦੇ ਹਮਲੇ ਅਤੇ ਨਫ਼ਰਤੀ ਪ੍ਰਚਾਰ ਪਹਿਲਾਂ ਕਦੀ ਵੇਖਣ ਵਿਚ ਨਹੀਂ ਆਇਆ। ਸਾਡੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਲਗਾਤਾਰ ਜਤਨ ਕੀਤੇ ਗਏ। ਦੇਸ਼ ਦੀਆਂ ਸਮੱਸਿਆਵਾਂ ਨੂੰ ਠੀਕ ਨੀਤੀਆਂ ਲਾਗੂ ਕਰਕੇ ਹਲ ਕਰਨ ਦੀ ਥਾਂ ਹਿੰਦੂ-ਮੁਸਲਮ ਮਸਲਾ ਬਣਾ ਦਿੱਤਾ ਗਿਆ। ਇਸਤੋਂ ਬਿਨਾਂ ਅਨੇਕਾਂ ਸੰਵਿਧਾਨਕ ਸੰਸਥਾਵਾਂ ਤੋੜਕੇ ਜਾਂ ਕਮਜ਼ੋਰ ਕਰਕੇ ਲੋਕਾਂ ਦੇ ਹਿਤਾਂ ਦੀ ਸੀਮਤ ਰਾਖੀ ਕਰਨ ਵਾਲੇ ਅਦਾਰੇ ਖਤਮ ਕਰ ਦਿੱਤੇ ਗਏ।
ਆਰਥਕ ਖੇਤਰ ਵਿਚ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ 8 ਨਵੰਬਰ 2016 ਨੂੰ ਬਿਨਾਂ ਕਿਸੇ ਵਿਚਾਰ-ਵਟਾਂਦਰੇ ਦੇ ਨੋਟ ਬੰਦੀ ਲਾਗੂ ਕਰ ਦਿੱਤੀ ਗਈ। ਲੋਕਾਂ ਦੀ ਜਮ੍ਹਾਂ ਪੂੰਜੀ ਦੀ ਪਾਈ-ਪਾਈ ਬੈਂਕਾਂ ਵਿਚ ਚਲੀ ਗਈ। ਲੋਕ ਆਪਣੇ ਪੈਸੇ ਲੈਣ ਲਈ ਲਾਈਨਾਂ ਵਿਚ ਲੱਗਣ ਲਈ ਮਜ਼ਬੂਰ ਹੋਏ। 100 ਤੋਂ ਵੱਧ ਮਨੁੱਖੀ ਜਾਨਾਂ ਗਈਆਂ। ਛੋਟੇ ਛੋਟੇ ਕਾਰੋਬਾਰ ਤਬਾਹ ਹੋ ਗਏ। ਖੇਤੀ ਸੈਕਟਰ ਦਾ ਭਾਰੀ ਨੁਕਸਾਨ ਹੋਇਆ। ਇਸ ਨਾਲ ਧਨਾਢਾਂ ਦਾ ਕਾਲਾ ਧਨ ਚਿੱਟਾ ਹੋ ਗਿਆ। ਬੈਂਕਾਂ ਵਿਚ ਲੋਕਾਂ ਦਾ ਜਮਾਂ ਪੈਸਾ ਸਿੱਧੇ-ਅਸਿੱਧੇ ਢੰਗ ਨਾਲ ਕਾਰਪੋਰੇਟਾਂ ਦੇ ਹਵਾਲੇ ਹੋ ਗਿਆ। ਅਗਲਾ ਹਮਲਾ ਜੀ.ਐਸ.ਟੀ. ਲਾਗੂ ਕਰਕੇ ਫ਼ੈਡਰਲਿਜ਼ਮ ‘ਤੇ ਕੀਤਾ ਗਿਆ। ਇਹਨਾਂ ਲੋਕ ਵਿਰੋਧੀ ਕਦਮਾਂ ਦੇ ਮਾਰੂ ਸਿੱਟੇ ਸਭ ਦੇ ਸਾਹਮਣੇ ਹਨ।
2019 ਦੀਆਂ ਚੋਣਾਂ ਵਿਚ ਬੀ.ਜੇ.ਪੀ. ਦੀ ਬਹੁਤ ਵੱਡੀ ਜਿੱਤ ਵਿਚ ਮੁੱਖ ਭੂਮਿਕਾ ਇਸ ਪਾਰਟੀ ਵਲੋਂ ਕੀਤੇ ਗਏ ਖਤਰਨਾਕ ਧਾਰਮਕ ਧਰੁਵੀਕਰਨ ਕਰਕੇ ਹੋਈ ਸੀ। ਘਟ ਗਿਣਤੀਆਂ ਨੂੰ ਡਰਾਉਣ ਲਈ ਐਨ.ਆਰ.ਸੀ. ਲਾਗੂ ਕਰਨ ਦੀਆਂ ਚਰਚਾਵਾਂ ਤੇਜ਼ ਕੀਤੀਆਂ ਗਈਆਂ। ਇਸ ਜਿੱਤ ਪਿਛੋਂ ਹਾਕਮਾਂ ਵਲੋਂ ਲੋਕਾਂ ਤੇ ਹਮਲੇ ਹੋਰ ਤੇਜ਼ ਕਰ ਦਿੱਤੇ ਗਏ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਦਿੰਦੀਆਂ ਭਾਰਤੀ ਸੰਵਿਧਾਨ ਦੀਆਂ 370 ਅਤੇ 35ਏ ਧਾਰਾਵਾਂ ਤੋੜਕੇ ਉਸਦਾ ਪੂਰਨ ਰਾਜ ਦਾ ਦਰਜ ਖਤਮ ਕਰਕੇ ਕੇਂਦਰ ਸ਼ਾਸਤ ਇਲਾਕੇ ਬਣਾ ਦਿੱਤੇ ਗਏ। ਇਹ ਸੰਵਿਧਾਨਕ ਵਿਵਸਥਾਵਾਂ ਵਿਰੁੱਧ ਬਹੁਤ ਵੱਡਾ ਹਮਲਾ ਸੀ। ਇਸਤੋਂ ਪਿਛੋਂ ਐਨ.ਆਰ.ਸੀ., ਨਾਗਰਿਕਤਾ ਸੋਧ ਕਾਨੂੰਨ ਐਨ.ਪੀ.ਆਰ. ਦਾ ਵਿਰੋਧ ਕਰਨ ਵਾਲੇ ਯੂਨੀਵਰਸਟੀਆਂ ਦੇ ਵਿਦਿਆਰਥੀ-ਵਿਦਿਆਰਥਣਾਂ, ਪ੍ਰੋਫੈਸਰਾਂ, ਬੁੱਧੀਜੀਵੀਆਂ ‘ਤੇ ਹੋਏ ਜ਼ੁਲਮਾਂ ਦੀ ਲੰਮੀ ਕਹਾਣੀ ਹੈ। ਫਰਵਰੀ 2020 ਵਿਚ, ਦਿੱਲੀ ਵਿਖੇ ਹਾਕਮ ਧਿਰਾਂ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਦੁਖਿਆਰੇ ਲੋਕਾਂ ਤੇ ਕੀਤੇ ਗਏ ਜ਼ੁਲਮਾਂ ਦੀ ਦਾਸਤਾਨ ਲੋਕਾਂ ਨੂੰ ਯਾਦ ਰਹੇਗੀ। ਕਰੋਨਾ ਸਮੇਂ ਬਿਨ੍ਹਾਂ ਸੋਚੇ ਸਮਝੇ ਲਾਗੂ ਕੀਤੇ ਲਾਕ ਡਾਊਨ ਕਰਕੇ ਲੋਕਾਂ ਵਲੋਂ ਹੰਢਾਏ ਗਏ ਦੁੱਖ ਉਹਨਾਂ ਨੂੰ ਹਾਕਮ ਪਾਰਟੀ ਦੀ ਜੁਮਲੇਬਾਜ਼ੀ ਦੀ ਯਾਦ ਦੁਆਉਂਦੇ ਰਹਿਣਗੇ।
ਇਹ ਸੱਚ ਹੈ ਕਿ ਇਹਨਾਂ ਸੋਗੀ ਵਰਤਾਰਿਆਂ ਦੀ ਪਿੱਠ ਭੂਮੀ ਤਿਆਰ ਕਰਨ ਵਿਚ ਪਿਛਲੀਆਂ ਸਰਕਾਰਾਂ ਦਾ ਵੀ ਹਿੱਸਾ ਹੈ। ਪਰ 2014 ਅਤੇ 2019 ਵਿਚ ਬਣੀਆਂ ਭਾਜਪਾ ਸਰਕਾਰਾਂ ਨੇ ਦੇਸ਼ ਦੇ ਆਰਥਕ, ਰਾਜਨੀਤਕ ਅਤੇ ਸਮਾਜਕ ਤਾਣੇਬਾਣੇ ‘ਤੇ ਭਾਰੀ ਵਦਾਨੀ ਸੱਟਾਂ ਮਾਰੀਆਂ।
ਮਜ਼ਦੂਰਾਂ-ਕਿਸਾਨਾਂ ਵਿਰੁੱਧ ਜ਼ੋਰਦਾਰ ਹਮਲਾ : ਮੋਦੀ ਸਰਕਾਰ ਵਲੋਂ 2014 ਪਿਛੋਂ ਦੇਸ਼ ਦੇ ਕਿਰਤੀ ਲੋਕਾਂ ਨਾਲ ਕੀਤੇ ਧੱਕਿਆਂ ਵਿਚ ਸਭ ਤੋਂ ਵੱਧ ਖਤਰਨਾਕ ਅਤੇ ਲੋਕ ਵਿਰੋਧੀ ਦੋ ਕੰਮ ਹਨ। ਪਹਿਲਾ; ਦੇਸ਼ ਦੇ ਮਜ਼ਦੂਰਾਂ ਦੇ ਹਿਤਾਂ ਦੀ ਥੋੜ੍ਹੀ ਬਹੁਤੀ ਰਾਖੀ ਕਰਨ ਵਾਲੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਕਿਰਤ ਕੋਡ ਬਣ ਦੇਣਾ। ਦੂਜਾ ਵੱਡਾ ਕੁਕਰਮ ਕੇਂਦਰ ਸਰਕਾਰ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਬਣਾਉਣਾ ਹੈ। ਇਹ ਦੋਹੇਂ ਹਮਲੇ ਕਰੋਨਾ ਨਾਲ ਪੈਦਾ ਹੋਈ ਅਵਸਥਾ ਦੀ ਦੁਰਵਰਤੋਂ ਕਰਕੇ ਕੀਤੇ ਗਏ ਹਨ। ਦੇਸ਼ ਦਾ ਸਮੁੱਚਾ ਕਿਸਾਨ, ਕਿਰਤੀ ਲੋਕ, ਖਪਤਕਾਰ ਸਭ ਇਕੱਠੇ ਹੋ ਕੇ ਇਸ ਧੱਕੇ ਦੇ ਵਿਰੁੱਧ ਲੜ ਰਹੇ ਹਨ। ਸਾਰੇ ਸੰਸਾਰ ਵਿਚ ਇਸ ਸੰਘਰਸ਼ ਦੀ ਚਰਚਾ ਹੈ। ਹਰ ਪਾਸੇ ਤੋਂ ਪ੍ਰਸ਼ੰਸਾ ਅਤੇ ਹਮਾਇਤ ਮਿਲ ਰਹੀ ਹੈ। ਇਸ ਸੰਘਰਸ਼ ਨੇ ਪਹਿਲੀ ਵਾਰ ਮੋਦੀ ਦੇ ਗੈਰਜਮਹੂਰੀ, ਲੋਕ ਵਿਰੋਧੀ ਅਤੇ ਤਾਨਾਸ਼ਾਹੀ ਹਮਲਿਆਂ ਦੇ ਬੇਮੁਹਾਰੇ ਰੱਥ ਨੂੰ ਰੋਕਿਆ ਹੈ। ਇਹ ਸੰਘਰਸ਼ ਹਰ ਹਾਲਾਤ ਵਿਚ ਜਿੱਤੇਗਾ।
ਭਵਿੱਖ ਦੀਆਂ ਚੁਣੌਤੀਆਂ : ਉਪਰਲੇ ਸਾਰੇ ਅਨਰਥ ਉਸ ਵੇਲੇ ਵਾਪਰੇ ਹਨ ਜਦੋਂ ਮੋਦੀ ਸਰਕਾਰ ਨੇ ਦੇਸ਼ ਦੇ ਵਿਕਾਸ ਨੂੰ ਸਿਰਫ ਪ੍ਰਾਈਵੇਟ ਖੇਤਰ ‘ਤੇ ਹੀ ਅਧਾਰਤ ਹੋਣ ਦਾ ਐਲਾਨ ਨਹੀਂ ਸੀ ਕੀਤਾ, ਪਰ ਇਸ ਸਾਲ ਦੇ ਬਜਟ ਰਾਹੀਂ ਪ੍ਰਾਈਵੇਟ ਸੈਕਟਰ ਨੂੰ ਆਗੂਆਂ ਵਾਲਾ ਰੋਲ ਦੇਣ ਦਾ ਬਾਨਣੂੰ ਬੰਨ੍ਹ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਦੇਸ਼ ਦੇ ਉਦਯੋਗਪਤੀਆਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ ਕਿ ਆਪਣੇ ਮੁਨਾਫ਼ੇ ਵਧਾਉਣ ਲਈ ਪੂਰੀਆਂ ਮਨਮਰਜ਼ੀਆਂ ਕਰਨ। ਇਸ ਬਜਟ ਵਿਚ ਕਾਰਪੋਰੇਟ ਟੈਕਸ ਵਿਚ 5% ਦੀ ਵੱਡੀ ਕਟੌਤੀ ਕਰ ਦਿੱਤੀ ਗਈ ਹੈ। ਦੂਜੇ ਪਾਸੇ ਆਮ ਲੋਕਾਂ ਲਈ ਰੱਖੀਆਂ ਗਈਆਂ ਰਕਮਾਂ, ਖਾਸ ਕਰਕੇ ਪੇਂਡੂ ਵਸੋਂ ਦੀ ਭਲਾਈ ਵਾਲੀਆਂ ਯੋਜਨਾਵਾਂ ‘ਚੋਂ ਰਕਮਾਂ ਪਹਿਲਾਂ ਨਾਲੋਂ ਵੀ ਘਟਾ ਦਿੱਤੀਆਂ ਗਈਆਂ ਹਨ ਜਾਂ ਉਹਨਾਂ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ। ਖੇਤੀ ਲਈ 148300 ਕਰੋੜ ਰੁਪਏ ਰੱਖੇ ਗਏ ਹਨ ਜਦੋਂਕਿ ਪਿਛਲੇ ਸਾਲ 154775 ਕਰੋੜ ਸਨ, ਮਨਰੇਗਾ ਲਈ ਪਿਛਲੇ ਸਾਲ ਦੇ 115000 ਕਰੋੜ ਦੀ ਥਾਂ ਇਸ ਸਾਲ ਕੇਵਲ 73000 ਕਰੋੜ ਰੁਪਏ ਰੱਖੇ ਗਏ ਹਨ। 42000 ਕਰੋੜ ਰੁਪਏ ਦੀ ਭਾਰੀ ਕਟੌਤੀ ਮਨਰੇਗਾ ਨੂੰ ਕੱਖੋਂ ਹਲਾ ਕਰ ਦੇਵੇਗੀ। ਕਿਸਾਨਾਂ ਨੂੰ ਪ੍ਰਤੀ ਸਾਲ 6000 ਰੁਪਏ ਦੇਣ ਵਾਲੀ ਰਕਮ ਘਟਾ ਦਿੱਤੀ ਗਈ ਹੈ। ਇਸ ਅਧੀਨ ਆਰੰਭ ਵਿਚ 12 ਲੱਖ ਪਰਵਾਰ ਲਏ ਗਏ ਸਨ ਜੋ ਹੁਣ ਘਟਾ ਕੇ 9 ਲੱਖ ਕਰ ਦਿੱਤੇ ਗਏ ਹਨ। ਖਾਦਾਂ, ਕੀੜੇਮਾਰ ਦਵਾਈਆਂ ਲਈ 139382 ਕਰੋੜ ਦੀ ਥਾਂ ਹੁਣ 84041 ਕਰੋੜ ਰੁਪਏ ਰੱਖੇ ਗਏ ਹਨ, ਮਿਡ ਡੇ ਮੀਲ ਲਈ ਰਕਮ ਵੀ ਪਹਿਲਾਂ ਨਾਲੋਂ ਘੱਟ ਕਰ ਦਿੱਤੀ ਗਈ ਹੈ। ਆਮ ਜਨਤਾ ਤੇ ਟੈਕਸਾਂ ਅਤੇ ਐਕਸਾਈਜ਼ ਡਿਊਟੀਆਂ ਦਾ ਭਾਰ ਵਧਾਇਆ ਜਾ ਰਿਹਾ ਹੈ। ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨੀ ਜਾ ਚੜ੍ਹੀਆਂ ਹਨ। ਇਸ ਬਜਟ ਵਿਚ ਰੁਜ਼ਗਾਰ ਦੇ ਵਾਧੇ ਲਈ ਕੋਈ ਉਪਰਾਲੇ ਨਹੀਂ ਕੀਤੇ ਗਏ। ਪਿਛਲੇ ਸਾਲ ਕਰੋਨਾ ਕਾਲ ਵਿਚ ਖੁੱਸੇ ਰੁਜ਼ਗਾਰਾਂ ਦੀ ਬਹਾਲੀ ਲਈ ਕੋਈ ਯਤਨ ਨਹੀਂ ਹੋਇਆ। ਲੋਕ, ਪ੍ਰਸ਼ਾਸ਼ਕੀ ਅਤੇ ਜ਼ਖੀਰੇਬਾਜਾਂ ਦੀ ਦੋਹਰੀ ਲੁੱਟ ਸਦਕਾ ਵਧੀ ਮਹਿੰਗਾਈ ਦੀ ਦੋਧਾਰੀ ਕਟਾਰ ਦੇ ਵਾਰ ਝੱਲ ਰਹੇ ਹਨ।
ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਇਸ ਸਾਲ 2 ਲੱਖ 50 ਹਜ਼ਾਰ ਕਰੋੜ ਰੁਪਏ, ਜਨਤਕ ਖੇਤਰ ਦੇ ਅਦਾਰਿਆਂ ਦੇ ਹਿੱਸੇ ਵੇਚਕੇ ਇਕੱਠੇ ਕਰੇਗੀ। ਪਿਛਲੇ ਸਾਲ ਇਹ ਰਕਮ 1.54 ਲੱਖ ਕਰੋੜ ਰੁਪਏ ਸੀ। ਨਿੱਜੀਕਰਨ ਕੀਤੇ ਜਾਣ ਵਾਲੇ ਅਦਾਰਿਆਂ ਵਿਚ ਮੁੱਖ ਤੌਰ ‘ਤੇ ਰੇਲਵੇ, ਹਵਾਈ ਆਵਾਜਾਈ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਸੜਕਾਂ ਅਤੇ ਸ਼ਾਹ ਰਾਹ ਸ਼ਾਮਲ ਹਨ। 150 ਰੇਲ ਗੱਡੀਆਂ ਅਤੇ 50 ਰੇਲਵੇ ਸਟੇਸ਼ਨ ਨਿੱਜੀ ਖੇਤਰ ਨੂੰ ਸੌਂਪੇ ਜਾਣਗੇ। ਬੀ.ਐਸ.ਐਨ.ਐਲ., ਐਮ.ਟੀ.ਐਨ.ਐਲ. ਵਰਗੀਆਂ ਟੈਲੀਫੋਨ ਕੰਪਨੀਆਂ ਵੇਚੇ ਜਾਣ ਤੋਂ ਇਲਾਵਾ 13 ਹਵਾਈ ਅੱਡਿਆਂ ਵਿਚ ਏਅਰ ਪੋਰਟ ਅਥਾਰਟੀ ਆਪਣੇ ਹਿੱਸੇ ਵੇਚ ਦੇਵੇਗੀ। ਦੋ ਬੈਂਕਾਂ ਦਾ ਨਿੱਜੀਕਰਨ ਹੋਵੇਗਾ ਅਤੇ ਐਲ.ਆਈ.ਸੀ. ਦੇ ਹਿੱਸੇ ਵੀ ਵੇਚੇ ਜਾਣਗੇ। ਇਹ ਸਾਰੇ ਅਦਾਰੇ ਬੁਨਿਆਦੀ ਢਾਂਚੇ ਨਾਲ ਸਬੰਧਤ ਹਨ ਜੋ ਲੋਕਾਂ ਨੂੰ ਸਸਤੀਆਂ ਸਹੂਲਤਾਂ ਮੁਹੱਈਆ ਕਰਾਉਂਦੇ ਹਨ। ਨਿੱਜੀਕਰਨ ਹੋਣ ਨਾਲ ਇਹ ਸੇਵਾਵਾਂ ਕਈ ਗੁਣਾਂ ਮਹਿੰਗੀਆਂ ਹੋ ਜਾਣਗੀਆਂ। ਇਸਤੋਂ ਬਿਨਾਂ ਕਾਰਪੋਰੇਟ ਘਰਾਣਿਆਂ ਵਲੋਂ ਅਦਾ ਨਾ ਕੀਤੇ ਜਾਣ ਵਾਲੇ ਕਰਜ਼ੇ (ਐਨ.ਪੀ.ਏ.) ਦੇ ਵੱਡੇ ਹਿੱਸੇ ਮੁਆਫ਼ ਕਰਕੇ ਉਹਨਾਂ ਨੂੰ ਮਾਲੀ ਰਾਹਤਾਂ ਦਿੱਤੀਆਂ ਜਾਣਗੀਆਂ। ਪਰ ਦੂਜੇ ਪਾਸੇ ਕਿਰਤੀ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ।
ਇਸ ਨੀਤੀ ‘ਤੇ ਚਲਦੀ ਹੋਈ ਕੇਂਦਰ ਸਰਕਾਰ ਉਦਯੋਗਪਤੀਆਂ ਨੂੰ ਮਨਮਰਜ਼ੀ ਨਾਲ ਜੰਗਲਾਂ ਦੀ ਕਟਾਈ, ਹਵਾ ਨੂੰ ਪ੍ਰਦੂਸ਼ਤ ਕਰਨ ਅਤੇ ਦਰਿਆਈ ਪਾਣੀਆਂ ਨੂੰ ਜ਼ਹਿਰੀਲਾ ਬਣਾਉਣ ਤੇ ਦਰਿਆਵਾਂ ਦੇ ਵਹਾਅ ਮੋੜਨ ਦੀ ਪੂਰੀ ਖੁੱਲ੍ਹ ਦੇਵੇਗੀ। ਬਿਲਕੁਲ ਆਪਹੁਦਰਾ ਲੋਕ ਵਿਰੋਧੀ ਅਤੇ ਵਾਤਾਵਰਣ ਵਿਰੋਧੀ ‘ਵਿਕਾਸ’ ਹੋਵੇਗਾ। ਬੇਰੁਜ਼ਗਾਰੀ ਅਤੇ ਕੰਗਾਲੀ ਵਧੇਗੀ। ਮਹਿੰਗਾਈ ਵਿਚ ਭਾਰੀ ਵਾਧਾ ਹੋਵੇਗਾ। ਆਰਥਕ ਪਾੜੇ ਹੋਰ ਵਧਣਗੇ।
ਇਹ ਤੈਅ ਹੈ ਕਿ ਇਹਨਾਂ ਸਾਰਿਆਂ ਧੱਕਿਆਂ ਖਿਲਾਫ਼ ਲੋਕ ਜਨਹੂਲਵੇਂ ਸੰਗਰਾਮ ਕਰਨਗੇ। ਭਵਿੱਖ ਤਿੱਖੇ ਤੋਂ ਤਿਖੇਰੇ ਸੰਘਰਸ਼ਾਂ ਦਾ ਹੋਵੇਗਾ। ਇਹ ਸੰਗਰਾਮ ਹਰ ਹਾਲਾਤ ਵਿਚ ਜੇਤੂ ਹੋਣਗੇ। ਕਿਸਾਨ ਸੰਘਰਸ਼ ਦੀ ਜਿੱਤ ਇਸ ਦਿਸ਼ਾ ਵਿਚ ਪਹਿਲੀ ਵੱਡੀ ਕਾਮਯਾਬੀ ਹੋਵੇਗੀ। -

ਨਿੱਜੀਕਰਨ ਦੀ ਦੋਹਰੀ-ਤੇਹਿਰੀ ਮਾਰ
ਹਰਕੰਵਲ ਸਿੰਘ
ਉਂਝ ਤਾਂ ਅਗਲੇ ਵਰ੍ਹੇ ਭਾਵ 2021-22 ਦੇ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਨੇ ਹੀ ਜਨਤਕ ਖੇਤਰ ਦੇ ਨਿਵੇਸ਼ ਰਾਹੀਂ 1.75 ਲੱਖ ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਨ ਦਾ ਟੀਚਾ ਤੈਅ ਕਰਕੇ ਇਹ ਸੰਕੇਤ ਦੇ ਦਿੱਤੇ ਸਨ ਕਿ ਦੇਸ਼ ਅੰਦਰਲੇ ਜਨਤਕ ਖੇਤਰ ਦੇ ਹੋਰ ਕਈ ਅਦਾਰੇ ਅੱਧੇ-ਪੌਣੇ ਮੁੱਲ ‘ਤੇ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੀਆਂ ਜੋਟੀਦਾਰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ। ਪ੍ਰੰਤੂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਹੋਈ ਬਹਿਸ ਦਾ ਉੱਤਰ ਦਿੰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਿਵੇਂ ਇਸ ਵਾਰ ਹਿੱਕ ਥਾਪੜ ਕੇ, ਜਨਤਕ ਖੇਤਰ ਦੇ ਮੁਕਾਬਲੇ ਵਿਚ ਪ੍ਰਾਈਵੇਟ ਖੇਤਰ ਦੀ ਵਕਾਲਤ ਕੀਤੀ ਹੈ, ਉਸਨੇ ਹੋਰ ਵੀ ਵਧੇਰੇ ਸਪੱਸ਼ਟ ਕਰ ਦਿੱਤਾ ਹੈ ਕਿ ਇਥੇ ਹੁਣ ਲੋਕਮਾਰੂ ਤੇ ਦੇਸ਼ਧ੍ਰੋਹੀ ਨਿੱਜੀਕਰਨ ਦਾ ਕੁਹਾੜਾ ਹੋਰ ਵੀ ਵਧੇਰੇ ਤੇਜ਼ ਹੋਣ ਵਾਲਾ ਹੈ। ਹੁਣ ਤੱਕ ਤਾਂ ਇਹ ਵੀ ਸਾਫ਼ ਹੋ ਚੁੱਕਾ ਹੈ ਕਿ ਸਿੱਖਿਆ, ਸਿਹਤ, ਲੋਹੇ ਤੇ ਐਲੁਮੀਨੀਅਮ ਵਰਗੀਆਂ ਕੁੰਜੀਵਤ ਸਨਅਤਾਂ, ਬਿਜਲੀ ਉਤਪਾਦਨ ਤੇ ਵੰਡ, ਸੈਨਿਕ ਲੋੜਾਂ ਦੀ ਪੂਰਤੀ ਲਈ ਲੋੜੀਂਦੇ ਕਈ ਤਰ੍ਹਾਂ ਦੇ ਸਾਜੋ-ਸਮਾਨ, ਹਾਈਡਰੋਕਾਰਬਨ ਭਾਵ ਕੱਚੇ ਤੇਲ ਦੀ ਖੋਜ, ਸਾਫ਼-ਸਫ਼ਾਈ ਤੇ ਪੈਟਰੋਲੀਅਮ ਪਦਾਰਥਾਂ ਦੀ ਵਿੱਕਰੀ, ਸੜਕਾਂ, ਹਵਾਈ ਅੱਡੇ ਅਤੇ ਹਵਾਈ ਟਰਾਂਸਪੋਰਟ, ਦੂਰ ਸੰਚਾਰ ਨਾਲ ਸਬੰਧਤ ਬੀ. ਐੱਸ. ਐੱਨ. ਐੱਲ. ਤੇ ਐਮ.ਟੀ.ਐਨ.ਐਲ. ਵਰਗੇ ਅਤਿ ਮਹੱਤਵਪੂਰਨ ਅਦਾਰੇ ਅਤੇ ਰੇਲਵੇ ਆਦਿ ਤੋਂ ਬਾਅਦ ਹੁਣ ਪੂੰਜੀ ਨਿਰਮਾਣ ਦੇ ਮੁੱਖ ਸਾਧਨ ਭਾਵ ਬੈਂਕ ਤੇ ਬੀਮਾ ਖੇਤਰ ‘ਚ ਵੀ ਨਿੱਜੀਕਰਨ ਦਾ ਟੱਕ ਧਰਿਆ ਜਾ ਚੁੱਕਾ ਹੈ। ਜਿਸ ਨਾਲ ਵੱਖ-ਵੱਖ ਸਮਾਜਿਕ ਸੇਵਾਵਾਂ ਲਈ ਹੀ ਨਹੀਂ, ਬਲਕਿ ਦੇਸ਼ ਦੀ ਸੁਰੱਖਿਆ ਲਈ ਲੋੜੀਂਦੇ ਅਤਿ ਮਹੱਤਵਪੂਰਨ ਵਿੱਤੀ ਸੋੋਮੇ ਵੀ ਲੱਗਭੱਗ ਪੂਰੀ ਤਰ੍ਹਾਂ ਮੁਨਾਫ਼ਾਖੋਰਾਂ ਦੇ ਕਬਜ਼ੇ ਹੇਠ ਚਲੇ ਜਾਣਗੇ। ਗਰੀਬੀ ਅਨਮੂਲਨ ਭਾਵ ਦੇਸ਼ ‘ਚੋਂ ਗਰੀਬੀ ਖਤਮ ਕਰਨਾ ਤਾਂ ਹੁਣ ਸਿਰਫ ਹਾਕਮਾਂ ਦੀ ਜੁਮਲੇਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਸ ਲਈ, ਇਸ ਦਿਸ਼ਾ ਵਿਚ ਲੋੜੀਂਦੇ ਵਿੱਤੀ ਸਾਧਨਾਂ ਦੀ ਤਾਂ ਉਨ੍ਹਾਂ ਨੂੰ ਹੁਣ ਕੋਈ ਚਿੰਤਾ ਹੀ ਨਹੀਂ।
ਨਵਉਦਾਰਵਾਦ ਦਾ ਅਤੁੱਟ ਅੰਗ ਹੈ ਨਿੱਜੀਕਰਨ : ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਨਿੱਜੀਕਰਨ, ਅਸਲ ਵਿਚ, ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦਾ ਇਕ ਅਹਿਮ ਅੰਗ ਹੈ। ਮੰਡੀ ਦੀਆਂ ਅਸਲੋਂ ਹੀ ਸੰਵੇਦਨਹੀਣ, ਕਰੂਰ ਸ਼ਕਤੀਆਂ ਨੂੰ ਹਰ ਤਰ੍ਹਾਂ ਦੀਆਂ ਮਾਨਵਵਾਦੀ ਰੋਕਾਂ ਤੋਂ ਮੁਕਤ ਕਰਨ ਦੀ ਮੰਗ ਪੂੰਜੀਪਤੀਆਂ ਤੇ ਉਨ੍ਹਾਂ ਦੇ ਹਿੱਤਾਂ ਦੀ ਪਹਿਰਾ-ਬਰਦਾਰੀ ਕਰਨ ਵਾਲੇ ਚਿੰਤਕਾਂ ਵੱਲੋਂ ਵਾਰ-ਵਾਰ ਉਭਾਰੀ ਜਾਂਦੀ ਰਹੀ ਹੈ। ਅਤੇ, ਉਨ੍ਹਾਂ ਵੱਲੋਂ ਹਾਕਮਾਂ ‘ਤੇ ਦਬਾਅ ਪਾ ਕੇ ਇਨ੍ਹਾਂ ਸ਼ਕਤੀਆਂ ਨੂੰ ਕਈ ਵਾਰ ਬੇਲਗਾਮ ਵੀ ਕਰਵਾਇਆ ਜਾਂਦਾ ਰਿਹਾ ਹੈ। ਪ੍ਰੰਤੂ ਬੇਲਗਾਮ ਖੁੱਲ੍ਹੀ ਮੰਡੀ ਦੀਆਂ ਸ਼ਕਤੀਆਂ ਦੇ ਆਪਸੀ ਖਹਿ-ਭੇੜ ਦੇ ਮੰਤਕੀ ਸਿੱਟੇ ਵਜੋਂ ਵੱਖ-ਵੱਖ ਦੇਸ਼ਾਂ ਅੰਦਰ ਅਤੇ ਆਲਮੀ ਪੱਧਰ ‘ਤੇ ਵੀ ਇਸ ਨਾਲ ਵੱਖ-ਵੱਖ ਸ਼ਕਲਾਂ ਵਿਚ ਆਰਥਿਕ ਸੰਕਟ ਵਾਰ-ਵਾਰ ਉੱਭਰਦੇ ਰਹੇ ਹਨ। ਜਿਨ੍ਹਾਂ ਨੇ ਹਮੇਸ਼ਾਂ ਹੀ ਆਮ ਜਨ ਸਮੂਹਾਂ ਵਾਸਤੇ ਬੇਰੁਜ਼ਗਾਰੀ, ਕੰਗਾਲੀ, ਭੁੱਖਮਰੀ, ਵਸੋਂ ਦੇ ਉਜਾੜੇ ਆਦਿ ਤੋਂ ਲੈ ਕੇ ਆਦਮ ਖਾਣੀਆਂ ਜੰਗਾਂ-ਯੁੱਧਾਂ ਵਰਗੀਆਂ ਮੁਸੀਬਤਾਂ ਨੂੰ ਵੀ ਜਨਮ ਦਿੱਤਾ ਹੈ। ਇਸਦੇ ਬਾਵਜੂਦ ਅਜੋਕੇ ਦੌਰ ਦੇ ਸਾਮਰਾਜੀ ਲੁਟੇਰੇ ਅਤੇ ਉਨ੍ਹਾਂ ਦੇ ਖ਼ਿਦਮਤਗਾਰ ਹਾਕਮ ”ਆਰਥਿਕ ਸੁਧਾਰਾਂ” ਵਰਗੇ ਲੋਕ ਲੁਭਾਉਣੇ ਨਾਅਰਿਆਂ ਹੇਠ ਖੁੱਲ੍ਹੀ ਮੰਡੀ ਨੂੰ ਰੂਪਮਾਨ ਕਰਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਤਰਲੋਮੱਛੀ ਹੋ ਰਹੇ ਹਨ।
ਭਾਰਤ ਅੰਦਰ ਇਨ੍ਹਾਂ ਨਵਉਦਾਰਵਾਦੀ ਨੀਤੀਆਂ ਦਾ ਆਗਮਨ 1991 ਵਿਚ ਕਾਂਗਰਸ ਪਾਰਟੀ ਦੀ ਨਰਸਿੰਮ੍ਹਾ ਰਾਓ ਸਰਕਾਰ ਵੇਲੇ ਹੋਇਆ ਸੀ। ਜਿਸ ਵਾਸਤੇ ਸ. ਮਨਮੋਹਣ ਸਿੰਘ ਨੂੰ ਵਿਸ਼ਵ ਬੈਂਕ ਤੋਂ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਸੀ। ਦੇਸ਼ ਵਾਸੀ ਇਸ ਤੱਥ ਤੋਂ ਵੀ ਭਲੀਭਾਂਤ ਜਾਣੂ ਹਨ ਕਿ ਜਦੋਂ ਉਨ੍ਹਾਂ ਨੇ ਕੇਂਦਰੀ ਸਰਕਾਰ ਦੇ ਵਿੱਤ ਮੰਤਰੀ ਵਜੋਂ ਸਰਕਾਰ ਦੀ ‘ਅਕਾਰ ਘਟਾਈ’ ਤੇ ਪਬਲਿਕ ਸੈਕਟਰ ਦੇ ਨਿੱਜੀਕਰਨ ਵਰਗੇ ਲੋਕ ਮਾਰੂ ਕਦਮਾਂ ਦਾ ਪਿਟਾਰਾ ਖੋਲ੍ਹਿਆ ਤਾਂ ਪੂੰਜੀਪਤੀਆਂ ਦੀਆਂ ਸਮਰਥਕ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਉਨ੍ਹਾਂ ਦਾ ਰੱਜ ਕੇ ਮਹਿਮਾ ਮੰਡਨ ਕੀਤਾ। ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ”ਇਹ ਨੀਤੀਆਂ ਅਸਲ ਵਿਚ ਉਨ੍ਹਾਂ ਦੀ ਪਾਰਟੀ ਦੀਆਂ ਹੀ ਹਨ, ਜਿਨ੍ਹਾਂ ਨੂੰ ਕਾਂਗਰਸ ਨੇ ਚੋਰੀ ਕਰ ਲਿਆ ਹੈ।”
ਉਦੋਂ ਇਹ ਦਾਅਵੇ ਕੀਤੇ ਗਏ ਸਨ ਕਿ ਇਨ੍ਹਾਂ ਅਖੌਤੀ ਆਰਥਿਕ ਸੁਧਾਰਾਂ ਨਾਲ ਦੇਸ਼ ਅੰਦਰ ਕੁੱਲ ਘਰੇਲੂ ਪੈਦਾਵਾਰ (ਜੀ. ਡੀ. ਪੀ.) ਵਿਚ ਤਿੱਖਾ ਵਾਧਾ ਹੋਵੇਗਾ ਜਿਸ ਦੇ ਲਾਭ ਦੇਸ਼ ਅੰਦਰ ਧੁਰ ਥੱਲੇ ਤੱਕ ਅੱਤ ਦੀ ਕੰਗਾਲੀ ਵਿਚ ਜੂਨਕਟੀ ਕਰ ਰਹੇ ਕਰੋੜਾਂ ਲੋਕਾਂ ਤੱਕ ਪੁੱਜਣਗੇ। ਉਸ ਵੇਲੇ ਰਾਜਨੀਤਿਕ ਖੇਤਰ ਵਿਚ ਸਿਰਫ ਖੱਬੀ ਧਿਰ, ਵਿਸ਼ੇਸ਼ ਤੌਰ ‘ਤੇ ਕਮਿਊਨਿਸਟਾਂ ਨੇ ਹੀ ਆਪਣੀ ਸਮਰੱਥਾ ਅਨੁਸਾਰ ਨਵਉਦਾਰਵਾਦੀ ਨੀਤੀਆਂ ਦੇ ਇਸ ਹਮਲੇ ਦਾ ਵਿਰੋਧ ਕੀਤਾ ਅਤੇ ਜਾਂ ਫਿਰ ਜਾਗਰੂਕ ਟਰੇਡ ਯੂਨੀਅਨ ਹਲਕਿਆਂ ਵੱਲੋਂ ਇਨ੍ਹਾਂ ਨੀਤੀਆਂ ਦੇ ਭਵਿੱਖੀ ਮਾਰੂ ਪ੍ਰਭਾਵਾਂ ਉੱਪਰ ਉਂਗਲ ਧਰੀ ਗਈ ਅਤੇ ਕਿੱਧਰੇ-ਕਿੱਧਰੇ ਪ੍ਰਤੀਰੋਧਾਤਮਿਕ ਐਕਸ਼ਨ ਵੀ ਜਥੇਬੰਦ ਕੀਤੇ ਗਏ। ਜਦੋਂ ਕਿ ਬਹੁਤੇ ਲੋਕ ਤਾਂ ਸਰਕਾਰ ਦੇ ਕੂੜ ਪ੍ਰਚਾਰ ਦੇ ਸ਼ਿਕਾਰ ਹੋ ਕੇ ਨਿੱਜੀਕਰਨ ਦੇ ਸਮਰਥਕ ਬਣੇ ਰਹੇ ਜਾਂ ਫਿਰ ਇਸ ਪੱਖੋਂ ਉਦਾਸੀਨ ਹੀ ਰਹੇ। ਇਹ ਪ੍ਰਚਾਰ ਵੀ ਕੀਤਾ ਗਿਆ ਕਿ ਨਿੱਜੀਕਰਨ ਨਾਲ ਅਤੇ ਹਰ ਖੇਤਰ ਵਿਚ ਪ੍ਰਾਈਵੇਟ ਅਦਾਰਿਆਂ ਦੇ ਆਉਣ ਨਾਲ ਪਰਸਪਰ ਮੁਕਾਬਲਾ ਵਧੇਗਾ। ਜਿਸ ਨਾਲ ਰੋਜ਼ਗਾਰ ਦੇ ਨਵੇਂ ਵਸੀਲੇ ਪੈਦਾ ਹੋਣਗੇ, ਹਰ ਤਰ੍ਹਾਂ ਦੀਆਂ ਸੇਵਾਵਾਂ ਤੇ ਵਸਤਾਂ ਦੀ ਗੁਣਵੱਤਾ ਵਧੇਗੀ ਅਤੇ ਉਹ ਸਸਤੀਆਂ ਵੀ ਹੋਣਗੀਆਂ।
ਪ੍ਰੰਤੂ ਹੁਣ ਤੱਕ ਹਾਕਮਾਂ ਵੱਲੋਂ ਕੀਤੇ ਗਏ ਇਨ੍ਹਾਂ ਸਾਰਿਆਂ ਹੀ ਦਾਅਵਿਆਂ ਦੇ ਚੌਲ ਬੁਰੀ ਤਰ੍ਹਾਂ ਚਿੱਟੇ ਹੋ ਚੁੱਕੇ ਹਨ। ਦੋ ਦਹਾਕਿਆਂ ਦੇ ਇਸ ਲੰਬੇ ਸਮੇਂ ਦੌਰਾਨ ਜੀ. ਡੀ. ਪੀ. ਵਿਚ ਥੋੜਾ-ਬਹੁਤ ਵਾਧਾ ਤਾਂ ਜ਼ਰੂਰ ਹੁੰਦਾ ਰਿਹਾ ਹੈ, ਪ੍ਰੰਤੂ ਉਸਦਾ ਲਾਭ ਦੇਸ਼ ਦੇ ਕਿਰਤੀਆਂ ਨੂੰ ਨਹੀਂ ਮਿਲਿਆ। ਬਲਕਿ ਗਰੀਬੀ ਤੇ ਅਮੀਰੀ ਵਿਚਕਾਰ ਪਾੜਾ ਦਿਨੋ-ਦਿਨ ਵਧਦਾ ਹੀ ਗਿਆ ਹੈ। ਅਤੇ, ਜਾਂ ਫਿਰ ਦੇਸ਼ ਅੰਦਰ ਅਰਬ ਪਤੀਆਂ ਦੀ ਗਿਣਤੀ ਵਧੀ ਹੈ। ਇਹ ਵੀ ਸੱਚ ਹੈ ਕਿ ਦੇਸ਼ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਅੱਜ ਬੇਹੱਦ ਵਿਸਫੋਕਟ ਬਣ ਚੁੱਕੀ ਹੈ। ਹਾਕਮਾਂ ਵੱਲੋਂ ਇਸ ਗੱਲ ‘ਤੇ ਤਾਂ ਮਾਣ ਕੀਤਾ ਜਾਂਦਾ ਹੈ ਕਿ ਦੇਸ਼ ਦੀ 70 ਪ੍ਰਤੀਸ਼ਤ ਵਸੋਂ, ਜਵਾਨਾਂ ਭਾਵ ਕਿਰਤੀ ਕਾਮਿਆਂ ਦੀ ਕਤਾਰ ਵਿਚ ਆਉਂਦੀ ਹੈ। ਪ੍ਰੰਤੂ ਉਨ੍ਹਾਂ ਨੂੰ ਇਸ ਗੱਲ ਦੀ ਉੱਕਾ ਹੀ ਕੋਈ ਚਿੰਤਾ ਦਿਖਾਈ ਨਹੀਂ ਦਿੰਦੀ ਕਿ ਇਸ ਵਸੋਂ ਦਾ ਲੱਗਭੱਗ ਹਰ ਚੌਥਾ ਵਿਅਕਤੀ ਪੂਰੀ ਤਰ੍ਹਾਂ ਬੇਰੁਜ਼ਗਾਰ ਹੈ ਜਾਂ ਫਿਰ ਅਰਧ ਬੇਰੁਜ਼ਗਾਰੀ ਦੀ ਹਾਲਤ ਵਿਚ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਮੁਢਲੀਆਂ ਜੀਵਨ ਲੋੜਾਂ ਦੀ ਪੂਰਤੀ ਕਰਨ ਤੋਂ ਵੀ ਅਸਮਰੱਥ ਹੈ। 40 ਪ੍ਰਤੀਸ਼ਤ ਤੋਂ ਵੱਧ ਵਸੋਂ ਕੋਲ ਨਾ ਸਿਰ ਲੁਕਾਉਣ ਵਾਸਤੇ ਆਧੁਨਿਕ ਤਰਜ਼ ਦੇ ਘਰ ਹਨ, ਨਾ ਉਸਨੂੰ ਸੰਤੁਲਿਤ ਤੇ ਰੱਜਵਾਂ ਭੋਜਨ ਮਿਲ ਰਿਹਾ ਹੈ ਅਤੇ ਨਾ ਹੀ ਬਿਮਾਰ ਹੋਣ ‘ਤੇ ਉਹ ਆਪਣਾ ਇਲਾਜ ਕਰਵਾਉਣ ਦੇ ਸਮਰੱਥ ਹੈ। ਮਿਆਰੀ ਤੇ ਉੱਚ ਸਿੱਖਿਆ ਤਾਂ ਇਕ ਪਾਸੇ ਰਹੀ, 50 ਪ੍ਰਤੀਸ਼ਤ ਤੋਂ ਵੱਧ ਪਰਿਵਾਰ ਤਾਂ ਆਪਣੇ ਬੱਚਿਆਂ ਨੂੰ ਮੁਢਲੀ ਸਿੱਖਿਆ ਦਿਵਾਉਣ ਦੇ ਵੀ ਸਮਰੱਥ ਨਹੀਂ ਹਨ। ਨਾ ਹੀ ਇਥੇ ਬੁਢਾਪੇ ਵਾਸਤੇ ਜਾਂ ਦੁਰਘਟਨਾਵਾਂ ਆਦਿ ਸਮੇਂ ਠੋਸ ਰੂਪ ਵਿਚ ਕੋਈ ਸਮਾਜਿਕ ਸੁਰੱਖਿਆ ਉਪਲਬੱਧ ਬਨਾਉਣ ਦੀ ਕੋਈ ਭਰੋਸੇਯੋਗ ਵਿਵਸਥਾ ਹੀ ਬਣ ਸਕੀ ਹੈ।
ਜਿਥੋਂ ਤੱਕ ਨਿੱਜੀਕਰਨ ਨਾਲ ਵਸਤਾਂ ਤੇ ਸੇਵਾਵਾਂ ਦੀ ਗੁਣਵੱਤਾ ਵਧਣ ਤੇ ਮਹਿੰਗਾਈ ‘ਤੇ ਰੋਕ ਲੱਗਣ ਦੇ ਦਾਅਵਿਆਂ ਦਾ ਸਬੰਧ ਹੈ, ਇਨ੍ਹਾਂ ਦੋਵਾਂ ਹੀ ਪੱਖਾਂ ਤੋਂ ਇਸ ਸਮੇਂ ਦੌਰਾਨ ਹੋਰ ਵੀ ਵਧੇਰੇ ਨਿਘਾਰ ਆਇਆ ਹੈ। ਦੇਸ਼ ਅੰਦਰ ਮਹਿੰਗਾਈ ਵਿਸ਼ੇਸ਼ ਤੌਰ ‘ਤੇ ਨਿੱਤਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਨਿਰੰਤਰ ਵਧਦੀਆਂ ਹੀ ਗਈਆਂ ਹਨ। ਜਿਸਨੇ ਆਮ ਕਿਰਤੀ ਲੋਕਾਂ ਦੀ ਆਰਥਿਕਤਾ ਦਾ ਲੱਕ ਬੁਰੀ ਤਰ੍ਹਾਂ ਤੋੜ ਸੁੱਟਿਆ ਹੈ ਅਤੇ ਉਹ ਕਰਜ਼ੇ ਦੇ ਜਾਲ ਵਿਚ ਫਸ ਕੇ ਨਿਰਾਸ਼ਾਵਸ ਆਤਮ ਹੱਤਿਆਵਾਂ ਕਰਨ ਤੱਕ ਚਲੇ ਗਏ ਹਨ। ਜਿਥੋਂ ਤੱਕ ਗੁਣਵੱਤਾ ਵਧਣ ਦਾ ਸਬੰਧ ਹੈ ਉਸਦਾ ਵੀ ਕੋਵਿਡ ਮਹਾਮਾਰੀ ਦੌਰਾਨ ਉਦੋਂ ਦਿਵਾਲਾ ਹੀ ਨਿੱਕਲ ਗਿਆ ਜਦੋਂ ਅਨੇਕਾਂ ਪ੍ਰਾਈਵੇਟ ਹਸਪਤਾਲਾਂ ਨੇ ਬਿਮਾਰਾਂ ਨੂੰ ਨਾ ਸਿਰਫ ਦਾਖ਼ਲ ਕਰਨ ‘ਤੇ ਹੀ ਰੋਕਾਂ ਲਾਈਆਂ, ਬਲਕਿ ਬਹੁਤੇ ਹਸਪਤਾਲ ਹੀ ਬੰਦ ਕਰ ਦਿੱਤੇ ਗਏ। ਅੱਜ ਇਹ ਵੀ ਇਕ ਮੰਨੀ-ਪ੍ਰਮੰਨੀ ਸਚਾਈ ਹੈ ਕਿ ਪ੍ਰਾਈਵੇਟ ਸਕੂਲ-ਕਾਲਜ ਆਦਿ ਹੁਣ ਗਿਆਨ ਦੇ ਚਾਨਣ ਮੁਨਾਰੇ ਨਾ ਰਹਿ ਕੇ ਲੁੱਟ-ਖਸੁੱਟ ਦੇ ਅੱਡੇ ਬਣ ਚੁੱਕੇ ਹਨ ਜਿਥੇ ਫੀਸਾਂ, ਫੰਡਾਂ, ਕਿਤਾਬਾਂ, ਕੱਪੜਿਆਂ ਆਦਿ ਦੀਆਂ ਉੱਚੀਆਂ ਕੀਮਤਾਂ ਦੇ ਰੂਪ ਵਿਚ ਲੋਕਾਂ ਦੀ ਬੁਰੀ ਤਰ੍ਹਾਂ ਖੱਲ ਉਧੇੜੀ ਜਾ ਰਹੀ ਹੈ। ਉਂਝ ਵੀ ਸਿਧਾਂਤਕ ਪੱਖੋਂ ਅਜ਼ਾਰੇਦਾਰੀਆਂ ਵਧਣ ਤੇ ਮਜ਼ਬੂਤ ਹੋਣ ਨਾਲ ਗੁਣਵੱਤਾ ਨਹੀਂ ਵਧਦੀ ਸਿਰਫ ਮੁਨਾਫ਼ੇ ਹੀ ਵਧਦੇ ਹਨ।
ਵਿੱਤੀ ਸੰਕਟ ਦਾ ਨਵਾਂ ਸੋਸ਼ਾ : ਉਪਰੋਕਤ ਸਾਰੇ ਤੱਥ ਇਸ ਸਚਾਈ ਨੂੰ ਸਥਾਪਿਤ ਕਰਦੇ ਹਨ ਕਿ ਨਿੱਜੀਕਰਨ ਨਾਲ ਇਕ ਪਾਸੇ ਦੇਸ਼ ਅੰਦਰ ਬੇਰੁਜ਼ਗਾਰੀ ਵਿਚ ਵਾਧਾ ਹੋ ਰਿਹਾ ਹੈ, ਦੂਜੇ ਪਾਸੇ ਮਹਿੰਗਾਈ ਵਧ ਰਹੀ ਹੈ ਅਤੇ ਨਾਲ ਹੀ ਤੀਜੇ ਪਾਸੇ ਸੇਵਾਵਾਂ ਤੇ ਵਸਤਾਂ ਦੀ ਗੁਣਵੱਤਾ ਵਿਚ ਵੀ ਨਿਘਾਰ ਆ ਰਿਹਾ ਹੈ। ਇਸ ਲਈ ਨਿੱਜੀਕਰਨ ਦੇ ਸਮਰਥਕਾਂ ਵੱਲੋਂ ਹੁਣ ਕੋਵਿਡ ਮਹਾਮਾਰੀ ਦੀ ਆੜ ਹੇਠ ਇਹ ਨਵੀਂ ਦਲੀਲ ਉਭਾਰੀ ਜਾ ਰਹੀ ਹੈ ਕਿ ਸਰਕਾਰ ਨੂੰ ਇਸ ਮਹਾਮਾਰੀ ਦੇ ਟਾਕਰੇ ਲਈ ਲੋੜੀਂਦੇ ਵਧੇ ਹੋਏ ਸਰਕਾਰੀ ਖਰਚਿਆਂ ਦੀ ਪੂਰਤੀ ਵਾਸਤੇ ਵਧੇਰੇ ਵਿੱਤੀ ਵਸੀਲੇ ਚਾਹੀਦੇ ਹਨ ਜਿਨ੍ਹਾਂ ਲਈ ਜਨਤਕ ਖੇਤਰ ਨੂੰ ਵੇਚਣਾ ਜ਼ਰੂਰੀ ਹੈ। ਮੋਦੀ ਸਰਕਾਰ ਦੀ ਇਹ ਦਲੀਲ ਵੀ ਉਦੋਂ ਅਸਲੋਂ ਹੀ ਫ਼ੋਕੀ ਸਿੱਧ ਹੋ ਜਾਂਦੀ ਹੈ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਸਰਕਾਰ ਆਪਣੀ ਆਮਦਨ ਵਿਚ ਵਾਧਾ ਕਰਨ ਵਾਸਤੇ ਧਨਾਢਾਂ ‘ਤੇ ਭਾਰ ਕਿਉਂ ਨਹੀਂ ਪਾਉਂਦੀ? ਭਾਰਤੀ ਸਮਾਜ ਦਾ ਜਿਹੜਾ ਹਿੱਸਾ ਸਰਕਾਰੀਤੰਤਰ ਦਾ ਸਭ ਤੋਂ ਵੱਧ ਲਾਹਾ ਲੈ ਕੇ ਦੌਲਤ ਦੇ ਅੰਬਾਰ ਲਾ ਰਿਹਾ ਹੈ, ਉਹ ਸਰਕਾਰੀ ਖਰਚਿਆਂ ਦੀ ਪੂਰਤੀ ਲਈ ਆਪਣਾ ਅਨੁਪਾਤਕ ਹਿੱਸਾ ਕਿਉਂ ਨਹੀਂ ਪਾ ਰਿਹਾ? ਸਰਕਾਰ ਕਾਰਪੋਰੇਟ ਟੈਕਸ ਵਿਚ ਵਾਧਾ ਕਿਉਂ ਨਹੀਂ ਕਰ ਰਹੀ? ਜਦੋਂ ਕਿ ਇਸ ਕੋਵਿਡ ਕਾਲ ਦੌਰਾਨ ਭਾਵ ਸਾਲ 2020 ਵਿਚ ਵੀ ਜਿਥੇ ਇਕ ਪਾਸੇ 14 ਕਰੋੜ ਦੇ ਕਰੀਬ ਕਿਰਤੀਆਂ ਦਾ ਰੁਜ਼ਗਾਰ ਜਾਂਦਾ ਲੱਗਾ ਹੈ, ਉਥੇ ਦੂਜੇ ਪਾਸੇ ਦੇਸ਼ ਦੇ ਧਨਕੁਬੇਰਾਂ ਦੀਆਂ ਤਿਜ਼ੋਰੀਆਂ ਵਿਚ ਤਿੱਖਾ ਵਾਧਾ ਹੋਇਆ ਹੈ। ‘ਇੰਡੀਅਨ ਐਕਸਪ੍ਰੈੱਸ’ ਵਿਚ 3 ਮਾਰਚ ਨੂੰ ਛਪੀ ਇਕ ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ ਮੇਰੇ ਮਹਾਨ ਭਾਰਤ ਦੇਸ਼ ਅੰਦਰ 40 ਹੋਰ ਅਰਬਪਤੀ ਪੈਦਾ ਹੋਏ ਹਨ ਅਤੇ ‘ਹਾਰੂਨ ਗਲੋਬਲ ਰਿਚ ਲਿਸਟ’ ਅਨੁਸਾਰ ਉਨ੍ਹਾਂ ਦੀ ਗਿਣਤੀ 177 ਹੋ ਗਈ ਹੈ। ਇਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਇਕੋ ਸਾਲ ਦੌਰਾਨ ਮੁਕੇਸ਼ ਅੰਬਾਨੀ ਦੀ ਦੌਲਤ ਵਿਚ 24 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਉਹ 83 ਅਰਬ ਡਾਲਰ ਦਾ ਮਾਲਕ ਬਣ ਗਿਆ ਹੈ, ਜਿਸ ਨਾਲ ਉਸਦਾ ਦੁਨੀਆਂ ਭਰ ਦੇ ਅਰਬਪਤੀਆਂ ਵਿਚ ਦਰਜਾ 9ਵੇਂ ਤੋਂ ਵਧ ਕੇ 8ਵੇਂ ਸਥਾਨ ‘ਤੇ ਚਲਾ ਗਿਆ ਹੈ। ਇਸੇ ਤਰ੍ਹਾਂ ਹੀ ਇਸ ਸਮੇਂ ਦੌਰਾਨ ਗੌਤਮ ਅਡਾਨੀ ਦੀ ਜਾਇਦਾਦ ਲੱਗਭੱਗ ਦੁੱਗਣੀ ਹੋ ਕੇ 32 ਅਰਬ ਡਾਲਰ ਤੀਕ ਪੁੱਜ ਗਈ ਹੈ। ਜਿਸ ਨਾਲ ਉਹ ਸੰਸਾਰ ਭਰ ਦੇ ਅਰਬਪਤੀਆਂ ਦੀ ਸੂਚੀ ਵਿਚ 20 ਅੰਕ ਉੱਛਲ ਕੇ 48ਵੇਂ ਦਰਜੇ ‘ਤੇ ਪੁੱਜ ਗਿਆ ਹੈ। ਜਦੋਂਕਿ ਉਸਦੇ ਭਰਾ ਵਿਨੋਦ ਅਡਾਨੀ ਦੀ ਜਾਇਦਾਦ ਵੀ 128 ਪ੍ਰਤੀਸ਼ਤ ਵਧ ਕੇ 9.8 ਅਰਬ ਡਾਲਰ ਤੱਕ ਪੁੱਜ ਗਈ ਹੈ।
ਸਾਡੀ ਰਾਏ ਹੈ ਕਿ ਸਰਕਾਰ ਨੂੰ ਆਪਣੇ ਖਰਚਿਆਂ ਦੀ ਪ੍ਰਤੀਪੂਰਤੀ ਲਈ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਆਦਿ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾਉਣ ਜਾਂ ਅਸਿੱਧੇ ਟੈਕਸਾਂ ਦੀਆਂ ਦਰਾਂ ਵਿਚ ਕੀਤੇ ਗਏ ਵਾਧਿਆਂ ਰਾਹੀਂ ਆਮ ਲੋਕਾਂ ‘ਤੇ ਭਾਰ ਪਾਉਣ ਜਾਂ ਜਨਤਕ ਅਦਾਰਿਆਂ ਨੂੰ ਵੇਚਣ ਦੀ ਥਾਂ ਅਜਿਹੇ ਕਾਰਪੋਰੇਟ ਘਰਾਣਿਆਂ ਅਤੇ ਹੋਰ ਧਨਾਢਾਂ ਵੱਲੋਂ ਅਨੈਤਿਕ ਢੰਗਾਂ ਰਾਹੀਂ ਇੱਕਠੀ ਕੀਤੀ ਜਾ ਰਹੀ ਅਥਾਹ ਪੂੰਜੀ ਨੂੰ ਹੱਥ ਪਾਉਣਾ ਚਾਹੀਦਾ ਹੈ। ਐਪਰ ਇਸ ਸਰਕਾਰ ਨੇ ਤਾਂ ਇਨ੍ਹਾਂ ਵਾਸਤੇ ਹੀ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਪਾਸ ਕਰਵਾਉਣ ਲਈ ਕਈ ਤਰ੍ਹਾਂ ਦੇ ਸ਼ਰਮਨਾਕ ਗੈਰ-ਜ਼ਮਹੂਰੀ ਤੇ ਅਸੰਵਿਧਾਨਕ ਹੱਥਕੰਡੇ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸ ਲਈ ਜਾਪਦਾ ਹੈ ਕਿ ਇਹ ਕਾਰਜ ਤਾਂ ਹੁਣ ਜਨ-ਸੰਘਰਸ਼ਾਂ ਰਾਹੀਂ ਹੀ ਨੇਪਰੇ ਚੜ੍ਹੇਗਾ। -

ਸੰਪਾਦਕੀ: ਲੋਕ ਪੱਖੀ ਰਾਜਨੀਤੀ ਦੀ ਮਜ਼ਬੂਤੀ ‘ਚ ਸਹਾਈ ਹੋਵੇਗਾ… ‘ਸ਼ਾਨਾਮੱਤਾ ਜਨ ਅੰਦੋਲਨ’

ਮੁਸ਼ਕਿਲ ਸਥਿਤੀਆਂ ‘ਚ ਜਥੇਬੰਦ ਕੀਤੇ ਜਾਂਦੇ ਲੋਕ ਸੰਘਰਸ਼ਾਂ ਦੇ ਤਜ਼ਰਬੇ ਤੇ ਪ੍ਰਾਪਤੀਆਂ ਹਮੇਸ਼ਾ ਹੀ ਜਨ ਸਮੂਹਾਂ ਲਈ ਬਿਲਕੁਲ ਨਿਵੇਕਲੇ ਤੇ ਉਤਸ਼ਾਹ ਪੈਦਾ ਕਰਨ ਵਾਲੇ ਸਿੱਧ ਹੁੰਦੇ ਹਨ। ਹਾਕਮ ਧਿਰਾਂ ਵਲੋਂ ਇਨ੍ਹਾਂ ਘੋਲਾਂ ਨੂੰ ਦਬਾਉਣ ਤੇ ਅਸਫਲ ਕਰਨ ਵਾਸਤੇ ਭਾਵੇਂ ਅਨੇਕਾਂ ਤਰ੍ਹਾਂ ਦੇ ਜ਼ੁਲਮ ਢਾਹੇ ਜਾਂਦੇ ਹਨ ਤੇ ਘਿਨੌਣੇ ਛਡਯੰਤਰ ਰਚੇ ਜਾਂਦੇ ਹਨ, ਪ੍ਰੰਤੂ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ, ਅਜਿਹੇ ਘੋਲਾਂ ਨਾਲ ਜੁੜੇ ਲੋਕ ਇਹ ਸਭ ਕੁਝ ਖਿੜੇ ਮੱਥੇ ਸਹਾਰਦੇ ਹੋਏ ਦੁਸ਼ਮਣ ਦੀ ਹਰ ਚਾਲ ਨੂੰ ਫੇਲ੍ਹ ਕਰਨ ਦੀ ਵਿਧਾ ‘ਚ ਵੀ ਮੁਹਾਰਤ ਹਾਸਲ ਕਰ ਲੈਂਦੇ ਹਨ। ਸਾਲ 2020 ‘ਚ ਪੰਜਾਬ ਦੀ ਧਰਤੀ ਤੋਂ ਉਠਿਆ ਕਿਸਾਨ ਅੰਦੋਲਨ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦਾ ਹੈ। ਜਿਵੇਂਂ-ਜਿਵੇਂ ਇਹ ਕਿਸਾਨ ਅੰਦੋਲਨ ਕਦਮ ਦਰ ਕਦਮ ਅੱਗੇ ਵਧਿਆ, ਮੋਦੀ ਸਰਕਾਰ ਵਲੋਂ ਇਸ ਨੂੰ ਅਸਫਲ ਕਰਨ ਲਈ ਨਵੇਂ-ਨਵੇਂ ਹੱਥਕੰਡੇ ਵਰਤੇ ਗਏ। ਪ੍ਰੰਤੂ ਇਸ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਇਸ ਘੋਲ ‘ਚ ਕੁੱਦੇ ਲੱਖਾਂ ਕਿਰਤੀ-ਕਿਸਾਨਾਂ ਨੇ ਆਪਣੀ ਸਿਆਣਪ ਤੇ ਸੂਝ ਨਾਲ ਸਰਕਾਰ ਦੇ ਹਰ ਵਾਰ ਦਾ ਮੂੰਹ ਤੋੜ ਜਵਾਬ ਦਿੱਤਾ ਤੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਹੋਰ ਨਵੀਂ ਤੇ ਮੇਚਵੀਂ ਯੁੱਧਨੀਤੀ ਘੜ ਲਈ। ਇਸ ਕਿਸਾਨ ਅੰਦੋਲਨ ਨੂੰ ਪੰਜਾਬ, ਤੇ ਖਾਸ ਕਰ ਸਿੱਖ ਕਿਸਾਨੀ ਦਾ ਸੰਘਰਸ਼ ਦੱਸਣ ਵਾਲੇ ਭਾਜਪਾ ਆਗੂਆਂ ਨੂੰ ਹੁਣ ਇਸ ਅੰਦੋਲਨ ਨੂੰ ਦੇਸ਼ ਵਿਆਪੀ ਚਰਿੱਤਰ ਵਾਲੇ ਜਨ ਸੰਘਰਸ਼ ਵਜੋਂ ਸਵੀਕਾਰ ਕਰਨ ਦਾ ‘ਅੱਕ ਚੱਬਣਾ’ ਪੈ ਰਿਹਾ ਹੈ। ਇਸ ਕਿਸਾਨ ਅੰਦੋਲਨ ਦੀਆਂ ਗੂੰਜਾਂ ਵਿਦੇਸ਼ਾਂ ‘ਚ ਬੈਠੇ ਭਾਰਤੀ ਲੋਕਾਂ ਤੱਕ ਹੀ ਨਹੀਂ ਪੁੱਜੀਆਂ, ਬਲਕਿ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਇਸਦਾ ਨੋਟਿਸ ਲੈਣਾ ਪੈ ਰਿਹਾ ਹੈ। ਕਿਸਾਨ ਅੰਦੋਲਨ ਨੂੰ ‘ਖਾਲਿਸਤਾਨੀ’, ‘ਮਾਓਵਾਦੀ’, ‘ਟੁਕੜੇ ਟੁਕੜੇ ਗੈਂਗ’, ‘ਰਾਜਨੀਤੀ ਤੋਂ ਪ੍ਰੇਰਿਤ’ ਤੇ ‘ਚੀਨ-ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਧਨ ਨਾਲ ਚੱਲਣ ਵਾਲਾ’ ਗਰਦਾਨਿਆ ਗਿਆ। ਪ੍ਰੰਤੂ ਜਿਸ ਤਰ੍ਹਾਂ ਵੱਖ-ਵੱਖ ਰਾਜਨੀਤਕ ਵਿਚਾਰਾਂ, ਧਾਰਮਿਕ ਅਕੀਦਿਆਂ ਤੇ ਸਮਾਜਿਕ-ਸਭਿਆਚਾਰਕ ਸਰੋਕਾਰਾਂ ਨਾਲ ਜੁੜੇ ਲੋਕਾਂ ਦੀ ਸਰਗਰਮ ਭਾਗੀਦਾਰੀ ਸਦਕਾ ਇਹ ਕਿਸਾਨ ਅੰਦੋਲਨ ਇਕ ‘ਧਰਮ ਨਿਰਪੱਖ’, ‘ਜਮਹੂਰੀ’, ‘ਦੇਸ਼ ਭਗਤੀ ਦੇ ਜ਼ਜ਼ਬੇ ਨਾਲ ਲਬਰੇਜ਼’ ਤੇ ਜਾਤਾਂ, ਪ੍ਰਾਂਤਾਂ ਤੇ ਬੋਲੀਆਂ ‘ਤੇ ਅਧਾਰਿਤ ਹਰ ਕਿਸਮ ਦੇ ਵਖਰੇਵਿਆਂ ਤੇ ਮਨ-ਮੁਟਾਵ ਤੋਂ ਉਪਰ ਉਠ ਕੇ ਇਕ ”ਸਰਵ ਸਾਂਝੇ ਮਾਨਵਤਾ” ਦੇ ਭਲੇ ਵਾਲੇ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਹੈ, ਉਸ ਨਾਲ ਭਾਰਤੀ ਹੁਕਮਰਾਨ ਡਾਢੇ ਹੈਰਾਨ-ਪ੍ਰੇਸ਼ਾਨ ਹੋ ਕੇ ਵਿਹੁ ਘੋਲ ਰਹੇ ਹਨ। ਮੁੱਠੀ ਭਰ ਸ਼ਰਾਰਤੀ ਤੇ ਗੈਰ-ਜ਼ਿੰਮੇਵਾਰ ਤੱਤਾਂ ਦੀਆਂ ਸ਼ਰਾਰਤਾਂ ਤੇ ਮਨਮਾਨੀਆਂ ਤੋਂ ਸਾਵਧਾਨ ਰਹਿੰਦਾ ਹੋਇਆ ਇਹ ਜਨ ਅੰਦੋਲਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਸਰਕਾਰੀ ਭੜਕਾਹਟਾਂ ਤੇ ਸਾਜਿਸ਼ਾਂ ਦੇ ਬਾਵਜੂਦ ਜਿਸ ਤਰ੍ਹਾਂ ਪੂਰਨ ਰੂਪ ‘ਚ ਸ਼ਾਂਤਮਈ ਤੇ ਅਨੁਸ਼ਾਸ਼ਨਬੱਧ ਚਲ ਰਿਹਾ ਹੈ, ਉਸਨੇ ਸੰਸਾਰ ਪੱਧਰ ‘ਤੇ ਇਕ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ।
ਇਹ ਕਿਸਾਨ ਸੰਘਰਸ਼ ਪੂਰੀ ਤਰ੍ਹਾਂ ਗੈਰ-ਰਾਜਨੀਤਕ ਹੈ, ਕਿਉਂਕਿ ਇਸਨੂੰ ਕੋਈ ਇਕ ਰਾਜਨੀਤਕ ਪਾਰਟੀ ਜਾਂ ਰਾਜਸੀ ਵਿਚਾਰਾਂ ਵਾਲਾ ਸੰਗਠਨ ਨਹੀਂ ਚਲਾ ਰਿਹਾ। ਅਲੱਗ-ਅਲੱਗ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਨਾਲ ਜੁੜੇ, ਵੱਖੋ ਵੱਖ ਧਰਮਾਂ ਨੂੰ ਮੰਨਣ ਵਾਲੇ ਕਿਸਾਨ, ਇਕਮੁੱਠ ਹੋ ਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸਖਤ ਜੱਦੋ ਜ਼ਹਿਦ ‘ਚ ਮਸਰੂਫ ਹਨ। ਪ੍ਰੰਤੂ ਇਸ ਸਭ ਕੁਝ ਦੇ ਬਾਵਜੂਦ ਹਾਕਮ ਧਿਰਾਂ ਵਲੋਂ ਇਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ”ਇਸ ਅੰਦੋਲਨ ਨੂੰ ਰਾਜਨੀਤਕ ਪਾਰਟੀਆਂ ਨੇ ਉਧਾਲ ਲਿਆ ਹੈ।”
ਕੀ ਮੋਦੀ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਪਾਸ ਕੀਤੇ ਤਿੰਨ ਕਾਨੂੰਨ ਤੇ ਪਾਰਲੀਮੈਂਟ ‘ਚ ਪੇਸ਼ ਕੀਤਾ ਗਿਆ ਬਿਜਲੀ ਸੋਧ ਬਿੱਲ 2020 ਰਾਜਸੀ ਫੈਸਲਾ ਨਹੀਂ? ਕੀ ਇਹ ਕਦਮ ਕਿਸੇ ਧਰਮ ਨਾਲ ਸੰਬੰਧਤ ਹੈ ਜਾਂ ਕੀ ਇਹ ਕੋਈ ਧਾਰਮਿਕ ਮਾਮਲਾ ਹੈ? ਕੀ ਸੰਸਾਰ ਵਿਉਪਾਰ ਸੰਸਥਾ (W.”.®.) ਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਵਲੋਂ ਭਾਰਤ ਸਮੇਤ ਸਾਰੇ ਉਨੰਤੀਸ਼ੀਲ ਦੇਸ਼ਾਂ ਦੇ ਕੁਦਰਤੀ ਸਾਧਨਾਂ ਤੇ ਲੋਕਾਂ ਦੀ ਕਿਰਤ ਸ਼ਕਤੀ ਨੂੰ ਲੁੱਟ ਕੇ ਧਨਵਾਨ ਲੋਕਾਂ ਨੂੰ ਹੋਰ ਅਮੀਰ ਬਣਾਉਣ ਦੀ ਮੋਦੀ ਸਰਕਾਰ ਅਤੇ ਇਸ ਵਰਗੀਆਂ ਬਾਕੀ ਦੇਸ਼ਾਂ ਦੀਆਂ ਲੋਕ ਦੋਖੀ ਵਲੋਂ ਖੇਡੀ ਜਾ ਰਹੀ ਖੇਡ ਕੋਈ ਧਾਰਮਿਕ ਜਾਂ ਸਭਿਆਚਾਰਕ ਮੁੱਦਾ ਹੈ? ਬਿਨਾਂ ਸ਼ੱਕ ਇਹ ਸਾਰਾ ਕੁੱਝ ਮੋਦੀ ਸਰਕਾਰ ਵਲੋਂ ਸਾਮਰਾਜੀ ਲੁਟੇਰਿਆਂ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਹਿੱਤ, ਇਕ ‘ਵਿਸ਼ੇਸ਼ ਰਾਜਨੀਤੀ’ ਦੇ ਅਧੀਨ ਕੀਤਾ ਜਾ ਰਿਹਾ ਹੈ। ਤਾਂ ਕੀ ਫਿਰ ਲੋਕ ਵਿਰੋਧੀ ਰਾਜਨੀਤੀ ਦਾ ਮੁਕਾਬਲਾ ਕਰਨ ਲਈ ਲੋਕ ਪੱਖੀ ਪੈਂਤੜੇ ਤੋਂ ਸੰਘਰਸ਼ ‘ਚ ਕੁੱਦਣਾ ਗੁਨਾਹ ਹੈ? ਅਸਲ ‘ਚ ਹਰ ਸਮਾਜ ‘ਚ ਹਾਕਮ ਧਿਰ ਤੇ ਪੀੜਤ ਲੋਕਾਈ ਦੀ ਵੱਖ-ਵੱਖ ਰਾਜਨੀਤੀ ਹੈ ਤੇ ਸਰਕਾਰ ਦੇ ਕਿਸੇ ਵੀ ਕਦਮ ਨੂੰ ਗੈਰ-ਰਾਜਨੀਤਕ ਨਹੀਂ ਕਿਹਾ ਜਾ ਸਕਦਾ। ਮੌਜੂਦਾ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਗੈਰ-ਰਾਜਨੀਤਕ ਹੁੰਦਾ ਹੋਇਆ ਵੀ ਦੇਸ਼ ਦੀ ਮੋਦੀ ਸਰਕਾਰ ਦੇ ਅਸਲ ਕਿਰਦਾਰ ਨੂੰ ਨੰਗਿਆਂ ਕਰਦਾ ਹੋਇਆ ਇਕ ਵਿਸ਼ੇਸ਼ ਕਿਸਮ ਦੀ ਲੋਕ ਪੱਖੀ ਰਾਜਨੀਤੀ ਨੂੰ ਅੱਗੇ ਵਧਾ ਰਿਹਾ ਹੈ, ਜੋ ਅੱਗੇ ਚਲ ਕੇ ਦੇਸ਼ ‘ਚੋਂ ਫਿਰਕੂ-ਫਾਸ਼ੀ ਤਾਕਤਾਂ ਦੇ ਗਲਬੇ ਨੂੰ ਖਤਮ ਕਰਨ ‘ਚ ਸਹਾਈ ਸਿੱਧ ਹੋਵੇਗਾ।
ਮੋਦੀ ਸਰਕਾਰ ਵਲੋਂ ਲੋਕਾਂ ਨੂੰ ਪਰੋਸਿਆ ਜਾ ਰਿਹਾ ਅੰਨ੍ਹੇ ਕੌਮਵਾਦ’ ਦਾ ਏਜੰਡਾ ਤੇ ਇਸ ਦੀਆਂ ਫਿਰਕੂ ਫੁੱਟਪਾਊ ਸਾਜਿਸ਼ਾਂ ਦੇ ਮੁਕਾਬਲੇ, ਇਸ ਕਿਸਾਨ ਅੰਦੋਲਨ ਨੇ ‘ਧਰਮ ਨਿਰਪੱਖਤਾ’ ਤੇ ‘ਹਕੀਕੀ ਕੌਮਵਾਦ’ ਦਾ ਜੋ ਸੰਕਲਪ, ਜੋ ਸਮਾਜ ਦੀ ਏਕਤਾ ਤੇ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਸੰਘਰਸ਼ ਦੀ ਝੰਡਾਬਰਦਾਰੀ ਦਾ ਪ੍ਰਤੀਕ ਹੈ, ਭਾਰਤ ਵਾਸੀਆਂ ਦੇ ਸਨਮੁੱਖ ਪੇਸ਼ ਕਰ ਦਿੱਤਾ ਹੈ, ਉਹ ਦੇਸ਼ ਅਤੇ ਲੋਕਾਈ ਦੇ ਉਜਲੇ ਭਵਿੱਖ ਲਈ ਸ਼ੁਭ ਸੰਕੇਤ ਹੈ। ਭਾਜਪਾ ਦੀ ਖੇਤਰਵਾਦੀ ਕੁਟਲਨੀਤੀ ਵੀ ਉਸ ਸਮੇਂ ਧਰੀ-ਧਰਾਈ ਰਹਿ ਗਈ, ਜਦੋਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ, ਜੋ ਬਾਹਾਂ ‘ਚ ਬਾਹਾਂ ਪਾ ਕੇ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਤੇ ਕਿਸਾਨੀ ਫਸਲਾਂ ਦੇ ਘੱਟੋ-ਘੱਟ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਕੱਕਰੀਆਂ ਰਾਤਾਂ ਤੇ ਗਰਮ ਹਵਾਵਾਂ ਦਾ ਟਾਕਰਾ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ ਉਪਰ ਡਟੇ ਹੋਏ ਹਨ, ਨੇ ਭਾਜਪਾ ਆਗੂਆਂ ਵਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਉਭਾਰ ਕੇ ਦੋਨਾਂ ਪ੍ਰਾਂਤਾਂ ਦੇ ਕਿਸਾਨ ਭਰਾਵਾਂ ਅੰਦਰ ਫੁੱਟ ਪਾਉਣ ਦੇ ਛਡਯੰਤਰ ਨੂੰ ਚੂਰ-ਚੂਰ ਕਰ ਦਿੱਤਾ। ਹਿੰਦੂਆਂ, ਸਿੱਖਾਂ, ਮੁਸਲਮਾਨਾਂ ਭਾਵ ਹਰ ਧਰਮ ਤੇ ਵਿਚਾਰਧਾਰਾ ਦੇ ਲੋਕਾਂ ਨੇ ਇਕ ਪਰਿਵਾਰ ਵਾਂਗ ਮੋਦੀ ਸਰਕਾਰ ਦੀ ਲੋਕ ਮਾਰੂ ਨੀਤੀ ਦਾ ਟਾਕਰਾ ਕਰਕੇ ਦੇਸ਼ ਦੀ ‘ਅਨੇਕਤਾ ਵਿਚ ਏਕਤਾ’ ਦੇ ਸ਼ਾਨਦਾਰ ਸੰਕਲਪ, ਜੋ ਭਾਰਤ ਦੀ ਹੋਂਦ ਦਾ ਆਧਾਰ ਹੈ, ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਸੰਘ ਪਰਿਵਾਰ ਦੀ ‘ਕਮਿਊਨਿਸਟਾਂ ਤੇ ਸਮਾਜਵਾਦ’ (ਭਾਵ ਸਾਂਝੀਵਾਲਤਾ ਦੇ ਸੰਕਲਪ ਅਤੇ ਇਸ ਦੇ ਅਲੰਬਰਦਾਰਾਂ) ਵਿਰੁੱਧ ਘੋਲੀ ਜਾ ਰਹੀ ਵਿਸ਼ ਨੂੰ ‘ਅੰਮ੍ਰਿਤ’ ਵਜੋਂ ਲੈਂਦਿਆਂ ਕਿਸਾਨ ਅੰਦੋਲਨ ਨੂੰ ‘ਮਾਓਵਾਦੀਆਂ ਤੇ ਕਮਿਊਨਿਸਟਾਂ’ ਦਾ ਨਾਮ ਦੇ ਕੇ ਬਦਨਾਮ ਕਰਨ ਦੇ ਸੰਘੀ ਤੇ ਸਰਕਾਰੀ ਕੂੜ ਪ੍ਰਚਾਰ ਨੂੰ ਲੋਕਾਂ ਤੇ ਕਿਸਾਨ ਜਥੇਬੰਦੀਆਂ ਨੇ ਰੱਦ ਕਰਕੇ ਆਪਣੀ ਏਕਤਾ ਤੇ ਇਕਮੁੱਠਤਾ ਨੂੰ ਹੋਰ ਪੀਡੀ ਕਰ ਲਿਆ। ‘ਕਿਸਾਨ ਮਜ਼ਦੂਰ ਏਕਤਾ-ਜ਼ਿੰਦਾਬਾਦ’ ਤੇ ‘ਇਨਕਲਾਬ-ਜ਼ਿੰਦਾਬਾਦ’ ਦੇ ਅਕਾਸ਼ ਗੂੰਜਾਊ ਨਾਅਰੇ ਭਾਜਪਾ ਤੇ ਆਰ.ਐਸ.ਐਸ. ਦੀ ਕਿਰਤੀ ਵਿਰੋਧੀ ਮਾਨਸਿਕਤਾ ਉਪਰ ਵਦਾਣੀ ਸੱਟ ਸਾਬਤ ਸਾਬਤ ਹੋ ਰਹੇ ਹਨ। ਸੰਘਰਸ਼ ਨਾਲ ਇਕਮਿੱਕ ਹੋ ਕੇ ਵਿਚਰ ਰਹੇ ਨੌਜਵਾਨ ਲੜਕੇ-ਲੜਕੀਆਂ, ਗਾਇਕਾਂ, ਲਿਖਾਰੀਆਂ ਤੇ ਕਲਾਕਾਰਾਂ ਨੇ ਇਸ ਅੰਦੋਲਨ ਦੌਰਾਨ ਐਸੇ ਨਰੋਏ ਤੇ ਚਿਰਸਥਾਈ ਅਗਾਂਹਵਧੂ ਸਭਿਆਚਾਰ ਨੂੰ ਜਨਮ ਦਿੱਤਾ ਹੈ, ਜਿਸਦੀ ਕਈ ਦਹਾਕਿਆਂ ਤੋਂ ਲੋਕਾਂ ਨੂੰ ਉਡੀਕ ਸੀ।
ਭਾਵੇਂ ਕਿਸਾਨ ਅੰਦੋਲਨ ਦੀਆਂ ਤਿੰਨ ਕਾਲੇ ਕਾਨੂੰੂਨਾਂ ਨੂੰ ਰੱਦ ਕਰਾਉਣ, ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲੈਣ ਤੇ ਖੇਤੀ ਜਿਣਸਾਂ ਦੇ ਘੱਟੋ ਘੱਟ ਭਾਵਾਂ ਨੂੰ ਯਕੀਨੀ ਬਣਾਉਣ ਹਿੱਤ ਇਸਨੂੰ ਕਾਨੂੰਨੀ ਜਾਮਾ ਪਹਿਨਾਉਣ ਆਦਿ ਮੰਗਾਂ ਦਾ ਨਿਪਟਾਰਾ ਹੋਣਾ ਅਜੇ ਬਾਕੀ ਹੈ, ਪ੍ਰੰਤੂ ਇਸ ਮਹਾਨ ਕਿਸਾਨ ਅੰਦੋਲਨ ਨੇ ਅੰਬਾਨੀਆਂ-ਅਡਾਨੀਆਂ ਦੇ ਮੋਦੀ ਸਰਕਾਰ ਨਾਲ ਗਠਜੋੜ ਨੂੰ ਨੰਗਿਆਂ ਕਰਕੇ ਦੇਸ਼ ਅੰਦਰ ਸਪੱਸ਼ਟ ਰੂਪ ‘ਚ ਜਮਾਤੀ ਕਤਾਰਬੰਦੀ ਨੂੰ ਰੂਪਮਾਨ ਕਰ ਦਿੱਤਾ ਹੈ। ਇਸ ਘੋਲ ਨਾਲ ਦੇਸ਼ ਅੰਦਰ ਜਨ ਸਮੂਹਾਂ ਦੀ ਰਾਜਨੀਤਕ ਚੇਤਨਤਾ ‘ਚ ਵਾਧਾ ਹੀ ਨਹੀਂ ਹੋਇਆ ਸਗੋਂ ਇਸ ਪੱਖੋਂ ਇਕ ਬੜੀ ਵੱਡੀ ਛਲਾਂਗ ਵੱਜੀ ਹੈ। ਅੰਦੋਲਨ ‘ਚ ਔਰਤਾਂ ਦੀ ਭਾਗੀਦਾਰੀ ਨੇ ਸਿੱਧ ਕਰ ਦਿੱਤਾ ਹੈ ਕਿ ਕੁਲ ਅਬਾਦੀ ਦਾ ਇਹ ਅੱਧਾ ਹਿੱਸਾ ਆਪਣੇ ਹੱਕਾਂ ਦੀ ਪ੍ਰਾਪਤੀ ਤੇ ਜ਼ੁਲਮੀ ਸਰਕਾਰਾਂ ਦਾ ਟਾਕਰਾ ਕਰਨ ਲਈ ਕਿਸੇ ਤੋਂ ਘੱਟ ਤਾਂ ਕੀ ਹੋਣਾ ਸੀ, ਬਲਕਿ ਦੋ ਕਦਮ ਅੱਗੇ ਹੈ। ਉਨ੍ਹਾਂ ਰਾਜਨੀਤਕ ਪਾਰਟੀਆਂ ਤੋਂ, ਜਿਹਨਾਂ ਨੇ ਸੱਤਾ ‘ਚ ਹੁੰਦਿਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਨੂੰ ਪੂਰਾ ਜ਼ੋਰ ਲਾ ਕੇ ਲਾਗੂ ਕੀਤਾ ਹੈ, ਕਿਸਾਨ ਸੰਘਰਸ਼ ਨੇ ਦੂਰੀ ਬਣਾ ਕੇ ਦਰਸਾ ਦਿੱਤਾ ਹੈ ਕਿ ਇਨ੍ਹਾਂ ਰਵਾਇਤੀ ਰਾਜਸੀ ਧਿਰਾਂ ਦੇ ਪੁਰਾਣੇ ਕੰਮ ਢੰਗ ਤੇ ਜਮਾਤੀ ਕਿਰਦਾਰ ਤੋਂ ਭਿੰਨ ਇਕ ਬਦਲਵਾਂ ਆਰਥਿਕ ਤੇ ਰਾਜਸੀ ਪ੍ਰਬੰਧ ਸਿਰਜਣ ਦੀ ਤਾਂਘ ਲੋਕ ਚੇਤਨਾ ‘ਚ ਬਲਵਤੀ ਹੋ ਰਹੀ ਹੈ। ਅੰਦੋਲਨ ਸਦਕਾ ਪੁੰਗਰੀ ਇਹ ਨਵੀਂ ਰਾਜਸੀ ਚੇਤਨਾ, ਦੇਸ਼ ਨੂੰ ਮੋਦੀ ਸਰਕਾਰ ਤੋਂ ਮੁਕਤੀ ਦਿਵਾ ਕੇ ਇਕ ਨਵੇਂ ਰਾਜਨੀਤਕ ਤੇ ਆਰਥਿਕ ਢਾਂਚੇ ਨੂੰ ਸਿਰਜਣ ਦੇ ਗਾਡੀ ਰਾਹ ‘ਤੇ ਅਗਾਂਹ ਤੋਰ ਸਕਦੀ ਹੈ। ਇਸ ਕਿਸਾਨ ਅੰਦੋਲਨ ਨੂੰ ਪੂਰਨ ਰੂਪ ‘ਚ ‘ਗੈਰ ਰਾਜਨੀਤਕ’ ਰੱਖਣ ਦੀ ਦਰੁਸਤ ਸੇਧ ਨੇ ਸੰਘਰਸ਼ਸ਼ੀਲ ਕਿਸਾਨੀ ਤੇ ਦੂਸਰੀ ਮਿਹਨਤਕਸ਼ ਜਨਤਾ ਦੇ ਮਨਾਂ ਅੰਦਰ ਸਾਂਝੀਵਾਲਤਾ, ਬਰਾਬਰੀ ਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ ਦੀ ਤਾਂਘ ਦੇ ਰੂਪ ‘ਚ ਇਕ ‘ਵਿਗਿਆਨਕ-ਅਗਾਂਹਵਧੂ’ ਵਿਚਾਰਧਾਰਾ ਦੀ ਜੋਤ ਜਗਾ ਦਿੱਤੀ ਹੈ। ਜੇਕਰ ਸਮੁੱਚਾ ਦੇਸ਼ ਤੇ ਖਾਸਕਰ ਅਗਾਂਹਵਧੂ ਤੇ ਖੱਬੀਆਂ ਸ਼ਕਤੀਆਂ, ਲੋਕ ਮਨਾਂ ਅੰਦਰ ਜਗੀ ਚੇਤਨਤਾ ਦੀ ਇਸ ਜੋਤ ਨੂੰ ਹੋਰ ਪ੍ਰਚੰਡ ਕਰਕੇ ਭਵਿੱਖੀ ਸੰਘਰਸ਼ਾਂ ਦੀਆਂ ਨਰੋਈਆਂ ਯੋਜਨਾਵਾਂ ਉਲੀਕ ਲੈਂਦੇ ਹਨ, ਤਾਂ ਫਿਰ ਕੋਈ ਕਾਰਨ ਨਹੀਂ ਕਿ ਭਾਰਤੀ ਲੋਕ ਇਸ ਕਿਸਾਨ ਅੰਦੋਲਨ ਦੇ ਸੰਪੰਨ ਹੋਣ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਲੁੱਟ ਖਸੁੱਟ ਤੋਂ ਮੁਕਤ ਇਕ ਧਰਮ ਨਿਰਪੱਖ, ਜਮਹੂਰੀ ਤੇ ਸੰਘੀ ਰਾਜਨੀਤਕ ਢਾਂਚੇ ਦੀ ਕਾਇਮੀ ਦੇ ਸੰਘਰਸ਼ਾਂ ਵੱਲ ਨੂੰ ਅੱਗੇ ਨਾ ਵਧਣ। ਪ੍ਰੰਤੂ ਜੇਕਰ ਅਗਾਂਹ ਵਧੂ ਤੇ ਜਮਹੂਰੀ ਰਾਜਨੀਤਕ ਧਿਰਾਂ ਨੇ ਉਪਰੋਕਤ ਕਾਰਜ ਪੂਰਾ ਕਰਨ ‘ਚ ਕੋੲਂੀ ਢਿੱਲ ਵਰਤੀ ਜਾਂ ਅੰਤਰਮੁਖਤਾ ਦੇ ਆਧਾਰ ‘ਤੇ ਸੰਕੀਰਨ ਵਿਵਹਾਰ ਨੂੰ ਨਾ ਤਿਆਗਿਆ, ਤਾਂ ਫਿਰ ਦੇਸ਼ ਅੰਦਰ ਸਥਾਪਤੀ ਪੱਖੀ ਰਾਜਨੀਤਕ ਧਿਰਾਂ, ਜੋ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਬਜ਼ਿੱਦ ਹਨ ਤੇ ‘ਫਿਰਕੂ ਫਾਸ਼ੀਵਾਦੀ’ ਤਾਕਤਾਂ ਦੇ ਹੱਥਾਂ ‘ਚ ਸੱਤਾ ਕਾਇਮ ਰੱਖਣਾ ਚਾਹੁੰਦੀਆਂ ਹਨ, ਲੋਕਾਂ ਨੂੰ ਮੁੜ ਉਸੇ ਨਾ-ਬਰਾਬਰੀ ਤੇ ਬੇਇਨਸਾਫੀ ਵਾਲੇ ਰਾਜਨੀਤਕ ਪ੍ਰਬੰਧ ਦੀ ਅੰਨ੍ਹੀ ਖੱਡ ਵੱਲ ਨੂੰ ਹੋਰ ਡੂੰਘੇਰਾ ਧੱਕ ਸਕਦੀਆਂ ਹਨ। ਅਜਿਹਾ ਘਟਨਾਚੱਕਰ ਸਮੁੱਚੇ ਦੇਸ਼ ਤੇ ਇਸਦੇ ਲੋਕਾਂ ਲਈ ਖਤਰਨਾਕ ਹੀ ਨਹੀਂ, ਬਲਕਿ ਪੂਰੀ ਤਰ੍ਹਾਂ ਨਾਲ ਤਬਾਹਕੁੰਨ ਸਿੱਧ ਹੋ ਸਕਦਾ ਹੈ।- ਮੰਗਤ ਰਾਮ ਪਾਸਲਾ
-

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2021)
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਜਿਲ੍ਹਾ ਪੱਧਰੀ ਕਾਨਫਰੰਸਾਂ ਅਤੇ ਮੁਜਾਹਰੇ
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਿੱਚ ਸ਼ਾਮਲ ਪਾਰਟੀਆਂ ਅਤੇ ਮੰਚਾਂ ਵੱਲੋਂ ਪ੍ਰਭਾਵਸ਼ਾਲੀ ਜਿਲ੍ਹਾ ਕਾਨਫਰੰਸਾਂ ਅਤੇ ਰੋਸ ਮੁਜ਼ਾਹਰੇ ਕੀਤੇ ਗਏ। ਉਕਤ ਕਾਨਫਰੰਸਾਂ ਅਤੇ ਮੁਜਾਹਰੇ, ਮੰਚ ਦੀ ਸੂਬਾਈ ਮੀਟਿੰਗ ਦੇ ਫੈਸਲੇ ਅਨੁਸਾਰ, ਜਨ ਸੰਗਰਾਮ ਬਣ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਜਿੱਤ ਲਈ ਮਿਹਨਤੀ ਤਬਕਿਆਂ, ਖਾਸ ਕਰਕੇ ਸ਼ਹਿਰੀ ਤੇ ਪੇਂਡੂ ਕਿਰਤੀਆਂ ਅਤੇ ਇਸਤਰੀਆਂ ਦੀ ਵਿਸ਼ਾਲ ਲਾਮਬੰਦੀ ਦੇ ਉਦੇਸ਼ ਤਹਿਤ ਕੀਤੇ ਗਏ ਸਨ। ਕਾਨਫਰੰਸਾਂ ਵਿੱਚ ਇਕੱਤਰ ਜਨ ਸਮੂਹਾਂ ਵੱਲੋਂ ਪਾਸ ਕੀਤੇ ਗਏ ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਨਾਲ ਸਬੰਧਤ ਤੁਗਲਕੀ ਆਰਡੀਨੈਂਸ ਰੱਦ ਕੀਤੇ ਜਾਣ, ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਸਮੁੱਚੀਆਂ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਗਰੰਟੀਸ਼ੁਦਾ ਖ੍ਰੀਦ ਦਾ ਕਾਨੂੰਨ ਪਾਸ ਕੀਤਾ ਜਾਵੇ, 26 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਬੇਕਸੂਰ ਕਾਰਕੁੰਨ ਰਿਹਾ ਕੀਤੇ ਜਾਣ ਅਤੇ ਕਿਸਾਨ ਸੰਘਰਸ਼ ਦੇ ਹਿਮਾਇਤੀਆਂ ਨੂੰ ਨਿਰਾਧਾਰ ਮੁਕੱਦਮਿਆਂ ਵਿੱਚ ਉਲਝਾ ਕੇ ਜੇਲ੍ਹੀਂ ਡੱਕਣਾ ਬੰਦ ਕੀਤਾ ਜਾਵੇ। ਇੱਕ ਹੋਰ ਮਤੇ ਰਾਹੀਂ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਦੀਆਂ ਲੋਕ ਮਾਰੂ- ਰਾਸ਼ਟਰ ਵਿਰੋਧੀ ਤਜਵੀਜਾਂ ਰੱਦ ਕਰਨ, ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਤਕਰੀਬਨ ਹਰ ਰੋਜ਼ ਦਾ ਕੀਤਾ ਜਾ ਰਿਹਾ ਵਾਧਾ ਵਾਪਸ ਲੈਣ, ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੀਆਂ ਸਾਜਿਸ਼ਾਂ ਬੰਦ ਕਰਕੇ ਸਭਨਾਂ ਗਰੀਬ ਪਰਿਵਾਰਾਂ ਨੂੰ ਅਤਿ ਸਸਤੀਆਂ ਦਰਾਂ ਤੇ ਜਿਉਂਦੇ ਰਹਿਣ ਲਈ ਜਰੂਰੀ ਅਨਾਜ, ਦਾਲਾਂ ਆਦਿ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਏ ਜਾਣ ਅਤੇ ਕਿਰਤ ਕਾਨੂੰਨਾਂ ਨੂੰ ਮੁੜ ਪਹਿਲੇ ਸਰੂਪ ਵਿੱਚ ਬਹਾਲ ਕਰਦਿਆਂ ਇਨ੍ਹਾਂ ਵਿੱਚ ਮਜ਼ਦੂਰ ਪੱਖੀ ਰੈਡੀਕਲ ਸੋਧਾਂ ਕੀਤੇ ਜਾਣ ਦੀ ਮੰਗ ਕੀਤੀ ਗਈ। ਮਤਿਆਂ ਰਾਹੀਂ ਲੋਕਾਈ ਨੂੰ ਅਪੀਲ ਕੀਤੀ ਗਈ ਕਿ ਉਹ ਦਿੱਲੀ ਦੀਆਂ ਜੂਹਾਂ ਤੇ ਮੋਰਚੇ ਮੱਲੀ ਬੈਠੇ ਮਜ਼ਦੂਰਾਂ-ਕਿਸਾਨਾਂ ਦੇ ਦੇਸ਼ ਭਗਤਕ, ਲੋਕ ਹਿਤੈਸ਼ੀ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਚੌਕਸ ਰਹਿੰਦਿਆਂ ਦੇਸ਼ ਦੇ ਭਵਿੱਖ ਨਾਲ ਖਤਰਨਾਕ ਖਿਲਵਾੜ ਕਰਨ ਵਾਲੀਆਂ ਸੰਘ-ਭਾਜਪਾ ਤੇ ਕੇਂਦਰੀ ਸਰਕਾਰ ਦੀਆਂ ਫਿਰਕੂ-ਫੁੱਟਪਾਊ ਸਾਜ਼ਿਸ਼ਾਂ ਅਤੇ ਜਾਬਰ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ। ਕਿਸਾਨ ਸੰਘਰਸ਼ ਦੀ ਹਰ ਪੱਖ ਤੋਂ ਡਟਵੀਂ ਹਿਮਾਇਤ ਕਰਨ ਲਈ ਤਹਿਦਿਲੋਂ ਧੰਨਵਾਦ ਕਰਦਿਆਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਫੈਡਰਲਿਜਮ ਦੇ ਜੜ੍ਹੀਂ ਤੇਲ ਦੇਣ ਵਾਲੇ ਮੋਦੀ ਸਰਕਾਰ ਦੇ ਤਾਨਾਸ਼ਾਹੀ-ਫਾਸ਼ੀ ਹੱਲਿਆਂ ਵਿਰੁੱਧ ਹਰ ਪੱਧਰ ਤੇ ਆਵਾਜ਼ ਬੁਲੰਦ ਕਰਦਿਆਂ ਸੰਘਰਸ਼ਾਂ ਦੇ ਪਿੜ ਮੱਲਣ। ਰੀਪੋਰਟ ਲਿਖੇ ਜਾਣ ਤੱਕ ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਨਵਾਂ ਸ਼ਹਿਰ, ਬਠਿੰਡਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ ਵਿਖੇ ਕਾਨਫਰੰਸਾਂ ਅਤੇ ਮੁਜਾਹਰੇ ਕੀਤੇ ਜਾ ਚੁੱਕੇ ਹਨ।‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ‘ਤੇ ਹੋਏ ਲਾਮਿਸਾਲ ਕਾਮਯਾਬ ਐਕਸ਼ਨ
ਦਿੱਲੀ ਦੀਆਂ ਜੂਹਾਂ ਤੇ ਜਾਰੀ ਦੇਸ਼ ਵਿਆਪੀ ਮਜ਼ਦੂਰ-ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ‘ਸੰਯੁਕਤ ਕਿਸਾਨ ਮੋਰਚਾ’ ਵੱਲੋਂ ਫਰਵਰੀ ਮਹੀਨੇ ਵਿਚ ਦੇਸ਼ ਵਾਸੀਆਂ ਨੂੰ ਅਨੇਕਾਂ ਐਕਸ਼ਨਾਂ ਦਾ ਸੱਦਾ ਦਿੱਤਾ ਗਿਆ ਸੀ ।
ਉਕਤ ਸੱਦਿਆਂਂ ਪ੍ਰਤੀ ਲਾਮਿਸਾਲ ਹੁੰਗਾਰਾ ਭਰਦਿਆਂ ਲੋਕਾਈ ਨੇ ਉਪਰੋਥਲੀ ਸ਼ਾਨਦਾਰ ਸਫਲ ਐਕਸ਼ਨ ਕੀਤੇ।
6 ਫਰਵਰੀ ਨੂੰ 12 ਤੋਂ 3 ਵਜੇ ਤੱਕ ਸੜਕ ਆਵਾਜਾਈ ਰੋਕੀ ਗਈ।
12 ਫਰਵਰੀ ਨੂੰ ਟੋਲ ਪਲਾਜ਼ਿਆਂ ਦੀ ਜ਼ਜ਼ੀਆ ਵਸੂਲੀ ਬੰਦ ਕੀਤੀ ਗਈ।
14 ਫਰਵਰੀ ਨੂੰ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।
18 ਫਰਵਰੀ ਨੂੰ ਚਾਰ ਘੰਟਿਆਂ ਲਈ ਰੇਲਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਕੀਤਾ ਗਿਆ।
23 ਫਰਵਰੀ ਨੂੰ ਪ੍ਰਸਿਧ ਸੁਤੰਤਰਤਾ ਸੰਗਰਾਮੀਏ, ਮਿਸਾਲੀ ਕਿਸਾਨ ਘੁਲਾਟੀਏ ਚਾਚਾ ਅਜੀਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ।
24 ਫਰਵਰੀ ਨੂੰ ਜਬਰ ਵਿਰੋਧੀ ਦਿਵਸ ਮਨਾਇਆ ਗਿਆ।
27 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਦਿਹਾੜਾ ਮਨਾਇਆ ਗਿਆ।
ਇਸ ਤੋਂ ਇਲਾਵਾ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਕਿਸਾਨਾਂ ਦੇ ਮਸੀਹਾ ਸਰਕਾਰ ਛੋਟੂ ਰਾਮ ਦਾ ਜਨਮ ਦਿਵਸ ਵੀ ਮਨਾਇਆ ਗਿਆ।
ਇਹ ਡਾਢੀ ਤਸੱਲੀ ਦਾ ਵਿਸ਼ਾ ਹੈ ਕਿ ਬਹੁਤ ਹੀ ਘੱਟ ਵਕਫੇ ਨਾਲ ਦਿੱਤੇ ਗਏ ਸੱਦਿਆਂ ਨੂੰ ਦੇਸ਼ ਦੀ ਮਿਹਨਤੀ ਵਸੋਂ ਅਤੇ ਇਨਸਾਫ਼ ਪਸੰਦ ਲੋਕਾਂ ਵੱਲੋਂ ਖਿੜੇ ਮੱਥੇ ਪ੍ਰਵਾਨ ਕੀਤਾ ਗਿਆ ਅਤੇ ਸਾਰੇ ਐਕਸ਼ਨਾਂ ਵਿੱਚ ਲੱਖਾਂ ਲੋਕਾਂ ਨੇ, ਭਾਰੀ ਗਿਣਤੀ ਇਸਤਰੀਆਂ ਤੇ ਬਾਲਾਂ ਸਮੇਤ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ।ਖੇਤੀ ਕਾਨੂੰਨਾਂ ਦੇ ਕਿਰਤੀ-ਕਿਸਾਨਾਂ, ਖਪਤਕਾਰਾਂ ‘ਤੇ ਮਾਰੂ ਪ੍ਰਭਾਵਾਂ ਬਾਰੇ ਦੋ ਸੈਮੀਨਾਰ
ਨਾਮਵਰ ਵਿੱਦਿਅਕ ਸੰਸਥਾ, ‘ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ’ ਜਲੰਧਰ ਵਿਖੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਕਾਬਲ ਪ੍ਰਿੰਸੀਪਲ ਮੈਡਮ ਡਾਕਟਰ ਨਵਜੋਤ ਕੌਰ ਦੀ ਸੁਚੱਜੀ ਅਗਵਾਈ ਵਿਚ ਹੋਏ ਇਸ ਆਯੋਜਨ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਜਗਦੀਸ਼ ਸਿੰਘ ਸ਼ੇਰਗਿੱਲ ਵੀ ਬਿਰਾਜਮਾਨ ਸਨ। ਸੈਮੀਨਾਰ ਦੀ ਪ੍ਰਧਾਨਗੀ, ਨਾਮਵਰ ਕਿਸਾਨ ਆਗੂ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕੀਤੀ। ਮੁੱਖ ਵਿਸ਼ੇ, ‘ਖੇਤੀ ਕਾਨੂੰਨਾਂ ਦੇ ਦੇਸ਼ ਦੀ ਵਿਸ਼ਾਲ ਵਸੋਂ, ਖਾਸ ਕਰਕੇ ਕਿਰਤੀ-ਕਿਸਾਨਾਂ, ਖਪਤਕਾਰਾਂ ਦੇ ਜੀਵਨ ‘ਤੇ ਪੈਣ ਜਾ ਰਹੇ ਦੁਰਪ੍ਰਭਾਵਾਂ’ ਸਬੰਧੀ ਕੁੰਜੀਵਤ ਭਾਸ਼ਣ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦਿੱਤਾ। ਖਨਣ ਮਾਫੀਆ ਦੀ ਲੁੱਟ ਅਤੇ ਮਨਮਾਨੀਆਂ ਵਿਰੁੱਧ ਜਾਨ ਤਲੀ ਤੇ ਰੱਖ ਕੇ ਜੂਝਣ ਵਾਲੇ ਨੌਜਵਾਨ ਕਿਸਾਨ ਆਗੂ ਧਰਮਿੰਦਰ ਸਿੰਘ ਹੁਸ਼ਿਆਰਪੁਰ ਨੇ ਵੀ ਵਿਸ਼ੇਸ਼ ਭਾਸ਼ਣ ਕੀਤਾ। ਇਨ੍ਹਾਂ ਤੋਂ ਇਲਾਵਾ ਉੱਘੇ ਬੁਧੀਜੀਵੀ ਡਾਕਟਰ ਰਘਬੀਰ ਕੌਰ, ਡਾਕਟਰ ਤਜਿੰਦਰ ਵਿਰਲੀ, ਡਾਕਟਰ ਸ਼ਰਨਜੀਤ ਢਿੱਲੋਂ, ਮੈਡਮ ਸਰਿਤਾ ਤਿਵਾੜੀ, ਮੈਡਮ ਪੂਨਮ ਤਿਵਾੜੀ ਨੇ ਵੀ ਜਾਣਕਾਰੀ ‘ਚ ਅਸੀਮ ਵਾਧਾ ਕਰਨ ਵਾਲੇ ਵਿਚਾਰ ਰੱਖੇ। ਬੁਲਾਰਿਆਂ ਨੇ ਤੱਥਾਂ ਅਤੇ ਦਲੀਲਾਂ ਸਹਿਤ ਬਾਖੂਬੀ ਸਾਬਤ ਕੀਤਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ, ਤਿੰਨ ਖੇਤੀ ਕਾਨੂੰਨ ਖੇਤੀ ਧੰਦੇ ਨੂੰ ਲਾਹੇਵੰਦਾ ਬਨਾਉਣ ਜਾਂ ਕਿਸਾਨਾ-ਖੇਤ ਕਾਮਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਹੀਂ ਬਣਾਏ ਗਏ ਬਲਕਿ ਭਾਰਤ ਦੀ ਸੈਂਕੜੇ ਕਰੋੜ ਵਸੋਂ ਦੇ ਵਿਸ਼ਾਲ ਭਾਗ ਦੇ ਗੁਜ਼ਾਰੇ ਦਾ ਸਾਧਨ ਖੇਤੀ ਕਿੱਤੇ ਨੂੰ ਅੰਬਾਨੀ-ਅਡਾਨੀ ਜਿਹੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਭਾਈਵਾਲ ਸਾਮਰਾਜੀ ਲੁਟੇਰਿਆਂ ਦੇ ਹਵਾਲੇ ਕਰਨ ਲਈ ਦੇਸ਼ ਦੇ ਸੰਵਿਧਾਨ ਦੀ ਮੁਜਰਮਾਨਾ ਉਲੰਘਣਾ ਕਰਕੇ ਘੜੇ ਗਏ ਹਨ।
ਬੁਲਾਰਿਆਂ ਨੇ ਅੰਕੜਿਆਂ ਰਾਹੀਂ ਸਿੱਧ ਕੀਤਾ ਕਿ ਉਕਤ ਕਾਨੂੰਨ ਨਾ ਕੇਵਲ ਖੇਤੀ ਕਿੱਤੇ, ਬਲਕਿ ਖੇਤੀ ਨਾਲ ਜੁੜੇ ਦਰਮਿਆਨੇ ਤੇ ਛੋਟੇ ਉਦਯੋਗ ਧੰਦੇ, ਕਾਰੋਬਾਰਾਂ ਅਤੇ ਪ੍ਰਚੂਨ ਵਿਉਪਾਰ ਦੀ ਸਫ ਵਲੵਟ ਕੇ ਇਸ ਸਾਰੇ ਤਾਣੇ ਬਾਣੇ ਉੱਪਰ ਵਿਸ਼ਵੀ ਤੇ ਸਥਾਨਕ ਅਜਾਰੇਦਾਰਾਂ ਦਾ ਏਕਾਧਿਕਾਰ ਸਥਾਪਤ ਕਰਵਾ ਦੇਣਗੇ। ਉਨ੍ਹਾਂ ਠੋਸ ਉਦਾਹਰਣਾਂ ਦੇ ਕੇ ਦੱਸਿਆ ਕਿ ਅਜਿਹੇ ਹੀ ਕਾਨੂੰਨਾਂ ਨੇ ਕਿਵੇਂ ਮੈਕਸੀਕੋ ਆਦਿ ਦੇਸ਼ਾਂ ਦੀ ਕਿਰਤੀ-ਕਿਸਾਨ ਵਸੋਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। ਵਿਦਵਾਨ ਬੁਲਾਰਿਆਂ ਨੇ ਸਮੁੱਚੇ ਭਾਰਤੀ ਸਮਾਜ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ਤੇ ਢਾਹਿਆ ਜਾ ਰਿਹਾ ਹੁਕੂਮਤੀ ਜਬਰ, ਸੰਘ ਪਰਿਵਾਰ ਦੇ ਅਰਾਜਕ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਦੇ ਹਮਲੇ, ਫਿਰਕੂ-ਫੁੱਟਪਾਊ ਸਾਜਿਸ਼ਾਂ ਅਤੇ ਗੋਦੀ ਮੀਡੀਆ ਤੇ ਆਈਟੀਸੈਲ ਦੇ ਜਹਿਰੀਲੇ ਪ੍ਰਚਾਰ ਦੇ ਦੇਸ਼ ਨੂੰ ਗੰਭੀਰ ਪਰਿਣਾਮ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਕਿਸਾਨ ਸੰਘਰਸ਼ ਦੇ ਸਫਲਤਾ ਪੂਰਵਕ ਨੇਪਰੇ ਚੜ੍ਹਣ ਨਾਲ ਦੇਸ਼ ਅੰਦਰ ਜਮਹੂਰੀਅਤ, ਧਰਮ ਨਿਰਪੱਖਤਾ, ਫੈਡਰਲਿਜਮ ਦੇ ਲੋਕ ਹਿਤੈਸ਼ੀ ਸੰਕਲਪ ਮਜਬੂਤ ਹੋਣਗੇ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ , ਅਸਹਿਮਤੀ ਦੇ ਅਧਿਕਾਰ ਸਮੇਤ ਸਮੁੱਚੇ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਦਾ ਸੰਘਰਸ਼ ਜਿੱਤ ਵਲ ਵਧੇਗਾ। ਪਰ ਜੇ ਇਸ ਦੇ ਉਲਟ ਵਾਪਰਦਾ ਹੈ ਤਾਂ ਫਿਰਕੂ- ਫਾਸ਼ੀ, ਮੰਨੂਵਾਦੀ-ਹਿੰਦੂਤਵੀ ਸ਼ਕਤੀਆਂ ਸੁਤੰਤਰਤਾ ਸੰਗਰਾਮ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਤਹਿਸ-ਨਹਿਸ ਕਰ ਦੇਣਗੀਆਂ ਅਤੇ ਦੇਸ਼ ਮੁੜ ਤੋਂ ਸਾਮਰਾਜੀ ਗੁਲਾਮੀ ਦੇ ਜੂਲੇ ਵਿੱਚ ਜਕੜਿਆ ਜਾਵੇਗਾ। ਕਾਲਜ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਦੇਸ਼ ਦੇ ਮਿਹਨਤਕਸ਼ ਆਵਾਮ ਦੇ ਸਰਗਰਮ ਸਹਿਯੋਗ ਸਦਕਾ ਜਨ ਸੰਗਰਾਮ ਦੀ ਸ਼ਕਲ ਅਖਤਿਆਰ ਕਰ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਪਾਏ ਗਏ ਸਰਵਪੱਖੀ ਯੋਗਦਾਨ ਦਾ ਸਾਰੇ ਬੁਲਾਰਿਆਂ ਵੱਲੋਂ ਉਚੇਚਾ ਜਿਕਰ ਕੀਤਾ ਗਿਆ।
ਰਿਪੋਰਟ : ਮੈਡਮ ਹਰਮੋਹਨਜਾਗਰੂਕ ਖਪਤਕਾਰ ਮੰਚ ਵੱਲੋਂ ਕੀਤੀ ਗਈ ਲਾਹੇਵੰਦੀ ਵਿਚਾਰ ਚਰਚਾ
“ਕੰਜ਼ਿਊਮਰ ਫੋਰਮ ਜਲੰਧਰ” ਦੇ ਸੱਦੇ ‘ਤੇ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। “ਖੇਤੀ ਕਾਨੂੰਨਾਂ ਦੇ ਆਮ ਆਦਮੀ ਦੇ ਜੀਵਨ ‘ਤੇ ਦੁਰਪ੍ਰਭਾਵ” ਵਿਸ਼ੇ ਅਧੀਨ ਸੱਦੇ ਗਏ ਸੈਮੀਨਾਰ ਵਿੱਚ ਉੱਘੇ ਲੇਖਕ ਅਤੇ ਫ਼ਿਲਮਕਾਰ ਸਤਨਾਮ ਚਾਨਾ ਨੇ ਕੁੰਜੀਵਤ ਭਾਸ਼ਣ ਦਿੱਤਾ। ਸੈਮੀਨਾਰ ਦੀ ਪ੍ਰਧਾਨਗੀ ਫੋਰਮ ਦੇ ਪ੍ਰਧਾਨ ਮੱਖਣ ਲਾਲ ਪਲੵਣ ਅਤੇ ਮੰਚ ਸੰਚਾਲਨ ਜਨਰਲ ਸਕੱਤਰ ਐਡਵੋਕੇਟ ਰਵਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ। ਪ੍ਰੋਫੈਸਰ ਗੋਪਾਲ ਸਿੰਘ ਬੁੱਟਰ, ਡਾ. ਤੇਜਿੰਦਰ ਵਿਰਲੀ, ਡਾ. ਰਘਬੀਰ ਕੌਰ ਤੇ ‘ਨਵੀਂ ਉਮੀਦ’ ਸੰਸਥਾ ਦੇ ਹਰਜੀਤ ਸਿੰਘ ਨੇ ਵੀ ਵਿਚਾਰ ਰੱਖੇ। ਮੁੱਖ ਬੁਲਾਰੇ ਨੇ ਤੱਥਾਂ ਅਤੇ ਦਲੀਲਾਂ ਸਹਿਤ ਨਵੇਂ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਅਖੌਤੀ ਨਵੇਂ ਖੇਤੀ ਕਾਨੂੰਨ ਕੇਵਲ ਖੇਤੀ ਕਿੱਤੇ ਨਾਲ ਸਬੰਧਤ ਲੋਕਾਂ ਨੂੰ ਹੀ ਨਹੀਂ, ਬਲਕਿ ਸਮੁੱਚੀ ਮਿਹਨਤੀ ਵਸੋਂ ਅਤੇ ਖਪਤਕਾਰਾਂ ਦੇ ਹਿਤਾਂ ਨੂੰ ਵੀ ਗੰਭੀਰ ਹਾਨੀ ਪੁਚਾਉਣ ਵਾਲੇ ਹਨ। ਇਹ ਕਾਨੂੰਨ ਛੋਟੇ ਤੇ ਦਰਮਿਆਨੇ ਉਦਯੋਗ ਧੰਦਿਆਂ ਅਤੇ ਪ੍ਰਚੂਨ ਵਿਉਪਾਰ ਦਾ ਖਾਤਮਾ ਕਰਕੇ ਦਿਓ ਕੱਦ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਏਕਾਧਿਕਾਰ ਕਾਇਮ ਕਰਨ ਦੇ ਹਥਿਆਰ ਹਨ। ਕਾਰਪੋਰੇਟ ਘਰਾਣਿਆਂ ਨੂੰ ਜ਼ਰੂਰੀ ਖਾਧ ਵਸਤਾਂ ਦੇ ਭੰਡਾਰੀਕਰਨ ਦੀ ਖੁੱਲ੍ਹ ਦਿੱਤੇ ਜਾਣ ਨਾਲ ਨਕਲੀ ਥੁੜੋਂ ਪੈਦਾ ਹੋਣ ਕਰਕੇ ਮਹਿੰਗਾਈ ਤੇ ਕਾਲਾ ਬਜ਼ਾਰੀ ਨਾਲ ਹਰ ਖਪਤਕਾਰ ਬੇਕਿਰਕੀ ਨਾਲ ਨਪੀੜਿਆ ਜਾਵੇਗਾ। ਇਸੇ ਕਰਕੇ ਦੇਸ਼ ਦੀ ਵਿਸ਼ਾਲ ਵਸੋਂ, ਖਾਸ ਕਰਕੇ ਕਿਰਤੀ ਸ਼੍ਰੇਣੀ ਤੇ ਮੱਧ ਵਰਗ ਉਕਤ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੂਝ ਰਹੇ ਦੇਸ਼ ਦੇ ਕਿਸਾਨਾਂ ਦੇ ਅੰਗ-ਸੰਗ ਆਣ ਖੜ੍ਹੇ ਹਨ ਅਤੇ ਇਹ ਕਿਸਾਨ ਸੰਘਰਸ਼ ਸੰਸਾਰ ਭਰ ਦੇ ਸਾਵੀਂ ਸੋਚਣੀ ਵਾਲੇ ਲੋਕਾਂ ਦੇ ਸਹਿਯੋਗ ਸਦਕਾ ਜਨ ਸੰਗਰਾਮ ਬਣ ਚੁੱਕਾ ਹੈ। ਵਿਦਵਾਨ ਬੁਲਾਰੇ ਨੇ ਸੰਸਾਰ ਭਰ ਦੀ ਖਿੱਚ ਦਾ ਕੇਂਦਰ ਬਣੇ ਹੱਕੀ ਕਿਸਾਨ ਸੰਘਰਸ਼ ਪ੍ਰਤੀ ਮੋਦੀ ਸਰਕਾਰ ਵੱਲੋਂ ਅਪਣਾਈ ਸਿਰੇ ਦੀ ਦੋਖੀ ਪਹੁੰਚ, ਖਾਸ ਕਰਕੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਪ੍ਰਤੀ ਦਰਸਾਈ ਜਾ ਰਹੀ ਅਣਮਨੁੱਖੀ ਸੰਵੇਦਨਹੀਨਤਾ ਨੂੰ ਲੋਕ ਤੰਤਰ ਦੇ ਭਵਿੱਖ ਲਈ ਗੰਭੀਰ ਖਤਰਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਖਿਲਾਫ਼ ਮੋਦੀ ਦੀਆਂ ਫੁੱਟਪਾਊ ਸਾਜਿਸ਼ਾਂ ਅਤੇ ਜਾਬਰ ਹਮਲਿਆਂ ਪਿੱਛੇ ਅਸਲ ਕਾਰਨ ਇਹ ਹੈ ਕਿ ਮੌਜੂਦਾ ਸਰਕਾਰ ਦੇਸ਼ ਦੇ ਕਰੋੜਾਂ ਲੋਕਾਂ ਦੀ ਬਜਾਇ ਮੁੱਠੀ ਭਰ ਦੇਸੀ-ਵਿਦੇਸ਼ੀ ਲੋਟੂਆਂ ਦੇ ਹਿਤਾਂ ਦੀ ਰਖਵਾਲੀ ਲਈ ਪੱਬਾਂ ਭਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਮਰਾਜੀ ਤੇ ਫਾਸ਼ੀ ਸ਼ਕਤੀਆਂ ਦੇ ਗਠਜੋੜ ਵੱਲੋਂ ਧਰਮ ਨਿਰਪੱਖਤਾ, ਜਮਹੂਰੀਅਤ ਤੇ ਸੰਘਾਤਮਕ ਢਾਂਚੇ ਦੇ ਖਾਤਮੇ ਲਈ ਕੀਤੇ ਜਾ ਰਹੇ ਹੱਲਿਆਂ ਨੂੰ ਵੀ ਸੰਜੀਦਾ ਚੁਣੌਤੀ ਪੇਸ਼ ਕੀਤੀ ਹੈ। ਇਸੇ ਕਰਕੇ ਕਿਸਾਨ ਅੰਦੋਲਨ ਦੀ ਜਿੱਤ ਲੋਕਾਈ ਦੇ ਸੁਨਹਿਰੇ ਭਵਿੱਖ ਦੀ ਜਾਮਨੀ ਸਿੱਧ ਹੋਵੇਗੀ। ਇਸ ਮੌਕੇ ਸਰਵ ਸਾਥੀ ਹਰੀ ਮੁਨੀ ਸਿੰਘ, ਰਾਮ ਕਿਸ਼ਨ, ਸਾਬਕਾ ਮੁਲਾਜ਼ਮ ਆਗੂ ਕਰਨੈਲ ਸਿੰਘ, ਤਿਲਕ ਰਾਜ ਗੌਤਮ, ਬਲਦੇਵ ਸਿੰਘ ਨੂਰਪੁਰੀ, ਸੁਨੀਤਾ ਨੂਰਪੁਰੀ, ਕੰਚਣ, ਪਾਰਵਤੀ ਵੀ ਮੌਜੂਦ ਸਨ। ਸਰੋਤਿਆਂ ‘ਚ ਭਾਰੀ ਗਿਣਤੀ ਕਿਰਤੀਆਂ ਨੇ ਇਸਤਰੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਬੁਲਾਰਿਆਂ ਦੇ ਕੀਮਤੀ ਸ਼ਬਦਾਂ ਨੂੰ ਧਿਆਨ ਨਾਲ ਸੁਣਿਆ।ਰਿਪੋਰਟ : ਬਲਦੇਵ ਸਿੰਘ ਨੂਰਪੁਰੀ
-

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਾਰਚ 2021)
ਕਹਾਣੀ
ਪਰਤਾਪੀ ਦਾ ਪਰਤਾਪ- ਬੀ.ਐਸ.ਬੀਰ
…. ਸੱਠ ਸਾਲਾ ਪਰਤਾਪੀ ਜਦੋਂ ਮੱਝਾਂ ਦੀਆਂ ਧਾਰਾਂ ਕੱਢ, ਦੁੱਧ ਵਾਲੀ ਬਾਲਟੀ ਹੱਥ ‘ਚ ਫੜ, ਆਪਣੀ ਨਵੀਂ ਬਣੀ ਕੋਠੀ ਦਾ ਗੇਟ ਖੋਲ੍ਹ ਅੰਦਰ ਵੜਨ ਲੱਗੀ ਤਾਂ ਕੋਠੀ ਵੱਲ ਆਉਂਦੀ ਕਾਰ ਨੂੰ ਵੇਖ, ਉਹ ਗੇਟ ਕੋਲ ਹੀ ਰੁਕ ਗਈ। ਜੂਨ ਦਾ ਮਹੀਨਾ, ਸ਼ਾਮ ਦਾ ਛੇ ਕੁ ਵਜੇ ਦਾ ਸਮਾਂ। ਦਿਨ ਗੋਡੇ-ਗੋਡੇ ਖੜ੍ਹਾ ਸੀ। ਕਾਰ ਗੇਟ ਦੇ ਸਾਹਮਣੇ ਆ ਕੇ ਰੁਕੀ ਤੇ ਉਸ ਵਿਚੋਂ ਇਕ ਚਾਲੀ-ਬਿਤਾਲੀ ਸਾਲ ਦਾ ਬਾਊ ਨਿਕਲਿਆ ਤੇ ਪੁੱਛਿਆ-”ਸੰਧੂ ਸਾਹਿਬ ਦਾ ਘਰ ਇਹੋ ਹੈ?”
”ਕਿਹੜਾ ਸੰਧੂ, ਭਾਈ?” ਅਸਲ ਵਿਚ ਇਹ ਸਾਰਾ ਪਿੰਡ ਸੰਧੂਆਣਾ, ਸੰਧੂਆਂ ਦਾ ਵਜਦਾ ਸੀ। ਪਰਤਾਪੀ ਦਾ ਚਿਹਰਾ ਪ੍ਰਸ਼ਨਮਈ ਹੋ ਗਿਆ।
”… ਆਪਣੇ ਸ. ਰਣਜੀਤ ਸਿੰਘ ਸੰਧੂ?”
”… ਕਿਹੜਾ ਰਣਜੀਤ ਸਿਹੁੰ ਸੰਧੂ?”
”ਜਿਹੜੇ ਜ਼ਿਲ੍ਹੇ ਦੇ ਈ.ਟੀ.ਓ. ਸਾਹਿਬ ਨੇ,” ਬਾਓ ਨੇ ਸਪੱਸ਼ਟੀਕਰਨ ਦਿੱਤਾ।
”… ਅੱਛਾ!… ਆਹੋ ਭਾਈ। ਰਣਜੀਤ ਸਿਹੁੰ ਦਾ ਹੀ ਏ,” ਪਰਤਾਪੀ ਨੇ ਸੰਕੋਚਵੇਂ ਰੂਪ ਵਿਚ ਜੁਆਬ ਦਿੱਤਾ।
”ਘਰ ਨੇ?”
”ਨਹੀਂ ਭਾਈ! ਉਸ ਨੇ ਆਉਣਾ ਤਾਂ ਹੈਗਾ ਸੀ, ਕਿਤੇ ਲੇਟ-ਫੇਟ ਹੋ ਗਿਆ ਹੋਊ। … ਬਹਿ ਜਾ ਭਈ! ਚਾਹ ਕਰ ਦੇਨੀਂ ਆ… ਚਾਹ ਪੀ ਲੈ। ਉਦੋਂ ਤੱਕ ਸ਼ੈਦ ਜੀਤੇ ਹੁਰੀਂ ਆ ਜਾਣ।”
ਬਾਊ ਸਮਝ ਗਿਆ ਸੀ ਕਿ ਪਰਤਾਪੀ ਰਣਜੀਤ ਸਿੰਘ ਸੰਧੂ ਦੀ ਮਾਂ ਹੈ ਜਿਸ ਨੂੰ ਸ਼ਹਿਰੀਆਂ ਵਾਲੇ ਐਟੀਕੇਟਸ (ਚੱਜ-ਵਿਹਾਰ) ਨਹੀਂ ਪਤਾ। ਇੰਨੇ ਵਿਚ ਇਕ ਸਾਈਕਲ ਜਿਸ ਦੇ ਕੈਰੀਅਰ ‘ਤੇ ਬਰਸੀਮ ਦੀ ਪੰਡ ਲੱਦੀ ਹੋਈ ਸੀ, ਰੁਕੀ ਤਾਂ ਪਰਤਾਪੀ ਨੇ ਕਿਹਾ ”ਗੁਰਮੇਲ ਦੇ ਬਾਈ, ਇਹ ਬਾਊ ਜੀਤੇ ਨੂੰ ਪੁੱਛਦੈ। ਇਹਨੂੰ ਬੈਠਕ ‘ਚ ਬਿਠਾ ਦੇ, ਮੈਂ ਚਾਹ ਕਰਕੇ ਲਿਆਉਨੀ ਆਂ।”
”ਆਓ ਅੰਦਰ ਬੈਠੋ ਸਾਬ੍ਹ ਜੀ,” ਦਲੀਪ ਸਿੰਘ ਫੌਜੀ ਨੇ ਫ਼ੌਜੀਆਂ ਵਾਂਗ ਥੋੜ੍ਹਾ ਜਿਹਾ ਆਪਣਾ ਸਰੀਰ ਅਕੜਾਇਆ ਤੇ ਬਾਊ ਨੂੰ ਨਾਲ ਲੈ ਕੇ ਬੈਠਕ ਵੱਲ ਹੋ ਗਿਆ। ਫ਼ੌਜੀ ਨੇ ਸਿਰ ‘ਤੇ ਮੰਡਾਸੀ ਮਾਰੀ ਹੋਈ ਸੀ ਤੇ ਉਹ ਖੇਤ ‘ਚੋਂ ਬਰਸੀਨ ਵੱਢ ਕੇ ਮੱਝਾਂ ਲਈ ਲਿਆਇਆ ਸੀ। ਕਾਰ ਵਿਚ ਬੈਠੇ ਡਰਾਈਵਰ ਵੱਲ ਉਸ ਨੇ ਮਾੜਾ ਜਿਹਾ ਪ੍ਰਸ਼ਨਮਈ ਢੰਗ ਨਾਲ ਝਾਕਿਆ ਤਾਂ ਬਾਊ ਨੇ ਕਿਹਾ ”ਇਹਨੂੰ ਕਾਰ ਵਿਚ ਹੀ ਬੈਠਣ ਦੇਓ।”
ਪਰਤਾਪੀ ਪਹਿਲਾਂ ਪਾਣੀ ਦੇ ਦੋ ਗਲਾਸ ਲਿਆਈ ਤੇ ਫਿਰ ਤਿੰਨ ਗਲਾਸ ਚਾਹ ਦੇ ਤੇ ਇਕ ਗਲਾਸ ਪਾਣੀ ਦਾ।”
ਬਾਊ ਚਾਹ ਦੇਣ ਮਗਰੋਂ, ਫੌਜੀ ਦਲੀਪ ਸਿੰਘ ਡਰਾਈਵਰ ਨੂੰ ਪਾਣੀ ਤੇ ਚਾਹ ਦੇ ਗਲਾਸ ਦੇ ਕੇ ਮੁੜ ਆਇਆ।
ਬਾਊ ਨੂੰ ਚਾਹ ਦੇ ਘੁੱਟ ਪੁਣ-ਪੁਣ ਕੇ ਪੀਣ ਦਾ ਯਤਨ ਕਰ ਰਿਹਾ ਸੀ, ਫ਼ੌਜੀ ਨੇ ਮਹਿਸੂਸ ਕੀਤਾ। ਚਾਹ ਦੇ ਘੁੱਟ ਉਸ ਨੇ ਅੰਦਰ ਔਖੇ ਲੰਘਾਦਿਆਂ ਗੱਲ ਤੋਰੀ-
”ਸੰਧੂ ਸਾਹਿਬ, ਆਪਣੇ ਚੰਗੇ ਦੋਸਤ ਨੇ।” ਫ਼ੌਜੀ ਦਾ ਚਿਹਰਾ ਪਭਾਵ ਮੁਕਤ ਸੀ ਤੇ ਉਸ ਨੇ ਕਿਸੇ ਤਰ੍ਹਾਂ ਦੀ ਵੀ ਹਾਮੀ ਨਾ ਭਰੀ।
ਫ਼ੌਜੀ ਦਲੀਪ ਸਿੰਘ ਦਾ ਘਰ ਪਿੰਡ ਦੀ ਫਿਰਨੀ ਦੇ ਸੱਜੇ ਪਾਸੇ ਵਸੇ ਵਿਹੜੇ ਵਿਚ ਸੀ। ਰਾਮਦਾਸੀਏ ਉਥੇ ਰਹਿੰਦੇ ਸਨ। ਫਿਰਨੀ ਦੇ ਦੂਜੇ ਪਾਸੇ ਮਜ਼੍ਹਬੀ ਸਿੱਖਾਂ ਦੇ ਘਰ ਸਨ। ਇਹ ਰਾਮਾਦਸੀਏ ਚਮੜੇ ਦਾ ਕੰਮ ਨਹੀਂ ਕਰਦੇ ਸਨ ਸਗੋਂ ਦਰੀਆਂ, ਖੇਸ, ਖਦਰ ਆਦਿ ਬੁਣਦੇ, ਭਾਵ ਜੁਲਾਹਿਆਂ ਦਾ ਕੰਮ ਕਰਦੇ। ਉਂਝ ਇਸ ਲਈ ਇਸ ਵਿਹੜੇ ‘ਚ ਰਹਿਣ ਵਾਲੇ ਰਾਮਦਾਸੀਏ ਚੰਮ ਦਾ ਕੰਮ ਵਾਲੇ ਰਾਮਦਾਸੀਆਂ ਤੋਂ ਆਪਣੇ ਆਪ ਨੂੰ ਉਚਾ ਤੇ ਅਲੱਗ ਸਮਝਦੇ ਸਨ ਤੇ ਛੇਤੀ-ਛੇਤੀ ਇਹ ਚੰਮ ਦਾ ਕੰਮ ਕਰਨ ਵਾਲੇ ਦੂਜੇ ਰਾਮਦਾਸੀਆਂ ਨਾਲ ਰਿਸ਼ਤੇ ਜੋੜਨ ਤੋਂ ਵੀ ਕਤਰਾਉਂਦੇ ਸਨ।
ਇਨ੍ਹਾਂ ਨੂੰ ਆਪਣੇ ਆਪ ‘ਤੇ ਮਾਣ ਸੀ ਕਿ ਉਹ ‘ਰੰਘਰੇਟੇ ਗੁਰੂ ਕੇ ਬੇਟੇ’ ਦੀ ਵੰਸ਼ ਵਿਚੋਂ ਹਨ। ਬਾਉ ਦੇ ਗਲ੍ਹੇ ਵਿਚ ਚਾਹ ਦੇ ਘੁੱਟ ਔਖੇ ਉਤਰ ਰਹੇ ਸਨ। ਅਜਿਹਾ ਹੋਣ ਦਾ ਕਾਰਣ ਸੀ ਕਿ ਉਸ ਨੂੰ ਰਾਮਦਾਸੀਆਂ ਦੇ ਘਰ ਦੀ ਚਾਹ ਪੀਣੀ ਪੈ ਰਹੀ ਸੀ।
ਅਜੇ ਸ਼ਹਿਰੀ ਬਾਊ ਤੇ ਫੌਜੀ ਚਾਹ ਪੀ ਹੀ ਰਹੇ ਸਨ ਕਿ ਇਕ ਹੋਰ ਕਾਰ ਦੇ ਰੁਕਣ ਦੀ ਆਵਾਜ਼ ਆਈ ਤੇ ਸ਼ਹਿਰੀ ਬਾਊ ਦਾ ਚਿਹਰਾ ਖਿੜ ਗਿਆ। ਈ.ਟੀ.ਓ. ਸਾਹਿਬ ਆ ਗਏ ਸਨ ਤੇ ਬਾਊ ਦੇ ਆਉਣ ਦਾ ਮਿਸ਼ਨ ਅੱਧ ਤੋਂ ਵੱਧ ਹਲ ਹੋ ਗਿਆ ਸੀ। ਈ.ਟੀ.ਓ. ਫੌਜੀ ਪਿਤਾ ਦੇ ਸਾਹਮਣੇ ਥੋੜ੍ਹਾ ਜਿਹਾ ਝੁਕਿਆ, ‘ਸਾਸ ਸ਼੍ਰੀ ਅਕਾਲ’ ਬੁਲਾ ਉਹ ਬਾਊ ਵੱਲ ਮੁੜਿਆ। ਨੂੰਹ ਨੇ ਪੈਰੀ ਪੈਣਾਂ ਕੋਈ ਜ਼ਰੂਰੀ ਨਹੀਂ ਸਮਝਿਆ ਤੇ ਸਤਿ ਸ਼੍ਰੀ ਅਕਾਲ ਨਾਲ ਹੀ ਕੰਮ ਸਾਰ ਲਿਆ ਸੀ। ਫ਼ੌਜੀ ਨੇ ਪੋਤੀ ਦਾ ਸਿਰ ਪਲੋਸਿਆ।
”ਹਾਂ ਜੀ, ਸੇਠ ਸਾਹਿਬ। ਅੱਜ ਕਿਵੇਂ ਆਉਣਾ ਹੋਇਆ?”
”ਮੈਂ ਸੋਚਿਆ, ਥੋੜ੍ਹਾ ਜਿਹਾ ਖੇਤਾਂ ਦੀ ਸ਼ੁੱਧ ਹਵਾ ਹੀ ਖਾ ਆਈਏ। ਸਾਡੇ ਸ਼ਹਿਰਾਂ ਵਿਚ ਤਾਂ ਪੋਲੀਊਸ਼ਨ ਦੀ ਘੁਟਨ ਜਿਹੀ ਰਹਿੰਦੀ ਹੈ,” ਬਾਊ ਨੇ ਥੋੜ੍ਹਾ ਖੁੱਲ੍ਹਣ ਦਾ ਯਤਨ ਕੀਤਾ ਤੇ ਗਰਦਨ ਘੁਮਾ ਕੇ ਤੱਕਿਆ, ਉਥੇ ਨਾ ਕੋਈ ਕੂਲਰ ਸੀ ਤੇ ਨਾ ਹੀ ਕੋਈ ਏ.ਸੀ.।
ਤੁਹਾਡੇ ਕੋਲ ਕਿਸ ਚੀਜ਼ ਦੀ ਘਾਟ ਏ। ਇਕ ਫਰਮ ਹਾਊਸ ਪਿੰਡ ਵਿਚ ਵੀ ਬਣਾ ਲਓ। ਰੀਲੈਕਸ ਹੋਣ ਲਈ ਆ ਗਏ, ਕਦੇ-ਕਦੇ।”
”ਜਿਨ੍ਹਾਂ ਦੇ ਕਰਮਾਂ ‘ਚ ਨਰਕ ਭੋਗਣੇ ਲਿਖੇ ਹੋਣ, ਉਨ੍ਹਾਂ ਨੂੰ ਸੁਰਗ ਕਿਥੋਂ ਭਾਉਂਦੇ ਨੇ? ਅਸੀਂ ਲੋਕ ਤਾਂ ਏਸੀਆਂ ‘ਚ ਜੰਮੇ ਹਾਂ ਤੇ ਏਸੀਆਂ ‘ਚ ਮਰ ਜਾਣੈ।”
”… ਫਾਰਮ ਹਾਊਸ ਵਾਲਾ ਨਰਕ ਸਾਡੇ ਵਰਗਿਆਂ ਲਈ ਉਸਾਰ ਦਿਓ,” ਈ.ਟੀ.ਓ. ਹੱਸਿਆ।
”ਹੁਕਮ ਕਰੋ! ਸ਼ਹਿਰ ਜਿਨ੍ਹਾਂ ਦੇ ਰਹੀਏ, ਹਾਂ ਜੀ ਹਾਂ ਜੀ ਕਹੀਏ। ਲੈ ਦਿਓ ਚਾਰ ਪੰਜ ਕਿਲੇ ਜ਼ਮੀਨ, ਫਾਰਮ ਹਾਊਸ ਬਣਾਉਣ ‘ਚ ਕਿਹਾੜਾ ਟੈਮ ਲੱਗਣੈ। ਚਾਬੀਆਂ ਥੋਡੇ ਕੋਲ ਰਹਿਣਗੀਆਂ।” ਬਾਊ ਨੂੰ ਲੱਗਿਆ ਉਸ ਦਾ ਮਿਸ਼ਨ ਸੌ ਫੀਸਦੀ ਪੂਰਾ ਹੋ ਰਿਹਾ ਸੀ। ਹੁਣ ਉਸ ਨੂੰ ਰਾਮਦਾਸੀਆਂ ਦੀ ਪੀਤੀ ਚਾਹ ਦੇ ਬੱਤ ਨਹੀਂ ਸਨ ਆ ਰਹੇ।
ਫ਼ੌਜੀ ਉਠ ਕੇ ਪਹਿਲਾਂ ਹੀ ਚਲਾ ਗਿਆ ਸੀ। ਈ.ਟੀ.ਓ. ਤੇ ਸ਼ਹਿਰੀ ਬਾਊ ਕਦੇ ਖ਼ੁਲ੍ਹ ਕੇ ਗੱਲਾਂ ਕਰਦੇ, ਕਦੇ ਉਚੀ-ਉਚੀ ਹੱਸਦੇ ਤੇ ਕਦੀ ਹੌਲੀ-ਹੌਲੀ ਗੁਟਰਗੂੰ ਕਰਦੇ। ਈ.ਟੀ.ਓ. ਨੇ ਆਪਣੇ ਡਰਾਈਵਰ ਤੋਂ ਕਾਰ ਵਿਚੋਂ ਸਕਾੱਚ ਦੀ ਬੋਤਲ ਮੰਗਵਾ ਲਈ ਸੀ। ਸੋਢੇ ਤੇ ਫਰਿੱਜ਼ ਵਾਲੀ ਬਰਫ ਦੀ ਪੇਟੀ ਵੀ ਨਾਲ ਹੀ ਸੀ। ਦੋਹਾਂ ਨੇ ਇਕ ਇਕ ਪੈਗ ਲਾਇਆ ਤੇ ਬਾਊ ਤੇ ਈ.ਟੀ.ਓ. ਵਧੇਰੇ ਖੁੱਲ੍ਹ ਗਏ। ਸ਼ਹਿਰੀ ਬਾਊ ਨੇ ਇਕ ਬੰਡਲ ਮੇਜ਼ ‘ਤੇ ਰੱਖਦੇ ਹੋਏ ਕਿਹਾ-”ਇਹ ਥੋੜ੍ਹੀ ਜਿਹੀ ਇਕ ਰੁਪਏ ਦੀ ਸੇਵਾ, ਕਬੂਲ ਫੁਰਮਾਓ।”
ਈ.ਟੀ.ਓ. ਨੇ ਕਿਹਾ ”ਇਥੇ ਆ ਕੇ ਚੁਆਨੀ ਮਾਰ ਲਈ। ਬੜੇ ਚੁਸਤ ਹੁੋ।” ਚੁਆਨੀ ਤੋਂ ਭਾਵ ਪੰਝੀ ਹਜ਼ਾਰ ਰੁਪਏ ਸੀ ਤੇ ਇਕ ਰੁਪਿਆ ਦਾ ਮਤਲਬ ਇਕ ਲੱਖ ਰੁਪਿਆ।
ਬਾਊ ਮੁਸਕਰਾਇਆ ਤੇ ਈ.ਟੀ.ਓ. ਨੇ ਦੂਜਾ ਪੈਗ ਗਲਾਸਾਂ ‘ਚ ਪਾ ਦਿੱਤਾ ਸੀ। ਬਾਊ ਨੇ ਝੁਕ ਕੇ ਕਿਹਾ ”ਜੇ ਗੁਸਤਾਖ਼ੀ ਨਾ ਮੰਨੋ ਤਾਂ ਕੀ ਮੈਂ ਤੁਹਾਡਾ ਗਲਾਸ ਨਾਲ ਲੈ ਜਾ ਸਕਦਾਂ? ਕਾਰ ਵਿਚ ਹੀ ਮੌਜ-ਮਸਤੀ ਕਰਦਾ ਜਾਊਂ ਤੇ ਨਾਲੇ ਤੁਹਾਡੇ ਗੁਣ ਗਾਉਂਦਾ ਜਾਊਂ। … ਮੈਂ ਇਕ ਵਿਆਹ ‘ਤੇ ਜਾਣੈ।”
”ਜਿਵੇਂ ਤੁਹਾਡੀ ਮਰਜ਼ੀ,” ਈ.ਟੀ.ਓ. ਨੇ ਕਿਹਾ। ਦੋਹਾਂ ਨੇ ਹੱਥ ਮਿਲਾਏ। ਈ.ਟੀ.ਓ. ਬਰਾਂਡੇ ਤੱਕ ਉਹ ਨੂੰ ਛੱਡਣ ਆਇਆ। ਸ਼ਹਿਰੀ-ਬਾਊ ਸਕਾਚ ਦਾ ਗਲਾਸ ਲੈ ਆਪਣੀ ਕਾਰ ਵਿਚ ਜਾ ਬੈਠਾ। ਕਾਰ ਜਦੋਂ ਪਿੰਡ ਦੀ ਫਿਰਨੀ ਤੋਂ ਬਾਹਰ ਨਿਕਲੀ ਤਾਂ ਸ਼ਹਿਰੀ ਬਾਊ ਨੇ ਆਪਣੇ ਆਪ ‘ਚ ਕਿਹਾ ”ਸਾਲਾ ਭੁੱਖਾ ਚ… ਮਾ…। ਸਾਡੇ ਕੋਲ ਆਵੇ ਤਾਂ ਕਾਜੂ, ਬਦਾਮ, ਚਿਕਨ ਦੀ ਫਰਮਾਇਸ਼ ਕਰੂ। … ਤੇ ਇੱਥੇ ਸੁੱਕੀ ਦਾਰੂ…। ਚਿੱਟਾ ਕੁਕੜ ਵੀ ਨਹੀਂ ਸਰ ਹੋਇਆ।” ਚਿੱਟਾ ਕੁਕੜ ਤੋਂ ਭਾਵ ਨਮਕ ਸੀ।
ਬਾਊ ਨੇ ਦੁਕਾਨ ਤੋਂ ਆਲੂਆਂ ਦੇ ਚਿਪਸ ਦਾ ਪੈਕ ਡਰਾਈਵਰ ਤੋਂ ਕਾਰ ਵਿਚ ਬੈਠਿਆਂ ਹੀ ਮੰਗਵਾ ਲਿਆ ਤੇ ਸਕਾਚ ਨਾਲ ਆਲੂਆਂ ਤੋਂ ਚਿਪਸ ਦਾ ਸੁਆਦ ਲੈਣਾ ਸ਼ੁਰੂ ਕਰ ਦਿੱਤਾ।
ਸ਼ਹਿਰੀ ਬਾਊ ਨੇ ਜਾਣ ਮਗਰੋਂ ਪ੍ਰੋਫੈਸਰ-ਪਤਨੀ ਅੰਦਰ ਆਈ ਤੇ ਈ.ਟੀ.ਓ. ਨੇ ਪੈਕਟ ਉਸ ਨੂੰ ਫੜਾਂਦਿਆਂ ਕਿਹਾ-”ਸਾਂਭ… ਅੱਧੇ ਸਾਂਭ ਕੇ ਰੱਖ ਦੇਈਂ ਤੇ ਅੱਧੇ ਦੀ ਮਨਪਸੰਦ ਜਿਊਲਰੀ ਲੈ ਲਵੀਂ।”
ਪ੍ਰੋਫੈਸਰ-ਪਤਨੀ ਮੁਸਕਰਾਈ ਤੇ ਪੈਕਟ ਨੂੰ ਆਪਣੇ ਪਰਸ ਵਿਚ ਹੀ ਰੱਖ ਲਿਆ। ਉਸ ਨੇ ਵੇਖ ਲਿਆ ਸੀ ਕਿ ਹਜ਼ਾਰ-ਹਜ਼ਾਰ ਦੇ ਲਾਲ ਨੋਟਾਂ ਦਾ ਪੈਕਟ ਸੀ।
ਫ਼ੌਜੀ ਖਘੂੰਰਾ ਮਾਰ ਕੇ ਅੰਦਰ ਆਇਆ ਤਾਂ ਈ.ਟੀ.ਓ. ਨੇ ਪੁੱਛਿਆ, ”ਬਾਈ, ਘੁੱਟ ਲਾਏਂਗਾ?”
ਫ਼ੌਜੀ ਦੀ ਹਾਂ ਨਾ ਤੋਂ ਪਹਿਲਾਂ ਹੀ ਗਲਾਸ ਮੰਗਾ ਕੇ ਸਕਾਚ ਦਾ ਮੋਟਾ ਪੈਗ ਪਾ, ਪਾਣੀ ਤੇ ਸੋਢਾ ਰਲਾ, ਕਿਹਾ
”ਚਲ ਬਾਈ, ਐਸ਼ ਕਰ ਸਾਡੇ ਸਿਰ ‘ਤੇ।”
ਫ਼ੌਜੀ ਕੁਝ ਮੁਸਕਰਾਇਆ ਤੇ ਗਲਾਸ ਫੜ੍ਹ ਲਿਆ। ਥੋੜ੍ਹੀ ਦੇਰ ਬਾਅਦ ਪਰਤਾਪੀ ਅੰਦਰ ਆਈ। ਚਿਹਰਾ ਵਟਿਆ ਹੋਇਆ। ਈ.ਟੀ.ਓ. ਨੇ ਕਿਹਾ-
”ਬੇਬੇ, ਸੁਖ ਤਾਂ ਹੈ? ਆਹ ਫੜ ਪੰਜ ਸੌ ਦਾ ਨੋਟ, ਸੂਟ ਸਵਾ ਲਵੀਂ। ਤੂੰ ਵੀ ਕੀ ਯਾਦ ਰੱਖੇਂਗੀ?”
”ਨਾਂਹ ਭਈ, ਆਪਣੇ ਕੋਲ ਰੱਖ। ਫ਼ੌਜੀ ਦੇ ਦਿੱਤੇ ਬਥੇਰੇ ਨੇ,” ਪਰਤਾਪੀ ਦੀ ਆਵਾਜ਼ ‘ਚ ਕੋਈ ਲੁਕਵਾਂ ਹੇਰਵਾ ਸੀ।
”ਕੀ ਗੱਲ? ਸਾਡੇ ਆਉਣ ਤੇ ਖੁਸ਼ ਨਹੀਂ ਹੋਈ? ਚਲੇ ਜਾਣੇ ਆਂ ਬੇਬੇ?”
”… ਮੈਂ ਜਾਣ ਲਈ ਨਹੀਂ ਕਹਿੰਦੀ।… ਪਰ ਇਕ ਗੱਲ ਚੰਗੀ ਨਹੀਂ ਕੀਤੀ, ਜੀਤੇ ਤੂੰ?”
”… ਮੈਂ … ਮੈਂ? ਕਿਹੜੀ ਗੱਲ ਮੈਂ ਚੰਗੀ ਨਹੀਂ ਕੀਤੀ? ਮੈਂ ਤਾਂ ਹੁਣੇ ਆਇਆਂ। ਮੈਂ ਕਿਹੜੀ ਡਾਂਗ ਮਾਰ ਤੀ?”
”ਜੀਤੇ ਤੂੰ ਡਾਂਗ ਮਾਰ ਦਿੰਦਾ ਤਾਂ ਸਹਿ ਹੋ ਜਾਣਾ ਸੀ, ਪਰ…?”
”ਪਰ… ਪਰ… ਕੀ?” ਫ਼ੌਜੀ ਦੇ ਹੱਥ ਵਿਚ ਅੱਧਾ ਪੈਗ ਫੜ੍ਹਿਆ ਰਹਿ ਗਿਆ, ਅੱਧਾ ਉਹ ਪਹਿਲਾਂ ਪੀ ਚੁੱਕਾ ਸੀ। ਉਸ ਨੂੰ ਵੀ ਸਮਝ ਨਾ ਆਈ ਕਿ ਪਰਤਾਪੀ ਕੀ ਕਹਿਣਾ ਚਾਹੁੰਦੀ ਹੈ। ਉਸ ਦੇ ਸਾਹਮਣੇ ਹੀ ਈ.ਟੀ.ਓ. ਪੁੱਤਰ ਆਇਆ ਸੀ ਤੇ ਉਸ ਦੇ ਮੂੰਹੋਂ ਕੋਈ ਅਜਿਹੀ ਗੱਲ ਤਾਂ ਨਹੀਂ ਸੀ ਨਿਕਲੀ ਜਿਹੜੀ ਕਾਲੇ ਨਾਗ ਵਾਂਗ ਪਰਤਾਪੀ ਨੂੰ ਲੜ ਗਈ ਸੀ ਤੇ ਪਰਤਾਪੀ ਨੀਲੀ ਪੀਲੀ ਹੁੰਦੀ ਜਾ ਰਹੀ ਸੀ।
ਫ਼ੌਜੀ ਦੇ ਦਿਮਾਗ ਵਿਚ ਪਿਛਲੀ ਜ਼ਿੰਦਗੀ ਦੀ ਕਹਾਣੀ ਫਿਲਮ ਦੀ ਰੀਲ ਵਾਂਗ ਚੱਲਣ ਲੱਗੀ। ਸੈਂਤੀ ਸਾਲ ਪਹਿਲਾਂ ਉਹ ਪਰਤਾਪੀ ਨੂੰ ਜਦੋਂ ਵਿਆਹ ਕੇ ਲਿਆਇਆ ਤਾਂ ਲੋਕੀਂ ਆਖਦੇ ”ਪਰਤਾਪੀ ਨੇ ਚੰਨ ਨੂੰ ਮਾਤ ਪਾ ਦਿੱਤੈ। ਉਸ ਦੇ ਹੁਸਨ ਨੇ ਸਾਰੇ ਪਿੰਡ ‘ਚ ਚਾਨਣ ਕਰ ਦਿੱਤੈ।” ਸਾਰਾ ਪਿੰਡ ਪਰਤਾਪੀ ਦਾ ਮੁਖੜਾ ਵੇਖਣ ਲਈ ਤਰਲੋ ਮੱਛੀ ਹੋ ਗਿਆ ਸੀ। ਕੀ ਤੀਵੀਆਂ, ਕੀ ਮਰਦ, ਕੀ ਮੁੱਛ ਫੁਟ ਗੱਭਰੂ, ਕੀ ਅਧਖੜ, ਬੁੱਢੇ-ਬੁੱਢੀਆਂ, ਬਾਲ-ਗੋਪਾਲ ਵੀ। ਪਰਤਾਪੀ ਦੇ ਹੁਸਨ ਦੇ ਚਰਚੇ ਹਰ ਜ਼ੁਬਾਨ ਪਰ…। ਪਹਿਲੇ ਪੰਦਰਾਂ ਦਿਨ ਤਾਂ ਉਸ ਨੇ ਚੰਨ ਨੂੰ ਘੁੰਡ ‘ਚ ਹੀ ਲੁਕੋਈ ਰੱਖਿਆ। ਚੰਨ ਨੂੰ ਖੁੱਲ੍ਹ ਕੇ ਬਸ ਫ਼ੌਜੀ ਹੀ ਦੇਖ ਸਕਦਾ ਤੇ ਉਹ ਵੀ ਰਾਤ ਦੇ ਸਮੇਂ, ਦਿਨ ਨੂੰ ਤਾਂ ਉਹ ਵੀ ਤਰਸਦਾ ਰਹਿੰਦਾ। ਪਰਤਾਪੀ ਦੇ ਦਿਓਰ, ਪਰਤਾਪੀ ਦਾ ਜੇਠ, ਉਸ ਦਾ ਆਪਣਾ ਸਹੁਰਾ, ਆਂਢ-ਗੁਆਂਢ ਦੇ ਦੂਰੋਂ ਲੱਗਦੇ ਪਿੱਤਰੋਰੇ ਸਭ ਨੂੰ ਕੰਨਸੋਅ ਮਿਲ ਗਈ ਸੀ ਕਿ ਪਿੰਡ ‘ਚ ਫੌਜੀ ਦਲੀਪ ਚੰਨ ਦਾ ਟੁਕੜਾ ਵਿਆਹ ਲਿਆਇਆ ਏ ਸਾਬਤ ਸੂਰਤ ਚੰਦ। … ਫ਼ੌਜੀ ਨੂੰ ਪਹਿਲੀ ਰਾਤ ਹੀ ਪਰਤਾਪੀ ਨੇ ਆਪਣੀ ਜੁਆਨੀ ਦੀ ਸਾਰੀ ਪੈਂਤੀ ਬਿਨਾਂ ਸੰਗ ਦੇ ਸੁਣਾ ਦਿੱਤੀ ਸੀ ਜਦੋਂ ਫ਼ੌਜੀ ਨੇ ਕਿਹਾ ਸੀ-‘ਪਰਤਾਪੀਏ ਇੰਨੇ ਹੁਸਨ ਦੀ ਦੌਲਤ ਨਾਲ ਤੂੰ ਮੈਨੂੰ ਮਾਲਾ ਮਾਲ ਕਰ ਦਿੱਤੈ। ਪਰ ਇਸ ਨੂੰ ਸਾਂਭ ਕੇ ਕਿਵੇਂ ਰੱਖੇਂਗੀ? ਆਪਣੇ ਵੀ ਤੇ ਬਿਗਾਨੇ ਵੀ ਵੈਰੀ ਬਣ ਸਕਦੇ ਨੇ। ਫ਼ੌਜੀ ਨੂੰ ਤਾਂ ਸਾਲ ‘ਚ ਵੱਧ ਤੋਂ ਵੱਧ ਦੋ ਵਾਰ ਛੁੱਟੀ ਮਿਲਦੀ ਏ। ਵੇਖੀਂ ਕਿਤੇ ਫ਼ੌਜੀ ਦਲੀਪ ਸਿੰਘ ਨੂੰ ਲੋਕੀਂ ਤਾਨ੍ਹੇ ਨਾ ਮਾਰਨ, ਝੇਡਾਂ ਨਾ ਕਰਨ।’
ਪੌਣੇ ਛੇ ਫੁੱਟੀ ਪਰਤਾਪੀ ਇਕ ਸੁਰਾਹੀ ਵਾਂਗ ਉਸ ਦੇ ਸਾਹਮਣੇ ਬੈਠੀ ਸੀ ਤੇ ਫ਼ੌਜੀ ਉਸ ਦੇ ਹੁਸਨ ਦੀ ਪਹਿਲੇ ਤੋੜ ਦੀ ਘਰ ਦੀ ਕੱਢੀ ਦਾਰੂ ਗਟਾਗਟ ਪੀਣ ਲਈ ਬੜਾ ਕਾਹਲਾ ਪੈ ਰਿਹਾ ਸੀ। ਪਰਤਾਪੀ ਨੇ ਸਹਿਜ ਹੁੰਦੇ ਕਿਹਾ ਸੀ -”ਮੇਰੇ ਫ਼ੌਜੀ ਹਾਣੀਆਂ! ਤੇਰੇ ਲਈ ਮੈਂ ਅੱਜ ਤੱਕ ਆਪਣੇ ਆਪ ਨੂੰ ਸਾਂਭ-ਸਾਂਭ ਰੱਖਿਐ… ਪਰਤਾਪੀ ਤੇਰੀ ਅਮਾਨਤ ਰਹੂ…। … ਜਿੱਥੇ ਮਰਜ਼ੀ ਜਾ…। … ਤੇਰੀ ਪਰਤਾਪੀ ਤੇ ਨਾ ਕਿਸੇ ਦਾ ਪਰਛਾਵਾਂ ਪਹਿਲਾਂ ਪਿਐ ਤੇ ਨਾ ਹੀ ਕਿਸੇ ਹੋਰ ਦਾ ਪਊਗਾ, ਇਹ ਪੱਥਰ ‘ਤੇ ਲੀਕ ਸਮਝ। ਮੇਰੇ ਪੇਕੇ ਪਿੰਡ ਵਿਚ ਵੀ ਮੇਰੀ ਜਵਾਨੀ ਤੇ ਹੁਸਨ ਦੇ ਕਈ ਦੁਸ਼ਮਣ ਸਨ। ਬਾਪੂ ਜਿੱਥੇ ਸੀਰੀ ਸੀ, ਉਸ ਜ਼ਿੰਮੀਂਦਾਰ ਦੇ ਮੁੰਡੇ ਨੇ ਆਪਣੇ ਵਲੋਂ ਪੂਰੀ ਵਾਹ ਲਾਈ, ਪਰ ਮੈਂ ਟਸ ਤੋਂ ਮਸ ਨਾ ਹੋਈ। ਪਿੰਡ ਦੇ ਹੋਰ ਸਿਰਫਿਰੇ ਵੀ ਸਾਡੀ ਬੀਹੀ ‘ਚ ਚੱਕਰ ਮਾਰਨੋਂ ਨਾ ਹਟਣ। ਬਾਪੂ ਮੇਰੇ ਨੂੰ ਫਿਕਰ ਹੋ ਗਿਆ। ਇਕ ਦਿਨ ਅੰਦਰ ਵੜ ਕੇ ਉਸ ਮੈਨੂੰ ਸਮਝਾਇਆ ਤੇ ਝੋਲੀ ਅੱਗੇ ਕਰਤੀ ”ਪਰਤਾਪੀ ਪੁੱਤ। ਮੈਂ ਜਾਣਦਾਂ, ਤੂੰ ਗੰਗਾ ਤੋਂ ਵੱਧ ਪਵਿੱਤਰ ਏਂ। ਸੋਹਰੀ ਦਾ ਜਮਾਨਾ ਤੇ ਲੋਕੀਂ ਟਿਕਣ ਨਹੀਂ ਦਿੰਦੇ। ਮੈਂ ਤੈਥੋਂ ਭੀਖ ਮੰਗਦਾਂ, ਮੇਰੀ ਪੱਗ ਨੂੰ ਵੱਟਾ ਨਾ ਲਾ ਦੇਈਂ, ਪੁੱਤ! ਮੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ।” ਤੇ ਬਾਪੂ ਰੋ ਪਿਆ ਸੀ। ਅਸਲ ਵਿਚ ਮੇਰੀ ਮਾਂ ਉਦੋਂ ਮਰ ਗਈ ਸੀ ਜਦੋਂ ਮੈਂ ਸਤ ਸਾਲ ਦੀ ਸੀ। ਘਰ ਵਿਚ ਸਭ ਤੋਂ ਛੋਟੀ, ਦੋ ਭਰਾ ਤੇ ਇਕ ਭੈਣ। ਬਾਪੂ ਨੇ ਦੂਜੇ ਵਿਆਹ ਬਾਰੇ ਸੋਚਿਆ ਤੱਕ ਨਾ। ਇਸ ਗੱਲ ਦਾ ਸਾਨੂੰ ਮਾਣ ਸੀ। ਭੈਣ ਬਾਪੂ ਨੇ ਛੇਤੀ ਬਿਆਤੀ ਸੀ -ਸੌਲ੍ਹਾ ਸਾਲ ਦੀ ਉਮਰ ਵਿਚ। ਮੈਂ ਬਾਪੂ ਨੂੰ ਵਚਨ ਦਿੱਤਾ ਸੀ। ”ਬਾਪੂ, ਮੈਨੂੰ ਮੇਰੀ ਮਰੀ ਮਾਂ ਦੀ ਸੌਂਹ ਲੱਗੇ ਜੇ ਤੇਰੀ ਪੱਗ ਨੂੰ ਵੱਟਾ ਲਾਵਾਂ… ਤੂੰ ਮੈਥੋਂ ਸੁਰਖਰੂ ਰਹਿ। ਪਰਤਾਪੀ ਮਰ ਜਾਊ, ਆਪਣੇ ਬਚਨ ਤੋਂ ਨਹੀਂ ਮੁੜਦੀ।” ਇਹ ਆਖ ਮੈਂ ਬਾਪੂ ਦੀ ਪੱਗ ਚੁੰਮ ਲਈ ਸੀ। ਇਸ ਮਗਰੋਂ ਮੇਰੇ ਜੀਜੇ ਨੇ ਬੜੇ ਡੋਰੇ ਪਾਏ ਮੇਰੇ ਤੇ ਪਰ ਮੈਂ ਅਜਿਹਾ ਤਾੜਿਆ ਕਿ ਫਿਰ ਭੈਣ-ਭੈਣ ਕਰਦਾ ਫਿਰੇ। ਆਖੇ, ਮੈਂ ਤਾਂ ਐਵੇਂ ਮਜ਼ਾਕ ਕੀਤਾ ਸੀ। ਆਹ ਕੰਨ ਫੜੇ, ਭੈਣ ਨੂੰ ਨਾ ਦੱਸੀਂ, ਕੋਈ ਗੱਲ। ਅੱਗੇ ਤੋਂ ਤੈਥੋਂ ਰੱਖੜੀ ਬੰਨਾਇਆ ਕਰੂੰ…।”
ਫ਼ੌਜੀ ਜਦੋਂ ਛੁੱਟੀ ਆਉਂਦਾ ਤਾਂ ਪਰਤਾਪੀ ਪਿਛੋਂ ਘਟੀਆਂ ਸਾਰੀਆਂ ਗੱਲਾਂ ਉਸ ਨੂੰ ਬਿਨਾਂ ਲਾਗ ਲਪੇਟ ਦੇ ਸੁਣਾਉਂਦੀ ਕਿ ਕਿਵੇਂ ਉਹਨੇ ਉਹਦੇ ਛੋਟੇ ਵੀਰ ਨੂੰ ਸਬਕ ਪੜ੍ਹਾਇਆ। ਜੇਠ ਦੀ ਜੂਠ ਬਣਨ ਤੋਂ ਇਨਕਾਰੀ ਹੋਈ। ਵਿਹੜੇ ਦੇ ਦੂਰ ਨੇੜੇ ਦੇ ਸਾਕ ਸਬੰਧੀਆਂ ਨੇ ਪੂਰੀ ਵਾਹ ਲਾਉਣੀ ਕਿ ਕਿਵੇਂ ਪਰਤਾਪੀ ਉਨ੍ਹਾਂ ਦੇ ਅੜਿਕੇ ਚੜ੍ਹ ਜੇ…। ਪਰ ਪਰਤਾਪੀ ਆਪਣੇ ਆਪ ‘ਚ ਨਸ਼ਿਆਈ ਰਹਿੰਦੀ ਤੇ ਆਪਣੇ ਕੰਮਾਂ ‘ਚ ਮਸਤ ਰਹਿੰਦੀ। ਹਾਂ, ਸੱਸ ਦਾ ਉਸ ਨੂੰ ਬੜਾ ਆਸਰਾ ਸੀ। ਸੱਸ-ਨੂੰਹਾਂ ਦੇ ਸਾਹਮਣੇ ਨਾ ਵਿਹੜੇ ਵਾਲੇ ਕੁਸਕਦੇ ਤੇ ਨਾ ਹੀ ਪਿੰਡ ਵਾਲੇ। ਪਿੰਡ ਦੇ ਸੰਧੂ ਸਰਪੰਚ ਨੇ ਕਈ ਢੰਗਾਂ ਨਾਲ ਪਰਤਾਪੀ ਮੁਹਰੇ ਦਾਣਾ ਪਾਇਆ, ਲਾਲਚ ਵੀ ਦਿੱਤੇ ਤੇ ਡਰਾਵੇ ਵੀ। ਪਿੰਡ ‘ਚ ਕਈ ਸਾਲ ਉਹ ਗਿੱਧਿਆਂ ਦੀ ਰਾਣੀ ਦੇ ਨਾਂਅ ਨਾਲ ਜਾਣੀ ਜਾਂਦੀ ਰਹੀ। ਜਾਗੋ ਕੱਢੀ ਜਾਂਦੀ ਤਾਂ ਪਿੰਡ ਦੀਆਂ ਤੀਵੀਆਂ ਉਸ ਨੂੰ ਅੱਗੇ ਕਰਦੀਆਂ। … ਪਰ ਪਰਤਾਪੀ ਆਪਣੇ ਸਤ ‘ਤੇ ਕਾਇਮ ਰਹੀ। ਉਸ ਦੀਆਂ ਅੱਖਾਂ ਤੇ ਸੋਚਾਂ ‘ਚ ਬਸ ਫੌਜੀ ਵਸਿਆ ਰਹਿੰਦਾ। ਦੋ ਮੁੰਡੇ ਤੇ ਦੋ ਧੀਆਂ ਨੂੰ ਜਨਮ ਦੇ ਕੇ, ਪਾਲਿਆ ਪੋਸਿਆ ਤੇ ਬੰਦੇ ਬਣਾ ਕੇ ਰੱਖਿਆ। ਫ਼ੌਜੀ ਦਲੀਪ ਸਿੰਘ ਸੋਚਦਾ ਰਿਹਾ। ਦੋਹੇਂ ਧੀਆਂ ਨੂੰ ਪੜ੍ਹਾ ਲਿਖਾ, ਇਕ ਨਾਇਬ ਤਹਿਸੀਲਦਾਰ ਨੂੰ ਵਿਆਹੀ ਤੇ ਦੂਜੀ ਇਨਕਮਟੈਕਸ ਇਨਸਪੈਕਟਰ ਨੂੰ। ਵੱਡਾ ਮੁੰਡਾ ਕਾਲਜ ਵਿਚ ਫਿਲਾਸਫੀ ਦਾ ਪ੍ਰੋਫੈਸਰ ਲੱਗ ਗਿਆ ਤੇ ਛੋਟਾ ਰਣਜੀਤ ਸਿੰਘ ਈ.ਟੀ.ਓ. ਬਣ ਗਿਆ ਸੀ।
… ਤੇ ਛੋਟੇ ਡੀ.ਟੀ.ਓ. ਜੀਤੇ ਨੇ ਅੱਜ ਕਿਹੜੀ ਗੱਲ ਕਰਤੀ ਕਿ ਸ਼ਾਂਤ ਸਹਿਜ ਰਹਿਣ ਵਾਲੀ ਪਰਤਾਪੀ ਲਾਲ ਪੀਲੀ ਹੁੰਦੀ ਜਾ ਰਹੀ ਹੈ-ਠਰ੍ਹੰਮਾ ਵਿਸਾਰ ਦਿੱਤੈ ਉਸ ਨੇ ਅੱਜ-ਫ਼ੌਜੀ ਸੋਚੀਂ ਡੁਬ ਗਿਆ।
ਅਜੇ ਈ.ਟੀ.ਓ. ਮਾਂ ਤੋਂ ਲਾਲ ਪੀਲੇ ਹੋਣ ਦਾ ਕਾਰਨ ਪੁੱਛ ਹੀ ਰਿਹਾ ਸੀ ਕਿ ਉਸ ਦਾ ਵੱਡਾ ਭਰਾ ਪ੍ਰੋਫੈਸਰ ਗੁਰਮੇਲ ਸਿੰਘ ਵੀ ਉਥੇ ਆ ਪੁੱਜਾ। ਪਰ ਉਹ ਇਕੱਲਾ ਆਇਆ ਸੀ। ਉਸ ਦੇ ਬੱਚੇ ਆਪਣੀ ਮਾਂ ਨਾਲ ਨਾਨਕੇ ਚਲੇ ਗਏ ਸਨ। ਉਸ ਨੇ ਮਾਂ-ਪਿਓ ਦੋਹਾਂ ਨੂੰ ਪੈਰੀਂ ਪੈਣਾ ਕੀਤਾ।
ਪਰਤਾਪੀ ਨੇ ਵੱਡੇ ਪੁੱਤਰ ਦੇ ਆਉਣ ‘ਤੇ ਦੜ ਵੱਟ ਲਈ ਤੇ ਉਸ ਲਈ ਪਾਣੀ ਦਾ ਗਲਾਸ ਲਿਆ ਫੜਾਇਆ ਤੇ ਫਿਰ ਚਾਹ ਬਣਾ ਕੇ ਪਿਲਾਈ।
ਫ਼ੌਜੀ ਪੈਗ ਪੂਰਾ ਕਰ, ਉਠ ਕੇ ਆਪਣੇ ਕਮਰੇ ਵਿਚ ਚਲਾ ਗਿਆ।
ਦੋਹੇਂ ਭਰਾ ਬੈਠਕ ਵਿਚ ਹੀ ਬੈਠੇ ਰਹੇ। ਪ੍ਰੋਫੈਸਰ ਡਰਿੰਕ ਨਹੀਂ ਲੈਂਦਾ ਸੀ। ਇਸ ਲਈ ਈ.ਟੀ.ਓ. ਨੇ ਦੂਜਾ ਪੈਗ ਲੈਣ ਮਗਰੋਂ ਤੀਜਾ ਪੈਗ ਲੈਣਾ ਮੁਨਾਸਿਬ ਨਾ ਸਮਝਿਆ।
ਉਹ ਵੱਡੇ ਭਰਾ ਦੀ ਬਹੁਤ ਇੱਜ਼ਤ ਕਰਦਾ ਸੀ। ਇਕ ਤਾਂ ਪ੍ਰੋਫੈਸਰ ਸਭ ਤੋਂ ਵੱਡਾ ਸੀ ਤੇ ਦੂਜਾ ਆਪਣੇ ਫਰਜ਼ਾਂ ਨੂੰ ਬ-ਖੂਬੀ ਨਿਭਾਉਣ ਵਾਲਾ। ਦੋ ਭੈਣਾਂ ਵੀ ਈ.ਟੀ.ਓ. ਤੋਂ ਵੱਡੀਆਂ ਸਨ, ਪਰ ਪ੍ਰੋਫੈਸਰ ਤੋਂ ਛੋਟੀਆਂ। ਦੋਹੇਂ ਭੈਣਾਂ ਤੇ ਛੋਟੇ ਦਾ ਧਿਆਨ ਉਸ ਨੇ ਬ-ਖੂਬੀ ਰੱਖਿਆ ਤੇ ਈ.ਟੀ.ਓ. ਬਣਾਉਣ ਵਿਚ ਵੀ ਉਸ ਦਾ ਵੱਡਾ ਹੱਥ ਸੀ।
ਨਾ ਉਹ ਕੁਰਾਹੇ ਪਿਆ ਤੇ ਨਾ ਉਸ ਨੇ ਭਰਾ ਤੇ ਭੈਣਾਂ ਨੂੰ ਮਾੜੇ ਕੰਮਾਂ ‘ਚ ਪੈਣ ਦਿੱਤਾ। ਪਰ ਚਾੜ੍ਹੇ ਦੋ ਪੈਗ ਈ.ਟੀ.ਓ. ਦੇ ਦਿਮਾਗ ਨੂੰ ਚੜ੍ਹ ਗਏ ਤੇ ਉਹ ਬੇਬੇ ਦੇ ਬੇਵਜਾਹ ਲਾਲ ਪੀਲੇ ਹੋਣ ਦਾ ਕਾਰਨ ਜਾਣਨਾ ਚਾਹੁੰਦਾ ਸੀ। ਪ੍ਰੋਫੈਸਰ ਨੇ ਸਮਝਾਇਆ ”ਚਲ ਛੋਟੇ ਹੁਣ ਰਹਿਣ ਦੇ। ਰੋਟੀ ਖਾ ਲੈ, ਸਵੇਰੇ ਬੇਬੇ ਨੂੰ ਪੁੱਛ ਲਾਂਗੇ। ਰਾਤ ਨੂੰ ਕਾਹਨੂੰ ਗੁਆਂਢੀਆਂ ਨੂੰ ਸੁਣਾਉਣੈ।… ਰਾਤ ਦੀ ਬਹਿਸ ਲੰਮੀ ਤੇ ਫ਼ਜੂਲ ਵੀ ਹੁੰਦੀ ਏ ਤੇ ਗੁਆਂਢੀ ਤੇ ਸਾਕ ਸਬੰਧੀ ਆਪਣੇ ‘ਤੇ ਹੱਸਣਗੇ…।”
ਪ੍ਰੋਫੈਸਰ ਭਰਾ ਦੇ ਸਮਝਾਉਣ ‘ਤੇ ਜਵਾਰਭਾਟਾ ਕੁਝ ਸਮੇਂ ਲਈ ਸ਼ਾਂਤ ਹੋ ਗਿਆ। ਰਾਤ ਨੂੰ ਈ.ਟੀ.ਓ. ਤੇ ਪਰਤਾਪੀ ਦੋਹਾਂ ਨੂੰ ਨੀਂਦ ਮਸੀਂ ਆਈਂ।
… ਸਵੇਰੇ ਜਦੋਂ ਪਰਤਾਪੀ ਚਾਹ ਬਣਾ ਕੇ ਦੋਹਾਂ ਪੁੱਤਾਂ ਤੇ ਫ਼ੌਜੀ ਲਈ ਲਿਆਈ ਤਾਂ ਉਹ ਤਿੰਨੋਂ ਬੈਠਕ ਵਿਚ ਬੈਠੇ ਸਨ। ਈ.ਟੀ.ਓ. ਦੀ ਪਤਨੀ ਤੇ ਬੱਚੀ ਸੁੱਤੇ ਪਏ ਸਨ।
… ਚਾਹ ਦੇ ਗਲਾਸ ਦੇ ਕੇ ਜਦੋਂ ਪਰਤਾਪੀ ਮੁੜਨ ਲੱਗੀ ਤਾਂ ਈ.ਟੀ.ਓ. ਨੇ ਕਿਹਾ ”ਬੇਬੇ, ਤੂੰ ਕਿਹੜੀ ਗੱਲੋਂ ਔਖੀ ਏਂ?” ਪਰਤਾਪੀ ਨੇ ਘੂਰ ਕੇ ਵੇਖਿਆ ਤੇ ਫਿਰ ਆਪਣੇ ਲਈ ਚਾਹ ਦਾ ਗਲਾਸ ਲਿਆ, ਪ੍ਰੋਫੈਸਰ ਪੁੱਤ ਦੇ ਨੇੜੇ ਸੋਫ਼ੇ ‘ਤੇ ਬਹਿ ਗਈ। ਫ਼ੌਜੀ ਈ.ਟੀ.ਓ. ਦੇ ਨਾਲ ਵਾਲੀ ਕੁਰਸੀ ‘ਤੇ ਬੈਠਾ ਸੀ। ਪ੍ਰੋਫੈਸਰ-ਪੁੱਤਰ ਨੇ ਸਿਆਣਪ ਵਰਤੀ ਤੇ ਦੋਹੋਂ ਬੂਹੇ ਚੰਗੀ ਤਰ੍ਹਾਂ ਢੋਅ ਦਿੱਤੇ। ਮਤਲਬ ਨਾ ਸ਼ਰੀਕੇ ਵਾਲੇ ਤੇ ਨਾ ਹੀ ਈ.ਟੀ.ਓ. ਦੀ ਪਤਨੀ ਕੋਈ ਗੱਲ ਸੁਣੇ।
”… ਹੁਣ ਦੱਸ ਵੀ ਬੇਬੇ?” ਈ.ਟੀ.ਓ. ਥੋੜ੍ਹਾ ਜਿਹਾ ਔਖਾ ਹੁੰਦਾ ਬੋਲਿਆ।
”… ਮਰ ਗਈ ਤੇਰੀ ਬੇਬੇ… ਤੂੰ ਜਿਊਂਦੀ ਮਾਰ ਤੀ।”
ਪਰਤਾਪੀ ਦੀ ਦੁਖਦੀ ਰਗ ਨੂੰ ਨਾ ਫ਼ੌਜੀ ਪੜ੍ਹ ਸਕਿਆ ਤੇ ਨਾ ਹੀ ਫਿਲਾਸਫ਼ੀ ਦਾ ਪ੍ਰੋਫੈਸਰ ਪੁੱਤ ਤੇ ਨਾ ਹੀ ਈ.ਟੀ.ਓ.।
”ਬੇਬੇ ਤੂੰ ਤਾਂ ਸਾਨੂੰੂ ਹਮੇਸ਼ਾ ਠਰ੍ਹੱਮੇਂ ‘ਚ ਰਹਿਣਾ ਸਿਖਾਇਐ। ਅੱਜ ਤੈਨੂੰ ਕੀ ਹੋ ਗਿਐ? ਪ੍ਰੋਫੈਸਰ ਨੇ ਕਿਹਾ।
”ਗੁਰਮੇਲ ਪੁੱਤਰ। ਇਹਨੈ ਆਪਣੇ ਪਿਓ ਦੀ ਪੱਗ ਰੋਲ ਤੀ… ਆਪਣੇ ਨਾਨੇ ਦੀ ਪੱਗ ਨੂੰ ਵੀ ਦਾਗ ਲਾਇਐ ਤੇ ਮੈਨੂੰ ਕਿਸੇ ਥਾਈਂ ਮੂੰਹ ਦਿਖਾਉਣ ਜੋਗੀ ਨਹੀਂ ਛੱਡਿਆ।”
”ਕੁਝ ਦਸੇਂਗੀ ਵੀ… ਕਿ ਐਵੇਂ ਬੁਝਰਤਾਂ ਈ ਪਾਈ ਜਾਏਂਗੀ।” ਈ.ਟੀ.ਓ. ਪੁੱਤ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਸੀ।
”ਕੱਲ੍ਹ ਉਹ ਸ਼ਹਿਰੀ ਲਾਲੇ ਨੇ ਜਦੋਂ ਮੈਨੂੰ ਪੁੱਛਿਆ ਕਿ ਰਣਜੀਤ ਸਿੰਘ ਸੰਧੂ ਦਾ ਘਰ ਕਿਹੜੈ, ਮੇਰੇ ਤਾਂ ਸਤੀਂ ਕੱਪੜੀਂ ਅੱਗ ਲੱਗ ਗੀ। ਮੈਨੂੰ ਮੇਰੇ ਜੀਤੇ ਨੇ ਕੁਲੱਛਣੀ ਬਣਾ ਤਾ… ਪਿੰਡ ਦੇ ਲੋਕੀਂ ਹੁਣ ਮੈਨੂੰ ਚਗਲ, ਜੂਠ ਆਖਣਗੇ… ਧੌਲੇ ਝਾਟੇ… ਇਹ ਤੁਹਮਤਾਂ ਮੈਨੂੰ ਸੁਣਨ ਨੂੰ ਮਿਲਣਗੀਆਂ। ਜੀਤੇ ਇਕ ਗੱਲ ਸੁਣ ਲੈ, ਤੂੰ ਆਪਣੇ ਫ਼ੌਜੀ ਦਾ ਤੁਖ਼ਮ ਐਂ… ਕਿਸੇ ਸੰਧੂ ਸੰਧੂ ਦਾ ਨਹੀਂ… ਜੇ ਪਿੰਡ ਦੇ ਸਰਪੰਚ ਨੂੰ ਪਤਾ ਲੱਗ ਗਿਆ ਕਿ ਤੂੰ ਸੰਧੂ ਅਖਵਾ ਕੇ ਖੁਸ਼ ਹੁੰਦੈਂ ਤਾਂ ਉਹ ਕੀ ਸੋਚੂ? … ਪਿੰਡ ਦੀ ਸੱਥ ਤੇ ਬੈਠ ਲੋਕੀਂ ਗੱਲਾਂ ਕਰਨਗੇ, ਖੁੰਡ ਚਰਚਾ ਬਣ ਜੂ… ਚਸਕੇ ਲਾ-ਲਾ ਗੱਲਾਂ ਹੋਣਗੀਆਂ… ਮੁਸਕੜੀਏਂ ਹੱਸਣਗੇ। ਮੈਂ ਤਾਂ ਸਾਰੀ ਉਮਰੇ ਕਦੇ ਮੱਖੀ ਨਹੀਂ ਬਹਿਣ ਦਿੱਤੀ… ਹੁਣ ਮੇਰਾ ਜੀਤਾ ਹੀ ਮੇਰੀ ਬੇਪਤੀ ਕਰਵਾਊ… ਮੈਨੂੰ ਤੈਥੋਂ ਏਹਦੀ ਰਤਾ ਉਮੀਦ ਨਹੀਂ ਥੀ… ਪੁੱਤ।”
ਪਰਤਾਪੀ ਦੀਆਂ ਅੱਖਾਂ ‘ਚ ਅੰਗਾਰ ਭਖ ਰਹੇ ਸਨ, ਨਾਸਾਂ ਫੁਲੀਆਂ ਹੋਈਆਂ ਸਨ, ਤੇ ਉਹ ਪਤਨਾਲੇ ਵਾਂਗ ਵਗ ਰਹੀਆਂ ਸਨ।
”ਹੁਣ ਤੇਰੇ ਕੋਲ ਦੋ ਪੈਸੇ ਆ ਗੇ…। ਪੈਸਿਆਂ ਨਾਲ ਸ਼ਹਿਰ ‘ਚ ਨਵੀਂ ਬੇਬੇ ਵੀ ਮੁੱਲ ਲੈ ਲੀਂ… ਮੈਨੂੰ ਕਹਿੰਦੈ ਕਲ੍ਹ… ਆਹ ਲੈ ਬੇਬੇ ਪੰਜ ਸੌ ਰੁਪਏ, ਸੂਟ ਸੰਵਾ ਲੀਂ… ਮੇਰੇ ਤਾਂ ਉਦੋਂ ਦੀ ਸਤੀਂ ਕੱਪੜੀਂ ਅੱਗ ਲਗੀ ਪਈ ਏ…। ਮੈਨੂੰ ਇਹਨੇ ਸ਼ਰੀਕਾਂ ‘ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ-ਸਿਵਿਆਂ ‘ਚ ਪਿਆ ਮੇਰਾ ਬਾਪੂ… ਕੀ ਸੋਚਦਾ ਹੋਊ ਆਪਣੀ ਲਾਡਲੀ ਪਰਤਾਪੀ ਬਾਰੇ…।”
ਪ੍ਰੋਫੈਸਰ ਗੁਰਮੇਲ ਸਿੰਘ ਪਰਤਪੀ ਨੂੰ ਚੁੱਪ ਕਰਾਉਣ ਦਾ ਯਤਨ ਕਰ ਰਿਹਾ ਸੀ ਤੇ ਈ.ਟੀ.ਓ. ਰਣਜੀਤ ਸਿੰਘ ਧੌਣ ਥੱਲੇ ਸੁੱਟੀ ਬੈਠਾ ਸੀ… ਚਾਹ ਸਭ ਦੀ ਠੰਢੀ-ਠਾਰ ਹੋ ਗਈ ਸੀ… ਪ੍ਰੋਫੈਸਰ ਨੇ ਪਾਣੀ ਦੇ ਜੱਗ ਨੂੰੂ ਹੀ ਬੇਬੇ ਦੇ ਮੂੰਹ ਨੂੰ ਲਾਇਆ…
”ਬਸ… ਬੇਬੇ… ਬਸ ਦੋ ਘੁੱਟ ਪਾਣੀ ਪੀ ਲੈ…”
”ਮੈਂ ਨਹੀਂ ਪੀਣਾ-ਪਾਣੀ ਪੂਣੀ… ਸੱਚੇ ਪਾਤਸ਼ਾਹ ਮੈਨੂੰ ਹੁਣੇ ਚੁੱਕ ਲੈ…,” ਪਰਤਾਪੀ ਨੇ ਉਪਰ ਵੱਲ ਵੇਖਿਆ ਤੇ ਜ਼ਮੀਨ ਵੱਲ ਹੱਥ ਕਰਕੇ ਕਿਹਾ
”ਹੇ ਧਰਤੀ ਮਾਂ… ਤੂੰ ਪਾਟਦੀ ਕਿਉਂ ਨਹੀਂ… ਤੇ ਮੈਂ ਤੇਰੇ ‘ਚ ਸਮਾ ਜਾਮਾਂ।”
ਫ਼ੌਜੀ ਵੀ ਸਹਿਮ ਗਿਆ ਸੀ ਪਰ ਉਸ ਦੇ ਸਹਿਮੇ ਚਿਹਰੇ ‘ਤੇ ਇਕ ਨੂਰ ਟਪਕ ਰਿਹਾ ਸੀ। ਉਸਦਾ ਅੰਦਰਲਾ ਪਰਤਾਪੀ ‘ਤੇ ਮਾਣ ਕਰ ਰਿਹਾ ਸੀ। ਮਾਂ-ਪੁੱਤ ਵਿਚਕਾਰਲੇ ਤਕਰਾਰ ਦੌਰਾਨ, ਉਸ ਨੇ ਚੁੱਪ ਰਹਿਣਾ ਹੀ ਬੇਹਤਰ ਸਮਝਿਆ।
… ਈ.ਟੀ.ਓ. ਆਪਣੀ ਕੁਰਸੀ ਤੋਂ ਉਠਿਆ ਤੇ ਪਰਤਾਪੀ ਦੇ ਪੈਰਾਂ ਕੋਲ ਭੁੰਜੇ ਬਹਿ ਗਿਆ ਤੇ ਉਸ ਦੇ ਹੱਥਾਂ ਨੂੰ ਫੜ੍ਹ ਜ਼ੋਰ-ਜ਼ੋਰ ਨਾਲ ਆਪਣੇ ਮੂੰਹ ‘ਤੇ ਮਾਰਨ ਲੱਗਾ ”ਬੇਬੇ, ਤੇਰੇ ਜੀਤੇ ਤੋਂ ਭੁੱਲ ਹੋ ਗੀ। ਮਾਰ, ਮੈਨੂੰ ਮਾਰ… ਮਾਰ ਮੈਨੂੰ…।”
ਪਰਤਾਪੀ ਨੇ ਉਸ ਨੂੰ ਭੁੰਜਿਓਂ ਉਠਾ ਆਪਣੀ ਛਾਤੀ ਨਾਲ ਲਾ ਲਿਆ ਸੀ। ਈ.ਟੀ.ਓ. ਨੇ ਆਪਣੇ ਪਰਸ ਵਿਚੋਂ ਵਿਸ਼ਟਿੰਗ ਕਾਰਡ ਕੱਢ, ਟੁਕੜੇ-ਟੁਕੜੇ ਕਰ ਕੇ ਖਿੰਡਾ ਦਿੱਤੇ ਸਨ। ਉਹ ਵਿਸਟਿੰਗ ਕਾਰਗ ਜਿਨ੍ਹਾਂ ‘ਤੇ ਲਿਖਿਆ ਸੀ ਰਣਜੀਤ ਸਿੰਘ ਸੰਧੂ, ਈ.ਟੀ.ਓ.
ਗ਼ਜ਼ਲ
- ਮੱਖਣ ਕੁਹਾੜ
ਰੱਥ ਸਿਕੰਦਰ ਦਾ ਜਿਉਂ ਰੋਕਿਆ, ਪੋਰਸ ਨਾਲ ਜਵਾਨੀ ਨੇ।
ਆਪ ਮੁਹਾਰਾ ਮੋਦੀ ਘੋੜਾ, ਘੇਰਿਐ ਇਉਂ ਕਿਰਸਾਨੀ ਨੇ।
ਫਨੀਅਰ ਨਾਗ, ਜੋ ਫੰਨ ਖਿਲਾਰੀ, ਮਾਰੇ ਖੇਤੀਂ ਫੁੰਕਾਰੇ,
ਉਸਨੂੰ ਖੁੱਡ ਵਿਚ ਘੇਰ ਲਿਆ, ਮੋਰਾਂ ਦੀ ਨਿਗਰਾਨੀ ਨੇ।
ਚਿੜੀਆਂ, ਘੁੱਗੀਆਂ ਨੋਚ-ਕੁਤਰ ਕੇ, ਪਾਇਆ ਚੋਗਾ ਸ਼ਿਕਰਿਆਂ ਨੂੰ,
ਕਿੱਡਾ ਵੱਡਾ ਪੁੰਨ ਹੈ ਕੀਤਾ, ਵੇਖੋ ਰਾਜੇ ਦਾਨੀ ਨੇ!
ਆਜ਼ਾਦੀ ਤੋਂ ਪਹਿਲਾਂ ਜਿਹੜੇ, ਛੋਟੇ-ਮੋਟੇ ਚੋਰ ਜਿਹੇ ਸਨ,
ਅੱਜ ਉਹ ਵੱਡੇ ਡਾਕੂ ਬਣਗੇ, ਸਾਡੇ ਦੇਸ਼ ਦੇ ਬਾਨੀ ਨੇ।
ਰੁੱਖਾਂ ਦਾ ਨਹੀਂ ਦੋਸ਼ ਐ ਦੋਸਤ, ਜੰਗਲ ਨੂੰ ਨਾ ਵੱਢੀ ਜਾਹ,
ਝੱਖੜ ਦੇ ਤਾਂ ਹੁੰਦੇ ਕੇਵਲ, ਘੋਰ ਚੁਮਾਸੇ ਬਾਨੀ ਨੇ।
ਉਸਨੇ ਤਾਂ ਸੀ ਚਾਦਰ ਪਾਈ, ਪਿੰਡ ਦੇ ਲੰਬੜਦਾਰ ਦੇ ਨਾਲ,
ਐਪਰ ਦੋਹਤੇ ਆਖੀ ਜਾਂਦੇ, ਖੂਹ ਲਗਵਾਇਆ ਨਾਨੀ ਨੇ।
ਪੰਛੀਆਂ ਲਈ ਫੁਰਮਾਨ ਹੈ ਕਿ ਉਹ, ਹਰਗਿਜ਼ ਬਹਿਣਾ ਨਾ ਰੁੱਖਾਂ ‘ਤੇ,
ਸਖਤ ਹੁਕਮ ਹੈ ਰੁੱਖਾਂ ਲਈ ਕਿ, ਟਾਹਣ ਫੈਲਾਉਣੇ ਹਾਨੀ ਨੇ।
ਢਾਹ ਸੁਟੀਏ ਹਰ ਹਾਲ ਉਹ ਪਰਬਤ, ਰੋਕੇ ਰਿਹੈ ਜੋ ਸਾਡੀ ਧੁੱਪ,
ਇਸਨੂੰ ਢਾਹੁਣੈ ਤੇਸੀਆਂ, ‘ਥੌੜ੍ਹਿਆਂ, ਆਖਰੀ ਸੱਟ ਵਦਾਨੀ ਨੇ।
ਜ਼ਬਰ ਜ਼ੁਲਮ ਦੀ ਹੱਦ ਹੁੰਦੀ ਹੈ, ਸਬਰ ਸਿਦਕ ਦੀ ਪਰ ਨਾ ਹੱਦ,
ਜ਼ਬਰ ਜ਼ੁਲਮ ਨੂੰ ਮੌੜਾ ਦਿੰਦੇ ਸਾਂਝੇ ਯੁੱਧ, ਕੁਰਬਾਨੀ ਨੇ।
ਜਿਸਨੂੰ ਮੈਂ ‘ਸਰਕਾਰ ਜੀ’ ਕਹਿ ਕੇ, ਦਿਲ ਦੇ ਤਖਤ ਬਿਠਾਇਆ ਸੀ,
ਪਲ ਪਲ ਮੈਨੂੰ ਧੋਖਾ ਦਿੱਤਾ, ਝੂਠਿਆਂ ਦੀ ਉਸ ਨਾਨੀ ਨੇ।
ਜ਼ਾਲਮ ਨੇ ਤਾਂ ਜ਼ੁਲਮ ਕਮਾਉਣੈ, ਔਰੰਗ, ਡਾਇਰ ਜਾਂ ਮੋਦੀ ਹੈ,
ਉਸਦੇ ਵਧਦੇ ਜ਼ੁਲਮ ਹੀ ਹੁੰਦੇ, ਉਸ ਦੀ ਹਾਰ ਨਿਸ਼ਾਨੀ ਨੇ।
ਗ਼ਜ਼ਲ
- ਹਰਦਿਆਲ ਸਾਗਰ
ਮੇਰਿਆਂ ਹੱਥਾਂ ਦੀ ਪਹਿਲੀ ਅਰਜ਼ ਹੈ ਔਜ਼ਾਰ ਦੇ!
ਐ ਵਤਨ ਜੇ ਇਹ ਨਹੀਂ ਮੁਮਕਿਨ ਤਾਂ ਫਿਰ ਹਥਿਆਰ ਦੇ!
ਹੱਥ ਵਿੱਚ ਜ਼ਾਲਮ ਦੇ ਹੈ ਜਾਂ ਹੱਥ ਵਿੱਚ ਮਜ਼ਲੂਮ ਦੇ,
ਅਰਥ ਵੱਖੋ ਵੱਖਰੇ ਹੁੰਦੇ ਫੜੀ ਤਲਵਾਰ ਦੇ!
ਤਖਤ ਨੂੰ ਹੀ ਹੈ ਪਿਆ ਝੁਕਣਾ ਜਾਂ ਮਿਲਣਾ ਖਾਕ ਵਿੱਚ,
ਜਦ ਕਦੀ ਵੀ ਇਹ ਖੇਤ ਹਨ ਤਖਤ ਨੂੰ ਵੰਗਾਰਦੇ!
ਕਿੱਲ ਗੱਡੇ ਹਨ ਜਿਨ੍ਹਾਂ ਰਾਹਾਂ ‘ਤੇ , ਤੂੰ ਐ ਹਾਕਮਾਂ,
ਦੇਖ, ਅੰਨਦਾਤੇ ਉਨ੍ਹਾਂ ਨੂੰ ਫੁੱਲ ਲਾ ਸ਼ਿੰਗਾਰਦੇ
ਤਖਤ ‘ਤੇ ਬਹਿ ਕੇ ਵੀ ਹਨ ਤੂੰ ਖੱਟੀਆਂ ਬਦਨਾਮੀਆਂ,
ਸੜਕ’ਤੇ ਬਹਿ ਕੇ ਵੀ ਉਹ ਕਾਬਿਲ ਹੋਏ ਸਤਿਕਾਰ ਦੇ!
ਬੱਸ ਰਤਾ ਵੀ ਪੈਰ ਚੁੱਕੇ ਜਿਸਨੇ ਆਪਣੇ, ਧਰਤ ਤੋਂ ,
ਮਰ ਗਿਆ ਉਹ ਹੇਠ ਆ ਕੇ ਆਪਣੇ ਹੀ ਭਾਰ ਦੇ!
ਇਹ ਮਹਾਂ-ਨਾਇਕ ਸਦੀ ਦੇ , ਰਤਨ ਮੇਰੇ ਮੁਲਕ ਦੇ,
ਕਿਸ ਮੁਥਾਜ਼ੀ ਨੂੰ ਕਰਿੰਦੇੇ ਬਣ ਗਏ ਬਾਜ਼ਾਰ ਦੇ!
ਧਨ-ਕੁਬੇਰਾਂ ਦੇ ਇਸਾਰੇ ‘ਤੇ ਹੈ ਨੱਚਦਾ ਰਾਤ ਦਿਨ,
ਇਹ ਨਹੀਂ ਰਹਿਬਰ ਦੇ, ਇਹ ਲੱਛਣ ਨੇ ਚੌਂਕੀਦਾਰ ਦੇ!
(ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਪਸੰਦੀਦਾ ਗ਼ਜ਼ਲ)
ਬ੍ਰਿਜ ਨਰਾਇਣ ਚਕਬਸਤ
(1882-1926)
ਉਨ੍ਹੇ ਯੇ ਫ਼ਿਕਰ ਹੈ ਹਰ ਦਮ ਨਈ ਤਰਜ਼-ਏ-ਜ਼ਫ਼ਾ ਕਿਆ ਹੈ।
ਹਮੇ ਯੇ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ।
ਗੁਨਾਹਗਾਰੋਂ ਮੇ ਸ਼ਾਮਿਲ ਹੈਂ, ਗੁਨਾਹੋਂ ਸੇ ਨਹੀਂ ਵਾਕਿਫ਼
ਸਜ਼ਾ ਕੋ ਜਾਨਤੇ ਹੈਂ ਹਮ, ਖ਼ੁਦਾ ਜਾਨੇ ਖ਼ਤਾ ਕਿਆ ਹੈ।
ਯੇ ਰੰਗੇ-ਬੇਕਸੀ ਰੰਗੇ-ਜਨੂੰ ਬਣ ਜਾਏਗੀ ਗ਼ਾਫ਼ਿਲ
ਸਮਝ ਲੇ *ਯਾਸ-ਓ-ਹਿਰਮਾ ਕੇ ਮਰਜ਼ ਕੀ ਇੰਤਹਾ ਕਿਆ ਹੈ।
ਨਯਾ ਬਿਸਮਿਲ ਹੂੰ ਮੈਂ ਵਾਕਿਫ਼ ਨਹੀਂ ਰਸਮੇ-ਸ਼ਹਾਦਤ ਸੇ
ਬਤਾ ਦੇ ਤੂ ਹੀ ਐ ਜ਼ਾਲਮ, ਤੜਪਨੇ ਕੀ ਅਦਾ ਕਿਆ ਹੈ।
ਚਮਕਤਾ ਹੈ ਸ਼ਹੀਦੋਂ ਕਾ ਲਹੂ ਪਰਦੇ ਮੇਂ ਕੁਦਰਤ ਕੇ
ਸ਼ਫ਼ਕ ਕਾ ਹੁਸਨ ਕਿਆ ਹੈ, ਸ਼ੋਖ਼ੀ-ਏ-ਰੰਗੇ-ਹਿਨਾ ਕਿਆ ਹੈ।
ਉਮੀਦੇਂ ਮਿਲ ਗਈਂ ਮਿੱਟੀ ਮੇ, ਦੌਰੇ-ਜ਼ਬਤੇ-ਆਖ਼ਿਰ ਹੈ
ਸਦਾਅ-ਏ-ਗ਼ੈਬ ਬਤਲਾ ਦੇ ਹਮੇ ਹੁਕਮ-ਏ-ਖ਼ੁਦਾ ਕਿਆ ਹੈ।
ਅਨੁਵਾਦਕ : ਜਸਪਾਲ ਘਈ
*ਯਾਸ-ਓ-ਹਿਰਮਾ = ਨਾਉਮੀਦੀ ਤੇ ਮਾਯੂਸੀਕਵਿਤਾ
ਪਰਲੋ
ਕੁਝ ਦਿਨਾਂ ਤੋਂ ਲੱਛਮੀ ਨੂੰ
ਡਰਾਉਣੇ ਸੁਪਨੇ ਅਉਂਦੇ ਨੇ
ਸੁਪਨਿਆਂ ਵਿਚ ਕੁੱਤੇ
ਬੰਦਿਆਂ ਦੀ ਬੋਲੀ ਬੋਲਦੇ ਨੇ
ਤੇ ਘੁੱਗੀਆਂ ਦੇ ਮਾਸ ਲਈ ਲੜਦੇ ਨੇ
ਕੁਝ ਦਿਨਾਂ ਤੋਂ ਨਗਰ
ਚੈਨ ਦੀ ਨੀਂਦ ਨਹੀਂ ਸੌਂਦਾ
ਰੋਜ ਕੰਜਕਾਂ ਦੇ ਲਹੂ ਨਾਲ
ਲਥ-ਪਥ ਹੁੰਦੀਆਂ ਨੇ ਅਖਬਾਰਾਂ
ਖਬਰਾਂ ਸੁਣ-ਸੁਣ ਡਰੀ ਹੋਈ ਲੱਛਮੀ
ਨਹੀਂ ਭੇਜਦੀ ਕਈ ਦਿਨਾਂ ਤੋਂ
ਆਪਣੀ ਅੱਲ੍ਹੜ ਧੀ ਨੂੰ ਸਕੂਲੇ
ਸੋਚਦੀ ਹੈ
ਚੰਗਾ ਸੀ ਜੇ ਉਹਨਾਂ ਦੇ ਘਰ ਧੀ ਨਾ ਹੁੰਦੀ
ਆਥਣ ਸਵੇਰ
ਤਾਕੀਦ ਕਰਦੀ ਹੈ ਧੀ ਦੇ ਬਾਪ ਨੂੰ
ਕੋਈ ਸਰਦਾ-ਪੁਜਦਾ ਘਰ-ਬਾਰ ਵੇਖ ਕੇ
ਸਿਰੋਂ ਭਾਰ ਲਾਹ ਦੇਵੇ
ਕਿ ਆਖਰ ਕਦ ਤੀਕ ਬੈਠਾ ਰਹੇ
ਕੋਈ ਬਗਾਨੇ ਧਨ ਦੀ ਰਾਖੀ
ਕਿ ਭੱਠੀ ਵਿਚ ਪੈਣ ਪੜ੍ਹਾਈਆਂ
ਤੇ ਖਸਮਾਂ ਨੂੰ ਖਾਣ ਸਰਕਾਰਾਂ ਦੇ ਕਨੂੰਨ…
ਕਿ ਜੇ ਇਹਨਾਂ ਕੋਲ
ਖੁਲ੍ਹੇ ਫਿਰਦੇ ਦਰਿੰਦਿਆਂ ਦੇ ਗਲ ਵਿਚ ਪਾਉਣ ਲਈ
ਗਿੱਠ ਰੱਸੀ ਵੀ ਨਹੀਂ…
ਤਾਂ ਧੀਆਂ ਨੇ ਕੀ ਲੈਣਾ
ਇਸ ਕਾਲੇ ਬੋਲੇ ਹਨ੍ਹੇਰ ਵਿਚ ਆ ਕੇ
ਧੀਆਂ ਮੁੜ ਜਾਣ
ਦੁਨੀਆਂ ਦੇ ਦਰਵਾਜੇ ‘ਤੇ ਲਹੂ ਥੁੱਕ ਕੇ
ਤੇ ਕਦੇ ਨਾ ਦੇਖਣ
ਆਦਮ ਦੀ ਨਸਲ ਦਾ ਕੀ ਹਸ਼ਰ ਹੋਇਆ….
ਕਦੇ ਨਾ ਦੇਖਣ
ਦੁਨੀਆਂ ‘ਤੇ ਪਰਲੋ ਕਿਵੇਂ ਆਈ…!!! - ਬੀ.ਐਸ.ਬੀਰ
-

ਟੂਲਕਿਟ ਵਿਵਾਦ ਬਨਾਮ ਅਸਹਿਮਤੀ ਦਾ ਅਧਿਕਾਰ
ਡਾ. ਕੁਲਦੀਪ ਸਿੰਘ ਦੀਪ
ਜਦ ਸੱਤਾ ਦਾ ਗਰੂਰ ਸਿਰ ਨੂੰ ਚੜ੍ਹਦਾ ਹੈ ਤਾਂ ਸੱਤਾ ਦੇ ਮਾਲਕ ਬਣੇ ਬੈਠੇ ‘ਸੱਤਾਜੀਵੀ’ ਲੋਕ ‘ਬੰਬ’ ਬਣ ਜਾਂਦੇ ਹਨ ਜੋ ਉਸ ਹਰ ਬੰਦੇ ਦੇ ਸਿਰ ਤੇ ਫਟਦੇ ਹਨ, ਜੋ ਸੱਤਾ ਦੇ ਖਿਲਾਫ ਜਰਾ ਜਿੰਨਾ ਵੀ ਕੁਸਕਦਾ ਹੈ। ਅਜਿਹੇ ਦੌਰ ਦਾ ਸਭ ਤੋਂ ਖਤਰਨਾਕ ਵਰਤਾਰਾ ਇਹ ਹੁੰਦਾ ਹੈ ਕਿ ਉਹ ਲੋਕਾਂ ਵਿਚ ਇਹ ਭਰਮ ਪੈਦਾ ਕਰਦੇ ਹਨ ਕਿ ਸੱਤਾ ਤੇ ਦੇਸ਼ ਇੱਕੋ ਚੀਜ਼ ਹੀ ਹੁੰਦੇ ਹਨ, ਜਦ ਕਿ ਇਹ ਕੋਰਾ ਝੂਠ ਹੈ। ਦੇਸ਼/ਵਤਨ ਇਕ ਸੰਕਲਪ ਹੁੰਦਾ ਹੈ ਜੋ ਇਸ ਦੇ ਵਸਨੀਕਾਂ ਦੇ ਮਨਾਂ ਵਿਚ ਵੱਸਿਆ ਹੁੰਦਾ ਹੈ। ਵਤਨ ਦੀ ਮਿੱਟੀ ਨੂੰ ਇਸ ਦੇ ਹਰ ਨਾਗਰਿਕ ਨੇ ਖ਼ੂਨ ਆਪਣੇ ਪਸੀਨੇ ਨਾਲ ਨਾਲ ਸਿੰਝਿਆ ਹੁੰਦਾ ਹੈ। ਇਸੇ ਕਰਕੇ ਰਾਹਤ ਇੰਦੌਰੀ ਕਹਿੰਦਾ ਹੈ :
ਅਗਰ ਖਿਲਾਫ ਹੈਂ, ਹੋਨੇ ਦੋ, ਜਾਨ ਥੋੜੀ ਹੈ
ਯੇ ਸਭ ਧੂੰਆਂ ਹੈ, ਕੋਈ ਆਸਮਾਨ ਥੋੜੀ ਹੈ
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ
ਹਮਾਰੇ ਮੂੰਹ ਮੇਂ ਤੁਮਹਾਰੀ ਜ਼ੁਬਾਨ ਥੋੜੀ ਹੈ
ਜੋ ਆਜ ਸਾਹਿਬ ਏ ਮਸਨਦ ਹੈ ਕਲ੍ਹ ਨਹੀਂ ਹੋਂਗੇ
ਕਿਰਾਏਦਾਰ ਹੈਂ ਜਾਤੀ ਮਕਾਨ ਥੋੜੀ ਹੈ
ਸਭੀ ਕਾ ਖੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇਂ
ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੇ ਹੈ।
ਟੂਲਕਿਟ ਮਾਮਲਾ ਵੀ ਅਜਿਹਾ ਹੀ ਮਾਮਲਾ ਹੈ ਜਿਸ ਨੂੰ ਸੱਤਾ ਦੇ ਖਿਲਾਫ ‘ਰੋਹ’ ਦੀ ਥਾਂ ਦੇਸ਼ ਦੇ ਖਿਲਾਫ ‘ਵਿਦਰੋਹ’ ਐਲਾਨਿਆ ਗਿਆ ਅਤੇ ਇਸ ਗੱਲ ਦਾ ਗੋਦੀ ਮੀਡੀਆ ਦੁਆਰਾ ਝੂਠਾ ਪ੍ਰਚਾਰ ਕੀਤਾ ਗਿਆ। ਅਸਲ ਵਿਚ ਸਾਡੀ ਬਦਕਿਸਮਤੀ ਇਹ ਹੈ ਕਿ ਸੱਤਾ ਤੇ ਕਾਬਜ਼ ਜਮਾਤ ਦੇਸ਼ ਦਾ ਚਿਹਰਾ ਬਣ ਜਾਂਦੀ ਹੈ। ਜਦ ਉਹ ਸੱਤਾ ਦੇਸ਼ ਦਾ ਪ੍ਰਬੰਧ ਲੋਕਾਂ ਦੀ ਇੱਛਾ ਦੇ ਵਿਰੁਧ ਮਨਮਾਨੇ ਤਰੀਕੇ ਨਾਲ ਚਲਾਉਂਦੀ ਹੈ ਤਾਂ ਅਵਾਮ ਦੀ ਪ੍ਰਤੀਕਿਰਿਆ ਸੱਤਾ ਦੇ ਵਿਰੁੱਧ ਹੋ ਜਾਂਦੀ ਹੈ ਤੇ ਸੱਤਾ ਉਸ ਨੂੰ ਦੇਸ਼ ਦਾ ਵਿਰੋਧ ਕਹਿ ਕੇ ਕਿਸੇ ਨੂੰ ਵੀ ਦੇਸ਼ਧਰੋਹੀ ਸਾਬਤ ਕਰਨ ਲਈ ਆਪਣੀ ਸਾਰੀ ਤਾਕਤ ਝੋਕ ਦਿੰਦੀ ਹੈ। ਕਿਸਾਨ ਸੰਘਰਸ਼ ਨਾਲ ਵੀ ਅਜਿਹਾ ਹੀ ਹੋਇਆ ਹੈ।
ਜਦ ਵੀ ਭਾਰਤ ਤੋਂ ਬਾਹਰ ਬੈਠੇ ਕਿਸੇ ਬੰਦੇ ਜਾਂ ਸੰਸਥਾ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ ਤਾਂ ਉਸ ਨੇ ਦੇਸ਼ ਨੂੰ ਨਹੀਂ ਭੰਡਿਆ ਬਲਕਿ ਦੇਸ਼ ਦੀ ਸੱਤਾ ਤੇ ਕਾਬਜ਼ ਜਮਾਤ ਦੇ ਕਿਰਦਾਰ ਅਤੇ ਵਿਹਾਰ ਤੇ ਉਂਗਲੀ ਉਠਾਈ ਹੈ। ਪਰ ਸੱਤਾ ਨੂੰ ਇਹ ਵਿਰੋਧ ਹਜ਼ਮ ਨਹੀਂ ਹੋ ਰਿਹਾ। ਇਸ ਲਈ ਉਹ ਉਹਨਾਂ ਦੁਆਰਾ ਲਾਏ ਇਲਜ਼ਾਮਾਂ ਦਾ ਦਲੀਲ ਨਾਲ ਖੰਡਨ ਕਰਨ ਦੀ ਥਾਂ ਦੇਸ਼ਭਗਤੀ ਦਾ ਇਮੋਸ਼ਨਲ ਪੱਤਾ ਖੇਡਦੀ ਹੈ ਤੇ ਇਸ ਬਹਾਨੇ ਸੰਘਰਸ਼ੀ ਲੋਕਾਂ ਤੇ ਦੇਸ਼ ਦੀ ਛਵੀ ਨੂੰ ਵਿਗਾੜਨ ਦਾ ਇਲਜ਼ਾਮ ਲਗਾ ਕੇ ਬਦਨਾਮ ਕਰਦੀ ਹੈ।
ਰਿਹਾਨਾ, ਮੀਆ ਖਲੀਫ਼ਾ, ਮੀਨਾ ਹੈਰਿਸ ਅਤੇ ਗਰੇਟਾ ਥਨਬਰਗ ਵਰਗੀਆਂ ਸੈਲੀਬਰਿਟੀਜ਼ ਦੇ ਟਵੀਟਾਂ ਤੋਂ ਬਾਅਦ ਸੱਤਾ ਪੂਰੀ ਤਰ੍ਹਾਂ ਬੌਖਲਾਹਟ ਵਿਚ ਹੈ। ਉਸ ਕੋਲ ਇਹਨਾਂ ਟਿੱਪਣੀਆਂ ਦਾ ਕੋਈ ਤੋੜ ਨਹੀਂ ਹੈ, ਸਿਵਾਇ ਇਹ ਕਹਿਣ ਦੇ ਕਿ ਇਹ ਭਾਰਤ ਦੀ ਛਵੀ ਖਰਾਬ ਕਰਨ ਦੀ ਇਕ ਮੁਹਿੰਮ ਹੈ। ਇਸ ਲਈ ਉਹ ਇਸ ਦਾ ਖੰਡਨ ਕਰਨ ਲਈ ਸਮਨਾਂਤਰ ‘ਦੇਸ਼ਭਗਤ ਸੈਲੀਬਰਿਟੀਜ਼’ ਨੂੰ ਖੜ੍ਹਾ ਕਰਦੀ ਹੈ। ਭਾਰਤੀ ਸਿਨੇਮਾ ਦੇ ਸਟਾਰ ਕਲਾਕਾਰਾਂ ਦੁਆਰਾ ਰਾਤੋ-ਰਾਤ ਉੱਠ ਕੇ ਇੱਕੋ ਤਰ੍ਹਾਂ ਦੀ ਭਾਸ਼ਾ ਵਿਚ ਟਵੀਟ ਕਰਨਾ ਕੀ ਸਿੱਧ ਕਰਦਾ ਹੈ? ਲੋਕਧਾਰਾ ਦੀ ਭਾਸ਼ਾ ਵਿਚ ਕਹੀਏ ਤਾਂ ਇੰਝ ਕਿਹਾ ਜਾ ਸਕਦਾ ਹੈ :
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ‘ਚੋਂ ‘ਮੱਘਰ ਸਿਓਂ’ ਬੋਲਦਾ…
ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਇਹ ‘ਮੱਘਰ ਸਿੰਘ’ ਕੌਣ ਹੈ। ਪਰ ਇਹ ਸ਼ਾਇਦ ਨਹੀ ਪਤਾ ਲੱਗਿਆ ਹੋਣਾ ਕਿ ਉਹੀ ਕਿਉਂ ਬੋਲਦਾ ਹੈ? ਗੱਲ ਕਾਫੀ ਟੇਢੀ ਹੈ। ਇਹ ਸਾਰੀ ਪੈਸੇ ਦੀ ਖੇਡ ਹੈ। ਇਕ ਹੋਰ ਅਖਾਣ ਨਾਲ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਜਿੰਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ ਦੇ ਘਰਾਂ ਤੇ ਪੱਥਰ ਨਹੀਂ ਮਾਰਦੇ। ਭਲਾ ਕਿਉਂ? ਕਿਉਂ ਕਿ ਇੱਕੋ ਪੱਥਰ ਨਾਲ ਇਹਨਾਂ ਦੇ ਘਰ ਹੀ ਨਹੀਂ ਮੱਥੇ ਵੀ ਚਕਨਾਚੂਰ ਹੋ ਜਾਂਦੇ ਹਨ। ਬਸ ‘ਮੱਘਰ ਸਿਓ’ ਦੇ ਰੂਪ ਵਿਚ ਸੱਤਾ ਨੇ ਬਹੁਤ ਸਾਰੇ ਪੱਥਰ ਇੱਕਠੇ ਕੀਤੇ ਹੋਏ ਹਨ। ਕਦੇ ਸੁਪਰੀਮ ਕੋਰਟ ਵਾਲਾ ਪੱਥਰ ਚਲਾ ਦਿੰਦੇ ਹਨ, ਕਦੇ ਇਨਕਮ ਟੈਕਸ ਵਾਲਾ, ਕਦੇ ਈ ਡੀ ਵਾਲਾ, ਕਦੇ ਸੀਬੀਆਈ ਵਾਲਾ। ਜੇ ਹੋਰ ਨਹੀਂ ਤਾਂ ਆਪਣੀਆਂ ‘ਫੌਜਾਂ’ ਨੂੰ ‘ਅਲੀ ਅਲੀ’ ਕਰਕੇ ਮਗਰ ਪਾ ਦਿੰਦੇ ਹਨ ਤੇ ਉਹ ਕਿਸੇ ਨੂੰ ਪਾਕਿਸਤਾਨੀ ਕਹਿ ਕੇ ਤੇ ਕਿਸੇ ਨੂੰ ਚੀਨੀ ਕਹਿ ਕੇ ਬਾਰਡਰ ਪਾਰ ਕਰਾਉਣ ਦੀਆਂ ਧਮਕੀਆਂ ਦਿੰਦੇ ਹਨ। ਇਹਨਾਂ ਸਟਾਰਾਂ ‘ਚੋਂ ਕਿਸੇ ਨੇ ਰਾਜ ਸਭਾ ਦੀ ਸੀਟ ਲੈਣੀ ਹੁੰਦੀ ਹੈ, ਕਿਸੇ ਨੇ ਲੋਕ ਸਭਾ ਦੀ, ਕਿਸੇ ਨੇ ਐਮ ਐਲ ਏ ਬਣਨਾ ਹੁੰਦਾ ਹੈ ਤੇ ਕਿਸੇ ਨੇ ਕਿਸੇ ਬੋਰਡ ਦਾ ਚੇਅਰਮੈਨ ਅਤੇ ਕਿਸੇ ਨੇ ਕੋਈ ਐਵਾਰਡ ਲੈਣਾ ਹੁੰਦਾ ਹੈ। । ਸੱਤਾ ਕੋਲ ਏਨੇ ‘ਹੱਡ’ ਹੁੰਦੇ ਹਨ ਕਿ ਕਿਸੇ ਦੇ ਮੁੰਹ ਵਿਚ ਕੋਈ ਦੇ ਦਿੰਦੀ ਹੈ ਤੇ ਕਿਸੇ ਦੇ ਮੂੰਹ ਵਿਚ ਕੋਈ…ਜੇਕਰ ਕੋਈ ਹੱਡ ਲੈਣ ਤੋਂ ਇਨਕਾਰ ਕਰਦਾ ਹੈ ਤਾਂ ‘ਹੱਡ ਤੋੜਨ’ ਦੀ ਮੁਹਿੰਮ ਸ਼ੂਰੂ ਹੋ ਜਾਂਦੀ ਹੈ। ਤਾਂ ਹੀ ਇਹ ਵਿਚਾਰੇ ‘ਮੱਘਰ ਸਿੰਘ’ ਦੇ ਸਾਊ ਪੁੱਤ ਬਣ ਕੇ ਉਸ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ।
ਸਾਰੇ ਸਿਤਾਰਿਆਂ ਨੇ ਇੱਕੋ ਆਵਾਜ਼ ਵਿਚ ਕਿਹਾ ਕਿ ਇਹ ਸਾਡੇ ਘਰ ਦਾ ਮਾਮਲਾ ਹੈ। ਜੇ ਭਾਈ ਘਰ ਦਾ ਮਾਮਲਾ ਹੈ ਤਾਂ ਘਰ ਦੇ ਮੁਖੀ ਨੂੰ ਵੀ ਕਹਿ ਦਿਓ ਕਿ ਆਓ ਆਪਣੇ ਉਹਨਾਂ ਅੰਨਦਾਤਿਆਂ ਦੀ ਗੱਲ ਸੁਣੀਏ ਜਿਹੜੇ ਵਰ੍ਹਦੇ ਕੱਕਰਾਂ ਵਿਚ ਭੁੰਜੇ ਬੈਠੇ ਹਨ। ਅੱਜ ਤਿੰਨ ਮਹੀਨੇ ਹੋਣ ਨੂੰ ਆਏ ਹਨ ਨਾ ‘ਮੱਘਰ ਸਿੰਘ’ ਦੇ ਕੰਨ ਤੇ ਜੂੰ ਸਰਕੀ ਹੈ ਤੇ ਨਾ ਉਸ ਦੇ ਇਹਨਾਂ ‘ਸਾਊ ਪੁੱਤਾਂ’ ਤੇ। ਜਿਸ ਆਵਾਮ ਨੇ ਇਹਨਾਂ ਨੂੰ ਸਿਰ-ਅੱਖਾਂ ਤੇ ਬਿਠਾਇਆ, ਜਿਨ੍ਹਾਂ ਦੀ ‘ਗ਼ਰੀਬੀ’ ਤੇ ਫਿਲਮਾਂ ਬਣਾ ਕੇ ਇਹ ‘ਅਮੀਰ’ ਬਣ ਗਏ। ਜਿਨ੍ਹਾਂ ਦੇ ਲੰਗਾਰ ਦਿਖਾ ਕੇ ਇਹ ਗਲਾਂ ਵਿਚ ਪਦਮ ਸ੍ਰੀ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਮੈਡਲ ਪੁਆ ਗਏ, ਉਸ ਕੋਲ ਇਕ ਵਾਰ ਵੀ ਜਾ ਕੇ ਨਹੀਂ ਪੁੱਛਿਆ ਕਿ ਬਾਪੂ ਜਿਉਂਦਾ ਹੈਂ ਕਿ ਸਹਿਕਦਾ ਹੈਂ ਕਿ ਤੜਫਦਾ ਹੈਂ? ਤੇ ਜੇਕਰ ਇਨਸਾਨੀਅਤ ਦੇ ਆਧਾਰ ਤੇ ਉਹ ‘ਰੱਬ ਦੀਆਂ ਬੰਦੀਆਂ’ ਨੇ ਕਿਤੇ ਵੀ ਬੈਠੀਆਂ ਨੇ ਇਹਨਾਂ ਬਾਪੂਆਂ ਦੇ ਹੱਕ ਵਿਚ ਦੋ ਬੋਲ ਬੋਲ ਦਿੱਤੇ ਤਾਂ ਇਹਨਾਂ ਨੇ ਉਹ ‘ਸਿੰਗ ਮਿੱਟੀ’ ਚੁੱਕ ਲਈ ਕਿ ਰਹੇ ਰੱਬ ਦਾ ਨਾਂ। ਕਹਿ ਰਹੇ ਹਨ ਕਿ ਉਹਨਾਂ ਦਾ ਸਾਡੇ ਨਾਲ ਕੀ ਰਿਸ਼ਤਾ ਹੈ?
ਭਲਿਓ ਮਾਣਸੋ! ਬੰਦੇ ਦਾ ਬੰਦੇ ਨਾਲ ਕੀ ਰਿਸ਼ਤਾ ਹੁੰਦਾ ਹੈ? ਇਨਸਾਨੀਅਤ ਦੀ ਸਾਂਝ ਹੀ ਤਾਂ ਸਭ ਤੋਂ ਵੱਡੀ ਸਾਂਝ ਹੁੰਦੀ ਹੈ। ਜੇ ਆਪਣੀ ਸਰਹੱਦ ਤੋਂ ਪਾਰ ਸਾਡਾ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ ਤਾਂ ਕਹਿ ਦਿਓ ਕਿ ਈਸਾ, ਸੁਕਰਾਤ, ਮਨਸੂਰ, ਹਜ਼ਰਤ ਮੁਹਮੰਦ, ਪਲੇਟੋ, ਗੈਲੀਲੀਓ, ਅਰਸਤੂ, ਆਈਨਸਟਾਈਨ ਸਾਰੇ ਦੁਨੀਆਂ ਦੇ ਖਲਨਾਇਕ ਹਨ, ਉਹ ਸਾਡੇ ਕੁਝ ਨਹੀਂ ਲੱਗਦੇ। ਜਿਨ੍ਹਾਂ ਵਿਦੇਸ਼ੀ ਹਮਰੁਤਬਾ ਹਾਕਮਾਂ ਨਾਲ ਸੱਤਾ ਝੂਲੇ ਝੂਟਦੀ ਰਹੀ ਹੈ, ਸੈਰਾਂ ਕਰਾਉਂਦੀ ਰਹੀ ਹੈ, ਉਹਨਾਂ ਦੇ ਦੇਸ਼ਾਂ ਵਿਚ ਜਾ ਕੇ ਨਗਾਰੇ ਵਜਾਉਂਦੀ ਰਹੀ ਹੈ, ਉਹਨਾਂ ਨੂੰ ਆਪਣੇ ਘਰ ਬੁਲਾਉਂਦੀ ਰਹੀ ਹੈ, ਉਹਨਾਂ ਦੀ ‘ਜੈ ਹੋ’ ਦੇ ਨਾਹਰੇ ਲਗਾਉਂਦੀ ਰਹੀ ਹੈ, ਉਹਨਾਂ ਦੀ ਪਿੱਠ ਖੁਰਕਦੀ ਰਹੀ ਹੈ ਅਤੇ ਆਪਣੀ ਖੁਰਕਾਉਂਦੀ ਰਹੀ ਹੈ, ਉਹਨਾਂ ਸਾਰਿਆਂ ਨਾਲ ਫੇਰ ਸਾਡਾ ਕੀ ਰਿਸ਼ਤਾ ਹੈ? ਜਦੋਂ ਕੋਈ ਸਾਡੀ ਤਾਰੀਫ ਕਰਦਾ ਹੈ ਤਾਂ ਅਸੀਂ ‘ਗਲੋਬਲ’ ਹੁੰਦੇ ਹਾਂ ਤੇ ਜਦ ਕੋਈ ਆਲੋਚਨਾ ਕਰਦਾ ਹੈ ਤਾਂ ਅਸੀਂ ‘ਸਥਾਨਕ’ ਹੁੰਦੇ ਹਾਂ। ਕਿਰਦਾਰ ਦਾ ਇਹ ਦੋਗਲਾਪਣ ਦੇਸ਼ ਦਾ ਲੱਛਣ ਨਹੀਂ ਹੁੰਦਾ, ਦੇਸ਼ ਦੀ ਸੱਤਾ ਦਾ ਲੱਛਣ ਹੁੰਦਾ ਹੈ। ਦੇਸ਼ ਦਾ ਲੱਛਣ ਤਾਂ ‘ਵਸੂਧੈਵ ਕੁਟੰਬਕੁਮ’ ਵਾਲਾ ਹੈ, ਸਰਬੱਤ ਦੇ ਭਲੇ ਵਾਲਾ ਹੈ ਅਤੇ ‘ਨਾ ਵੈਰੀ ਨਾ ਹੀ ਬਿਗਾਨਾ’ ਵਾਲਾ ਹੈ।
ਜੇਕਰ ਦੇਸ਼ ਦੀ ਛਵੀ ਇਹਨਾਂ ਚਾਰ ਟਿੱਪਣੀਆਂ ਨਾਲ ਖਰਾਬ ਹੁੰਦੀ ਹੈ ਤਾਂ ਉਦੋਂ ਕਿਉਂ ਨਹੀਂ ਹੁੰਦੀ ਜਦ ਇਸ ਸੱਤਾ ਦੀ ‘ਲਾਡਲੀ ਬੀਬੀ’ ਨੱਥੂ ਰਾਮ ਗੌਡਸੇ ਨੂੰ ਆਪਣਾ ਨਾਇਕ ਮੰਨ ਕੇ ਮਹਾਤਮਾ ਗਾਂਧੀ ਦਾ ਅਪਮਾਨ ਕਰਦੀ ਹੈ ਤੇ ਅੱਜੇ ਤੱਕ ਵੀ ਉਹ ਸੱਤਾਜੀਵੀਆਂ ਦੀ ਉਸੇ ਤਰ੍ਹਾਂ ਲਾਡਲੀ ਹੈ। ਕੀ ਨੀਰਵ ਮੋਦੀ ਤੇ ਵਿਜੇ ਮਾਲੀਆ ਦੇ ਅਰਬਾਂ ਰੁਪਏ ਲੈ ਕੇ ਬਾਹਰ ਭੱਜਣ ਨਾਲ ਦੇਸ਼ ਦੀ ਛਵੀ ਬਿਲਕੁਲ ਖਰਾਬ ਨਹੀਂ ਹੁੰਦੀ? ਕੀ ਕਿਸੇ ਕੁੜੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਵੀ ਜਦ ਸੱਤਾ ਰੇਪਿਸਟ ਨਾਲ ਖੜ੍ਹਦੀ ਹੈ ਤਾਂ ਦੇਸ਼ ਦੀ ਛਵੀ ਦੀ ਕੋਈ ਕੰਨੀ ਨਹੀਂ ਭੁਰਦੀ?
ਜਦ ਦੇਸ਼ ਭ੍ਰਿਸ਼ਟਾਚਾਰ ਵਿਚ 92ਵੇਂ ਪਾਇਦਾਨ ਤੇ ਖੜ੍ਹਾ ਹੁੰਦਾ ਹੈ, ਭੁੱਖਮਰੀ ਦੇ ਮਾਮਲੇ ਵਿਚ 100 ਤੋਂ ਉੱਪਰ ਖੜਾ ਹੁੰਦਾ ਹੈ ਤੇ ਅਜਿਹੇ ਹੋਰ ਕਿੰਨੇ ਹੀ ਪੈਰਾਮੀਟਰਾਂ ਵਿਚ ਹੇਠਲੇ ਡੰਡਿਆ ਤੇ ਖੜ੍ਹਾ ਹੁੰਦਾ ਹੈ ਤਾਂ ਦੇਸ਼ ਦੀ ਛਵੀ ਤੇ ਕੋਈ ਅਸਰ ਨਹੀਂ ਪੈਂਦਾ? ਜਦ ਰੁਪਈਏ ਦੀ ਕੀਮਤ ਹਰ ਰੋਜ਼ ਘਟਦੀ ਹੈ, ਮਹਿੰਗਾਈ ਹਰ ਰੋਜ਼ ਵਧਦੀ ਹੈ ਤੇ ਪੈਟਰੋਲ ਸੌ ਰੂਪਏ ਨੂੰ ਪਹੁੰਚ ਜਾਂਦਾ ਹੈ ਤਾਂ ਦੇਸ਼ ਦੀ ਛਵੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ।
ਜਦ ਦੇਸ਼ ਦੇ ਡੇਢ ਲੱਖ ਤੋਂ ਵੱਧ ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਜਾਂਦੇ ਹਨ ਤਾਂ ਦੇਸ਼ ਦੀ ਛਵੀ ‘ਤੇ ਕੋਈ ਅਸਰ ਨਹੀਂ ਪੈਂਦਾ, ਪਰ ਜਦ ਕੋਈ ਦਿਸ਼ਾ ਰਵੀ ਜਾਂ ਨੌਦੀਪ ਜ਼ਮੀਰ ਦੀ ਆਵਾਜ਼ ਤੇ ਆਪਣੇ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਬੋਲ ਪੈਂਦੀ ਹੈ ਤਾਂ ਦੇਸ਼ ਦੀ ਛਵੀ ਖਰਾਬ ਹੋ ਜਾਂਦੀ ਹੈ।
ਦੇਸ਼ ਦਾ ਖੇਤੀ ਮੰਤਰੀ ਸੰਸ਼ਦ ਵਿਚ ਬਿਆਨ ਦਿੰਦਾ ਹੈ ਕਿ ਸਾਨੂੰ ਨਹੀਂ ਪਤਾ ਕਿ ਕਿੰਨੇ ਕਿਸਾਨ ਮਰ ਗਏ ਹਨ! ਰਾਜ ਕਰਦੀ ਪਾਰਟੀ ਦਾ ਇਕ ਸੀਨੀਅਰ ਮੈਂਬਰ ਇਹ ਬਿਆਨ ਦਿੰਦਾ ਹੈ ਕਿ ਕਿਸਾਨਾਂ ਦੀ ਮੌਤ ਲਈ ਕਿਸਾਨ ਜ਼ਿੰਮੇਵਾਰ ਹਨ। ਇਹ ਸੰਵੇਦਨਹੀਨਤਾ ਦੀ ਸਿਖ਼ਰ ਹੈ। ਜਦ ਕੋਈ ਆਪਣੇ ਦੇਸ਼ ਦੀ ਗੱਦੀ ਦੇ ਬੈਠਾ ਹਾਕਮ ਆਪਣੇ ਹੀ ਲੋਕਾਂ ਪ੍ਰਤੀ ਏਨਾ ਸੰਵੇਦਨਹੀਨ ਹੈ ਤਾਂ ਇਹ ਦੇਸ਼ ਦਾ ਅਪਮਾਨ ਨਹੀਂ ਹੈ?
ਸੱਤਾ ਨੂੰ ਹਰ ਰੋਜ਼ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਕ ਸਕਰਿਪਟ ਚਾਹੀਦੀ ਹੁੰਦੀ ਹੈ। ਉਸ ਸਕਰਿਪਟ ਨੂੰ ਉਹ ਆਪਣੇ ਗੋਦੀ ਮੀਡੀਆ ਰਾਹੀਂ ਰੋਜ਼ ਉਦੋਂ ਤੱਕ ਘਸਾਉਂਦੀ ਹੈ ਜਦ ਤੱਕ ਉਸ ਦਾ ਆਪਣੇ ਹੀ ਵਤਨ ਦੇ ਲੋਕਾਂ ਨੂੰ ਭੰਡਣ ਦਾ ‘ਕੋਟਾ’ ਪੂਰਾ ਨਹੀਂ ਹੋ ਜਾਂਦਾ। ਟੂਲਕਿਟ ਵੀ ਇਕ ਅਜਿਹੀ ਹੀ ਨਵੀਂ ਸਕਰਿਪਟ ਹੈ ਜੋ ਕੁਝ ਦਿਨ ਚੱਲਣੀ ਹੈ। ਜਦ ਘਸ ਗਈ ਫੇਰ ਕੋਈ ਹੋਰ ਸਕਰਿਪਟ ਘੜਨ ਦੀ ਕੋਸ਼ਿਸ਼ ਕੀਤੀ ਜਾਏਗੀ।
ਜਿਸ ਟੂਲਕਿਟ ਦੇ ਆਧਾਰ ਤੇ ਇਹ ਇਲਜ਼ਾਮ ਲਾਏ ਜਾ ਰਹੇ ਹਨ ਕਿ ਇਸ ਨਾਲ ਦੇਸ਼ ਦੀ ਛਵੀ ਖਰਾਬ ਹੋ ਰਹੀ ਹੈ, ਉਸ ਟੂਲਕਿਟ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤੀ ਕੁੜੀ ਦਿਸ਼ਾ ਦੇ ਖਿਲਾਫ ਟਵਿੱਟਰ ਤੇ ਜਿੰਨਾ ਗੰਦ ਬਕਿਆ ਗਿਆ ਹੈ, ਉਸ ਨਾਲ ਤਾਂ ਦੇਸ਼ ਦੀ ਛਵੀ ਵਿਚ ‘ਚਾਰ ਚੰਨ’ ਲੱਗ ਗਏ ਹੋਣੇ ਹਨ!
ਜਿਸ ਟੂਲਕਿਟ ਬਾਰੇ ਅਸਮਾਨ ਸਿਰ ‘ਤੇ ਚੁੱਕਿਆ ਗਿਆ ਸੀ, ਆਓ ਸਮਝਦੇ ਹਾਂ ਇਹ ਟੂਲਕਿਟ ਅਸਲ ਵਿਚ ਹੈ ਕੀ? ਹੈਦਰ ਅਲੀ ਆਤਿਸ਼ ਦਾ ਇਕ ਸ਼ਿਅਰ ਚੇਤੇ ਆ ਰਿਹਾ ਹੈ :
ਬੜਾ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ
ਜੋ ਚੀਰਾ ਤੋ ਇਕ ਕਤਰਾ ਏ ਖੂੰ ਨਿਕਲਾ
ਦੋਸਤੋ ਜਦੋਂ ਦੀ ਸਰਕਾਰ, ਦਿੱਲੀ ਪੁਲਿਸ ਅਤੇ ਗੋਦੀ ਮੀਡੀਆ ਨੇ ‘ਟੂਲਕਿਟ’ ਮਸਲੇ ਤੇ ‘ਹਾਏ ਬੂ’ ਕਰਕੇ ਅਸਮਾਨ ਸਿਰ ਤੇ ਚੁੱਕਿਆ ਹੈ, ਉਦੋਂ ਤੋਂ ਇਹ ਲਗਦਾ ਸੀ ਕਿ ਇਹ ਕੋਈ ਬਹੁਤ ਵੱਡਾ ‘ਬੰਬ’ ਹੋਏਗਾ ਜੋ ਕੋਈ ਸਾਡੇ ਮੰਜੇ ਥੱਲੇ ਰੱਖ ਗਿਆ। ਜੇ ਕਿਤੇ ਇਹ ਚਲ ਪੈਂਦਾ ਧਰਤੀ ਤੇ ਮਹਾਂ-ਪਰਲੋ ਆ ਜਾਣੀ ਸੀ। ਖਬਰਾਂ ਸੁਣ ਸੁਣ, ਪੁਲਿਸ ਅਫਸਰਾਂ ਦੀਆਂ ਵੀਡੀਓ ਕਾਨਫਰੰਸ਼ਾਂ ਦੇਖ ਦੇਖ, ਗ੍ਰਿਫਤਾਰੀਆਂ ਤੇ ਗ੍ਰਿਫਤਾਰੀਆਂ ਹੁੰਦੀਆਂ ਦੇਖ ਕੇ ਇਹ ਲਗਦਾ ਸੀ ਕਿ ਇਹ ਟੂਲਕਿਟ ਸਚਮੁਚ ਹੀ ਬਹੁਤ ਵੱਡਾ ਦਿਓ ਹੋਵੇਗਾ, ਜੋ ਸਾਰਿਆਂ ਨੂੰ ਮੂੰਹ ਵਿਚ ਪਾ ਕੇ ਕੱਚਾ ਚਬਾ ਜਾਏਗਾ।
ਅਸਲ ਵਿਚ ਇੰਟਰਨੈਟ ਅਤੇ ਸੋਸ਼ਲ ਮੀਡੀਏ ਦੀ ਭਾਸ਼ਾ ਵਿਚ ਵਰਤਿਆ ਜਾਣ ਵਾਲਾ ਸ਼ਬਦ ‘ਟੂਲਕਿਟ’ ਹੋਰ ਕੁਝ ਵੀ ਨਹੀਂ, ਬਸ ਇਕ ਡਿਜ਼ੀਟਲ ‘ਲੀਫਲੈਟ’ ਹੈ…ਇਕ ਪੈਂਫਲਿਟ ਹੈ..ਹੋਰ ਸੌਖਾ ਸਮਝਣਾ ਹੋਵੇ ਤਾਂ ਇਕ ਪੋਸਟਰ ਹੈ ਜੋ ਟਾਈਪ ਕਰਕੇ ‘ਕਿਸੇ ਦੇਸ਼ ਧਰੋਹੀ’ ਨੇ ਨੈਟ ਤੇ ਪਾ ਦਿੱਤਾ ਅਤੇ ਬਾਅਦ ਵਿਚ ਰਵੀ ਦਿਸ਼ਾ, ਨਿਕਿਤਾ ਅਤੇ ਸ਼ਾਤਨੂੰ ਵਰਗੇ ਵਾਤਾਵਰਣ ਪ੍ਰੇਮੀਆਂ ਨੇ ਆਪਣੇ ਟਵੀਟ ਦੇ ਨਾਲ ਟੈਗ ਕਰ ਦਿੱਤਾ। ਨਾ ਇਸ ਨੂੰ ਗੁਪਤ ਤੌਰ ਤੇ ਪਾਇਆ ਹੈ ਤੇ ਨਾ ਇਸ ਵਿਚ ਕੁਝ ਵੀ ਗੁਪਤ ਹੈ, ਬਲਕਿ ਇਸ ਨੂੰ ‘ਓਪਨ ਡਾਕੂਮੈਂਟ’ ਦੇ ਰੂਪ ਵਿਚ ਜਨਤਕ ਤੌਰ ਤੇ ਟੈਗ ਕੀਤਾ ਗਿਆ ਸੀ। ਪਹਿਲੇ ਦਿਨ ਤੋਂ ਹੀ ਇਸ ਨੂੰ ਕੋਈ ਵੀ ਡਾਉਨਲੋਡ ਕਰ ਸਕਦਾ ਸੀ ਤੇ ਪੜ੍ਹ ਸਕਦਾ ਸੀ।
ਅਸਲ ਵਿਚ ਇਹ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਲਈ ਬਣਾਇਆ ਸੰਖੇਪ ਡਿਜ਼ੀਟਲ ਪਲੈਨ ਹੈ, ਜਿਸ ਵਿਚ ਸਭ ਤੋਂ ਪਹਿਲਾਂ ਕ੍ਰਮਬੱਧ ਤਰੀਕੇ ਨਾਲ ਸੰਖੇਪ ਵਿਚ ਕਿਸਾਨ ਸੰਘਰਸ਼ ਦੇ ਪਿਛੋਕੜ ਬਾਰੇ ਸਮਝਾਇਆ ਹੈ, ਬਾਅਦ ਵਿਚ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰਨ ਲਈ ਕੁਝ ਆਨਲਾਈਨ ਤੇ ਆਫਲਾਈਨ ਤਰੀਕੇ ਸੁਝਾਏ ਗਏ ਹਨ। ਇਸ ਕਿਸਮ ਦੀ ਪਲੈਨਿੰਗ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੀਆਂ ਸਮਰਥਕ ਜਥੇਬੰਦੀਆਂ ਅਕਸਰ ਬਣਾਉਂਦੀਆਂ ਹਨ। ਕੋਈ ਮੂੰਹ ਜ਼ੁਬਾਨੀ ਬਣਾ ਲੈਂਦਾ ਹੈ ਤੇ ਕੋਈ ਲਿਖਤੀ, ਪਰ ਕਿਸੇ ਨੇ ਟੂਲਕਿਟ ਬਣਾ ਕੇ ਟਵਿੱਟਰ ਤੇ ਟਵੀਟ ਨਹੀਂ ਕੀਤਾ ਸੀ। ਇਸ ਨੂੰ ਬਣਾਉਣ ਵਾਲੀ ਜਥੇਬੰਦੀ ‘ਪੋਇਟਿਕ ਜਸਿਟਸ’ ਕਿਉਂਕਿ ਵਿਦੇਸ਼ਾਂ ਵਿਚ ਕੰਮ ਕਰਨ ਵਾਲੀ ਜਥੇਬੰਦੀ ਸੀ, ਇਸ ਲਈ ਇਸ ਦਸਤਾਵੇਜ਼ ਨੂੰ ‘ਭਾਰਤ ਬਨਾਮ ਵਿਦੇਸ਼’ ਬਣਾ ਕੇ ‘ਦੇਸ਼ਭਗਤੀ ਬਨਾਮ ਦੇਸ਼ ਧਰੋਹੀ’ ਦੇ ਏਜੰਡੇ ਹੇਠ ਲਿਆਂਦਾ ਅਤੇ ਰਾਈ ਦਾ ਪਹਾੜ ਬਣਾ ਦਿੱਤਾ। ਇਸ ਟੂਲਕਿਟ ਦਾ ਆਗਾਜ਼ ਇਹਨਾਂ ਸ਼ਬਦਾਂ ਨਾਲ ਹੁੰਦਾ ਹੈ :
“ਇਹ ਇੱਕ ਅਜਿਹਾ ਦਸਤਾਵੇਜ ਹੈ ਜਿਸਦਾ ਉਦੇਸ਼ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਵਿਰੋਧ-ਪ੍ਰਦਰਸਨਾਂ ਤੋਂ ਅਣਜਾਣ ਵਿਅਕਤੀ ਨੂੰ ਇਸ ਸਾਰੀ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਇਸ ਗੱਲ ਦਾ ਫੈਸਲਾ ਲੈਣ ਦੇ ਯੋਗ ਬਣਾਉਣਾ ਹੈ ਤਾਂ ਕਿ ਉਹ ਸੋਚ ਸਕੇ ਕਿ ਉਹ ਆਪਣੇ ਵਿਸਲੇਸਣ ਦੇ ਅਧਾਰ ਤੇ ਕਿਸ ਤਰ੍ਹਾਂ ਕਿਸਾਨੀ ਦਾ ਸਮਰਥਨ ਕਰਨਾ ਹੈ। 2015-16 ਦੀ ਖੇਤੀਬਾੜੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਜ਼ਿਆਦਾਤਰ ਜੋਤਾਂ (86 ਪ੍ਰਤੀਸਤ) ਛੋਟੀਆਂ ਅਤੇ ਸੀਮਾਂਤ ਹਨ। ਇਹ ਆਕਾਰ ਵਿਚ ਦੋ ਹੈਕਟੇਅਰ ਤੋਂ ਘੱਟ ਹਨ ਅਤੇ ਇਨ੍ਹਾਂ ਘਰਾਂ ਦੀ ਆਮਦਨੀ ਖਪਤ ਦੇ ਹੋਣ ਵਾਲੇ ਖਰਚਿਆਂ ਤੋਂ ਪਹਿਲਾਂ ਹੀ ਬਹੁਤ ਘੱਟ ਹੈ।
ਇਹ ਇਤਿਹਾਸਕ ਤੌਰ ‘ਤੇ ਹਾਸ਼ੀਆਗਤ ਕਿਸਾਨ,ਜਿਨ੍ਹਾਂ ਦਾ ਆਜਾਦੀ ਤੋਂ ਪਹਿਲਾਂ ਜਗੀਰਦਾਰੀ ਦੌਰ ਦੇ ਜ਼ਿੰਮੀਦਾਰਾਂ ਅਤੇ ਬਸਤੀਵਾਦੀਆਂ ਦੁਆਰਾ ਸ਼ੋਸ਼ਣ ਕੀਤਾ ਗਿਆ ਸੀ ਅਤੇ 1990 ਤੋਂ ਬਾਅਦ ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦੁਆਰਾ ਸ਼ੋਸ਼ਣ ਕੀਤਾ ਗਿਆ, ਅੱਜ ਵੀ ਭਾਰਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ।
ਕਰਜਾਈ ਹੋਣ ਕਾਰਨ ਅਤੇ ਢਾਂਚਾਗਤ ਸਹਾਇਤਾ ਦੀ ਘਾਟ ਕਾਰਨ ਹੋਈਆਂ ਹਜਾਰਾਂ ਖੁਦਕੁਸ਼ੀਆਂ ਹੋਣ ਦੇ ਬਾਵਜੂਦ, ਇਸ ਡੂੰਘੀਆਂ ਜੜ੍ਹਾਂ ਵਾਲੀ ਸਮੱਸਿਆ ਦੇ ਹੱਲ ਦੀ ਅਣਹੋਂਦ ਨੂੰ ਇਹਨਾਂ ਖੇਤੀਬਾੜੀ ਕਾਨੂੰਨਾਂ ਨੇ ਹੋਰ ਡੂੰਘਾ ਕਰ ਦਿੱਤਾ ਹੈ ਜੋ ਕਿ ਇਨ੍ਹਾਂ ਕਿਸਾਨਾਂ ਨਾਲ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਪਾਸ ਕੀਤੇ ਗਏ ਹਨ। ਇਹ ਕਿਸਾਨ ਜਿਹੜੇ ਬਹੁਗਿਣਤੀ ਭਾਰਤੀ ਆਬਾਦੀ ਨੂੰ ਰੋਜ਼ਾਨਾ ਖਾਣਾ ਪ੍ਰਦਾਨ ਕਰਦੇ ਹਨ। ਉਹਨਾਂ ਨੂੰ ਸਵੈ-ਨਿਰਭਰ ਅਤੇ ਖੁਸਹਾਲ ਬਣਾਉਣ ਵਿਚ ਮਦਦ ਕਰਨ ਦੀ ਬਜਾਏ, ਜ਼ਿਆਦਾਤਰ ਕਿਸਾਨਾਂ ਨੂੰ ਵੱਡੀਆਂ ਕਾਰਪੋਰੇਸਨਾਂ ਅਤੇ ਅੰਤਰਰਾਸਟਰੀ ਅਦਾਰਿਆਂ ਦੇ ਨਿਯੰਤਰਣ ਦੇ ਅਧੀਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਇਕੋ ਇਕ ਮਕਸਦ ਮੁਨਾਫ਼ਾ ਕਮਾਉਣਾ ਅਤੇ ਕੁਦਰਤੀ ਸਰੋਤਾਂ ਦਾ ਵੱਧ ਤੋਂ ਵੱਧ ਸੋਸ਼ਣ ਕਰਨਾ ਹੈ। ਇਹੋ ਵਿਨਾਸ਼ਕਾਰੀ ਤਾਕਤਾਂ ਜੋ ਇਸ ਗ੍ਰਹਿ ਨੂੰ ਨਸ਼ਟ ਕਰ ਰਹੀਆਂ ਹਨ, ਉਹੀ ਹਨ ਜੋ ਸਾਡੇ ਦੇਸ ਦੇ ਸਭ ਤੋਂ ਵੱਧ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਹਨ, ਇਹ ਹੁਣ ਆਪਣੇ ਏਕਾਧਿਕਾਰ ਨੂੰ ਵਧਾਉਂਦੇ ਹੋਏ ਅਤੇ ਆਪਣੇ ਨਿੱਜੀਕਰਨ ਦੇ ਏਜੰਡੇ ਨੂੰ ਵਿਸ਼ਵਵਿਆਪੀ ਕਰਦੇ ਹੋਏ ਫਿਲਪੀਨਜ਼ ਤੋਂ ਕੋਲੰਬੀਆ ਤੱਕ, ਸਾਰੀ ਦੁਨੀਆ ਭਰ ਵਿੱਚ ਦੁਹਰਾਉਂਦੀਆਂ ਨਜ਼ਰ ਆ ਰਹੀਆਂ ਹਨ।
”ਇਹ (ਦਸਤਾਵੇਜ਼) ਸਿਰਫ ਇਕ ਦੇਸ ਅਤੇ ਇਸ ਦੇ ਦੱਬੇ-ਕੁਚਲੇ ਲੋਕਾਂ ਬਾਰੇ ਨਹੀਂ ਬਲਕਿ ਇਹ ਵਿਸਵ ਭਰ ਦੇ ਆਮ ਲੋਕਾਂ ਬਾਰੇ ਹੈ ਜੋ ਆਪਣੇ ਆਪ ਨੂੰ ਆਤਮ ਨਿਰਭਰ ਰੱਖਣ,ਆਪਣੇ ਪਰਿਵਾਰਾਂ ਦੀ ਦੇਖਭਾਲ ਕਰਨ ਬਾਰੇ ਸੁਰੱਖਿਅਤ ਮਹਿਸੂਸ ਕਰਨ ਅਤੇ ਚੰਗੀ ਤਰ੍ਹਾਂ ਜਿਉਂਦੇ ਰਹਿਣ ਦਾ ਮੌਕਾ ਚਾਹੁੰਦੇ ਹਨ, ਉਨ੍ਹਾਂ ਦੀਆਂ ਆਪਣੀਆਂ ਸਰਤਾਂ ‘ਤੇ, ਜਿਵੇਂ ਕਿ ਕਿਸੇ ਵੀ ਲੋਕਤੰਤਰ ਵਿਚ ਉਸ ਦੀ ਭਾਵਨਾ ਦੇ ਮੁਤਾਬਕ ਉਹਨਾਂ ਕੋਲ ਇਹ ਸਹੂਲਤ ਹੋਣੀ ਚਾਹੀਦੀ ਹੈ।”
ਇਸ ਤੋਂ ਬਾਅਦ ਇਸ ਟੂਲਕਿਟ ਵਿਚ ਬਹੁਤ ਸਾਰੇ ਸਰੋਤ ਅਤੇ ਤਰੀਕੇ ਸੂਚੀਬੱਧ ਕੀਤੇ ਹਨ ਜੋ ਵਿਰੋਧ ਪ੍ਰਦਰਸ਼ਨਾਂ ਲਈ ਕੀਤੇ ਜਾਣ ਵਾਲੇ ਜਰੂਰੀ ਐਕਸ਼ਨਾਂ ਬਾਰੇ ਵਧੇਰੇ ਸਮਝ ਪ੍ਰਦਾਨ ਕਰਦੇ ਹਨ। ਜਿਵੇਂ ਕਿਹੜੇ ਹੈਸ਼ਟੈਗ ਵਰਤਣੇ ਹਨ, ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਪ੍ਰਦਰਸ਼ਨ ਕਰਨੇ ਹਨ, ਕਿਵੇਂ ਆਮ ਲੋਕਾਂ ਦਾ ਧਿਆਨ ਇਸ ਸੰਘਰਸ਼ ਵੱਲ ਖਿਚਣਾ ਹੈ, ਕਿਵੇਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਨਾਲ ਜੋੜਨਾ ਹੈ, ਚੁਣੇ ਹੋਏ ਨੁਮਾਇੰਦਿਆਂ ਤੱਕ ਸੰਘਰਸ਼ ਦੀ ਆਵਾਜ਼ ਕਿਵੇਂ ਪਹੁੰਚਾਉਣੀ ਹੈ, 26 ਜਨਵਰੀ ਦੇ ਕਿਸਾਨ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਕਰਨੀ ਹੈ ਆਦਿ।
ਇਸ ਟੂਲਕਿਟ ਵਿਚ ਕੁਝ ਵੀ ਅਜਿਹਾ ਨਹੀ ਸੀ ਕਿ ਜਿਸ ਨੂੰ ਦੇਸ਼ ਦੀ ਛਵੀ ਉੱਪਰ ਹਮਲਾ ਕਿਹਾ ਜਾ ਸਕਦਾ ਹੋਵੇ। ਇਸੇ ਲਈ ਗੋਦੀ ਮੀਡੀਆ, ਦਿੱਲੀ ਪੁਲਿਸ ਅਤੇ ਸਰਕਾਰ ਦੇ ਆਈਟੀ ਸੈਲ ਦੇ ਲੱਖ ਪ੍ਰਚਾਰ ਦੇ ਬਾਵਜ਼ੂਦ ਇਹ ‘ਟੂਲਕਿਟ ਬੰਬ’ ‘ਲੈਬ’ (ਅਦਾਲਤ) ਵਿਚ ਜਾ ਕੇ ਆਪਣੇ ਪ੍ਰੀਖਣ ਵਿਚ ‘ਫਿੱਸ’ ਹੋ ਗਿਆ ਹੈ। ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਲੋਂ ਐਨਵਾਇਰਨਮੈਂਟ ਐਕਟੀਵਿਸਟ ਦਿਸ਼ਾ ਰਵੀ ਨੂੰ ਜ਼ਮਾਨਤ ਦੇਣ ਨਾਲ ਕਈਆਂ ਦੇ ਚਿਹਰਿਆਂ ਤੋਂ ਨਕਾਬ ਉੱਤਰ ਗਿਆ ਹੈ।
ਪਟਿਆਲਾ ਹਾਉਸ ਕੋਰਟ ਦੇ ਐਡੀਸ਼ਨਲ ਸ਼ੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਸਰਕਾਰ ਦੇ ਬਣਾਏ ਹੋਏ ਕਨੂੰਨ ਜਾਂ ਸਰਕਾਰ ਦੀ ਵਿਚਾਰਧਾਰਾ ਨਾਲ ਅਹਿਸਮਤੀ ਦਿਖਾਉਣਾ ਜਾਂ ਉਸ ਦੇ ਖਿਲਾਫ ਕੁਝ ਬੋਲਣਾ ਦੇਸ਼ਧਰੋਹ ਨਹੀਂ ਹੈ। ਦਿਲੀ ਪੁਲਿਸ ਕੋਈ ਵੀ ਅਜਿਹਾ ਸਬੂਤ ਨਹੀਂ ਦੇ ਸਕੀ ਜੋ ਦਿਸ਼ਾ ਨੂੰ 26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਨਾਲ ਜੋੜ ਸਕੇ। ਉਹਨਾਂ ਕਿਹਾ ਕਿ ਦਿਸ਼ਾ ਰਵੀ ਦੀ ਵਟ੍ਹਸਐਪ ਚੈਟ ਤੇ ਉਸ ਦੁਆਰਾ ਬਣਾਇਆ ਟੂਲਕਿਟ ਕਿਸੇ ਵੀ ਤਰੀਕੇ ਨਾਲ ਦੇਸ਼ਧਰੋਹ ਦੇ ਅਪਰਾਧ ਨਹੀਂ ਅਤੇ ਇਸ ਗੱਲ ਦਾ ਵੀ ਕੋਈ ਸਬੂਤ ਨਹੀ ਹੈ ਕਿ ਦਿਸ਼ਾ ਰਵੀ ਦੁਆਰਾ ਬਣਾਏ ਟੂਲਕਿਟ ਨੇ ਹੀ ਲੱਖਾਂ ਲੋਕਾਂ ਨੂੰ ਭੜਕਾਇਆ ਸੀ ਤੇ 26 ਜਨਵਰੀ ਨੂੰ ਦਿੱਲੀ ਵਿਚ ਹਿੰਸਾ ਕਰਨ ਲਈ ਪ੍ਰੇਰਿਆ ਸੀ। ਜੱਜ ਨੇ ਅੱਗੇ ਕਿਹਾ ਕਿ ਜਿਹੜੇ 150 ਲੋਕ 26 ਜਨਵਰੀ ਦੀ ਹਿੰਸਾ ਵਿਚ ਗ੍ਰਿਫਤਾਰ ਹੋਏ ਹਨ, ਉਹਨਾਂ ਵਿੱਚੋਂ ਕਿਸੇ ਇਕ ਨੇ ਵੀ ਇਹ ਨਹੀਂ ਕਿਹਾ ਕਿ ਉਹਨਾਂ ਨੇ ਦਿਸ਼ਾ ਦੇ ਕਹਿਣ ਤੇ ਇਹ ਟੂਲਕਿਟ ਪੜ੍ਹ ਕੇ ਹਿੰਸਾ ਕੀਤੀ ਸੀ। ਕੋਰਟ ਨੇ ਕਿਹਾ ਕਿ ਇਸ ਪੂਰੀ ਟੂਲਕਿਟ ਵਿਚ ਇਕ ਵੀ ਅਜਿਹਾ ਸ਼ਬਦ ਨਹੀਂ ਹੈ ਜਿਸ ਨੂੰ ਪੜ੍ਹ ਕੇ ਇਹ ਕਿਹਾ ਜਾਵੇ ਕਿ ਇਸ ਸ਼ਬਦ ਦੇ ਆਧਾਰ ਤੇ ਲੋਕ ਭੜਕੇ ਤੇ ਦਿੱਲੀ ਵਿਚ ਹਿੰਸਾ ਹੋਈ।
ਪੁਲਿਸ ਦਾ ਇਹ ਇਲਜ਼ਾਮ ਵੀ ਸੀ ਕਿ ਉਹ ‘ਪੋਇਟਿਕਸ ਜਸਟਿਸ ਫਾਉਂਡੇਸ਼ਨ’ ਨਾਂ ਦੀ ਸੰਸਥਾ ਨਾਲ ਜੁੜੀ ਹੋਈ ਸੀ ਤੇ ਉਸ ਨਾਲ ਗੱਲ ਕਰਦੀ ਸੀ। ਤੇ ਇਹ ਸੰਸਥਾ ਪੁਲਿਸ ਦੇ ਹਿਸਾਬ ਨਾਲ ਖਾਲਿਸਤਾਨੀ ਸੰਸਥਾ ਹੈ। ਅਦਾਲਤ ਨੇ ਕਿਹਾ ਕਿ ਐਕਟੀਵਿਸਟ ਦਿਸ਼ਾ ਰਵੀ ਅਤੇ ਪਾਬੰਦੀਸ਼ੁਦਾ ਸਿੱਖ ਸੰਗਠਨ ‘ਸਿੱਖ ਫਾਰ ਜਸਟਿਸ’ ਵਿਚਕਾਰ ਕੋਈ ਵੀ ਸਬੰਧ ਹੋਣ ਦੇ ਸਬੂਤ ਰਿਕਾਰਡ ਤੇ ਨਹੀਂ ਹਨ। ਨਾਲ ਹੀ ਇਹ ਨੁਕਤਾ ਵੀ ਉਠਾਇਆ ਹੈ ਕਿ ਦਿੱਲੀ ਪੁਲਿਸ ਨੇ ਅਜਿਹਾ ਕੋਈ ਸਬੂਤ ਨਹੀਂ ਦਿੱਤਾ ਕਿ ਸਰਕਾਰ ਨੇ ਇਸ ਸੰਸਥਾ ਤੇ ਕੋਈ ਰੋਕ ਲਗਾ ਰਖੀ ਹੈ ਜਾਂ ਇਸ ਦੇ ਖਿਲਾਫ ਕਿਸੇ ਕੋਰਟ ਵਿਚ ਕੋਈ ਕੇਸ ਚੱਲ ਰਿਹਾ ਹੈ। ਅਤੇ ਅਦਾਲਤ ਨੇ ਸਪਸ਼ਟ ਕਿਹਾ ਕਿ ਦਿਸ਼ਾ ਦਾ ‘ਪੋਇਟਿਕਸ ਜਸਟਿਸ ਫਾਉਂਡੇਸ਼ਨ’ ਨਾਲ ਗੱਲ ਕਰਨਾ, ਜਿਹੜੀ ਨਾ ਬੈਨ ਹੈ ਤੇ ਨਾ ਉਸ ਦੇ ਖਿਲਾਫ ਕਿਸੇ ਅਦਾਲਤ ਵਿਚ ਕੋਈ ਕੇਸ ਚਲ ਰਿਹਾ ਹੈ, ਦੇਸ਼ ਧਰੋਹ ਨਹੀਂ ਹੈ। ਅਦਾਲਤ ਨੇ ਕਿਹਾ ਕਿ ਰਿਕਾਰਡ ਤੇ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨਾਲ ਅਜਿਹਾ ਲਗਦਾ ਹੋਵੇ ਕਿ ਦਿਸ਼ਾ ਰਵੀ ਵੱਖਵਾਦੀ (ਦੇਸ਼ ਤੋੜਨ ਵਾਲੇ) ਵਿਚਾਰ ਰਖਦੀ ਹੋਵੇ। ਅਦਾਲਤ ਨੇ ਇਹ ਵੀ ਕਿਹਾ ਵ੍ਹਟਸਐਪ ਗਰੁੱਪ ਬਣਾਉਣ ਅਤੇ ਨੁਕਸਾਨ ਨਾ ਪਹੁੰਚਾਉਣ ਵਾਲੇ ਕਿਸੇ ਟੂਲਕਿਟ ਦਾ ਐਡਿਟਰ ਹੋਣਾ ਕੋਈ ਅਪਰਾਧ ਨਹੀਂ ਹੈ। ਸਿਰਫ ਏਨਾ ਹੀ ਨਹੀਂ, ਅਦਾਲਤ ਨੇ ਪੁਲਿਸ ਦੇ ਰਵਈਏ ਤੇ ਵੀ ਇਹ ਕਹਿ ਕੇ ਕਿੰਤੂ ਕੀਤਾ ਹੈ ਕਿ ਜਾਂਚ ਏਜੰਸੀ ਨੂੰ ਅੰਦਾਜ਼ੇ ਦੇ ਆਧਾਰ ਤੇ ਕਿਸੇ ਨਾਗਰਿਕ ਦੀ ਸੁਤੰਤਰਤਾ ਤੇ ਅੱਗੇ ਤੋਂ ਹੋਰ ਪਾਬੰਦੀ ਲਾਉਣ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇਹ ਇਲਜ਼ਾਮ ਲੱਗਾ ਸੀ ਕਿ ਇਹ ਟੂਲਕਿਟ ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਆੜ ਹੇਠ ਭਾਰਤ ਵਿਚ ਅਸ਼ਾਂਤੀ ਪੈਦਾ ਕਰਨ ਅਤੇ ਹਿੰਸਾ ਫੈਲਾਉਣ ਦੀ ਵਿਸ਼ਵ ਵਿਆਪੀ ਸਾਜ਼ਿਸ਼ ਦਾ ਹਿੱਸਾ ਸੀ।
ਦਿਸ਼ਾ ਰਵੀ ਨੂੰ ਜਮਾਨਤ ਦਿੰਦੇ ਹੋਏ ਉਸ ਦੇ ਹੱਕ ਵਿਚ ਸੁਣਾਏ ਇਸ ਫੈਸਲੇ ਨਾਲ ਗੋਦੀ ਮੀਡੀਆ ਪੂਰੀ ਤਰ੍ਹਾਂ ਸਦਮੇ ਵਿਚ ਹੈ। ਸੱਤਾ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ। ਦਿੱਲੀ ਪੁਲਿਸ ਜੋ ਇਕ ਹਫਤੇ ਤੋਂ ਲਗਾਤਾਰ ਗ੍ਰਿਫਤਾਰੀਆਂ ਕਰਦੀ ਹੋਈ ਪ੍ਰੈਸ ਕਾਨਫਰੰਸਾਂ ਕਰਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਡਰਾਮਾ ਕਰ ਰਹੀ ਸੀ, ਉਸ ਨੂੰ ਵੀ ਕਰਾਰਾ ਝਟਕਾ ਲੱਗਾ ਹੈ। ਹੁਣ ਉਸ ਨੂੰ ਵੀ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਬੰਦ ਕਰੇ। ਟਵਿੱਟਰ ਤੇ ਜਿੰਨਾਂ ਲੋਕਾਂ ਨੇ ਦਿਸ਼ਾ, ਨਿਕਿਤਾ ਤੇ ਸ਼ਾਂਤਨੂੰ ਦੇ ਖਿਲਾਫ ਮੁਹਿੰਮ ਚਲਾਈ ਅਤੇ ਦਿਸ਼ਾ ਦੇ ਖਿਲਾਫ ਨੀਚਤਾ ਭਰੇ ਅਸ਼ਲੀਲ ਅਤੇ ਅਨੈਤਿਕ ਭੰਡੀ ਪ੍ਰਚਾਰ ਕੀਤਾ ਕਿ ਉਹਨਾਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ?
ਕਨੂੰਨ ਵਿਚ ਇਹ ਵਿਵਸਥਾ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਮੁਲਜ਼ਿਮ ਨੂੰ ਮੁਜ਼ਰਿਮ ਮੰਨਣ ਤੋਂ ਪਹਿਲਾਂ ਹੀ ਜੇਕਰ ਮੀਡੀਆ, ਸੋਸ਼ਲ ਮੀਡੀਆ ਜਾਂ ਸਟੇਟ ਦੀ ਕੋਈ ਏਜੰਸੀ ਜਾਣ ਬੁੱਝ ਕੇ ਕਿਸੇ ਦਾ ਚਰਤਿਰ ਹਨਨ ਕਰਨ ਦੀ ਮੁਹਿੰਮ ਚਲਾਉਂਦੀ ਹੈ ਤਾਂ ਉਸ ਦੇ ਖਿਲਾਫਵੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਹੀ ਇਸ ਗ਼ੈਰ ਇਖਲਾਕੀ ਵਿਹਾਰ ਨੂੰ ਘਟਾਇਆ ਜਾ ਸਕਦਾ ਹੈ ਅਤੇ ਸੱਤਾ ਦੁਆਰਾ ਆਪਣੀ ਮਸ਼ੀਨਰੀ ਦੀ ਤਾਕਤ ਨਾਲ ਲੋਕ ਸੰਘਰਸ਼ਾਂ ਨੂੰ ਕੁਚਲਣ ਦੀ ਮੁਹਿੰਮ ਨੂੰ ਠੱਲ੍ਹਿਆ ਜਾ ਸਕਦਾ ਹੈ।
ਭਾਰਤੀ ਸੰਵਿਧਾਨ ਦੀ ਧਾਰਾ 19 ਮੁਤਾਬਕ ਮਿਲੀ ‘ਵਿਚਾਰ ਪ੍ਰਗਟਾਵੇ ਦੀ ਆਜ਼ਾਦੀ’ ਹਰ ਭਾਰਤੀ ਦਾ ਬੁਨਿਆਦੀ ਹੱਕ ਹੈ। ਦਿਸ਼ਾ ਰਵੀ ਨੂੰ ਜਮਾਨਤ ਦੇਣ ਵਾਲੇ ਜੱਜ ਧਰਮੇਂਦਰ ਰਾਣਾ ਦੇ ਇਹ ਸ਼ਬਦ ਸਾਰਿਆਂ ਨੂੰ ਸੁਣਨੇ ਚਾਹੀਦੇ ਹਨ :
“ਸੰਵਿਧਾਨ ਦੇ ਆਰਟੀਕਲ 19 ਵਿਚ ਅਸਹਿਮਤੀ ਦੇ ਅਧਿਕਾਰ ਨੂੰ ਮਜ਼ਬੂਤੀ ਨਾਲ ਜੋੜਿਆ ਗਿਆ ਹੈ। ਮੇਰੇ ਵਿਚਾਰ ਵਿਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਵਿਚ ਦੁਨੀਆ ਭਰ ਦੇ ਸ਼ਰੋਤਿਆਂ ਨੂੰ ਆਕਰਸ਼ਿਤ ਕਰਨ ਦਾ ਅਧਿਕਾਰ ਵੀ ਸ਼ਾਮਿਲ ਹੈ। ਸੰਚਾਰ ਤੇ ਕੋਈ ਵੀ ਭੂਗੋਲਿਕ ਬੰਦਿਸ਼ ਨਹੀਂ ਹੈ। ਇਕ ਨਾਗਰਿਕ ਦਾ ਮੌਲਿਕ ਅਧਿਕਾਰ ਬਣਦਾ ਹੈ ਕਿ ਉਹ ਦੇਸ਼ ਦੇ ਬਹਾਰ ਸ਼ਰੋਤਿਆਂ ਤੱਕ ਪਹੁੰਚਣ ਲਈ ਸੰਚਾਰ ਨੂੰ ਯਕੀਨੀ ਬਣਾਉਣ ਅਤੇ ਗ੍ਰਹਿਣ ਕਰਨ ਦੇ ਸਰਵ ਉੱਤਮ ਸਾਧਨਾਂ ਦਾ ਇਸਤੇਮਾਲ ਕਰੇ, ਬਸ਼ਰਤੇ ਕਿ ਉਹ ਕਨੂੰਨ ਦੇ ਦਾਇਰੇ ਵਿਚ ਹੋਣ”।
ਇਸ ਟਿੱਪਣੀ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅੱਜ ਦੇ ਗਲੋਬਲ ਸੰਸਾਰ ਵਿਚ ਅਸਹਿਮਤੀ ਅਤੇ ਵਿਰੋਧ ਦਾ ਦਾਇਰਾ ਵੀ ਗਲੋਬਲ ਹੋਵੇਗਾ। ਦੇਸ਼ ਦੇ ਬਾਹਰ ਹੋਵੇ ਹਾਂ ਅੰਦਰ, ਸੱਤਾ ਦੀ ਆਲੋਚਨਾ ਕਰਨ ਦਾ ਮਤਲਬ ਦੇਸ਼ ਦੀ ਆਲੋਚਨਾ ਕਰਨਾ ਕਦਾਚਿਤ ਨਹੀਂ ਹੁੰਦਾ। ਸੱਤਾ ਅਤੇ ਦੇਸ਼ ਨੂੰ ਆਪਸ ਵਿਚ ਨਿਖੇੜਨਾ ਬਹੁਤ ਜ਼ਰੂਰੀ ਹੈ। ਦੇਸ਼ ਸੱਤਾ ਤੋਂ ਬਹੁਤ ਵੱਡੀ ਚੀਜ਼ ਹੁੰਦਾ ਹੈ। ਸੱਤਾ ਭਗਤੀ ਤੇ ਦੇਸ਼ ਭਗਤੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਇਸ ਲਈ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਸੱਤਾ ਦੇ ਇਸ ਕਿਰਦਾਰ ਨੂੰ ਸਮਝੇ..ਦੇਸ਼ ਨੂੰ ਪਿਆਰ ਕਰੇ ਪਰ ਸੱਤਾ ਦੀਆਂ ਨਲਾਇਕੀਆਂ ਤੇ ਸਾਜ਼ਿਸ਼ਾਂ ਦਾ ਪਰਦਾਫਾਸ ਕਰੇ। ਇਨਸਾਨੀਅਤ ਦੇ ਰਿਸਤੇ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ। ਦੁਨੀਆਂ ਵਿਚ ਕਿਤੇ ਵੀ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਡਟ ਕੇ ਬੋਲੋ, ਲਿਖੋ, ਨਾਲ ਖੜ੍ਹੋ ਅਤੇ ਲੜੋ। ਕਿਉਂਕਿ ਜੇਕਰ ਅੱਜ ਤੁਸੀਂ ਉਸ ਦੇ ਨਾਲ ਨਾ ਖੜ੍ਹੇ ਤਾਂ ਕੱਲ੍ਹ ਨੂੰ ਤੁਹਾਡੇ ਨਾਲ ਖੜ੍ਹਨ ਵਾਲਾ ਕੋਈ ਨਹੀਂ ਹੋਵੇਗਾ। ਇਹੀ ਹਰ ਦੌਰ ਦੀ ਸੱਤਾ ਚਾਹੁੰਦੀ ਹੈ। ਇਸ ਲਈ ਜੇਕਰ ਜਿਉਂਦੇ ਹੋ ਤਾਂ ਬੋਲੋ। -

ਸ਼ਹੀਦ ਭਗਤ ਸਿੰਘ ਦੀ ਨਜ਼ਰ ‘ਚ : ਕਿਸਾਨ ਮਸਲੇ ਤੇ ਨੌਜਵਾਨਾਂ ਦੇ ਫਰਜ਼
ਜਗਮੋਹਨ ਸਿੰਘ (ਪ੍ਰੋ.)
ਅੰਗਰੇਜ਼ ਬਸਤੀਵਾਦ ਤੋਂ ਮੁਕਤੀ ਦੀ ਲੜਾਈ ਵਿਚ ਕਿਰਸਾਨੀ ਦਾ ਮੁੱਦਾ ਬਹੁਤ ਅਹਿਮ ਰਿਹਾ ਹੈ। ਬਸਤੀਵਾਦ ਦੀ ਨੀਤੀ ਵੀ ਇਹ ਸੀ ਕਿ ਮਿਹਨਤੀ ਜਨਤਾ ਨੂੰ ਕਮਜੋਰ ਰਖਿਆ ਜਾਵੇ ਤੇ ਇਸ ਨਿਰਬਲਤਾ ਨੂੰ ਬਣਾਏ ਰੱਖਣ ਲਈ ਉਹਨਾਂ ਨੂੰ ਮਿਹਨਤ ਦੇ ਵਸੀਲ਼ਿਆਂ ਤੋਂ ਵਾਂਝੇ ਕਰਨ ਦੀਆਂ ਨੀਤੀਆਂ ਅਪਨਾਈਆਂ ਜਾਣ। ਇਸ ਨੂੰ ਸ਼ਹੀਦ ਭਗਤ ਸਿੰਘ ਨੇ ਆਦਮੀ ਹੱਥੋਂ ਆਦਮੀ ਦੀ ਲੁੱਟ ਕਿਹਾ ਸੀ।
ਇਸੇ ਕਰਕੇ 1907 ਦੀ ‘ਪੱਗੜੀ ਸੰਭਾਲ ਜੱਟਾ ਲਹਿਰ’, ਜਿਸ ਦੀ ਅਗਵਾਈ ਕਰਦਿਆਂ ਸਰਦਾਰ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦ, ਲਾਲ ਚੰਦ ਫਲਕ ਤੇ ਸਾਥੀਆਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਜਿੱਤ ਪ੍ਰਾਪਤ ਕੀਤੀ ਸੀ, ਪਰ ਉਸ ਦੇ ਨਾਲ ਹੀ ਪੂਰਣ ਤੌਰ ‘ਤੇ ਆਪਣੀ ਹੋਣੀ ਦੇ ਮਾਲਕ ਆਪ ਬਨਣ; ਲਈ ਉਨ੍ਹਾਂ ਨੇ ਦੋ ਅਹਿਮ ਸੂਤਰ ਵੀ ਦਿੱਤੇ ਸਨ। ਜਦ ਤਿਲਕ, ਜੋ ਉਸ ਵਕਤ ਵੱਡੇ ਲੀਡਰ ਸਨ, ਨੇ ਉਹਨਾਂ ਨੂੰ ਤਾਜ ਦੇ ਕੇ ਸਨਮਾਨਿਤ ਕੀਤਾ ਤਾਂ ਉਸ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਸੀ, ”ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀ ਮੈਨੂੰ ਕਹਿਣਾ ਚਾਹੁੰਦੇ ਹੋ ਕਿ ਅਸੀਂ (ਨੌਜਵਾਨ) ਆਪਣੇ ਦਿਮਾਗ ਤੇ ਜੋਸ਼ ਨੂੰ ਸੰਭਾਲ ਕੇ ਰੱਖੀਏ, ਕਿਉਂਕਿ ਪੱਗੜੀ, ਟੋਪੀ ਤੇ ਤਾਜ਼ ਸਿਰ ਨੂੰ ਸੰਭਾਲਣ ਲਈ ਹੁੰਦੇ ਹਨ। ਸਾਡੇ ਦੇਸ਼ ਵਿਚ ਹੁੱਕੇ ਦੀ ਚਿਲਮ ਨੂੰ ਵੀ ਟੋਪੀ ਕਿਹਾ ਜਾਂਦਾ ਹੈ, ਜਿਸ ਦਾ ਕੰਮ ਅੱਗ ਨੂੰ ਆਪਣੇ ਅੰਦਰ ਸੰਭਾਲਣ ਦਾ ਹੁੰਦਾ ਹੈ, ਇਸ ਕਰਕੇ ਸਾਨੂੰ ਕੌਮੀ ਅੱਗ (ਸਪਿਰਟ) ਨੂੰ ਸੰਭਾਲ ਕੇ ਰੱਖਣਾ ਤੇ ਭੜਕਣ ਤੋਂ ਬਚਾਉਣਾ ਚਾਹੀਦਾ ਹੈ। ਟੋਪੀ ਰਾਇਫਲ ਨਾਲ ਵੀ ਸਬੰਧਤ ਹੈ। ਜਿਸ ਰਾਹੀਂ ਰਾਇਫਲ ਦੀ ਤਾਕਤ ਵੀ ਮਹਿਫੂਜ਼ ਹੁੰਦੀ ਹੈ ਤਾਂ ਕਿ ਵਕਤ ਪੈਣ ਸਮੇਂ ਵਰਤੀ ਜਾ ਸਕੇ। ਇਸ ਕਰਕੇ ਕੌਮੀ ਤਾਕਤ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਕਿ ਵਿਦੇਸ਼ੀ ਸਲਾਭਾ ਇਸ ਵਿਚ ਆਲਸ ਨਾ ਪੈਦਾ ਕਰ ਸਕੇ ਅਤੇ ਵਕਤ ਪੈਣ ਤੇ ਇਸਤੇਮਾਲ ਲਈ ਤਿਆਰ ਰਹੇ। ਪੱਗੜੀਆਂ ਤੇ ਟੋਪੀਆਂ ਦਾ ਅਸਲ ਕੰਮ ਸਾਡੇ ਦਿਮਾਗ, ਸਾਡੀ ਕੌਮੀ ਸਪਿਰਟ, ਜਵਾਨੀ ਦੀ ਤਾਕਤ ਨੂੰ ਸੰਭਾਲਣਾ ਹੋਣਾ ਚਾਹੀਦਾ ਹੈ ਤਾਂ ਕਿ ਵਕਤ ਪੈਣ ‘ਤੇ ਇਸਤੇਮਾਲ ਕੀਤਾ ਜਾ ਸਕੇ।”
ਇਸ ਸੁਨੇਹੇ ਨੂੰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਖੂਬ ਸਮਝਿਆ ਤੇ ਕਾਮਯਾਬ ਤੱਕ ਕਰ ਦਿਖਾਇਆ। ਭਗਤ ਸਿੰਘ ਨੇ ਇਸ ਸੁਨੇਹੇ ਨੂੰ ਆਤਮਸਾਤ ਕੀਤਾ ਤੇ ਇਸੇ ਲਈ ਉਨ੍ਹਾਂ ਨੇ ਵੀ ਲਿਖਿਆ ਕਿ ”ਨੌਜਵਾਨਾਂ ਨੂੰ ਜੋਸ਼ ਤੇ ਹੋਸ਼ ਨੂੰ ਕਾਇਮ ਰੱਖਣਾ ਚਾਹੀਦਾ ਹੈ।” ਭਗਤ ਸਿੰਘ ਨੇ ਇਹ ਵੀ ਕਰਕੇ ਦਿਖਾਇਆ ਕਿ ਹੋਸ਼ ਦਾ ਭਾਵ ਕੀ ਹੁੰਦਾ ਹੈ। ਉਹਨਾਂ ਨੂੰ ਗਹੁ ਨਾਲ ਜਾਣਿਆਂ ਪਤਾ ਚਲਦਾ ਹੈ ਕਿ ਉਹਨਾਂ ਨੇ ਪਹਿਲਾਂ ਸਿਸਟਮ ਨੂੰ ਖੂਬ ਸਮਝਣ ਲਈ ਸਾਹਿਤ, ਵਿਗਿਆਨਕ ਸੋਚ ਨਾਲ ਹਾਲਾਤਾਂ ਦਾ ਨਰੀਖਣ ਕਰਨ ਅਤੇ ਇਤਿਹਾਸ ਨੂੰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸ ਸਮੇਂ ਦੇ ਸਿਸਟਮ ਦੀਆਂ ਕਮਜੋਰੀਆਂ ਨੂੰ ਚੈਲੰਜ ਕੀਤਾ ਜਾ ਸਕੇ ਅਤੇ ਇਕ ਬਦਲ ਵੀ ਖੜ੍ਹਾ ਕੀਤਾ ਜਾ ਸਕੇ। ਇਸ ਲਈ ਇਹ ਗਲ ਸਮਝਣ ਦੀ ਲੋੜ ਹੈ ਕਿ ਭਗਤ ਸਿੰਘ ਆਪਣੇ ਸਾਥੀ ਬੀ.ਕੇ.ਦੱਤ ਨਾਲ ਅੰਗਰੇਜ ਸਾਮਰਾਜ ਦੇ ਕਿਲ੍ਹੇ ਵਿਚ ਬੇਧੱੜਕ ਹੋ ਕੇ ਧਮਾਕੇਦਾਰ ਅਵਾਜ ਨਾਲ ਚੈਲੰਜ ਕਰਨ ਲਈ ਜਾ ਵੜੇ ਅਤੇ ਫਿਰ ਆਪਣੀ ਦਲੀਲ ਤੇ ਹੌਂਸਲੇ ਨਾਲ ਅੰਗਰੇਜ ਬਸਤੀਵਾਦ ਦੇ ਸਾਰੇ ਅਦਾਰਿਆਂ ਦੇ ਲੋਕ ਵਿਰੋਧੀ ਤੇ ਜ਼ੁਲਮੀ ਚਿਹਰੇ ਨੂੰ ਆਪਣੇ ਸਰੀਰਾਂ ‘ਤੇ ਬੇਮਿਸਾਲ ਦੁਖ ਝਲ ਕੇ ਨੰਗਾ ਹੀ ਨਹੀਂ ਕੀਤਾ ਬਲਕਿ ਲੋਕਾਂ ਵਿਚੋਂ ਢਾਂਚੇ ਪ੍ਰਤੀ ਵਿਸ਼ਵਾਸ ਨੂੰ ਖਤਮ ਕਰ ਦਿੱਤਾ। ਇਸੇ ਦਾ ਅਸਰ ਸੀ ਕਿ ਉਹਨਾਂ ਦੀ ਫਾਂਸੀ ਤੋਂ ਬਾਅਦ ਲੋਕ ਲਹਿਰਾਂ ਹੋਰ ਪ੍ਰਚੰਡ ਤੇ ਬੇਧੜਕ ਹੁੰਦੀਆਂ ਗਈਆਂ ਅਤੇ ਬਸਤੀਵਾਦ ਦਾ ਸਿੱਧਾ ਰਾਜ ਖਤਮ ਹੋ ਗਿਆ।
ਉਹਨਾਂ ਦੇ ਸਾਥੀਆਂ ਦੀਆਂ ਕੁਰਬਾਨੀਆਂ ਨੇ ਉਹਨਾਂ ਦੇ ਜੇਲ੍ਹ ਵਿਚ ਹੁੰਦੇ ਹੋਏ ਹੀ “ਸੰਪੂਰਣ ਅਜ਼ਾਦੀ ਦਾ ਮਤਾ” ਵੱਡੇ ਲੀਡਰਾਂ ਦੇ ਨਾਂਹ ਨੁਕਰ ਕਰਦੇ ਹੋਏ ਵੀ 26 ਜਨਵਰੀ 1930 ਨੂੰ ਪਾਸ ਹੋ ਗਿਆ। ਪਰ ਭਗਤ ਸਿੰਘ ਤੇ ਸਾਥੀਆਂ ਨੇ ਉਸ ਤੋਂ ਅਗਲਾ ਅਹਿਮ ਸਵਾਲ ਇਹ ਕੀਤਾ ਕਿ ”ਮਤਾ ਤਾਂ ਠੀਕ ਹੈ ਪਰ ਇਸ ਨਾਲ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕੀ ਹੋਵੇਗਾ ਜਾਂ ਇਵੇਂ ਕਹਿ ਲਈਏ ਕਿ ਲੋਕਾਂ ਦੇ ਪੱਲੇ ਕੀ ਪਾਵੇਗਾ?”
ਇਸ ਸਵਾਲ ਨੂੰ ਲੈ ਕੇ ਉਹਨਾਂ ਨੇ 2 ਫਰਵਰੀ 1931 ਨੂੰ ਫਾਂਸੀ ਕੋਠੜੀ ਵਿਚੋਂ ਲੰਬਾ ਰਾਜਨੀਤਕ ਖਰੜਾ ਲਿਖਦੇ ਹੋਏ ਸਮਝਾਇਆ ਕਿ ਮੌਜੂਦਾ ਹਾਲਾਤ ਨੂੰ ਕਿਵੇਂ ਆਂਕਿਆ ਜਾਵੇ। ਉਹਨਾਂ ਨੇ ਲਿਖਿਆ ਕਿ “ਵਿਸ਼ਲੇਸ਼ਨ ਇਸ ਕਰਕੇ ਨਹੀਂ ਕੀਤਾ ਜਾਂਦਾ ਕਿ ਪ੍ਰਾਪਤੀਆਂ ਤੇ ਖੁਸ਼ੀ ਮਨਾਈ ਜਾਵੇ ਸਗੋਂ ਇਸ ਲਈ ਹੁੰਦਾ ਹੈ ਕਿ ਜਨਤਾ ਨੂੰ ਚੇਤੰਨ ਕੀਤਾ ਜਾ ਸਕੇ ਅਤੇ ਆਉਣ ਵਾਲੀ ਜੱਦੋ ਜਹਿਦ ਲਈ ਤਿਆਰ ਕੀਤਾ ਜਾ ਸਕੇ। ਸਾਡੇ ਲਈ ਸਮਝੌਤਾ ਗੋਡੇ ਟੇਕਣਾ ਨਹੀਂ ਸਗੋਂ ਇਕ ਕਦਮ ਅਗੇ ਤੇ ਫਿਰ ਕੁਝ ਆਰਾਮ । ਪਰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਾ ਇਸ ਤੋਂ ਵਧ ਹੋਰ ਕੁਝ ਨਹੀਂ ਹੈ । ਆਖਰੀ ਮੰਤਵ ਤੇ ਆਖਰੀ ਆਰਾਮ ਦੀ ਥਾਂ ਨਹੀਂ ਹੈ।
ਭਗਤ ਸਿੰਘ ਨੇ ਅੱਗੇ ਇਹ ਵੀ ਕਿਹਾ ਕਿ ਜਨਤਾ ਨੂੰ ਆਪਣੀ ਹੋਣੀ ਦੇ ਮਾਲਕ ਬਣਨ ਲਈ “ਇਕ ਦਮ ਅਸੰਗਠਿਤ ਜਾਂ ਸੁੱਤੇ ਸਿੱਧ ਤਬਦੀਲ਼ੀ ਦੇ ਬਿਲਕੁਲ ਉਲਟ, ਜਥੇਬੰਦ ਅਤੇ ਸਿਲਸਲੇਵਾਰ ਕੰਮ ਰਾਹੀਂ ਸੋਚੀ ਸਮਝੀ ਤਬਦੀਲੀ ਲਿਆਉਣ ਵੱਲ ਵੱਧਣਾ ਚਾਹੀਦਾ ਹੈ।”
ਇਸ ਲਈ ਕਿਸੇ ਹੋਰ ਲਿਖਤ ਵਿਚ ਉਨ੍ਹਾਂ ਕਿਹਾ ਸੀ ਕਿ ਨੌਜਵਾਨਾਂ ਨੂੰ ਇਕ ਤੀਹਰਾ ਅਸੂਲ਼ ਅਪਨਾ ਕੇ ਕੰਮ ਕਰਨਾ ਚਾਹੀਦਾ ਹੈ, ”ਨੌਜਵਾਨਾਂ ਨੂੰ ਸੱਚੇ ਦਿਲੋਂ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਣ ਤੇ ਕੁਰਬਾਨੀ ਦਾ ਤੀਹਰਾ ਆਦਰਸ਼ ਅਪਨਾਉਣਾ ਚਾਹੀਦਾ ਹੈ।” ਜਿਸ ਦੀ ਮਿਸਾਲ ਉਹਨਾਂ ਨੇ ਖੁਦ ਵੀ ਅਤੇ ਉਹਨਾਂ ਦੇ ਸਾਥੀਆਂ ਨੇ ਸਾਡੇ ਸਾਹਮਣੇ ਪੇਸ਼ ਕੀਤੀ।
ਉਹਨਾਂ ਨੇ ਇਹ ਵੀ ਕਿਹਾ ਸੀ ਕਿ ‘ਨੌਜਵਾਨਾਂ ਨੂੰ ਆਪਣੇ ਅੰਦਰ ਸ਼ਕਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ।” ਇਸ ਲਈ ਉਹਨਾਂ ਦੀ ਸਲਾਹ ਵੀ ਹੈ ਕਿ ਮਜ੍ਹਬ, ਵਹਿਮ ਅਤੇ ਧਾਰਮਿਕ ਕੱਟੜਪੱਖਤਾ ਨੂੰ ਪਰ੍ਹਾਂ ਵਗਾਹ ਮਾਰਕੇ, ਜਾਤੀ ਹੰਕਾਰ ਤੋਂ ਮੁਕਤ ਹੋ ਕੇ ਇਕ ਇਨਕਲਾਬੀ ਜਜ਼ਬੇ ਨਾਲ ਲਬਰੇਜ਼ ਰਹਿਕੇ ਹੀ ਭਵਿੱਖ ਦਾ ਸਮਾਜ ਉਸਾਰਿਆ ਜਾ ਸਕਦਾ ਹੈ।
ਉਹਨਾਂ ਇਕ ਹੋਰ ਲੇਖ ਵਿਚ ਜਨਤਾ ਵਿਚ ਧਰਮ ਦੇ ਪ੍ਰਸ਼ਨ ਨੂੰ ਕਿਵੇਂ ਮੁਖਾਤਿਬ ਹੋਣਾ ਹੈ ਸਬੰਧੀ ਕਿਹਾ ਸੀ ਕਿ ਮਜ਼ਹਬ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ। ਇਕ ਧਰਮ ਦਾ ਧੁਰਾ, ਜੋ ਉਸ ਦਾ ਜਰੂਰੀ ਹਿੱਸਾ ਹੈ, ਉਹ ਹੈ ਸੱਚ ਬੋਲਣਾ, ਗਰੀਬਾਂ ਦੀ ਮਦਦ ਕਰਨਾ, ਪਿਆਰ ਨਾਲ ਰਹਿਣਾ, ਜੂਏਬਾਜੀ ਯਾਨੀ ਪੇਸੈ ਨਾਲ ਪੈਸਾ ਨਾ ਠੱਗਣਾ ਆਦਿ । ਇਹ ਸਮਾਜ ਲਈ ਜਰੂਰੀ ਵੀ ਹਨ।
ਪਰ ਅਸਲ ਸਮਾਜੀ ਝਗੜੇ ਦਾ ਕਾਰਣ ਵੱਖਰੇ ਵੱਖਰੇ ਰਸਮੋਂ ਰਿਵਾਜ ਹਨ ਅਤੇ ਉਨਾਂ ਪ੍ਰਤੀ ਕੱਟੜਤਾ ਹੈ। ਅਗਰ ਧਰਮ ਦੇ ਪਹਿਲੇ ਮੂਲ ਅਧਾਰ ਨੂੰ ਮੰਨ ਕੇ ਚੱਲਿਆ ਜਾਵੇ ਤਾਂ ਸਮਾਜ ਅੱਗੇ ਵਧੇਗਾ।
ਖੈਰ ਉਹਨਾਂ ਨੇ ਇਹ ਸੁਝਾਅ ਦਿੱਤਾ ਕਿ ਸਾਡੀ ਲੜਾਈ ਦੁਵੱਲੀ ਹੁੰਦੀ ਹੈ; ਇਕ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਜਿਸ ਦਾ ਫਾਇਦਾ ਖੁਦਗਰਜ ਲੋਕ ਅਤੇ ਸਾਡੇ ਦੁਸ਼ਮਣ ਉਠਾਉਂਦੇ ਹਨ। ਦੂਸਰੀ ਵਿਦੇਸ਼ੀ ਦੁਸ਼ਮਨਾਂ ਦੀਆਂ ਨੀਤੀਆਂ ਦੇ ਖਿਲਾਫ।
ਨੌਜਵਾਨ ਪੁੱਛ ਸਕਦੇ ਹਨ ਕਿ ਵਿਦੇਸ਼ੀ ਦੁਸ਼ਮਣ ਹੁਣ ਕੌਣ ਹੈ? ਇਸ ਲਈ ਇਹ ਜਾਨਣਾ ਜਰੂਰੀ ਹੈ ਕਿ ਕਿਵੇਂ ਕਰਜ਼ੇ ਦੇ ਤੰਤਰ ਰਾਹੀਂ ਅੱਜ ਦੇ ਨਵਉਦਾਰਵਾਦੀ ਯੁੱਗ ਵਿਚ ਦੇਸ਼ਾਂ ਨੂੰ ਆਪਣੀ ਹੀ ਜਨਤਾ ਵਿਰੁੱਧ ਨੀਤੀਆਂ ਅਪਨਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਤੇ ਕਿਵੇਂ ਸਾਡੀਆਂ ਸਰਕਾਰਾਂ ਜਨਤਾ ਦੀਆਂ ਹਿਤੈਸ਼ੀ ਹੋਣ ਦਾ ਭਰਮ ਖੜ੍ਹਾ ਕਰਕੇ ਅਸਲ ਵਿਚ ਇਹਨਾਂ ਵਿਦੇਸ਼ੀ ਤਾਕਤਾਂ ਦੀ ਮਦਦ ਕਰਦੀਆਂ ਹਨ।
ਇਸ ਹੀ ਕਿਰਦਾਰ ਵਿਚੋਂ ਹੋਈ ਹੈ ਅੱਜ ਦੇ ਕਿਰਸਾਨੀ ਵਿਰੋਧੀ ਕਾਨੂੰਨਾ ਦੀ ਉਪਜ ਜੋ ਅਸਲ ਵਿਚ ਪੂਰੇ ਖੁਰਾਕ ਪ੍ਰਬੰਧ ਨੂੰ ਸਿੱਧੇ ਕਾਰਪੋਰੇਟ, (ਦੇਸੀ ਤੇ ਵਿਦੇਸ਼ੀ) ਦੇ ਹਵਾਲੇ ਕਰਨ ਦੀ ਸਾਜਿਸ਼ ਹੈ। ਇਹ ਵਰਤਾਰਾ ਦੱਖਣੀ ਅਮਰੀਕਾ ਦੇ ਦੇਸ਼ਾਂ ਮੈਕਸੀਕੋ, ਬ੍ਰਾਜ਼ੀਲ, ਅਰਜਨਟਾਇਨਾ, ਚਿੱਲੀ ਆਦਿ ਦੇਸ਼ਾਂ ਤੇ ਅਫਰੀਕਾ ਦੇ ਬਹੁਤ ਦੇਸ਼ਾਂ ਵਿੱਚ ਸਪੱਸ਼ਟ ਦੇਖਿਆ ਜਾ ਸਕਦਾ ਹੈ।
ਭਗਤ ਸਿੰਘ ਤੇ ਬੀ.ਕੇ. ਦੱਤ ਨੇ ਅਸੈਂਬਲੀ ਵਿਚ ਜਾ ਕਿ ਕਿਹਾ ਸੀ ਕਿ ਅਸੀਂ ਇਕ ਨਾਹਰਾ ਸਮਝਾਉਣ ਲਈ ਆਪਣੀ ਜ਼ਿੰਦਗੀ ਨੂੰ ਇਸ ਬਲੀਵੇਦੀ ਤੇ ਭੇਂਟ ਕਰਨ ਲਈ ਲਿਆਏ ਹਾਂ ਉਹ ਸੰਪੂਰਣ ਨਾਹਰਾ ਹੈ, “ਸਾਮਰਾਜ ਮੁਰਦਾਬਾਦ-ਇਨਕਲਾਬ ਜਿੰਦਾਬਾਦ!” ਜੋ ਗ਼ਦਰ ਪਾਰਟੀ ਨੇ ਆਪਣੇ ਅੰਤਰਰਾਸ਼ਟਰੀ ਤਜ਼ਰਬੇ ਵਿਚੋਂ ਸਮਝਾਇਆ ਸੀ ਕਿ ਅਸਲ ਆਜ਼ਾਦੀ ਦੀ ਲੜਾਈ ਇਕ ਅਜੇਹੇ ਅੰਤਰਾਸ਼ਟਰੀ ਪ੍ਰਬੰਧ ਖ਼ਿਲਾਫ ਹੈ ਜੋ ਬਸਤੀਵਾਦ ਨੂੰ ਚਲਾ ਰਿਹਾ ਹੈ। ਜਿਸ ਤੋਂ ਸਮਝਦਾਰੀ ਲੈਂਦੇ ਭਗਤ ਸਿੰਘ ਤੇ ਸਾਥੀਆਂ ਨੇ ਇਸ ਦਵੰਦਵਾਦੀ ਨਾਹਰੇ ਨੂੰ ਪੇਸ਼ ਕੀਤਾ। ਸਪੱਸ਼ਟ ਸ਼ਬਦਾਂ ਵਿਚ ਕਿ ਇਕ ਅੰਤਰਰਾਸ਼ਟਰੀ ਲੁੱਟਤੰਤਰ ਨੂੰ ਕਾਬੂ ਕੀਤੇ ਬਗੈਰ ਜਨਤਾ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਨਹੀਂ ਆ ਸਕਦੀ। ਇਸ ਲਈ ਅੰਗਰੇਜ਼ ਰਾਜ ਦੇ ਸਿੱਧੇ ਰਾਜ ਦੇ ਖਾਤਮੇਂ ਬਾਅਦ ਅਸੀਂ ਅੱਧਾ ਸਬਕ ਹੀ ਯਾਦ ਰੱਖਿਆ ਜਿਸ ਕਰਕੇ ਸਾਮਰਾਜਵਾਦ ਦਾ ਨਵਾਂ ਭੂਤ, ਨਵਉਦਾਰਵਾਦ ਨੇ ਕਦੋਂ ਸਾਡੇ ‘ਤੇ ਇਕ ਪਰਜੀਵੀ ਵਾਂਗ ਹਮਲਾ ਕਰ ਦਿੱਤਾ ਇਹ ਸਮਝਣ ਵਿਚ ਸਾਨੂੰ ਦੇਰ ਲੱਗ ਗਈ। ਪਰ ਇਸ ਕਿਰਸਾਨੀ ਦੀ ਵਿਸ਼ਾਲ ਲਹਿਰ ਨੇ ਉਹ ਸਭ ਕੁੱਝ ਸਮਝਣ ਵਿਚ ਇਕ ਵੱਡੀ ਭੂਮਿਕਾ ਨਿਭਾਈ ਹੈ। ਇਕ ਸਮਾਜੀ ਸਮਝਦਾਰੀ ਦਾ ਪ੍ਰਸਾਰ ਹੋਇਆ ਹੈ।
ਫਾਂਸੀ ਕੋਠੜੀ ਵਿਚ ਬੈਠੇ ਭਗਤ ਸਿੰਘ 2 ਫਰਵਰੀ ਨੂੰ ਇਕ ਰਾਜਨੀਤਕ ਪ੍ਰੋਗਰਾਮ ਲਿਖ ਰਹੇ ਸਨ ਤਾਂ ਕਿ ਸੰਪੂਰਣ ਆਜ਼ਾਦੀ ਦਾ ਫਲ ਜਨਤਾ ਤਕ ਪੁਹੰਚ ਸਕੇ।
ਉਹਨਾਂ ਲਿਖਿਆ ਕਿ ਬੁਨਿਆਦੀ ਕੰਮ ਇਹ ਹੈ ਕਿ ”ਜਨਤਾ ਨੂੰ ਜੂਝਾਰੂ ਕੰਮ ਲਈ ਤਿਆਰ ਕਰਣ ਲਈ ਲਾਮਬੰਦ ਕੀਤਾ ਜਾਵੇ। ਸਾਨੂੰ ਅੰਧ ਵਿਸ਼ਵਾਸ਼ਾਂ, ਜਜ਼ਬਾਤਾਂ, ਧਾਰਮਿਕਤਾ ਜਾਂ ਉਦਾਸੀਨਤਾ ਦੇ ਆਦਰਸ਼ਾਂ ਨਾਲ ਖੇਡਣ ਦੀ ਲੋੜ ਨਹੀਂ ਹੈ। ਸਾਡੇ ਉਹਨਾਂ ਨਾਲ ਅੱਧੇ-ਅਧੂਰੇ ਵਾਅਦੇ ਨਹੀਂ ਹੋਣਗੇ। ਉਹ ਸੰਪੂਰਣ ਤੇ ਠੋਸ ਹੋਣਗੇ ਅਤੇ ਇਮਾਨਦਾਰੀ ਨਾਲ ਸਪੱਸ਼ਟ ਗੱਲ ਕਰਾਂਗੇ। ਅਸੀ ਕਦੀਂ ਵੀ ਉਸਦੇ ਮਨ ਵਿਚ ਭਰਮਾਂ ਦਾ ਜਮਘਟਾ ਖੜ੍ਹਾ ਨਹੀਂ ਹੋਣ ਦਿਆਂਗੇ।” ਇਸ ਲਈ ਸਪੱਸ਼ਟ ਉਦੇਸ਼ ਉਹਨਾਂ ਨੇ ਇਸ ਤਰ੍ਹਾਂ ਰੱਖੇ। “ਜਗੀਰਦਾਰੀ (ਯਾਨੀ ਜਮੀਨ ਤੇ ਅਜ਼ਾਰੇਦਾਰੀ) ਦਾ ਖਾਤਮਾ ਅਤੇ ਕਿਸਾਨਾਂ ਦੇ ਕਰਜ਼ੇ ਖਤਮ ਕਰਨਾ, ਰਹਿਣ ਲਈ ਘਰ ਦੀ ਗਰੰਟੀ, ਕਿਰਸਾਨੀ ਤੋਂ ਲਏ ਜਾਂਦੇ ਖਰਚੇ ਖਤਮ ਕਰ ਕੇ ਇਕਹਿਰਾ ਜਮੀਨੀ ਟੈਕਸ ਲਾਉਣਾ, ਹਰ ਬੱਚੇ ਲਈ ਮੁਫਤ ਤੇ ਆਮ ਵਿੱਦਿਆ ਮੁਹੱਈਆ ਕਰਨਾ।”
ਇਸ ਕਿਰਸਾਨੀ ਲਹਿਰ ਨੇ ਉਸ ਭਗਤ ਸਿੰਘ ਦੇ ਰੁਕੇ ਕੰਮ ਨੂੰ ਕਿਸੇ ਹੱਦ ਤੱਕ ਅੱਗੇ ਵਧਾਉਣ ਦਾ ਕੰਮ ਹੀ ਤਾਂ ਕੀਤਾ ਹੈ। ਇਸ ਲਹਿਰ ਨੇ ਇਕ ਇਤਿਹਾਸਕ ਭੁਮਿਕਾ ਤਾਂ ਪਾਰ ਕਰ ਲਈ ਹੈ ਕਿ ਸਮਾਜ ਵਿਚ ਕਿਰਸਾਨੀ ਨੂੰ ਇਕ ਵਰਗ ਦੇ ਤੌਰ ‘ਤੇ ਸਥਾਪਿਤ ਕਰਕੇ ਇਕ ਜਨਤਕ ਸਭਿਆਚਾਰ ਨੂੰ ਸਥਾਪਿਤ ਕੀਤਾ ਹੈ ਅਤੇ ਇਸ ਨੂੰ ਮਨਹੂਸ ਹਿੰਦੂਤਵੀ ਸਭਿਆਚਾਰ ਦੇ ਨਫਰਤ ਤੇ ਵੈਰ ਵਿਰੋਧ ਤੇ ਸਮਾਜੀ ਹਿੰਸਾ ਨੂੰ ਪ੍ਰਚਾਰ ਕੇ ਕਾਰਪੋਰੇਟੀ ਲੁੱਟ ਨੂੰ ਠੋਸਣ ਦੀ ਭੂਮਿਕਾ ਨੂੰ ਨੰਗਿਆਂ ਕਰ ਦਿੱਤਾ ਹੈ।
ਅੱਜ ਦੀ ਇਸ ਲਹਿਰ ਨੂੰ ਉਸ ਜਨਤਕ ਸੈਲਾਬ ਵਾਂਗ ਦੇਖਿਆ ਜਾ ਸਕਦਾ ਹੈ ਜੋ ਬਹੁਤ ਗੰਦ-ਮੰਦ ਨੂੰ ਸਾਫ ਕਰਨ ਦੇ ਨਾਲ ਇਕ ਨਵੀਂ ਜਮੀਨ ਵੀ ਬਣਾ ਜਾਂਦਾ ਹੈ। ਪਰ ਇਸ ਸਮਾਜਿਕ ਜਮੀਨ ਨੂੰ ਉਪਜਾਊ ਬਣਾਈ ਰੱਖਣ ਲਈ ਅੱਗੇ ਕਰਨ ਵਾਲੀਆਂ ਕੁੱਝ ਜਰੂਰੀ ਜਿੰਮੇਵਾਰੀਆਂ ਨੂੰ ਵੀ ਸਮਝਿਆ ਜਾਵੇ।
ਮੈਂ ਜਦੋਂ ਗ਼ਦਰੀ ਬਾਬਿਆਂ ਨੂੰ ਮਿਲਣ ਜਾਂਦਾ ਸਾਂ ਤਾਂ ਇਕ ਗੱਲ ਜੋ ਮੈਨੂੰ ਪ੍ਰਭਾਵਤ ਕਰਦੀ ਸੀ ਉਹ ਸੀ ਉਹਨਾਂ ਦੀ ਵਿੱਦਿਆ ਦੇ ਪ੍ਰਚਾਰ ਬਾਰੇ ਯਤਨਸ਼ੀਲ਼ਤਾ। ਬਾਬਾ ਭਕਨਾ ਜੀ ਨੇ ਮੇਰੇ ਇਸ ਬਾਰੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ “ਸਾਮਰਜਵਾਦ ਦਾ ਮੂਲ਼ ਹੈ ਲੋਕਾਂ ਵਿੱਚ ਵੱਖਰੇਵੇਂ ਖੜ੍ਹੇ ਕਰਨੇ, ਜਨਤਾ ਨੂੰ ਤੇ ਖਾਸ ਕਰਕੇ ਨੌਜਵਾਨਾਂ ਨੂੰ ਗਿਆਨ ਵਿਹੂਣੇ ਰੱਖਣਾ ਅਤੇ ਉਹਨਾਂ ਵਿਚਲੇ ਸਵੈਵਿਸ਼ਵਾਸ਼ ਨੂੰ ਖੋਰਾ ਲਾਉਣਾ। ਇਸ ਲਈ ਇਕ ਮੂਲ਼ ਇਨਕਲਾਬੀ ਕੰੰਮ ਹੈ ਨੌਜਵਾਨ ਲੜਕੇ-ਲ਼ੜਕੀਆਂ ਨੂੰ ਵਿੱਦਿਆ ਰਾਹੀਂ ਸਮਝਦਾਰ ਬਨਾਉਣਾ।” ਮੈਂ ਫਿਰ ਇਕ ਹੋਰ ਸਵਾਲ ਕੀਤਾ ਕਿ ਇਹ ਕੰਮ ਤਾਂ ਸਰਕਾਰ ਦਾ ਹੈ। ਉਹਨਾਂ ਕਿਹਾ ਕਿ ”ਸਰਕਾਰ ਲੋਕਾਂ ਦੇ ਹਿੱਤ ਵਿਚ ਕੰਮ ਉਸ ਹੱਦ ਤੱਕ ਹੀ ਕਰੇਗੀ ਜਿਸ ਹੱਦ ਤੱਕ ਲੋਕ ਆਪਣੇ ਹੱਕ ਪ੍ਰਤੀ ਜਾਗਰੂਕ ਹੋਣਗੇ। ਜੇ ਤੁਸੀ ਸਰਕਾਰ ‘ਤੇ ਨਿਰਭਰਤਾ ਰੱਖ ਕੇ ਅੱਜ ਦੀ ਰੋਟੀ ਤੋਂ ਭੁੱਖੇ ਨਹੀਂ ਰਹਿ ਸਕਦੇ ਤਾਂ ਉਸੇੇ ਤਰ੍ਹਾਂ ਵਿੱਦਿਆ ਤੇ ਸਹਿਤ ਨੂੰ ਵੀ ਫੇਰ ਦੂਸਰੇ ਦੇ ਭਰੋਸੇ ਕਿਉਂ ਛਡੋ?”
ਮੈਨੂੰ ਲੱਗਾ ਕਿ ਬਾਬਾ ਜੀ ਤੇ ਇਹੀ ਸੁਨੇਹਾ ਭਗਤ ਸਿੰਘ ਤੇ ਸਾਥੀਆਂ ਨੇ ਦਿੱਤਾ ਸੀ ਕਿ ਆਪਣੀਆਂ ਜਨਤਕ ਜਰੂਰਤਾਂ ਨੂੰ ਸਮਾਜਿਕ ਤੌਰ ‘ਤੇ ਅਡਰੈਸ ਹੋਣ ਦੀ ਅੱਜ ਬੇਹਦ ਜਰੂਰਤ ਹੈ। ਜਿੱਥੇ ਇਸ ਕਿਰਸਾਨੀ ਅੰਦੋਲਨ ਨੂੰ ਉਸ ਦੇ ਫਰੰਟ ‘ਤੇ ਮਜਬੂਤ ਰੱਖਣਾ ਜ਼ਰੂਰੀ ਹੈ ਉਸ ਦੇ ਨਾਲ ਹੀ ਪਿੰਡਾਂ ਤੇ ਮੁਹੱਲਿਆਂ ਦੀਆਂ ਤੁਰੰਤ ਜਰੂਰਤਾਂ, ਪੋਸ਼ਿਟਿਕਤਾ, ਵਿਦਿਆ ਅਤੇ ਸਿਹਤ ਲਈ ਵੀ ਲਾਮ ਬੰਦ ਕਰੀਏ । ਕਿਉਂ ਕਿ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਹਨਾਂ ਜਰੂਰਤਾਂ ਤੋਂ ਜਨਤਾ ਨੂੰ ਵਾਂਝੇ ਕਰਨ ਦੀਆਂ ਸਾਜਿਸ਼ਾਂ ਵੀ ਨਾਲ ਦੀ ਨਾਲ ਹੀ ਚਲ ਰਹੀਆਂ ਹਨ। ਇਹਨਾਂ ਖੇਤੀ ਕਾਨੂੰਨਾਂ ਰਾਹੀਂ ਪੌਸ਼ਟਕ ਖੁਰਾਕ ਜਿਵੇਂ ਪਿਆਜ, ਆਲੂ ਆਦਿ ਤਾਂ ਪਹਿਲਾਂ ਹੀ 27500 ਕਰੋੜ ਦੇ ਵਿਦੇਸ਼ਾਂ ਵਿਚ ਵੇਚ ਕੇ ਲਾਭ ਉਠਾਇਆ ਗਿਆ, ਫਿਰ ਮਹਿੰਗੇ ਭਾਅ ਘਰ ਦੀ ਮੰਡੀ ਵਿਚ ਵੇਚ ਕੇ ਜਨਤਾ ਨੂੰ ਠੱਗ ਲਿਆ। ਹੁਣ ਧੜਾ-ਧੜ ਪੌਸ਼ਟਿਕ ਬੋਇਲਡ ਚੌਲ, ਜੋ ਕਿ 60 ਫੀਸਦੀ ਲੋਕਾਂ ਦੀ ਖੁਰਾਕ ਹੈ, ਵਿਦੇਸ਼ਾਂ ਨੂੰ ਵੇਚਿਆ ਜਾ ਰਿਹਾ ਹੈ। ਸੋ ਪਿੰਡ ਵਿਚ ਪੌਸ਼ਟਿਕਤਾ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕੇ। ਅਗਰ ਅੱਜ ਬੱਚਾ ਪੌਸ਼ਟਿਕ ਖਾਣਾ ਖਾਏਗਾ ਤਾਂ ਹੀ ਬੁੱਧੀਮਾਨ ਹੋਵੇਗਾ। ਇਸੇ ਤਰ੍ਹਾਂ ਵਿੱਦਿਆ ਨੂੰ ਪੂੰਜੀਪਤੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਵਾਸਤੇ 2020 ਦੀ “ਕੌਮੀ ਵਿਦਿਆ ਨੀਤੀ” ਲਿਆਂਦੀ ਗਈ ਹੈ ਜੋ ਨੋਜਵਾਨਾਂ ਨੂੰ ਗਿਆਨ ਵਿਹੂਣੇ ਬਣਾ ਕੇ ਮਾਨਸਿਕ ਤੌਰ ‘ਤੇ ਨਪੁੰਸਕ ਕਰਨ ਦੀ ਹੀ ਚਾਲ ਹੈ। ਇਸ ਕਰਕੇ ਪਿੰਡ ਨੂੰ ਇਸ ਜਰੂਰੀ ਕੰਮ ਨੂੰ ਵੀ ਹੱਥ ਲੈਣ ਦੀ ਲੌੜ ਹੈ। ਸਿਹਤ ਵੱਲ ਵੀ ਸਰਕਾਰੀ ਬਦਨੀਤੀ ਨੂੰ ਸਮਝ ਹੀ ਗਏ ਹੋਵੋਗੇ ਕਿ ਬਿਮਾਰੀ ਦੇ ਇਲਾਜ ਲਈ ਸਰਕਾਰ ਪੇਸੈ ਨਹੀਂ ਲਗਾ ਰਹੀ ਬਲਕਿ ਟੀਕੇ ਬਨਾਉਣ ਵਾਲੀ ਕੰਪਨੀ, ਜੋ ਵਿਦੇਸ਼ੀ ਹੈ ਨੂੰ 35000 ਕਰੋੜ ਦੇਣਾ ਹੈ। ਇਸ ਕਰਕੇ ਸਿਹਤ ਨੂੰ ਵੀ ਜਨਤਕ ਪਹਿਲ ਵਿਚ ਲਿਆਉਣ ਦੀ ਲੋੜ ਹੈ। ਇਕ ਨੌਜਵਾਨ ਨੇ ਠੀਕ ਸਵਾਲ ਕੀਤਾ ਸੀ ਕਿ ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਿਵੇਂ ਕਰਾਈਏ? ਇਸ ਦਾ ਜਵਾਬ ਹੈ ਕਿ ਗਰਾਮ ਸਭਾ ਜੋ ਕਿ ਸਥਾਈ ਸੰਵਿਧਾਨਕ ਸੰਸਥਾ ਹੈ। ਜਿਸ ਦਾ ਹਰ ਇਕ ਵੋਟਰ ਪੱਕਾ ਮੈਂਬਰ ਹੈ ਉਹ ਜੇਕਰ ਇਕੱਠੇ ਬੈਠ ਕੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਜਿਵੇਂ ਪੌਸ਼ਟਿਕਤਾ ਦੀ ਲੋੜ, ਵਿੱਦਿਆ ਸਭ ਲਈ ਮੁਫਤ ਦੇ ਪ੍ਰਬੰਧ ਲਈ ਖਰਚਾ, ਸਿਹਤ ਲਈ ਖਰਚਾ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਤੇ ਖਰਚਾ। ਇਸੇ ਤਰ੍ਹਾਂ ਸ਼ਹਿਰ-ਮੁਹੱਲੇ ਵੀ ਆਪਣਾ ਖਰਚੇ ਦਾ ਵੇਰਵਾ ਬਣਾਕੇ ਸਰਕਾਰ ਤੋਂ ਮੰਗ ਕਰਨ। ਇਸ ਨਾਲ ਸਰਕਾਰੀ ਤੰਤਰ ਨੂੰ ਵੀ ਉਸ ਦੀ ਜਿੰਮੇਵਾਰੀ ਦਿਖਾਈ ਜਾ ਸਕਦੀ ਹੈ।
ਇਸ ਨਾਲ ਜਿੱਥੇ ਸਰਕਾਰ ਦੀ ਜਨਤਾ ਨੂੰ ਕਮਜੋਰ ਕਰਨ ਦੀ ਬਦਨੀਤੀ ‘ਤੇ ਰੋਕ ਲਾ ਕੇ ਜਨਤਾ ਦੇ ਇਕੱਠ ਤੇ ਸਾਂਝ ਨਾਲ ਜਵਾਬ ਦਿੱਤਾ ਜਾ ਸਕਦਾ ਹੈ।
ਭਗਤ ਸਿੰਘ ਨੇ ਇਕ ਸ਼ੇਅਰ ਨੌਜਵਾਨਾਂ ਲਈ ਕਿਹਾ ਸੀ ਯਾਦ ਰੱਖਣਾ :
ਕਮਾਲੇ ਬੁਝਦਿਲੀ ਹੈ ਆਪਣੇ ਆਪ ਕੋ ਕਮਜ਼ੋਰ ਸਮਝਣਾ
ਰਾਹ ਰੋਕਦੀਆਂ ਨੇ ਸਾਡਾ ਦੁਚਿੱਤੀਆਂ ਹਮੇਸ਼ਾ
ਨਹੀਂ ਤਾਂ ਕੌਣ ਸਾ ਕਤਰਾ ਹੈ ਜੋ ਦਰਿਆ ਬਣ ਨਹੀਂ ਸਕਦਾ
ਸੋ ਨੌਜਵਾਨਾਂ ਲਈ ਸਮਾਜ ਵਿਚ ਨਿੱਗਰ ਭੂਮਿਕਾ ਲਈ ਇਕ ਮਹਾਨ ਮੌਕਾ ਹੈ। ੳਠੋ ਸਮਾਜ ਦੇ ਭਵਿੱਖ ਦੇ ਉਸਰੱਈਏ ਬਣ ਜਾੳ। -

ਖੇਤੀ ਬਿੱਲ : ਸਰਕਾਰ ਬਜ਼ਿੱਦ ਜਾਂ ਬੇਬੱਸ?
ਸਤਨਾਮ ਚਾਨਾ
ਕਿਸਾਨ ਅੰਦੋਲਨ ਨੇ ਸਾਡੇ ਸਾਹਮਣੇ ਕਈ ਪ੍ਰਕਾਰ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਆਜ਼ਾਦੀ ਉਪਰੰਤ, ਭਾਰਤ ਦੀਆਂ ਖੇਤੀ ਤੇ ਖੁਰਾਕ ਨੀਤੀਆਂ ਨੂੰ ਪ੍ਰਭਾਵਤ ਕਰਨ ਵਿਚ ਕਿਨ੍ਹਾਂ-ਕਿਨ੍ਹਾਂ ਸ਼ਕਤੀਆਂ ਦੀ ਭੂਮਿਕਾ ਰਹੀ ਹੈ? ਕੀ ਕਿਸੇ ਪ੍ਰਕਾਰ ਦੀਆਂ ਵਿਦੇਸ਼ੀ ਸੰਸਥਾਵਾਂ ਅਤੇ ਕਾਰਪੋਰੇਸ਼ਨਾਂ ਦੀ ਸਿੱਧੀ ਸਹਾਇਤਾ ਜਾਂ ਭਾਈਵਾਲੀ ਦੀ ਵੀ ਭੂਮਿਕਾ ਰਹਿੰਦੀ ਰਹੀ ਹੈ? ਇਹ ਸਵਾਲ ਭਾਵੇਂ ਬੇਸੁਆਦੇ ਹਨ ਪਰ ਪ੍ਰਸੰਗਕ ਹਨ। ਉਪਲੱਭਧ ਜਾਣਕਾਰੀ ਅਨੁਸਾਰ ਦੇਸ਼ ਆਜ਼ਾਦ ਹੁੰਦਿਆਂ ਹੀ ਭਾਰਤ ਦੀ ਖੇਤੀ ਤੇ ਖੁਰਾਕ ਯੋਜਨਾਬੰਦੀ ਕਰਨ ਵਿਚ ਅਮਰੀਕਾ ਦੀ ਰੌਕਫੈਲਰ ਫਾਊਂਡੇਸ਼ਨ ਦੀ ਕੁੰਜੀਵਤ ਭੂਮਿਕਾ ਰਹੀ ਸੀ। ਭਾਰਤ ਨੇ ਇਹ ਸਹਾਇਤਾ ਮੰਗੀ ਨਹੀਂ ਸੀ ਸਗੋਂ ਪੇਸ਼ਕਸ਼ ਫਾਊਂਡੇਸ਼ਨ ਵੱਲੋਂ ਆਈ ਸੀ। ਸਪੱਸ਼ਟ ਹੈ ਕਿ ਇਹ ਹਿੱਤ ਰਹਿਤ ਨਹੀਂ ਸੀ ਪਰ ਅਨਾਜ ਦੀ ਉੱਪਜ ਵਿਚ ਉਛਾਲ ਲਿਆਉਣਾ ਭਾਰਤ ਦੀ ਲੋੜ ਸੀ। ਹਰਾ ਇਨਕਲਾਬ ਰੌਕਫੈਲਰ ਫਾਊਂਡੇਸ਼ਨ ਦਾ ਦੁਵੱਲਾ ਮਨੋਰਥ ਪੂਰਾ ਕਰ ਸਕਦਾ ਸੀ । ਅਗਲੇ ਦਹਾਕਿਆਂ ਨੇ ਰਾਸ਼ਟਰੀ ਅਤੇ ਅੰਤਰਰਦਸ਼ਟਰੀ ਰਿਸ਼ਤਿਆਂ ਨੂੰ ਮੁੱਢੋਂ-ਸੁੱਢੋਂ ਹੀ ਬਦਲ ਦਿੱਤਾ। ਨਵੇਂ ਖੇਤੀ ਕਨੂੰਨ ਅਤੇ ਕਿਸਾਨ ਅੰਦੋਲਨ ਇਨ੍ਹਾਂ ਦਹਾਕਿਆਂ ਦੇ ਇਤਿਹਾਸ ਅਤੇ ਹੋ ਰਹੀਆਂ ਤੂਫਾਨੀ ਤਬਦੀਲੀਆਂ ਦੀ ਦੇਣ ਹਨ। ਪੈਰ-ਪੈਰ ਦੀ ਤਿਲ੍ਹਕਣਬਾਜ਼ੀ ਦਾ ਕਾਰਨ ਵੀ ਇਸੇ ਵਿਚ ਹੀ ਹੈ।
ਵਾਰਤਾ ਦੌਰਾਨ ਵਿਗਿਆਨ ਭਵਨ ਦਿੱਲੀ ਦੇ ਅੰਦਰ ਵੀ ਅਤੇ ਬਾਹਰ ਵੀ ਸਰਕਾਰ ਦੇ ਹੱਥ ਖੜ੍ਹੇ ਹੀ ਦੇਖੇ ਗਏ ਹਨ। ਅੰਦਰ ਕਿਸਾਨਾਂ ਦੀਆਂ ਦਲੀਲਾਂ ਅੱਗੇ ਅਤੇ ਬਾਹਰ ਉਨ੍ਹਾਂ ਅੱਗੇ ਜਿਨ੍ਹਾਂ ਦੇ ਹਿੱਤ ਪੂਰਨ ਲਈ ਖੇਤੀ ਕਨੂੰਨ ਬਣਾਏ ਗਏ ਹਨ। ਲੋਕ ਉਨ੍ਹਾਂ ਦੀ ਪਛਾਣ ਅੰਬਾਨੀਆਂ-ਅਡਾਨੀਆਂ ਵਜੋਂ ਕਰਦੇ ਹਨ ਜੋ ਹੈ ਤਾਂ ਸੱਚ ਪਰ ਅਧੂਰਾ ਸੱਚ ਹੈ। ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਵਿਚਾਰ ਚਰਚਾ ਦੇ ਇੱਕ ਦਰਜਨ ਦੌਰ ਚੱਲੇ। ਹਰ ਵਾਰ ਸਰਕਾਰ ਕਿਸਾਨਾਂ ਨਾਲ ਅੰਦਰ ਬੈਠ ਕੇ ਜਤਾਈ ਸਹਿਮਤੀ ਤੋਂ ਬਾਹਰ ਆ ਕੇ ਖਿਸਕ ਜਾਂਦੀ ਰਹੀ, ਜਿਵੇਂ ਕਿ ਕਿਸਾਨ ਆਗੂ ਦਾਅਵਾ ਕਰਦੇ ਹਨ। ਇਸਨੂੰ ਸਰਕਾਰ ਦਾ ਅਨੈਤਿਕ ਵਿਵਹਾਰ ਤਾਂ ਕਿਹਾ ਹੀ ਜਾਏਗਾ ਪਰ ਇਹ ਸਮਝਣ ਦਾ ਯਤਨ ਵੀ ਕੀਤਾ ਜਾਏਗਾ ਕਿ ਸਰਕਾਰ ਸਹਿਮਤ ਹੋ ਕੇ ਅਸਿਹਮਤ ਕਿਉਂ ਹੋ ਜਾਂਦੀ ਸੀ? ਕੀ ਇਹ ਦੁਵੱਲੇ ਦਬਾਓ ਦਾ ਸਬੂਤ ਹੈ? ਜੇਕਰ ਅਜਿਹਾ ਹੈ ਤਾਂ ਸਰਕਾਰ ਵਿਚ ਸਰਕਾਰ ਵਰਗਾ ਕੁਝ ਵੀ ਨਹੀਂ ਹੈ।
ਦੂਜੇ ਪਾਸੇ ਕਿਸਾਨ ਅੰਦੋਲਨ 26 ਜਨਵਰੀ ਦੇ ਗੈਰ ਮਾਮੂਲੀ ਝਟਕੇ ਉਪਰੰਤ ਚੜ੍ਹਤ ਵਿਚ ਜਾ ਰਿਹਾ ਹੈ ਅਤੇ ਜੋਸ਼ੋ-ਖਰੋਸ਼ ਵਾਲਾ ਲੋਕ ਉਭਾਰ ਕਾਇਮ ਹੈ। ਜਦੋਂਕਿ ਭਾਰਤੀ ਜਨਤਾ ਪਾਰਟੀ ਨੂੰ ਥਾਂ ਪੁਰ ਥਾਂ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਨਿਗਮ ਚੋਣਾਂ ਵਿਚ ਤਾਂ ਇਸਦਾ ਹੂੰਝਾ ਹੀ ਫਿਰ ਗਿਆ ਹੈ। ਯੂਪੀ ਦੇ ਪਿੰਡਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਜਿੱਥੇ ਭਾਜਪਾ ਦੇ ਆਗੂਆਂ ਨੇ ਜਾਣਾ ਹੋਵੇ ਉਥੋਂ ਦੇ ਲੋਕ ਜਾਂ ਤਾਂ ਦਿੱਲੀ ਬਾਰਡਰ ਨੂੰ ਤੁਰ ਪੈਂਦੇ ਹਨ ਜਾਂ ਫਿਰ ਪਿੰਡ ਛੱਡ ਕੇ ਆਸੇ-ਪਾਸੇ ਹੋ ਜਾਂਦੇ ਹਨ। ਸਰਕਾਰ ਦੀ ਚੁੱਪ ਬੇਬਸੀ ਦਾ ਸੰਕੇਤ ਮਾਲੂਮ ਹੁੰਦੀ ਹੈ । ਆਮ ਚਰਚਾ ਇਹ ਹੈ ਕਿ ਖੇਤੀ ਕਨੂੰਨ ਸਰਕਾਰ ਨੇ ਨਾ ਬਣਾਏ ਹੀ ਸਨ ਅਤੇ ਨਾ ਉਨ੍ਹਾਂ ਨੂੰ ਵਾਪਿਸ ਲੈਣ ਦੀ ਇਸ ਕੋਲ ਹਿੰਮਤ ਹੀ ਹੈ। ਕਿਸਾਨਾਂ ਨਾਲ ਉਸਦੀ ਗੱਲਬਾਤ ਢੱਕਵੰਜ ਤੋਂ ਵੱਧ ਕੁਝ ਨਹੀਂ ਹੈ। ਫਿਰ ਕਨੂੰਨ ਦੇ ਅਸਲ ਘਾੜੇ ਕੌਣ ਹਨ। ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਜਾਂ ਕੋਈ ਹੋਰ? ਕੀ ਅੰਬਾਨੀ-ਅਡਾਨੀ ਵਰਗੇ ਦੇਸੀ ਕਾਰਪੋਰੇਟਾਂ ਦੀ ਮਾਰਫਤ ਵਿਦੇਸ਼ੀ ਕਾਰਪੋਰੇਟ ਕੰਮ ਕਰ ਰਹੇ ਹਨ? ਕੀ ਖੇਤੀ ਨੀਤੀਆਂ ਦੇ ਕੁੰਜੀਵਤ ਫੈਸਲਿਆਂ ਉੱਤੇ ਉਨ੍ਹਾਂ ਦੀ ਸਹੀ ਵੀ ਜ਼ਰੂਰੀ ਹੈ?
ਇਹ ਸੱਚ ਹੈ ਕਿ ਵਿਸ਼ਵੀ ਕਾਰਪੋਰੇਟਾਂ ਨੇ ਵਿਸ਼ਵ ਦੇ ਖੇਤਾਂ ਅਤੇ ਪੇਟਾਂ ਉੱਪਰ ਦੇਰ ਤੋਂ ਅੱਖ ਰੱਖੀ ਹੋਈ ਸੀ ਜਿਸਨੂੰ ਹੁਣ ਉਹ ਤੇਜ਼ੀ ਨਾਲ ਹਕੀਕਤ ਵਿਚ ਬਦਲਣ ਲਈ ਤੁਲੇ ਹੋਏ ਹਨ। ਉਹ ਹੰਗਾਮੀ ਹਰਕਤ ਵਿਚ ਆ ਗਏ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ‘ਵਿਸ਼ਵ-ਸਰਕਾਰ’ ਦਾ ਸੁਪਨਾ ਲਿਆ ਹੋਇਆ ਹੈ ਅਤੇ ਸਮਝਦੇ ਹਨ ਕਿ ਸੁਪਨਾ ਸਾਕਾਰ ਕਰਨ ਦਾ ਸਮਾਂ ਨੇੜੇ ਆ ਰਿਹਾ ਹੈ।
ਅਜਿਹਾ ਕਿਉਂ ਲੱਗਦਾ ਹੈ? ਇਸ ਚਰਚਾ ਵਿਚ ਜਾਣ ਤੋਂ ਪਹਿਲਾਂ ਹੈਨਰੀ ਕਸਿੰਜਰ ਦੇ ਤਿੰਨ ਕਥਨ ਯਾਦ ਕਰ ਲਈਏ। ਕਸਿੰਜਰ ਅਮਰੀਕਾ ਦਾ ਸਟੇਟ ਸਕੱਤਰ ਵੀ ਰਿਹਾ ਸੀ ਅਤੇ ਜੌਹਨ ਡੇਵਿਡ ਰੌਕਫੈਲਰ ਦਾ ਸਾਂਝੀਦਾਰ ਤੇ ਦਰਸ਼ਨੀ ਚਿਹਰਾ ਵੀ, ਜਿਸ ਦੀ ਫਾਊਂਡੇਸ਼ਨ ਦਾ ਉੱਪਰ ਜ਼ਿਕਰ ਹੈ। ਰੌਕਫੈਲਰ ਬਾਰੇ ਅਜੇ ਏਨਾ ਹੀ ਦੱਸ ਦੇਣਾ ਕਾਫੀ ਹੈ ਕਿ ਉਹ ਅਮਰੀਕਾ ਦਾ ‘ਔਲ ਟਾਇਮ’ ਸਭ ਤੋਂ ਧਨਾਢ ਵਿਅਕਤੀ ਸੀ ਜਿਸਨੇ ਸੋਲਾਂ ਸਾਲ ਦੀ ਉਮਰ ਵਿਚ, ਕਲੱਰਕ ਵਜੋਂ ਜ਼ਿੰਦਗੀ ਸ਼ੁਰੂ ਕਰਕੇ ਅਮਰੀਕਾ ਦੀ ਸਮੁੱਚੀ ਤੇਲ ਸਪਲਾਈ ਦੇ 90% ਹਿੱਸੇ ਤੇ ਆਪਣੀ ਮਾਲਕੀ ਜਮਾ ਲਈ ਸੀ। ਸਟੀਲ ਅਤੇ ਰੇਲ-ਰੋਡ ਆਵਾਜਾਈ ਆਪਣੇ ਅਧੀਨ ਕਰਨ ਉਪਰੰਤ ਵਿਦਿਆ, ਸਿਹਤ ਅਤੇ ਤਕਨਾਲੋਜੀ ਦੇ ਖੋਜ ਖੇਤਰ ਵਿਚ ਧੜੱਲੇ ਨਾਲ ਪ੍ਰਵੇਸ਼ ਕਰ ਲਿਆ ਸੀ। ਰੌਕਫੈਲਰ ਫਾਊਂਡੇਸ਼ਨ ਇਨ੍ਹਾਂ ਖੇਤਰਾਂ ਵਿਚ ਅੱਜ ਵੀ ਧੜੱਲੇ ਨਾਲ ਕੰਮ ਜਾਰੀ ਰੱਖ ਰਹੀ ਹੈ।
ਹੈਨਰੀ ਕਸਿੰਜਰ ਸਾਮਰਾਜ ਲਈ ਤਿੰਨ ਏਜੰਡਿਆਂ ਵੱਲ ਧਿਆਨ ਦੁਆਉਂਦਾ ਹੈ। ਪਹਿਲਾ : ਜੇਕਰ ਦੁਨੀਆਂ ਦੇ ਦੇਸ਼ਾਂ ਅਥਵਾ ਕੌਮਾਂ ਨੂੰ ਮੁੱਠੀ ਵਿਚ ਕਰਨਾ ਹੈ ਤਾਂ ਤੇਲ ਮੁੱਠੀ ਵਿਚ ਕਰ ਲਓ। ਦੂਜਾ : ਜੇਕਰ ਵਿਸ਼ਵ ਨੂੰ ਮੁੱਠੀ ਵਿਚ ਕਰਨਾ ਹੈ ਤਾਂ ਵਿੱਤੀ ਸਰਮਾਏ ਨੂੰ ਮੁੱਠੀ ਵਿਚ ਕਰ ਲਓ। ਤੀਜਾ : ਜੇਕਰ ਲੋਕਾਂ ਨੂੰ ਕਾਬੂ ਕਰਨਾ ਹੈ ਤਾਂ ਖੁਰਾਕ ਦੀ ਸਪਲਾਈ ਕਾਬੂ ਕਰ ਲਓ। ਵਿਸ਼ਵ ਦੇ ਮੁੱਠੀ ਭਰ ਕਾਰਪੋਰੇਟ, ਇਨ੍ਹਾਂ ਏਜੰਡਿਆਂ ਦੇ ਪਹਿਲੇ ਦੋ ਖੇਤਰਾਂ ਤੇ ਜਿੱਤ ਹਾਸਲ ਕਰ ਬੈਠੇ ਹਨ ਅਤੇ ਹੁਣ ਤੀਜੇ ਵੱਲ ਵਧ ਰਹੇ ਹਨ ਯਾਨੀਕਿ ਖੁਰਾਕ ਦੀ ਸਪਲਾਈ ਉੱਪਰ ਕਬਜ਼ੇ ਦੇ ਏਜੰਡੇ ਵੱਲ। ਵਿਸ਼ਵ ਦੇ ਵਿੱਤੀ ਸਰਮਾਏ ਉੱਤੇ ਤਾਂ ਸਗੋਂ ‘ਰੌਥ ਚਾਇਲਡ’ ਨਾਮ ਦੇ ਇਕੋ ਹੀ ਪਰਿਵਾਰ ਦਾ ਕਬਜ਼ਾ ਹੈ ਜਿਸ ਕਰਕੇ ਵਿਸ਼ਵ ਉਨ੍ਹਾਂ ਦੀਆਂ ਉਂਗਲਾਂ ਤੇ ਨੱਚਦਾ ਹੈ।
ਪਿਛਲੇ ਕੁਝ ਦਹਾਕਿਆਂ ਵਿਚ ਸਾਮਰਾਜੀ ਧੌਂਸ ਦਾ ਰੂਪ ਬਦਲ ਚੁੱਕਾ ਹੈ। ਕਾਰਪੋਰੇਟ ਬੁਰਜੁਆਜ਼ੀ ਹੁਣ ਕਾਰਪੋਰੇਟ ਜਗੀਰਦਾਰੀ ਵੀ ਬਣਨ ਦੇ ਯਤਨਾਂ ਵਿਚ ਹੈ। ਜਿੱਥੇ ਜਾਂਦੀ ਹੈ ਕਿਸਾਨੀ ਦਾ ਉਜਾੜਾ ਕਰਦੀ ਹੈ। ਜ਼ਮੀਨਾਂ ਹਥਿਆ ਲੈਂਦੀ ਹੈ। ਬੇਜ਼ਮੀਨਿਆਂ ਨੂੰ ਸ਼ਹਿਰਾਂ ਵੱਲ ਖਦੇੜ ਦਿੰਦੀ ਹੈ। ਖੇਤੀ ਤੇ ਖੁਰਾਕ ਦੀ ਅਹਿਮੀਅਤ ਨੂੰ ਠੀਕ ਤਰ੍ਹਾਂ ਸਮਝਣ ਵਾਲਾ ਪਹਿਲਾ ਧਨਾਢ ਅਮਰੀਕਾ ਦਾ ਰੌਕਫੈਲਰ ਹੀ ਸੀ ਜਿਸਨੇ ਖੇਤੀ ਤੇ ਖੁਰਾਕ ਨੂੰ ਸੰਜੀਦਾ ਆਰਥਕ ਸਰਗਰਮੀ ਦਾ ਖੇਤਰ ਮੰਨਿਆ ਅਤੇ ਆਪਣੇ ਬੇਸ਼ੁਮਾਰ ਧਨ ਦਾ ਮੂੰਹ ਖੇਤੀ ਵਿਗਿਆਨ ਵੱਲ ਵੀ ਮੋੜਿਆ। ਰੌਕਫੈਲਰ ਫਾਊਂਡੇਸ਼ਨ ਦਾ ਮੁੱਢਲਾ ਕਾਰਜ ਖੇਤਰ ਵਿਦਿਆ, ਸਿਹਤ ਅਤੇ ਤਕਨੀਕੀ ਖੋਜਾਂ ਲਈ ਦਾਨ ਦੇਣਾ ਸੀ। ਸਮੇਂ ਦੇ ਨਾਲ-ਨਾਲ ਫਾਊਂਡੇਸ਼ਨ ਦਾ ਢਾਂਚਾ ਬਦਲਦਾ ਰਹਿਣ ਕਾਰਨ ਇਸਦੇ ਮਨੋਰਥ ਵੀ ਬਦਲਦੇ ਗਏ। ਰੌਕਫੈਲਰ ਫਾਊਂਡੇਸ਼ਨ ਨੇ ਜਦੋਂ ਖੇਤੀ ਵਿਗਿਆਨ ਦੀ ਖੋਜ ਵਿਚ ਪ੍ਰਵੇਸ਼ ਕੀਤਾ ਤਾਂ ਉਸਦਾ ਸਪੱਸ਼ਟ ਮਨੋਰਥ ਪੂੰਜੀਵਾਦੀ ਪ੍ਰਬੰਧ ਦਾ ਬਚਾਓ ਕਰਨਾ ਅਤੇ ਉਸਨੂੰ ਅੱਗੇ ਵਧਾਉਣਾ ਸੀ। ਉਸ ਸਮੇਂ ਤੱਕ ਖੋਜ ਰਿਪੋਰਟਾਂ ਇਹ ਤੱਥ ਸਾਹਮਣੇ ਲਿਆ ਚੁਕੀਆਂ ਸਨ ਕਿ ਧਰਤੀ ਦੇ ਕੁਝ ਖਿੱਤਿਆਂ ਵਿਚ ਜਨਸੰਖਿਆ ਏਨੀ ਵਧ ਗਈ ਹੈ ਕਿ ਉਹ ਖਿੱਤੇ ਉਸ ਜਨਸੰਖਿਆ ਦਾ ਭਾਰ ਝੱਲਣ ਦੇ ਸਮੱਰਥ ਨਹੀਂ ਹਨ। ਰੌਕਫੈਲਰ ਫਾਊਂਡੇਸ਼ਨ ਨੇ ਸਭ ਤੋਂ ਪਹਿਲਾਂ ਫਸਲਾਂ ਦੇ ਸੁਧਾਰ ਵਾਸਤੇ, 1906 ਵਿਚ ਚੀਨ ਦੀ ਯੂਨੀਵਰਸਿਟੀ ਆਫ ਨਾਨਕਿੰਨ ਵਿਚ ਖੇਤੀ ਖੋਜ ਕੇਂਦਰ ਸਥਾਪਤ ਕੀਤਾ ਸੀ ਜੋ 1935 ਤੱਕ ਚੱਲਿਆ। ਫਾਊਂਡੇਸ਼ਨ ਦੇ ਖੋਜਕਾਰ, ਜਿਨ੍ਹਾਂ ਨੇ ਜਨਸੰਖਿਆ ਅਤੇ ਖੇਤੀ ਵਿਗਿਆਨ ਨੂੰ ਇੱਕ ਦੂਜੇ ਨਾਲ ਰਲਗੱਡ ਕਰ ਲਿਆ ਸੀ, ਹੋਰ ਵੀ ਅੱਗੇ ਨਿਕਲਕੇ ਸਮਝਦੇ ਸਨ ਕਿ ਜਿਸ ਦਰ ਨਾਲ ਜਨਸੰਖਿਆ ‘ਚ ਵਾਧਾ ਹੋ ਰਿਹਾ ਹੈ ਅਨਾਜ ਦਾ ਵਰਤਮਾਨ ਉਤਪਾਦਨ ਉਸਦਾ ਢਿੱਡ ਨਹੀਂ ਭਰ ਸਕਦਾ ਅਤੇ ਭੁੱਖਮਰੀ ਕਾਰਨ ਜੂਝਦੇ ਲੋਕ ਸੰਸਾਰ ਨੂੰ ਕਮਿਊਨਿਜ਼ਮ ਵੱਲ ਲੈ ਜਾਣਗੇ। ਫਾਊਂਡੇਸ਼ਨ ਦੇ ਖੋਜਕਾਰ ਇਸ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ ਕਿ ਜਨਸੰਖਿਆ ਦੀ ਲੋੜੋਂ ਵਧੇਰੇ ਘਣਤਾ ਗਰੀਬੀ ਅਤੇ ਦੁੱਖਾਂ ਦਾ ਕਾਰਨ ਹੈ। ਇਕ ਉੱਘੇ ਲੇਖਕ ਦਾ ਮੰਨਣਾ ਹੈ ਕਿ ਜਨਸੰਖਿਆ ਬਾਰੇ ਮਾਲਥਸ ਦੇ ਸਿਧਾਂਤ ਦੀ ਖਿੱਚ ਅਤੇ ਕਾਰਲ ਮਾਰਕਸ ਦੇ ਕਮਿਊਨਿਜ਼ਮ ਦਾ ਡਰ ਰੌਕਫੈਲਰ ਫਾਊਂਡੇਸ਼ਨ ਨੂੰ ਉਨ੍ਹਾਂ ਖਿੱਤਿਆਂ ਵੱਲ ਲੈ ਗਿਆ ਜਿੱਥੇ ਜਨਸੰਖਿਆ ਦੀ ਭਰਮਾਰ ਸੀ, ਸਾਮਰਾਜ ਵਿਰੋਧੀ ਲਹਿਰ ਚੜ੍ਹੀ ਹੋਈ ਸੀ ਅਤੇ ਕਮਿਊਨਿਸਟ ਵਿਚਾਰ ਜੜ੍ਹਾਂ ਫੜ ਰਹੇ ਸਨ। ਉਨ੍ਹਾਂ ਲਈ ਭੁੱਖ ਮਿਟਾਉਣ ਦਾ ਇਲਾਜ, ਕਮਿਊਨਿਜ਼ਮ ਦੀ ਪੇਸ਼ਕਦਮੀ ਵਿਰੁੱਧ ਚੜ੍ਹਵੀਂ ਲੜਾਈ ਦਾ ਹਿੱਸਾ ਸੀ ਜਿਵੇਂ ਕਿ ਸਾਮਰਾਜੀ ਸ਼ਕਤੀਆਂ ਰਾਜਨੀਤਕ ਫਰੰਟ ਅਤੇ ਫੌਜੀ ਫਰੰਟ ਤੇ ਲੜ ਰਹੀਆਂ ਸਨ।
ਚੀਨ ਵਿੱਚ, ਰੌਕਫੈਲਰ ਫਾਊਂਡੇਸ਼ਨ ਨੂੰ ਜਦੋਂ ਆਪਣੀਆਂ ਉਮੀਦਾਂ ਨੂੰ ਬੂਰ ਪੈਂਦਾ ਨਜ਼ਰ ਨਾ ਆਇਆ ਤਾਂ ਉਸਨੇ ਆਪਣਾ ਪ੍ਰੋਗਰਾਮ ਭਾਰਤ ਵੱਲ ਵਧਾਉਣ ਵਾਸਤੇ 1930ਵਿਆਂ ਵਿਚ ਹੀ ਯਤਨ ਸ਼ੁਰੂ ਕਰ ਦਿੱਤੇ ਸਨ ਜਦੋਂ ਕਿ ਮੈਕਸੀਕੋ ਪਹਿਲਾਂ ਹੀ ਉਸਦੇ ਫੌਰੀ ਏਜੰਡੇ ਤੇ ਸੀ। ਇਸ ਕਰਕੇ ਉਸਨੇ ਕੰਮ ਵੀ ਪਹਿਲਾਂ ਮੈਕਸੀਕੋ ਵਿਚ ਹੀ ਸ਼ੁਰੂ ਕੀਤਾ। ਰੌਕਫੈਲਰ ਫਾਊਂਡੇਸ਼ਨ ਨੇ ਖੇਤੀ ਵਿਗਿਆਨ ਅਤੇ ਫਸਲਾਂ ਦੀ ਨਸਲ ਸੁਧਾਰਨ ਲਈ ਲੱਖਾਂ ਡਾਲਰ ਰੱਖੇ ਹੋਏ ਸਨ। ਇਹ 1941 ਦਾ ਵਰ੍ਹਾ ਸੀ। ਫਿਰ 1956 ਵਿਚ, ਇੰਡੀਅਨ ਐਗਰੀਕਲਚਰ ਪ੍ਰੋਗਰਾਮ ਤਹਿਤ, ਭਾਰਤ ਦੀ ਖੇਤੀ ਆਰਥਕਤਾ ਨੂੰ ਉੱਕਾ ਹੀ ਬਦਲ ਦੇਣ ਦੇ ਇਰਾਦੇ ਨਾਲ, ਭਾਰਤ ਸਰਕਾਰ ਨਾਲ ਸਮਝੌਤਾ ਕੀਤਾ। ਜਦੋਂਕਿ ਇਸ ਸਮਝੌਤੇ ਲਈ ਯੋਜਨਾਵਾਂ ਦਾ ਅਦਾਨ ਪ੍ਰਦਾਨ, ਚਾਰ ਸਾਲ ਪਹਿਲਾਂ, ਅਥਵਾ ਚੀਨ ਦੇ ਇਨਕਲਾਬ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਿਆ ਸੀ। ਓਦੋਂ ਤੱਕ ਰੌਕਫੈਲਰ ਫਾਊਂਡੇਸ਼ਨ ਮੈਕਸੀਕੋ ਅੰਦਰ ਹਰ ਸਾਲ ਖੇਤੀ ਵਿਗਿਆਨ ਉੱਤੇ ਇਕ ਲੱਖ ਡਾਲਰ ਖਰਚ ਕਰਦੀ ਆ ਰਹੀ ਸੀ। ਬਾਕੀ ਕਹਾਣੀ ਲੰਬੀ ਹੈ। ਪਰ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਉੱਘੇ ਲੇਖਕ ਜੌਹਨ ਐੱਚ ਪਾਰਕਿਨਸ ਨੇ ਆਪਣੇ ਇਕ ਲੇਖ ਵਿਚ ਦੱਸਿਆ ਹੈ ਕਿ ਭਾਰਤ ਦੇ ਸਮਕਾਲੀ ਖੁਰਾਕ ਅਤੇ ਖੇਤੀ ਮੰਤਰੀ ਮਿਸਟਰ ਮੁਨਸ਼ੀ ਨੇ ਫਾਊਂਡੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਜੇਕਰ ਫੂਡ ਦੀ ਸਮੱਸਿਆ ਅਗਲੇ ਪੰਜ ਸਾਲਾਂ ਵਿਚ ਹੱਲ ਨਾ ਹੋਈ ਤਾਂ ਘੱਟੋ-ਘੱਟ ਦੱਖਣੀ ਭਾਰਤ ਜ਼ਰੂਰ ਕਮਿਊਨਿਸਟ ਹੋ ਜਾਏਗਾ। ਇਸ ਖੇਤੀ ਪ੍ਰੋਗਰਾਮ ਦਾ ਅਤਿ ਮਹੱਤਵਪੂਰਨ ਪੱਖ ਇਹ ਹੈ ਕਿ ਭਾਰਤ ਦੇ ਦੋ ਪ੍ਰਮੁੱਖ ਵਿਗਿਆਨੀ ਚਾਹੁੰਦੇ ਸਨ ਕਿ ਪ੍ਰੋਗਰਾਮ ਮੱਕੀ ਦੀ ਫਸਲ ਸੁਧਾਰਨ ਵਾਸਤੇ ਹੋਵੇ ਅਤੇ ਥੋੜ੍ਹੇ ਸਮੇਂ ਲਈ ਹੋਵੇ। ਉਨ੍ਹਾਂ ਵਿਗਿਆਨੀਆਂ ਦੇ ਨਾਮ ਡਾ. ਬਦਰੀਨਾਥ ਉੱਪਲ ਅਤੇ ਡਾ. ਬੀ ਪੀ ਲਾਲ ਦੱਸੇ ਗਏ ਹਨ। ਪਰ ਉਨ੍ਹਾਂ ਦੀ ਨਹੀਂ ਸੁਣੀ ਗਈ। ਰੌਕਫੈਲਰ ਫਾਊਂਡੇਸ਼ਨ ਨੇ ਕਣਕ ਅਤੇ ਝੋਨੇ ਨੂੰ ਵਿਕਸਤ ਕਰਨ ਵਿਚ ਸਹਾਇਤਾ ਕਰਨ ਤੇ ਜ਼ੋਰ ਦਿੱਤਾ ਅਤੇ 1.38 ਮਿਲੀਅਨ ਡਾਲਰ ਦੀ ਗ੍ਰਾਂਟ ਪਾਸ ਕਰ ਦਿੱਤੀ ਕਿਉਂਕਿ ਭਾਰਤ ਨੂੰ ਕਣਕ ਅਮਰੀਕਾ ਤੋਂ ਅਤੇ ਚਾਵਲ ਪਾਕਿਸਤਾਨ ਤੋਂ ਮੰਗਵਾਉਣੇ ਪੈਂਦੇ ਸਨ। ਇਸੇ ਨੂੰ ਹੀ ‘ਗ੍ਰੀਨ ਰੈਵੋਲੂਸ਼ਨ’ ਕਿਹਾ ਗਿਆ ਸੀ ਜਿਸਨੇ ਕਈ ਸਾਲਾਂ ਤੱਕ ਤਾਂ ਕੋਈ ਖਾਸ ਰੰਗ ਨਾ ਦਿਖਾਇਆ। ਫਿਰ ਇੰਡੀਅਨ ਕੌਂਸਲ ਫਾਰ ਰਿਸਰਚ ਨੇ ਨਵੀਂ ਪਨੀਰੀ ਲਾਉਣ ਲਈ ਪੰਜਾਬ ਨੂੰ ਚੁਣਿਆ। ਦੋ ਉੱਘੇ ਵਿਗਿਆਨੀਆਂ, ਬਰਲੌਗ ਅਤੇ ਹਾਲਡੋਰ ਹਨਸਨ ਨੂੰ ਸੱਦਿਆ ਜਿਨ੍ਹਾਂ ਨੇ ਕਿਸਾਨਾਂ ਨੂੰ ‘ਫਰਟੇਲਾਈਜ਼ਰ’ ਅਤੇ ‘ਵੀਡ ਤਕਨੀਕ’ ਇਸਤੇਮਾਲ ਕਰਨ ਲਈ ਪ੍ਰੇਰਿਆ ਅਤੇ ਜ਼ੋਰ ਦਿੱਤਾ। ਇੰਝ ਹੋਇਆ ਅਸਲ ਅਰਥਾਂ ਵਿਚ ਹਰੇ ਇਨਕਲਾਬ ਦਾ ਅਰੰਭ।
ਇੱਥੇ ਇਹ ਯਾਦ ਕਰਾਉਣਾ ਵੀ ਜ਼ਰੂਰੀ ਹੈ ਕਿ ਰੌਕਫੈਲਰ ਫਾਊਂਡੇਸ਼ਨ ਦੇ ਇਸ ਖੇਤੀ ਵਿਗਿਆਨ ਦੀ ਸਖਤ ਅਲੋਚਨਾ ਅਰੰਭ ਵਿਚ ਹੀ ਹੋਣੀ ਸ਼ੁਰੂ ਹੋ ਗਈ ਸੀ। ਇਹ ਕਿਹਾ ਗਿਆ ਸੀ ਕਿ ਇਹ ਵਾਤਾਵਰਣ ਦੀ ਬਰਬਾਦੀ ਕਰੇਗਾ, ਜੀਵਾਣੂ ਵਿਭਿੰਨਤਾ ਨਸ਼ਟ ਹੋਵੇਗੀ, ਖਾਦਾਂ ਅਤੇ ਪੈਟਰੋਕੈਮੀਕਲਜ਼ ਦੀ ਬਹੁਤਾਤ ਨਾਲ ਮਿੱਟੀ ਜ਼ਹਿਰੀਲੀ ਹੋਵੇਗੀ, ਵਧੇਰੇ ਪਾਣੀ ਕਾਰਨ ਖੋਰਾ ਲੱਗੇਗਾ ਆਦਿ। ਪ੍ਰੰਤੂ ਲਹਿ-ਲਹਾਂਦੀਆਂ ਫਸਲਾਂ ਦੇ ਅਣਕਿਆਸੇ ਝਾੜ ਨੇ ਇਨ੍ਹਾਂ ਵਿਗਿਆਨੀਆਂ ਦੀ ਖਬਰਦਾਰੀ ਤੇ ਲੋਕਾਂ ਦਾ ਧਿਆਨ ਕੇਂਦਰਤ ਨਾ ਹੋਣ ਦਿੱਤਾ। ਕੀ ਅਸੀਂ ਇੱਥੇ ਪ੍ਰਧਾਨ ਫਰੈਂਕਲੀਨ ਦੇ 1937 ਵਿਚ ਦਿੱਤੇ ਉਸ ਬਿਆਨ ਨੂੰ ਵੀ ਯਾਦ ਕਰ ਸਕਦੇ ਹਾਂ ਜਿਸ ਰਾਹੀਂ ਉਸ ਨੇ ਚੇਤਾਇਆ ਸੀ ਕਿ ‘ਜਿਹੜਾ ਰਾਸ਼ਟਰ ਆਪਣੀ ਮਿੱਟੀ ਬਰਬਾਦ ਕਰਦਾ ਹੈ ਉਹ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ, ਜਾਂ ਕੀ ਅਸੀਂ ਇਸ ਬਿਆਨ ਨੂੰ ਇੰਝ ਵੀ ਸਮਝ ਸਕਦੇ ਹਾਂ ਕਿ ਜੇਕਰ ਕਿਸੇ ਰਾਸ਼ਟਰ ਨੂੰ ਬਰਬਾਦ ਕਰਨਾ ਹੋਵੇ ਤਾਂ ਉਸਦੀ ਮਿੱਟੀ ਬਰਬਾਦ ਕਰ ਦਿਓ?
ਇਸ ਨਾਲ ਰੌਕਫੈਲਰ ਫਾਊਂਡੇਸ਼ਨ ਦਾ ਦੋ ਮੂਹਾਂ ਖੇਤੀ ਵਿਗਿਆਨ ਸਾਡੇ ਸਾਹਮਣੇ ਉਭਰਦਾ ਹੈ। ਇਕ ਪਾਸੇ ਜਨਸੰਖਿਆ ਦੀ ਬਹੁਤਾਤ ਵਾਲੇ ਖਿੱਤੇ ਦੇ ਲੋਕਾਂ ਦੀ ਭੁੱਖ ਪੂਰੀ ਕਰਨ ਜੋਗਾ ਅਨਾਜ ਪੈਦਾ ਕਰਨਾ ਅਤੇ ਦੂਜੇ ਪਾਸੇ ਭੁੱਖ ਦੇ ਇਲਾਜ ਰਾਹੀਂ ਉਨ੍ਹਾਂ ਨੂੰ ਕਮਿਊਨਿਜ਼ਮ ਦੀ ਦਿਸ਼ਾ ਵਿਚ ਜਾਣ ਤੋਂ ਰੋਕਣਾ। ਇਨ੍ਹਾਂ ਦੋਨਾਂ ਮਨੋਰਥਾਂ ਦੀ ਪੂਰਤੀ ਲਈ ਕੀ ਕੀਮਤ ਤਾਰਨੀ ਪਏਗੀ, ਇਹ ਚਿੰਤਾ ਰੌਕਫੈਲਰ ਫਾਊਂਡੇਸ਼ਨ ਦੀ ਨਹੀਂ ਸੀ। ਪੰਜਾਬੀਆਂ ਨੂੰ ਪਛਤਾਵਾ ਹੋ ਰਿਹਾ ਹੈ ਕਿ ਦੇਸ਼ ਦਾ ਢਿੱਡ ਭਰਦੇ-ਭਰਦੇ ਉਨ੍ਹਾਂ ਨੇ ਆਪਣੀ ਮਿੱਟੀ ਅਤੇ ਪਾਣੀ ਬਰਬਾਦ ਕਰ ਲਏ ਹਨ।
ਸਾਮਰਾਜ ਦੀ ਇਹ ਖੇਤੀ ਰਣਨੀਤੀ ਅੱਧੀ ਸਦੀ ਤੋਂ ਵੀ ਪਹਿਲਾਂ ਦੀ ਸੀ। ਤਕਨੀਕੀ ਕਰਾਂਤੀ ਨੇ ਸਾਰਾ ਕੁਝ ਬਦਲ ਦਿੱਤਾ ਹੈ। ਸਮਾਨਾਂਤਰ ਕਾਰਪੋਰੇਸ਼ਨਾਂ ਸਥਾਪਤ ਹੋ ਗਈਆਂ ਹਨ ਅਤੇ ਇੰਟਰਨੇੱਟ ਨੇ ਮੰਡੀਕਰਨ ਦੇ ਰਿਸ਼ਤੇ ਬਦਲ ਦਿੱਤੇ ਹਨ। ਪੂੰਜੀਵਾਦੀ ਸਨਅਤਕਾਰੀ ਦੀਆਂ ਸੀਮਾਵਾਂ ਨੇ ਜਿੱਥੇ ਉਤਪਾਦਨ ਦੀਆਂ ਵਿਭਿੰਨ ਜਿਣਸਾਂ ਵੱਲ ਮੂੰਹ ਕਰਨ ਲਈ ਮਜਬੂਰ ਕਰ ਦਿੱਤਾ ਹੈ ਉੱਥੇ ਖੇਤੀ ਉਤਪਾਦਨ ਨੇ ਵਿਸ਼ਵ ਕਾਰਪੋਰੇਸ਼ਨਾਂ ਨੂੰ ਤਕੜੀ ਤਰ੍ਹਾਂ ਆਕਰਸ਼ਤ ਕੀਤਾ ਹੈ। ਬਿਲ ਗੇਟਸ ਅਤੇ ਉਸਦੀ ਪਤਨੀ ਮਲਿੰਦਾ ਗੇਟਸ ਵਿਸ਼ਵ ਵਪਾਰ ਦੇ ਕੇਂਦਰੀ ਮੰਚ ਤੇ ਆ ਗਏ ਹਨ ਪਰ ਉਹ ਇਕੱਲੇ ਨਹੀਂ ਸਗੋਂ ਦੂਜੀਆਂ ਵਿਸ਼ਵੀ ਕਾਰਪੋਰੇਸ਼ਨਾਂ ਨਾਲ ਹੱਥ ਮਿਲਾਕੇ ਚੱਲਦੇ ਹਨ। ਵਿਸ਼ਵੀ ਕਾਰਪੋਰੇਟ, ਵਿਸ਼ਵੀ ਖੇਤੀ ਤੇ ਖੁਰਾਕ ਨੂੰ ਪੂਰੀ ਤਰ੍ਹਾਂ ਆਪਣੇ ਪੇਟੇ ਪਾਉਣ ਦੀ ਯੋਜਨਾਬੰਦੀ ਤੇ ਕੰਮ ਕਰ ਰਹੇ ਹਨ। ਬਿਲ ਗੇਟਸ ਨੇ ਪਿੱਛੇ ਜਿਹੇ 2,40,000 ਏਕੜ ਜ਼ਮੀਨ ਅਮਰੀਕਾ ਵਿਚ ਖਰੀਦੀ ਹੈ। ਪਹਿਲਾਂ ਹੀ ਉਥੋਂ ਦੇ 20 ਦੇ ਕਰੀਬ ਦੂਜੇ ਰਾਜਾਂ ਵਿਚ ਉਸ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ। ਉੱਘਾ ਖੋਜੀ ਪੱਤਰਕਾਰ ਤੇ ਲੇਖਕ ਰੌਬਰਟ ਐੱਫ ਕੇਨੇਡੀ ਜੇਆਰ ਦੱਸਦਾ ਹੈ ਕਿ ਬਿਲ ਗੇਟਸ ਦੇ ਫਾਰਮਾਂ ਵਿੱਚ ਖੇਤ ਮਜ਼ਦੂਰਾਂ ਦੀ ਥਾਂ ਰੋਬੋਟ ਕੰਮ ਕਰਿਆ ਕਰਨਗੇ। ਉਸਨੇ ਨਕਲੀ ਅਤੇ ਸਨਅਤੀ ਖਾਣਿਆਂ (ਜਨੈਟੀਕਲੀ ਮੋਡੀਫਾਈਡ ਫੂਡ) ਦੇ ਉਤਪਾਦਨ ਵਿਚ ਭਾਰੀ ਨਿਵੇਸ਼ ਕੀਤਾ ਹੈ। ਉਹ ਬਹੁਤ ਸਾਰੀਆਂ ਹੋਰ ਕਾਰਪੋਰੇਸ਼ਨਾਂ ਵਿਚ ਵੀ ਭਾਈਵਾਲ ਹੈ ਤੇ ਜਲਦੀ ਹੀ ਗਲੋਬਲ ਫੂਡ ਸਪਲਾਈ ਤੇ ਕਬਜ਼ਾ ਕਰਨ ਜਾ ਰਿਹਾ ਹੈ ਜਿਸ ਵਾਸਤੇ ਉਸਨੇ ਇੰਟਰਨੈਸ਼ਨਲ ਬਾਇਓ ਪਾਇਰੇਸੀ ਕੇਂਪੇਨ 1994 ਵਿਚ ਹੀ ਅਰੰਭ ਕਰ ਦਿੱਤੀ ਸੀ ।
ਸਾਲ 2006 ਵਿਚ ਬਿਲ ਐਂਡ ਮਲਿੰਦਾ ਗੇਟਸ ਨੇ ਰੌਕਫੈਲਰ ਫਾਉਂਡੇਸ਼ਨ ਨਾਲ ਮਿਲਕੇ ‘ਅਲਾਇੰਸ ਫਾਰ ਏ ਗਰੀਨ ਰੈਵੋਲੂਸ਼ਨ ਇਨ ਅਫਰੀਕਾ’ ਨਾਮ ਦੀ ਸੰਸਥਾ ਖੜ੍ਹੀ ਕੀਤੀ ਜਿਸ ਉੱਪਰ 424 ਮਿਲੀਅਨ ਡਾਲਰ ਖਰਚ ਕੇ ਅਫਰੀਕੀ ਕਿਸਾਨਾਂ ਨੂੰ ਇਹ ਝਾਂਸਾ ਦਿੱਤਾ ਕਿ 2020 ਤੱਕ ਅਫਰੀਕਾ ਦੇ 3 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਦੁਗਣੀ ਕਰ ਦਿੱਤੀ ਜਾਏਗੀ। ਉਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਆਪਣੇ ਰਵਾਇਤੀ ਢੰਗਾਂ ਨਾਲ ਵੰਨ ਸੁਵੰਨੀਆਂ ਫਸਲਾਂ ਦੀ ਕਾਸ਼ਤ ਕਰਦੇ ਆ ਰਹੇ ਸਨ। ਗੇਟਸ ਨੇ ੳਨ੍ਹਾਂ ਦੀ ਖੇਤੀ ਵਿਰਾਸਤ ਨੂੰ ਢੈਅਢੇਰੀ ਕਰਨ ਲਈ 4.9 ਬਿਲੀਅਨ ਡਾਲਰ ਖਰਚ ਕੀਤੇ ਤਾਂ ਕਿ ਮਸ਼ੀਨੀ ਖੇਤੀ ਦਾ ਰਾਹ ਪੱਧਰਾ ਕਰ ਲਿਆ ਜਾਏ। ਭਾਰੀ ਲਾਗਤ ਨਾਲ ਫਰਟੇਲਾਈਜ਼ਰ ਅਤੇ ਦਵਾਈਆਂ ਦੀ ਸਪਲਾਈ ਚੇਨ ਤਿਆਰ ਕੀਤੀ। ਹੋਰ ਕੀ ਕੀ ਕੀਤਾ ਗਿਆ ਇਸ ਦੀ ਲਿਸਟ ਬਹੁਤ ਲੰਬੀ ਹੈ। ਨਤੀਜਾ ਕੀ ਨਿਕਲਿਆ? ਕੁਝ ਸਾਲਾਂ ਵਿਚ ਹੀ ਸਥਾਨਕ ਕਿਸਾਨਾਂ ਦੀ ਦਸ਼ਾ ਗੁਲਾਮਾਂ ਵਰਗੀ ਹੋ ਗਈ ਅਤੇ 18 ਅਫਰੀਕੀ ਦੇਸ਼ਾਂ ਵਿਚ ਭੁੱਖਮਰੀ 30% ਵੱਧ ਗਈ ਅਤੇ ਭੁੱਖਮਰਿਆਂ ਦੀ ਗਿਣਤੀ 131 ਮਿਲੀਅਨ ਹੋ ਗਈ। ਅਫਰੀਕੀ ਲੋਕਾਂ ਨੇ ਇਸਨੂੰ ‘ਕਾਰਪੋਰੇਟ ਬਸਤੀਵਾਦ’ ਦਾ ਨਾਮ ਦਿੱਤਾ ਹੈ। ਬਿਲ ਗੇਟਸ ਫਾਉਂਡੇਸ਼ਨ ਅਤੇ ਰੌਕਫੈਲਰ ਫਾਉਂਡੇਸ਼ਨ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਬਣਾਈ ਸੰਸਥਾ ਗਰੀਬਾਂ ਪੱਖੀ, ਕਿਸਾਨਾਂ ਪੱਖੀ, ਵਾਤਾਵਰਣ ਪੱਖੀ ਹੈ।
ਕਾਰਪੋਰੇਟ ਜਦੋਂ ਭੁੱਖ ਦਾ ਇਲਾਜ ਕਰਨ ਦੀ ਗੱਲ ਕਰਦੇ ਹਨ ਤਾਂ ਅਸਲ ਵਿਚ ਉਹ ਭੁੱਖ ਨੂੰ ਮੁਨਾਫੇ ਦਾ ਹਥਿਆਰ ਬਣਾਉਣ ਦੀ ਯੋਜਨਾ ਉਪਰ ਅਮਲ ਕਰ ਰਹੇ ਹੁੰਦੇ ਹਨ । ਕਈ ਅਮਰੀਕੀ ਕਾਰਪੋਰੇਟਾਂ ਨੇ ਮਿਲਕੇ, ‘ਭੁੱਖ ਦਾ ਇਲਾਜ ਲੱਭਣ’ ਲਈ ਇਕ ਸੰਸਥਾ ਬਣਾਈ ਜਿਸਨੇ ਖੋਜ ਵਾਸਤੇ 900 ਵਿਗਿਆਨੀ ਅਤੇ ਸਕੌਲਰ ਭਰਤੀ ਕੀਤੇ ਜਿਹੜੇ ਆਪਣੀ ਖੋਜ ਨਾਲ ਇਸ ਨਤੀਜੇ ਤੇ ਪਹੁੰਚੇ ਕਿ ਖੇਤੀ, ਖੁਰਾਕ ਅਤੇ ਮਨੁੱਖੀ ਭਵਿੱਖ ਦਾ ਅਧਾਰ ਬੀਜਾਂ ਅਤੇ ਗਿਆਨ ਦੀ ਪ੍ਰਭੂਸੱਤਾ ਹੈ ਅਤੇ ਭੁੱਖ ਦਾ ਇਲਾਜ ਕੇਵਲ ਰਵਾਇਤੀ ਖੇਤੀ ਹੀ ਕਰ ਸਕਦੀ ਹੈ। ਕਾਰਪੋਰੇਟਾਂ ਨੇ ਇਕ ਹੋਰ ਸੰਸਥਾ ਬਣਾਈ ਅਤੇ ਸਾਰੀ ਧਰਤੀ ਦੇ ਕਿਸਾਨਾਂ ਤੋਂ 768,578 ਕਿਸਮਾਂ ਦੇ ਬੀਜ ਇਕੱਤਰ ਕਰਕੇ ਵੱਖ-ਵੱਖ ਦੇਸ਼ਾਂ ਅੰਦਰ 15 ਬੀਜ ਬੈਂਕਾਂ ਬਣਾਕੇ ਜਮਾਂ ਕਰ ਲਏ। ਬਿਲ ਗੇਟਸ ਫਾਊਂਡੇਸ਼ਨ ਅਤੇ ਰੌਕਫੈਲਰ ਫਾਊਂਡੇਸ਼ਨ ਨੇ 720 ਮਿਲੀਅਨ ਡਾਲਰ ਖਰਚਕੇ 15 ਬੈਂਕਾਂ ਨੂੰ ਇਕ ਕਰ ਲਿਆ ਤੇ ਸਾਰੇ ਬੀਜਾਂ ਦੇ ਮਾਲਿਕ ਬਣ ਗਏ। ਇਹ ਧਰਤੀ ਦੇ ਕਿਸਾਨਾਂ ਦੀ 10,000 ਸਾਲਾਂ ਦੀ ਪ੍ਰਾਪਤੀ ਸੀ। ਡਾ. ਵੰਦਨਾ ਸ਼ਿਵਾ ਨੇ ਇਸਨੂੰ ‘ਜੈਨੇਟਿਕ ਬਸਤੀਵਾਦ’ ਦਾ ਨਾਮ ਦਿੱਤਾ ਹੈ। ਇਹ ਜਾਣਕਾਰੀ ਰੌਬਰਟ ਕੈਨੇਡੀ ਜੇਆਰ ਦੀਆਂ ਲਿਖਤਾਂ ‘ਤੇ ਅਧਾਰਤ ਹੈ । ਸਾਰੇ ਬੀਜ ਹੁਣ ਬਿਲ ਗੇਟਸ ਦੇ ਪੇਟੇਂਟ ਹਨ ।
ਕੋਈ ਵੀ ਪੁੱਛ ਸਕਦਾ ਹੈ ਕਿ ਬੀਜ ਪੇਟੈਂਟ ਹੋਣ ਨਾਲ ਕੀ ਫਰਕ ਪੈਂਦਾ ਹੈ। ਕਿਸਾਨ ਖੇਤੀ ਕਰੀ ਹੀ ਜਾਂਦੇ ਹਨ। ਇਸ ਨੂੰ ਸਮਝਣ ਲਈ ਇਕ ਉਦਾਹਰਣ ਲੈਂਦੇ ਹਾਂ। ਪੈਪਸੀ ਵੱਲੋਂ ਮਹਾਂਰਾਸ਼ਟਰ ਅਤੇ ਯੂ ਪੀ ਦੇ ਕਿਸਾਨਾਂ ਨਾਲ ਕੀਤੀ ਕੰਟਰੈਕਟ ਫਾਰਮਿੰਗ ਦੀ ਇਕ ਘਟਨਾ ਨੂੰ ਯਾਦ ਕਰਨਾ ਚਾਹੀਦਾ ਹੈ। ਪੈਪਸੀ ਵੱਲੋਂ ਆਲੂ ਦਾ ਭਾਅ ਗਿਰਾਅ ਦੇਣ ਕਾਰਨ (20 ਕਿਲੋ ਦਾ ਗੱਟਾ 5 ਰੁਪਏ ਦਾ) ਯੂ ਪੀ ਦੇ ਕਿਸਾਨਾਂ ਨੇ ਆਪਣੇ ਆਲੂ ਵੇਚਣ ਤੋਂ ਤੌਬਾ ਕਰਕੇ ਬੀਜ ਵਾਸਤੇ ਜਮਾਂ ਕਰ ਲਏ। ਜਮਾਂ ਕੀਤੇ ਆਲੂ ਦਾ ਬੀਜ ਕਿਉਂਕਿ ਪੈਪਸੀ ਨੇ ਦਿੱਤਾ ਸੀ ਇਸ ਕਰਕੇ ਪੈਪਸੀ ਨੇ ਕਿਸਾਨਾਂ ਉੱਤੇ ਕਰੋੜਾਂ ਰੁਪਏ ਦੇ ਹਰਜਾਨੇ ਦਾ ਕੇਸ ਕਰ ਦਿੱਤਾ। ਕਿਸਾਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਬਚਾ ਲਿਆ ਜਿਸ ਨੇ ਉਨ੍ਹਾਂ ਨੂੰ ਬੀਜ ਸਟੋਰ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ। ਪੈਪਸੀ ਨੂੰ ਕੇਸ ਵਾਪਿਸ ਲੈਣਾ ਪਿਆ। ਇਹੀ ਹੈ ਜੈਨੇਟਿਕ ਬਸਤੀਵਾਦ ਦਾ ਖੁੰਖਾਰ ਖਾਸਾ।
ਡਾ. ਵੰਦਨਾ ਸ਼ਿਵਾ ਦੇ ਹਵਾਲੇ ਨਾਲ ਕੇਨੇਡੀ ਨੇ ਲਿਖਿਆ ਹੈ ਕਿ ਬਿਲਗੇਟਸ ਨੇ ਭਾਰਤੀ ਕਿਸਾਨਾਂ ਦੇ ਘਰਾਂ ਅਤੇ ਖੇਤਾਂ ਵਿਚ ਕੈਮਰੇ ਲਾਏ, ਉਨ੍ਹਾਂ ਦੇ ਸੈੱਲ ਫੋਨਾਂ ਦੀ ਦੁਰਵਰਤੋਂ ਕੀਤੀ ਜਿਹੜੇ ਉਨ੍ਹਾਂ ਨੂੰ ਮੁਫਤ ਦਿੱਤੇ ਗਏ ਸਨ। ਫਾਈਬਰ ਆਪਟਿਕ ਅਤੇ 5-ਜੀ ਇੰਸਟਾਲ ਕੀਤੀ …. ਵਗੈਰਾ। ਉਨ੍ਹਾਂ ਦਾ ਫਸਲੀ ਡੈਟਾ, ਖੇਤੀ ਕਰਨ ਦੀ ਮੌਲਿਕ ਵਿਧੀ, ਖੇਤੀ ਗਿਆਨ ਅਤੇ ਤਜ਼ਰਬਾ ਚੋਰੀ ਕੀਤੇ ਅਤੇ ਆਪਣੇ ਨਵੇਂ ਖੋਜ ਮਾਅਰਕੇ ਦੱਸਕੇ ਵੇਚ ਦਿੱਤੇ। ਇਸੇ ਤਰ੍ਹਾ ਕਰਿਸ਼ਚੀਅਨ ਵੈਸਟ ਬਰੁੱਕ ਨੇ ਕਿਹਾ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਣ ਗਏ ਹਾਂ ਕਿ ਬਿਲ ਗੇਟਸ ਕੌਣ ਹੈ। ਉਸਨੇ ਭਾਰਤ, ਮੈਕਸਿਕੋ ਅਤੇ ਅਫਰੀਕਾ ਦੇ ਕਿਸਾਨਾਂ ਨਾਲ ਕੀ ਸ਼ਰਾਰਤ ਕੀਤੀ ਹੈ। ਉਹ ਤੀਜੇ ਹਰੇ ਇਨਕਾਬ ਦੀ ਤਿਆਰੀ ਵਿਚ ਹੈ ਤੇ ਸਾਡਾ ਜੀਵਨ ਨਿਰਬਾਹ, ਸਾਡਾ ਗਿਆਨ, ਸਾਡੇ ਬੀਜ, ਸਾਡੀ ਜ਼ਮੀਨ ਖੋਹਣੀ ਚਾਹੁੰਦਾ ਹੈ। ਉਹ ਹਮੇਸ਼ਾ ਹੀ ਏਨਾ ਤੇਜ਼ ਚੱਲਣਾ ਚਾਹੁੰਦਾ ਹੈ ਕਿ ਉਸਦਾ ਘੁਟਾਲਾ ਨਜ਼ਰ ਹੀ ਨਾ ਆਵੇ। ਉਹ ਏਹੋ ਹੀ ਕਰਨ ਲਈ ਭਾਰਤ ਦੇ ਕਿਸਾਨਾਂ ਵਿਚ ਤਕਨਾਲੋਜੀ ਲੈ ਕੇ ਗਿਆ ਹੈ। ਉਹ ਭਾਰਤ ਦੇ ਲੋਕਾਂ ਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਪਸ਼ੂ ਵੀ ਖੇਤੀ ਵਿੱਚੋਂ ਬਾਹਰ ਹੋ ਜਾਣ.. ਵਗੈਰਾ। ਅਮਰੀਕੀ ਕਾਰਪੋਰੇਟਾਂ ਨੇ ਸਾਰੀ ਦੁਨੀਆਂ ਵਿਚ ਪਸਾਰ ਕਰ ਲਿਆ ਹੈ ਅਤੇ ਭਾਰਤੀ ਕਾਰਪੋਰਟਾਂ ਨੇ ਵੀ ਉਨ੍ਹਾਂ ਨਾਲ ਭਿਆਲੀ ਪਾਈ ਹੋਈ ਹੈ।
ਮੁਕੇਸ਼ ਅੰਬਾਨੀ ਨੇ 2017 ਵਿਚ ਐਲਾਨ ਕੀਤਾ ਸੀ ਕਿ ਖੇਤੀ, ਸਿੱਖਿਆ ਅਤੇ ਸਿਹਤ ਸੇਵਾਵਾਂ ਉਸਦੇ ਰੋਡਮੈਪ ਤੇ ਹਨ। ਦੂਜੇ ਪਾਸੇ ਅਡਾਨੀ ਦੀ ਯੋਜਨਾ ਖੇਤੀ ਦੇ ਤਾਣੇਬਾਣੇ ਉੱਪਰ ਕਬਜ਼ਾ ਕਰਨਾ ਹੈ। ਫੂਡ ਦੇ ਵਪਾਰ ਵਿਚ ਇਹ ਜਾਲ੍ਹ ਵਾਲਮਾਰਟ ਨਾਲ ਮਿਲਕੇ ਉਣਿਆ ਜਾ ਰਿਹਾ ਹੈ। ਉਸਨੇ ਅਨਾਜ ਦੀ ਸਟੋਰੇਜ ਅਤੇ ਟਰਾਂਸਪੋਰਟੇਸ਼ਨ ਵਿਚ ਭਾਰੀ ਨਿਵੇਸ਼ ਕੀਤਾ ਹੈ। ਇਸੇ ਤਰ੍ਹਾਂ ਅੰਬਾਨੀ ਦੇ ਰਿਟੇਲ ਕਾਰੋਬਾਰ ਵਿਚ ਅਮਰੀਕੀ ਇੰਟਰਨੇਟ ਕੰਪਨੀਆਂ ਦਾ ਸਹਿਯੋਗ ਹੈ।
ਤਿੰਨ ਕਾਲੇ ਖੇਤੀ ਕਨੂੰਨਾਂ ਦਾ ਉਦੇਸ਼ ਛੋਟੇ ਕਿਸਾਨਾਂ ਦੀ ਆਤਮ ਨਿਭਰਤਾ ਨੂੰ ਬਰਬਾਦ ਕਰਨਾ ਹੈ ਜਿਸਨੇ ਪੈਦਾਵਾਰ ਦੀ ਸਦੀਆਂ ਪੁਰਾਣੀ ਵੰਨਸੁਵੰਨਤਾ ਨੂੰ ਕਾਇਮ ਰੱਖਿਆ ਹੋਇਆ ਹੈ। ਇਹ ਅਨਾਜ ਉਪਰੋਂ ਕਿਸਾਨ ਦੀ ਸਦੀਆਂ ਪੁਰਾਣੀ ਪ੍ਰਭੂਸੱਤਾ ਤੋੜ ਦੇਣਗੇ। ਜਿਣਸਾਂ ਦੀ ਜ਼ਖੀਰੇਬਾਜ਼ੀ ਨੂੰ ਕਨੂੰਨੀ ਮਾਨਤਾ ਮਿਲ ਜਾਣ ਨਾਲ ਢਿੱਡ ਭਰਨ ਦੇ ਅਧਿਕਾਰ ਦੀ ਥਾਂ ਮੁਨਾਫੇ ਦਾ ਅਧਿਕਾਰ ਲੈ ਲਵੇਗਾ। ਦੇਸ਼ ਦੇ ਲੋਕ ਇਨ੍ਹਾਂ ਕਨੂੰਨਾਂ ਦੀ ਅਸਲੀਅਤ ਨੂੰ ਸਮਝ ਰਹੇ ਹਨ ਇਸੇ ਕਾਰਨ ਉਹ ਕਿਸਾਨ-ਅੰਦੋਲਨ ਦੀ ਪਿੱਠ ਤੇ ਆ ਗਏ ਹਨ।
ਸਰਕਾਰ ਕਿਸਦੇ ਇਸ਼ਾਰੇ ਤੇ ਚੁੱਪ ਹੈ ਅਤੇ ਕਿਸਦੇ ਇਸ਼ਾਰੇ ਤੇ ਆਪਣੇ ਬਿਆਨ ਲਗਾਤਾਰ ਬਦਲਦੀ ਆਈ ਹੈ? ਚੋਣਾਂ ਤੋਂ ਪਹਿਲਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਜਿੱਤਣ ਉਪਰੰਤ 2015 ਵਿਚ ਅਦਾਲਤ ਨੂੰ ਐਫੀਡੇਵਿਟ ਦੇ ਦਿੱਤਾ ਕਿ ਇਸਨੂੰ ਲਾਗੂ ਕਰਨਾ ਸੰਭਵ ਹੀ ਨਹੀਂ। ਪਰ 2020 ਦੇ ਬਜਟ ਸੈਸ਼ਨ ਵਿਚ ਖੇਤੀ ਮੰਤਰੀ ਤੋਮਰ ਨੇ ਕਹਿ ਦਿੱਤਾ ਕਿ ਸਵਾਮੀਨਾਥਨ ਰਿਪੋਰਟ ਕੇਵਲ ਭਾਜਪਾ ਸਰਕਾਰ ਨੇ ਹੀ ਲਾਗੂ ਕੀਤੀ ਹੈ ਅਤੇ ਐਮ ਐਸ ਪੀ ਦਿੱਤੀ ਹੈ । ਇਕੋ ਗੱਲ ਦੁਹਰਾਈ ਜਾ ਰਹੀ ਹੈ ਕਿ ਦਿਹਾਤੀ ਲੋਕ ਕਨੂੰਨਾਂ ਨੂੰ ਸਮਝ ਨਹੀਂ ਰਹੇ । ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਪਹਿਲਾਂ ਦੇਸ਼ ਦੇ ਨਾਮੀ 10 ਅਰਥ ਸ਼ਾਸਤਰੀਆਂ ਨੇ ਅਤੇ ਫਿਰ ਵਿਸ਼ਵ ਪ੍ਰਸਿੱਧ 40 ਅਰਥ ਸ਼ਾਸਤਰੀਆਂ ਨੇ ਖੇਤੀ ਮੰਤਰੀ ਨੂੰ ਆਪਣੇ-ਆਪਣੇ ਪੱਤਰਾਂ ਰਾਹੀ ਕਨੂੰਨਾਂ ਨੂੰ ਬਰਬਾਦੀ ਬਰਪਾਉਣ ਵਾਲੇ ਦੱਸ ਕੇ ਰੱਦ ਕਰਨ ਦੀ ਮੰਗ ਕੀਤੀ ਹੈ।
ਲੁਕਵਾਂ ਸੱਚ ਓਹੀ ਹੈ ਜੋ ਲੋਕ ਕਹਿ ਰਹੇ ਹਨ। ਸਰਕਾਰ ਨੇ ਦੇਸੀ ਤੇ ਵਿਸ਼ਵੀ ਕਾਰਪੋਰੇਟਾਂ ਦੇ ਗੱਠਜੋੜ ਨਾਲ ਘਿਓ-ਖਿਚੜੀ ਹੋਣ ਕਾਰਨ ਕਾਲੇ ਕਨੂੰਨਾਂ ਨੂੰ ਸਹੀ ਠਹਿਰਾਉਣ ਦੀ ਰੱਟ ਲਾਈ ਹੋਈ ਹੈ। -

ਜੋ ਹਮ ਸਹਿਰੀ ਸੁ ਮੀਤ ਹਮਾਰਾ
ਡਾ. ਕਰਮਜੀਤ ਸਿੰਘ
ਡਾ. ਸੇਵਾ ਸਿੰਘ ਨੇ ਆਪਣੀ ਪੁਸਤਕ ”ਭਗਤੀ ਅਤੇ ਸ਼ੂਦਰ” ਵਿਚ ਛੇਵੀਂ ਸਦੀ ਤਕ ਭਾਰਤ ਦੇ ਸ਼ੂਦਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਅਨੁਸਾਰ ਪੁਰਾਤਨ ਕਾਲ ਦੀ ਭਗਤੀ ਦੀ ਧਾਰਣਾ ਸ਼ੂਦਰਾਂ ਨੂੰ ਕਾਬੂ ਵਿਚ ਰੱਖਣ ਦਾ ਇਕ ਸਾਧਨ ਮਾਤਰ ਸੀ, ਵਿਸ਼ੇਸ਼ ਤੌਰ ‘ਤੇ ਪੌਰਾਣਿਕ ਕਾਲ ਨੇ ਇਸ ਵਿਚ ਪੂਰਾ ਯੋਗਦਾਨ ਦਿੱਤਾ। ਆਪਣੇ ਕੱਢੇ ਨਤੀਜਿਆਂ ਵਿਚ ਡਾ. ਸੇਵਾ ਸਿੰਘ ਲਿਖਦੇ ਹਨ, ”ਧਿਆਨ ਦੇਣ ਦੀ ਗੱਲ ਹੈ ਕਿ ਭਾਰਤ ਦੇ ਕਿਸਾਨ, ਕਿਰਤੀ, ਸ਼ਿਲਪੀ, ਸੇਵਾ-ਕਰਮੀ ਅੱਗੇ ਜਾ ਕੇ ਈਸਵੀ ਸੰਨ ਦੀ ਛੇਵੀਂ ਸ਼ਤਾਬਦੀ ਤੋਂ ਬਾਅਦ ਅਛੂਤ, ਅਸੁਰ ਅਤੇ ਜਨਜਾਤੀਆਂ ਦੇ ਲੋਕ ਸਨ ਜਿਨ੍ਹਾਂ ਨੂੰ ਵਰਣ ਵੰਡ ਮੂਲਕ ਸਮਾਜ ਦੀ ਏਕਾਤਮਕਤਾ ਦੇ ਤਹਿਤ ਬ੍ਰਾਹਮਣਕ ਪਰੰਪਰਾ ਦੇ ਗ੍ਰੰਥਾਂ ਨੇ ਸ਼ੂਦਰ ਕਹਿ ਕੇ ਤ੍ਰਿਸਕਾਰਿਤ ਕੀਤਾ। ਇਸ ਸੰਦਰਭ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੌਰੀਆ ਕਾਲ ਤਕ ਜਨਜਾਤੀਆਂ ਅਤੇ ਅਸੁਰਾਂ ਵਿਚ ਵਰਣ-ਧਰਮੀ ਵਿਵਸਥਾ ਦੇ ਦਬਾਅ ਦੇ ਬਾਵਜੂਦ, ਆਪਣੇ ਮਾਨਵੀ ਗੌਰਵ ਅਤੇ ਵਿਚਾਰਧਾਰਾ ਨੂੰ ਬਣਾਈ ਰੱਖਣ ਦਾ ਯਤਨ ਕਾਇਮ ਰਿਹਾ ਹੈ।” (ਡਾ. ਸੇਵਾ ਸਿੰਘ, ਭਗਤੀ ਅਤੇ ਸ਼ੂਦਰ, ਅਨੁ. ਹਰਵਿੰਦਰ ਭੰਡਾਲ, 5 ਆਬ ਪ੍ਰਕਾਸ਼ਨ, ਜਲੰਧਰ, 2009, ਪੰਨਾ-207)
ਇਸੇ ‘ਮਾਨਵੀ ਗੌਰਵ ਅਤੇ ਵਿਚਾਰਧਾਰਾ’ ਨੂੰ ਭਗਤੀ ਅੰਦੋਲਨ ਨੇ ਅਗਾਂਹ ਤੋਰਿਆ। ਭਗਤੀ ਕਾਲ ਸ਼ੰਕਰਾਚਾਰੀਆ ਤੋਂ ਬਾਅਦ ਵਿਚ ਸ਼ੁਰੂ ਹੁੰਦਾ ਹੈ, ਜਿਸ ਸਮੇਂ ਸੁਲਤਾਨਾਂ ਦਾ ਰਾਜ ਰਿਹਾ, ਲੋਧੀ, ਤੁਗ਼ਲਕ ਤੇ ਖ਼ਿਲਜੀ ਖ਼ਾਨਦਾਨਾਂ ਤੋਂ ਇਲਾਵਾ ਮੁਗ਼ਲਾਂ ਦਾ ਰਾਜ ਰਹਿੰਦਾ ਹੈ। ਮੁਸਲਿਮ ਧਰਮ, ਸਿਧਾਂਤਕ ਤੌਰ ‘ਤੇ ਜਾਤ-ਪਾਤ ਵਿਚ ਵਿਸ਼ਵਾਸ਼ ਨਹੀਂ ਰੱਖਦਾ ਇਸ ਲਈ ਭਾਰਤ ਦਾ ਸ਼ੂਦਰ, ਜੋ ਹਜ਼ਾਰਾਂ ਸਾਲਾਂ ਤੋਂ ਮਨੂੰਵਾਦ ਦਾ ਸਤਾਇਆ ਹੋਇਆ ਸੀ, ਮੁਸਲਿਮ ਧਰਮ ਵਿਚ ਸ਼ਾਮਲ ਹੋ ਗਿਆ। ਮੁਸਲਿਮ ਧਰਮ ਵਿਚ ਸ਼ਾਮਲ ਹੋ ਕੇ ਇਹ ਲੋਕ ਓਨੇ ਉਗ੍ਰ ਨਾ ਰਹੇ, ਪਰ ਇਸ ਸਮੇਂ ਪੈਦਾ ਹੋਈ ਭਗਤੀ ਲਹਿਰ ਦੇ ਤੇਵਰ ਬੜੇ ਤਿੱਖੇ ਸਨ। ਡਾ. ਮੋਹਣ ਸਿੰਘ ਦੀਵਾਨਾ ਨੇ ਲਿਖਿਆ ਹੈ ਕਿ ”…ਭਗਤੀ ਲਹਿਰ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਇਸ ਨਾਲ ਭਗਤੀ ਦੀ ਵਾਗਡੋਰ, ਪੰਡਾ-ਪੁਰੋਹਿਤਵਾਦ ਹੱਥੋਂ ਨਿਕਲ ਕੇ ਆਮ ਜਨਤਾ ਅਤੇ ਇਸ ਵਿਚੋਂ ਪੈਦਾ ਹੋਣ ਵਾਲੇੋ ਹਰ ਸੂਬੇ ਤੇ ਹਰ ਜਾਤ ਦੇ ਸੰਤਾਂ-ਭਗਤਾਂ ਹੱਥ ਆ ਗਈ ਅਤੇ ਨੀਚ ਜਾਤਾਂ (ਤਥਾ ਕਥਿਤ) ਦੇ ਬੰਦਿਆਂ ਅਤੇ ਇਸਤਰੀ ਜਾਤੀ ਨੂੰ ਵੀ ਭਗਤੀ ਦਾ ਪੂਰਾ-ਪੂਰਾ ਅਧਿਕਾਰ ਪਹਿਲੀ ਵਾਰ ਇਥੇ ਹੀ ਮਿਲਿਆ ਸੀ।” (ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, 2006, ਪੰਨਾ-65)
ਪ੍ਰੋ. ਇਰਫਾਨ ਹਬੀਬ ਨੇ ਆਪਣੇ ਪਰਚੇ ”ਭਾਰਤ ਦੇ ਇਤਿਹਾਸ ਵਿਚ ਜਾਤ-ਪਾਤ” ਵਿਚ ਬੜਾ ਗਹਿਨ ਅਧਿਐਨ ਕੀਤਾ ਹੈ। ਉਹ ਵੀ ਭਗਤੀ ਲਹਿਰ ਦੇ ਤਿੱਖੇ ਤੇਵਰਾਂ ਨੂੰ ਰੇਖਾਂਕਿਤ ਕਰਦੇ ਹਨ, ”ਇਹ ਹੋ ਸਕਦਾ ਹੈ ਕਿ ਇਸਲਾਮ ਦੇ ਇਕ ਈਸ਼ਵਰ ਵਿਚ ਵਿਸ਼ਵਾਸ਼ ‘ਤੇ ਮੁਸਲਿਮ ਸਮਾਜ ਵਿਚ ਕਾਨੂੰਨੀ ਤੌਰ ‘ਤੇ ਬਰਾਬਰੀ ਦਾ ਇਨ੍ਹਾਂ ਇਕ ਈਸ਼ਵਰਵਾਦੀ ਲਹਿਰਾਂ ‘ਤੇ ਕਾਫ਼ੀ ਪ੍ਰਭਾਵ ਪਿਆ ਸੀ। ਪਰ ਇਨ੍ਹਾਂ ਵਿਚ ਬਰਾਬਰੀ ‘ਤੇ ਜ਼ੋਰ ਅਤੇ ਜਾਤ ਪ੍ਰਥਾ ਤੇ ਕਰਮਕਾਂਡਾਂ ਦੀ ਨਿਖੇਧੀ ਦਾ ਪੱਧਰ ਕਿਸੇ ਵੀ ਸਮਕਾਲੀ ਇਸਲਾਮਕ ਉਪਦੇਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਤਿੱਖਾ ਸੀ। ਇਸਦੇ ਪ੍ਰਚਾਰਕਾਂ ਵਿਚੋਂ ਬਹੁਤੇ ਅਖੌਤੀ ਨੀਵੀਆਂ ਜਾਤੀਆਂ ਨਾਲ ਸੰਬੰਧ ਰੱਖਦੇ ਸਨ। ਕਬੀਰ ਜੁਲਾਹੇ ਸਨ, ਰਵਿਦਾਸ ਚਮਾਰ ਸਨ, ਸੈਣ ਨਾਈ ਸਨ, ਦਾਦੂ ਤੇਲੀ ਸਨ, ਧੰਨਾ ਜੱਟ ਸਨ।” (ਭਾਰਤ ਦੇ ਇਤਿਹਾਸ ਵਿਚ ਜਾਤ-ਪਾਤ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ, 2015, ਪੰਨਾ-15) ਇਨ੍ਹਾਂ ਉਪਰੋਕਤ ਤੋਂ ਇਲਾਵਾ ਇਸ ਲਹਿਰ ਵਿਚ ਰਾਮਾ ਨੰਦ, ਤ੍ਰਿਲੋਚਨ, ਜੈਦੇਵ, ਚੇਤੰਨ ਮਹਾਪ੍ਰਭੂ, ਸੂਰਦਾਸ, ਮੀਰਾਂ ਬਾਈ ਆਦਿ ਸ਼ਾਮਲ ਸਨ। 1604 ਈ. ਵਿਚ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਬੀਰ ਅਤੇ ਨਾਮਦੇਵ ਤੋਂ ਬਾਅਦ ਗੁਰੂ ਰਵਿਦਾਸ ਦੇ ਪੰਦਰਾਂ ਰਾਗਾਂ ਵਿਚ 39 ਸ਼ਬਦ ਅਤੇ ਇਕ ਸ਼ਲੋਕ ਹੈ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਭਗਤਾਂ ਦੀ ਬਾਣੀ ਇੱਕਤਰ ਕਰਦਿਆਂ ਨਿਰਗੁਣਵਾਦੀ ਵਿਚਾਰਧਾਰਾ ਦੀ ਸਾਂਝ ਨੂੰ ਪ੍ਰਮੁੱਖਤਾ ਦਿੱਤੀ। ਡਾ. ਰੌਣਕੀ ਰਾਮ ਨੇ ਗੁਰੂ ਰਵਿਦਾਸ ਬਾਣੀ ਦੀ ਵਿਚਾਰਧਾਰਾ ਨੂੰ ਇਨ੍ਹਾਂ ਸ਼ਬਦਾਂ ਵਿਚ ਸੂਤ੍ਰਬੱਧ ਕਰ ਦਿੱਤਾ ਹੈ, ”ਗੁਰੂ ਰਵਿਦਾਸ ਜੀ ਨੇ ਉਸ ਪ੍ਰਭੂ ਨੂੰ ਪ੍ਰਾਪਤ ਕਰਨ ਲਈ ਅਖੌਤੀ ਬ੍ਰਾਹਮਣੀ ਮੰਤਰਾਂ, ਤੀਰਥਾਂ, ਯੱਗਾਂ, ਦਾਨ-ਪੁੰਨਾਂ, ਵੇਦ-ਪੁਰਾਣਾਂ ਅਤੇ ਹਿੰਦੂ ਧਰਮ ਗ੍ਰੰਥਾਂ ਆਦਿ ਦਾ ਪੂਰਨ ਤੌਰ ‘ਤੇ ਖੰਡਨ ਕੀਤਾ ਹੈ ਅਤੇ ਸਿਰਫ਼ ਇਕ ਪ੍ਰਭੂ ਦਾ ਨਾਮ ਸਿਖਾਇਆ ਹੈ। ਜਿਸ ਦੁਆਰਾ ਆਤਮਾ ਬੇਪ੍ਰਵਾਹ ਹੋ ਜਾਂਦੀ ਹੈ ਅਤੇ ਕਿਸੇ ਤਰ੍ਹਾਂ ਦੀ ਗ਼ੁਲਾਮੀ ਉਸ ‘ਤੇ ਆਪਣਾ ਵਾਸਾ ਨਹੀਂ ਕਰ ਸਕਦੀ।” (ਦਲਿਤ ਪਛਾਣ, ਮੁਕਤੀ ਅਤੇ ਸ਼ਕਤੀਕਰਨ, ਪ. ਬਿ. ਪੰ. ਯੂ., ਪਟਿਆਲਾ, 2012, ਪੰਨਾ-107)
ਭਗਤ ਸਾਰੇ ਹੀ ਕਿਰਤੀ ਲੋਕ ਸਨ ਇਸੇ ਲਈ ਇਨ੍ਹਾਂ ਦੀ ਬਾਣੀ ਵਿਚ ਕਿਰਤ ਦਾ ਸਨਮਾਨ ਸਭ ਤੋਂ ਪਹਿਲਾਂ ਹੈ। ਬ੍ਰਾਹਮਣੀ ਗ੍ਰੰਥਾਂ ਵਿਚ ਜਿਥੇ ਹਲ ਵਾਹੁਣ ਤੋਂ ਇਸ ਲਈ ਇਨਕਾਰ ਕੀਤਾ ਗਿਆ ਹੈ ਕਿ ਇਸਦੇ ਲੋਹੇ ਦੇ ਫਾਲ਼ ਨਾਲ ਹਿੰਸਾ ਹੁੰਦੀ ਹੈ ਓਥੇ ਭਗਤੀ ਅੰਦੋਲਨ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਸੰਦੇਸ਼ ਕੇਂਦਰ ਵਿਚ ਰੱਖਦਾ ਹੈ। ਭਗਤ ਆਪ ਆਪਣਾ ਕਿੱਤਾ ਕਰਦੇ ਹੋਏ ਸਮਾਜ ਸੁਧਾਰ ਦਾ ਕੰਮ ਵੀ ਕਰਦੇ ਹਨ। ਇਥੇ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਹੁਣ ਤਕ ਦਵਿਜ ਜਾਤੀਆਂ ਦੀ ਜੂਠ ‘ਤੇ ਗੁਜ਼ਾਰਾ ਕਰਨਾ ਪੈਂਦਾ ਸੀ ਹੁਣ ਉਹ ਆਪਣੀਆਂ ਮੁਢਲੀਆਂ ਲੋੜਾਂ ਤੋਂ ਸੁਚੇਤ ਹੋ ਰਹੇ ਹਨ। ਇਸ ਦ੍ਰਿਸ਼ਟੀ ਤੋਂ ਭਗਤ ਕਬੀਰ ਅਤੇ ਧੰਨਾ ਦੇ ਸ਼ਬਦ ਵਿਚਾਰਨੇ ਜ਼ਰੂਰੀ ਹਨ ਜਿਨ੍ਹਾਂ ਵਿਚ ਭਜਨ ਨਾਲੋਂ ਪਹਿਲਾਂ ਭੁੱਖ ਦਾ ਨਿਵਾਰਣ ਕਰਨਾ ਜ਼ਰੂਰੀ ਮੰਨਿਆ ਗਿਆ ਹੈ ਅਤੇ ਮੁਢਲੀਆਂ ਲੋੜਾਂ ਦੀ ਜ਼ਰੂਰਤ ਉੱਪਰ ਬਲ ਦਿੱਤਾ ਗਿਆ ਹੈ। ਜਿਵੇਂ : -ਭੂਖੇ ਭਗਤਿ ਨ ਕੀਜੈ। ਯਹ ਮਾਲਾ ਅਪਨੀ ਲੀਜੈ।
ਦੁਇ ਸੇਰ ਮਾਗਉ ਚੂਨਾ, ਪਾਉ ਘੀਉ ਸੰਗ ਲੂਨਾ।
ਅਧ ਸੇਰ ਮਾਂਗਉ ਦਾਲੇ, ਮੋਕਉ ਦੋਨਉ ਵਖਤ ਜਿਵਾਲੇ।
ਖਾਟ ਮਾਂਗਉ ਚਉਪਾਈ, ਸਿਰਹਾਨਾ ਅਵਰ ਤੁਲਾਈ।
ਉਪਰ ਕਉ ਮਾਂਗਉ ਖੀਂਧਾ, ਤੇਰੀ ਭਗਤ ਕਰੇ ਜਨ ਥੀਂਦਾ। (ਸੋਰਠਿ ਕਬੀਰ)
(ਚੂਨਾ-ਆਟਾ, ਖੀਂਧਾ-ਰਜਾਈ, ਥੀਂਦਾ-ਪਰੇਮ ਵਿਚ ਰਸਿਆ ਹੋਇਆ)ਗੋਪਾਲ ਤੇਰਾ ਆਰਤਾ।
ਜੋ ਜਨ ਤੁਮਰੀ ਸੇਵ ਕਰੰਤੇ, ਤਿਨ ਕੇ ਕਾਜ ਸਵਾਰਤਾ। ਰਹਾਉ।
ਦਾਲ ਸੀਧਾ ਮਾਂਗਉ ਘੀਉ, ਹਮਰਾ ਖੁਸ਼ੀ ਕਰੇ ਨਿਤ ਜੀਉ।
ਪਨੀਆ ਛਾਦਨ ਨੀਕਾ। ਅਨਾਜ ਮਾਂਗਉ ਸਤ ਸੀਕਾ।
ਗਊ ਭੈਸ ਮਾਂਗਉ ਲਾਵੇਰੀ, ਇਕ ਤਾਜਨਿ ਤੁਰੀ ਚੰਗੇਰੀ।
ਘਰਿ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ।
(ਸੀਧਾ-ਆਟਾ,ਪਨੀਆ-ਜੁੱਤੀ, ਛਾਦਨ-ਕਪੜਾ, ਗੀਹਨ-ਗ੍ਰਹਿਣੀ, ਔਰਤ)
ਇਥੇ ਦੋ ਨੁਕਤੇ ਸਪੱਸ਼ਟ ਹਨ, ਪਹਿਲਾ ਕਿ ਭਗਤ ਪਦਾਰਥਵਾਦੀ ਸਨ, ਜਿਨ੍ਹਾਂ ਨੂੰ ਇਹ ਸਮਝ ਹੈ ਕਿ ਪਹਿਲਾਂ ਸਰੀਰਕ ਲੋੜਾਂ ਜ਼ਰੁਰੀ ਹਨ, ਬਾਅਦ ਵਿਚ ਬਾਕੀ ਅਧਿਆਤਮਕ ਕੰਮ। ਦੂਜਾ ਨੁਕਤਾ ਇਹ ਹੈ ਕਿ ਉਨ੍ਹਾਂ ਲਈ ਔਰਤ ਬਾਘਣ ਨਹੀਂ, ਗ੍ਰਹਿਣੀ ਹੈ ਜੋ ਬਰਾਬਰ ਦਾ ਕੰਮ ਕਰਦੀ ਹੈ ਤੇ ਵੰਸ਼ ਅੱਗੇ ਵਧਾਉਂਦੀ ਹੈ।
ਭਾਵੇਂ ਇਹ ਭਗਤ ਵੀ ਸਮੁੱਚੀ ਕਿਰਤੀ ਸ਼੍ਰੇਣੀ ਦੇ ਪ੍ਰਤੀਨਿਧ ਵਜੋਂ ਹੀ ਘਰ ਦੀਆਂ ਲੋੜਾਂ ਦੀ ਪੂਰਤੀ ਮੰਗਦੇ ਹਨ ਪਰ ਗੁਰੂ ਰਵਿਦਾਸ ਇਨ੍ਹਾਂ ਲੋੜਾਂ ਨੂੰ ਸਮੁੱਚੇ ਸਮਾਜ ਨਾਲ ਜੋੜ ਦਿੰਦੇ ਹਨ ਤੇ ਲੋੜਾਂ ਤੋਂ ਅਗਾਂਹ ਅਜਿਹਾ ਸਮਾਜਿਕ ਪ੍ਰਬੰਧ ਚਾਹੁੰਦੇ ਹਨ ਜਿਸ ਵਿਚ ਕੋਈ ਗ਼ਮ ਨਾ ਹੋਵੇ, ਜਿਸਨੂੰ ਉਨ੍ਹਾਂ ਨੇ ਬੇਗ਼ਮਪੁਰਾ ਦਾ ਨਾਂ ਦਿੱਤਾ ਹੈ।ਐਸਾ ਚਾਹੋਂ ਰਾਜ ਮੈ ਜਹਾਂ ਮਿਲੈ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਬਸੈ, ਰਵਿਦਾਸ ਰਹੈ ਪ੍ਰਸੰਨ।ਬੇਗ਼ਮਪੁਰਾ ਸਹਿਰ ਕੋ ਨਾਉ, ਦੂਖੁ ਅੰਦੋਹ ਨਹੀਂ ਤਿਹਿ ਠਾਉ।
ਨਾ ਤਸਵੀਸ ਖ਼ਿਰਾਜ ਨ ਮਾਲ। ਖਉਫ਼ ਨ ਖ਼ਤਾ ਨ ਤਰਸ ਜਵਾਲ।
ਅਬਿ ਮੋਹਿ ਖ਼ੂਬ ਵਤਨ ਗਹ ਪਾਈ।
ਊਹਾਂ ਖ਼ੈਰ ਸਦਾ ਮੇਰੀ ਭਾਈ। ਰਹਾਓ।
ਕਾਇਮ ਦਾਇਮ ਸਦਾ ਪਾਤਸਾਹੀ।
ਦੋਮ ਨਾ ਸੇਮ ਏਕ ਸੋ ਆਹੀ।
ਆਬਾਦਾਨ ਸਦਾ ਮਸਹੂਰ। ਊਹਾ ਗਨੀ ਬਸਹਿ ਮਾਮੂਰ।
ਤਿਉ ਤਿਉ ਸੈਲ ਕਰਹਿ, ਜਿਉ ਭਾਵੈ।
ਮਹਰਮ ਮਹਲ ਨ ਕੋ ਅਟਕਾਵੈ
ਕਹਿ ਰਵਿਦਾਸ ਖਾਲਸ ਚਮਾਰਾ।
ਜੋਹਮ ਸਹਰੀ ਸੁਮੀਤ ਹਮਾਰਾ। (ਗਾਉੜੀ)
(ਅੰਦੋਹ-ਚਿੰਤਾ, ਤਸਵੀਸ-ਘਬਰਾਹਟ, ਖ਼ਿਰਾਜ-ਟੈਕਸ, ਜਵਾਲ-ਘਾਟਾ, ਕਾਇਮ-ਦਾਇਮ, ਸਦਾ-ਸਥਿਰ, ਦੋਮ ਸੇਮ-ਦੂਜੇ ਤੀਜੇ ਦਰਜੇ ਦਾ, ਆਬਾਦਾਨ-ਆਬਾਦ, ਗਨੀ-ਧਨੀ, ਮਾਮੂਰ-ਰੱਜੇ ਹੋਏ, ਮਹਰਮ ਮਹਿਲ-ਮਹਿਲ ਦੇ ਵਾਕਿਫ਼)
ਇਸ ਵਿਚਾਰ ਉੱਪਰ ਜ਼ੋਰ ਦੇਣਾ ਬਣਦਾ ਹੈ ਕਿ ਮਨੂੰ ਸਿਮ੍ਰਤੀ ਵਾਲੇ ਚੌਥੇ, ਪੰਜਵੇਂ ਦਰਜੇ (ਦੋਮ ਸੇਮ) ਦੀ ਥਾਂ ਗੁਰੂ ਰਵਿਦਾਸ ਬਰਾਬਰੀ ਵਾਲੇ ਸਮਾਜ ਦੀ ਮੰਗ ਕਰਦੇ ਹਨ। ਉਸ ਰਾਜ ਵਿਚ ਕੋਈ ਤੁਰਨ-ਫਿਰਨ ਦੀ ਰੋਕ-ਟੋਕ ਨਾ ਹੋਵੇ ਭਾਵ ਮਨੂੰਵਾਦੀ ਬੰਦਿਸ਼ਾਂ ਨਾ ਹੋਣ। ਇਸ ਦੇ ਨਾਲ ਉਸ ਰਾਜ ਵਿਚ ਹਰੇਕ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋਣ (ਮਿਲੈ ਸਭਨ ਕੋ ਅੰਨ) ਅਜਿਹੇ ਰਾਜ ਦੀ ਕਲਪਨਾ ਉਹ ਲੋਕ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਇੱਜ਼ਤ ਨਾਲ ਜਿਊਣ ਦਾ ਅਧਿਕਾਰ ਤਕ ਨਹੀਂ ਸੀ। ਇਥੇ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਬਾਣੀ ਨੂੰ ਵੀ ਆਪਣਾ ਅਧਾਰ ਬਣਾਇਆ ਹੈ।
ਇਸੇ ਦਾ ਵਿਸਤਾਰ ਜਾਤੀ ਪ੍ਰਬੰਧ ਦਾ ਵਿਰੋਧ ਹੈ। ਭਗਤ ਕਬੀਰ ਅਜਿਹਾ ਤਿੱਖਾ ਸਵਾਲ ਕਰ ਗਏ ਕਿ ਅੱਜ ਤਕ ਕੋਈ ਬ੍ਰਾਹਮਣ ਉਸਦਾ ਸਾਹਮਣਾ ਨਹੀਂ ਕਰ ਸਕਿਆ-
ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ।
ਤਉ ਆਨ ਬਾਟ ਕਾਹੇ ਨਹੀਂ ਆਇਆ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ।
ਹਮ ਕਤ ਲੋਹੂ ਤੁਮ ਕਤ ਦੂਧ। (ਗਉੜੀ, ਕਬੀਰ ਜੀ)
ਇਸੇ ਵਿਚਾਰ ਦੀ ਪ੍ਰੌੜ੍ਹਤਾ ਗੁਰੂ ਰਵਿਦਾਸ ਕਰਦੇ ਹਨ, ਤਰਕ ਹੈ ਕਿ ਜੇ ਸਭਨਾਂ ਵਿਚ ਰਾਮ ਮੌਜੂਦ ਹੈ ਤਾਂ ਛੋਟਾ ਵੱਡਾ ਕੋਈ ਕਿਵੇਂ ਹੋ ਸਕਦਾ ਹੈ? ਉਨ੍ਹਾਂ ਤਾਂ ਜਾਤ-ਪਾਤ ਨੂੰ ਇਕ ਰੋਗ ਮੰਨਿਆ ਹੈ। ਜਿਥੇ ਮਨੂੰਵਾਦੀ ਜਨਮ ਤੋਂ ਜਾਤਿ ਮੰਨਦੇ ਹਨ, ਓਥੇ ਭਗਤੀ ਅੰਦੋਲਨ ‘ਕਰਮ’ ਤੋਂ ਜਾਤ ਨਿਰਧਾਰਿਤ ਕਰਦਾ ਹੈ। ਉਦਾਹਰਣਾਂ ਸਾਹਮਣੇ ਹਨ-ਰਵਿਦਾਸ ਉਪਜਈ ਸਭ ਏਕ ਬੂੰਦ ਤੇ,
ਕਿਆ ਬ੍ਰਾਹਮਣ ਕਿਆ ਸੂਦ।
ਮੂਰਖ ਜਨ ਨਾ ਜਾਨ ਈ, ਸਭ ਮੈ ਰਾਮ ਮਜੂਦ।ਜਾਤਿ ਪਾਤਿ ਕੇ ਫੇਰ ਮਹਿ, ਉਰਝਿ ਰਹਈ ਸਭ ਲੋਗ।
ਮਾਨੁਸ਼ਤਾ ਕੂੰ ਖਾਤ ਹਈ, ਰਵਿਦਾਸ ਜਾਤ ਕਾ ਰੋਗ।ਰਵਿਦਾਸ ਜਨਮ ਕੇ ਕਾਰਨੈ, ਹੋਤ ਨ ਕੋਊ ਨੀਚ।
ਨ ਕੂੰ ਨੀਚ ਕਰ ਡਾਰਿ ਹੈ, ਓਛੇ ਕਰਮ ਜੋ ਕੀਤ।ਬ੍ਰਹਮਨ ਬੈਸ ਸੂਦ ਅਰ ਖਤ੍ਰੀ,
ਡੋਮ ਚੰਡਾਰ ਮਲੇਛ ਮਨ ਸੋਇ।
ਹੋਇ ਪੁਨੀਤ ਭਗਵੰਤ ਭਜਨ ਤੇ,
ਆਪੁ ਤਾਰਿ ਤਾਰੇ ਕੁਲ ਦੋਇ। (ਬਿਲਾਵਲ ਭਗਤ ਰਵਿਦਾਸ ਜੀ)
ਜਿਸ ਭਗਵੰਤ ਭਜਨ ਤੋਂ ਪਵਿੱਤਰ ਹੋਣਾ ਮੰਨਿਆ ਗਿਆ ਹੈ, ਇਸ ਭਜਨ ਨੂੰ ਪਾਉਣ ਲਈ ਵੀ ਹਜ਼ਾਰਾਂ ਸਾਲ ਲੱਗੇ ਹਨ। ਮਨੂੰਵਾਦ ਅਨੁਸਾਰ ਸ਼ੂਦਰ ਲਈ ਰਾਮ ਨਾਮ ਗਾਉਣ ਦੇ ਅਧਿਕਾਰ, ਸੰਸਕ੍ਰਿਤ ਪੜ੍ਹਨੀ, ਰਾਮ ਦਾ ਨਾਮ ਲੈਣਾ, ਅਪਰਾਧ ਗਿਣਿਆ ਗਿਆ ਹੈ। ਰਾਮ ਦੇ ਰਾਜ ਵਿਚ ਕਿਸੇ ਦੇ ਮੌਤ ਦਾ ਕਾਰਣ ਪੰਡਿਤਾਂ ਵੱਲੋਂ, ਸ਼ੂਦਰਾਂ ਦੀ ਪ੍ਰਭੂ-ਅਰਾਧਨਾ ਮੰਨਿਆ ਗਿਆ। ਇਸ ਅਪਰਾਧ ਲਈ ਸ਼ੰਬੂਕ ਦਾ ਸਿਰ ਲਾਹ ਦਿੱਤਾ ਗਿਆ। ਭਗਤੀ ਲਹਿਰ ਵਿਸ਼ਣੂ ਦੀ ਅਰਾਧਨਾ ਵੀ ਕਰਦੀ ਹੈ, ਰਾਮ ਤੇ ਕ੍ਰਿਸ਼ਨ ਦੀ ਵੀ। ਸਗੁਣ ਭਗਤੀ ਇਨ੍ਹਾਂ ਅਵਤਾਰਾਂ ਨੂੰ ਸਾਖਿਆਤ ਮੰਨਦੀ ਹੈ, ਪਰ ਨਿਰਗੁਣ ਭਗਤੀ ਇਨ੍ਹਾਂ ਅਵਤਾਰਾਂ ਨੂੰ ਕਾਲ ਅਤੀਤ ਮੰਨ ਕੇ ਰਾਮ ਆਦਿ ਨੂੰ ਸਰਵ ਵਿਆਪਕ ਮੰਨਦੀ ਹੈ। ਇਸੇ ਲਈ ਭਗਤ ਇਕ ਪਾਸੇ ਠੋਕ ਵਜਾ ਕੇ ਆਪਣੀ ਜਾਤ ਦਾ ਪ੍ਰਗਟਾਵਾ ਕਰਦੇ ਹਨ ਤੇ ਆਪਣੇ ਇਸ਼ਟ ਨੂੰ ਵੀ ਲੁਕਾਉਂਦੇ ਨਹੀਂ। ਬ੍ਰਾਹਮਣਵਾਦੀਆਂ ਲਈ ਇਹ ਅਸਹਿ ਗੱਲ ਸੀ, ਜਿਸ ਕਾਰਣ ਮੁਗ਼ਲਾਂ ਤੇ ਦੂਸਰੇ ਸੱਤਾਧਾਰੀਆਂ ਸਾਹਮਣੇ ਪਰੰਪਰਾ ਦਾ ਵਾਸਤਾ ਪਾ ਕੇ ਭਗਤਾਂ ਨੂੰ ਇਨ੍ਹਾਂ ਦੋਨਾਂ ਕੰਮਾਂ ਤੋਂ ਤੇ ਗੁਰੂ ਬਣ ਬਹਿਣ ਦੇ ਵਿਰੋਧ ਵਿਚ ਸ਼ਿਕਾਇਤਾਂ ਕਰਦੇ ਹਨ, ਪਰ ਭਗਤ ਇਨ੍ਹਾਂ ਸ਼ਿਕਾਇਤਾਂ ਤੋਂ ਪਾਰ ਜਾ ਚੁੱਕੇ ਸਨ। ਉਹ ਤਾਂ ਵੱਡੇ-ਵੱਡੇ ਗਿਆਨੀਆਂ ਨੂੰ ਵੰਗਾਰਨ ਦਾ ਮਾਦਾ ਰੱਖਦੇ ਸਨ।
ਹਮ ਬਡ ਕਬਿ ਕੁਲੀਨ ਹਮ ਪੰਡਿਤ,
ਹਮ ਜੋਗੀ ਸਨਿਆਸੀ।
ਗਿਆਨੀ ਗੁਨੀ ਸੂਰ ਹਮ ਦਾਤੇ,
ਇਹ ਬੁਧਿ ਕਬਿਹ ਨ ਨਾਸੀ। (ਰਾਮਕਲੀ))
ਗੁਰੂ ਰਵਿਦਾਸ ਜੀ ਦੀ ਬਾਣੀ ਵਿਚ, ਸੰਸਾਰ ਦੀ ਅਸਥਿਰਤਾ, ਤੀਰਥਾਂ, ਵਰਤਾਂ ਦੀ ਨਿਰਾਰਥਕਤਾ, ਔਗੁਣਾਂ ਦਾ ਤ੍ਰਿਸਕਾਰ ਅਤੇ ਗੁਣਾਂ ਦਾ ਸਤਿਕਾਰ ਦੇਖਿਆ ਜਾ ਸਕਦਾ ਹੈ।
ਜੇ ਓਹੁ ਅਠਸਠਿ ਤੀਰਥ ਨਾਵੈ।
ਜੇ ਓੁਹੁ ਦੁਆਦਸ ਸਿਲਾ ਪੁਜਾਵੈ।
ਜੇ ਓਹੁ ਕੂਪ ਤਟਾ ਦੇਵਾਵੈ।
ਕਰ ਨਿੰਦ ਸਭ ਬਿਰਥਾ ਜਾਵੈ। (ਗੋਂਡ)
ਭਗਤੀ ਲਹਿਰ ਦੇ ਆਪਣੇ ਸਮਕਾਲੀਆਂ ਅਤੇ ਹੋ ਚੁੱਕੇ ਭਗਤਾਂ ਦੀ ਪ੍ਰਸੰਸਾ ਉਨ੍ਹਾਂ ਦੀ ਭਗਤੀ ਵਿਚ ਪੂਰਨ ਹੋਣ ਕਰਕੇ ਉਵੇਂ ਹੀ ਕੀਤੀ ਗਈ ਹੈ ਜਿਵੇਂ ਗੁਰੂ ਸਾਹਿਬਾਨ ਨੇ ਭਗਤਾਂ ਨੂੰ ਇਸੇ ਕਾਰਣ ਉੱਚੀ ਪਦਵੀ ਦਿੱਤੀ ਹੈ।ਹਰਿ ਕੇ ਨਾਮ ਕਬੀਰ ਉਜਾਗਰ।
ਜਨਮ ਜਨਮ ਕੇ ਕਾਟੇ ਕਾਗਰ।
ਨਮਿਤ ਨਾਮ ਦੇਉ ਦੂਧੁ ਪੀਆਇਆ।
ਤਉ ਜਗ ਜਨਮ ਸੰਕਟ ਨਹੀਂ ਆਇਆ। (ਆਸਾ)ਨਾਮਦੇਵ ਕਬੀਰ ਤਿਲੋਚਨ ਸਧਨਾ ਸੈਨੁ ਤਰੈ।
ਕਹਿ ਰਵਿਦਾਸ ਸੁਨਹੁ ਰੇ ਸੰਤਹੁ, ਹਰਿ ਜੀਉ ਤੇ ਸਭੈ ਸਰੈ।(ਮਾਰੂ)
ਭਗਤੀ ਲਹਿਰ ਦੋ ਸਭਿਆਚਾਰਾਂ ਦਾ ਸੰਗਮ ਵੀ ਹੈ। ਭਗਤ ਕਵੀਆਂ ਵਿਚ ਭਾਰਤੀ ਤੇ ਸਾਮੀ ਸਭਿਆਚਾਰਾਂ ਦਾ ਮੇਲ ਦੇਖਿਆ ਜਾ ਸਕਦਾ ਹੈ। ਗੁਰੂ ਰਵਿਦਾਸ ਬਾਣੀ ਵਿਚ ਪੁਲਸਰਾਤ, ਫ਼ਨਖਾਨੇ ਜਿਹੇ ਫ਼ਾਰਸੀ ਸ਼ਬਦ ਇਸ ਦੀ ਤਸਦੀਕ ਕਰਦੇ ਹਨ। ਇਸ ਸਮੇਂ ਤਕ ਹਿੰਦੂ ਮੁਸਲਮਾਨ-ਤਕਰਾਰ ਵੀ ਉਭਰਨੇ ਸ਼ੁਰੂ ਹੋ ਗਏ ਸਨ, ਪ੍ਰੰਤੂ ਗੁਰੂ ਰਵਿਦਾਸ ਵਰਗੇ ਭਗਤ ਇਨ੍ਹਾਂ ਦੋਨਾਂ ਨੂੰ ਏਕਤਾ ਦੇ ਸੂਤਰ ਵਿਚ ਜੋੜਨਾ ਚਾਹੁੰਦੇ ਹਨ। ਉਨ੍ਹਾਂ ਦਾ ਇਕ ਸ਼ਲੋਕ ਹੈ-
ਜਬ ਸਮ ਕਰਿ ਦੋਊ ਹਾਥ ਪੈਰ,
ਦੋਊ ਨੈਨ ਦੋਊ ਕਾਨ।
ਰਵਿਦਾਸ ਪ੍ਰਥਕ ਕੈਸੇ ਭਏ ਹਿੰਦੂ ਮੁਸਲਮਾਨ।
ਗੁਰੂ ਰਵਿਦਾਸ ਜੀ ਦੀ ਬਾਣੀ ਕੇਵਲ ਉਪਦੇਸ਼ਮਈ ਹੀ ਨਹੀਂ ਹੈ ਸਗੋਂ ਇਸ ਦਾ ਕਾਵਿਕ ਸੁਹਜਮਈ ਮਹੱਤਵ ਵੀ ਬਹੁਤ ਹੈ। ਇਥੇ ਆਪਣੇ ਤੇ ਪ੍ਰਭੂ ਦੇ ਸਬੰਧਾਂ ਨੂੰ ਪ੍ਰਗਟਾਉਂਦਿਆਂ ਮੋਰ, ਚੰਦ, ਚਕੋਰ ਦੇ ਜ਼ਿਕਰ ਦੇ ਨਾਲ-ਨਾਲ ਬੱਛੜੇ, ਭਉਰੇ, ਸੱਪਾਂ ਦੇ ਜ਼ਹਿਰ ਤਕ ਦੀਆਂ ਉਪਮਾਵਾਂ ਵਰਤੀਆਂ ਗਈਆਂ ਹਨ। ਹੋਰ ਭਗਤਾਂ ਵਾਂਗ ਗੁਰੂ ਰਵਿਦਾਸ ਨੇ ਵੀ ਆਪਣੇ ਕਿੱਤੇ ਵਿਚੋਂ ਬਿੰਬਾਂ ਦੀ ਸਿਰਜਣਾ ਕੀਤੀ। ਗੌਤਮ-ਅਹਿਲਿਆ ਦੀ ਮਿੱਥ ਨੂੰ ਵਰਤਿਆ ਅਤੇ ਅਨੇਕਾਂ ਰੂਪਕਾਂ ਦੀ ਵਰਤੋਂ ਕੀਤੀ। ਕਵਿਤਾ ਵਿਚ ਵੀ ਤਰਕ ਨੂੰ ਨਿਭਾਉਣ ਦੀ ਉਦਾਹਰਣ ਦੇਖਣ ਯੋਗ ਹੈ।
ਫਲ ਕਾਰਨ ਫੂਲੀ ਬਨਰਾਇ।
ਫਲ ਲਾਗਾ ਤਬ ਫੂਲ ਬਿਲਾਇ
ਘ੍ਰਿਤ ਕਾਰਨ ਦੁਧ ਮਥੈ ਸਇਆਨ
ਜੀਵਨ ਮੁਕਤ ਸਦਾ ਨਿਰਬਾਨ। (ਭੈਰਉ)
ਫੁੱਲ ਕਿਰਦੇ ਹਨ ਤਾਂ ਫ਼ਲ ਲਗਦੇ ਹਨ, ਦਹੀਂ ਰਿੜਕਣ ਨਾਲ ਘਿਉ ਨਿਕਲਦਾ ਹੈ। ਸੁਹਜਮਈ ਉਡਾਰੀ ਦੀਆਂ ਦੋ ਉਦਾਹਰਣਾਂ ਦੇਖਣੀਆਂ ਜ਼ਰੂਰੀ ਹਨ।ਜਉ ਤੁਮ ਗਿਰਵਰ, ਤਉ ਹਮ ਮੋਰਾ।
ਜਉ ਤੁਮ ਚੰਦ, ਤਉ ਹਮ ਹੈ ਚਕੋਰਾ।….
ਜਉ ਤੁਮ ਦੀਵਰਾ ਤਉ ਹਮ ਬਾਤੀ।
ਜਉ ਤੁਮ ਤੀਰਥ, ਤਉ ਹਮ ਜਾਤੀ। (ਸੋਰਠਿ)ਜਿਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਧਨਿ ਤੁਮ ਬਾਧੇ।
ਅਪਨੈ ਛੂਟਨ ਕੋ ਜਤਨ ਕਰਹੁ, ਹਮ ਛੂਟੇ ਤੁਮ ਆਰਾਧੇ।….
ਜਾ ਕਾਰਨਿ ਹਮ ਤੁਮ ਆਰਾਧੇ, ਸੋ ਦੁਖੁ ਅਜਹੂ ਸਹੀਐ। (ਸੋਰਠਿ)ਚਮਰੇਟਾ ਗਾਂਠਿ ਨਾ ਜਨਈ। ਲੋਗ ਗਠਾਵੈ ਪਨਹੀ। ਰਹਾਉ।
ਆਰ ਨਹੀਂ ਜਿ ਤੋਪਉ, ਨਹੀਂ ਰਾਂਬੀ ਠਾਉ ਰੋਪਉ।
ਲੋਗ ਗੰਠ ਗੰਠ ਖਰਾ ਬਿਗੂਚਾ।
ਹਉ ਬਿਨ ਗਾਂਠੇ ਜਾਇ ਪਹੁੰਚਾ। (ਸੋਰਠਿ)
ਹੋਰ ਮੱਧਕਾਲੀ ਭਗਤਾਂ ਵਾਂਗ ਗੁਰੂ ਰਵਿਦਾਸ ਜੀ ਨਾਲ ਵੀ ਅਨੇਕਾਂ ਦੰਤ ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਸਾਧੂ ਪਾਸੋਂ ਪਾਰਸਮਣੀ ਮਿਲਣਾ, ਮੁਹਰਾਂ ਦੀ ਪ੍ਰਾਪਤੀ, ਹਰੀ ਦਰਸ਼ਨ, ਪੱਥਰੀ ਤਾਰਨਾ, ਸੱਚਾ ਜਨੇਊ ਸਰੀਰ ਵਿਚੋਂ ਕੱਢਣਾ, ਗੰਗਾ ਵੱਲੋਂ ਹੱਥ ਕੱਢ ਕੇ ਗੁਰੂ ਰਵਿਦਾਸ ਦੀ ਭੇਟ ਸਵਿਕਾਰ ਕਰਨਾ, ਕਠੌਤੀ ਵਿਚ ਗੰਗਾ ਦਿਖਾਲਣਾ, ਉਲਟੀ ਗੰਗਾ ਵਗਾਉਣਾ, ਗੰਗਾ ਦਾ ਪ੍ਰਵਾਹ ਰੋਕਣਾ ਆਦਿ। ਇਨ੍ਹਾਂ ਸਾਰੀਆਂ ਦੰਤ ਕਥਾਵਾਂ ਦਾ ਸਾਰ ਤੱਤ ਇਹ ਹੈ ਕਿ ਗੁਰੂ ਰਵਿਦਾਸ ਮੋਹਰਾਂ ਦੀ ਪ੍ਰਵਾਹ ਨਹੀਂ ਕਰਦੇ। ਇਸਦੀ ਬਜਾਇ ਗਰੀਬੀ ਦੀ ਜ਼ਿੰਦਗੀ ਤੇ ਦਸਾਂ ਨਹੁੰਆਂ ਦੀ ਕਿਰਤ ਉਪਰ ਗੁਜ਼ਰ-ਬਸਰ ਕਰਦੇ ਸਨ। ਉਨ੍ਹਾਂ ਦੀ ਜੀਵਨ ਜਾਂਚ ਅਤੇ ਬਾਣੀ ਹੀ ਉਨ੍ਹਾਂ ਦੀ ਕਰਾਮਾਤ ਸੀ। ਇਨ੍ਹਾਂ ਦੰਤ ਕਥਾਵਾਂ ਕਾਰਣ ਹੀ ਉਨ੍ਹਾਂ ਦੇ ਜੀਵਨ ਵੇਰਵੇੇ ਤੇ ਇਤਿਹਾਸਕ ਤੱਥ ਸਾਹਮਣੇ ਨਹੀਂ ਆਏ। ਜਿਸ ਉੱਪਰ ਬਹੁਤ ਸਾਰੀ ਖੋਜ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਗੁਰੂ ਰਵਿਦਾਸ ਜੀ ਦੁਆਰਾ ਦੱਸੇ ਬੇਗ਼ਮਪੁਰਾ ਅਤੇ ਰਾਜ ਦੀ ਕੀਤੀ ਕਲਪਨਾ ਅੱਜ ਵੀ ਸਾਡੇ ਲਈ ਸਾਰਥਕ ਹੈ। ਉਨ੍ਹਾਂ ਦੇ ਜੀਵਨ ਤੋਂ ਅਤੇ ਬਾਣੀ ਤੋਂ ਚਾਨਣ ਲੈ ਕੇ ਗਰੀਬ ਲੋਕਾਈ ਆਪਣਾ ਰਾਹ ਰੁਸ਼ਨਾ ਸਕਦੀ ਹੈ, ਇਹੀ ਹੈ ਗੁਰੂ ਰਵਿਦਾਸ ਜੀ ਦੀ ਅੱਜ ਦੇ ਯੁੱਗ ਵਿਚ ਪ੍ਰਸੰਗਿਕਤਾ। -

ਨਾਰੀ ਜਦੋ ਜਹਿਦ ਦਾ ਪ੍ਰਤੀਕ ਕੌਮਾਂਤਰੀ ਇਸਤਰੀ ਦਿਹਾੜਾ
ਪ੍ਰੋ. ਜੈਪਾਲ ਸਿੰਘ
ਹਰ ਵਰ੍ਹੇ ਦੇ ਮਾਰਚ ਮਹੀਨੇ ਦੀ 8 ਤਰੀਕ ਨੂੰ ਸੰਸਾਰ ਭਰ ਵਿੱਚ ‘ਕੌਮਾਂਤਰੀ ਇਸਤਰੀ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਵਸ ਇਸਤਰੀਆਂ ਦੀ ਹਰ ਕਿਸਮ ਦੇ ਵਿਤਕਰਿਆਂ ਅਤੇ ਬਿਆਨੋਂ ਬਾਹਰੇ ਮਾਨਸਿਕ- ਜਿਸਮਾਨੀ ਅੱਤਿਆਚਾਰਾਂ ਤੋਂ ਮੁਕਤੀ ਤੇ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਲਈ ਜੱਦੋ ਜਹਿਦ ਅੱਗੇ ਵਧਾਉਣ ਦੇ ਮਹਾਨ ਉਦੇਸ਼ ਤਹਿਤ ਮਨਾਇਆ ਜਾਂਦਾ ਹੈ। ਇਸ ਦਿਨ ਸੰਸਾਰ ਭਰ ਵਿੱਚ ਸੈਮੀਨਾਰ, ਕਨਵੈਨਸ਼ਨਾਂ, ਰੈਲੀ-ਮੁਜਾਹਰੇ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਾਡੀ ਜਾਚੇ ਇਸ ਦਿਹਾੜੇ ਦਾ ਸ਼ੁਮਾਰ, ਮਾਨਵ ਜਾਤੀ ਦੇ ਸਭ ਤੋਂ ਮਹੱਤਵਪੂਰਨ ਅਤੇ ਲੋੜੀਂਦੇ ਤਿਓਹਾਰਾਂ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਦਿਨ ਦੀ ਮਹਾਨਤਾ ਕੇਵਲ ਇਸਤਰੀਆਂ ਤੱਕ ਹੀ ਸੀਮਤ ਨਹੀਂ ਸਮਝੀ ਜਾਣੀ ਚਾਹੀਦੀ।
ਮਨੁੱਖ ਜਾਤੀ ਦਾ, ਹਰ ਕਿਸਮ ਦੇ ਸ਼ੋਸ਼ਣ, ਵਿਤਕਰਿਆਂ, ਬੇਇਨਸਾਫੀ ਅਤੇ ਜਬਰ ਤੋਂ ਮੁਕਤ, ਸਮਾਨਤਾ ਤੇ ਅਧਾਰਿਤ ਸਮਾਜ ਸਿਰਜਣ ਦਾ ਸੰਘਰਸ਼, ਜਦੋਂ ਤੱਕ ਇਸਤਰੀਆਂ ਦੇ ਸਵੈਮਾਣ ਦੀ ਬਹਾਲੀ ਅਤੇ ਉਨ੍ਹਾਂ ਦੇ ਸਰਵਪੱਖੀ ਸਮਾਨ ਅਧਿਕਾਰਾਂ ਲਈ ਸੰਘਰਸ਼ ਦੀ ਤੀਬਰ ਇੱਛਾ ਨਾਲ ਲਬਰੇਜ਼ ਨਹੀਂ ਹੋਵੇਗਾ ਉਦੋਂ ਤੱਕ ਇਸ ਸੰਘਰਸ਼ ਦੀ ਸਫਲਤਾ ਅਸੰਭਵ ਹੈ। ਇਸਤਰੀਆਂ ਦੀ ਬੰਦ ਖਲਾਸੀ ਦੇ ਸੰਕਲਪ ਤੋਂ ਬਗੈਰ, ਮਨੁੱਖਤਾ ਦੀ ਸ਼ੋਸ਼ਣ ਅਤੇ ਵਿਤਕਰਿਆਂ ਤੋਂ ਮੁਕਤੀ ਦਾ ਸੰਕਲਪ ਅਧੂਰਾ ਹੈ।
ਏਸ਼ੀਆਈ ਉਪ ਮਹਾਂਦੀਪ ਦੇ ਦੇਸ਼ਾਂ, ਵਿਸ਼ੇਸ਼ ਕਰਕੇ ਭਾਰਤ ਵਿੱਚ ਇਸਤਰੀਆਂ, ਸੰਸਾਰ ਦੇ ਬਾਕੀ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਜ਼ਲਾਲਤ ਹੰਢਾਉਣ ਲਈ ਮਜਬੂਰ ਹਨ। ਨਾ ਕੇਵਲ ਬੇਰਹਿਮ ਆਰਥਕ ਲੁੱਟ, ਬਲਕਿ ਸੱਭਿਅਤਾ ਦੇ ਸਾਂਵੇ ਵਿਕਾਸ ਦੇ ਰਾਹ ਦਾ ਸਭ ਤੋਂ ਵੱਡੀ ਅੜਚਣ, ਪਿੱਤਰਸੱਤਾਵਾਦੀ ਮਾਨਸਿਕਤਾ ਚੋਂ ਜਨਮ ਲੈਣ ਵਾਲੇ ਅਮਾਨਵੀ ਜੁਲਮ ਅਤੇ ਵਿਤਕਰੇ, ਪੈਰ-ਪੈਰ ‘ਤੇ ਨਾ ਕੇਵਲ ਇਸਤਰੀਆਂ ਦੇ ਜਿਸਮਾਂ ਨੂੰ ਜਖ਼ਮੀ ਕਰਦੇ ਹਨ ਬਲਕਿ ਉਨ੍ਹਾਂ ਦੀਆਂ ਰੂਹਾਂ ਵੀ ਲਹੂ-ਲੁਹਾਣ ਹਨ। ਇਹ ਜ਼ੁਲਮ ਕਮਾਉਣ ਵਾਲਿਆਂ ਵਿੱਚ ਨਾ ਕੇਵਲ ਸ਼ੋਸ਼ਕ ਬਲਕਿ ਭਿਅੰਕਰ ਆਰਥਕ ਲੁੱਟ ਦਾ ਸ਼ਿਕਾਰ ਜਮਾਤਾਂ ਦੇ ਪੁਰਸ਼ ਵੀ ਸ਼ਾਮਲ ਹਨ। ਵਿਕਸਤ ਦੇਸ਼ਾਂ ਦੇ ਅਖੌਤੀ ਅਗਾਂਹ ਵਧੂ ਮਾਹੌਲ ‘ਚ ਇਸਤਰੀਆਂ ਨੂੰ ਵੀ ਖਪਤ ਦੀ ਵਸਤ ਹੀ ਬਣਾ ਦਿੱਤਾ ਗਿਆ ਹੈ। ਭਾਰਤ ਵਿੱਚ ਮੰਨੂਵਾਦ ਦੀ ਪੁੱਠ ਚੜ੍ਹੇ ਨਿਘਾਰਗ੍ਰਸਤ ਪੂੰਜੀਵਾਦੀ ਸਭਿਆਚਾਰ ਰਾਹੀਂ ਔਰਤਾਂ ਦਾ ਮਾਨਸਿਕ ਜਿਸਮਾਨੀ ਸ਼ੋਸ਼ਣ ਹੋਰ ਵੀ ਭੱਦੇ ਅਤੇ ਜ਼ਾਲਿਮਾਨਾ ਢੰਗਾਂ ਨਾਲ ਕੀਤਾ ਜਾਂਦਾ ਹੈ। ਇਸਤਰੀ ਨੂੰ ਸਦੀਵੀਂ ਗੁਲਾਮ ਰੱਖਣ ਦੀ ਵਕਾਲਤ ਕਰਦੀ ਮੰਨੂ ਸਿਮਰਤੀ, ਜਿਸ ਦਾ ਜਿਕਰ ਹੱਥਲੇ ਲੇਖ ਵਿੱਚ ਅੱਗੇ ਵਿਸਥਾਰ ਸਹਿਤ ਕੀਤਾ ਗਿਆ ਹੈ, ਉਕਤ ਨੱਖਿਧ ਵਰਤਾਰੇ ਦੀ ਮੁੱਖ ਸੂਤਰਧਾਰ ਹੈ। ਭਾਰਤ ਵਿੱਚ ਇਸਤਰੀ ਸਮਾਨਤਾ ਦਾ ਸੰਗਰਾਮ ਨਾ ਕੇਵਲ ਬੇਕਿਰਕ ਜਮਾਤੀ ਲੁੱਟ ਬਲਕਿ ਪਿਤਰਸੱਤਾ ਹਾਮੀ-ਮਨੂੰਵਾਦੀ ਵਿਚਾਰ ਚੌਖਟੇ ਦੇ ਖਾਤਮੇ ਤੋਂ ਬਗੈਰ ਜਿੱਤਿਆ ਜਾਣਾ ਅਸੰਭਵ ਹੈ।
ਐਪਰ ਇਹ ਤਸੱਲੀ ਵਾਲੀ ਗੱਲ ਹੈ ਕਿ ਇਸਤਰੀਆਂ ਵਿੱਚ ਜਾਗਰੂਕਤਾ ਅਤੇ ਲੜਾਕੂ ਸ਼ਕਤੀ ਚੋਖੀ ਮਾਤਰਾ ਵਿੱਚ ਤੇਜੀ ਨਾਲ ਵਧ ਰਹੀ ਹੈ। ਇਸ ਸੁਲੱਖਣੀ ਤਬਦੀਲੀ ਦਾ ਸਭ ਤੋਂ ਸ਼ਾਨਦਾਰ ਸਬੂਤ ਬੀਤੇ ਸਾਲ, ਲਾੱਕ ਡਾਊਨ ਤੋਂ ਪਹਿਲਾਂ ਸੀਏਏ, ਐਨਆਰਸੀ ਤੇ ਐਨਪੀਆਰ ਖਿਲਾਫ਼ ਦਿੱਲੀ ਸ਼ਾਹੀਨ ਬਾਗ ਮੋਰਚੇ ਵਿੱਚ ਇਸਤਰੀਆਂ ਦੀ ਸ਼ਾਨਾਮੱਤੀ ਭਾਗੀਦਾਰੀ ਅਤੇ ਅਗਵਾਈ ਦੀ ਕਾਬਲੀਅਤ ਤੋਂ ਮਿਲਦਾ ਹੈ। ਅਜਿਹੇ ਮੋਰਚੇ ਦੇਸ਼ ਭਰ ਦੇ ਦਰਜਨਾਂ ਹੋਰਨਾਂ ਸ਼ਹਿਰਾਂ ਵਿੱਚ ਵੀ ਉਸ ਸਮੇਂ ਲੱਗੇ ਸਨ। ਇਹ ਮਾਣ ਕਰਨ ਯੋਗ ਤੱਥ ਹੈ ਕਿ ਇਸ ਸਾਲ ਉਪਰ ਬਿਆਨੀ ਇਸਤਰੀ ਚੇਤਨਾ ਹੋਰ ਵੀ ਪ੍ਰਚੰਡ ਹੋਈ ਹੈ।
ਪੰਜਾਬ, ਹਰਿਆਣਾ, ਪੱਛਮੀ ਯੂਪੀ ਤੇ ਰਾਜਸਥਾਨ ਵਗੈਰਾ ਦੀਆਂ ਮਜ਼ਦੂਰ-ਕਿਸਾਨ ਔਰਤਾਂ ਨੇ ਦਿੱਲੀ ਦੇ ਆਲੇ-ਦੁਆਲੇ ਲੱਗੇ ਮੋਰਚਿਆਂ, ਟੋਲ ਪਲਾਜ਼ਿਆਂ, ਰੇਲਵੇ ਲਾਈਨਾਂ ਅਤੇ ਅੰਬਾਨੀਆਂ, ਅਡਾਨੀਆਂ ਦੇ ਸਟੋਰਾਂ ਅੱਗੇ ਲੱਗੇ ਧਰਨਿਆਂ ਤੇ ਹਜਾਰਾਂ ਦੀ ਗਿਣਤੀ ‘ਚ ਝੰਡੇ ਫੜ ਕੇ ਸਿਰਫ ਸ਼ਮੂਲੀਅਤ ਹੀ ਨਹੀਂ ਕੀਤੀ ਬਲਕਿ ਟੀਵੀ ਚੈਨਲਾਂ ਅੱਗੇ ਤਿੱਖੇ ਸੁਆਲਾਂ ਦਾ ਬੜੀ ਸਮਝਦਾਰੀ ਨਾਲ ਜਵਾਬ ਵੀ ਦਿੱਤਾ ਹੈ। ਬਹੁਤ ਵੱਡੀ ਗਿਣਤੀ ‘ਚ ਅਜਿਹੇ ਧਰਨੇ ਵੀ ਹਨ, ਜਿੱਥੇ ਸਟੇਜ ਸਕੱਤਰ ਤੋਂ ਲੈ ਕੇ ਬੁਲਾਰੇ ਤਕ ਹਰ ਪ੍ਰਬੰਧ ਸਿਰਫ ਔਰਤਾਂ ਦੇ ਹੱਥਾਂ ‘ਚ ਹੀ ਹਨ। ਸੋਸ਼ਲ ਮੀਡੀਆ ‘ਤੇ ਔਰਤਾਂ/ਲੜਕੀਆਂ ਹਰ ਤਰ੍ਹਾਂ ਨਾਲ ਫਿਰਕੂ ਫਾਸ਼ੀਵਾਦੀ ਸਰਕਾਰ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਰਹੀਆਂ ਹਨ। ਬੀਜੇਪੀ ਦੇ ਭਾੜੇ ਦੇ ਟਰੋਲਾਂ ਦੇ ਰੇਪ ਕਰਨ, ਕਤਲ ਕਰਨ ਦੇ ਡਰਾਵਿਆਂ ਅੱਗੇ ਅਡੋਲ ਖੜੀਆਂ ਹਨ। ਇੱਥੋਂ ਤਕ ਕਿ ਕੁਝ ਉੱਦਮੀ ਨੌਜਵਾਨ ਲੜਕੀਆਂ ਨੇ ਨਿਰੋਲ ਆਪਣੇ ਕੋਲੋਂ ਪੈਸਿਆਂ ਦਾ ਪ੍ਰਬੰਧ ਕਰਕੇ ਇੱਕ ਪੰਦਰਵਾੜਾ ਅਖਬਾਰ ‘ਕਰਤੀ ਧਰਤੀ’ ਕੱਢਿਆ ਹੈ, ਜੋ ਪੰਜਾਬੀ ਤੇ ਸ਼ਾਹਮੁੱਖੀ ‘ਚ ਛਪਦਾ ਹੈ ਤੇ ਜਿਸ ਦਾ ਅੰਗਰੇਜੀ ਅਨੁਵਾਦ ਕਰਤੀ ਧਰਤੀ ਡੌਟ ਕੌਮ ਦੀ ਵੈੱਬਸਾਈਟ ‘ਤੇ ਪਾਇਆ ਜਾਂਦਾ ਹੈ ਤਾਂ ਕਿ ਸਾਡੇ ਸੰਘਰਸ਼ ਦੀ ਆਵਾਜ਼ ਸਾਰੀ ਦੁਨੀਆਂ ਤੱਕ ਪਹੁੰਚਾਈ ਜਾ ਸਕੇ । ਸਮਾਜਿਕ ਤੌਰ ‘ਤੇ ਪਛੜੇ ਸਮਝੇ ਜਾਂਦੇ ਹਰਿਆਣੇ ਦੇ ਇਕ ਟੋਲ ਪਲਾਜੇ ਤੇ ਇੱਕ ਨੌਜਵਾਨ ਲੜਕੀ ਵੱਲੋਂ ਘੁੰਡ ਕੱਢ ਕੇ ਕੀਤੇ ਜੋਸ਼ ਭਰਪੂਰ ਭਾਸ਼ਣ ਦੀ ਵੀਡੀਓ ਵੀ ਬੇਹੱਦ ਜ਼ਿਆਦਾ ਵਾਇਰਲ ਹੋਈ ਹੈ ।
ਮਹਾਨ ਕਾਰਲ ਮਾਰਕਸ ਨੇ ਲਿਖਿਆ ਸੀ ਕਿ, ‘ਹੁਣ ਤੱਕ ਦਾ ਇਤਹਾਸ ਜਮਾਤੀ ਸੰਘਰਸ ਦਾ ਇਤਹਾਸ ਹੈ’। ਠੀਕ ਉਵੇਂ ਹੀ ਔਰਤ ਮਰਦ ਦੀ ਬਰਾਬਰੀ ਲਈ ਸਿਰਜਿਆ ਇਤਿਹਾਸ ਵੀ ਦੋ ਵਿਰੋਧੀ ਵਿਚਾਰਾਂ ਤੇ ਉਨ੍ਹਾਂ ਚੋਂ ਉਤਪੰਨ ਹੋਏ ਸੰਘਰਸ਼ਾਂ ਦਾ ਇਤਿਹਾਸ ਹੈ। ਜੇ ਅਸੀਂ ਔਰਤਾਂ ਬਾਰੇ ਸੰਸਾਰ ਭਰ ਦੇ ਮਸ਼ਹੂਰ ਲੋਕਾਂ ਦੀਆਂ ਕੁਟੇਸ਼ਨਾਂ ਤੇ ਝਾਤ ਮਾਰੀਏ ਤਾਂ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਨੇ ਔਰਤਾਂ ਵਿਰੁੱਧ ਜ਼ਹਿਰ ਉਗਲਿਆ ਹੈ। ਪਰ ਇਨ੍ਹਾਂ ਸਾਰਿਆਂ ਚੋਂ ‘ਮਨੂ ਸਮਰਿਤੀ’ ਔਰਤਾਂ ਦੀ ਸਭ ਤੋਂ ਵੱਧ ਦੋਖੀ ਹੈ ਜਿਸ ਵਿੱਚ ਬਾਕਾਇਦਾ ਵਿਧੀ ਵਿਧਾਨ ਸਿਰਜ ਕੇ ਜਿੱਥੇ ਸ਼ੂਦਰਾਂ ਵਿਰੁੱਧ ਬੇਹੱਦ ਯੋਜਨਾਬੱਧ ਤਰੀਕੇ ਨਾਲ ਵਿਤਕਰਾ ਪੱਕੇ ਪੈਰੀਂ ਕੀਤਾ ਗਿਆ ਹੈ, ਉੱਥੇ ਔਰਤਾਂ ਵਿਰੁੱਧ ਵੀ ਬਹੁਤ ਸਖ਼ਤ ਨਿਯਮ ਬਣਾਏ ਗਏ ਹਨ। ਇਸ ਦੀਆਂ ਕੁਝ ਕੁ ਵੰਨਗੀਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਡਾ. ਕਰਮਜੀਤ ਸਿੰਘ ਜੀ ਵੱਲੋਂ ਲਿਖੀ ਕਿਤਾਬ, ‘ਗੈਰ ਬਰਾਬਰੀ ਦਾ ਦਸਤਾਵੇਜ਼-ਮਨੂ ਸਮ੍ਰਿਤੀ’, ਵਿੱਚੋਂ ਪੜ੍ਹੀਆਂ ਜਾ ਸਕਦੀਆਂ ਹਨ। ਇਸ ਮੁਤਾਬਕ ਪਤੀ ਚੁਣਨ ਦਾ ਅਧਿਕਾਰ ਪਿਓ-ਭਰਾ ਨੂੰ ਹੀ ਹੈ, ਜਿਸ ਤੋਂ ਲੜਕੀ ਇਨਕਾਰ ਨਹੀਂ ਕਰ ਸਕਦੀ। ਅੱਜ ਵੀ ਇਸੇ ਲੀਹ ‘ਤੇ ਚਲਦਿਆਂ ਆਜ਼ਾਦ ਮਰਜ਼ੀ ਨਾਲ ਸ਼ਾਦੀ ਕਰਵਾਉਣ ਵਾਲੀਆਂ ਕੁੜੀਆਂ ਦੇ ਅਣਖ ਦੇ ਨਾਂ ਤੇ ਕਤਲ ਤੱਕ ਵੀ ਕਰ ਦਿੱਤੇ ਜਾਂਦੇ ਹਨ। ਕਦੇ ਕਦੇ ਤਾਂ ਅਸੀਂ ਵਕੀਲ, ਪ੍ਰੋਫੈਸਰ, ਡਾਕਟਰ ਤੇ ਕਿਸੇ ਕੰਪਨੀ ਦੀ ਵੱਡੀ ਅਫਸਰ ਦੇ ਆਪਣੀ ਮਰਜ਼ੀ ਨਾਲ ਕੀਤੇ ਵਿਆਹ ਉਪਰੰਤ ਪੇਕਿਆਂ ਵੱਲੋਂ ਉਸਨੂੰ ਤਾ-ਉਮਰ ਛੇਕਿਆ ਗਿਆ ਵੀ ਦੇਖਦੇ ਹਾਂ। ਜਦਕਿ ਆਪਣੇ ਕਿੱਤੇ ‘ਚ ਉਹ ਰੋਜ਼ਾਨਾ ਹੀ ਲੋਕਾਂ ਬਾਰੇ ਫੈਸਲੇ ਕਰਦੀ ਹੈ, ਪਰ ਉਸ ਦੇ ਆਪਣੇ ਵਿਆਹ ਦਾ ਫੈਸਲਾ ਕਰਨ ਦਾ ਉਸ ਦਾ ਅਧਿਕਾਰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ।
ਮਨੂੰ ਸਿਮਰਤੀ ਕਹਿੰਦੀ ਹੈ ਬਾਲ ਅਵਸਥਾ ਵਿੱਚ ਇਸਤਰੀ ਪਿਤਾ ਦੇ ਵੱਸ ਵਿਚ, ਜਵਾਨ ਅਵਸਥਾ ਵਿੱਚ ਪਤੀ ਦੇ ਵੱਸ ਵਿਚ ਅਤੇ ਪਤੀ ਦੇ ਮਰਨ ਉਪਰੰਤ ਪੁੱਤਰਾਂ ਦੇ ਵੱਸ ਵਿੱਚ ਰਹੇ, ਪਰ ਸੁਤੰਤਰ ਨਾ ਰਹੇ। ਸਾਫ਼ ਹੈ ਕਿ ਜਿੱਥੇ ਅਸੀਂ ਡਾ. ਬੀ.ਆਰ. ਅੰਬੇਦਕਰ ਸਾਹਿਬ, ਮਹਾਤਮਾ ਗਾਂਧੀ ਜੀ ਅਤੇ ਸ਼ਹੀਦ ਭਗਤ ਸਿੰਘ ਵੱਲੋਂ ਪ੍ਰਚਾਰੇ ਅਤੇ ਸਾਡੇ ਸੰਵਿਧਾਨ ‘ਚ ਦਰਜ ਕੀਤੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਬੜੇ ਫਖ਼ਰ ਨਾਲ ਜ਼ਿਕਰ ਕਰਦੇ ਹਾਂ, ਉੱਥੇ ਅਸੀਂ ਅਚੇਤ ਰੂਪ ‘ਚ ਮਨੂੰਵਾਦ ਦੇ ਕੱਟੜ ਧਾਰਨੀ ਬਣ ਕੇ ਔਰਤਾਂ ਦੀ ਸੁਤੰਤਰਤਾ ਦਾ ਡਟ ਕੇ ਵਿਰੋਧ ਕਰਦੇ ਹਾਂ। ਤੁਲਸੀ ਰਮਾਇਣ ਦੇ ਰਚੈਤਾ ਸਵਾਮੀ ਤੁਲਸੀਦਾਸ ਨੇ ਤਾਂ ‘ਢੋਲ, ਗੰਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਕੇ ਅਧਿਕਾਰੀ’ ਲਿਖ ਕੇ ਔਰਤਾਂ ਤੇ ਸ਼ੂਦਰਾਂ ਨੂੰ ਇਨਸਾਨ ਨਹੀਂ ਪਸ਼ੂਆਂ ਦਾ ਦਰਜਾ ਦੇ ਮਾਰਿਆ। ਪਰ ਅੱਡ-ਅੱਡ ਸਮਿਆਂ ਤੇ ਮਨੂੰ ਸਮ੍ਰਿਤੀ ਦੇ ਆਦੇਸ਼ਾਂ ਵਿਰੁੱਧ ਤੇ ਕਈ ਕਰਮਕਾਂਡਾਂ ਵਿਰੁੱਧ ਆਵਾਜ਼ਾਂ ਵੀ ਉੱਠੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ’ ਲਿਖ ਕੇ ਔਰਤ ਦੇ ਮਾਣ ਸਨਮਾਨ ਨੂੰ ਬਹਾਲ ਕੀਤਾ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਅਤਿ ਘਿਨਾਉਣੀ ਸਤੀ ਪ੍ਰਥਾ ਦਾ ਵਿਰੋਧ ਕੀਤਾ। ਮੰਨੂਵਾਦ ਵਿਰੁੱਧ ਇਸ ਸੰਘਰਸ਼ ਦੀ ਅਜੇ ਬਹੁਤ ਵੱਡੀ ਲੜਾਈ ਸਾਡੇ ਸਾਹਮਣੇ ਬਾਕੀ ਹੈ। ਕਿਉਂਕਿ ਸਾਡੇ ਵਿਚੋਂ ਬਹੁਤ ਸਾਰੇ ਮਨੂਵਾਦ ਵਿਰੁੱਧ ਲੜਾਈ ਨੂੰ ਸਿਰਫ਼ ਜਾਤ-ਪਾਤ ਵਿਰੁੱਧ ਲੜਾਈ ਹੀ ਮੰਨਦੇ ਹਨ, ਔਰਤਾਂ ਖ਼ਿਲਾਫ਼ ਵਿਤਕਰੇ ਦੂਰ ਕਰਨ ਦੀ ਲੜਾਈ ਨਹੀਂ ਮੰਨਦੇ।
ਅੱਜ ਸਾਡੇ ਦੇਸ਼ ਦੀ ਬੀਜੇਪੀ ਸਰਕਾਰ ਆਰਐੱਸਐੱਸ ਦੀ ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ‘ਤੇ ਚੱਲ ਕੇ ਸਾਡੇ ਸੰਵਿਧਾਨ ਦੀਆਂ ਬਹੁਤ ਸਾਰੀਆਂ ਅਗਾਂਹਵਧੂ ਧਾਰਨਾਵਾਂ ਦਾ ਮਲੀਆ ਮੇਟ ਕਰ ਰਹੀ ਹੈ ਅਤੇ ਸੰਘ ਪਰਿਵਾਰ ਦੇ ਕਿੰਨੇ ਹੀ ਨੇਤਾ ਮੰਨੂ ਸਮ੍ਰਿਤੀ ਨੂੰ ਦੇਸ਼ ਦੇ ਸਦੀਆਂ ਪੁਰਾਣੇ ਸੰਵਿਧਾਨ ਵਜੋਂ ਵਡਿਆ ਕੇ ਲਾਗੂ ਕਰਨ ਦੇ ਮਨਸੂਬੇ ਜ਼ਾਹਰ ਕਰਦੇ ਹਨ। ਅਜਿਹੇ ਮਨਸ਼ੇ ਨਾ ਸਿਰਫ਼ ਸਿੱਖ ਗੁਰੂਆਂ ਤੇ ਸਮੁੱਚੀ ਭਗਤੀ ਲਹਿਰ ਵੱਲੋਂ ਲੜੀ ਗਈ ਵਿਚਾਰਧਾਰਕ ਲੜਾਈ ਦਾ ਨਿਖੇਧ ਕਰਨ ਦੇ ਤੁੱਲ ਹਨ, ਬਲਕਿ ਔਰਤਾਂ, ਦਲਿਤਾਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਹਥਿਆਰ ਹਨ। ਉਨ੍ਹਾਂ ਦੀ ਅਜਿਹੀ ਮਾਨਸਿਕਤਾ ਚੋਂ ਹੀ ਹਾਥਰਸ, ਉਨਾਓ, ਕਠੂਆ ਤੇ ਦਿੱਲੀ ਦੇ ਦਾਮਿਨੀ ਵਰਗੇ ਭਿਆਨਕ ਕਾਂਡ ਨਿੱਤ ਦਾ ਵਰਤਾਰਾ ਬਣ ਰਹੇ ਹਨ ਤੇ ਬੀਜੇਪੀ ਦੇ ਅਹੁਦੇਦਾਰ, ਐਮਐਲਏ, ਐਮਪੀ ਤੇ ਮੰਤਰੀ ਤੱਕ ਬੜੀ ਬੇਸ਼ਰਮੀ ਨਾਲ ਬਲਾਤਕਾਰੀਆਂ ਦੀ ਪਿੱਠ ‘ਤੇ ਖੜ੍ਹਦੇ ਹਨ। ਔਰਤਾਂ ਨੂੰ ਆਪਣੀ ਜਥੇਬੰਦੀ ਰਾਹੀਂ ਇਸ ਮਨੂਵਾਦੀ ਸੋਚ ਦੇ ਧਾਰਨੀਆਂ ਵਿਰੁੱਧ ਲੜਨਾ ਹੀ ਪੈਣਾ ਹੈ ਅਤੇ ਕਿਉਂਕਿ ਇਹ ਸਮਾਜਿਕ ਵਰਤਾਰਾ ਹੈ ਇਸ ਲਈ ਸਮੁੱਚੇ ਲੋਕਾਂ ਨੂੰ ਵੀ ਇਸ ਔਰਤ-ਮਰਦ ਬਰਾਬਰੀ ਦੀ ਲੜਾਈ ‘ਚ ਪੂਰਾ ਹਿੱਸਾ ਪਾਉਣਾ ਚਾਹੀਦਾ ਹੈ।
ਯੂਐਨਓ ਵੱਲੋਂ ਇਸ ਵਰ੍ਹੇ ਦੇ ਅੰਤਰਰਾਸ਼ਟਰੀ ਔਰਤ ਦਿਵਸ ਦਾ ਥੀਮ ਹੈ-‘ਕੋਰੋਨਾ ਬਿਮਾਰੀ ਵਿਰੁੱਧ ਔਰਤ-ਵਿਗਿਆਨੀਆਂ ਵੱਲੋਂ ਮੂਹਰਲੀ ਕਤਾਰ ਵਿੱਚ ਰਹਿਕੇ ਕੀਤੀ ਲੜਾਈ’। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਧਰਤੀ ਦਾ ਵਾਤਾਵਰਨ ਬਚਾਉਣ ਲਈ ਸਵੀਡਨ ਦੀ ਸਿਰਫ਼ 16 ਸਾਲ ਦੀ ਲੜਕੀ ਗ੍ਰੇਟਾ ਥਨਬਰਗ ਨੇ 2019 ਵਿੱਚ ਸਕੂਲੀ ਬੱਚਿਆਂ ਨੂੰ ਪ੍ਰੇਰਨਾ ਦੇ ਇਰਾਦੇ ਨਾਲ ‘ਹਰ ਸ਼ੁੱਕਰਵਾਰ ਸਾਡੇ ਭਵਿੱਖ ਦੇ ਨਾਂ’ ਦੀ ਮੁਹਿੰਮ ਚਲਾਈ ਤੇ ਕਰੋੜਾਂ ਬੱਚੇ ਉਸ ਵਿੱਚ ਸ਼ਾਮਲ ਹੋਏ। ਜਿਨ੍ਹਾਂ ਵਿੱਚ ਜ਼ਿਆਦਾਤਰ ਲੜਕੀਆਂ ਸਨ। ਇਸੇ ਗ੍ਰੇਟਾ ਥਨਬਰਗ ਨੇ ਅਮਰੀਕਾ ਦੇ ਤਤਕਾਲੀ ਰਾਸਟਰਪਤੀ ਡੋਨਾਲਡ ਟਰੰਪ ਸਮੇਤ ਸਮੂਹ ਦੇਸ਼ਾਂ ਦੇ ਮੁਖੀਆਂ ਨੂੰ ਚੈਲੇਂਜ ਕੀਤਾ ਕਿ ‘ਤੁਹਾਡੀ ਜੁਰ੍ਹੱਅਤ ਕਿਵੇਂ ਪਈ ਕਿ ਮੇਰੇ ਵਰਗੇ ਬੱਚਿਆਂ ਦੇ ਭਵਿੱਖ ਨੂੰ ਕਾਰਪੋਰੇਟ ਘਰਾਣਿਆਂ ਹੱਥੋਂ ਤਬਾਹ ਕਰਾਉਣ ਲਈ ਧਰਤੀ ਦੇ ਸਰੋਤਾਂ ਦੀ ਅੰਨ੍ਹੇਵਾਹ ਲੁੱਟ ਕੀਤੀ ਜਾਵੇ ਤੇ ਸਾਡੇ ਵਾਤਾਵਰਨ ਨੂੰ ਨਾ ਰਹਿਣ ਯੋਗ ਬਣਾਇਆ ਜਾਵੇ।’ ਹੁਣ ਜਦੋਂ ਇਸੇ ਲੜਕੀ, ਜੋ ਸਿਰਫ਼ 18 ਸਾਲ ਦੀ ਹੀ ਹੈ ਨੇ, ਡਟ ਕੇ ਕਿਸਾਨੀ ਘੋਲ ਦਾ ਸਮਰਥਨ ਕੀਤਾ ਤੇ ਇਸ ਦੀ ਮੁਹਿੰਮ ਤੋਂ 2019 ਤੋਂ ਪ੍ਰੇਰਿਤ ਹੋ ਕੇ ਵਾਤਾਵਰਨ ਦੀ ਰੱਖਿਆ ‘ਚ ਜੁਟੀ ਬੰਗਲੌਰ ਦੀ 21 ਸਾਲਾਂ ਲੜਕੀ ਦਿਸ਼ਾ ਰਾਵੀ ਨੇ ਵੀ ਅੰਤਰਰਾਸਟਰੀ ਪੱਧਰ ‘ਤੇ ਕਿਸਾਨੀ ਘੋਲ ਲਈ ਹਮਾਇਤ ਜੁਟਾਉਣ ਖਾਤਰ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਤਾਂ ਉਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਹੋ ਗਿਆ ਅਤੇ ਉਸ ਨੇ ਆਪਣੀ ਜਮਾਨਤ ਲਈ ਹੋਈ ਬਹਿਸ ‘ਚ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਕਿਹਾ ਕਿ ਜੇਕਰ ਕਿਸਾਨੀ ਘੋਲ ਦਾ ਸਮਰਥਨ ਕਰਨਾ ਦੇਸ਼ ਧ੍ਰੋਹ ਹੈ ਤਾਂ ਉਸ ਨੂੰ ਜਮਾਨਤ ਨਾ ਦਿੱਤੀ ਜਾਵੇ ਅਤੇ ਉਹ ਜੇਲ੍ਹ ‘ਚ ਹੀ ਚੰਗੀ ਹੈ।
ਆਓ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੌਕੇ ‘ਤੇ ਅਸੀਂ ਹਰ ਗਲੀ, ਮੁਹੱਲੇ, ਹਰ ਪਿੰਡ ਤੇ ਹਰ ਘਰ ਚ ਮਨੂੰਵਾਦ ਦੇ ਥੋਪੇ ਗਏ ਮਰਦ ਪ੍ਰਧਾਨ ਸਮਾਜ ਦੇ ਬੰਧਨਾਂ ਵਿਰੁੱਧ ਫਾਸ਼ੀਵਾਦੀ ਸਰਕਾਰ ਵੱਲੋਂ ਜਾਤ ਧਰਮ ਦੇ ਨਾਂ ‘ਤੇ ਲੜਾਉਣ ਦੀਆਂ ਚਾਲਾਂ ਵਿਰੁੱਧ ਤੇ ਸਰਕਾਰੀ ਸ਼ਹਿ ਪ੍ਰਾਪਤ ਬਲਾਤਕਾਰੀਆਂ ਵਿਰੁੱਧ ਤੇ ਹਰ ਕਿਸਮ ਦੇ ਵਿਤਕਰੇ ਵਿਰੁੱਧ ਇਕ ਜਥੇਬੰਦਕ ਤਾਕਤ ਵੱਜੋਂ ਉੱਭਰੀਏ ਤੇ ਇਨ੍ਹਾਂ ਵਿਤਕਰਿਆਂ ਨੂੰ ਜਨਮ ਦਿੰਦੀ ਕਾਣੀ ਵੰਡ ਦੇ ਪ੍ਰਬੰਧ ਨੂੰ ਜੜ੍ਹੋਂ ਪੁੱਟੀਏ।
ਨਾਮਵਰ ਪ੍ਰਗਤੀਵਾਦੀ ਸ਼ਾਇਰ ਜਨਾਬ ਮਜ਼ਾਜ਼ ਲਖਨਵੀ ਦੇ ਸੰਸਾਰ ਪ੍ਰਸਿੱਧ ਸ਼ਿਅਰ
”ਤੇਰੇ ਮਾਥੇ ਪੇ ਯੇ ਆਂਚਲ ਬਹੁਤ ਖੂਬ ਹੈ ਲੇਕਿਨ
ਤੂ ਇਸ ਆਂਚਲ ਸੇ ਏਕ ਪਰਚਮ ਬਨਾ ਲੇਤੀ ਤੋਂ ਅੱਛਾ ਥਾ”
ਤੋਂ ਪ੍ਰੇਰਣਾ ਲੈਂਦੇ ਹੋਏ ਸੰਘਰਸ਼ੀ ਰਾਹਾਂ ‘ਤੇ ਅੱਗੇ ਵੱਧਣ ਦੇ ਸੁਵੱਲੇ ਵਰਤਾਰੇ ਨੂੰ ਮੰਜ਼ਿਲ ਤੱਕ ਲੈ ਜਾਣਾ ਕੇਵਲ ਔਰਤਾਂ ਦਾ ਹੀ ਨਹੀਂ ਬਲਕਿ ਜਮਹੂਰੀ ਲਹਿਰ ਦੇ ਹਰ ਕਾਰਕੁੰਨ ਦਾ ਫਰਜ਼ ਹੈ। -

ਮੋਦੀ ਦੇ ਕਿਰਤੀ ਮਾਰੂ ਕਿਰਤ ਕੋਡ
ਰਵੀ ਕੰਵਰ
ਦੇਸ਼ ਦੇ ਕਿਰਤੀਆਂ ਦੇ ਲਹੂ ਵੀਟਵੇਂ ਸੰਘਰਸ਼ਾਂ ਤੋਂ ਬਾਅਦ ਸਿਰਜੇ ਗਏ 44 ਕਿਰਤ ਕਾਨੂੰਨਾਂ ਨੂੰ ਦੇਸ਼ ਦੀ ਮੋਦੀ ਸਰਕਾਰ ਨੇ ਖਤਮ ਕਰਕੇ, ਇਨ੍ਹਾਂ ਦੀ ਥਾਂ ਚਾਰ ਕਿਰਤ ਕੋਡ ਬਣਾ ਦਿੱਤੇ ਹਨ ਜੋ ਆਉਂਦੀ 1 ਅਪ੍ਰੈਲ ਨੂੰ ਲਾਗੂ ਹੋਣ ਜਾ ਰਹੇ ਹਨ। ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਬਣੀ ਐਨ.ਡੀ.ਏ. (ਕੌਮੀ ਜਮਹੂਰੀ ਗਠਜੋੜ) ਦੀ, ਪਹਿਲੀ ਸਰਕਾਰ ਵਲੋਂ ਬਣਾਏ ਗਏ ਕਿਰਤ ਬਾਰੇ ਕੌਮੀ ਕਮੀਸ਼ਨ ਨੇ ਸਾਰੇ ਕਿਰਤ ਕਾਨੂੰਨਾਂ ਦੀ ਥਾਂ ਕਿਰਤ ਕੋਡ ਸਿਰਜਣ ਦਾ ਵਿਚਾਰ ਦਿੱਤਾ ਸੀ ਪ੍ਰੰਤੂ ਇਹ ਸਰਕਾਰ ਆਪਣੇ ਕਾਰਜਕਾਲ ਵਿਚ ਇਸ ਕਾਰਜ ਨੂੰ ਪੂਰਾ ਨਹੀਂ ਸੀ ਕਰ ਸਕੀ। ਉਸ ਤੋਂ ਬਾਅਦ ਦੇਸ਼ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਦੀ ਅਗਵਾਈ ਵਾਲੀ ਸਾਂਝਾ ਮੋਰਚਾ ਸਰਕਾਰ ਨੇ ਵੀ ਇਸ ਵਿਚਾਰ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਸੀ ਕੀਤਾ ਪ੍ਰੰਤੂ ਦੇਸ਼ ਦੀਆਂ ਲਗਭਗ ਸਾਰੀਆਂ ਹੀ ਮੁੱਖ ਟਰੇਡ ਯੂਨੀਅਨਾਂ ਵਲੋਂ ਇਸਦਾ ਵਿਰੋਧ ਹੋਣ ਕਰਕੇ ਉਹ ਵੀ ਕਿਰਤ ਕੋਡਾਂ ਨੂੰ ਅਮਲੀ ਰੂਪ ਦੇਣ ਵਿਚ ਸਫਲ ਨਹੀਂ ਸੀ ਹੋ ਸਕੀ।
2014 ਵਿਚ ਬਣੀ, ਮੋਦੀ ਦੀ ਅਗਵਾਈ ਵਾਲੀ ਪਿਛਲੀ ਐਨ.ਡੀ.ਏ. ਸਰਕਾਰ ਨੇ ਇਨ੍ਹਾਂ ਕਿਰਤ ਕੋਡਾਂ ਨੂੰ ਸਿਰਜਣ ਦਾ ਕੰਮ ਸ਼ੁਰੂ ਕੀਤਾ ਪਰ ਉਹ ਇਨ੍ਹਾਂ ਨੂੰ ਸੰਸਦ ਵਿਚ ਪੇਸ਼ ਕਰਨ ਦੀ ਹਿੰਮਤ ਨਹੀਂ ਕਰ ਸਕੀ। 2019 ਵਿਚ ਆਪਣਾ ਦੂਜਾ ਕਾਰਜਕਾਲ ਭਾਰੀ ਬਹੁਮਤ ਨਾਲ ਸੰਭਾਲਦਿਆਂ ਹੀ ਹਿੰਦੂਤਵੀ ਅਜੰਡੇ ਅਤੇ ਘੋਰ ਲੋਕ ਵਿਰੋਧੀ ਕਾਨੂੰਨਾਂ ਨੂੰ ਬਿਨਾਂ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰੇ ਦੇ ਪੇਸ਼ ਕਰਨ ਤੇ ਪਾਸ ਕਰਵਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਅਤੇ ਅਗਸਤ 2019 ਵਿਚ ਪਹਿਲਾ, ‘ਤਨਖਾਹਾਂ ਬਾਰੇ ਕਿਰਤ ਕੋਡ 2019’ (Labour code on wages) ਸੰਸਦ ਵਿਚ ਪਾਸ ਕਰਵਾ ਲਿਆ।ਜਦੋਂ ਸਮੁੱਚਾ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਸੀ ਅਤੇ ਕਰੋੜਾਂ ਕਿਰਤੀ ਮੋਦੀ ਸਰਕਾਰ ਵਲੋਂ ਧੱਕੜਸ਼ਾਹ ਢੰਗ ਨਾਲ ਲਾਏ ਗਏ ਲਾਕ ਡਾਊਨ ਸਦਕਾ ਆਪਣੇ ਰੁਜ਼ਗਾਰ ਖੁਸਣ ਕਰਕੇ, ਸੈਂਕੜੇ ਕਿਲੋਮੀਟਰ ਦਾ ਸਫਰ ਭੁੱਖਣ-ਭਾਣੇ, ਫਟੇਹਾਲ, ਪੈਦਲ ਕਰਨ ਲਈ ਮਜ਼ਬੂਰ ਸਨ, ਉਸ ਵੇਲੇ ਮੋਦੀ ਸਰਕਾਰ ਇਨ੍ਹਾਂ ਕਿਰਤੀਆਂ ਨੂੰ ਰਾਹਤ ਪਹੁੰਚਾਉਣ ਦੀ ਥਾਂ ਉਨ੍ਹਾਂ ਪਾਸੋਂ ਕਿਰਤ ਕਾਨੂੰਨਾਂ ਦੀ ਨਿਗੂਣੀ ਜਿਹੀ ਰਾਹਤ ਨੂੰ ਵੀ ਖੋਹਣ ਦੀਆਂ ਗੋਂਦਾਂ ਗੁੰਦ ਰਹੀ ਸੀ। ਬੜੀ ਹੀ ਬੇਸ਼ਰਮੀ ਨਾਲ ਇਸ ਸਰਕਾਰ ਨੇ ਇਸ ਮਹਾਂਮਾਰੀ ਨੂੰ ‘ਆਫ਼ਤ ਵਿਚ ਅਵਸਰ’ ਗਰਦਾਨਦੇ ਹੋਏ ਦੇਸ਼ ਦੇ ਲੋਕਾਂ ਦੇ ਹੱਕਾਂ-ਹਿਤਾਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਲੋਕ ਸਭਾ ਵਿਚ ਆਪਣੇ ਬਹੁਮਤ ਦੇ ਜੋਰ ਨਾਲ ਅਤੇ ਰਾਜ ਸਭਾ ਵਿਚੋਂ, ਜਿੱਥੇ ਕਿ ਮੋਦੀ ਸਰਕਾਰ ਕੋਲ ਬਹੁਮਤ ਨਹੀਂ ਸੀ, ਧੱਕੇ ਨਾਲ ਤਿੰਨ ਖੇਤੀ ਕਾਨੂੰਨ ਪਾਸ ਕਰਵਾ ਲਏ, ਜਿਨ੍ਹਾਂ ਵਿਰੁੱਧ ਦੇਸ਼ ਦੇ ਲੱਖਾਂ ਕਿਸਾਨ ਰਾਜਧਾਨੀ ਦਿੱਲੀ ਦੀਆਂ ਬਰੂਹਾਂ ‘ਤੇ ਲਗਭਗ ਤਿੰਨ ਮਹੀਨਿਆਂ ਤੋਂ ਧਰਨੇ ਲਾ ਕੇ ਬੈਠੇ ਹਨ। ਇਨ੍ਹਾਂ ਕਾਨੂੰਨਾਂ ਨੂੰ ਰਾਜ ਸਭਾ ਵਿਚੋਂ ਧੱਕੇ ਨਾਲ ਪਾਸ ਕਰਵਾਉਣ ਵਿਰੁੱਧ ਇਸ ਸਦਨ ਦੇ ਲਗਭਗ ਸਾਰੇ ਹੀ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਦਨ ਦਾ ਬਾਈਕਾਟ ਕਰ ਦਿੱਤਾ ਅਤੇ ਮੋਦੀ ਸਰਕਾਰ ਨੇ, ਵਿਰੋਧੀ ਧਿਰ ਦੇ ਬਾਈਕਾਟ ਦਾ ਲਾਹਾ ਲੈਂਦੇ ਹੋਏ ਰਾਜ ਸਭਾ ਵਿਚੋਂ ਬਾਕੀ ਦੇ ਤਿੰਨ ਕਿਰਤ ਕੋਡ ਵੀ ਪਾਸ ਕਰਵਾ ਲਏ।
ਇਹ ਕਿਰਤ ਕਾਨੂੰਨ ਸਨ – ਸਮਾਜਕ ਸੁਰੱਖਿਆ ਬਾਰੇ ਕੋਡ (code on social security) ਕਾਰਜ ਸਥਿਤੀਆਂ ਬਾਰੇ ਕੋਡ (Decupational Health and working conditions code, 2020) ਸਨਅਤੀ ਸਬੰਧਾਂ ਬਾਰੇ ਕੋਡ (Code on Industrial Relations 2020)। ਦੇਸ਼ ਦੀਆਂ ਮੁੱਖ 10 ਟਰੇਡ ਯੂਨੀਅਨਾਂ ਅਤੇ ਮੁਲਾਜ਼ਮਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਫੈਡਰੇਸ਼ਨਾਂ ਇਨ੍ਹਾਂ ਕਿਰਤ ਕੋਡਾਂ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੀਆਂ ਹਨ। ਪਰ ਇਸ ਨਿਆਂ ਸੰਗਤ ਵਿਰੋਧ ਨੂੰ ਅਣਡਿੱਠ ਕਰਦਿਆਂ ਸਰਕਾਰ ਨੇ ਇਕ ਸਦੀ ਤੋਂ ਵੀ ਵੱਧ ਦੇ ਸੰਘਰਸ਼ਾਂ ਨਾਲ ਸਿਰਜੇ ਗਏ ਕਾਨੂੰਨਾਂ ਨੂੰ ਉਕਤ ਕਿਰਤ ਕੋਡਾਂ ਰਾਹੀਂ ਮੁੱਢੋਂ ਹੀ ਨਕਾਰਾ ਕਰ ਦਿੱਤਾ ਹੈ।
ਮੋਦੀ ਸਰਕਾਰ ਦਾ ਇਹ ਕਿਰਤ ਕੋਡ ਬਨਾਉਣ ਪਿੱਛੇ ਮੁੱਖ ਮੰਤਵ ‘ਵਪਾਰ ਨੂੰ ਸੁਖਾਲਾ’ (Ease of doing business) ਬਨਾਉਣਾ ਹੈ, ਤਾਂਕਿ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਦੇਸ਼ ਦੀ ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਖਸੁੱਟ ਦੇ ਮੌਕੇ ਦਿੱਤੇ ਜਾਣ। ਮੋਦੀ ਸਰਕਾਰ ਆਪਣੀ ਇਸੇ ਕਰੂਰ ਤੇ ਘੋਰ ਅਸੰਵੇਦਨਸ਼ੀਲ ਪਹੁੰਚ ਨੂੰ ‘ਆਫਤ ਵਿਚ ਅਵਸਰ’ ਗਰਦਾਨਦੀ ਹੈ। ਐਨਾ ਹੀ ਨਹੀਂ ਇਹ ਸਰਕਾਰ ਆਜ਼ਾਦੀ ਤੋਂ ਬਾਅਦ ਕਿਰਤ ਸਬੰਧਾਂ ਬਾਰੇ ਕੋਈ ਵੀ ਫੈਸਲਾ ਲੈਣ ਸਮੇਂ ਟਰੇਡ ਯੂਨੀਅਨਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਪਰੰਪਰਾ ਅਤੇ ਤਿੰਨ ਧਿਰੀ ਵਿਵਸਥਾ ਨੂੰ ਵੀ ਪੂਰੀ ਤਰ੍ਹਾਂ ਦਰਕਿਨਾਰ ਕਰਦੀ ਹੋਈ ਦੇਸ਼ ਦੇ ਮਿਹਨਤੀ ਲੋਕਾਂ ਪ੍ਰਤੀ ਆਪਣੇ ਨਫਰਤੀ ਵਤੀਰੇ ਦਾ ਮੁਜ਼ਾਹਰਾ ਕਰ ਰਹੀ ਹੈ। ਇਹ ਕਿਰਤ ਕੋਡ ਕੌਮਾਂਤਰੀ ਕਿਰਤ ਸੰਸਥਾ ਦੀਆਂ ਵੱਖ ਵੱਖ ਕੰਨਵੈਨਸ਼ਨਾਂ ਦੀ ਵੀ ਘੋਰ ਉਲੰਘਣਾ ਹੈ, ਜਿਨ੍ਹਾਂ ‘ਤੇ ਸਾਡੇ ਦੇਸ਼ ਦੀ ਸਰਕਾਰ ਨੇ ਦਸਤਖ਼ਤ ਕੀਤੇ ਹੋਏ ਹਨ।
ਦੇਸ਼ ਦੀ ਮਜ਼ਦੂਰ ਜਮਾਤ ਇਨ੍ਹਾਂ ਵਿਰੁੱਧ ਸੰਘਰਸ਼ ਦੇ ਮੈਦਾਨ ਵਿਚ ਹੈ। ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ, ਜਿਹੜੀਆਂ ਕਿ ਦੇਸ਼ ਦੀ ਮਜ਼ਦੂਰ ਜਮਾਤ ਦੇ ਬਹੁਤ ਵੱਡੇ ਹਿੱਸੇ ਦੀ ਪ੍ਰਤੀਨਿਧਤਾ ਕਰਦੀਆਂ ਹਨ, ਦੇ ਸੱਦੇ ‘ਤੇ 26 ਨਵੰਬਰ ਨੂੰ ਕੀਤੀ ਗਈ ਕੁੱਲ ਹਿੰਦ ਹੜਤਾਲ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਹੜਤਾਲ ਬਹੁਤੇ ਰਾਜਾਂ ਵਿਚ ਤਾਂ ਬੰਦ ਦਾ ਹੀ ਰੂਪ ਅਖਤਿਆਰ ਕਰ ਗਈ ਸੀ। ਇਸੇ ਦਿਨ ਹੀ ਦੇਸ਼ ਦੇ ਕਿਸਾਨਾਂ ਨੇ ਵੀ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਚਾਲੇ ਪਾਏ ਸਨ।
ਮੋਦੀ ਸਰਕਾਰ ਨੇ ਇਨ੍ਹਾਂ ਕਿਰਤ ਕੋਡਾਂ ਨੂੰ ਪਾਸ ਕਰਵਾਉਣ ਸਮੇਂ ਐਲਾਨ ਕੀਤਾ ਸੀ ਕਿ ਪਿਛਲੇ ਸਾਲ ਦੇ ਅੰਤ ਭਾਵ 1 ਜਨਵਰੀ 2021 ਤੋਂ ਇਹ ਕਿਰਤ ਕੋਡ ਲਾਗੂ ਕਰ ਦਿੱਤੇ ਜਾਣਗੇ। ਕਿਉਂਕਿ ਦੇਸ਼ ਦੇ ਕਿਰਤ ਸਕੱਤਰ ਦਾ ਕਹਿਣਾ ਸੀ ਕਿ ਇਨ੍ਹਾਂ ਕੋਡਾਂ ਨਾਲ ਸੰਬੰਧਤ ਨਿਯਮ ਤੇ ਵਿਧੀ ਵਿਧਾਨ ਤਿਆਰ ਕਰ ਲਏ ਗਏ ਹਨ। ਪ੍ਰੰਤੂ, ਇਹ ਲਾਗੂ ਨਹੀਂ ਕੀਤੇ ਜਾ ਸਕੇ ਤੇ ਹੁਣ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਇਹ 1 ਅਪ੍ਰੈਲ ਤੋਂ ਲਾਗੂ ਕਰ ਦਿੱਤੇ ਜਾਣਗੇ। ਇਨ੍ਹਾਂ ਦੇ ਲਾਗੂ ਹੋਣ ਨਾਲ ਜਿਥੇ ਕਿਰਤੀਆਂ ਦੇ ਹਿਤਾਂ ਦਾ ਘਾਣ ਹੋਵੇਗਾ ਉਥੇ ਹੀ ਦੇਸੀ-ਵਿਦੇਸ਼ੀ ਕਾਰਪੋਰੇਟਾਂ ਤੇ ਮਾਲਕਾਂ ਦੇ ਮੁਨਾਫ਼ੇ ਦੂਣੇ-ਚੌਗੁਣੇ ਹੋਣਗੇ। ਮੋਟੇ ਰੂਪ ਵਿਚ ਇਨ੍ਹਾਂ ਦੇ ਪੈਣ ਵਾਲੇ ਪ੍ਰਭਾਵ ਹੇਠ ਅਨੁਸਾਰ ਹਨ :
ਤਨਖਾਹਾਂ ਬਾਰੇ ਕਿਰਤ ਕੋਡ (Code on Wages 2020) : ਇਹ ਕੋਡ, ਘੱਟੋ ਘੱਟ ਤਨਖਾਹਾਂ ਬਾਰੇ ਕਾਨੂੰਨ 1948, ਤਨਖਾਹਾਂ ਦੇ ਭੁਗਤਾਨ ਬਾਰੇ ਕਾਨੂੰਨ 1936, ਬਰਾਬਰ ਮਿਹਨਤਾਨਾ ਕਾਨੂੰਨ 1976 ਤੇ ਬੋਨਸ ਦੇ ਭੁਗਤਾਨ ਬਾਰੇ ਕਾਨੂੰਨ 1965; ਚਾਰ ਕਿਰਤ ਕਾਨੂੰਨਾਂ ਦੀ ਥਾਂ ਲੈਂਦਾ ਹੈ।
ਇਸ ਵੇਲੇ ਇਸ ਸਬੰਧੀ ਸਭ ਤੋਂ ਵਧੇਰੇ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਇਸ ਕੋਡ ਅਨੁਸਾਰ ਕੁਲ ਤਨਖਾਹ ਵਿਚ ਭੱਤਿਆਂ ਦਾ ਹਿੱਸਾ ਬੇਸਿਕ ਤਨਖਾਹ ਦੇ 50% ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸਦਾ ਬਹੁਤ ਅਸਰ ਪੇਸ਼ੇਵਰਾਨਾ ਮੁਲਾਜ਼ਮਾਂ ਜਿਵੇਂ ਇੰਜੀਨੀਅਰਾਂ, ਸੇਲਜ ਨਾਲ ਜੁੜੇ ਕਿਰਤੀਆਂ, ਹੋਰ ਉਚ ਤੇ ਦਰਮਿਆਨੇ ਮੁਲਾਜਮਾਂ ‘ਤੇ ਪਵੇਗਾ। ਕੰਪਨੀਆਂ ਨੂੰ ਇਸਦੇ ਮੱਦੇਨਜ਼ਰ ਅਡਜਸਟਮੈਂਟਾਂ ਕਰਨੀਆਂ ਪੈਣਗੀਆਂ, ਜਿਸ ਨਾਲ ਕਿਰਤੀਆਂ ਦੀ ਤਨਖਾਹ ਘਟੇਗੀ ਅਤੇ ਵੱਧਦੀ ਮਹਿੰਗਾਈ ਕਰਕੇ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ।
ਪ੍ਰੰਤੂ ਇਸ ਤੋਂ ਵੀ ਗੰਭੀਰ ਅਸਰ ਆਮ ਮਜ਼ਦੂਰਾਂ ‘ਤੇ ਪੈਣ ਜਾ ਰਿਹਾ ਹੈ। ਸਰਕਾਰ ਦਾ ਇਹ ਦਾਅਵਾ ਕਿ ਇਹ ਕੋਡ, ਕਿਰਤ ਕਾਨੂੰਨਾਂ ਵਿਚ ਪਰਿਭਾਸ਼ਾਵਾਂ ਤੇ ਅਥਾਰਟੀਆਂ ਦੀਆਂ ਗੁੰਝਲਾਂ ਨੂੰ ਖਤਮ ਕਰਕੇ ਤਨਖਾਹਾਂ ਦੇ ਮਾਮਲੇ ਵਿਚ ਕਿਰਤੀਆਂ ਲਈ ਲਾਭਦਾਇਕ ਹੋਵੇਗਾ, ਪੂਰੀ ਤਰ੍ਹਾਂ ਝੂਠਾ ਹੈ। ਇਸ ਕਿਰਤ ਕੋਡ ਵਿਚ ਪਰਿਭਾਸ਼ਾਵਾਂ ਨੂੰ ਅਸਪੱਸ਼ਟ ਬਣਾਕੇ ਪੂਰੀ ਤਰ੍ਹਾਂ ਇਸ ਮਾਮਲੇ ਨੂੰ ਅਫਸਰਸ਼ਾਹੀ ਜਾਂ ਫੇਰ ਨਿਆਂਇਕ ਸੰਸਥਾਵਾਂ ਜਿੰਮੇ ਛੱਡ ਦਿੱਤਾ ਗਿਆ ਹੈ। ਘੱਟੋ ਘੱਟ ਤਨਖਾਹ ਤੈਅ ਕਰਨ ਦੀ ਪ੍ਰਕਿਰਿਆ ਤੇ ਤਰੀਕਾਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਮਰਜ਼ੀ ਅਨੁਸਾਰ ਹੋਵੇਗਾ। ਇਸਨੂੰ ਲਾਗੂ ਕਰਵਾਉਣ ਵਾਲੀ ਸਾਰੀ ਮੌਜੂਦਾ ਮਸ਼ੀਨਰੀ ਜਾਂ ਢਾਂਚੇ ਨੂੰ ਬਿਨਾਂ ਨਵਾਂ ਢਾਚਾਂ ਜਾਂ ਮਸ਼ੀਨਰੀ ਸਿਰਜਿਆਾਂ ਹੀ ਖਤਮ ਕਰ ਦਿੱਤਾ ਗਿਆ ਹੈ। ਘੱਟੋ ਘੱਟ ਤਨਖਾਹ ਦੇ ਕਾਰਕਾਂ, ਜਿਹੜੇ ਕਿ ਪਿਛਲੇ ਕਾਨੂੰਨ ਵਿਚ ਸਨ ਨੂੰ ਹੀ ਅਪਨਾਇਆ ਗਿਆ ਹੈ, ਬਾਕੀ ਲੋੜਵੰਦ ਘੱਟੋ ਘੱਟ ਤਨਖਾਹ ਤੈਅ ਕਰਨ ਬਾਰੇ ਕੋਈ ਵੀ ਵਿਧੀ ਨੂੰ ਇਸ ਵਿਚ ਨਹੀਂ ਅਪਣਾਇਆ ਗਿਆ ਹੈ। ਇਸ ਤਰ੍ਹਾਂ 1957 ਵਿਚ ਹੋਈ ਭਾਰਤੀ ਕਿਰਤ ਕਾਨਫਰੰਸ ਵਲੋਂ ਬਣਾਏ ਗਏ ਘੱਟੋ ਘੱਟ ਤਨਖਾਹ ਤੈਅ ਕਰਨ ਦੇ ਫਾਰਮੂਲੇ, ਜਿਸਦੀ ਕਿ 2012 ਤੇ 2015 ਵਿਚ ਹੋਈਆਂ ਕਿਰਤ ਕਾਨਫਰੰਸਾਂ ਨੇ ਵੀ ਪੁਸ਼ਟੀ ਕੀਤੀ ਸੀ, ਦੀ ਪੂਰੀ ਤਰ੍ਹਾਂ ਅਣਦੇਖੀ ਕਰ ਦਿੱਤੀ ਗਈ ਹੈ। ਪਿਛਲੇ ਕਾਨੂੰਨ ਵਿਚ ਇਸ ਫਾਰਮੂਲੇ ਦੇ ਆਧਾਰ ਉਤੇ ਘੱਟੋ ਘੱਟ ਤਨਖਾਹਾਂ ਬਾਰੇ ਬਣੇ ਬੋਰਡ ਹਰ ਤਿੰਨ ਸਾਲ ਬਾਅਦ ਘੱਟੋ ਘੱਟ ਤਨਖਾਹ ਤੈਅ ਕਰਦੇ ਸਨ, ਜਿਸ ਵਿਚ ਕਿਰਤੀਆਂ, ਮਾਲਕਾਂ ਤੇ ਸਰਕਾਰ ਦੇ ਨੁਮਾਇੰਦੇ ਹੁੰਦੇ ਸੀ। ਇਸ ਕੋਡ ਵਿਚ ਕੇਂਦਰ ਸਰਕਾਰ ਵਲੋਂ ਇਕ Floor Minimum Wage (ਉਹ ਘੱਟੋ ਘੱਟ ਤਨਖਾਹ ਜਿਸ ਤੋਂ ਘੱਟ ਤਨਖਾਹ ਰਾਜ ਸਰਕਾਰਾਂ ਤੈਅ ਨਹੀਂ ਕਰ ਸਕਦੀਆਂ) ਤੈਅ ਕਰਨ ਬਾਰੇ ਹੀ ਗੱਲ ਕੀਤੀ ਗਈ ਹੈ ਜਿਹੜੀ ਕੌਮੀ ਜਾਂ ਖੇਤਰੀ ਪੱਧਰ ਲਈ ਤੈਅ ਕੀਤੀ ਜਾਵੇਗੀ। ਘੱਟੋ ਘੱਟ ਤਨਖਾਹ ਤੈਅ ਕਰਨ ਦੇ ਫਾਰਮੂਲੇ ਦੀ ਅਸਪੱਸ਼ਟਤਾ ਦਾ ਹੀ ਸਿੱਟਾ ਹੈ ਕਿ ਕੇਂਦਰ ਸਰਕਾਰ ਨੇ ਇਸ ਕੋਡ ਮੁਤਾਬਕ Floor ਘੱਟੋ ਘੱਟ ਤਨਖਾਹ 178 ਰੁਪਏ ਪ੍ਰਤੀ ਦਿਨ ਤੈਅ ਕੀਤੀ ਹੈ। ਜਿਹੜੀ ਬਹੁਤ ਹੀ ਘੱਟ ਹੋਣ ਕਰਕੇ ‘ਭੁਖਮਰੀ-ਤਨਖਾਹ’ ਹੀ ਕਹੀ ਜਾ ਸਕਦੀ ਹੈ। ਸੂਬਿਆਂ ਵਿਚ ਘੱਟੋ ਘੱਟ ਤਨਖਾਹਾਂ ਸੂਬਾ ਸਰਕਾਰਾਂ ਨੇ ਤੈਅ ਕਰਨੀਆਂ ਹਨ, ਜਿਹੜੀਆਂ ਕਿ ਕੇਂਦਰ ਦੀ Floor ਘੱਟੋ ਘੱਟ ਤਨਖਾਹ ਤੋਂ ਘੱਟ ਨਹੀਂ ਹੋਣੀਆਂ ਚਾਹੀਦੀਆਂ।
ਇਸ ਤਨਖਾਹਾਂ ਬਾਰੇ ਕਿਰਤ ਕੋਡ ਵਿਚ ਘੱਟੋ ਘੱਟ ਤਨਖਾਹਾਂ ਤੇ ਕਾਨੂੰਨ ਦੇ ਹੋਰ ਪੱਖਾਂ ਦੀ ਨਿਗਰਾਨੀ ਕਰਨ ਨਾਲ ਸਬੰਧਤ ਸਲਾਹਕਾਰ ਬੋਰਡਾਂ ਨੂੰ ਵੀ ਕਿਰਤੀਆਂ ਦੇ ਪ੍ਰਤੀਨਿਧਤਾ ਪੱਖੋਂ ਬਹੁਤ ਹੀ ਪੇਤਲਾ ਬਣਾ ਦਿੱਤਾ ਗਿਆ ਹੈ। ਇਨ੍ਹਾਂ ਬੋਰਡਾਂ ਵਿਚ ਹੁਣ ਕਿਰਤੀਆਂ ਦੇ ਸਿਰਫ 3 ਹੀ ਨੁਮਾਇੰਦੇ ਹੋਣਗੇ ਅਤੇ ਉਹ ਵੀ ਸਰਕਾਰ ਵਲੋਂ ਨਾਮਜ਼ਦ ਕੀਤੇ ਜਾਣਗੇ। ਔਰਤਾਂ ਦੀ ਪ੍ਰਤੀਨਿਧਤਾ ਵੀ ਘਟਾ ਦਿੱਤੀ ਗਈ ਹੈ। ਪਹਿਲਾਂ ਕਿਰਤੀਆਂ ਦੇ ਕੁੱਲ ਪ੍ਰਤੀਨਿਧਾਂ ਦਾ ਅੱਧ ਔਰਤਾਂ ਹੁੰਦੀਆਂ ਸਨ, ਹੁਣ ਇਕ ਤਿਹਾਈ ਔਰਤਾਂ ਹੀ ਇਸ ਬੋਰਡ ਵਿਚ ਕਿਰਤੀਆਂ ਦੀ ਪ੍ਰਤੀਨਿਧਤਾ ਕਰ ਸਕਣਗੀਆਂ ਅਤੇ ਉਹ ਵੀ ਸਰਕਾਰ ਵਲੋਂ ਨਾਮਜਦ ਕੀਤੀਆਂ ਜਾਣਗੀਆਂ। ਪਹਿਲਾਂ ਵੱਖ ਵੱਖ ਰੁਜ਼ਗਾਰਾਂ ਨਾਲ ਸਬੰਧਤ ਸੂਚੀਆਂ ਘੱਟੋ ਘੱਟ ਤਨਖਾਹਾਂ ਦੇ ਕਾਨੂੰਨ ਵਿਚ ਸ਼ਾਮਲ ਸਨ, ਜਿਨ੍ਹਾਂ ਦੇ ਆਧਾਰ ‘ਤੇ ਹਰ ਸਨਅਤ ਵਿਸ਼ੇਸ਼ ਵਿਚ ਹੁਨਰਮੰਦੀ ਦੇ ਆਧਾਰ ‘ਤੇ ਘੱਟੋ ਘੱਟ ਤਨਖਾਹ ਨਿਰਧਾਰਤ ਹੁੰਦੀ ਸੀ। ਪ੍ਰੰਤੂ, ਹੁਣ ਇਹ ਸਭ ਸੂਚੀਆਂ ਖਤਮ ਕਰ ਦਿੱਤੀਆਂ ਗਈਆਂ ਹਨ।
ਇਸ ਕਿਰਤ ਕੋਡ ਵਿਚ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਬਣੇ ਨਿਰੀਖਣ ਢਾਂਚੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਹੁਣ ਨਿਰੀਖਿਅਕ ਕਾਨੂੰਨਾਂ ਦੀ ਪਾਲਣਾ ਸਬੰਧੀ ਅਚਨਚੇਤ ਨਿਰੀਖਣ ਨਹੀਂ ਕਰ ਸਕਣਗੇ। ਨਿਰੀਖਿਅਕਾਂ ਨੂੰ ਸੁਵਿਧਾਪ੍ਰਦਾਤਾ ਬਣਾ ਦਿੱਤਾ ਗਿਆ ਹੈ, ਜਿਨ੍ਹਾਂ ਦਾ ਕਾਰਜ ਮਾਲਕਾਂ ਨੂੰ ਸਿਰਫ ਸੂਚਨਾ ਪ੍ਰਦਾਨ ਕਰਨਾ ਤੇ ਸਲਾਹ ਦੇਣਾ ਹੈ। ਘੱਟੋ ਘੱਟ ਤਨਖਾਹ ਤੋਂ ਘੱਟ ਤਨਖਾਹ ਦੇਣਾ ਪਹਿਲਾਂ ਅਪਰਾਧ ਦੇਣਕਾਰੀ ਦੀ ਸ਼੍ਰੇਣੀ ਵਿਚ ਆਉਂਦਾ ਸੀ, ਹੁਣ ਇਹ ਦੀਵਾਨੀ ਦੇਣਦਾਰੀ ਬਣਾ ਦਿੱਤੀ ਗਈ ਹੈ। ਇੰਝ ਇਸ ਕਿਰਤ ਕੋਡ ਦੀ ਉਲੰਘਣਾ ਕਰਨ ਦਾ ਮਾਲਕਾਂ ਨੂੰ ਹੋਰ ਮੌਕਾ ਦਿੱਤਾ ਜਾਵੇਗਾ ਤੇ ਉਲੰਘਣਾ ਵਿਰੁੱਧ ਕਿਰਤੀ ਹੁਣ ਅਦਾਲਤ ਵਿਚ ਨਹੀਂ ਜਾ ਸਕੇਗਾ ਬਲਕਿ ਇਸ ਕਾਨੂੰਨ ਅਧੀਨ ਬਣੀ ਅਧਿਕਾਰੀਆਂ ਦੀ ਕਮੇਟੀ ਅਤੇ ਇਸੇ ਤਰ੍ਹਾਂ ਬਣੀ ਅਪੀਲ ਅਥਾਰਟੀ ਤੱਕ ਹੀ ਪਹੁੰਚ ਕਰ ਸਕੇਗਾ।
ਠੇਕੇਦਾਰੀ ਪ੍ਰਥਾ ਅਧੀਨ ਕੰਮ ਕਰਦੇ ਕਿਰਤੀਆਂ ਦੇ ਮਾਮਲੇ ਵਿਚ ਤਨਖਾਹ ਦੇਣ ਲਈ ਪਹਿਲਾਂ ਫੈਕਟਰੀ ਦਾ ਮਾਲਕ (Principal employee) ਜ਼ਿੰਮੇਵਾਰ ਹੁੰਦਾ ਸੀ। ਹੁਣ ਉਸਨੂੰ ਇਸ ਤੋਂ ਮੁਕਤ ਕਰ ਦਿੱਤਾ ਗਿਆ ਹੈ। ਮਾਲਕਾਂ ਨੂੰ, ਕਿਰਤੀਆਂ ਤੋਂ ਹੋਏ ਨੁਕਸਾਨ ਦੀ ਭਰਪਾਈ ਅਤੇ ਕਾਰਕਕਰਦੀ ਵਿਚ ਕਮੀ ਦੇ ਅਧਾਰ ‘ਤੇ ਉਸਦੀ ਤਨਖਾਹ ਵਿਚ ਕਟੌਤੀ ਕਰਨ ਦਾ ਅਧਿਕਾਰ ਪ੍ਰਦਾਨ ਕਰ ਦਿੱਤਾ ਗਿਆ ਹੈ।
ਹੁਣ ਕਿਰਤੀਆਂ ਲਈ ਓਵਰਟਾਈਮ ਸਮੇਂ ਦੁਗਣੀ ਤਨਖਾਹ ਪ੍ਰਾਪਤ ਕਰਨੀ ਵੀ ਮੁਸ਼ਕਲ ਹੋ ਗਈ ਹੈ ਕਿਉਂਕਿ ਹੁਣ ਇਕ ਦਿਨ ਵਿਚ 12 ਘੰਟੇ ਤੱਕ ਕੰਮ ਲਿਆ ਜਾ ਸਕਦਾ ਹੈ ਅਤੇ ਜ਼ਰੂਰੀ ਐਮਰਜੈਂਸੀ ਤੇ ਹੋਰ ਕਈ ਮਾਮਲਿਆਂ ਵਿਚ ਓਵਰਟਾਈਮ ਦੇਣਾ ਵੀ ਜ਼ਰੂਰੀ ਨਹੀਂ ਹੋਵੇਗਾ।
ਬੋਨਸ ਦੇ ਮਾਮਲੇ ਵਿਚ ਵੀ ਨਵੇਂ ਅਦਾਰਿਆਂ ਦੀ ਪਰਿਭਾਸ਼ਾ ਨੂੰ ਬਹੁਤ ਮੋਕਲਾ ਕਰ ਦਿੱਤਾ ਗਿਆ ਹੈ। ਤਨਖਾਹਾਂ ਬਾਰੇ ਕਿਰਤ ਕੋਡ 2020 ਦੇ ਇਹ ਮੋਟੇ ਮੋਟੇ ਕੁਝ ਕੁ ਹੀ ਨੁਕਤੇ ਹਨ ਜਿਹੜੇ ਕਿਰਤੀਆਂ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਦਰਸਾਉਂਦੇ ਹਨ। ਅਸਲ ਵਿਚ ਇਹ ਕਿਰਤ ਕੋਡ ਦੇਸ਼ ਵਿਚ ਕਿਰਤ ਕਾਨੂੰਨਾਂ ਦੀ ਸਿਰਜਣਾ ਦੇ ਮਨਸ਼ਿਆਂ ਨੂੰ ਹੀ ਪੂਰੀ ਤਰ੍ਹਾਂ ਰੱਦ ਕਰਦੇ ਹਨ। ਇਨ੍ਹਾਂ ਦੀ ਸਿਰਜਣਾ ਕਿਰਤ ਨੂੰ ਘੱਟ ਸ਼ਕਤੀਸ਼ਾਲੀ ਧਿਰ ਸਮਝਦੇ ਹੋਏ ਕਿਰਤ ਤੇ ਪੂੰਜੀ ਦਰਮਿਆਨ ਸੰਤੁਲਨ ਕਾਇਮ ਰੱਖਣ ਦੇ ਮਕਸਦ ਨਾਲ ਕੀਤੀ ਗਈ ਸੀ।
ਪੇਸ਼ੇਵਾਰਾਨਾ ਸੁਰਖਿਆ, ਸਿਹਤ ਤੇ ਕਾਰਜ ਸਥਿਤੀਆਂ ਬਾਰੇ ਕੋਡ (Occupational Safety, Health and Working conditions code-2020) : ਫੈਕਟਰੀਜ਼ ਐਕਟ 1948, ਖਾਨਾਂ ਬਾਰੇ ਕਾਨੂੰੂਨ ਪੱਤਰਕਾਰਾਂ ਤੇ ਹੋਰ ਅਖਬਾਰੀ ਕਾਮਿਆਂ ਬਾਰੇ ਕਾਨੂੰੂਨ 1955 ਸਮੇਤ 13 ਕਾਨੂੰੂਨਾਂ ਦੀ ਥਾਂ ਲੈਂਦਾ ਇਹ ਕਿਰਤ ਕੋਡ ਉਨ੍ਹਾਂ ਅਦਾਰਿਆਂ ‘ਚ ਹੀ ਲਾਗੂ ਹੋਵੇਗਾ ਜਿੱਥੇ 10 ਜਾਂ ਇਸ ਤੋਂ ਵੱਧ ਕਿਰਤੀ ਕੰਮ ਕਰਦੇ ਹੋਣਗੇ। ਜਿਨ੍ਹਾਂ ਸਨਅਤਾਂ ਵਿਚ ਬਿਜਲੀ ਦੀ ਵਰਤੋਂ ਹੁੰਦੀ ਹੈ ਉਥੇ 20 ਜਾਂ ਉਸ ਤੋਂ ਵੱਧ ਵਾਲੇ ਅਤੇ ਜਿਥੇ ਬਿਜਲੀ ਦੀ ਵਰਤੋਂ ਨਹੀਂ ਹੁੰਦੀ ਉਥੇ 40 ਜਾਂ ਉਸ ਤੋਂ ਵੱਧ ਵਾਲੇ ਕਿਰਤੀਆਂ ਵਾਲੇ ਅਦਾਰਿਆਂ ‘ਤੇ ਇਹ ਲਾਗੂ ਹੋਵੇਗਾ। ਇੰਜ, 2014 ਵਿਚ ਹੋਈ ਆਰਥਕ ਗਨਣਾ ਦੇ ਅੰਕੜਿਆਂ ਅਨੁਸਾਰ ਕੁਲ 1 ਕਰੋੜ 4 ਲੱਖ ਅਦਾਰਿਆਂ ਵਿਚੋਂ ਇਹ ਸਿਰਫ 89 ਲੱਖ 61 ਹਜ਼ਾਰ ਅਦਾਰਿਆਂ ਵਿਚ ਹੀ ਲਾਗੂ ਹੋਵੇਗਾ ਤੇ ਵੱਡੀ ਗਿਣਤੀ ਕਿਰਤੀ ਇਸ ਕਿਰਤ ਕੋਡ ਦੇ ਕਲਾਵੇ ਵਿਚ ਹੀ ਨਹੀਂ ਆਉਣਗੇ।
ਇਸ ਕੋਡ ਮੁਤਾਬਕ ਹੁਣ ਔਰਤਾਂ ਸ਼ਾਮ 6 ਵਜੇ ਤੋਂ ਬਾਅਦ ਅਤੇ ਸਵੇਰੇ 7 ਵਜੇ ਤੋਂ ਪਹਿਲਾਂ, ਭਾਵ ਰਾਤ ਨੂੰ ਵੀ ਖਾਨਾਂ ਸਮੇਤ ਹਰ ਤਰ੍ਹਾਂ ਦੀਆਂ ਥਾਵਾਂ ‘ਤੇ ਕੰਮ ਕਰ ਸਕਣਗੀਆਂ, ਇਸ ਲਈ ਸਿਰਫ ਉਨ੍ਹਾਂ ਦੀ ਸਹਿਮਤੀ ਦੀ ਹੀ ਜ਼ਰੂਰਤ ਹੋਵੇਗੀ। ਕਿਸੇ ਮਾਲਕ ਸਾਹਮਣੇ ਕਿਸੇ ਔਰਤ ਦੀ ਨਾਂਹ ਕਰਨ ਦੀ ਹਿੰਮਤ ਕਿਸ ਤਰ੍ਹਾਂ ਹੋ ਸਕਦੀ ਹੈ, ਜਿੱਥੇ ਕਿ ਉਸਦੀ ਨੌਕਰੀ ਖਤਮ ਹੋਣ ਦਾ ਡਰ ਜੁੜਿਆ ਹੋਵੇ! ਇਸ ਮਾਮਲੇ ਵਿਚ ਕੋਡ ਵਿਚ ਖਤਰਨਾਕ ਤੇ ਮੁਸ਼ਕਲ ਕੰਮਾਂ ਲਈ ਅਗਾਓਂ ਸੁਰੱਖਿਆਤਮਕ ਕਦਮਾਂ ਦੀ ਵਿਵਸਥਾ ਕਰਨ ਦੀ ਗੱਲ ਜ਼ਰੂਰ ਜੋੜੀ ਗਈ ਹੈ, ਪ੍ਰੰਤੂ ਇਨ੍ਹਾਂ ਦਾ ਕੋਈ ਵਿਸਥਾਰ ਆਦਿ ਨਹੀਂ ਦਿੱਤਾ ਗਿਆ।ਠੇਕੇਦਾਰੀ ਅਧੀਨ ਕੰਮ ਕਰਦੇ ਕਿਰਤੀਆਂ ਦੇ ਮਾਮਲੇ ਵਿਚ ਇਹ ਕੋਡ 50 ਜਾਂ ਉਸ ਤੋਂ ਵੱਧ ਕਿਰਤੀਆਂ ‘ਤੇ ਹੀ ਲਾਗੂ ਹੋਵੇਗਾ ਅਤੇ ਠੇਕੇਦਾਰ ਨੂੰ 5 ਸਾਲ ਲਈ ਪੱਕੇ ਰੂਪ ਵਿਚ ਲਾਈਸੈਂਸ ਪ੍ਰਦਾਨ ਕਰਨ ਦੀ ਵੀ ਇਸ ਵਿਚ ਵਿਵਸਥਾ ਕੀਤੀ ਗਈ ਹੈ। ਇਸ ਤਰ੍ਹਾਂ, ਪਹਿਲੇ ਠੇਕੇਦਾਰੀ ਨਾਲ ਸੰਬੰਧਤ ਕਾਨੂੰਨ, ਜਿਸਦਾ ਮਕਸਦ ਠੇਕੇ ਅਧੀਨ ਕਿਰਤੀਆਂ ਦੇ ਹਿਤਾਂ ਨੂੰ ਨਿਯਮਤ ਕਰਨਾ ਤੇ ਇਸ ਪ੍ਰਥਾ ਨੂੰ ਖਤਮ ਕਰਨਾ ਤੈਅ ਕੀਤਾ ਗਿਆ ਸੀ, ਦੀ ਇਹ ਕਿਰਤ ਕੋਡ ਘੋਰ ਉਲੰਘਣਾ ਕਰਦਾ ਹੈ।
ਇਸੇ ਤਰ੍ਹਾਂ ਖਾਨਾਂ ਵਿਚ, ਜਿਥੇ 18 ਸਾਲ ਤੋਂ ਘੱਟ ਉਮਰ ਦੇ ਕਿਰਤੀਆਂ ਦੇ ਕੰਮ ਕਰਨ ‘ਤੇ ਰੋਕ ਹੈ ਉਥੇ ਅਪ੍ਰੈਂਟਿਸ ਵਜੋਂ 16 ਸਾਲ ਦੀ ਉਮਰ ਦੇ ਨਾਬਾਲਗਾਂ ਨੂੰ ਰੱਖਿਆ ਜਾ ਸਕਦਾ ਹੈ।
ਜਿਨ੍ਹਾਂ ਕਾਨੂੰਨਾਂ ਨੂੰ ਖਤਮ ਕਰਕੇ ਇਹ ਕਿਰਤ ਕੋਡ ਬਣਾਇਆ ਗਿਆ ਹੈ ਉਸ ਵਿਚ ਠੇਕਾ ਮਜ਼ਦੂਰਾਂ, ਪ੍ਰਵਾਸੀ ਕਾਮਿਆਂ, ਬੀੜੀ ਤੇ ਸਿਗਾਰ ਕਾਮਿਆਂ, ਪੱਤਰਕਾਰਾਂ, ਨਿਰਮਾਣ ਕਾਮਿਆਂ, ਦਰਖਤ ਲਾਉਣ ਵਾਲੇ ਕਾਮਿਆਂ ਆਦਿ ਲਈ ਵੱਖ ਵੱਖ ਕਾਨੂੰਨ ਸਨ ਜਿਹੜੇ ਉਨ੍ਹਾਂ ਦੀਆਂ ਕਾਰਜ ਹਾਲਤਾਂ ਤੇ ਹੋਰ ਹਿਤਾਂ ਦੀ ਰਾਖੀ ਕਰਦੇ ਸਨ, ਉਨ੍ਹਾਂ ਸਾਰਿਆਂ ਨੂੰ ਇਕੋ ਝਟਕੇ ਵਿਚ ਖਤਮ ਕਰ ਦਿੱਤਾ ਗਿਆ ਹੈ।
ਇਹ ਕੋਡ, ਜਿਸਦਾ ਮੁੱਖ ਮਕਸਦ ਕਾਮਿਆਂ ਦੀਆਂ ਕਾਰਜ ਸਥਿਤੀਆਂ ਦੀ ਨਿਗਰਾਨੀ ਤੇ ਪਾਲਣਾ ਕਰਵਾਉਣਾ ਹੈ, ਵਿਚ ਵੀ ਨਿਰੀਖਿਅਕਾਂ ਵਲੋਂ ਅਚਨਚੇਤ ਨਿਰੀਖਣ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਜੇਕਰ ਨਿਰੀਖਕ, ਜਿਹੜਾ ਹੁਣ ਸੁਵਿਧਾ ਪ੍ਰਦਾਤਾ ਬਣਾ ਦਿੱਤਾ ਗਿਆ ਹੈ, ਨੇ ਕੋਈ ਨਿਰੀਖਣ ਕਰਨਾ ਹੋਵੇ ਤਾਂ ਉਹ ਪਹਿਲਾਂ ਅਦਾਰੇ ਦੇ ਮਾਲਕ ਨੂੰ ਲਿਖਤੀ ਨੋਟਸ ਦੇਵੇਗਾ। ਇਸ ਕੋਡ ਅਨੁਸਾਰ ਉਸ ਅਦਾਰੇ ਵਿਚ ਹੀ ਸੁਰੱਖਿਆ ਕਮੇਟੀਆਂ ਬਣ ਸਕਦੀਆਂ ਹਨ ਜਿਥੇ 250 ਤੋਂ ਵੱਧ ਕਿਰਤੀ ਕੰਮ ਕਰਦੇ ਹਨ। ਇਸ ਤਰ੍ਹਾਂ 90 ਫੀਸਦੀ ਤੋਂ ਵੱਧ ਅਦਾਰਿਆਂ ਵਿਚ ਕੋਈ ਸੁਰੱਖਿਆ ਕਮੇਟੀ ਨਹੀਂ ਹੋਵੇਗੀ। ਦੇਸ਼ ਵਿਚ ਇਸ ਵੇਲੇ ਲਗਭਗ 40000 ਕਿਰਤੀ ਹਰ ਸਾਲ ਸਨਅਤੀ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਫਿਰ ਵੀ ਇਸ ਕਿਰਤ ਕੋਡ ਵਿਚ ਉਲੰਘਣਾ ਨਾਲ ਸਬੰਧਤ ਸਜ਼ਾਵਾਂ ਪਹਿਲਾਂ ਨਾਲੋਂ ਬਹੁਤ ਪੇਤਲੀਆਂ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਇਹ ਜੁਰਮਾਨੇ ਜਾਂ ਵੱਧ ਤੋਂ ਵੱਧ ਤਿੰਨ ਮਹੀਨੇ ਦੀ ਸਜ਼ਾ ਤੱਕ ਹੀ ਸੀਮਤ ਹਨ। ਅਤੇ ਵਾਰ ਵਾਰ ਉਲੰਘਣਾਵਾਂ ਕਰਨ ਦਾ ਦੋਸ਼ੀ ਸਿੱਧ ਹੋਣ ‘ਤੇ ਹੀ ਕਿਸੇ ਮਾਲਕ ਵਿਰੁੱਧ ਅਪਰਾਧਕ ਮਾਮਲਾ ਬਣ ਸਕਦਾ ਹੈ ਜਿਸ ਅਧੀਨ 3 ਮਹੀਨੇ ਦੀ ਹੀ ਕੈਦ ਹੋ ਸਕਦੀ ਹੈ।
ਗੈਰ ਰਸਮੀ, ਸੀਮਤ ਸਮੇਂ ਲਈ ਰੱਖੇ ਗਏ ਤੇ ਪਲੇਟਫਾਰਮ ਕਿਰਤੀ, ਜਿਵੇਂ ਡਿਲਵਰੀ ਬੁਆਏ (ਘਰ-ਘਰ ਜਾ ਕੇ ਵਸਤਾਂ ਸਪਲਾਈ ਕਰਨ ਵਾਲੇ) ਆਦਿ ਉਤੇ ਵੀ ਇਹ ਕਿਰਤ ਕੋਡ ਲਾਗੂ ਨਹੀਂ ਹੁੰਦਾ ਹੈ।
ਸਨਅਤੀ ਸਬੰਧਾਂ ਬਾਰੇ ਕੋਡ 2020 (Industrial relations code-2020) : ਇੰਡਸਟ੍ਰੀਅਲ ਡਿਸਪਿਉਟਸ ਐਕਟ 1947, ਟਰੇਡ ਯੂਨੀਅਨ ਐਕਟ 1926 ਤੇ ਇੰਡਸਟ੍ਰੀਅਲ ਇੰਪਲਾਏਮੈਂਟ (ਸਟੈਂਡਿੰਗ ਆਰਡਰਜ) ਐਕਟ 1946, ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਖਤਮ ਕਰਕੇ ਇਹ ਕਿਰਤ ਕੋਡ ਬਣਾਇਆ ਗਿਆ ਹੈ। ਇਸਦਾ ਮਕਸਦ ‘ਸਨਅਤੀ ਝਗੜਿਆਂ ਨੂੰ ਨਬੇੜਦੇ ਹੋਏ, ਮਾਲਕਾਂ ਤੇ ਕਿਰਤੀਆਂ ਦਰਮਿਆਨ ਸੁਖਾਵੇਂ ਤੇ ਸਦਭਾਵਨਾ ਭਰੇ ਸਬੰਧ ਕਾਇਮ ਰੱਖਦੇ ਹੋਏ ਸਨਅਤ ਦੀ ਪ੍ਰਗਤੀ ਨੂੰ ਅੱਗੇ ਵਧਾਉਣਾ’ ਦੱਸਿਆ ਗਿਆ ਹੈ। ਇਸ ਵਿਚ ਕਿਰਤੀ ਉਹੀ ਮੰਨਿਆ ਜਾਵੇਗਾ, ਜਿਹੜਾ 18000 ਜਾਂ ਇਸ ਤੋਂ ਘੱਟ ਤਨਖਾਹ ਪ੍ਰਾਪਤ ਕਰ ਰਿਹਾ ਹੋਵੇਗਾ ਅਤੇ ਜਿਹੜਾ ਸੁਪਰਵਾਈਜ਼ਰੀ ਕਾਰਜ ਨਹੀਂ ਕਰ ਰਿਹਾ ਹੋਵੇਗਾ। ਇਸ ਤਰ੍ਹਾਂ ਇਹ ਕਿਰਤ ਕੋਡ ਉਨ੍ਹਾਂ ਕਿਰਤੀਆਂ ‘ਤੇ ਹੀ ਲਾਗੂ ਹੋਵੇਗਾ, ਜਿਹੜੇ 18000 ਜਾਂ ਇਸ ਤੋਂ ਘੱਟ ਤਨਖਾਹ ਲੈ ਰਹੇ ਹੋਣਗੇ। ਇਸ ਨਾਲ ਹੁਨਰਮੰਦ (Skilled) ਕਿਰਤੀਆਂ ਦਾ ਬਹੁਤ ਵੱਡਾ ਹਿੱਸਾ ਇਸ ਕਿਰਤ ਕੋਡ ਦੇ ਦਾਇਰੇ ‘ਚੋਂ ਬਾਹਰ ਹੋ ਜਾਵੇਗਾ।
ਇਸ ਕਿਰਤ ਕੋਡ ਵਿਚ ਸਰਕਾਰ ਦਾ ਦਾਅਵਾ ਹੈ ਕਿ ਉਸਨੇ Fixed term employment (ਮਿੱਥੇ ਕਾਰਜਕਾਲ ਦਾ ਰੁਜ਼ਗਾਰ) ਦੇ ਰੂਪ ਵਿਚ ਕਿਰਤੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਵਰਣਨਯੋਗ ਹੈ ਕਿ ਇੰਡਸਟ੍ਰੀਅਲ ਡਿਸਪਿਉਟਸ ਐਕਟ 1947 ਮੁਤਾਬਕ ਜਿਹੜਾ ਵੀ ਕਿਰਤੀ ਇਕ ਸਾਲ, ਭਾਵ 12 ਮਹੀਨਿਆਂ ਵਿਚ 240 ਦਿਨ ਕੰਮ ਕਰ ਲੈਂਦਾ ਸੀ ਉਹ ਪੱਕਾ ਕਿਰਤੀ ਮੰਨਿਆ ਜਾਂਦਾ ਸੀ ਅਤੇ ਉਸਨੂੰ ਉਸੇ ਅਨੁਸਾਰ ਸਾਰੇ ਲਾਭ ਮਿਲਦੇ ਸੀ। ਇਸ ਮਿੱਥੇ ਕਾਰਜਕਾਲ ਦੇ ਰੁਜ਼ਗਾਰ ਵਾਲੇ ਕਿਰਤੀ ਦੇ ਰੁਜ਼ਗਾਰ ਦਾ ਕਾਲ ਮਾਲਕ ਨੇ ਤੈਅ ਕਰਨਾ ਹੈ। ਉਸਨੂੰ ਨੌਕਰੀ ਤੋਂ ਕੱਢਦੇ ਸਮੇਂ ਨਾ ਕੋਈ ਨੋਟਸ ਦੇਣ ਦੀ ਲੋੜ ਹੈ, ਤੇ ਨਾ ਹੀ ਛਾਂਟੀ ਮੁਆਵਜ਼ਾ ਤੇ ਨਾ ਹੀ ਉਹ ਹੜਤਾਲ ਵਿਚ ਭਾਗ ਲੈ ਸਕਦਾ ਹੈ। ਇਸ ਤਰ੍ਹਾਂ ਅਸਲ ਵਿਚ ਤਾਂ ਇਹ ਮਾਲਕਾਂ ਨੂੰ ਇਕ ਵੱਡਾ ਹੱਕ ਹੈ ਜਿਸ ਅਨੁਸਾਰ ਉਹ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਰੱਖ ਸਕਦੇ ਹਨ, ਭਾਵ ਜਦੋਂ ਮਰਜ਼ੀ ਰੱਖ ਲਿਆ ਤੇ ਜਦੋਂ ਮਰਜ਼ੀ ਕੱਢ ਦਿੱਤਾ।
ਪਹਿਲਾਂ 100 ਜਾਂ ਇਸ ਤੋਂ ਵੱਧ ਕਿਰਤੀਆਂ ਬਾਰੇ ਅਦਾਰੇ ਵਿਚੋਂ ਛਾਂਟੀ, ਲੇ ਆਫ ਜਾਂ ਨੌਕਰੀ ਤੋਂ ਕੱਢਣ ਸਮੇਂ ਸਰਕਾਰ ਤੋਂ ਮੰਜੂਰੀ ਲੈਣੀ ਪੈਂਦੀ ਸੀ ਤੇ ਇਸ ਲਈ ਢੁਕਵਾਂ ਕਾਰਨ ਦੱਸਣਾ ਪੈਂਦਾ ਸੀ, ਹੁਣ ਇਹ ਪਾਬੰਦੀ 300 ਜਾਂ ਇਸ ਤੋਂ ਵੱਧ ਕਿਰਤੀਆਂ ਵਾਲੇ ਅਦਾਰਿਆਂ ‘ਤੇ ਹੀ ਲਾਗੂ ਹੋਵੇਗਾ। ਜੇਕਰ ਅਦਾਰੇ ਨੇ ਸਰਕਾਰ ਨੂੰ ਲਿਖਿਆ ਹੋਇਆ ਹੈ ਪ੍ਰੰਤੂ ਉਤਰ ਨਹੀਂ ਆਇਆ, ਤਾਂ ਵੀ ਸਮਝਿਆ ਜਾਵੇਗਾ ਕਿ ਇਜਾਜ਼ਤ ਮਿਲ ਗਈ ਹੈ। ਇਸੇ ਤਰ੍ਹਾਂ ਪਹਿਲਾਂ 100 ਜਾਂ ਇਸ ਤੋਂ ਵੱਧ ਕਿਰਤੀਆਂ ਵਾਲੇ ਅਦਾਰਿਆਂ ਲਈ ਆਪਣੇ ਅਦਾਰੇ ਲਈ ਸਟੈਂਡਿੰਗ ਆਰਡਰਜ਼ ਬਣਾਉਣੇੇ ਜ਼ਰੂਰੀ ਹੁੰਦੇ ਸਨ, ਜਿਨ੍ਹਾਂ ਨਾਲ ਕਿਰਤੀਆਂ ਦੀਆਂ ਕਾਰਜ ਸਥਿਤੀਆਂ ਤੇ ਹੋਰ ਸੇਵਾ ਸ਼ਰਤਾਂ ਨਿਯਮਤ ਹੁੰਦੀਆਂ ਸਨ। ਹੁਣ ਇਸ ਲਈ ਵੀ ਗਿਣਤੀ 100 ਦੀ ਥਾਂ 300 ਜਾਂ ਇਸ ਤੋਂ ਵੱਧ ਕਰ ਦਿੱਤੀ ਗਈ ਹੈ।
ਇਸ ਕਿਰਤ ਕੋਡ ਵਿਚ ਹੁਣ ਯੂਨੀਅਨ ਬਨਾਉਣ ਦੇ ਕਿਰਤੀਆਂ ਦੇ ਸੰਵਿਧਾਨਕ ਅਧਿਕਾਰ ‘ਤੇ ਵੀ ਹਮਲਾ ਕੀਤਾ ਗਿਆ ਹੈ। ਪਹਿਲਾਂ ਕਿਸੇ ਵੀ ਅਦਾਰੇ ਵਿਚ ਕੰਮ ਕਰਦੇ 7 ਵਿਅਕਤੀ ਯੂਨੀਅਨ ਬਣਾਕੇ ਰਜਿਸਟਰ ਕਰਵਾ ਸਕਦੇ ਸਨ। ਪ੍ਰੰਤੂ ਹੁਣ ਕੁੱਲ ਕਿਰਤ ਸ਼ਕਤੀ ਦੇ 10 ਫੀਸਦੀ ਅਤੇ ਜੇਕਰ ਕੁਲ ਗਿਣਤੀ 100 ਜਾਂ ਇਸ ਤੋਂ ਘੱਟ ਹੋਵੇ, ਤਾਂ ਸਾਰੇ ਕਿਰਤੀ ਹੀ ਇਕੱਠੇ ਹੋ ਕੇ ਯੂਨੀਅਨ ਬਣਾ ਜਾਂ ਰਜਿਸਟਰ ਕਰਵਾ ਸਕਦੇ ਹਨ। ਯੂਨੀਅਨ ਕਾਇਮ ਰੱਖਣ ਲਈ ਹਰ ਸਮੇਂ ਮੈਂਬਰਾਂ ਦੀ ਐਨੀਂ ਗਿਣਤੀ ਯਕੀਨੀ ਬਨਾਉਣੀ ਹੋਵੇਗੀ।ਹੜਤਾਲ ਕਰਨ ਨੂੰ ਤਾਂ ਇਸ ਕਿਰਤ ਕੋਡ ਵਿਚ ਲਗਭਗ ਅਸੰਭਵ ਹੀ ਬਣਾ ਦਿੱਤਾ ਗਿਆ ਹੈ। ਕਿਸੇ ਵੀ ਸਨਅਤੀ ਅਦਾਰੇ ਵਿਚ ਹੜਤਾਲ ਕਰਨ ਲਈ 60 ਦਿਨ ਦਾ ਨੋਟਿਸ ਦੇਣ ਤੋਂ ਬਾਅਦ ਸੰਬੰਧਤ ਝਗੜੇ ਬਾਰੇ ਸਮਝੌਤਾ ਪ੍ਰਕਿਰਿਆ, ਗਲਬਾਤ ਜਾਂ ਮਾਮਲਾ ਕਿਸੇ ਟ੍ਰਿਬਿਊਨਲ ਕੋਲ ਲੰਬਿਤ ਹੋਣ ਦੌਰਾਨ ਹੜਤਾਲ ਨਹੀਂ ਕੀਤੀ ਜਾ ਸਕੇਗੀ ਅਤੇ ਇਸਦਾ ਸਿੱਟਾ ਆਉਣ ਦੇ 60 ਦਿਨ ਬਾਅਦ ਹੀ ਹੜਤਾਲ ਕੀਤੀ ਜਾ ਸਕੇਗੀ। ਆਮ ਤੌਰ ‘ਤੇ ਹੜਤਾਲ ਕਰਨ ਦੇ ਕਾਰਨ ਫੌਰੀ ਹੁੰਦੇ ਹਨ। ਇਸ ਤਰ੍ਹਾਂ ਹੜਤਾਲ ਨੂੰ ਲਗਭਗ ਅਸੰਭਵ ਬਣਾ ਕੇ ਕਿਰਤੀਆਂ ਦੇ ਬੁਨਿਆਦੀ ਅਧਿਕਾਰ ਨੂੰ ਖੋਹ ਲਿਆ ਗਿਆ ਹੈ।
ਉਹ ਸਨਅਤੀ ਅਦਾਰੇ ਜਿਨ੍ਹਾਂ ਦਾ ਕੰਮ ਮੌਸਮੀ ਜਾਂ ਨਿਰੰਤਰ ਚੱਲਣ ਵਾਲਾ ਨਹੀਂ ਹੈ, ਉਥੇ 50 ਤੋਂ ਘੱਟ ਕਿਰਤੀਆਂ ਵਾਲੇ ਅਦਾਰਿਆਂ ਨੂੰ ਕਿਰਤੀਆਂ ਦੀ ਛਾਂਟੀ ਕਰਨ ਸਮੇਂ ਮੁਆਵਜ਼ਾ ਦੇਣ ਦੀ ਲੋੜ ਨਹੀਂ ਹੋਵੇਗੀ। ਕੰਮ ਮੌਸਮੀ ਹੈ ਜਾਂ ਨਹੀਂ, ਇਸ ਬਾਰੇ ਸਰਕਾਰ ਦਾ ਫੈਸਲਾ ਅੰਤਮ ਹੋਵੇਗਾ।
ਪੁਰਾਣੇ ਕਿਰਤ ਕਾਨੂੰਨਾਂ ਅਧੀਨ ਦੇਸ਼ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿਚ ਕਿਰਤ ਕੋਰਟਾਂ ਕਾਇਮ ਸਨ, ਜੋ ਕਿ ਸਨਅਤੀ ਵਿਵਾਦਾਂ ਬਾਰੇ ਫੈਸਲੇ ਕਰਦੀਆਂ ਸਨ। ਪਰ ਹੁਣ ਉਨ੍ਹਾਂ ਨੂੰ ਨਵੇਂ ਕਿਰਤ ਕੋਡ ਅਧੀਨ ਖਤਮ ਕਰ ਦਿੱਤਾ ਗਿਆ ਹੈ। ਹਰ ਸੂਬੇ ਵਿਚ ਇਕ ਹੀ ਕਿਰਤ ਝਗੜੇ ਨਬੇੜੂ ਟ੍ਰਿਬਿਊਨਲ ਹੋਵੇਗੀ। ਇਸ ਤਰ੍ਹਾਂ ਕਿਰਤੀਆਂ ਲਈ ਨਿਆਂ ਹਾਸਲ ਕਰਨਾ ਮਹਿੰਗਾ ਤੇ ਲਗਭਗ ਅਸੰਭਵ ਬਣਾ ਦਿੱਤਾ ਗਿਆ ਹੈ।
ਸਰਕਾਰ ਕਿਸੇ ਵੀ ਪੁਰਾਣੇ ਜਾਂ ਨਵੇਂ ਅਦਾਰੇ ਨੂੰ ਇਸ ਕਿਰਤ ਕੋਡ ਦੇ ਲਾਗੂ ਹੋਣ ਤੋਂ ਛੋਟ ਦੇ ਸਕਦੀ ਹੈ ਜੇ ਸਰਕਾਰ ਨੂੰੂ ਲੱਗੇ ਕਿ ਇਹ ਅਦਾਰਾ ਇਸ ਕੋਡ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦੀ ਸਮਰਥਾ ਨਹੀਂ ਰੱਖਦਾ ਜਾਂ ਇਸਨੂੰ ਇਨ੍ਹਾਂ ਵਿਵਸਥਾਵਾਂ ਤੋਂ ਬਾਹਰ ਰੱਖਣਾ ‘ਜਨਤਕ ਹਿੱਤ’ ਲਈ ਲਾਹੇਵੰਦ ਹੈ।
ਸਮਾਜਕ ਸੁਰੱਖਿਆ ਬਾਰੇ ਕੋਡ-2020 (Code on social security 2020) : ਇਹ ਕੋਡ ਪ੍ਰਾਵੀਡੈਂਟ ਫੰਡ, ਈ.ਐਸ.ਆਈ., ਗ੍ਰੈਚੁਇਟੀ, ਜਣੇਪਾ ਲਾਭ ਆਦਿ ਨਾਲ ਸਬੰਧਤ ਬਹੁਤ ਸਾਰੇ ਸਮਾਜਕ ਸੁਰੱਖਿਆ ਪ੍ਰਦਾਨ ਕਰਨ ਵਾਲੇ ਕਾਨੂੰਨਾਂ ਦੀ ਥਾਂ ਲਵੇਗਾ। ਕਿਹਾ ਤਾਂ ਇਹ ਗਿਆ ਹੈ ਕਿ ਇਹ ਕੋਡ ਇਨ੍ਹਾਂ ਕਾਨੂੰਨਾਂ ਅਧੀਨ ਸੁਰੱਖਿਆ ਪ੍ਰਾਪਤ ਕਰਨ ਵਾਲੀ ਭਾਰਤੀ ਕਿਰਤ ਸ਼ਕਤੀ, ਜਿਹੜੀ ਕਿ ਭਿੰਨ ਭਿੰਨ ਖੇਤਰਾਂ ਵਿਚ ਕੰਮ ਕਰਦੀ ਹੈ, ਦੇ ਹਿਤਾਂ ਦੀ ਪੂਰਤੀ ਲਈ ਬਣਾਇਆ ਗਿਆ ਹੈ। ਪ੍ਰੰਤੂ ਇਸ ਨਾਲ ਸਮਾਜਕ ਸੁਰੱਖਿਆ ਦੇ ਮਾਮਲੇ ਵਿਚ ਭਾਰਤ ਦੇ ਬਹੁਸੰਖਿਅਕ ਕਿਰਤੀਆਂ ਦੇ ਹਿਤਾਂ ਨੂੰ ਸੱਟ ਵੱਜੀ ਹੈ, ਵਿਸ਼ੇਸ਼ ਰੂਪ ਵਿਚ ਗੈਰ ਰਸਮੀ ਖੇਤਰ ਦੇ ਕਿਰਤੀਆਂ ਦੇ। ਜਦੋਂ ਕਿ ਕੋਵਿਡ 19 ਦੀ ਮਹਾਮਾਰੀ ਦੌਰਾਨ ਇਨ੍ਹਾਂ ਕਿਰਤੀਆਂ ਨੂੰ ਸਭ ਤੋਂ ਵੱਧ ਦੁੱਖ ਸਹਿਣੇ ਪਏ ਸਨ ਅਤੇ ਇਹ ਤੱਥ ਸਰਕਾਰ ਤੋਂ ਲੁਕਿਆ ਹੋਇਆ ਨਹੀਂ।
ਇਹ ਕੋਡ ਸਮਾਜਕ ਸੁਰੱਖਿਆ ਨੂੰ ਕਿਰਤੀਆਂ ਦੇ ਹੱਕ ਵਜੋਂ ਪੇਸ਼ ਨਹੀਂ ਕਰਦਾ ਅਤੇ ਨਾ ਹੀ ਇਹ ਇਕ ਸੰਵਿਧਾਨ ਵਲੋਂ ਨਿਰਧਾਰਤ ਵਿਵਸਥਾ ਦੇ ਰੂਪ ਵਿਚ ਇਸਦਾ ਹਵਾਲਾ ਦਿੰਦਾ ਹੈ। ਬਲਕਿ ਇਹ ਤਾਂ ਉਨ੍ਹਾਂ ਕਰੋੜਾਂ ਭਾਰਤੀ ਕਿਰਤੀਆਂ ਨੂੰ, ਜਿਹੜੇ ਕਿ ਪਹਿਲੇ ਕਾਨੂੰਨਾਂ ਦੇ ਸਮਾਪਤ ਕਰ ਦਿੱਤੇ ਜਾਣ ਕਰਕੇ ਸਮਾਜਕ ਸੁਰੱਖਿਆ ਤੋਂ ਵਾਂਝੇ ਹੋ ਗਏ ਹਨ, ਇਸ ਕਿਰਤ ਕੋਡ ਦੇ ਲਾਭ ਪ੍ਰਾਪਤ ਕਰਵਾਉਣ ਦੀ ਕੋਈ ਤਾਰੀਖ ਤੱਕ ਵੀ ਨਿਰਧਾਰਤ ਨਹੀਂ ਕਰਦਾ। ਲੋੜ ਤਾਂ ਇਸ ਗੱਲ ਦੀ ਸੀ ਕਿ ਸਮਾਜਕ ਸੁਰੱਖਿਆ ਨੂੰ ਸਮੁਚੀ ਭਾਰਤੀ ਕਿਰਤ ਸ਼ਕਤੀ ਲਈ ਸਰਵਵਿਆਪੀ ਬਣਾਇਆ ਜਾਂਦਾ। ਇਸਦੀ ਥਾਂ ਇਹ ਕੋਡ ਇਸਦਾ ਇਕਪਾਸੜ ਸ਼੍ਰੇਣੀਕਰਨ ਕਰਦਾ ਹੈ ਜਿਸ ਨਾਲ ਕਰੋੜਾਂ ਗਰੀਬ ਕਿਰਤੀ ਇਸ ਸਮਾਜਕ ਸੁਰੱਖਿਆ ਤੋਂ ਵਾਂਝੇ ਰਹਿ ਜਾਣਗੇ।
ਜਿਵੇਂ ਕਿ ਇਹ ਨਿਰਮਾਣ ਕਾਮਿਆਂ ਦੇ ਮਾਮਲੇ ਵਿਚ ਉਨ੍ਹਾਂ ਨਿਰਮਾਣ ਸਥਲਾਂ ਤੇ ਬਿਲਡਿੰਗਾਂ ਨੂੰ ਹੀ ਆਪਣੇ ਕਲਾਵੇ ਵਿਚ ਲੈਂਦਾ ਹੈ ਜਿਥੇ 10 ਜਾਂ ਵੱਧ ਕਿਰਤੀ ਕੰਮ ਕਰਦੇ ਹਨ ਅਤੇ ਰਿਹਾਇਸ਼ੀ ਵਿਅਕਤੀਗਤ ਨਿਰਮਾਣਾਂ ਨੂੰ ਇਸ ਤੋਂ ਬਾਹਰ ਕੱਢਦਾ ਹੈ। ਜਦੋਂਕਿ ਇਸ ਕਿਰਤ ਸ਼ਕਤੀ ਦਾ ਵੱਡਾ ਹਿੱਸਾ ਅਜਿਹੇ ਨਿਰਮਾਣ ਕਾਰਜਾਂ ਵਿਚ ਕੰਮ ਕਰਨ ਵਾਲਾ ਹੈ। ਇਸੇ ਤਰ੍ਹਾਂ ਇਹ ਇਸ ਕੋਡ ਦੇ ਲਾਗੂ ਕਰਨ ਲਈ ਕਿਰਤੀਆਂ ਲਈ ਤਨਖਾਹ ਸੀਮਾ ਵੀ ਇਕਪਾਸੜ ਰੂਪ ਵਿਚ ਨਿਰਧਾਰਤ ਕਰਦਾ ਹੈ।
ਪ੍ਰਾਵੀਡੈਂਟ ਫੰਡ, ਦੇ ਮਾਮਲੇ ਵਿਚ ਇਹ 20 ਜਾਂ ਵੱਧ ਕਿਰਤੀਆਂ ਵਾਲੇ ਅਦਾਰੇ ਦੀ ਵਿਵਸਥਾ ਨੂੰ ਲਾਗੂ ਕਰਦਾ ਹੈ, ਜਿਸ ਨਾਲ ਛੋਟੇ ਤੇ ਲਘੁ ਸਨਅਤਾਂ ਵਿਚ ਕੰਮ ਕਰਨ ਵਾਲੇ ਕਿਰਤੀ ਇਸ ਤੋਂ ਬਾਹਰ ਰਹਿ ਜਾਣਗੇ। ਇਸੇ ਤਰ੍ਹਾਂ ਇਸ ਕੋਡ ਵਿਚ ਕਿਰਤੀਆਂ ਨੂੰ ਸ਼੍ਰੇਣੀਆਂ ਵਿਚ ਵੰਡਣ ਸਮੇਂ ਕੀਤੀਆਂ ਪਰਿਭਾਸ਼ਾਵਾਂ ਵੀ ਬਹੁਤ ਹੀ ਅਸਪੱਸ਼ਟ ਹਨ।
ਮੋਟੇ ਰੂਪ ਵਿਚ ਇਹ ਕੋਡ ਮਾਲਕਾਂ ਲਈ ਇਸ ਕਿਰਤ ਕੋਡ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਨੂੰ ਸੁਖਾਲਾ ਬਣਾਉਂਦਾ ਹੈ। ਗਰੈਚੂਇਟੀ ਦੇ ਮਾਮਲੇ ਵਿਚ ਇਹ ਠੇਕੇ ‘ਤੇ ਕੰਮ ਕਰਦੇ ਕਿਰਤੀਆਂ ਪ੍ਰਤੀ ਮਾਲਕ ਦੀ ਜ਼ਿੰਮੇਵਾਰੀ ਨੂੰ ਖਤਮ ਕਰ ਦਿੰਦਾ ਹੈ ਜਦੋਂਕਿ ਪਹਿਲਾਂ ਇਸ ਮਾਮਲੇ ਵਿਚ ਠੇਕੇਦਾਰ ਦੇ ਨਾਕਾਮ ਰਹਿਣ ‘ਤੇ ਕਿਰਤੀਆਂ ਨੂੰ ਗਰੈਚੂਇਟੀ ਦੇਣ ਦੀ ਜ਼ਿੰਮੇਵਾਰੀ ਅਦਾਰੇ ਦੇ ਮਾਲਕ ਦੀ ਹੁੰਦੀ ਸੀ।
ਇਸ ਤਰ੍ਹਾਂ ਸਮਾਜਕ ਸੁਰੱਖਿਆ ਬਾਰੇ ਇਹ ਕੋਡ, ਪਿਛਲੇ ਕਾਨੂੰਨਾਂ ਤੋਂ ਕਿਰਤੀਆਂ ਨੂੰ ਮਿਲਣ ਵਾਲੇ ਲਾਭਾਂ ਦਾ ਵੱਡੀ ਪੱਧਰ ‘ਤੇ ਘਾਣ ਕਰਦਾ ਹੈ। ਜਿਵੇਂ ਕਿ ਨਿਰਮਾਣ ਕਿਰਤੀਆਂ ਲਈ ਕਲਿਆਣ ਸੁਵਿਧਾਵਾਂ ਜਿਹੜੀਆਂ ਕਿ ਉਨ੍ਹਾਂ ਨੂੰ ਕਾਨੂੰਨ ਰਾਹੀਂ ਮਿਲ ਰਹੀਆਂ ਸਨ, ਜਿਨ੍ਹਾਂ ਵਿਚ ਪੈਨਸ਼ਨ ਅਤੇ ਹੋਰ ਕਈ ਤਰ੍ਹਾਂ ਦੇ ਲਾਭ ਸ਼ਾਮਲ ਸਨ, ਹੁਣ ਉਸ ਕਾਨੂੰਨ ਦੇ ਖਤਮ ਹੋਣ ਨਾਲ ਖਤਮ ਹੋ ਜਾਣਗੇ। ਜੇ ਇਸ ਕੋਡ ਅਧੀਨ ਲਾਗੂ ਵੀ ਰਹਿਣਗੇ ਤਾਂ ਲਾਭਪਾਤਰੀ ਕਿਰਤੀਆਂ ਦੀ ਸੰਖਿਆ ਬਹੁਤ ਘੱਟ ਜਾਵੇਗੀ।
ਦੇਸ਼ ਦੀ ਮਜ਼ਦੂਰ ਲਹਿਰ ਪਿਛਲੇ ਕਈ ਦਹਾਕਿਆਂ ਤੋਂ ਨਿਰੰਤਰ ਇਹ ਮੰਗ ਕਰਦੀ ਆ ਰਹੀ ਹੈ ਕਿ ਦੇਸ਼ ਦੇ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਪੱਖੀ ਸੁਧਾਰ ਕੀਤੇ ਜਾਣ। ਕਿਉਂਕਿ 1991 ਵਿਚ ਕਾਂਗਰਸ ਦੀ ਨਰਸਿਮਹਾ ਰਾਓ ਸਰਕਾਰ ਦੇ ਕਾਰਜਕਾਲ ਸਮੇਂ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਲਾਗੂ ਕਰਨ ਤੋਂ ਬਾਅਦ ਕਿਰਤ ਕਾਨੂੰੂਨਾਂ ਦੇ ਮਾਮਲੇ ਵਿਚ ਤੇਜ਼ੀ ਨਾਲ ਨਿਘਾਰ ਆਉਂਦਾ ਗਿਆ ਸੀ। 2002 ਵਿਚ, ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਤਾਂ ਕਿਰਤ ਕਾਨੂੰਨਾਂ ‘ਤੇ ਹੱਲਾ ਬੋਲਦੇ ਹੋਏ ਇਨ੍ਹਾਂ ਨੂੰ ਮਾਲਕ ਪੱਖੀ ਬਨਾਉਣ ਲਈ ਮੁਹਿੰਮ ਛੇੜ ਦਿੱਤੀ ਸੀ। ਉਸ ਦਾ ਨਤੀਜਾ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਕਿਰਤ ਕੋਡ ਸਿਰਜੇ ਜਾਣ ਦੇ ਰੂਪ ਵਿਚ ਹੁਣ ਨਿਕਲਿਆ ਹੈ। ਇਨ੍ਹਾਂ ਕਿਰਤ ਕੋਡਾਂ ਦੀ ਤੁਲਨਾ ਜੇਕਰ ਪਿਛਲੇ ਕਿਰਤ ਕਾਨੂੰਨਾਂ ਨਾਲ ਕੀਤੀ ਜਾਵੇ, ਜਿਨ੍ਹਾਂ ਨੂੰ ਖਤਮ ਕਰਕੇ ਇਹ ਬਣਾਏ ਗਏ ਹਨ ਤਾਂ ਲਗਭਗ ਇਨ੍ਹਾਂ ਦੀ ਹਰ ਵਿਵਸਥਾ ਉਨ੍ਹਾਂ ਕਾਨੂੰਨਾਂ ਦੇ ਮੁਕਾਬਲੇ ਕਿਰਤੀਆਂ ਦੇ ਹਿੱਤਾਂ ਦਾ ਘਾਣ ਕਰਦੀ ਹੈ।
ਮੋਦੀ ਸਰਕਾਰ ਵੱਲੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਵਿਰੁੱਧ ਆਪਣੇ ਹਮਲੇ ਨੂੰ ਸਿਰੇ ਚੜ੍ਹਾਉਣ ਲਈ ਕੋਵਿਡ ਮਹਾਮਾਰੀ ਦੇ ਕਾਲ ਨੂੰ ਇਕ ਸੁਨਹਿਰੀ ਮੌਕੇ ਦੀ ਤਰ੍ਹਾਂ ਲੈਣਾ ਇਸ ਸਰਕਾਰ ਦੀ ਦੇਸ਼ ਦੇ ਲੋਕਾਂ ਪ੍ਰਤੀ ਅਸੰਵੇਦਨਸ਼ੀਲਤਾ ਤੇ ਨਿਰਦਈਪੁਣੇ ਨੂੰ ਦਰਸਾਉਂਦਾ ਹੈ।
ਜਿਥੇ ਇਨ੍ਹਾਂ ਕਿਰਤ ਕੋਡਾਂ ਨਾਲ ਦੇਸ਼ ਦੀ ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਖਸੁੱਟ ਦੇ ਮੌਕੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਮਿਲਣਗੇ ਜਿਸਦੇ ਲਈ ਮੋਦੀ ਸਰਕਾਰ ਨਿਰੰਤਰ ਇਨ੍ਹਾਂ ਕਾਰਪੋਰੇਟਾਂ ਨੂੰ ਸੱਦੇ ਵੀ ਦਿੰਦੀ ਆ ਰਹੀ ਹੈ ਉਥੇ ਹੀ ਖੇਤੀ ਖੇਤਰ ਵਿਚ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨ, ਕਰੋੜਾਂ ਹੀ ਛੋਟੇ, ਦਰਮਿਆਨੇ ਤੇ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਵਾਂਝੇ ਕਰਕੇ ਮਜਦੂਰਾਂ ਦੀਆਂ ਪਾਲਾਂ ਵਿਚ ਧੱਕ ਦੇਣਗੇ। ਇਸ ਤਰ੍ਹਾਂ ਕਾਰਪੋਰੇਟਾਂ ਨੂੰ ਬਹੁਤ ਹੀ ਸਸਤੀ ਕਿਰਤ ਸ਼ਕਤੀ ਉਪਲੱਬਧ ਕਰਵਾਕੇ ਆਪਣੀ ਦੌਲਤ ਵਿਚ ਅਕੂਤ ਵਾਧਾ ਕਰਨ ਦੇ ਮੌਕੇ ਪ੍ਰਦਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਦੇਸ਼ ਦੇ ਕਿਸਾਨ ਸਰਕਾਰ ਦੀ ਇਸ ਸਾਜਿਸ਼ ਨੂੰ ਸਮਝ ਚੁੱਕੇ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਤਿੰਨਾਂ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਹੂਰਾਂ ‘ਤੇ ਅੰਦੋਲਨ ਕਰਦੇ ਹੋਏ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਦੇਸ਼ ਦੀਆਂ ਲਗਭਗ ਸਾਰੀਆਂ ਹੀ ਟਰੇਡ ਯੂਨੀਅਨਾਂ, ਸਿਰਫ ਆਰ.ਐਸ.ਐਸ. ਦੀ ਮਜ਼ਦੂਰ ਸ਼ਾਖਾ ਭਾਰਤੀ ਮਜ਼ਦੂਰ ਸੰਘ, ਨੂੰ ਛੱਡਕੇ ਕਿਰਤ ਕੋਡਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਸੰਘਰਸ਼ ਦੇ ਮਾਮਲੇ ਵਿਚ ਕਿਸਾਨਾਂ ਨਾਲ ਤਾਲਮੇਲ ਵੀ ਕਰਦੀਆਂ ਹਨ। ਯਕੀਨਨ ਹੀ ਦੇਸ਼ ਦੀ ਮਜ਼ਦੂਰ ਜਮਾਤ ਦੇਸ਼ ਦੇ ਬਾਕੀ ਮਿਹਨਤਕਸ਼ ਲੋਕਾਂ ਨਾਲ ਰਲਕੇ ਦੇਸ਼ ਦੇ ਕਿਰਤੀਆਂ ਨੂੰ ਗੁਲਾਮੀ ਵੱਲ ਧੱਕਣ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਿਚ ਸਫਲ ਹੋਵੇਗੀ।
-

ਰਾਸ਼ਟਰ ਵਿਰੋਧੀ ਲੋਕ ਮਾਰੂ ਕੇਂਦਰੀ ਬਜਟ
ਮਹੀਪਾਲ
ਕੇਂਦਰੀ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤਾ ਗਿਆ ਮੌਜੂਦਾ ਵਿੱਤੀ ਵਰ੍ਹੇ ( 2021-22) ਦਾ ਬਜਟ ਕੇਵਲ ਤੇ ਕੇਵਲ ਜੁਮਲਿਆਂ ਦਾ ਪਿਟਾਰਾ ਹੈ। ਇਹ ਬਜਟ ਜਿੱਥੇ ਇਕ ਪਾਸੇ ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਰਤੀ ਵਸੋਂ ਦੀ ਮੰਦਹਾਲੀ ਵਿੱਚ ਢੇਰਾਂ ਵਾਧਾ ਕਰਨ ਵਾਲਾ ਦਸਤਾਵੇਜ਼ ਹੈ ਉੱਥੇ ਨਾਲ ਹੀ ਦੇਸ਼ ਨੂੰ ਸਵੈ ਨਿਰਭਰ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਦਾ ਰੁਤਬਾ ਦਿਵਾਉਣ ਵਾਲੇ ਜਨਤਕ ਖੇਤਰ ਦੇ ਮੁਨਾਫਾ ਬਖਸ਼ ਅਦਾਰਿਆਂ ਨੂੰ ਮੁਫਤੋ-ਮੁਫਤੀ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਐਲਾਨ ਨਾਮਾ ਹੈ। ਨਾਲ ਹੀ ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਖਜਾਨੇ; ਜਲ, ਜੰਗਲ, ਜਮੀਨ ਤੇ ਧਰਤੀ ਹੇਠਲੇ ਖਣਿਜ ਪਦਾਰਥ ਇਨ੍ਹਾਂ ਲੋਟੂਆਂ ਹੱਥ ਸੌਂਪਣ ਦਾ ਬੇਸ਼ਰਮੀ ਭਰਿਆ ਕਬੂਲਨਾਮਾ ਹੈ। ਇਸੇ ਕਰਕੇ ਕਿਰਤੀ ਸ਼੍ਰੇਣੀ ਦੇ ਪੱਖ ਦੇ ਅਰਥ ਸ਼ਾਸਤਰੀਆਂ ਨੇ ਇਸ ਘਰ ਲੁਟਾਊ ਬਜਟ ਦਾ ਨਾਂ ‘ਸੇਲ ਇੰਡੀਆ’ ਰੱਖਿਆ ਹੈ।
ਵੇਚੇ ਜਾਣ ਵਾਲੇ ਅਦਾਰਿਆਂ ਵਿੱਚ ਆਈਡੀਬੀਆਈ ਬੈਂਕ, ਬੀਪੀਸੀਐਲ, ਸ਼ਿਪਿੰਗ ਕਾਰਪੋਰੇਸ਼ਨ, ਕਾਟਣ ਕਾਰਪੋਰੇਸ਼ਨ ਆਫ ਇੰਡੀਆ (ਸੀ. ਸੀ. ਆਈ.), ਕੰਟੇਨਰ ਕਾਰਪੋਰੇਸ਼ਨ, ਨੀਲਾਂਚਲ ਇਸਪਾਤ ਨਿਗਮ ਲਿਮਟਿਡ, ਪਵਨ ਹੰਸ, ਐਲਆਈਸੀ (ਜੀਵਨ ਬੀਮਾ ਨਿਗਮ), ਏਅਰ ਇੰਡੀਆ, ਰੇਲਵੇ, ਗੇਲ, ਬਿਜਲੀ, ਸੰਚਾਰ, ਗੋਦਾਮ ਅਤੇ ਖੇਡ ਸਟੇਡੀਅਮ ਤੱਕ ਸ਼ਾਮਲ ਹਨ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਸਰਕਾਰੀ ਅਦਾਰਿਆਂ ਦੀ ਇਸ ਬੇਰਹਿਮ ਲੋਟੀ ਨਾਲ ਅਰਥ ਵਿਵਸਥਾ ਮਜਬੂਤ ਹੋਵੇਗੀ। ਅਸਲੀ ਗੱਲ ਇਹ ਹੈ ਕਿ ਇਹ ਅਦਾਰੇ ਕਮਾਊ ਪੁੱਤ-ਧੀ ਹਨ ਅਤੇ ਹਰ ਸਾਲ ਦੇਸ਼ ਦੇ ਖਜਾਨੇ ਵਿੱਚ 115000 ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਹਨ। ਤਾਂ ਹੀ ਸਾਮਰਾਜੀ ਤੇ ਕਾਰਪੋਰੇਟ ਬਘਿਆੜ ਇਨ੍ਹਾਂ ਨੂੰ ਹੜੱਪਣ ਲਈ ਤਰਲੋਮੱਛੀ ਹੋ ਰਹੇ ਹਨ। ਪਾਠਕਾਂ ਲਈ ਇਹ ਜਾਨਣਾ ਵੀ ਬਹੁਤ ਜਰੂਰੀ ਹੈ ਕਿ ਪਬਲਿਕ ਸੈਕਟਰ ਦੀਆਂ ਇਕਾਈਆਂ ਨੇ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਭਾਰੀ ਰਕਮਾਂ ਮੁਹੱਈਆ ਕਰਵਾਈਆਂ ਸਨ। ਜਿਸ ‘ਪ੍ਰਧਾਨ ਮੰਤਰੀ ਕੇਅਰ ਫੰਡ’ ‘ਤੇ ਮੋਦੀ ਸੱਪ ਵਾਂਗੂੰ ਕੁੰਡਲੀ ਮਾਰੀ ਬੈਠਾ ਹੈ ਉਸ ਵਿੱਚ ਵੀ ਇਨ੍ਹਾਂ ਅਦਾਰਿਆਂ ਦਾ ਵੱਡਾ ਮਾਇਕ ਯੋਗਦਾਨ ਹੈ। ਇਨ੍ਹਾਂ ਅਦਾਰਿਆਂ ਨੂੰ ਮੌਜੂਦਾ ਮੰਦੀ ਦੇ ਦੌਰ ਵਿੱਚ ਨਾਂ-ਮਾਤਰ ਦਰਾਂ ‘ਤੇ ਵੇਚਣਾ, ਆਪਣੇ ਆਪ ਵਿੱਚ ਹੀ ਬਹੁਤ ਵੱਡਾ ਸਕੈਂਡਲ ਹੈ। ਕਿਰਤ ਕਾਨੂੰਨਾਂ ਦੇ ਖਾਤਮੇਂ ਰਾਹੀਂ ਯੂਨੀਅਨਾਂ ਨੂੰ ਸਾਹਸੱਤਹੀਣ ਕਰਨ ਦੀ ਇੱਕ ਵਜ੍ਹਾ ਇਹ ਵੀ ਹੈ।
ਦੇਸ਼ ਦੇ ਨਿੱਘਰ ਚੁੱਕੇ ਅਰਥਚਾਰੇ ਨੂੰ ਹੁਲ੍ਹਾਰਾ ਦੇਣ ਲਈ, ਕੋਰੋਨਾ ਕਾਲ ਵਿੱਚ ਬੇਬਹਾ ਮੁਨਾਫੇ ਕਮਾਉਣ ਵਾਲੇ ਕਾਰਪੋਰੇਟ ਘਰਾਣਿਆਂ ਤੋਂ ਟੈਕਸ ਵਸੂਲੀ ਦੇ ਕਾਰਜ ਤੋਂ ਪੂਰੀ ਤਰ੍ਹਾਂ ਟਾਲਾ ਹੀ ਨਹੀਂ ਵੱਟਿਆ ਗਿਆ ਬਲਕਿ ਇਨ੍ਹਾਂ ਬਘਿਆੜਾਂ ਨੂੰ ਅਥਾਹ ਛੋਟਾਂ ਦਿੱਤੀਆਂ ਗਈਆਂ ਹਨ। ਦੇਸ਼ ਦੇ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਵਿੱਚ 2010-11 ਵਿੱਚ ਇੰਨ੍ਹਾਂ ਵਲੋਂ ਅਦਾ ਕੀਤੇ ਜਾਂਦੇ ਟੈਕਸਾਂ ਦਾ ਯੋਗਾਦਨ 3.7% ਸੀ। ਜੋ 2020-21 ਵਿੱਚ ਆਕੇ 2.35% ਹੀ ਰਹਿ ਗਿਆ ਹੈ। ਇਹ ਬੜੀ ਦੁਖਦਾਈ ਗੱਲ ਹੈ ਕਿ ਆਮਦਨ ਕਰਦਾਤਾਵਾਂ (ਇਨਕਮ ਟੈਕਸ ਪੇਈਜ਼) ਦਾ ਯੋਗਾਦਨ ਕਾਰਪੋਰੇਟਾਂ ਦੇ ਟੈਕਸਾਂ ਤੋਂ ਜ਼ਿਆਦਾ ਹੈ। ਮੌਜੂਦਾ ਮੰਦੀ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਸਾਲ ਬਜਟ ਤੋਂ ਬਾਅਦ ਕਾਰਪੋਰੇਟਾਂ ਨੂੰ ਟੈਕਸਾਂ ‘ਚ ਭਾਰੀ ਛੋਟਾਂ ਦਿੱਤੀਆਂ ਗਈਆਂ। ਇਥੇ ਇਹ ਵੀ ਧਿਆਨ ਗੋਚਰਾ ਹੈ ਕਿ ਮੋਦੀ ਸਰਕਾਰ ਦੇ ਸੱਤ ਸਾਲਾਂ ਦੌਰਾਨ ਰਾਜਕੀ ਵਸੂਲੀ ‘ਚ ਲਗਾਤਾਰ ਕਮੀ ਆਈ ਹੈ ਤੇ ਇਸ ਕਮੀ ਲਈ ਮੋਦੀ ਐਂਡ ਕੰਪਨੀ ਦਾ ਕਾਰਪੋਰੇਟਾਂ ਪ੍ਰਤੀ ਨਰਮ ਗੋਸ਼ਾ ਜਿੰਮੇਵਾਰ ਹੈ।ਸਾਡੇ ਦੇਸ਼ ਦੀ ਟੈਕਸ ਪ੍ਰਣਾਲੀ ਗੁੰਝਲਦਾਰ ਹੀ ਨਹੀਂ ਘੋਰ ਪੱਖਪਾਤੀ ਵੀ ਹੈ। ਦੋ ਕਿਸਮਾਂ ਦੇ ਟੈਕਸ ਹਨ ਜਿਨ੍ਹਾਂ ਨੂੰ ਸਿੱਧੇ( ਡਾਇਰੈਕਟ ਟੈਕਸਿਜ) ਅਤੇ ਅਸਿੱਧੇ (ਇਨ ਡਾਇਰੈਕਟ ਟੈਕਸਿਜ) ਟੈਕਸ ਕਿਹਾ ਜਾਂਦਾ ਹੈ। ਸਿੱਧੇ ਟੈਕਸਾਂ ਵਿੱਚ ਆਮਦਨ ਕਰ (ਇਨਕਮ ਟੈਕਸ) ਅਤੇ ਕੰਪਨੀ ਟੈਕਸ (ਕਾਰਪੋਰੇਟ ਟੈਕਸਿਜ) ਆਉਂਦੇ ਹਨ। ਉਪਭੋਗਤਾ ਵਸਤਾਂ ‘ਤੇ ਲਾਏ ਜਾਂਦੇ ਟੈਕਸਾਂ ਸਦਕਾ ਦੇਸ਼ ਵਿਚ ਅਸਿੱਧੇ ਟੈਕਸ ਵੱਧ ਤੇ ਸਿੱਧੇ ਘੱਟ ਹਨ।
ਅਸਿੱਧੇ ਟੈਕਸਾਂ ਵਿੱਚ ਕਸਟਮ ਡਿਊਟੀ, ਐਕਸਾਈਜ਼ ਡਿਊਟੀ ਅਤੇ ਸਰਵਿਸ ਟੈਕਸ ਸ਼ਾਮਲ ਹਨ। ਇਹ ਕਿਉਂਕਿ ਦੇਸ਼ ਦੇ ਅੰਦਰ ਵਿਕਣ ਵਾਲੀ ਹਰ ਵਸਤ ਤੇ ਲੱਗਦੇ ਹਨ ਇਸ ਲਈ ਇਨ੍ਹਾਂ ਦਾ ਬੋਝ ਅਮੀਰ ਗਰੀਬ ਸਭ ਤੇ, ਭਾਵ ਸੌ ਫੀਸਦੀ ਵਸੋਂ ‘ਤੇ ਪੈਂਦਾ ਹੈ। ਇਨ੍ਹਾਂ ਟੈਕਸਾਂ ਰਾਹੀਂ ਸਭ ਤੋਂ ਘੱਟ ਆਮਦਨ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਮਾਰ ਝੱਲਣੀ ਪੈਂਦੀ ਹੈ। ਜਰਾ ਸੋਚੋ ਇਕ ਲੱਖ ਰੁਪਏ ਮਹੀਨਾ ਕਮਾਉਣ ਵਾਲੇ ਨੇ ਬਾਜ਼ਾਰ ਚੋਂ ਕੋਈ ਚਾਹ ਪੱਤੀ ਦਾ ਜਾਂ ਬਿਸਕੁਟਾਂ ਦਾ ਪੈਕੇਟ ਖਰੀਦਿਆ। ਉਹੀ ਦੋ ਚੀਜਾਂ ਕਿਸੇ ਪੰਜ ਹਜਾਰ ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲੇ ਨੇ ਵੀ ਖਰੀਦ ਲਈਆਂ। ਦੋਹਾਂ ਵੱਲੋਂ ਇੱਕੋ ਜਿਹੀ ਕੀਮਤ ਅਦਾ ਕੀਤੀ ਗਈ ਅਤੇ ਇੱਕੋ ਜਿਹਾ ਹੀ ਟੈਕਸ ਅਦਾ ਕੀਤਾ ਗਿਆ, ਪਰ ਦੋਹਾਂ ਦੀ ਆਮਦਨ ਵਿੱਚ ਜਮੀਨ-ਆਸਮਾਨ ਦਾ ਫਰਕ ਹੈ। ਇਸ ਨਾਲੋਂ ਜੱਗੋਂ ਤੇਰੵਵੀਂ ਹੋਰ ਕੀ ਹੋ ਸਕਦੀ ਹੈ? ਇਸ ਲਈ ਅਰਥ ਸ਼ਾਸਤਰ ਦੀ ਭਾਸ਼ਾ ਵਿੱਚ ਅਸਿੱਧੇ ਟੈਕਸਾਂ ਨੂੰ ਪਿਛਾਂਹ ਖਿੱਚੂ ਟੈਕਸ ਅਤੇ ਸਿੱਧੇ ਟੈਕਸਾਂ ਨੂੰ ਪ੍ਰਗਤੀਸ਼ੀਲ ਟੈਕਸ ਕਿਹਾ ਜਾਂਦਾ ਹੈ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਿੱਧੇ ਟੈਕਸਾਂ ਦੇ ਮਾਮਲੇ ਵਿੱਚ ਵੀ ਸਭ ਤੋਂ ਜ਼ਿਆਦਾ ਚੋਰੀ ਕਾਰਪੋਰੇਟ ਟੈਕਸਿਜ ਦੀ ਹੁੰਦੀ ਹੈ। ਜਦਕਿ ਵਿਅਕਤੀਗਤ ਟੈਕਸ ਦਾਤਾ( ਇਨਕਮ ਟੈਕਸ ਪੇਈ) ਤਾਂ ਆਪਣੀ ਤਨਖਾਹ ਲੁਕਾ ਹੀ ਨਹੀਂ ਸਕਦਾ। ਕਮਾਲ ਦੀ ਗੱਲ ਇਹ ਹੈ ਕਿ ਇਹੀ ਟੈਕਸ ਚੋਰੀ ਕਰਨ ਵਾਲੇ ਸਰਕਾਰ ਤੋਂ ਟੈਕਸਾਂ ਵਿੱਚ ਛੋਟਾਂ ਅਤੇ ਰਿਆਇਤਾਂ ਦੇ ਗੱਫੇ ਹਾਸਲ ਕਰਦੇ ਹਨ, ਜਦਕਿ ਆਮ ਉਪਭੋਗਤਾ ਪੈਰ-ਪੈਰ ਤੇ ਟੈਕਸਾਂ ਦਾ ਭੁਗਤਾਨ ਕਰਦਾ ਹੈ।
ਦੇਸ਼ ਦੀ ਜੀਡੀਪੀ ਪਿਛਲੇ ਸਤ ਦਹਾਕਿਆਂ ਨਾਲੋਂ ਅੱਜ ਸਭ ਤੋਂ ਨੀਵੀਂ ਚੱਲ ਰਹੀ ਹੈ। ਬੀਤੇ ਸਾਲ ਅਕਤੂਬਰ ਤੋਂ ਦਸੰਬਰ ਦਰਮਿਆਨ ਇਹ ਵੀਹ ਦੇਸ਼ਾਂ ਵਾਲੇ ਸਮੂਹ ਨਾਲ ਸਬੰਧਤ ਦੇਸ਼ਾਂ (ਜੀ-20) ਚੋਂ ਸਭ ਤੋਂ ਥੱਲੇ ਸੀ।
ਦੁਨੀਆਂ ਭਰ ਦੇ ਅਰਥ ਸ਼ਾਸਤਰੀ ਇਹ ਕਹਿੰਦੇ ਹਨ ਕਿ ਲੋਕਾਂ ਨੂੰ ਨਗਦ ਸਹਾਇਤਾ ਦੇ ਕੇ ਉਨ੍ਹਾਂ ਦੀ ਖਰੀਦ ਸਮਰੱਥਾ ‘ਚ ਵਾਧਾ ਕਰਦਿਆਂ ਘਰੇਲੂ ਮੰਗ ਪੈਦਾ ਕਰਨਾ ਹੀ ਆਰਥਕ ਸੰਕਟ ‘ਚੋਂ ਨਿਕਲਣ ਦਾ ਰਾਮ ਬਾਣ ਨੁਸਖਾ ਹੈ। ਪਰ ਇਸ ਦੇ ਉਲਟ ਮੋਦੀ ਸਰਕਾਰ ਗੁਰਬਤ ਮਾਰੇ, ਬਿਪਤਾ (ਕੋਰੋਨਾ) ਨੂੰ ਫੜੇ, ਦੋ ਡੰਗ ਦੀ ਰੋਟੀ ਤੋਂ ਵਾਂਝੇ ਗਰੀਬਾਂ ‘ਤੇ ਟੈਕਸ ਦਰ ਟੈਕਸ ਲੱਦ ਰਹੀ ਹੈ।
ਪੇਂਡੂ ਖੇਤਰਾਂ ਦੀ ਬਿਹਤਰੀ ਦੀਆਂ ਸਕੀਮਾਂ ਵਿੱਚ ਇਸ ਬਜਟ ਅੰਦਰ ਪਿਛਲੇ ਸਾਲ ਦੇ ਮੁਕਾਬਲੇ 93484 ਕਰੋੜ ਰੁਪਏ ਘੱਟ ਰੱਖੇ ਗਏ ਹਨ। ਖੇਤੀ ਬਾੜੀ ਲਈ ਪਿਛਲੇ ਸਾਲ ਦੇ 154775 ਕਰੋੜ ਰੁਪਏ ਦੇ ਮੁਕਾਬਲੇ ਇਸ ਬਜਟ ਵਿੱਚ 148301 ਰੁਪਏ ਰੱਖੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ। ਖਾਦ ਅਤੇ ਉਰਵਰਕ ਸਬਸਿਡੀ ਲਈ 139382 ਕਰੋੜ ਦੀ ਥਾਂ 84041 ਕਰੋੜ ਰੁਪਏ, ਪੇਂਡੂ ਵਿਕਾਸ ਲਈ 216342 ਕਰੋੜ ਦੀ ਥਾਂ 194638 ਕਰੋੜ ਰੁਪਏ, ਕਿਸਾਨ ਸਨਮਾਨ ਨਿਧਿ ਲਈ 75000 ਕਰੋੜ ਦੀ ਥਾਂ 65000 ਕਰੋੜ ਰੁਪਏ, ਇਸਤਰੀ ਅਤੇ ਬਾਲ ਕਲਿਆਣ ਲਈ 30507 ਕਰੋੜ ਦੀ ਥਾਂ 24934 ਕਰੋੜ ਰੁਪਏ ਅਤੇ ਨਾਰੀ ਸਸ਼ਕਤੀਕਰਨ ਲਈ ਬੀਤੇ ਸਾਲ ਦੇ ਬਜਟ ਵਿੱਚ ਰੱਖੇ 1163 ਕਰੋੜ ਰੁਪਏ ਦੀ ਬਜਾਇ ਇਸ ਵਰ੍ਹੇ ਦੇ ਬਜਟ ਵਿੱਚ ਕੇਵਲ 48 ਕਰੋੜ ਰੁਪਏ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੇਸ਼ ਦੇ ਉਦਯੋਗਿਕ ਸੰਗਠਨਾਂ ਫਿੱਕੀ, ਸੀਆਈਆਈ, ਐਸੋਚੈਮ ਦੇ ਨੁਮਾਇੰਦਿਆਂ ਨਾਲ ਵਿੱਤ ਮੰਤਰੀ ਦੀ ਬੀਤੇ ਵਰ੍ਹੇ 14 ਦਸੰਬਰ ਨੂੰ ਹੋਈ ‘ਬਜਟ ਸੰਬੰਧੀ ਵਿਚਾਰ ਚਰਚਾ’ ਵਿੱਚ ਉਪਰੋਕਤ ਕਟੌਤੀਆਂ ਦੀ ਸਹਿਮਤੀ ਬਣੀ ਸੀ ਅਤੇ ਬਜਟ ਬਨਾਉਣ ਵੇਲੇ ਪੂਰੀ ‘ਆਗਿਆਕਾਰਤਾ’ ਤੋਂ ਕੰਮ ਲਿਆ ਗਿਆ ਹੈ। ਮਨਰੇਗਾ ਲਈ ਬੀਤੇ ਵਰ੍ਹੇ ਦੇ ਬਜਟ ਅਤੇ ਕੋਰੋਨਾ ਮਹਾਮਾਰੀ ਕਰਕੇ ਕੀਤੇ ਗਏ ਵਾਧੇ ਸਮੇਤ ਕੁੱਲ 111500 ਕਰੋੜ ਰੁਪਏ ਰੱਖੇ ਗਏ ਸਨ। ਜਦਕਿ ਮੌਜੂਦਾ ਬਜਟ ਵਿਚ ਕੇਵਲ 73000 ਕਰੋੜ ਰੁਪਏ ਰੱਖੇ ਗਏ ਹਨ। ਮਨਰੇਗਾ ਕਿਰਤੀਆਂ ਦੀ ਗਿਣਤੀ ਬੀਤੇ ਵਰ੍ਹੇ ਨਾਲੋਂ ਵਧਣ ਦੇ ਬਾਵਜੂਦ ਰਾਖਵੀਂ ਰੱਖੇ ਜਾਣ ਵਾਲੀ ਰਕਮ ‘ਚ ਕਟੌਤੀ? ਕਰੋਨਾ ਨੇ ਬੇਘਰ-ਬੇਰੋਜ਼ਗਾਰ ਕੀਤੇ ਕਿਰਤੀਆਂ ਨੂੰ ਮਨਰੇਗਾ ਤੋਂ ਇਲਾਵਾ ਕਿਤਿਓਂ ਹੋਰ ਫੌਰੀ ਠੁੰਮਣਾਂ ਮਿਲਣਾ ਅਸੰਭਵ ਹੈ। ਸਮਝੋਂ ਬਾਹਰ ਹੈ ਵਿੱਤ ਮੰਤਰੀ ਦਾ ਵਿੱਤੀ ਪਰਬੰਧ! ਇਸੇ ਤਰ੍ਹਾਂ ਇਸਤਰੀਆਂ ਅਤੇ ਬੱਚਿਆਂ ਦੇ ਕਲਿਆਣ ਦੀਆਂ ਲੁਭਾਉਣੇ ਨਾਂਵਾਂ ਵਾਲੀਆਂ ਯੋਜਨਾਵਾਂ ਲਈ ਰਾਖਵੀਆਂ ਰੱਖੀਆਂ ਜਾਣ ਵਾਲੀਆਂ ਰਕਮਾਂ ਵਿੱਚ ਜਾਂ ਤਾਂ ਬੇਕਿਰਕੀ ਨਾਲ ਕਟੌਤੀਆਂ ਕੀਤੀਆਂ ਗਈਆਂ ਹਨ ਜਾਂ ਫਿਰ ਸਰਕਾਰ ਨੀਤੀਆਂ ਸਦਕਾ ਨਿੱਤ ਵਧਦੀਆਂ ਕੀਮਤਾਂ ਨਾਲ ਭਾਰੀ ਕਟੌਤੀਆਂ ਹੋ ਗਈਆਂ ਹਨ।ਸੇਵਾ ਅਤੇ ਹੁਨਰ ਵਿਕਾਸ (ਸਰਵਿਸਜ਼ ਐਂਡ ਸਕਿਲ ਡਿਵੈਲਪਮੈਂਟ) ਲਈ ਬੀਤੇ ਸਾਲ ਦੇ 5372 ਕਰੋੜ ਦੀ ਬਜਾਇ 3482 ਕਰੋੜ, ਸਰਹੱਦੀ ਖੇਤਰ ਦੀ ਤਰੱਕੀ ਲਈ 784 ਕਰੋੜ ਦੀ ਥਾਂ 566 ਕਰੋੜ, ਪ੍ਰਧਾਨ ਮੰਤਰੀ ਪੇਂਡੂ ਮਾਰਗ ਯੋਜਨਾ ਲਈ 19500 ਕਰੋੜ ਦੀ ਬਜਾਇ 15000 ਕਰੋੜ, ਖੇਲੋ ਇੰਡੀਆ ਲਈ 890 ਕਰੋੜ ਦੀ ਥਾਂ 658 ਕਰੋੜ ਰੁਪਏ ਕਰ ਦਿੱਤੇ ਗਏ ਹਨ।
ਵਿੱਤ ਮੰਤਰੀ ਵੱਲੋਂ ਗੱਜ-ਵੱਜ ਕੇ ਕੀਤੀਆਂ ਗਈਆਂ ਘੋਸ਼ਣਾਵਾਂ ਅਤੇ ਭਾਜਪਾ ਮੈਂਬਰਾਂ ਵੱਲੋਂ ਇਨ੍ਹਾਂ ਘੋਸ਼ਣਾਵਾਂ ਦੇ ਮੇਜ ਥਪਥਪਾ ਕੇ ਕੀਤੇ ਗਏ ਸਮਰਥਨ ਨੂੰ ਭੁੱਲ ਕੇ ਜਰਾ ਜਮੀਨ ਤੇ ਆਇਆ ਜਾਵੇ। ਸਕੂਲੀ ਬੱਚਿਆਂ ਲਈ ਭੋਜਨ ਸਕੀਮਾਂ (ਮਿਡ ਡੇ ਮੀਲ ਆਦਿ) ਲਈ ਰੱਖੀ ਗਈ ਰਕਮ ਨੂੰ ਜੇ ਮਹਿੰਗਾਈ ਦੇ ਮੁਤਾਬਿਕ ਘੋਖਣਾ ਹੋਵੇ ਤਾਂ ਇਹ ਬੀਤੇ ਵਰ੍ਹੇ ਨਾਲੋਂ 38% ਘੱਟ ਬਣਦੀ ਹੈ। ਇਸੇ ਫਾਰਮੂਲੇ ਅਨੁਸਾਰ ਇੰਟੇਗਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ-ਆਈਸੀਡੀਐਸ) ਵਿੱਚ 36% ਅਤੇ ਖਾਧ ਸਬਸਿਡੀਆਂ ਦੀ ਰਕਮ ਵਿੱਚ 50% ਦਾ ਖਸਾਰਾ ਹੋਇਆ ਹੈ।ਸਿਹਤ ਢਾਂਚੇ ਲਈ ਵਧੇਰੇ ਪੈਸੇ ਰੱਖਣ ਦੇ ਦਾਅਵੇ ਕੀਤੇ ਗਏ ਹਨ ਪਰ ਇੱਥੇ ਵੀ ਅਸਲੀ ਸਥਿਤੀ ‘ਹਾਥੀ ਦੇ ਵਿਖਾਵੇ ਦੇ ਦੰਦਾਂ’ ਵਾਲੀ ਹੀ ਹੈ। ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸਿਹਤ ਖੇਤਰ ਲਈ ਰਾਖਵੀਂ ਰੱਖੇ ਜਾਣ ਵਾਲੀ ਰਾਸ਼ੀ ਪਿਛਲੇ ਸਾਲ ਦੇ ਬਜਟ ਨਾਲੋਂ 137% ਵਧਾ ਦਿੱਤੀ ਗਈ ਹੈ। ਪਿਛਲੇ ਵਰ੍ਹੇ ਦੇ 94452 ਕਰੋੜ ਦੇ ਮੁਕਾਬਲੇ ਇਸ ਸਾਲ 224000 ਕਰੋੜ ਰੁਪਏ ਰੱਖੇ ਹਨ। ਵਿੱਤ ਮੰਤਰੀ ਦਾ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ। ਅਸਲ ਵਿੱਚ ਉਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਲੱਗਣ ਵਾਲੇ ਟੀਕਿਆਂ (ਵੈਕਸੀਨੇਸ਼ਨ) ਲਈ ਖਰਚੇ ਜਾਣ ਵਾਲੇ 35000 ਕਰੋੜ ਰੁਪਏ ਅਤੇ ਹੋਰ ਖਰਚੇ ਵਿੱਚ ਜੋੜ ਕੇ, ਅੰਕੜਿਆਂ ਦੀ ਜਾਦੂਗਰੀ ਕਰਦਿਆਂ ਉਕਤ ਭਰਮਾਊ ਜੁਮਲਾ ਛੱਡਿਆ ਹੈ।
ਦੇਸ਼ ਦੇ ਅਰਥਚਾਰੇ ਦੇ ਥੰਮ੍ਹ ਅਤੇ ਗੈਰ ਸੰਗਠਿਤ ਖੇਤਰ ਦੇ ਕਰੋੜਾਂ ਕਿਰਤੀਆਂ ਨੂੰ ਰੁਜ਼ਗਾਰ ਦੇਣ ਵਾਲੇ ਛੋਟੇ ਤੇ ਦਰਮਿਆਨੇ ਉਦਯੋਗ ਧੰਦਿਆਂ ਅਤੇ ਪ੍ਰਚੂਨ ਵਿਉਪਾਰ, ਜੋ ਇਸ ਵੇਲੇ ਭਿਅੰਕਰ ਮੰਦੀ ਦੀ ਮਾਰ ਹੇਠ ਹਨ, ਨੂੰ ਪੈਰਾਂ ਸਿਰ ਖੜ੍ਹੇ ਹੋਣ ਲਈ ਠੁੰਮਣਾ ਦੇਣ ਦਾ ਵਿਸ਼ਾ ਮੌਜੂਦਾ ਬਜਟ ਵਿੱਚ ਛੋਹਿਆ ਤੱਕ ਵੀ ਨਹੀਂ ਗਿਆ।
ਦੇਸ਼ ਦੇ ਕਿਸਾਨਾਂ ਦੇ ਹੱਕੀ ਸੰਘਰਸ਼ ਦੇ ਬਾਵਜੂਦ ਬਜਟ ਖੇਤੀ ਬਾਰੇ ਚੁੱਪ ਹੈ। ਇਹ ਤੱਥ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਖੇਤੀ ਲਈ ਲੋੜੀਂਦੀਆਂ ਵਸਤਾਂ (ਇਨਪੁਟਸ) ਦੀਆਂ ਕੀਮਤਾਂ ਅਤੇ ਖੇਤੀ ਜਿਣਸਾਂ ਦੇ ਮਿਲਦੀਆਂ ਕੀਮਤਾਂ ਦਰਮਿਆਨ ਪਹਾੜਾਂ ਜਿੱਡੇ ਪਾੜੇ ਸਦਕਾ ਖੇਤੀ ਧੰਦਾ ਘਾਟੇ ਦਾ ਸੌਦਾ ਬਣ ਗਿਆ ਹੈ। ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਦਾ ਹਾਲ ਵੀ ਇਹੋ ਹੈ। ਉਤੋਂ ਕੋਰੋਨਾ ਮਹਾਮਾਰੀ ਨੇ ਕੋਹੜ ‘ਚ ਖਾਜ ਦੇ ਹਾਲਾਤ ਪੈਦਾ ਕਰ ਦਿੱਤੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ 2019 ਦੇ ਮਾਰਚ ਤੋਂ ਦਸੰਬਰ ਮਹੀਨਿਆਂ ਦਰਮਿਆਨ ਮੰਡੀ ਵਿੱਚ ਵਿਕਣ ਲਈ ਆਈਆਂ ਫਸਲਾਂ ਦੇ ਮੁਕਾਬਲੇ, 2020 ਦੇ ਮਾਰਚ ਤੋਂ ਦਸੰਬਰ ਦਰਮਿਆਨ , ਸੂਚੀਦਰਜ 22 ਫਸਲਾਂ ਚੋਂ 3 ਫਸਲਾਂ ਦੀ ਆਮਦ 50% ਘਟੀ ਹੈ, ਜਦਕਿ 13 ਫਸਲਾਂ ਪਿਛਲੇ ਸਾਲ ਦੇ ਮੁਕਾਬਲੇ 50 ਤੋਂ 75% ਹੀ ਮੰਡੀਆਂ ਵਿਚ ਪੁੱਜੀਆਂ ਹਨ। ਕਹਿਣ ਦੀ ਲੋੜ ਨਹੀਂ ਕਿ ਇਹ ਫਸਲਾਂ ਨਿਗੂਣੇ ਰੇਟਾਂ ਤੇ ਖੇਤ ਜਾਂ ਪਿੰਡ ਵਿਚ ਹੀ ਵਿਕ ਗਈਆਂ । ਖੇਤੀ ਮਾਹਿਰਾਂ ਦੇ ਅਨੁਮਾਨ ਅਨੁਸਾਰ ਇਸ ਨਾਲ ਦੇਸ਼ ਦੀ ਕਿਸਾਨ ਵਸੋਂ ਨੂੰ ਹਜਾਰਾਂ ਕਰੋੜ ਰੁਪਏ ਦਾ ਚੂਨਾ ਲਗਿਆ ਹੈ ਜਦਕਿ ਵੱਡੇ ਵਿਉਪਾਰੀਆਂ ਨੇ ਮੋਟੀਆਂ ਕਮਾਈਆਂ ਕੀਤੀਆਂ ਹਨ। ਇਸ ਅਰਸੇ ਦੌਰਾਨ ਖੇਤੀ ਲਾਗਤਾਂ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਕਾਣੀ ਕੌਡੀ ਵੀ ਸਰਕਾਰੀ ਇਮਦਾਦ ਵਜੋਂ ਨਹੀਂ ਮਿਲੀ। ਇੱਥੇ ਫਿਰ ਮੋਟੀਆਂ ਕਮਾਈਆਂ ਖੇਤੀ ਵਸਤਾਂ ਦੇ ਵਿਉਪਾਰ ਨਾਲ ਜੁੜੇ ਵੱਡੇ ਬਘਿਆੜਾਂ ਨੇ ਹੀ ਕੀਤੀਆਂ ਹਨ ।
ਕੋਰੋਨਾ ਮਹਾਮਾਰੀ, ਕਿਸਾਨਾਂ/ਖਪਤਕਾਰਾਂ ਲਈ ਆਫਤ ਤੇ ਫਸਲ ਵਿਉਪਾਰ ਦੇ ਵੱਡੇ ਖਿਡਾਰੀਆਂ ਲਈ ਅਵਸਰ ਬਣ ਕੇ ਬਹੁੜੀ। ਇਹੋ ਹੈ ਮੋਦੀ ਦੇ “ਆਪਦਾ ਮੇਂ ਅਵਸਰ” ਦਾ ਸਾਰ ਤੱਤ। ਡੇਅਰੀ ਉਤਪਾਦਾਂ, ਮੀਟ ਅਤੇ ਪੋਲਟਰੀ ਦੀ ਮੰਗ ਤੇ ਵਿਕਰੀ ਘਟਣ ਕਰਕੇ ਕੀਮਤਾਂ ਥੱਲੇ ਨੂੰ ਗਈਆਂ। ਇਸ ਅਰਸੇ ਵਿੱਚ 25000 ਕਰੋੜ ਰੁਪਏ ਦਾ ਨੁਕਸਾਨ ਤਾਂ ਕੇਵਲ ਪੋਲਟਰੀ ਫਾਰਮਾਂ ਵਾਲਿਆਂ ਦਾ ਹੀ ਹੋਣ ਦੇ ਅੰਦਾਜ਼ੇ ਹਨ। ਕਾਸ਼ਤਕਾਰਾਂ, ਖੇਤੀ ਕਾਮਿਆਂ ਅਤੇ ਸਹਾਇਕ ਧੰਦਿਆਂ ਵਾਲਿਆਂ ਨੂੰ ਰਾਹਤ ਦੇਣੀ ਤਾਂ ਦੂਰ, ਵਿੱਤ ਮੰਤਰੀ ਨੇ ਇਨ੍ਹਾਂ ਵਿਸ਼ਾਲ ਘਾਟਿਆਂ ਦਾ ਜਿਕਰ ਤੱਕ ਨਹੀਂ ਕੀਤਾ।
ਬਜਟ ਤਜਵੀਜ਼ਾਂ ਦੇਸ਼ ਦੇ ਸੰਵਿਧਾਨ ਵਿੱਚ ਦਰਜ ਫੈਡਰਲ ਸਰੋਕਾਰਾਂ ਨੂੰ ਗੰਭੀਰ ਸੱਟ ਮਾਰਨ ਵਾਲੀਆਂ ਹਨ। ਸੂਬਿਆਂ ਅਤੇ ਕੇਂਦਰ ਦਾ ਟੈਕਸ ਯੋਗਦਾਨ ਕੇਂਦਰੀ ਖਜਾਨੇ ਵਿੱਚ 60:40 ਦੇ ਅਨੁਪਾਤ ਅਨੁਸਾਰ ਹੈ। ਇਸ ਭਿਆਨਕ ਅਸੰਤੁਲਨ ਤੋਂ ਪਾਰ ਪਾਉਣ ਦੇ ਢੰਗ ਤਲਾਸ਼ਣ ਦੀ ਬਜਾਇ ਸੂਬਿਆਂ ਦਾ ਕਾਫੀਆ ਹੋਰ ਤੰਗ ਕੀਤਾ ਜਾ ਰਿਹਾ ਹੈ।
ਅਮੀਰ-ਗਰੀਬ ਵਿਚਲੀ ਖਾਈ ਇਸ ਬਜਟ ਰਾਹੀਂ ਹੋਰ ਚੌੜੀ ਤੇ ਡੂੰਘੇਰੀ ਹੋਣੀ ਤੈਅ ਹੈ। ਉਤਲੇ ਦਸ ਅਤੇ ਹੇਠਲੇ ਦਸ ਫੀਸਦੀ ਦੇਸ਼ ਵਾਸੀਆਂ ਦੀਆਂ ਕਮਾਈਆਂ ਦਾ ਖੱਪਾ ਖਤਰਨਾਕ ਹੱਦਾਂ ਪਾਰ ਕਰ ਗਿਆ ਹੈ। ਭਾਰਤੀ ਹਾਕਮ ਜਮਾਤਾਂ ਦੇ ਲੁਟੇਰੇ ਹਿਤਾਂ ਦੀਆਂ ਪਹਿਰਾਬਰਦਾਰ ਪਾਰਟੀਆਂ ਅਤੇ ਵਿਕਾਊ ਮੀਡੀਆ ਵੱਲੋਂ ਅੱਜ ਕਲ੍ਹ ਦੋ ਹੋਰ ਝੂਠ ਰੱਜ ਕੇ ਪ੍ਰਚਾਰੇ ਜਾ ਰਹੇ ਹਨ। ਕਿਹਾ ਜਾ ਰਿਹੈ ਕਿ ਦੇਸ਼ ਇਸ ਵੇਲੇ ਕੇਵਲ ਅਮੀਰਾਂ ਵਲੋਂ ਅਦਾ ਕੀਤੇ ਜਾਂਦੇ ਟੈਕਸਾਂ ਆਸਰੇ ਹੀ ਚੱਲ ਰਿਹਾ ਹੈ। ਇਸ ਝੂਠ ਦਾ ਪਰਦਾਫਾਸ਼ ਤਾਂ ਉੱਪਰ ਦੱਸੇ ਟੈਕਸ ਅਦਾਇਗੀ ਦੇ ਢੰਗਾਂ ਅਤੇ ਕੁੱਲ ਟੈਕਸ ਰਕਮਾਂ ਵਿੱਚ ਆਮ ਦੇਸ਼ ਵਾਸੀਆਂ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਪਾਏ ਜਾਂਦੇ ਹਿੱਸੇ ਦੇ ਵੇਰਵਿਆਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਦੂਜਾ ਝੂਠ ਇਹ ਬੋਲਿਆ ਜਾ ਰਿਹਾ ਹੈ ਕਿ ਟੈਕਸਾਂ ਨਾਲ ਗਰੀਬਾਂ ਨੂੰ ਐਸ਼ਾਂ ਕਰਾਈਆਂ ਜਾਂਦੀਆਂ ਹਨ। ਇਸ ਮਾਮਲੇ ਵਿੱਚ ਖਾਧ ਪਦਾਰਥ (ਫੂਡ) ਸਬਸਿਡੀ, ਮਨਰੇਗਾ, ਸਰਕਾਰੀ ਹਸਪਤਾਲਾਂ ਤੇ ਸਕੂਲਾਂ ਆਦਿ ਦਾ ਨਾਂ ਲਿਆ ਜਾਂਦਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਜਦੋਂ ਫੀਸਾਂ-ਫੰਡਾਂ, ਹੋਸਟਲ ਖਰਚਿਆਂ ਦੇ ਅਥਾਹ ਵਾਧੇ ਖਿਲਾਫ ਸੰਘਰਸ਼ ਕਰ ਰਹੇ ਸਨ ਉਦੋਂ ਸੰਘੀ ਸੰਗਠਨਾਂ ਤੇ ਗੋਦੀ ਮੀਡੀਆ ਨੇ ਰਲ ਕੇ ਇਹ ਝੂਠ ਬੋਲਣ ‘ਚ ਗੋਇਬਲਜ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਸੀ। ਮੈਟਰੋ ਰੇਲ ਗੱਡੀ ਦੇ ਸਫਰ ਵਿੱਚ ਇਸਤਰੀਆਂ ਨੂੰ ਰਿਆਇਤੀ ਪਾਸ ਦੇਣ ਵੇਲੇ ਵੀ ਅਜਿਹਾ ਹੀ ਚੀਕ- ਚਿਹਾੜਾ ਪਾਇਆ ਗਿਆ ਸੀ।
ਪਰ ਹਕੀਕਤ ਕੀ ਹੈ? ਜਨਤਾ ਦੇ ਟੈਕਸਾਂ ਅਤੇ ਬਚਤਾਂ ਦੀਆਂ ਬੈਂਕਾਂ ਵਿੱਚ ਜਮਾਂ ਹੋਈਆਂ ਰਕਮਾਂ ਕਰਜ਼ੇ ਦੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਹੀ ਦਿਤੀਆਂ ਜਾਂਦੀਆਂ ਹਨ ਅਤੇ ਇਹ ‘ਦੇਸ਼ ਭਗਤ’ ਮੁੱਕਰਨ ਲੱਗੇ ਵੀ ਮਿੰਟ ਲਾਉਂਦੇ ਹਨ। ਸਰਕਾਰ ਇਨ੍ਹਾਂ ਰਕਮਾਂ ਤੇ ਪੂੰਝਾ ਹੀ ਨਹੀਂ ਮਾਰਦੀ ਸਗੋਂ ਇਨ੍ਹਾਂ ਨੂੰ ਅੱਖ ਦੇ ਫੋਰ ‘ਚ ਨਵਾਂ ਕਰਜਾ ਦੇ ਦਿੰਦੀ ਹੈ। ਇਨ੍ਹਾਂ ਨੂੰ ਬਾਜਾਰ ਨਾਲੋਂ ਅਤਿ ਨਿਗੂਣੀਆਂ ਕੀਮਤਾਂ ਤੇ ਧੱਕੇ ਨਾਲ ਜ਼ਮੀਨਾਂ ਵੀ ਸਰਕਾਰਾਂ ਹੀ ਖਰੀਦ ਕੇ ਦਿੰਦੀਆਂ ਹਨ। ਇਨ੍ਹਾਂ ਦੇ ਕੰਮ- ਕਾਰੋਬਾਰ ਸੁਖਾਲੇ ਚਲਦੇ ਰੱਖਣ ਲਈ ਲੋਕਾਂ ਵੱਲੋਂ ਅਦਾ ਕੀਤੇ ਟੈਕਸਾਂ ਰਾਹੀਂ ਢਾਂਚਾ (ਇਨਫਰਾ ਸਟਰਕਚਰ) ਤਿਆਰ ਕੀਤਾ ਜਾਂਦਾ ਹੈ ਜਿਸ ਦੀ ਵਸੂਲੀ ਆਮ ਲੋਕਾਈ ਤੋਂ ਬੜੀ ਬੇਕਿਰਕੀ ਨਾਲ ਕੀਤੀ ਜਾਂਦੀ ਹੈ। ਜੇ ਕਰ ਇਸ ਕੰਮ ਲਈ ਵਿਦੇਸ਼ੀ ਬੈਂਕਾਂ ਤੋਂ ਕਰਜੇ ਲਏ ਜਾਂਦੇ ਹਨ ਤਾਂ ਉਨ੍ਹਾਂ ਦਾ ਬੋਝ ਸਾਰੇ ਦੇਸ਼ ਵਾਸੀਆਂ ਤੇ ਪੈਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਇਹ ਸਾਰੇ ਝੂਠ ਗਰੀਬਾਂ ਤੋਂ ਸਹੂਲਤਾਂ ਖੋਹਣ ਲਈ ਮਾਹੌਲ ਤਿਆਰ ਕਰਨ ਹਿਤ ਫੈਲਾਏ ਜਾ ਰਹੇ ਹਨ। ਨਿੱਜੀਕਰਨ ਲਈ ਮਾਹੌਲ ਤਿਆਰ ਕਰਨ ਵੇਲੇ ਵੀ ਅਜਿਹਾ ਹੀ ਕੂੜ ਪ੍ਰਚਾਰ ਕੀਤਾ ਗਿਆ ਸੀ।
ਬਜਟ ਦਾ ਸਾਰ ਤੱਤ ਇਹ ਹੈ ਕਿ ਮੋਦੀ ਸਰਕਾਰ ਦੀਆਂ ਨਜ਼ਰਾਂ ਵਿਚ ਇਸ ਦੇਸ਼ ਵਿੱਚ ਸਭ ਕਾਸੇ ਦੇ ਅਸਲੀ ਮਾਲਕ ਮੁੱਠੀ ਭਰ ਧਨਾਢ ਹਨ ਅਤੇ ਬਾਕੀ ਸੈਂਕੜੇ ਕਰੋੜ ਲੋਕਾਂ ਨੂੰ ਇਨ੍ਹਾਂ ਦੀ ਮਰਜੀ ਤੋਂ ਬਿਨਾਂ ਸਾਹ ਲੈਣ ਦੀ ਵੀ ਆਗਿਆ ਨਹੀਂ। ਨਵਉਦਾਰਵਾਦੀ ਨੀਤੀਆਂ ਤੇ ਅਗਾਂਹ ਵਧਦਿਆਂ, ਦੇਸ਼ ਦਾ ਸਵੈਮਾਣ ਅਤੇ ਪ੍ਰਭੂਸੱਤਾ ਸਾਮਰਾਜੀਆਂ ਦੇ ਹਵਾਲੇ ਕਰਨ ਪੱਖੋਂ, ਇਸ ਬਜਟ ਰਾਹੀਂ ਮੋਦੀ ਸਰਕਾਰ ਨੇ ‘ਨਿੱਗਰ’ ਪੁਲਾਂਘ ਪੁੱਟੀ ਹੈ। -

ਸਮਾਜਿਕ ਜਬਰ ਅਤੇ ਬੇਤਰਸ ਲੁੱਟ ਦੇ ਖਾਤਮੇਂ ਲਈ ਘੋਲ ਤਿੱਖਾ ਕਰੋ
ਗੁਰਨਾਮ ਸਿੰਘ ਦਾਊਦ
ਲੁੱਟੇ ਲਿਤਾੜੇ ਕਿਰਤੀਆਂ ਦੀਆਂ ਸਮਾਜਿਕ-ਆਰਥਕ ਮੁਸ਼ਕਿਲਾਂ
ਦਿਹਾਤੀ ਮਜ਼ਦੂਰ ਸਭਾ ਦੇ ਘੇਰੇ ਵਿਚ ਆਉਂਦੇ ਲੋਕ ਉਹ ਹਨ ਜਿਨਾਂ ਨਾਲ 21ਵੀਂ ਸਦੀ ਵਿਚ ਪਹੁੰਚ ਕੇ ਵੀ ਮਨੁੱਖਾਂ ਵਾਲਾ ਵਿਹਾਰ ਨਹੀਂ ਕੀਤਾ ਜਾਂਦਾ। ਆਪਣੇ ਹੀ ਜਮਾਤੀ ਮਿੱਤਰਾਂ ਦੇ ਖੇਤਾਂ ਜਾਂ ਘਰਾਂ ਵਿਚ ਕੰਮ ਕਰਨ ਜਾਣ ਤੇ ਆਪਦੇ ਭਾਂਡੇ ਵੱਖਰੇ ਰੱਖਣੇ ਪੈਂਦੇ ਹਨ। ਲੋਕਾਂ ਦੇ ਘਰਾਂ, ਨਾਲੀਆਂ ਤੇ ਰਸਤਿਆਂ ਦੀ ਸਫਾਈ ਕਰਕੇ ਉਹਨਾਂ ਲਈ ਸਾਫ ਸੁਥਰਾ ਮਹੌਲ ਸਿਰਜਣ ਵਾਲੇ ਇਹਨਾਂ ਲੋਕਾਂ ਨਾਲ ਨਫਰਤ ਕੀਤੀ ਜਾਂਦੀ ਹੈ। ਅੱਜ ਤੱਕ ਸਾਡੇ ਪਾਣੀ ਦੇ ਸੋਮੇ ਵੱਖਰੇ ਹਨ ਤੇ ਸਾਡਾ ਹੱਥ ਲੱਗ ਜਾਣ ਨਾਲ ਉਹ ਸੋਮੇ ਭਿਟੇ ਜਾਂਦੇ ਹਨ। ਮਰਨ ਤੋਂ ਬਾਅਦ ਵੀ ਨਿੱਕੀ ਜਾਤ ਦਾ ਹੋਣਾ ਪਿੱਛਾ ਨਹੀਂ ਛੱਡਦਾ ਤੇ ਮਰੇ ਹੋਏ ਸਰੀਰ ਨੂੰ ਦਫਨਾਉਣ ਜਾਂ ਸਾੜਨ ਲਈ ਕਬਰਸਤਾਨ ਤੇ ਸਮਸ਼ਾਨ ਘਾਟ ਵੱਖਰੇ ਹਨ। ਹੋਰ ਤਾਂ ਹੋਰ ਦੇਸ਼ ਦੇ ਅਨੇਕਾਂ ਭਾਗਾਂ ਵਿਚ ਕਈਆਂ ਧਰਮਾਂ ਦੇ ਪੂਜਾ ਅਸਥਾਨਾਂ ਵਿਚ ਦਲਿਤਾਂ ਦਾ ਜਾਣਾ ਮਨ੍ਹਾ ਹੈ ਤੇ ਇੰਨ੍ਹਾਂ ਦੇ ਪੂਜਾ ਦੇ ਅਸਥਾਨ ਵੱਖਰੇ ਹਨ। ਉਂਝ ਵਡੇਰਾ ਸੱਚ ਇਹ ਹੈ ਕਿ ਧਾਰਮਿਕ ਸਥਾਨਾਂ ਵਿਚ ਦਲਿਤਾਂ ਨਾਲ ਵਿਤਕਰਾ ਸਾਰੇ ਥਾਂਈਂ ਹੁੰਦਾ ਹੈ।
ਇਸੇ ਤਰ੍ਹਾਂ ਦਾ ਹਾਲ ਔਰਤਾਂ ਦਾ ਵੀ ਹੈ। ਕਈ ਪ੍ਰਦੇਸ਼ਾਂ ਵਿਚ ਇਹ ਧਾਰਨਾ ਹੈ ਕਿ 15 ਸਾਲ ਤੋਂ 60 ਸਾਲ ਤੱਕ ਕਿਉਂਕਿ ਬੱਚੇ ਪੈਦਾ ਕਰਨ ਦੀ ਉਮਰ ਹੈ, ਇਸ ਕਰਕੇ ਇਸ ਉਮਰ ਵਿਚ ਔਰਤਾਂ ‘ਅਪਵਿੱਤਰ’ ਹਨ ਤੇ ਮੰਦਰਾਂ ਵਿਚ ਪੂਜਾ ਕਰਨ ਲਈ ਨਹੀਂ ਜਾ ਸਕਦੀਆਂ। ਚੁਣੀਆਂ ਹੋਈਆਂ ਸੰਸਥਾਵਾਂ ਵਿਚ ਵੀ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲਦਾ। ਪਿੰਡਾਂ ਵਿਚ ਚੁਣੀ ਜਾਣ ਵਾਲੀ ਪੰਚ ਜਾਂ ਸਰਪੰਚ ਆਪ ਕੰਮ ਨਹੀਂ ਕਰਦੀ ਸਗੋਂ ਉਸ ਦਾ ਪਤੀ ਹੀ ਪੰਚੀ ਤੇ ਸਰਪੰਚੀ ਦੇ ਕੰਮ ਨਿਪਟਾਉਂਦਾ ਹੈ। ਪਰ ਦਲਿਤ ਇਸਤਰੀਆਂ, ਖਾਸ ਕਰਕੇ ਮੁਟਿਆਰਾਂ ਤੇ ਬਾਲੜੀਆਂ ਨੂੰ ਦੇਸ਼ ਭਰ ਵਿਚ ਸਿਰੇ ਦੇ ਅਮਾਨਵੀ ਅੱਤਿਆਚਾਰ ਹੰਢਾਉਣੇ ਪੈ ਰਹੇ ਹਨ। ਇਹ ਅਣਕਿਆਸੇ ਜੁਲਮ ਉਂਝ ਤਾਂ ਸਾਰੇ ਦੇਸ਼ ਵਿੱਚ ਹਰ ਰੋਜ਼ ਹੀ ਵਾਪਰਦੇ ਹਨ ਪਰ ਇਸ ਅਸੱਭਿਅਕ ਵਰਤਾਰੇ ਦੀਆਂ ਸਭ ਤੋਂ ਘਿਨਾਉਣੀਆਂ ਵਾਰਦਾਤਾਂ ਭਾਜਪਾ ਸ਼ਾਸ਼ਤ ਰਾਜਾਂ ਵਿੱਚ ਵਾਪਰਦੀਆਂ ਹਨ ਅਤੇ ਉੱਤਰ ਪ੍ਰਦੇਸ਼ ਇਨ੍ਹਾਂ ਵਾਰਦਾਤਾਂ ਦਾ ਸਿਰਮੌਰ ਹੈ। ਸੱਚੀ ਪੁੱਛੋਂ ਤਾਂ ਵਰਤਮਾਨ ਸਮੇਂ ਵਿੱਚ ਉੱਤਰ ਪ੍ਰਦੇਸ਼ ਦਲਿਤ ਧੀਆਂ ਦੀ ਕਬਰਗਾਹ ਬਣ ਚੁੱਕਿਆ ਹੈ। ਕੋਈ ਦਿਨ ਨਹੀਂ ਲੰਘਦਾ ਜਦੋਂ ਕਿਸੇ ਦਲਿਤ ਬੇਟੀ ਨਾਲ ਜਬਰ ਜਨਾਹ ਕਰਕੇ ਉਸ ਦੇ ਵਹਿਸ਼ੀਆਣਾ ਕਤਲ ਦੀ ਵਾਰਦਾਤ ਨਾ ਹੋਈ ਹੋਵੇ। ਇਹੀ ਸੂਬਾ ਹੈ ਜਿੱਥੇ ਰਾਜ ਕਰਦੀ ਪਾਰਟੀ ਦੇ ਇਸ਼ਾਰੇ ‘ਤੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਚਾਉਣ ਲਈ ਬਿਰਾਦਰੀ ਪੰਚਾਇਤਾਂ ਦੇ ਮਤੇ ਪਵਾਏ ਜਾਂਦੇ ਹਨ ਅਤੇ ਪੀੜਤ ਲੜਕੀਆਂ ਦੇ ਪਰਿਵਾਰਾਂ ਨੂੰ ਪਿੰਡ ਛੱਡ ਜਾਣ ਦੇ ਆਦੇਸ਼ ਦਿੱਤੇ ਜਾਂਦੇ ਹਨ। ਇੱਥੋਂ ਦੀ ਪੁਲਸ ਦੇ ਜਾਤੀਵਾਦੀ ਅਤੇ ਫਿਰਕੂ ਪੱਖਪਾਤ ਬਾਰੇ ਤਾਂ ਜਿੰਨਾ ਵੀ ਕਿਹਾ ਜਾਵੇ ਉਹ ਘੱਟ ਹੈ। ਇਸ ਸਾਰੇ ਵਰਤਾਰੇ ਦੇ ਪਿੱਛੇ ਸਦੀਆਂ ਪੁਰਾਣੀ ਜਾਤੀਵਾਦੀ ਅਤੇ ਪਿੱਤਰਸੱਤਾਵਾਦੀ ਮਾਨਸਿਕਤਾ ਕੰਮ ਕਰਦੀ ਹੈ। ਇਸ ਅਮਾਨਵੀ ਮਾਨਸਿਕਤਾ ਨੂੰ ਸੰਸਥਾਗਤ ਕਰਨ ਅਤੇ ਧਰਮ ਦਾ ਦਰਜਾ ਦਿੱਤਾ ਗਿਆ ਹੈ ਹਜਾਰਾਂ ਸਾਲ ਪਹਿਲਾਂ ਲਿਖੀ ਗਈ ‘ਮਨੂੰ ਸਿਮਰਤੀ’ ਰਾਹੀਂ। ਮੋਦੀ ਸਰਕਾਰ ਅਤੇ ਭਾਜਪਾ ਦਾ ਪਿੱਤਰੀ ਸੰਗਠਨ ਆਰ ਐਸ ਐਸ ਇਸੇ ਮਨੂੰ ਸਿਮਰਤੀ ਨੂੰ ਭਾਰਤੀ ਸ਼ਾਸ਼ਨ ਪੱਧਤੀ ਵਜੋਂ ਪੁਨਰ ਸਥਾਪਿਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਉੱਤਰ ਪ੍ਰਦੇਸ਼ ਇਨ੍ਹਾਂ ਦੀ ਆਦਰਸ਼ ਪ੍ਰਯੋਗ ਸ਼ਾਲਾ ਹੈ। ਅਸੀਂ ਠੋਕ ਵਜਾ ਕੇ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਜ਼ਿਸ਼ ਫੇਲ੍ਹ ਕਰਨ ਲਈ ਮੋਦੀ ਸਰਕਾਰ ਦੀ ਹਾਰ ਬਹੁਤ ਜਰੂਰੀ ਹੈ।ਰਹਿਣ ਲਈ ਘਰ ਹੋਣਾ ਅਤੀ ਜ਼ਰੂਰੀ ਹੈ। ਪਰ ਅੱਜ ਸਾਡੇ ਦੇਸ਼ ਵਿਚ ਕਰੋੜਾਂ ਲੋਕ ਬੇਘਰੇ ਹਨ। ਇਕ ਪਾਸੇ ਹਜ਼ਾਰਾਂ ਏਕੜਾਂ ਦੇ ਮਾਲਕ ਹਨ ਅਤੇ ਦੂਜੇ ਪਾਸੇ 10-10 ਮਰਲਿਆਂ ਨੂੰ ਤਰਸਦੇ ਫੁਟਪਾਥਾਂ ਤੇ ਰਾਤਾਂ ਕੱਟਦੇ ਲੋਕ ਹਨ। ਪਰ ”ਜਿਸ ਤਨ ਲੱਗੀਆਂ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ” ਅਨੁਸਾਰ ਸਾਡੀਆਂ ਸਰਕਾਰਾਂ ਨਾ ਪਲਾਟ ਦੇ ਕੇ ਰਾਜੀ ਹਨ ਤੇ ਨਾ ਮਕਾਨ ਬਣਾਉਣ ਜੋਗੀ ਗ੍ਰਾਂਟ।
ਪਿੰਡਾਂ ਵਿਚ ਰਹਿਣ ਵਾਲੇ ਮਜ਼ਦੂਰਾਂ ਦਾ ਪੇਂਡੂ ਰੁਜ਼ਗਾਰ ਲਗਭਗ ਖਤਮ ਹੋ ਗਿਆ ਹੈ। ਵਾਢੀ ਦਾ ਕੰਮ ਕਸ਼ੀਨਰੀ ਨੇ ਅਤੇ ਗੋਡੀ ਦਾ ਕੰਮ ਨਦੀਨ ਨਾਸ਼ਕ ਦਵਾਈਆਂ ਨੇ ਖੋਹ ਲਿਆ ਹੈ। ਸੜਕਾਂ, ਰੇਲਾਂ ਬਣਾਉਣ ਦਾ ਕੰਮ ਵੀ ਮਜ਼ਦੂਰਾਂ ਦੇ ਹੱਥੋਂ ਨਿਕਲ ਕੇ ਮਸ਼ੀਨਾਂ ਕੋਲ ਚਲਾ ਗਿਆ ਹੈ। ਲੰਮੀਆਂ-ਲੰਮੀਆਂ ਨਹਿਰਾਂ ਕਹੀਆਂ ਟੋਕਰਿਆਂ ਨਾਲ ਪੁੱਟਣ ਵਾਲੇ, ਨਹਿਰਾਂ ਵਿਚੋਂ ਰੇਤਾ ਕੱਢਣ ਵਾਲੇ ਮਜ਼ਦੂਰ ਅੱਜ ਕੰਮ ਲਈ ਵਿਕਣ ਵਾਲੇ ਪਸ਼ੂਆਂ ਵਾਂਗ ਮੰਡੀ ਵਿਚ ਖਲੋਂਦੇ ਹਨ ਤੇ ਅੱਧੇ ਤੋਂ ਵੱਧ ਕੰਮ ਨਾ ਮਿਲਣ ਕਰਕੇ ਖਾਲੀ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਭਾਵੇਂ ਕਿ ਉਹ ਜਾਣਦੇ ਹਨ ਕਿ ਪੈਸੇ ਨਾ ਲੈ ਕੇ ਜਾਣ ਨਾਲ ਆਟਾ, ਦਾਲ, ਲੂਣ, ਮਿਰਚ ਮਸਾਲਾ ਨਹੀਂ ਖਰੀਦ ਸਕਣਾ ਤੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਜਾਣਾ। ਉਹ ਜਾਣਦੇ ਹਨ ਕਿ ਬੀਮਾਰ ਮਾਂ ਪਿਓ ਦਾ ਇਲਾਜ ਪੈਸੇ ਬਿਨਾਂ ਨਹੀਂ ਹੋਣਾ ਪਰ ”ਹੱਥ ਨਾ ਅੱਪੜੇ ਥੂਹ ਕੌੜੀ” ਵਾਲੀ ਗੱਲ ਹੈ ਉਹ ਵਿਚਾਰੇ ਕਰਨ ਵੀ ਕੀ?
ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਲੜਾਈ ਕਰਕੇ ਅਤੇ ਪਾਰਲੀਮੈਟ ਵਿਚ ਆਵਾਜ਼ ਉਠਣ ਕਰਕੇ ਮਗਨਰੇਗਾ ਦਾ ਕੰਮ ਦੇਸ ਵਿਚ ਸ਼ੁਰੂ ਹੋਇਆ ਪਰ ਸਰਕਾਰ ਦੀ ਬਦਨੀਤੀ ਕਰਕੇ ਉਹ ਵੀ ਆਪਣੀ ਸਾਰਥਕਤਾ ਗਵਾਉਂਦਾ ਜਾ ਰਿਹਾ ਹੈ। ਇਕ ਤਾਂ ਹੇਠਾਂ ਤੱਕ ਲੋੜਵੰਦ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਅਤੇ ਦੂਜੇ ਪਾਸੇ ਹਰ ਸਾਲ ਬਜਟ ਵਿਚ ਰੱਖੇ ਜਾਂਦੇ ਪੈਸੇ ਘਟਣ ਕਰਕੇ ਸਭ ਨੂੰ ਇਹ ਰੁਜਗਾਰ ਤੇ ਇਸ ਨਾਲ ਸਬੰਧਤ ਹੋਰ ਸਹੂਲਤਾਂ ਨਹੀਂ ਮਿਲਦੀਆਂ। ਮਿਸਾਲ ਵਜੋਂ ਸਾਲ 2020-21 ਵਿਚ 1,15000 ਕਰੋੜ ਰੁਪਏ ਸਲਾਨਾ ਖਰਚੇ ਗਏ ਹਨ ਜੋ ਇਸ ਸਾਲ ਵੱਧਣ ਦੀ ਬਜਾਏ ਘਟਾ ਕੇ 73000 ਕਰੋੜ ਰੁਪਏ ਕਰ ਦਿੱਤੇ ਹਨ ਜਿਸ ਦਾ ਮਤਲਬ ਲਗਭਗ 3/5 ਹਿਸੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਲੋਕ ਕੰਮ ਕਰਕੇ ਪੈਸਿਆਂ ਲਈ ਬਲਾਕਾਂ ਦੇ ਚੱਕਰ ਕੱਟਣਗੇ।
ਇਹੋ ਹਾਲ ਬੁਢਾਪਾ, ਵਿਧਾਵਾ ਤੇ ਅੰਗਹੀਣ ਪੈਨਸ਼ਨਾਂ ਦਾ ਹੈ। ਦੇਸ਼ ਦੇ ਸੰਵਿਧਾਨ ਅਨੁਸਾਰ ਦੇਸ਼ ਵਿਚ ਸਾਰੇ ਮਨੁੱਖ ਬਰਾਬਰ ਹਨ ਤੇ ਬਰਾਬਰ ਦੀਆਂ ਸਹੂਲਤਾਂ ਦੇ ਹੱਕਦਾਰ ਹਨ । ਪਰ ਇਹ ਵੱਡੀ ਤਰਾਸਦੀ ਹੈ ਕਿ ਕੋਈ ਵਿਅਕਤੀ ਇਕ ਦਿਨ ਲਈ ਵੀ ਜੇ ਐਮ.ਐਲ.ਏ. ਜਾਂ ਐਮ.ਪੀ. ਬਣ ਜਾਵੇ ਤਾਂ ਉਹ ਉਮਰ ਭਰ ਲਈ 80-85000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈਣ ਦਾ ਹੱਕਦਾਰ ਹੋ ਜਾਂਦਾ ਹੈ। ਜ਼ੁਲਮ ਦੀ ਹੱਦ ਇਹ ਹੈ ਕਿ ਜਿੰਨੀ ਵਾਰ ਕੋਈ ਜਿੱਤੇਗਾ ਉਨੀਆਂ ਹੀ ਉਸ ਦੀਆਂ ਪੈਨਸ਼ਨਾਂ ਹੋਰ ਲੱਗ ਜਾਂਦੀਆਂ ਹਨ। ਇਸੇ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ 5 ਲੱਖ 26 ਹਜ਼ਾਰ, ਬੀਬੀ ਰਜਿੰਦਰ ਕੌਰ ਭੱਠਲ 3 ਲੱਖ 25 ਹਜ਼ਾਰ, ਗੁਲਜਾਰ ਸਿੰਘ ਰਣੀਕੇ ਨੇ 2 ਲੱਖ 25 ਹਜ਼ਾਰ ਮਾਸਿਕ ਪੈਨਸ਼ਨ ਲੈ ਰਹੇ ਹਨ ਤੇ ਮੌਜੂਦਾ ਐਮ.ਐਲ.ਏ. ਹੋਣ ਤੇ ਤਨਖਾਹ ਵੱਖਰੀ ਲੈਂਦੇ ਹਨ ਤੇ ਭੱਤੇ ਬੇ ਬਹਾ ਹਨ। ਪਰ ਆਮ ਨਾਗਰਿਕਾਂ ਨੂੰ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ 750 ਰੁਪਏ ਪੈਨਸ਼ਨ ਮਿਲਦੀ ਹੈ ਤੇ ਉਹ ਵੀ ਲੰਗੇ ਡੰਗ ।ਇਸੇ ਤਰ੍ਹਾਂ ਵਿਤਕਰਾ ਕਰਜ਼ੇ ਵਿਚ ਵੀ ਹੋ ਰਿਹਾ ਹੈ। ਕਾਰਪੋਰੇਟ ਘਰਾਣਿਆਂ ਦੇ 68 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਹੋ ਗਏ ਹਨ। ਕਿਸਾਨਾਂ ਦੇ ਵੀ ਕੁੱਝ ਨਾ ਕੁੱਝ (ਸਾਰੇ ਨਹੀਂ) ਕਰਜ਼ੇ ਮੁਆਫ਼ ਕੀਤੇ ਗਏ ਹਨ ਪਰ ਮਜ਼ਦੂਰਾਂ ਤੇ ਬੇਜ਼ਮੀਨੇ ਲੋੜਵੰਦਾਂ ਦਾ ਨਾਮ ਤੱਕ ਨਹੀਂ ਲਿਆ ਗਿਆ। ਇਹ ਹਨ ਸਾਡੀਆਂ ਸਰਕਾਰਾਂ ਜੋ ਪੰਜ ਸਾਲ ਬਾਅਦ ਵੋਟਾਂ ਵੇਲੇ ਲਾਰੇ, ਝੂਠੇ ਵਾਅਦੇ ਤੇ ਹਰ ਤਰ੍ਹਾਂ ਦੇ ਸਬਜਬਾਗ ਵਿਖਾ ਕੇ ਜਿੱਤ ਜਾਂਦੇ ਹਨ ਅਤੇ ਬਾਅਦ ਵਿਚ ”ਤੂੰ ਕੌਣ ਤੇ ਮੈਂ ਕੌਣ”।
ਜਿਹੜੇ ਤਿੰਨ ਕਾਨੂੰਨ ਹੁਣ ਪਾਸ ਕੀਤੇ ਹਨ। ਉਹਨਾਂ ਵਿਚ ਇਕ ਕਾਨੂੰਨ ਹੈ ਜ਼ਰੂਰੀ ਵਸਤਾਂ (ਸੋਧਾਂ) ਦਾ ਐਕਟ 2020 ਜਿਸ ਰਾਹੀਂ ਮਨੁੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜ ਦਿੱਤਾ ਗਿਆ ਹੈ। ਖੇਤੀਬਾੜੀ ਨਾਲ ਸਬੰਧਤ ਵਸਤਾਂ ਜਿਵੇਂ ਕਣਕ, ਚਾਵਲ, ਦਾਲਾਂ ਆਦਿ ਹੁਣ ਜ਼ਰੂਰੀ ਵਸਤਾਂ ਦੀ ਸੂਚੀ ਵਿਚੋਂ ਕੱਢ ਦਿੱਤੇ ਗਏ ਹਨ। ਅਤੇ ਲਿਖ ਦਿੱਤਾ ਹੈ ਕਿ ”ਖਾਧ ਪਦਾਰਥਾਂ ਸਮੇਤ ਅਨਾਜ, ਦਾਲਾਂ, ਆਲੂ, ਪਿਆਜ਼, ਖਾਣਯੋਗ ਤੇਲ ਬੀਜ ਅਤੇ ਤੇਲ ਜੋ ਵੀ ਕੇਂਦਰ ਆਫਿਸ਼ਲ ਗਜ਼ਟ ਵਿਚ ਨੋਟੀਫਾਈ ਕਰਦੀ ਹੈ ਨੂੰ ਸਿਰਫ ਅਸਧਾਰਣ ਹਾਲਤਾਂ ਵਿਚ ਹੀ ਨਿਯਮਬੱਧ ਕੀਤਾ ਜਾ ਸਕਦਾ ਹੈ।” ਇਹ ਵੀ ਲਿਖ ਦਿੱਤਾ ਹੈ ਕਿ ਅਸਧਾਰਣ ਹਾਲਤਾਂ ਕੀ ਹਨ ਉਹ ਹਨ : ਜੰਗ, ਕਾਲ, ਅਸਧਾਰਨ ਕੀਮਤਾਂ ਵਾਲਾ (100ਪ੍ਰਤੀਸ਼ਤ ਵਾਧਾ) ਅਤੇ ਭਿਆਨਕ ਕੁਦਰਤੀ ਆਫ਼ਤ।
ਨਾਲ ਹੀ ਇਹ ਵੀ ਲਿਖ ਦਿੱਤਾ ਹੈ ਕਿ ਇਹਨਾਂ ਚਾਰ ਹਾਲਤਾਂ ਵਿਚ ਵੀ ਖਾਧ ਪਦਾਰਥ ਉਦੋਂ ਨਿਯਮਬੱਧ ਹੋਣਗੇ ਜਦ ਕਾਰਪੋਰੇਟ ਘਰਾਣਿਆਂ ਕੋਲ ਸਟੋਰ ਕਰਨ ਦੀ ਸਮਰੱਥਾ ਘੱਟ ਹੋਵੇਗੀ। ਇੰਨ ਬਿੰਨ ਸ਼ਬਦ ਇੰਜ ਹਨ : ”ਖਾਧ ਪਦਾਰਥਾਂ ਦੀ ਸਟੋਰੇਜ਼ ਕਰਨ ਵਾਲੇ ਸਾਰੇ ਕਾਰਪੋਰੇਟ ਘਰਾਣਿਆਂ ਦੇ ਜੇਕਰ ਉਹਨਾਂ ਕੋਲ ਖਾਧ ਪਦਾਰਥ ਉਹਨਾਂ ਦੀ ਸਟੋਰ ਕਰਨ ਦੀ ਸਮਰੱਥਾ ਦੇ ਅੰਦਰ ਹੀ ਹਨ ਤਾਂ ਸਰਕਾਰ ਦਾ ਕੋਈ ਵੀ ਹੁਕਮ ਇਹਨਾਂ ਚਾਰ ਹਾਲਤਾਂ ਵਿਚ ਵੀ ਉਹਨਾਂ ਤੇ ਲਾਗੂ ਨਹੀਂ ਹੋਵੇਗਾ।”
ਸਾਰਾ ਕੁਝ ਵਿਚਾਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਕੇਂਦਰ ਦੀ ਸਰਕਾਰ ਆਪਣੀ 85% ਮਿਹਨਤਕਸ਼ ਜਨਤਾ ਦੇ ਹੱਥੋਂ ਰੋਟੀ, ਕੱਪੜਾ ਤੇ ਮਕਾਨ, ਪੜ੍ਹਾਈ ਅਤੇ ਇਲਾਜ ਖੋਹ ਕੇ ਇਸ ਨੂੰ ਕਾਰਪੋਰੇਟ ਜਗਤ ਦੇ ਹਵਾਲੇ ਕਰਨਾ ਚਾਹੁੰਦੀ ਹੈ ਜਿਸ ਲਈ ਕਾਨੂੰਨ ਬਣਾ ਦਿੱਤੇ ਗਏ ਹਨ।
ਇਹਨਾਂ ਉਤੇ ਪਰਦਾ ਪਾਉਣ ਲਈ ਸਰਕਾਰੀ ਆਦਮੀ ਇਹ ਵੀ ਲੁਕਵਾਂ ਪ੍ਰਚਾਰ ਕਰਦੇ ਹਨ ਕਿ ਕਿਸਾਨਾਂ ਦੀ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ ਜੋ ਕੋਰਾ ਝੂਠ ਹੈ ਅਤੇ ਗੁੰਮਰਾਹ ਕੁੰਨ ਹੈ। ਜੇਕਰ ਬੇ ਜ਼ਮੀਨਿਆਂ ਨੂੰ ਜ਼ਮੀਨ ਦੇਣੀ ਹੈ ਤਾਂ ਜਗੀਰਦਾਰੀ ਖਤਮ ਕਰਕੇ ਉਹ ਜ਼ਮੀਨ ਖੋਹ ਕੇ ਬੇਜ਼ਮੀਨੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ। ਪਰ ਇਹ ਗੱਲਾਂ ਦਿਨੇ ਸੁਪਨੇ ਲੈਣ ਵਾਂਗ ਤੇ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਵਾਸਤੇ ਹਨ। ਸਾਨੂੰ ਇਹ ਚਾਲ ਸਮਝਣੀ ਚਾਹੀਦੀ ਹੈ।
ਹੁਣ ਗੱਲ ਆਉਂਦੀ ਹੈ ਕਿ ਕੀ ਕੀਤਾ ਜਾਵੇ? ਕੀ ਇਸ ਨੂੰ ਰੱਬੀ ਕਰੋਪੀ ਹੀ ਸਮਝੀ ਜਾਣਾ ਹੈ? ਬਿਲਕੁਲ ਨਹੀਂ। ਇਹ ਸਰਕਾਰ ਵਲੋਂ ਕੀਤੀ ਗਈ ਬੇਇਨਸਾਫੀ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਵਾਸਤੇ ਕੀਤੀ ਕਾਰਵਾਈ ਦਾ ਸਿੱਟਾ ਹੈ। ਇਸ ਲਈ ਸਾਨੂੰ ਚਲ ਰਹੇ ਕਿਸਾਨ ਅੰਦੋਲਨ ਤੋਂ ਸਿੱਖਿਆ ਲੈ ਕੇ ਜਿੱਥੇ ਉਸ ਨੂੰ ਜਿੱਤ ਤੱਕ ਪਹੁੰਚਾਉਣ ਲਈ ਯਤਨ ਕਰਨਾ ਚਾਹੀਦਾ ਹੈ ਉਥੇ ਆਪਣੀ ਜਥੇਬੰਦੀ ਵਲੋਂ ਅਤੇ ਹੋਰ ਮਜਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਜਿੰਨੀ ਛੇਤੀ ਹੋ ਸਕੇ ਅਦੋਲਨ ਅਰੰਭ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਬਚਦਾ।
ਮੋਦੀ ਦੇ ਕਾਲੇ ਕਾਨੂੰਨਾਂ ਦਾ ਕਿਰਤੀਆਂ ਦੀ ਜ਼ਿੰਦਗੀ ‘ਤੇ ਮਾਰੂ ਅਸਰਬੀਤੇ ਸਾਲ, ਜੂਨ ਮਹੀਨੇ ਦੀ 5 ਤਰੀਕ ਨੂੰ ਮੋਦੀ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ 3 ਅਜਿਹੇ ਆਰਡੀਨੈਂਸ ਜਾਰੀ ਕਰ ਦਿੱਤੇ ਜਿੰਨ੍ਹਾ ਦੀ ਨਾ ਤਾਂ ਦੇਸ਼ ਨੂੰ ਕੋਈ ਲੋੜ ਸੀ ਅਤੇ ਨਾ ਹੀ ਦੇਸ਼ ਦਾ ਸੰਵਿਧਾਨ ਇਸ ਦੀ ਆਗਿਆ ਦਿੰਦਾ ਸੀ। ਰਾਸ਼ਟਪਤੀ ਨੇ ਵੀ ਆਪਣੇ ਵਿਵੇਕ ਨੂੰ ਲਾਂਭੇ ਰੱਖ ਕੇ, ਸੰਵਿਧਾਨਕ ਤਕਾਜ਼ਿਆਂ ਨੂੰ ਅਣਡਿੱਠ ਕਰਦਿਆਂ ਉਕਤ ਆਰਡੀਨੈਂਸਾਂ ‘ਤੇ ‘ਅੱਖਾਂ ਮੀਚ’ ਕੇ ਦਸਤਖ਼ਤ ਕਰ ਦਿੱਤੇ।
ਅੱਗੇ ਚਲ ਕੇ, 26-27 ਸਤੰਬਰ 2020 ਨੂੰ ਮੋਦੀ ਸਰਕਾਰ ਵਲੋਂ ਲੋਕ ਸਭਾ ਵਿਚ ਬਹੁਮਤ ਦੀ ਦੁਰਵਰਤੋਂ ਕਰਦਿਆਂ ਅਤੇ ਰਾਜ ਸਭਾ ਵਿਚ ਨਿਯਮਾਂ ਦੀ ਧੋਖੇ ਭਰੀ ਉਲੰਘਣਾ ਰਾਹੀਂ ਉਕਤ ਆਰਡੀਨੈਂਸਾਂ ਨੂੰ ਕਾਨੂੰਨਾਂ ਵਿਚ ਤਬਦੀਲ ਕਰ ਦਿੱਤਾ ਗਿਆ। ਹੱਥਲੇ ਲੇਖ ਦਾ ਵਿਸ਼ਾ ਬੇਸ਼ੱਕ ਇਹਨਾਂ ਕਾਨੂੰਨਾਂ ਦੀ ਵਿਆਖਿਆ ਕਰਨਾ ਨਹੀਂ ਹੈ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਕਾਨੂੰਨ ਦਾ ਉਦੇਸ਼ ਪਿਛਲੇ 10 ਹਜ਼ਾਰ ਸਾਲ ਤੋਂ ਹੌਲੀ ਹੌਲੀ ਵਿਕਸਤ ਹੋ ਕੇ ਅੱਜ ਦੀ ਅਵਸਥਾ ਤੱਕ ਪਹੁੰਚੀ ਖੇਤੀਬਾੜੀ ਉਤੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਅਤੇ ਦੇਸ਼ ਦੀ ਕਰੀਬ 85% ਮਿਹਨਤਕਸ਼ ਵਸੋਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਇਸੇ ਕਰਕੇ ਪਿਛਲੇ ਸਾਲ ਦੇ ਜੂਨ ਮਹੀਨੇ ਤੋਂ ਹੀ ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਦਾ ਗੁੱਸਾ ਇਨ੍ਹਾਂ ਕਾਨੂੰਨਾਂ ਖਿਲਾਫ਼ ਫੁੱਟ ਪਿਆ ਸੀ ਤੇ ਉਹਨਾਂ ਨੇ ਉਦੋਂ ਤੋਂ ਹੀ ਪੜਾਅ ਦਰ ਪੜਾਅ ਆਪਣਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ, ਜੋ ਅੱਜ ਆਪਣੀ ਚਰਮ ਸੀਮਾ ਉਤੇ ਪਹੁੰਚ ਚੁੱਕਾ ਹੈ। ਬੇਸ਼ੱਕ ਕੇਂਦਰੀ ਸਰਕਾਰ ਨੇ ”ਮੈਂ ਨਾ ਮਾਨੂੰ” ਦੀ ਰੱਟ ਲਾਈ ਹੋਈ ਹੈ ਪਰ ਉਹ ਅੰਦਰੋਂ ਡਰੀ ਹੋਈ ਹੈ ਅਤੇ ਅੰਦੋਲਨ ਨੂੰ ਕੁਰਾਹੇ ਪਾਉਣ ਦਾ ਹਰ ਹੀਲਾ ਵਰਤ ਰਹੀ ਹੈ। 26 ਜਨਵਰੀ ਨੂੰ ਸਰਕਾਰ ਵਲੋਂ ਆਪਣੇ ਹੱਥਠੋਕਿਆਂ ਰਾਹੀਂ ਕਰਵਾਈਆਂ ਗਈਆਂ ਅਰਾਜਕ ਘਟਨਾਵਾਂ, ਸਰਕਾਰੀ ਸਾਜਿਸ਼ਾਂ ਦਾ ਮੂੰਹੋਂ ਬੋਲਦਾ ਸਬੂਤ ਹਨ। ਇਹ ਅੰਦੋਲਨ ਸਾਡੇ ਲਈ ਇਕ ਸਬਕ ਬਣ ਗਿਆ ਹੈ ਅਤੇ ਅੱਗੇ ਵਾਸਤੇ ਮਾਨਵਤਾ ਦੇ ਨਿਗਰ ਭਵਿੱਖ ਲਈ ਲੜਨ ਵਾਲੇ ਸੰਘਰਸ਼ਸ਼ੀਲ ਲੋਕਾਂ ਲਈ ਇਸ ਨੇ ਆਸ ਦੀ ਨਵੀਂ ਕਿਰਨ ਜਗਾਈ ਹੈ। ਸਾਡੀ ਜਾਚੇ ਕਈਆਂ ਕਾਰਨਾਂ ਕਰਕੇ ਇਸ ਅੰਦੋਲਨ ਦੀ ਜਿੱਤ ਹੋਣੀ ਬੜੀ ਜਰੂਰੀ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਉਕਤ ਕਾਨੂੰਨ ਨਾ ਕੇਵਲ ਖੇਤੀ ਕਿੱਤੇ, ਬਲਕਿ ਦਰਮਿਆਨੇ ਤੇ ਛੋਟੇ ਉਦਯੋਗ ਧੰਦੇ ਅਤੇ ਪਰਚੂਨ ਵਿਉਪਾਰ ਦਾ ਵੀ ਭੋਗ ਪਾਉਣ ਵਾਲੇ ਹਨ। ਕਿਸਾਨਾਂ, ਖੇਤੀ ਕਾਮਿਆਂ, ਅਸੰਗਠਿਤ ਖੇਤਰ ਦੇ ਕਿਰਤੀਆਂ, ਛੋਟੇ ਕਾਰੋਬਾਰੀਆਂ ਸਮੇਤ ਦੇਸ਼ ਦੇ ਸੈਂਕੜੇ ਕਰੋੜ ਲੋਕਾਂ ਨੂੰ ਗੁਜ਼ਾਰੇ ਦੇ ਸਾਧਨਾਂ ਤੋਂ ਵਾਂਝੇ ਕਰਨ ਦਾ ਜੁਗਾੜ ਹਨ। ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਭਾਈਵਾਲ ਸਾਮਰਾਜੀ ਲੁਟੇਰਿਆਂ ਦਾ ਉਕਤ ਸਭ ਕਾਸੇ ਤੇ ਏਕਾਧਿਕਾਰ ਸਥਾਪਤ ਕਰਨ ਦਾ ਜਰੀਆ ਹਨ। ਐਨੇ ਲੋਕਾਂ ਦੀ ਰੋਜੀ-ਰੋਟੀ ਦੇ ਸਾਧਨਾਂ ‘ਤੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਦਾ ਕਬਜ਼ਾ ਕਰਵਾਉਣ ਦੀ ਮੋਦੀ ਸਰਕਾਰ ਦੀ ਸਾਜਿਸ਼ ਕਿਸੇ ਕੌਲ ਸਫਲ ਨਹੀਂ ਹੋਣ ਦੇਣੀ ਚਾਹੀਦੀ। ਸਵਾਲਾਂ ਦਾ ਸਵਾਲ ਇਹ ਵੀ ਹੈ ਕਿ ਜੇ ਸਾਰੀਆਂ ਜਮੀਨਾਂ ਕਾਰਪੋਰੇਟਾਂ ਦੇ ਹਵਾਲੇ ਹੋ ਗਈਆਂ ਤਾਂ ਫਿਰ ਰਿਹਾਇਸ਼ੀ ਪਲਾਟਾਂ, ਰੂੜੀਆਂ ਲਈ ਥਾਵਾਂ, ਵਾਹੀਯੋਗ ਜਮੀਨ ਦੀ ਮੰਗ ਦਾ ਕੀ ਬਣੇਗਾ? ਇਹ ਵੀ ਯਾਦ ਰੱਖਣਯੋਗ ਹੈ ਕਿ ਖੇਤੀ ਅੱਜ ਵੀ ਤਿੰਨ-ਚੌਥਾਈ ਤੋਂ ਵਧੇਰੇ ਦੇਸ਼ ਵਾਸੀਆਂ ਨੂੰ ਸਿੱਧਾ-ਅਸਿੱਧਾ ਰੁਜ਼ਗਾਰ ਦਿੰਦੀ ਹੈ। ਵਾਹੀਯੋਗ ਜ਼ਮੀਨਾਂ ਕਾਰਪੋਰੇਟਾਂ ਹੱਥ ਚਲੇ ਜਾਣ ਨਾਲ ਰੁਜ਼ਗਾਰ ਦਾ ਬੜਾ ਵੱਡਾ ਸੰਕਟ ਖੜ੍ਹਾ ਹੋਵੇਗਾ।
ਉਕਤ ਕਾਨੂੰਨਾਂ ਨੇ ਫਸਲਾਂ ਦੀ ਗਰੰਟੀ ਸ਼ੁਦਾ ਕੀਮਤਾਂ ਤੇ ਖ੍ਰੀਦ ਹੀ ਨਹੀਂ ਬਲਕਿ ਭੰਡਾਰਨ ਦੀ ਵਿਵਸਥਾ ਦਾ ਵੀ ਖਾਤਮਾ ਕਰ ਦੇਣਾ ਹੈ। ਸ਼ਾਂਤਾ ਕੁਮਾਰ ਕਮੇਟੀ ਪਹਿਲਾਂ ਹੀ ਸਿਫਾਰਸ਼ਾਂ ਕਰ ਚੁੱਕੀ ਹੈ ਕਿ ਐਫ ਸੀ ਆਈ ਨੂੰ ਬੰਦ ਕਰ ਦਿਓ। ਸਰਕਾਰੀ ਖਰੀਦ ਅਤੇ ਭੰਡਾਰਨ ਦੀ ਵਿਵਸਥਾ ਮੁੱਕ ਜਾਣ ਦੇ ਸਿੱਟੇ ਵਜੋਂ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪੈ ਜਾਵੇਗਾ ਅਤੇ ਭਾਰਤੀ ਹਾਕਮਾਂ ਦੀ ਇਸ ਲੋਕ ਹਿਤੈਸ਼ੀ ਪ੍ਰਣਾਲੀ ਤੋਂ ਖਹਿੜਾ ਛੁਡਾਉਣ ਦੀ ਚਿਰੋਕਣੀ ਸਾਜ਼ਿਸ਼ ਸਹਿਜੇ ਹੀ ਸਿਰੇ ਚੜ੍ਹ ਜਾਵੇਗੀ। ਅਗਲੀ ਗੱਲ ਇਹ ਹੈ ਕਿ, ਪੈਸੇ ਦੇ ਪੀਰ ਕਾਰਪੋਰੇਟ ਘਰਾਣਿਆਂ ਦੀ ਅਨਾਜ, ਦਾਲਾਂ, ਸਬਜ਼ੀਆਂ ਅਤੇ ਹੋਰ ਉਪਭੋਗਤਾ ਵਸਤਾਂ ਦੀ ਮਨ ਮਰਜ਼ੀ ਦੇ ਰੇਟਾਂ ਤੇ ਖ੍ਰੀਦ ਕਰਕੇ ਜਖੀਰੇ ਬਾਜੀ ਕਰਨ ਅਤੇ ਨਕਲੀ ਥੁੜੋਂ ਪੈਦਾ ਕਰਕੇ ਬੇਤਹਾਸ਼ਾ ਮੁਨਾਫਾਖੋਰੀ ਕਰਨ ਦੀ ਸ਼ੈਤਾਨੀ ਹਵਸ ਪੂਰਤੀ ਦੇ ਰਾਹ ਵਿੱਚ ਜੋ ਮਾਮੂਲੀ ਰੁਕਾਵਟਾਂ ਹੁਣ ਤੱਕ ਤੁਰੀਆਂ ਆ ਰਹੀਆਂ ਹਨ ਉਕਤ ਕਾਨੂੰਨਾਂ ਨੇ ਉਨ੍ਹਾਂ ਰੁਕਾਵਟਾਂ ਦਾ ਵੀ ਅਰਦਾਸਾ ਸੋਧ ਦੇਣਾ ਹੈ। ਸਿੱਟੇ ਵਜੋਂ ਮਹਿੰਗਾਈ ਦਾ ਬੇਲਗਾਮ ਵਾਧਾ ਹੋਵੇਗਾ ਅਤੇ ਪਹਿਲਾਂ ਹੀ ਦੋ ਡੰਗ ਦੀ ਰੋਟੀ ਨੂੰ ਤਰਸਦੇ ਗਰੀਬਾਂ ਦੀ ਹਾਲਤ ਹੋਰ ਵੀ ਮੰਦੀ ਹੋ ਜਾਵੇਗੀ। ਜਦੋਂ ਹੁਣ ਵੀ ਮਹਿੰਗਾਈ ਹੱਦਾਂ ਬੰਨ੍ਹੇ ਤੋੜ ਰਹੀ ਹੈ ਤਾਂ ਉਦੋਂ ਫਿਰ ਆਟਾ 150 ਰੁਪਏ ਕਿਲੋ ਤੋਂ ਘੱਟ ਨਹੀਂ ਮਿਲੇਗਾ ਤੇ ਗਿਣਤੀ ਦੀਆਂ ਰੋਟੀਆਂ ਹੀ ਗਰੀਬਾਂ ਨੂੰ ਨਸੀਬ ਹੋਣਗੀਆਂ। ਇਹ ਅਵਸਥਾ ਸਰਕਾਰ ਦੇ ਸਰਮਾਏਦਾਰ ਜਗੀਰਦਾਰ ਪੱਖੀ ਹੋਣ ਕਾਰਨ ਹੈ। ਆਬਾਦੀ ਦੇ ਬੇਤਹਾਸ਼ਾ ਵਾਧੇ ਨੂੰ ਭੁੱਖਮਰੀ ਦਾ ਜਿੰਮੇਵਾਰ ਠਹਿਰਾਉਣ ਵਾਲਿਆਂ ਨੂੰ ਉੱਘਾ ਖੇਤੀ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਜਵਾਬ ਦਿੰਦਾ ਹੈ ਕਿ ਸੰਸਾਰ ਦੀ ਕੁੱਲ ਅਬਾਦੀ 750 ਕਰੋੜ ਹੈ ਅਤੇ ਭੋਜਨ ਵਸਤਾਂ ਦੀ ਅਜੋਕੀ ਪੈਦਾਵਾਰ 1100 ਕਰੋੜ ਲੋਕਾਂ ਦੀਆਂ ਭੋਜਨ ਦੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਭੁੱਖਮਰੀ ਲਈ ਆਬਾਦੀ ਨਹੀਂ ਬਲਕਿ ਅਨਾਜ ਅਤੇ ਹੋਰਨਾਂ ਉਪਭੋਗਤਾ ਵਸਤਾਂ ਦੀ ਕਾਣੀ ਵੰਡ ਤੇ ਪੂੰਜੀਪਤੀਆਂ ਦੀ ਮੁਨਾਫਿਆਂ ਦੀ ਸ਼ੈਤਾਨੀ ਹਵਸ ਜਿੰਮੇਵਾਰ ਹੈ । ਮੋਦੀ ਦੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਕਾਣੀ ਵੰਡ ਅਤੇ ਧਨੀਆਂ ਦੇ ਮੁਨਾਫੇ ਹੋਰ ਤੇਜੀ ਨਾਲ ਵਧਾਉਣਗੇ।
ਕੇਂਦਰੀ ਸਰਕਾਰ ਬਿਜਲੀ ਸੋਧ ਬਿੱਲ-2020 ਰਾਹੀਂ ਦੇਸ਼ ਦੇ ਬਿਜਲੀ ਖੇਤਰ ਦਾ ਸਾਰਾ ਤਾਣਾ ਬਾਣਾ ਆਪਣੇ ਚਹੇਤੇ ਪੂੰਜੀ ਪਤੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਜੇ ਇਹ ਬਿੱਲ, ਕਾਨੂੰਨ ਬਣ ਗਿਆ ਤਾਂ ਖੇਤੀ ਮੋਟਰਾਂ ਦੇ ਬਿੱਲਾਂ ਦੀ ਮੁਆਫ਼ੀ ਅਤੇ ਦਲਿਤ ਤੇ ਪਛੜੀਆਂ ਸ਼੍ਰੇਣੀਆਂ ਨੂੰ ਮਿਲਦੀ 400 ਯੂਨਿਟਾਂ ਦੀ ਮੁਆਫ਼ੀ ਇਤਿਹਾਸ ਦੀ ਗੱਲ ਬਣ ਕੇ ਰਹਿ ਜਾਵੇਗੀ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤੋਂ ਬਿਜਲੀ ਮਹਿਕਮੇ ਦਾ ਅੰਸ਼ਕ ਨਿੱਜੀਕਰਨ ਹੋਇਆ ਹੈ ਉਦੋਂ ਤੋਂ ਬਿਜਲੀ ਦੇ ਬਿੱਲ ਗਰੀਬਾਂ ਦੀਆਂ ਮਾਮੂਲੀ ਕਮਾਈਆਂ ਦਾ ਵੱਡਾ ਹਿੱਸਾ ਹੜੱਪ ਕਰ ਰਹੇ ਹਨ। 400 ਯੂਨਿਟ ਦੀ ਮਾਫੀ ਦੇ ਬਾਵਜੂਦ ਗਰੀਬਾਂ ਨੂੰ ਹਜਾਰਾਂ ਰੁਪਏ ਦੇ ਬਿੱਲ ਆ ਰਹੇ ਹਨ। ਨਿੱਜੀ ਕਾਰੋਬਾਰੀ ਵੱਧ ਤੋਂ ਵੱਧ ਮੁਨਾਫ਼ਾ ਹਾਸਲ ਕਰਨ ਲਈ ਮਨਮਰਜ਼ੀ ਦੇ ਰੇਟਾਂ ‘ਤੇ ਬਿਜਲੀ ਵੇਚਣਗੇ। ਬਿਜਲੀ ਹੁਣ ਜਿਉਂਦੇ ਰਹਿਣ ਲਈ ਰੋਟੀ-ਕਪੜਾ-ਮਕਾਨ ਜਿੰਨੀ ਹੀ ਜਰੂਰੀ ਵਸਤ ਦਾ ਰੂਪ ਧਾਰਨ ਕਰ ਚੁੱਕੀ ਹੈ। ਮੋਦੀ ਦੇ ਤਿੰਨ ਕਾਨੂੰਨ ਅਤੇ ਚੌਥਾ, ਬਿਜਲੀ ਗਰੀਬਾਂ ਦੀ ਪਹੁੰਚ ਤੋਂ ਬਾਹਰ ਕਰਨ ਵਾਲਾ ਸੋਧ ਬਿੱਲ, ਇਸੇ ਕਰਕੇ ਰੱਦ ਹੋਣੇ ਚਾਹੀਦੇ ਹਨ।
ਇਸ ਸੰਘਰਸ਼ ਨੇ ਲੋਕਾਈ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵਿਆਪਕ ਏਕਤਾ ਆਧਾਰਿਤ, ਸਿਰੜੀ ਘੋਲ ਲੜਨ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ, ਸ਼ਹਿਰੀ ਤੇ ਪੇਂਡੂ ਵਸੋਂ ਦਾ ਪੀਡਾ ਸਹਿਯੋਗ ਸਿਰਜਿਆ ਹੈ, ਹਾਕਮ ਪਾਰਟੀਆਂ ਵੱਲੋਂ ਰਾਜਸੀ ਲਾਭਾਂ ਲਈ ਵਰਤੇ ਜਾਂਦੇ ਅੰਤਰ ਰਾਜੀ ਝਗੜਿਆਂ ਦੀ ਸੌੜੀ ਸੋਚ ਪਿੱਛਾਂਹ ਸੁੱਟੀ ਹੈ, ਭਾਸ਼ਾਈ-ਧਾਰਮਿਕ-ਇਲਾਕਾਈ ਮਤਭੇਦਾਂ ਦੀ ਧਾਰ ਖੁੰਢੀ ਕੀਤੀ ਹੈ ਅਤੇ ਕਿਰਤੀ ਵਸੋਂ ਦੀ ਚਿਰਸਥਾਈ ਸਾਂਝ ਦਾ ਮੁੱਢ ਬੰਨ੍ਹਿਆ ਹੈ, ਸਦੀਆਂ ਤੋਂ ਗੁਲਾਮੀ ਹੰਢਾ ਰਹੀਆਂ ਇਸਤਰੀਆਂ ਅਤੇ ਨਿਰਾਸ਼ ਨੌਜਵਾਨੀ ਅੰਦਰ ਉਤਸ਼ਾਹ ਦਾ ਸੰਚਾਰ ਕੀਤਾ ਹੈ। ਦੇਸ਼ ਦੇ ਕਰੋੜਾਂ ਲੋਕਾਂ ਦੀ ਕਮਾਈ ਤੇ ਦੱਬਾ ਮਾਰੀ ਬੈਠੇ ਅਜਾਰੇਦਾਰ ਪੂੰਜੀਪਤੀਆਂ ਦਾ ਘਿਨਾਉਣਾ ਰੂਪ ਬੇਪਰਦ ਕੀਤਾ ਹੈ ਅਤੇ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ, ਫਿਰਕੂ-ਫੁੱਟਪਾਊ ਸਾਜਿਸ਼ਾਂ ਅਤੇ ਜਾਬਰ ਹਮਲਿਆਂ ਦੇ ਪਾਜ ਉਧੇੜ ਕੇ ਹਰ ਹੱਲੇ ਦਾ ਸਿਦਕ ਦਿਲੀ ਨਾਲ ਮੁਕਾਬਲਾ ਕੀਤਾ ਹੈ। ਜੇ ਇੰਨੀਆਂ ਸ਼ਾਨਦਾਰ ਪਿਰਤਾਂ ਪਾਉਣ ਵਾਲਾ ਸੰਘਰਸ਼ ਜਿੱਤਦਾ ਹੈ ਤਾਂ ਲੋਕ ਦੋਖੀ ਸਰਕਾਰਾਂ ਦੀਆਂ ਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਅਤੇ ਲੋਕਾਈ ਦੀ ਅੰਤਿਮ, ਫੈਸਲਾਕੁੰਨ ਜਿੱਤ ਦਾ ਰਾਹ ਪੱਧਰਾ ਹੋ ਜਾਵੇਗਾ। ਇਸ ਮਜ਼ਦੂਰ-ਕਿਸਾਨ ਮੋਰਚੇ ਦੀ ਜਿੱਤ ਨਾਲ ਸਨਅਤੀ ਮਜ਼ਦੂਰਾਂ , ਅਸੰਗਠਿਤ ਖੇਤਰ ਦੇ ਕਿਰਤੀਆਂ, ਬੇਰੁਜ਼ਗਾਰੀ ਦਾ ਡੰਗ ਝੱਲ ਰਹੇ ਯੁਵਕਾਂ, ਸਦੀਆਂ ਤੋਂ ਲੁੱਟੇ-ਲਿਤਾੜੇ ਜਾ ਰਹੇ ਦਲਿਤਾਂ ਅਤੇ ਆਪਣੀ ਹੀ ਜਨਮ ਭੂਮੀ ਤੋਂ ਵਾਂਝੇ ਕਰ ਦਿੱਤੇ ਜਾਣ ਦੇ ਭੈਅ ਹੇਠ ਜਿਉਂ ਰਹੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ, ਸਮਾਨ ਅਧਿਕਾਰਾਂ ਲਈ ਤਾਂਘ ਰਹੀਆਂ ਦੇਸ਼ ਦੀਆਂ ਬੇਟੀਆਂ ਦੇ ਵਿਸ਼ਾਲ ਸੰਘਰਸ਼ ਉੱਠਣਗੇ ਅਤੇ ਜਿੱਤਣਗੇ। ਜੇ ਇਸ ਦੇ ਉਲਟ ਵਾਪਰਦਾ ਹੈ ਤਾਂ ਲੋਕ ਦੋਖੀ ਸਰਕਾਰਾਂ ਅਤੇ ਲੋਟੂ ਟੋਲੇ ਹੋਰ ਵੀ ਵਹਿਸ਼ੀ ਅਤੇ ਖੂੰਖਾਰ ਹੋਕੇ ਲੋਕਾਈ ਦਾ ਮਨ ਚਾਹਿਆ ਸ਼ਿਕਾਰ ਕਰਨਗੇ। ਇਸੇ ਕਰਕੇ ਲੋਕਾਈ, ਖਾਸ ਕਰਕੇ ਕਿਰਤੀ ਸ਼੍ਰੇਣੀ ਨੂੰ ਉਕਤ ਸੰਘਰਸ਼ ਦੀ ਕਾਮਯਾਬੀ ਲਈ ਸਿਰ ਧੜ ਦੀ ਬਾਜੀ ਲਾ ਦੇਣੀ ਚਾਹੀਦੀ ਹੈ।
-

ਸਾਜਿਸ਼ਾਂ-ਜਾਬਰ ਹੱਲ੍ਹਿਆਂ ਨੂੰ ਪਛਾੜਦਾ ਅੱਗੇ ਵੱਧ ਰਿਹਾ ਕਿਸਾਨ-ਮਜ਼ਦੂਰ ਸੰਗਰਾਮ
ਕੁਲਵੰਤ ਸਿੰਘ ਸੰਧੂ
ਆਰ.ਐਸ.ਐਸ. ਤੇ ਸੰਘ ਪਰਿਵਾਰ ਦੇ ਦੂਜੇ ਸੰਗਠਨਾਂ ਦੇ ਆਗੂ ਕਿਸਾਨ ਮੋਰਚੇ ਬਾਰੇ ਹਰ ਕਿਸਮ ਦੀ ਘਟੀਆ ਦੂਸ਼ਣਬਾਜ਼ੀ ਤੇ ਝੂਠਾ ਪ੍ਰਚਾਰ ਕਰਨ ‘ਚ ਦਿਨ-ਰਾਤ ਰੁਝੇ ਹੋਏ ਹਨ। ਉਨ੍ਹਾਂ ਨੂੰ ਇਸ ਗੱਲ ਦੀ ਡਾਢੀ ਤਕਲੀਫ਼ ਹੈ ਕਿ ਜਿਹੜੀ ਮੋਦੀ ਸਰਕਾਰ ਪਿਛਲੇ 6 ਸਾਲਾਂ ਤੋਂ ਭਾਰਤੀ ਸੰਵਿਧਾਨ ਦੀ ਉਲੰਘਣਾ ਤੇ ਧਰਮ ਨਿਰਪੱਖ-ਲੋਕਰਾਜੀ ਕਦਰਾਂ-ਕੀਮਤਾਂ ਦਾ ਲਗਾਤਾਰ ਘਾਣ ਕਰਦੀ ਆ ਰਹੀ ਸੀ, ਉਸ ਦੀ ਦਾਨਵੀ ਰਫ਼ਤਾਰ ਨੂੰ ਇਸ ਕਿਸਾਨ ਅੰਦੋਲਨ ਨੇ ਇਕ ਦਮ ਰੋਕ ਕੇ ਸਰਕਾਰ ਦੇ ਮਾਰੂ ਇਰਾਦਿਆਂ ਨੂੰ ਜਨਤਾ ਦੀ ਕਚਿਹਰੀ ‘ਚ ਪੂਰੀ ਤਰ੍ਹਾਂ ਬੇਪਰਦ ਕਿਉਂ ਕਰ ਦਿੱਤਾ ਹੈ? ਪਹਿਲਾਂ ਤਾਂ ਇਹ ਕੂੜ ਪ੍ਰਚਾਰ ਕੀਤਾ ਗਿਆ ਕਿ ”ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੀ ਬਹੁਤ ਚਿੰਤਾ ਹੈ, ਇਸ ਲਈ ਉਨ੍ਹਾਂ ਦੀ ਦਸ਼ਾ ਸੁਧਾਰਣ ਲਈ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਏ ਗਏ ਹਨ।” ਇਸਦੇ ਉਤਰ ‘ਚ ਦੇਸ਼ ਦੇ ਬੁਧੀਜੀਵੀਆਂ, ਸੰਵਿਧਾਨਕ ਅਤੇ ਖੇਤੀ ਮਾਹਿਰਾਂ ਤੇ ਕਿਸਾਨ ਆਗੂਆਂ ਨੇ ਤੱਥਾਂ ਅਤੇ ਦਲੀਲਾਂ ਸਹਿਤ ਇਹ ਸਿੱਧ ਕੀਤਾ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੀ ਆਰਥਿਕ ਮੰਦਹਾਲੀ ‘ਚ ਨਾ ਤਾਂ ਕੋਈ ਸੁਧਾਰ ਹੋਣਾ ਹੈ ਤੇ ਨਾ ਹੀ ਕਿਸਾਨਾਂ ਦੇ ਹਕੀਕੀ ਨੁਮਾਇੰਦੇ ਕਿਸਾਨ ਸੰਗਠਨਾਂ ਨੇ ਅਜਿਹੇ ਘਾਤਕ ਕਾਨੂੰਨ ਘੜੇ ਜਾਣ ਦੀ ਮੰਗ ਹੀ ਕੀਤੀ ਸੀ। ਉਲਟਾ ਇਨ੍ਹਾਂ ਮਾਰੂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਾਰਪੋਰੇਟ ਘਰਾਣਿਆਂ ਦੇ ਖੇਤੀਬਾੜੀ ‘ਚ ਦਾਖਲੇ ਨਾਲ ਖੇਤੀ ਜਿਣਸਾਂ ਦੀ ਵਿਕਰੀ ਲਈ ਪ੍ਰਚੱਲਤ ਮੰਡੀਕਰਣ ਦੀ ਸਾਰੀ ਵਿਵਸਥਾ ਖਤਮ ਹੋ ਜਾਵੇਗੀ ਤੇ ਅੰਤਮ ਸਿੱਟੇ ਵਜੋਂ ਕਿਸਾਨਾਂ ਦੀ ਜ਼ਮੀਨ ‘ਤੇ ਕਾਰਪੋਰੇਟਾਂ ਦਾ ਕਬਜ਼ਾ ਹੋ ਜਾਵੇਗਾ ਨਾਲ ਹੀ ਖਾਧ ਪਦਾਰਥਾਂ ਦੇ ਭੰਡਾਰਨ ਦੀ ਸੀਮਾਂ ਤੇ ਲੱਗੀ ਪਾਬੰਦੀ ਦੇ ਖਾਤਮੇ ਨਾਲ ਖਾਧ ਪਦਾਰਥਾਂ ਦੀਆਂ ਕੀਮਤਾਂ ‘ਚ ਹੋਣ ਵਾਲਾ ਅਣ-ਕਿਆਸਿਆ ਵਾਧਾ ਜਨ ਸਧਾਰਣ ਨੂੰ ਤਬਾਹ ਕਰ ਦੇਵੇਗਾ। ਮੰਡੀਆਂ ਦੇ ਖਾਤਮੇ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਮਨ ਮਰਜ਼ੀ ਦੇ ਭਾਅ ਕਿਤੇ ਵੀ ਵੇਚਣ ਦੀ ‘ਆਜ਼ਾਦੀ’ ਅਸਲੀਅਤ ‘ਚ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਹੱਥੋਂ ਲੁੱਟੇ ਜਾਣ ਦੀ ‘ਆਜ਼ਾਦੀ’ ਹੈ। ਹੁਣ ਤਾਂ ਦੇਸ਼ ਦੇ ਲੋਕਾਂ ਸਾਹਮਣੇ ਇਹ ਤੱਥ ਪੂਰੀ ਤਰ੍ਹਾਂ ਉਜਾਗਰ ਹੋ ਗਿਆ ਕਿ ਦੇਸ਼ ਦਾ ਸੰਵਿਧਾਨ ਉਕਤ ਕਾਨੂੰਨ ਘੜਣ ਦੀ ਕੇਂਦਰ ਸਰਕਾਰ ਨੂੰ ਇਜ਼ਾਜ਼ਤ ਹੀ ਨਹੀਂ ਦਿੰਦਾ ਕਿਉਂਕਿ ਸੰਵਿਧਾਨ ਦੀ ਸਮਵਰਤੀ ਸੂਚੀ ਅਨੁਸਾਰ ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ ਨਾ ਕਿ ਕੇਂਦਰ ਦਾ। ਫਿਰ ਸੰਘੀ ਵਿਦਵਾਨਾਂ ਨੇ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ‘ਬੇਅਕਲ ਤੇ ਬੇਸਮਝ’ ਦੱਸ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ”ਉਨ੍ਹਾਂ ਨੂੰ ਤਾਂ ਇਨ੍ਹਾਂ ਕਾਨੂੰਨਾਂ ਦੇ ਲਾਭਾਂ ਬਾਰੇ ਜਾਣਕਾਰੀ ਹੀ ਨਹੀਂ ਹੈ।” ਧਰਮ ਨਿਰਪੱਖਤਾ ਦੇ ਅਸੂਲਾਂ ਤੇ ਜਮਹੂਰੀ ਲੀਹਾਂ ਉਪਰ, ਸ਼ਾਂਤੀਪੂਰਵਕ ਅੱਗੇ ਵੱਧ ਰਹੇ ‘ਧਰਤੀ ਜਾਇਆਂ’ ਦੇ ਇਸ ਹੱਕੀ ਅੰਦੋਲਨ ਨੂੰ ‘ਟੁਕੜੇ ਟੁਕੜੇ ਗੈਂਗ’, ‘ਮਾਓਵਾਦੀ’, ‘ਖਾਲਿਸਤਾਨੀ’, ਦੇਸ਼ ਧ੍ਰੋਹੀ’ ਤੇ ‘ਅਰਾਜਕਤਾਵਾਦੀ’ ਤੱਤਾਂ ਦੇ ਇਸ਼ਾਰਿਆਂ ‘ਤੇ ਪਾਕਿਸਤਾਨ ਤੇ ਚੀਨ ਦੇ ਪੈਸਿਆਂ ਨਾਲ ਚੱਲਣ ਵਾਲਾ ਦੱਸ ਕੇ ਬਦਨਾਮ ਕਰਨ ਦਾ ਯਤਨ ਕੀਤਾ ਗਿਆ। ਜਦੋਂ ਕਿਸਾਨ ਅੰਦੋਲਨ ਨੇ ਸਾਰੇ ਦੇਸ਼ ਦੇ ਕਿਸਾਨਾਂ ਤੇ ਦੂਸਰੇ ਮਿਹਨਤਕਸ਼ ਲੋਕਾਂ ਤੱਕ ਆਪਣੇ ਪੈਰ ਪਸਾਰ ਲਏ ਤੇ ਦੁਨੀਆਂ ਭਰ ਤੋਂ ਇਸ ਸੰਘਰਸ਼ ਬਾਰੇ ਹਮਦਰਦੀ ਭਰੀਆਂ ਆਵਾਜ਼ਾਂ ਉਠਣ ਲੱਗ ਪਈਆਂ, ਤਾਂ ਸੰਘ ਪ੍ਰਚਾਰਕਾਂ ਦਾ ਉਕਤ ਝੂਠ ਵੀ ਬੇਨਕਾਬ ਹੋ ਗਿਆ। ਇਸ ਤੋਂ ਬੌਖ਼ਲਾ ਕੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਧੰਨਵਾਦ ਦੇ ਮਤੇ ‘ਤੇ ਪਾਰਲੀਮੈਂਟ ‘ਚ ਬੋਲਦਿਆਂ ਇਸ ਅੰਦੋਲਨ ਨੂੰ ਵਿਦੇਸ਼ੀ ਤਬਾਹਕੁੰਨ ਵਿਚਾਰਧਾਰਾ (Foreign Distructive Ideology, FDI)) ਦੀ ਸੰਗਿਆ ਦੇ ਕੇ ਤਾਂ ਆਪਣੀ ‘ਵਿਦਵਤਾ’ ਦਾ ਜਨਾਜ਼ਾ ਹੀ ਕੱਢ ਦਿੱਤਾ। ਇਹ ਬਹੁਤ ਹੀ ਨੀਵੀਂ ਪੱਧਰ ਦਾ ਮਖੌਲ ਹੈ। ਆਜ਼ਾਦੀ ਦੀ ਜੰਗ ‘ਚ ਅੰਗਰੇਜ਼ੀ ਸਾਮਰਾਜ ਦਾ ਸਾਥ ਦੇਣ ਵਾਲੇ ਸੰਗਠਨ ਦਾ ਅਨੁਆਈ ਪ੍ਰਧਾਨ ਮੰਤਰੀ ਮੋਦੀ ਇਹ ਵੀ ਨਹੀਂ ਜਾਣਦਾ ਕਿ ਜ਼ੁਲਮ ਦੇ ਵਿਰੁੱਧ ਖੜੇ ਹੋ ਕੇ ਸੰਘਰਸ਼ ਕਰਨ ਦੀ ਸ਼ਾਨਦਾਰ ਪ੍ਰੰਪਰਾ ਦੇ ਬੀਜ ਸਦੀਆਂ ਪਹਿਲਾਂ ਭਾਰਤ ਦੀ ਧਰਤੀ ਉਪਰ ਹੀ ਬੀਜੇ ਗਏ ਸਨ। ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਕਰਨ ਤੇ ਹਾਕਮਾਂ ਵਲੋਂ ਕੀਤੇ ਹਰ ਜਬਰ ਦਾ ਬਹਾਦਰੀ ਨਾਲ ਟਾਕਰਾ ਕਰਨ ਵਾਲੇ ਇਸ ਧਰਤੀ ‘ਤੇ ਪੈਦਾ ਹੋਏ ਮਹਾਨ ਗੁਰੂਆਂ, ਯੋਧਿਆਂ, ਸਮਾਜ ਸੁਧਾਰਕਾਂ, ਦੇਸ਼ ਭਗਤਾਂ ਤੇ ਕ੍ਰਾਂਤੀਕਾਰੀਆਂ ਦੇ ਇਤਿਹਾਸ ਪੜ੍ਹਨ ਦਾ ਮੌਕਾ ਮੋਦੀ ਸਾਹਿਬ ਨੂੰ ਕਿਥੇ ਮਿਲਿਆ ਹੋਣਾ ਹੈ! ਇਹ ‘ਮਹਾਂਪੁਰਖ’ ਤਾਂ ‘ਮਨੂੰ ਸਿਮਰਤੀ’ ਦੇ ਸਫ਼ੇ ਫੋਲਣ ਤੱਕ ਹੀ ਸੀਮਤ ਰਿਹਾ ਜਾਪਦਾ ਹੈ! ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ‘ਚ ਪੀੜਤ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਿਰ ਕਰਦਿਆਂ ‘ਰੱਬ’ ਨੂੰ ਵੀ ਉਲਾਂਭੇ ਦੇਣ ਦੀ ਜ਼ੁਰਅਤ ਕੀਤੀ ਤੇ ਵਿਦੇਸ਼ੀ ਹਮਲਾਵਰਾਂ ਦੀਆਂ ਮਾਨਵਤਾ ਵਿਰੋਧੀ ਕਾਰਵਾਈਆਂ ਦੇ ਪਰਖੱਚੇ ਉਡਾ ਦਿੱਤੇ। ਪੂਰਨ ਆਜ਼ਾਦੀ ਦੀ ਮੰਗ ਕਰਨ ਵਾਲੀ ਕੂਕਾ ਲਹਿਰ ਤੇ ਗ਼ਦਰ ਪਾਰਟੀ ਨੇ ਸਾਮਰਾਜ ਦੀ ਗੁਲਾਮੀ ਦੇ ਸੰਗਲ ਲਾਹੁਣ ਵਾਸਤੇ ਆਪਣੇ ਇਤਿਹਾਸ ਦੀ ਜੁਝਾਰੂ ਵਿਰਾਸਤ ਨੂੰ ਅੱਗੇ ਤੋਰਿਆ। ਗ਼ਦਰ ਪਾਰਟੀ ਦੀ ਸਥਾਪਨਾ ਭਾਵੇਂ ਵਿਦੇਸ਼ੀ ਧਰਤੀ, ਅਮਰੀਕਾ ‘ਚ ਹੋਈ, ਪ੍ਰੰਤੂ ਆਜ਼ਾਦੀ ਪ੍ਰਾਪਤੀ ਲਈ ਜਾਨਾਂ ਵਾਰਨ ਦੀ ਸਿੱਖਿਆ ਤੇ ਪ੍ਰੇਰਨਾ ਇਸ ਵੱਲੋਂ ਸਿੱਖ ਲਹਿਰ ਦੇ ਮਹਾਨ ਗੁਰੂਆਂ ਦੀਆਂ ਸ਼ਹਾਦਤਾਂ ਤੋਂ ਹਾਸਲ ਕੀਤੀ ਗਈ। ਅਨਿਆਂ ਵਿਰੁੱਧ ਸੰਘਰਸ਼ ਕਰਨ ਦੀ ਪ੍ਰੰਪਰਾ ਨੂੰ ਜਲਿਆਂਵਾਲੇ ਬਾਗ ਦੇ ਸ਼ਹੀਦਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਸਦੇ ਜੋਟੀਦਾਰਾਂ ਨੇ ਹੋਰ ਅੱਗੇ ਵਧਾਉਂਦਿਆਂ ਹੋਇਆਂ ਫਾਂਸੀਆਂ ਦੇ ਰੱਸਿਆਂ ਨੂੰ ਹੱਸਦਿਆਂ-ਹੱਸਦਿਆਂ ਚੁੰਮ ਕੇ ਆਪਣੇ ਗਲਾਂ ‘ਚ ਪਾਇਆ।
ਮੌਜੂਦਾ ਕਿਸਾਨ ਸੰਘਰਸ਼, ਕਿਸਾਨਾਂ ਦੀ ਪਿੱਠ ਪਿੱਛੇ ਕਾਰਪੋਰੇਟ ਘਰਾਣਿਆਂ ਨਾਲ ਪਾਈ ਦੋਸਤੀ ਦਾ ਇਵਜ਼ਾਨਾ ਮੋੜਨ ਲਈ ਮੋਦੀ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ ਕਿਸਾਨੀ ਜਿਣਸਾਂ ਦੇ ਘੱਟੋ ਘੱਟ ਭਾਅ ਨੂੰ ਯਕੀਨੀ ਬਣਾਉਣ ਵਾਸਤੇ ਕਾਨੂੰਨੀ ਜਾਮਾ ਪਹਿਨਾਉਣ ਲਈ ਲੜਿਆ ਜਾ ਰਿਹਾ ਹੈ। ਬਿਨਾਂ ਸ਼ੱਕ ਇਹ ਸੰਘਰਸ਼ ਵੀ ਭਾਰਤ ਦੇ ਇਤਿਹਾਸ ਦੀਆਂ ਉਪਰ ਬਿਆਨੀਆਂ ਜੁਝਾਰੂ ਰਵਾਇਤਾਂ ਨੂੰ ਅਗਾਂਹ ਤੋਰਨ ਦੀ ਕੜੀ ਦਾ ਅਹਿਮ ਹਿੱਸਾ ਹੈ। ਫ਼ਾਸ਼ੀਵਾਦੀ ਕੇਂਦਰੀ ਅਤੇ ਸੂਬਾਈ ਸਰਕਾਰਾਂ ਵਲੋਂ ਇਸ ਅੰਦੋਲਨ ਨੂੰ ਗੰਦੇ ਪਾਣੀ ਦੀਆਂ ਬੁਛਾੜਾਂ, ਟੀਅਰ ਗੈਸ ਦੇ ਗੋਲਿਆਂ, ਲਾਠੀਆਂ ਤੇ ਜੇਲ੍ਹੀਂ ਡੱਕਣ ਵਰਗੇ ਘਟੀਆ ਹੱਥਕੰਡਿਆਂ ਨਾਲ ਥੰਮਣ ਦਾ ਯਤਨ ਕੀਤਾ ਜਾ ਰਿਹਾ ਹੈ। ਆਰ.ਐਸ.ਐਸ. ਦੇ ਲੱਠਮਾਰ ਗੁੰਡਿਆਂ ਵਲੋਂ, ਪੁਲਸ ਦੀਆਂ ਵਰਦੀਆਂ ਪਾ ਕੇ, 27-28 ਜਨਵਰੀ ਨੂੰ ਦਿੱਲੀ ਦੇ ਬਾਰਡਰਾਂ ਉਪਰ ਪੁਰਅਮਨ ਧਰਨਾ ਲਾਈ ਬੈਠੇ ਕਿਸਾਨਾਂ ਉਤੇ ਜੋ ਹਮਲਾ ਕੀਤਾ ਗਿਆ (ਜਿਸ ਨੂੰ ਟੀ.ਵੀ. ਚੈਨਲਾਂ ਉਪਰ ਵਿਖਾਇਆ ਗਿਆ), ਉਹ ਸੰਘ ਤੇ ਮੋਦੀ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਦਰਸਾਉਣ ਲਈ ਕਾਫੀ ਹੈ। ਹੁਣ ਪ੍ਰਧਾਨ ਮੰਤਰੀ ਜੀ ਕਿਸਾਨਾਂ ਦੇ ਇਸ ਹੱਕੀ ਘੋਲ ਨੂੰ ‘ਵਿਦੇਸ਼ੀ ਤਬਾਹਕੁੰਨ ਵਿਚਾਰਧਾਰਾ’ ਦਾ ਨਾਮ ਦੇਣ ਦੀ ਹਮਾਕਤ ਕਰ ਰਹੇ ਹਨ। ਇਸਦਾ ਅਰਥ ‘ਵਿਦੇਸ਼ੀ ਪੈਸਾ’ਲਿਆ ਜਾਵੇ ਜਾਂ ‘ਹਮਾਇਤ’, ਇਹ ਤਾਂ ਪ੍ਰਧਾਨ ਮੰਤਰੀ ਜੀ ਖ਼ੁਦ ਹੀ ਬਿਹਤਰ ਦੱਸ ਸਕਦੇ ਹਨ! ਅਸਲ ‘ਚ ਇਹ ‘ਸਨਮਾਨ ਪੱਤਰ’ ਤਾਂ ਪ੍ਰਧਾਨ ਮੰਤਰੀ ਤੇ ਉਸਦੇ ਸਹਿਯੋਗੀਆਂ ਨੂੰ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨੇ ਜਰਮਨ ਦੇ ਅਡੌਲਫ ਹਿਟਲਰ ਦੀ ਫਾਸ਼ੀ ਵਿਚਾਰਧਾਰਾ ‘ਚੋਂ ਉਪਜੀ ਜ਼ੁਲਮ ਕਰਨ ਦੀ ਵਿਧੀ ਨੂੰ ਅਪਣਾ ਕੇ ਭਾਰਤੀ ਲੋਕਾਂ ਦਾ ਸ਼ਿਕਾਰ ਕਰਨ ਦਾ ਰਾਹ ਫੜ੍ਹਿਆ ਹੈ। ਆਪਣੇ ਹੱਕਾਂ ਦੀ ਰਾਖੀ ਲਈ ਤੇ ਹੁਕਮਰਾਨਾਂ ਦੇ ਜ਼ੁਲਮਾਂ ਵਿਰੁੱਧ ਜੂਝ ਰਹੇ ਸੰਘਰਸ਼ਸ਼ੀਲ ਲੋਕਾਂ ਦਾ ਮਖੌਲ ਉਡਾਉਂਦਿਆਂ ਮੋਦੀ ‘ਸਾਹਿਬ’ ਨੇ ਉਨ੍ਹਾਂ ਨੂੰ ‘ਅੰਦੋਲਨਜੀਵੀ’ ਗਰਦਾਨਿਆ ਹੈ। ਜਿਥੇ ਦੇਸ਼ ਦੇ ਕਰੋੜਾਂ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਕਸ਼ ਲੋਕਾਂ ਨੂੰ ਹੱਕ ਸੱਚ ਲਈ ”ਅੰਦੋਲਨਜੀਵੀ” ਹੋਣ ‘ਤੇ ਮਾਣ ਹੈ, ਉਥੇ ਸ਼ਾਇਦ ਇਸ ‘ਮਾਣ’ ਨੂੰ ‘ਅਪਮਾਨ’ ਸਮਝ ਕੇ ਹੀ ਆਰ.ਐਸ.ਐਸ. ਨੇ ਪਹਿਲਾਂ ਆਜ਼ਾਦੀ ਦੀ ਜੰਗ ‘ਚ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਆਜ਼ਾਦੀ ਮਿਲਣ ਤੋਂ ਬਾਅਦ ਕਦੀ ਕਿਰਤੀ ਲੋਕਾਂ ਦੇ ਹੱਕ ‘ਚ ‘ਹਾਅ ਦਾ ਨਾਅਰਾ’ ਵੀ ਨਹੀਂ ਮਾਰਿਆ। ਇਸ ਸਮਝਦਾਰੀ ਲਈ ਪ੍ਰਧਾਨ ਮੰਤਰੀ ਜੀ ਤੇ ਉਨ੍ਹਾਂ ਦੇ ਨਾਗਪੁਰੀ ਆਕਾਵਾਂ ਨੂੰ ਮੁਬਾਰਕਾਂ।
ਆਰ.ਐਸ.ਐਸ. ਤੇ ਭਾਜਪਾ ਆਗੂ ਝੂਠ ਬੋਲਣ ਤੇ ਦੋਗਲੀ ਗੱਲ ਕਰਨ ‘ਚ ਕਿੰਨੇ ਮਾਹਰ ਹਨ, ਇਸ ਦਾ ਅਸਲ ਅੰਦਾਜ਼ਾ ਇਸ ਕਿਸਾਨ ਅੰਦੋਲਨ ਬਾਰੇ ਇਨ੍ਹਾਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਖ਼ੂਬੀ ਲਗਾਇਆ ਜਾ ਸਕਦਾ ਹੈ। ”ਖੇਤੀਬਾੜੀ ਨਾਲ ਸੰਬੰਧਤ ਤਿੰਨੇ ਕਾਨੂੰਨ ਦੋ ਵਰ੍ਹੇ ਸਸਪੈਂਡ ਰੱਖ ਕੇ 14 ਨੁਕਤਿਆਂ ‘ਚੋਂ 12 ਦੀ ਸੁਧਾਈ ਕਰਨ ਦੀ ਪੇਸ਼ਕਸ਼ ਕਰਨੀ, ਇਹ ਕਹਿਣਾ ਕਿ ਕਿਸਾਨ ਨੇਤਾ ਹਨ ਤਾਂ ਦੇਸ਼ਧ੍ਰੋਹੀ ਪ੍ਰੰਤੂ ਫਿਰ ਵੀ ਸਰਕਾਰ ਉਨ੍ਹਾਂ ਨਾਲ ਕਿਸੇ ਸਮੇਂ ਵੀ ਗੱਲ ਬਾਤ ਲਈ ਤਿਆਰ ਹੈ, ਕਿਸਾਨਾਂ ਤੇ ਉਨ੍ਹਾਂ ਦੇ ਨੇਤਾਵਾਂ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਕੋਈ ਗਿਆਨ ਹੀ ਨਹੀਂ ਤੇ ਨਾ ਹੀ ਉਹ ਕਿਸੇ ਗਲਤ ਨੁਕਤੇ ਉਪਰ ਉਂਗਲ ਧਰਦੇ ਹਨ, ਪ੍ਰੰਤੂ ਸਰਕਾਰ ਕਾਨੂੰਨ ਦੇ ਬਾਹਰੀ ਡੱਬੇ ਤੋਂ ਬਿਨਾਂ ਇਸ ਵਿਚਲੇ ਸਾਰੇ ਫੋਕਟ ਨੂੰ ਬਦਲਣ ਲਈ ਤਿਆਰ ਹੈ ਦਾ ਰਾਗ ਅਲਾਪਣਾ, ਗੱਲਬਾਤ ਲਈ ਦਰਵਾਜ਼ੇ ਖੁੱਲ੍ਹੇ ਪ੍ਰੰਤੂ ਪਹਿਲਾਂ ਕਿਸਾਨ ਅੰਦੋਲਨ ਨੂੰ ਖਤਮ ਕਰਨ” ਜਿਹੀਆਂ ਦੰਭੀ ਪੇਸ਼ਕਸ਼ਾਂ ਕਰਨੀਆਂ, ਇਹੋ ਹੈ ਸੰਘ ਤੇ ਮੋਦੀ ਸਰਕਾਰ ਦੇ ਨਾਗਪੁਰੀ ਕੂੜ ਪ੍ਰਚਾਰ ਕਾਰਖਾਨੇ ਦਾ ਕੱਚ-ਸੱਚ।
ਜਿਨ੍ਹਾਂ ਤਿੰਨ ਕਾਨੂੰਨਾਂ ਨੂੰ ਕਰੋਨਾ ਕਾਲ ‘ਚ ਬਿਨਾਂ ਕਿਸੇ ਜ਼ਰੂਰਤ ਤੇ ਗੈਰ ਸੰਵਿਧਾਨਕ ਢੰਗ ਨਾਲ ਪਾਸ ਕੀਤਾ ਗਿਆ ਹੈ, ਜੇਕਰ ਪੰਜਾਬ ਦੀ ਧਰਤੀ ਤੋਂ ਉਠਿਆ ਅੰਦੋਲਨ ਏਨਾ ਵਿਰਾਟ ਰੂਪ ਧਾਰਨ ਨਾ ਕਰਦਾ ਤਾਂ ਮੋਦੀ ਸਰਕਾਰ ਨਾ ਤਾਂ ਕਿਸਾਨ ਆਗੂਆਂ ਨਾਲ 12 ਗੇੜ ਦੀ ਗੱਲਬਾਤ ਕਰਦੀ ਤੇ ਨਾ ਹੀ ਪ੍ਰਧਾਨ ਮੰਤਰੀ ਪਾਰਲੀਮੈਂਟ ‘ਚ ਅੰਦੋਲਨਕਾਰੀਆਂ ਦੀਆਂ ਜਾਇਜ਼ ਮੰਗਾਂ ਵਾਸਤੇ ਗੱਲਬਾਤ ਦਾ ਸੱਦਾ (ਭਾਵੇਂ ਧੋਖਾ ਭਰਿਆ ਹੀ ਸਹੀ) ਦਿੰਦੇ। ਆਪਣੇ ਕਾਰਜਕਾਲ ਦੌਰਾਨ ਕੀ ਮੋਦੀ ਜੀ ਇਕ ਵੀ ਉਦਾਹਰਣ ਦੇ ਸਕਦੇ ਹਨ, ਜਦੋਂ ਅੰਦੋਲਨਕਾਰੀਆਂ ਨੂੰ ਕੁੱਟਣ ਤੇ ਦਬਾਉਣ ਤੋਂ ਸਿਵਾਏ ਉਨ੍ਹਾਂ ਨਾਲ ਸਰਕਾਰ ਨੇ ਕਦੀ ਗਲਬਾਤ ਦਾ ਰਾਹ ਚੁਣਿਆ ਹੋਵੇ? ਇਹ ਵੀ ਕਮਾਲ ਹੀ ਸਮਝੋ ਕਿ ਤਿੰਨਾਂ ਕਾਨੂੰਨਾਂ ਦੀ ਵਾਪਸੀ ਨਾਲ ਮੋਦੀ ਸਰਕਾਰ ਤੇ ਕਿਸਾਨਾਂ ਦਾ ਇਕ ਪੈਸੇ ਦਾ ਵੀ ਨੁਕਸਾਨ ਨਹੀਂ ਹੋਣਾ। ਹਾਂ, ਕਾਰਪੋਰੇਟ ਘਰਾਣਿਆਂ ਨੂੰ ਹੋਰ ਮੁਨਾਫ਼ੇ ਕਮਾਉਣ ਤੋਂ ਪੱਕੇ ਤੌਰ ‘ਤੇ ਰੁਕਣਾ ਜਾਂ ਘੱਟੋ ਘੱਟ ਕੁਝ ਹੋਰ ਸਮੇਂ ਲਈ ਉਬਾਸੀਆਂ ਜ਼ਰੂਰ ਲੈਣੀਆਂ ਪੈ ਸਕਦੀਆਂ ਹਨ!
ਜੇਕਰ ਮੋਦੀ ਜੀ ਅਮਰੀਕਾ ਜਾ ਕੇ ਪ੍ਰਧਾਨਗੀ ਦੇ ਉਮੀਦਵਾਰ ਡੋਨਾਲਡ ਟਰੰਪ ਲਈ ਵੋਟਾਂ ਮੰਗਦੇ ਹਨ ਤੇ ਉਸੇ ਅੱਤ ਦੇ ਅਰਾਜਕਤਾਵਾਦੀ ਤੇ ਝੂਠੇ ਉਮੀਦਵਾਰ ਨੂੰ ਗੁਜਰਾਤ ਦੀ ਧਰਤੀ ‘ਤੇ ਲੋਕਾਂ ਦੇ ਇਕੱਠ ਸਾਹਮਣੇ ਅਮਰੀਕਾ ਵੱਸਦੇ ਭਾਰਤੀਆਂ, ਖਾਸਕਰ ਗੁਜਰਾਤੀਆਂ ਦੀਆਂ ਵੋਟਾਂ ਦਾ ਭਰੋਸਾ ਦੁਆਉਂਦੇ ਹਨ, ਤਾਂ ਇਹ ‘ਦੇਸ਼ ਭਗਤੀ’ ਤੇ ਮੋਦੀ ਦੀ ਮਹਾਨਤਾ ਦਾ ਪ੍ਰਗਟਾਵਾ ਹੈ! ਪ੍ਰੰਤੂ ਹੱਕ ਸੱਚ ਲਈ ਸਿਆਲ ਦੀਆਂ ਕੱਕਰੀਆਂ ਰਾਤਾਂ ‘ਚ ਟਰਾਲੀਆਂ ਵਿਚ ਰਾਤਾਂ ਗੁਜ਼ਾਰਦੇ ਲੱਖਾਂ ਕਿਸਾਨਾਂ ਲਈ ਜੇਕਰ ਕੋਈ ਵਿਦੇਸ਼ੀ ਵਿਅਕਤੀ ਜਾਂ ਸੰਗਠਨ ਅਵਾਜ਼ ਉਠਾਉਂਦਾ ਹੈ, ਤਾਂ ਇਹ ਅੰਦੋਲਨ ਵਿਦੇਸ਼ੀ ਤਾਕਤਾਂ ਦੀ ਸ਼ਹਿ ‘ਤੇ ਕੀਤਾ ਜਾਣ ਵਾਲਾ ‘ਦੇਸ਼ ਧ੍ਰੋਹੀ’ ਅੰਦੋਲਨ ਹੈ। ਏਨਾ ਕੁਫ਼ਰ ਤੋਲਣਾ ਤਾਂ ਸੰਘ ਦੀ ਨਾਗਪੁਰੀ ਯੂਨੀਵਰਸਿਟੀ ‘ਚ ‘ਵਿਦਿਆ’ ਹਾਸਲ ਕਰਨ ਵਾਲੇ ਕਿਸੇ ‘ਵਿਦਵਾਨ’ ਦਾ ‘ਕਾਰਨਾਮਾ’ ਹੀ ਹੋ ਸਕਦਾ ਹੈ!
ਖੈਰ, ਕਿਸਾਨ ਅੰਦੋਲਨ ਨਿੱਤ ਨਵੀਆਂ ਸਿਖਰਾਂ ਛੂਹ ਰਿਹਾ ਹੈ। ਇਸਦੀ ਵਿਧਾਨਕ, ਰਾਜਨੀਤਕ, ਆਰਥਿਕ ਤੇ ਸਦਾਚਾਰਕ ਪ੍ਰਮਾਣਿਕਤਾ ਸਥਾਪਤ ਹੋ ਚੁੱਕੀ ਹੈ। ਸੰਘ ਪਰਿਵਾਰ ਦੇ ਸਾਰੇ ਹੱਥਕੰਡੇ ਅਜੇ ਤੱਕ ਅਸਫਲ ਰਹੇ ਹਨ। ‘ਗੋਦੀ ਮੀਡੀਆ’, ਅੰਨ੍ਹੀ ਮੋਦੀ ਭਗਤੀ ਕਾਰਨ ਬਹੁ ਗਿਣਤੀ ਦਰਸ਼ਕਾਂ/ਪਾਠਕਾਂ ਲਈ ਘਿਰਣਾ ਦਾ ਪਾਤਰ ਬਣ ਚੁੱਕਾ ਹੈ। ਮੋਦੀ ਸਰਕਾਰ ਰਾਜਸੀ ਤੇ ਨੈਤਿਕ ਤੌਰ ਤੇ ਜਨਤਾ ਦੀ ਕਚਿਹਰੀ ‘ਚ ਹਾਰ ਚੁੱਕੀ ਹੈ ਤੇ ਪਾਰਲੀਮੈਂਟ ‘ਚ ਭਾਜਪਾ ਦਾ ਬਹੁਮਤ ਲੋਕਾਂ ਦੀ ‘ਮਹਾਂ ਕਚਿਹਰੀ’ ‘ਚ ਆਪਣੀ ਹਸਤੀ ਨੂੰ ਅਤਿ ਕਮਜ਼ੋਰ ਕਰ ਚੁੱਕਾ ਹੈ। ਫਿਰ ਵੀ ਕੇਂਦਰੀ ਸਰਕਾਰ ਆਪਣੇ ਹਥਠੋਕਿਆਂ, ਸਰਕਾਰ ਤੇ ਜ਼ਰਖ਼ਰੀਦ ਪ੍ਰਚਾਰ ਸਾਧਨਾਂ ਤੇ ਸ਼ਰਾਰਤੀ ਲੋਕਾਂ ਰਾਹੀਂ ਕੋਈ ਗਲਤ ਕਾਰਵਾਈ ਕਰਵਾ ਕੇ ਕਿਸਾਨ ਘੋਲ ਨੂੰ ਬਦਨਾਮ ਕਰਨ ਦਾ ਛਡਯੰਤਰ ਜਾਰੀ ਰੱਖੇਗੀ। ਇਹ ਜ਼ਿੰਮਾ ਸਾਡਾ ਹੈ ਕਿ ਅਸੀਂ ਮੋਦੀ ਸਰਕਾਰ ਤੇ ਇਸਦੀਆਂ ਸੂਹੀਆ ਏਜੰਸੀਆਂ ਵਲੋਂ ਅੰਦੋਲਨ ਵਿਰੁੱਧ ਵਿਛਾਏ ਜਾਂਦੇ ਹਰ ਜਾਲ ਦੀ ਹਕੀਕਤ ਨੂੰ ਗੰਭੀਰਤਾ ਨਾਲ ਘੋਖੀਏ ਤੇ ਪੂਰਨ ਏਕਤਾ ਕਾਇਮ ਰੱਖਦਿਆਂ, ਸ਼ਾਂਤੀਪੂਰਨ ਤੇ ਅਨੁਸ਼ਾਸ਼ਤ ਰਹਿੰਦਿਆਂ, ਵਧੇਰੇ ਤੋਂ ਵਧੇਰੇ ਲੋਕਾਂ ਨੂੰ ਆਪਣੇ ਕਲਾਵੇ ‘ਚ ਲੈਂਦੇ ਹੋਏ ਲੰਬੇ ਸਮੇਂ ਲਈ ਸਬਰ ਤੇ ਸਿਦਕ ਨਾਲ ਕਿਸਾਨ ਅੰਦੋਲਨ ਨੂੰ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ‘ਚ ਕੋਈ ਕਸਰ ਬਾਕੀ ਨਾ ਛੱਡੀਏ।
ਜਨਰਲ ਸਕੱਤਰ,
ਜਮਹੂਰੀ ਕਿਸਾਨ ਸਭਾ ਪੰਜਾਬ -

ਕਿਰਤੀ-ਕਰਮਚਾਰੀ ਸੰਘਰਸ਼ ਕਿਸਾਨ ਮੋਰਚਾ ਅਤੇ ਭਵਿੱਖੀ ਚੁਣੌਤੀਆਂ
ਹਰਕੰਵਲ ਸਿੰਘ
ਮੌਜੂਦਾ ‘ਨਵਉਦਾਰਵਾਦੀ ਵਿਸ਼ਵ ਨਿਜਾਮ’, ਜਿਸ ਦੇ ਕੁੰਜੀ ਮੁਖਤਿਆਰ ਸੰਸਾਰ ਦੇ ਸਾਮਰਾਜੀ ਦੇਸ਼ ਹਨ, ਦੁਨੀਆਂ ਦੇ ਸਾਰੇ ਦੇਸ਼ਾਂ, ਖਾਸ ਕਰਕੇ ਨਵੇਂ ਆਜ਼ਾਦ ਹੋਏ ਜਾਂ ਵਿਕਾਸ ਸ਼ੀਲ ਦੇਸ਼ਾਂ ਵਿੱਚ, ਆਪਣੀਆਂ ਤਰਜੀਹਾਂ ਅਨੁਸਾਰ ਫੈਸਲੇ ਕਰਵਾ ਰਿਹਾ ਹੈ ਅਤੇ ਮਨ ਮਰਜ਼ੀ ਦੀਆਂ ਨੀਤੀਆਂ ਠੋਸ ਰਿਹਾ ਹੈ।
ਉਕਤ ਦੇਸ਼ਾਂ ਦੀਆਂ ਹਾਕਮ ਜਮਾਤਾਂ, ਜੋ ਅਜੋਕੇ ਸੰਸਾਰ ਨਿਜਾਮ ਨਾਲ ਘਿਉ-ਖਿਚੜੀ ਹਨ, ਦੀ ਨੁਮਾਇੰਦਗੀ ਕਰਦੀਆਂ ਸਰਕਾਰਾਂ, ਇਨ੍ਹਾਂ ਦੇਸ਼ਾਂ ਦੀ ਲੋਕਾਈ ਦੇ ਹਿੱਤਾਂ ਨੂੰ ਗੰਭੀਰ ਸੱਟ ਮਾਰਨ ਵਾਲੀਆਂ ਉਕਤ ਨੀਤੀਆਂ ਲਾਗੂ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ।
ਉਕਤ ਨੀਤੀ ਚੌਖਟੇ ਦਾ ਮੁੱਖ ਉਦੇਸ਼, ਵਿਸ਼ਵੀ ਅਤੇ ਸਥਾਨਕ ਕਾਰਪੋਰੇਟ ਘਰਾਣਿਆਂ ਦੇ ਨਾਪਾਕ ਗਠਜੋੜ ਵੱਲੋਂ, ਇਨ੍ਹਾਂ ਦੇਸ਼ਾਂ ਦੇ ਕੁਦਰਤੀ ਸੰਸਾਧਨਾਂ ਅਤੇ ਲੋਕਾਈ ਦੀ ਬੇਕਿਰਕ ਲੁੱਟ ਰਾਹੀਂ, ਬੇਬਹਾ ਮੁਨਾਫੇ ਕਮਾਉਣ ਅਤੇ ਪੂੰਜੀ ਇਕੱਤਰ ਕਰਨ ਦਾ ਰਾਹ ਪੱਧਰਾ ਕਰਨਾ ਹੈ।
ਸਾਡੇ ਦੇਸ਼ ਭਾਰਤ ਦੀ ਲੋਕਾਈ ਵੀ ਇਸ ਬੇਰਹਿਮ ਨੀਤੀ ਚੌਖਟੇ ਦੇ ਮਾਰੂ ਹੱਲਿਆਂ ਦਾ ਡੰਗ ਝੱਲਣ ਲਈ ਮਜ਼ਬੂਰ ਹੈ। 1992 ਤੋਂ ਦਿੱਲੀ ਦੀ ਰਾਜ ਗੱਦੀ ‘ਤੇ ਕਾਬਜ਼ ਹੁੰਦੀਆਂ ਰਹੀਆਂ ਸਾਰੀਆਂ ਸਰਕਾਰਾਂ ਨੇ ‘ਨਿੱਜੀਕਰਨ, ਸੰਸਾਰੀਕਰਨ, ਉਦਾਰੀਕਰਨ’ ਦੇ ਖਾਸੇ ਵਾਲੀਆਂ, ਵਿੱਤੀ ਪੂੰਜੀ ਦੇ ਲੁਟੇਰੇ ਹਿਤਾਂ ਦੇ ਮੇਚਵੀਆਂ ਨੀਤੀਆਂ ਨੂੰ ਇੱਕ- ਦੂਜੀ ਤੋਂ ਵੱਧ ਤਤਪਰਤਾ ਨਾਲ ਲਾਗੂ ਕੀਤਾ ਹੈ। ਪਰ ਇਸ ਦਿਸ਼ਾ ਵਿਚ ਮੋਦੀ ਸਰਕਾਰ ਦੀ ਦੌੜ ਇੰਨੀ ਤੇਜ਼ ਹੈ ਕਿ ਸੁਤੰਤਰਤਾ ਸੰਗਰਾਮ ਤੋਂ ਬਾਅਦ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਹੂੰਝਾ ਫਿਰਦਾ ਜਾ ਰਿਹਾ ਹੈ।
ਲੋਕਾਈ ਨੂੰ ਭਰਮਾਉਣ ਲਈ ਇਨ੍ਹਾਂ ਨੀਤੀਆਂ ਨੂੰ ‘ਆਰਥਕ ਸੁਧਾਰ’ ਜਾਂ ‘ਢਾਂਚਾਗਤ ਸੁਧਾਰ’ ਆਦਿ ਲੁਭਾਉਣੇ ਨਾਵਾਂ ਹੇਠ ਦੇਸ਼ ਦੀਆਂ ਸਾਰੀਆਂ ਮੁਸ਼ਕਿਲਾਂ ਦੇ ਇੱਕੋ-ਇੱਕ ਰਾਮ ਬਾਣ ਵਰਗੇ ਇਲਾਜ ਦੇ ਤੌਰ ‘ਤੇ ਖੂਬ ਪ੍ਰਚਾਰਿਆ ਗਿਆ। ਇਹ ਵੀ ਸੱਚ ਹੈ ਕਿ ਦੇਸ਼ ਦੇ ਲੋਕੀਂ, ਖਾਸ ਕਰਕੇ ਮੱਧ ਵਰਗ ਸ਼ੁਰੂ-ਸ਼ੁਰੂ ਵਿਚ ਇਸ ਕੂੜ ਪ੍ਰਚਾਰ ਦੀ ਚਕਾਚੌਂਧ ਤੋਂ ਵੱਡੀ ਹੱਦ ਤੱਕ ਪ੍ਰਭਾਵਿਤ ਵੀ ਹੋਇਆ।
ਪਰ ਬੀਤੇ ਤਿੰਨ ਦਹਾਕਿਆਂ ਦਾ ਕਰੂਰ ਸੱਚ ਇਹ ਹੈ ਕਿ ਇਨ੍ਹਾਂ ਨੀਤੀਆਂ ਨੇ ਦੇਸ਼ ਨੂੰ ਹਰ ਖੇਤਰ ਵਿੱਚ ਅੰਦਰੋ-ਅੰਦਰੀ ਬੁਰੀ ਤਰ੍ਹਾਂ ਖੋਖਲਾ ਕਰ ਦਿੱਤਾ ਹੈ।
ਲੋਕਾਂ, ਖਾਸ ਕਰਕੇ ਤਾਜੀ ਕਮਾ ਕੇ ਖਾਣ ਵਾਲੇ ਕਿਰਤੀਆਂ, ਛੋਟੇ ਤੇ ਸੀਮਾਂਤਕ ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਦੀ ਹਾਲਤ ਪਾਣੀਓਂ ਪਤਲੀ ਕਰ ਦਿੱਤੀ ਹੈ। ਗਰੀਬ ਲੋਕ ਟੈਕਸਾਂ ਦੀ ਮਾਰ ਝੱਲ ਰਹੇ ਹਨ ਅਤੇ ਕਾਰਪੋਰੇਟ ਟੈਕਸ ਛੋਟਾਂ ਦਾ ਆਨੰਦ ਮਾਣ ਰਹੇ ਹਨ।
ਸਰਕਾਰਾਂ ਦੀ ਗੁੱਝੀ ਇਮਦਾਦ ਨਾਲ ਅਨੇਕਾਂ ਫਰਾਡੀਏ ਬੈਕਾਂ ਦੇ ਲੱਖਾਂ ਕਰੋੜ ਰੁਪਏ ਹੜੱਪ ਕੇ ਵਿਦੇਸ਼ਾਂ ਨੂੰ ਦੌੜ ਗਏ ਹਨ ਅਤੇ ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ‘ਚੋਂ ਫੂਹੀ-ਫੂਹੀ ਕਰਕੇ ਜੋੜੀਆਂ ਰਕਮਾਂ ਬੈਂਕਾਂ ਚੋਂ ਕਢਵਾਉਣ ਲਈ ਮਾਰੇ-ਮਾਰੇ ਫਿਰ ਰਹੇ ਹਨ।
ਨਿੱਜੀਕਰਨ ਰਾਹੀਂ ਸਿੱਖਿਆ, ਸਿਹਤ ਸੇਵਾਵਾਂ, ਬਿਜਲੀ ਆਦਿ ਜਰੂਰੀ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।
ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਰੋਜ਼ ਦਾ ਵਰਤਾਰਾ ਬਣ ਗਿਆ ਹੈ।
ਰਹਿੰਦੀ ਕਸਰ ਉਪਭੋਗਤਾ ਵਸਤਾਂ ਦੇ ਬੇਲਗਾਮ ਕੀਮਤ ਵਾਧੇ ਨੇ ਕੱਢ ਦਿੱਤੀ ਹੈ।ਕਰਮਚਾਰੀਆਂ ਨੇ ਦਹਾਕਿਆਂ ਦੇ ਲਹੂ ਵੀਟਵੇਂ ਸੰਘਰਸ਼ਾਂ ਅਤੇ ਅਥਾਹ ਕੁਰਬਾਨੀਆਂ ਰਾਹੀਂ ਜੋ ਆਰਥਿਕ ਲਾਭ ਹਾਸਲ ਕੀਤੇ ਸਨ ਉਨ੍ਹਾਂ ਨੂੰ ਹਰ ਰੋਜ਼ ਖੋਰਾ ਲੱਗ ਰਿਹਾ ਹੈ। ਪੈਨਸ਼ਨ ਦੇ ਲਾਭ ਤੋਂ ਨਵੇਂ ਕਰਮਚਾਰੀ ਵਿਰਵੇ ਕਰ ਦਿੱਤੇ ਗਏ ਹਨ।
ਸਨਅਤੀ ਕਾਮਿਆਂ ਦੇ ਹਿਤਾਂ ਦੀ ਸੀਮਤ ਹੱਦ ਤੱਕ ਰਾਖੀ ਕਰਨ ਵਾਲੇ ਕਿਰਤ ਕਾਨੂੰਨਾਂ ਦੀ ਅਲਖ ਮੁਕਾ ਦਿੱਤੀ ਗਈ ਹੈ।
ਲੋਕਾਂ ਨੂੰ ਹੁਣ ਇਹ ਅਹਿਸਾਸ ਤੇਜ਼ੀ ਨਾਲ ਹੋ ਰਿਹਾ ਹੈ ਕਿ ਨਾਮ ਨਿਹਾਦ ਸੁਧਾਰਾਂ ਦਾ ਅਰਥ ਲੋਕਾਂ, ਖਾਸ ਕਰਕੇ ਗਰੀਬਾਂ ਨੂੰ ਮਿਲਦੀਆਂ ਸਬਸਿਡੀਆਂ-ਸਹੂਲਤਾਂ ‘ਚ ਕਟੌਤੀਆਂ ਕਰਨਾ, ਦੇਸ਼ ਦੀਆਂ ਜਨਤਕ ਜਾਇਦਾਦਾਂ ਵੇਚਣੀਆਂ, ਸਰਕਾਰੀ-ਅਰਧ ਸਰਕਾਰੀ ਵਿਭਾਗਾਂ ‘ਚ ਨਵੀਆਂ ਭਰਤੀਆਂ ਤੇ ਰੋਕ ਲਾਕੇ ਸਾਰਾ ਕੰਮ ਠੇਕਾ ਪ੍ਰਣਾਲੀ ਰਾਹੀਂ ਕਰਵਾਉਣਾ ਆਦਿ ਸੀ।
ਅਮੀਰੀ-ਗਰੀਬੀ ਦਾ ਭਿਆਨਕ ਪਾੜਾ, ਸਮਾਜਿਕ ਕੋਹੜ ਦਾ ਰੂਪ ਧਾਰਨ ਕਰ ਚੁੱਕੀ ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ, ਆਮਦਨ-ਖਰਚ ਦੇ ਪਹਾੜਾਂ ਜਿੱਡੇ ਪਾੜੇ ਸਦਕਾ ਕਰਜ਼ਈ ਹੋਣ ਵਾਲੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਦਰਦਨਾਕ ਖੁਦਕੁਸ਼ੀਆਂ, ਨੌਜਵਾਨਾਂ ਵਿੱਚ ਲੱਗੀ ਪ੍ਰਵਾਸ ਦੀ ਹੋੜ, ਨਸ਼ੇ ਆਦਿ ਸਮਾਜਿਕ ਬੁਰਾਈਆਂ ਦਾ ਨਾਸੂਰ ਬਣ ਜਾਣਾ, ਅਥਾਹ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣਦੀਆਂ ਕੁਦਰਤੀ ਆਫਤਾਂ ਨੂੰ ਜਨਮ ਦੇਣ ਵਾਲੇ ਗੰਭੀਰ ਚੌਗਿਰਦਾ ਵਿਗਾੜ ਅਤੇ ਅਪਰਾਧਾਂ ‘ਚ ਬੇਓੜਕ ਵਾਧਾ ਪਿਛਲੇ ਤਿੰਨ ਦਹਾਕਿਆਂ ਦੀ, ਉਪਰੋਕਤ ਨੀਤੀਆਂ ਦੀ ਭਾਰਤੀ ਸਮਾਜ ਨੂੰ ‘ਦੇਣ’ ਹੈ।ਇਨ੍ਹਾਂ ਨੀਤੀਆਂ ਰਾਹੀਂ ਸਾਰੇ ਦੇਸ਼ ਵਾਸੀਆਂ ਦੇ ਸਾਂਝੇ ਜਲ, ਜੰਗਲ, ਜ਼ਮੀਨ, ਖਣਿਜ ਆਦਿ ਮੁਨਾਫਿਆਂ ਦੇ ਹਾਬੜੇ ਕਾਰਪੋਰੇਟ ਲੋਟੂਆਂ ਦੇ ਹਵਾਲੇ ਕੀਤੇ ਜਾ ਰਹੇ ਹਨ ਅਤੇ ਵਿਰੋਧ ਕਰਨ ਵਾਲਿਆਂ ਨੂੰ ਹਰ ਕਿਸਮ ਦੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਇਸੇ ਪਹੁੰਚ ਦੀ ਉਘੜਵੀਂ ਮਿਸਾਲ ਹੈ।
ਐਪਰ ਇਹ ਤਸੱਲੀ ਦਾ ਵਿਸ਼ਾ ਹੈ ਕਿ ਲੋਕਾਈ ਦੇ ਚੋਖੇ ਭਾਗਾਂ ਨੂੰ ਉਕਤ ਨੀਤੀਆਂ ਦੇ ਤਬਾਹਕੁੰਨ ਚਰਿੱਤਰ ਦੀ ਸਮਝ ਆ ਰਹੀ ਹੈ ਅਤੇ ਦੇਸ਼ ਭਰ ਵਿੱਚ ਲੋਕ ਇਨ੍ਹਾਂ ਨੀਤੀਆਂ ਦੇ ਖਿਲਾਫ਼ ਸੰਗਠਿਤ ਹੋਕੇ ਸੰਘਰਸ਼ਾਂ ਦੇ ਰਾਹ ਵੀ ਪੈ ਰਹੇ ਹਨ।
ਟਰੇਡ ਯੂਨੀਅਨਾਂ ਅਤੇ ਕਰਮਚਾਰੀ ਫੈਡਰੇਸ਼ਨਾਂ ਦੇ ਸੱਦੇ ਤੇ ਬੇਹਦ ਕਾਮਯਾਬ ਰੋਸ ਐਕਸ਼ਨ ਅਤੇ ਦੇਸ਼ ਵਿਆਪੀ ਹੜਤਾਲਾਂ ਹੋ ਰਹੀਆਂ ਹਨ।
ਐਪਰ ਇਹ ਵੀ ਸੱਚ ਹੈ ਕਿ ਉਕਤ ਸਾਰੇ ਸੰਘਰਸ਼ ਹਾਲੇ ਇਸ ਵੁੱਕਤ ਦੇ ਨਹੀਂ ਹਨ ਕਿ ਲੋਕ ਮਾਰੂ ਕਾਰਪੋਰੇਟ ਪੱਖੀ ਨੀਤੀਆਂ ਨੂੰ ਮੋੜਾ ਦੇ ਸਕਣ। ਜਾਹਿਰ ਹੈ, ਇਸ ਨਜ਼ਰੀਏ ਤੋਂ ਹਾਲੇ ਬੜਾ ਕੁਝ ਕਰਨ ਦੀ ਲੋੜ ਹੈ।
ਇਸ ਪੱਖੋਂ ਪਿਛਲੇ ਵਰ੍ਹੇ ਦੇ ਜੂਨ ਮਹੀਨੇ ਤੋਂ ਜਾਰੀ ਪੜਾਅਵਾਰ ਕਿਸਾਨ ਸੰਘਰਸ਼, ਜੋ ਹੁਣ ਜਨ ਸੰਗਰਾਮ ਬਣ ਚੁੱਕਾ ਹੈ, ਨੇ ਕਾਫੀ ਹਾਂ ਪੱਖੀ ਆਸਾਂ-ਉਮੀਦਾਂ ਨੂੰ ਜਨਮ ਦਿੱਤਾ ਹੈ।ਪੰਜਾਬ ਦੀ ਮੁਲਾਜ਼ਮ ਲਹਿਰ ਵੀ ਇਕ ਵਾਰ ਫਿਰ ਸੰਘਰਸ਼ ਦੇ ਰਾਹ ‘ਤੇ ਹੈ। ਪ੍ਰਾਂਤ ਦੀ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦਾ ਆਖਰੀ ਵਰ੍ਹਾ ਸ਼ੁਰੂ ਹੋ ਚੁੱਕਾ ਹੈ। ਇਸ ਸਰਕਾਰ ਨੇ ਹਰ ਵਰਗ ਦੇ ਹੋਰ ਕਿਰਤੀ ਲੋਕਾਂ ਵਾਂਗ ਪਿਛਲੀਆਂ ਚੋਣਾਂ ਸਮੇਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਵੀ ਉੱਕਾ ਹੀ ਵਫ਼ਾ ਨਹੀਂ ਕੀਤੇ। ਉਲਟਾ ਉਨ੍ਹਾਂ ਦੀਆਂ ਕਈ ਪਹਿਲੀਆਂ ਪ੍ਰਾਪਤੀਆਂ ਨੂੰ ਵੀ ਚੰਗਾ ਖੋਰਾ ਲਾਇਆ ਹੈ। ਇਸ ਸਰਕਾਰ ਨੇ ਮਹਿੰਗਾਈ ਭੱਤੇ (ਡੀ. ਏ.) ਨੂੰ ਵੀ ਕੇਂਦਰੀ ਪ੍ਰਣਾਲੀ ਨਾਲੋਂ ਬੜੀ ਬੇਰਹਿਮੀ ਨਾਲ ਡੀਲਿੰਕ ਕਰ ਦਿੱਤਾ ਹੈ। ਜਦੋਂ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਕਾਰਨ ਮਹਿੰਗਾਈ ਨਿਰੰਤਰ ਵਧਦੀ ਜਾ ਰਹੀ ਹੈ। ਜਿਸ ਨਾਲ ਅਸਲ ਆਮਦਨਾਂ ਖੁਰਦੀਆਂ ਜਾਂਦੀਆਂ ਹਨ। ਜਿਸ ਦਾ ਬੱਝਵੀਆਂ ਆਮਦਨਾਂ ਵਾਲੇ ਤਨਖ਼ਾਹਦਾਰਾਂ/ਦਿਹਾੜੀਦਾਰਾਂ ਅਤੇ ਪੈਨਸ਼ਨਰਾਂ ‘ਤੇ ਸਭ ਤੋਂ ਵੱਧ ਮਾਰੂ ਪ੍ਰਭਾਵ ਪੈਂਦਾ ਹੈ। ਇਸ ਸਰਕਾਰ ਨੇ ਤਾਂ, ਆਪਣੇ ਚੋਣ ਮਨੋਰਥ ਪੱਤਰ ਵਿਚ, ਅਸਥਾਈ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਸਪੱਸ਼ਟ ਵਾਅਦਾ ਕਰਕੇ ਵੀ ਇਸ ਦਿਸ਼ਾ ਵਿਚ ਕੋਈ ਕਦਮ ਨਹੀਂ ਚੁੱਕਿਆ। ਪਹਿਲਾਂ ਵਾਂਗ ਹੀ ਹਜ਼ਾਰਾਂ ਦੀ ਗਿਣਤੀ ‘ਚ ਕੱਚੇ ਮੁਲਾਜ਼ਮ ਠੇਕਾ ਭਰਤੀ, ਉੱਕਾ-ਪੁੱਕਾ ਪ੍ਰਣਾਲੀ ਜਾਂ ਪਰਖਕਾਲ ਅਧੀਨ ਆਪਣੀ ਕਿਰਤ ਦੇ ਸ਼ਰ੍ਹੇਆਮ ਹੁੰਦੇ ਜਾ ਰਹੇ ਸੋਸ਼ਣ ਨੂੰ ਚੁੱਪ-ਚਾਪ ਬਰਦਾਸ਼ਤ ਕਰਨ ਲਈ ਮਜ਼ਬੂਰ ਦਿਖਾਈ ਦਿੰਦੇ ਹਨ। ਸਕੀਮ ਵਰਕਰਾਂ, ਜਿਨ੍ਹਾਂ ਵਿਚ ਆਂਗਣਵਾੜੀ ਵਰਕਰ/ਹੈਲਪਰ ਅਤੇ ਮਿਡ-ਡੇ-ਮੀਲ ਵਰਕਰ ਵੀ ਸ਼ਾਮਲ ਹਨ, ਨੂੰ ਤਾਂ ਸਿਰਫ ਉੱਕਾ-ਪੁੱਕਾ ਮਾਣ ਭੱਤਾ ਹੀ ਮਿਲ ਰਿਹਾ ਹੈ। ਜਦੋਂ ਕਿ ਆਸ਼ਾ ਵਰਕਰਾਂ ਤੋਂ ਕਮਿਸ਼ਨ ਅਧਾਰਿਤ ਕੰਮ ਕਰਵਾ ਕੇ ਉਨ੍ਹਾਂ ਪੜ੍ਹੀਆਂ-ਲਿਖੀਆਂ ਔਰਤਾਂ ਦਾ ਘੋਰ ਨਿਰਾਦਰ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਤਰਾਂ ਵਿਚ ਸਿਰਫ ਔਰਤਾਂ ਹੀ ਨਿਯੁਕਤ ਹੋਣ ਕਾਰਣ ਇਨ੍ਹਾਂ ਸਰਕਾਰਾਂ ਨੂੰ ਨਾ ਔਰਤਾਂ ਦੀ ਕਿਰਤ ਦਾ ਕੋਈ ਸਤਿਕਾਰ ਹੈ ਤੇ ਨਾ ਹੀ ਉਨ੍ਹਾਂ ਦੀ ਜਥੇਬੰਦਕ ਸ਼ਕਤੀ ਦਾ ਕੋਈ ਬਹੁਤਾ ਭੈਅ ਹੈ। ਇਸੇ ਲਈ ਉਹ ਇਨ੍ਹਾਂ ਨੂੰ ਸਮਾਜ ਲਈ ਉਪਯੋਗਤਾ ਪੈਦਾ ਕਰਨ ਵਾਲੇ ਕਾਮੇ ਵਜੋਂ ਸਵਿਕਾਰ ਕਰਨ ਲਈ ਵੀ ਅਜੇ ਤਿਆਰ ਨਹੀਂ ਹਨ। ਇਸੇ ਤਰ੍ਹਾਂ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੀ ਵੀ ਲਗਾਤਾਰ ਮੁਜ਼ਰਮਾਨਾ ਅਣਦੇਖੀ ਕੀਤੀ ਜਾ ਰਹੀ ਹੈ।
ਸਮੁੱਚੇ ਦੇਸ਼ ਦੀ ਤਰ੍ਹਾਂ ਪੰਜਾਬ ਅੰਦਰ ਵੀ ਬੇਰੁਜ਼ਗਾਰੀ ਦੇ ਬਹੁਤ ਹੀ ਭਿਅੰਕਰ ਰੂਪ ਧਾਰਨ ਕਰ ਜਾਣ ਦੇ ਬਾਵਜੂਦ ਅਮਰਿੰਦਰ ਸਿੰਘ ਸਰਕਾਰ ਵਿਭਾਗਾਂ ਦੇ ਪੁਨਰਗਠਨ ਦੇ ਬਹਾਨੇ ਹੇਠ ਹਜ਼ਾਰਾਂ ਦੀ ਗਿਣਤੀ ਵਿਚ ਅਸਾਮੀਆਂ ਖਤਮ ਕਰੀ ਜਾ ਰਹੀ ਹੈ। ਜਦੋਂਕਿ ਇਸ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ”ਹਰ ਘਰ ਨੂੰ ਇਕ ਸਰਕਾਰੀ ਨੌਕਰੀ ਦੇਣ” ਦੇ ਵਾਅਦੇ ਨੂੰ ਧਾਰਮਿਕ ਰੰਗਤ ਦੇਣ ਦਾ ਪ੍ਰਪੰਚ ਵੀ ਸ਼ਰ੍ਹੇਆਮ ਰਚਿਆ ਸੀ। ਅਸਾਮੀਆਂ ਖਤਮ ਕਰਨ ਦੀ ਇਸ ਪ੍ਰਕਿਰਿਆ ਨਾਲ ਸਬੰਧਿਤ ਵਿਭਾਗਾਂ ਤੋਂ ਲੋਕਾਂ ਨੂੰ ਮਿਲਦੀਆਂ ਬੁਨਿਆਦੀ ਸੇਵਾਵਾਂ ਦਾ ਮਿਆਰ ਵੀ ਨਿਘਰਦਾ ਹੈ ਅਤੇ ਮੁਲਾਜ਼ਮਾਂ ਦੀਆਂ ਸੰਭਾਵੀ ਪ੍ਰਮੋਸ਼ਨਾਂ ਵੀ ਰੁਕ ਜਾਂਦੀਆਂ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਛੋਟੇ ਕਰਮਚਾਰੀਆਂ ਦੀਆਂ ਅਸਾਮੀਆਂ ਤਾਂ ਖਤਮ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਮੋਟੀਆਂ ਤਨਖ਼ਾਹਾਂ ਤੇ ਭੱਤੇ ਵਸੂਲਣ ਵਾਲੇ ਵੱਡੇ ਅਫ਼ਸਰਾਂ ਦੀਆਂ ਅਸਾਮੀਆਂ ਵਿਚ ਵਾਰ-ਵਾਰ ਵਾਧਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹਕੀਕੀ ਲੋਕ ਸੇਵਕਾਂ ਦੀ ਗਿਣਤੀ ਘਟਾ ਕੇ ਹਾਕਮਾਂ ਦੀ ਗਿਣਤੀ ‘ਚ ਵਾਧਾ ਕੀਤਾ ਜਾ ਰਿਹਾ ਹੈ। ਲੋਕ ਸੇਵਾ ਦਾ ਕੰਮ ਨਿੱਜੀ ਖੇਤਰ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਹੜਾ ਕਿ ਮੁਨਾਫ਼ੇ ਲਈ ਕੰਮ ਕਰਦਾ ਹੈ, ਸੇਵਾ ਲਈ ਨਹੀਂ। ਇਹੋ ਕਾਰਣ ਹੈ ਕਿ ਹਰ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਨਿਘਾਰਗ੍ਰਸਤ ਹਨ ਅਤੇ ਨਿੱਜੀ ਖੇਤਰ ਦੀਆਂ ਸੇਵਾਵਾਂ ਦਾ ਵਪਾਰੀਕਰਨ ਹੋ ਜਾਣ ਨਾਲ ਉਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਚਲੀਆਂ ਗਈਆਂ ਹਨ।
ਪੂੰਜੀਵਾਦੀ ਪ੍ਰਣਾਲੀ ਵਿਚ ਮੰਡੀ ‘ਤੇ ਕਾਬਜ਼ ਸ਼ਕਤੀਆਂ ਨੂੰ ਬਨਾਉਟੀ ਥੁੜੋਂ ਪੈਦਾ ਕਰਨ ਦੀਆਂ ਮਿਲਦੀਆਂ ਖੁੱਲ੍ਹਾਂ ਕਾਰਣ ਵਧਦੀ ਜਾਂਦੀ ਮਹਿੰਗਾਈ ਦੇ ਫ਼ਲਸਰੂਪ ਤਨਖ਼ਾਹਾਂ ਦਾ ਖੁਰਦੇ ਜਾਣਾ ( 5) ਵੀ ਇਕ ਸੁਭਾਵਿਕ ਵਰਤਾਰਾ ਹੈ। ਇਸ ਖੋਰੇ ਦੀ ਮਾਰ ਤੋਂ ਬਚਾਅ ਵਾਸਤੇ ਹੀ ਭਾਰਤ ਅੰਦਰ ਮੁਲਾਜ਼ਮਾਂ ਦੇ ਜਥੇਬੰਦਕ ਦਬਾਅ ਹੇਠ ਹਰ 10 ਸਾਲਾਂ ਬਾਅਦ ਤਨਖ਼ਾਹ ਕਮਿਸ਼ਨ ਗਠਿਤ ਕਰਨ ਦੀ ਪ੍ਰਣਾਲੀ ਵਿਕਸਤ ਹੋਈ ਸੀ। ਐਪਰ ਪਹਿਲੀ ਜਨਵਰੀ 2016 ਤੋਂ ਪੰਜਾਬ, ਯੂ. ਪੀ., ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਚ ਲਾਗੂ ਹੋਣ ਵਾਲੇ 6ਵੇਂ ਤਨਖ਼ਾਹ ਕਮਿਸ਼ਨ ਦੀ, ਪੰਜ ਸਾਲ ਬੀਤ ਜਾਣ ਦੇ ਬਾਵਜੂਦ, ਅਜੇ ਕੋਈ ਉੱਘ-ਸੁੱਘ ਨਹੀਂ ਹੈ। ਜਦੋਂਕਿ ਇਥੇ ਨਵੀਂ ਭਰਤੀ ਕੇਂਦਰੀ ਸਕੇਲਾਂ ‘ਤੇ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ। ਇਹ ਵੀ ਪੰਜਾਬ ਦੇ ਮੁਲਾਜ਼ਮਾਂ ਵਾਸਤੇ ਇਕ ਹੋਰ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਨੂੰ ਇਹ ਫੈਸਲਾ ਵੀ ਉੱਕਾ ਹੀ ਮੰਨਜੂਰ ਨਹੀਂ ਹੋ ਸਕਦਾ ਕਿਉਕਿ ਸਿੱਖਿਆ, ਸਿਹਤ ਸਹੂਲਤਾਂ, ਖੇਤੀ, ਭੂਮੀ ਸੰਭਾਲ ਤੇ ਸਿੰਚਾਈ ਆਦਿ ਦੀਆਂ ਜਿਹੜੀਆਂ ਸੇਵਾਵਾਂ ਸਿਰਫ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿਚ ਹੀ ਹਨ, ਉਨ੍ਹਾਂ ਦੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਅਸਲ ਵਿਚ ਸਰਕਾਰਾਂ (ਤੇ ਕਮਿਸ਼ਨ ਵੀ) ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਭੱਤੇ ਆਦਿ ਨਿਸ਼ਚਿਤ ਕਰਨ ਲਈ ਇਨਸਾਫ਼ ਦੀ ਕਸਵੱਟੀ ਨਹੀਂ ਵਰਤਦੀਆਂ ਅਤੇ ਵਿਗਿਆਨਕ ਮਾਪ-ਦੰਡ ਵੀ ਘੱਟ ਹੀ ਅਪਣਾਉਦੀਆਂ ਹਨ। ਆਮ ਤੌਰ ‘ਤੇ ਇਹ ਫੈਸਲੇ ਮੌਕੇ ‘ਤੇ ਬਣੇ ਹੋਏ ਜਨਤਕ ਦਬਾਅ ਅਨੁਸਾਰ ਹੀ ਹੁੰਦੇ ਹਨ। ਇਸੇ ਕਰਕੇ ਵੱਖ-ਵੱਖ ਰਾਜਾਂ ਅੰਦਰਲੀਆਂ ਇਕੋ ਤਰ੍ਹਾਂ ਦੀਆਂ ਅਸਾਮੀਆਂ ਦੇ ਤਨਖ਼ਾਹ ਸਕੇਲਾਂ ਵਿਚ ਵੀ ਫਰਕ ਹੁੰਦਾ ਹੈ ਅਤੇ ਕੇਂਦਰੀ ਸਕੇਲਾਂ ਦੇ ਟਾਕਰੇ ਵਿਚ ਵੀ।
ਇਹ ਵੀ ਹੁਣ ਇਕ ਪ੍ਰਵਾਨਿਤ ਸੱਚ ਹੈ ਕਿ ਲੋਕ ਵਿਰੋਧੀ ਸਰਕਾਰਾਂ ਹਾਕਮਾਂ ਦੀ ਐਸ਼-ਪ੍ਰਸਤੀ, ਘਪਲੇਬਾਜ਼ੀਆਂ ਅਤੇ ਅਨੇਕਾਂ ਤਰ੍ਹਾਂ ਦੀਆਂ ਫਜ਼ੂਲ-ਖਰਚੀਆਂ ਲਈ ਲੋੜੀਂਦੀਆਂ ਆਪਣੀਆਂ ਆਮਦਨਾਂ ਵਧਾਉਣ ਵਾਸਤੇ ਆਮ ਲੋਕਾਂ ‘ਤੇ ਟੈਕਸਾਂ ਦਾ ਭਾਰ ਅਕਸਰ ਹੀ ਵਧਾਉਦੀਆਂ ਰਹਿੰਦੀਆਂ ਹਨ। ਇਸੇ ਮੰਤਵ ਲਈ ਇਸ ਸਰਕਾਰ ਵੱਲੋਂ ਵੀ ਸੱਤਾ ਸੰਭਾਲਦੇ ਸਾਰ ਹੀ ਮੁਲਾਜ਼ਮਾਂ ਉੱਪਰ 200 ਰੁਪਏ ਮਹੀਨੇ ਦੀ ਦਰ ਨਾਲ ”ਵਿਕਾਸ ਟੈਕਸ” ਠੋਸ ਦਿੱਤਾ ਗਿਆ ਸੀ। ਮੁਲਾਜ਼ਮ ਇਸ ਨਿਹੱਕੇ ਸਿੱਧੇ ਟੈਕਸ ਤੋਂ ਵੀ ਤੁਰੰਤ ਛੁਟਕਾਰਾ ਪਾਉਣਾ ਚਾਹੁੰਦੇ ਹਨ। ਮੁਲਾਜ਼ਮਾਂ ਦੀਆਂ ਕੁੱਝ-ਇਕ ਹੋਰ ਅਜਿਹੀਆਂ ਭੱਖਵੀਆਂ ਮੰਗਾਂ ਹਨ, ਜਿਨ੍ਹਾਂ ਦੀ ਪ੍ਰਾਪਤੀ ਲਈ ਉਹ ਬੜੇ ਉਤਸਕ ਦਿਖਾਈ ਦਿੰਦੇ ਹਨ।
ਇਨ੍ਹਾਂ ਹਾਲਤਾਂ ਵਿਚ ਪ੍ਰਾਂਤ ਅੰਦਰ ਪੰਜਾਬ ਤੇ ਯੂ.ਟੀ. ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਾਂਝਾ ਮੰਚ ਬਣਿਆ ਹੋਇਆ ਹੈ ਜਿਹੜਾ ਕਿ ਇਨ੍ਹਾਂ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ੀਲ ਹੈ। ਭਾਵੇਂ ਕਿ ਇਸ ਸਾਂਝੇ ਮੰਚ ‘ਚ ਸ਼ਾਮਲ ਵੱਖ-ਵੱਖ ਧਿਰਾਂ ਅੰਦਰ ਮੰਗਾਂ ਦੇ ਸੰਦਰਭ ਵਿਚ ਉਭਾਰ ਤੇ ਤੀਬਰਤਾ ਅਜੇ ਇਕ-ਸਮਾਨ ਦਿਖਾਈ ਨਹੀਂ ਦਿੰਦੀ। ਬਹੁਤੇ ਮੁਲਾਜ਼ਮ ਤੇ ਪੈਨਸ਼ਨਰ ਤਾਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਵਾਸਤੇ ਹੀ ਉਤਾਵਲੇ ਹਨ। ਜਦੋਂਕਿ ਪਹਿਲੀ ਜਨਵਰੀ 2004 ਤੋਂ ਬਾਅਦ ਨਿਯੁਕਤ ਹੋਏ ਮੁਲਾਜ਼ਮ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਵਾਸਤੇ ਸਭ ਤੋਂ ਵੱਧ ਚਿੰਤਤ ਹਨ। ਇਹ ਸਾਰੇ ਹੀ ਡੀ. ਏ. ਦੀਆਂ ਰਹਿੰਦੀਆਂ ਕਿਸ਼ਤਾਂ ਰਿਲੀਜ਼ ਕਰਵਾਉਣਾ ਚਾਹੁੰਦੇ ਹਨ। ਪ੍ਰੰਤੂ ਸਕੀਮ ਵਰਕਰਾਂ ਦਾ ਇਨ੍ਹਾਂ ਮੁੱਦਿਆਂ ਨਾਲ ਕੋਈ ਵਾਸਤਾ ਨਹੀਂ ਹੈ। ਉਹ ਅਜੇ ਰੈਗੂਲਰ ਮੁਲਾਜ਼ਮਾਂ ‘ਚ ਸ਼ੁਮਾਰ ਹੋਣ ਦੀ ਉਡੀਕ ਵਿਚ ਹਨ। ਇਸੇ ਤਰ੍ਹਾਂ ਹਰ ਵੰਨਗੀ ਦੇ ਕੱਚੇ ਮੁਲਾਜ਼ਮ ਰੈਗੂਲਰ ਹੋਣ ਦੀ ਤਾਂਘ ਵਿਚ ਹਨ। ਐਪਰ ਇਹ ਵੀ ਸੱਚ ਹੈ ਕਿ ਪਰਸਪਰ ਪ੍ਰਾਥਮਿਕਤਾ ਵਿਚਲੇ ਅਜਿਹੇ ਵੱਖਰੇਵਿਆਂ ਦੇ ਬਾਵਜੂਦ ਸਾਂਝਾ ਸੰਘਰਸ਼ ਹੀ ਰਾਜ ਸਰਕਾਰ ਉੱਪਰ ਕੋਈ ਅਸਰਦਾਰ ਅਜਿਹਾ ਜਨਤਕ ਦਬਾਅ ਬਣਾ ਸਕਦਾ ਹੈ ਜਿਹੜਾ ਕਿ ਹਾਕਮਾਂ ਨੂੰ ਆਪਣੀਆਂ ਫਜ਼ੂਲ-ਖਰਚੀਆਂ ‘ਚ ਕਟੌਤੀਆਂ ਕਰਨ ਲਈ ਅਤੇ ਛੋਟੇ ਮੁਲਾਜ਼ਮਾਂ ਦੀ ਹੱਕਰਸੀ ਵੱਲ ਸੇਧਿਤ ਫੈਸਲੇ ਕਰਨ ਲਈ ਮਜ਼ਬੂਰ ਕਰ ਸਕਦਾ ਹੈ। ‘ਪੰਜਾਬ ਤੇ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ’ ਦੀ ਲੀਡਰਸ਼ਿਪ ਅਜਿਹੇ ਸ਼ਕਤੀਸ਼ਾਲੀ ਘੋਲ ਨੂੰ ਉਸਾਰਨ ਵਾਸਤੇ ਸੁਹਿਰਦਤਾ ਸਹਿਤ ਯਤਨਸ਼ੀਲ ਹੈ। ਬੀਤੀ 12 ਫਰਵਰੀ ਨੂੰ ਇਸ ਵੱਲੋਂ ਮੋਹਾਲੀ ਵਿਖੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਰੈਲੀ ਤੇ ਮੁਜ਼ਾਹਰਾ ਵੀ ਕੀਤਾ ਜਾ ਚੁੱਕਾ ਹੈ। ਸਾਰੇ ਮੁਲਾਜ਼ਮਾਂ/ਪੈਨਸ਼ਨਰਾਂ ਦੇ ਫੌਰੀ ਤੇ ਭੱਖਵੇਂ ਮੁੱਦਿਆਂ ਵਿਚਕਾਰ ਇਕਸੁਰਤਾ ਬਣਾ ਕੇ ਕੀਤੀ ਗਈ ਅਜਿਹੀ ਨਿਰੰਤਰ ਤੇ ਵਿਸ਼ਾਲ ਸਾਂਝੀ ਸਰਗਰਮੀ ਹੀ ਕੋਈ ਠੋਸ ਸਿੱਟੇ ਕੱਢ ਸਕਦੀ ਹੈ। ਕਿਉਕਿ ਇਹ ਸਰਕਾਰਾਂ ਸਿਰਫ ਨਾਂ ਦੀਆਂ ਹੀ ਲੋਕਤੰਤਰਿਕ ਹਨ। ਇਨ੍ਹਾਂ ਦੀ ਅਸਲ ਲਗਾਮ ਵੱਡੇ-ਵੱਡੇ ਕਾਰੋਬਾਰੀਆਂ (ਕਾਰਪੋਰੇਟਸ) ਦੇ ਹੱਥ ਵਿਚ ਹੀ ਹੁੰਦੀ ਹੈ। ਇਸ ਲਈ ਕਿਸੇ ਮੁੱਖ ਮੰਤਰੀ/ਮੰਤਰੀ ਆਦਿ ਦੇ ਲੋਕ-ਲੁਭਾਉਣੇ ਸ਼ਬਦਜਾਲ ਤੋਂ ਪ੍ਰਭਾਵਿਤ ਹੋ ਕੇ ਕਿਸੇ ਵੀ ਤਰ੍ਹਾਂ ਦੇ ਭਰਮ-ਭੁਲੇਖੇ ਵਿਚ ਨਹੀਂ ਪਿਆ ਜਾ ਸਕਦਾ। ਇਹ ਲੁਟੇਰੀਆਂ ਸਰਕਾਰਾਂ ਨਾ ਕਿਸੇ ਦੀ ਹੱਕਰਸੀ ਕਰਦੀਆਂ ਹਨ ਤੇ ਨਾ ਹੀ ਕਿਸੇ ‘ਤੇ ਤਰਸ ਖਾਂਦੀਆਂ ਹਨ। ਜਨਤਕ ਦਬਾਅ ਹੇਠ ਮਜ਼ਬੂਰੀ-ਵੱਸ ਹੀ ਆਮ ਲੋਕਾਂ ਨੂੰ ਕੋਈ ਰਿਆਇਤ ਦਿੰਦੀਆਂ ਹਨ, ਅਤੇ ਉਹ ਵੀ ਅਕਸਰ ਵੋਟਾਂ ਵਟੋਰਨ ਦੀ ਆਸ ਨਾਲ। ਇਸ ਲਈ ਵਿਸ਼ਾਲ ਤੋਂ ਵਿਸ਼ਾਲ ਜਨਤਕ ਲਾਮਬੰਦੀ ‘ਤੇ ਅਧਾਰਿਤ ਦ੍ਰਿੜ੍ਹਤਾ ਪੂਰਵਕ ਕੀਤੇ ਜਾਂਦੇ ਜਨਤਕ ਸੰਘਰਸ਼ ਹੀ ਲੋਕਾਂ ਲਈ ਕੋਈ ਆਸ ਦੀ ਕਿਰਨ ਬਣ ਸਕਦੇ ਹਨ। ਇਸ ਦਿਸ਼ਾ ਵਿਚ ਸਾਡੇ ਦੇਸ਼ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਇਤਿਹਾਸਕ ਕਿਸਾਨ ਘੋਲ ਨੇ ਬਹੁਤ ਹੀ ਵਡਮੁੱਲੇ ਸਬਕ ਤੇ ਸੇਧਾਂ ਵਿਕਸਤ ਕੀਤੀਆਂ ਹਨ। ਮੁਲਾਜ਼ਮ ਲਹਿਰ ਦੇ ਆਗੂਆਂ ਲਈ ਵੀ ਪ੍ਰਭਾਵਸ਼ਾਲੀ ਸਾਂਝਾ ਮੋਰਚਾ ਵਿਕਸਤ ਕਰਨ ਦੀ ਦਿਸ਼ਾ ਵਿਚ ਇਹ ਸੇੇਧਾਂ ਠੋਸ ਪੱਥ-ਪ੍ਰਦਰਸ਼ਕ ਬਣ ਸਕਦੀਆਂ ਹਨ। ਜਿਹੜੀਆਂ ਕਿ ਉਨ੍ਹਾਂ ਦੇ ਚਲੰਤ ਘੋਲ ਨੂੰ ਸਫ਼ਲ ਬਨਾਉਣ ਵਾਸਤੇ ਲਾਜ਼ਮੀ ਬੇਹੱਦ ਲਾਭਕਾਰੀ ਸਿੱਧ ਹੋਣਗੀਆਂ। ਆਸ ਹੈ ਕਿ ਮੁਲਾਜ਼ਮਾਂ ਦੀ ਲੀਡਰਸ਼ਿਪ ਉਪਰੋਕਤ ਬਾਹਰਮੁਖੀ ਅਵਸਥਾਵਾਂ ਦਾ ਸਫ਼ਲਤਾ ਸਹਿਤ ਟਾਕਰਾ ਕਰਨ ਦੇ ਸਮਰੱਥ ਹੋਵੇਗੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ-ਉਮੰਗਾਂ ਨੂੰ ਪ੍ਰਵਾਨ ਕਰਾਉਣ ਵਾਸਤੇ ਜ਼ੋਰਦਾਰ ਹੰਭਲਾ ਮਾਰੇਗੀ।
ਮੁਲਾਜ਼ਮ ਸੰਗਠਨਾਂ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਹੁਣ ਬਾਕੀ ਕਾਰਜਾਂ ਦੇ ਨਾਲ ਪਿੰਡਾਂ ਅਤੇ ਸ਼ਹਿਰੀ ਮੁਹੱਲਿਆਂ ਵਿੱਚ ਗੁਰਬਤ ਹੰਢਾ ਰਹੇ ਕਿਰਤੀਆਂ, ਨਰਕ ਦੀ ਜੂਨ ਭੋਗ ਰਹੀਆਂ ਇਸਤਰੀਆਂ ਅਤੇ ਬੇਰੁਜ਼ਗਾਰੀ ਦੇ ਝੰਬੇ ਯੁਵਕਾਂ ਨਾਲ ਸਾਰਥਕ ਸੰਵਾਦ ਰਚਾਉਣ ਦੀ ਠੋਸ ਯੋਜਨਾਬੰਦੀ ਅਮਲ ‘ਚ ਲਿਆਉਣੀ ਚਾਹੀਦੀ ਹੈ।
ਆਉਂਦੇ ਦਿਨਾਂ ਵਿੱਚ ਬੈਂਕ ਕਰਮਚਾਰੀ ਦੇਸ਼ ਵਿਆਪੀ ਹੜਤਾਲ ਕਰਨ ਜਾ ਰਹੇ ਹਨ। ਦੇਸ਼ ਵਾਸੀਆਂ ਨੂੰ ਇਸ ਸੱਚ ਤੋਂ ਜਾਣੂੰ ਕਰਵਾਉਣ ਦੀ ਲੋੜ ਹੈ ਕਿ ਉਕਤ ਹੜਤਾਲ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਕਰਤੂਤਾਂ ਤੋਂ ਰਾਸ਼ਟਰ ਦੀ ਅਸਮਿਤਾ ਦੀ ਰਖਵਾਲੀ ਦਾ ਹੰਭਲਾ ਵੀ ਹੈ।
ਅਸੀਂ ਉਸ ਸੁਭਾਗੇ ਪਲ ਦੀ ਬੜੀ ਬੇਸਬਰੀ ਨਾਲ ਉਡੀਕ ਹੀ ਨਹੀਂ ਕਰ ਰਹੇ, ਬਲਕਿ ਹਰ ਸੰਭਵ ਯਤਨ ਵੀ ਕਰ ਰਹੇ ਹਾਂ ਕਿ ਕਦੋਂ ਸਾਰੇ ਸੰਘਰਸ਼ਸ਼ੀਲ ਤਬਕਿਆਂ ਦਾ ਸਾਂਝਾ ਮੋਰਚਾ ਬਣੇ, ਜੋ ਫੈਸਲਾਕੁੰਨ ਸੰਘਰਸ਼ ਰਾਹੀਂ ਲੋਕਾਈ ਦੇ ਸਰਵਪੱਖੀ ਅਧਿਕਾਰਾਂ ਦੀ ਪ੍ਰਾਪਤੀ ਦੀ ਸ਼ੁਭ ਘੜੀ ਦਿਖਾਵੇ। -

ਸੰਪਾਦਕੀ : ਫਿਰਕੂਫਾਸ਼ੀ ਜ਼ੁਲਮਾਂ ਅਤੇ ਕਾਰਪੋਰੇਟ ਲੁੱਟ ਦਾ ਸਮਾਨ – ਮੋਦੀ ਮਾਰਕਾ ਗੁਜਰਾਤ ਵਿਕਾਸ ਮਾਡਲ
‘ਮੋਦੀ ਮਾਰਕਾ’ ਗੁਜਰਾਤ ਵਿਕਾਸ ਮਾਡਲ ਭਾਰਤ ਦੀ ਹਰ ਖੇਤਰ ‘ਚ ਭਿਆਨਕ ਤਬਾਹੀ ਦਾ ਸੋਮਾ ਸਿੱਧ ਹੋ ਰਿਹਾ ਹੈ ਤੇ ਭਵਿੱਖ ‘ਚ ਇਸ ਤਬਾਹੀ ਦਾ ਮੰਜ਼ਰ ਹੋਰ ਵੀ ਡਰਾਉਣਾ ਤੇ ਵਿਆਪਕ ਹੋਵੇਗਾ। ਇਹ ਵਿਕਾਸ ਮਾਡਲ ਉਨ੍ਹਾਂ ਹੀ ਆਰਥਿਕ ਨੀਤੀਆਂ ਦੀ ਉਪਜ ਹੈ, ਜੋ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਪ੍ਰਬੰਧ ਨੂੰ ਵੱਜੀਆਂ ਵੱਡੀਆਂ ਪਛਾੜਾਂ ਤੋਂ ਬਾਅਦ 1992 ‘ਚ ਹੋਂਦ ‘ਚ ਆਈਆਂ। ਇਸ ਕੁਲਹਿਣੀ ਘੜੀ ਦੀ ਉਡੀਕ ਸਾਮਰਾਜੀ ਸ਼ਕਤੀਆਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਸਮੇਤ ਸੰਸਾਰ ਭਰ ਦੇ ਪੂੰਜੀਪਤੀ ਤੇ ਲੋਕ ਦੋਖੀ ਨਿਜ਼ਾਮ ਬੜੀ ਉਤਸੁਕਤਾ ਨਾਲ ਕਰ ਰਹੇ ਸਨ। ਸਮਾਜਵਾਦੀ ਦੇਸ਼ਾਂ ‘ਚ ਆਰਥਿਕ ਯੋਜਨਾਬੰਦੀ, ਪੈਦਾਵਾਰੀ ਸਾਧਨਾਂ ਤੇ ਸਮੁੱਚੇ ਸਮਾਜ ਦੀ ਮਾਲਕੀ ਤੇ ਹਰ ਆਦਮੀ ਨੂੰ ਕੰਮ ਮੁਤਾਬਕ ਤਨਖਾਹ ਤੇ ਸਮਾਜਿਕ ਸੁਰੱਖਿਆ ਦੀ ਗਰੰਟੀ ਆਦਿ ਪਹਿਲੇ ਕਿਸੇ ਵੀ ਆਰਥਿਕ ਪ੍ਰਬੰਧ ਤੋਂ ਭਿੰਨ ਇੰਤਜ਼ਾਮ ਹਨ। ਇਸ ਢਾਂਚੇ ਦੇ ਸ਼ੁਰੂਆਤੀ ਦੌਰ ਅੰਦਰ ਗਰੀਬ-ਅਮੀਰ ਦਾ ਪਾੜਾ ਭਾਵੇਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ, ਤਾਂ ਵੀ ਦਿਸਣਯੋਗ ਤੇ ਅਨੁਭਵ ਹੋਣ ਦੀ ਹੱਦ ਤੱਕ ਘੱਟ ਜ਼ਰੂਰ ਜਾਂਦਾ ਹੈ। ਇਸ ਨਵੇਂ ਆਰਥਿਕ ਢਾਂਚੇ ‘ਚ ਸਭ ਲੋਕਾਂ ਨੂੰ ਮਹਿੰਗੀਆਂ ਕਾਰਾਂ, ਆਲੀਸ਼ਾਨ ਬੰਗਲੇ ਜਾਂ ਐਸ਼ੋ ਇਸ਼ਰਤ ਲਈ ਅਸੀਮ ਵਿਤੀ ਸਾਧਨ ਤਾਂ ਉਪਲੱਬਧ ਨਹੀਂ ਕਰਾਏ ਜਾ ਸਕਦੇ, ਪ੍ਰੰਤੂ ਰੋਜ਼ੀ-ਰੋਟੀ, ਕੱਪੜਾ, ਮਕਾਨ, ਵਿਦਿਆ, ਇਲਾਜ, ਸਮਾਜਿਕ ਸੁਰੱਖਿਆ ਆਦਿ ਬੁਨਿਆਦੀ ਲੋੜਾਂ ਤਾਂ ਹਰ ਨਾਗਰਿਕ ਦੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਆਰਥਿਕ ਵਿਕਾਸ ਦੇ ਇਸ ਤਜ਼ਰਬੇ ਰਹਿਤ, ਅਣਕਿਆਸੇ, ਨਵੇਂ ਰਸਤੇ ‘ਤੇ ਚਲਦਿਆਂ ਹਾਸਿਲ ਕੀਤੀਆਂ ਉਕਤ ਸ਼ਾਨਦਾਰ ਪ੍ਰਾਪਤੀਆਂ ਦੇ ਬਾਵਜੂਦ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਪੂੰਜੀਵਾਦੀ ਪ੍ਰਬੰਧ ਦੀਆਂ ਬਹੁਤ ਸਾਰੀਆਂ ਬੁਰਾਈਆਂ ਜਿਵੇਂ ਭਰਿਸ਼ਟਾਚਾਰ, ਹਕੀਕੀ ਲੋਕ ਰਾਜੀ ਵਿਵਸਥਾ ਦੀ ਕਮੀ, ਅਫਸਰਸ਼ਾਹੀ ਕਰੁਚੀਆਂ ਆਦਿ ਪੂਰੀ ਤਰ੍ਹਾਂ ਸਮਾਪਤ ਨਹੀਂ ਕੀਤੀਆਂ ਜਾ ਸਕੀਆਂ। ਇਹ ਵੀ ਸੱਚ ਹੈ ਕਿ ਜਗੀਰੂ-ਪੂੰਜੀਵਾਦੀ ਪੈਦਾਵਾਰੀ ਰਿਸ਼ਤਿਆਂ ਦੌਰਾਨ ਪ੍ਰਚੱਲਤ ਸਭਿਆਚਾਰ ਤੇ ਜੀਵਨ ਸ਼ੈਲੀ ਦੇ ਮੁਕਾਬਲੇ ‘ਚ ਸਮਾਜਵਾਦੀ ਲੀਹਾਂ ‘ਤੇ ਆਮ ਲੋਕਾਂ ਨੂੰ ਇਕ ਨਵਾਂ ਤੇ ਦਿਲ ਖਿੱਚਵਾਂ ਸਮਾਜਿਕ ਤੇ ਸਭਿਆਚਾਰਕ ਮੁਤਬਾਦਲ ਉਪਲੱਬਧ ਨਹੀਂ ਕਰਾਇਆ ਜਾ ਸਕਿਆ। ਹੋਰ ਵੀ ਕਈ ਕਾਰਨਾਂ ਕਰਕੇ, ਸੋਵੀਅਤ ਯੂਨੀਅਨ ਅੰਦਰ ਸੱਤ ਦਹਾਕਿਆਂ ਤੋਂ ਸਥਾਪਤ ਸਮਾਜਵਾਦੀ ਪ੍ਰਬੰਧ ਜਨ ਸਮੂਹਾਂ ‘ਚ ਆਪਣੀਆਂ ਜੜ੍ਹਾਂ ਡੂੰਘੀਆਂ ਨਹੀਂ ਕਰ ਸਕਿਆ ਤੇ ਅੰਤ ਢਹਿ ਢੇਰੀ ਹੋ ਗਿਆ। ਪ੍ਰੰਤੂ ਸੋਵੀਅਤ ਰੂਸ ਮਾਰਕਾ ਸਮਾਜਵਾਦੀ ਪ੍ਰਬੰਧ ਤੋਂ ਬਾਅਦ ਹਕੀਕੀ ਤੌਰ ‘ਤੇ ਲੋਕਾਂ ਦੀਆਂ ਸਰਵ ਪੱਖੀ ਲੋੜਾਂ, ਖਾਹਸ਼ਾਂ ਤੇ ਭਵਿੱਖੀ ਸੁਪਨਿਆਂ ਨੂੰ ਪੂਰਾ ਕਰਨ ਵਾਲਾ, ਸਾਂਝੀਵਾਲਤਾ ਦੇ ਅਸੂਲਾਂ ‘ਤੇ ਅਧਾਰਤ ਜਿਸ ਤਰ੍ਹਾਂ ਦਾ ਹੋਰ ਚੰਗੇਰਾ ਵਿੱਤੀ ਰਾਜਨੀਤਕ ਤੇ ਸਮਾਜਿਕ ਢਾਂਚਾ ਲੋੜੀਂਦਾ ਸੀ, ਉਸਦੀ ਕੋਈ ਤਸਵੀਰ ਅਜੇ ਤੱਕ ਲੋਕਾਂ ਸਾਹਮਣੇ ਨਹੀਂ ਆ ਸਕੀ। ਉਲਟਾ ਸਮਾਜਵਾਦੀ ਪ੍ਰਬੰਧ ਦੇ ਵਿਆਪਕ ਪ੍ਰਭਾਵ ਤੋਂ ਲੋਕਾਈ ਨੂੰ ਨਿਰਲੇਪ ਰੱਖਣ ਵਾਸਤੇ ਜਿਹੜੀਆਂ ਕੁਝ ਕੁ ਆਰਥਿਕ ਤੇ ਸਮਾਜਿਕ ਸਹੂਲਤਾਂ ਪੂੰਜੀਵਾਦੀ ਸਰਕਾਰਾਂ ਨੇ ਆਪਣੇ ਕਿਰਤੀਆਂ ਨੂੰ ਦਿੱਤੀਆਂ ਸਨ, ਸੋਵੀਅਤ ਯੂਨੀਅਨ ਦੀਆਂ ਮੰਦਭਾਗੀ ਘਟਨਾਵਾਂ ਤੋਂ ਬਾਅਦ ਉਹ ਵੀ ਜਾਂ ਤਾਂ ਪੂਰੀ ਤਰ੍ਹਾਂ ਨਾਲ ਵਾਪਸ ਲਈਆਂ ਜਾ ਰਹੀਆਂ ਹਨ ਅਤੇ ਜਾਂ ਫਿਰ ਘੱਟੋ-ਘੱਟ ਉਨ੍ਹਾਂ ‘ਚ ਵੱਡੀ ਕਮੀ ਜ਼ਰੂਰ ਕੀਤੀ ਜਾ ਰਹੀ ਹੈ।
ਸੋਵੀਅਤ ਰੂਸ ‘ਚ ਸਮਾਜਵਾਦੀ ਪ੍ਰਬੰਧ ਦੇ ਢਹਿ ਢੇਰੀ ਹੋਣ ਤੋਂ ਬਾਅਦ ਸਾਮਰਾਜ ਨੇ ਆਪਣੇ ਮੁਨਾਫ਼ਿਆਂ ਦੀ ਹਵਸ ਪੂਰੀ ਕਰਨ ਤੇ ਵਧੇਰੇ ਤੋਂ ਵਧੇਰੇ ਪੂੰਜੀ ਇਕੱਤਰ ਕਰਨ ਦਾ ਜਿਹੜਾ ਰਸਤਾ ਚੁਣਿਆ ਹੈ, ਉਹ ਹੈ ਨਵ ਉਦਾਰਵਾਦੀ ਆਰਥਿਕ ਨੀਤੀਆਂ ਦਾ ਵਿਕਾਸ ਮਾਡਲ। ਸ਼ਕਤੀਸ਼ਾਲੀ ਸਾਮਰਾਜੀ ਦੇਸ਼ਾਂ ਵਲੋਂ ਆਪਣੀ ਧੌਂਸ ਤੇ ਡਰਾਵਾ ਦੇ ਕੇ ਦੁਨੀਆਂ ਦੇ ਆਰਥਿਕ ਤੌਰ ‘ਤੇ ਪਛੜੇ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਇਹ ਨਵਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਲੁੱਟ ਦੀ ਇਸ ਬੇਕਿਰਕ ਵਿਧੀ ਨੂੰ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਵਰਗੇ ਨਵੇਂ ਵਿਸ਼ਲੇਸ਼ਣਾਂ ਨਾਲ ਸ਼ਿੰਗਾਰਨ ਦਾ ਯਤਨ ਕੀਤਾ ਗਿਆ। ਸ਼ਾਤਿਰ ਪੂੰਜੀਪਤੀਆਂ ਨੇ ਲੋਕਾਈ ਦੀ ਬੇਕਿਰਕ ਲੁੱਟ ਨੂੰ ‘ਸੁਧਾਰਾਂ’ ਦਾ ਦਿੱਲ ਖਿੱਚਵਾਂ ਨਾਂ ਦਿੱਤਾ ਹੈ। ਸੰਸਾਰ ਭਰ ਦੇ ਪੂੰਜੀਵਾਦੀ ਪ੍ਰਬੰਧ ਦੇ ਸਮਰਥਕ ਬੁਧੀਜੀਵੀਆਂ ਤੇ ਆਰਥਿਕ ਮਾਹਿਰਾਂ ਵਲੋਂ ਸੰਸਾਰ ਨੂੰ ਦਰਪੇਸ਼ ਹਰ ਮੁਸ਼ਕਿਲ ਦਾ ਹੱਲ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਦੱਸਿਆ ਗਿਆ। ਇਹ ਕਥਿਤ ਨਵਾਂ ਵਿਕਾਸ ਮਾਡਲ, ਜੋ ਪੂੰਜੀਵਾਦੀ ਪ੍ਰਬੰਧ ਦੇ ਸੰਕਟ ਮਈ ਦੌਰ ਦਾ ਹੀ ਇਕ ਬੇਤਰਸ ਤੇ ਬੇਕਿਰਕ ਨਮੂੰਨਾ ਹੈ, ਪੂਰੀ ਤਰ੍ਹਾਂ ਸਰਕਾਰੀ ਯੋਜਨਾਬੰਦੀ ਤੇ ਸਰਕਾਰੀ ਖੇਤਰ ਦੇ ਖਾਤਮੇ ਦਾ ਮੁੱਦਈ ਹੈ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰ ਦੀ ਜ਼ਿੰਮੇਵਾਰੀ ਨੂੰ ਖਾਰਜ਼ ਕਰਦਾ ਹੈ। ਨਾਲ ਹੀ ਇਸ ਪ੍ਰਬੰਧ ਦਾ ਮੁੱਖ ਕਾਰਜ ਦੁਨੀਆਂ ਦੇ ਤਮਾਮ ਪੈਦਾਵਾਰੀ ਸਾਧਨਾਂ, ਪੈਦਾਵਾਰੀ ਸ਼ਕਤੀਆਂ ਤੇ ਮੰਡੀਆਂ ‘ਤੇ ਬਹੁਕੌਮੀ ਕਾਰਪੋਰੇਸ਼ਨਾਂ, ਕਾਰਪੋਰੇਟ ਘਰਾਣਿਆਂ ਤੇ ਹੋਰ ਧਨਵਾਨ ਲੋਕਾਂ ਦਾ ਕਬਜ਼ਾ ਕਰਾਉਣਾ ਹੈ। ਗਰੀਬੀ-ਅਮੀਰੀ ‘ਚ ਲਗਾਤਾਰ ਵਧਦਾ ਪਾੜਾ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ, ਕਿਰਤੀਆਂ, ਕਿਸਾਨਾਂ, ਦੁਕਾਨਦਾਰਾਂ, ਵਿਉਪਾਰੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਹਾਸ਼ੀਏ ‘ਤੇ ਧੱਕ ਕੇ ਤਰਸਯੋਗ ਸਥਿਤੀ ‘ਚ ਪੁਚਾ ਦੇਣਾ ਇਸ ਵਿਕਾਸ ਮਾਡਲ ਦੀ ਖਾਸੀਅਤ ਹੈ। ਅਜਿਹੇ ਆਰਥਿਕ ਤੇ ਸਮਾਜਿਕ ਢਾਂਚੇ ਅੰਦਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ‘ਚੋਂ ਵਸੂਲੇ ਟੈਕਸਾਂ ਰਾਹੀਂ ਉੱਸਰਿਆ ਸਰਕਾਰੀ ਖੇਤਰ ਨਿੱਜੀ ਧਨਵਾਨ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਂਦਾ ਹੈ। ਸਵੈਨਿਰਭਰਤਾ ਦਾ ਸੰਕਲਪ ਸਿਰਫ ਪ੍ਰਚਾਰ ਕਰਨ ਖਾਤਰ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਤੁਲ ਹੀ ਹੁੰਦਾ ਹੈ, ਜਦਕਿ ਦੇਸ਼ ਦਾ ਅਰਥਚਾਰਾ ਤੇ ਕੁਦਰਤੀ ਸਾਧਨਾਂ ਨੂੰ ਵਿਦੇਸ਼ੀ ਸਾਮਰਾਜੀ ਲੁਟੇਰਿਆਂ ਦੇ ਹਵਾਲੇ ਕਰਕੇ ਨਵੀਂ ਕਿਸਮ ਦੀ ਆਰਥਿਕ ਗੁਲਾਮੀ ਲੋਕਾਂ ਸਿਰ ਮੜ੍ਹ ਦਿੱਤੀ ਜਾਂਦੀ ਹੈ, ਜੋ ਅੱਗੋਂ ਰਾਜਨੀਤਕ ਗੁਲਾਮੀ ਦਾ ਰਾਹ ਖੋਲ੍ਹ ਦਿੰਦੀ ਹੈ। ਇਹ ਵਿਕਾਸ ਮਾਡਲ, ਸਾਰਾ ਕਾਰੋਬਾਰ ਤੇ ਉਤਪਾਦਨ ਲੋਕ ਸੇਵਾ ਹਿਤ ਜਾਂ ਜਨਤਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਲਈ ਨਹੀਂ, ਬਲਕਿ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾ ਕੇ ਵਧੇਰੇ ਤੋਂ ਵਧੇਰੇ ਪੂੰਜੀ ਚੰਦ ਕੁ ਹੱਥਾਂ ‘ਚ ਇਕੱਤਰ ਕਰਨ ਵੱਲ ਸੇਧਤ ਹੁੰਦਾ ਹੈ। ਬੇਕਾਰੀ, ਮਹਿੰਗਾਈ, ਕੰਗਾਲੀ, ਕੁਪੋਸ਼ਨ, ਅਨਪੜ੍ਹਤਾ ਤੇ ਸਮਾਜਿਕ ਅਫਰਾ-ਤਫਰੀ ਅਜਿਹੇ ਢਾਂਚੇ ਦੇ ਪ੍ਰਮੁੱਖ ਲੱਛਣ ਹਨ। ਸਰਕਾਰਾਂ ਸਿਰਫ ਲੁੱਟ ਖਸੁੱਟ ਦੇ ਪ੍ਰਬੰਧ ਨੂੰ ਨਿਯਮਤ ਕਰਨ ਹਿੱਤ ਇਸ ਦੀ ਰਖਵਾਲੀ ਕਰਨ ਦਾ ਸਾਧਨ ਮਾਤਰ ਤੇ ਪੂੰਜੀਵਾਦੀ ਢਾਂਚੇ ਦਾ ਵਿਰੋਧ ਕਰ ਰਹੇ ਸੰਘਰਸ਼ਸ਼ੀਲ ਲੋਕਾਂ ਨੂੰ ਜਬਰ ਨਾਲ ਦਬਾਉਣ ਦਾ ਹੀ ਕੰਮ ਕਰਦੀਆਂ ਹਨ। ਅਜਿਹੇ ਪ੍ਰਬੰਧ ‘ਚ ਨਵਉਦਾਰਵਾਦੀ ਆਰਥਿਕ ਨੀਤੀਆਂ ਸਦਕਾ ਸਾਰੀ ਸੰਪਤੀ ਦੀ ਮਾਲਕੀ ਚੰਦ ਕੁ ਧਨਵਾਨ ਲੋਕਾਂ ਦੇ ਹੱਥਾਂ ‘ਚ ਕੇਂਦਰਿਤ ਹੋ ਜਾਂਦੀ ਹੈ ਤੇ, ਲੋਕਰਾਜੀ ਵਿਵਸਥਾ ਤੇ ਮਨੁੱਖੀ ਅਧਿਕਾਰਾਂ ਦਾ ਜੀਵਤ ਰਹਿਣਾ ਮੁਸ਼ਕਿਲ ਹੀ ਨਹੀਂ, ਅਸੰਭਵ ਬਣਾ ਦਿੱਤਾ ਜਾਂਦਾ ਹੈ।
ਪੂੰਜੀਵਾਦੀ ਪ੍ਰਬੰਧ ਆਪਣੇ ਸ਼ੁਰੂਆਤੀ ਦੌਰ ਦੇ ਐਨ ਵਿਪਰੀਤ ਲੋਕ ਰਾਜੀ, ਧਰਮ ਨਿਰਪੱਖਤਾ ਤੇ ਆਜ਼ਾਦੀ ਦੇ ਸਾਰੇ ਸੰਕਲਪਾਂ ਨੂੰ ਤਿਆਗ ਕੇ ਤਾਨਾਸ਼ਾਹੀ ਤੇ ਫੌਜੀ ਰਾਜ ਪਲਟਿਆਂ ਦਾ ਮੁੜ੍ਹੈਲੀ ਬਣ ਜਾਂਦਾ ਹੈ। ਵਿਧਾਨ ਪਾਲਕਾ, ਕਾਰਜ ਪਾਲਕਾ ਤੇ ਨਿਆਂ ਪਾਲਕਾ, ਪੂੰਜੀਵਾਦੀ ਸੰਕਟ ਦੇ ਇਸ ਦੌਰ ‘ਚ ਖੁੱਲ੍ਹੇ ਰੂਪ ਵਿਚ ਸੱਤਾ ਦੇ ਪੱਖ ‘ਚ ਖਲੋ ਜਾਂਦੀਆਂ ਹਨ।
ਉਪਰੋਕਤ ਸਾਰਾ ਕੁਝ ਗੁਜਰਾਤ ਮਾਰਕਾ ਜਾਂ ਮੋਦੀ ਮਾਰਕਾ ਵਿਕਾਸ ਮਾਡਲ ਦਾ ਸਾਰ ਤੱਤ ਹੈ ਅਤੇ ਵਰਤਮਾਨ ਸਮੇਂ ‘ਚ ਇਸ ਦੇ ਲੋਕ-ਦੋਖੀ ਖਾਸੇ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਸਪੱਸ਼ਟਤਾ ਨਾਲ ਦੇਖਿਆ ਤੇ ਅਨੁਭਵ ਕੀਤਾ ਜਾ ਸਕਦਾ ਹੈ। ਮੋਦੀ ਸਰਕਾਰ ਨੇ ਦੇਸ਼ ਦਾ ਸਮੁੱਚਾ ਪਬਲਿਕ ਸੈਕਟਰ; ਬੈਂਕਾਂ, ਰੇਲਵੇ, ਬੀਮਾ, ਬਿਜਲੀ, ਆਵਾਜਾਈ, ਵਿਦਿਆ, ਸਿਹਤ ਢਾਂਚਾ, ਖਾਨਾਂ, ਸੰਚਾਰ ਸਾਧਨ ਅਤੇ ਕੁਦਰਤੀ ਵਸੀਲੇ, ਸਾਰਾ ਕੁਝ ਨਿੱਜੀ ਲੁਟੇਰਿਆਂ ਦੇ ਹਵਾਲੇ ਕਰਨ ਦਾ ਰਾਹ ਚੁਣਿਆ ਹੈ ਤੇ ਤੇਜ਼ੀ ਨਾਲ ਇਸ ਉਪਰ ਅਮਲ ਕਰ ਰਹੀ ਹੈ। ਲੋਕਾਂ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਆਰਥਿਕ ਅਵਸਥਾ ਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਜਿਵੇਂ ਬੇਕਾਰੀ, ਮਹਿੰਗਾਈ ਤੇ ਗਰੀਬੀ ਨਾਲ ਨਜਿੱਠਣ ਲਈ ਸਰਕਾਰ ਦੀ ਨਾ ਕੋਈ ਸੇਧ ਹੈ ਤੇ ਨਾ ਹੀ ਦਿਲਚਸਪੀ। ”ਜਿਸਦੀ ਲਾਠੀ, ਉਸਦੀ ਭੈਂਸ” ਵਾਲਾ ਖੁੱਲ੍ਹੀ ਮਾਰਕੀਟ ਦਾ ਅਸੂਲ ਹਰ ਖੇਤਰ ‘ਚ ਦੇਖਿਆ ਜਾ ਸਕਦਾ ਹੈ। ਪੱਕੀਆਂ ਨੌਕਰੀਆਂ ਤੇ ਕਿਰਤ ਕਾਨੂੰਨਾਂ ਦਾ ਪੂਰੀ ਤਰ੍ਹਾਂ ਖਾਤਮਾ ਕਰਕੇ ਸਾਰਾ ਕੁਝ ਠੇਕਾ ਪ੍ਰਣਾਲੀ ਰਾਹੀਂ ਕਰਵਾਇਆ ਜਾ ਰਿਹਾ ਹੈ, ਜਿਥੇ ਕੰਮ ਕਰਨ ਦੀਆਂ ਹਾਲਤਾਂ, ਤਨਖਾਹਾਂ ਤੇ ਦੂਸਰੀਆਂ ਸਹੂਲਤਾਂ ਬਹੁਤ ਹੀ ਨਾਕਾਫੀ ਹਨ। ਕਾਰਪੋਰੇਟ ਘਰਾਣਿਆਂ ਦੀ ਵਧੇਰੇ ਮੁਨਾਫਾ ਕਮਾਉਣ ਦੀ ਹਵਸ ਨੂੰ ਪੂਰਾ ਕਰਨ ਲਈ ਖੇਤੀਬਾੜੀ ਧੰਦੇ ‘ਚ ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੀ ਘੁਸਪੈਠ ਕਰਾਉਣ ਲਈ ਹੀ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਨੂੰ ਸੰਵਿਧਾਨ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਇਨ੍ਹਾਂ ਕਾਨੂੰਨਾਂ ਰਾਹੀਂ ‘ਖਾਧ ਪਦਾਰਥਾਂ ਦੇ ਭੰਡਾਰਨ’ ਦੀ ਸੀਮਾ ਦੇ ਖਾਤਮੇਂ ਨਾਲ ਕਾਰਪੋਰੇਟ ਘਰਾਣਿਆਂ ਨੂੰ ‘ਨਕਲੀ ਥੁੜੋਂ’ ਪੈਦਾ ਕਰਕੇ ਮਨਮਾਨੀਆਂ ਕੀਮਤਾਂ ਰਾਹੀਂ ਹਰ ਖਪਤਕਾਰ ਦੀ ਜੇਬ੍ਹ ‘ਤੇ ਡਾਕਾ ਮਾਰਨ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਮੋਦੀ ਸਰਕਾਰ ਵਲੋਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਤੇ ਇਸਦੇ ਵਿਰੋਧ ਨੂੰ ਪੂਰੀ ਤਰ੍ਹਾਂ ਮਨਫ਼ੀ ਕਰਨ ਲਈ ਸੰਘਰਸ਼ ਕਰਨ ਦੀਆਂ ਸਾਰੀਆਂ ਵਿਧੀਆਂ ਤੇ ਅਧਿਕਾਰਾਂ ਨੂੰ, ਜੋ ਭਾਰਤੀ ਸੰਵਿਧਾਨ ਦਾ ਮੂਲ ਆਧਾਰ ਹਨ, ਹੌਲੀ-ਹੌਲੀ ਸਮੇਟਿਆ ਜਾ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਨੂੰ ‘ਦੇਸ਼ ਧ੍ਰੋਹ’ ਦਾ ਦਰਜ਼ਾ ਦੇਣਾ ਲੋਕ ਰਾਜ ਦੇ ਖਾਤਮੇ ਦੀ ਨਿਸ਼ਾਨੀ ਹੈ। ਸਰਕਾਰ ਦੇ ਸਾਰੇ ਅਦਾਰੇ, ਵਿਧਾਨ ਪਾਲਕਾ, ਕਾਰਜ ਪਾਲਕਾ, ਨਿਆਂ ਪਾਲਕਾ, ਸਰਕਾਰੀ ਏਜੰਸੀਆਂ, ਆਰ.ਬੀ.ਆਈ., ਚੋਣ ਕਮਿਸ਼ਨ ਸਭ ਕੁਝ ਸਰਕਾਰ ਦੇ ਇਸ਼ਾਰਿਆਂ ‘ਤੇ ਕੰਮ ਕਰਦੇ ਹਨ।ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਨੂੰ ਹੋਰ ਤਿੱਖੀ ਤੇ ਬੇਕਿਰਕ ਬਣਾਉਣ ਵਾਸਤੇ ਧਰਮ ਨਿਰਪੱਖਤਾ, ਲੋਕ ਰਾਜ ਤੇ ਸੰਘਾਤਮਕ ਢਾਂਚੇ ਦਾ ਖਾਤਮਾ ਕਰਕੇ ਦੇਸ਼ ਨੂੰ ਧਰਮ ਅਧਾਰਤ ਤਾਨਾਸ਼ਾਹ ਦੇਸ਼ (ਹਿੰਦੂ ਰਾਸ਼ਟਰ) ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਥੇ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਲੋਕਾਂ ਲਈ ਜਬਰ ਸਹਿਣ ਤੋਂ ਸਿਵਾਏ ਹੋਰ ਕੁਝ ਵੀ ਬਾਕੀ ਨਹੀਂ ਰਹਿੰਦਾ। ਇਤਿਹਾਸ ਇਹ ਵੀ ਦਰਸਾਉਂਦਾ ਹੈ ਕਿ ਅਜਿਹੇ ਕਿਸੇ ਵੀ ‘ਧਰਮ ਅਧਾਰਤ’ ਦੇਸ਼ ਦੇ ਬਹੁ ਗਿਣਤੀ ਲੋਕਾਂ ਦੀ ਹਾਲਤ, ਜਿਨ੍ਹਾਂ ਦਾ ਦਮ ਭਰਨ ਦੇ ਵਾਅਦੇ ਨਾਲ ਅਜਿਹੇ ਦੇਸ਼ ਦੀ ਸਥਾਪਨਾ ਕੀਤੀ ਗਈ ਹੁੰਦੀ ਹੈ, ਦੂਸਰੇ ਧਰਮਾਂ ਦੇ ਗਰੀਬ ਲੋਕਾਂ ਨਾਲੋਂ ਕਿਸੇ ਵੀ ਪੱਖ ਤੋਂ ਚੰਗੇਰੀ ਨਹੀਂ ਹੁੰਦੀ। ਸੰਵਿਧਾਨ, ਜੋ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ‘ਚ ਕੀਤੀਆਂ ਕੁਰਬਾਨੀਆਂ ਤੇ ਤਜ਼ਰਬਿਆਂ ਦੀ ਦੇਣ ਹੈ, ਦੀ ਸਿਰਫ ਉਪਰਲੀ ਜ਼ਿਲਦ ਹੀ ਪੁਰਾਣੀ ਹੈ ਤੇ ਬਾਕੀ ਸਭ ਕੁਝ ਤਬਦੀਲ ਕਰ ਦਿੱਤਾ ਗਿਆ ਹੈ ਜਾਂ ਜਲਦੀ ਹੀ ਤਬਦੀਲ ਕੀਤੇ ਜਾਣ ਦੀ ਤਿਆਰੀ ਹੈ। ਡਾਕਟਰ ਬੀ.ਆਰ.ਅੰਬੇਦਕਰ ਦਾ ਸਨਮਾਨ ਮੋਦੀ ਸਰਕਾਰ ਲਈ ਸਿਰਫ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਤੱਕ ਹੀ ਸੀਮਤ ਰਹਿ ਗਿਆ ਹੈ, ਜਦਕਿ ਦੇਸ਼ ਦੀ ਸਮਾਜਿਕ ਬਣਤਰ ਨੂੰ ਮਨੂੰਵਾਦੀ ਵਿਵਸਥਾ ਦੇ ਅਨੁਸਾਰ ਹੋਰ ਅਮਾਨਵੀ, ਅਸਹਿਣਸ਼ੀਲ ਤੇ ਨਿਰੰਕੁਸ਼ ਬਣਾਇਆ ਜਾ ਰਿਹਾ ਹੈ।
ਉਕਤ ਸਾਰੇ ਕਾਰਜਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਿਰੇ ਚਾੜ੍ਹਨ ਵਾਸਤੇ ਲੋਕਾਂ ਅੰਦਰ ਫਿਰਕੂ ਆਧਾਰ ‘ਤੇ ਵੰਡ ਨੂੰ ਤਿੱਖਾ ਤੇ ਡੂੰਘਾ ਕਰਨਾ ਮੋਦੀ ਸਰਕਾਰ ਦੀ ਮੁੱਖ ਮਨਸ਼ਾ ਹੈ। ਤੇ ਇਸੇ ਦਿਸ਼ਾ ‘ਚ ਸਾਮਰਾਜੀ ਸ਼ਕਤੀਆਂ ਨਾਲ ਯੁਧਨੀਤਕ ਸਾਂਝਾਂ ਪਾ ਕੇ ਦੇਸ਼ ਦੀ ਗੁਟ ਨਿਰਲੇਪ ਵਿਦੇਸ਼ੀ ਨੀਤੀ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਗਿਆ ਹੈ। ਸਾਮਰਾਜੀ ਜੰਗੀ ਚਾਲਾਂ ਦੀ ਵਿਰੋਧਤਾ ਕਰਨੀ ਤੇ ਸੰਸਾਰ ਅਮਨ ਦੀ ਰਾਖੀ ਦਾ ਦਮ ਭਰਨਾ ਮੋਦੀ ਸਰਕਾਰ ਨੂੰ ਜ਼ਹਿਰ ਜਾਪਦਾ ਹੈ। ਇਨ੍ਹਾਂ ਅਵਸਥਾਵਾਂ ‘ਚ ਦੇਸ਼ ਦੀ ਏਕਤਾ, ਅਖੰਡਤਾ ਤੇ ਰਾਜਨੀਤਕ ਪ੍ਰਭੂਸੱਤਾ ਕਿੰਨੀ ਕੁ ਦੇਰ ਸੁਰੱਖਿਅਤ ਰਹੇਗੀ, ਇਹ ਸਵਾਲ ਦੇਸ਼ ਦੇ ਲੋਕਾਂ ਸਾਹਮਣੇ ਮੂੰਹ ਅੱਡੀ ਖੜ੍ਹਾ ਹੈ?
ਗੁਜਰਾਤ ਮਾਰਕਾ ਮੋਦੀ ਵਿਕਾਸ ਮਾਡਲ ਨੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਭਾਰਤ ਨੂੰ ਤਬਾਹੀ ਦੇ ਰਾਹ ਪਾ ਦਿੱਤਾ ਹੈ। ਇਹ ਦੇਖਣਾ ਹੋਵੇਗਾ ਕਿ ਦੇਸ਼ ਦੇ ਲੋਕ ਜਾਨਾਂ ਵਾਰ ਕੇ ਪ੍ਰਾਪਤ ਕੀਤੀ ਆਜ਼ਾਦੀ ਤੇ ਇਕ ਹੱਦ ਤੱਕ ਹਾਸਲ ਕੀਤੀ ਆਰਥਿਕ ਸਵੈ-ਨਿਰਭਰਤਾ ਨੂੰ ਕਿੰਨੀ ਕੁ ਦੇਰ ਸੰਭਾਲ ਕੇ ਰੱਖਦੇ ਹਨ? ਦੇਸ਼ ਭਰ ‘ਚ ਚੱਲ ਰਹੇ ਕਿਸਾਨ ਅੰਦੋਲਨ ਨੇ ਇਸ ਦਿਸ਼ਾ ‘ਚ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਤੇ ਰਸਤੇ ਲੋਕਾਂ ਸਾਹਮਣੇ ਪੇਸ਼ ਕਰ ਦਿੱਤੇ ਹਨ। ਇਨ੍ਹਾਂ ਤੋਂ ਰੌਸ਼ਨੀ ਲੈਂਦੇ ਹੋਏ ਜਮਹੂਰੀ ਲਹਿਰ ਸਿਰਜਣ ਲਈ ਅੱਗੇ ਵਧਣਾ ਸਾਡੇ ਸਮਿਆਂ ਦਾ ਪ੍ਰਮੁੱਖ ਕਾਰਜ ਹੈ। ਐਪਰ, ਇਹ ਸਾਰਾ ਕੁਝ ਲੋਕਾਈ ਦੇ ਸਾਂਝੇ ਯਤਨਾਂ ਸਦਕਾ ਹੀ ਸੰਭਵ ਹੋ ਸਕਦਾ ਹੈ।
–ਮੰਗਤ ਰਾਮ ਪਾਸਲਾ
-

ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਫਰਵਰੀ 2021)
ਰਵੀ ਕੰਵਰ
ਸਾਮਰਾਜੀਆਂ ਲਈ ਵੰਗਾਰ ਵੈਨੇਜ਼ੁਏਲਾ ਦੇ ਚੋਣ ਨਤੀਜੇ
ਲੰਘੇ ਸਾਲ 6 ਦਸੰਬਰ ਨੂੰ ਲਾਤੀਨੀ ਅਮਰੀਕੀ ਦੇਸ਼ ਵੈਨੇਜ਼ੁਏਲਾ ਦੀ ਸੰਸਦ ਦੀਆਂ ਚੋਣਾਂ ਹੋਈਆਂ ਹਨ। ਸਾਥੀ ਹੂਗੋ ਸ਼ਾਵੇਜ਼ ਦੇ ਨੇ ਨਾ ਕੇਵਲ, ਆਪਣੇ ਵਤਨ ਬਲਕਿ ਸਾਰੇ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਚੁਣੌਤੀ ਦਿੰਦੀਆਂ ਬਦਲਵੀਆਂ ਲੋਕ ਪੱਖੀ ਆਰਥਕ ਤੇ ਸਮਾਜਕ ਨੀਤੀਆਂ ਲਾਗੂ ਕਰਨ ਦਾ ਮੁੱਢ ਬੰਨ੍ਹਿਆ ਸੀ। ਉਨ੍ਹਾਂ ਵਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਹੀ ਇਸ ਮਹਾਂਦੀਪ ਦੇ ਕਈ ਦੇਸ਼ਾਂ ਵਿਚ ਲੋਕ ਪੱਖੀ ਸਰਕਾਰਾਂ ਸਥਾਪਤ ਹੋਈਆਂ ਸਨ। ਉਨ੍ਹਾਂ ਇਸ ਮਹਾਂਦੀਪ ਵਿਚ ਸਮਾਜਵਾਦੀ ਸ਼ਾਸ਼ਣ ਪ੍ਰਣਾਲੀ ਅਪਨਾਉਣ ਵਾਲੇ ਦੇਸ਼ ਕਿਊਬਾ, ਜਿਸਨੂੰ ਕਿ ਅਮਰੀਕੀ ਸਾਮਰਾਜ ਨੇ ਸੋਵੀਅਤ ਰੂਸ ਵਿਚ ਸਮਾਜਵਾਦੀ ਪ੍ਰਣਾਲੀ ਦੇ ਢਹਿਢੇਰੀ ਹੋਣ ਬਾਅਦ ਨਿਖੇੜਨ ਦਾ ਯਤਨ ਕੀਤਾ ਸੀ, ਨਾਲ ਸਰਗਰਮ ਸਬੰਧ ਕਾਇਮ ਕਰਕੇ ਇਸ ਪੂਰੇ ਦੱਖਣੀ ਅਮਰੀਕੀ ਮਹਾਂਦੀਪ ਵਿਚ ਲੋਕ ਪੱਖੀ ਰਾਜਨੀਤੀ ਨੂੰ ਇਕ ਨਵਾਂ ਰੂਪ ਪ੍ਰਦਾਨ ਕੀਤਾ ਸੀ। ਸਾਥੀ ਹੂਗੋ ਸ਼ਾਵੇਜ਼ ਦੇ ਦਿਹਾਂਤ ਤੋਂ ਬਾਅਦ ਸਾਥੀ ਨਿਕੋਲਸ ਮਾਦੂਰੋ ਦੇਸ਼ ਦੇ ਰਾਜਸ਼ਟਰਪਤੀ ਬਣੇ ਸਨ। ਦੇਸ਼ ਦੀ ਸੰਸਦ, ਜਿਹੜੀ ਕਿ ਇਕੋ ਸਦਨ ‘ਤੇ ਅਧਾਰਤ ਹੈ ਅਤੇ ਜਿਸਨੂੰ ਕੌਮੀ ਅਸੰਬਲੀ ਕਿਹਾ ਜਾਂਦਾ ਹੈ, ਦੀਆਂ 6 ਦਸੰਬਰ ਨੂੰ ਹੋਈਆਂ ਚੋਣਾਂ ਵਿਚ 67% ਵੋਟਾਂ ਲੈ ਕੇ ਰਾਸ਼ਟਰਪਤੀ ਮਾਦੂਰੋ ਦੇ ਸਮਰਥਕ ਖੱਬੇ ਪੱਖੀ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। ਅਤੇ ਦੋ ਮੁੱਖ ਵਿਰੋਧੀ ਧਿਰਾਂ ਨੂੰ 274 ਸੀਟਾਂ ਵਾਲੀ ਇਸ ਸੰਸਦ ਵਿਚ 253 ਸੀਟਾਂ ਨਾਲ ਵੱਡਾ ਬਹੁਮਤ ਹਾਸਲ ਹੋਇਆ ਹੈ। ਜਨਵਰੀ 2021 ਵਿਚ ਪੁਰਾਣੇ ਸਦਨ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਨਵਾਂ ਸਦਨ ਉਸਦੀ ਥਾਂ ਲਵੇਗਾ। ਇਨ੍ਹਾਂ ਚੋਣਾਂ ਵਿਚ ਸਿਰਫ 30% ਵੋਟ ਪਏ ਸਨ। 2018 ਵਿਚ, ਜਦੋਂ ਰਾਸ਼ਟਰਪਤੀ ਮਾਦੂਰੋ ਚੋਣ ਜਿੱਤੇ ਸਨ, ਉਸ ਵੇਲੇ ਅਮਰੀਕੀ ਸਾਮਰਾਜ ਪੱਖੀ ਪਾਰਟੀਆਂ ਨੇ ਇਸ ਚੋਣ ਨੂੰ ਰੱਦ ਕਰਦੇ ਹੋਏ ਕੌਮੀ ਅਸੰਬਲੀ ਦੇ ਸਪੀਕਰ ਜੁਆਨ ਗੁਇਡੋ ਨੂੰ ਦੇਸ਼ ਦਾ ਅੰਤਰਮ ਰਾਸ਼ਟਰਪਤੀ ਐਲਾਨ ਦਿੱਤਾ ਸੀ। ਜਦੋਂ ਕਿ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਇਸ ਚੋਣ ਵਿਚ 67.8% ਵੋਟ ਮਿਲੇ ਸਨ ਅਤੇ ਉਨ੍ਹਾਂ ਦੇ ਨੇੜਲੇ ਵਿਰੋਧੀ ਉਮੀਦਵਾਰ ਨੂੰ 20.9%। ਪ੍ਰੰਤੂ ਫੇਰ ਵੀ ਇਸ ਚੋਣ ਨੂੰ ਰੱਦ ਕਰਦੇ ਹੋਏ ਅਮਰੀਕੀ ਸਾਮਰਾਜ ਤੇ ਉਸਦੇ ਸਹਿਯੋਗੀ ਯੂਰੋਪੀ ਦੇਸ਼ਾਂ ਨੇ ਜੁਆਨ ਗੁਇਡੋ ਨੂੰ ਰਾਸ਼ਟਰਪਤੀ ਵਜੋਂ ਮਾਨਤਾ ਦੇ ਦਿੱਤੀ ਸੀ ਪਰ ਵੈਨੇਜ਼ੁਏਲਾ ਦੇ ਲੋਕਾਂ ਦੇ ਜਬਰਦਸਤ ਵਿਰੋਧ ਕਰਕੇ ਜੁਆਨ ਗਾਇਡੋ ਦੇਸ਼ ਦੀ ਬਾਗਡੋਰ ਨਹੀਂ ਸੰਭਾਲ ਸਕੇ ਸਨ। ਅਮਰੀਕੀ ਸਾਮਰਾਜ, ਆਪਣੇ ਗੁਆਂਢੀ ਇਸ ਮਹਾਂਦੀਪ ਵਿਚ, ਸਾਮਰਾਜੀ ਆਰਥਕ ਤੇ ਸਮਾਜਿਕ ਨੀਤੀਆਂ ਦੇ ਮਾਡਲ ਦਾ ਵਿਰੋਧ ਹੋਣ ਤੇ ਉਸਦੇ ਮੁਕਾਬਲੇ ਵਿਚ ਲੋਕ ਪੱਖੀ ਬਦਲ ਸਫਲਤਾ ਨਾਲ ਲਾਗੂ ਕਰਨ ਕਰਕੇ ਸ਼ਾਵੇਜ਼ ਦਾ ਵਿਰੋਧ ਕਰਦਾ ਸੀ ਅਤੇ 2002 ਵਿਚ ਇਕ ਵਾਰ ਉਸਨੇ ਆਪਣੀਆਂ ਹਥਠੋਕਾ ਪਾਰਟੀਆਂ ਰਾਹੀਂ ਇੱਥੇ ਤਖਤਾ ਪਲਟ ਵੀ ਕਰਵਾ ਦਿੱਤਾ ਸੀ, ਜਿਹੜਾ ਕਿ ਦੇਸ਼ ਦੇ ਲੋਕਾਂ ਦੇ ਜਬਰਦਸਤ ਦਬਾਅ ਸਦਕਾ ਅਸਫਲ ਰਿਹਾ ਸੀ ਅਤੇ 2 ਦਿਨ ਬਾਅਦ ਹੀ ਸਾਥੀ ਸ਼ਾਵੇਜ਼ ਨੇ ਮੁੜ ਸੱਤਾ ਸੰਭਾਲ ਲਈ ਸੀ। ਇਹ ਦੇਸ਼ ਕੱਚੇ ਤੇਲ ਦੇ ਭੰਡਾਰਾਂ ਦੇ ਮਾਮਲੇ ਵਿਚ ਦੁਨੀਆਂ ਵਿਚ ਪੰਜਵੇਂ ਥਾਂ ‘ਤੇ ਹੈ, ਅਤੇ ਉਸਦੀ ਆਮਦਨ ਦਾ ਮੁੱਖ ਸਾਧਨ ਤੇਲ ਵਿਉਪਾਰ ਹੀ ਹੈ। ਇਸ ਕਰਕੇ ਅਮਰੀਕਾ ਨੇ ਤੇਲ ਦੇ ਨਿਰਯਾਤ ਉਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਨਾਲ ਹੀ ਆਯਾਤ ਕੀਤੀਆਂ ਜਾਣ ਵਾਲੀਆਂ ਭੋਜਨ ਵਸਤਾਂ ‘ਤੇ ਵੀ ਪਾਬੰਦੀ ਲਗਾ ਦਿੱਤੀ। ਅਮਰੀਕੀ ਸਾਮਰਾਜ ਤੇ ਉਸਦੇ ਸਹਿਯੋਗੀ ਯੂਰੋਪੀ ਦੇਸ਼ ਇਨ੍ਹਾਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰ ਰਹੇ ਹਨ ਜਿਸ ਕਰਕੇ ਦੇਸ਼ ਵਿਚ ਭੋਜਨ ਵਸਤਾਂ ਦੀ ਥੁੜ੍ਹੋਂ ਪੈਦਾ ਹੋ ਗਈ ਹੈ। ਪਰ ਚੀਨ, ਰੂਸ, ਕਿਊਬਾ, ਈਰਾਨ ਤੇ ਹੋਰ ਦੇਸ਼, ਜਿਨ੍ਹਾਂ ਦੇ ਅਮਰੀਕਾ ਨਾਲ ਸੁਖਾਵੇਂ ਸਬੰਧ ਨਹੀਂ ਹਨ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਅਗਵਾਈ ਵਾਲੀ ਸਰਕਾਰ ਦੀ ਮਦਦ ਕਰ ਰਹੇ ਹਨ ਅਤੇ ਰਾਸ਼ਟਰਪਤੀ ਮਾਦੁਰੋ ਇਨ੍ਹਾਂ ਮੁਸ਼ਕਲ ਹਾਲਤਾਂ ਵਿਚ ਦੇਸ਼ ਵਿਚ ਲੋਕ ਪੱਖੀ ਨੀਤੀਆਂ ਲਾਗੂ ਕਰਦੇ ਹੋਏ ਅੱਗੇ ਵੱਧ ਰਹੇ ਹਨ। 2.89 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚੋਂ 45 ਲੱਖ ਲੋਕ ਤਾਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਇਨ੍ਹਾਂ ਕੌਮੀ ਅਸੰਬਲੀ ਚੋਣਾਂ ਵਿਚ ਇੰਨੀ ਘੱਟ (30%) ਵੋਟਿੰਗ ਹੋਣ ਪਿਛੇ ਇਹ ਮੁੱਖ ਕਾਰਨ ਹੈ। ਸਥਿਤੀ ਐਨੀ ਖਰਾਬ ਹੈ ਕਿ ਇਸ ਤੇਲ ਦੇ ਵੱਡੇ ਭੰਡਾਰਾਂ ਵਾਲੇ ਦੇਸ਼ ਵਿਚ ਵੀ ਲੋਕ ਪੈਟਰੋਲ ਦੀ ਥੁੜੋਂ ਨਾਲ ਜੂਝ ਰਹੇ ਹਨ, ਕਿਉਂਕਿ ਦੇਸ਼ ਕੋਲ ਕੱਚਾ ਤੇਲ ਤਾਂ ਹੈ ਪਰ ਲੋੜੀਂਦੀ ਮਾਤਰਾ ਵਿਚ ਤੇਲ ਸੋਧਕ ਰਿਫਾਇਨਰੀਆਂ ਨਹੀਂ ਹਨ ਅਤੇ ਰਿਫਾਇੰਡ ਤੇਲ ਆਯਾਤ ਉਤੇ ਪਾਬੰਦੀਆਂ ਲਾਉਣ ਕਰਕੇ ਉਹ ਮਿਲ ਨਹੀਂ ਰਿਹਾ।
ਅਮਰੀਕੀ ਸਾਮਰਾਜ ਦੇ ਹੱਥਠੋਕੇ ਜੁਆਨ ਗੁਇਡੋ ਨੇ ਇਨ੍ਹਾਂ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ ਪ੍ਰੰਤੂ ਦੇਸ਼ ਦੀਆਂ ਪੰਜ ਵਿਰੋਧੀ ਪਾਰਟੀਆਂ, ਜਿਨ੍ਹਾਂ ਵਿਚ ਏ.ਡੀ.ਤੇ ਸੀ.ਓ.ਪੀ.ਈ.ਆਈ. ਵਰਗੀਆਂ ਪਾਰਟੀਆਂ ਵੀ ਸਨ, ਜਿਹੜੀਆਂ 1959 ਤੋਂ 1999 ਤੱਕ ਦੇਸ਼ ਵਿਚ ਸਰਕਾਰਾਂ ਚਲਾਉਂਦੀਆਂ ਰਹੀਆਂ ਸਨ, ਨੇ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ ਸੀ।
ਜੁਆਨ ਗੁਇਡੋ ਨੇ ਇਕ ਤਰ੍ਹਾਂ ਦੀ ਰਾਏਸ਼ੁਮਾਰੀ ਕਰਵਾਉਣ ਦਾ ਸੱਦਾ ਦਿੱਤਾ ਸੀ, ਜਿਸਨੂੰ ‘ਜਨ ਸਲਾਹ’ ਦਾ ਨਾਂਅ ਦਿੱਤਾ ਗਿਆ ਸੀ ਤੇ ਜਿਸ ਵਿਚ ਲਿਖਤੀ ਰੂਪ ‘ਚ ਪੁੱਛਿਆ ਗਿਆ ਸੀ ਕਿ ”ਕੀ ਇਹ ਪਾਰਲੀਮਾਨੀ ਚੋਣਾਂ ਜਾਇਜ਼ ਹਨ?” ਇਸ ਰਾਏਸ਼ੁਮਾਰੀ ਵਿਚ ਦੇਸ਼ ਦੇ ਸਿਰਫ 15% ਲੋਕਾਂ ਨੇ ਹੀ ਆਪਣੀ ਰਾਏ ਦਿੱਤੀ। ਇਨ੍ਹਾਂ ਰਾਏ ਦੇਣ ਵਾਲੇ 32 ਲੱਖ ਲੋਕਾਂ ਵਿਚੋਂ ਵੀ 24 ਲੱਖ ਨੇ ਟਵਿੱਟਰ ਜਾਂ ਟੈਲੀਗ੍ਰਾਮ ਵਰਗੇ ਇਲੈਕਟ੍ਰਾਨਿਕ ਪਲੇਟਫਾਰਮਾਂ ਰਾਹੀਂ ਰਾਏ ਦਿੱਤੀ ਜਿਨ੍ਹਾਂ ਦੀ ਵਾਜ਼ਬੀਅਤ ਵੱਡੀ ਹੱਦ ਤੱਕ ਸ਼ੱਕੀ ਹੈ। 8 ਲੱਖ 45000 ਲੋਕਾਂ ਨੇ ਵਿਦੇਸ਼ਾਂ ਤੋਂ ਰਾਏ ਦਿੱਤੀ ਹੈ। ਇਸ ਤਰ੍ਹਾਂ ਇਹ ਪੂਰੀ ਤਰ੍ਹਾਂ ਭਰੋਸੇਯੋਗਤਾ ਤੋਂ ਸੱਖਣੀ ਰਾਏਸ਼ੁਮਾਰੀ ਸਾਬਤ ਹੋਈ ਹੈ। ਜਿਨ੍ਹਾਂ ਪਾਰਲੀਮਾਨੀ ਚੋਣਾਂ ਨੂੰ ਚੁਣੌਤੀ ਦੇਣ ਲਈ ਇਹ ਕਰਵਾਈ ਗਈ ਹੈ ਉਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਮੁਤਾਬਕ ਬਣੇ ਚੋਣ ਕਮਿਸ਼ਨ ਸੀ.ਐਨ.ਈ. ਨੇ ਕਰਵਾਇਆ ਸੀ ਅਤੇ ਉਸ ਵਿਚ 31% ਦੇ ਕਰੀਬ ਦੇਸ਼ ਦੇ ਜਾਇਜ਼ ਵੋਟਰਾਂ ਨੇ ਭਾਗ ਲਿਆ। ਚੋਣਾਂ ਮੌਕੇ ਵਿਦੇਸ਼ੀ ਆਬਜਰਵਰ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਭਾਰਤੀ ਮੂਲ ਦੇ ਲਾਤੀਨੀ ਅਮਰੀਕੀ ਮਾਮਲਿਆਂ ਦੇ ਮਾਹਿਰ ਵਿਜੇ ਪ੍ਰਸ਼ਾਦ ਵੀ ਸ਼ਾਮਲ ਹਨ।
ਅਮਰੀਕੀ ਸਾਮਰਾਜ ਦੇ ਹੱਥਠੋਕੇ ਜੁਆਨ ਗੁਇਡੋ ਹੁੁਣ ਦੇਸ਼ ਦੇ ਅੰਤਰਮ ਰਾਸ਼ਟਰਪਤੀ ਅਖਵਾਉਣ ਦੀ ਯੋਗਤਾ ਵੀ ਗੁਆ ਚੁੱਕੇ ਹਨ ਕਿਉਂਕਿ ਉਹ ਕੌਮੀ ਅਸੰਬਲੀ ਦੇ ਸਪੀਕਰ ਹੋਣ ਕਰਕੇ ਹੀ ਇਸ ਅਖੌਤੀ ਆਹੁਦੇ ਦੇ ਯੋਗ ਬਣੇ ਸਨ। ਰਾਸ਼ਟਰਪਤੀ ਨਿਕੋਲਸ ਮੁਦੁਰੋ ਮੁੜ ਇਕ ਵਾਰ ਦੇਸ਼ ਦੇ ਜਾਇਜ਼ ਸਾਸ਼ਕ ਬਣ ਗਏ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਮੁੜ ਦ੍ਰਿੜਾਇਆ ਹੈ ਕਿ ਉਹ ਸਾਥੀ ਹੁਗੋ ਸ਼ਾਵੇਜ਼ ਦੇ ਪਦਚਿਨ੍ਹਾਂ ‘ਤੇ ਚਲਦੇ ਹੋਏ ਦੇਸ਼ ਵਿਚ ਸਾਮਰਾਜੀ ਸੰਸਾਰੀਕਰਣ ਦਾ ਵਿਰੋਧ ਕਰਨ ਵਾਲੀਆਂ ਲੋਕ ਪੱਖੀ ਆਰਥਕ ਸਮਾਜਕ ਨੀਤੀਆਂ ਲਾਗੂ ਕਰਦੇ ਹੋਏ ਅੱਗੇ ਵਧਣਗੇ। ਅਮਰੀਕਣ ਸਾਮਰਾਜ ਨੂੰ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਇਹ ਦੂਜੀ ਨਮੋਸ਼ੀ ਝੱਲਣੀ ਪਈ ਹੈ। ਪਿਛਲੇ ਸਾਲ ਬੋਲੀਵੀਆ ਵਿਚ ਹੋਈ ਰਾਸ਼ਟਰਪਤੀ ਚੋਣ ਵਿਚ ਉਸਨੇ ਜਾਇਜ ਰੂਪ ਵਿਚ ਮੁੜ ਚੁਣੇ ਗਏ ਖੱਬੇ ਪੱਖੀ ਆਗੂ ਰਾਸ਼ਟਰਪਤੀ ਈਵੋ ਮੋਰਾਲੇਜ ਦੀ ਚੋਣ ਰੱਦ ਕਰਕੇ ਕੌਮੀ ਅਸੰਬਲੀ ਦੀ ਮੈਂਬਰ ਜੀਨੀਨ ਅਨੇਜ ਨੂੰ ਅੰਤਰਮ ਰਾਸ਼ਟਰਪਤੀ ਐਲਾਨ ਦਿੱਤਾ ਸੀ। ਪਰ ਬੀਤੇ ਸਾਲ 18 ਅਕਤੂਰ ਨੂੰੂ ਹੋਈ ਚੋਣ ਵਿਚ ਸਾਥੀ ਈਵੋ ਮੋਰਾਲੇਜ ਦੀ ਹੀ ਖੱਬੇ ਪੱਖੀ ਪਾਰਟੀ ਐਮ.ਏ. ਐਸ. ਦੇ ਆਗੂ ਲੁਈਸ ਆਰਕ ਰਾਸ਼ਟਰਪਤੀ ਚੁਣੇ ਗਏ ਸਨ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਡੋਨਾਲਡ ਟਰੰਪ ਨੂੰੂ ਹਰਾਕੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਜੋ ਬਾਈਡਨ ਇਸ ਤੋਂ ਢੁਕਵਾਂ ਸਬਕ ਲੈਣਗੇ। -

ਸੁਧਾਰਾਂ ਦੇ ਨਾਂਅ ‘ਤੇ ਤਬਾਹੀ ਕਰਦੇ ‘ਨਵੇਂ ਖੇਤੀ ਕਾਨੂੰਨ’
ਲੰਘੀ 24 ਜਨਵਰੀ ਨੂੰ ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਵਿਸ਼ਣੂ ਗਣੇਸ਼ ਪਿੰਗਲੇ ਹਾਲ’ ‘ਚ ਸੈਮੀਨਾਰ ਕਰਵਾਇਆ ਗਿਆ ਦੇਸ਼ ਦੇ ਉੱਘੇ ਖੇਤੀ ਅਰਥ ਸ਼ਾਸਤਰੀਆਂ ਵਿੱਚ ਵਿਸ਼ੇਸ਼ ਸਥਾਨ ਰਖਣ ਵਾਲੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਲੁਧਿਆਣਾ ਦੇ ਪ੍ਰੋਫ਼ੈਸਰ, ਡਾਕਟਰ ਸੁੱਖਪਾਲ ਸਿੰਘ ਨੇ ਮੌਜੂਦਾ ਖੇਤੀ ਅਵਸਥਾ ਅਤੇ ਮੋਦੀ ਸਰਕਾਰ ਦੇ ਖੇਤੀ ਨਾਲ ਸਬੰਧਤ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਖੋਜ ਭਰਪੂਰ ਤੇ ਭਾਵਪੂਰਤ ਭਾਸ਼ਣ ਕੀਤਾ। ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ‘ਚ ਵਾਧਾ ਕਰਨ ਲਈ ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਛਾਪ ਰਹੇ ਹਾਂ- ਸੰਪਾਦਕੀ ਮੰਡਲ
- ਡਾਕਟਰ ਸਾਹਿਬ ਨੇ ਵਿਚਾਰ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਪੰਜਾਬ ਦੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ-ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦਾ ਘਰ-ਘਰ ਜਾ ਕੇ ਸਰਵੇ ਕਰਨ ਵਾਲੀ ਟੀਮ ਦੇ ਮੈਂਬਰ ਵਜੋਂ ਉਨ੍ਹਾਂ ਦੇ ਅਨੁਭਵ ਰੂਹਾਂ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਹਨ ਤੇ ਉਹ ਤੇ ਉਹਨਾਂ ਦੀ ਟੀਮ ਦੇ ਹੋਰ ਮੈਂਬਰ ਕਦੀ ਵੀ ਆਪਣੇ ਅਕਹਿ ਤੇ ਅਸਹਿ ਸੰਤਾਪ ਹੰਢਾਉਣ ਲਈ ਪਿਛੇ ਰਹਿ ਗਏ ਪਰਿਵਾਰਾਂ ਦੀਆਂ ਦਰਦੀਲੀਆਂ ਇੰਟਰਵਿਊਜ, ਇੱਕੋ ਵਾਰ ‘ਚ ਮੁਕੰਮਲ ਨਹੀਂ ਕਰ ਸਕੇ।
- ਉਨ੍ਹਾਂ ਯਾਦ ਦਿਵਾਇਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਾਢੇ ਤਿੰਨ ਲੱਖ ਤੋਂ ਵਧੇਰੇ ਕਿਸਾਨ ਤੇ ਖੇਤੀ ਕਾਮੇ ਆਤਮ ਹੱਤਿਆਵਾਂ ਕਰ ਗਏ ਹਨ। ਉਂਝ ਇਹ ਅੰਕੜੇ ਵੀ ਦਰੁਸਤ ਨਹੀਂ, ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਜੇ ਕਰ ਸਰਕਾਰੀ ਦਲੀਲ ਮੰਨ ਵੀ ਲਈਏ ਤਾਂ ਇਹ ਪਤਾ ਲੱਗਦਾ ਹੈ ਕਿ ‘ਮਹਾਨ ਭਾਰਤ ਵਰਸ਼’ ਵਿੱਚ ਪ੍ਰਤੀ ਦਿਨ ਤਿੰਨ ਕਿਸਾਨ ਖੁਦਕੁਸ਼ੀ ਕਰਦੇ ਹਨ। ਮਨੋਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਖੁਦਕੁਸ਼ੀ ਕਰਨ ਵਾਲਾ ਵਿਅਕਤੀ ਘੱਟੋ ਘੱਟ ਵੀਹ ਵਾਰ ਅਜਿਹਾ ਯਤਨ ਕਰ ਚੁੱਕਾ ਹੁੰਦਾ ਹੈ। ਇਹ ਹਾਲਾਤ ਭਾਰਤ ਦੇ ਲੋਕਾਂ ਦੀ ਨਿੱਘਰ ਚੁੱਕੀ ਮਾਨਸਿਕ ਸਿਹਤ ਅਤੇ ਤਰਸ ਯੋਗ ਜੀਉਣ ਹਾਲਤਾਂ ਦੀ ਕਰੂਪ ਤਸਵੀਰ ਪੇਸ਼ ਕਰਦੇ ਹਨ।
- ਡਾਕਟਰ ਸਾਹਿਬ ਨੇ ਦੱਸਿਆ ਕਿ ਸਵੈ ਘਾਤ ਕਰਨ ਵਾਲੇ ਮਜਦੂਰਾਂ-ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਇੱਕ ਤਿਹਾਈ ਟੱਬਰ ਐਸੇ ਹਨ ਜਿੰਨ੍ਹਾਂ ਦਾ ਹੋਰ ਕੋਈ ਵੀ ਕਮਾਊ ਜੀਅ ਨਹੀਂ।
- ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਤਮ ਹੱਤਿਆਵਾਂ ਕਰ ਗਏ ਕਾਸ਼ਤਕਾਰਾਂ ਦੇ ਪਰਿਵਾਰਾਂ ਚੋਂ 28% ਘਰਾਂ ਦੇ ਇੱਕ ਜਾਂ ਇੱਕ ਤੋਂ ਵਧੇਰੇ ਜੀਅ ਮਾਨਸਿਕ ਰੋਗ ( ਡਿਪਰੈਸ਼ਨ) ਦੇ ਸ਼ਿਕਾਰ ਹੋ ਗਏ ਹਨ।
- ਉਨ੍ਹਾਂ ਇਹ ਵੀ ਦੱਸਿਆ ਕਿ ਖੁਦਕੁਸ਼ੀ ਕਰ ਗਿਆਂ ਦੇ ਪਰਿਵਾਰਾਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਜੁੜ ਰਹੇ ਕਿਉਂਕਿ ਖੁਦਕਸ਼ੀ ਕਰ ਚੁੱਕੇ ਵਿਅਕਤੀ ਦੇ ਮੁੰਡੇ-ਕੁੜੀਆਂ ਨਾਲ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰਨੋਂ ਲੋਕ ਹਿਚਕਚਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਈਆਂ ਪਰਿਵਾਰਾਂ ਦੇ ਬੇਟੇ-ਬੇਟੀਆਂ ਦੀਆਂ ਫਿਕਸ ਹੋਈਆਂ ਸ਼ਾਦੀਆਂ ਵੀ ਨਹੀਂ ਹੋ ਸਕੀਆਂ।
- ਡਾਕਟਰ ਸਾਹਿਬ ਦੇ ਕਿਹਾ ਕਿ ਸੈਂਸਰ ਸਰਵੇ (ਡੋਰ ਟੂ ਡੋਰ) ਤੋਂ ਇਹ ਗੱਲ ਸਿੱਧ ਹੋ ਗਈ ਹੈ ਕਿ ਉਪਰੋਕਤ ਵਿੱਚੋਂ ਤਕਰੀਬਨ 90% ਖੁਦਕੁਸ਼ੀਆਂ ਦਾ ਕਾਰਨ ਕਰਜਾ ਹੈ ਅਤੇ ਕਰਜੇ ਦਾ ਕਾਰਨ ਖੇਤੀ ਲਾਗਤ ਖਰਚਿਆਂ ਅਤੇ ਫਸਲਾਂ ਦੇ ਰੇਟਾਂ ਵਿਚਲਾ ਵਿਸ਼ਾਲ ਖੱਪਾ ਅਤੇ ਖੇਤ ਕਾਮਿਆਂ ਕੋਲ ਗੁਜਾਰੇਜੋਗ-ਸਥਾਈ ਰੁਜਗਾਰ ਦਾ ਨਾ ਹੋਣਾ ਹੈ। ਪੰਜਾਬ ਵਿੱਚ 10 ਲੱਖ ਤੋਂ ਵਧੇਰੇ ਕਿਸਾਨ ਹਨ ਅਤੇ ਹਰ ਕਿਸਾਨ ਸਿਰ ਔਸਤਨ 10 ਲੱਖ ਰੁਪਏ ਦਾ ਕਰਜ਼ਾ ਹੈ।
- ਉਨ੍ਹਾਂ ਇਸ ਗੱਲ ਤੇ ਵਿਸ਼ੇਸ਼ ਜੋਰ ਦਿੱਤਾ ਕਿ ਤੀਜੀ ਦੁਨੀਆਂ ਦੇ ਦੇਸ਼ਾਂ ਕੋਲ ਵਸੋਂ ਦੇ ਵਿਸ਼ਾਲ ਭਾਗਾਂ ਨੂੰ ਰੁਜ਼ਗਾਰ ਦੇਣ ਲਈ ਖੇਤੀ ਤੋਂ ਇਲਾਵਾ ਹੋਰ ਕੋਈ ਢੁਕਵਾਂ ਬਦਲ ਨਹੀਂ।
- ਉਨ੍ਹਾਂ ਕਿਹਾ ਕਿ ਵਸੋਂ ਦੇ ਵਧੇਰੇ ਹਿੱਸੇ ਦੀਆਂ ਇਕ ਹਦ ਤਕ ਜ਼ਰੂਰਤਾਂ ਪੂਰੀਆਂ ਕਰਨ ਦੇ ਬਾਵਜੂਦ ਖੇਤੀ ਵਿੱਚ ਬਾਫਰ ਕਿਰਤੀ ਹਨ। ਢਾਈ ਤੋਂ ਪੰਜ ਏਕੜ ਤਕ ਦੀ ਮਾਲਕੀ ਵਾਲੇ ਕਿਸਾਨਾਂ ‘ਚੋਂ 23% ਅਤੇ ਢਾਈ ਏਕੜ ਤਕ ਦੀ ਮਾਲਕੀ ਵਾਲਿਆਂ ‘ਚੋਂ 40% ਨੇ ਖੇਤੀ ਤੋਂ ਬਾਹਰ ਬਦਲਵੇਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਪਰ ਖੇਤੀ ਚੋਂ ਬਾਹਰ ਰੋਜੀ ਤਲਾਸ਼ਣ ਵੇਲੇ ਹੋਰ ਭੈੜੇ ਹਾਲਾਤ ਨਾਲ ਦੋ-ਚਾਰ ਹੋਣਾ ਪੈਂਦਾ ਹੈ …
- 2007 ਅਤੇ 2015 ਦਰਮਿਆਨ, ਅੱਠ ਸਾਲਾਂ ਵਿੱਚ ਪੰਜਾਬ ਦੀਆਂ 18700 ਉਦਯੋਗਿਕ ਇਕਾਈਆਂ ਦਾ ਭੋਗ ਪੈ ਚੁੱਕਾ ਹੈ ਅਤੇ ਬਾਕੀ ਵੀ ਕੋਈ ਬਹੁਤੀ ਚੰਗੀ ਅਵਸਥਾ ਵਿੱਚ ਨਹੀਂ ਹਨ। ਬੇਰੁਜ਼ਗਾਰੀ ਅਤੇ ਨਾ ਮਾਤਰ ਉਜਰਤਾਂ ਕਰਕੇ ਪਰਵਾਸ ਦਾ ਵਰਤਾਰਾ ਤੇਜੀ ਫੜੵਦਾ ਜਾ ਰਿਹਾ ਹੈ।
- ਉਨ੍ਹਾਂ ਕਿਹਾ ਕਿ ਇਹ ਸਮਝਣਾ ਭਾਰੀ ਭੁੱਲ ਹੋਵੇਗੀ ਕਿ ਬੇਰੁਜ਼ਗਾਰੀ ਕਿਸੇ ਦੀ ਵਿਅਕਤੀਗਤ ਜਾਂ ਪਰਿਵਾਰਕ ਸਮੱਸਿਆ ਹੈ। ਇਸ ਦੇ ਉਲਟ ਇਸ ਨਜਰੀਏ ਤੋਂ ਦੇਖਣ-ਸਮਝਣ ਦੀ ਲੋੜ ਹੈ ਕਿ ਜੇ ਕਿਸੇ ਸਮਾਜ ਵਿੱਚ ਕੋਈ ਵਿਅਕਤੀ ਬੇਰੁਜ਼ਗਾਰ ਹੈ ਤਾਂ ਸਮੁੱਚਾ ਸਮਾਜ ਉਸ ਵੱਲੋਂ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਉਸ ਵਿਅਕਤੀ ਵਿਸ਼ੇਸ਼ ਦੀ ਯੋਗਤਾ, ਸਮਰੱਥਾ ਅਤੇ ਰਚਨਾਤਮਿਕਤਾ ਤੋਂ ਵਾਂਝਾ ਰਹਿ ਗਿਆ ਹੈ। ਬੇਰੁਜ਼ਗਾਰੀ, ਦਰਅਸਲ ਬਹੁਤ ਵੱਡੀ ਤੇ ਭਿਆਨਕ ਸਮਾਜਿਕ ਬੁਰਾਈ ਹੈ।
- ਸਰਕਾਰਾਂ ਦੇ ਸਮਾਜਿਕ ਸੁਰੱਖਿਆ ਤੋਂ ਲਗਾਤਾਰ ਭਾਜੂ ਹੁੰਦੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ-ਪਹਿਲ ਜਨਤਕ ਵੰਡ ਪ੍ਰਣਾਲੀ ਤਕਰੀਬਨ ਯੂਨੀਵਰਸਲ ਭਾਵ ਕਿ ਸਰਵ ਪੱਖੀ ਸੀ। ਪਿਛੋਂ ਇਹ ਕੋਟਾ ਆਧਾਰਤ ਜਾਂ ਟਾਰਗੇਟਿਡ ਬਣਾ ਦਿੱਤੀ ਗਈ। ਮੌਜੂਦਾ ਵਿਵਸਥਾ ਵਿੱਚ 67% ਸ਼ਹਿਰੀ ਅਤੇ 70% ਪੇਂਡੂ ਗਰੀਬ ਇਸ ਦੇ ਘੇਰੇ ਵਿੱਚ ਆਉਂਦੇ ਹਨ ਪਰ ਦਿੱਤੇ ਜਾਣ ਵਾਲੀਆਂ ਉਪਭੋਗਤਾ ਵਸਤਾਂ ਨਾਂ ਮਾਤਰ ਹਨ। ਹੁਣ ਸਰਕਾਰਾਂ ‘ਗਰੀਬਾਂ ਚੋਂ ਅਤਿ ਗਰੀਬਾਂ’ (Poorest among the poor) ਦੇ ਫਰੇਬੀ ਨਾਅਰੇ ਤਹਿਤ ਲੱਗਭੱਗ ਸਮੁੱਚੀ ਗਰੀਬ ਵਸੋਂ ਨੂੰ ਪੀ ਡੀ ਐਸ ਤੋਂ ਵਾਂਝੇ ਕਰਨ ਵੱਲ ਵਧ ਚੁਕੀਆਂ ਹਨ।
- ਫਸਲਾਂ ਦੀ ਗਰੰਟੀ ਸ਼ੁਦਾ, ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੇ ਸਿਸਟਮ ਬਾਰੇ ਉਨ੍ਹਾਂ ਕਿਹਾ ਕਿ ਇਹ ਵਿਵਸਥਾ ਕੇਵਲ ਪੰਜਾਬ, ਹਰਿਆਣਾ, ਯੂ ਪੀ ਤੇ ਰਾਜਸਥਾਨ ਦੇ ਕੁੱਝ ਹਿੱਸਿਆਂ ਤੱਕ ਹੀ ਸੀਮਤ ਹੈ ਤੇ ਉਹ ਵੀ ਕੇਵਲ ਦੋ ਫਸਲਾਂ ਲਈ। ਬਾਕੀ ਪ੍ਰਾਂਤਾਂ ਵਿੱਚ ਕੋਟਾ ਸਿਸਟਮ ਹੈ ਜਿਸ ਨੂੰ ਕਿ ‘ਫਿਕਸਡ ਯਾ ਟਾਰਗੇਟਿਡ ਪਰਿਕਿਊਰਮੈਂਟ’ ਕਿਹਾ ਜਾਂਦਾ ਹੈ।
- ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਦਾ ਇਹ ਕਹਿਣਾ ਕਿ 23 ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਲਈ ਹਰ ਸਾਲ 17 ਲੱਖ ਕਰੋੜ ਰੁਪਏ ਲੋੜੀਂਦੇ ਹਨ, ਪੂਰੀ ਤਰ੍ਹਾਂ ਨਾਲ ਗੁਮਰਾਹਕੁੰਨ ਹੈ ਕਿਉਂਕਿ ਇਹ ਪੈਸੇ ਫਸਲਾਂ ਦੀ ਅੱਗੋਂ ਮੁਨਾਫਾਬਖਸ਼ ਵਿਕਰੀ ਰਾਹੀਂ ਲਾਗਤ ਤੋਂ ਵੱਧ ਵਸੂਲਣਯੋਗ ਹਨ।
- ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਐਮ ਐਸ ਪੀ ਤੇ ਫਸਲਾਂ ਦੀ ਖਰੀਦ ਜਾਰੀ ਰਹੇਗੀ। ਤਾਂ ਫਿਰ ਸਰਕਾਰ ਨੂੰ ਕਾਨੂੰਨ ਬਨਾਉਣ ‘ਚ ਇਤਰਾਜ਼ ਕਿਉਂ ਹੈ ?
- ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਾਲ ਹੀ ਇਹ ਵੀ ਕਹੀ ਜਾਂਦੀ ਹੈ ਕਿ ਕਣਕ-ਚਾਵਲ ਦੀ ਫਸਲ ਦੀ ਖਰੀਦ ਦੀ ਸਾਨੂੰ ਕੋਈ ਜਰੂਰਤ ਹੀ ਨਹੀਂ। ਇਹ ਸਾਰੀਆਂ ਗੱਲਾਂ ਗੰਭੀਰ ਸ਼ੰਕੇ ਅਤੇ ਸੰਸੇ ਖੜ੍ਹੇ ਕਰਦੀਆਂ ਹਨ।
- ਬੱਫਰ ਸਟਾੱਕ ਦਾ ਮਤਲਬ ਲੋੜ ਤੋਂ ਵਧੇਰੇ ਅਨਾਜ ਨਹੀਂ ਹੁੰਦਾ ਬਲਕਿ ਹੰਗਾਮੀ ਹਾਲਤ ਵਿੱਚ ਲੋਕਾਂ ਦਾ ਢਿੱਡ ਭਰਨ ਲਈ ਸਾਂਭ ਕੇ ਰੱਖਿਆ ਭੋਜਨ ਹੁੰਦੈ।”
- ਉਨ੍ਹਾਂ ਕਿਹਾ ਕਿ ਇਸ ਵਾਰ ਦਾ ਨੋਬਲ ਇਨਾਮ ਇਕ ਅਜਿਹੇ ਵਿਅਕਤੀ ਨੂੰ ਮਿਲਿਆ ਹੈ ਜਿਸ ਨਾ 88 ਦੇਸ਼ਾਂ ਦੇ 10 ਕਰੋੜ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ। ਪਰ ਭਾਰਤ ਵਿੱਚ ਅੰਨ ਉਗਾਉਣ ਵਾਲਿਆਂ ਨੂੰ ਲਾਠੀ-ਗੋਲੀ ਨਾਲ ‘ਨਿਵਾਜ਼ਿਆ’ ਜਾ ਰਿਹਾ ਹੈ।
- ਉਨ੍ਹਾਂ ਕਿਹਾ ਕਿ ਜੇ ਸੰਸਾਰ ਦੀਆਂ ਦੋ ਸਭ ਤੋਂ ਭੈੜੀਆਂ ਅਵਸਥਾਵਾਂ ਦੀ ਗੱਲ ਕਰਨੀ ਹੋਵੇ ਤਾਂ ਬੇਝਿਜਕ ਕਿਹਾ ਜਾ ਸਕਦਾ ਹੈ ਕਿ ‘ਖਰੀਦ ਅਤੇ ਵਿਉਪਾਰ ਵਿੱਚ ਅਜਾਰੇਦਾਰੀ’ ਦੋ ਸਭ ਤੋਂ ਖਤਰਨਾਕ ਸਥਿਤੀਆਂ ਹਨ। ਇਹਨਾਂ ਦਾ ਡੰਗ ਭਾਰਤੀ ਖੇਤੀ ਵਸੋਂ ਦੇ ਵੱਡੇ ਹਿੱਸੇ ਨੂੰ ਸਹਾਰਨਾ ਪੈਂਦਾ ਹੈ। ਇਸ ਹਵਾਲੇ ਨਾਲ ਉਨ੍ਹਾਂ ਚਾਰ ਦਿਓਕੱਦ ਕੰਪਨੀਆਂ ਏ ਬੀ ਸੀ ਡੀ ਭਾਵ ‘ਐਡਮ’,’ਬੁੰਗੇ’,’ਕਾਰਗਿਲ’ ਅਤੇ ‘ਡਰੇਫੱਸ’ ਦਾ ਨਾਂ ਲਿਆ ਜਿਨ੍ਹਾਂ ਦੀ ਸੰਸਾਰ ਦੇ ਭੋਜਨ ਕਾਰੋਬਾਰਾਂ ਤੇ ਅਜਾਰੇਦਾਰੀ ਹੈ।
- ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਜਨਤਕ ਖੇਤਰ ਦਾ ਸੰਸਾਰ ਦੀ ਕੋਈ ਵੀ ਵੱਡੀ ਤੋਂ ਵੱਡੀ ਕੰਪਨੀ ਮੁਕਾਬਲਾ ਨਹੀਂ ਕਰ ਸਕਦੀ।
- ਗਰੀਬੀ, ਭੁੱਖਮਰੀ ਲਈ ਆਬਾਦੀ ਨੂੰ ਜਿੰਮੇਵਾਰ ਠਹਿਰਾਉਣ ਦੀ ਦਲੀਲ ਦਾ ਖੰਡਣ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਸ਼ਵ ਦੀ ਕੁੱਲ ਆਬਾਦੀ 750 ਕਰੋੜ ਹੈ ਅਤੇ ਅਨਾਜ ਤੇ ਦੂਸਰੀਆਂ ਭੋਜਨ ਵਸਤਾਂ ਦੀ ਵਰਤਮਾਨ ਪੈਦਾਵਾਰ ਨਾਲ 1100 ਕਰੋੜ ਲੋਕਾਂ ਦੀਆਂ ਭੋਜਨ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।
ਡਾਕਟਰ ਸਾਹਿਬ ਨੇ ਵਿਚਾਰ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਮੋਦੀ ਦੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਉੱਪਰ ਬਿਆਨੀ ਸਥਿਤੀ ਵਿੱਚ ਸੁਧਾਰ ਕਰਨ ਵਾਲੇ ਨਹੀਂ ਬਲਕਿ ਹਾਲਾਤ ਹੋਰ ਵਿਗਾੜਨ ਵਾਲੇ ਹਨ। ਇਹ ਤੱਥ ਹੁਣ ਤੱਕ ਦੀਆਂ ਬਹਿਸਾਂ, ਲਿਖਤਾਂ ਅਤੇ ਸੰਸਾਰ ਭਰ ਦੇ ਮਾਹਿਰਾਂ ਦੀਆਂ ਰਾਵਾਂ ਅਨੁਸਾਰ ਠੀਕ ਸਿੱਧ ਹੋ ਚੁੱਕਾ ਹੈ। ਜਿਨ੍ਹਾਂ ਦੇਸ਼ਾਂ ਨੇ ਪਹਿਲਾਂ ਹੀ ਅਜਿਹੇ ਕਾਨੂੰਨ ਬਣਾਏ ਹਨ ਉੱਥੋਂ ਦੇ ਲੋਕਾਂ ਦੀ ਹੋਈ ਦੁਰਦਸ਼ਾ ਤੋਂ ਵੀ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ, ”ਸਾਨੂੰ ਇਹ ਸਮਝਾਇਆ ਜਾਂਦਾ ਹੈ ਕਿ ਧਰਤ ਤੇ ਜਿਉਂਦੇ ਜੀਅ ਕੋਈ ਆਸ਼ਾਵਾਂ- ਲਾਲਸਾਵਾਂ ਨਾ ਰੱਖੋ, ਸਬਰ ਰੱਖੋ ਮਰਨ ਤੋਂ ਪਿਛੋਂ ਤੁਹਾਨੂੰ ਸਵਰਗ ਮਿਲੂਗਾ। ਯਾਨਿ ਉਹ ਇਹ ਮੰਨਦੇ ਹਨ ਕਿ ਧਰਤੀ ਨਰਕ ਸਮਾਨ ਹੈ। ਪਰ ਕੇਵਲ ਗਰੀਬਾਂ/ਸਾਧਨਹੀਨਾਂ ਲਈ। ਸਾਡੇ ਸਾਹਮਣੇ ਸਵਾਲ ਇਹ ਹੋਣਾ ਚਾਹੀਦੈ ਕਿ ਇਸੇ ਧਰਤ ਨੂੰ ਸਵਰਗ ‘ਚ ਤਬਦੀਲ ਕਿਵੇਂ ਕਰੀਏ। ਕਾਣੀ ਵੰਡ ਦਾ ਫਸਤਾ ਵੱਢ ਕੇ ਇਹ ਕੰਮ ਲਾਜ਼ਮੀ ਕੀਤਾ ਜਾ ਸਕਦਾ ਹੈ।”
- ਡਾਕਟਰ ਸਾਹਿਬ ਨੇ ਵਿਚਾਰ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਪੰਜਾਬ ਦੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ-ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦਾ ਘਰ-ਘਰ ਜਾ ਕੇ ਸਰਵੇ ਕਰਨ ਵਾਲੀ ਟੀਮ ਦੇ ਮੈਂਬਰ ਵਜੋਂ ਉਨ੍ਹਾਂ ਦੇ ਅਨੁਭਵ ਰੂਹਾਂ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਹਨ ਤੇ ਉਹ ਤੇ ਉਹਨਾਂ ਦੀ ਟੀਮ ਦੇ ਹੋਰ ਮੈਂਬਰ ਕਦੀ ਵੀ ਆਪਣੇ ਅਕਹਿ ਤੇ ਅਸਹਿ ਸੰਤਾਪ ਹੰਢਾਉਣ ਲਈ ਪਿਛੇ ਰਹਿ ਗਏ ਪਰਿਵਾਰਾਂ ਦੀਆਂ ਦਰਦੀਲੀਆਂ ਇੰਟਰਵਿਊਜ, ਇੱਕੋ ਵਾਰ ‘ਚ ਮੁਕੰਮਲ ਨਹੀਂ ਕਰ ਸਕੇ।
-

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ – ਫਰਵਰੀ 2021)
ਕਹਾਣੀ
ਤੂੰ ਜਾਹ ਡੈਡੀ- ਗੁਰਮੀਤ ਕੜਿਆਲਵੀ
ਕੀ ਕਰਾਂ ਡੈਡੀ? ਮੇਰੀ ਜਾਨ ਟੁੱਟਦੀ ਜਾਂਦੀ ਐ, ਜਿਵੇਂ ਕੋਈ ਤੱਤੀ-ਤੱਤੀ ਸੀਖ ਮੇਰੇ ਸਰੀਰ ਵਿਚੋਂ ਦੀ ਲੰਘਾ ਰਿਹਾ ਹੋਵੇ। ਮੈਨੂੰ ਨ੍ਹੀ ਲੱਗਦਾ ਅੱਜ ਦਾ ਦਿਨ ਕੱਢੂੰ ਮੈਂ। ਘੜੀ ਪਲ ਦੀ ਖੇਡ ਐ। ਟੁੱਟਗੀਆਂ ਡੋਰਾਂ। ਉੱਡਗੇ ਪੰਛੀ ਪਿੰਜਰੇ ‘ਚੋਂ ਫੁਰਰ ਕਰਕੇ। ਡੈਡੀ ਤੂੰ ਕਦੇ-ਕਦੇ ਗਾਉਂਦਾ ਹੁੰਦਾ ਏਂ ਨਾ ਸਾਧੂ ਦਯਾ ਸਿੰਘ ਦਾ ਕਿੱਸਾ ‘ਅਖੇ ਜਾਨ ਸੰਘ ਦੇ ਵਿੱਚ ਨ੍ਹੀ ਅੜੀ ਰਹਿਣੀ’, ਨਿੱਕਾ ਹੁੰਦਾ ਸੁਣਦਾ ਹੁੰਦਾ ਸਾਂ। ਹੁਣ ਤਾਂ ਆਗੇ ਧੁਰ ਦਰਗਾਹੋਂ ਸੱਦੇ।
ਲੈ ਪੈ ਗਈਆਂ ਹਾਕਾਂ। ਰਹਿਜੂ ਦੂਰ ਪਿੱਛੇ ਤੇਰੀ ਰੰਗਲੀ ਦੁਨੀਆਂ। ਮਾਰ ਲੈ ਜਾਂਦੀ ਵਾਰ ਦੀਆਂ ਹਾਕਾਂ। ਡੈਡੀ ਤੂੰ ਹੀ ਤਾਂ ਗਾਉਂਦਾ ਹੁੰਦਾ ਸੀ, ”ਜੀਅ ਨ੍ਹੀ ਜਾਣ ਨੂੰ ਕਰਦਾ ਰੰਗਲੀ ਦੁਨੀਆਂ ‘ਤੋਂ।” ਕੀਹਦਾ ਜੀਅ ਕਰਦਾ ਐ? ਸੱਚੀਂ ਡੈਡੀ ਮੇਰਾ ਵੀ ਜੀਅ ਨ੍ਹੀ ਕਰਦਾ। ਮੇਰੇ ਨੇੜੇ ਜ੍ਹੇ ਹੋਜਾ, ਮੈਨੂੰ ਗਲਵਕੜੀ ਪਾਕੇ, ਛਾਤੀ ਨਾਲ ਘੁੱਟ ਲੈ। ਹਾਅ! ਕਿੰਨਾ ਨਿੱਘ ਆ ਗਿਆ। ਬੱਸ ਆਏਂ ਲਾਈ ਰੱਖ ਛਾਤੀ ਨਾਲ, ਸ਼ਾਇਦ ਜਿੰਦ ਸੰਘ ‘ਚ ਈ ਅੜੀ ਰਹਿਜੇ? ਸ਼ਾਇਦ ਤੇਰੇ ਆਲੀ ਰੰਗਲੀ ਦੁਨੀਆਂ ਹੋਰ ਦੇਖਲਾਂ ਕੁੱਝ ਚਿਰ ?
ਕਿੱਥੇ ਲੈ ਆਇਐਂ ਮੈਨੂੰ? ਕੀ ਕਰਨਗੇ ਤੇਰੇ ਇਹ ਨਸ਼ਾ ਛੁਡਾਊ ਕੇਂਦਰ ਵਾਲੇ? ਸੱਚੀ ਦੱਸਾਂ, ਹੁਣ ਕੁੱਝ ਵੱਸ ਨ੍ਹੀ ਇਹਨਾਂ ਦੇ। ਹੁਣ ਤਾਂ ਡੋਰਾਂ ਢਿੱਲੀਆਂ ਛੱਡੋ। ਜਾਣ ਦਿਓ ਜਿੰਦ ਆਲੀ ਗੁੱਡੀ ਅੱਧ ਅਸਮਾਨੀਂ। ਲਾਉਣ ਦਿਓ ਅੰਬਰੀਂ ਉਡਾਰੀਆਂ। ਲੁੱਟਣ ਦਿਓ ਬੁੱਲ੍ਹੇ। ਤੇਰੇ ਜਲਾਲਾਬਾਦੀਏ ਸਾਧੂ ਦਯਾ ਸਿੰਹੁ ਦੀ ਆਖਤ, ”ਦਾਰੂ ਬੂਟੀਆਂ ਲੱਖ ਇਲਾਜ਼ ਕਰਲਾ, ਜਿੰਦ ਨਹੀਂ ਹਕੀਮ ਦੀ ਫੜੀ ਰਹਿਣੀ।” ਹੁਣ ਤਾਂ ਭੌਰ ਉਡਜੂੰ-ਉਡਜੂੰ ਕਰਦੈ। ਛੱਡੋ ਖਹਿੜਾ। ਮਾਰਨ ਦਿਓ ਜਿੰਦ ਦੇ ਭੌਰ ਨੂੰ ਉਡਾਰੀ। ਮੈਥੋਂ ਹੁਣ ਹੋਰ ਨ੍ਹੀ ਸਹਾਰਿਆ ਜਾਣਾ। ਪੋਟਾ-ਪੋਟਾ ਕਰਕੇ ਮਰਨਾ ਬੜਾ ਔਖਾ ਐ, ਇਸਤੋਂ ਚੰਗਾ ਮਰ ਜਾਣ ਦਿਓ ਇੱਕੇ ਵਾਰੀ।
ਸੱਚੀ ਦੱਸਾਂ! ਬੜਾ ਔਖਾ ਹੋਇਆ ਪਿਆ ਤੇਰੀਆਂ ਅੱਖਾਂ ਦਾ ਸਾਹਮਣਾ ਕਰਨਾ। ਜਦੋਂ ਤੇਰੇ ਚਿਹਰੇ ਵੱਲ ਵੇਖਦਾ ਹਾਂ…………… ਅੱਖਾਂ ਵਿੱਚ ਸਮੁੰਦਰ ਉੱਤਰ ਆਉਂਦਾ ਐ। ਤੇਰੀ ਕਰੜ-ਬਰੜੀ ਦਾਹੜੀ ਉੱਤੋਂ ਤਿੱਪ-ਤਿੱਪ ਵਗਦੇ ਹੰਝੂ ਵੇਖੇ ਨ੍ਹੀ ਜਾਂਦੇ। ਜੀਅ ਕਰਦੈ ਡੀਕ ਲਾ ਕੇ ਪੀ ਲਵਾਂ ਤੇਰੇ ਸਾਰੇ ਹੰਝੂ, ਪਰ……..? ਕੁਛ ਨ੍ਹੀ ਕਰ ਸਕਦਾ ਮੈਂ। ਲਾਸ਼ ਵਾਂਗ ਨਸ਼ਾ ਛੁਡਾਊ ਹਸਪਤਾਲ ਦੇ ਬੈੱਡ ਤੇ ਪਿਆਂ…. ਨਾ ਅਹਿਲ। ਆਪਣੇ ਆਪ ਤਾਂ ਹੱਥ ਪੈਰ ਵੀ ਨ੍ਹੀ ਹਿਲਾ ਸਕਦਾ। ਉਫ……!
ਉਂਜ ਚੰਗਾ ਕੀਤਾ ਤੂੰ ਘਰਦੇ ਜੀਆਂ ਨੂੰ ਨਾਲ ਨ੍ਹੀ ਲਿਆਂਦਾ। ਬੀਬੀ ਦੇ ਹੰਝੂਆਂ ਨੇ ਤਾਂ ਹਸਪਤਾਲ ਦੀਆਂ ਕੰਧਾਂ ਈ ਸਿੱਲੀਆਂ ਕਰ ਦੇਣੀਆਂ ਸੀ। ਕਿੰਨ੍ਹੇ ਮਹੀਨੇ ਹੋਗੇ, ਸੁੱਤੀ ਨਹੀਂ ਵਿਚਾਰੀ। ਸਾਰੀ-ਸਾਰੀ ਰਾਤ ਤਾਂ ਮੇਰੇ ਸਰਾਣ੍ਹੇ ਬੈਠੀ ਰਹਿੰਦੀ। ਤੇਰੇ ਗੌਣ ਆਗੂੰ…… ‘ਸੋਏ! ਪੁੱਤਰਾਂ ਦੇ ਦਰਦ ਬੁਰੇ ਮਾਂ ਰੱਖ ਕੇ ਸਰਾਣ੍ਹੇ ਦੁੱਧ ਰੋਏ।’ ਪੋਲੇ-ਪੋਲੇ ਹੱਥ ਫੇਰਦੀ ਮੇਰੇ ਵਾਲਾਂ ਵਿੱਚ। ਚੰਗਾ ਕੀਤਾ ਨਾਲ ਨ੍ਹੀ ਲਿਆਂਦਾ, ਨਹੀਂ ਮੇਰੇ ਵਰਗਿਆਂ ਨੂੰ ਹਸਪਤਾਲ ਦੇ ਬੈੱਡਾਂ ‘ਤੇ ਲਾਸ਼ਾਂ ਬਣੇ ਪਏ ਵੇਖ ਤਿੱਪ-ਤਿੱਪ ਮੁੱਕਦੀ। ਮਾਂ ਦੀ ਆਖਤ, ‘ਪੁੱਤ ਤਾਂ ਅੱਖਾਂ ਅੱਗੇ ਉਡੂੰ-ਉਡੂੰ ਕਰਦਾ ਹੋਵੇ, ਸਿਹਰਾ ਬੰਨ੍ਹ ਕੇ ਕਿਸੇ ਰਾਜ ਕੁਮਾਰ ਵਾਂਗ ਘੋੜੀ ‘ਤੇ ਚੜਿਆ।’ ਕੋਈ ਵੀ ਮਾਂ ਆਪਣੇ ਪੁੱਤ ਬਾਰੇ ਤਾਂ ਹੋਰ ਕੁੱਛ ਸੋਚ ਈ ਨੀ ਸਕਦੀ। ਘਰ ਵਿੱਚ ਛੰਮ-ਛੰਮ ਕਰਦੀ ਫਿਰਦੀ ਨੂੰਹ ਅਤੇ ਵਿਹੜੇ ‘ਚ ਖੇਡਦੇ ਪੋਤੇ-ਪੋਤੀਆਂ ਉਹਦੀਆਂ ਅੱਖਾਂ ‘ਚ ਪੀਂਘ ਵਾਗੂੰ ਝੁੱਲਦੇ ਐ ਹਰ ਵੇਲੇ। ਪਰ ਇੱਥੇ!……. ਚੰਗਾ ਕੀਤਾ ਤੂੰ। ਸ਼ੈਂਤ ਮੇਰੀ ਜਾਨ ਸੌਖੀ ਨਿੱਕਲਜੇ। ਬੀਬੀ ਦੇ ਹੰਝੂਆਂ ਨੇ ਤਾਂ ਜਾਨ ਵੀ ਸੰਘ ‘ਚ ਅੜਾਈ ਰੱਖਣੀ ਸੀ।
ਕਾਹਨੂੰ ਐਵੇਂ ਮੇਰੀ ਮਿੱਟੀ ਖਰਾਬ ਕਰਦੈ। ਹੈਂ ਨੀ ਮੇਰੀ ਦੇਹੀ ‘ਚ ਕੁੱਝ। ਹਾਅ ਤੇਰੇ ਨਸ਼ਾ ਛੁਡਾਊ ਕੇਂਦਰ ਆਲੇ ਨਰਸਾਂ-ਕੰਪੋਡਰਾਂ ਨੂੰ ਤਾਂ ਟੀਕੇ ਲਾਉਣ ਲਈ ਨਾੜ੍ਹਾਂ ਈ ਨ੍ਹੀ ਥਿਆਈਆਂ। ਕਹਿੰਦੇ ਨਾੜਾਂ ਕੁਲੈਪਸ ਹੋਗੀਆਂ। ਨਾੜਾਂ ਕਿੱਥੋਂ ਥਿਆਉਣ? ਥਾਂ-ਥਾਂ ਤੋਂ ਤਾਂ ਪਰੁੰਨੀਆਂ ਪਈਐਂ ਟੀਕੇ ਲਾ-ਲਾ ਕੇ। ਨਾਲੇ ਹੁਣ ਭਲਾ ਮਾੜੀ-ਮੋਟੀ ਦਵਾਈ ਕੀ ਅਸਰ ਕਰੂ? ਕੁੱਝ ਨ੍ਹੀ ਕਰਨਾ ਇਹਨਾਂ ਸਰਕਾਰੂ ਟੀਕਿਆਂ ਨੇ। ਹੁਣ ਤਾਂ ਇਹਨਾਂ ਨਾੜਾਂ ਵਿੱਚ ਦੀ ਸ਼ੂਕਦੀ ਜ਼ਹਿਰ ਲੰਘੇ ਤਾਂ ਕਿਤੇ ਜਾ ਕੇ ਅੱਖ ਖੁੱਲ੍ਹਦੀ ਐ। ਮੈਨੂੰ ਪਤੈ ਮੁਰਦਿਆਂ ਵਾਂਗ ਪਿਆ ਪੁੱਤ ਥੋਤੋਂ ਜ਼ਰਿਆ ਨ੍ਹੀ ਜਾਂਦਾ। ਜਿਹੜੇ ਪੁੱਤ ਨੇ ਬਾਹਵਾਂ ਬਣਕੇ ਤੇਰੇ ਸਿਰੋਂ ਕਰਜ਼ੇ ਦੀ ਪੰਡ ਲਾਹੁਣੀ ਸੀ, ਉਹ ਪੁੱਤ ਮੰਜੇ ‘ਤੇ ਹੱਡੀਆਂ ਦੀ ਮੁੱਠ ਬਣਿਆ ਪਿਐ……. ਜਰ ਵੀ ਕਿਵੇਂ ਹੋਵੇ? ਡੈਡੀ ਸੰਸਿਆਂ-ਝੋਰਿਆਂ ਨੇ ਤੇਰੇ ਉਮਰੋਂ ਪਹਿਲਾਂ ਧੌਲੇ ਲੈ ਆਂਦੇ ਸੀ ਤੇ ਹੁਣ ਪੁੱਤ ਦੇ ਦੁੱਖ ਨੇ ਤਾਂ ਤੇਰਾ ਲੱਕ ਈ ਤੋੜ ਦਿੱਤੈ। ਪੌਣੇ ਛੇ ਫੁੱਟਾ ਤੇਰਾ ਸਰੀਰ ਮਸੀਂ ਪੰਜ ਕੁ ਫੁੱਟ ਦਾ ਰਹਿ ਗਿਆ। ਜਿਹੜਾ ਕਿਸੇ ਖੱਬੀ ਖਾਨ ਅੱਗੇ ਨਹੀਂ ਸੀ ਝੁੱਕਦਾ, ਝੰਵ ਗਿਆ ਵਕਤ ਦੇ ਕਹਿਰੀ ਝੱਖੜਾਂ ਅੱਗੇ।
ਡੈਡੀ! ਨਾ ਘਰ ਲੁਟਾ ਡਾਕਟਰਾਂ ਤੋਂ। ਬਚਾ ਲੈ ਜਿਹੜੀਆਂ ਚਾਰ ਕਨਾਲਾਂ ਹੈਗੀਆਂ। ਹੁਣ ਨ੍ਹੀ ਤੇਰੇ ਕੋਲੋਂ ਦਿਹਾੜੀਆਂ ਹੋਣੀਆਂ। ਫਿਰ ਇਹਨਾਂ ਚਾਰ ਸਿਆੜ੍ਹਾਂ ਆਸਰੇ ਆਵਦੀਆਂ ਦੋਵੇਂ ਲਾਡਲੀਆਂ ਧੀਆਂ ਦੇ ਸਿਰ ਢੱਕ ਕੇ ਤੋਰਦੀਂ ਆਪੋ-ਆਪਣੇ ਘਰੀਂ। ਕਾਹਨੂੰ ਵਕਤ ਬਰਬਾਦ ਕਰਦੈਂ ਮੇਰੇ ‘ਤੇ। ਹੁਣ ਤਾਂ ਤੇਰੇ ਕਵੀਸ਼ਰ ਦੇ ਕਹਿਣ ਆਗੂੰ, ”ਦਾਰੂ ਬੂਟੀਆਂ ਲੱਖ ਇਲਾਜ ਕਰਲਾ, ਜਿੰਦ ਨਹੀ ਹਕੀਮ ਦੀ ਫੜੀ ਰਹਿਣੀ।” ਹੁਣ ਤਾਂ ਮੇਰੀਆਂ ਨਾੜਾਂ ‘ਚ ਅੱਗ ਤੋਰ ਦੇ ਥੋੜੀ ਬਹੁਤੀ। ਕੰਪੋਡਰ ਨੂੰ ਬੁਲਾ ਕੇ ਟੀਕੇ ਨਾਲ ਜ਼ਹਿਰ ਧੱਸ ਦੇ ਮੇਰੇ ਅੰਦਰ। ਦੇਖ ਡੈਡੀ …… ਹਾਂ ਦੇਖ ਮੇਰਾ ਜੀਅ ਕਰਦਾ ਬਾਂਹ ਚੁੱਕ ਕੇ ਨਾਅਰਾ ਮਾਰਾਂ……. ਜ਼ਿੰਦਾਬਾਦ……ਜ਼ਿੰਦਾਬਾਦ। ਮੇਰਾ ਡੈਡੀ ਜ਼ਿੰਦਾਬਾਦ… ਮੇਰੀ ਡੈਡੀ ਜ਼ਿੰਦਾ..! ਹਾ…..ਅ! ਕੀ ਕਰਾਂ, ਆਵਾਜ਼ ਈ ਨਈਂ ਨਿਕਲਦੀ। ਮੈਨੂੰ ਤਾਂ ਲੱਗਦੈ ਸਾਰੇ ਪੰਜਾਬ ਦੀ ਈ ਆਵਾਜ਼ ਬੰਦ ਹੋਈ ਪਈ ਐ।
ਆਵਦੇ ਨਸ਼ਾ ਛੁਡਾਊ ਕੇਂਦਰ ਆਲਿਆਂ ਨੂੰ ਆਖ ਇੱਕ ਟੀਕਾ ਪੰਜਾਬ ਦੀ ਨਾੜ ‘ਚ ਵੀ ਲਾ ਦੇਣ, ਸ਼ਾਇਦ ਆਵਾਜ਼ ਨਿਕਲਣ ਈ ਲੱਗਜੇ।
ਪਿੰਡ ਦੀ ਬਾਹਰਲੀ ਫਿਰਨੀ ‘ਤੇ ਟੋਭੇ ਆਲੇ ਰਾਹ ਨੂੰ ਜਾਂਦੀ ਸੜਕ ਦੇ ਕਿਨਾਰੇ ਪਾਈ ਰਾਜੇ ਦੇ ਮਹਿਲ ਅਰਗੀ ਕੋਠੀ ਦੀਆਂ ਡੂੰਘੀਆਂ ਨੀਹਾਂ ਵਿੱਚ ਮੇਰੇ ਵਰਗੇ ਕਿੰਨ੍ਹੇ ਹੀ ਕਿੰਦਿਆਂ-ਭਿੰਦਿਆਂ ਤੇ ਪ੍ਰਕਾਸ਼ਾਂ ਦਾ ਭਵਿੱਖ ਦਫ਼ਨ ਹੋਇਆ ਪਿਐ। ਕੋਠੀ ‘ਚੋ ਨਿਕਲ ਕੇ ਸ਼ਹਿਰ ਨੂੰ ਜਾਂਦੀ ਡੇਢ ਕਰੋੜੀ ਗੱਡੀ ਸੜਕ ‘ਤੇ ਨਹੀਂ, ਮੇਰੇ ਅਰਗਿਆਂ ਦੀ ਹਿੱਕ ‘ਤੇ ਭੱਜਦੀ ਐ। ਕੋਠੀ ‘ਤੇ ਉੱਚਾ ਕਰਕੇ ਝੂਲਦਾ ਝੰਡਾ ਜਿਵੇਂ ਕੋਈ ਮੌਤ ਵੰਡਣ ਵਾਲਾ ਦਿਉ ਹੋਵੇ। ਹੜਬੂੰ………… ਹੜਬੂੰ ਕਰਦਾ। ਇਸ ਦਿਉ ਨੇ ਅੱਧੇ ਪਿੰਡ ਦੇ ਕਿਸਾਨਾਂ ਨੂੰ ਸਿਰ ਪਰਨੇ ਕੀਤਾ, ਪਰ ਡੈਡੀ, ਤੂੰ ਨ੍ਹੀ ਕਸਰ ਛੱਡੀ ਆਵਦੇ ਵੱਲੋਂ। ਬਥੇਰੀਆਂ ਆਵਾਜ਼ਾਂ ਮਾਰੀਆਂ ਲੋਕਾਂ ਨੂੰ। ਤੂੰ ਕੀ ਕਰਦਾ ਜੇ ਕਿਸੇ ਨੇ ਸੁਣੀਆਂ ਈ ਨ੍ਹੀ। ਹੋਰ ਤਾਂ ਹੋਰ, ਤੇਰੀ ਆਵਾਜ਼ ਤਾਂ ਤੇਰੀ ਔਲਾਦ ਨੇ ਵੀ ਨਹੀਂ ਸੁਣੀ। ਉਲਟਾ, ਮੈਂ ਤਾਂ ਆਖਦਾ ਸਾਂ, ”ਡੈਡੀ ਦਾ ਤਾਂ ਦਿਮਾਗ ਹਿੱਲਿਐ। ਲੈ ਕੇ ਆਵਦੇ ਅਰਗੇ ਦਸ-ਵੀਹ ਨੰਗ ਜੱਟ, ਹੱਥਾਂ ‘ਚ ਫੜ੍ਹਕੇ ਝੰਡੀਆਂ ਜਈਆਂ, ਤੁਰ ਪੈਂਦੇ ਐ ਸ਼ਹਿਰ ਨੂੰ ‘ਜਿੰਦਾਬਾਦ -ਮੁਰਦਾਬਾਦ’ ਕਰਦੇ। ਜ਼ਮੀਨ ਦਿੰਦੀ ਈ ਕੀ ਐ? ਦੁਨੀਆਂ ਕਮਲੀ ਤਾਂ ਨੀ ਜਿਹੜੀ ਜ਼ਮੀਨ ਵੇਚ-ਵੇਚ ਨਾਵਾਂ ਵੱਟੀ ਜਾਂਦੀ ਐ।”
ਦਰਅਸਲ ਮੈਂ ਤਾਂ ਉਹੀ ਬੋਲਦਾ ਸਾਂ, ਜੋ ਮੇਰੇ ਦਿਮਾਗ ਵਿੱਚ ਭਰਿਆ ਜਾਂਦਾ ਸੀ। ਹਵਾ ਈ ਵਗ ਗਈ ਸੀ ਚਾਰ-ਚੁਫੇਰੇ। ਜ਼ਮੀਨਾਂ ਦੇ ਅਸਮਾਨੀਂ ਚੜ੍ਹੇ ਭਾਵਾਂ ਨੇ ਮੇਰੇ ਅਰਗਿਆਂ ਦੇ ਸੁਪਨੇ ਵੀ ਅਸਮਾਨੀਂ ਚੜ੍ਹਾ ਦਿੱਤੇ ਸਨ। ਪਿੰਡ ਦੀ ਅੰਨ ਪੈਦਾ ਕਰਨ ਵਾਲੀ ਜ਼ਮੀਨ ਪਲਾਟ ਬਣ-ਬਣ ਵਿੱਕ ਰਹੀ ਸੀ। ਇਹਨਾਂ ਪਲਾਟਾਂ ਵਿੱਚ ਰਾਤੋ-ਰਾਤ ਸੀਮੈਂਟ-ਇੱਟਾਂ ਦਾ ਜੰਗਲ ਉੱਗ ਰਿਹਾ ਸੀ। ਜ਼ਮੀਨਾਂ ਵੇਚ-ਵੇਚ ਮੋਟੀਆਂ ਰਕਮਾਂ ਜੇਬਾਂ ਵਿੱਚ ਪਾਈ ਬੇਵਾਹਰੀ ਹੋਈ ਮੁੰਡੀਹਰ, ਨਵੀਆਂ ਗੱਡੀਆਂ ਅਤੇ ਮੋਟਰ ਸਾਈਕਲਾਂ ‘ਤੇ ਚੜ੍ਹ ਕੇ ਘੂਕਦੀ ਫਿਰਦੀ ਸੀ। ਇਹ ਮੋਟਰ ਸਾਈਕਲ ਤੇ ਗੱਡੀਆਂ ਮੇਰੇ ਦਿਮਾਗ ਵਿੱਚ ਵੀ ਦੌੜਨ ਲੱਗੇ ਸਨ। ਕਾਰਾਂ ਦੀ ਘੂੰ-ਘੂੰ ਮੇਰੇ ਦਿਮਾਗ ‘ਚ ਵੀ ਰੀਂਘਣ ਲੱਗਦੀ ਸੀ। ਬੁਲਟ ਮੋਟਰ ਸਾਈਕਲ ਦੀ ਦੁੱਗ-ਦੁੱਗ ਮੇਰੇ ਅੰਦਰ ਖੌਰੂ ਪਾਉਣ ਲੱਗਦੀ। ਜਿਵੇਂ ਆਫਰਿਆ ਸਾਨ੍ਹ ਫੁੰਕਾਰੇ ਮਾਰਦਾ ਹੋਵੇ। ਮਹਿੰਗੇ-ਮਹਿੰਗੇ ਮੋਬਾਇਲ ਫੋਨ ਕੰਨਾਂ ਨੂੰ ਲਾਈ ਫਿਰਦੇ ਮੁੰਡਿਆਂ ਵੱਲ ਵੇਖ ਦਿਲ ਵਿੱਚ ਹੌਲ ਪੈਣ ਲੱਗਦੇ। ਕਾਲਜ ਵਿੱਚ ਚੌਵੀ ਘੰਟੇ ਮੋਬਾਇਲਾਂ ਅਤੇ ਮੋਟਰ ਸਾਈਕਲਾਂ ਦੇ ਮਾਡਲਾਂ ਦੀਆਂ ਗੱਲਾਂ ਚੱਲਦੀਆਂ। ਬਾਪੂ! ਜਿੰਨ੍ਹਾਂ ਦਿਨਾਂ ਵਿੱਚ ਤੂੰ ਜ਼ਿਲ੍ਹੇ ਦੀਆਂ ਕਚਹਿਰੀਆਂ ਵਿੱਚ ਫਸਲਾਂ ਦੇ ਵੱਧ ਭਾਆਂ ਨੂੰ ਲੈ ਕੇ ਧਰਨੇ ਲਾਉਂਦਾ ਫਿਰਦਾ ਸੀ, ਮੈਂ ਨਵਾਂ ਮੋਟਰ ਸਾਈਕਲ ਅਤੇ ਮੋਬਾਇਲ ਫੋਨ ਲੈਣ ਦੀ ਜ਼ਿੱਦ ਫੜ੍ਹੀ ਸਾਰੇ ਟੱਬਰ ਨੂੰ ਸੂਲੀ ਟੰਗੀ ਫਿਰਦਾ ਸਾਂ। ਜਿਸ ਦਿਨ ਤੂੰ ਅਤੇ ਤੇਰੀ ਯੂਨੀਅਨ ਵਾਲੇ, ਲੱਛੂ ਲਫੈਂਡ ਦੀ ਜ਼ਮੀਨ ਦੀ ਕੁਰਕੀ ਕਰਨ ਆਏ ਤਹਿਸੀਲਦਾਰ ਤੇ ਬੈਂਕ ਆਲਿਆਂ ਨੂੰ ਰੋਕਣ ਲਈ ਮੋਰਚੇ ਲਾਈ ਬੈਠੇ ਸੀ, ਉਸੇ ਦਿਨ ਮੈਂ ਵੀ ਆਪਣੀ ਪਸੰਦ ਦਾ ਮੋਬਾਇਲ ਤੇ ਮੋਟਰ ਸਾਈਕਲ ਲੈਣ ਲਈ ਮਰਨ ਮਿੱਥੀ ਬੈਠਾ ਸਾਂ। ਗੱਲ ਆਪਣੀ ਦੋਵਾਂ ਦੀ ਜ਼ਿੱਦ ‘ਤੇ ਖੜ੍ਹੀ ਸੀ। ਤੇਰੀ ਯੂਨੀਅਨ ਦੀ ਜ਼ਿੱਦ ਅੱਗੇ ਪ੍ਰਸ਼ਾਸ਼ਨ ਨੂੰ ਝੁੱਕਣਾ ਪਿਆ ਸੀ। ਤਹਿਸੀਲਦਾਰ ਤੇ ਉਸ ਦੀ ਬਾਕੀ ਟੀਮ ਬੇਰੰਗ ਮੁੜ ਗਈ ਸੀ। ਬਿਲਕੁੱਲ ਖਾਲੀ ਹੱਥੀਂ। ਲੱਛੂ ਲਫੈਂਡ ਦੀ ਜ਼ਮੀਨ ਬਚ ਗਈ ਸੀ। ਤੇਰੇ ਚਿਹਰੇ ‘ਤੇ ਜਿੱਤ ਦਾ ਅਲੌਕਿਕ ਨਸ਼ਾ ਸੀ। ਤੈਨੂੰ ਮੇਰੇ ਤੋਂ ਵੀ ਜਿੱਤ ਜਾਣ ਦਾ ਭਰੋਸਾ ਸੀ ਪਰ ਮੈਂ ਕਿਹੜਾ ਤਹਿਸੀਲਦਾਰ ਸੀ? ਮੇਰੇ ਕੋਲ ਤਾਂ ਅਜਿਹਾ ਹਥਿਆਰ ਸੀ, ਜਿਸ ਨਾਲ ਕੋਈ ਵੀ ਔਲਾਦ ਆਪਣੇ ਮਾਂ-ਪਿਉ ਨੂੰ ਹਰਾ ਸਕਦੀ ਹੈ। ਕੁੱਝ ਖਾ ਕੇ ਮਰ ਜਾਣ ਦੀ ਧਮਕੀ ਨੇ ਮਾਂ ਦੀਆਂ ਅੱਖਾਂ ਮੂਹਰੇ ਹਨ੍ਹੇਰਾ ਲਿਆ ਦਿੱਤਾ ਸੀ। ਉਹ ਤਾਂ ਪਾਗਲਾਂ ਹਾਰ ਹੋ ਗਈ ਸੀ।
”ਜੇ ਮੁੰਡੇ ਨੇ ਕੁੱਛ ਕਰ ਲਿਆ, ਕਿਸੇ ਪਾਸੇ ਜੋਗੇ ਨ੍ਹੀ ਰਹਿਣਾ। ਫਿਰ ਚੱਕੀ ਫਿਰੀਂ ਆਵਦੇ ਕਿੱਲਿਆਂ ਨੂੰ। ਘਰ ਮੂਧਾ ਮਾਰਜੂ ਆਪਣਾ। ਅੱਜ ਕੱਲ ਦੇ ਜੁਆਕਾਂ ਦੀ ਜ਼ਿੱਦ ਭੈੜੀ ਆ। ਅੱਗ ਲਾ ਪਰ੍ਹੇ ਜ਼ਮੀਨ-ਜੈਦਾਤ ਨੂੰ। ਲੈਦੇ ਜੋ ਕਹਿੰਦੈ। ਨੇਰ੍ਹਾ ਪੈਜੂ ਦਿਨ-ਦਿਹਾੜੇ। ਜੱਗ ਅੱਡ ਥੂ-ਥੂ ਕਰੂ।” ਹਾਏ ਬੂ ਕਰਦੀ ਮਾਂ ਨੇ ਤੇਰੇ ਸੰਘ ‘ਚ ਅੰਗੂਠਾ ਦੇ ਦਿੱਤਾ ਸੀ। ਤੂੰ ਸਿਰ ਸੁੱਟ ਦਿੱਤਾ ਸੀ। ਮੈਂ ਸਮਝਦਾ ਸਾਂ ਤੂੰ ਹਾਰ ਗਿਆ ਏ, ਪਰ ਇੱਥੋਂ ਹੀ ਹਾਰ ਤਾਂ ਮੇਰੀ ਸ਼ੁਰੂ ਹੋਈ ਸੀ।
ਚਮਕਦਾ ਤੇ ਭੀੜ ਭਰਿਆ, ਸ਼ਹਿਰ ਸੀ। ਸਾਨ੍ਹ ਵਾਗੂੰ ਖੌਰੂ ਪਾਉਂਦਾ ਬੁਲੇਟ ਮੋਟਰਸਾਈਕਲ। ਕਿਤਾਬ ਵਰਗਾ ਲੰਮਾ-ਚੌੜਾ ਮੋਬਾਇਲ ਫੋਨ ਤੇ ਰੰਗ ਬਰੰਗੀਆਂ ਦੋਸਤੀਆਂ। ਸਿੱਖਿਆ ਦੇ ਨਾਂ ‘ਤੇ ਵਪਾਰ ਕਰਨ ਵਾਲਾ ਕਾਲਜ। ਕਹਿਣ ਨੂੰ ਤਾਂ ਘਰੋਂ ਕਾਲਜ ਜਾਂਦੇ ਸਾਂ ਪਰ ਟਿਕਾਣਾ ਤਾਂ ਕਿਤੇ ਹੋਰ ਈ ਹੁੰਦਾ ਸੀ। ਸ਼ਹਿਰ ਦੇ ਪੌਸ਼ ਇਲਾਕੇ ਗਰੀਨ ਐਵੇਨਿਊ ਦੀ ਤਿਮੰਜ਼ਲੀ, ਅੱਖਾਂ ਚੁੰਧਿਆਉਂਦੀ ਕੋਠੀ ਵਿੱਚ। ਕਾਲਜ ਦੀ ਪੰਦਰਾਂ-ਵੀਹਾਂ ਜਣਿਆਂ ਦੀ ਵਿਹਲੜ ਮੁੰਡੀਹਰ। ਸਾਡਾ ਖਾਣ-ਪੀਣ ਦਾ ਸਾਰਾ ਪ੍ਰਬੰਧ ਵੀ ਉਥੇ ਈ। ਪੋਸਤ ਅਫੀਮ ਤੋਂ ਲੈ ਕੇ ਚਿੱਟੇ ਤੱਕ। ਰੋਟੀ ਤੋਂ ਮੀਟ ਮੁਰਗੇ ਤੇ ਦਾਰੂ ਤੱਕ। ਪਾਲੇ ਮਾਰੇ ਜਿੰਨ੍ਹਾਂ ਦਿਨਾਂ ‘ਚ ਤੂੰ ਕਿਸਾਨਾਂ ਮਜ਼ਦੂਰਾਂ ਦਿਆਂ ਧਰਨਿਆਂ ‘ਚ ਭੁੱਖੇ ਢਿੱਡ ਝੰਡਾ ਚੁੱਕ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦਾ ਸੀ, ਉਹਨਾਂ ਦਿਨਾਂ ‘ਚ ਅਸੀ ਪੋਸਤ-ਅਫੀਮ, ਦਾਰੂ-ਸਮੈਕ ਅਤੇ ਚਿੱਟੇ ਨਾਲ ਟੁੰਨ ਹੋ ਕੇ ਆਪਣਾ ਈ ਇਨਕਲਾਬ ਲੈ ਆਉਂਦੇ ਸੀ। ਸੱਚੀਂ ਡੈਡੀ ਨਸ਼ੇ ਨਾਲ ਟੁੰਨ ਹੋਕੇ ਉਦੋਂ ਤਾਂ ਆਏਂ ਲੱਗਦਾ ਸੀ ਜਿਵੇਂ ਤੇਰੇ ਆਲੇ ਇਨਕਲਾਬ ਨੇ ਸਾਨੂੰ ਜੱਫੀ ‘ਚ ਘੁੱਟ ਲਿਆ ਹੋਵੇ। ਮੱਲ੍ਹੀਆਂ ਆਲੇ ਭੰਤੇ ਨੇ ਕਹਿਣਾ, ”ਆਪਣੇ ਆਲੇ ਬੁੜ੍ਹਿਆਂ ਦਾ ਇਨਕਲਾਬ ਤਾਂ ਪਤਾ ਨ੍ਹੀ ਕਦੋਂ ਆਊ, ਆਪਣਾ ਤਾਂ ਆ ਗਿਆ ਬਾਈ ਸਿਆਂ।”
ਜਿਹੜੀ ਕੋਠੀ ਦੀ ਦੱਸ ਰਿਹਾਂ, ਇਹ ਇੱਕ ਐਨ. ਆਰ. ਆਈ. ਦੀ ਕੋਠੀ ਸੀ। ਐਨ ਸ਼ਹਿਰ ਦੀ ਧੁੰਨੀ ਵਿੱਚ। ਸਾਡਾ ਕੰਮ ਸੀ ਇਸ ਐਨ. ਆਰ. ਆਈ. ਦੀ ਖਾਲੀ ਪਈ ਕੋਠੀ ‘ਤੇ ਕਬਜ਼ਾ ਕਰਨਾ। ਕਬਜ਼ਾ ਤਾਂ ਪਤਾ ਨਹੀਂ ਕਿਸਨੇ ਕਰਨਾ ਸੀ, ਅਸੀ ਤਾਂ ਬੱਸ ……ਰਹਿਣਾ ਸੀ ਉੱਥੇ। ਕੀਹਦੀ ਕੋਠੀ ਤੇ ਕੀਹਦਾ ਕਬਜ਼ਾ …… ਸਾਨੂੰ ਇਸ ਨਾਲ ਕੀ ਮਤਲਬ ਸੀ?
ਵੇਖ ਡੈਡੀ! ਕਿੰਨੀ ਗਿਰ ਗਈ ਸੀ ਤੇਰੀ ਔਲਾਦ। ਤੂੰ ਸਾਰੀ ਉਮਰ ਕਬਜ਼ੇ ਛੁਡਾਉਂਦਾ ਰਿਹਾ ਤੇ ਮੈਂ ….? ਮੈਨੂੰ ਯਾਦ ਐ, ਉਦੋਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਆੜਤੀਏ ਨੂੰ ਭੰਮੇ ਦੇ ਚਹੁੰ ਕਿਲਿਆਂ ਦਾ ਕਬਜ਼ਾ ਦੁਆਉਣ ਆਈ ਪੁਲਿਸ ਪਾਰਟੀ ਤੋਂ ਤੂੰ ਬੁਰੀ ਤਰ੍ਹਾਂ ਹੱਡ ਕੁਟਵਾਏ ਸਨ। ਕਿੰਨੇ ਹੀ ਦਿਨ ਬੀਬੀ ਚੁੱਲੇ ਵਿੱਚ ਰੋੜਾ ਗਰਮ ਕਰਕੇ ਕੱਪੜੇ ‘ਚ ਲਪੇਟ ਤੇਰੇ ਹੱਡਾਂ ਨੁੰ ਸੇਕਦੀ ਰਹੀ ਸੀ।
ਮੈਨੂੰ ਤਾਂ ਉਹ ਵਾਕਿਆ ਵੀ ਯਾਦ ਐ ਜਦੋਂ ਪਿੰਡ ਦੇ ਮਜ੍ਹਬੀਆਂ ਦੇ ਘਰਾਂ ਦੀਆਂ ਰੂੜੀਆਂ ਵਾਲੇ ਥਾਂ ਨੂੰ ਪੱਧਰਾ ਕਰਕੇ ਪਿੰਡ ਦੇ ਕੁਝ ਖੜਪੈਂਚਾਂ ਵੱਲੋਂ ਕਬਜ਼ਾ ਕਰਨ ਦੀ ਸਕੀਮ ਘੜੀ ਗਈ ਸੀ। ਤੇਰੇ ਕਰਕੇ ਉਹਨਾਂ ਦੀ ਸਕੀਮ ਬੁਰੀ ਤਰ੍ਹਾਂ ਫੇਲ ਹੋਈ ਸੀ। ਤੂੰ ਮਜ੍ਹਬੀਆਂ ਦੀ ਧਿਰ ਬਣ ਅੜ੍ਹ ਖਲੋਤਾ ਸੀ। ਟਰੈਕਟਰ ਲੈ ਕੇ ਰੂੜੀਆਂ ਪੱਧਰ ਕਰਨ ਆਏ ਲੱਠਮਾਰਾਂ ਨੂੰ ਝੂਠਾ ਜਿਹਾ ਮੂੰਹ ਲੈ ਕੇ ਮੁੜਨਾ ਪਿਆ ਸੀ।
”ਧਰਮ ਸਿੰਹੁ ਤਾਂ ਬਈ ਪੱਕਾ ਮਜ੍ਹਬੀ ਬਣ ਗਿਆ।” ਪਿੰਡ ਦੇ ਕਈ ਮੰਦ ਬੁੱਧੀ ਆਲਿਆਂ ਨੇ ਪਿੱਠ ਪਿੱਛੇ ਗੱਲਾਂ ਕੀਤੀਆਂ ਸਨ। ਭੋਰਾ ਪ੍ਰਵਾਹ ਨਹੀਂ ਸੀ ਕੀਤੀ ਤੂੰ ਕਿਸੇ ਦੀ। ਸਗੋਂ ਆਖਿਆ ਸੀ, ”ਇਹਨਾਂ ਕਰਕੇ ਅੰਨ ਖਾਨੇ ਆਂ, ਜੇ ਚਾਰ ਛਿੱਤਰ ਖਾ ਲਏ ਤਾਂ ਕੀ ਲੋਹੜਾ ਆ ਗਿਆ? ਕੁੱਛ ਕਰਜ਼ਾ ਈ ਲਾਹਿਐ।”
ਵੇਖ ਲੈ ਡੈਡੀ, ਕਬਜ਼ੇ ਛੁਡਾਉਣ ਵਾਲੇ ਦੀ ਔਲਾਦ ਜਰਵਾਣਿਆਂ ਦੇ ਕਬਜ਼ੇ ਕਰਾਉਣ ਲੱਗਪੀ। ਐਨ. ਆਰ. ਆਈ. ਆਪਣੀ ਕੋਠੀ ਦਾ ਕਬਜ਼ਾ ਛੁਡਾਉਣ ਲਈ ਥਾਣੇ-ਦਰਬਾਰੇ ਤੁਰਿਆ ਫਿਰਦਾ ਰਿਹਾ। ਉਸ ਦੇ ਡਾਲਰਾਂ ਨੂੰ ਹਜ਼ਮ ਕਰਨ ਲਈ ਪੁਲਿਸ ਦਿਨ ਵੇਲੇ ਐਨ. ਆਰ. ਆਈ. ਦੇ ਨਾਲ ਕਬਜ਼ਾ ਛੁਡਾਉਣ ਆਉਂਦੀ। ਡੀ. ਐਸ. ਪੀ. ਰੰਧਾਵਾ ਆਪ ਪੁਲਿਸ ਦੀ ਧਾੜ ਦੀ ਧਾੜ ਲੈ ਕੇ ਚੜ੍ਹਦਾ ਸੀ, ਜਿਵੇਂ ਕੋਈ ਕਿਲਾ ਫਤਿਹ ਕਰਨਾ ਹੋਵੇ। ਨਵੀਂ ਕੱਢੀ ਕੰਧ ਦੀਆਂ ਵੀਹ-ਪੰਜਾਹ ਇੱਟਾਂ ਵੀ ਡੇਗ ਜਾਂਦਾ। ਉਸ ਦੇ ਆਉਂਦਿਆਂ ਹੀ ਅਸੀਂ ਇੱਧਰ-ਉਧਰ ਦੌੜਦੇ। ਪੁਲਿਸ ਸਾਡੇ ਕੱਪੜੇ ਅਤੇ ਹੋਰ ਸਮਾਨ ਚੁੱਕ ਕੇ ਲੈ ਜਾਂਦੀ। ਅਸੀਂ ਭੱਜ ਜਾਣ ਦਾ ਵਿਖਾਵਾ ਕਰਦੇ। ਐਨ. ਆਰ. ਆਈ. ਕੋਠੀ ਦੇ ਦਰਵਾਜ਼ਿਆਂ ਨੂੰ ਆਪਣਾ ਜਿੰਦਾ ਮਾਰ ਜਾਂਦਾ। ਪੁਲਿਸ ਦੇ ਜਾਂਦਿਆਂ ਹੀ ਅਸੀ ਇਧਰੋਂ-ਉਧਰੋਂ ਨਿਕਲ ਕੇ ਕੋਠੀ ਦਾ ਜਿੰਦਰਾ ਤੋੜ ਕਮਰਿਆਂ ਵਿੱਚ ਆਸਣ ਲਾ ਲੈਂਦੇ। ਰਾਤ ਪਈ ਉਹੀ ਪੁਲਿਸ ਵਾਲੇ ਫੇਰ ਆਉਂਦੇ। ਕਬਜ਼ਾ ਛੁਡਾਉਣ ਨਹੀਂ ਕਬਜ਼ਾ ਪੱਕਾ ਕਰਾਉੁਣ। ਸਾਡੇ ਵਾਸਤੇ ਹਰ ਤਰ੍ਹਾਂ ਦਾ ਰਾਸ਼ਨ ਪਾਣੀ ਲੈ ਕੇ ਆਉਂਦੇ। ਡੀ.ਐਸ.ਪੀ. ਰੰਧਾਵਾ ਸਾਨੂੰ ਹੱਥੀਂ ਪੈੱਗ ਪਾ-ਪਾ ਫੜ੍ਹਾਉਂਦਾ। ਐਨ. ਆਰ. ਆਈ. ਮਹੀਨੇ ‘ਚ ਈ ਹੱਥ ਖੜ੍ਹੇ ਕਰ ਗਿਆ। ਕਰੋੜਾਂ ਦੀ ਕੋਠੀ ਸਾਢੇ ਬਾਰਾਂ ਲੱਖ ਵਿੱਚ ਈ ਰੰਧਾਵੇ ਕਿਆਂ ਨੂੰ ਲਿਖਾ ਦਿੱਤੀ। ਸਿਆਣਾ ਨਿਕਲਿਆ। ਜੋ ਵੱਟਿਆ ਸੋ ਖੱਟਿਆ। ਉਦੋਂ ਕਈ ਦਿਨ ਮੁਰਗੇ ਉੱਡਦੇ ਰਹੇ ਸਨ ਕੋਠੀ ਵਿੱਚ। ਡੀ. ਐਸ. ਪੀ. ਰੰਧਾਵੇ ਨੇ ਪੰਜ-ਪੰਜ ਹਜ਼ਾਰ ਸਾਡੀਆਂ ਜੇਬਾਂ ਵਿੱਚ ਵੀ ਪਾ ਦਿੱਤਾ ਸੀ। ਆਹ ਜ਼ੀਨਾਂ-ਸ਼ੀਨਾਂ ਉਦੋਂ ਦੀਆਂ ਈ ਖਰੀਦੀਆਂ ਨੇ। ਇਹ ਗੋਡਿਆਂ ਤੋਂ ਪਾਟੀਆਂ ਨ੍ਹੀ, ਇਹ ਤਾਂ ਰਿਵਾਜ਼ ਈ ਐ ਅੱਜਕੱਲ।
ਰਿਵਾਜ਼ ਤਾਂ ਨਿੱਤ ਈ ਨਵੇਂ-ਨਵੇਂ ਸ਼ੁਰੂ ਹੋਈ ਜਾਂਦੇ ਆ। ਆਹ ਵੀ ਨਵਾਂ ਈ ਰਿਵਾਜ਼ ਚੱਲ ਪਿਆ ਅੱਜਕਲ੍ਹ, ਨਸ਼ਾ ਛੁਡਾਉਣ ਆਲੇ ਸਮਾਜ ਸੇਵੀਆਂ ਦਾ। ਵੱਡੇ-ਵੱਡੇ ਬੈਨਰ, ਪੋਸਟਰ, ਭਾਸ਼ਣ ਤੇ ਅਖਬਾਰਾਂ ਦੀਆਂ ਖ਼ਬਰਾਂ। ਵੇਖ ਲੈ ਡੈਡੀ, ਆਪਣੇ ਪਿੰਡ ਵਾਲਾ ਕਾਪਾ ਵੀ ਕੱਲ੍ਹ ਨਸ਼ਾ ਛੁਡਾਊ ਕੇਂਦਰ ਵਿੱਚ ਫਲ-ਫਰੂਟ ਤੇ ਦਵਾਈਆਂ ਵੰਡ ਕੇ ਗਿਐ। ਇਹ ਪਹਿਲਾਂ ਕਿਸੇ ਮਹਿਕਮੇ ਵਿੱਚ ਕਲਰਕੀ ਕਰਦਾ ਸੀ। ਮਜ਼ਾਲ ਕੀ ਕੰਮ-ਧੰਦੇ ਆਇਆ ਬੰਦਾ ਇਸ ਹੱਥੋਂ ਸੁੱਕਾ ਨਿਕਲਜੇ! ਲੋਕਾਂ ਨੇ ਇਹਦਾ ਨਾਂ ਹੀ ਕ੍ਰਿਪਾਲ ਸਿੰਘ ‘ਕਾਪਾ’ ਰੱਖ ਦਿੱਤਾ ਸੀ। ਫਿਰ ਕਿਸੇ ਨੇ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਫੜਾ ਦਿੱਤਾ। ਦੋ-ਤਿੰਨ ਸਾਲ ਅਦਾਲਤ ‘ਚ ਕੇਸ ਚੱਲਦਾ ਰਿਹਾ ਜਿੱਥੋਂ ਇਸ ਨੂੰ ਦੋ ਸਾਲ ਦੀ ਕੈਦ ਬੋਲਗੀ। ਸਰਕਾਰ ਨੇ ਨੌਕਰੀ ਤੋਂ ਕੱਢਤਾ। ਫੇਰ ਨੌਕਰੀ ਦੌਰਾਨ ਇਕੱਠੀ ਕੀਤੀ ਨੇਕ ਕਮਾਈ ਆਸਰੇ ਇਸ ਨੇ ਫਾਇਨਾਂਸ ਕੰਪਨੀ ਖੋਹਲ ਲਈ। ”ਗੁਰੂ ਕ੍ਰਿਪਾ ਫਾਇਨਾਂਸ ਕੰਪਨੀ” ਦੇ ਫੱਟੇ ਥੱਲੇ ਇਸ ਨੇ ਕਈ ਘਰਾਂ ਦੇ ਫੱਟੇ ਮੂਧੇ ਮਾਰ ਦਿੱਤੇ। ਫਾਇਨਾਂਸ ਕੰਪਨੀ ਤਾਂ ਇੱਕ ਪਰਦਾ ਈ ਸੀ। ਆਪਣੇ ਪਿੰਡ ਸਮੇਤ ਨੇੜੇ ਤੇੜੇ ਦੇ ਨਸ਼ੇੜੀਆਂ ਨੂੰ ਪੋਸਤ, ਸਮੈਕ ਤੇ ਚਿੱਟੇ ਅਰਗੇ ਨਸ਼ੇ ਸਪਲਾਈ ਕਰਨ ਦਾ ਕੰਮ ਇਹੀ ਫਾਇਨਾਂਸ ਕੰਪਨੀ ਚਿੱਟੇ ਦਿਨ ਕਰਦੀ ਸੀ। ਵੇਖਦਿਆਂ-ਵੇਖਦਿਆਂ ਇਹਦੀ ਗੁੱਡੀ ਅੱਧ ਅਸਮਾਨੀਂ ਜਾ ਲੱਗੀ। ਪੁਲਿਸ ਤੇ ਸਿਵਲ ਦੇ ਵੱਡੇ-ਵੱਡੇ ਅਫਸਰਾਂ ਦੀਆਂ ਗੱਡੀਆਂ ਇਹਦੀ ਕੋਠੀ ਮੂਹਰੇ ਹਾਜ਼ਰੀ ਭਰਨਾ ਮਾਣ ਸਮਝਣ ਲੱਗੀਆਂ। ਆਪਣਾ ਕ੍ਰਿਪਾਲ ਸਿੰਹੁ ਕਾਪਾ ਪੇਂਡੂ ਖੇਡ ਮੇਲਿਆਂ ‘ਤੇ ਖੂਨਦਾਨ ਕੈਂਪਾਂ ਦਾ ਉਦਘਾਟਨ ਕਰਨ ਦਾ ਵੀ ‘ਮਾਣ’ ਲੈਣ ਲੱਗ ਪਿਆ। ਸ਼ਹਿਰ ਕਾਲਜ ਪੜ੍ਹਦੇ ਵਧੇਰੇ ਮੁੰਡੇ ਇਹਦੀ ਕੰਪਨੀ ਦਾ ਗੇੜਾ ਮਾਰਦੇ। ਮੈਨੂੰ ਵੀ ਇਸੇ ਨੇ ਹੀ ਮੋਟਰ ਸਾਇਕਲ ਲੈਣ ਲਈ ਹਲੂਣਾ ਮਾਰਿਆ ਸੀ।
”ਪ੍ਰਕਾਸ਼! ਆਹ ਥੋਡੇ ਆਲੇ ਬੁੜੇ ਦਾ ਤਾਂ ਯੂਨੀਅਨ ਆਲਿਆਂ ਨੇ ਦਿਮਾਗ ਖਰਾਬ ਕਰਤਾ। ਝੰਡੀ ਜਈ ਚੱਕ ਕੇ ਤੁਰਿਆ ਰਹਿੰਦੈ ਜ਼ਿੰਦਾਬਾਦ-ਮੁਰਦਾਬਾਦ ਕਰਦਾ। ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚਗੀ, ਇਹ ਉਥੇ ਦਾ ਉਥੇ। ਹੁਣ ਤੂੰ ਆਵਦੇ ਵੱਲ ਵੇਖ, ਘਰਦਾ ਕੱਲਾ-ਕਾਰਾ ਪੁੱਤ ਏਂ, ਬੱਸਾਂ-ਟੈਂਪੂਆਂ ‘ਤੇ ਕਾਲਜ ਆਉਂਦਾ ਚੰਗਾ ਲੱਗਦੈਂ? ਹੁਣ ਤਾਂ ਹਰੇਕ ਲੂਲੀ-ਭਠਿਆਰੀ ਮੋਟਰ-ਸਾਇਕਲ ‘ਤੇ ਹੁਰ-ਹੁਰ ਕਰਦੀ ਫਿਰਦੀ ਐ। ਸੱਚੀਂ ਪੁੱਛੇਂ, ਇਹ ਤਾਂ ਆਪਣੇ ਸਾਰੇ ਪਿੰਡ ਦੀ ਈ ਬੇਜ਼ਤੀ ਐ। ਤੇਰੀ ਪਿੱਠ ਪਿੱਛੇ ਮੁੰਡੀਹਰ ਸੌ-ਸੌ ਗੱਲਾਂ ਕਰਦੀ ਐ।”
”ਮੈਂ ਕੀ ਕਰਾਂ?”
”ਤੂੰ ਕੀ ਕਰਨੈਂ? ਯਾਰ ਤੂੰ ਆਵਦੇ ਬਾਪੂ ਨਾਲ ਗੱਲ ਤਾਂ ਕਰ, ਪੈਸਿਆਂ ਦਾ ਫਿਕਰ ਨਾ ਕਰੀਂ। ਅਸੀਂ ਮਰ ਤਾਂ ਨੀ ਗਏ? ਮੈਂ ਕਾਹਦੇ ਵਾਸਤੇ ਬੈਠਾਂ ਇੱਥੇ? ਹੈਂ……! ਨਾਲੇ ਯਾਰ ਆਹ ਜ਼ਮੀਨਾਂ ਸਾਲੀਆਂ ਨੂੰ ਰਗੜ ਕੇ ਫੋੜੇ ‘ਤੇ ਲਾਉਣੈ ਜੇ ਸ਼ੌਕ ਈ ਪੂਰੇ ਨਾ ਕੀਤੇ?”
ਗੱਲ ਕੀ ਡੈਡੀ ਏਸੇ ਨੇ ਮੇਰਾ ਦਿਮਾਗ ਖਰਾਬ ਕੀਤਾ ਸੀ। ਆਪਣੀ ਜ਼ਮੀਨ ਏਸੇ ਕੰਜ਼ਰ ਨੇ ਵਿਕਾਈ ਐ। ਆਪਣੀ ਈ ਕਿਉਂ, ਪਿੰਡ ਦੇ ਅੱਧੇ ਜੱਟਾਂ ਨੂੰ ਏਸੇ ਮਰਦੂਦ ਨੇ ਸਿਰ ਪਰਨੇ ਕੀਤਾ ਐ। ਰਾਤੋਂ-ਰਾਤ ਅਮੀਰ ਬਣਾਉਣ ਦਾ ਲਾਲਚ ਦੇਕੇ ਲੋਕਾਂ ਤੋਂ ਆਪਣੀ ਕੰਪਨੀ ਵਿੱਚ ਪੈਸੇ ਲਵਾ ਲਏ। ਲੋਕਾਂ ਨੇ ਜ਼ਮੀਨਾਂ ਵੇਚ-ਵੇਚ ਜਮ੍ਹਾ ਕਰਵਾਏ। ਹਰਿੰਦਰ ਦੇ ਪਿਉ ਨੇ ਤਾਂ ਆਵਦੀ ਰਿਟਾਇਰਮੈਂਟ ‘ਤੇ ਮਿਲਿਆ ਸਾਰਾ ਧਨ ਹੀ ਮੋਟੇ ਵਿਆਜ਼ ਦੇ ਲਾਲਚ ਵਿੱਚ ਇਹਦੀ ਫਾਇਨਾਂਸ ਕੰਪਨੀ ਵਿੱਚ ਜਮ੍ਹਾਂ ਕਰਵਾਇਆ ਸੀ। ਸਰਾਲ ਬਣ ਕੇ ਸੂਤ ਗਿਆ ਸਾਰੇ ਦਾ ਸਾਰਾ। ਜ਼ਮੀਨਾਂ-ਜੈਦਾਤਾਂ ਆਲਿਆਂ ਦੇ ਹੱਥਾਂ ਵਿੱਚ ਠੂਠੇ ਫੜ੍ਹਾ ਦਿੱਤੇ। ਕੋਈ ਨਿਆਂ-ਸਿਰਾ ਨ੍ਹੀ ਦਿੱਤਾ ਕਿਸੇ ਨੂੰ। ਕੱਢਦੇ ਫਿਰੋ ਅਦਾਲਤਾਂ ਦੇ ਗੇੜੇ। ਫਿਰ ਥਾਣੇ ਕਚਹਿਰੀਆਂ ਵੀ ਤਾ ‘ਕਾਪੇ’ ਵਰਗਿਆਂ ਦੇ ਈ ਆ। ਡੈਡੀ, ਤੂੰ ਠੀਕ ਈ ਤਾਂ ਆਹਨਾ ਹੁੰਨੈਂ ਅਖੇ ਜੱਟ ਮਾਰ ਲਿਆ ਚਿੱਟੇ ਤੇ ਕਾਲੇ ਕੋਟਾਂ ਆਲਿਆਂ ਨੇ।
ਕਿਸੇ ਟੁੱਚੇ ਜਿਹੇ ਗਾਉਣ ਆਲੇ ਦਾ ਗੀਤ ਵੀ ਵੱਜਦਾ ਅੱਜ ਕਲ੍ਹ ਅਖੇ ”ਜੱਟ ਮਾਰ ਲਿਆ ਕੋਟੇ ਨੇ”। ਸੁਣਿਐ ਤੂੰ ? ਇਹਨਾਂ ਟੁੱਚੀਅਲ ਗਾਇਕਾਂ-ਗੀਤਕਾਰਾਂ ਨੇ ਵੀ ਤੇਰੇ ਪੁੱਤ ਅਰਗਿਆਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ। ਮੋਟਰ ਸਾਇਕਲ, ਲੰਡੀਆਂ ਜੀਪਾਂ, ਬੰਦੂਕਾਂ, ਕਬਜ਼ੇ, ਮਾਰਧਾੜ….. ਸਾਲਿਆਂ ਨੇ ਸੋਚ ਈ ਖੁੰਢੀ ਕਰਕੇ ਰੱਖਤੀ। ਭਲਾ ਇਹੋ ਜਿਹੇ ਗਾਇਕ ਨੂੰ ਕੋਈ ਆਖਣ ਆਲਾ ਹੋਵੇ ਵਈ ਹਰਾਮਦੀਏ ਔਲਾਦੇ ਜੱਟ ਨੂੰ ਕੋਟੇ-ਆਲਿਆਂ ਨੇ ਨਈਂ, ਚਿੱਟੇ ਤੇ ਕਾਲੇ ਕੋਟਾਂ ਆਲਿਆਂ ਨੇ ਮਾਰਿਐ। ਆਹ ਆਪਣੇ ਆਲਾ ਦਿਆਲਾ ਆਂਹਦਾ ਹੁੰਦੈ ਅਖੇ ਨੌਕਰੀਆਂ ਤਾਂ ਸਾਰੀਆਂ ਲੈਗੇ ਰੀਜ਼ਰਵ ਕੋਟੇ ਆਲੇ। ਸਾਲੇ ਦੇ ਪੁੱਠ ਪੈਰੀਆਂ ਨੇ ਮੇਰੇ ਅਰਗਿਆਂ ਦੇ ਦਿਮਾਗਾਂ ‘ਚ ਵੀ ਭਰਤਾ ਅਖੇ ਸਾਡਾ ਸਾਰਾ ਹੱਕ ਰੀਜ਼ਰਵੇਸ਼ਨ ਆਲੇ ਲਈ ਜਾਂਦੇ ਆ। ਹੁਣ ਪਤਾ ਲੱਗਾ ਕੁੱਝ ਕਿ ਨ੍ਹੀ…………. ਸਭ ਲਿਫਾਫੇ ਬਾਜ਼ੀਆਂ। ਜੇ ਲੱਖਾਂ ਲੋਕਾਂ ‘ਚੋਂ ਇੱਕ ਨੂੰ ਨੌਕਰੀ ਮਿਲ ਵੀ ਗਈ ਤਾਂ ਕੀ ਫੰਨੂੰ ਖੋਹਤਾ? ਕਿੰਨਾ ਕੁ ਉੱਚਾ ਚੁੱਕਤਾ ਕੋਟੇ ਆਲੇ ਸਮਾਜ ਨੂੰ? ਸਾਡੇ ਨਾਲ ਦਸਵੀਂ ਤੱਕ ਪੜ੍ਹਦੇ ਖੁਸ਼ਹਾਲੇ ਤੇ ਪ੍ਰੀਤੇ ਹੋਰੀਂ ਹਰ ਕਲਾਸ ‘ਚੋਂ ਪਹਿਲੇ-ਦੂਜੇ ਨੰਬਰ ‘ਤੇ ਆਉਂਦੇ ਹੁੰਦੇ ਸੀ। ਹੁਣ ਸਾਈਕਲ ਚੁੱਕ ਮਜ਼ਦੂਰੀ ਕਰਨ ਸ਼ਹਿਰ ਦੇ ਲੇਬਰ ਚੌਂਕ ਵਿੱਚ ਜਾ ਖੜ੍ਹਦੇ ਨੇ। ਮਜ਼ਦੂਰ ਮੰਡੀ ਦਾ ਮਾਲ ਬਣ ਗਏ ਨੇ ਵਿਚਾਰੇ। ਉਹਨਾਂ ਦੀ ਤਾਂ ਕਿਸੇ ‘ਕੋਟੇ’ ਨੇ ਮਦਦ ਨਾ ਕੀਤੀ। ਜੇ ਵੱਡੀਆਂ ਕਲਾਸਾਂ ਦੀ ਫੀਸ ਦੇਣ ਜੋਗੇ ਹੁੰਦੇ ਸ਼ਹਿਰ ਆਲੇ ਬਾਂਸਲ ਡਾਕਟਰ ਦੇ ਜੁਆਕਾਂ ਵਾਗੂ ਡਾਕਟਰ ਕਿਹੜਾ ਨਾ ਬਣ ਜਾਂਦੇ। ਪੈਸੇ ਦੇ ਜ਼ੋਰ ‘ਤੇ ਬਾਂਸਲ ਅਰਗਿਆਂ ਨੇ ਆਵਦੇ ਨਲਾਇਕ ਜੁਆਕ ਡਾਕਟਰ ਬਣਾਲੇ। ਸੁਣਿਆਂ ਕਰੋੜਾਂ ਰੁਪਏ ਡੋਨੇਸ਼ਨ ਦਿੱਤੀ ਐ। ਹੁਣ ਆਪਣੇ ਕਾਪੇ ਵਾਗੂੰ ਵਢਾਂਗਾ ਕਰੀ ਤੁਰੇ ਆਉਂਦੇ ਐ। ਖੁਸ਼ਹਾਲੇ ਵਰਗੇ ਹੀਰੇ ਤਾਂ ਮਾਰਲੇ ਗਰੀਬੀ ਨੇ। ਉਮਰ ਦੇ ਤੇਈਵੇਂ ਸਾਲ ‘ਚ ਈ ਕੁੱਬੇ ਹੋ ਹੋ ਕੇ ਤੁਰਦੇ ਐ। ਤੇਰੇ ਗੌਣ ਵਾਲੇ ਵਾਂਗੂੰ ਅਖੇ ”ਕਾਹਨੂੰ ਆਈ ਏਂ ਗਰੀਬ ‘ਤੇ ਜਵਾਨੀਏ ਨੀ ਫਿਕਰਾਂ ‘ਚ ਰੁਲ ਜਾਏਂਗੀ।” ਤੇ ਇੱਥੇ ਆਪਣੇ ਦਿਆਲੇ ਚੋਰ ਅਰਗੇ ਉਲਟਾ ਈ ਪ੍ਰਚਾਰ ਕਰੀ ਜਾਂਦੇ ਐ। ਮੈਨੂੰ ਤਾਂ ਬੜਾ ਹਾਸਾ ਆਉਂਦੈ ਉਹਦੀਆਂ ਗੱਲਾਂ ‘ਤੇ। ਬਾਪੂ ਸੱਚੀ ਗੱਲ ਐ ਤੇਰੀ, ਖੁਸ਼ਹਾਲੇ-ਪ੍ਰੀਤੇ ਅਰਗਿਆਂ ਨੂੰ ਤਾਂ ਕਦੇ ਨਾਲ ਈ ਨਈਂ ਲਿਆ। ਸਹੀ ਆਹਨੈ ਹੁਨੈ ਤੂੰ, ”ਸਾਥੋਂ ਤਾਂ ਕਾਪਿਆਂ-ਸ਼ਾਪਿਆਂ ਖਿਲਾਫ਼ ਸਾਂਝੀ ਲੜਾਈ ਨ੍ਹੀ ਲੜ ਹੋਈ।”
”ਦੁਸ਼ਮਣ ਦੇ ਖਿਲਾਫ ਸਹੀ ਲੜਾਈ ਦਿੱਤੀ ਹੁੰਦੀ ਤਾਂ ਸਾਡੇ ਖੇਤਾਂ ਵਿੱਚ ਖੁਦਕੁਸ਼ੀਆਂ ਦੀ ਫਸਲ ਨਹੀਂ ਸੀ ਉੱਗਣੀ।” ਖਾਦ ਦੀ ਹੁੰਦੀ ਬਲੈਕ ਰੋਕਣ ਲਈ ਕਚਹਿਰੀਆਂ ਮੂਹਰੇ ਲਾਏ ਧਰਨੇ ਵਿੱਚ ਗੂੰਜ਼ਦੀ ਤੇਰੀ ਆਵਾਜ਼ ਨੇ ਕਈ ਸਿਰਾਂ ਦੀਆਂ ਨੀਵੀਆਂ ਪੁਆ ਦਿੱਤੀਆਂ ਸਨ। ਬੱਸ ਆਹੀ ਮਾੜੀ ਗੱਲ ਐ ਆਪਣੇ ਲੋਕਾਂ ਦੀ, ਸਿਰ ਨੀਵਾਂ ਕਰ ਲੈਂਦੇ ਐ, ਸਿਰ ਹਿਲਾਉਂਦੇ ਨ੍ਹੀ। ਸਿਰ ਹਿਲਾਉਣ ਤਾਂ ਚੰਗੇ ਮਾੜੇ ਦੀ ਸਮਝ ਆਵੇ। ਬੀਬੀ ਠੀਕ ਈ ਆਂਹਦੀ ਹੁੰਦੀ ਸੀ ਤੈਨੂੰ, ”ਐਵੇ ਗਿੱਟੇ ਕਢਾਉਂਦਾ ਫਿਰਦੈਂ ਨੰਗਾਂ ਪਿੱਛੇ। ਇੱਥੇ ਨ੍ਹੀ ਸੁਣਦਾ ਕੋਈ ਕਿਸੇ ਦੀ। ਸਾਰਿਆਂ ਨੂੰ ਆਪਾ-ਧਾਪੀ ਪਈ ਐ। ਤੁਰਦੈ ਕੋਈ ਥੋਡੇ ਨਾਲ? ਮਸੀਂ ਦਸ ਬੰਦੇ ਕੱਢਦੇਂ ਓਂ ਪਿੰਡੋਂ। ਸ਼ਹਿਰ ਪੁੱਜਦਿਆਂ ਤੀਕ ਉਹਦੇ ‘ਚੋਂ ਵੀ ਅੱਧੇ ਖਿਸਕ ਜਾਂਦੇ ਆ। ਰਮਾਨ ਨਾਲ ਘਰ ਬੈਠ, ਇਹ ਦੁਨੀਆਂ ਨ੍ਹੀਂ ਸੁਧਰਨੀ। ਤੇਰੇ ਅਰਗੇ ਦੀ ਕਿਸੇ ਨ੍ਹੀ ਸੁਨਣੀ। ਸਗੋਂ ਉਲਟਾ ਆਂਹਦੇ ਲੋਕਾਂ ਦੀਆਂ ਔਲਾਦਾਂ ਵਿਗਾੜਦੈਂ। ਐਵੇਂ ਨਾ ਖੁੱਚਾਂ ਕਢਾਉਂਦਾ ਫਿਰਿਆ ਕਰ।”
ਸੱਚ ਈ ਤਾਂ ਆਂਹਦੀ ਸੀ ਬੀਬੀ। ਤੈਨੂੰ ਯਾਦ ਈ ਹੋਣੈਂ, ਬੰਤੀ ਬੁੜ੍ਹੀ ਦੇ ਡੂਢ ਕਨਾਲ ਥਾਂ ਦੀ ਵਰਤੋਂ ਵੇਲੇ ਕਿਵੇਂ ਹਾਲ-ਪਾਹਰਿਆ ਹੋਈ ਸੀ ਪਿੰਡ ‘ਚ।
”ਸਰਪੈਂਚ ਸੈਬ! ਏਸ ਥਾਂ ‘ਚ ਸਾਂਝੀ ਲਾਇਬਰੇਰੀ ਬਣਾਈ ਜਾਣੀ ਚਾਹੀਦੀ ਐ। ਵਧੀਆ-ਵਧੀਆ ਕਿਤਾਬਾਂ ਰੱਖੀਆਂ ਜਾਣ, ਅਖਬਾਰ ਰਿਸਾਲੇ ਆਉਣ। ਨਵੀਂ ਪਨੀਰੀ ਪੜ੍ਹਨ-ਲਿਖਣ ਵੱਲੀਂ ਲੱਗੇ। ਨਵੇਂ ਵਿਚਾਰਾਂ ਦੀ ਹਾਣੀ ਬਣੇ। ਪੜ੍ਹਨ ਨਾਲ ਗਿਆਨ ‘ਚ ਵਾਧਾ ਹੁੰਦੈ।” ਲੋਕਾਂ ਦੇ ਹੋਏ ਇਕੱਠ ‘ਚ ਤੂੰ ਸੁਝਾਅ ਦਿੱਤਾ ਸੀ।
”ਹਾਅੋ! ਚਾਈਂਦੀ ਐ ਲੈਬਰੇਰੀ! ਤੂੰ ਤਾਂ ਚਹੁੰਨੈ ਈ ਐਂ, ਕਾਮਰੇਟੀ ਕਿਤਾਬਾਂ ਪੜ੍ਹਾ-ਪੜ੍ਹਾ ਸਾਡੇ ਜੁਆਕਾਂ ਨੂੰ ਨਾਸਤਿਕ ਬਣਾ ਦਿਆਂ।” ਸਰਪੰਚ ਦੀ ਖੱਬੀ ਮੁੱਛ ਸਮਝੇ ਜਾਂਦੇ ਮੇਲੂ ਪੰਚ ਨੇ ਸਿੰਗੜੀ ਛੇੜ ਦਿੱਤੀ ਸੀ, ”ਗੁਰੂ ਮਾਰ੍ਹਾਜ ਰੱਖੋ ਇੱਥੇ। ਆਥਣੇ-ਸਵੇਰੇ ਗੁਰਬਾਣੀ ਸੁਣਿਆ ਕਰੂ। ਗੁਰੂ ਘਰ ਦੀ ਗੱਲ-ਕੰਨ ‘ਚ ਪਊ।” ਪੰਚ ਦੇ ਕਹਿਣ ਨਾਲ ਈ ਮਤਾ ਪਾਸ ਹੋ ਗਿਆ ਸੀ। ਕਿਸੇ ਨੇ ਤੇਰੀ ਇੱਕ ਨਹੀਂ ਸੀ ਸੁਣੀ।
”ਗੁਰੂ ਘਰ ਅੱਗੇ ਥੋੜ੍ਹੇ ਆ ਪਿੰਡ ‘ਚ! ਪਿੰਡ ਦੀਆਂ ਚਾਰੇ ਪੱਤੀਆਂ ਆਵਦੇ-ਆਵਦੇ ਗੁਰੂ ਘਰ ਬਣਾਈ ਬੈਠੀਐਂ, ਜਾਂਦਾ ਕੋਈ ਹੈਨੀ ਉਥੇ। ਨਾਲੇ ਅਨਪੜ੍ਹ ਭਾਈ ਸੁਣਾ-ਸੁਣਾ ਕੇ ਮਨੋਘੜਤ ਸਾਖੀਆਂ, ਥੋਨੂੰ ਜਿਹੜਾ ਗੁਣੀ ਗਿਆਨੀ ਬਣਾਈ ਜਾਂਦੇ ਆ, ਉਹਦੀ ਭੁੱਲ ਐ ਕਿਸੇ ਨੂੰ? ਇੱਥੇ ਲਾਇਬਰੇਰੀ ‘ਚ ਬੈਠ ਗਿਆਨ ਦੇ ਚਾਰ ਅੱਖਰ ਪੜ੍ਹ-ਪੜ੍ਹਾ ਲਿਆ ਕਰਨਗੇ। ਹੋਰ ਨ੍ਹੀ ਤਾਂ ਆਵਦੇ ਹੱਕਾਂ ਬਾਰੇ ਈ ਸੋਝੀ ਆਊ ਥੋੜੀ ਬਹੁਤੀ। ਗੁਰੁ ਘਰ ਦੀਆਂ ਵੀ ਪੜ੍ਹ ਲਿਆ ਕਰਨਗੇ”
”ਤੂੰ ਆਵਦੀ ਕਾਮਰੇਟੀ ਆਵਦੇ ਕੋਲ ਈ ਰੱਖ। ਸਾਨੂੰ ਨ੍ਹੀ ਲੋੜ ਐਹੋ ਜੇ ਖਰੜ ਗਿਆਨ ਦੀ ਜਿਹੜਾ ਸਾਡੀਆਂ ਜਿਣਸਾਂ ਨੂੰ ਗੁਰੂ ਘਰ ਨਾਲੋਂ ਈ ਦੂਰ ਲੈਜੇ।” ਪੰਚ ਨੇ ਆਵਦੀਆਂ ਵਿੰਗੀਆਂ-ਟੇਢੀਆਂ ਦਲੀਲਾਂ ਨਾਲ ਤੇਰੀ ਗੱਲ ਹਵਾ ‘ਚ ਉਡਾ ਦਿੱਤੀ ਸੀ।
ਮੈਨੂੰ ਉਦੋਂ ਸਮਝ ਨ੍ਹੀ ਸੀ ਆਈ ਇਸ ਰਾਮ ਰੌਲੇ ਦੀ। ਬੀਬੀ ਵੀ ਆਂਹਦੀ ਸੀ, ”ਛੱਡ ਪਰ੍ਹਾਂ ਖਾਂਘੜ-ਝਗੜੇ ਨੂੰ। ਤੂੰ ਕੀ ਲੈਣਾ ਐ ਲੈਬਰੇਰੀਆਂ- ਸ਼ੈਬਰੇਰੀਆਂ ਤੋਂ। ਇੱਥੇ ਲੁੱਚਿਆਂ-ਲੰਡਿਆਂ ਦੀ ਪੁੱਗਦੀ ਐ। ਰਮਾਨ ਨਾਲ ਬਹਿਜਾ।” ਮੈਨੂੰ ਹੁਣ ਪਤਾ ਲੱਗਾ ਪੈਂਚ ਅਰਗਿਆਂ ਨੇ ਕਿਉਂ ਨਹੀ ਸੀ ਬਨਣ ਦਿੱਤੀ ਲਾਇਬਰੇਰੀ ਪਿੰਡ ‘ਚ। ਲਾਇਬਰੇਰੀ ਕਿੱਥੇ ਵਾਰਾ ਖਾਂਦੀ ਸੀ ਪੈਂਚ ਅਰਗਿਆਂ ਨੂੰ? ਇਸੇ ਪੈਂਚ ਦਾ ਤਾਂ ਝਿੜੀ ਆਲੇ ਟਿੱਬਿਆਂ ‘ਚ ਭੁੱਕੀ-ਪੋਸਤ ਦਾ ਅੱਡਾ ਚੱਲਦਾ ਸੀ ਕਾਪੇ ਨਾਲ ਸਾਂਝਾ। ਆਥਣ ਵੇਲੇ ਅੱਧਿਓਂ ਵੱਧ ਪਿੰਡ ਲਾਰਾ ਬੰਨ੍ਹੀ ਝਿੜੀ ਵੱਲ ਨੂੰ ਹੋ ਤੁਰਦਾ ਸੀ। ਡੈਡੀ, ਜੇ ਤੇਰੇ ਆਖੇ ਲਾਇਬਰੇਰੀ ਬਣ ਜਾਂਦੀ, ਫੇਰ ਪੈਂਚ ਦੇ ਅੱਡੇ ਵੱਲ ਕੀਹਨੇ ਜਾਣਾ ਸੀ? ਸ਼ਾਇਦ ਮੇਰੇ ਵਰਗਾ ਵੀ ਨਾ ਭਟਕਦਾ। ਦੇਖ ਲੈ……. ਇਹੀ ਪੈਂਚ ਹੁਣ ਇਲਾਕੇ ਦਾ ਨਾਮੀ ਲੀਡਰ ਬਣਿਆ ਹੋਇਐ। ਪੌਣ ਕੁੱਕੜ ਵਾਗੂੰ ਘੁੰਮ ਜਾਂਦੈ ਹਵਾ ਦਾ ਰੁੱਖ ਵੇਖ ਕੇ। ਅੱਜ ਕੱਲ ਏਹਦੇ ਤੇ ਕੌਮ ਭਗਤੀ ਦਾ ਭੂਤ ਸਵਾਰ ਹੋਇਆ ਪਿਐ।” ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ‘ਚ ਲੱਗਾ ਵਿਐ। ਕੱਲ ਜਦੋਂ ਕਾਪੇ ਨਾਲ ਨਸ਼ਾ-ਛੁਡਾਊ ਸੈਂਟਰ ਵਿੱਚ ਆਇਆ, ਮੇਰਾ ਜੀਅ ਕਰੇ ਬੈੱਡ ਤੋਂ ਛਾਲ ਮਾਰ ਕੇ ਉੱਠਾਂ ਤੇ ਵੱਡੇ ਸਮਾਜ ਸੁਧਾਰਕ ਦੇ ਗਲ੍ਹਮੇ ਨੂੰ ਜਾ ਹੱਥ ਪਾਵਾਂ। ਊਂ ਤੈਨੂੰ ਵੇਖ ਕੇ ਕੇਰਾਂ ਤਾਂ ਰੰਗ ਜਿਆ ਵਟਾ ਗਿਆ ਸੀ। ਸੋਚਦਾ ਹੋਣੈਂ, ਕਾਮਰੇਟ ਦਾ ਕੋਈ ਪਤਾ ਨ੍ਹੀ ਕਿਤੇ ਇੱਥੇ ਈ ਮੇਰੀਆਂ ਕਰਤੂਤਾਂ ਦਾ ਭਾਂਡਾ ਭੰਨ ਦੇ। ਸਾਲੇ ਡਰਾਮੇਬਾਜ਼। ਗਿਰਗਿਟ ਵਾਗੂੰ ਰੰਗ ਪਤਾ ਨ੍ਹੀ ਕਿਵੇਂ ਬਦਲ ਜਾਂਦੇ ਐ ਐਨੀ ਛੇਤੀ। ਸਾਲੇ ਨੇ ਇਕੱਲੇ-ਇਕੱਲੇ ਬੈੱਡ ‘ਤੇ ਜਾ ਕੇ ਫਲ-ਫਰੂਟ ਤੇ ਦਵਾਈਆਂ ਵੰਡੀਆਂ। ਮੈਂ ਹੈਰਾਨ ਆਂ, ਤੂੰ ਚੁੱਪ ਕਿਵੇਂ ਰਿਹਾ ਜਦੋਂ ਉਹ ਮੇਰੇ ਕੋਲ ਆਕੇ ਕਹਿਣ ਲੱਗਾ ਸੀ, ”ਕਾਮਰੇਟ ਸੈਬ! ਪੈਸਿਆਂ ਦੀ ਪਰਵਾਹ ਨਾ ਕਰਿਓ। ਪੈਸੇ ਸਾਰੇ ਮੈਂ ਲਾਊਂ, ਆਪਣਾ ਜੁਆਨ ਨੌਂ-ਬਰ-ਨੌਂ ਹੋਣਾ ਚਾਹੀਦੈ। ਅਸੀਂ ਜਵਾਨੀ ਤਬਾਹ ਨ੍ਹੀ ਹੋਣ ਦੇਣੀ। ਮੇਰੇ ਕੋਲ ਇਲਾਕੇ ਦੇ ਯੂਥ ਵਿੰਗ ਦੀ ਜਿੰਮੇਵਾਰੀ ਐ। ਥੋਨੂੰ ਪਤਾ ਐ ਨੌਜੁਆਨ ਕਿਸੇ ਵੀ ਕੌਮ ਦੀ ਬੁਨਿਆਦ ਹੁੰਦੇ ਨੇ। ਨੌਜਵਾਨ ਸਾਡੀ ਪਾਰਟੀ ਦਾ ਹਰਿਆਵਲ ਦਸਤਾ ਨੇ ….. ਠੀਕ ਐ ਨਾ ਕਾਮਰੇਟ ਸੈਬ ।” ਮਗਰਲਾ ਸ਼ਬਦ ‘ਕਾਮਰੇਟ ਸਾਬ’ ਉਸ ਨੇ ਚੱਬ ਕੇ ਆਖਿਆ ਸੀ।
”ਕੈਮ ਹੋ ਵੀ ਜੁਆਨਾ, ਕਿਵੇਂ ਡਿੱਗਿਆ ਪਿਐਂ ਮੁਰਦਿਆਂ ਵਾਂਗੂੰ। ਕੁਛ ਨ੍ਹੀ ਰੱਖਿਆ ਇਹਨਾਂ ਸਾਲੇ ਨਸ਼ਿਆਂ ‘ਚ। ਮੇਰੇ ਅੱਲੀਂ ਦੇਖੋ…… ਸਾਰੀ ਉਮਰ ਕਿਸੇ ਨਸ਼ੇ ਨੂੰ ਹੱਥ ਨ੍ਹੀ ਲਾਇਆ। ਬਿਨ੍ਹਾਂ ਨਸ਼ੇ ਤੋਂ ਈ ਉੱਡੇ ਫਿਰੀਦੈ। ਕੌਮ ਦੀ ਸੇਵਾ ਦਾ ਈ ਨਸ਼ਾ ਚੜਿਐ ਰਹਿੰਦੈ।” ਮੇਰਾ ਜੀਅ ਕੀਤਾ ਆਖਾਂ, ”ਲੰਡਿਆ! ਨੌਜੁਆਨਾਂ ਦੀਆਂ ਨਾੜਾਂ ਵਿੱਚ ਨਸ਼ੇ ਦਾ ਜ਼ਹਿਰ ਤੋਰਕੇ ਜਿਹੜੀ ਤੁਸੀਂ ਕੌਮ ਦੀ ਅਣਥੱਕ ਸੇਵਾ ਕੀਤੀ ਐ, ਕਿਸੇ ਦੁਨੀਆਂ ਤੋਂ ਨ੍ਹੀ ਭੁੱਲੀ।”
”ਕਾਮਰੇਟ ਸੈਬ! ਊਂ ਇੱਕ ਗੱਲ ਦੀ ਸਮਝ ਨ੍ਹੀ ਆਉਂਦੀ। ਥੋਡੇ ਅਰਗੇ ਐਨਕਲਾਬੀਆਂ ਦੇ ਧੀਆਂ-ਪੁੱਤ ਨਸ਼ਿਆਂ ਦੇ ਚਿੱਕੜ ‘ਚ ਕਿਵੇਂ ਫਸਗੇ? ਇਹ ਜੁਆਨੀ ਕਿੱਥੇ ਸਮਝਦੀ ਐ ਥੋਡੀਆਂ ਗੂੜ੍ਹ-ਗਿਆਨ ਆਲੀਆਂ ਗੱਲਾਂ। ਹੁਣ ਦੱਸ ਇਹਨੂੰ ਕੀ ਪਤਾ ਵਈ ਬਾਪੂ ਮੇਰਾ ਤਾਂ ਸਰਕਾਰਾਂ ਨਾਲ ਆਢਾ ਲਾਈ ਰੱਖਦੈ। ਖੈਰ ਤੂੰ ਪਰਵਾਹ ਨਾ ਕਰੀਂ….. ਮੈਂ ਹੈਗਾਂ। ਸਾਨੂੰ ਪ੍ਰਧਾਨ ਸਾਬ੍ਹ ਵਲੋਂ ਹਦਾਇਤਾਂ ਬੜੀਆਂ ਸਖਤ ਹੋਈਐਂ, ਅਸੀਂ ਨਸ਼ੇ ਆਲਾ ਕੋਹੜ ਕੱਢਣਾ ਈ ਕੱਢਣਾ ਐ ਸੂਬੇ ‘ਚੋਂ।” ਆਖਦਿਆਂ ਪੈਂਚ ਅੱਗੇ ਤੁਰ ਗਿਆ ਸੀ। ਮੇਰਾ ਜੀਅ ਕਰਦਾ ਸੀ ਥਾਂਏ ਮਰ ਜਾਵਾਂ। ਸ਼ਰਮ ਆਉਂਦੀ ਐ ਆਪਣੇ ਆਪ ‘ਤੇ। ਮਾਣ ਨਾਲ ਆਕੜੀ ਰਹਿਣ ਵਾਲੀ ਤੇਰੀ ਧੌਣ ਨੀਵੀਂ ਕਰ ਦਿੱਤੀ ਮੈਂ। ਤੁਸੀਂ ਮੈਨੂੰ ਬਚਾਉਣ ਲਈ ਤਰਲੇ ਮਾਰਦੇ ਫਿਰਦੇ ਓਂ, ਮੇਰਾ ਜੀਅ ਕਰਦੈ ਮੈਨੂੰ ਦੂਜਾ ਸਾਹ ਵੀ ਨਾ ਆਵੇ। ਕੋਈ ਹੋਰ ਸਮਾਂ ਹੁੰਦਾ ਤਾਂ ਤੂੰ ਇਸ ਲੰਡੂ ਦੀ ਇੱਜ਼ਤ ਲਾਹ ਕੇ ਹੱਥ ‘ਚ ਫੜਾ ਦੇਣੀ ਸੀ, ਪਰ ਹੁਣ ਪਤਾ ਨ੍ਹੀ ਕਿਵੇਂ ਚੁੱਪ ਰਿਹਾ। ਪਤਾ ਨ੍ਹੀ ਕੀ-ਕੀ ਘੋਲ ਚੱਲ ਰਿਹਾ ਸੀ ਤੇਰੇ ਅੰਦਰ।
ਘੋਲ ਹੀ ਤਾਂ ਲੜਦਾ ਰਿਹਾ ਏਂ ਸਾਰੀ ਉਮਰ। ਮਾਂ ਹਾਸੇ ਨਾਲ ਆਖਦੀ ਹੁੰਦੀ ਸੀ, ”ਵੇ ਪ੍ਰਕਾਸ਼! ਜੇ ਮੀਨ੍ਹੇ ਪੰਦਰੀਂ ਦਿਨੀਂ ਹੋ ਹੱਲਾ ਨਾ ਮਚਾਵੇ ਥੋਡੇ ਪਿਉ ਦੇ ਢਿੱਡ ‘ਚ ਤਾਂ ਗੋਲਾ ਬੱਝ ਜਾਂਦੈ। ਏਹਦੀ ਤਾਂ ਮੁੱਢ ਤੋਂ ਹੀ ਸਰਕਾਰਾਂ ਨਾਲ ਲਾਲ ਝੰਡੀ ਰਹੀ ਐ।”
”ਸਾਡਾ ਤਾਂ ਖੂਨ ਈ ਬਾਗੀ ਏ ਸੁਖਦੀਪ ਕੁਰੇ। ਨਾ ਸਰਕਾਰਾਂ ਹਮਾਤੜ੍ਹਾਂ ਨਾਲ ਧੱਕੇਸ਼ਾਹੀਆਂ ਕਰਨ ਤੋਂ ਹਟਣ ਤੇ ਨਾ ਅਸੀਂ ਟਿਕੀਏ। ਸਾਡਾ ਝੰਡਾ ਤਾਂ ਤਿਆਰ ਬਰ ਤਿਆਰ ਈ ਹੁੰਦੈ, ਬੱਸ ਵਿੱਚ ਡੰਡਾ ਈ ਅੜਾਉਣਾ ਹੁੰਦੈ। ਨਾਲੇ ਉਹ ਤਾਂ ਕੋਈ ਹੋਰ ਈ ਹੋਣਗੇ ਹਕੂਮਤਾਂ ਅੱਗੇ ਪੂਛ ਹਿਲਾਉਣ ਵਾਲੇ, ਅਸੀਂ ਨ੍ਹੀ ਸਿਰ ਸਿੱਟ ਕੇ ਜਿਉਂ ਸਕਦੇ।”
ਸੱਚੀ ਗੱਲ ਹੈ ਡੈਡੀ, ਤੂੰ ਨ੍ਹੀ ਈਨ ਮੰਨੀ ਕਿਸੇ ਖੱਬੀਖਾਨ ਦੀ। ਪਰ ? ਪਰ ਮੈਨੂੰ ਇਹ ਨ੍ਹੀ ਸਮਝ ਆਉਂਦੀ ਕਿ ਇੱਕ ਬਾਗੀ ਖੂਨ ਵਾਲੇ ਆਗੂ ਦੀ ਔਲਾਦ ਐਨੀ ਨਿਸੱਤੀ ਕਿਵੇਂ ਨਿਕਲ ਗਈ? ਸਾਡੀਆਂ ਅੱਖਾਂ ‘ਚੋਂ ਸੁਪਨੇ ਕਿਉਂ ਮਰ ਗਏ? ਤੂੰ ਆਖਦਾ ਹੁੰਦਾ ਸੀ, ”ਜਿਹੜੀ ਕੌਮ ਦੀ ਜਵਾਨੀ ਦੀਆਂ ਅੱਖਾਂ ‘ਚੋਂ ਸੁਪਨੇ ਈ ਮਰ ਜਾਣ; ਉਹਦੇ ਪੱਲੇ ਕੱਖ ਨ੍ਹੀ ਬਚਦਾ। ਨਾ ਅੱਜ, ਨਾ ਆਉਣ ਵਾਲਾ ਕੱਲ੍ਹ।”
ਡੈਡੀ ਕਿੰਨੀ ਵਾਰ ਸੁਣੀ ਹੈ ਤੇਰੇ ਘੋਲਾਂ ਦੀ ਗਾਥਾ। ਤੇਰੇ ਆਪਣੇ ਮੂੰਹੋਂ ਵੀ, ਤੇਰੇ ਯਾਰਾਂ-ਜੁੱਟਾਂ ਤੇ ਪਿੰਡ ਵਾਲਿਆਂ ਦੇ ਮੂੰਹੋਂ ਵੀ। ਤੇਰੀ ਜਵਾਨੀ ਵੇਲੇ ਪੰਜਾਬ ਦੇ ਕਾਲਜਾਂ ਦੇ ਵਿਦਿਆਰਥੀ ਕਹਿੰਦੇ ਸੀ, ‘ਬੰਦ’ ਤਾਂ ਇਹਦਾ ਮਤਲਬ ਹੁੰਦਾ ਸੀ ਪੰਜਾਬ ਪੂਰੀ ਤਰ੍ਹਾਂ ਬੰਦ। ਤੇਰੇ ਵੇਲੇ ਸਰਕਾਰ ਨੇ ਬੱਸਾਂ ਦਾ ਕਿਰਾਇਆ ਵਧਾਇਆ, ਤੁਸੀਂ ਪੰਜਾਬ ‘ਚ ਬੱਸਾਂ ਦਾ ਚੱਕਾ ਈ ਜਾਮ ਕਰ ਦਿੱਤਾ। ਜਿੰਦਗੀ ਘਿਸਰ-ਘਿਸਰ ਚੱਲਣ ਲੱਗੀ। ਸਰਕਾਰ ਨੇ ਆਪਣੀ ਮਰਾਜ਼ੀ ਨਾਲ ਕਾਲਜਾਂ ਦੀਆਂ ਫੀਸਾਂ ਵਧਾਈਆਂ, ਤੁਸੀਂ ਕਾਲਜਾਂ ਦੇ ਬੂਹੇ ਈ ਭੇੜ ਦਿੱਤੇ। ਕਲਾਸ ਰੂਮਾਂ ‘ਚ ਕਾਂ ਪੈਣ ਲੱਗੇ। ਸ਼ਹਿਰ ਦੇ ਬਾਜ਼ਾਰਾਂ ‘ਚ ਹਜ਼ਾਰਾਂ ਵਿਦਿਆਰਥੀਆਂ ਦਾ ਕਾਫ਼ਲਾ ਨਾਅਰੇ ਮਾਰਦਾ ਤੇ ਜਲੂਸ ਕੱਢਦਾ। ਮੰਤਰੀਆਂ ਦੇ ਪੁੱਤਲੇ ਚੁਰੱਸਤਿਆਂ ‘ਚ ਧੂੰਅ-ਧੂੰਅ ਕਰ ਕੇ ਬਲਣ ਲੱਗੇ। ਅੱਗ ਵਾਂਗ ਲਟ-ਲਟ ਮੱਚਦੇ ਵਿਦਿਆਰਥੀਆਂ ਦੇ ਦਹਿਕਦੇ ਅੰਗਿਆਰਾਂ ਜਿਹੇ ਨਾਅਰੇ ਅਸਮਾਨ ‘ਚ ਛੇਕ ਕਰ ਦਿੰਦੇ। ਰਾਜਧਾਨੀ ਦੀਆਂ ਕੁਰਸੀਆਂ ਡਿੱਕਡੋਲੇ ਖਾਣ ਲੱਗਦੀਆਂ। ਪੁਲਸ ਅਤੇ ਖੁਫ਼ੀਆ ਏਜੰਸੀਆਂ ਥੋਡੀਆਂ ਪੈੜ੍ਹਾਂ ਸੁੰਘਦੀਆਂ ਫਿਰਦੀਆਂ। ਵੱਡੇ ਦਫ਼ਤਰਾਂ ਦੀਆਂ ਮੋਟੇ ਢਿੱਡਾਂ ਵਾਲੀਆਂ ਫਾਈਲਾਂ ਨੂੰ ਤਰੇਲੀਆਂ ਆਉਣ ਲੱਗਦੀਆਂ। ਫੜ੍ਹੋ-ਫੜ੍ਹੀ ਦਾ ਦੌਰ ਚੱਲਦਾ। ਟਿਕੇ ਬੈਠੇ ਡੂੰਮਣੇ ਨੂੰ ਜਿਵੇਂ ਕੋਈ ਰੋੜਾ ਮਾਰ ਕੇ ਛੇੜ ਦੇਵੇ। ਰੋਹ ਭਰੇ ਬੋਲ ਗਲੀਆਂ ‘ਚ ਆ ਵੜਦੇ। ਕਿਸਾਨ ਤੇ ਮਜ਼ਦੂਰ ਵੀ ਇਹਨਾਂ ਰੋਹਲੇ ਬੋਲਾਂ ਦੇ ਪਿੱਛੇ-ਪਿੱਛੇ ਤੁਰਦੇ। ਕਾਫ਼ਲਿਆਂ ਦੀ ਗਿਣਤੀ ਵੱਡੀ ਹੁੰਦੀ ਤਾਂ ਰਾਜਧਾਨੀ ਦੇ ਹੁਕਮਾਂ ਦਾ ਹੌਂਸਲਾਂ ਡਿੱਗ ਪੈਂਦਾ। ਵਧੇ ਕਿਰਾਏ ਵਾਪਸ ਹੋ ਜਾਂਦੇ। ਵਧੀਆਂ ਫੀਸਾਂ ਵਾਪਸ ਲੈਣ ਦਾ ਐਲਾਨ ਆਕਾਸ਼ਵਾਣੀ ਦੀਆਂ ਖ਼ਬਰਾਂ ‘ਚ ਆ ਬੋਲਦਾ। ਤੁਹਾਡੇ ਹੌਂਸਲੇ ਸਰੂ ਵਾਂਗ ਉੱਚੇ ਹੋ ਜਾਂਦੇ। ਪਰ ਹੁਣ ? ਪਰ ਹੁਣ ਸਾਡੇ ਬੋਲਾਂ ‘ਚੋਂ ਰੋਹ ਨਹੀਂ ਕਿਸੇ ਮਰੀਅਲ ਕੁੱਤੇ ਦੀ ਚਊਂ-ਚਊਂ ਨਿਕਲਦੀ ਹੈ।
ਸਾਡੇ ਸੁਪਨੇ ਕੌਣ ਖਾ ਗਿਆ ਹੈ ਡੈਡੀ ? ਹੁਣ ਲੰਡੂ ਜਿਹੇ ਗਾਇਕ ਸਾਡੀਆਂ ਧੀਆਂ ਭੈਣਾਂ ਦੇ ਲੱਕ ਮਿਣੀ ਜਾਂਦੇ ਐ ਤੇ ਅਸੀਂ ਲਲਕਾਰੇ ਮਾਰਦੇ ਰਹਿੰਨੇ ਆਂ। ਸ਼ਕਲਾਂ ਈ ਹੋਰ ਤਰ੍ਹਾਂ ਦੀਆਂ ਬਣਾ ਲਈਆਂ। ਤੂੰ ਕਿੰਨਾ ਹੱਸਦਾ ਹੁੰਨੈ ਜਦੋਂ ਉਹ ਕੰਡੇਰਨੇ ਜਿਹੇ ਵਾਲਾਂ ਵਾਲਾ ਗਾਇਕ ਭੈੜੀ ਭੈੜੀ ਜਿਹੀ ਬੂਥੀ ਬਣਾਕੇ ਡੱਡੂ ਟਪੂਸੀਆਂ ਮਾਰਦੈ ਤੇ ਬੇਅਰਥੇ ਜਿਹੇ ਬੋਲ ਬੋਲਦੈ। ਡੈਡੀ ਤੈਨੂੰ ਸੱਚੀਂ ਦੱਸਾਂ ! ਇਹਨਾਂ ਜ਼ਮੀਰੋਂ ਗਿਰੇ ਗਾਇਕਾਂ ਨੇ ਈ ਸਾਡੀ ਸੋਚ ਨੂੰ ਕੁਰਾਹੇ ਪਾਇਆ।
ਤੂੰ ਸਹੀ ਆਖਦਾ ਹੁੰਨੈ, ”ਅਸੀਂ ਲੜਨਾ ਭੁੱਲ ਗਏ ਹਾਂ, ਏਸੇ ਕਰਕੇ ਸਾਡੇ ਖੇਤਾਂ ‘ਚ ਹੁਣ ਖੁਦਕਸ਼ੀਆਂ ਦੀ ਫਸਲ ਉੱਗਣ ਲੱਗ ਪਈ ਹੈ।”
ਮੈਨੂੰ ਯਾਦ ਹੈ, ਇੱਕ ਦਿਨ ਤੂੰ ਤੇ ਤੇਰਾ ਬਿਜਲੀ ਬੋਰਡ ਦੀ ਯੂਨੀਅਨ ਵਾਲਾ ਜੁੱਟ ਸ਼ੇਰਾ; ਮੁਲਾਜ਼ਮ ਜਥੇਬੰਦੀਆਂ ਦੀਆਂ ਗੱਲਾਂ ਕਰਦੇ ਬੀਤੇ ਵਕਤ ਨੂੰ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ, ”ਸ਼ੇਰਿਆ ! ਜਥੇਬੰਦੀਆਂ ਦੇ ਘੋਲ ਸਰਕਾਰਾਂ ਦੀ ਗੋਡਣੀ ਲਵਾ ਦਿੰਦੇ ਸਨ। ਪੰਜਾਬ ਦੀ ਟੀਚਰ ਯੂਨੀਅਨ ਦੀਆਂ ਚੋਣਾਂ ਦੀ ਖ਼ਬਰ ਬੀ. ਬੀ. ਸੀ. ਲੰਡਨ ਤੋਂ ਪ੍ਰਸਾਰਿਤ ਹੁੰਦੀ ਸੀ। ਗੱਲਾਂ ਹੁੰਦੀਆਂ ਸੀ ਅਖੇ ਹੁਣ ਢਿਲੋਂ ਗਰੁਪ ਜਿੱਤਿਐ ਹੁਣ ਰਾਣਾ ਗਰੁੱਪ ਕਾਬਜ਼ ਹੋ ਗਿਐ। ਹੁਣ ਤਾਂ ਪਤਾ ਈ ਨ੍ਹੀ ਲੱਗਦਾ ਕਿੰਨੇ ਕੁ ਢਿਲੋਂ ਤੇ ਰਾਣੇ ਜੰਮਪੇ। ‘ਦਲਦਲ’ ਹੋਈ ਪਈ ਜਥੇਬੰਦੀਆਂ ਆਲੀ ਤਾਂ। ਜਿੰਨੀਆਂ ਰਾਜਸੀ ਪਾਰਟੀਆਂ ਓਨੀਆਂ ਹੀ ਮੁਲਾਜ਼ਮ ਜਥੇਬੰਦੀਆਂ। ਮੁਲਾਜ਼ਮ ਆਗੂ ਤਾਂ ਹੁਣ ਰਾਜਨੀਤਕ ਪਾਰਟੀਆਂ ਦੇ ਝੋਲੇ ਚੁੱਕੀ ਫਿਰਦੇ ਐ। ਹੁਣ ਤਾਂ ਕੁਰਸੀਆਂ ਮੁਲਾਜ਼ਮ ਆਗੂਆਂ ਨੂੰ ਪੁਤਲੀਆਂ ਬਣਾਈ ਫਿਰਦੀਐਂ।”
ਤੂੰ ਠੀਕ ਕਿਹਾ ਸੀ ਡੈਡੀ, ਕੀ ਮੁਲਾਜ਼ਮ, ਕੀ ਵਿਦਿਆਰਥੀ, ਕੀ ਕਿਸਾਨ ਤੇ ਕੀ ਮਜ਼ਦੂਰ, ਸਾਰੇ ਪੁਤਲੀਆਂ ਬਣੇ ਫਿਰਦੇ ਹਾਂ। ਏਸੇ ਕਰਕੇ ਸਾਡੀਆਂ ਅੱਖਾਂ ‘ਚ ਲਿਸ਼ਕ ਨ੍ਹੀ ਆਉਂਦੀ।
ਡੈਡੀ ! ਮੇਰਾ ਸਿਰ ਆਪਣੀ ਗੋਦੀ ‘ਚ ਰੱਖ ਲੈ। ਹਾਂ ! ਬੱਸ ਹੁਣ ਠੀਕ ਐ। ਕਿੰਨਾਂ ਚੰਗਾ ਏਂ ਤੂੰ। ਥੂਹ ਲਾਹਨਤ ਐ ਮੇਰੇ ਜੰਮਣ੍ਹ ‘ਤੇ। ਸਦਾ ਮਾਣ ਨਾਲ ਤਣੀ ਰਹਿਣ ਵਾਲੀ ਤੇਰੀ ਧੌਣ ਨੀਵੀਂ ਕਰ ਦਿੱਤੀ ਹੈ ਮੈਂ। ਬੜੀਆਂ ਕਮੀਨਗੀਆਂ ਕੀਤੀਆਂ ਮੈਂ।
ਆਪਣੀ ਕਮੀਨਗੀ ਦੀ ਇੱਕ ਹੋਰ ਗੱਲ ਦੱਸਦਾਂ ਤੈਨੂੰ। ਨਸ਼ਾ ਕਰਨ ਲਈ ਜਿਸ ਦਿਨ ਘਰੋਂ ਦਾਅ ਨਾ ਲੱਗਦਾ, ਅਸੀਂ ਕਿਧਰੇ ਆਸੇ ਪਾਸੇ ਖੋਹ ਕਰਦੇ। ਮੇਰਿਆ ਰੱਬਾ! ਪਤਾ ਨਹੀਂ ਕਿਹੜੇ ਯੁੱਗ ਭਲਾ ਹੋਊ ਸਾਡਾ? ਇੱਕ ਦਿਨ ਅਸੀਂ ਤੁਰੀ ਜਾਂਦੀ ਸੱਤਰ ਸਾਲਾਂ ਦੀ ਗਰੀਬੜੀ ਜਿਹੀ ਬੁੱਢੀ ਮਾਤਾ ਦਾ ਪਰਸ ਹੀ ਖੋਹ ਲਿਆ ਝਪੱਟਾ ਮਾਰਕੇ। ਖੋਹਲ ਕੇ ਵੇਖਿਆ ਤਾਂ ਵਿਚ ਮੁੜੇ-ਤੁੜੇ ਦਸਾਂ-ਦਸਾਂ ਦੇ ਤਿੰਨ ਨੋਟ। ਵਿੱਚ ਡਾਕਟਰ ਦੀ ਪਰਚੀ। ਪਤਾ ਨਹੀਂ ਵਿਚਾਰੀ ਕਿੱਥੋਂ ਮੰਗ ਕੇ ਲਿਆਈ ਹੋਊ ਦਵਾਈ ਵਾਸਤੇ। ਮੈਂ ਚੀਕਦਾ ਰਿਹਾ, ”ਚਲੋ ਉਏ ਵਾਪਸ ਕਰ ਆਈਏ।” ਕੌਣ ਤੁਰਦਾ ਮੇਰੇ ਨਾਲ? ਜਾਨ ਟੁੱਟਦੀ ਪਈ ਸੀ ਸਾਰਿਆਂ ਦੀ ਨਸ਼ੇ ਬਗੈਰ। ਬੁੱਢੀ ਮਾਂ ਦੇ ਉਹਨਾਂ ਪੈਸਿਆਂ ਨਾਲ ਖਰੀਦੇ ਟੀਕਿਆਂ ਦੀਆਂ ਸਰਿੰਜਾਂ ਭਰਕੇ ਨਾੜ੍ਹਾਂ ਵਿੱਚ ਉਤਾਰੀਆਂ, ਫੇਰ ਕਿਧਰੇ ਜਾਕੇ ਅੱਖਾਂ ਖੁਲ੍ਹੀਆਂ। ਕੀ ਦੱਸਾਂ ਡੈਡੀ, ਬੁੱਢੀ ਮਾਂ ਦਾ ਵਿਲਕਦਾ ਚਿਹਰਾ ਚੌਵੀ ਘੰਟੇ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ। ਖਵਰੇ ਕੀ ਬਣਿਆ ਹੋਊ ਉਸਦਾ ? ਸ਼ੈਂਤ ਦਵਾਈ ਖੁਣੋਂ….?
ਇੱਕ ਵਾਰ ਤਾਂ ਮੈਂ ਜਵਾਂ ਈ ਗਿਰ ਗਿਆ ਸਾਂ। ਇਕੱਲੀ ਕਹਿਰੀ ਤੁਰੀ ਜਾਂਦੀ ਬਜ਼ੁਰਗ ਬੇਬੇ ਦੀਆਂ ਵਾਲੀਆਂ ਲਾਹੁਣ ਲਈ ਉਸਦੇ ਕੰਂਨ ਈ ਪਾੜ ਦਿੱਤੇ। ਪੀੜ ਨਾਲ ਡਾਡਾਂ ਮਾਰਦੀ ਬਜ਼ੁਰਗ ਵੱਲ ਤਾਂ ਅਸੀਂ ਪਿੱਛਾ ਭੌਂਅ ਕੇ ਵੀ ਨਹੀਂ ਸੀ ਦੇਖਿਆ। ਬੱਸ ਸ਼ੂਟ ਵੱਟ ਕੇ ਭੱਜ ਨਿਕਲੇ ਸਾਂ। ਵਾਲੀਆਂ ਸ਼ਹਿਰ ਜਾਕੇ ਸੁਨਿਆਰੇ ਨੂੰ ਦਿਖਾਈਆਂ ਤਾਂ ਸਾਨੂੰ ਧਰਤੀ ਵਿਹਲ ਨ੍ਹੀ ਸੀ ਦਿੰਦੀ। ਜਿਸਨੂੰ ਸੋਨਾ ਸਮਝਕੇ ਬੁੜ੍ਹੀ ਦੇ ਕੰਨ ਪਾੜ੍ਹ ਦਿੱਤੇ ਸਨ, ਉਹ ਪਿੱਤਲ ਨਿੱਕਲਿਆ ਸੀ। ਹਤ ਤੇਰੇ ਦੀ ਸ਼ਰਮ ਆਉਂਦੀ ਹੈ ਆਪਣੇ ਆਪ ‘ਤੇ। ਤੇਰੀ ਔਲਾਦ ਵੀ ਜਵਾਂ ਪਿੱਤਲ ਨਿੱਕਲੀ ਹੈ। ਐਨਾ ਗੰਦਾ ਕਿਵੇਂ ਹੋ ਸਕਦੈ ਤੇਰਾ ਖੂਨ ? ਹੁਣ ਵੀ ਅੱਠੇ ਪਹਿਰ ਬੁੱਢੀ ਮਾਂ ਦੇ ਕੰਨਾਂ ‘ਚੋਂ ਖੂਨ ਦੀਆਂ ਧਾਰਾਂ ਵਗਦੀਆਂ ਨਜ਼ਰ ਆਉਂਦੀਐਂ। ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ।
ਡੈਡੀ ! ਲੈ ਲੈਣ ਦੇ ਪੱਕੀ ਨੀਂਦ, ਕਿਉਂ ਬਚਾਉਨੈਂ ਮੈਨੂੰ। ਸਿਵਾਏ ਹੌਂਕਿਆ ਤੋਂ ਥੋਨੂੰ ਦਿੱਤਾ ਈ ਕੀ ਐ ? ਜਿਉਣਾ ਤਾਂ ਇੱਕ ਪਾਸੇ ਥੋਡਾ ਤਾਂ ਮਰਨਾ ਵੀ ਦੁੱਭਰ ਕਰ ਦਿੱਤਾ ਮੈਂ ਤਾਂ। ਇਨਸਾਫ ਨ੍ਹੀ ਕੀਤਾ ਮੈਂ ਥੋਡੇ ਨਾਲ। ਮੈਂ ਕੀ ਮੇਰੇ ਵਰਗੇ ਕਿੰਨਿਆਂ ਨੇ ਹੀ ਆਪਣੇ ਬਾਪੂਆਂ ਨਾਲ ਇਨਸਾਫ ਨ੍ਹੀ ਕੀਤਾ। ਮੈਨੂੰ ਪਤੈ, ਮੈਨੂੰ ਬਚਾਉਣ ਲਈ ਤੂੰ ਆੜ੍ਹਤੀਏ ਦੀ ਵਹੀ ‘ਚ ਅਗੂੰਠਾ ਕੱਟ ਕੇ ਰੱਖ ਆਇਐਂ। ਤੇਰਾ ਨਾਂ ਵੀ ਹੁਣ ਦਿਹਾੜੀਦਾਰਾਂ ਦੀ ਲਿਸਟ ‘ਚ ਸ਼ਾਮਲ ਹੋ ਜਾਣਾ ਐ। ਐਡੀ ਵੱਡੀ ਧਰਤੀ ‘ਤੇ ਇੱਕ ਛੋਟਾ ਜਿਹਾ ਟੁਕੜਾ ਵੀ ਤੇਰੀ ਜਾਗੀਰ ਨਹੀਂ ਰਹਿਣੀ। ਇਸਤੋਂ ਚੰਗਾ ਸੀ ਮੈਨੂੰ ਜੇਲ੍ਹ ਈ ਚਲੇ ਜਾਣ ਦਿੰਦੇ। ਕੀ ਲੋੜ ਸੀ ਅੱਧਾ ਕਿੱਲਾ ਵੱਡੀ ਗੋਗੜ ਵਾਲੇ ਥਾਣੇਦਾਰ ਦੇ ਢਿੱਡ ‘ਚ ਪਾਉਣ ਦੀ? ਵੱਧ ਤੋਂ ਵੱਧ ਕੀ ਹੁੰਦਾ ? ਕਿੰਦੇ ਵਾਂਗ ਮੇਰੇ ‘ਤੇ ਵੀ ਚਿੱਟੇ ਦਾ ਕੇਸ ਪਾ ਕੇ ਜੇਲ੍ਹ ਭੇਜ ਦਿੰਦਾ। ਪੰਜ-ਸੱਤ ਸਾਲ ਲਾ ਕੇ ਬਾਹਰ ਆ ਜਾਂਦਾ। ਖੌਰੇ ਉੱਥੇ ਈ ਭੁਗਤ ਜਾਂਦਾ।
ਉਂਜ ਵੇਖ ਲੈ ਡੈਡੀ, ਇਹ ਮੱਕੜੀ ਵਾਲਾ ਜਾਲ ਬੁਣਿਆ ਕਿਵੇਂ ਐ ਇਹਨਾਂ ਨੇ ਰਲ ਮਿਲ ਕੇ! ਮੇਰੇ ਤੇਰੇ ਵਰਗਿਆਂ ਦੀ ਸਮਝ ‘ਚ ਕਿੱਥੇ ਆਉਂਦੈ? ਆਪਣੇ ਪੰਚ ਵਰਗੇ ਢੋਲੇ ਦੀਆਂ ਲਾਉਂਦੇ ਫਿਰਦੇ ਆ। ਗੱਡੀਆਂ ਘੂੰ-ਘੂੰ ਕਰਦੀਆਂ ਫਿਰਦੀਐਂ ਮੇਰਿਆਂ ਸਾਲਿਆਂ ਦੀਆਂ। ਥਾਣੇ ‘ਚੋਂ ਨਿੱਕਲ ਕੇ ਮੰਦਰ ‘ਚ, ਮੰਦਰ ‘ਚੋਂ ਨਿੱਕਲ ਕੇ ਗੁਰਦੁਆਰੇ ‘ਚ। ਉੱਥੋਂ ਨਿੱਕਲ ਕੇ ਕਿਸੇ ਨੇਤਾ ਦੀ ਕੋਠੀ ‘ਚ। ਸ਼ਰੇਆਮ ਬਲੈਕ ਕਰਦੈ। ਹੈ ਕੋਈ ਇਹਨੂੰ ਪੁੱਛਣ ਵਾਲਾ? ਦੂਜੇ ਪਾਸੇ ਮੇਰੇ ਵਰਗੇ ਮਾਤੜ੍ਹਾਂ ਨੂੰ ? ਆਹੀ ਵਕਤ ਸੀ ਉਸ ਦਿਨ। ਦਿਨ ਅੱਧਾ ਓਧਰ-ਅੱਧਾ ਓਧਰ। ਮੈਂ ਤੇ ਕਿੰਦਾ ‘ਪੈਂਚ’ ਦੇ ਖਾਸ ਕਰਿੰਦੇ ਤੋਂ ਪੁੜ੍ਹੀ ਲੈ ਕੇ ਨਿੱਕਲੇ ਸਾਂ। ਅਜੇ ਦਸ ਕਰਮਾਂ ਹੀ ਆਏ ਹੋਵਾਂਗੇ, ਧਾੜ ਦੀ ਧਾੜ ਪੁਲਸ ਨੇ ਸਾਨੂੰ ਚਾਰ ਚੁਫੇਰਿਓਂ ਘੇਰ ਲਿਆ ਸੀ। ਲੱਗਦਾ ਸੀ ਜਿਵੇਂ ਕਿਤੇ ਨੇੜੇ ਹੀ ਸ਼ਹਿ ਲਾ ਕੇ ਬੈਠੇ ਸਨ। ਸਾਡੀਆਂ ਜੇਬਾਂ ‘ਚੋਂ ਚਿੱਟੇ ਵਾਲੀਆਂ ਪੁੜ੍ਹੀਆਂ ਕੱਢਦਿਆਂ ਮੋਟੀ ਗੋਗੜ ਵਾਲਾ ਥਾਣੇਦਾਰ ਗਰਜ਼ਿਆ ਸੀ, ”ਸਾਲਿਓ ! ਕਿੱਥੇ ਚੱਲੇ ਸੀ ਵੇਚਣ? ਬਾਕੀ ਮਾਲ ਕਿੱਥੇ ਐ? ਕਿੱਥੇ-ਕਿੱਥੇ ਮਾਲ ਸਪਲਾਈ ਹੁੰਦੈ ਥੋਡਾ? ਕੌਣ-ਕੌਣ ਭਾਈਵਾਲ ਐ ਥੋਡੇ? ਕਿੰਨੇ ਲੱਖ ਬਣਾਇਐ ਹੁਣ ਤੱਕ ?” ਕੀ ਦੱਸਦੇ ਅਸੀਂ? ਬਥੇਰਾ ਰੋਏ ਪਿੱਟੇ ਕਿ ਅਸੀਂ ਤਾਂ ਆਵਦੇ ਵਰਤਣ ਵਾਸਤੇ ਮੁੱਲ ਲਿਐ। ਅਸੀਂ ਪੈਂਚ ਦਾ ਨਾਂ ਵੀ ਲਿਆ। ਉਹਦੇ ਕਰਿੰਦੇ ਦਾ ਨਾਂ ਵੀ ਲਿਆ। ਅਸੀਂ ਬਹੁਤ ਰੌਲਾ ਪਾਇਆ ਕਿ ਔਸ ਕੋਠੀ ‘ਚ ਬੈਠਾ ਥੈਲਾ ਭਰੀ ਚਿੱਟੇ ਦਾ। ਜਾਓ ਜਾਕੇ ਫੜ ਲਵੋ। ਆਓ ਥੋਨੂੰ ਅਸੀਂ ਫੜਾਉਨੇ ਆਂ। ਪਰ ਸਾਡੀ ਗੱਲ ਕੀਹਨੇ ਸੁਨਣੀ ਸੀ ?
ਅਸੀਂ ਰੋ ਰਹੇ ਸਾਂ ਪਰ ਗੋਗੜ ਫੁੰਕਾਰੇ ਮਾਰ ਰਹੀ ਸੀ, ”ਕੁੱਤੀ ਦਿਓ ਪੁੱਤੋ! ਗੰਦੇ ਕੰਮ ਤੁਸੀਂ ਕਰੋਂ ਤੇ ਨਾਂ ਬਦਨਾਮ ਕਰੋਂ ‘ਸਾਊ’ ‘ਸ਼ਰੀਫ਼’, ‘ਮੋਹਤਬਰ’ ਬੰਦਿਆਂ ਦਾ। ਥੋਡੇ ਤਾਂ ਮੈਂ ਹੱਡਾਂ ‘ਚੋਂ ਕੱਢੂੰ ‘ਸਾਰਾ’ ਮਾਲ। ਪੁੱਤ ਜਦੋਂ ਟੰਗਿਆ ਨਾ ਪੁੱਠਾ, ਤੁਸੀਂ ਤਾਂ ਭੁੱਟ-ਭੁੱਟ ਦੱਸਣੈਂ ਨਾਨਕਿਆਂ ਦਾਦਕਿਆਂ ਬਾਰੇ। ਸੂਈ ਆਲੇ ਰਿਕਾਡ ਵਾਂਗੂੰ ਗੌਣ ਸੁਣਾਉਂਗੇ। ਪੁਲਸ ਕੋਲ ਬਥੇਰੇ ਤਾਰੀਕੇ ਹੈਗੇ ਥੋਡੇ ਵਰਗਿਆਂ ਵਾਸਤੇ। ਸਾਡਾ ਨਿੱਤ ਦਿਹਾੜੀ ਥੋਡੇ ਵਰਗੇ ‘ਨੱਤੀ ਸੌ ਵਿਗੜਿਆਂ ਨਾਲ ਵਾਹ ਪੈਂਦੈ।” ਜਿਪਸੀ ਵਿੱਚ ਸੁੱਟ ਸਾਨੂੰ ਥਾਣੇ ਲੈ ਆਏ ਸਨ।
ਇੱਥੇ ਤਾਂ ਹਵਾਲਾਤ ਪਹਿਲਾਂ ਹੀ ਸਾਡੇ ਵਰਗਿਆਂ ਨਾਲ ਤੂੜੀ ਪਈ ਸੀ। ਆਥਣੇ ਹੋਮਗਾਰਡੀਏ ਨੇ ਇਕੱਲੇ-ਇਕੱਲੇ ਨੂੰ ਪਾਸੇ ਕਰਕੇ ਗੁੱਝੀ ਰਮਜ਼ ਨਾਲ ਸਮਝਾਇਆ ਸੀ, ”ਤੁਸੀਂ ਕਿੱਥੇ ਫਸਗੇ ਏਸ ਜਲਾਦ ਕੋਲ? ਕਿਤੇ ਉਰ੍ਹਾਂ-ਪਰ੍ਹਾਂ ਹੋ ਜਾਣਾ ਸੀ ਚਾਰ ਦਿਨ। ਨਸ਼ਿਆਂ ਖਿਲਾਫ਼ ਕਿੱਡੀ ਤਾਂ ਮੁਹਿੰਮ ਵਿੱਢੀ ਬੈਠੀ ਐ ਪੁਲਸ! ਹੁਣ ਤਾਂ ਸਖ਼ਤੀ ਬਾਹਲੀ ਐ। ਸਾਡੇ ਵੱਸ ਨ੍ਹੀ ਉੱਤੋਂ ਈ ਸਖ਼ਤੀ ਹੋਗੀ, ਸਰਕਾਰ ਵੱਲੋਂ। ਏਸ ਮਾਮਲੇ ‘ਚ ਤਾਂ ਪੁਲਸ ਹੁਣ ਸਕੇ ਪਿਉ ਦਾ ਵੀ ਲਿਹਾਜ਼ ਨ੍ਹੀ ਕਰਦੀ। ਉੱਤੋਂ ਆਹ ਕੁੜੀ ਦੇ -‘ਖਵਾਰਾਂ ਆਲੇ ਨ੍ਹੀ ਪੱਟੀ ਬੱਝਣ ਦਿੰਦੇ। ਨਿੱਤ ਦਿਹਾੜੀ ਵੱਡੀਆਂ-ਵੱਡੀਆਂ ਖ਼ਵਰਾਂ ਛਾਪੀ ਜਾਂਦੇ ਐ, ਜਿਵੇਂ ਪੁਲਸ ਲੋਕਾਂ ਦੇ ਆਪ ਫੜ੍ਹ-ਫੜ੍ਹ ਕੇ ਨਸ਼ੇ ਦੇ ਟੀਕੇ ਲਾਉਂਦੀ ਹੋਵੇ।” ਹੋਮਗਾਰਡੀਆ ਲਗਾਤਾਰ ਬੋਲੀ ਗਿਆ ਸੀ, ”ਸੋਨੂੰ ਸੱਚੀਂ ਗੱਲ ਦੱਸਾਂ, ਪੁਲਸ ਤਾਂ ਆਪ ਚੱਕੀ ਆਲੇ ਪੁੜਾਂ ਥੱਲੇ ਆਈ ਪਈ ਐ। ਜੇ ਕਿਸੇ ਨੂੰ ਫੜ੍ਹਦੇ ਹਾਂ ਤਾਂ ਲੀਡਰ ਨ੍ਹੀ ਟਿਕਣ ਦਿੰਦੇ। ਦੇਅ ਫੋਨ ਤੇ ਫੋਨ। ਜੇ ਨਹੀਂ ਫੜ੍ਹਦੇ ਤਾਂ ਆਹ ਪੱਤਰਕਾਰ ਨ੍ਹੀ ਛੱਡਦੇ। ਤੀਏ ਦਿਨ ‘ਖਵਾਰ ਭਰ ਛੱਡਦੇ ਆ। ਪੁਲਸ ਵਿਚਾਰੀ ਦੱਸੋ ਕਿੱਧਰ ਜਾਵੇ?” ਉਸਨੇ ਆਸਾ-ਪਾਸਾ ਵੇਖ ਕੇ ਗੱਲ ਅੱਗੇ ਤੋਰੀ ਸੀ, ”ਮੇਰਾ ਨਾਂ ਨ੍ਹੀ ਆਉਣਾ ਚਾਈਂਦਾ ਵਿੱਚ। ਸੋਨੂੰ ਮਤਬਲ ਦੀ ਗੱਲ ਦੱਸ ਦਿੰਨਾਂ। ਕਿਸੇ ਕੋਲ ਗੱਲ ਤਾਂ ਨ੍ਹੀ ਕਰਦੇ?” ਹੋਮਗਾਰਡੀਆ ਨਾਲ ਦੀ ਨਾਲ ਸਾਥੋਂ ਸਹੀ ਪੁਆ ਰਿਹਾ ਸੀ।
”ਭਰਾਵੋ ਆਵਦਾ ਬੰਨ੍ਹ-ਸੁਬ੍ਹ ਕਰਲੋ, ਨਹੀਂ ਤਾਂ ਆਹ ਠਾਣੇਦਾਰ ਬੜਾ । ਸੋਡੇ ‘ਤੇ ਕੇਸ ਫਿੱਟ ਕਰਦੂ। ਐਨ. ਡੀ. ਪੀ. ਐਸ. ‘ਚ ਤਾਂ ਜ਼ਮਾਨਤ ਵੀ ਨ੍ਹੀ ਹੋਣੀ। ਘੱਟੋ-ਘੱਟ ਦਸ ਸਾਲੀ ਕੈਦ ਤਾਂ ਪੱਕੀ ਹੋਊ। ਉੱਤੋਂ ਨਸ਼ਾ ਸੋਡੇ ਹੱਡਾਂ ‘ਚ ਬਹਿ ਗਿਐ। ਜੇਲ੍ਹ ‘ਚ ਸੋਨੂੰ ਕਿਹੜੀ ਮਾਂ ਚਿੱਟੇ ਦੀਆਂ ਪੁੜੀਆਂ ਭੇਜਦੂ ? ਸੋਡੇ ਤੋਂ ਕੈਦ ਵੀ ਨ੍ਹੀ ਕੱਟ ਹੋਣੀ। ਮਰਜੋਂਗੇ ਹੱਡ-ਗੋਡੇ ਰਗੜ-ਰਗੜ ਕੇ ਅੰਦਰੇ ਈ। ਸੋਨੂੰ ਇੱਕ ਗੱਲ ਹੋਰ ਦੱਸਾਂ ਸੋਡੇ ਭਲੇ ਆਲੀ ਜੇ ਤੁਸੀਂ ਕੋਈ ਲੀਡਰ-ਸ਼ੀਡਰ ਜਾਂ ਪੈਂਚ-ਖੜਪੈਂਚ ਵਿਚੋਲਾ ਪਾ ਲਿਆ, ਸੋਡੀ ਘਾਣੀ ਵਿਗੜ ਵੀ ਸਕਦੀ ਐ। ਨਾਲੇ ਵੱਟਾ ਭਾਰਾ ਹੋਜੂ। ਅਗਲਾ ਆਵਦਾ ਹਿੱਸਾ-ਪੱਤੀ ਵਿੱਚ ਰੱਖਦੈ। ਤੁਸੀਂ ਆਵਦੇ ਘਰਦਿਆਂ ਨਾਲ ਸਾਲਾਹ ਕਰਲਿਓ। ਜੇ ਕਹੋਂਗੇ ਤਾਂ ਮੈਂ ਸੋਡੀ ਸਿੱਧੀ ਗੱਲ ਕਰਾਦੂੰ ਵੱਡੇ ਸਰਦਾਰ ਨਾਲ। ਘੱਟ ਤੋਂ ਘੱਟ ‘ਚ ਸਾਰ ਦਿਆਂਗੇ। ਮੈਂ ਨ੍ਹੀ ਏਹਦੇ ‘ਚੋਂ ਕੁਛ ਖੱਟਣਾ ਕਮਾਉਣਾ। ਮੈਨੂੰ ਤਾਂ ਊਂਈਂ ਸੋਡੇ ਨਾਲ ਹਮਦਰਦੀ ਆ। ਸੋਡੀਆਂ ਹਜੇ ਉਮਰਾਂ ਈ ਕੀ ਐ?” ਹੋਮਗਾਰਡੀਏ ਨੇ ਆਵਦੀ ‘ਸਾਫ਼ ਸੁਥਰੀ’ ਵਿਚੋਲਗਿਰੀ ਦਾ ਯਕੀਨ ਦੁਆਇਆ ਸੀ।
ਸਾਡੀਆਂ ਅੱਖਾਂ ਅੱਗੇ ਜੇਲ੍ਹ ਦੀਆਂ ਉੱਚੀਆਂ-ਉੱਚੀਆਂ ਕੰਧਾਂ ਤੇ ਲੋਹੇ ਦੇ ਭਾਰੇ ਭਾਰੇ ਕਿੱਲਾਂ ਵਾਲੇ ਦਰਵਾਜ਼ੇ ਆ ਗਏ ਸਨ। ਡਰ ਨਾਲ ਕੰਬਣ ਲੱਗੇ ਸਾਂ ਅਸੀਂ। ਕਿੰਨਾ ਕੁੱਝ ਬਦਲ ਜਾਂਦਾ ਹੈ ਦਸਾਂ ਸਾਲਾਂ ‘ਚ ? ਦਸ ਸਾਲ ਦੀ ਕੈਦ ? ਮਾਂ ਤਾਂ ਰੋ-ਰੋ ਕੇ ਹੀ ਮਰ ਜਾਊ। ਡੈਡੀ, ਅਜੇ ਦਸ ਸਾਲ ਪਹਿਲਾਂ ਤਾਂ ਤੂੰ ਮੈਨੂੰ ਉਂਗਲੀ ਲਾ ਕੇ ਸੜਕ ਪਾਰ ਕਰਾਉਂਦਾ ਹੁੰਦਾ ਸੀ ਤੇ ਹੁਣ ਮੈਂ ਤੈਨੂੰ ਉਂਗਲੀ ਲਾ ਕੇ ਥਾਣੇ ਲੈ ਆਇਆ ਸਾਂ। ਤੂੰ ਉਸੇ ਹੋਮਗਾਰਡੀਏ ਅੱਗੇ ਮੇਰੀ ਜਾਨ ਖਲਾਸੀ ਕਰਾਉਣ ਲਈ ਗਿੜਗਿੜਾ ਰਿਹਾ ਸੀ। ਹਵਾਲਾਤ ਦੀਆਂ ਸੀਖਾਂ ਵਿੱਚੋਂ ਮੈਂ ਤੈਨੂੰ ਬੇਵਸੀ ਨਾਲ ਇਧਰ-ਓਧਰ ਭੱਜਦਿਆਂ ਵੇਖ ਰਿਹਾ ਸਾਂ।
”ਹੁਣ ਬੁਲਾ ਆਵਦੇ ਝੰਡੀਆਂ ਆਲਿਆਂ ਨੂੰ ! ਤੀਜੇ ਕੁ ਦਿਨ ਨਾਅਰੇ ਮਾਰਨ ਲੱਗ ਜਾਨੈਂ ਸਾਡੇ ਵਰਗਿਆਂ ਖ਼ਿਲਾਫ, ‘ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ।’ ਲਿਆ ਆਵਦੇ ਪ੍ਰਧਾਨਾਂ-ਸ਼ਰਧਾਨਾਂ ਨੂੰ। ਪਤਾ ਲੱਗਣ ਥੋਡੀਆਂ ਭੱਦਰਕਾਰੀਆਂ ਉਹਨਾਂ ਨੂੰ ਵੀ। ਅਜੇ ਤਾਂ ਇਨਵੈਸਟੀਗੇਸ਼ਨ ਕੀਤੀ ਈ ਨ੍ਹੀ। ਪਤਾ ਨ੍ਹੀ ਕੀ-ਕੀ ਨਿਕਲਣੈਂ ਏਸ ਗੁੱਥਲੀ ‘ਚੋਂ? ਸਰਹੱਦੋਂ ਪਾਰ ਤਾਰਾਂ ਜੁੜੀਐਂ ਏਸ ਗੈਂਗ ਦੀਆਂ। ਅਜੇ ਤਾਂ ਆਵਦੇ ਆਲਾ ਝੁਰਲੂ ਨ੍ਹੀ ਫੇਰਿਆ ਪੰਜਾਬ ਆਲੀ ਪੁਲਸ ਨੇ। ਜਦੋਂ ਉਹ ਮੋਰਚਾ ਖੋਲ੍ਹਿਆ, ਇਹਨੇ ਤਾਂ ਸਾਰੇ ਟੋਲੇ ਬਾਰੇ ਭੁੱਟ-ਭੁੱਟ ਦੱਸ ਦੇਣਾ ਐ। ਨਾਲੇ ਤੈਨੂੰ ਕਿਹੜਾ ਭੁੱਲ ਐ? ਸਾਰੀ ਕਾਲੀ ਕਮਾਈ ਘਰੇ ਈ ਦਿੰਦਾ ਸੀ। ਉਦੋਂ ਤਾਂ ਸਾਰਾ ਟੱਬਰ ਬਿਨਾਂ ਗਿਣਿਆਂ ਈ ਨੋਟ ਸਾਂਭਦੇ ਸੀ ਪੇਟੀ ‘ਚ। ਨੇਤਾ ਜੀ ਬਚਦੇ ਤੁਸੀਂ ਵੀ ਨ੍ਹੀ। ਲਪੇਟੇ ‘ਚ ਤਾਂ ਤੁਸੀਂ ਵੀ ਆਉਂਗੇ। ਸਾਰਾ ਟੱਬਰ ਜੇਲ੍ਹ ‘ਚ ਈ ਧਰਨੇ ਮੁਜ਼ਾਹਰੇ ਕਰਿਓ ਹੁਣ।” ਥਾਣੇਦਾਰੀ ਹੈਂਕੜ ਤੇਰੇ ‘ਤੇ ਟੁੱਟ-ਟੁੱਟ ਪੈ ਰਹੀ ਸੀ। ਕੁੱਝ ਨਹੀਂ ਸੀ ਬੋਲਿਆ ਤੂੰ। ਬੱਸ ਨੀਵੀਂ ਪਾਈ ਖੜ੍ਹਾ ਰਿਹਾ ਸੀ। ਐਨਾ ਬੇਵੱਸ ਤੈਨੂੰ ਪਹਿਲੀ ਵਾਰ ਦੇਖਿਆ ਸੀ। ਜੇ ਕੋਈ ਹੋਰ ਸਮਾਂ ਹੁੰਦਾ ਤੂੰ ਥਾਣੇਦਾਰ ਨੂੰ ਢਾਹ ਕੇ ਗੋਡਿਆਂ ਥੱਲੇ ਕਰ ਲੈਣਾ ਸੀ। ਤੇਰੀ ਯੂਨੀਅਨ ਵਾਲੇ ਕਿਸਾਨਾਂ ਮਜ਼ਦੂਰਾਂ ਨੇ ”ਹਾਏ ਹਾਏ ਜਿੰਦਾਬਾਦ ਮੁਰਦਾਬਾਦ” ਕਰਦਿਆਂ ਥਾਣੇ ਨੂੰ ਚਾਰ ਚੁਫੇਰਿਓਂ ਘੇਰ ਲੈਣਾ ਸੀ।
ਡੈਡੀ ! ਮੈਨੂੰ ਲੱਗਦੈ ਮੇਰਾ ਸਾਰਾ ਖੂਨ ਈ ਪਾਣੀ ਬਣਿਆ ਪਿਐ। ਅਵਲ ਤਾਂ ਮੈਂ ਬਚਦਾ ਨ੍ਹੀ, ਜੇ ਬਚ ਵੀ ਗਿਆ ਤਾਂ ਸਾਰੀ ਉਮਰ ਮੈਂਥੋਂ ਨਮੋਸ਼ੀ ‘ਚੋਂ ਈ ਨਹੀਂ ਨਿਕਲਿਆ ਜਾਣਾ। ਮੇਰੇ ਕਰਕੇ ਹੀ ਤੇਰੀ ਸਾਰੀ ਜ਼ਮੀਨ, ਜਿਸਨੂੰ ਤੂੰ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਸੀ, ਥਾਣੇਦਾਰ ਦੀ ਗੋਗੜ ‘ਚ ਜਾ ਵੜੀ ਸੀ। ਕੀ ਪਤਾ ਕੀਹਦੇ-ਕੀਹਦੇ ਬੱਬਰ ਵਿੱਚ ਗਈ ਹੋਵੇਗੀ? ਥਾਣੇਦਾਰ ਨੇ ਤਾਂ ਤੇਰੇ ਤੋਂ ਨੋਟਾਂ ਦਾ ਝੋਲਾ ਫੜਦਿਆਂ ਮੀਸਣੇ ਜਿਹੇ ਮੂੰਹ ਨਾਲ ਆਖਿਆ ਸੀ, ”ਇਹ ਸਾਰਾ ਮਾਲ ਤਾਂ ਉੱਤਲਿਆਂ ਨੂੰ ਹੀ ਚਲਾ ਜਾਣੈਂ। ਮੈਂ ਇਹਦੇ ‘ਚੋਂ ਕੱਖ ਨ੍ਹੀ ਰੱਖਣਾ। ਥੋਨੂੰ ਤਾਂ ਪਤਾ ਈ ਐ, ਰਾਜਧਾਨੀ ਤੱਕ ਹਿੱਸਾ ਜਾਂਦੈ। ਤੈਨੂੰ ਕਿਹੜਾ ਭੁੱਲ ਐਂ। ਬਥੇਰਾ ਫਿਰਿਆ-ਤੁਰਿਆ ਬੰਦੈਂ ਤੂੰ। ਦਿੱਲੀ-ਦੱਖਣ ਗਾਹਿਐ। ਸੱਚੀ ਪੁੱਛੇਂ ਤਾਂ, ਤੇਰੇ ਮੂੰਹ ਨੂੰ ਕੱਢਣ ਲੱਗੇ ਆਂ ਮੁੰਡੇ ਨੂੰ ਕੇਸ ‘ਚੋਂ, ਨਹੀਂ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਤੋੜਦਾ।”
”ਜਨਾਬ ! ਅਸੀਂ ਤਾਂ ਥੋਨੂੰ ਦੇਤੇ, ਤੁਸੀਂ ਅੱਗੇ ਜੀਹਨੂੰ ਮਰਜ਼ੀ ਦਿਓ-ਨਾ ਦਿਓ। ਸਾਨੂੰ ਇਹਦੇ ਨਾਲ ਕੋਈ ਲਾਗਾ ਦੇਗਾ ਨ੍ਹੀ। ਬੱਸ ਏਸ ਛੋਹਰ ਦਾ ਖਹਿੜਾ ਛੁਡਾਓ। ਇਹ ਜੇਲ੍ਹ ਚਲਾ ਗਿਆ ਤਾਂ ਸਾਡੇ ਕੋਲ ਕੀ ਰਹਿ ਜਾਊ? ਇਹ ਜੇਲ੍ਹ ‘ਚ ਸੜਜੂ ਬਾਹਰ ਇਹਦੀ ਮਾਂ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰ-ਮਾਰ ਕੇ ਮਰਜੂ। ਸਾਡਾ ਤਾਂ ਏਸੇ ਨਾਲ ਜਹਾਨ ਵੱਸਦੈ।” ਤੇਰੇ ਅੰਦਰੋਂ ਲੋਕਾਂ ਦਾ ਲੜਾਕੂ ਆਗੂ ਧਰਮ ਸਿੰਘ ਨਹੀਂ ਇਕ ਮਜ਼ਬੂਰ ਬਾਪ ਬੋਲਿਆ ਸੀ।
ਤੇਰੇ ਚਿਹਰੇ ‘ਤੇ ਪੁੱਤ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਸੜਨ ਤੋਂ ਬਚਾ ਲੈਣ ਦੀ ਸੰਤੁਸ਼ਟੀ ਸੀ। ਜ਼ਮੀਨ ਵਿਕ ਜਾਣ ਦਾ ਦੁੱਖ ਤੂੰ ਅੰਦਰੇ-ਅੰਦਰ ਛੁਪਾ ਲਿਆ ਸੀ।
”ਸਾਰੀ ਦੁਨੀਆਂ ਕੋਲ ਕਿਹੜਾ ਜ਼ਮੀਨਾਂ ਜੈਦਾਤਾਂ ਹੁੰਦੀਆਂ ਐ? ਜਿੰਨਾਂ ਕੋਲ ਜ਼ਮੀਨ ਨ੍ਹੀ ਉਹ ਕਿਹੜਾ ਜਿਉਂਦੇ ਨ੍ਹੀ ? ਸਗਮਾਂ ਵਧੀਆ ਜਿਉਂਦੇ ਆ।” ਮਾਂ ਤੈਨੂੰ ਹੌਂਸਲਾ ਦੇ ਰਹੀ ਸੀ।
”ਸੁਖਦੀਪ ! ਜ਼ਮੀਨਾਂ ਜਾਇਦਾਦਾਂ ਹੁੰਦੀਆਂ ਕਾਹਦੇ ਵਾਸਤੇ ਐ? ਏਹੀ ਨਾ ਕਿ ਇਹ ਲੋੜ ਵੇਲੇ ਕੰਮ ਆਉਂਦੀਆਂ ਨੇ। ਹੁਣ ਤੂੰ ਈ ਦੱਸ, ਐਦੂੰ ਵੱਡੀ ਲੋੜ ਹੋਰ ਭਲਾ ਕਿਹੜੀ ਹੋ ਸਕਦੀ ਸੀ? ਜ਼ਮੀਨ-ਜਾਇਦਾਦ ਆਸਰੇ ਈ ਬਚਾ ਲਿਆ ਪ੍ਰਕਾਸ਼ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਤੋਂ, ਨਹੀਂ ਵਿਧਵਾ ਜ਼ੈਲੋ ਦੇ ਪੁੱਤ ਵਾਲੀ ਹੋਣੀ ਸੀ। ਲੋਕਾਂ ਦੇ ਘਰੀਂ ਗੋਹਾ-ਕੂੜਾ ਕਰਕੇ ਟੱਬਰੀ ਪਾਲਣ ਵਾਲੀ ਜ਼ੈਲੋ, ਕਿੱਥੋਂ ਢਿੱਡ ਭਰ ਦਿੰਦੀ ਪੁਲਸ ਵਾਲਿਆਂ ਦੇ। ਅਗਲਿਆਂ ਨੇ ਕੇਸ ਪਾਕੇ ਅੰਦਰ ਧੱਕ ਦਿੱਤਾ। ਹੁਣ ਨਾ ਵਿਚਾਰੀ ਤੋਂ ਵਕੀਲਾਂ ਦੀਆਂ ਫੀਸਾਂ ਭਰੀਆਂ ਜਾਣ ਤੇ ਨਾ ਮੁੰਡਾ ਬਾਹਰ ਆਵੇ। ਆਪਾਂ ਤਾਂ ਸ਼ੁਕਰ ਕਰੀਏ ਰੱਬ ਦਾ। ਕੋਲ ਚਾਰ ਸਿਆੜ ਸੀਗੇ ਤਾਂ ਵੇਚ-ਵੱਟ ਕੇ ਮੁੰਡਾ ਬਚਾਅ ਲਿਆ, ਨਹੀਂ ਤਾਂ ।”
”ਸ਼ੁਕਰ ਐ ਸੱਚਿਆ ਪਾਸ਼ਾਹ !” ਮਾਂ ਦੇ ਦੋਵੇਂ ਹੱਥ ਆਪ ਮੁਹਾਰੇ ਜੁੜ ਗਏ ਸਨ।
ਤੂੰ ਪਤਾ ਨਹੀਂ ਆਪਣੇ ਆਪ ਨੂੰ ਹੌਂਸਲਾ ਦੇ ਰਿਹਾ ਸੀ ਕਿ ਬਾਕੀ ਪਰਿਵਾਰ ਨੂੰ। ਮੈਂ ਹੈਰਾਨ ਸਾਂ ਕਿ ਹਰ ਵੇਲੇ ਜ਼ਮੀਨ ਨੂੰ ਮਾਂ ਕਹਿਣ ਵਾਲਾ ਅਤੇ ਇਸ ਮਾਂ ਲਈ ਸਰਕਾਰਾਂ ਨਾਲ ਲੜਨ-ਭਿੜਨ ਵਾਲਾ ਬੰਦਾ, ਆਪਣੀ ਮਾਂ ਵਰਗੀ ਜ਼ਮੀਨ ਦੇ ਵਿਕ ਜਾਣ ‘ਤੇ ਵੀ ਆਪਣੇ ਆਪ ਦੇ ਕਾਇਮ ਹੋਣ ਦਾ ਦਿਖਾਵਾ ਕਰ ਰਿਹਾ ਸੀ।
”ਪ੍ਰਕਾਸ਼ ਦੀ ਮਾਂ! ਆਪਣੀ ਔਲਾਦ ਆਪਣੀਆਂ ਅੱਖਾਂ ਅੱਗੇ ਤੁਰੀ ਫਿਰਦੀ ਐ, ਐਨਾ ਈ ਵਾਧੂ ਐ ; ਨਹੀਂ ਵਿੰਗੇ ਪੈਰਾਂ ਵਾਲਿਆਂ ਦੇ ਘਰ ਵੱਲ ਵੇਖ ਕੀ ਹਾਲ ਹੋਇਆ ਪਿਐ। ਇੱਕੋ ਇੱਕ ਮੁੰਡਾ ਸੀ। ਐਨਾ ਪੜ੍ਹਾਇਆ ਲਿਖਾਇਆ ਵੀ। ਕਿਸੇ ਬਾਹਰਲੇ ਮੁਲਕ ਦੀ ਜੇਲ੍ਹ ‘ਚ ਹੱਡ ਗਾਲ਼ੀ ਜਾਂਦੈ। ਬਾਹਰ ਨਿਕਲਣ ਦੀ ਵੀ ਉਮੀਦ ਹੈਨੀ। ਓਧਰ ਉਹ ਜੇਲ੍ਹ ਦੀਆਂ ਸੀਖਾਂ ਨਾਲ ਟੱਕਰਾਂ ਮਾਰਦਾ ਹੋਊ ਤੇ ਏਧਰ ਇਹ ਦੋਵੇਂ ਜੀਅ ਬੁੱਢੇ ਵਾਰੇ ਘਰ ਦੀਆਂ ਕੰਧਾਂ ਨਾਲ ਟੱਕਰਾਂ ਮਾਰਦੇ ਐ। ਸਰਕਾਰ-ਦਰਬਾਰੇ ਅਰਜ਼ੀਆਂ ਪਾ-ਪਾ ਹੰਭਗੇ। ਕੁੱਛ ਨ੍ਹੀ ਹੱਥ ਪੱਲ੍ਹੇ ਪਿਆ ਵਿਚਾਰਿਆਂ ਦੇ।” ਇਧਰ-ਓਧਰ ਦੀਆਂ ਉਦਾਹਰਨਾਂ ਦੇ ਕੇ ਤੂੰ ਮਾਂ ਦਾ ਦਿਲ ਧਰਾ ਰਿਹਾ ਸੀ।
ਸ਼ਾਇਦ ਤੇਰੇ ਦਿਲਾਸੇ ਦਾ ਕਾਰਨ ਵੀ ਸਹੀ ਹੋਵੇ। ਜਸਪ੍ਰੀਤ ਵਿੰਗੇ ਪੈਰਾਂ ਵਾਲਿਆਂ ਦਾ ਇੱਕੋ ਇੱਕ ਪੁੱਤ ਹੈ, ਜਿਸਦੀ ਪੜ੍ਹਾਈ ‘ਤੇ ਉਹਨਾਂ ਸਾਰਾ ਘਰ ਲਾ ਦਿੱਤਾ ਸੀ। ਇੰਜਨੀਅਰਿੰਗ ਦੀ ਵੱਡੀ ਡਿਗਰੀ ਵੀ ਉਸ ਲਈ ਰੋਜ਼ੀ ਰੋਟੀ ਦਾ ਸਬੱਬ ਨਹੀਂ ਸੀ ਬਣ ਸਕੀ। ਨੌਕਰੀ ਲਈ ਥਾਂ-ਥਾਂ ਟੱਕਰਾਂ ਮਾਰਨ ਤੋਂ ਬਾਅਦ ਉਸਨੇ ਬਾਹਰਲੇ ਮੁਲਕ ਜਾਣ ਦੀ ਜ਼ਿੱਦ ਫੜ ਲਈ ਸੀ। ਪੁੱਤ ਦੀ ਜ਼ਿੱਦ ਅੱਗੇ ਹਾਰ ਮੰਨਦਿਆਂ ਵਿੰਗ ਪੈਰੀਏ ਨੇ ਬਚਦੀ ਨੌਂ ਕਨਾਲਾਂ ਵੇਚ, ਤੇਰਾਂ ਲੱਖ ਏਜੰਟ ਦੀ ਝੋਲੀ ਪਾ ਦਿੱਤਾ। ਦਿਨ ਬਦਲ ਜਾਣ ਦੇ ਸੁਪਨੇ ਲੈਂਦਾ ਜਸਪ੍ਰੀਤ ਜਿਸ ਦਿਨ ਹਵਾ ‘ਚ ਉੱਡਿਆ ਸੀ, ਵਿੰਗ ਪੈਰੀਆਂ ਦੇ ਚਾਅ ਵੀ ਹਵਾ ‘ਚ ਉੱਡੇ ਸਨ। ਕਨੇਡਾ ਦੇ ਸਵਰਗ ‘ਚ ਡਾਲਰ ਇਕੱਠੇ ਕਰਨ ਦੇ ਸੁਪਨੇ ਲੈਂਦਾ ਜਸਪ੍ਰੀਤ ਸੁਣਿਐ ਯੂਕਰੇਨ ਦੀ ਜੇਲ੍ਹ ‘ਚ ਬੰਦ ਹੈ। ਏਜੰਟ ਦਾ ਤਾਂ ਕੋਈ ਥਹੁ ਪਤਾ ਹੀ ਨਹੀਂ ਲੱਗ ਰਿਹਾ ਕਿਧਰ ਸਿਤਮ ਹੋ ਗਿਆ। ਜੇ ਭਲਾ ਜੱਸ ਨੂੰ ਇੱਥੇ ਨੌਕਰੀ ਮਿਲ ਜਾਂਦੀ, ਕਾਹਨੂੰ ਬਾਹਰ ਜਾਣ ਦਾ ਹੂਲਾ ਫੱਕਦਾ। ਜਸਪ੍ਰੀਤ ਦੀ ਮਾਂ ਤਾਂ ਪਾਗਲ ਹੋ ਗਈ ਹੈ ਪੁੱਤ ਦਾ ਰਾਹ ਵੇਖਦੀ-ਵੇਖਦੀ। ਕਹਿੰਦੀ ਹੈ, ”ਮੇਰਾ ਪੁੱਤ ਹਵਾ ਆਲੇ ਘੋੜੇ ‘ਤੇ ਚੜ੍ਹਕੇ ਆਊ। ਮੈਂ ਤਾਂ ਆਵਦੇ ਜਸਪ੍ਰੀਤੇ ਨੂੰ ਕਿਸੇ ਵੱਡੇ ਸਰਦਾਰ ਦੇ ਘਰੇ ਵਿਆਹੁਣੈ। ਛੱਜ ਟੂੰਮਾਂ ਦਾ ਪਾਊਂ ਆਵਦੀ ਨੂੰਹ ਰਾਣੀ ਨੂੰ। ਮੇਰੇ ਜਸਪ੍ਰੀਤੇ ਨੇ ਪੰਡ ਕਿਤਾਬਾਂ ਦੀ ਪੜ੍ਹੀ ਐ ਸਾਕ ਵਾਸਤੇ ਤਾਂ ਵੱਡੇ-ਵੱਡੇ ਸਰਦਾਰ ਹੱਥ ਕੱਢਣਗੇ।”
ਡੈਡੀ ਤੁਸੀਂ ਖੁਸ਼ ਹੁੰਨੇ ਓਂ ਕਿ ਥੋਡਾ ਪ੍ਰਕਾਸ਼ ਥੋਡੇ ਕੋਲ ਹੈ ਪਰ ? ਕਿੱਥੇ ਹੈ ਪ੍ਰਕਾਸ਼ ਥੋਡੇ ਕੋਲ? ਮੈਨੂੰ ਤਾਂ ਲੱਗਦੈ ਚਾਰ-ਚੁਫੇਰੇ ਹਨੇਰਾ ਈ ਹਨੇਰਾ ਫੈਲਿਆ ਪਿਐ। ਹੈਨੀ ਕਿਤੇ ਪ੍ਰਕਾਸ਼। ਇਹਦੇ ਲਈ ਮੈਂ ਦੋਖੀ ਹਾਂ ਥੋਡਾ। ਮੈਂ ਇਨਸਾਫ਼ ਨਹੀਂ ਕੀਤਾ ਥੋਡੇ ਨਾਲ। ਮੇਰੇ ਵਰਗੇ ਪ੍ਰਕਾਸ਼ਿਆਂ ਨੇ ਇਨਸਾਫ਼ ਨ੍ਹੀ ਕੀਤਾ ਆਪਣੇ ਮਾਪਿਆਂ ਨਾਲ। ਕਿਉਂ ਬਚਾਉਨੈ ਪ੍ਰਕਾਸ਼ ਨੂੰ ? ਚੰਗੀ ਨ੍ਹੀ ਕੀਤੀ ਪ੍ਰਕਾਸ਼ ਨੇ ਥੋਡੇ ਨਾਲ। ਮੁੱਕ ਲੈਣ ਦਿਓ ਪ੍ਰਕਾਸ਼ ਨੂੰ ਤਿਲ-ਤਿਲ ਕਰਕੇ।
ਅਹੁ ਵੇਖੋ ਕਿਵੇਂ ਤਿਲ-ਤਿਲ ਕਰਕੇ ਮਰ ਰਿਹਾ 36 ਨੰਬਰ ਬੈੱਡ ਆਲਾ ਭਿੰਦਾ। ਮੈਥੋਂ ਨ੍ਹੀ ਦੇਖਿਆ ਜਾਂਦਾ। ਇਹ ਵੀ ਮੇਰੇ ਵਾਗੂੰ ਮਿੰਨਤਾਂ ਕਰਦੈ ਕਿ ਉਸਦੀਆਂ ਨਾੜਾਂ ਵਿੱਚ ਜ਼ਹਿਰ ਦਾ ਟੀਕਾ ਈ ਧੱਸ ਦਿਉ। ਇਹਨੇ ਵੀ ਮਾਂ ਦੇ ਪੁੱਤ ਨੇ ਨਿਰੀ ਅੱਗ ਈ ਫੱਕੀ ਐ। ਸੱਚੀ ਗੱਲ ਐ ਡੈਡੀ…….. ਅੱਗ ਖਾ ਲੈਂਦਾ ਸੀ ਇਹ ਭਿੰਦਾ। ਇੱਕ ਭਿੰਦਾ ਹੀ ਕਿਉਂ, ਅਸੀ ਸਾਰੇ ਹੀ ਅੱਗ ਖਾਂਦੇ ਰਹੇ ਹਾਂ। ਜਿਵੇਂ ਦੱਸਦੇ ਹੁੰਦੇ ਐ, ਪਹਿਲੇ ਜ਼ਮਾਨਿਆਂ ‘ਚ ਲੋਕ ਨਸ਼ਾਂ ਲੈਣ ਆਸਤੇ ਜੀਭ ‘ਤੇ ਨਾਗ ਲੜਾ ਲੈਂਦੇ ਸੀ…… ਡੈਡੀ ਇਹਨਾਂ ਨਾਗਾਂ ਵਾਲਾ ਕੰਮ ਹੁਣ ਆਪਣੇ ਪੰਚ ਅਰਗਿਆਂ ਨੇ ਸੰਭਾਲ ਲਿਐ। ਇਹ ਕੰਮ ਹੁਣ ਨਾਗਾਂ ਦੀ ਥਾਂ ਬੰਦਿਆਂ ਆਲੀ ਕੌਮ ਕਰਨ ਲੱਗ ਪਈ ਐ।
ਔਹ ਵੇਖ ਡੈਡੀ ਕਿੰਨਾ ਤੜਪ ਰਿਹੈ। ਆਏਂ ਤੜਪਦਾ ਰਹਿੰਦਾ ਸੀ ਨਸ਼ੇ ਦੀ ਟੋਟ ਆਈ ਤੋਂ। ਹੁਣ ਤਾਂ ਟੀਕਾ ਲਾਉਣ ਲਈ ਨਾੜਾਂ ਵੀ ਨਹੀਂ ਸੀ ਲੱਭਦੀਆਂ। ਕੰਧਾਂ ਨਾਲ ਟੱਕਰਾਂ ਮਾਰਨ ਲੱਗਦਾ ਸੀ। ਜਾਨ ਟੁੱਟ ਰਹੀ ਐ ਕਿੰਦੇ ਦੀ। ਮੈਨੂੰ ਨ੍ਹੀ ਲੱਗਦਾ ਬਚੇ। ਡੈਡੀ! ਭਲਾ ਆਏਂ ਵੀ ਮਰਦਾ ਹੁੰਦੈ ਕੋਈ ਤਿਲ-ਤਿਲ ਕਰਕੇ, ਭਿੰਦੇ ਵਾਗੂੰ?
ਬਾਪੂ! ਤੂੰ ਇਕੇਰਾਂ ਦੱਸਿਆ ਸੀ ਕਿ ਭਿੰਦੇ ਦਾ ਪੜਦਾਦਾ ਕੈਪਟਨ ਕਮਿੱਕਰ ਸਿੰਘ, ਸੁਭਾਸ਼ ਬਾਬੂ ਨਾਲ ਰਲਕੇ ਦੇਸ਼ ਆਜ਼ਾਦ ਕਰਾਉਣ ਤੁਰਿਆ ਸੀ। ਸੁਭਾਸ਼ ਬੋਸ ਵਾਲੀ ਆਜ਼ਾਦ ਹਿੰਦ ਫੌਜ ‘ਚ ਸ਼ਾਮਲ ਹੋ ਕੇ ਲੜਦਾ ਰਿਹੈ ਦੇਸ਼ ਦੀ ਆਜ਼ਾਦੀ ਲਈ। ਅੱਗੋਂ ਇਹਦੇ ਦਾਦੇ ਬਹਾਦਰ ਸਿੰਘ ਨੇ 1965 ਵਾਲੀ ਭਾਰਤ-ਪਾਕਿਸਤਾਨ ਜੰਗ ਵੇਲੇ ਸਰਹੱਦ ‘ਤੇ ਖੂਨ ਡੋਲ੍ਹਿਆ। ਫੇਰ ਇਹਦਾ ਬਾਪ ਕਾਰਗਿਲ ਦੀਆਂ ਬਰਫ਼ ਲੱਦੀਆਂ ਚੋਟੀਆਂ ‘ਤੇ ਦੁਸ਼ਮਣ ਨਾਲ ਲੋਹਾ ਲੈਂਦਾ, ਤਾਬੂਤ ਵਿੱਚ ਬੰਦ ਹੋ ਕੇ ਆਇਆ ਸੀ। ਉਦੋਂ ਇਹ ਭਿੰਦਾ ਅੱਠ ਸਾਲਾਂ ਦਾ ਸੀ ਮਸੀਂ। ਵਿਧਵਾ ਮਾਂ ਨੇ ਬੜਾ ਔਖਾ ਹੋ ਕੇ ਪਾਲਿਆ ਇਹਨੂੰ। ਲੈ ਵੇਖ ਹੁਣ, ਦੇਸ਼ ਲਈ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਦਾ ਖੂਨ, ਹੱਡੀਆਂ ਦੀ ਮੁੱਠ ਬਣਿਆ ਪਿਐ। ਬੜੀਆਂ ਮਹਿੰਗੀਆਂ ਫੀਸਾਂ ਤੇ ਡੋਨੇਸ਼ਨਾਂ ਦੇ ਕੇ ਇੰਜੀਨੀਅਰਿੰਗ ਕਰਵਾਈ ਸੀ ਵਿਧਵਾ ਮਾਂ ਨੇ। ਰੁਜ਼ਗਾਰ ਲਈ ਕਈ ਸਾਲ ਧੱਕੇ ਖਾਂਦਾ ਰਿਹਾ ਤੇ ਆਖਰ …… ਆਖਰ ਪੈਂਚ ਅਰਗਿਆਂ ਦੇ ਹੱਥੀਂ ਚੜ੍ਹ ਗਿਆ। ਜੇ ਭਲਾ ਇਹਨੂੰ ਨੌਕਰੀ ਮਿਲ ਜਾਂਦੀ, ਕਾਹਨੂੰ ਕਿਸੇ ਕੁਰਾਹੇ ਪੈਂਦਾ। ਕੋਈ ਪਤਾ ਨਹੀਂ ਇੱਥੇ ਕਿੰਨੇ ਕੁ ਕਿੰਦੇ-ਭਿੰਦੇ ਸਰਕਾਰੀ ਰੋਜ਼ਗਾਰ ਦਫਤਰਾਂ ਦੀਆਂ ਫਾਈਲਾਂ ‘ਚ ਧੂੜ ਬਣਗੇ। ਇਹ ਤਾਂ ਥੋਡੇ ਕਹਿਣ ਆਗੂੰ ਸਰਕਾਰਾਂ ਦੀ ਬੇੜੀ ਡੁੱਬਗੀ।
ਡੈਡੀ, ਮੈਂ ਕਦੇ-ਕਦੇ ਭਿੰਦੇ ਨੂੰ ਕਹਿਣਾ, ”ਭਿੰਦਿਆਂ! ਅਨਪੜ੍ਹ ਜਨਤਾ ਤਾਂ ਮੰਨਿਆ ਗੁੰਮਰਾਹ ਹੋ ਜਾਂਦੀ ਐ, ਮੇਰੇ ਯਾਰ ਆਪਾਂ ਤਾਂ ਲਿਖੇ-ਪੜ੍ਹੇ ਆਂ। ਮੇਰੀ ਛੱਡ, ਤੂੰ ਤਾਂ ਪੜ੍ਹ-ਪੜ੍ਹ ਢੇਰ ਲਾਤਾ। ਸਰਟੀਫਿਕੇਟਾਂ ਦਾ ਥੱਬਾ ਬਣਿਆ ਪਿਆ ਹੋਊ ਤੇਰੇ ਕੋਲ ਤਾਂ।” ਅੱਗਿਓਂ ਮੈਨੂੰ ਹੱਸ ਕੇ ਕਹਿਣ ਲੱਗਾ, ”ਪ੍ਰਕਾਸ਼! ਸਾਲੀ ਇਹੋ ਤਾਂ ਗੱਲ ਮਾੜੀ ਐ ਕਿ ਮੇਰੇ ਕੋਲ ਥੱਬਾ ਸਰਟੀਫਿਕੇਟਾਂ ਦਾ ਹੈਗਾ। ਆਪਣੇ ਪੈਂਚ ਆਗੂੰ ਸੱਤਵੀ-ਅੱਠਵੀਂ ‘ਚੋਂ ਭੱਜੇ ਹੁੰਦੇ, ਹੁਣ ਤੱਕ ਘਰਦਿਆਂ ਨੂੰ ਨੋਟਾਂ ਦੇ ਢੇਰ ‘ਤੇ ਬਹਾ ਦਿੰਦੇ। ਨਾਲੇ ਯਾਰਾ ਮੈਨੂੰ ਲੱਗਦੈ ਸਾਡੀਆਂ ਪੜ੍ਹੀਆਂ ਤਾਂ ਮੇਲੂ ਪੈਂਚ ਅਰਗੇ ਚਰਗੇ ਸਰਕਾਰਾਂ ਨਾਲ ਰਲਕੇ।”
ਡੈਡੀ! ਮੈਨੂੰ ਤਾਂ ਲੱਗਦੈ ਪੈਂਚ ਅਰਗਿਆਂ ਸਰਕਾਰਾਂ ਨਾਲ ਰਲਕੇ ਸਾਡੇ ਸਰਟੀਫਿਕੇਟਾਂ ਨੂੰ ਹੀ ਨਹੀ ਸਾਡੀ ਜਿੰਦਗੀਆਂ ਨੂੰ ਹੀ ਚਾਰਾ ਬਣਾ ਲਿਐ। ਆਏ ਦਿਨ ਸੜਕਾਂ ਦੇ ਕਿਨਾਰਿਆਂ ‘ਤੇ ਖੁੰਭਾਂ ਆਗੂੰ ਕਾਲਜ ਉੱਗੀ ਤੁਰੇ ਆਉਂਦੇ ਐ। ਕਾਲਜ ਕੀ, ਦੁਕਾਨਾਂ ਹੀ ਆਖੋ। ਤੂੰ ਅਕਸਰ ਆਖਦਾ ਹੁੰਨੈਂ, ”ਅੱਤਵਾਦ ਪੰਜਾਬ ਦੀਆਂ ਹਜ਼ਾਰਾਂ ਜਵਾਨੀਆਂ ਖਾ ਗਿਆ।”
ਪਰ ਡੈਡ ਜਿਹੜਾ ਅੱਤਵਾਦ ਆਹ ਦੁਕਾਨਾਂ ਪੈਦਾ ਕਰੀ ਤੁਰੀਆਂ ਜਾਂਦੀਆਂ ਨੇ ਇਹਦਾ ਕੀ ਕਰਲੋਂਗੇ? ਡਿਗਰੀਆਂ ਹੱਥਾਂ ‘ਚ ਫੜਾ-ਫੜਾ, ਅਨਪੜ੍ਹ ਬਣਾ-ਬਣਾ ਘਰਾਂ ਨੂੰ ਤੋਰੀ ਜਾਂਦੇ ਐਂ। ਫੇਰ ਤੂੰ ਈ ਦੱਸ ਇਹ ਡਿਗਰੀਆਂ ਆਲਾ ਅੱਤਵਾਦ ਕਿਵੇਂ ਕਾਬੂ ਆਜੂ? ਕਿ ਆਜੂ? ਮੈਨੂੰ ਤਾਂ ਇਉਂ ਲੱਗਦਾ ਹੁੰਦੈ ਵਈ ਇਹ ਦੁਕਾਨਾਂ ਨੌਜੁਆਨੀ ਦੇ ਹੱਥ ਵੱਢ-ਵੱਢ ਕੇ ਤੋਰੀ ਜਾਂਦੀਆਂ ਐ ਮੰਡੀ ‘ਚ। ਦਸ ਬਿਨ੍ਹਾਂ ਹੱਥਾਂ ਦੇ ਹੁਨਰ ਤੋਂ ਕੀ ਕਰਲੂ ਮੁੰਡੀਹਰ?
ਲੈ, ਗੱਲ ਬਿਨ੍ਹਾਂ ਹੱਥਾਂ ਦੀ ਚੱਲੀ ਐ ਤਾਂ ਦੋਵੇ ਬਾਹਵਾਂ ਕੱਟੀਆਂ ਵਾਲਾ ਤੇਰਾ ਯਾਰ ਪਾਲੂ ਯਾਦ ਆ ਗਿਆ। ਸ਼ਹਿਰ ਦੀ ਸਬਜ਼ੀ ਮੰਡੀ ‘ਚ ਸਬਜ਼ੀ ਵੇਚਦੈ। ਇੱਕ ਦਿਨ ਤੂੰ ਸੁਭੈਕੀਂ ਪੁੱਛ ਲਿਆ ਸੀ, ”ਕਿਵੇਂ ਪਾਲੂਆ? ਕਾਟੋ ਖੇਡਦੀ ਆ ਫੁੱਲਾਂ ਤੇ ਕਨ੍ਹੀ?”
”ਖੇਡਦੀ ਆਖਿਆ ਤਾਂ ਕੀ ਆਖਿਆ, ਇਹ ਤਾਂ ਮੇਰੇ ਸਹੁਰੇ ਦੀ ਘੁਕਾਟ ਪਾਈ ਫਿਰਦੀ ਐ।” ਪਾਲੂ ਟਹਿਕਿਆ ਪਿਆ ਸੀ।
”ਹਾਲ ਕਿਵੇਂ ਐ ਤੇਰੇ?” ਤੂੰ ਅਗਲਾ ਸੁਆਲ ਕੀਤਾ ਸੀ।
”ਮੇਹਰਾਂ ਦਾਤੇ ਦੀਆਂ।” ਪਾਲੂ ਨੇ ਦੋਵੇਂ ਬਾਹਵਾਂ ਦੇ ਰੁੰਡ ਮਰੁੰਡ ਹੋਏ ਟੁੰਡ ਅਸਮਾਨ ਵੱਲ ਨੂੰ ਕਰਦਿਆਂ ਆਖਿਆ ਸੀ।
”ਵਾਹ ਉਏ ਯਾਰਾ! ਤੇਰੇ ਦਾਤੇ ਨੇ ਤੇਰੇ ਦੋਵੇਂ ਹੱਥ ਲੈ ਲਏ, ਅਜੇ ਵੀ ਕਹਿਨੈਂ ਮੇਹਰਾਂ ਦਾਤੇ ਦੀਆਂ! ਤੈਨੂੰ ਕੋਈ ਗਿਲਾ-ਸ਼ਿਕਵਾ ਨ੍ਹੀ ਹੁੰਦਾ ਆਵਦੇ ਦਾਤੇ ਨਾਲ?”
”ਕਾਹਦਾ ਸ਼ਿਕਵਾ? ਬਾਈ ਸਿਆਂ ਢੋਲੇ ਦੀਆਂ ਲਾਈਦੀਐਂ। ਚੱਲ ਤੂੰ ਈ ਦੱਸ, ਜੇ ਭਲਾ ਉਹ ਲੱਤਾਂ ਵੀ ਨਾ ਦਿੰਦਾ, ਕੀ ਪੱਟ ਲੈਂਦੇ ਉਹਦਾ? ਕਿ ਪੱਟ ਲੈਂਦੇ ਕੁਛ?” ਪਾਲੂ ਨੇ ਉਲਟਾ ਸੁਆਲ ਤੇਰੇ ਵੱਲ ਰੋੜ੍ਹ ਦਿੱਤਾ ਸੀ। ਐਹੋ ਜਿਹੇ ਸੁਆਲ ਦਾ ਕੀ ਜੁਆਬ ਹੁੰਦੈ ਭਲਾ?
”ਆੜੀਆ, ਮਾਣ ਐ ਤੇਰੇ ‘ਤੇ। ਤੂੰ ਕਿਸੇ ਅੱਗੇ ਹੱਥ ਨ੍ਹੀ ਅੱਡਿਆ।” ਤੂੰ ਮਾਣ ਨਾਲ ਫੁੱਲਦਿਆਂ ਪਾਲੂ ਨੂੰ ਜੱਫੀ ‘ਚ ਘੁੱਟ ਲਿਆ ਸੀ।
”ਬਾਈ ਸਿਆਂ, ਹੱਥ ਤਾਂ ਹੱਥਾਂ ਵਾਲੇ ਈ ਅੱਡਦੇ ਐ ਕਿਸੇ ਅੱਗੇ। ਆਪਾਂ ਤਾਂ ਇਹਨਾਂ ਨਾਲ ਹੀ ਕਿਸਮਤ ਘੜ ਲੈਨੇ ਆਂ।” ਦੋਵੇਂ ਟੁੰਡਾਂ ਵੱਲ ਵੇਖਦਿਆਂ ਪਾਲੂ ਖਿੜ-ਖਿੜਾ ਕੇ ਹੱਸਿਆ ਸੀ। ਪਾਲੂ ਮੈਨੂੰ ਕਿਸੇ ਰਾਜੇ ਮਹਾਰਾਜੇ ਵਰਗਾ ਲੱਗਾ ਸੀ। ਸਗੋਂ ਉਹਨਾਂ ਤੋਂ ਵੀ ਉੱਤੇ। ਸੱਚੀਂ ਡੈਡੀ, ਹੱਥ ਪਾਲੂ ਵਰਗਿਆਂ ਦੇ ਨਹੀਂ ਕੱਟੇ…………. ਹੱਥ ਤਾਂ ਸਾਡੇ ਕੱਟੇ ਹੋਏ ਨੇ। ਤੂੰ ਦੱਸ, ਸਾਡੇ ਵਰਗੇ ਕੱਟੇ ਹੋਏ ਹੱਥਾਂ ਵਾਲੇ ਕੀ ਤਕਦੀਰ ਲਿਖਣਗੇ ਆਪਣੀ? ਕਿ ਲਿਖ ਲੈਣਗੇ?
ਅਹੁ ਦੇਖ ਡੈਡੀ ਔਧਰ। ਰੌਲਾ ਕਾਹਦਾ ਪਈ ਜਾਂਦੈ? ਲੱਗਦਾ ਤੇਰੇ ਟੋਲੀਵਾਲ ਐ ਨਾਹਰੇ ਮਾਰਦੇ। ਹਾਂ ਹਾਂ ਉਹੀ ਨੇ। ਜਾਹ ਤੂੰ ਵੀ ਰਲ ਜਾਕੇ ਉਹਨਾਂ ਨਾਲ। ਕਾਹਨੂੰ ਫਿਕਰ ਕਰਦੈਂ, ਕੁੱਝ ਨ੍ਹੀ ਹੁੰਦਾ ਮੈਨੂੰ ਤੂੰ ਜਾਹ। ਅਹੁ ਪੁਤਲਾ ਕੀਹਦਾ ਚੁੱਕਿਐ ? ਹਾਂਅ ਆਗੀ ਸਿਆਣ ਮੇਰੇ ਕੁੱਛ ਲੱਗਦੇ ਦੀ। ਏਸੇ ਨੇ ਹੀ ਬਰਬਾਦ ਕੀਤੈ ਮੈਨੂੰ। ਭਿੰਦੇ ਦਾ ਕਤਲ ਵੀ ਏਸੇ ਨੇ ਹੀ ਕੀਤਾ। ਬੀਰੇ ਦਾ ਵੀ। ਜਸਪ੍ਰੀਤ ਵੀ ਏਸੇ ਨੇ ਹੀ ਜੇਲ੍ਹ ਭੇਜਿਐ। ਬੁੱਢੀ ਮਾਂ ਦੇ ਕੰਨਾਂ ‘ਚੋਂ ਵਾਲੀਆਂ ਅਸੀਂ ਨਹੀਂ, ਏਸੇ ਮਰਦੂਦ ਨੇ ਈ ਝੱਪਟੀਆਂ ਸੀ। ਪੰਜਾਬ ਦੇ ਹਜ਼ਾਰਾਂ ਚੁਲ੍ਹਿਆਂ ਦੀ ਅੱਗ ਏਸੇ ਨੇ ਬੁਝਾਈ ਐ। ਏਹਦੇ ਕਰਕੇ ਈ ਆਏ ਦਿਨ ਸਿਵਿਆਂ ‘ਚੋਂ ਅੱਗ ਦੀਆਂ ਲਾਟਾਂ ਉੱਠਦੀਆਂ ਨੇ। ਛੱਡਿਓ ਨਾ ਇਹਨੂੰ। ਕੋਈ ਲੋੜ ਨ੍ਹੀ ਡਰਨ ਦੀ। ਇਹਦੇ ਪੁਤਲੇ ਨੂੰ ਸਾੜਿਓ ਭਰੇ ਚੌਂਕ ‘ਚ। ਨਾਲੇ ਮੰਗ ਕਰਿਓ ਏਹਨੂੰ ਸ਼ਰੇਆਮ ਫਾਹੇ ਲਾਉਣ ਦੀ।
ਬੱਸ ਮੈਨੂੰ ਮਾੜਾ ਜਿਹਾ ਮੋਢਾ ਲਾ ਮੈਨੂੰ ਸਹਾਰਾ ਦੇ ਕੇ ਖੜਾ ਕਰ ਦਿਓ ਕੇਰਾਂ। ਹੁਣ ਨ੍ਹੀ ਡਿਗਦਾ ਮੈਂ। ਸੱਚੀਂ ਡੈਡੀ, ਜੇ ਤੁਸੀਂ ਸਹਾਰਾ ਦੇਈ ਰੱਖਿਆ ਤਾਂ, ਕੋਈ ਕਿੰਦਾ-ਭਿੰਦਾ ਨ੍ਹੀ ਮਰਦਾ। ਨਾਲੇ ਹਾਅ ਝੰਡੀ ਜਹੀ ਫੜਾਈਂ ਕੇਰਾਂ ਮੈਨੂੰ ਵੀ। ਹੂੰ ਹਾਂਅ ! ਘਬਰਾ ਨਾ ਡੈਡੀ। ਉੱਕਾ ਨਾ ਘਬਰਾ। ਕੁੱਝ ਨ੍ਹੀ ਹੁੰਦਾ ਮੈਨੂੰ। ਅਹੁ ਸੂਰਜ ਵੱਲੀਂ ਵੇਖ। ਦੱਗਦਾ ਪਿਆ ਏ ਕਿ ਨਹੀਂ? ਤੂੰ ਵੀ ਸੂਰਜ ਏਂ ਡੈਡੀ। ਹੁਣ ਤੂੰ ਈ ਦੱਸ, ਸੂਰਜ ਦੇ ਹੁੰਦਿਆਂ ਸੁੰਦਿਆਂ ਭਲਾ ਪ੍ਰਕਾਸ਼ ਨੂੰ ਕੀ ਹੋਜੂ। ਕਿ ਹੋਜੂ? ਤੂੰ ਆਪ ਈ ਤਾਂ ਆਹਨਾ ਹੁੰਨੈ, ”ਨੌਜੁਆਨ ਤਾਂ ਚੰਗਿਆੜੀ ਹੁੰਦੇ ਨੇ।” ਕੀ ਹੋਇਆ ਜੇ ਹੁਣ ਮਾੜਾ-ਮੋਟਾ ਸੇਕ ਮੱਠਾ ਹੋ ਗਿਆ ਇਹਨਾਂ ਦਾ? ਕੁੱਝ ਨ੍ਹੀ ਹੁੰਦਾ ਇਹਨਾਂ ਚੰਗਿਆੜੀਆਂ ਨੂੰ। ਤੂੰ ਵੇਖੀਂ ਇਹ ਤਾਂ ਲਟ-ਲਟ ਬਲਣਗੀਆਂ ਥੋਡੇ ਵਾਂਗੂੰ। ਤੂੰ ਜਾਹ ਡੈਡੀ! ਜਾਹ ਰਲਜਾ ਜਾਕੇ ਆਵਦੇ ਟੋਲੀਵਾਲਾਂ ਨਾਲ।
ਕੀ ਸੋਚ ਰਿਹੈਂ? ਜਾਵਾਂ ਕਿ ਨਾ? ਮੈਨੂੰ ਤਾਂ ਲੱਗਦਾ ਤੈਨੂੰ ਜਾਣਾ ਚਾਹੀਦੈ। ਚੱਲ ਤੂੰ ਹੀ ਦੱਸ ਤੈਨੂੰ ਜਾਣਾ ਚਾਹੀਦੈ ਕਿ ਨਈਂ?
ਗ਼ਜ਼ਲ
- ਮੱਖਣ ਕੁਹਾੜ
ਛੰਨਾਂ ਢਾਰੇ ਜਾਗਣਗੇ ਜਦ ਮਹਿਲ ਮੁਨਾਰੇ ਕੰਬਣਗੇ।
ਦੁੱਖਾਂ ਮਾਰੇ ਜਦ ਤੁਰ ਪਏ, ਲੋਟੂ ਸਾਰੇ ਕੰਬਣਗੇ।
ਖੁਦ ਆਪਾਂ ਜਦ ਕਿਸ਼ਤੀ ਠ੍ਹੇਲੀ, ਸਾਗਰ ਸਾਰੇ ਕੰਬਣਗੇ।
ਚੱਪੂ, ਮਾਂਜੀ ਨਾਲ ਤੁਰਨਗੇ, ਦਿਸ਼ਾ ਕਿਨਾਰੇ ਕੰਬਣਗੇ।
ਜ਼ਾਲਮ ਲੋਕ ਵਿਰੋਧੀ ਰਾਹ ਵਿਚ ਜਦ ਆਪਾਂ ਦੀਵਾਰ ਬਣੇ,
ਇਸ ਰਸਤੇ ਦੇ ਸਾਰੇ ‘ਰਹਿਬਰ’, ਤੇ ਹਤਿਆਰੇ ਕੰਬਣਗੇ।
ਉਡਣ ਦੀ ਜੇ ਖਾਹਿਸ਼ ਜਾਗੇ, ਖੁਲ੍ਹ ਜਾਂਦੇ ਨੇ ਖੰਭ ਵੀ ਆਪੇ,
ਉਚੀ ਦੂਰ ਉਡਾਣ ਭਰਨ ‘ਤੇ, ਉਲਟ ਸਿਤਾਰੇ ਕੰਬਣਗੇ।
ਦੇ ਕੇ ਹੋਕਾ ਚਾਨਣ ਦਾ, ਗਲੀਆਂ ਵਿਚ ਜੋ ਨ੍ਹੇਰਾ ਵੰਡਣ,
ਘਰ ਘਰ ਪੁੱਜੂ ਪਰਖ ਕਸੌਟੀ, ਖੇਖਣ ਹਾਰੇ ਕੰਬਣਗੇ।
ਉਹ ਜੋ ਸਾਡੀ ਚੁੱਪ ਨੂੰ ਸਾਡਾ, ਸਹਿਮਤ ਹੋਣਾ ਸਮਝ ਰਹੇ,
ਆਪਾਂ ਜਦ ਵੀ ਚੁੱਪ ਤੋੜਾਂਗੇ, ਇਹ ਵਰਤਾਰੇ ਕੰਬਣਗੇ।
ਝਾਕਾ ਲਾਹ ਤੇ ਟੱਪ ਲਕੀਰੋਂ, ਐਧਰ ਹੋ ਤੇ ਖੰਡਾ ਫੜ੍ਹ,
ਜੋ ਫਿਰਦੇ ਨੇ ਅੱਧ ਵਿਚਕਾਰ, ਆਪ ਮੁਹਾਰੇ ਕੰਬਣਗੇ।
ਚਿੜੀਓ! ਡਾਰ ਬਣਾਕੇ ਜੇਕਰ, ਉਡ ਪਵੋਂ ਇਕ ਵਾਰ ਤੁਸੀਂ,
ਉਡਣ ਸਾਰ ਹੀ, ਤੱਕਣਾ ਕਿੱਦਾਂ, ਸ਼ਿਕਰੇ ਸਾਰੇ ਕੰਬਣਗੇ।
ਗ਼ਜ਼ਲ
- ਸੁਖਵਿੰਦਰ ਅੰਮ੍ਰਿਤ
ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ!
ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ!
ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ,
ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ‘ਤੇ ਤਾਜ ਕਿਉਂ ਹੋਵੇ!
ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ,
ਕਿ ਬਾਗ਼ਾਂ ਵਿਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ!
ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ,
ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ!
ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਘੇਂ,
ਕਿ ਤੈਨੂੰ ਮਸਲ ਕੇ ਜਾਣਾ ਉਦ੍ਹਾ ਅੰਦਾਜ਼ ਕਿਉਂ ਹੋਵੇ!
ਤੇਰਾ ਹਰ ਨ੍ਰਿਤ ਹਰ ਨਗ਼ਮਾ ਜਦੋਂ ਪਰਵਾਨ ਹੈ ਏਥੇ,
ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ!
ਸਿਤਮਗਰ ‘ਤੇ ਤਰਸ ਕਾਹਦਾ ਤੂੰ ਰੱਖ ਦੇ ਵਿੰਨ੍ਹ ਕੇ ਉਸ ਨੂੰ,
ਸਦਾ ਤੂੰ ਹੀ ਨਿਸ਼ਾਨਾ, ਉਹ ਨਿਸ਼ਾਨੇਬਾਜ਼ ਕਿਉਂ ਹੋਵੇ।
ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ,
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ।
ਕਵਿਤਾ
- ਮੰਗਤ ਰਾਮ ਪਾਸਲਾ
”ਨਵਿਆਂ ਵਰ੍ਹਿਆ”
ਨਵਿਆਂ ਵਰ੍ਹਿਆ, ਤੇਰੀ ਆਮਦ ਸਿਰ ਮੱਥੇ ਤੇ
ਮੁੱਖੜਾ ਚੁੰਮਾਂ
ਭੰਗੜੇ ਪਾ ਕੇ, ਹੀਰ ਨੂੰ ਗਾ ਕੇ, ਪਾਵਾਂ ਧੁੰਮਾਂ
ਪੈਰੀਂ ਛਾਲੇ, ਜ਼ਖਮ ਨੇ ਅੱਲ੍ਹੇ
ਫਿਰ ਵੀ ਜੀ ਕਰਦਾ ਹੈ ਹੱਸਾਂ
ਭੱਜ ਗਲਵਕੜੀ ਪਾਵਾਂ
‘ਸਿੰਘੂ’ ‘ਟਿੱਕਰੀ’ ਦੀ ਮਿੱਟੀ ਦਾ
ਬਦਨ ਤੇਰੇ ਨੂੰ ਬਟਣਾ ਲਾਵਾਂ॥
ਗੂੰਜ ਰਹੀ ਜੋ, ਚੀਖ਼ ਨੂੰ ਸਮਝੀਂ
ਲੋਕਾਂ ਦੀ ਤਹਿਰੀਕ ਨੂੰ ਸਮਝੀਂ
ਲੰਬੇ ਪੈਂਡੇ ਕਰਕੇ ਆਏ
ਟੋਇਆਂ, ਪੱਥਰਾਂ ਨਾਲ ਝਗੜਦੇ
ਕੰਡਿਆਂ ਸੰਗ ਜੋ ਖਹਿੰਦੇ ਆਏ
ਟੀਅਰ ਗੈਸ ਦੇ ਝੰਬੇ ਪੁੱਤਰ
ਕੱਕਰੀ ਰਾਤ ਨਾ ਕੰਬੇ ਪੁੱਤਰ
ਨਾਨਕ ਦੀ ਬਖਸ਼ਸ਼ ਨੂੰ ਲੈ ਕੇ
ਜੱਲ੍ਹਿਆਂ ਵਾਲੇ ਬਾਗ ਨੂੰ ਕਹਿਕੇ
ਮੋਏ ਮਿੱਤਰਾਂ ਦੀਆਂ ਕਸਮਾਂ ਖਾ ਕੇ
ਦਿੱਲੀ ਵਲ ਨੂੰ ਧਾਏ॥
ਹਵਾਲੇ ਤੇਰੇ ਕਰ ਚੱਲਿਆ ਹਾਂ
ਪੁੱਤਰ, ਧੀਆਂ, ਮਾਂ ਤੇ ਬਾਪੂ
ਧਰਤੀ ਤੇ ਆਕਾਸ਼ ਦੇ ਮਾਲਕ
ਪੂਰੀ ਕਾਇਨਾਤ ਦੇ ਮਾਲਕ
ਸਿਦਕ, ਸਬਰ, ਕਰਨੀ ਦੇ ਪੂਰੇ।
ਇਨ੍ਹਾਂ ਦੀ ਹੁੰਕਾਰ ਨੂੰ ਸਮਝੀਂ
ਖੇਤਾਂ ਦੇ ਲਈ ਪਿਆਰ ਨੂੰ ਸਮਝੀਂ
ਸੱਚ ਦੀ ਖ਼ਾਤਰ ਮਰ ਸਕਦੇ ਨੇ
ਸੂਲੀ ‘ਤੇ ਵੀ ਚੜ੍ਹ ਸਕਦੇ ਨੇ
ਦੁਸ਼ਮਣ ਦੀ ਕਦੇ ਈਨ ਨਾ ਮੰਨਣ।
ਪਤਾ ਹੈ ਹਾਕਮ ਬੜਾ ਕਮੀਨਾ
ਕਿਸੇ ਵੀ ਹੱਦ ਤੱਕ ਜਾ ਸਕਦਾ ਹੈ
ਆਪਸ ਵਿਚ ਲੜਾ ਸਕਦਾ ਹੈ।
ਖ਼ਲਕਤ ਸਾਰੀ ਜਾਣ ਗਈ ਹੈ
‘ਸ਼ੈਤਾਨੀ ਰੂਹ’ ਪਹਿਚਾਣ ਗਈ ਹੈ।
ਇਬਾਰਤ ਜੋ ਹੈ ਲਿਖੀ ਜਾ ਰਹੀ
ਨਾ ਕੇਵਲ ਸੰਭਾਲ ਕੇ ਰੱਖੀਂ
ਜਰਬਾਂ ਦੇਈਂ, ਰਸਤਾ ਭੰਨੀ, ਯੁੱਗ ਦੇਈਂ ਪਲਟਾਅ।
ਕਵਿਤਾ
- ਸਾਫ਼ੀਆ ‘ਹਯਾਤ’
ਖੇਤ ਮੇਰੇ ਬਾਬਲ ਦਾ ਸ਼ਮਲਾ
ਪੈਲੀਆਂ ਸਾਡੀਆਂ ਮਾਵਾਂ ਵਰਗੀਆਂ, ਫਸਲਾਂ ਧੀਆਂ ਭੈਣਾਂ।
ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ!
ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ!
ਮਾਵਾਂ ਧੀਆਂ ਭੈਣਾਂ ਦੇ ਬਿਨ ਘਰ ਕਾਹਦਾ ਘਰ ਰਹਿਣਾ!
ਪੈਲੀਆਂ ਦੇ ਵਿੱਚ ਬੀਜ ਬੀਜਦੇ ਰਲ ਮਿਲ ਬਾਬਲ ਵੀਰੇ,
ਕੁੱਲ ਜਹਾਨ ਨੂੰ ਰਿਜ਼ਕ ਵੰਡਦੇ ਭਰਨ ਤਮਾਮ ਜ਼ਖ਼ੀਰ।
ਖੇਤਾਂ ਦੇ ਸਿਰ ਉੱਤੇ ਬਾਬਲ ਮੇਰੇ ਦਾ ਘਰ ਵੱਸਦਾ,
ਖਿੜਨ ਕਪਾਹਾਂ ਖੇਤਾਂ ਵਿੱਚ ਜਦ, ਸਾਰਾ ਪਿੰਡ ਏ ਹੱਸਦਾ।
ਖੇਤ ਮੇਰੇ ਬਾਬਲ ਦਾ ਸ਼ਮਲਾ ਖੇਤ ਵੀਰੇ ਦੇ ਚੀਰੇ,
ਖੇਤਾਂ ਦੇ ਵਿੱਚ ਉਗਣ, ਧੀਆਂ ਦੇ ਵਰੀਆਂ ਦਾਜ ਕਲੀਰੇ।
ਹਾਕਮ ਦਾ ਖੁਦਗਰਜ਼ ਹੈ ਕਾਇਦਾ, ਤੇ ਬਦਕਾਰ ਕਾਨੂੰਨ,
ਪਰਚਮ ਹੈ ਕਿਰਦਾਰ ਅਸਾਡਾ, ਤੇ ਖ਼ੁਦਦਾਰ ਜਨੂੰਨ।
ਖੇਤਾਂ ਤੇ ਡਾਕਾ ਏ ਸਾਡੀ, ਪੱਤ ਤੇ ਪੱਗ ਤੇ ਡਾਕਾ,
ਪੈਣ ਨੀ ਦੇਣਾ ਡਾਕਾ ਅਸਾਂ ਇਹ ਪੈਣ ਨੀ ਦੇਣਾ ਡਾਕਾ।
ਧੀਆਂ ਦੀ ਰਾਖੀ ਨੇ ਕਰਦੇ ਸਦਾ ਪੰਜਾਬ ਦੇ ਜਾਏ,
ਪੈਲੀਆਂ ਦੀ ਵੀ ਕਰਨਗੇ ਸ਼ਾਲਾ ਦੁੱਲੇ ਦੇ ਹਮਸਾਏ।
ਨਜ਼ਮ
–ਨਾਜ਼ਿਮ ਹਿਕਮਤ
‘ਪੁੱਤਰ ਦੇ ਨਾਂ ਆਖ਼ਰੀ ਚਿੱਠੀ’
ਬੀਜਾਂ ‘ਚ, ਧਰਤੀ ‘ਚ, ਸਾਗਰ ‘ਚ
ਯਕੀਨ ਰੱਖੀਂ,
ਪਰ ਸਭ ਤੋਂ ਵੱਧ ਯਕੀਨ ਲੋਕਾਂ ‘ਚ ਰੱਖੀਂ।
ਬੱਦਲਾਂ ਨੂੰ, ਮਸ਼ੀਨਾਂ ਨੂੰ
ਤੇ ਕਿਤਾਬਾਂ ਨੂੰ ਪਿਆਰ ਕਰੀਂ,
ਪਰ ਸਭ ਤੋਂ ਵੱਧ
ਲੋਕਾਂ ਨੂੰ ਪਿਆਰ ਕਰੀਂ।
ਗਮਗੀਨ ਹੋਵੀਂ
ਇੱਕ ਸੁੱਕੀ ਟਾਹਣੀ ਲਈ,
ਇੱਕ ਮਰਦੇ ਹੋਏ ਤਾਰੇ ਲਈ,
ਤੇ ਇੱਕ ਜ਼ਖਮ ਖਾਧੇ ਜਾਨਵਰ ਲਈ,
ਪਰ ਸਭ ਤੋਂ ਡੂੰਘੇ ਅਹਿਸਾਸ
ਰੱਖੀਂ ਲੋਕਾਂ ਲਈ।
ਖੁਸ਼ੀ ਮਹਿਸੂਸ ਕਰੀਂ
ਧਰਤੀ ਦੀ ਹਰ ਰਹਿਮਤ ‘ਚ,
ਹਨੇਰੇ ਅਤੇ ਰੌਸ਼ਨੀ ‘ਚ,
ਚੌਹਾਂ ਰੁੱਤਾਂ ‘ਚ,
ਪਰ ਸਭ ਤੋਂ ਵਧਕੇ ਲੋਕਾਂ ‘ਚ। - ਗੁਰਮੀਤ ਕੜਿਆਲਵੀ