Now Reading
ਨਾਰੀ ਜਦੋ ਜਹਿਦ ਦਾ ਪ੍ਰਤੀਕ ਕੌਮਾਂਤਰੀ ਇਸਤਰੀ ਦਿਹਾੜਾ

ਨਾਰੀ ਜਦੋ ਜਹਿਦ ਦਾ ਪ੍ਰਤੀਕ ਕੌਮਾਂਤਰੀ ਇਸਤਰੀ ਦਿਹਾੜਾ

ਪ੍ਰੋ. ਜੈਪਾਲ ਸਿੰਘ
ਹਰ ਵਰ੍ਹੇ ਦੇ ਮਾਰਚ ਮਹੀਨੇ ਦੀ 8 ਤਰੀਕ ਨੂੰ ਸੰਸਾਰ ਭਰ ਵਿੱਚ ‘ਕੌਮਾਂਤਰੀ ਇਸਤਰੀ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਵਸ ਇਸਤਰੀਆਂ ਦੀ ਹਰ ਕਿਸਮ ਦੇ ਵਿਤਕਰਿਆਂ ਅਤੇ ਬਿਆਨੋਂ ਬਾਹਰੇ ਮਾਨਸਿਕ- ਜਿਸਮਾਨੀ ਅੱਤਿਆਚਾਰਾਂ ਤੋਂ ਮੁਕਤੀ ਤੇ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਲਈ ਜੱਦੋ ਜਹਿਦ ਅੱਗੇ ਵਧਾਉਣ ਦੇ ਮਹਾਨ ਉਦੇਸ਼ ਤਹਿਤ ਮਨਾਇਆ ਜਾਂਦਾ ਹੈ। ਇਸ ਦਿਨ ਸੰਸਾਰ ਭਰ ਵਿੱਚ ਸੈਮੀਨਾਰ, ਕਨਵੈਨਸ਼ਨਾਂ, ਰੈਲੀ-ਮੁਜਾਹਰੇ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਾਡੀ ਜਾਚੇ ਇਸ ਦਿਹਾੜੇ ਦਾ ਸ਼ੁਮਾਰ, ਮਾਨਵ ਜਾਤੀ ਦੇ ਸਭ ਤੋਂ ਮਹੱਤਵਪੂਰਨ ਅਤੇ ਲੋੜੀਂਦੇ ਤਿਓਹਾਰਾਂ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਦਿਨ ਦੀ ਮਹਾਨਤਾ ਕੇਵਲ ਇਸਤਰੀਆਂ ਤੱਕ ਹੀ ਸੀਮਤ ਨਹੀਂ ਸਮਝੀ ਜਾਣੀ ਚਾਹੀਦੀ।
ਮਨੁੱਖ ਜਾਤੀ ਦਾ, ਹਰ ਕਿਸਮ ਦੇ ਸ਼ੋਸ਼ਣ, ਵਿਤਕਰਿਆਂ, ਬੇਇਨਸਾਫੀ ਅਤੇ ਜਬਰ ਤੋਂ ਮੁਕਤ, ਸਮਾਨਤਾ ਤੇ ਅਧਾਰਿਤ ਸਮਾਜ ਸਿਰਜਣ ਦਾ ਸੰਘਰਸ਼, ਜਦੋਂ ਤੱਕ ਇਸਤਰੀਆਂ ਦੇ ਸਵੈਮਾਣ ਦੀ ਬਹਾਲੀ ਅਤੇ ਉਨ੍ਹਾਂ ਦੇ ਸਰਵਪੱਖੀ ਸਮਾਨ ਅਧਿਕਾਰਾਂ ਲਈ ਸੰਘਰਸ਼ ਦੀ ਤੀਬਰ ਇੱਛਾ ਨਾਲ ਲਬਰੇਜ਼ ਨਹੀਂ ਹੋਵੇਗਾ ਉਦੋਂ ਤੱਕ ਇਸ ਸੰਘਰਸ਼ ਦੀ ਸਫਲਤਾ ਅਸੰਭਵ ਹੈ। ਇਸਤਰੀਆਂ ਦੀ ਬੰਦ ਖਲਾਸੀ ਦੇ ਸੰਕਲਪ ਤੋਂ ਬਗੈਰ, ਮਨੁੱਖਤਾ ਦੀ ਸ਼ੋਸ਼ਣ ਅਤੇ ਵਿਤਕਰਿਆਂ ਤੋਂ ਮੁਕਤੀ ਦਾ ਸੰਕਲਪ ਅਧੂਰਾ ਹੈ।
ਏਸ਼ੀਆਈ ਉਪ ਮਹਾਂਦੀਪ ਦੇ ਦੇਸ਼ਾਂ, ਵਿਸ਼ੇਸ਼ ਕਰਕੇ ਭਾਰਤ ਵਿੱਚ ਇਸਤਰੀਆਂ, ਸੰਸਾਰ ਦੇ ਬਾਕੀ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਜ਼ਲਾਲਤ ਹੰਢਾਉਣ ਲਈ ਮਜਬੂਰ ਹਨ। ਨਾ ਕੇਵਲ ਬੇਰਹਿਮ ਆਰਥਕ ਲੁੱਟ, ਬਲਕਿ ਸੱਭਿਅਤਾ ਦੇ ਸਾਂਵੇ ਵਿਕਾਸ ਦੇ ਰਾਹ ਦਾ ਸਭ ਤੋਂ ਵੱਡੀ ਅੜਚਣ, ਪਿੱਤਰਸੱਤਾਵਾਦੀ ਮਾਨਸਿਕਤਾ ਚੋਂ ਜਨਮ ਲੈਣ ਵਾਲੇ ਅਮਾਨਵੀ ਜੁਲਮ ਅਤੇ ਵਿਤਕਰੇ, ਪੈਰ-ਪੈਰ ‘ਤੇ ਨਾ ਕੇਵਲ ਇਸਤਰੀਆਂ ਦੇ ਜਿਸਮਾਂ ਨੂੰ ਜਖ਼ਮੀ ਕਰਦੇ ਹਨ ਬਲਕਿ ਉਨ੍ਹਾਂ ਦੀਆਂ ਰੂਹਾਂ ਵੀ ਲਹੂ-ਲੁਹਾਣ ਹਨ। ਇਹ ਜ਼ੁਲਮ ਕਮਾਉਣ ਵਾਲਿਆਂ ਵਿੱਚ ਨਾ ਕੇਵਲ ਸ਼ੋਸ਼ਕ ਬਲਕਿ ਭਿਅੰਕਰ ਆਰਥਕ ਲੁੱਟ ਦਾ ਸ਼ਿਕਾਰ ਜਮਾਤਾਂ ਦੇ ਪੁਰਸ਼ ਵੀ ਸ਼ਾਮਲ ਹਨ। ਵਿਕਸਤ ਦੇਸ਼ਾਂ ਦੇ ਅਖੌਤੀ ਅਗਾਂਹ ਵਧੂ ਮਾਹੌਲ ‘ਚ ਇਸਤਰੀਆਂ ਨੂੰ ਵੀ ਖਪਤ ਦੀ ਵਸਤ ਹੀ ਬਣਾ ਦਿੱਤਾ ਗਿਆ ਹੈ। ਭਾਰਤ ਵਿੱਚ ਮੰਨੂਵਾਦ ਦੀ ਪੁੱਠ ਚੜ੍ਹੇ ਨਿਘਾਰਗ੍ਰਸਤ ਪੂੰਜੀਵਾਦੀ ਸਭਿਆਚਾਰ ਰਾਹੀਂ ਔਰਤਾਂ ਦਾ ਮਾਨਸਿਕ ਜਿਸਮਾਨੀ ਸ਼ੋਸ਼ਣ ਹੋਰ ਵੀ ਭੱਦੇ ਅਤੇ ਜ਼ਾਲਿਮਾਨਾ ਢੰਗਾਂ ਨਾਲ ਕੀਤਾ ਜਾਂਦਾ ਹੈ। ਇਸਤਰੀ ਨੂੰ ਸਦੀਵੀਂ ਗੁਲਾਮ ਰੱਖਣ ਦੀ ਵਕਾਲਤ ਕਰਦੀ ਮੰਨੂ ਸਿਮਰਤੀ, ਜਿਸ ਦਾ ਜਿਕਰ ਹੱਥਲੇ ਲੇਖ ਵਿੱਚ ਅੱਗੇ ਵਿਸਥਾਰ ਸਹਿਤ ਕੀਤਾ ਗਿਆ ਹੈ, ਉਕਤ ਨੱਖਿਧ ਵਰਤਾਰੇ ਦੀ ਮੁੱਖ ਸੂਤਰਧਾਰ ਹੈ। ਭਾਰਤ ਵਿੱਚ ਇਸਤਰੀ ਸਮਾਨਤਾ ਦਾ ਸੰਗਰਾਮ ਨਾ ਕੇਵਲ ਬੇਕਿਰਕ ਜਮਾਤੀ ਲੁੱਟ ਬਲਕਿ ਪਿਤਰਸੱਤਾ ਹਾਮੀ-ਮਨੂੰਵਾਦੀ ਵਿਚਾਰ ਚੌਖਟੇ ਦੇ ਖਾਤਮੇ ਤੋਂ ਬਗੈਰ ਜਿੱਤਿਆ ਜਾਣਾ ਅਸੰਭਵ ਹੈ।
ਐਪਰ ਇਹ ਤਸੱਲੀ ਵਾਲੀ ਗੱਲ ਹੈ ਕਿ ਇਸਤਰੀਆਂ ਵਿੱਚ ਜਾਗਰੂਕਤਾ ਅਤੇ ਲੜਾਕੂ ਸ਼ਕਤੀ ਚੋਖੀ ਮਾਤਰਾ ਵਿੱਚ ਤੇਜੀ ਨਾਲ ਵਧ ਰਹੀ ਹੈ। ਇਸ ਸੁਲੱਖਣੀ ਤਬਦੀਲੀ ਦਾ ਸਭ ਤੋਂ ਸ਼ਾਨਦਾਰ ਸਬੂਤ ਬੀਤੇ ਸਾਲ, ਲਾੱਕ ਡਾਊਨ ਤੋਂ ਪਹਿਲਾਂ ਸੀਏਏ, ਐਨਆਰਸੀ ਤੇ ਐਨਪੀਆਰ ਖਿਲਾਫ਼ ਦਿੱਲੀ ਸ਼ਾਹੀਨ ਬਾਗ ਮੋਰਚੇ ਵਿੱਚ ਇਸਤਰੀਆਂ ਦੀ ਸ਼ਾਨਾਮੱਤੀ ਭਾਗੀਦਾਰੀ ਅਤੇ ਅਗਵਾਈ ਦੀ ਕਾਬਲੀਅਤ ਤੋਂ ਮਿਲਦਾ ਹੈ। ਅਜਿਹੇ ਮੋਰਚੇ ਦੇਸ਼ ਭਰ ਦੇ ਦਰਜਨਾਂ ਹੋਰਨਾਂ ਸ਼ਹਿਰਾਂ ਵਿੱਚ ਵੀ ਉਸ ਸਮੇਂ ਲੱਗੇ ਸਨ। ਇਹ ਮਾਣ ਕਰਨ ਯੋਗ ਤੱਥ ਹੈ ਕਿ ਇਸ ਸਾਲ ਉਪਰ ਬਿਆਨੀ ਇਸਤਰੀ ਚੇਤਨਾ ਹੋਰ ਵੀ ਪ੍ਰਚੰਡ ਹੋਈ ਹੈ।
ਪੰਜਾਬ, ਹਰਿਆਣਾ, ਪੱਛਮੀ ਯੂਪੀ ਤੇ ਰਾਜਸਥਾਨ ਵਗੈਰਾ ਦੀਆਂ ਮਜ਼ਦੂਰ-ਕਿਸਾਨ ਔਰਤਾਂ ਨੇ ਦਿੱਲੀ ਦੇ ਆਲੇ-ਦੁਆਲੇ ਲੱਗੇ ਮੋਰਚਿਆਂ, ਟੋਲ ਪਲਾਜ਼ਿਆਂ, ਰੇਲਵੇ ਲਾਈਨਾਂ ਅਤੇ ਅੰਬਾਨੀਆਂ, ਅਡਾਨੀਆਂ ਦੇ ਸਟੋਰਾਂ ਅੱਗੇ ਲੱਗੇ ਧਰਨਿਆਂ ਤੇ ਹਜਾਰਾਂ ਦੀ ਗਿਣਤੀ ‘ਚ ਝੰਡੇ ਫੜ ਕੇ ਸਿਰਫ ਸ਼ਮੂਲੀਅਤ ਹੀ ਨਹੀਂ ਕੀਤੀ ਬਲਕਿ ਟੀਵੀ ਚੈਨਲਾਂ ਅੱਗੇ ਤਿੱਖੇ ਸੁਆਲਾਂ ਦਾ ਬੜੀ ਸਮਝਦਾਰੀ ਨਾਲ ਜਵਾਬ ਵੀ ਦਿੱਤਾ ਹੈ। ਬਹੁਤ ਵੱਡੀ ਗਿਣਤੀ ‘ਚ ਅਜਿਹੇ ਧਰਨੇ ਵੀ ਹਨ, ਜਿੱਥੇ ਸਟੇਜ ਸਕੱਤਰ ਤੋਂ ਲੈ ਕੇ ਬੁਲਾਰੇ ਤਕ ਹਰ ਪ੍ਰਬੰਧ ਸਿਰਫ ਔਰਤਾਂ ਦੇ ਹੱਥਾਂ ‘ਚ ਹੀ ਹਨ। ਸੋਸ਼ਲ ਮੀਡੀਆ ‘ਤੇ ਔਰਤਾਂ/ਲੜਕੀਆਂ ਹਰ ਤਰ੍ਹਾਂ ਨਾਲ ਫਿਰਕੂ ਫਾਸ਼ੀਵਾਦੀ ਸਰਕਾਰ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਰਹੀਆਂ ਹਨ। ਬੀਜੇਪੀ ਦੇ ਭਾੜੇ ਦੇ ਟਰੋਲਾਂ ਦੇ ਰੇਪ ਕਰਨ, ਕਤਲ ਕਰਨ ਦੇ ਡਰਾਵਿਆਂ ਅੱਗੇ ਅਡੋਲ ਖੜੀਆਂ ਹਨ। ਇੱਥੋਂ ਤਕ ਕਿ ਕੁਝ ਉੱਦਮੀ ਨੌਜਵਾਨ ਲੜਕੀਆਂ ਨੇ ਨਿਰੋਲ ਆਪਣੇ ਕੋਲੋਂ ਪੈਸਿਆਂ ਦਾ ਪ੍ਰਬੰਧ ਕਰਕੇ ਇੱਕ ਪੰਦਰਵਾੜਾ ਅਖਬਾਰ ‘ਕਰਤੀ ਧਰਤੀ’ ਕੱਢਿਆ ਹੈ, ਜੋ ਪੰਜਾਬੀ ਤੇ ਸ਼ਾਹਮੁੱਖੀ ‘ਚ ਛਪਦਾ ਹੈ ਤੇ ਜਿਸ ਦਾ ਅੰਗਰੇਜੀ ਅਨੁਵਾਦ ਕਰਤੀ ਧਰਤੀ ਡੌਟ ਕੌਮ ਦੀ ਵੈੱਬਸਾਈਟ ‘ਤੇ ਪਾਇਆ ਜਾਂਦਾ ਹੈ ਤਾਂ ਕਿ ਸਾਡੇ ਸੰਘਰਸ਼ ਦੀ ਆਵਾਜ਼ ਸਾਰੀ ਦੁਨੀਆਂ ਤੱਕ ਪਹੁੰਚਾਈ ਜਾ ਸਕੇ । ਸਮਾਜਿਕ ਤੌਰ ‘ਤੇ ਪਛੜੇ ਸਮਝੇ ਜਾਂਦੇ ਹਰਿਆਣੇ ਦੇ ਇਕ ਟੋਲ ਪਲਾਜੇ ਤੇ ਇੱਕ ਨੌਜਵਾਨ ਲੜਕੀ ਵੱਲੋਂ ਘੁੰਡ ਕੱਢ ਕੇ ਕੀਤੇ ਜੋਸ਼ ਭਰਪੂਰ ਭਾਸ਼ਣ ਦੀ ਵੀਡੀਓ ਵੀ ਬੇਹੱਦ ਜ਼ਿਆਦਾ ਵਾਇਰਲ ਹੋਈ ਹੈ ।
ਮਹਾਨ ਕਾਰਲ ਮਾਰਕਸ ਨੇ ਲਿਖਿਆ ਸੀ ਕਿ, ‘ਹੁਣ ਤੱਕ ਦਾ ਇਤਹਾਸ ਜਮਾਤੀ ਸੰਘਰਸ ਦਾ ਇਤਹਾਸ ਹੈ’। ਠੀਕ ਉਵੇਂ ਹੀ ਔਰਤ ਮਰਦ ਦੀ ਬਰਾਬਰੀ ਲਈ ਸਿਰਜਿਆ ਇਤਿਹਾਸ ਵੀ ਦੋ ਵਿਰੋਧੀ ਵਿਚਾਰਾਂ ਤੇ ਉਨ੍ਹਾਂ ਚੋਂ ਉਤਪੰਨ ਹੋਏ ਸੰਘਰਸ਼ਾਂ ਦਾ ਇਤਿਹਾਸ ਹੈ। ਜੇ ਅਸੀਂ ਔਰਤਾਂ ਬਾਰੇ ਸੰਸਾਰ ਭਰ ਦੇ ਮਸ਼ਹੂਰ ਲੋਕਾਂ ਦੀਆਂ ਕੁਟੇਸ਼ਨਾਂ ਤੇ ਝਾਤ ਮਾਰੀਏ ਤਾਂ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਨੇ ਔਰਤਾਂ ਵਿਰੁੱਧ ਜ਼ਹਿਰ ਉਗਲਿਆ ਹੈ। ਪਰ ਇਨ੍ਹਾਂ ਸਾਰਿਆਂ ਚੋਂ ‘ਮਨੂ ਸਮਰਿਤੀ’ ਔਰਤਾਂ ਦੀ ਸਭ ਤੋਂ ਵੱਧ ਦੋਖੀ ਹੈ ਜਿਸ ਵਿੱਚ ਬਾਕਾਇਦਾ ਵਿਧੀ ਵਿਧਾਨ ਸਿਰਜ ਕੇ ਜਿੱਥੇ ਸ਼ੂਦਰਾਂ ਵਿਰੁੱਧ ਬੇਹੱਦ ਯੋਜਨਾਬੱਧ ਤਰੀਕੇ ਨਾਲ ਵਿਤਕਰਾ ਪੱਕੇ ਪੈਰੀਂ ਕੀਤਾ ਗਿਆ ਹੈ, ਉੱਥੇ ਔਰਤਾਂ ਵਿਰੁੱਧ ਵੀ ਬਹੁਤ ਸਖ਼ਤ ਨਿਯਮ ਬਣਾਏ ਗਏ ਹਨ। ਇਸ ਦੀਆਂ ਕੁਝ ਕੁ ਵੰਨਗੀਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਡਾ. ਕਰਮਜੀਤ ਸਿੰਘ ਜੀ ਵੱਲੋਂ ਲਿਖੀ ਕਿਤਾਬ, ‘ਗੈਰ ਬਰਾਬਰੀ ਦਾ ਦਸਤਾਵੇਜ਼-ਮਨੂ ਸਮ੍ਰਿਤੀ’, ਵਿੱਚੋਂ ਪੜ੍ਹੀਆਂ ਜਾ ਸਕਦੀਆਂ ਹਨ। ਇਸ ਮੁਤਾਬਕ ਪਤੀ ਚੁਣਨ ਦਾ ਅਧਿਕਾਰ ਪਿਓ-ਭਰਾ ਨੂੰ ਹੀ ਹੈ, ਜਿਸ ਤੋਂ ਲੜਕੀ ਇਨਕਾਰ ਨਹੀਂ ਕਰ ਸਕਦੀ। ਅੱਜ ਵੀ ਇਸੇ ਲੀਹ ‘ਤੇ ਚਲਦਿਆਂ ਆਜ਼ਾਦ ਮਰਜ਼ੀ ਨਾਲ ਸ਼ਾਦੀ ਕਰਵਾਉਣ ਵਾਲੀਆਂ ਕੁੜੀਆਂ ਦੇ ਅਣਖ ਦੇ ਨਾਂ ਤੇ ਕਤਲ ਤੱਕ ਵੀ ਕਰ ਦਿੱਤੇ ਜਾਂਦੇ ਹਨ। ਕਦੇ ਕਦੇ ਤਾਂ ਅਸੀਂ ਵਕੀਲ, ਪ੍ਰੋਫੈਸਰ, ਡਾਕਟਰ ਤੇ ਕਿਸੇ ਕੰਪਨੀ ਦੀ ਵੱਡੀ ਅਫਸਰ ਦੇ ਆਪਣੀ ਮਰਜ਼ੀ ਨਾਲ ਕੀਤੇ ਵਿਆਹ ਉਪਰੰਤ ਪੇਕਿਆਂ ਵੱਲੋਂ ਉਸਨੂੰ ਤਾ-ਉਮਰ ਛੇਕਿਆ ਗਿਆ ਵੀ ਦੇਖਦੇ ਹਾਂ। ਜਦਕਿ ਆਪਣੇ ਕਿੱਤੇ ‘ਚ ਉਹ ਰੋਜ਼ਾਨਾ ਹੀ ਲੋਕਾਂ ਬਾਰੇ ਫੈਸਲੇ ਕਰਦੀ ਹੈ, ਪਰ ਉਸ ਦੇ ਆਪਣੇ ਵਿਆਹ ਦਾ ਫੈਸਲਾ ਕਰਨ ਦਾ ਉਸ ਦਾ ਅਧਿਕਾਰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ।
ਮਨੂੰ ਸਿਮਰਤੀ ਕਹਿੰਦੀ ਹੈ ਬਾਲ ਅਵਸਥਾ ਵਿੱਚ ਇਸਤਰੀ ਪਿਤਾ ਦੇ ਵੱਸ ਵਿਚ, ਜਵਾਨ ਅਵਸਥਾ ਵਿੱਚ ਪਤੀ ਦੇ ਵੱਸ ਵਿਚ ਅਤੇ ਪਤੀ ਦੇ ਮਰਨ ਉਪਰੰਤ ਪੁੱਤਰਾਂ ਦੇ ਵੱਸ ਵਿੱਚ ਰਹੇ, ਪਰ ਸੁਤੰਤਰ ਨਾ ਰਹੇ। ਸਾਫ਼ ਹੈ ਕਿ ਜਿੱਥੇ ਅਸੀਂ ਡਾ. ਬੀ.ਆਰ. ਅੰਬੇਦਕਰ ਸਾਹਿਬ, ਮਹਾਤਮਾ ਗਾਂਧੀ ਜੀ ਅਤੇ ਸ਼ਹੀਦ ਭਗਤ ਸਿੰਘ ਵੱਲੋਂ ਪ੍ਰਚਾਰੇ ਅਤੇ ਸਾਡੇ ਸੰਵਿਧਾਨ ‘ਚ ਦਰਜ ਕੀਤੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਬੜੇ ਫਖ਼ਰ ਨਾਲ ਜ਼ਿਕਰ ਕਰਦੇ ਹਾਂ, ਉੱਥੇ ਅਸੀਂ ਅਚੇਤ ਰੂਪ ‘ਚ ਮਨੂੰਵਾਦ ਦੇ ਕੱਟੜ ਧਾਰਨੀ ਬਣ ਕੇ ਔਰਤਾਂ ਦੀ ਸੁਤੰਤਰਤਾ ਦਾ ਡਟ ਕੇ ਵਿਰੋਧ ਕਰਦੇ ਹਾਂ। ਤੁਲਸੀ ਰਮਾਇਣ ਦੇ ਰਚੈਤਾ ਸਵਾਮੀ ਤੁਲਸੀਦਾਸ ਨੇ ਤਾਂ ‘ਢੋਲ, ਗੰਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਕੇ ਅਧਿਕਾਰੀ’ ਲਿਖ ਕੇ ਔਰਤਾਂ ਤੇ ਸ਼ੂਦਰਾਂ ਨੂੰ ਇਨਸਾਨ ਨਹੀਂ ਪਸ਼ੂਆਂ ਦਾ ਦਰਜਾ ਦੇ ਮਾਰਿਆ। ਪਰ ਅੱਡ-ਅੱਡ ਸਮਿਆਂ ਤੇ ਮਨੂੰ ਸਮ੍ਰਿਤੀ ਦੇ ਆਦੇਸ਼ਾਂ ਵਿਰੁੱਧ ਤੇ ਕਈ ਕਰਮਕਾਂਡਾਂ ਵਿਰੁੱਧ ਆਵਾਜ਼ਾਂ ਵੀ ਉੱਠੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ’ ਲਿਖ ਕੇ ਔਰਤ ਦੇ ਮਾਣ ਸਨਮਾਨ ਨੂੰ ਬਹਾਲ ਕੀਤਾ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਅਤਿ ਘਿਨਾਉਣੀ ਸਤੀ ਪ੍ਰਥਾ ਦਾ ਵਿਰੋਧ ਕੀਤਾ। ਮੰਨੂਵਾਦ ਵਿਰੁੱਧ ਇਸ ਸੰਘਰਸ਼ ਦੀ ਅਜੇ ਬਹੁਤ ਵੱਡੀ ਲੜਾਈ ਸਾਡੇ ਸਾਹਮਣੇ ਬਾਕੀ ਹੈ। ਕਿਉਂਕਿ ਸਾਡੇ ਵਿਚੋਂ ਬਹੁਤ ਸਾਰੇ ਮਨੂਵਾਦ ਵਿਰੁੱਧ ਲੜਾਈ ਨੂੰ ਸਿਰਫ਼ ਜਾਤ-ਪਾਤ ਵਿਰੁੱਧ ਲੜਾਈ ਹੀ ਮੰਨਦੇ ਹਨ, ਔਰਤਾਂ ਖ਼ਿਲਾਫ਼ ਵਿਤਕਰੇ ਦੂਰ ਕਰਨ ਦੀ ਲੜਾਈ ਨਹੀਂ ਮੰਨਦੇ।
ਅੱਜ ਸਾਡੇ ਦੇਸ਼ ਦੀ ਬੀਜੇਪੀ ਸਰਕਾਰ ਆਰਐੱਸਐੱਸ ਦੀ ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ‘ਤੇ ਚੱਲ ਕੇ ਸਾਡੇ ਸੰਵਿਧਾਨ ਦੀਆਂ ਬਹੁਤ ਸਾਰੀਆਂ ਅਗਾਂਹਵਧੂ ਧਾਰਨਾਵਾਂ ਦਾ ਮਲੀਆ ਮੇਟ ਕਰ ਰਹੀ ਹੈ ਅਤੇ ਸੰਘ ਪਰਿਵਾਰ ਦੇ ਕਿੰਨੇ ਹੀ ਨੇਤਾ ਮੰਨੂ ਸਮ੍ਰਿਤੀ ਨੂੰ ਦੇਸ਼ ਦੇ ਸਦੀਆਂ ਪੁਰਾਣੇ ਸੰਵਿਧਾਨ ਵਜੋਂ ਵਡਿਆ ਕੇ ਲਾਗੂ ਕਰਨ ਦੇ ਮਨਸੂਬੇ ਜ਼ਾਹਰ ਕਰਦੇ ਹਨ। ਅਜਿਹੇ ਮਨਸ਼ੇ ਨਾ ਸਿਰਫ਼ ਸਿੱਖ ਗੁਰੂਆਂ ਤੇ ਸਮੁੱਚੀ ਭਗਤੀ ਲਹਿਰ ਵੱਲੋਂ ਲੜੀ ਗਈ ਵਿਚਾਰਧਾਰਕ ਲੜਾਈ ਦਾ ਨਿਖੇਧ ਕਰਨ ਦੇ ਤੁੱਲ ਹਨ, ਬਲਕਿ ਔਰਤਾਂ, ਦਲਿਤਾਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਹਥਿਆਰ ਹਨ। ਉਨ੍ਹਾਂ ਦੀ ਅਜਿਹੀ ਮਾਨਸਿਕਤਾ ਚੋਂ ਹੀ ਹਾਥਰਸ, ਉਨਾਓ, ਕਠੂਆ ਤੇ ਦਿੱਲੀ ਦੇ ਦਾਮਿਨੀ ਵਰਗੇ ਭਿਆਨਕ ਕਾਂਡ ਨਿੱਤ ਦਾ ਵਰਤਾਰਾ ਬਣ ਰਹੇ ਹਨ ਤੇ ਬੀਜੇਪੀ ਦੇ ਅਹੁਦੇਦਾਰ, ਐਮਐਲਏ, ਐਮਪੀ ਤੇ ਮੰਤਰੀ ਤੱਕ ਬੜੀ ਬੇਸ਼ਰਮੀ ਨਾਲ ਬਲਾਤਕਾਰੀਆਂ ਦੀ ਪਿੱਠ ‘ਤੇ ਖੜ੍ਹਦੇ ਹਨ। ਔਰਤਾਂ ਨੂੰ ਆਪਣੀ ਜਥੇਬੰਦੀ ਰਾਹੀਂ ਇਸ ਮਨੂਵਾਦੀ ਸੋਚ ਦੇ ਧਾਰਨੀਆਂ ਵਿਰੁੱਧ ਲੜਨਾ ਹੀ ਪੈਣਾ ਹੈ ਅਤੇ ਕਿਉਂਕਿ ਇਹ ਸਮਾਜਿਕ ਵਰਤਾਰਾ ਹੈ ਇਸ ਲਈ ਸਮੁੱਚੇ ਲੋਕਾਂ ਨੂੰ ਵੀ ਇਸ ਔਰਤ-ਮਰਦ ਬਰਾਬਰੀ ਦੀ ਲੜਾਈ ‘ਚ ਪੂਰਾ ਹਿੱਸਾ ਪਾਉਣਾ ਚਾਹੀਦਾ ਹੈ।
ਯੂਐਨਓ ਵੱਲੋਂ ਇਸ ਵਰ੍ਹੇ ਦੇ ਅੰਤਰਰਾਸ਼ਟਰੀ ਔਰਤ ਦਿਵਸ ਦਾ ਥੀਮ ਹੈ-‘ਕੋਰੋਨਾ ਬਿਮਾਰੀ ਵਿਰੁੱਧ ਔਰਤ-ਵਿਗਿਆਨੀਆਂ ਵੱਲੋਂ ਮੂਹਰਲੀ ਕਤਾਰ ਵਿੱਚ ਰਹਿਕੇ ਕੀਤੀ ਲੜਾਈ’। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਧਰਤੀ ਦਾ ਵਾਤਾਵਰਨ ਬਚਾਉਣ ਲਈ ਸਵੀਡਨ ਦੀ ਸਿਰਫ਼ 16 ਸਾਲ ਦੀ ਲੜਕੀ ਗ੍ਰੇਟਾ ਥਨਬਰਗ ਨੇ 2019 ਵਿੱਚ ਸਕੂਲੀ ਬੱਚਿਆਂ ਨੂੰ ਪ੍ਰੇਰਨਾ ਦੇ ਇਰਾਦੇ ਨਾਲ ‘ਹਰ ਸ਼ੁੱਕਰਵਾਰ ਸਾਡੇ ਭਵਿੱਖ ਦੇ ਨਾਂ’ ਦੀ ਮੁਹਿੰਮ ਚਲਾਈ ਤੇ ਕਰੋੜਾਂ ਬੱਚੇ ਉਸ ਵਿੱਚ ਸ਼ਾਮਲ ਹੋਏ। ਜਿਨ੍ਹਾਂ ਵਿੱਚ ਜ਼ਿਆਦਾਤਰ ਲੜਕੀਆਂ ਸਨ। ਇਸੇ ਗ੍ਰੇਟਾ ਥਨਬਰਗ ਨੇ ਅਮਰੀਕਾ ਦੇ ਤਤਕਾਲੀ ਰਾਸਟਰਪਤੀ ਡੋਨਾਲਡ ਟਰੰਪ ਸਮੇਤ ਸਮੂਹ ਦੇਸ਼ਾਂ ਦੇ ਮੁਖੀਆਂ ਨੂੰ ਚੈਲੇਂਜ ਕੀਤਾ ਕਿ ‘ਤੁਹਾਡੀ ਜੁਰ੍ਹੱਅਤ ਕਿਵੇਂ ਪਈ ਕਿ ਮੇਰੇ ਵਰਗੇ ਬੱਚਿਆਂ ਦੇ ਭਵਿੱਖ ਨੂੰ ਕਾਰਪੋਰੇਟ ਘਰਾਣਿਆਂ ਹੱਥੋਂ ਤਬਾਹ ਕਰਾਉਣ ਲਈ ਧਰਤੀ ਦੇ ਸਰੋਤਾਂ ਦੀ ਅੰਨ੍ਹੇਵਾਹ ਲੁੱਟ ਕੀਤੀ ਜਾਵੇ ਤੇ ਸਾਡੇ ਵਾਤਾਵਰਨ ਨੂੰ ਨਾ ਰਹਿਣ ਯੋਗ ਬਣਾਇਆ ਜਾਵੇ।’ ਹੁਣ ਜਦੋਂ ਇਸੇ ਲੜਕੀ, ਜੋ ਸਿਰਫ਼ 18 ਸਾਲ ਦੀ ਹੀ ਹੈ ਨੇ, ਡਟ ਕੇ ਕਿਸਾਨੀ ਘੋਲ ਦਾ ਸਮਰਥਨ ਕੀਤਾ ਤੇ ਇਸ ਦੀ ਮੁਹਿੰਮ ਤੋਂ 2019 ਤੋਂ ਪ੍ਰੇਰਿਤ ਹੋ ਕੇ ਵਾਤਾਵਰਨ ਦੀ ਰੱਖਿਆ ‘ਚ ਜੁਟੀ ਬੰਗਲੌਰ ਦੀ 21 ਸਾਲਾਂ ਲੜਕੀ ਦਿਸ਼ਾ ਰਾਵੀ ਨੇ ਵੀ ਅੰਤਰਰਾਸਟਰੀ ਪੱਧਰ ‘ਤੇ ਕਿਸਾਨੀ ਘੋਲ ਲਈ ਹਮਾਇਤ ਜੁਟਾਉਣ ਖਾਤਰ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਤਾਂ ਉਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਹੋ ਗਿਆ ਅਤੇ ਉਸ ਨੇ ਆਪਣੀ ਜਮਾਨਤ ਲਈ ਹੋਈ ਬਹਿਸ ‘ਚ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਕਿਹਾ ਕਿ ਜੇਕਰ ਕਿਸਾਨੀ ਘੋਲ ਦਾ ਸਮਰਥਨ ਕਰਨਾ ਦੇਸ਼ ਧ੍ਰੋਹ ਹੈ ਤਾਂ ਉਸ ਨੂੰ ਜਮਾਨਤ ਨਾ ਦਿੱਤੀ ਜਾਵੇ ਅਤੇ ਉਹ ਜੇਲ੍ਹ ‘ਚ ਹੀ ਚੰਗੀ ਹੈ।
ਆਓ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੌਕੇ ‘ਤੇ ਅਸੀਂ ਹਰ ਗਲੀ, ਮੁਹੱਲੇ, ਹਰ ਪਿੰਡ ਤੇ ਹਰ ਘਰ ਚ ਮਨੂੰਵਾਦ ਦੇ ਥੋਪੇ ਗਏ ਮਰਦ ਪ੍ਰਧਾਨ ਸਮਾਜ ਦੇ ਬੰਧਨਾਂ ਵਿਰੁੱਧ ਫਾਸ਼ੀਵਾਦੀ ਸਰਕਾਰ ਵੱਲੋਂ ਜਾਤ ਧਰਮ ਦੇ ਨਾਂ ‘ਤੇ ਲੜਾਉਣ ਦੀਆਂ ਚਾਲਾਂ ਵਿਰੁੱਧ ਤੇ ਸਰਕਾਰੀ ਸ਼ਹਿ ਪ੍ਰਾਪਤ ਬਲਾਤਕਾਰੀਆਂ ਵਿਰੁੱਧ ਤੇ ਹਰ ਕਿਸਮ ਦੇ ਵਿਤਕਰੇ ਵਿਰੁੱਧ ਇਕ ਜਥੇਬੰਦਕ ਤਾਕਤ ਵੱਜੋਂ ਉੱਭਰੀਏ ਤੇ ਇਨ੍ਹਾਂ ਵਿਤਕਰਿਆਂ ਨੂੰ ਜਨਮ ਦਿੰਦੀ ਕਾਣੀ ਵੰਡ ਦੇ ਪ੍ਰਬੰਧ ਨੂੰ ਜੜ੍ਹੋਂ ਪੁੱਟੀਏ।
ਨਾਮਵਰ ਪ੍ਰਗਤੀਵਾਦੀ ਸ਼ਾਇਰ ਜਨਾਬ ਮਜ਼ਾਜ਼ ਲਖਨਵੀ ਦੇ ਸੰਸਾਰ ਪ੍ਰਸਿੱਧ ਸ਼ਿਅਰ
”ਤੇਰੇ ਮਾਥੇ ਪੇ ਯੇ ਆਂਚਲ ਬਹੁਤ ਖੂਬ ਹੈ ਲੇਕਿਨ
ਤੂ ਇਸ ਆਂਚਲ ਸੇ ਏਕ ਪਰਚਮ ਬਨਾ ਲੇਤੀ ਤੋਂ ਅੱਛਾ ਥਾ”
ਤੋਂ ਪ੍ਰੇਰਣਾ ਲੈਂਦੇ ਹੋਏ ਸੰਘਰਸ਼ੀ ਰਾਹਾਂ ‘ਤੇ ਅੱਗੇ ਵੱਧਣ ਦੇ ਸੁਵੱਲੇ ਵਰਤਾਰੇ ਨੂੰ ਮੰਜ਼ਿਲ ਤੱਕ ਲੈ ਜਾਣਾ ਕੇਵਲ ਔਰਤਾਂ ਦਾ ਹੀ ਨਹੀਂ ਬਲਕਿ ਜਮਹੂਰੀ ਲਹਿਰ ਦੇ ਹਰ ਕਾਰਕੁੰਨ ਦਾ ਫਰਜ਼ ਹੈ।

Scroll To Top