ਕਹਾਣੀ
ਪਰਤਾਪੀ ਦਾ ਪਰਤਾਪ
- ਬੀ.ਐਸ.ਬੀਰ
…. ਸੱਠ ਸਾਲਾ ਪਰਤਾਪੀ ਜਦੋਂ ਮੱਝਾਂ ਦੀਆਂ ਧਾਰਾਂ ਕੱਢ, ਦੁੱਧ ਵਾਲੀ ਬਾਲਟੀ ਹੱਥ ‘ਚ ਫੜ, ਆਪਣੀ ਨਵੀਂ ਬਣੀ ਕੋਠੀ ਦਾ ਗੇਟ ਖੋਲ੍ਹ ਅੰਦਰ ਵੜਨ ਲੱਗੀ ਤਾਂ ਕੋਠੀ ਵੱਲ ਆਉਂਦੀ ਕਾਰ ਨੂੰ ਵੇਖ, ਉਹ ਗੇਟ ਕੋਲ ਹੀ ਰੁਕ ਗਈ। ਜੂਨ ਦਾ ਮਹੀਨਾ, ਸ਼ਾਮ ਦਾ ਛੇ ਕੁ ਵਜੇ ਦਾ ਸਮਾਂ। ਦਿਨ ਗੋਡੇ-ਗੋਡੇ ਖੜ੍ਹਾ ਸੀ। ਕਾਰ ਗੇਟ ਦੇ ਸਾਹਮਣੇ ਆ ਕੇ ਰੁਕੀ ਤੇ ਉਸ ਵਿਚੋਂ ਇਕ ਚਾਲੀ-ਬਿਤਾਲੀ ਸਾਲ ਦਾ ਬਾਊ ਨਿਕਲਿਆ ਤੇ ਪੁੱਛਿਆ-”ਸੰਧੂ ਸਾਹਿਬ ਦਾ ਘਰ ਇਹੋ ਹੈ?”
”ਕਿਹੜਾ ਸੰਧੂ, ਭਾਈ?” ਅਸਲ ਵਿਚ ਇਹ ਸਾਰਾ ਪਿੰਡ ਸੰਧੂਆਣਾ, ਸੰਧੂਆਂ ਦਾ ਵਜਦਾ ਸੀ। ਪਰਤਾਪੀ ਦਾ ਚਿਹਰਾ ਪ੍ਰਸ਼ਨਮਈ ਹੋ ਗਿਆ।
”… ਆਪਣੇ ਸ. ਰਣਜੀਤ ਸਿੰਘ ਸੰਧੂ?”
”… ਕਿਹੜਾ ਰਣਜੀਤ ਸਿਹੁੰ ਸੰਧੂ?”
”ਜਿਹੜੇ ਜ਼ਿਲ੍ਹੇ ਦੇ ਈ.ਟੀ.ਓ. ਸਾਹਿਬ ਨੇ,” ਬਾਓ ਨੇ ਸਪੱਸ਼ਟੀਕਰਨ ਦਿੱਤਾ।
”… ਅੱਛਾ!… ਆਹੋ ਭਾਈ। ਰਣਜੀਤ ਸਿਹੁੰ ਦਾ ਹੀ ਏ,” ਪਰਤਾਪੀ ਨੇ ਸੰਕੋਚਵੇਂ ਰੂਪ ਵਿਚ ਜੁਆਬ ਦਿੱਤਾ।
”ਘਰ ਨੇ?”
”ਨਹੀਂ ਭਾਈ! ਉਸ ਨੇ ਆਉਣਾ ਤਾਂ ਹੈਗਾ ਸੀ, ਕਿਤੇ ਲੇਟ-ਫੇਟ ਹੋ ਗਿਆ ਹੋਊ। … ਬਹਿ ਜਾ ਭਈ! ਚਾਹ ਕਰ ਦੇਨੀਂ ਆ… ਚਾਹ ਪੀ ਲੈ। ਉਦੋਂ ਤੱਕ ਸ਼ੈਦ ਜੀਤੇ ਹੁਰੀਂ ਆ ਜਾਣ।”
ਬਾਊ ਸਮਝ ਗਿਆ ਸੀ ਕਿ ਪਰਤਾਪੀ ਰਣਜੀਤ ਸਿੰਘ ਸੰਧੂ ਦੀ ਮਾਂ ਹੈ ਜਿਸ ਨੂੰ ਸ਼ਹਿਰੀਆਂ ਵਾਲੇ ਐਟੀਕੇਟਸ (ਚੱਜ-ਵਿਹਾਰ) ਨਹੀਂ ਪਤਾ। ਇੰਨੇ ਵਿਚ ਇਕ ਸਾਈਕਲ ਜਿਸ ਦੇ ਕੈਰੀਅਰ ‘ਤੇ ਬਰਸੀਮ ਦੀ ਪੰਡ ਲੱਦੀ ਹੋਈ ਸੀ, ਰੁਕੀ ਤਾਂ ਪਰਤਾਪੀ ਨੇ ਕਿਹਾ ”ਗੁਰਮੇਲ ਦੇ ਬਾਈ, ਇਹ ਬਾਊ ਜੀਤੇ ਨੂੰ ਪੁੱਛਦੈ। ਇਹਨੂੰ ਬੈਠਕ ‘ਚ ਬਿਠਾ ਦੇ, ਮੈਂ ਚਾਹ ਕਰਕੇ ਲਿਆਉਨੀ ਆਂ।”
”ਆਓ ਅੰਦਰ ਬੈਠੋ ਸਾਬ੍ਹ ਜੀ,” ਦਲੀਪ ਸਿੰਘ ਫੌਜੀ ਨੇ ਫ਼ੌਜੀਆਂ ਵਾਂਗ ਥੋੜ੍ਹਾ ਜਿਹਾ ਆਪਣਾ ਸਰੀਰ ਅਕੜਾਇਆ ਤੇ ਬਾਊ ਨੂੰ ਨਾਲ ਲੈ ਕੇ ਬੈਠਕ ਵੱਲ ਹੋ ਗਿਆ। ਫ਼ੌਜੀ ਨੇ ਸਿਰ ‘ਤੇ ਮੰਡਾਸੀ ਮਾਰੀ ਹੋਈ ਸੀ ਤੇ ਉਹ ਖੇਤ ‘ਚੋਂ ਬਰਸੀਨ ਵੱਢ ਕੇ ਮੱਝਾਂ ਲਈ ਲਿਆਇਆ ਸੀ। ਕਾਰ ਵਿਚ ਬੈਠੇ ਡਰਾਈਵਰ ਵੱਲ ਉਸ ਨੇ ਮਾੜਾ ਜਿਹਾ ਪ੍ਰਸ਼ਨਮਈ ਢੰਗ ਨਾਲ ਝਾਕਿਆ ਤਾਂ ਬਾਊ ਨੇ ਕਿਹਾ ”ਇਹਨੂੰ ਕਾਰ ਵਿਚ ਹੀ ਬੈਠਣ ਦੇਓ।”
ਪਰਤਾਪੀ ਪਹਿਲਾਂ ਪਾਣੀ ਦੇ ਦੋ ਗਲਾਸ ਲਿਆਈ ਤੇ ਫਿਰ ਤਿੰਨ ਗਲਾਸ ਚਾਹ ਦੇ ਤੇ ਇਕ ਗਲਾਸ ਪਾਣੀ ਦਾ।”
ਬਾਊ ਚਾਹ ਦੇਣ ਮਗਰੋਂ, ਫੌਜੀ ਦਲੀਪ ਸਿੰਘ ਡਰਾਈਵਰ ਨੂੰ ਪਾਣੀ ਤੇ ਚਾਹ ਦੇ ਗਲਾਸ ਦੇ ਕੇ ਮੁੜ ਆਇਆ।
ਬਾਊ ਨੂੰ ਚਾਹ ਦੇ ਘੁੱਟ ਪੁਣ-ਪੁਣ ਕੇ ਪੀਣ ਦਾ ਯਤਨ ਕਰ ਰਿਹਾ ਸੀ, ਫ਼ੌਜੀ ਨੇ ਮਹਿਸੂਸ ਕੀਤਾ। ਚਾਹ ਦੇ ਘੁੱਟ ਉਸ ਨੇ ਅੰਦਰ ਔਖੇ ਲੰਘਾਦਿਆਂ ਗੱਲ ਤੋਰੀ-
”ਸੰਧੂ ਸਾਹਿਬ, ਆਪਣੇ ਚੰਗੇ ਦੋਸਤ ਨੇ।” ਫ਼ੌਜੀ ਦਾ ਚਿਹਰਾ ਪਭਾਵ ਮੁਕਤ ਸੀ ਤੇ ਉਸ ਨੇ ਕਿਸੇ ਤਰ੍ਹਾਂ ਦੀ ਵੀ ਹਾਮੀ ਨਾ ਭਰੀ।
ਫ਼ੌਜੀ ਦਲੀਪ ਸਿੰਘ ਦਾ ਘਰ ਪਿੰਡ ਦੀ ਫਿਰਨੀ ਦੇ ਸੱਜੇ ਪਾਸੇ ਵਸੇ ਵਿਹੜੇ ਵਿਚ ਸੀ। ਰਾਮਦਾਸੀਏ ਉਥੇ ਰਹਿੰਦੇ ਸਨ। ਫਿਰਨੀ ਦੇ ਦੂਜੇ ਪਾਸੇ ਮਜ਼੍ਹਬੀ ਸਿੱਖਾਂ ਦੇ ਘਰ ਸਨ। ਇਹ ਰਾਮਾਦਸੀਏ ਚਮੜੇ ਦਾ ਕੰਮ ਨਹੀਂ ਕਰਦੇ ਸਨ ਸਗੋਂ ਦਰੀਆਂ, ਖੇਸ, ਖਦਰ ਆਦਿ ਬੁਣਦੇ, ਭਾਵ ਜੁਲਾਹਿਆਂ ਦਾ ਕੰਮ ਕਰਦੇ। ਉਂਝ ਇਸ ਲਈ ਇਸ ਵਿਹੜੇ ‘ਚ ਰਹਿਣ ਵਾਲੇ ਰਾਮਦਾਸੀਏ ਚੰਮ ਦਾ ਕੰਮ ਵਾਲੇ ਰਾਮਦਾਸੀਆਂ ਤੋਂ ਆਪਣੇ ਆਪ ਨੂੰ ਉਚਾ ਤੇ ਅਲੱਗ ਸਮਝਦੇ ਸਨ ਤੇ ਛੇਤੀ-ਛੇਤੀ ਇਹ ਚੰਮ ਦਾ ਕੰਮ ਕਰਨ ਵਾਲੇ ਦੂਜੇ ਰਾਮਦਾਸੀਆਂ ਨਾਲ ਰਿਸ਼ਤੇ ਜੋੜਨ ਤੋਂ ਵੀ ਕਤਰਾਉਂਦੇ ਸਨ।
ਇਨ੍ਹਾਂ ਨੂੰ ਆਪਣੇ ਆਪ ‘ਤੇ ਮਾਣ ਸੀ ਕਿ ਉਹ ‘ਰੰਘਰੇਟੇ ਗੁਰੂ ਕੇ ਬੇਟੇ’ ਦੀ ਵੰਸ਼ ਵਿਚੋਂ ਹਨ। ਬਾਉ ਦੇ ਗਲ੍ਹੇ ਵਿਚ ਚਾਹ ਦੇ ਘੁੱਟ ਔਖੇ ਉਤਰ ਰਹੇ ਸਨ। ਅਜਿਹਾ ਹੋਣ ਦਾ ਕਾਰਣ ਸੀ ਕਿ ਉਸ ਨੂੰ ਰਾਮਦਾਸੀਆਂ ਦੇ ਘਰ ਦੀ ਚਾਹ ਪੀਣੀ ਪੈ ਰਹੀ ਸੀ।
ਅਜੇ ਸ਼ਹਿਰੀ ਬਾਊ ਤੇ ਫੌਜੀ ਚਾਹ ਪੀ ਹੀ ਰਹੇ ਸਨ ਕਿ ਇਕ ਹੋਰ ਕਾਰ ਦੇ ਰੁਕਣ ਦੀ ਆਵਾਜ਼ ਆਈ ਤੇ ਸ਼ਹਿਰੀ ਬਾਊ ਦਾ ਚਿਹਰਾ ਖਿੜ ਗਿਆ। ਈ.ਟੀ.ਓ. ਸਾਹਿਬ ਆ ਗਏ ਸਨ ਤੇ ਬਾਊ ਦੇ ਆਉਣ ਦਾ ਮਿਸ਼ਨ ਅੱਧ ਤੋਂ ਵੱਧ ਹਲ ਹੋ ਗਿਆ ਸੀ। ਈ.ਟੀ.ਓ. ਫੌਜੀ ਪਿਤਾ ਦੇ ਸਾਹਮਣੇ ਥੋੜ੍ਹਾ ਜਿਹਾ ਝੁਕਿਆ, ‘ਸਾਸ ਸ਼੍ਰੀ ਅਕਾਲ’ ਬੁਲਾ ਉਹ ਬਾਊ ਵੱਲ ਮੁੜਿਆ। ਨੂੰਹ ਨੇ ਪੈਰੀ ਪੈਣਾਂ ਕੋਈ ਜ਼ਰੂਰੀ ਨਹੀਂ ਸਮਝਿਆ ਤੇ ਸਤਿ ਸ਼੍ਰੀ ਅਕਾਲ ਨਾਲ ਹੀ ਕੰਮ ਸਾਰ ਲਿਆ ਸੀ। ਫ਼ੌਜੀ ਨੇ ਪੋਤੀ ਦਾ ਸਿਰ ਪਲੋਸਿਆ।
”ਹਾਂ ਜੀ, ਸੇਠ ਸਾਹਿਬ। ਅੱਜ ਕਿਵੇਂ ਆਉਣਾ ਹੋਇਆ?”
”ਮੈਂ ਸੋਚਿਆ, ਥੋੜ੍ਹਾ ਜਿਹਾ ਖੇਤਾਂ ਦੀ ਸ਼ੁੱਧ ਹਵਾ ਹੀ ਖਾ ਆਈਏ। ਸਾਡੇ ਸ਼ਹਿਰਾਂ ਵਿਚ ਤਾਂ ਪੋਲੀਊਸ਼ਨ ਦੀ ਘੁਟਨ ਜਿਹੀ ਰਹਿੰਦੀ ਹੈ,” ਬਾਊ ਨੇ ਥੋੜ੍ਹਾ ਖੁੱਲ੍ਹਣ ਦਾ ਯਤਨ ਕੀਤਾ ਤੇ ਗਰਦਨ ਘੁਮਾ ਕੇ ਤੱਕਿਆ, ਉਥੇ ਨਾ ਕੋਈ ਕੂਲਰ ਸੀ ਤੇ ਨਾ ਹੀ ਕੋਈ ਏ.ਸੀ.।
ਤੁਹਾਡੇ ਕੋਲ ਕਿਸ ਚੀਜ਼ ਦੀ ਘਾਟ ਏ। ਇਕ ਫਰਮ ਹਾਊਸ ਪਿੰਡ ਵਿਚ ਵੀ ਬਣਾ ਲਓ। ਰੀਲੈਕਸ ਹੋਣ ਲਈ ਆ ਗਏ, ਕਦੇ-ਕਦੇ।”
”ਜਿਨ੍ਹਾਂ ਦੇ ਕਰਮਾਂ ‘ਚ ਨਰਕ ਭੋਗਣੇ ਲਿਖੇ ਹੋਣ, ਉਨ੍ਹਾਂ ਨੂੰ ਸੁਰਗ ਕਿਥੋਂ ਭਾਉਂਦੇ ਨੇ? ਅਸੀਂ ਲੋਕ ਤਾਂ ਏਸੀਆਂ ‘ਚ ਜੰਮੇ ਹਾਂ ਤੇ ਏਸੀਆਂ ‘ਚ ਮਰ ਜਾਣੈ।”
”… ਫਾਰਮ ਹਾਊਸ ਵਾਲਾ ਨਰਕ ਸਾਡੇ ਵਰਗਿਆਂ ਲਈ ਉਸਾਰ ਦਿਓ,” ਈ.ਟੀ.ਓ. ਹੱਸਿਆ।
”ਹੁਕਮ ਕਰੋ! ਸ਼ਹਿਰ ਜਿਨ੍ਹਾਂ ਦੇ ਰਹੀਏ, ਹਾਂ ਜੀ ਹਾਂ ਜੀ ਕਹੀਏ। ਲੈ ਦਿਓ ਚਾਰ ਪੰਜ ਕਿਲੇ ਜ਼ਮੀਨ, ਫਾਰਮ ਹਾਊਸ ਬਣਾਉਣ ‘ਚ ਕਿਹਾੜਾ ਟੈਮ ਲੱਗਣੈ। ਚਾਬੀਆਂ ਥੋਡੇ ਕੋਲ ਰਹਿਣਗੀਆਂ।” ਬਾਊ ਨੂੰ ਲੱਗਿਆ ਉਸ ਦਾ ਮਿਸ਼ਨ ਸੌ ਫੀਸਦੀ ਪੂਰਾ ਹੋ ਰਿਹਾ ਸੀ। ਹੁਣ ਉਸ ਨੂੰ ਰਾਮਦਾਸੀਆਂ ਦੀ ਪੀਤੀ ਚਾਹ ਦੇ ਬੱਤ ਨਹੀਂ ਸਨ ਆ ਰਹੇ।
ਫ਼ੌਜੀ ਉਠ ਕੇ ਪਹਿਲਾਂ ਹੀ ਚਲਾ ਗਿਆ ਸੀ। ਈ.ਟੀ.ਓ. ਤੇ ਸ਼ਹਿਰੀ ਬਾਊ ਕਦੇ ਖ਼ੁਲ੍ਹ ਕੇ ਗੱਲਾਂ ਕਰਦੇ, ਕਦੇ ਉਚੀ-ਉਚੀ ਹੱਸਦੇ ਤੇ ਕਦੀ ਹੌਲੀ-ਹੌਲੀ ਗੁਟਰਗੂੰ ਕਰਦੇ। ਈ.ਟੀ.ਓ. ਨੇ ਆਪਣੇ ਡਰਾਈਵਰ ਤੋਂ ਕਾਰ ਵਿਚੋਂ ਸਕਾੱਚ ਦੀ ਬੋਤਲ ਮੰਗਵਾ ਲਈ ਸੀ। ਸੋਢੇ ਤੇ ਫਰਿੱਜ਼ ਵਾਲੀ ਬਰਫ ਦੀ ਪੇਟੀ ਵੀ ਨਾਲ ਹੀ ਸੀ। ਦੋਹਾਂ ਨੇ ਇਕ ਇਕ ਪੈਗ ਲਾਇਆ ਤੇ ਬਾਊ ਤੇ ਈ.ਟੀ.ਓ. ਵਧੇਰੇ ਖੁੱਲ੍ਹ ਗਏ। ਸ਼ਹਿਰੀ ਬਾਊ ਨੇ ਇਕ ਬੰਡਲ ਮੇਜ਼ ‘ਤੇ ਰੱਖਦੇ ਹੋਏ ਕਿਹਾ-”ਇਹ ਥੋੜ੍ਹੀ ਜਿਹੀ ਇਕ ਰੁਪਏ ਦੀ ਸੇਵਾ, ਕਬੂਲ ਫੁਰਮਾਓ।”
ਈ.ਟੀ.ਓ. ਨੇ ਕਿਹਾ ”ਇਥੇ ਆ ਕੇ ਚੁਆਨੀ ਮਾਰ ਲਈ। ਬੜੇ ਚੁਸਤ ਹੁੋ।” ਚੁਆਨੀ ਤੋਂ ਭਾਵ ਪੰਝੀ ਹਜ਼ਾਰ ਰੁਪਏ ਸੀ ਤੇ ਇਕ ਰੁਪਿਆ ਦਾ ਮਤਲਬ ਇਕ ਲੱਖ ਰੁਪਿਆ।
ਬਾਊ ਮੁਸਕਰਾਇਆ ਤੇ ਈ.ਟੀ.ਓ. ਨੇ ਦੂਜਾ ਪੈਗ ਗਲਾਸਾਂ ‘ਚ ਪਾ ਦਿੱਤਾ ਸੀ। ਬਾਊ ਨੇ ਝੁਕ ਕੇ ਕਿਹਾ ”ਜੇ ਗੁਸਤਾਖ਼ੀ ਨਾ ਮੰਨੋ ਤਾਂ ਕੀ ਮੈਂ ਤੁਹਾਡਾ ਗਲਾਸ ਨਾਲ ਲੈ ਜਾ ਸਕਦਾਂ? ਕਾਰ ਵਿਚ ਹੀ ਮੌਜ-ਮਸਤੀ ਕਰਦਾ ਜਾਊਂ ਤੇ ਨਾਲੇ ਤੁਹਾਡੇ ਗੁਣ ਗਾਉਂਦਾ ਜਾਊਂ। … ਮੈਂ ਇਕ ਵਿਆਹ ‘ਤੇ ਜਾਣੈ।”
”ਜਿਵੇਂ ਤੁਹਾਡੀ ਮਰਜ਼ੀ,” ਈ.ਟੀ.ਓ. ਨੇ ਕਿਹਾ। ਦੋਹਾਂ ਨੇ ਹੱਥ ਮਿਲਾਏ। ਈ.ਟੀ.ਓ. ਬਰਾਂਡੇ ਤੱਕ ਉਹ ਨੂੰ ਛੱਡਣ ਆਇਆ। ਸ਼ਹਿਰੀ-ਬਾਊ ਸਕਾਚ ਦਾ ਗਲਾਸ ਲੈ ਆਪਣੀ ਕਾਰ ਵਿਚ ਜਾ ਬੈਠਾ। ਕਾਰ ਜਦੋਂ ਪਿੰਡ ਦੀ ਫਿਰਨੀ ਤੋਂ ਬਾਹਰ ਨਿਕਲੀ ਤਾਂ ਸ਼ਹਿਰੀ ਬਾਊ ਨੇ ਆਪਣੇ ਆਪ ‘ਚ ਕਿਹਾ ”ਸਾਲਾ ਭੁੱਖਾ ਚ… ਮਾ…। ਸਾਡੇ ਕੋਲ ਆਵੇ ਤਾਂ ਕਾਜੂ, ਬਦਾਮ, ਚਿਕਨ ਦੀ ਫਰਮਾਇਸ਼ ਕਰੂ। … ਤੇ ਇੱਥੇ ਸੁੱਕੀ ਦਾਰੂ…। ਚਿੱਟਾ ਕੁਕੜ ਵੀ ਨਹੀਂ ਸਰ ਹੋਇਆ।” ਚਿੱਟਾ ਕੁਕੜ ਤੋਂ ਭਾਵ ਨਮਕ ਸੀ।
ਬਾਊ ਨੇ ਦੁਕਾਨ ਤੋਂ ਆਲੂਆਂ ਦੇ ਚਿਪਸ ਦਾ ਪੈਕ ਡਰਾਈਵਰ ਤੋਂ ਕਾਰ ਵਿਚ ਬੈਠਿਆਂ ਹੀ ਮੰਗਵਾ ਲਿਆ ਤੇ ਸਕਾਚ ਨਾਲ ਆਲੂਆਂ ਤੋਂ ਚਿਪਸ ਦਾ ਸੁਆਦ ਲੈਣਾ ਸ਼ੁਰੂ ਕਰ ਦਿੱਤਾ।
ਸ਼ਹਿਰੀ ਬਾਊ ਨੇ ਜਾਣ ਮਗਰੋਂ ਪ੍ਰੋਫੈਸਰ-ਪਤਨੀ ਅੰਦਰ ਆਈ ਤੇ ਈ.ਟੀ.ਓ. ਨੇ ਪੈਕਟ ਉਸ ਨੂੰ ਫੜਾਂਦਿਆਂ ਕਿਹਾ-”ਸਾਂਭ… ਅੱਧੇ ਸਾਂਭ ਕੇ ਰੱਖ ਦੇਈਂ ਤੇ ਅੱਧੇ ਦੀ ਮਨਪਸੰਦ ਜਿਊਲਰੀ ਲੈ ਲਵੀਂ।”
ਪ੍ਰੋਫੈਸਰ-ਪਤਨੀ ਮੁਸਕਰਾਈ ਤੇ ਪੈਕਟ ਨੂੰ ਆਪਣੇ ਪਰਸ ਵਿਚ ਹੀ ਰੱਖ ਲਿਆ। ਉਸ ਨੇ ਵੇਖ ਲਿਆ ਸੀ ਕਿ ਹਜ਼ਾਰ-ਹਜ਼ਾਰ ਦੇ ਲਾਲ ਨੋਟਾਂ ਦਾ ਪੈਕਟ ਸੀ।
ਫ਼ੌਜੀ ਖਘੂੰਰਾ ਮਾਰ ਕੇ ਅੰਦਰ ਆਇਆ ਤਾਂ ਈ.ਟੀ.ਓ. ਨੇ ਪੁੱਛਿਆ, ”ਬਾਈ, ਘੁੱਟ ਲਾਏਂਗਾ?”
ਫ਼ੌਜੀ ਦੀ ਹਾਂ ਨਾ ਤੋਂ ਪਹਿਲਾਂ ਹੀ ਗਲਾਸ ਮੰਗਾ ਕੇ ਸਕਾਚ ਦਾ ਮੋਟਾ ਪੈਗ ਪਾ, ਪਾਣੀ ਤੇ ਸੋਢਾ ਰਲਾ, ਕਿਹਾ
”ਚਲ ਬਾਈ, ਐਸ਼ ਕਰ ਸਾਡੇ ਸਿਰ ‘ਤੇ।”
ਫ਼ੌਜੀ ਕੁਝ ਮੁਸਕਰਾਇਆ ਤੇ ਗਲਾਸ ਫੜ੍ਹ ਲਿਆ। ਥੋੜ੍ਹੀ ਦੇਰ ਬਾਅਦ ਪਰਤਾਪੀ ਅੰਦਰ ਆਈ। ਚਿਹਰਾ ਵਟਿਆ ਹੋਇਆ। ਈ.ਟੀ.ਓ. ਨੇ ਕਿਹਾ-
”ਬੇਬੇ, ਸੁਖ ਤਾਂ ਹੈ? ਆਹ ਫੜ ਪੰਜ ਸੌ ਦਾ ਨੋਟ, ਸੂਟ ਸਵਾ ਲਵੀਂ। ਤੂੰ ਵੀ ਕੀ ਯਾਦ ਰੱਖੇਂਗੀ?”
”ਨਾਂਹ ਭਈ, ਆਪਣੇ ਕੋਲ ਰੱਖ। ਫ਼ੌਜੀ ਦੇ ਦਿੱਤੇ ਬਥੇਰੇ ਨੇ,” ਪਰਤਾਪੀ ਦੀ ਆਵਾਜ਼ ‘ਚ ਕੋਈ ਲੁਕਵਾਂ ਹੇਰਵਾ ਸੀ।
”ਕੀ ਗੱਲ? ਸਾਡੇ ਆਉਣ ਤੇ ਖੁਸ਼ ਨਹੀਂ ਹੋਈ? ਚਲੇ ਜਾਣੇ ਆਂ ਬੇਬੇ?”
”… ਮੈਂ ਜਾਣ ਲਈ ਨਹੀਂ ਕਹਿੰਦੀ।… ਪਰ ਇਕ ਗੱਲ ਚੰਗੀ ਨਹੀਂ ਕੀਤੀ, ਜੀਤੇ ਤੂੰ?”
”… ਮੈਂ … ਮੈਂ? ਕਿਹੜੀ ਗੱਲ ਮੈਂ ਚੰਗੀ ਨਹੀਂ ਕੀਤੀ? ਮੈਂ ਤਾਂ ਹੁਣੇ ਆਇਆਂ। ਮੈਂ ਕਿਹੜੀ ਡਾਂਗ ਮਾਰ ਤੀ?”
”ਜੀਤੇ ਤੂੰ ਡਾਂਗ ਮਾਰ ਦਿੰਦਾ ਤਾਂ ਸਹਿ ਹੋ ਜਾਣਾ ਸੀ, ਪਰ…?”
”ਪਰ… ਪਰ… ਕੀ?” ਫ਼ੌਜੀ ਦੇ ਹੱਥ ਵਿਚ ਅੱਧਾ ਪੈਗ ਫੜ੍ਹਿਆ ਰਹਿ ਗਿਆ, ਅੱਧਾ ਉਹ ਪਹਿਲਾਂ ਪੀ ਚੁੱਕਾ ਸੀ। ਉਸ ਨੂੰ ਵੀ ਸਮਝ ਨਾ ਆਈ ਕਿ ਪਰਤਾਪੀ ਕੀ ਕਹਿਣਾ ਚਾਹੁੰਦੀ ਹੈ। ਉਸ ਦੇ ਸਾਹਮਣੇ ਹੀ ਈ.ਟੀ.ਓ. ਪੁੱਤਰ ਆਇਆ ਸੀ ਤੇ ਉਸ ਦੇ ਮੂੰਹੋਂ ਕੋਈ ਅਜਿਹੀ ਗੱਲ ਤਾਂ ਨਹੀਂ ਸੀ ਨਿਕਲੀ ਜਿਹੜੀ ਕਾਲੇ ਨਾਗ ਵਾਂਗ ਪਰਤਾਪੀ ਨੂੰ ਲੜ ਗਈ ਸੀ ਤੇ ਪਰਤਾਪੀ ਨੀਲੀ ਪੀਲੀ ਹੁੰਦੀ ਜਾ ਰਹੀ ਸੀ।
ਫ਼ੌਜੀ ਦੇ ਦਿਮਾਗ ਵਿਚ ਪਿਛਲੀ ਜ਼ਿੰਦਗੀ ਦੀ ਕਹਾਣੀ ਫਿਲਮ ਦੀ ਰੀਲ ਵਾਂਗ ਚੱਲਣ ਲੱਗੀ। ਸੈਂਤੀ ਸਾਲ ਪਹਿਲਾਂ ਉਹ ਪਰਤਾਪੀ ਨੂੰ ਜਦੋਂ ਵਿਆਹ ਕੇ ਲਿਆਇਆ ਤਾਂ ਲੋਕੀਂ ਆਖਦੇ ”ਪਰਤਾਪੀ ਨੇ ਚੰਨ ਨੂੰ ਮਾਤ ਪਾ ਦਿੱਤੈ। ਉਸ ਦੇ ਹੁਸਨ ਨੇ ਸਾਰੇ ਪਿੰਡ ‘ਚ ਚਾਨਣ ਕਰ ਦਿੱਤੈ।” ਸਾਰਾ ਪਿੰਡ ਪਰਤਾਪੀ ਦਾ ਮੁਖੜਾ ਵੇਖਣ ਲਈ ਤਰਲੋ ਮੱਛੀ ਹੋ ਗਿਆ ਸੀ। ਕੀ ਤੀਵੀਆਂ, ਕੀ ਮਰਦ, ਕੀ ਮੁੱਛ ਫੁਟ ਗੱਭਰੂ, ਕੀ ਅਧਖੜ, ਬੁੱਢੇ-ਬੁੱਢੀਆਂ, ਬਾਲ-ਗੋਪਾਲ ਵੀ। ਪਰਤਾਪੀ ਦੇ ਹੁਸਨ ਦੇ ਚਰਚੇ ਹਰ ਜ਼ੁਬਾਨ ਪਰ…। ਪਹਿਲੇ ਪੰਦਰਾਂ ਦਿਨ ਤਾਂ ਉਸ ਨੇ ਚੰਨ ਨੂੰ ਘੁੰਡ ‘ਚ ਹੀ ਲੁਕੋਈ ਰੱਖਿਆ। ਚੰਨ ਨੂੰ ਖੁੱਲ੍ਹ ਕੇ ਬਸ ਫ਼ੌਜੀ ਹੀ ਦੇਖ ਸਕਦਾ ਤੇ ਉਹ ਵੀ ਰਾਤ ਦੇ ਸਮੇਂ, ਦਿਨ ਨੂੰ ਤਾਂ ਉਹ ਵੀ ਤਰਸਦਾ ਰਹਿੰਦਾ। ਪਰਤਾਪੀ ਦੇ ਦਿਓਰ, ਪਰਤਾਪੀ ਦਾ ਜੇਠ, ਉਸ ਦਾ ਆਪਣਾ ਸਹੁਰਾ, ਆਂਢ-ਗੁਆਂਢ ਦੇ ਦੂਰੋਂ ਲੱਗਦੇ ਪਿੱਤਰੋਰੇ ਸਭ ਨੂੰ ਕੰਨਸੋਅ ਮਿਲ ਗਈ ਸੀ ਕਿ ਪਿੰਡ ‘ਚ ਫੌਜੀ ਦਲੀਪ ਚੰਨ ਦਾ ਟੁਕੜਾ ਵਿਆਹ ਲਿਆਇਆ ਏ ਸਾਬਤ ਸੂਰਤ ਚੰਦ। … ਫ਼ੌਜੀ ਨੂੰ ਪਹਿਲੀ ਰਾਤ ਹੀ ਪਰਤਾਪੀ ਨੇ ਆਪਣੀ ਜੁਆਨੀ ਦੀ ਸਾਰੀ ਪੈਂਤੀ ਬਿਨਾਂ ਸੰਗ ਦੇ ਸੁਣਾ ਦਿੱਤੀ ਸੀ ਜਦੋਂ ਫ਼ੌਜੀ ਨੇ ਕਿਹਾ ਸੀ-‘ਪਰਤਾਪੀਏ ਇੰਨੇ ਹੁਸਨ ਦੀ ਦੌਲਤ ਨਾਲ ਤੂੰ ਮੈਨੂੰ ਮਾਲਾ ਮਾਲ ਕਰ ਦਿੱਤੈ। ਪਰ ਇਸ ਨੂੰ ਸਾਂਭ ਕੇ ਕਿਵੇਂ ਰੱਖੇਂਗੀ? ਆਪਣੇ ਵੀ ਤੇ ਬਿਗਾਨੇ ਵੀ ਵੈਰੀ ਬਣ ਸਕਦੇ ਨੇ। ਫ਼ੌਜੀ ਨੂੰ ਤਾਂ ਸਾਲ ‘ਚ ਵੱਧ ਤੋਂ ਵੱਧ ਦੋ ਵਾਰ ਛੁੱਟੀ ਮਿਲਦੀ ਏ। ਵੇਖੀਂ ਕਿਤੇ ਫ਼ੌਜੀ ਦਲੀਪ ਸਿੰਘ ਨੂੰ ਲੋਕੀਂ ਤਾਨ੍ਹੇ ਨਾ ਮਾਰਨ, ਝੇਡਾਂ ਨਾ ਕਰਨ।’
ਪੌਣੇ ਛੇ ਫੁੱਟੀ ਪਰਤਾਪੀ ਇਕ ਸੁਰਾਹੀ ਵਾਂਗ ਉਸ ਦੇ ਸਾਹਮਣੇ ਬੈਠੀ ਸੀ ਤੇ ਫ਼ੌਜੀ ਉਸ ਦੇ ਹੁਸਨ ਦੀ ਪਹਿਲੇ ਤੋੜ ਦੀ ਘਰ ਦੀ ਕੱਢੀ ਦਾਰੂ ਗਟਾਗਟ ਪੀਣ ਲਈ ਬੜਾ ਕਾਹਲਾ ਪੈ ਰਿਹਾ ਸੀ। ਪਰਤਾਪੀ ਨੇ ਸਹਿਜ ਹੁੰਦੇ ਕਿਹਾ ਸੀ -”ਮੇਰੇ ਫ਼ੌਜੀ ਹਾਣੀਆਂ! ਤੇਰੇ ਲਈ ਮੈਂ ਅੱਜ ਤੱਕ ਆਪਣੇ ਆਪ ਨੂੰ ਸਾਂਭ-ਸਾਂਭ ਰੱਖਿਐ… ਪਰਤਾਪੀ ਤੇਰੀ ਅਮਾਨਤ ਰਹੂ…। … ਜਿੱਥੇ ਮਰਜ਼ੀ ਜਾ…। … ਤੇਰੀ ਪਰਤਾਪੀ ਤੇ ਨਾ ਕਿਸੇ ਦਾ ਪਰਛਾਵਾਂ ਪਹਿਲਾਂ ਪਿਐ ਤੇ ਨਾ ਹੀ ਕਿਸੇ ਹੋਰ ਦਾ ਪਊਗਾ, ਇਹ ਪੱਥਰ ‘ਤੇ ਲੀਕ ਸਮਝ। ਮੇਰੇ ਪੇਕੇ ਪਿੰਡ ਵਿਚ ਵੀ ਮੇਰੀ ਜਵਾਨੀ ਤੇ ਹੁਸਨ ਦੇ ਕਈ ਦੁਸ਼ਮਣ ਸਨ। ਬਾਪੂ ਜਿੱਥੇ ਸੀਰੀ ਸੀ, ਉਸ ਜ਼ਿੰਮੀਂਦਾਰ ਦੇ ਮੁੰਡੇ ਨੇ ਆਪਣੇ ਵਲੋਂ ਪੂਰੀ ਵਾਹ ਲਾਈ, ਪਰ ਮੈਂ ਟਸ ਤੋਂ ਮਸ ਨਾ ਹੋਈ। ਪਿੰਡ ਦੇ ਹੋਰ ਸਿਰਫਿਰੇ ਵੀ ਸਾਡੀ ਬੀਹੀ ‘ਚ ਚੱਕਰ ਮਾਰਨੋਂ ਨਾ ਹਟਣ। ਬਾਪੂ ਮੇਰੇ ਨੂੰ ਫਿਕਰ ਹੋ ਗਿਆ। ਇਕ ਦਿਨ ਅੰਦਰ ਵੜ ਕੇ ਉਸ ਮੈਨੂੰ ਸਮਝਾਇਆ ਤੇ ਝੋਲੀ ਅੱਗੇ ਕਰਤੀ ”ਪਰਤਾਪੀ ਪੁੱਤ। ਮੈਂ ਜਾਣਦਾਂ, ਤੂੰ ਗੰਗਾ ਤੋਂ ਵੱਧ ਪਵਿੱਤਰ ਏਂ। ਸੋਹਰੀ ਦਾ ਜਮਾਨਾ ਤੇ ਲੋਕੀਂ ਟਿਕਣ ਨਹੀਂ ਦਿੰਦੇ। ਮੈਂ ਤੈਥੋਂ ਭੀਖ ਮੰਗਦਾਂ, ਮੇਰੀ ਪੱਗ ਨੂੰ ਵੱਟਾ ਨਾ ਲਾ ਦੇਈਂ, ਪੁੱਤ! ਮੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ।” ਤੇ ਬਾਪੂ ਰੋ ਪਿਆ ਸੀ। ਅਸਲ ਵਿਚ ਮੇਰੀ ਮਾਂ ਉਦੋਂ ਮਰ ਗਈ ਸੀ ਜਦੋਂ ਮੈਂ ਸਤ ਸਾਲ ਦੀ ਸੀ। ਘਰ ਵਿਚ ਸਭ ਤੋਂ ਛੋਟੀ, ਦੋ ਭਰਾ ਤੇ ਇਕ ਭੈਣ। ਬਾਪੂ ਨੇ ਦੂਜੇ ਵਿਆਹ ਬਾਰੇ ਸੋਚਿਆ ਤੱਕ ਨਾ। ਇਸ ਗੱਲ ਦਾ ਸਾਨੂੰ ਮਾਣ ਸੀ। ਭੈਣ ਬਾਪੂ ਨੇ ਛੇਤੀ ਬਿਆਤੀ ਸੀ -ਸੌਲ੍ਹਾ ਸਾਲ ਦੀ ਉਮਰ ਵਿਚ। ਮੈਂ ਬਾਪੂ ਨੂੰ ਵਚਨ ਦਿੱਤਾ ਸੀ। ”ਬਾਪੂ, ਮੈਨੂੰ ਮੇਰੀ ਮਰੀ ਮਾਂ ਦੀ ਸੌਂਹ ਲੱਗੇ ਜੇ ਤੇਰੀ ਪੱਗ ਨੂੰ ਵੱਟਾ ਲਾਵਾਂ… ਤੂੰ ਮੈਥੋਂ ਸੁਰਖਰੂ ਰਹਿ। ਪਰਤਾਪੀ ਮਰ ਜਾਊ, ਆਪਣੇ ਬਚਨ ਤੋਂ ਨਹੀਂ ਮੁੜਦੀ।” ਇਹ ਆਖ ਮੈਂ ਬਾਪੂ ਦੀ ਪੱਗ ਚੁੰਮ ਲਈ ਸੀ। ਇਸ ਮਗਰੋਂ ਮੇਰੇ ਜੀਜੇ ਨੇ ਬੜੇ ਡੋਰੇ ਪਾਏ ਮੇਰੇ ਤੇ ਪਰ ਮੈਂ ਅਜਿਹਾ ਤਾੜਿਆ ਕਿ ਫਿਰ ਭੈਣ-ਭੈਣ ਕਰਦਾ ਫਿਰੇ। ਆਖੇ, ਮੈਂ ਤਾਂ ਐਵੇਂ ਮਜ਼ਾਕ ਕੀਤਾ ਸੀ। ਆਹ ਕੰਨ ਫੜੇ, ਭੈਣ ਨੂੰ ਨਾ ਦੱਸੀਂ, ਕੋਈ ਗੱਲ। ਅੱਗੇ ਤੋਂ ਤੈਥੋਂ ਰੱਖੜੀ ਬੰਨਾਇਆ ਕਰੂੰ…।”
ਫ਼ੌਜੀ ਜਦੋਂ ਛੁੱਟੀ ਆਉਂਦਾ ਤਾਂ ਪਰਤਾਪੀ ਪਿਛੋਂ ਘਟੀਆਂ ਸਾਰੀਆਂ ਗੱਲਾਂ ਉਸ ਨੂੰ ਬਿਨਾਂ ਲਾਗ ਲਪੇਟ ਦੇ ਸੁਣਾਉਂਦੀ ਕਿ ਕਿਵੇਂ ਉਹਨੇ ਉਹਦੇ ਛੋਟੇ ਵੀਰ ਨੂੰ ਸਬਕ ਪੜ੍ਹਾਇਆ। ਜੇਠ ਦੀ ਜੂਠ ਬਣਨ ਤੋਂ ਇਨਕਾਰੀ ਹੋਈ। ਵਿਹੜੇ ਦੇ ਦੂਰ ਨੇੜੇ ਦੇ ਸਾਕ ਸਬੰਧੀਆਂ ਨੇ ਪੂਰੀ ਵਾਹ ਲਾਉਣੀ ਕਿ ਕਿਵੇਂ ਪਰਤਾਪੀ ਉਨ੍ਹਾਂ ਦੇ ਅੜਿਕੇ ਚੜ੍ਹ ਜੇ…। ਪਰ ਪਰਤਾਪੀ ਆਪਣੇ ਆਪ ‘ਚ ਨਸ਼ਿਆਈ ਰਹਿੰਦੀ ਤੇ ਆਪਣੇ ਕੰਮਾਂ ‘ਚ ਮਸਤ ਰਹਿੰਦੀ। ਹਾਂ, ਸੱਸ ਦਾ ਉਸ ਨੂੰ ਬੜਾ ਆਸਰਾ ਸੀ। ਸੱਸ-ਨੂੰਹਾਂ ਦੇ ਸਾਹਮਣੇ ਨਾ ਵਿਹੜੇ ਵਾਲੇ ਕੁਸਕਦੇ ਤੇ ਨਾ ਹੀ ਪਿੰਡ ਵਾਲੇ। ਪਿੰਡ ਦੇ ਸੰਧੂ ਸਰਪੰਚ ਨੇ ਕਈ ਢੰਗਾਂ ਨਾਲ ਪਰਤਾਪੀ ਮੁਹਰੇ ਦਾਣਾ ਪਾਇਆ, ਲਾਲਚ ਵੀ ਦਿੱਤੇ ਤੇ ਡਰਾਵੇ ਵੀ। ਪਿੰਡ ‘ਚ ਕਈ ਸਾਲ ਉਹ ਗਿੱਧਿਆਂ ਦੀ ਰਾਣੀ ਦੇ ਨਾਂਅ ਨਾਲ ਜਾਣੀ ਜਾਂਦੀ ਰਹੀ। ਜਾਗੋ ਕੱਢੀ ਜਾਂਦੀ ਤਾਂ ਪਿੰਡ ਦੀਆਂ ਤੀਵੀਆਂ ਉਸ ਨੂੰ ਅੱਗੇ ਕਰਦੀਆਂ। … ਪਰ ਪਰਤਾਪੀ ਆਪਣੇ ਸਤ ‘ਤੇ ਕਾਇਮ ਰਹੀ। ਉਸ ਦੀਆਂ ਅੱਖਾਂ ਤੇ ਸੋਚਾਂ ‘ਚ ਬਸ ਫੌਜੀ ਵਸਿਆ ਰਹਿੰਦਾ। ਦੋ ਮੁੰਡੇ ਤੇ ਦੋ ਧੀਆਂ ਨੂੰ ਜਨਮ ਦੇ ਕੇ, ਪਾਲਿਆ ਪੋਸਿਆ ਤੇ ਬੰਦੇ ਬਣਾ ਕੇ ਰੱਖਿਆ। ਫ਼ੌਜੀ ਦਲੀਪ ਸਿੰਘ ਸੋਚਦਾ ਰਿਹਾ। ਦੋਹੇਂ ਧੀਆਂ ਨੂੰ ਪੜ੍ਹਾ ਲਿਖਾ, ਇਕ ਨਾਇਬ ਤਹਿਸੀਲਦਾਰ ਨੂੰ ਵਿਆਹੀ ਤੇ ਦੂਜੀ ਇਨਕਮਟੈਕਸ ਇਨਸਪੈਕਟਰ ਨੂੰ। ਵੱਡਾ ਮੁੰਡਾ ਕਾਲਜ ਵਿਚ ਫਿਲਾਸਫੀ ਦਾ ਪ੍ਰੋਫੈਸਰ ਲੱਗ ਗਿਆ ਤੇ ਛੋਟਾ ਰਣਜੀਤ ਸਿੰਘ ਈ.ਟੀ.ਓ. ਬਣ ਗਿਆ ਸੀ।
… ਤੇ ਛੋਟੇ ਡੀ.ਟੀ.ਓ. ਜੀਤੇ ਨੇ ਅੱਜ ਕਿਹੜੀ ਗੱਲ ਕਰਤੀ ਕਿ ਸ਼ਾਂਤ ਸਹਿਜ ਰਹਿਣ ਵਾਲੀ ਪਰਤਾਪੀ ਲਾਲ ਪੀਲੀ ਹੁੰਦੀ ਜਾ ਰਹੀ ਹੈ-ਠਰ੍ਹੰਮਾ ਵਿਸਾਰ ਦਿੱਤੈ ਉਸ ਨੇ ਅੱਜ-ਫ਼ੌਜੀ ਸੋਚੀਂ ਡੁਬ ਗਿਆ।
ਅਜੇ ਈ.ਟੀ.ਓ. ਮਾਂ ਤੋਂ ਲਾਲ ਪੀਲੇ ਹੋਣ ਦਾ ਕਾਰਨ ਪੁੱਛ ਹੀ ਰਿਹਾ ਸੀ ਕਿ ਉਸ ਦਾ ਵੱਡਾ ਭਰਾ ਪ੍ਰੋਫੈਸਰ ਗੁਰਮੇਲ ਸਿੰਘ ਵੀ ਉਥੇ ਆ ਪੁੱਜਾ। ਪਰ ਉਹ ਇਕੱਲਾ ਆਇਆ ਸੀ। ਉਸ ਦੇ ਬੱਚੇ ਆਪਣੀ ਮਾਂ ਨਾਲ ਨਾਨਕੇ ਚਲੇ ਗਏ ਸਨ। ਉਸ ਨੇ ਮਾਂ-ਪਿਓ ਦੋਹਾਂ ਨੂੰ ਪੈਰੀਂ ਪੈਣਾ ਕੀਤਾ।
ਪਰਤਾਪੀ ਨੇ ਵੱਡੇ ਪੁੱਤਰ ਦੇ ਆਉਣ ‘ਤੇ ਦੜ ਵੱਟ ਲਈ ਤੇ ਉਸ ਲਈ ਪਾਣੀ ਦਾ ਗਲਾਸ ਲਿਆ ਫੜਾਇਆ ਤੇ ਫਿਰ ਚਾਹ ਬਣਾ ਕੇ ਪਿਲਾਈ।
ਫ਼ੌਜੀ ਪੈਗ ਪੂਰਾ ਕਰ, ਉਠ ਕੇ ਆਪਣੇ ਕਮਰੇ ਵਿਚ ਚਲਾ ਗਿਆ।
ਦੋਹੇਂ ਭਰਾ ਬੈਠਕ ਵਿਚ ਹੀ ਬੈਠੇ ਰਹੇ। ਪ੍ਰੋਫੈਸਰ ਡਰਿੰਕ ਨਹੀਂ ਲੈਂਦਾ ਸੀ। ਇਸ ਲਈ ਈ.ਟੀ.ਓ. ਨੇ ਦੂਜਾ ਪੈਗ ਲੈਣ ਮਗਰੋਂ ਤੀਜਾ ਪੈਗ ਲੈਣਾ ਮੁਨਾਸਿਬ ਨਾ ਸਮਝਿਆ।
ਉਹ ਵੱਡੇ ਭਰਾ ਦੀ ਬਹੁਤ ਇੱਜ਼ਤ ਕਰਦਾ ਸੀ। ਇਕ ਤਾਂ ਪ੍ਰੋਫੈਸਰ ਸਭ ਤੋਂ ਵੱਡਾ ਸੀ ਤੇ ਦੂਜਾ ਆਪਣੇ ਫਰਜ਼ਾਂ ਨੂੰ ਬ-ਖੂਬੀ ਨਿਭਾਉਣ ਵਾਲਾ। ਦੋ ਭੈਣਾਂ ਵੀ ਈ.ਟੀ.ਓ. ਤੋਂ ਵੱਡੀਆਂ ਸਨ, ਪਰ ਪ੍ਰੋਫੈਸਰ ਤੋਂ ਛੋਟੀਆਂ। ਦੋਹੇਂ ਭੈਣਾਂ ਤੇ ਛੋਟੇ ਦਾ ਧਿਆਨ ਉਸ ਨੇ ਬ-ਖੂਬੀ ਰੱਖਿਆ ਤੇ ਈ.ਟੀ.ਓ. ਬਣਾਉਣ ਵਿਚ ਵੀ ਉਸ ਦਾ ਵੱਡਾ ਹੱਥ ਸੀ।
ਨਾ ਉਹ ਕੁਰਾਹੇ ਪਿਆ ਤੇ ਨਾ ਉਸ ਨੇ ਭਰਾ ਤੇ ਭੈਣਾਂ ਨੂੰ ਮਾੜੇ ਕੰਮਾਂ ‘ਚ ਪੈਣ ਦਿੱਤਾ। ਪਰ ਚਾੜ੍ਹੇ ਦੋ ਪੈਗ ਈ.ਟੀ.ਓ. ਦੇ ਦਿਮਾਗ ਨੂੰ ਚੜ੍ਹ ਗਏ ਤੇ ਉਹ ਬੇਬੇ ਦੇ ਬੇਵਜਾਹ ਲਾਲ ਪੀਲੇ ਹੋਣ ਦਾ ਕਾਰਨ ਜਾਣਨਾ ਚਾਹੁੰਦਾ ਸੀ। ਪ੍ਰੋਫੈਸਰ ਨੇ ਸਮਝਾਇਆ ”ਚਲ ਛੋਟੇ ਹੁਣ ਰਹਿਣ ਦੇ। ਰੋਟੀ ਖਾ ਲੈ, ਸਵੇਰੇ ਬੇਬੇ ਨੂੰ ਪੁੱਛ ਲਾਂਗੇ। ਰਾਤ ਨੂੰ ਕਾਹਨੂੰ ਗੁਆਂਢੀਆਂ ਨੂੰ ਸੁਣਾਉਣੈ।… ਰਾਤ ਦੀ ਬਹਿਸ ਲੰਮੀ ਤੇ ਫ਼ਜੂਲ ਵੀ ਹੁੰਦੀ ਏ ਤੇ ਗੁਆਂਢੀ ਤੇ ਸਾਕ ਸਬੰਧੀ ਆਪਣੇ ‘ਤੇ ਹੱਸਣਗੇ…।”
ਪ੍ਰੋਫੈਸਰ ਭਰਾ ਦੇ ਸਮਝਾਉਣ ‘ਤੇ ਜਵਾਰਭਾਟਾ ਕੁਝ ਸਮੇਂ ਲਈ ਸ਼ਾਂਤ ਹੋ ਗਿਆ। ਰਾਤ ਨੂੰ ਈ.ਟੀ.ਓ. ਤੇ ਪਰਤਾਪੀ ਦੋਹਾਂ ਨੂੰ ਨੀਂਦ ਮਸੀਂ ਆਈਂ।
… ਸਵੇਰੇ ਜਦੋਂ ਪਰਤਾਪੀ ਚਾਹ ਬਣਾ ਕੇ ਦੋਹਾਂ ਪੁੱਤਾਂ ਤੇ ਫ਼ੌਜੀ ਲਈ ਲਿਆਈ ਤਾਂ ਉਹ ਤਿੰਨੋਂ ਬੈਠਕ ਵਿਚ ਬੈਠੇ ਸਨ। ਈ.ਟੀ.ਓ. ਦੀ ਪਤਨੀ ਤੇ ਬੱਚੀ ਸੁੱਤੇ ਪਏ ਸਨ।
… ਚਾਹ ਦੇ ਗਲਾਸ ਦੇ ਕੇ ਜਦੋਂ ਪਰਤਾਪੀ ਮੁੜਨ ਲੱਗੀ ਤਾਂ ਈ.ਟੀ.ਓ. ਨੇ ਕਿਹਾ ”ਬੇਬੇ, ਤੂੰ ਕਿਹੜੀ ਗੱਲੋਂ ਔਖੀ ਏਂ?” ਪਰਤਾਪੀ ਨੇ ਘੂਰ ਕੇ ਵੇਖਿਆ ਤੇ ਫਿਰ ਆਪਣੇ ਲਈ ਚਾਹ ਦਾ ਗਲਾਸ ਲਿਆ, ਪ੍ਰੋਫੈਸਰ ਪੁੱਤ ਦੇ ਨੇੜੇ ਸੋਫ਼ੇ ‘ਤੇ ਬਹਿ ਗਈ। ਫ਼ੌਜੀ ਈ.ਟੀ.ਓ. ਦੇ ਨਾਲ ਵਾਲੀ ਕੁਰਸੀ ‘ਤੇ ਬੈਠਾ ਸੀ। ਪ੍ਰੋਫੈਸਰ-ਪੁੱਤਰ ਨੇ ਸਿਆਣਪ ਵਰਤੀ ਤੇ ਦੋਹੋਂ ਬੂਹੇ ਚੰਗੀ ਤਰ੍ਹਾਂ ਢੋਅ ਦਿੱਤੇ। ਮਤਲਬ ਨਾ ਸ਼ਰੀਕੇ ਵਾਲੇ ਤੇ ਨਾ ਹੀ ਈ.ਟੀ.ਓ. ਦੀ ਪਤਨੀ ਕੋਈ ਗੱਲ ਸੁਣੇ।
”… ਹੁਣ ਦੱਸ ਵੀ ਬੇਬੇ?” ਈ.ਟੀ.ਓ. ਥੋੜ੍ਹਾ ਜਿਹਾ ਔਖਾ ਹੁੰਦਾ ਬੋਲਿਆ।
”… ਮਰ ਗਈ ਤੇਰੀ ਬੇਬੇ… ਤੂੰ ਜਿਊਂਦੀ ਮਾਰ ਤੀ।”
ਪਰਤਾਪੀ ਦੀ ਦੁਖਦੀ ਰਗ ਨੂੰ ਨਾ ਫ਼ੌਜੀ ਪੜ੍ਹ ਸਕਿਆ ਤੇ ਨਾ ਹੀ ਫਿਲਾਸਫ਼ੀ ਦਾ ਪ੍ਰੋਫੈਸਰ ਪੁੱਤ ਤੇ ਨਾ ਹੀ ਈ.ਟੀ.ਓ.।
”ਬੇਬੇ ਤੂੰ ਤਾਂ ਸਾਨੂੰੂ ਹਮੇਸ਼ਾ ਠਰ੍ਹੱਮੇਂ ‘ਚ ਰਹਿਣਾ ਸਿਖਾਇਐ। ਅੱਜ ਤੈਨੂੰ ਕੀ ਹੋ ਗਿਐ? ਪ੍ਰੋਫੈਸਰ ਨੇ ਕਿਹਾ।
”ਗੁਰਮੇਲ ਪੁੱਤਰ। ਇਹਨੈ ਆਪਣੇ ਪਿਓ ਦੀ ਪੱਗ ਰੋਲ ਤੀ… ਆਪਣੇ ਨਾਨੇ ਦੀ ਪੱਗ ਨੂੰ ਵੀ ਦਾਗ ਲਾਇਐ ਤੇ ਮੈਨੂੰ ਕਿਸੇ ਥਾਈਂ ਮੂੰਹ ਦਿਖਾਉਣ ਜੋਗੀ ਨਹੀਂ ਛੱਡਿਆ।”
”ਕੁਝ ਦਸੇਂਗੀ ਵੀ… ਕਿ ਐਵੇਂ ਬੁਝਰਤਾਂ ਈ ਪਾਈ ਜਾਏਂਗੀ।” ਈ.ਟੀ.ਓ. ਪੁੱਤ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਸੀ।
”ਕੱਲ੍ਹ ਉਹ ਸ਼ਹਿਰੀ ਲਾਲੇ ਨੇ ਜਦੋਂ ਮੈਨੂੰ ਪੁੱਛਿਆ ਕਿ ਰਣਜੀਤ ਸਿੰਘ ਸੰਧੂ ਦਾ ਘਰ ਕਿਹੜੈ, ਮੇਰੇ ਤਾਂ ਸਤੀਂ ਕੱਪੜੀਂ ਅੱਗ ਲੱਗ ਗੀ। ਮੈਨੂੰ ਮੇਰੇ ਜੀਤੇ ਨੇ ਕੁਲੱਛਣੀ ਬਣਾ ਤਾ… ਪਿੰਡ ਦੇ ਲੋਕੀਂ ਹੁਣ ਮੈਨੂੰ ਚਗਲ, ਜੂਠ ਆਖਣਗੇ… ਧੌਲੇ ਝਾਟੇ… ਇਹ ਤੁਹਮਤਾਂ ਮੈਨੂੰ ਸੁਣਨ ਨੂੰ ਮਿਲਣਗੀਆਂ। ਜੀਤੇ ਇਕ ਗੱਲ ਸੁਣ ਲੈ, ਤੂੰ ਆਪਣੇ ਫ਼ੌਜੀ ਦਾ ਤੁਖ਼ਮ ਐਂ… ਕਿਸੇ ਸੰਧੂ ਸੰਧੂ ਦਾ ਨਹੀਂ… ਜੇ ਪਿੰਡ ਦੇ ਸਰਪੰਚ ਨੂੰ ਪਤਾ ਲੱਗ ਗਿਆ ਕਿ ਤੂੰ ਸੰਧੂ ਅਖਵਾ ਕੇ ਖੁਸ਼ ਹੁੰਦੈਂ ਤਾਂ ਉਹ ਕੀ ਸੋਚੂ? … ਪਿੰਡ ਦੀ ਸੱਥ ਤੇ ਬੈਠ ਲੋਕੀਂ ਗੱਲਾਂ ਕਰਨਗੇ, ਖੁੰਡ ਚਰਚਾ ਬਣ ਜੂ… ਚਸਕੇ ਲਾ-ਲਾ ਗੱਲਾਂ ਹੋਣਗੀਆਂ… ਮੁਸਕੜੀਏਂ ਹੱਸਣਗੇ। ਮੈਂ ਤਾਂ ਸਾਰੀ ਉਮਰੇ ਕਦੇ ਮੱਖੀ ਨਹੀਂ ਬਹਿਣ ਦਿੱਤੀ… ਹੁਣ ਮੇਰਾ ਜੀਤਾ ਹੀ ਮੇਰੀ ਬੇਪਤੀ ਕਰਵਾਊ… ਮੈਨੂੰ ਤੈਥੋਂ ਏਹਦੀ ਰਤਾ ਉਮੀਦ ਨਹੀਂ ਥੀ… ਪੁੱਤ।”
ਪਰਤਾਪੀ ਦੀਆਂ ਅੱਖਾਂ ‘ਚ ਅੰਗਾਰ ਭਖ ਰਹੇ ਸਨ, ਨਾਸਾਂ ਫੁਲੀਆਂ ਹੋਈਆਂ ਸਨ, ਤੇ ਉਹ ਪਤਨਾਲੇ ਵਾਂਗ ਵਗ ਰਹੀਆਂ ਸਨ।
”ਹੁਣ ਤੇਰੇ ਕੋਲ ਦੋ ਪੈਸੇ ਆ ਗੇ…। ਪੈਸਿਆਂ ਨਾਲ ਸ਼ਹਿਰ ‘ਚ ਨਵੀਂ ਬੇਬੇ ਵੀ ਮੁੱਲ ਲੈ ਲੀਂ… ਮੈਨੂੰ ਕਹਿੰਦੈ ਕਲ੍ਹ… ਆਹ ਲੈ ਬੇਬੇ ਪੰਜ ਸੌ ਰੁਪਏ, ਸੂਟ ਸੰਵਾ ਲੀਂ… ਮੇਰੇ ਤਾਂ ਉਦੋਂ ਦੀ ਸਤੀਂ ਕੱਪੜੀਂ ਅੱਗ ਲਗੀ ਪਈ ਏ…। ਮੈਨੂੰ ਇਹਨੇ ਸ਼ਰੀਕਾਂ ‘ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ-ਸਿਵਿਆਂ ‘ਚ ਪਿਆ ਮੇਰਾ ਬਾਪੂ… ਕੀ ਸੋਚਦਾ ਹੋਊ ਆਪਣੀ ਲਾਡਲੀ ਪਰਤਾਪੀ ਬਾਰੇ…।”
ਪ੍ਰੋਫੈਸਰ ਗੁਰਮੇਲ ਸਿੰਘ ਪਰਤਪੀ ਨੂੰ ਚੁੱਪ ਕਰਾਉਣ ਦਾ ਯਤਨ ਕਰ ਰਿਹਾ ਸੀ ਤੇ ਈ.ਟੀ.ਓ. ਰਣਜੀਤ ਸਿੰਘ ਧੌਣ ਥੱਲੇ ਸੁੱਟੀ ਬੈਠਾ ਸੀ… ਚਾਹ ਸਭ ਦੀ ਠੰਢੀ-ਠਾਰ ਹੋ ਗਈ ਸੀ… ਪ੍ਰੋਫੈਸਰ ਨੇ ਪਾਣੀ ਦੇ ਜੱਗ ਨੂੰੂ ਹੀ ਬੇਬੇ ਦੇ ਮੂੰਹ ਨੂੰ ਲਾਇਆ…
”ਬਸ… ਬੇਬੇ… ਬਸ ਦੋ ਘੁੱਟ ਪਾਣੀ ਪੀ ਲੈ…”
”ਮੈਂ ਨਹੀਂ ਪੀਣਾ-ਪਾਣੀ ਪੂਣੀ… ਸੱਚੇ ਪਾਤਸ਼ਾਹ ਮੈਨੂੰ ਹੁਣੇ ਚੁੱਕ ਲੈ…,” ਪਰਤਾਪੀ ਨੇ ਉਪਰ ਵੱਲ ਵੇਖਿਆ ਤੇ ਜ਼ਮੀਨ ਵੱਲ ਹੱਥ ਕਰਕੇ ਕਿਹਾ
”ਹੇ ਧਰਤੀ ਮਾਂ… ਤੂੰ ਪਾਟਦੀ ਕਿਉਂ ਨਹੀਂ… ਤੇ ਮੈਂ ਤੇਰੇ ‘ਚ ਸਮਾ ਜਾਮਾਂ।”
ਫ਼ੌਜੀ ਵੀ ਸਹਿਮ ਗਿਆ ਸੀ ਪਰ ਉਸ ਦੇ ਸਹਿਮੇ ਚਿਹਰੇ ‘ਤੇ ਇਕ ਨੂਰ ਟਪਕ ਰਿਹਾ ਸੀ। ਉਸਦਾ ਅੰਦਰਲਾ ਪਰਤਾਪੀ ‘ਤੇ ਮਾਣ ਕਰ ਰਿਹਾ ਸੀ। ਮਾਂ-ਪੁੱਤ ਵਿਚਕਾਰਲੇ ਤਕਰਾਰ ਦੌਰਾਨ, ਉਸ ਨੇ ਚੁੱਪ ਰਹਿਣਾ ਹੀ ਬੇਹਤਰ ਸਮਝਿਆ।
… ਈ.ਟੀ.ਓ. ਆਪਣੀ ਕੁਰਸੀ ਤੋਂ ਉਠਿਆ ਤੇ ਪਰਤਾਪੀ ਦੇ ਪੈਰਾਂ ਕੋਲ ਭੁੰਜੇ ਬਹਿ ਗਿਆ ਤੇ ਉਸ ਦੇ ਹੱਥਾਂ ਨੂੰ ਫੜ੍ਹ ਜ਼ੋਰ-ਜ਼ੋਰ ਨਾਲ ਆਪਣੇ ਮੂੰਹ ‘ਤੇ ਮਾਰਨ ਲੱਗਾ ”ਬੇਬੇ, ਤੇਰੇ ਜੀਤੇ ਤੋਂ ਭੁੱਲ ਹੋ ਗੀ। ਮਾਰ, ਮੈਨੂੰ ਮਾਰ… ਮਾਰ ਮੈਨੂੰ…।”
ਪਰਤਾਪੀ ਨੇ ਉਸ ਨੂੰ ਭੁੰਜਿਓਂ ਉਠਾ ਆਪਣੀ ਛਾਤੀ ਨਾਲ ਲਾ ਲਿਆ ਸੀ। ਈ.ਟੀ.ਓ. ਨੇ ਆਪਣੇ ਪਰਸ ਵਿਚੋਂ ਵਿਸ਼ਟਿੰਗ ਕਾਰਡ ਕੱਢ, ਟੁਕੜੇ-ਟੁਕੜੇ ਕਰ ਕੇ ਖਿੰਡਾ ਦਿੱਤੇ ਸਨ। ਉਹ ਵਿਸਟਿੰਗ ਕਾਰਗ ਜਿਨ੍ਹਾਂ ‘ਤੇ ਲਿਖਿਆ ਸੀ ਰਣਜੀਤ ਸਿੰਘ ਸੰਧੂ, ਈ.ਟੀ.ਓ.
ਗ਼ਜ਼ਲ
- ਮੱਖਣ ਕੁਹਾੜ
ਰੱਥ ਸਿਕੰਦਰ ਦਾ ਜਿਉਂ ਰੋਕਿਆ, ਪੋਰਸ ਨਾਲ ਜਵਾਨੀ ਨੇ।
ਆਪ ਮੁਹਾਰਾ ਮੋਦੀ ਘੋੜਾ, ਘੇਰਿਐ ਇਉਂ ਕਿਰਸਾਨੀ ਨੇ।
ਫਨੀਅਰ ਨਾਗ, ਜੋ ਫੰਨ ਖਿਲਾਰੀ, ਮਾਰੇ ਖੇਤੀਂ ਫੁੰਕਾਰੇ,
ਉਸਨੂੰ ਖੁੱਡ ਵਿਚ ਘੇਰ ਲਿਆ, ਮੋਰਾਂ ਦੀ ਨਿਗਰਾਨੀ ਨੇ।
ਚਿੜੀਆਂ, ਘੁੱਗੀਆਂ ਨੋਚ-ਕੁਤਰ ਕੇ, ਪਾਇਆ ਚੋਗਾ ਸ਼ਿਕਰਿਆਂ ਨੂੰ,
ਕਿੱਡਾ ਵੱਡਾ ਪੁੰਨ ਹੈ ਕੀਤਾ, ਵੇਖੋ ਰਾਜੇ ਦਾਨੀ ਨੇ!
ਆਜ਼ਾਦੀ ਤੋਂ ਪਹਿਲਾਂ ਜਿਹੜੇ, ਛੋਟੇ-ਮੋਟੇ ਚੋਰ ਜਿਹੇ ਸਨ,
ਅੱਜ ਉਹ ਵੱਡੇ ਡਾਕੂ ਬਣਗੇ, ਸਾਡੇ ਦੇਸ਼ ਦੇ ਬਾਨੀ ਨੇ।
ਰੁੱਖਾਂ ਦਾ ਨਹੀਂ ਦੋਸ਼ ਐ ਦੋਸਤ, ਜੰਗਲ ਨੂੰ ਨਾ ਵੱਢੀ ਜਾਹ,
ਝੱਖੜ ਦੇ ਤਾਂ ਹੁੰਦੇ ਕੇਵਲ, ਘੋਰ ਚੁਮਾਸੇ ਬਾਨੀ ਨੇ।
ਉਸਨੇ ਤਾਂ ਸੀ ਚਾਦਰ ਪਾਈ, ਪਿੰਡ ਦੇ ਲੰਬੜਦਾਰ ਦੇ ਨਾਲ,
ਐਪਰ ਦੋਹਤੇ ਆਖੀ ਜਾਂਦੇ, ਖੂਹ ਲਗਵਾਇਆ ਨਾਨੀ ਨੇ।
ਪੰਛੀਆਂ ਲਈ ਫੁਰਮਾਨ ਹੈ ਕਿ ਉਹ, ਹਰਗਿਜ਼ ਬਹਿਣਾ ਨਾ ਰੁੱਖਾਂ ‘ਤੇ,
ਸਖਤ ਹੁਕਮ ਹੈ ਰੁੱਖਾਂ ਲਈ ਕਿ, ਟਾਹਣ ਫੈਲਾਉਣੇ ਹਾਨੀ ਨੇ।
ਢਾਹ ਸੁਟੀਏ ਹਰ ਹਾਲ ਉਹ ਪਰਬਤ, ਰੋਕੇ ਰਿਹੈ ਜੋ ਸਾਡੀ ਧੁੱਪ,
ਇਸਨੂੰ ਢਾਹੁਣੈ ਤੇਸੀਆਂ, ‘ਥੌੜ੍ਹਿਆਂ, ਆਖਰੀ ਸੱਟ ਵਦਾਨੀ ਨੇ।
ਜ਼ਬਰ ਜ਼ੁਲਮ ਦੀ ਹੱਦ ਹੁੰਦੀ ਹੈ, ਸਬਰ ਸਿਦਕ ਦੀ ਪਰ ਨਾ ਹੱਦ,
ਜ਼ਬਰ ਜ਼ੁਲਮ ਨੂੰ ਮੌੜਾ ਦਿੰਦੇ ਸਾਂਝੇ ਯੁੱਧ, ਕੁਰਬਾਨੀ ਨੇ।
ਜਿਸਨੂੰ ਮੈਂ ‘ਸਰਕਾਰ ਜੀ’ ਕਹਿ ਕੇ, ਦਿਲ ਦੇ ਤਖਤ ਬਿਠਾਇਆ ਸੀ,
ਪਲ ਪਲ ਮੈਨੂੰ ਧੋਖਾ ਦਿੱਤਾ, ਝੂਠਿਆਂ ਦੀ ਉਸ ਨਾਨੀ ਨੇ।
ਜ਼ਾਲਮ ਨੇ ਤਾਂ ਜ਼ੁਲਮ ਕਮਾਉਣੈ, ਔਰੰਗ, ਡਾਇਰ ਜਾਂ ਮੋਦੀ ਹੈ,
ਉਸਦੇ ਵਧਦੇ ਜ਼ੁਲਮ ਹੀ ਹੁੰਦੇ, ਉਸ ਦੀ ਹਾਰ ਨਿਸ਼ਾਨੀ ਨੇ।
ਗ਼ਜ਼ਲ
- ਹਰਦਿਆਲ ਸਾਗਰ
ਮੇਰਿਆਂ ਹੱਥਾਂ ਦੀ ਪਹਿਲੀ ਅਰਜ਼ ਹੈ ਔਜ਼ਾਰ ਦੇ!
ਐ ਵਤਨ ਜੇ ਇਹ ਨਹੀਂ ਮੁਮਕਿਨ ਤਾਂ ਫਿਰ ਹਥਿਆਰ ਦੇ!
ਹੱਥ ਵਿੱਚ ਜ਼ਾਲਮ ਦੇ ਹੈ ਜਾਂ ਹੱਥ ਵਿੱਚ ਮਜ਼ਲੂਮ ਦੇ,
ਅਰਥ ਵੱਖੋ ਵੱਖਰੇ ਹੁੰਦੇ ਫੜੀ ਤਲਵਾਰ ਦੇ!
ਤਖਤ ਨੂੰ ਹੀ ਹੈ ਪਿਆ ਝੁਕਣਾ ਜਾਂ ਮਿਲਣਾ ਖਾਕ ਵਿੱਚ,
ਜਦ ਕਦੀ ਵੀ ਇਹ ਖੇਤ ਹਨ ਤਖਤ ਨੂੰ ਵੰਗਾਰਦੇ!
ਕਿੱਲ ਗੱਡੇ ਹਨ ਜਿਨ੍ਹਾਂ ਰਾਹਾਂ ‘ਤੇ , ਤੂੰ ਐ ਹਾਕਮਾਂ,
ਦੇਖ, ਅੰਨਦਾਤੇ ਉਨ੍ਹਾਂ ਨੂੰ ਫੁੱਲ ਲਾ ਸ਼ਿੰਗਾਰਦੇ
ਤਖਤ ‘ਤੇ ਬਹਿ ਕੇ ਵੀ ਹਨ ਤੂੰ ਖੱਟੀਆਂ ਬਦਨਾਮੀਆਂ,
ਸੜਕ’ਤੇ ਬਹਿ ਕੇ ਵੀ ਉਹ ਕਾਬਿਲ ਹੋਏ ਸਤਿਕਾਰ ਦੇ!
ਬੱਸ ਰਤਾ ਵੀ ਪੈਰ ਚੁੱਕੇ ਜਿਸਨੇ ਆਪਣੇ, ਧਰਤ ਤੋਂ ,
ਮਰ ਗਿਆ ਉਹ ਹੇਠ ਆ ਕੇ ਆਪਣੇ ਹੀ ਭਾਰ ਦੇ!
ਇਹ ਮਹਾਂ-ਨਾਇਕ ਸਦੀ ਦੇ , ਰਤਨ ਮੇਰੇ ਮੁਲਕ ਦੇ,
ਕਿਸ ਮੁਥਾਜ਼ੀ ਨੂੰ ਕਰਿੰਦੇੇ ਬਣ ਗਏ ਬਾਜ਼ਾਰ ਦੇ!
ਧਨ-ਕੁਬੇਰਾਂ ਦੇ ਇਸਾਰੇ ‘ਤੇ ਹੈ ਨੱਚਦਾ ਰਾਤ ਦਿਨ,
ਇਹ ਨਹੀਂ ਰਹਿਬਰ ਦੇ, ਇਹ ਲੱਛਣ ਨੇ ਚੌਂਕੀਦਾਰ ਦੇ!
(ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਪਸੰਦੀਦਾ ਗ਼ਜ਼ਲ)
ਬ੍ਰਿਜ ਨਰਾਇਣ ਚਕਬਸਤ
(1882-1926)
ਉਨ੍ਹੇ ਯੇ ਫ਼ਿਕਰ ਹੈ ਹਰ ਦਮ ਨਈ ਤਰਜ਼-ਏ-ਜ਼ਫ਼ਾ ਕਿਆ ਹੈ।
ਹਮੇ ਯੇ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ।
ਗੁਨਾਹਗਾਰੋਂ ਮੇ ਸ਼ਾਮਿਲ ਹੈਂ, ਗੁਨਾਹੋਂ ਸੇ ਨਹੀਂ ਵਾਕਿਫ਼
ਸਜ਼ਾ ਕੋ ਜਾਨਤੇ ਹੈਂ ਹਮ, ਖ਼ੁਦਾ ਜਾਨੇ ਖ਼ਤਾ ਕਿਆ ਹੈ।
ਯੇ ਰੰਗੇ-ਬੇਕਸੀ ਰੰਗੇ-ਜਨੂੰ ਬਣ ਜਾਏਗੀ ਗ਼ਾਫ਼ਿਲ
ਸਮਝ ਲੇ *ਯਾਸ-ਓ-ਹਿਰਮਾ ਕੇ ਮਰਜ਼ ਕੀ ਇੰਤਹਾ ਕਿਆ ਹੈ।
ਨਯਾ ਬਿਸਮਿਲ ਹੂੰ ਮੈਂ ਵਾਕਿਫ਼ ਨਹੀਂ ਰਸਮੇ-ਸ਼ਹਾਦਤ ਸੇ
ਬਤਾ ਦੇ ਤੂ ਹੀ ਐ ਜ਼ਾਲਮ, ਤੜਪਨੇ ਕੀ ਅਦਾ ਕਿਆ ਹੈ।
ਚਮਕਤਾ ਹੈ ਸ਼ਹੀਦੋਂ ਕਾ ਲਹੂ ਪਰਦੇ ਮੇਂ ਕੁਦਰਤ ਕੇ
ਸ਼ਫ਼ਕ ਕਾ ਹੁਸਨ ਕਿਆ ਹੈ, ਸ਼ੋਖ਼ੀ-ਏ-ਰੰਗੇ-ਹਿਨਾ ਕਿਆ ਹੈ।
ਉਮੀਦੇਂ ਮਿਲ ਗਈਂ ਮਿੱਟੀ ਮੇ, ਦੌਰੇ-ਜ਼ਬਤੇ-ਆਖ਼ਿਰ ਹੈ
ਸਦਾਅ-ਏ-ਗ਼ੈਬ ਬਤਲਾ ਦੇ ਹਮੇ ਹੁਕਮ-ਏ-ਖ਼ੁਦਾ ਕਿਆ ਹੈ।
ਅਨੁਵਾਦਕ : ਜਸਪਾਲ ਘਈ
*ਯਾਸ-ਓ-ਹਿਰਮਾ = ਨਾਉਮੀਦੀ ਤੇ ਮਾਯੂਸੀ
ਕਵਿਤਾ
ਪਰਲੋ
ਕੁਝ ਦਿਨਾਂ ਤੋਂ ਲੱਛਮੀ ਨੂੰ
ਡਰਾਉਣੇ ਸੁਪਨੇ ਅਉਂਦੇ ਨੇ
ਸੁਪਨਿਆਂ ਵਿਚ ਕੁੱਤੇ
ਬੰਦਿਆਂ ਦੀ ਬੋਲੀ ਬੋਲਦੇ ਨੇ
ਤੇ ਘੁੱਗੀਆਂ ਦੇ ਮਾਸ ਲਈ ਲੜਦੇ ਨੇ
ਕੁਝ ਦਿਨਾਂ ਤੋਂ ਨਗਰ
ਚੈਨ ਦੀ ਨੀਂਦ ਨਹੀਂ ਸੌਂਦਾ
ਰੋਜ ਕੰਜਕਾਂ ਦੇ ਲਹੂ ਨਾਲ
ਲਥ-ਪਥ ਹੁੰਦੀਆਂ ਨੇ ਅਖਬਾਰਾਂ
ਖਬਰਾਂ ਸੁਣ-ਸੁਣ ਡਰੀ ਹੋਈ ਲੱਛਮੀ
ਨਹੀਂ ਭੇਜਦੀ ਕਈ ਦਿਨਾਂ ਤੋਂ
ਆਪਣੀ ਅੱਲ੍ਹੜ ਧੀ ਨੂੰ ਸਕੂਲੇ
ਸੋਚਦੀ ਹੈ
ਚੰਗਾ ਸੀ ਜੇ ਉਹਨਾਂ ਦੇ ਘਰ ਧੀ ਨਾ ਹੁੰਦੀ
ਆਥਣ ਸਵੇਰ
ਤਾਕੀਦ ਕਰਦੀ ਹੈ ਧੀ ਦੇ ਬਾਪ ਨੂੰ
ਕੋਈ ਸਰਦਾ-ਪੁਜਦਾ ਘਰ-ਬਾਰ ਵੇਖ ਕੇ
ਸਿਰੋਂ ਭਾਰ ਲਾਹ ਦੇਵੇ
ਕਿ ਆਖਰ ਕਦ ਤੀਕ ਬੈਠਾ ਰਹੇ
ਕੋਈ ਬਗਾਨੇ ਧਨ ਦੀ ਰਾਖੀ
ਕਿ ਭੱਠੀ ਵਿਚ ਪੈਣ ਪੜ੍ਹਾਈਆਂ
ਤੇ ਖਸਮਾਂ ਨੂੰ ਖਾਣ ਸਰਕਾਰਾਂ ਦੇ ਕਨੂੰਨ…
ਕਿ ਜੇ ਇਹਨਾਂ ਕੋਲ
ਖੁਲ੍ਹੇ ਫਿਰਦੇ ਦਰਿੰਦਿਆਂ ਦੇ ਗਲ ਵਿਚ ਪਾਉਣ ਲਈ
ਗਿੱਠ ਰੱਸੀ ਵੀ ਨਹੀਂ…
ਤਾਂ ਧੀਆਂ ਨੇ ਕੀ ਲੈਣਾ
ਇਸ ਕਾਲੇ ਬੋਲੇ ਹਨ੍ਹੇਰ ਵਿਚ ਆ ਕੇ
ਧੀਆਂ ਮੁੜ ਜਾਣ
ਦੁਨੀਆਂ ਦੇ ਦਰਵਾਜੇ ‘ਤੇ ਲਹੂ ਥੁੱਕ ਕੇ
ਤੇ ਕਦੇ ਨਾ ਦੇਖਣ
ਆਦਮ ਦੀ ਨਸਲ ਦਾ ਕੀ ਹਸ਼ਰ ਹੋਇਆ….
ਕਦੇ ਨਾ ਦੇਖਣ
ਦੁਨੀਆਂ ‘ਤੇ ਪਰਲੋ ਕਿਵੇਂ ਆਈ…!!!