ਕਹਾਣੀ
ਤੂੰ ਜਾਹ ਡੈਡੀ
- ਗੁਰਮੀਤ ਕੜਿਆਲਵੀ
ਕੀ ਕਰਾਂ ਡੈਡੀ? ਮੇਰੀ ਜਾਨ ਟੁੱਟਦੀ ਜਾਂਦੀ ਐ, ਜਿਵੇਂ ਕੋਈ ਤੱਤੀ-ਤੱਤੀ ਸੀਖ ਮੇਰੇ ਸਰੀਰ ਵਿਚੋਂ ਦੀ ਲੰਘਾ ਰਿਹਾ ਹੋਵੇ। ਮੈਨੂੰ ਨ੍ਹੀ ਲੱਗਦਾ ਅੱਜ ਦਾ ਦਿਨ ਕੱਢੂੰ ਮੈਂ। ਘੜੀ ਪਲ ਦੀ ਖੇਡ ਐ। ਟੁੱਟਗੀਆਂ ਡੋਰਾਂ। ਉੱਡਗੇ ਪੰਛੀ ਪਿੰਜਰੇ ‘ਚੋਂ ਫੁਰਰ ਕਰਕੇ। ਡੈਡੀ ਤੂੰ ਕਦੇ-ਕਦੇ ਗਾਉਂਦਾ ਹੁੰਦਾ ਏਂ ਨਾ ਸਾਧੂ ਦਯਾ ਸਿੰਘ ਦਾ ਕਿੱਸਾ ‘ਅਖੇ ਜਾਨ ਸੰਘ ਦੇ ਵਿੱਚ ਨ੍ਹੀ ਅੜੀ ਰਹਿਣੀ’, ਨਿੱਕਾ ਹੁੰਦਾ ਸੁਣਦਾ ਹੁੰਦਾ ਸਾਂ। ਹੁਣ ਤਾਂ ਆਗੇ ਧੁਰ ਦਰਗਾਹੋਂ ਸੱਦੇ।
ਲੈ ਪੈ ਗਈਆਂ ਹਾਕਾਂ। ਰਹਿਜੂ ਦੂਰ ਪਿੱਛੇ ਤੇਰੀ ਰੰਗਲੀ ਦੁਨੀਆਂ। ਮਾਰ ਲੈ ਜਾਂਦੀ ਵਾਰ ਦੀਆਂ ਹਾਕਾਂ। ਡੈਡੀ ਤੂੰ ਹੀ ਤਾਂ ਗਾਉਂਦਾ ਹੁੰਦਾ ਸੀ, ”ਜੀਅ ਨ੍ਹੀ ਜਾਣ ਨੂੰ ਕਰਦਾ ਰੰਗਲੀ ਦੁਨੀਆਂ ‘ਤੋਂ।” ਕੀਹਦਾ ਜੀਅ ਕਰਦਾ ਐ? ਸੱਚੀਂ ਡੈਡੀ ਮੇਰਾ ਵੀ ਜੀਅ ਨ੍ਹੀ ਕਰਦਾ। ਮੇਰੇ ਨੇੜੇ ਜ੍ਹੇ ਹੋਜਾ, ਮੈਨੂੰ ਗਲਵਕੜੀ ਪਾਕੇ, ਛਾਤੀ ਨਾਲ ਘੁੱਟ ਲੈ। ਹਾਅ! ਕਿੰਨਾ ਨਿੱਘ ਆ ਗਿਆ। ਬੱਸ ਆਏਂ ਲਾਈ ਰੱਖ ਛਾਤੀ ਨਾਲ, ਸ਼ਾਇਦ ਜਿੰਦ ਸੰਘ ‘ਚ ਈ ਅੜੀ ਰਹਿਜੇ? ਸ਼ਾਇਦ ਤੇਰੇ ਆਲੀ ਰੰਗਲੀ ਦੁਨੀਆਂ ਹੋਰ ਦੇਖਲਾਂ ਕੁੱਝ ਚਿਰ ?
ਕਿੱਥੇ ਲੈ ਆਇਐਂ ਮੈਨੂੰ? ਕੀ ਕਰਨਗੇ ਤੇਰੇ ਇਹ ਨਸ਼ਾ ਛੁਡਾਊ ਕੇਂਦਰ ਵਾਲੇ? ਸੱਚੀ ਦੱਸਾਂ, ਹੁਣ ਕੁੱਝ ਵੱਸ ਨ੍ਹੀ ਇਹਨਾਂ ਦੇ। ਹੁਣ ਤਾਂ ਡੋਰਾਂ ਢਿੱਲੀਆਂ ਛੱਡੋ। ਜਾਣ ਦਿਓ ਜਿੰਦ ਆਲੀ ਗੁੱਡੀ ਅੱਧ ਅਸਮਾਨੀਂ। ਲਾਉਣ ਦਿਓ ਅੰਬਰੀਂ ਉਡਾਰੀਆਂ। ਲੁੱਟਣ ਦਿਓ ਬੁੱਲ੍ਹੇ। ਤੇਰੇ ਜਲਾਲਾਬਾਦੀਏ ਸਾਧੂ ਦਯਾ ਸਿੰਹੁ ਦੀ ਆਖਤ, ”ਦਾਰੂ ਬੂਟੀਆਂ ਲੱਖ ਇਲਾਜ਼ ਕਰਲਾ, ਜਿੰਦ ਨਹੀਂ ਹਕੀਮ ਦੀ ਫੜੀ ਰਹਿਣੀ।” ਹੁਣ ਤਾਂ ਭੌਰ ਉਡਜੂੰ-ਉਡਜੂੰ ਕਰਦੈ। ਛੱਡੋ ਖਹਿੜਾ। ਮਾਰਨ ਦਿਓ ਜਿੰਦ ਦੇ ਭੌਰ ਨੂੰ ਉਡਾਰੀ। ਮੈਥੋਂ ਹੁਣ ਹੋਰ ਨ੍ਹੀ ਸਹਾਰਿਆ ਜਾਣਾ। ਪੋਟਾ-ਪੋਟਾ ਕਰਕੇ ਮਰਨਾ ਬੜਾ ਔਖਾ ਐ, ਇਸਤੋਂ ਚੰਗਾ ਮਰ ਜਾਣ ਦਿਓ ਇੱਕੇ ਵਾਰੀ।
ਸੱਚੀ ਦੱਸਾਂ! ਬੜਾ ਔਖਾ ਹੋਇਆ ਪਿਆ ਤੇਰੀਆਂ ਅੱਖਾਂ ਦਾ ਸਾਹਮਣਾ ਕਰਨਾ। ਜਦੋਂ ਤੇਰੇ ਚਿਹਰੇ ਵੱਲ ਵੇਖਦਾ ਹਾਂ…………… ਅੱਖਾਂ ਵਿੱਚ ਸਮੁੰਦਰ ਉੱਤਰ ਆਉਂਦਾ ਐ। ਤੇਰੀ ਕਰੜ-ਬਰੜੀ ਦਾਹੜੀ ਉੱਤੋਂ ਤਿੱਪ-ਤਿੱਪ ਵਗਦੇ ਹੰਝੂ ਵੇਖੇ ਨ੍ਹੀ ਜਾਂਦੇ। ਜੀਅ ਕਰਦੈ ਡੀਕ ਲਾ ਕੇ ਪੀ ਲਵਾਂ ਤੇਰੇ ਸਾਰੇ ਹੰਝੂ, ਪਰ……..? ਕੁਛ ਨ੍ਹੀ ਕਰ ਸਕਦਾ ਮੈਂ। ਲਾਸ਼ ਵਾਂਗ ਨਸ਼ਾ ਛੁਡਾਊ ਹਸਪਤਾਲ ਦੇ ਬੈੱਡ ਤੇ ਪਿਆਂ…. ਨਾ ਅਹਿਲ। ਆਪਣੇ ਆਪ ਤਾਂ ਹੱਥ ਪੈਰ ਵੀ ਨ੍ਹੀ ਹਿਲਾ ਸਕਦਾ। ਉਫ……!
ਉਂਜ ਚੰਗਾ ਕੀਤਾ ਤੂੰ ਘਰਦੇ ਜੀਆਂ ਨੂੰ ਨਾਲ ਨ੍ਹੀ ਲਿਆਂਦਾ। ਬੀਬੀ ਦੇ ਹੰਝੂਆਂ ਨੇ ਤਾਂ ਹਸਪਤਾਲ ਦੀਆਂ ਕੰਧਾਂ ਈ ਸਿੱਲੀਆਂ ਕਰ ਦੇਣੀਆਂ ਸੀ। ਕਿੰਨ੍ਹੇ ਮਹੀਨੇ ਹੋਗੇ, ਸੁੱਤੀ ਨਹੀਂ ਵਿਚਾਰੀ। ਸਾਰੀ-ਸਾਰੀ ਰਾਤ ਤਾਂ ਮੇਰੇ ਸਰਾਣ੍ਹੇ ਬੈਠੀ ਰਹਿੰਦੀ। ਤੇਰੇ ਗੌਣ ਆਗੂੰ…… ‘ਸੋਏ! ਪੁੱਤਰਾਂ ਦੇ ਦਰਦ ਬੁਰੇ ਮਾਂ ਰੱਖ ਕੇ ਸਰਾਣ੍ਹੇ ਦੁੱਧ ਰੋਏ।’ ਪੋਲੇ-ਪੋਲੇ ਹੱਥ ਫੇਰਦੀ ਮੇਰੇ ਵਾਲਾਂ ਵਿੱਚ। ਚੰਗਾ ਕੀਤਾ ਨਾਲ ਨ੍ਹੀ ਲਿਆਂਦਾ, ਨਹੀਂ ਮੇਰੇ ਵਰਗਿਆਂ ਨੂੰ ਹਸਪਤਾਲ ਦੇ ਬੈੱਡਾਂ ‘ਤੇ ਲਾਸ਼ਾਂ ਬਣੇ ਪਏ ਵੇਖ ਤਿੱਪ-ਤਿੱਪ ਮੁੱਕਦੀ। ਮਾਂ ਦੀ ਆਖਤ, ‘ਪੁੱਤ ਤਾਂ ਅੱਖਾਂ ਅੱਗੇ ਉਡੂੰ-ਉਡੂੰ ਕਰਦਾ ਹੋਵੇ, ਸਿਹਰਾ ਬੰਨ੍ਹ ਕੇ ਕਿਸੇ ਰਾਜ ਕੁਮਾਰ ਵਾਂਗ ਘੋੜੀ ‘ਤੇ ਚੜਿਆ।’ ਕੋਈ ਵੀ ਮਾਂ ਆਪਣੇ ਪੁੱਤ ਬਾਰੇ ਤਾਂ ਹੋਰ ਕੁੱਛ ਸੋਚ ਈ ਨੀ ਸਕਦੀ। ਘਰ ਵਿੱਚ ਛੰਮ-ਛੰਮ ਕਰਦੀ ਫਿਰਦੀ ਨੂੰਹ ਅਤੇ ਵਿਹੜੇ ‘ਚ ਖੇਡਦੇ ਪੋਤੇ-ਪੋਤੀਆਂ ਉਹਦੀਆਂ ਅੱਖਾਂ ‘ਚ ਪੀਂਘ ਵਾਗੂੰ ਝੁੱਲਦੇ ਐ ਹਰ ਵੇਲੇ। ਪਰ ਇੱਥੇ!……. ਚੰਗਾ ਕੀਤਾ ਤੂੰ। ਸ਼ੈਂਤ ਮੇਰੀ ਜਾਨ ਸੌਖੀ ਨਿੱਕਲਜੇ। ਬੀਬੀ ਦੇ ਹੰਝੂਆਂ ਨੇ ਤਾਂ ਜਾਨ ਵੀ ਸੰਘ ‘ਚ ਅੜਾਈ ਰੱਖਣੀ ਸੀ।
ਕਾਹਨੂੰ ਐਵੇਂ ਮੇਰੀ ਮਿੱਟੀ ਖਰਾਬ ਕਰਦੈ। ਹੈਂ ਨੀ ਮੇਰੀ ਦੇਹੀ ‘ਚ ਕੁੱਝ। ਹਾਅ ਤੇਰੇ ਨਸ਼ਾ ਛੁਡਾਊ ਕੇਂਦਰ ਆਲੇ ਨਰਸਾਂ-ਕੰਪੋਡਰਾਂ ਨੂੰ ਤਾਂ ਟੀਕੇ ਲਾਉਣ ਲਈ ਨਾੜ੍ਹਾਂ ਈ ਨ੍ਹੀ ਥਿਆਈਆਂ। ਕਹਿੰਦੇ ਨਾੜਾਂ ਕੁਲੈਪਸ ਹੋਗੀਆਂ। ਨਾੜਾਂ ਕਿੱਥੋਂ ਥਿਆਉਣ? ਥਾਂ-ਥਾਂ ਤੋਂ ਤਾਂ ਪਰੁੰਨੀਆਂ ਪਈਐਂ ਟੀਕੇ ਲਾ-ਲਾ ਕੇ। ਨਾਲੇ ਹੁਣ ਭਲਾ ਮਾੜੀ-ਮੋਟੀ ਦਵਾਈ ਕੀ ਅਸਰ ਕਰੂ? ਕੁੱਝ ਨ੍ਹੀ ਕਰਨਾ ਇਹਨਾਂ ਸਰਕਾਰੂ ਟੀਕਿਆਂ ਨੇ। ਹੁਣ ਤਾਂ ਇਹਨਾਂ ਨਾੜਾਂ ਵਿੱਚ ਦੀ ਸ਼ੂਕਦੀ ਜ਼ਹਿਰ ਲੰਘੇ ਤਾਂ ਕਿਤੇ ਜਾ ਕੇ ਅੱਖ ਖੁੱਲ੍ਹਦੀ ਐ। ਮੈਨੂੰ ਪਤੈ ਮੁਰਦਿਆਂ ਵਾਂਗ ਪਿਆ ਪੁੱਤ ਥੋਤੋਂ ਜ਼ਰਿਆ ਨ੍ਹੀ ਜਾਂਦਾ। ਜਿਹੜੇ ਪੁੱਤ ਨੇ ਬਾਹਵਾਂ ਬਣਕੇ ਤੇਰੇ ਸਿਰੋਂ ਕਰਜ਼ੇ ਦੀ ਪੰਡ ਲਾਹੁਣੀ ਸੀ, ਉਹ ਪੁੱਤ ਮੰਜੇ ‘ਤੇ ਹੱਡੀਆਂ ਦੀ ਮੁੱਠ ਬਣਿਆ ਪਿਐ……. ਜਰ ਵੀ ਕਿਵੇਂ ਹੋਵੇ? ਡੈਡੀ ਸੰਸਿਆਂ-ਝੋਰਿਆਂ ਨੇ ਤੇਰੇ ਉਮਰੋਂ ਪਹਿਲਾਂ ਧੌਲੇ ਲੈ ਆਂਦੇ ਸੀ ਤੇ ਹੁਣ ਪੁੱਤ ਦੇ ਦੁੱਖ ਨੇ ਤਾਂ ਤੇਰਾ ਲੱਕ ਈ ਤੋੜ ਦਿੱਤੈ। ਪੌਣੇ ਛੇ ਫੁੱਟਾ ਤੇਰਾ ਸਰੀਰ ਮਸੀਂ ਪੰਜ ਕੁ ਫੁੱਟ ਦਾ ਰਹਿ ਗਿਆ। ਜਿਹੜਾ ਕਿਸੇ ਖੱਬੀ ਖਾਨ ਅੱਗੇ ਨਹੀਂ ਸੀ ਝੁੱਕਦਾ, ਝੰਵ ਗਿਆ ਵਕਤ ਦੇ ਕਹਿਰੀ ਝੱਖੜਾਂ ਅੱਗੇ।
ਡੈਡੀ! ਨਾ ਘਰ ਲੁਟਾ ਡਾਕਟਰਾਂ ਤੋਂ। ਬਚਾ ਲੈ ਜਿਹੜੀਆਂ ਚਾਰ ਕਨਾਲਾਂ ਹੈਗੀਆਂ। ਹੁਣ ਨ੍ਹੀ ਤੇਰੇ ਕੋਲੋਂ ਦਿਹਾੜੀਆਂ ਹੋਣੀਆਂ। ਫਿਰ ਇਹਨਾਂ ਚਾਰ ਸਿਆੜ੍ਹਾਂ ਆਸਰੇ ਆਵਦੀਆਂ ਦੋਵੇਂ ਲਾਡਲੀਆਂ ਧੀਆਂ ਦੇ ਸਿਰ ਢੱਕ ਕੇ ਤੋਰਦੀਂ ਆਪੋ-ਆਪਣੇ ਘਰੀਂ। ਕਾਹਨੂੰ ਵਕਤ ਬਰਬਾਦ ਕਰਦੈਂ ਮੇਰੇ ‘ਤੇ। ਹੁਣ ਤਾਂ ਤੇਰੇ ਕਵੀਸ਼ਰ ਦੇ ਕਹਿਣ ਆਗੂੰ, ”ਦਾਰੂ ਬੂਟੀਆਂ ਲੱਖ ਇਲਾਜ ਕਰਲਾ, ਜਿੰਦ ਨਹੀ ਹਕੀਮ ਦੀ ਫੜੀ ਰਹਿਣੀ।” ਹੁਣ ਤਾਂ ਮੇਰੀਆਂ ਨਾੜਾਂ ‘ਚ ਅੱਗ ਤੋਰ ਦੇ ਥੋੜੀ ਬਹੁਤੀ। ਕੰਪੋਡਰ ਨੂੰ ਬੁਲਾ ਕੇ ਟੀਕੇ ਨਾਲ ਜ਼ਹਿਰ ਧੱਸ ਦੇ ਮੇਰੇ ਅੰਦਰ। ਦੇਖ ਡੈਡੀ …… ਹਾਂ ਦੇਖ ਮੇਰਾ ਜੀਅ ਕਰਦਾ ਬਾਂਹ ਚੁੱਕ ਕੇ ਨਾਅਰਾ ਮਾਰਾਂ……. ਜ਼ਿੰਦਾਬਾਦ……ਜ਼ਿੰਦਾਬਾਦ। ਮੇਰਾ ਡੈਡੀ ਜ਼ਿੰਦਾਬਾਦ… ਮੇਰੀ ਡੈਡੀ ਜ਼ਿੰਦਾ..! ਹਾ…..ਅ! ਕੀ ਕਰਾਂ, ਆਵਾਜ਼ ਈ ਨਈਂ ਨਿਕਲਦੀ। ਮੈਨੂੰ ਤਾਂ ਲੱਗਦੈ ਸਾਰੇ ਪੰਜਾਬ ਦੀ ਈ ਆਵਾਜ਼ ਬੰਦ ਹੋਈ ਪਈ ਐ।
ਆਵਦੇ ਨਸ਼ਾ ਛੁਡਾਊ ਕੇਂਦਰ ਆਲਿਆਂ ਨੂੰ ਆਖ ਇੱਕ ਟੀਕਾ ਪੰਜਾਬ ਦੀ ਨਾੜ ‘ਚ ਵੀ ਲਾ ਦੇਣ, ਸ਼ਾਇਦ ਆਵਾਜ਼ ਨਿਕਲਣ ਈ ਲੱਗਜੇ।
ਪਿੰਡ ਦੀ ਬਾਹਰਲੀ ਫਿਰਨੀ ‘ਤੇ ਟੋਭੇ ਆਲੇ ਰਾਹ ਨੂੰ ਜਾਂਦੀ ਸੜਕ ਦੇ ਕਿਨਾਰੇ ਪਾਈ ਰਾਜੇ ਦੇ ਮਹਿਲ ਅਰਗੀ ਕੋਠੀ ਦੀਆਂ ਡੂੰਘੀਆਂ ਨੀਹਾਂ ਵਿੱਚ ਮੇਰੇ ਵਰਗੇ ਕਿੰਨ੍ਹੇ ਹੀ ਕਿੰਦਿਆਂ-ਭਿੰਦਿਆਂ ਤੇ ਪ੍ਰਕਾਸ਼ਾਂ ਦਾ ਭਵਿੱਖ ਦਫ਼ਨ ਹੋਇਆ ਪਿਐ। ਕੋਠੀ ‘ਚੋ ਨਿਕਲ ਕੇ ਸ਼ਹਿਰ ਨੂੰ ਜਾਂਦੀ ਡੇਢ ਕਰੋੜੀ ਗੱਡੀ ਸੜਕ ‘ਤੇ ਨਹੀਂ, ਮੇਰੇ ਅਰਗਿਆਂ ਦੀ ਹਿੱਕ ‘ਤੇ ਭੱਜਦੀ ਐ। ਕੋਠੀ ‘ਤੇ ਉੱਚਾ ਕਰਕੇ ਝੂਲਦਾ ਝੰਡਾ ਜਿਵੇਂ ਕੋਈ ਮੌਤ ਵੰਡਣ ਵਾਲਾ ਦਿਉ ਹੋਵੇ। ਹੜਬੂੰ………… ਹੜਬੂੰ ਕਰਦਾ। ਇਸ ਦਿਉ ਨੇ ਅੱਧੇ ਪਿੰਡ ਦੇ ਕਿਸਾਨਾਂ ਨੂੰ ਸਿਰ ਪਰਨੇ ਕੀਤਾ, ਪਰ ਡੈਡੀ, ਤੂੰ ਨ੍ਹੀ ਕਸਰ ਛੱਡੀ ਆਵਦੇ ਵੱਲੋਂ। ਬਥੇਰੀਆਂ ਆਵਾਜ਼ਾਂ ਮਾਰੀਆਂ ਲੋਕਾਂ ਨੂੰ। ਤੂੰ ਕੀ ਕਰਦਾ ਜੇ ਕਿਸੇ ਨੇ ਸੁਣੀਆਂ ਈ ਨ੍ਹੀ। ਹੋਰ ਤਾਂ ਹੋਰ, ਤੇਰੀ ਆਵਾਜ਼ ਤਾਂ ਤੇਰੀ ਔਲਾਦ ਨੇ ਵੀ ਨਹੀਂ ਸੁਣੀ। ਉਲਟਾ, ਮੈਂ ਤਾਂ ਆਖਦਾ ਸਾਂ, ”ਡੈਡੀ ਦਾ ਤਾਂ ਦਿਮਾਗ ਹਿੱਲਿਐ। ਲੈ ਕੇ ਆਵਦੇ ਅਰਗੇ ਦਸ-ਵੀਹ ਨੰਗ ਜੱਟ, ਹੱਥਾਂ ‘ਚ ਫੜ੍ਹਕੇ ਝੰਡੀਆਂ ਜਈਆਂ, ਤੁਰ ਪੈਂਦੇ ਐ ਸ਼ਹਿਰ ਨੂੰ ‘ਜਿੰਦਾਬਾਦ -ਮੁਰਦਾਬਾਦ’ ਕਰਦੇ। ਜ਼ਮੀਨ ਦਿੰਦੀ ਈ ਕੀ ਐ? ਦੁਨੀਆਂ ਕਮਲੀ ਤਾਂ ਨੀ ਜਿਹੜੀ ਜ਼ਮੀਨ ਵੇਚ-ਵੇਚ ਨਾਵਾਂ ਵੱਟੀ ਜਾਂਦੀ ਐ।”
ਦਰਅਸਲ ਮੈਂ ਤਾਂ ਉਹੀ ਬੋਲਦਾ ਸਾਂ, ਜੋ ਮੇਰੇ ਦਿਮਾਗ ਵਿੱਚ ਭਰਿਆ ਜਾਂਦਾ ਸੀ। ਹਵਾ ਈ ਵਗ ਗਈ ਸੀ ਚਾਰ-ਚੁਫੇਰੇ। ਜ਼ਮੀਨਾਂ ਦੇ ਅਸਮਾਨੀਂ ਚੜ੍ਹੇ ਭਾਵਾਂ ਨੇ ਮੇਰੇ ਅਰਗਿਆਂ ਦੇ ਸੁਪਨੇ ਵੀ ਅਸਮਾਨੀਂ ਚੜ੍ਹਾ ਦਿੱਤੇ ਸਨ। ਪਿੰਡ ਦੀ ਅੰਨ ਪੈਦਾ ਕਰਨ ਵਾਲੀ ਜ਼ਮੀਨ ਪਲਾਟ ਬਣ-ਬਣ ਵਿੱਕ ਰਹੀ ਸੀ। ਇਹਨਾਂ ਪਲਾਟਾਂ ਵਿੱਚ ਰਾਤੋ-ਰਾਤ ਸੀਮੈਂਟ-ਇੱਟਾਂ ਦਾ ਜੰਗਲ ਉੱਗ ਰਿਹਾ ਸੀ। ਜ਼ਮੀਨਾਂ ਵੇਚ-ਵੇਚ ਮੋਟੀਆਂ ਰਕਮਾਂ ਜੇਬਾਂ ਵਿੱਚ ਪਾਈ ਬੇਵਾਹਰੀ ਹੋਈ ਮੁੰਡੀਹਰ, ਨਵੀਆਂ ਗੱਡੀਆਂ ਅਤੇ ਮੋਟਰ ਸਾਈਕਲਾਂ ‘ਤੇ ਚੜ੍ਹ ਕੇ ਘੂਕਦੀ ਫਿਰਦੀ ਸੀ। ਇਹ ਮੋਟਰ ਸਾਈਕਲ ਤੇ ਗੱਡੀਆਂ ਮੇਰੇ ਦਿਮਾਗ ਵਿੱਚ ਵੀ ਦੌੜਨ ਲੱਗੇ ਸਨ। ਕਾਰਾਂ ਦੀ ਘੂੰ-ਘੂੰ ਮੇਰੇ ਦਿਮਾਗ ‘ਚ ਵੀ ਰੀਂਘਣ ਲੱਗਦੀ ਸੀ। ਬੁਲਟ ਮੋਟਰ ਸਾਈਕਲ ਦੀ ਦੁੱਗ-ਦੁੱਗ ਮੇਰੇ ਅੰਦਰ ਖੌਰੂ ਪਾਉਣ ਲੱਗਦੀ। ਜਿਵੇਂ ਆਫਰਿਆ ਸਾਨ੍ਹ ਫੁੰਕਾਰੇ ਮਾਰਦਾ ਹੋਵੇ। ਮਹਿੰਗੇ-ਮਹਿੰਗੇ ਮੋਬਾਇਲ ਫੋਨ ਕੰਨਾਂ ਨੂੰ ਲਾਈ ਫਿਰਦੇ ਮੁੰਡਿਆਂ ਵੱਲ ਵੇਖ ਦਿਲ ਵਿੱਚ ਹੌਲ ਪੈਣ ਲੱਗਦੇ। ਕਾਲਜ ਵਿੱਚ ਚੌਵੀ ਘੰਟੇ ਮੋਬਾਇਲਾਂ ਅਤੇ ਮੋਟਰ ਸਾਈਕਲਾਂ ਦੇ ਮਾਡਲਾਂ ਦੀਆਂ ਗੱਲਾਂ ਚੱਲਦੀਆਂ। ਬਾਪੂ! ਜਿੰਨ੍ਹਾਂ ਦਿਨਾਂ ਵਿੱਚ ਤੂੰ ਜ਼ਿਲ੍ਹੇ ਦੀਆਂ ਕਚਹਿਰੀਆਂ ਵਿੱਚ ਫਸਲਾਂ ਦੇ ਵੱਧ ਭਾਆਂ ਨੂੰ ਲੈ ਕੇ ਧਰਨੇ ਲਾਉਂਦਾ ਫਿਰਦਾ ਸੀ, ਮੈਂ ਨਵਾਂ ਮੋਟਰ ਸਾਈਕਲ ਅਤੇ ਮੋਬਾਇਲ ਫੋਨ ਲੈਣ ਦੀ ਜ਼ਿੱਦ ਫੜ੍ਹੀ ਸਾਰੇ ਟੱਬਰ ਨੂੰ ਸੂਲੀ ਟੰਗੀ ਫਿਰਦਾ ਸਾਂ। ਜਿਸ ਦਿਨ ਤੂੰ ਅਤੇ ਤੇਰੀ ਯੂਨੀਅਨ ਵਾਲੇ, ਲੱਛੂ ਲਫੈਂਡ ਦੀ ਜ਼ਮੀਨ ਦੀ ਕੁਰਕੀ ਕਰਨ ਆਏ ਤਹਿਸੀਲਦਾਰ ਤੇ ਬੈਂਕ ਆਲਿਆਂ ਨੂੰ ਰੋਕਣ ਲਈ ਮੋਰਚੇ ਲਾਈ ਬੈਠੇ ਸੀ, ਉਸੇ ਦਿਨ ਮੈਂ ਵੀ ਆਪਣੀ ਪਸੰਦ ਦਾ ਮੋਬਾਇਲ ਤੇ ਮੋਟਰ ਸਾਈਕਲ ਲੈਣ ਲਈ ਮਰਨ ਮਿੱਥੀ ਬੈਠਾ ਸਾਂ। ਗੱਲ ਆਪਣੀ ਦੋਵਾਂ ਦੀ ਜ਼ਿੱਦ ‘ਤੇ ਖੜ੍ਹੀ ਸੀ। ਤੇਰੀ ਯੂਨੀਅਨ ਦੀ ਜ਼ਿੱਦ ਅੱਗੇ ਪ੍ਰਸ਼ਾਸ਼ਨ ਨੂੰ ਝੁੱਕਣਾ ਪਿਆ ਸੀ। ਤਹਿਸੀਲਦਾਰ ਤੇ ਉਸ ਦੀ ਬਾਕੀ ਟੀਮ ਬੇਰੰਗ ਮੁੜ ਗਈ ਸੀ। ਬਿਲਕੁੱਲ ਖਾਲੀ ਹੱਥੀਂ। ਲੱਛੂ ਲਫੈਂਡ ਦੀ ਜ਼ਮੀਨ ਬਚ ਗਈ ਸੀ। ਤੇਰੇ ਚਿਹਰੇ ‘ਤੇ ਜਿੱਤ ਦਾ ਅਲੌਕਿਕ ਨਸ਼ਾ ਸੀ। ਤੈਨੂੰ ਮੇਰੇ ਤੋਂ ਵੀ ਜਿੱਤ ਜਾਣ ਦਾ ਭਰੋਸਾ ਸੀ ਪਰ ਮੈਂ ਕਿਹੜਾ ਤਹਿਸੀਲਦਾਰ ਸੀ? ਮੇਰੇ ਕੋਲ ਤਾਂ ਅਜਿਹਾ ਹਥਿਆਰ ਸੀ, ਜਿਸ ਨਾਲ ਕੋਈ ਵੀ ਔਲਾਦ ਆਪਣੇ ਮਾਂ-ਪਿਉ ਨੂੰ ਹਰਾ ਸਕਦੀ ਹੈ। ਕੁੱਝ ਖਾ ਕੇ ਮਰ ਜਾਣ ਦੀ ਧਮਕੀ ਨੇ ਮਾਂ ਦੀਆਂ ਅੱਖਾਂ ਮੂਹਰੇ ਹਨ੍ਹੇਰਾ ਲਿਆ ਦਿੱਤਾ ਸੀ। ਉਹ ਤਾਂ ਪਾਗਲਾਂ ਹਾਰ ਹੋ ਗਈ ਸੀ।
”ਜੇ ਮੁੰਡੇ ਨੇ ਕੁੱਛ ਕਰ ਲਿਆ, ਕਿਸੇ ਪਾਸੇ ਜੋਗੇ ਨ੍ਹੀ ਰਹਿਣਾ। ਫਿਰ ਚੱਕੀ ਫਿਰੀਂ ਆਵਦੇ ਕਿੱਲਿਆਂ ਨੂੰ। ਘਰ ਮੂਧਾ ਮਾਰਜੂ ਆਪਣਾ। ਅੱਜ ਕੱਲ ਦੇ ਜੁਆਕਾਂ ਦੀ ਜ਼ਿੱਦ ਭੈੜੀ ਆ। ਅੱਗ ਲਾ ਪਰ੍ਹੇ ਜ਼ਮੀਨ-ਜੈਦਾਤ ਨੂੰ। ਲੈਦੇ ਜੋ ਕਹਿੰਦੈ। ਨੇਰ੍ਹਾ ਪੈਜੂ ਦਿਨ-ਦਿਹਾੜੇ। ਜੱਗ ਅੱਡ ਥੂ-ਥੂ ਕਰੂ।” ਹਾਏ ਬੂ ਕਰਦੀ ਮਾਂ ਨੇ ਤੇਰੇ ਸੰਘ ‘ਚ ਅੰਗੂਠਾ ਦੇ ਦਿੱਤਾ ਸੀ। ਤੂੰ ਸਿਰ ਸੁੱਟ ਦਿੱਤਾ ਸੀ। ਮੈਂ ਸਮਝਦਾ ਸਾਂ ਤੂੰ ਹਾਰ ਗਿਆ ਏ, ਪਰ ਇੱਥੋਂ ਹੀ ਹਾਰ ਤਾਂ ਮੇਰੀ ਸ਼ੁਰੂ ਹੋਈ ਸੀ।
ਚਮਕਦਾ ਤੇ ਭੀੜ ਭਰਿਆ, ਸ਼ਹਿਰ ਸੀ। ਸਾਨ੍ਹ ਵਾਗੂੰ ਖੌਰੂ ਪਾਉਂਦਾ ਬੁਲੇਟ ਮੋਟਰਸਾਈਕਲ। ਕਿਤਾਬ ਵਰਗਾ ਲੰਮਾ-ਚੌੜਾ ਮੋਬਾਇਲ ਫੋਨ ਤੇ ਰੰਗ ਬਰੰਗੀਆਂ ਦੋਸਤੀਆਂ। ਸਿੱਖਿਆ ਦੇ ਨਾਂ ‘ਤੇ ਵਪਾਰ ਕਰਨ ਵਾਲਾ ਕਾਲਜ। ਕਹਿਣ ਨੂੰ ਤਾਂ ਘਰੋਂ ਕਾਲਜ ਜਾਂਦੇ ਸਾਂ ਪਰ ਟਿਕਾਣਾ ਤਾਂ ਕਿਤੇ ਹੋਰ ਈ ਹੁੰਦਾ ਸੀ। ਸ਼ਹਿਰ ਦੇ ਪੌਸ਼ ਇਲਾਕੇ ਗਰੀਨ ਐਵੇਨਿਊ ਦੀ ਤਿਮੰਜ਼ਲੀ, ਅੱਖਾਂ ਚੁੰਧਿਆਉਂਦੀ ਕੋਠੀ ਵਿੱਚ। ਕਾਲਜ ਦੀ ਪੰਦਰਾਂ-ਵੀਹਾਂ ਜਣਿਆਂ ਦੀ ਵਿਹਲੜ ਮੁੰਡੀਹਰ। ਸਾਡਾ ਖਾਣ-ਪੀਣ ਦਾ ਸਾਰਾ ਪ੍ਰਬੰਧ ਵੀ ਉਥੇ ਈ। ਪੋਸਤ ਅਫੀਮ ਤੋਂ ਲੈ ਕੇ ਚਿੱਟੇ ਤੱਕ। ਰੋਟੀ ਤੋਂ ਮੀਟ ਮੁਰਗੇ ਤੇ ਦਾਰੂ ਤੱਕ। ਪਾਲੇ ਮਾਰੇ ਜਿੰਨ੍ਹਾਂ ਦਿਨਾਂ ‘ਚ ਤੂੰ ਕਿਸਾਨਾਂ ਮਜ਼ਦੂਰਾਂ ਦਿਆਂ ਧਰਨਿਆਂ ‘ਚ ਭੁੱਖੇ ਢਿੱਡ ਝੰਡਾ ਚੁੱਕ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦਾ ਸੀ, ਉਹਨਾਂ ਦਿਨਾਂ ‘ਚ ਅਸੀ ਪੋਸਤ-ਅਫੀਮ, ਦਾਰੂ-ਸਮੈਕ ਅਤੇ ਚਿੱਟੇ ਨਾਲ ਟੁੰਨ ਹੋ ਕੇ ਆਪਣਾ ਈ ਇਨਕਲਾਬ ਲੈ ਆਉਂਦੇ ਸੀ। ਸੱਚੀਂ ਡੈਡੀ ਨਸ਼ੇ ਨਾਲ ਟੁੰਨ ਹੋਕੇ ਉਦੋਂ ਤਾਂ ਆਏਂ ਲੱਗਦਾ ਸੀ ਜਿਵੇਂ ਤੇਰੇ ਆਲੇ ਇਨਕਲਾਬ ਨੇ ਸਾਨੂੰ ਜੱਫੀ ‘ਚ ਘੁੱਟ ਲਿਆ ਹੋਵੇ। ਮੱਲ੍ਹੀਆਂ ਆਲੇ ਭੰਤੇ ਨੇ ਕਹਿਣਾ, ”ਆਪਣੇ ਆਲੇ ਬੁੜ੍ਹਿਆਂ ਦਾ ਇਨਕਲਾਬ ਤਾਂ ਪਤਾ ਨ੍ਹੀ ਕਦੋਂ ਆਊ, ਆਪਣਾ ਤਾਂ ਆ ਗਿਆ ਬਾਈ ਸਿਆਂ।”
ਜਿਹੜੀ ਕੋਠੀ ਦੀ ਦੱਸ ਰਿਹਾਂ, ਇਹ ਇੱਕ ਐਨ. ਆਰ. ਆਈ. ਦੀ ਕੋਠੀ ਸੀ। ਐਨ ਸ਼ਹਿਰ ਦੀ ਧੁੰਨੀ ਵਿੱਚ। ਸਾਡਾ ਕੰਮ ਸੀ ਇਸ ਐਨ. ਆਰ. ਆਈ. ਦੀ ਖਾਲੀ ਪਈ ਕੋਠੀ ‘ਤੇ ਕਬਜ਼ਾ ਕਰਨਾ। ਕਬਜ਼ਾ ਤਾਂ ਪਤਾ ਨਹੀਂ ਕਿਸਨੇ ਕਰਨਾ ਸੀ, ਅਸੀ ਤਾਂ ਬੱਸ ……ਰਹਿਣਾ ਸੀ ਉੱਥੇ। ਕੀਹਦੀ ਕੋਠੀ ਤੇ ਕੀਹਦਾ ਕਬਜ਼ਾ …… ਸਾਨੂੰ ਇਸ ਨਾਲ ਕੀ ਮਤਲਬ ਸੀ?
ਵੇਖ ਡੈਡੀ! ਕਿੰਨੀ ਗਿਰ ਗਈ ਸੀ ਤੇਰੀ ਔਲਾਦ। ਤੂੰ ਸਾਰੀ ਉਮਰ ਕਬਜ਼ੇ ਛੁਡਾਉਂਦਾ ਰਿਹਾ ਤੇ ਮੈਂ ….? ਮੈਨੂੰ ਯਾਦ ਐ, ਉਦੋਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਆੜਤੀਏ ਨੂੰ ਭੰਮੇ ਦੇ ਚਹੁੰ ਕਿਲਿਆਂ ਦਾ ਕਬਜ਼ਾ ਦੁਆਉਣ ਆਈ ਪੁਲਿਸ ਪਾਰਟੀ ਤੋਂ ਤੂੰ ਬੁਰੀ ਤਰ੍ਹਾਂ ਹੱਡ ਕੁਟਵਾਏ ਸਨ। ਕਿੰਨੇ ਹੀ ਦਿਨ ਬੀਬੀ ਚੁੱਲੇ ਵਿੱਚ ਰੋੜਾ ਗਰਮ ਕਰਕੇ ਕੱਪੜੇ ‘ਚ ਲਪੇਟ ਤੇਰੇ ਹੱਡਾਂ ਨੁੰ ਸੇਕਦੀ ਰਹੀ ਸੀ।
ਮੈਨੂੰ ਤਾਂ ਉਹ ਵਾਕਿਆ ਵੀ ਯਾਦ ਐ ਜਦੋਂ ਪਿੰਡ ਦੇ ਮਜ੍ਹਬੀਆਂ ਦੇ ਘਰਾਂ ਦੀਆਂ ਰੂੜੀਆਂ ਵਾਲੇ ਥਾਂ ਨੂੰ ਪੱਧਰਾ ਕਰਕੇ ਪਿੰਡ ਦੇ ਕੁਝ ਖੜਪੈਂਚਾਂ ਵੱਲੋਂ ਕਬਜ਼ਾ ਕਰਨ ਦੀ ਸਕੀਮ ਘੜੀ ਗਈ ਸੀ। ਤੇਰੇ ਕਰਕੇ ਉਹਨਾਂ ਦੀ ਸਕੀਮ ਬੁਰੀ ਤਰ੍ਹਾਂ ਫੇਲ ਹੋਈ ਸੀ। ਤੂੰ ਮਜ੍ਹਬੀਆਂ ਦੀ ਧਿਰ ਬਣ ਅੜ੍ਹ ਖਲੋਤਾ ਸੀ। ਟਰੈਕਟਰ ਲੈ ਕੇ ਰੂੜੀਆਂ ਪੱਧਰ ਕਰਨ ਆਏ ਲੱਠਮਾਰਾਂ ਨੂੰ ਝੂਠਾ ਜਿਹਾ ਮੂੰਹ ਲੈ ਕੇ ਮੁੜਨਾ ਪਿਆ ਸੀ।
”ਧਰਮ ਸਿੰਹੁ ਤਾਂ ਬਈ ਪੱਕਾ ਮਜ੍ਹਬੀ ਬਣ ਗਿਆ।” ਪਿੰਡ ਦੇ ਕਈ ਮੰਦ ਬੁੱਧੀ ਆਲਿਆਂ ਨੇ ਪਿੱਠ ਪਿੱਛੇ ਗੱਲਾਂ ਕੀਤੀਆਂ ਸਨ। ਭੋਰਾ ਪ੍ਰਵਾਹ ਨਹੀਂ ਸੀ ਕੀਤੀ ਤੂੰ ਕਿਸੇ ਦੀ। ਸਗੋਂ ਆਖਿਆ ਸੀ, ”ਇਹਨਾਂ ਕਰਕੇ ਅੰਨ ਖਾਨੇ ਆਂ, ਜੇ ਚਾਰ ਛਿੱਤਰ ਖਾ ਲਏ ਤਾਂ ਕੀ ਲੋਹੜਾ ਆ ਗਿਆ? ਕੁੱਛ ਕਰਜ਼ਾ ਈ ਲਾਹਿਐ।”
ਵੇਖ ਲੈ ਡੈਡੀ, ਕਬਜ਼ੇ ਛੁਡਾਉਣ ਵਾਲੇ ਦੀ ਔਲਾਦ ਜਰਵਾਣਿਆਂ ਦੇ ਕਬਜ਼ੇ ਕਰਾਉਣ ਲੱਗਪੀ। ਐਨ. ਆਰ. ਆਈ. ਆਪਣੀ ਕੋਠੀ ਦਾ ਕਬਜ਼ਾ ਛੁਡਾਉਣ ਲਈ ਥਾਣੇ-ਦਰਬਾਰੇ ਤੁਰਿਆ ਫਿਰਦਾ ਰਿਹਾ। ਉਸ ਦੇ ਡਾਲਰਾਂ ਨੂੰ ਹਜ਼ਮ ਕਰਨ ਲਈ ਪੁਲਿਸ ਦਿਨ ਵੇਲੇ ਐਨ. ਆਰ. ਆਈ. ਦੇ ਨਾਲ ਕਬਜ਼ਾ ਛੁਡਾਉਣ ਆਉਂਦੀ। ਡੀ. ਐਸ. ਪੀ. ਰੰਧਾਵਾ ਆਪ ਪੁਲਿਸ ਦੀ ਧਾੜ ਦੀ ਧਾੜ ਲੈ ਕੇ ਚੜ੍ਹਦਾ ਸੀ, ਜਿਵੇਂ ਕੋਈ ਕਿਲਾ ਫਤਿਹ ਕਰਨਾ ਹੋਵੇ। ਨਵੀਂ ਕੱਢੀ ਕੰਧ ਦੀਆਂ ਵੀਹ-ਪੰਜਾਹ ਇੱਟਾਂ ਵੀ ਡੇਗ ਜਾਂਦਾ। ਉਸ ਦੇ ਆਉਂਦਿਆਂ ਹੀ ਅਸੀਂ ਇੱਧਰ-ਉਧਰ ਦੌੜਦੇ। ਪੁਲਿਸ ਸਾਡੇ ਕੱਪੜੇ ਅਤੇ ਹੋਰ ਸਮਾਨ ਚੁੱਕ ਕੇ ਲੈ ਜਾਂਦੀ। ਅਸੀਂ ਭੱਜ ਜਾਣ ਦਾ ਵਿਖਾਵਾ ਕਰਦੇ। ਐਨ. ਆਰ. ਆਈ. ਕੋਠੀ ਦੇ ਦਰਵਾਜ਼ਿਆਂ ਨੂੰ ਆਪਣਾ ਜਿੰਦਾ ਮਾਰ ਜਾਂਦਾ। ਪੁਲਿਸ ਦੇ ਜਾਂਦਿਆਂ ਹੀ ਅਸੀ ਇਧਰੋਂ-ਉਧਰੋਂ ਨਿਕਲ ਕੇ ਕੋਠੀ ਦਾ ਜਿੰਦਰਾ ਤੋੜ ਕਮਰਿਆਂ ਵਿੱਚ ਆਸਣ ਲਾ ਲੈਂਦੇ। ਰਾਤ ਪਈ ਉਹੀ ਪੁਲਿਸ ਵਾਲੇ ਫੇਰ ਆਉਂਦੇ। ਕਬਜ਼ਾ ਛੁਡਾਉਣ ਨਹੀਂ ਕਬਜ਼ਾ ਪੱਕਾ ਕਰਾਉੁਣ। ਸਾਡੇ ਵਾਸਤੇ ਹਰ ਤਰ੍ਹਾਂ ਦਾ ਰਾਸ਼ਨ ਪਾਣੀ ਲੈ ਕੇ ਆਉਂਦੇ। ਡੀ.ਐਸ.ਪੀ. ਰੰਧਾਵਾ ਸਾਨੂੰ ਹੱਥੀਂ ਪੈੱਗ ਪਾ-ਪਾ ਫੜ੍ਹਾਉਂਦਾ। ਐਨ. ਆਰ. ਆਈ. ਮਹੀਨੇ ‘ਚ ਈ ਹੱਥ ਖੜ੍ਹੇ ਕਰ ਗਿਆ। ਕਰੋੜਾਂ ਦੀ ਕੋਠੀ ਸਾਢੇ ਬਾਰਾਂ ਲੱਖ ਵਿੱਚ ਈ ਰੰਧਾਵੇ ਕਿਆਂ ਨੂੰ ਲਿਖਾ ਦਿੱਤੀ। ਸਿਆਣਾ ਨਿਕਲਿਆ। ਜੋ ਵੱਟਿਆ ਸੋ ਖੱਟਿਆ। ਉਦੋਂ ਕਈ ਦਿਨ ਮੁਰਗੇ ਉੱਡਦੇ ਰਹੇ ਸਨ ਕੋਠੀ ਵਿੱਚ। ਡੀ. ਐਸ. ਪੀ. ਰੰਧਾਵੇ ਨੇ ਪੰਜ-ਪੰਜ ਹਜ਼ਾਰ ਸਾਡੀਆਂ ਜੇਬਾਂ ਵਿੱਚ ਵੀ ਪਾ ਦਿੱਤਾ ਸੀ। ਆਹ ਜ਼ੀਨਾਂ-ਸ਼ੀਨਾਂ ਉਦੋਂ ਦੀਆਂ ਈ ਖਰੀਦੀਆਂ ਨੇ। ਇਹ ਗੋਡਿਆਂ ਤੋਂ ਪਾਟੀਆਂ ਨ੍ਹੀ, ਇਹ ਤਾਂ ਰਿਵਾਜ਼ ਈ ਐ ਅੱਜਕੱਲ।
ਰਿਵਾਜ਼ ਤਾਂ ਨਿੱਤ ਈ ਨਵੇਂ-ਨਵੇਂ ਸ਼ੁਰੂ ਹੋਈ ਜਾਂਦੇ ਆ। ਆਹ ਵੀ ਨਵਾਂ ਈ ਰਿਵਾਜ਼ ਚੱਲ ਪਿਆ ਅੱਜਕਲ੍ਹ, ਨਸ਼ਾ ਛੁਡਾਉਣ ਆਲੇ ਸਮਾਜ ਸੇਵੀਆਂ ਦਾ। ਵੱਡੇ-ਵੱਡੇ ਬੈਨਰ, ਪੋਸਟਰ, ਭਾਸ਼ਣ ਤੇ ਅਖਬਾਰਾਂ ਦੀਆਂ ਖ਼ਬਰਾਂ। ਵੇਖ ਲੈ ਡੈਡੀ, ਆਪਣੇ ਪਿੰਡ ਵਾਲਾ ਕਾਪਾ ਵੀ ਕੱਲ੍ਹ ਨਸ਼ਾ ਛੁਡਾਊ ਕੇਂਦਰ ਵਿੱਚ ਫਲ-ਫਰੂਟ ਤੇ ਦਵਾਈਆਂ ਵੰਡ ਕੇ ਗਿਐ। ਇਹ ਪਹਿਲਾਂ ਕਿਸੇ ਮਹਿਕਮੇ ਵਿੱਚ ਕਲਰਕੀ ਕਰਦਾ ਸੀ। ਮਜ਼ਾਲ ਕੀ ਕੰਮ-ਧੰਦੇ ਆਇਆ ਬੰਦਾ ਇਸ ਹੱਥੋਂ ਸੁੱਕਾ ਨਿਕਲਜੇ! ਲੋਕਾਂ ਨੇ ਇਹਦਾ ਨਾਂ ਹੀ ਕ੍ਰਿਪਾਲ ਸਿੰਘ ‘ਕਾਪਾ’ ਰੱਖ ਦਿੱਤਾ ਸੀ। ਫਿਰ ਕਿਸੇ ਨੇ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਫੜਾ ਦਿੱਤਾ। ਦੋ-ਤਿੰਨ ਸਾਲ ਅਦਾਲਤ ‘ਚ ਕੇਸ ਚੱਲਦਾ ਰਿਹਾ ਜਿੱਥੋਂ ਇਸ ਨੂੰ ਦੋ ਸਾਲ ਦੀ ਕੈਦ ਬੋਲਗੀ। ਸਰਕਾਰ ਨੇ ਨੌਕਰੀ ਤੋਂ ਕੱਢਤਾ। ਫੇਰ ਨੌਕਰੀ ਦੌਰਾਨ ਇਕੱਠੀ ਕੀਤੀ ਨੇਕ ਕਮਾਈ ਆਸਰੇ ਇਸ ਨੇ ਫਾਇਨਾਂਸ ਕੰਪਨੀ ਖੋਹਲ ਲਈ। ”ਗੁਰੂ ਕ੍ਰਿਪਾ ਫਾਇਨਾਂਸ ਕੰਪਨੀ” ਦੇ ਫੱਟੇ ਥੱਲੇ ਇਸ ਨੇ ਕਈ ਘਰਾਂ ਦੇ ਫੱਟੇ ਮੂਧੇ ਮਾਰ ਦਿੱਤੇ। ਫਾਇਨਾਂਸ ਕੰਪਨੀ ਤਾਂ ਇੱਕ ਪਰਦਾ ਈ ਸੀ। ਆਪਣੇ ਪਿੰਡ ਸਮੇਤ ਨੇੜੇ ਤੇੜੇ ਦੇ ਨਸ਼ੇੜੀਆਂ ਨੂੰ ਪੋਸਤ, ਸਮੈਕ ਤੇ ਚਿੱਟੇ ਅਰਗੇ ਨਸ਼ੇ ਸਪਲਾਈ ਕਰਨ ਦਾ ਕੰਮ ਇਹੀ ਫਾਇਨਾਂਸ ਕੰਪਨੀ ਚਿੱਟੇ ਦਿਨ ਕਰਦੀ ਸੀ। ਵੇਖਦਿਆਂ-ਵੇਖਦਿਆਂ ਇਹਦੀ ਗੁੱਡੀ ਅੱਧ ਅਸਮਾਨੀਂ ਜਾ ਲੱਗੀ। ਪੁਲਿਸ ਤੇ ਸਿਵਲ ਦੇ ਵੱਡੇ-ਵੱਡੇ ਅਫਸਰਾਂ ਦੀਆਂ ਗੱਡੀਆਂ ਇਹਦੀ ਕੋਠੀ ਮੂਹਰੇ ਹਾਜ਼ਰੀ ਭਰਨਾ ਮਾਣ ਸਮਝਣ ਲੱਗੀਆਂ। ਆਪਣਾ ਕ੍ਰਿਪਾਲ ਸਿੰਹੁ ਕਾਪਾ ਪੇਂਡੂ ਖੇਡ ਮੇਲਿਆਂ ‘ਤੇ ਖੂਨਦਾਨ ਕੈਂਪਾਂ ਦਾ ਉਦਘਾਟਨ ਕਰਨ ਦਾ ਵੀ ‘ਮਾਣ’ ਲੈਣ ਲੱਗ ਪਿਆ। ਸ਼ਹਿਰ ਕਾਲਜ ਪੜ੍ਹਦੇ ਵਧੇਰੇ ਮੁੰਡੇ ਇਹਦੀ ਕੰਪਨੀ ਦਾ ਗੇੜਾ ਮਾਰਦੇ। ਮੈਨੂੰ ਵੀ ਇਸੇ ਨੇ ਹੀ ਮੋਟਰ ਸਾਇਕਲ ਲੈਣ ਲਈ ਹਲੂਣਾ ਮਾਰਿਆ ਸੀ।
”ਪ੍ਰਕਾਸ਼! ਆਹ ਥੋਡੇ ਆਲੇ ਬੁੜੇ ਦਾ ਤਾਂ ਯੂਨੀਅਨ ਆਲਿਆਂ ਨੇ ਦਿਮਾਗ ਖਰਾਬ ਕਰਤਾ। ਝੰਡੀ ਜਈ ਚੱਕ ਕੇ ਤੁਰਿਆ ਰਹਿੰਦੈ ਜ਼ਿੰਦਾਬਾਦ-ਮੁਰਦਾਬਾਦ ਕਰਦਾ। ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚਗੀ, ਇਹ ਉਥੇ ਦਾ ਉਥੇ। ਹੁਣ ਤੂੰ ਆਵਦੇ ਵੱਲ ਵੇਖ, ਘਰਦਾ ਕੱਲਾ-ਕਾਰਾ ਪੁੱਤ ਏਂ, ਬੱਸਾਂ-ਟੈਂਪੂਆਂ ‘ਤੇ ਕਾਲਜ ਆਉਂਦਾ ਚੰਗਾ ਲੱਗਦੈਂ? ਹੁਣ ਤਾਂ ਹਰੇਕ ਲੂਲੀ-ਭਠਿਆਰੀ ਮੋਟਰ-ਸਾਇਕਲ ‘ਤੇ ਹੁਰ-ਹੁਰ ਕਰਦੀ ਫਿਰਦੀ ਐ। ਸੱਚੀਂ ਪੁੱਛੇਂ, ਇਹ ਤਾਂ ਆਪਣੇ ਸਾਰੇ ਪਿੰਡ ਦੀ ਈ ਬੇਜ਼ਤੀ ਐ। ਤੇਰੀ ਪਿੱਠ ਪਿੱਛੇ ਮੁੰਡੀਹਰ ਸੌ-ਸੌ ਗੱਲਾਂ ਕਰਦੀ ਐ।”
”ਮੈਂ ਕੀ ਕਰਾਂ?”
”ਤੂੰ ਕੀ ਕਰਨੈਂ? ਯਾਰ ਤੂੰ ਆਵਦੇ ਬਾਪੂ ਨਾਲ ਗੱਲ ਤਾਂ ਕਰ, ਪੈਸਿਆਂ ਦਾ ਫਿਕਰ ਨਾ ਕਰੀਂ। ਅਸੀਂ ਮਰ ਤਾਂ ਨੀ ਗਏ? ਮੈਂ ਕਾਹਦੇ ਵਾਸਤੇ ਬੈਠਾਂ ਇੱਥੇ? ਹੈਂ……! ਨਾਲੇ ਯਾਰ ਆਹ ਜ਼ਮੀਨਾਂ ਸਾਲੀਆਂ ਨੂੰ ਰਗੜ ਕੇ ਫੋੜੇ ‘ਤੇ ਲਾਉਣੈ ਜੇ ਸ਼ੌਕ ਈ ਪੂਰੇ ਨਾ ਕੀਤੇ?”
ਗੱਲ ਕੀ ਡੈਡੀ ਏਸੇ ਨੇ ਮੇਰਾ ਦਿਮਾਗ ਖਰਾਬ ਕੀਤਾ ਸੀ। ਆਪਣੀ ਜ਼ਮੀਨ ਏਸੇ ਕੰਜ਼ਰ ਨੇ ਵਿਕਾਈ ਐ। ਆਪਣੀ ਈ ਕਿਉਂ, ਪਿੰਡ ਦੇ ਅੱਧੇ ਜੱਟਾਂ ਨੂੰ ਏਸੇ ਮਰਦੂਦ ਨੇ ਸਿਰ ਪਰਨੇ ਕੀਤਾ ਐ। ਰਾਤੋਂ-ਰਾਤ ਅਮੀਰ ਬਣਾਉਣ ਦਾ ਲਾਲਚ ਦੇਕੇ ਲੋਕਾਂ ਤੋਂ ਆਪਣੀ ਕੰਪਨੀ ਵਿੱਚ ਪੈਸੇ ਲਵਾ ਲਏ। ਲੋਕਾਂ ਨੇ ਜ਼ਮੀਨਾਂ ਵੇਚ-ਵੇਚ ਜਮ੍ਹਾ ਕਰਵਾਏ। ਹਰਿੰਦਰ ਦੇ ਪਿਉ ਨੇ ਤਾਂ ਆਵਦੀ ਰਿਟਾਇਰਮੈਂਟ ‘ਤੇ ਮਿਲਿਆ ਸਾਰਾ ਧਨ ਹੀ ਮੋਟੇ ਵਿਆਜ਼ ਦੇ ਲਾਲਚ ਵਿੱਚ ਇਹਦੀ ਫਾਇਨਾਂਸ ਕੰਪਨੀ ਵਿੱਚ ਜਮ੍ਹਾਂ ਕਰਵਾਇਆ ਸੀ। ਸਰਾਲ ਬਣ ਕੇ ਸੂਤ ਗਿਆ ਸਾਰੇ ਦਾ ਸਾਰਾ। ਜ਼ਮੀਨਾਂ-ਜੈਦਾਤਾਂ ਆਲਿਆਂ ਦੇ ਹੱਥਾਂ ਵਿੱਚ ਠੂਠੇ ਫੜ੍ਹਾ ਦਿੱਤੇ। ਕੋਈ ਨਿਆਂ-ਸਿਰਾ ਨ੍ਹੀ ਦਿੱਤਾ ਕਿਸੇ ਨੂੰ। ਕੱਢਦੇ ਫਿਰੋ ਅਦਾਲਤਾਂ ਦੇ ਗੇੜੇ। ਫਿਰ ਥਾਣੇ ਕਚਹਿਰੀਆਂ ਵੀ ਤਾ ‘ਕਾਪੇ’ ਵਰਗਿਆਂ ਦੇ ਈ ਆ। ਡੈਡੀ, ਤੂੰ ਠੀਕ ਈ ਤਾਂ ਆਹਨਾ ਹੁੰਨੈਂ ਅਖੇ ਜੱਟ ਮਾਰ ਲਿਆ ਚਿੱਟੇ ਤੇ ਕਾਲੇ ਕੋਟਾਂ ਆਲਿਆਂ ਨੇ।
ਕਿਸੇ ਟੁੱਚੇ ਜਿਹੇ ਗਾਉਣ ਆਲੇ ਦਾ ਗੀਤ ਵੀ ਵੱਜਦਾ ਅੱਜ ਕਲ੍ਹ ਅਖੇ ”ਜੱਟ ਮਾਰ ਲਿਆ ਕੋਟੇ ਨੇ”। ਸੁਣਿਐ ਤੂੰ ? ਇਹਨਾਂ ਟੁੱਚੀਅਲ ਗਾਇਕਾਂ-ਗੀਤਕਾਰਾਂ ਨੇ ਵੀ ਤੇਰੇ ਪੁੱਤ ਅਰਗਿਆਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ। ਮੋਟਰ ਸਾਇਕਲ, ਲੰਡੀਆਂ ਜੀਪਾਂ, ਬੰਦੂਕਾਂ, ਕਬਜ਼ੇ, ਮਾਰਧਾੜ….. ਸਾਲਿਆਂ ਨੇ ਸੋਚ ਈ ਖੁੰਢੀ ਕਰਕੇ ਰੱਖਤੀ। ਭਲਾ ਇਹੋ ਜਿਹੇ ਗਾਇਕ ਨੂੰ ਕੋਈ ਆਖਣ ਆਲਾ ਹੋਵੇ ਵਈ ਹਰਾਮਦੀਏ ਔਲਾਦੇ ਜੱਟ ਨੂੰ ਕੋਟੇ-ਆਲਿਆਂ ਨੇ ਨਈਂ, ਚਿੱਟੇ ਤੇ ਕਾਲੇ ਕੋਟਾਂ ਆਲਿਆਂ ਨੇ ਮਾਰਿਐ। ਆਹ ਆਪਣੇ ਆਲਾ ਦਿਆਲਾ ਆਂਹਦਾ ਹੁੰਦੈ ਅਖੇ ਨੌਕਰੀਆਂ ਤਾਂ ਸਾਰੀਆਂ ਲੈਗੇ ਰੀਜ਼ਰਵ ਕੋਟੇ ਆਲੇ। ਸਾਲੇ ਦੇ ਪੁੱਠ ਪੈਰੀਆਂ ਨੇ ਮੇਰੇ ਅਰਗਿਆਂ ਦੇ ਦਿਮਾਗਾਂ ‘ਚ ਵੀ ਭਰਤਾ ਅਖੇ ਸਾਡਾ ਸਾਰਾ ਹੱਕ ਰੀਜ਼ਰਵੇਸ਼ਨ ਆਲੇ ਲਈ ਜਾਂਦੇ ਆ। ਹੁਣ ਪਤਾ ਲੱਗਾ ਕੁੱਝ ਕਿ ਨ੍ਹੀ…………. ਸਭ ਲਿਫਾਫੇ ਬਾਜ਼ੀਆਂ। ਜੇ ਲੱਖਾਂ ਲੋਕਾਂ ‘ਚੋਂ ਇੱਕ ਨੂੰ ਨੌਕਰੀ ਮਿਲ ਵੀ ਗਈ ਤਾਂ ਕੀ ਫੰਨੂੰ ਖੋਹਤਾ? ਕਿੰਨਾ ਕੁ ਉੱਚਾ ਚੁੱਕਤਾ ਕੋਟੇ ਆਲੇ ਸਮਾਜ ਨੂੰ? ਸਾਡੇ ਨਾਲ ਦਸਵੀਂ ਤੱਕ ਪੜ੍ਹਦੇ ਖੁਸ਼ਹਾਲੇ ਤੇ ਪ੍ਰੀਤੇ ਹੋਰੀਂ ਹਰ ਕਲਾਸ ‘ਚੋਂ ਪਹਿਲੇ-ਦੂਜੇ ਨੰਬਰ ‘ਤੇ ਆਉਂਦੇ ਹੁੰਦੇ ਸੀ। ਹੁਣ ਸਾਈਕਲ ਚੁੱਕ ਮਜ਼ਦੂਰੀ ਕਰਨ ਸ਼ਹਿਰ ਦੇ ਲੇਬਰ ਚੌਂਕ ਵਿੱਚ ਜਾ ਖੜ੍ਹਦੇ ਨੇ। ਮਜ਼ਦੂਰ ਮੰਡੀ ਦਾ ਮਾਲ ਬਣ ਗਏ ਨੇ ਵਿਚਾਰੇ। ਉਹਨਾਂ ਦੀ ਤਾਂ ਕਿਸੇ ‘ਕੋਟੇ’ ਨੇ ਮਦਦ ਨਾ ਕੀਤੀ। ਜੇ ਵੱਡੀਆਂ ਕਲਾਸਾਂ ਦੀ ਫੀਸ ਦੇਣ ਜੋਗੇ ਹੁੰਦੇ ਸ਼ਹਿਰ ਆਲੇ ਬਾਂਸਲ ਡਾਕਟਰ ਦੇ ਜੁਆਕਾਂ ਵਾਗੂ ਡਾਕਟਰ ਕਿਹੜਾ ਨਾ ਬਣ ਜਾਂਦੇ। ਪੈਸੇ ਦੇ ਜ਼ੋਰ ‘ਤੇ ਬਾਂਸਲ ਅਰਗਿਆਂ ਨੇ ਆਵਦੇ ਨਲਾਇਕ ਜੁਆਕ ਡਾਕਟਰ ਬਣਾਲੇ। ਸੁਣਿਆਂ ਕਰੋੜਾਂ ਰੁਪਏ ਡੋਨੇਸ਼ਨ ਦਿੱਤੀ ਐ। ਹੁਣ ਆਪਣੇ ਕਾਪੇ ਵਾਗੂੰ ਵਢਾਂਗਾ ਕਰੀ ਤੁਰੇ ਆਉਂਦੇ ਐ। ਖੁਸ਼ਹਾਲੇ ਵਰਗੇ ਹੀਰੇ ਤਾਂ ਮਾਰਲੇ ਗਰੀਬੀ ਨੇ। ਉਮਰ ਦੇ ਤੇਈਵੇਂ ਸਾਲ ‘ਚ ਈ ਕੁੱਬੇ ਹੋ ਹੋ ਕੇ ਤੁਰਦੇ ਐ। ਤੇਰੇ ਗੌਣ ਵਾਲੇ ਵਾਂਗੂੰ ਅਖੇ ”ਕਾਹਨੂੰ ਆਈ ਏਂ ਗਰੀਬ ‘ਤੇ ਜਵਾਨੀਏ ਨੀ ਫਿਕਰਾਂ ‘ਚ ਰੁਲ ਜਾਏਂਗੀ।” ਤੇ ਇੱਥੇ ਆਪਣੇ ਦਿਆਲੇ ਚੋਰ ਅਰਗੇ ਉਲਟਾ ਈ ਪ੍ਰਚਾਰ ਕਰੀ ਜਾਂਦੇ ਐ। ਮੈਨੂੰ ਤਾਂ ਬੜਾ ਹਾਸਾ ਆਉਂਦੈ ਉਹਦੀਆਂ ਗੱਲਾਂ ‘ਤੇ। ਬਾਪੂ ਸੱਚੀ ਗੱਲ ਐ ਤੇਰੀ, ਖੁਸ਼ਹਾਲੇ-ਪ੍ਰੀਤੇ ਅਰਗਿਆਂ ਨੂੰ ਤਾਂ ਕਦੇ ਨਾਲ ਈ ਨਈਂ ਲਿਆ। ਸਹੀ ਆਹਨੈ ਹੁਨੈ ਤੂੰ, ”ਸਾਥੋਂ ਤਾਂ ਕਾਪਿਆਂ-ਸ਼ਾਪਿਆਂ ਖਿਲਾਫ਼ ਸਾਂਝੀ ਲੜਾਈ ਨ੍ਹੀ ਲੜ ਹੋਈ।”
”ਦੁਸ਼ਮਣ ਦੇ ਖਿਲਾਫ ਸਹੀ ਲੜਾਈ ਦਿੱਤੀ ਹੁੰਦੀ ਤਾਂ ਸਾਡੇ ਖੇਤਾਂ ਵਿੱਚ ਖੁਦਕੁਸ਼ੀਆਂ ਦੀ ਫਸਲ ਨਹੀਂ ਸੀ ਉੱਗਣੀ।” ਖਾਦ ਦੀ ਹੁੰਦੀ ਬਲੈਕ ਰੋਕਣ ਲਈ ਕਚਹਿਰੀਆਂ ਮੂਹਰੇ ਲਾਏ ਧਰਨੇ ਵਿੱਚ ਗੂੰਜ਼ਦੀ ਤੇਰੀ ਆਵਾਜ਼ ਨੇ ਕਈ ਸਿਰਾਂ ਦੀਆਂ ਨੀਵੀਆਂ ਪੁਆ ਦਿੱਤੀਆਂ ਸਨ। ਬੱਸ ਆਹੀ ਮਾੜੀ ਗੱਲ ਐ ਆਪਣੇ ਲੋਕਾਂ ਦੀ, ਸਿਰ ਨੀਵਾਂ ਕਰ ਲੈਂਦੇ ਐ, ਸਿਰ ਹਿਲਾਉਂਦੇ ਨ੍ਹੀ। ਸਿਰ ਹਿਲਾਉਣ ਤਾਂ ਚੰਗੇ ਮਾੜੇ ਦੀ ਸਮਝ ਆਵੇ। ਬੀਬੀ ਠੀਕ ਈ ਆਂਹਦੀ ਹੁੰਦੀ ਸੀ ਤੈਨੂੰ, ”ਐਵੇ ਗਿੱਟੇ ਕਢਾਉਂਦਾ ਫਿਰਦੈਂ ਨੰਗਾਂ ਪਿੱਛੇ। ਇੱਥੇ ਨ੍ਹੀ ਸੁਣਦਾ ਕੋਈ ਕਿਸੇ ਦੀ। ਸਾਰਿਆਂ ਨੂੰ ਆਪਾ-ਧਾਪੀ ਪਈ ਐ। ਤੁਰਦੈ ਕੋਈ ਥੋਡੇ ਨਾਲ? ਮਸੀਂ ਦਸ ਬੰਦੇ ਕੱਢਦੇਂ ਓਂ ਪਿੰਡੋਂ। ਸ਼ਹਿਰ ਪੁੱਜਦਿਆਂ ਤੀਕ ਉਹਦੇ ‘ਚੋਂ ਵੀ ਅੱਧੇ ਖਿਸਕ ਜਾਂਦੇ ਆ। ਰਮਾਨ ਨਾਲ ਘਰ ਬੈਠ, ਇਹ ਦੁਨੀਆਂ ਨ੍ਹੀਂ ਸੁਧਰਨੀ। ਤੇਰੇ ਅਰਗੇ ਦੀ ਕਿਸੇ ਨ੍ਹੀ ਸੁਨਣੀ। ਸਗੋਂ ਉਲਟਾ ਆਂਹਦੇ ਲੋਕਾਂ ਦੀਆਂ ਔਲਾਦਾਂ ਵਿਗਾੜਦੈਂ। ਐਵੇਂ ਨਾ ਖੁੱਚਾਂ ਕਢਾਉਂਦਾ ਫਿਰਿਆ ਕਰ।”
ਸੱਚ ਈ ਤਾਂ ਆਂਹਦੀ ਸੀ ਬੀਬੀ। ਤੈਨੂੰ ਯਾਦ ਈ ਹੋਣੈਂ, ਬੰਤੀ ਬੁੜ੍ਹੀ ਦੇ ਡੂਢ ਕਨਾਲ ਥਾਂ ਦੀ ਵਰਤੋਂ ਵੇਲੇ ਕਿਵੇਂ ਹਾਲ-ਪਾਹਰਿਆ ਹੋਈ ਸੀ ਪਿੰਡ ‘ਚ।
”ਸਰਪੈਂਚ ਸੈਬ! ਏਸ ਥਾਂ ‘ਚ ਸਾਂਝੀ ਲਾਇਬਰੇਰੀ ਬਣਾਈ ਜਾਣੀ ਚਾਹੀਦੀ ਐ। ਵਧੀਆ-ਵਧੀਆ ਕਿਤਾਬਾਂ ਰੱਖੀਆਂ ਜਾਣ, ਅਖਬਾਰ ਰਿਸਾਲੇ ਆਉਣ। ਨਵੀਂ ਪਨੀਰੀ ਪੜ੍ਹਨ-ਲਿਖਣ ਵੱਲੀਂ ਲੱਗੇ। ਨਵੇਂ ਵਿਚਾਰਾਂ ਦੀ ਹਾਣੀ ਬਣੇ। ਪੜ੍ਹਨ ਨਾਲ ਗਿਆਨ ‘ਚ ਵਾਧਾ ਹੁੰਦੈ।” ਲੋਕਾਂ ਦੇ ਹੋਏ ਇਕੱਠ ‘ਚ ਤੂੰ ਸੁਝਾਅ ਦਿੱਤਾ ਸੀ।
”ਹਾਅੋ! ਚਾਈਂਦੀ ਐ ਲੈਬਰੇਰੀ! ਤੂੰ ਤਾਂ ਚਹੁੰਨੈ ਈ ਐਂ, ਕਾਮਰੇਟੀ ਕਿਤਾਬਾਂ ਪੜ੍ਹਾ-ਪੜ੍ਹਾ ਸਾਡੇ ਜੁਆਕਾਂ ਨੂੰ ਨਾਸਤਿਕ ਬਣਾ ਦਿਆਂ।” ਸਰਪੰਚ ਦੀ ਖੱਬੀ ਮੁੱਛ ਸਮਝੇ ਜਾਂਦੇ ਮੇਲੂ ਪੰਚ ਨੇ ਸਿੰਗੜੀ ਛੇੜ ਦਿੱਤੀ ਸੀ, ”ਗੁਰੂ ਮਾਰ੍ਹਾਜ ਰੱਖੋ ਇੱਥੇ। ਆਥਣੇ-ਸਵੇਰੇ ਗੁਰਬਾਣੀ ਸੁਣਿਆ ਕਰੂ। ਗੁਰੂ ਘਰ ਦੀ ਗੱਲ-ਕੰਨ ‘ਚ ਪਊ।” ਪੰਚ ਦੇ ਕਹਿਣ ਨਾਲ ਈ ਮਤਾ ਪਾਸ ਹੋ ਗਿਆ ਸੀ। ਕਿਸੇ ਨੇ ਤੇਰੀ ਇੱਕ ਨਹੀਂ ਸੀ ਸੁਣੀ।
”ਗੁਰੂ ਘਰ ਅੱਗੇ ਥੋੜ੍ਹੇ ਆ ਪਿੰਡ ‘ਚ! ਪਿੰਡ ਦੀਆਂ ਚਾਰੇ ਪੱਤੀਆਂ ਆਵਦੇ-ਆਵਦੇ ਗੁਰੂ ਘਰ ਬਣਾਈ ਬੈਠੀਐਂ, ਜਾਂਦਾ ਕੋਈ ਹੈਨੀ ਉਥੇ। ਨਾਲੇ ਅਨਪੜ੍ਹ ਭਾਈ ਸੁਣਾ-ਸੁਣਾ ਕੇ ਮਨੋਘੜਤ ਸਾਖੀਆਂ, ਥੋਨੂੰ ਜਿਹੜਾ ਗੁਣੀ ਗਿਆਨੀ ਬਣਾਈ ਜਾਂਦੇ ਆ, ਉਹਦੀ ਭੁੱਲ ਐ ਕਿਸੇ ਨੂੰ? ਇੱਥੇ ਲਾਇਬਰੇਰੀ ‘ਚ ਬੈਠ ਗਿਆਨ ਦੇ ਚਾਰ ਅੱਖਰ ਪੜ੍ਹ-ਪੜ੍ਹਾ ਲਿਆ ਕਰਨਗੇ। ਹੋਰ ਨ੍ਹੀ ਤਾਂ ਆਵਦੇ ਹੱਕਾਂ ਬਾਰੇ ਈ ਸੋਝੀ ਆਊ ਥੋੜੀ ਬਹੁਤੀ। ਗੁਰੁ ਘਰ ਦੀਆਂ ਵੀ ਪੜ੍ਹ ਲਿਆ ਕਰਨਗੇ”
”ਤੂੰ ਆਵਦੀ ਕਾਮਰੇਟੀ ਆਵਦੇ ਕੋਲ ਈ ਰੱਖ। ਸਾਨੂੰ ਨ੍ਹੀ ਲੋੜ ਐਹੋ ਜੇ ਖਰੜ ਗਿਆਨ ਦੀ ਜਿਹੜਾ ਸਾਡੀਆਂ ਜਿਣਸਾਂ ਨੂੰ ਗੁਰੂ ਘਰ ਨਾਲੋਂ ਈ ਦੂਰ ਲੈਜੇ।” ਪੰਚ ਨੇ ਆਵਦੀਆਂ ਵਿੰਗੀਆਂ-ਟੇਢੀਆਂ ਦਲੀਲਾਂ ਨਾਲ ਤੇਰੀ ਗੱਲ ਹਵਾ ‘ਚ ਉਡਾ ਦਿੱਤੀ ਸੀ।
ਮੈਨੂੰ ਉਦੋਂ ਸਮਝ ਨ੍ਹੀ ਸੀ ਆਈ ਇਸ ਰਾਮ ਰੌਲੇ ਦੀ। ਬੀਬੀ ਵੀ ਆਂਹਦੀ ਸੀ, ”ਛੱਡ ਪਰ੍ਹਾਂ ਖਾਂਘੜ-ਝਗੜੇ ਨੂੰ। ਤੂੰ ਕੀ ਲੈਣਾ ਐ ਲੈਬਰੇਰੀਆਂ- ਸ਼ੈਬਰੇਰੀਆਂ ਤੋਂ। ਇੱਥੇ ਲੁੱਚਿਆਂ-ਲੰਡਿਆਂ ਦੀ ਪੁੱਗਦੀ ਐ। ਰਮਾਨ ਨਾਲ ਬਹਿਜਾ।” ਮੈਨੂੰ ਹੁਣ ਪਤਾ ਲੱਗਾ ਪੈਂਚ ਅਰਗਿਆਂ ਨੇ ਕਿਉਂ ਨਹੀ ਸੀ ਬਨਣ ਦਿੱਤੀ ਲਾਇਬਰੇਰੀ ਪਿੰਡ ‘ਚ। ਲਾਇਬਰੇਰੀ ਕਿੱਥੇ ਵਾਰਾ ਖਾਂਦੀ ਸੀ ਪੈਂਚ ਅਰਗਿਆਂ ਨੂੰ? ਇਸੇ ਪੈਂਚ ਦਾ ਤਾਂ ਝਿੜੀ ਆਲੇ ਟਿੱਬਿਆਂ ‘ਚ ਭੁੱਕੀ-ਪੋਸਤ ਦਾ ਅੱਡਾ ਚੱਲਦਾ ਸੀ ਕਾਪੇ ਨਾਲ ਸਾਂਝਾ। ਆਥਣ ਵੇਲੇ ਅੱਧਿਓਂ ਵੱਧ ਪਿੰਡ ਲਾਰਾ ਬੰਨ੍ਹੀ ਝਿੜੀ ਵੱਲ ਨੂੰ ਹੋ ਤੁਰਦਾ ਸੀ। ਡੈਡੀ, ਜੇ ਤੇਰੇ ਆਖੇ ਲਾਇਬਰੇਰੀ ਬਣ ਜਾਂਦੀ, ਫੇਰ ਪੈਂਚ ਦੇ ਅੱਡੇ ਵੱਲ ਕੀਹਨੇ ਜਾਣਾ ਸੀ? ਸ਼ਾਇਦ ਮੇਰੇ ਵਰਗਾ ਵੀ ਨਾ ਭਟਕਦਾ। ਦੇਖ ਲੈ……. ਇਹੀ ਪੈਂਚ ਹੁਣ ਇਲਾਕੇ ਦਾ ਨਾਮੀ ਲੀਡਰ ਬਣਿਆ ਹੋਇਐ। ਪੌਣ ਕੁੱਕੜ ਵਾਗੂੰ ਘੁੰਮ ਜਾਂਦੈ ਹਵਾ ਦਾ ਰੁੱਖ ਵੇਖ ਕੇ। ਅੱਜ ਕੱਲ ਏਹਦੇ ਤੇ ਕੌਮ ਭਗਤੀ ਦਾ ਭੂਤ ਸਵਾਰ ਹੋਇਆ ਪਿਐ।” ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ‘ਚ ਲੱਗਾ ਵਿਐ। ਕੱਲ ਜਦੋਂ ਕਾਪੇ ਨਾਲ ਨਸ਼ਾ-ਛੁਡਾਊ ਸੈਂਟਰ ਵਿੱਚ ਆਇਆ, ਮੇਰਾ ਜੀਅ ਕਰੇ ਬੈੱਡ ਤੋਂ ਛਾਲ ਮਾਰ ਕੇ ਉੱਠਾਂ ਤੇ ਵੱਡੇ ਸਮਾਜ ਸੁਧਾਰਕ ਦੇ ਗਲ੍ਹਮੇ ਨੂੰ ਜਾ ਹੱਥ ਪਾਵਾਂ। ਊਂ ਤੈਨੂੰ ਵੇਖ ਕੇ ਕੇਰਾਂ ਤਾਂ ਰੰਗ ਜਿਆ ਵਟਾ ਗਿਆ ਸੀ। ਸੋਚਦਾ ਹੋਣੈਂ, ਕਾਮਰੇਟ ਦਾ ਕੋਈ ਪਤਾ ਨ੍ਹੀ ਕਿਤੇ ਇੱਥੇ ਈ ਮੇਰੀਆਂ ਕਰਤੂਤਾਂ ਦਾ ਭਾਂਡਾ ਭੰਨ ਦੇ। ਸਾਲੇ ਡਰਾਮੇਬਾਜ਼। ਗਿਰਗਿਟ ਵਾਗੂੰ ਰੰਗ ਪਤਾ ਨ੍ਹੀ ਕਿਵੇਂ ਬਦਲ ਜਾਂਦੇ ਐ ਐਨੀ ਛੇਤੀ। ਸਾਲੇ ਨੇ ਇਕੱਲੇ-ਇਕੱਲੇ ਬੈੱਡ ‘ਤੇ ਜਾ ਕੇ ਫਲ-ਫਰੂਟ ਤੇ ਦਵਾਈਆਂ ਵੰਡੀਆਂ। ਮੈਂ ਹੈਰਾਨ ਆਂ, ਤੂੰ ਚੁੱਪ ਕਿਵੇਂ ਰਿਹਾ ਜਦੋਂ ਉਹ ਮੇਰੇ ਕੋਲ ਆਕੇ ਕਹਿਣ ਲੱਗਾ ਸੀ, ”ਕਾਮਰੇਟ ਸੈਬ! ਪੈਸਿਆਂ ਦੀ ਪਰਵਾਹ ਨਾ ਕਰਿਓ। ਪੈਸੇ ਸਾਰੇ ਮੈਂ ਲਾਊਂ, ਆਪਣਾ ਜੁਆਨ ਨੌਂ-ਬਰ-ਨੌਂ ਹੋਣਾ ਚਾਹੀਦੈ। ਅਸੀਂ ਜਵਾਨੀ ਤਬਾਹ ਨ੍ਹੀ ਹੋਣ ਦੇਣੀ। ਮੇਰੇ ਕੋਲ ਇਲਾਕੇ ਦੇ ਯੂਥ ਵਿੰਗ ਦੀ ਜਿੰਮੇਵਾਰੀ ਐ। ਥੋਨੂੰ ਪਤਾ ਐ ਨੌਜੁਆਨ ਕਿਸੇ ਵੀ ਕੌਮ ਦੀ ਬੁਨਿਆਦ ਹੁੰਦੇ ਨੇ। ਨੌਜਵਾਨ ਸਾਡੀ ਪਾਰਟੀ ਦਾ ਹਰਿਆਵਲ ਦਸਤਾ ਨੇ ….. ਠੀਕ ਐ ਨਾ ਕਾਮਰੇਟ ਸੈਬ ।” ਮਗਰਲਾ ਸ਼ਬਦ ‘ਕਾਮਰੇਟ ਸਾਬ’ ਉਸ ਨੇ ਚੱਬ ਕੇ ਆਖਿਆ ਸੀ।
”ਕੈਮ ਹੋ ਵੀ ਜੁਆਨਾ, ਕਿਵੇਂ ਡਿੱਗਿਆ ਪਿਐਂ ਮੁਰਦਿਆਂ ਵਾਂਗੂੰ। ਕੁਛ ਨ੍ਹੀ ਰੱਖਿਆ ਇਹਨਾਂ ਸਾਲੇ ਨਸ਼ਿਆਂ ‘ਚ। ਮੇਰੇ ਅੱਲੀਂ ਦੇਖੋ…… ਸਾਰੀ ਉਮਰ ਕਿਸੇ ਨਸ਼ੇ ਨੂੰ ਹੱਥ ਨ੍ਹੀ ਲਾਇਆ। ਬਿਨ੍ਹਾਂ ਨਸ਼ੇ ਤੋਂ ਈ ਉੱਡੇ ਫਿਰੀਦੈ। ਕੌਮ ਦੀ ਸੇਵਾ ਦਾ ਈ ਨਸ਼ਾ ਚੜਿਐ ਰਹਿੰਦੈ।” ਮੇਰਾ ਜੀਅ ਕੀਤਾ ਆਖਾਂ, ”ਲੰਡਿਆ! ਨੌਜੁਆਨਾਂ ਦੀਆਂ ਨਾੜਾਂ ਵਿੱਚ ਨਸ਼ੇ ਦਾ ਜ਼ਹਿਰ ਤੋਰਕੇ ਜਿਹੜੀ ਤੁਸੀਂ ਕੌਮ ਦੀ ਅਣਥੱਕ ਸੇਵਾ ਕੀਤੀ ਐ, ਕਿਸੇ ਦੁਨੀਆਂ ਤੋਂ ਨ੍ਹੀ ਭੁੱਲੀ।”
”ਕਾਮਰੇਟ ਸੈਬ! ਊਂ ਇੱਕ ਗੱਲ ਦੀ ਸਮਝ ਨ੍ਹੀ ਆਉਂਦੀ। ਥੋਡੇ ਅਰਗੇ ਐਨਕਲਾਬੀਆਂ ਦੇ ਧੀਆਂ-ਪੁੱਤ ਨਸ਼ਿਆਂ ਦੇ ਚਿੱਕੜ ‘ਚ ਕਿਵੇਂ ਫਸਗੇ? ਇਹ ਜੁਆਨੀ ਕਿੱਥੇ ਸਮਝਦੀ ਐ ਥੋਡੀਆਂ ਗੂੜ੍ਹ-ਗਿਆਨ ਆਲੀਆਂ ਗੱਲਾਂ। ਹੁਣ ਦੱਸ ਇਹਨੂੰ ਕੀ ਪਤਾ ਵਈ ਬਾਪੂ ਮੇਰਾ ਤਾਂ ਸਰਕਾਰਾਂ ਨਾਲ ਆਢਾ ਲਾਈ ਰੱਖਦੈ। ਖੈਰ ਤੂੰ ਪਰਵਾਹ ਨਾ ਕਰੀਂ….. ਮੈਂ ਹੈਗਾਂ। ਸਾਨੂੰ ਪ੍ਰਧਾਨ ਸਾਬ੍ਹ ਵਲੋਂ ਹਦਾਇਤਾਂ ਬੜੀਆਂ ਸਖਤ ਹੋਈਐਂ, ਅਸੀਂ ਨਸ਼ੇ ਆਲਾ ਕੋਹੜ ਕੱਢਣਾ ਈ ਕੱਢਣਾ ਐ ਸੂਬੇ ‘ਚੋਂ।” ਆਖਦਿਆਂ ਪੈਂਚ ਅੱਗੇ ਤੁਰ ਗਿਆ ਸੀ। ਮੇਰਾ ਜੀਅ ਕਰਦਾ ਸੀ ਥਾਂਏ ਮਰ ਜਾਵਾਂ। ਸ਼ਰਮ ਆਉਂਦੀ ਐ ਆਪਣੇ ਆਪ ‘ਤੇ। ਮਾਣ ਨਾਲ ਆਕੜੀ ਰਹਿਣ ਵਾਲੀ ਤੇਰੀ ਧੌਣ ਨੀਵੀਂ ਕਰ ਦਿੱਤੀ ਮੈਂ। ਤੁਸੀਂ ਮੈਨੂੰ ਬਚਾਉਣ ਲਈ ਤਰਲੇ ਮਾਰਦੇ ਫਿਰਦੇ ਓਂ, ਮੇਰਾ ਜੀਅ ਕਰਦੈ ਮੈਨੂੰ ਦੂਜਾ ਸਾਹ ਵੀ ਨਾ ਆਵੇ। ਕੋਈ ਹੋਰ ਸਮਾਂ ਹੁੰਦਾ ਤਾਂ ਤੂੰ ਇਸ ਲੰਡੂ ਦੀ ਇੱਜ਼ਤ ਲਾਹ ਕੇ ਹੱਥ ‘ਚ ਫੜਾ ਦੇਣੀ ਸੀ, ਪਰ ਹੁਣ ਪਤਾ ਨ੍ਹੀ ਕਿਵੇਂ ਚੁੱਪ ਰਿਹਾ। ਪਤਾ ਨ੍ਹੀ ਕੀ-ਕੀ ਘੋਲ ਚੱਲ ਰਿਹਾ ਸੀ ਤੇਰੇ ਅੰਦਰ।
ਘੋਲ ਹੀ ਤਾਂ ਲੜਦਾ ਰਿਹਾ ਏਂ ਸਾਰੀ ਉਮਰ। ਮਾਂ ਹਾਸੇ ਨਾਲ ਆਖਦੀ ਹੁੰਦੀ ਸੀ, ”ਵੇ ਪ੍ਰਕਾਸ਼! ਜੇ ਮੀਨ੍ਹੇ ਪੰਦਰੀਂ ਦਿਨੀਂ ਹੋ ਹੱਲਾ ਨਾ ਮਚਾਵੇ ਥੋਡੇ ਪਿਉ ਦੇ ਢਿੱਡ ‘ਚ ਤਾਂ ਗੋਲਾ ਬੱਝ ਜਾਂਦੈ। ਏਹਦੀ ਤਾਂ ਮੁੱਢ ਤੋਂ ਹੀ ਸਰਕਾਰਾਂ ਨਾਲ ਲਾਲ ਝੰਡੀ ਰਹੀ ਐ।”
”ਸਾਡਾ ਤਾਂ ਖੂਨ ਈ ਬਾਗੀ ਏ ਸੁਖਦੀਪ ਕੁਰੇ। ਨਾ ਸਰਕਾਰਾਂ ਹਮਾਤੜ੍ਹਾਂ ਨਾਲ ਧੱਕੇਸ਼ਾਹੀਆਂ ਕਰਨ ਤੋਂ ਹਟਣ ਤੇ ਨਾ ਅਸੀਂ ਟਿਕੀਏ। ਸਾਡਾ ਝੰਡਾ ਤਾਂ ਤਿਆਰ ਬਰ ਤਿਆਰ ਈ ਹੁੰਦੈ, ਬੱਸ ਵਿੱਚ ਡੰਡਾ ਈ ਅੜਾਉਣਾ ਹੁੰਦੈ। ਨਾਲੇ ਉਹ ਤਾਂ ਕੋਈ ਹੋਰ ਈ ਹੋਣਗੇ ਹਕੂਮਤਾਂ ਅੱਗੇ ਪੂਛ ਹਿਲਾਉਣ ਵਾਲੇ, ਅਸੀਂ ਨ੍ਹੀ ਸਿਰ ਸਿੱਟ ਕੇ ਜਿਉਂ ਸਕਦੇ।”
ਸੱਚੀ ਗੱਲ ਹੈ ਡੈਡੀ, ਤੂੰ ਨ੍ਹੀ ਈਨ ਮੰਨੀ ਕਿਸੇ ਖੱਬੀਖਾਨ ਦੀ। ਪਰ ? ਪਰ ਮੈਨੂੰ ਇਹ ਨ੍ਹੀ ਸਮਝ ਆਉਂਦੀ ਕਿ ਇੱਕ ਬਾਗੀ ਖੂਨ ਵਾਲੇ ਆਗੂ ਦੀ ਔਲਾਦ ਐਨੀ ਨਿਸੱਤੀ ਕਿਵੇਂ ਨਿਕਲ ਗਈ? ਸਾਡੀਆਂ ਅੱਖਾਂ ‘ਚੋਂ ਸੁਪਨੇ ਕਿਉਂ ਮਰ ਗਏ? ਤੂੰ ਆਖਦਾ ਹੁੰਦਾ ਸੀ, ”ਜਿਹੜੀ ਕੌਮ ਦੀ ਜਵਾਨੀ ਦੀਆਂ ਅੱਖਾਂ ‘ਚੋਂ ਸੁਪਨੇ ਈ ਮਰ ਜਾਣ; ਉਹਦੇ ਪੱਲੇ ਕੱਖ ਨ੍ਹੀ ਬਚਦਾ। ਨਾ ਅੱਜ, ਨਾ ਆਉਣ ਵਾਲਾ ਕੱਲ੍ਹ।”
ਡੈਡੀ ਕਿੰਨੀ ਵਾਰ ਸੁਣੀ ਹੈ ਤੇਰੇ ਘੋਲਾਂ ਦੀ ਗਾਥਾ। ਤੇਰੇ ਆਪਣੇ ਮੂੰਹੋਂ ਵੀ, ਤੇਰੇ ਯਾਰਾਂ-ਜੁੱਟਾਂ ਤੇ ਪਿੰਡ ਵਾਲਿਆਂ ਦੇ ਮੂੰਹੋਂ ਵੀ। ਤੇਰੀ ਜਵਾਨੀ ਵੇਲੇ ਪੰਜਾਬ ਦੇ ਕਾਲਜਾਂ ਦੇ ਵਿਦਿਆਰਥੀ ਕਹਿੰਦੇ ਸੀ, ‘ਬੰਦ’ ਤਾਂ ਇਹਦਾ ਮਤਲਬ ਹੁੰਦਾ ਸੀ ਪੰਜਾਬ ਪੂਰੀ ਤਰ੍ਹਾਂ ਬੰਦ। ਤੇਰੇ ਵੇਲੇ ਸਰਕਾਰ ਨੇ ਬੱਸਾਂ ਦਾ ਕਿਰਾਇਆ ਵਧਾਇਆ, ਤੁਸੀਂ ਪੰਜਾਬ ‘ਚ ਬੱਸਾਂ ਦਾ ਚੱਕਾ ਈ ਜਾਮ ਕਰ ਦਿੱਤਾ। ਜਿੰਦਗੀ ਘਿਸਰ-ਘਿਸਰ ਚੱਲਣ ਲੱਗੀ। ਸਰਕਾਰ ਨੇ ਆਪਣੀ ਮਰਾਜ਼ੀ ਨਾਲ ਕਾਲਜਾਂ ਦੀਆਂ ਫੀਸਾਂ ਵਧਾਈਆਂ, ਤੁਸੀਂ ਕਾਲਜਾਂ ਦੇ ਬੂਹੇ ਈ ਭੇੜ ਦਿੱਤੇ। ਕਲਾਸ ਰੂਮਾਂ ‘ਚ ਕਾਂ ਪੈਣ ਲੱਗੇ। ਸ਼ਹਿਰ ਦੇ ਬਾਜ਼ਾਰਾਂ ‘ਚ ਹਜ਼ਾਰਾਂ ਵਿਦਿਆਰਥੀਆਂ ਦਾ ਕਾਫ਼ਲਾ ਨਾਅਰੇ ਮਾਰਦਾ ਤੇ ਜਲੂਸ ਕੱਢਦਾ। ਮੰਤਰੀਆਂ ਦੇ ਪੁੱਤਲੇ ਚੁਰੱਸਤਿਆਂ ‘ਚ ਧੂੰਅ-ਧੂੰਅ ਕਰ ਕੇ ਬਲਣ ਲੱਗੇ। ਅੱਗ ਵਾਂਗ ਲਟ-ਲਟ ਮੱਚਦੇ ਵਿਦਿਆਰਥੀਆਂ ਦੇ ਦਹਿਕਦੇ ਅੰਗਿਆਰਾਂ ਜਿਹੇ ਨਾਅਰੇ ਅਸਮਾਨ ‘ਚ ਛੇਕ ਕਰ ਦਿੰਦੇ। ਰਾਜਧਾਨੀ ਦੀਆਂ ਕੁਰਸੀਆਂ ਡਿੱਕਡੋਲੇ ਖਾਣ ਲੱਗਦੀਆਂ। ਪੁਲਸ ਅਤੇ ਖੁਫ਼ੀਆ ਏਜੰਸੀਆਂ ਥੋਡੀਆਂ ਪੈੜ੍ਹਾਂ ਸੁੰਘਦੀਆਂ ਫਿਰਦੀਆਂ। ਵੱਡੇ ਦਫ਼ਤਰਾਂ ਦੀਆਂ ਮੋਟੇ ਢਿੱਡਾਂ ਵਾਲੀਆਂ ਫਾਈਲਾਂ ਨੂੰ ਤਰੇਲੀਆਂ ਆਉਣ ਲੱਗਦੀਆਂ। ਫੜ੍ਹੋ-ਫੜ੍ਹੀ ਦਾ ਦੌਰ ਚੱਲਦਾ। ਟਿਕੇ ਬੈਠੇ ਡੂੰਮਣੇ ਨੂੰ ਜਿਵੇਂ ਕੋਈ ਰੋੜਾ ਮਾਰ ਕੇ ਛੇੜ ਦੇਵੇ। ਰੋਹ ਭਰੇ ਬੋਲ ਗਲੀਆਂ ‘ਚ ਆ ਵੜਦੇ। ਕਿਸਾਨ ਤੇ ਮਜ਼ਦੂਰ ਵੀ ਇਹਨਾਂ ਰੋਹਲੇ ਬੋਲਾਂ ਦੇ ਪਿੱਛੇ-ਪਿੱਛੇ ਤੁਰਦੇ। ਕਾਫ਼ਲਿਆਂ ਦੀ ਗਿਣਤੀ ਵੱਡੀ ਹੁੰਦੀ ਤਾਂ ਰਾਜਧਾਨੀ ਦੇ ਹੁਕਮਾਂ ਦਾ ਹੌਂਸਲਾਂ ਡਿੱਗ ਪੈਂਦਾ। ਵਧੇ ਕਿਰਾਏ ਵਾਪਸ ਹੋ ਜਾਂਦੇ। ਵਧੀਆਂ ਫੀਸਾਂ ਵਾਪਸ ਲੈਣ ਦਾ ਐਲਾਨ ਆਕਾਸ਼ਵਾਣੀ ਦੀਆਂ ਖ਼ਬਰਾਂ ‘ਚ ਆ ਬੋਲਦਾ। ਤੁਹਾਡੇ ਹੌਂਸਲੇ ਸਰੂ ਵਾਂਗ ਉੱਚੇ ਹੋ ਜਾਂਦੇ। ਪਰ ਹੁਣ ? ਪਰ ਹੁਣ ਸਾਡੇ ਬੋਲਾਂ ‘ਚੋਂ ਰੋਹ ਨਹੀਂ ਕਿਸੇ ਮਰੀਅਲ ਕੁੱਤੇ ਦੀ ਚਊਂ-ਚਊਂ ਨਿਕਲਦੀ ਹੈ।
ਸਾਡੇ ਸੁਪਨੇ ਕੌਣ ਖਾ ਗਿਆ ਹੈ ਡੈਡੀ ? ਹੁਣ ਲੰਡੂ ਜਿਹੇ ਗਾਇਕ ਸਾਡੀਆਂ ਧੀਆਂ ਭੈਣਾਂ ਦੇ ਲੱਕ ਮਿਣੀ ਜਾਂਦੇ ਐ ਤੇ ਅਸੀਂ ਲਲਕਾਰੇ ਮਾਰਦੇ ਰਹਿੰਨੇ ਆਂ। ਸ਼ਕਲਾਂ ਈ ਹੋਰ ਤਰ੍ਹਾਂ ਦੀਆਂ ਬਣਾ ਲਈਆਂ। ਤੂੰ ਕਿੰਨਾ ਹੱਸਦਾ ਹੁੰਨੈ ਜਦੋਂ ਉਹ ਕੰਡੇਰਨੇ ਜਿਹੇ ਵਾਲਾਂ ਵਾਲਾ ਗਾਇਕ ਭੈੜੀ ਭੈੜੀ ਜਿਹੀ ਬੂਥੀ ਬਣਾਕੇ ਡੱਡੂ ਟਪੂਸੀਆਂ ਮਾਰਦੈ ਤੇ ਬੇਅਰਥੇ ਜਿਹੇ ਬੋਲ ਬੋਲਦੈ। ਡੈਡੀ ਤੈਨੂੰ ਸੱਚੀਂ ਦੱਸਾਂ ! ਇਹਨਾਂ ਜ਼ਮੀਰੋਂ ਗਿਰੇ ਗਾਇਕਾਂ ਨੇ ਈ ਸਾਡੀ ਸੋਚ ਨੂੰ ਕੁਰਾਹੇ ਪਾਇਆ।
ਤੂੰ ਸਹੀ ਆਖਦਾ ਹੁੰਨੈ, ”ਅਸੀਂ ਲੜਨਾ ਭੁੱਲ ਗਏ ਹਾਂ, ਏਸੇ ਕਰਕੇ ਸਾਡੇ ਖੇਤਾਂ ‘ਚ ਹੁਣ ਖੁਦਕਸ਼ੀਆਂ ਦੀ ਫਸਲ ਉੱਗਣ ਲੱਗ ਪਈ ਹੈ।”
ਮੈਨੂੰ ਯਾਦ ਹੈ, ਇੱਕ ਦਿਨ ਤੂੰ ਤੇ ਤੇਰਾ ਬਿਜਲੀ ਬੋਰਡ ਦੀ ਯੂਨੀਅਨ ਵਾਲਾ ਜੁੱਟ ਸ਼ੇਰਾ; ਮੁਲਾਜ਼ਮ ਜਥੇਬੰਦੀਆਂ ਦੀਆਂ ਗੱਲਾਂ ਕਰਦੇ ਬੀਤੇ ਵਕਤ ਨੂੰ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ, ”ਸ਼ੇਰਿਆ ! ਜਥੇਬੰਦੀਆਂ ਦੇ ਘੋਲ ਸਰਕਾਰਾਂ ਦੀ ਗੋਡਣੀ ਲਵਾ ਦਿੰਦੇ ਸਨ। ਪੰਜਾਬ ਦੀ ਟੀਚਰ ਯੂਨੀਅਨ ਦੀਆਂ ਚੋਣਾਂ ਦੀ ਖ਼ਬਰ ਬੀ. ਬੀ. ਸੀ. ਲੰਡਨ ਤੋਂ ਪ੍ਰਸਾਰਿਤ ਹੁੰਦੀ ਸੀ। ਗੱਲਾਂ ਹੁੰਦੀਆਂ ਸੀ ਅਖੇ ਹੁਣ ਢਿਲੋਂ ਗਰੁਪ ਜਿੱਤਿਐ ਹੁਣ ਰਾਣਾ ਗਰੁੱਪ ਕਾਬਜ਼ ਹੋ ਗਿਐ। ਹੁਣ ਤਾਂ ਪਤਾ ਈ ਨ੍ਹੀ ਲੱਗਦਾ ਕਿੰਨੇ ਕੁ ਢਿਲੋਂ ਤੇ ਰਾਣੇ ਜੰਮਪੇ। ‘ਦਲਦਲ’ ਹੋਈ ਪਈ ਜਥੇਬੰਦੀਆਂ ਆਲੀ ਤਾਂ। ਜਿੰਨੀਆਂ ਰਾਜਸੀ ਪਾਰਟੀਆਂ ਓਨੀਆਂ ਹੀ ਮੁਲਾਜ਼ਮ ਜਥੇਬੰਦੀਆਂ। ਮੁਲਾਜ਼ਮ ਆਗੂ ਤਾਂ ਹੁਣ ਰਾਜਨੀਤਕ ਪਾਰਟੀਆਂ ਦੇ ਝੋਲੇ ਚੁੱਕੀ ਫਿਰਦੇ ਐ। ਹੁਣ ਤਾਂ ਕੁਰਸੀਆਂ ਮੁਲਾਜ਼ਮ ਆਗੂਆਂ ਨੂੰ ਪੁਤਲੀਆਂ ਬਣਾਈ ਫਿਰਦੀਐਂ।”
ਤੂੰ ਠੀਕ ਕਿਹਾ ਸੀ ਡੈਡੀ, ਕੀ ਮੁਲਾਜ਼ਮ, ਕੀ ਵਿਦਿਆਰਥੀ, ਕੀ ਕਿਸਾਨ ਤੇ ਕੀ ਮਜ਼ਦੂਰ, ਸਾਰੇ ਪੁਤਲੀਆਂ ਬਣੇ ਫਿਰਦੇ ਹਾਂ। ਏਸੇ ਕਰਕੇ ਸਾਡੀਆਂ ਅੱਖਾਂ ‘ਚ ਲਿਸ਼ਕ ਨ੍ਹੀ ਆਉਂਦੀ।
ਡੈਡੀ ! ਮੇਰਾ ਸਿਰ ਆਪਣੀ ਗੋਦੀ ‘ਚ ਰੱਖ ਲੈ। ਹਾਂ ! ਬੱਸ ਹੁਣ ਠੀਕ ਐ। ਕਿੰਨਾਂ ਚੰਗਾ ਏਂ ਤੂੰ। ਥੂਹ ਲਾਹਨਤ ਐ ਮੇਰੇ ਜੰਮਣ੍ਹ ‘ਤੇ। ਸਦਾ ਮਾਣ ਨਾਲ ਤਣੀ ਰਹਿਣ ਵਾਲੀ ਤੇਰੀ ਧੌਣ ਨੀਵੀਂ ਕਰ ਦਿੱਤੀ ਹੈ ਮੈਂ। ਬੜੀਆਂ ਕਮੀਨਗੀਆਂ ਕੀਤੀਆਂ ਮੈਂ।
ਆਪਣੀ ਕਮੀਨਗੀ ਦੀ ਇੱਕ ਹੋਰ ਗੱਲ ਦੱਸਦਾਂ ਤੈਨੂੰ। ਨਸ਼ਾ ਕਰਨ ਲਈ ਜਿਸ ਦਿਨ ਘਰੋਂ ਦਾਅ ਨਾ ਲੱਗਦਾ, ਅਸੀਂ ਕਿਧਰੇ ਆਸੇ ਪਾਸੇ ਖੋਹ ਕਰਦੇ। ਮੇਰਿਆ ਰੱਬਾ! ਪਤਾ ਨਹੀਂ ਕਿਹੜੇ ਯੁੱਗ ਭਲਾ ਹੋਊ ਸਾਡਾ? ਇੱਕ ਦਿਨ ਅਸੀਂ ਤੁਰੀ ਜਾਂਦੀ ਸੱਤਰ ਸਾਲਾਂ ਦੀ ਗਰੀਬੜੀ ਜਿਹੀ ਬੁੱਢੀ ਮਾਤਾ ਦਾ ਪਰਸ ਹੀ ਖੋਹ ਲਿਆ ਝਪੱਟਾ ਮਾਰਕੇ। ਖੋਹਲ ਕੇ ਵੇਖਿਆ ਤਾਂ ਵਿਚ ਮੁੜੇ-ਤੁੜੇ ਦਸਾਂ-ਦਸਾਂ ਦੇ ਤਿੰਨ ਨੋਟ। ਵਿੱਚ ਡਾਕਟਰ ਦੀ ਪਰਚੀ। ਪਤਾ ਨਹੀਂ ਵਿਚਾਰੀ ਕਿੱਥੋਂ ਮੰਗ ਕੇ ਲਿਆਈ ਹੋਊ ਦਵਾਈ ਵਾਸਤੇ। ਮੈਂ ਚੀਕਦਾ ਰਿਹਾ, ”ਚਲੋ ਉਏ ਵਾਪਸ ਕਰ ਆਈਏ।” ਕੌਣ ਤੁਰਦਾ ਮੇਰੇ ਨਾਲ? ਜਾਨ ਟੁੱਟਦੀ ਪਈ ਸੀ ਸਾਰਿਆਂ ਦੀ ਨਸ਼ੇ ਬਗੈਰ। ਬੁੱਢੀ ਮਾਂ ਦੇ ਉਹਨਾਂ ਪੈਸਿਆਂ ਨਾਲ ਖਰੀਦੇ ਟੀਕਿਆਂ ਦੀਆਂ ਸਰਿੰਜਾਂ ਭਰਕੇ ਨਾੜ੍ਹਾਂ ਵਿੱਚ ਉਤਾਰੀਆਂ, ਫੇਰ ਕਿਧਰੇ ਜਾਕੇ ਅੱਖਾਂ ਖੁਲ੍ਹੀਆਂ। ਕੀ ਦੱਸਾਂ ਡੈਡੀ, ਬੁੱਢੀ ਮਾਂ ਦਾ ਵਿਲਕਦਾ ਚਿਹਰਾ ਚੌਵੀ ਘੰਟੇ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ। ਖਵਰੇ ਕੀ ਬਣਿਆ ਹੋਊ ਉਸਦਾ ? ਸ਼ੈਂਤ ਦਵਾਈ ਖੁਣੋਂ….?
ਇੱਕ ਵਾਰ ਤਾਂ ਮੈਂ ਜਵਾਂ ਈ ਗਿਰ ਗਿਆ ਸਾਂ। ਇਕੱਲੀ ਕਹਿਰੀ ਤੁਰੀ ਜਾਂਦੀ ਬਜ਼ੁਰਗ ਬੇਬੇ ਦੀਆਂ ਵਾਲੀਆਂ ਲਾਹੁਣ ਲਈ ਉਸਦੇ ਕੰਂਨ ਈ ਪਾੜ ਦਿੱਤੇ। ਪੀੜ ਨਾਲ ਡਾਡਾਂ ਮਾਰਦੀ ਬਜ਼ੁਰਗ ਵੱਲ ਤਾਂ ਅਸੀਂ ਪਿੱਛਾ ਭੌਂਅ ਕੇ ਵੀ ਨਹੀਂ ਸੀ ਦੇਖਿਆ। ਬੱਸ ਸ਼ੂਟ ਵੱਟ ਕੇ ਭੱਜ ਨਿਕਲੇ ਸਾਂ। ਵਾਲੀਆਂ ਸ਼ਹਿਰ ਜਾਕੇ ਸੁਨਿਆਰੇ ਨੂੰ ਦਿਖਾਈਆਂ ਤਾਂ ਸਾਨੂੰ ਧਰਤੀ ਵਿਹਲ ਨ੍ਹੀ ਸੀ ਦਿੰਦੀ। ਜਿਸਨੂੰ ਸੋਨਾ ਸਮਝਕੇ ਬੁੜ੍ਹੀ ਦੇ ਕੰਨ ਪਾੜ੍ਹ ਦਿੱਤੇ ਸਨ, ਉਹ ਪਿੱਤਲ ਨਿੱਕਲਿਆ ਸੀ। ਹਤ ਤੇਰੇ ਦੀ ਸ਼ਰਮ ਆਉਂਦੀ ਹੈ ਆਪਣੇ ਆਪ ‘ਤੇ। ਤੇਰੀ ਔਲਾਦ ਵੀ ਜਵਾਂ ਪਿੱਤਲ ਨਿੱਕਲੀ ਹੈ। ਐਨਾ ਗੰਦਾ ਕਿਵੇਂ ਹੋ ਸਕਦੈ ਤੇਰਾ ਖੂਨ ? ਹੁਣ ਵੀ ਅੱਠੇ ਪਹਿਰ ਬੁੱਢੀ ਮਾਂ ਦੇ ਕੰਨਾਂ ‘ਚੋਂ ਖੂਨ ਦੀਆਂ ਧਾਰਾਂ ਵਗਦੀਆਂ ਨਜ਼ਰ ਆਉਂਦੀਐਂ। ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ।
ਡੈਡੀ ! ਲੈ ਲੈਣ ਦੇ ਪੱਕੀ ਨੀਂਦ, ਕਿਉਂ ਬਚਾਉਨੈਂ ਮੈਨੂੰ। ਸਿਵਾਏ ਹੌਂਕਿਆ ਤੋਂ ਥੋਨੂੰ ਦਿੱਤਾ ਈ ਕੀ ਐ ? ਜਿਉਣਾ ਤਾਂ ਇੱਕ ਪਾਸੇ ਥੋਡਾ ਤਾਂ ਮਰਨਾ ਵੀ ਦੁੱਭਰ ਕਰ ਦਿੱਤਾ ਮੈਂ ਤਾਂ। ਇਨਸਾਫ ਨ੍ਹੀ ਕੀਤਾ ਮੈਂ ਥੋਡੇ ਨਾਲ। ਮੈਂ ਕੀ ਮੇਰੇ ਵਰਗੇ ਕਿੰਨਿਆਂ ਨੇ ਹੀ ਆਪਣੇ ਬਾਪੂਆਂ ਨਾਲ ਇਨਸਾਫ ਨ੍ਹੀ ਕੀਤਾ। ਮੈਨੂੰ ਪਤੈ, ਮੈਨੂੰ ਬਚਾਉਣ ਲਈ ਤੂੰ ਆੜ੍ਹਤੀਏ ਦੀ ਵਹੀ ‘ਚ ਅਗੂੰਠਾ ਕੱਟ ਕੇ ਰੱਖ ਆਇਐਂ। ਤੇਰਾ ਨਾਂ ਵੀ ਹੁਣ ਦਿਹਾੜੀਦਾਰਾਂ ਦੀ ਲਿਸਟ ‘ਚ ਸ਼ਾਮਲ ਹੋ ਜਾਣਾ ਐ। ਐਡੀ ਵੱਡੀ ਧਰਤੀ ‘ਤੇ ਇੱਕ ਛੋਟਾ ਜਿਹਾ ਟੁਕੜਾ ਵੀ ਤੇਰੀ ਜਾਗੀਰ ਨਹੀਂ ਰਹਿਣੀ। ਇਸਤੋਂ ਚੰਗਾ ਸੀ ਮੈਨੂੰ ਜੇਲ੍ਹ ਈ ਚਲੇ ਜਾਣ ਦਿੰਦੇ। ਕੀ ਲੋੜ ਸੀ ਅੱਧਾ ਕਿੱਲਾ ਵੱਡੀ ਗੋਗੜ ਵਾਲੇ ਥਾਣੇਦਾਰ ਦੇ ਢਿੱਡ ‘ਚ ਪਾਉਣ ਦੀ? ਵੱਧ ਤੋਂ ਵੱਧ ਕੀ ਹੁੰਦਾ ? ਕਿੰਦੇ ਵਾਂਗ ਮੇਰੇ ‘ਤੇ ਵੀ ਚਿੱਟੇ ਦਾ ਕੇਸ ਪਾ ਕੇ ਜੇਲ੍ਹ ਭੇਜ ਦਿੰਦਾ। ਪੰਜ-ਸੱਤ ਸਾਲ ਲਾ ਕੇ ਬਾਹਰ ਆ ਜਾਂਦਾ। ਖੌਰੇ ਉੱਥੇ ਈ ਭੁਗਤ ਜਾਂਦਾ।
ਉਂਜ ਵੇਖ ਲੈ ਡੈਡੀ, ਇਹ ਮੱਕੜੀ ਵਾਲਾ ਜਾਲ ਬੁਣਿਆ ਕਿਵੇਂ ਐ ਇਹਨਾਂ ਨੇ ਰਲ ਮਿਲ ਕੇ! ਮੇਰੇ ਤੇਰੇ ਵਰਗਿਆਂ ਦੀ ਸਮਝ ‘ਚ ਕਿੱਥੇ ਆਉਂਦੈ? ਆਪਣੇ ਪੰਚ ਵਰਗੇ ਢੋਲੇ ਦੀਆਂ ਲਾਉਂਦੇ ਫਿਰਦੇ ਆ। ਗੱਡੀਆਂ ਘੂੰ-ਘੂੰ ਕਰਦੀਆਂ ਫਿਰਦੀਐਂ ਮੇਰਿਆਂ ਸਾਲਿਆਂ ਦੀਆਂ। ਥਾਣੇ ‘ਚੋਂ ਨਿੱਕਲ ਕੇ ਮੰਦਰ ‘ਚ, ਮੰਦਰ ‘ਚੋਂ ਨਿੱਕਲ ਕੇ ਗੁਰਦੁਆਰੇ ‘ਚ। ਉੱਥੋਂ ਨਿੱਕਲ ਕੇ ਕਿਸੇ ਨੇਤਾ ਦੀ ਕੋਠੀ ‘ਚ। ਸ਼ਰੇਆਮ ਬਲੈਕ ਕਰਦੈ। ਹੈ ਕੋਈ ਇਹਨੂੰ ਪੁੱਛਣ ਵਾਲਾ? ਦੂਜੇ ਪਾਸੇ ਮੇਰੇ ਵਰਗੇ ਮਾਤੜ੍ਹਾਂ ਨੂੰ ? ਆਹੀ ਵਕਤ ਸੀ ਉਸ ਦਿਨ। ਦਿਨ ਅੱਧਾ ਓਧਰ-ਅੱਧਾ ਓਧਰ। ਮੈਂ ਤੇ ਕਿੰਦਾ ‘ਪੈਂਚ’ ਦੇ ਖਾਸ ਕਰਿੰਦੇ ਤੋਂ ਪੁੜ੍ਹੀ ਲੈ ਕੇ ਨਿੱਕਲੇ ਸਾਂ। ਅਜੇ ਦਸ ਕਰਮਾਂ ਹੀ ਆਏ ਹੋਵਾਂਗੇ, ਧਾੜ ਦੀ ਧਾੜ ਪੁਲਸ ਨੇ ਸਾਨੂੰ ਚਾਰ ਚੁਫੇਰਿਓਂ ਘੇਰ ਲਿਆ ਸੀ। ਲੱਗਦਾ ਸੀ ਜਿਵੇਂ ਕਿਤੇ ਨੇੜੇ ਹੀ ਸ਼ਹਿ ਲਾ ਕੇ ਬੈਠੇ ਸਨ। ਸਾਡੀਆਂ ਜੇਬਾਂ ‘ਚੋਂ ਚਿੱਟੇ ਵਾਲੀਆਂ ਪੁੜ੍ਹੀਆਂ ਕੱਢਦਿਆਂ ਮੋਟੀ ਗੋਗੜ ਵਾਲਾ ਥਾਣੇਦਾਰ ਗਰਜ਼ਿਆ ਸੀ, ”ਸਾਲਿਓ ! ਕਿੱਥੇ ਚੱਲੇ ਸੀ ਵੇਚਣ? ਬਾਕੀ ਮਾਲ ਕਿੱਥੇ ਐ? ਕਿੱਥੇ-ਕਿੱਥੇ ਮਾਲ ਸਪਲਾਈ ਹੁੰਦੈ ਥੋਡਾ? ਕੌਣ-ਕੌਣ ਭਾਈਵਾਲ ਐ ਥੋਡੇ? ਕਿੰਨੇ ਲੱਖ ਬਣਾਇਐ ਹੁਣ ਤੱਕ ?” ਕੀ ਦੱਸਦੇ ਅਸੀਂ? ਬਥੇਰਾ ਰੋਏ ਪਿੱਟੇ ਕਿ ਅਸੀਂ ਤਾਂ ਆਵਦੇ ਵਰਤਣ ਵਾਸਤੇ ਮੁੱਲ ਲਿਐ। ਅਸੀਂ ਪੈਂਚ ਦਾ ਨਾਂ ਵੀ ਲਿਆ। ਉਹਦੇ ਕਰਿੰਦੇ ਦਾ ਨਾਂ ਵੀ ਲਿਆ। ਅਸੀਂ ਬਹੁਤ ਰੌਲਾ ਪਾਇਆ ਕਿ ਔਸ ਕੋਠੀ ‘ਚ ਬੈਠਾ ਥੈਲਾ ਭਰੀ ਚਿੱਟੇ ਦਾ। ਜਾਓ ਜਾਕੇ ਫੜ ਲਵੋ। ਆਓ ਥੋਨੂੰ ਅਸੀਂ ਫੜਾਉਨੇ ਆਂ। ਪਰ ਸਾਡੀ ਗੱਲ ਕੀਹਨੇ ਸੁਨਣੀ ਸੀ ?
ਅਸੀਂ ਰੋ ਰਹੇ ਸਾਂ ਪਰ ਗੋਗੜ ਫੁੰਕਾਰੇ ਮਾਰ ਰਹੀ ਸੀ, ”ਕੁੱਤੀ ਦਿਓ ਪੁੱਤੋ! ਗੰਦੇ ਕੰਮ ਤੁਸੀਂ ਕਰੋਂ ਤੇ ਨਾਂ ਬਦਨਾਮ ਕਰੋਂ ‘ਸਾਊ’ ‘ਸ਼ਰੀਫ਼’, ‘ਮੋਹਤਬਰ’ ਬੰਦਿਆਂ ਦਾ। ਥੋਡੇ ਤਾਂ ਮੈਂ ਹੱਡਾਂ ‘ਚੋਂ ਕੱਢੂੰ ‘ਸਾਰਾ’ ਮਾਲ। ਪੁੱਤ ਜਦੋਂ ਟੰਗਿਆ ਨਾ ਪੁੱਠਾ, ਤੁਸੀਂ ਤਾਂ ਭੁੱਟ-ਭੁੱਟ ਦੱਸਣੈਂ ਨਾਨਕਿਆਂ ਦਾਦਕਿਆਂ ਬਾਰੇ। ਸੂਈ ਆਲੇ ਰਿਕਾਡ ਵਾਂਗੂੰ ਗੌਣ ਸੁਣਾਉਂਗੇ। ਪੁਲਸ ਕੋਲ ਬਥੇਰੇ ਤਾਰੀਕੇ ਹੈਗੇ ਥੋਡੇ ਵਰਗਿਆਂ ਵਾਸਤੇ। ਸਾਡਾ ਨਿੱਤ ਦਿਹਾੜੀ ਥੋਡੇ ਵਰਗੇ ‘ਨੱਤੀ ਸੌ ਵਿਗੜਿਆਂ ਨਾਲ ਵਾਹ ਪੈਂਦੈ।” ਜਿਪਸੀ ਵਿੱਚ ਸੁੱਟ ਸਾਨੂੰ ਥਾਣੇ ਲੈ ਆਏ ਸਨ।
ਇੱਥੇ ਤਾਂ ਹਵਾਲਾਤ ਪਹਿਲਾਂ ਹੀ ਸਾਡੇ ਵਰਗਿਆਂ ਨਾਲ ਤੂੜੀ ਪਈ ਸੀ। ਆਥਣੇ ਹੋਮਗਾਰਡੀਏ ਨੇ ਇਕੱਲੇ-ਇਕੱਲੇ ਨੂੰ ਪਾਸੇ ਕਰਕੇ ਗੁੱਝੀ ਰਮਜ਼ ਨਾਲ ਸਮਝਾਇਆ ਸੀ, ”ਤੁਸੀਂ ਕਿੱਥੇ ਫਸਗੇ ਏਸ ਜਲਾਦ ਕੋਲ? ਕਿਤੇ ਉਰ੍ਹਾਂ-ਪਰ੍ਹਾਂ ਹੋ ਜਾਣਾ ਸੀ ਚਾਰ ਦਿਨ। ਨਸ਼ਿਆਂ ਖਿਲਾਫ਼ ਕਿੱਡੀ ਤਾਂ ਮੁਹਿੰਮ ਵਿੱਢੀ ਬੈਠੀ ਐ ਪੁਲਸ! ਹੁਣ ਤਾਂ ਸਖ਼ਤੀ ਬਾਹਲੀ ਐ। ਸਾਡੇ ਵੱਸ ਨ੍ਹੀ ਉੱਤੋਂ ਈ ਸਖ਼ਤੀ ਹੋਗੀ, ਸਰਕਾਰ ਵੱਲੋਂ। ਏਸ ਮਾਮਲੇ ‘ਚ ਤਾਂ ਪੁਲਸ ਹੁਣ ਸਕੇ ਪਿਉ ਦਾ ਵੀ ਲਿਹਾਜ਼ ਨ੍ਹੀ ਕਰਦੀ। ਉੱਤੋਂ ਆਹ ਕੁੜੀ ਦੇ -‘ਖਵਾਰਾਂ ਆਲੇ ਨ੍ਹੀ ਪੱਟੀ ਬੱਝਣ ਦਿੰਦੇ। ਨਿੱਤ ਦਿਹਾੜੀ ਵੱਡੀਆਂ-ਵੱਡੀਆਂ ਖ਼ਵਰਾਂ ਛਾਪੀ ਜਾਂਦੇ ਐ, ਜਿਵੇਂ ਪੁਲਸ ਲੋਕਾਂ ਦੇ ਆਪ ਫੜ੍ਹ-ਫੜ੍ਹ ਕੇ ਨਸ਼ੇ ਦੇ ਟੀਕੇ ਲਾਉਂਦੀ ਹੋਵੇ।” ਹੋਮਗਾਰਡੀਆ ਲਗਾਤਾਰ ਬੋਲੀ ਗਿਆ ਸੀ, ”ਸੋਨੂੰ ਸੱਚੀਂ ਗੱਲ ਦੱਸਾਂ, ਪੁਲਸ ਤਾਂ ਆਪ ਚੱਕੀ ਆਲੇ ਪੁੜਾਂ ਥੱਲੇ ਆਈ ਪਈ ਐ। ਜੇ ਕਿਸੇ ਨੂੰ ਫੜ੍ਹਦੇ ਹਾਂ ਤਾਂ ਲੀਡਰ ਨ੍ਹੀ ਟਿਕਣ ਦਿੰਦੇ। ਦੇਅ ਫੋਨ ਤੇ ਫੋਨ। ਜੇ ਨਹੀਂ ਫੜ੍ਹਦੇ ਤਾਂ ਆਹ ਪੱਤਰਕਾਰ ਨ੍ਹੀ ਛੱਡਦੇ। ਤੀਏ ਦਿਨ ‘ਖਵਾਰ ਭਰ ਛੱਡਦੇ ਆ। ਪੁਲਸ ਵਿਚਾਰੀ ਦੱਸੋ ਕਿੱਧਰ ਜਾਵੇ?” ਉਸਨੇ ਆਸਾ-ਪਾਸਾ ਵੇਖ ਕੇ ਗੱਲ ਅੱਗੇ ਤੋਰੀ ਸੀ, ”ਮੇਰਾ ਨਾਂ ਨ੍ਹੀ ਆਉਣਾ ਚਾਈਂਦਾ ਵਿੱਚ। ਸੋਨੂੰ ਮਤਬਲ ਦੀ ਗੱਲ ਦੱਸ ਦਿੰਨਾਂ। ਕਿਸੇ ਕੋਲ ਗੱਲ ਤਾਂ ਨ੍ਹੀ ਕਰਦੇ?” ਹੋਮਗਾਰਡੀਆ ਨਾਲ ਦੀ ਨਾਲ ਸਾਥੋਂ ਸਹੀ ਪੁਆ ਰਿਹਾ ਸੀ।
”ਭਰਾਵੋ ਆਵਦਾ ਬੰਨ੍ਹ-ਸੁਬ੍ਹ ਕਰਲੋ, ਨਹੀਂ ਤਾਂ ਆਹ ਠਾਣੇਦਾਰ ਬੜਾ । ਸੋਡੇ ‘ਤੇ ਕੇਸ ਫਿੱਟ ਕਰਦੂ। ਐਨ. ਡੀ. ਪੀ. ਐਸ. ‘ਚ ਤਾਂ ਜ਼ਮਾਨਤ ਵੀ ਨ੍ਹੀ ਹੋਣੀ। ਘੱਟੋ-ਘੱਟ ਦਸ ਸਾਲੀ ਕੈਦ ਤਾਂ ਪੱਕੀ ਹੋਊ। ਉੱਤੋਂ ਨਸ਼ਾ ਸੋਡੇ ਹੱਡਾਂ ‘ਚ ਬਹਿ ਗਿਐ। ਜੇਲ੍ਹ ‘ਚ ਸੋਨੂੰ ਕਿਹੜੀ ਮਾਂ ਚਿੱਟੇ ਦੀਆਂ ਪੁੜੀਆਂ ਭੇਜਦੂ ? ਸੋਡੇ ਤੋਂ ਕੈਦ ਵੀ ਨ੍ਹੀ ਕੱਟ ਹੋਣੀ। ਮਰਜੋਂਗੇ ਹੱਡ-ਗੋਡੇ ਰਗੜ-ਰਗੜ ਕੇ ਅੰਦਰੇ ਈ। ਸੋਨੂੰ ਇੱਕ ਗੱਲ ਹੋਰ ਦੱਸਾਂ ਸੋਡੇ ਭਲੇ ਆਲੀ ਜੇ ਤੁਸੀਂ ਕੋਈ ਲੀਡਰ-ਸ਼ੀਡਰ ਜਾਂ ਪੈਂਚ-ਖੜਪੈਂਚ ਵਿਚੋਲਾ ਪਾ ਲਿਆ, ਸੋਡੀ ਘਾਣੀ ਵਿਗੜ ਵੀ ਸਕਦੀ ਐ। ਨਾਲੇ ਵੱਟਾ ਭਾਰਾ ਹੋਜੂ। ਅਗਲਾ ਆਵਦਾ ਹਿੱਸਾ-ਪੱਤੀ ਵਿੱਚ ਰੱਖਦੈ। ਤੁਸੀਂ ਆਵਦੇ ਘਰਦਿਆਂ ਨਾਲ ਸਾਲਾਹ ਕਰਲਿਓ। ਜੇ ਕਹੋਂਗੇ ਤਾਂ ਮੈਂ ਸੋਡੀ ਸਿੱਧੀ ਗੱਲ ਕਰਾਦੂੰ ਵੱਡੇ ਸਰਦਾਰ ਨਾਲ। ਘੱਟ ਤੋਂ ਘੱਟ ‘ਚ ਸਾਰ ਦਿਆਂਗੇ। ਮੈਂ ਨ੍ਹੀ ਏਹਦੇ ‘ਚੋਂ ਕੁਛ ਖੱਟਣਾ ਕਮਾਉਣਾ। ਮੈਨੂੰ ਤਾਂ ਊਂਈਂ ਸੋਡੇ ਨਾਲ ਹਮਦਰਦੀ ਆ। ਸੋਡੀਆਂ ਹਜੇ ਉਮਰਾਂ ਈ ਕੀ ਐ?” ਹੋਮਗਾਰਡੀਏ ਨੇ ਆਵਦੀ ‘ਸਾਫ਼ ਸੁਥਰੀ’ ਵਿਚੋਲਗਿਰੀ ਦਾ ਯਕੀਨ ਦੁਆਇਆ ਸੀ।
ਸਾਡੀਆਂ ਅੱਖਾਂ ਅੱਗੇ ਜੇਲ੍ਹ ਦੀਆਂ ਉੱਚੀਆਂ-ਉੱਚੀਆਂ ਕੰਧਾਂ ਤੇ ਲੋਹੇ ਦੇ ਭਾਰੇ ਭਾਰੇ ਕਿੱਲਾਂ ਵਾਲੇ ਦਰਵਾਜ਼ੇ ਆ ਗਏ ਸਨ। ਡਰ ਨਾਲ ਕੰਬਣ ਲੱਗੇ ਸਾਂ ਅਸੀਂ। ਕਿੰਨਾ ਕੁੱਝ ਬਦਲ ਜਾਂਦਾ ਹੈ ਦਸਾਂ ਸਾਲਾਂ ‘ਚ ? ਦਸ ਸਾਲ ਦੀ ਕੈਦ ? ਮਾਂ ਤਾਂ ਰੋ-ਰੋ ਕੇ ਹੀ ਮਰ ਜਾਊ। ਡੈਡੀ, ਅਜੇ ਦਸ ਸਾਲ ਪਹਿਲਾਂ ਤਾਂ ਤੂੰ ਮੈਨੂੰ ਉਂਗਲੀ ਲਾ ਕੇ ਸੜਕ ਪਾਰ ਕਰਾਉਂਦਾ ਹੁੰਦਾ ਸੀ ਤੇ ਹੁਣ ਮੈਂ ਤੈਨੂੰ ਉਂਗਲੀ ਲਾ ਕੇ ਥਾਣੇ ਲੈ ਆਇਆ ਸਾਂ। ਤੂੰ ਉਸੇ ਹੋਮਗਾਰਡੀਏ ਅੱਗੇ ਮੇਰੀ ਜਾਨ ਖਲਾਸੀ ਕਰਾਉਣ ਲਈ ਗਿੜਗਿੜਾ ਰਿਹਾ ਸੀ। ਹਵਾਲਾਤ ਦੀਆਂ ਸੀਖਾਂ ਵਿੱਚੋਂ ਮੈਂ ਤੈਨੂੰ ਬੇਵਸੀ ਨਾਲ ਇਧਰ-ਓਧਰ ਭੱਜਦਿਆਂ ਵੇਖ ਰਿਹਾ ਸਾਂ।
”ਹੁਣ ਬੁਲਾ ਆਵਦੇ ਝੰਡੀਆਂ ਆਲਿਆਂ ਨੂੰ ! ਤੀਜੇ ਕੁ ਦਿਨ ਨਾਅਰੇ ਮਾਰਨ ਲੱਗ ਜਾਨੈਂ ਸਾਡੇ ਵਰਗਿਆਂ ਖ਼ਿਲਾਫ, ‘ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ।’ ਲਿਆ ਆਵਦੇ ਪ੍ਰਧਾਨਾਂ-ਸ਼ਰਧਾਨਾਂ ਨੂੰ। ਪਤਾ ਲੱਗਣ ਥੋਡੀਆਂ ਭੱਦਰਕਾਰੀਆਂ ਉਹਨਾਂ ਨੂੰ ਵੀ। ਅਜੇ ਤਾਂ ਇਨਵੈਸਟੀਗੇਸ਼ਨ ਕੀਤੀ ਈ ਨ੍ਹੀ। ਪਤਾ ਨ੍ਹੀ ਕੀ-ਕੀ ਨਿਕਲਣੈਂ ਏਸ ਗੁੱਥਲੀ ‘ਚੋਂ? ਸਰਹੱਦੋਂ ਪਾਰ ਤਾਰਾਂ ਜੁੜੀਐਂ ਏਸ ਗੈਂਗ ਦੀਆਂ। ਅਜੇ ਤਾਂ ਆਵਦੇ ਆਲਾ ਝੁਰਲੂ ਨ੍ਹੀ ਫੇਰਿਆ ਪੰਜਾਬ ਆਲੀ ਪੁਲਸ ਨੇ। ਜਦੋਂ ਉਹ ਮੋਰਚਾ ਖੋਲ੍ਹਿਆ, ਇਹਨੇ ਤਾਂ ਸਾਰੇ ਟੋਲੇ ਬਾਰੇ ਭੁੱਟ-ਭੁੱਟ ਦੱਸ ਦੇਣਾ ਐ। ਨਾਲੇ ਤੈਨੂੰ ਕਿਹੜਾ ਭੁੱਲ ਐ? ਸਾਰੀ ਕਾਲੀ ਕਮਾਈ ਘਰੇ ਈ ਦਿੰਦਾ ਸੀ। ਉਦੋਂ ਤਾਂ ਸਾਰਾ ਟੱਬਰ ਬਿਨਾਂ ਗਿਣਿਆਂ ਈ ਨੋਟ ਸਾਂਭਦੇ ਸੀ ਪੇਟੀ ‘ਚ। ਨੇਤਾ ਜੀ ਬਚਦੇ ਤੁਸੀਂ ਵੀ ਨ੍ਹੀ। ਲਪੇਟੇ ‘ਚ ਤਾਂ ਤੁਸੀਂ ਵੀ ਆਉਂਗੇ। ਸਾਰਾ ਟੱਬਰ ਜੇਲ੍ਹ ‘ਚ ਈ ਧਰਨੇ ਮੁਜ਼ਾਹਰੇ ਕਰਿਓ ਹੁਣ।” ਥਾਣੇਦਾਰੀ ਹੈਂਕੜ ਤੇਰੇ ‘ਤੇ ਟੁੱਟ-ਟੁੱਟ ਪੈ ਰਹੀ ਸੀ। ਕੁੱਝ ਨਹੀਂ ਸੀ ਬੋਲਿਆ ਤੂੰ। ਬੱਸ ਨੀਵੀਂ ਪਾਈ ਖੜ੍ਹਾ ਰਿਹਾ ਸੀ। ਐਨਾ ਬੇਵੱਸ ਤੈਨੂੰ ਪਹਿਲੀ ਵਾਰ ਦੇਖਿਆ ਸੀ। ਜੇ ਕੋਈ ਹੋਰ ਸਮਾਂ ਹੁੰਦਾ ਤੂੰ ਥਾਣੇਦਾਰ ਨੂੰ ਢਾਹ ਕੇ ਗੋਡਿਆਂ ਥੱਲੇ ਕਰ ਲੈਣਾ ਸੀ। ਤੇਰੀ ਯੂਨੀਅਨ ਵਾਲੇ ਕਿਸਾਨਾਂ ਮਜ਼ਦੂਰਾਂ ਨੇ ”ਹਾਏ ਹਾਏ ਜਿੰਦਾਬਾਦ ਮੁਰਦਾਬਾਦ” ਕਰਦਿਆਂ ਥਾਣੇ ਨੂੰ ਚਾਰ ਚੁਫੇਰਿਓਂ ਘੇਰ ਲੈਣਾ ਸੀ।
ਡੈਡੀ ! ਮੈਨੂੰ ਲੱਗਦੈ ਮੇਰਾ ਸਾਰਾ ਖੂਨ ਈ ਪਾਣੀ ਬਣਿਆ ਪਿਐ। ਅਵਲ ਤਾਂ ਮੈਂ ਬਚਦਾ ਨ੍ਹੀ, ਜੇ ਬਚ ਵੀ ਗਿਆ ਤਾਂ ਸਾਰੀ ਉਮਰ ਮੈਂਥੋਂ ਨਮੋਸ਼ੀ ‘ਚੋਂ ਈ ਨਹੀਂ ਨਿਕਲਿਆ ਜਾਣਾ। ਮੇਰੇ ਕਰਕੇ ਹੀ ਤੇਰੀ ਸਾਰੀ ਜ਼ਮੀਨ, ਜਿਸਨੂੰ ਤੂੰ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਸੀ, ਥਾਣੇਦਾਰ ਦੀ ਗੋਗੜ ‘ਚ ਜਾ ਵੜੀ ਸੀ। ਕੀ ਪਤਾ ਕੀਹਦੇ-ਕੀਹਦੇ ਬੱਬਰ ਵਿੱਚ ਗਈ ਹੋਵੇਗੀ? ਥਾਣੇਦਾਰ ਨੇ ਤਾਂ ਤੇਰੇ ਤੋਂ ਨੋਟਾਂ ਦਾ ਝੋਲਾ ਫੜਦਿਆਂ ਮੀਸਣੇ ਜਿਹੇ ਮੂੰਹ ਨਾਲ ਆਖਿਆ ਸੀ, ”ਇਹ ਸਾਰਾ ਮਾਲ ਤਾਂ ਉੱਤਲਿਆਂ ਨੂੰ ਹੀ ਚਲਾ ਜਾਣੈਂ। ਮੈਂ ਇਹਦੇ ‘ਚੋਂ ਕੱਖ ਨ੍ਹੀ ਰੱਖਣਾ। ਥੋਨੂੰ ਤਾਂ ਪਤਾ ਈ ਐ, ਰਾਜਧਾਨੀ ਤੱਕ ਹਿੱਸਾ ਜਾਂਦੈ। ਤੈਨੂੰ ਕਿਹੜਾ ਭੁੱਲ ਐਂ। ਬਥੇਰਾ ਫਿਰਿਆ-ਤੁਰਿਆ ਬੰਦੈਂ ਤੂੰ। ਦਿੱਲੀ-ਦੱਖਣ ਗਾਹਿਐ। ਸੱਚੀ ਪੁੱਛੇਂ ਤਾਂ, ਤੇਰੇ ਮੂੰਹ ਨੂੰ ਕੱਢਣ ਲੱਗੇ ਆਂ ਮੁੰਡੇ ਨੂੰ ਕੇਸ ‘ਚੋਂ, ਨਹੀਂ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਤੋੜਦਾ।”
”ਜਨਾਬ ! ਅਸੀਂ ਤਾਂ ਥੋਨੂੰ ਦੇਤੇ, ਤੁਸੀਂ ਅੱਗੇ ਜੀਹਨੂੰ ਮਰਜ਼ੀ ਦਿਓ-ਨਾ ਦਿਓ। ਸਾਨੂੰ ਇਹਦੇ ਨਾਲ ਕੋਈ ਲਾਗਾ ਦੇਗਾ ਨ੍ਹੀ। ਬੱਸ ਏਸ ਛੋਹਰ ਦਾ ਖਹਿੜਾ ਛੁਡਾਓ। ਇਹ ਜੇਲ੍ਹ ਚਲਾ ਗਿਆ ਤਾਂ ਸਾਡੇ ਕੋਲ ਕੀ ਰਹਿ ਜਾਊ? ਇਹ ਜੇਲ੍ਹ ‘ਚ ਸੜਜੂ ਬਾਹਰ ਇਹਦੀ ਮਾਂ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰ-ਮਾਰ ਕੇ ਮਰਜੂ। ਸਾਡਾ ਤਾਂ ਏਸੇ ਨਾਲ ਜਹਾਨ ਵੱਸਦੈ।” ਤੇਰੇ ਅੰਦਰੋਂ ਲੋਕਾਂ ਦਾ ਲੜਾਕੂ ਆਗੂ ਧਰਮ ਸਿੰਘ ਨਹੀਂ ਇਕ ਮਜ਼ਬੂਰ ਬਾਪ ਬੋਲਿਆ ਸੀ।
ਤੇਰੇ ਚਿਹਰੇ ‘ਤੇ ਪੁੱਤ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਸੜਨ ਤੋਂ ਬਚਾ ਲੈਣ ਦੀ ਸੰਤੁਸ਼ਟੀ ਸੀ। ਜ਼ਮੀਨ ਵਿਕ ਜਾਣ ਦਾ ਦੁੱਖ ਤੂੰ ਅੰਦਰੇ-ਅੰਦਰ ਛੁਪਾ ਲਿਆ ਸੀ।
”ਸਾਰੀ ਦੁਨੀਆਂ ਕੋਲ ਕਿਹੜਾ ਜ਼ਮੀਨਾਂ ਜੈਦਾਤਾਂ ਹੁੰਦੀਆਂ ਐ? ਜਿੰਨਾਂ ਕੋਲ ਜ਼ਮੀਨ ਨ੍ਹੀ ਉਹ ਕਿਹੜਾ ਜਿਉਂਦੇ ਨ੍ਹੀ ? ਸਗਮਾਂ ਵਧੀਆ ਜਿਉਂਦੇ ਆ।” ਮਾਂ ਤੈਨੂੰ ਹੌਂਸਲਾ ਦੇ ਰਹੀ ਸੀ।
”ਸੁਖਦੀਪ ! ਜ਼ਮੀਨਾਂ ਜਾਇਦਾਦਾਂ ਹੁੰਦੀਆਂ ਕਾਹਦੇ ਵਾਸਤੇ ਐ? ਏਹੀ ਨਾ ਕਿ ਇਹ ਲੋੜ ਵੇਲੇ ਕੰਮ ਆਉਂਦੀਆਂ ਨੇ। ਹੁਣ ਤੂੰ ਈ ਦੱਸ, ਐਦੂੰ ਵੱਡੀ ਲੋੜ ਹੋਰ ਭਲਾ ਕਿਹੜੀ ਹੋ ਸਕਦੀ ਸੀ? ਜ਼ਮੀਨ-ਜਾਇਦਾਦ ਆਸਰੇ ਈ ਬਚਾ ਲਿਆ ਪ੍ਰਕਾਸ਼ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਤੋਂ, ਨਹੀਂ ਵਿਧਵਾ ਜ਼ੈਲੋ ਦੇ ਪੁੱਤ ਵਾਲੀ ਹੋਣੀ ਸੀ। ਲੋਕਾਂ ਦੇ ਘਰੀਂ ਗੋਹਾ-ਕੂੜਾ ਕਰਕੇ ਟੱਬਰੀ ਪਾਲਣ ਵਾਲੀ ਜ਼ੈਲੋ, ਕਿੱਥੋਂ ਢਿੱਡ ਭਰ ਦਿੰਦੀ ਪੁਲਸ ਵਾਲਿਆਂ ਦੇ। ਅਗਲਿਆਂ ਨੇ ਕੇਸ ਪਾਕੇ ਅੰਦਰ ਧੱਕ ਦਿੱਤਾ। ਹੁਣ ਨਾ ਵਿਚਾਰੀ ਤੋਂ ਵਕੀਲਾਂ ਦੀਆਂ ਫੀਸਾਂ ਭਰੀਆਂ ਜਾਣ ਤੇ ਨਾ ਮੁੰਡਾ ਬਾਹਰ ਆਵੇ। ਆਪਾਂ ਤਾਂ ਸ਼ੁਕਰ ਕਰੀਏ ਰੱਬ ਦਾ। ਕੋਲ ਚਾਰ ਸਿਆੜ ਸੀਗੇ ਤਾਂ ਵੇਚ-ਵੱਟ ਕੇ ਮੁੰਡਾ ਬਚਾਅ ਲਿਆ, ਨਹੀਂ ਤਾਂ ।”
”ਸ਼ੁਕਰ ਐ ਸੱਚਿਆ ਪਾਸ਼ਾਹ !” ਮਾਂ ਦੇ ਦੋਵੇਂ ਹੱਥ ਆਪ ਮੁਹਾਰੇ ਜੁੜ ਗਏ ਸਨ।
ਤੂੰ ਪਤਾ ਨਹੀਂ ਆਪਣੇ ਆਪ ਨੂੰ ਹੌਂਸਲਾ ਦੇ ਰਿਹਾ ਸੀ ਕਿ ਬਾਕੀ ਪਰਿਵਾਰ ਨੂੰ। ਮੈਂ ਹੈਰਾਨ ਸਾਂ ਕਿ ਹਰ ਵੇਲੇ ਜ਼ਮੀਨ ਨੂੰ ਮਾਂ ਕਹਿਣ ਵਾਲਾ ਅਤੇ ਇਸ ਮਾਂ ਲਈ ਸਰਕਾਰਾਂ ਨਾਲ ਲੜਨ-ਭਿੜਨ ਵਾਲਾ ਬੰਦਾ, ਆਪਣੀ ਮਾਂ ਵਰਗੀ ਜ਼ਮੀਨ ਦੇ ਵਿਕ ਜਾਣ ‘ਤੇ ਵੀ ਆਪਣੇ ਆਪ ਦੇ ਕਾਇਮ ਹੋਣ ਦਾ ਦਿਖਾਵਾ ਕਰ ਰਿਹਾ ਸੀ।
”ਪ੍ਰਕਾਸ਼ ਦੀ ਮਾਂ! ਆਪਣੀ ਔਲਾਦ ਆਪਣੀਆਂ ਅੱਖਾਂ ਅੱਗੇ ਤੁਰੀ ਫਿਰਦੀ ਐ, ਐਨਾ ਈ ਵਾਧੂ ਐ ; ਨਹੀਂ ਵਿੰਗੇ ਪੈਰਾਂ ਵਾਲਿਆਂ ਦੇ ਘਰ ਵੱਲ ਵੇਖ ਕੀ ਹਾਲ ਹੋਇਆ ਪਿਐ। ਇੱਕੋ ਇੱਕ ਮੁੰਡਾ ਸੀ। ਐਨਾ ਪੜ੍ਹਾਇਆ ਲਿਖਾਇਆ ਵੀ। ਕਿਸੇ ਬਾਹਰਲੇ ਮੁਲਕ ਦੀ ਜੇਲ੍ਹ ‘ਚ ਹੱਡ ਗਾਲ਼ੀ ਜਾਂਦੈ। ਬਾਹਰ ਨਿਕਲਣ ਦੀ ਵੀ ਉਮੀਦ ਹੈਨੀ। ਓਧਰ ਉਹ ਜੇਲ੍ਹ ਦੀਆਂ ਸੀਖਾਂ ਨਾਲ ਟੱਕਰਾਂ ਮਾਰਦਾ ਹੋਊ ਤੇ ਏਧਰ ਇਹ ਦੋਵੇਂ ਜੀਅ ਬੁੱਢੇ ਵਾਰੇ ਘਰ ਦੀਆਂ ਕੰਧਾਂ ਨਾਲ ਟੱਕਰਾਂ ਮਾਰਦੇ ਐ। ਸਰਕਾਰ-ਦਰਬਾਰੇ ਅਰਜ਼ੀਆਂ ਪਾ-ਪਾ ਹੰਭਗੇ। ਕੁੱਛ ਨ੍ਹੀ ਹੱਥ ਪੱਲ੍ਹੇ ਪਿਆ ਵਿਚਾਰਿਆਂ ਦੇ।” ਇਧਰ-ਓਧਰ ਦੀਆਂ ਉਦਾਹਰਨਾਂ ਦੇ ਕੇ ਤੂੰ ਮਾਂ ਦਾ ਦਿਲ ਧਰਾ ਰਿਹਾ ਸੀ।
ਸ਼ਾਇਦ ਤੇਰੇ ਦਿਲਾਸੇ ਦਾ ਕਾਰਨ ਵੀ ਸਹੀ ਹੋਵੇ। ਜਸਪ੍ਰੀਤ ਵਿੰਗੇ ਪੈਰਾਂ ਵਾਲਿਆਂ ਦਾ ਇੱਕੋ ਇੱਕ ਪੁੱਤ ਹੈ, ਜਿਸਦੀ ਪੜ੍ਹਾਈ ‘ਤੇ ਉਹਨਾਂ ਸਾਰਾ ਘਰ ਲਾ ਦਿੱਤਾ ਸੀ। ਇੰਜਨੀਅਰਿੰਗ ਦੀ ਵੱਡੀ ਡਿਗਰੀ ਵੀ ਉਸ ਲਈ ਰੋਜ਼ੀ ਰੋਟੀ ਦਾ ਸਬੱਬ ਨਹੀਂ ਸੀ ਬਣ ਸਕੀ। ਨੌਕਰੀ ਲਈ ਥਾਂ-ਥਾਂ ਟੱਕਰਾਂ ਮਾਰਨ ਤੋਂ ਬਾਅਦ ਉਸਨੇ ਬਾਹਰਲੇ ਮੁਲਕ ਜਾਣ ਦੀ ਜ਼ਿੱਦ ਫੜ ਲਈ ਸੀ। ਪੁੱਤ ਦੀ ਜ਼ਿੱਦ ਅੱਗੇ ਹਾਰ ਮੰਨਦਿਆਂ ਵਿੰਗ ਪੈਰੀਏ ਨੇ ਬਚਦੀ ਨੌਂ ਕਨਾਲਾਂ ਵੇਚ, ਤੇਰਾਂ ਲੱਖ ਏਜੰਟ ਦੀ ਝੋਲੀ ਪਾ ਦਿੱਤਾ। ਦਿਨ ਬਦਲ ਜਾਣ ਦੇ ਸੁਪਨੇ ਲੈਂਦਾ ਜਸਪ੍ਰੀਤ ਜਿਸ ਦਿਨ ਹਵਾ ‘ਚ ਉੱਡਿਆ ਸੀ, ਵਿੰਗ ਪੈਰੀਆਂ ਦੇ ਚਾਅ ਵੀ ਹਵਾ ‘ਚ ਉੱਡੇ ਸਨ। ਕਨੇਡਾ ਦੇ ਸਵਰਗ ‘ਚ ਡਾਲਰ ਇਕੱਠੇ ਕਰਨ ਦੇ ਸੁਪਨੇ ਲੈਂਦਾ ਜਸਪ੍ਰੀਤ ਸੁਣਿਐ ਯੂਕਰੇਨ ਦੀ ਜੇਲ੍ਹ ‘ਚ ਬੰਦ ਹੈ। ਏਜੰਟ ਦਾ ਤਾਂ ਕੋਈ ਥਹੁ ਪਤਾ ਹੀ ਨਹੀਂ ਲੱਗ ਰਿਹਾ ਕਿਧਰ ਸਿਤਮ ਹੋ ਗਿਆ। ਜੇ ਭਲਾ ਜੱਸ ਨੂੰ ਇੱਥੇ ਨੌਕਰੀ ਮਿਲ ਜਾਂਦੀ, ਕਾਹਨੂੰ ਬਾਹਰ ਜਾਣ ਦਾ ਹੂਲਾ ਫੱਕਦਾ। ਜਸਪ੍ਰੀਤ ਦੀ ਮਾਂ ਤਾਂ ਪਾਗਲ ਹੋ ਗਈ ਹੈ ਪੁੱਤ ਦਾ ਰਾਹ ਵੇਖਦੀ-ਵੇਖਦੀ। ਕਹਿੰਦੀ ਹੈ, ”ਮੇਰਾ ਪੁੱਤ ਹਵਾ ਆਲੇ ਘੋੜੇ ‘ਤੇ ਚੜ੍ਹਕੇ ਆਊ। ਮੈਂ ਤਾਂ ਆਵਦੇ ਜਸਪ੍ਰੀਤੇ ਨੂੰ ਕਿਸੇ ਵੱਡੇ ਸਰਦਾਰ ਦੇ ਘਰੇ ਵਿਆਹੁਣੈ। ਛੱਜ ਟੂੰਮਾਂ ਦਾ ਪਾਊਂ ਆਵਦੀ ਨੂੰਹ ਰਾਣੀ ਨੂੰ। ਮੇਰੇ ਜਸਪ੍ਰੀਤੇ ਨੇ ਪੰਡ ਕਿਤਾਬਾਂ ਦੀ ਪੜ੍ਹੀ ਐ ਸਾਕ ਵਾਸਤੇ ਤਾਂ ਵੱਡੇ-ਵੱਡੇ ਸਰਦਾਰ ਹੱਥ ਕੱਢਣਗੇ।”
ਡੈਡੀ ਤੁਸੀਂ ਖੁਸ਼ ਹੁੰਨੇ ਓਂ ਕਿ ਥੋਡਾ ਪ੍ਰਕਾਸ਼ ਥੋਡੇ ਕੋਲ ਹੈ ਪਰ ? ਕਿੱਥੇ ਹੈ ਪ੍ਰਕਾਸ਼ ਥੋਡੇ ਕੋਲ? ਮੈਨੂੰ ਤਾਂ ਲੱਗਦੈ ਚਾਰ-ਚੁਫੇਰੇ ਹਨੇਰਾ ਈ ਹਨੇਰਾ ਫੈਲਿਆ ਪਿਐ। ਹੈਨੀ ਕਿਤੇ ਪ੍ਰਕਾਸ਼। ਇਹਦੇ ਲਈ ਮੈਂ ਦੋਖੀ ਹਾਂ ਥੋਡਾ। ਮੈਂ ਇਨਸਾਫ਼ ਨਹੀਂ ਕੀਤਾ ਥੋਡੇ ਨਾਲ। ਮੇਰੇ ਵਰਗੇ ਪ੍ਰਕਾਸ਼ਿਆਂ ਨੇ ਇਨਸਾਫ਼ ਨ੍ਹੀ ਕੀਤਾ ਆਪਣੇ ਮਾਪਿਆਂ ਨਾਲ। ਕਿਉਂ ਬਚਾਉਨੈ ਪ੍ਰਕਾਸ਼ ਨੂੰ ? ਚੰਗੀ ਨ੍ਹੀ ਕੀਤੀ ਪ੍ਰਕਾਸ਼ ਨੇ ਥੋਡੇ ਨਾਲ। ਮੁੱਕ ਲੈਣ ਦਿਓ ਪ੍ਰਕਾਸ਼ ਨੂੰ ਤਿਲ-ਤਿਲ ਕਰਕੇ।
ਅਹੁ ਵੇਖੋ ਕਿਵੇਂ ਤਿਲ-ਤਿਲ ਕਰਕੇ ਮਰ ਰਿਹਾ 36 ਨੰਬਰ ਬੈੱਡ ਆਲਾ ਭਿੰਦਾ। ਮੈਥੋਂ ਨ੍ਹੀ ਦੇਖਿਆ ਜਾਂਦਾ। ਇਹ ਵੀ ਮੇਰੇ ਵਾਗੂੰ ਮਿੰਨਤਾਂ ਕਰਦੈ ਕਿ ਉਸਦੀਆਂ ਨਾੜਾਂ ਵਿੱਚ ਜ਼ਹਿਰ ਦਾ ਟੀਕਾ ਈ ਧੱਸ ਦਿਉ। ਇਹਨੇ ਵੀ ਮਾਂ ਦੇ ਪੁੱਤ ਨੇ ਨਿਰੀ ਅੱਗ ਈ ਫੱਕੀ ਐ। ਸੱਚੀ ਗੱਲ ਐ ਡੈਡੀ…….. ਅੱਗ ਖਾ ਲੈਂਦਾ ਸੀ ਇਹ ਭਿੰਦਾ। ਇੱਕ ਭਿੰਦਾ ਹੀ ਕਿਉਂ, ਅਸੀ ਸਾਰੇ ਹੀ ਅੱਗ ਖਾਂਦੇ ਰਹੇ ਹਾਂ। ਜਿਵੇਂ ਦੱਸਦੇ ਹੁੰਦੇ ਐ, ਪਹਿਲੇ ਜ਼ਮਾਨਿਆਂ ‘ਚ ਲੋਕ ਨਸ਼ਾਂ ਲੈਣ ਆਸਤੇ ਜੀਭ ‘ਤੇ ਨਾਗ ਲੜਾ ਲੈਂਦੇ ਸੀ…… ਡੈਡੀ ਇਹਨਾਂ ਨਾਗਾਂ ਵਾਲਾ ਕੰਮ ਹੁਣ ਆਪਣੇ ਪੰਚ ਅਰਗਿਆਂ ਨੇ ਸੰਭਾਲ ਲਿਐ। ਇਹ ਕੰਮ ਹੁਣ ਨਾਗਾਂ ਦੀ ਥਾਂ ਬੰਦਿਆਂ ਆਲੀ ਕੌਮ ਕਰਨ ਲੱਗ ਪਈ ਐ।
ਔਹ ਵੇਖ ਡੈਡੀ ਕਿੰਨਾ ਤੜਪ ਰਿਹੈ। ਆਏਂ ਤੜਪਦਾ ਰਹਿੰਦਾ ਸੀ ਨਸ਼ੇ ਦੀ ਟੋਟ ਆਈ ਤੋਂ। ਹੁਣ ਤਾਂ ਟੀਕਾ ਲਾਉਣ ਲਈ ਨਾੜਾਂ ਵੀ ਨਹੀਂ ਸੀ ਲੱਭਦੀਆਂ। ਕੰਧਾਂ ਨਾਲ ਟੱਕਰਾਂ ਮਾਰਨ ਲੱਗਦਾ ਸੀ। ਜਾਨ ਟੁੱਟ ਰਹੀ ਐ ਕਿੰਦੇ ਦੀ। ਮੈਨੂੰ ਨ੍ਹੀ ਲੱਗਦਾ ਬਚੇ। ਡੈਡੀ! ਭਲਾ ਆਏਂ ਵੀ ਮਰਦਾ ਹੁੰਦੈ ਕੋਈ ਤਿਲ-ਤਿਲ ਕਰਕੇ, ਭਿੰਦੇ ਵਾਗੂੰ?
ਬਾਪੂ! ਤੂੰ ਇਕੇਰਾਂ ਦੱਸਿਆ ਸੀ ਕਿ ਭਿੰਦੇ ਦਾ ਪੜਦਾਦਾ ਕੈਪਟਨ ਕਮਿੱਕਰ ਸਿੰਘ, ਸੁਭਾਸ਼ ਬਾਬੂ ਨਾਲ ਰਲਕੇ ਦੇਸ਼ ਆਜ਼ਾਦ ਕਰਾਉਣ ਤੁਰਿਆ ਸੀ। ਸੁਭਾਸ਼ ਬੋਸ ਵਾਲੀ ਆਜ਼ਾਦ ਹਿੰਦ ਫੌਜ ‘ਚ ਸ਼ਾਮਲ ਹੋ ਕੇ ਲੜਦਾ ਰਿਹੈ ਦੇਸ਼ ਦੀ ਆਜ਼ਾਦੀ ਲਈ। ਅੱਗੋਂ ਇਹਦੇ ਦਾਦੇ ਬਹਾਦਰ ਸਿੰਘ ਨੇ 1965 ਵਾਲੀ ਭਾਰਤ-ਪਾਕਿਸਤਾਨ ਜੰਗ ਵੇਲੇ ਸਰਹੱਦ ‘ਤੇ ਖੂਨ ਡੋਲ੍ਹਿਆ। ਫੇਰ ਇਹਦਾ ਬਾਪ ਕਾਰਗਿਲ ਦੀਆਂ ਬਰਫ਼ ਲੱਦੀਆਂ ਚੋਟੀਆਂ ‘ਤੇ ਦੁਸ਼ਮਣ ਨਾਲ ਲੋਹਾ ਲੈਂਦਾ, ਤਾਬੂਤ ਵਿੱਚ ਬੰਦ ਹੋ ਕੇ ਆਇਆ ਸੀ। ਉਦੋਂ ਇਹ ਭਿੰਦਾ ਅੱਠ ਸਾਲਾਂ ਦਾ ਸੀ ਮਸੀਂ। ਵਿਧਵਾ ਮਾਂ ਨੇ ਬੜਾ ਔਖਾ ਹੋ ਕੇ ਪਾਲਿਆ ਇਹਨੂੰ। ਲੈ ਵੇਖ ਹੁਣ, ਦੇਸ਼ ਲਈ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਦਾ ਖੂਨ, ਹੱਡੀਆਂ ਦੀ ਮੁੱਠ ਬਣਿਆ ਪਿਐ। ਬੜੀਆਂ ਮਹਿੰਗੀਆਂ ਫੀਸਾਂ ਤੇ ਡੋਨੇਸ਼ਨਾਂ ਦੇ ਕੇ ਇੰਜੀਨੀਅਰਿੰਗ ਕਰਵਾਈ ਸੀ ਵਿਧਵਾ ਮਾਂ ਨੇ। ਰੁਜ਼ਗਾਰ ਲਈ ਕਈ ਸਾਲ ਧੱਕੇ ਖਾਂਦਾ ਰਿਹਾ ਤੇ ਆਖਰ …… ਆਖਰ ਪੈਂਚ ਅਰਗਿਆਂ ਦੇ ਹੱਥੀਂ ਚੜ੍ਹ ਗਿਆ। ਜੇ ਭਲਾ ਇਹਨੂੰ ਨੌਕਰੀ ਮਿਲ ਜਾਂਦੀ, ਕਾਹਨੂੰ ਕਿਸੇ ਕੁਰਾਹੇ ਪੈਂਦਾ। ਕੋਈ ਪਤਾ ਨਹੀਂ ਇੱਥੇ ਕਿੰਨੇ ਕੁ ਕਿੰਦੇ-ਭਿੰਦੇ ਸਰਕਾਰੀ ਰੋਜ਼ਗਾਰ ਦਫਤਰਾਂ ਦੀਆਂ ਫਾਈਲਾਂ ‘ਚ ਧੂੜ ਬਣਗੇ। ਇਹ ਤਾਂ ਥੋਡੇ ਕਹਿਣ ਆਗੂੰ ਸਰਕਾਰਾਂ ਦੀ ਬੇੜੀ ਡੁੱਬਗੀ।
ਡੈਡੀ, ਮੈਂ ਕਦੇ-ਕਦੇ ਭਿੰਦੇ ਨੂੰ ਕਹਿਣਾ, ”ਭਿੰਦਿਆਂ! ਅਨਪੜ੍ਹ ਜਨਤਾ ਤਾਂ ਮੰਨਿਆ ਗੁੰਮਰਾਹ ਹੋ ਜਾਂਦੀ ਐ, ਮੇਰੇ ਯਾਰ ਆਪਾਂ ਤਾਂ ਲਿਖੇ-ਪੜ੍ਹੇ ਆਂ। ਮੇਰੀ ਛੱਡ, ਤੂੰ ਤਾਂ ਪੜ੍ਹ-ਪੜ੍ਹ ਢੇਰ ਲਾਤਾ। ਸਰਟੀਫਿਕੇਟਾਂ ਦਾ ਥੱਬਾ ਬਣਿਆ ਪਿਆ ਹੋਊ ਤੇਰੇ ਕੋਲ ਤਾਂ।” ਅੱਗਿਓਂ ਮੈਨੂੰ ਹੱਸ ਕੇ ਕਹਿਣ ਲੱਗਾ, ”ਪ੍ਰਕਾਸ਼! ਸਾਲੀ ਇਹੋ ਤਾਂ ਗੱਲ ਮਾੜੀ ਐ ਕਿ ਮੇਰੇ ਕੋਲ ਥੱਬਾ ਸਰਟੀਫਿਕੇਟਾਂ ਦਾ ਹੈਗਾ। ਆਪਣੇ ਪੈਂਚ ਆਗੂੰ ਸੱਤਵੀ-ਅੱਠਵੀਂ ‘ਚੋਂ ਭੱਜੇ ਹੁੰਦੇ, ਹੁਣ ਤੱਕ ਘਰਦਿਆਂ ਨੂੰ ਨੋਟਾਂ ਦੇ ਢੇਰ ‘ਤੇ ਬਹਾ ਦਿੰਦੇ। ਨਾਲੇ ਯਾਰਾ ਮੈਨੂੰ ਲੱਗਦੈ ਸਾਡੀਆਂ ਪੜ੍ਹੀਆਂ ਤਾਂ ਮੇਲੂ ਪੈਂਚ ਅਰਗੇ ਚਰਗੇ ਸਰਕਾਰਾਂ ਨਾਲ ਰਲਕੇ।”
ਡੈਡੀ! ਮੈਨੂੰ ਤਾਂ ਲੱਗਦੈ ਪੈਂਚ ਅਰਗਿਆਂ ਸਰਕਾਰਾਂ ਨਾਲ ਰਲਕੇ ਸਾਡੇ ਸਰਟੀਫਿਕੇਟਾਂ ਨੂੰ ਹੀ ਨਹੀ ਸਾਡੀ ਜਿੰਦਗੀਆਂ ਨੂੰ ਹੀ ਚਾਰਾ ਬਣਾ ਲਿਐ। ਆਏ ਦਿਨ ਸੜਕਾਂ ਦੇ ਕਿਨਾਰਿਆਂ ‘ਤੇ ਖੁੰਭਾਂ ਆਗੂੰ ਕਾਲਜ ਉੱਗੀ ਤੁਰੇ ਆਉਂਦੇ ਐ। ਕਾਲਜ ਕੀ, ਦੁਕਾਨਾਂ ਹੀ ਆਖੋ। ਤੂੰ ਅਕਸਰ ਆਖਦਾ ਹੁੰਨੈਂ, ”ਅੱਤਵਾਦ ਪੰਜਾਬ ਦੀਆਂ ਹਜ਼ਾਰਾਂ ਜਵਾਨੀਆਂ ਖਾ ਗਿਆ।”
ਪਰ ਡੈਡ ਜਿਹੜਾ ਅੱਤਵਾਦ ਆਹ ਦੁਕਾਨਾਂ ਪੈਦਾ ਕਰੀ ਤੁਰੀਆਂ ਜਾਂਦੀਆਂ ਨੇ ਇਹਦਾ ਕੀ ਕਰਲੋਂਗੇ? ਡਿਗਰੀਆਂ ਹੱਥਾਂ ‘ਚ ਫੜਾ-ਫੜਾ, ਅਨਪੜ੍ਹ ਬਣਾ-ਬਣਾ ਘਰਾਂ ਨੂੰ ਤੋਰੀ ਜਾਂਦੇ ਐਂ। ਫੇਰ ਤੂੰ ਈ ਦੱਸ ਇਹ ਡਿਗਰੀਆਂ ਆਲਾ ਅੱਤਵਾਦ ਕਿਵੇਂ ਕਾਬੂ ਆਜੂ? ਕਿ ਆਜੂ? ਮੈਨੂੰ ਤਾਂ ਇਉਂ ਲੱਗਦਾ ਹੁੰਦੈ ਵਈ ਇਹ ਦੁਕਾਨਾਂ ਨੌਜੁਆਨੀ ਦੇ ਹੱਥ ਵੱਢ-ਵੱਢ ਕੇ ਤੋਰੀ ਜਾਂਦੀਆਂ ਐ ਮੰਡੀ ‘ਚ। ਦਸ ਬਿਨ੍ਹਾਂ ਹੱਥਾਂ ਦੇ ਹੁਨਰ ਤੋਂ ਕੀ ਕਰਲੂ ਮੁੰਡੀਹਰ?
ਲੈ, ਗੱਲ ਬਿਨ੍ਹਾਂ ਹੱਥਾਂ ਦੀ ਚੱਲੀ ਐ ਤਾਂ ਦੋਵੇ ਬਾਹਵਾਂ ਕੱਟੀਆਂ ਵਾਲਾ ਤੇਰਾ ਯਾਰ ਪਾਲੂ ਯਾਦ ਆ ਗਿਆ। ਸ਼ਹਿਰ ਦੀ ਸਬਜ਼ੀ ਮੰਡੀ ‘ਚ ਸਬਜ਼ੀ ਵੇਚਦੈ। ਇੱਕ ਦਿਨ ਤੂੰ ਸੁਭੈਕੀਂ ਪੁੱਛ ਲਿਆ ਸੀ, ”ਕਿਵੇਂ ਪਾਲੂਆ? ਕਾਟੋ ਖੇਡਦੀ ਆ ਫੁੱਲਾਂ ਤੇ ਕਨ੍ਹੀ?”
”ਖੇਡਦੀ ਆਖਿਆ ਤਾਂ ਕੀ ਆਖਿਆ, ਇਹ ਤਾਂ ਮੇਰੇ ਸਹੁਰੇ ਦੀ ਘੁਕਾਟ ਪਾਈ ਫਿਰਦੀ ਐ।” ਪਾਲੂ ਟਹਿਕਿਆ ਪਿਆ ਸੀ।
”ਹਾਲ ਕਿਵੇਂ ਐ ਤੇਰੇ?” ਤੂੰ ਅਗਲਾ ਸੁਆਲ ਕੀਤਾ ਸੀ।
”ਮੇਹਰਾਂ ਦਾਤੇ ਦੀਆਂ।” ਪਾਲੂ ਨੇ ਦੋਵੇਂ ਬਾਹਵਾਂ ਦੇ ਰੁੰਡ ਮਰੁੰਡ ਹੋਏ ਟੁੰਡ ਅਸਮਾਨ ਵੱਲ ਨੂੰ ਕਰਦਿਆਂ ਆਖਿਆ ਸੀ।
”ਵਾਹ ਉਏ ਯਾਰਾ! ਤੇਰੇ ਦਾਤੇ ਨੇ ਤੇਰੇ ਦੋਵੇਂ ਹੱਥ ਲੈ ਲਏ, ਅਜੇ ਵੀ ਕਹਿਨੈਂ ਮੇਹਰਾਂ ਦਾਤੇ ਦੀਆਂ! ਤੈਨੂੰ ਕੋਈ ਗਿਲਾ-ਸ਼ਿਕਵਾ ਨ੍ਹੀ ਹੁੰਦਾ ਆਵਦੇ ਦਾਤੇ ਨਾਲ?”
”ਕਾਹਦਾ ਸ਼ਿਕਵਾ? ਬਾਈ ਸਿਆਂ ਢੋਲੇ ਦੀਆਂ ਲਾਈਦੀਐਂ। ਚੱਲ ਤੂੰ ਈ ਦੱਸ, ਜੇ ਭਲਾ ਉਹ ਲੱਤਾਂ ਵੀ ਨਾ ਦਿੰਦਾ, ਕੀ ਪੱਟ ਲੈਂਦੇ ਉਹਦਾ? ਕਿ ਪੱਟ ਲੈਂਦੇ ਕੁਛ?” ਪਾਲੂ ਨੇ ਉਲਟਾ ਸੁਆਲ ਤੇਰੇ ਵੱਲ ਰੋੜ੍ਹ ਦਿੱਤਾ ਸੀ। ਐਹੋ ਜਿਹੇ ਸੁਆਲ ਦਾ ਕੀ ਜੁਆਬ ਹੁੰਦੈ ਭਲਾ?
”ਆੜੀਆ, ਮਾਣ ਐ ਤੇਰੇ ‘ਤੇ। ਤੂੰ ਕਿਸੇ ਅੱਗੇ ਹੱਥ ਨ੍ਹੀ ਅੱਡਿਆ।” ਤੂੰ ਮਾਣ ਨਾਲ ਫੁੱਲਦਿਆਂ ਪਾਲੂ ਨੂੰ ਜੱਫੀ ‘ਚ ਘੁੱਟ ਲਿਆ ਸੀ।
”ਬਾਈ ਸਿਆਂ, ਹੱਥ ਤਾਂ ਹੱਥਾਂ ਵਾਲੇ ਈ ਅੱਡਦੇ ਐ ਕਿਸੇ ਅੱਗੇ। ਆਪਾਂ ਤਾਂ ਇਹਨਾਂ ਨਾਲ ਹੀ ਕਿਸਮਤ ਘੜ ਲੈਨੇ ਆਂ।” ਦੋਵੇਂ ਟੁੰਡਾਂ ਵੱਲ ਵੇਖਦਿਆਂ ਪਾਲੂ ਖਿੜ-ਖਿੜਾ ਕੇ ਹੱਸਿਆ ਸੀ। ਪਾਲੂ ਮੈਨੂੰ ਕਿਸੇ ਰਾਜੇ ਮਹਾਰਾਜੇ ਵਰਗਾ ਲੱਗਾ ਸੀ। ਸਗੋਂ ਉਹਨਾਂ ਤੋਂ ਵੀ ਉੱਤੇ। ਸੱਚੀਂ ਡੈਡੀ, ਹੱਥ ਪਾਲੂ ਵਰਗਿਆਂ ਦੇ ਨਹੀਂ ਕੱਟੇ…………. ਹੱਥ ਤਾਂ ਸਾਡੇ ਕੱਟੇ ਹੋਏ ਨੇ। ਤੂੰ ਦੱਸ, ਸਾਡੇ ਵਰਗੇ ਕੱਟੇ ਹੋਏ ਹੱਥਾਂ ਵਾਲੇ ਕੀ ਤਕਦੀਰ ਲਿਖਣਗੇ ਆਪਣੀ? ਕਿ ਲਿਖ ਲੈਣਗੇ?
ਅਹੁ ਦੇਖ ਡੈਡੀ ਔਧਰ। ਰੌਲਾ ਕਾਹਦਾ ਪਈ ਜਾਂਦੈ? ਲੱਗਦਾ ਤੇਰੇ ਟੋਲੀਵਾਲ ਐ ਨਾਹਰੇ ਮਾਰਦੇ। ਹਾਂ ਹਾਂ ਉਹੀ ਨੇ। ਜਾਹ ਤੂੰ ਵੀ ਰਲ ਜਾਕੇ ਉਹਨਾਂ ਨਾਲ। ਕਾਹਨੂੰ ਫਿਕਰ ਕਰਦੈਂ, ਕੁੱਝ ਨ੍ਹੀ ਹੁੰਦਾ ਮੈਨੂੰ ਤੂੰ ਜਾਹ। ਅਹੁ ਪੁਤਲਾ ਕੀਹਦਾ ਚੁੱਕਿਐ ? ਹਾਂਅ ਆਗੀ ਸਿਆਣ ਮੇਰੇ ਕੁੱਛ ਲੱਗਦੇ ਦੀ। ਏਸੇ ਨੇ ਹੀ ਬਰਬਾਦ ਕੀਤੈ ਮੈਨੂੰ। ਭਿੰਦੇ ਦਾ ਕਤਲ ਵੀ ਏਸੇ ਨੇ ਹੀ ਕੀਤਾ। ਬੀਰੇ ਦਾ ਵੀ। ਜਸਪ੍ਰੀਤ ਵੀ ਏਸੇ ਨੇ ਹੀ ਜੇਲ੍ਹ ਭੇਜਿਐ। ਬੁੱਢੀ ਮਾਂ ਦੇ ਕੰਨਾਂ ‘ਚੋਂ ਵਾਲੀਆਂ ਅਸੀਂ ਨਹੀਂ, ਏਸੇ ਮਰਦੂਦ ਨੇ ਈ ਝੱਪਟੀਆਂ ਸੀ। ਪੰਜਾਬ ਦੇ ਹਜ਼ਾਰਾਂ ਚੁਲ੍ਹਿਆਂ ਦੀ ਅੱਗ ਏਸੇ ਨੇ ਬੁਝਾਈ ਐ। ਏਹਦੇ ਕਰਕੇ ਈ ਆਏ ਦਿਨ ਸਿਵਿਆਂ ‘ਚੋਂ ਅੱਗ ਦੀਆਂ ਲਾਟਾਂ ਉੱਠਦੀਆਂ ਨੇ। ਛੱਡਿਓ ਨਾ ਇਹਨੂੰ। ਕੋਈ ਲੋੜ ਨ੍ਹੀ ਡਰਨ ਦੀ। ਇਹਦੇ ਪੁਤਲੇ ਨੂੰ ਸਾੜਿਓ ਭਰੇ ਚੌਂਕ ‘ਚ। ਨਾਲੇ ਮੰਗ ਕਰਿਓ ਏਹਨੂੰ ਸ਼ਰੇਆਮ ਫਾਹੇ ਲਾਉਣ ਦੀ।
ਬੱਸ ਮੈਨੂੰ ਮਾੜਾ ਜਿਹਾ ਮੋਢਾ ਲਾ ਮੈਨੂੰ ਸਹਾਰਾ ਦੇ ਕੇ ਖੜਾ ਕਰ ਦਿਓ ਕੇਰਾਂ। ਹੁਣ ਨ੍ਹੀ ਡਿਗਦਾ ਮੈਂ। ਸੱਚੀਂ ਡੈਡੀ, ਜੇ ਤੁਸੀਂ ਸਹਾਰਾ ਦੇਈ ਰੱਖਿਆ ਤਾਂ, ਕੋਈ ਕਿੰਦਾ-ਭਿੰਦਾ ਨ੍ਹੀ ਮਰਦਾ। ਨਾਲੇ ਹਾਅ ਝੰਡੀ ਜਹੀ ਫੜਾਈਂ ਕੇਰਾਂ ਮੈਨੂੰ ਵੀ। ਹੂੰ ਹਾਂਅ ! ਘਬਰਾ ਨਾ ਡੈਡੀ। ਉੱਕਾ ਨਾ ਘਬਰਾ। ਕੁੱਝ ਨ੍ਹੀ ਹੁੰਦਾ ਮੈਨੂੰ। ਅਹੁ ਸੂਰਜ ਵੱਲੀਂ ਵੇਖ। ਦੱਗਦਾ ਪਿਆ ਏ ਕਿ ਨਹੀਂ? ਤੂੰ ਵੀ ਸੂਰਜ ਏਂ ਡੈਡੀ। ਹੁਣ ਤੂੰ ਈ ਦੱਸ, ਸੂਰਜ ਦੇ ਹੁੰਦਿਆਂ ਸੁੰਦਿਆਂ ਭਲਾ ਪ੍ਰਕਾਸ਼ ਨੂੰ ਕੀ ਹੋਜੂ। ਕਿ ਹੋਜੂ? ਤੂੰ ਆਪ ਈ ਤਾਂ ਆਹਨਾ ਹੁੰਨੈ, ”ਨੌਜੁਆਨ ਤਾਂ ਚੰਗਿਆੜੀ ਹੁੰਦੇ ਨੇ।” ਕੀ ਹੋਇਆ ਜੇ ਹੁਣ ਮਾੜਾ-ਮੋਟਾ ਸੇਕ ਮੱਠਾ ਹੋ ਗਿਆ ਇਹਨਾਂ ਦਾ? ਕੁੱਝ ਨ੍ਹੀ ਹੁੰਦਾ ਇਹਨਾਂ ਚੰਗਿਆੜੀਆਂ ਨੂੰ। ਤੂੰ ਵੇਖੀਂ ਇਹ ਤਾਂ ਲਟ-ਲਟ ਬਲਣਗੀਆਂ ਥੋਡੇ ਵਾਂਗੂੰ। ਤੂੰ ਜਾਹ ਡੈਡੀ! ਜਾਹ ਰਲਜਾ ਜਾਕੇ ਆਵਦੇ ਟੋਲੀਵਾਲਾਂ ਨਾਲ।
ਕੀ ਸੋਚ ਰਿਹੈਂ? ਜਾਵਾਂ ਕਿ ਨਾ? ਮੈਨੂੰ ਤਾਂ ਲੱਗਦਾ ਤੈਨੂੰ ਜਾਣਾ ਚਾਹੀਦੈ। ਚੱਲ ਤੂੰ ਹੀ ਦੱਸ ਤੈਨੂੰ ਜਾਣਾ ਚਾਹੀਦੈ ਕਿ ਨਈਂ?
ਗ਼ਜ਼ਲ
- ਮੱਖਣ ਕੁਹਾੜ
ਛੰਨਾਂ ਢਾਰੇ ਜਾਗਣਗੇ ਜਦ ਮਹਿਲ ਮੁਨਾਰੇ ਕੰਬਣਗੇ।
ਦੁੱਖਾਂ ਮਾਰੇ ਜਦ ਤੁਰ ਪਏ, ਲੋਟੂ ਸਾਰੇ ਕੰਬਣਗੇ।
ਖੁਦ ਆਪਾਂ ਜਦ ਕਿਸ਼ਤੀ ਠ੍ਹੇਲੀ, ਸਾਗਰ ਸਾਰੇ ਕੰਬਣਗੇ।
ਚੱਪੂ, ਮਾਂਜੀ ਨਾਲ ਤੁਰਨਗੇ, ਦਿਸ਼ਾ ਕਿਨਾਰੇ ਕੰਬਣਗੇ।
ਜ਼ਾਲਮ ਲੋਕ ਵਿਰੋਧੀ ਰਾਹ ਵਿਚ ਜਦ ਆਪਾਂ ਦੀਵਾਰ ਬਣੇ,
ਇਸ ਰਸਤੇ ਦੇ ਸਾਰੇ ‘ਰਹਿਬਰ’, ਤੇ ਹਤਿਆਰੇ ਕੰਬਣਗੇ।
ਉਡਣ ਦੀ ਜੇ ਖਾਹਿਸ਼ ਜਾਗੇ, ਖੁਲ੍ਹ ਜਾਂਦੇ ਨੇ ਖੰਭ ਵੀ ਆਪੇ,
ਉਚੀ ਦੂਰ ਉਡਾਣ ਭਰਨ ‘ਤੇ, ਉਲਟ ਸਿਤਾਰੇ ਕੰਬਣਗੇ।
ਦੇ ਕੇ ਹੋਕਾ ਚਾਨਣ ਦਾ, ਗਲੀਆਂ ਵਿਚ ਜੋ ਨ੍ਹੇਰਾ ਵੰਡਣ,
ਘਰ ਘਰ ਪੁੱਜੂ ਪਰਖ ਕਸੌਟੀ, ਖੇਖਣ ਹਾਰੇ ਕੰਬਣਗੇ।
ਉਹ ਜੋ ਸਾਡੀ ਚੁੱਪ ਨੂੰ ਸਾਡਾ, ਸਹਿਮਤ ਹੋਣਾ ਸਮਝ ਰਹੇ,
ਆਪਾਂ ਜਦ ਵੀ ਚੁੱਪ ਤੋੜਾਂਗੇ, ਇਹ ਵਰਤਾਰੇ ਕੰਬਣਗੇ।
ਝਾਕਾ ਲਾਹ ਤੇ ਟੱਪ ਲਕੀਰੋਂ, ਐਧਰ ਹੋ ਤੇ ਖੰਡਾ ਫੜ੍ਹ,
ਜੋ ਫਿਰਦੇ ਨੇ ਅੱਧ ਵਿਚਕਾਰ, ਆਪ ਮੁਹਾਰੇ ਕੰਬਣਗੇ।
ਚਿੜੀਓ! ਡਾਰ ਬਣਾਕੇ ਜੇਕਰ, ਉਡ ਪਵੋਂ ਇਕ ਵਾਰ ਤੁਸੀਂ,
ਉਡਣ ਸਾਰ ਹੀ, ਤੱਕਣਾ ਕਿੱਦਾਂ, ਸ਼ਿਕਰੇ ਸਾਰੇ ਕੰਬਣਗੇ।
ਗ਼ਜ਼ਲ
- ਸੁਖਵਿੰਦਰ ਅੰਮ੍ਰਿਤ
ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ!
ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ!
ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ,
ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ‘ਤੇ ਤਾਜ ਕਿਉਂ ਹੋਵੇ!
ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ,
ਕਿ ਬਾਗ਼ਾਂ ਵਿਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ!
ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ,
ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ!
ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਘੇਂ,
ਕਿ ਤੈਨੂੰ ਮਸਲ ਕੇ ਜਾਣਾ ਉਦ੍ਹਾ ਅੰਦਾਜ਼ ਕਿਉਂ ਹੋਵੇ!
ਤੇਰਾ ਹਰ ਨ੍ਰਿਤ ਹਰ ਨਗ਼ਮਾ ਜਦੋਂ ਪਰਵਾਨ ਹੈ ਏਥੇ,
ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ!
ਸਿਤਮਗਰ ‘ਤੇ ਤਰਸ ਕਾਹਦਾ ਤੂੰ ਰੱਖ ਦੇ ਵਿੰਨ੍ਹ ਕੇ ਉਸ ਨੂੰ,
ਸਦਾ ਤੂੰ ਹੀ ਨਿਸ਼ਾਨਾ, ਉਹ ਨਿਸ਼ਾਨੇਬਾਜ਼ ਕਿਉਂ ਹੋਵੇ।
ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ,
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ।
ਕਵਿਤਾ
- ਮੰਗਤ ਰਾਮ ਪਾਸਲਾ
”ਨਵਿਆਂ ਵਰ੍ਹਿਆ”
ਨਵਿਆਂ ਵਰ੍ਹਿਆ, ਤੇਰੀ ਆਮਦ ਸਿਰ ਮੱਥੇ ਤੇ
ਮੁੱਖੜਾ ਚੁੰਮਾਂ
ਭੰਗੜੇ ਪਾ ਕੇ, ਹੀਰ ਨੂੰ ਗਾ ਕੇ, ਪਾਵਾਂ ਧੁੰਮਾਂ
ਪੈਰੀਂ ਛਾਲੇ, ਜ਼ਖਮ ਨੇ ਅੱਲ੍ਹੇ
ਫਿਰ ਵੀ ਜੀ ਕਰਦਾ ਹੈ ਹੱਸਾਂ
ਭੱਜ ਗਲਵਕੜੀ ਪਾਵਾਂ
‘ਸਿੰਘੂ’ ‘ਟਿੱਕਰੀ’ ਦੀ ਮਿੱਟੀ ਦਾ
ਬਦਨ ਤੇਰੇ ਨੂੰ ਬਟਣਾ ਲਾਵਾਂ॥
ਗੂੰਜ ਰਹੀ ਜੋ, ਚੀਖ਼ ਨੂੰ ਸਮਝੀਂ
ਲੋਕਾਂ ਦੀ ਤਹਿਰੀਕ ਨੂੰ ਸਮਝੀਂ
ਲੰਬੇ ਪੈਂਡੇ ਕਰਕੇ ਆਏ
ਟੋਇਆਂ, ਪੱਥਰਾਂ ਨਾਲ ਝਗੜਦੇ
ਕੰਡਿਆਂ ਸੰਗ ਜੋ ਖਹਿੰਦੇ ਆਏ
ਟੀਅਰ ਗੈਸ ਦੇ ਝੰਬੇ ਪੁੱਤਰ
ਕੱਕਰੀ ਰਾਤ ਨਾ ਕੰਬੇ ਪੁੱਤਰ
ਨਾਨਕ ਦੀ ਬਖਸ਼ਸ਼ ਨੂੰ ਲੈ ਕੇ
ਜੱਲ੍ਹਿਆਂ ਵਾਲੇ ਬਾਗ ਨੂੰ ਕਹਿਕੇ
ਮੋਏ ਮਿੱਤਰਾਂ ਦੀਆਂ ਕਸਮਾਂ ਖਾ ਕੇ
ਦਿੱਲੀ ਵਲ ਨੂੰ ਧਾਏ॥
ਹਵਾਲੇ ਤੇਰੇ ਕਰ ਚੱਲਿਆ ਹਾਂ
ਪੁੱਤਰ, ਧੀਆਂ, ਮਾਂ ਤੇ ਬਾਪੂ
ਧਰਤੀ ਤੇ ਆਕਾਸ਼ ਦੇ ਮਾਲਕ
ਪੂਰੀ ਕਾਇਨਾਤ ਦੇ ਮਾਲਕ
ਸਿਦਕ, ਸਬਰ, ਕਰਨੀ ਦੇ ਪੂਰੇ।
ਇਨ੍ਹਾਂ ਦੀ ਹੁੰਕਾਰ ਨੂੰ ਸਮਝੀਂ
ਖੇਤਾਂ ਦੇ ਲਈ ਪਿਆਰ ਨੂੰ ਸਮਝੀਂ
ਸੱਚ ਦੀ ਖ਼ਾਤਰ ਮਰ ਸਕਦੇ ਨੇ
ਸੂਲੀ ‘ਤੇ ਵੀ ਚੜ੍ਹ ਸਕਦੇ ਨੇ
ਦੁਸ਼ਮਣ ਦੀ ਕਦੇ ਈਨ ਨਾ ਮੰਨਣ।
ਪਤਾ ਹੈ ਹਾਕਮ ਬੜਾ ਕਮੀਨਾ
ਕਿਸੇ ਵੀ ਹੱਦ ਤੱਕ ਜਾ ਸਕਦਾ ਹੈ
ਆਪਸ ਵਿਚ ਲੜਾ ਸਕਦਾ ਹੈ।
ਖ਼ਲਕਤ ਸਾਰੀ ਜਾਣ ਗਈ ਹੈ
‘ਸ਼ੈਤਾਨੀ ਰੂਹ’ ਪਹਿਚਾਣ ਗਈ ਹੈ।
ਇਬਾਰਤ ਜੋ ਹੈ ਲਿਖੀ ਜਾ ਰਹੀ
ਨਾ ਕੇਵਲ ਸੰਭਾਲ ਕੇ ਰੱਖੀਂ
ਜਰਬਾਂ ਦੇਈਂ, ਰਸਤਾ ਭੰਨੀ, ਯੁੱਗ ਦੇਈਂ ਪਲਟਾਅ।
ਕਵਿਤਾ
- ਸਾਫ਼ੀਆ ‘ਹਯਾਤ’
ਖੇਤ ਮੇਰੇ ਬਾਬਲ ਦਾ ਸ਼ਮਲਾ
ਪੈਲੀਆਂ ਸਾਡੀਆਂ ਮਾਵਾਂ ਵਰਗੀਆਂ, ਫਸਲਾਂ ਧੀਆਂ ਭੈਣਾਂ।
ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ!
ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ!
ਮਾਵਾਂ ਧੀਆਂ ਭੈਣਾਂ ਦੇ ਬਿਨ ਘਰ ਕਾਹਦਾ ਘਰ ਰਹਿਣਾ!
ਪੈਲੀਆਂ ਦੇ ਵਿੱਚ ਬੀਜ ਬੀਜਦੇ ਰਲ ਮਿਲ ਬਾਬਲ ਵੀਰੇ,
ਕੁੱਲ ਜਹਾਨ ਨੂੰ ਰਿਜ਼ਕ ਵੰਡਦੇ ਭਰਨ ਤਮਾਮ ਜ਼ਖ਼ੀਰ।
ਖੇਤਾਂ ਦੇ ਸਿਰ ਉੱਤੇ ਬਾਬਲ ਮੇਰੇ ਦਾ ਘਰ ਵੱਸਦਾ,
ਖਿੜਨ ਕਪਾਹਾਂ ਖੇਤਾਂ ਵਿੱਚ ਜਦ, ਸਾਰਾ ਪਿੰਡ ਏ ਹੱਸਦਾ।
ਖੇਤ ਮੇਰੇ ਬਾਬਲ ਦਾ ਸ਼ਮਲਾ ਖੇਤ ਵੀਰੇ ਦੇ ਚੀਰੇ,
ਖੇਤਾਂ ਦੇ ਵਿੱਚ ਉਗਣ, ਧੀਆਂ ਦੇ ਵਰੀਆਂ ਦਾਜ ਕਲੀਰੇ।
ਹਾਕਮ ਦਾ ਖੁਦਗਰਜ਼ ਹੈ ਕਾਇਦਾ, ਤੇ ਬਦਕਾਰ ਕਾਨੂੰਨ,
ਪਰਚਮ ਹੈ ਕਿਰਦਾਰ ਅਸਾਡਾ, ਤੇ ਖ਼ੁਦਦਾਰ ਜਨੂੰਨ।
ਖੇਤਾਂ ਤੇ ਡਾਕਾ ਏ ਸਾਡੀ, ਪੱਤ ਤੇ ਪੱਗ ਤੇ ਡਾਕਾ,
ਪੈਣ ਨੀ ਦੇਣਾ ਡਾਕਾ ਅਸਾਂ ਇਹ ਪੈਣ ਨੀ ਦੇਣਾ ਡਾਕਾ।
ਧੀਆਂ ਦੀ ਰਾਖੀ ਨੇ ਕਰਦੇ ਸਦਾ ਪੰਜਾਬ ਦੇ ਜਾਏ,
ਪੈਲੀਆਂ ਦੀ ਵੀ ਕਰਨਗੇ ਸ਼ਾਲਾ ਦੁੱਲੇ ਦੇ ਹਮਸਾਏ।
ਨਜ਼ਮ
–ਨਾਜ਼ਿਮ ਹਿਕਮਤ
‘ਪੁੱਤਰ ਦੇ ਨਾਂ ਆਖ਼ਰੀ ਚਿੱਠੀ’
ਬੀਜਾਂ ‘ਚ, ਧਰਤੀ ‘ਚ, ਸਾਗਰ ‘ਚ
ਯਕੀਨ ਰੱਖੀਂ,
ਪਰ ਸਭ ਤੋਂ ਵੱਧ ਯਕੀਨ ਲੋਕਾਂ ‘ਚ ਰੱਖੀਂ।
ਬੱਦਲਾਂ ਨੂੰ, ਮਸ਼ੀਨਾਂ ਨੂੰ
ਤੇ ਕਿਤਾਬਾਂ ਨੂੰ ਪਿਆਰ ਕਰੀਂ,
ਪਰ ਸਭ ਤੋਂ ਵੱਧ
ਲੋਕਾਂ ਨੂੰ ਪਿਆਰ ਕਰੀਂ।
ਗਮਗੀਨ ਹੋਵੀਂ
ਇੱਕ ਸੁੱਕੀ ਟਾਹਣੀ ਲਈ,
ਇੱਕ ਮਰਦੇ ਹੋਏ ਤਾਰੇ ਲਈ,
ਤੇ ਇੱਕ ਜ਼ਖਮ ਖਾਧੇ ਜਾਨਵਰ ਲਈ,
ਪਰ ਸਭ ਤੋਂ ਡੂੰਘੇ ਅਹਿਸਾਸ
ਰੱਖੀਂ ਲੋਕਾਂ ਲਈ।
ਖੁਸ਼ੀ ਮਹਿਸੂਸ ਕਰੀਂ
ਧਰਤੀ ਦੀ ਹਰ ਰਹਿਮਤ ‘ਚ,
ਹਨੇਰੇ ਅਤੇ ਰੌਸ਼ਨੀ ‘ਚ,
ਚੌਹਾਂ ਰੁੱਤਾਂ ‘ਚ,
ਪਰ ਸਭ ਤੋਂ ਵਧਕੇ ਲੋਕਾਂ ‘ਚ।