ਡਾ. ਕਰਮਜੀਤ ਸਿੰਘ
ਡਾ. ਸੇਵਾ ਸਿੰਘ ਨੇ ਆਪਣੀ ਪੁਸਤਕ ”ਭਗਤੀ ਅਤੇ ਸ਼ੂਦਰ” ਵਿਚ ਛੇਵੀਂ ਸਦੀ ਤਕ ਭਾਰਤ ਦੇ ਸ਼ੂਦਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਅਨੁਸਾਰ ਪੁਰਾਤਨ ਕਾਲ ਦੀ ਭਗਤੀ ਦੀ ਧਾਰਣਾ ਸ਼ੂਦਰਾਂ ਨੂੰ ਕਾਬੂ ਵਿਚ ਰੱਖਣ ਦਾ ਇਕ ਸਾਧਨ ਮਾਤਰ ਸੀ, ਵਿਸ਼ੇਸ਼ ਤੌਰ ‘ਤੇ ਪੌਰਾਣਿਕ ਕਾਲ ਨੇ ਇਸ ਵਿਚ ਪੂਰਾ ਯੋਗਦਾਨ ਦਿੱਤਾ। ਆਪਣੇ ਕੱਢੇ ਨਤੀਜਿਆਂ ਵਿਚ ਡਾ. ਸੇਵਾ ਸਿੰਘ ਲਿਖਦੇ ਹਨ, ”ਧਿਆਨ ਦੇਣ ਦੀ ਗੱਲ ਹੈ ਕਿ ਭਾਰਤ ਦੇ ਕਿਸਾਨ, ਕਿਰਤੀ, ਸ਼ਿਲਪੀ, ਸੇਵਾ-ਕਰਮੀ ਅੱਗੇ ਜਾ ਕੇ ਈਸਵੀ ਸੰਨ ਦੀ ਛੇਵੀਂ ਸ਼ਤਾਬਦੀ ਤੋਂ ਬਾਅਦ ਅਛੂਤ, ਅਸੁਰ ਅਤੇ ਜਨਜਾਤੀਆਂ ਦੇ ਲੋਕ ਸਨ ਜਿਨ੍ਹਾਂ ਨੂੰ ਵਰਣ ਵੰਡ ਮੂਲਕ ਸਮਾਜ ਦੀ ਏਕਾਤਮਕਤਾ ਦੇ ਤਹਿਤ ਬ੍ਰਾਹਮਣਕ ਪਰੰਪਰਾ ਦੇ ਗ੍ਰੰਥਾਂ ਨੇ ਸ਼ੂਦਰ ਕਹਿ ਕੇ ਤ੍ਰਿਸਕਾਰਿਤ ਕੀਤਾ। ਇਸ ਸੰਦਰਭ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੌਰੀਆ ਕਾਲ ਤਕ ਜਨਜਾਤੀਆਂ ਅਤੇ ਅਸੁਰਾਂ ਵਿਚ ਵਰਣ-ਧਰਮੀ ਵਿਵਸਥਾ ਦੇ ਦਬਾਅ ਦੇ ਬਾਵਜੂਦ, ਆਪਣੇ ਮਾਨਵੀ ਗੌਰਵ ਅਤੇ ਵਿਚਾਰਧਾਰਾ ਨੂੰ ਬਣਾਈ ਰੱਖਣ ਦਾ ਯਤਨ ਕਾਇਮ ਰਿਹਾ ਹੈ।” (ਡਾ. ਸੇਵਾ ਸਿੰਘ, ਭਗਤੀ ਅਤੇ ਸ਼ੂਦਰ, ਅਨੁ. ਹਰਵਿੰਦਰ ਭੰਡਾਲ, 5 ਆਬ ਪ੍ਰਕਾਸ਼ਨ, ਜਲੰਧਰ, 2009, ਪੰਨਾ-207)
ਇਸੇ ‘ਮਾਨਵੀ ਗੌਰਵ ਅਤੇ ਵਿਚਾਰਧਾਰਾ’ ਨੂੰ ਭਗਤੀ ਅੰਦੋਲਨ ਨੇ ਅਗਾਂਹ ਤੋਰਿਆ। ਭਗਤੀ ਕਾਲ ਸ਼ੰਕਰਾਚਾਰੀਆ ਤੋਂ ਬਾਅਦ ਵਿਚ ਸ਼ੁਰੂ ਹੁੰਦਾ ਹੈ, ਜਿਸ ਸਮੇਂ ਸੁਲਤਾਨਾਂ ਦਾ ਰਾਜ ਰਿਹਾ, ਲੋਧੀ, ਤੁਗ਼ਲਕ ਤੇ ਖ਼ਿਲਜੀ ਖ਼ਾਨਦਾਨਾਂ ਤੋਂ ਇਲਾਵਾ ਮੁਗ਼ਲਾਂ ਦਾ ਰਾਜ ਰਹਿੰਦਾ ਹੈ। ਮੁਸਲਿਮ ਧਰਮ, ਸਿਧਾਂਤਕ ਤੌਰ ‘ਤੇ ਜਾਤ-ਪਾਤ ਵਿਚ ਵਿਸ਼ਵਾਸ਼ ਨਹੀਂ ਰੱਖਦਾ ਇਸ ਲਈ ਭਾਰਤ ਦਾ ਸ਼ੂਦਰ, ਜੋ ਹਜ਼ਾਰਾਂ ਸਾਲਾਂ ਤੋਂ ਮਨੂੰਵਾਦ ਦਾ ਸਤਾਇਆ ਹੋਇਆ ਸੀ, ਮੁਸਲਿਮ ਧਰਮ ਵਿਚ ਸ਼ਾਮਲ ਹੋ ਗਿਆ। ਮੁਸਲਿਮ ਧਰਮ ਵਿਚ ਸ਼ਾਮਲ ਹੋ ਕੇ ਇਹ ਲੋਕ ਓਨੇ ਉਗ੍ਰ ਨਾ ਰਹੇ, ਪਰ ਇਸ ਸਮੇਂ ਪੈਦਾ ਹੋਈ ਭਗਤੀ ਲਹਿਰ ਦੇ ਤੇਵਰ ਬੜੇ ਤਿੱਖੇ ਸਨ। ਡਾ. ਮੋਹਣ ਸਿੰਘ ਦੀਵਾਨਾ ਨੇ ਲਿਖਿਆ ਹੈ ਕਿ ”…ਭਗਤੀ ਲਹਿਰ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਇਸ ਨਾਲ ਭਗਤੀ ਦੀ ਵਾਗਡੋਰ, ਪੰਡਾ-ਪੁਰੋਹਿਤਵਾਦ ਹੱਥੋਂ ਨਿਕਲ ਕੇ ਆਮ ਜਨਤਾ ਅਤੇ ਇਸ ਵਿਚੋਂ ਪੈਦਾ ਹੋਣ ਵਾਲੇੋ ਹਰ ਸੂਬੇ ਤੇ ਹਰ ਜਾਤ ਦੇ ਸੰਤਾਂ-ਭਗਤਾਂ ਹੱਥ ਆ ਗਈ ਅਤੇ ਨੀਚ ਜਾਤਾਂ (ਤਥਾ ਕਥਿਤ) ਦੇ ਬੰਦਿਆਂ ਅਤੇ ਇਸਤਰੀ ਜਾਤੀ ਨੂੰ ਵੀ ਭਗਤੀ ਦਾ ਪੂਰਾ-ਪੂਰਾ ਅਧਿਕਾਰ ਪਹਿਲੀ ਵਾਰ ਇਥੇ ਹੀ ਮਿਲਿਆ ਸੀ।” (ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, 2006, ਪੰਨਾ-65)
ਪ੍ਰੋ. ਇਰਫਾਨ ਹਬੀਬ ਨੇ ਆਪਣੇ ਪਰਚੇ ”ਭਾਰਤ ਦੇ ਇਤਿਹਾਸ ਵਿਚ ਜਾਤ-ਪਾਤ” ਵਿਚ ਬੜਾ ਗਹਿਨ ਅਧਿਐਨ ਕੀਤਾ ਹੈ। ਉਹ ਵੀ ਭਗਤੀ ਲਹਿਰ ਦੇ ਤਿੱਖੇ ਤੇਵਰਾਂ ਨੂੰ ਰੇਖਾਂਕਿਤ ਕਰਦੇ ਹਨ, ”ਇਹ ਹੋ ਸਕਦਾ ਹੈ ਕਿ ਇਸਲਾਮ ਦੇ ਇਕ ਈਸ਼ਵਰ ਵਿਚ ਵਿਸ਼ਵਾਸ਼ ‘ਤੇ ਮੁਸਲਿਮ ਸਮਾਜ ਵਿਚ ਕਾਨੂੰਨੀ ਤੌਰ ‘ਤੇ ਬਰਾਬਰੀ ਦਾ ਇਨ੍ਹਾਂ ਇਕ ਈਸ਼ਵਰਵਾਦੀ ਲਹਿਰਾਂ ‘ਤੇ ਕਾਫ਼ੀ ਪ੍ਰਭਾਵ ਪਿਆ ਸੀ। ਪਰ ਇਨ੍ਹਾਂ ਵਿਚ ਬਰਾਬਰੀ ‘ਤੇ ਜ਼ੋਰ ਅਤੇ ਜਾਤ ਪ੍ਰਥਾ ਤੇ ਕਰਮਕਾਂਡਾਂ ਦੀ ਨਿਖੇਧੀ ਦਾ ਪੱਧਰ ਕਿਸੇ ਵੀ ਸਮਕਾਲੀ ਇਸਲਾਮਕ ਉਪਦੇਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਤਿੱਖਾ ਸੀ। ਇਸਦੇ ਪ੍ਰਚਾਰਕਾਂ ਵਿਚੋਂ ਬਹੁਤੇ ਅਖੌਤੀ ਨੀਵੀਆਂ ਜਾਤੀਆਂ ਨਾਲ ਸੰਬੰਧ ਰੱਖਦੇ ਸਨ। ਕਬੀਰ ਜੁਲਾਹੇ ਸਨ, ਰਵਿਦਾਸ ਚਮਾਰ ਸਨ, ਸੈਣ ਨਾਈ ਸਨ, ਦਾਦੂ ਤੇਲੀ ਸਨ, ਧੰਨਾ ਜੱਟ ਸਨ।” (ਭਾਰਤ ਦੇ ਇਤਿਹਾਸ ਵਿਚ ਜਾਤ-ਪਾਤ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ, 2015, ਪੰਨਾ-15) ਇਨ੍ਹਾਂ ਉਪਰੋਕਤ ਤੋਂ ਇਲਾਵਾ ਇਸ ਲਹਿਰ ਵਿਚ ਰਾਮਾ ਨੰਦ, ਤ੍ਰਿਲੋਚਨ, ਜੈਦੇਵ, ਚੇਤੰਨ ਮਹਾਪ੍ਰਭੂ, ਸੂਰਦਾਸ, ਮੀਰਾਂ ਬਾਈ ਆਦਿ ਸ਼ਾਮਲ ਸਨ। 1604 ਈ. ਵਿਚ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਬੀਰ ਅਤੇ ਨਾਮਦੇਵ ਤੋਂ ਬਾਅਦ ਗੁਰੂ ਰਵਿਦਾਸ ਦੇ ਪੰਦਰਾਂ ਰਾਗਾਂ ਵਿਚ 39 ਸ਼ਬਦ ਅਤੇ ਇਕ ਸ਼ਲੋਕ ਹੈ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਭਗਤਾਂ ਦੀ ਬਾਣੀ ਇੱਕਤਰ ਕਰਦਿਆਂ ਨਿਰਗੁਣਵਾਦੀ ਵਿਚਾਰਧਾਰਾ ਦੀ ਸਾਂਝ ਨੂੰ ਪ੍ਰਮੁੱਖਤਾ ਦਿੱਤੀ। ਡਾ. ਰੌਣਕੀ ਰਾਮ ਨੇ ਗੁਰੂ ਰਵਿਦਾਸ ਬਾਣੀ ਦੀ ਵਿਚਾਰਧਾਰਾ ਨੂੰ ਇਨ੍ਹਾਂ ਸ਼ਬਦਾਂ ਵਿਚ ਸੂਤ੍ਰਬੱਧ ਕਰ ਦਿੱਤਾ ਹੈ, ”ਗੁਰੂ ਰਵਿਦਾਸ ਜੀ ਨੇ ਉਸ ਪ੍ਰਭੂ ਨੂੰ ਪ੍ਰਾਪਤ ਕਰਨ ਲਈ ਅਖੌਤੀ ਬ੍ਰਾਹਮਣੀ ਮੰਤਰਾਂ, ਤੀਰਥਾਂ, ਯੱਗਾਂ, ਦਾਨ-ਪੁੰਨਾਂ, ਵੇਦ-ਪੁਰਾਣਾਂ ਅਤੇ ਹਿੰਦੂ ਧਰਮ ਗ੍ਰੰਥਾਂ ਆਦਿ ਦਾ ਪੂਰਨ ਤੌਰ ‘ਤੇ ਖੰਡਨ ਕੀਤਾ ਹੈ ਅਤੇ ਸਿਰਫ਼ ਇਕ ਪ੍ਰਭੂ ਦਾ ਨਾਮ ਸਿਖਾਇਆ ਹੈ। ਜਿਸ ਦੁਆਰਾ ਆਤਮਾ ਬੇਪ੍ਰਵਾਹ ਹੋ ਜਾਂਦੀ ਹੈ ਅਤੇ ਕਿਸੇ ਤਰ੍ਹਾਂ ਦੀ ਗ਼ੁਲਾਮੀ ਉਸ ‘ਤੇ ਆਪਣਾ ਵਾਸਾ ਨਹੀਂ ਕਰ ਸਕਦੀ।” (ਦਲਿਤ ਪਛਾਣ, ਮੁਕਤੀ ਅਤੇ ਸ਼ਕਤੀਕਰਨ, ਪ. ਬਿ. ਪੰ. ਯੂ., ਪਟਿਆਲਾ, 2012, ਪੰਨਾ-107)
ਭਗਤ ਸਾਰੇ ਹੀ ਕਿਰਤੀ ਲੋਕ ਸਨ ਇਸੇ ਲਈ ਇਨ੍ਹਾਂ ਦੀ ਬਾਣੀ ਵਿਚ ਕਿਰਤ ਦਾ ਸਨਮਾਨ ਸਭ ਤੋਂ ਪਹਿਲਾਂ ਹੈ। ਬ੍ਰਾਹਮਣੀ ਗ੍ਰੰਥਾਂ ਵਿਚ ਜਿਥੇ ਹਲ ਵਾਹੁਣ ਤੋਂ ਇਸ ਲਈ ਇਨਕਾਰ ਕੀਤਾ ਗਿਆ ਹੈ ਕਿ ਇਸਦੇ ਲੋਹੇ ਦੇ ਫਾਲ਼ ਨਾਲ ਹਿੰਸਾ ਹੁੰਦੀ ਹੈ ਓਥੇ ਭਗਤੀ ਅੰਦੋਲਨ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਸੰਦੇਸ਼ ਕੇਂਦਰ ਵਿਚ ਰੱਖਦਾ ਹੈ। ਭਗਤ ਆਪ ਆਪਣਾ ਕਿੱਤਾ ਕਰਦੇ ਹੋਏ ਸਮਾਜ ਸੁਧਾਰ ਦਾ ਕੰਮ ਵੀ ਕਰਦੇ ਹਨ। ਇਥੇ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਹੁਣ ਤਕ ਦਵਿਜ ਜਾਤੀਆਂ ਦੀ ਜੂਠ ‘ਤੇ ਗੁਜ਼ਾਰਾ ਕਰਨਾ ਪੈਂਦਾ ਸੀ ਹੁਣ ਉਹ ਆਪਣੀਆਂ ਮੁਢਲੀਆਂ ਲੋੜਾਂ ਤੋਂ ਸੁਚੇਤ ਹੋ ਰਹੇ ਹਨ। ਇਸ ਦ੍ਰਿਸ਼ਟੀ ਤੋਂ ਭਗਤ ਕਬੀਰ ਅਤੇ ਧੰਨਾ ਦੇ ਸ਼ਬਦ ਵਿਚਾਰਨੇ ਜ਼ਰੂਰੀ ਹਨ ਜਿਨ੍ਹਾਂ ਵਿਚ ਭਜਨ ਨਾਲੋਂ ਪਹਿਲਾਂ ਭੁੱਖ ਦਾ ਨਿਵਾਰਣ ਕਰਨਾ ਜ਼ਰੂਰੀ ਮੰਨਿਆ ਗਿਆ ਹੈ ਅਤੇ ਮੁਢਲੀਆਂ ਲੋੜਾਂ ਦੀ ਜ਼ਰੂਰਤ ਉੱਪਰ ਬਲ ਦਿੱਤਾ ਗਿਆ ਹੈ। ਜਿਵੇਂ : -ਭੂਖੇ ਭਗਤਿ ਨ ਕੀਜੈ। ਯਹ ਮਾਲਾ ਅਪਨੀ ਲੀਜੈ।
ਦੁਇ ਸੇਰ ਮਾਗਉ ਚੂਨਾ, ਪਾਉ ਘੀਉ ਸੰਗ ਲੂਨਾ।
ਅਧ ਸੇਰ ਮਾਂਗਉ ਦਾਲੇ, ਮੋਕਉ ਦੋਨਉ ਵਖਤ ਜਿਵਾਲੇ।
ਖਾਟ ਮਾਂਗਉ ਚਉਪਾਈ, ਸਿਰਹਾਨਾ ਅਵਰ ਤੁਲਾਈ।
ਉਪਰ ਕਉ ਮਾਂਗਉ ਖੀਂਧਾ, ਤੇਰੀ ਭਗਤ ਕਰੇ ਜਨ ਥੀਂਦਾ। (ਸੋਰਠਿ ਕਬੀਰ)
(ਚੂਨਾ-ਆਟਾ, ਖੀਂਧਾ-ਰਜਾਈ, ਥੀਂਦਾ-ਪਰੇਮ ਵਿਚ ਰਸਿਆ ਹੋਇਆ)
ਗੋਪਾਲ ਤੇਰਾ ਆਰਤਾ।
ਜੋ ਜਨ ਤੁਮਰੀ ਸੇਵ ਕਰੰਤੇ, ਤਿਨ ਕੇ ਕਾਜ ਸਵਾਰਤਾ। ਰਹਾਉ।
ਦਾਲ ਸੀਧਾ ਮਾਂਗਉ ਘੀਉ, ਹਮਰਾ ਖੁਸ਼ੀ ਕਰੇ ਨਿਤ ਜੀਉ।
ਪਨੀਆ ਛਾਦਨ ਨੀਕਾ। ਅਨਾਜ ਮਾਂਗਉ ਸਤ ਸੀਕਾ।
ਗਊ ਭੈਸ ਮਾਂਗਉ ਲਾਵੇਰੀ, ਇਕ ਤਾਜਨਿ ਤੁਰੀ ਚੰਗੇਰੀ।
ਘਰਿ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ।
(ਸੀਧਾ-ਆਟਾ,ਪਨੀਆ-ਜੁੱਤੀ, ਛਾਦਨ-ਕਪੜਾ, ਗੀਹਨ-ਗ੍ਰਹਿਣੀ, ਔਰਤ)
ਇਥੇ ਦੋ ਨੁਕਤੇ ਸਪੱਸ਼ਟ ਹਨ, ਪਹਿਲਾ ਕਿ ਭਗਤ ਪਦਾਰਥਵਾਦੀ ਸਨ, ਜਿਨ੍ਹਾਂ ਨੂੰ ਇਹ ਸਮਝ ਹੈ ਕਿ ਪਹਿਲਾਂ ਸਰੀਰਕ ਲੋੜਾਂ ਜ਼ਰੁਰੀ ਹਨ, ਬਾਅਦ ਵਿਚ ਬਾਕੀ ਅਧਿਆਤਮਕ ਕੰਮ। ਦੂਜਾ ਨੁਕਤਾ ਇਹ ਹੈ ਕਿ ਉਨ੍ਹਾਂ ਲਈ ਔਰਤ ਬਾਘਣ ਨਹੀਂ, ਗ੍ਰਹਿਣੀ ਹੈ ਜੋ ਬਰਾਬਰ ਦਾ ਕੰਮ ਕਰਦੀ ਹੈ ਤੇ ਵੰਸ਼ ਅੱਗੇ ਵਧਾਉਂਦੀ ਹੈ।
ਭਾਵੇਂ ਇਹ ਭਗਤ ਵੀ ਸਮੁੱਚੀ ਕਿਰਤੀ ਸ਼੍ਰੇਣੀ ਦੇ ਪ੍ਰਤੀਨਿਧ ਵਜੋਂ ਹੀ ਘਰ ਦੀਆਂ ਲੋੜਾਂ ਦੀ ਪੂਰਤੀ ਮੰਗਦੇ ਹਨ ਪਰ ਗੁਰੂ ਰਵਿਦਾਸ ਇਨ੍ਹਾਂ ਲੋੜਾਂ ਨੂੰ ਸਮੁੱਚੇ ਸਮਾਜ ਨਾਲ ਜੋੜ ਦਿੰਦੇ ਹਨ ਤੇ ਲੋੜਾਂ ਤੋਂ ਅਗਾਂਹ ਅਜਿਹਾ ਸਮਾਜਿਕ ਪ੍ਰਬੰਧ ਚਾਹੁੰਦੇ ਹਨ ਜਿਸ ਵਿਚ ਕੋਈ ਗ਼ਮ ਨਾ ਹੋਵੇ, ਜਿਸਨੂੰ ਉਨ੍ਹਾਂ ਨੇ ਬੇਗ਼ਮਪੁਰਾ ਦਾ ਨਾਂ ਦਿੱਤਾ ਹੈ।
ਐਸਾ ਚਾਹੋਂ ਰਾਜ ਮੈ ਜਹਾਂ ਮਿਲੈ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਬਸੈ, ਰਵਿਦਾਸ ਰਹੈ ਪ੍ਰਸੰਨ।
ਬੇਗ਼ਮਪੁਰਾ ਸਹਿਰ ਕੋ ਨਾਉ, ਦੂਖੁ ਅੰਦੋਹ ਨਹੀਂ ਤਿਹਿ ਠਾਉ।
ਨਾ ਤਸਵੀਸ ਖ਼ਿਰਾਜ ਨ ਮਾਲ। ਖਉਫ਼ ਨ ਖ਼ਤਾ ਨ ਤਰਸ ਜਵਾਲ।
ਅਬਿ ਮੋਹਿ ਖ਼ੂਬ ਵਤਨ ਗਹ ਪਾਈ।
ਊਹਾਂ ਖ਼ੈਰ ਸਦਾ ਮੇਰੀ ਭਾਈ। ਰਹਾਓ।
ਕਾਇਮ ਦਾਇਮ ਸਦਾ ਪਾਤਸਾਹੀ।
ਦੋਮ ਨਾ ਸੇਮ ਏਕ ਸੋ ਆਹੀ।
ਆਬਾਦਾਨ ਸਦਾ ਮਸਹੂਰ। ਊਹਾ ਗਨੀ ਬਸਹਿ ਮਾਮੂਰ।
ਤਿਉ ਤਿਉ ਸੈਲ ਕਰਹਿ, ਜਿਉ ਭਾਵੈ।
ਮਹਰਮ ਮਹਲ ਨ ਕੋ ਅਟਕਾਵੈ
ਕਹਿ ਰਵਿਦਾਸ ਖਾਲਸ ਚਮਾਰਾ।
ਜੋਹਮ ਸਹਰੀ ਸੁਮੀਤ ਹਮਾਰਾ। (ਗਾਉੜੀ)
(ਅੰਦੋਹ-ਚਿੰਤਾ, ਤਸਵੀਸ-ਘਬਰਾਹਟ, ਖ਼ਿਰਾਜ-ਟੈਕਸ, ਜਵਾਲ-ਘਾਟਾ, ਕਾਇਮ-ਦਾਇਮ, ਸਦਾ-ਸਥਿਰ, ਦੋਮ ਸੇਮ-ਦੂਜੇ ਤੀਜੇ ਦਰਜੇ ਦਾ, ਆਬਾਦਾਨ-ਆਬਾਦ, ਗਨੀ-ਧਨੀ, ਮਾਮੂਰ-ਰੱਜੇ ਹੋਏ, ਮਹਰਮ ਮਹਿਲ-ਮਹਿਲ ਦੇ ਵਾਕਿਫ਼)
ਇਸ ਵਿਚਾਰ ਉੱਪਰ ਜ਼ੋਰ ਦੇਣਾ ਬਣਦਾ ਹੈ ਕਿ ਮਨੂੰ ਸਿਮ੍ਰਤੀ ਵਾਲੇ ਚੌਥੇ, ਪੰਜਵੇਂ ਦਰਜੇ (ਦੋਮ ਸੇਮ) ਦੀ ਥਾਂ ਗੁਰੂ ਰਵਿਦਾਸ ਬਰਾਬਰੀ ਵਾਲੇ ਸਮਾਜ ਦੀ ਮੰਗ ਕਰਦੇ ਹਨ। ਉਸ ਰਾਜ ਵਿਚ ਕੋਈ ਤੁਰਨ-ਫਿਰਨ ਦੀ ਰੋਕ-ਟੋਕ ਨਾ ਹੋਵੇ ਭਾਵ ਮਨੂੰਵਾਦੀ ਬੰਦਿਸ਼ਾਂ ਨਾ ਹੋਣ। ਇਸ ਦੇ ਨਾਲ ਉਸ ਰਾਜ ਵਿਚ ਹਰੇਕ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋਣ (ਮਿਲੈ ਸਭਨ ਕੋ ਅੰਨ) ਅਜਿਹੇ ਰਾਜ ਦੀ ਕਲਪਨਾ ਉਹ ਲੋਕ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਇੱਜ਼ਤ ਨਾਲ ਜਿਊਣ ਦਾ ਅਧਿਕਾਰ ਤਕ ਨਹੀਂ ਸੀ। ਇਥੇ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਬਾਣੀ ਨੂੰ ਵੀ ਆਪਣਾ ਅਧਾਰ ਬਣਾਇਆ ਹੈ।
ਇਸੇ ਦਾ ਵਿਸਤਾਰ ਜਾਤੀ ਪ੍ਰਬੰਧ ਦਾ ਵਿਰੋਧ ਹੈ। ਭਗਤ ਕਬੀਰ ਅਜਿਹਾ ਤਿੱਖਾ ਸਵਾਲ ਕਰ ਗਏ ਕਿ ਅੱਜ ਤਕ ਕੋਈ ਬ੍ਰਾਹਮਣ ਉਸਦਾ ਸਾਹਮਣਾ ਨਹੀਂ ਕਰ ਸਕਿਆ-
ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ।
ਤਉ ਆਨ ਬਾਟ ਕਾਹੇ ਨਹੀਂ ਆਇਆ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ।
ਹਮ ਕਤ ਲੋਹੂ ਤੁਮ ਕਤ ਦੂਧ। (ਗਉੜੀ, ਕਬੀਰ ਜੀ)
ਇਸੇ ਵਿਚਾਰ ਦੀ ਪ੍ਰੌੜ੍ਹਤਾ ਗੁਰੂ ਰਵਿਦਾਸ ਕਰਦੇ ਹਨ, ਤਰਕ ਹੈ ਕਿ ਜੇ ਸਭਨਾਂ ਵਿਚ ਰਾਮ ਮੌਜੂਦ ਹੈ ਤਾਂ ਛੋਟਾ ਵੱਡਾ ਕੋਈ ਕਿਵੇਂ ਹੋ ਸਕਦਾ ਹੈ? ਉਨ੍ਹਾਂ ਤਾਂ ਜਾਤ-ਪਾਤ ਨੂੰ ਇਕ ਰੋਗ ਮੰਨਿਆ ਹੈ। ਜਿਥੇ ਮਨੂੰਵਾਦੀ ਜਨਮ ਤੋਂ ਜਾਤਿ ਮੰਨਦੇ ਹਨ, ਓਥੇ ਭਗਤੀ ਅੰਦੋਲਨ ‘ਕਰਮ’ ਤੋਂ ਜਾਤ ਨਿਰਧਾਰਿਤ ਕਰਦਾ ਹੈ। ਉਦਾਹਰਣਾਂ ਸਾਹਮਣੇ ਹਨ-
ਰਵਿਦਾਸ ਉਪਜਈ ਸਭ ਏਕ ਬੂੰਦ ਤੇ,
ਕਿਆ ਬ੍ਰਾਹਮਣ ਕਿਆ ਸੂਦ।
ਮੂਰਖ ਜਨ ਨਾ ਜਾਨ ਈ, ਸਭ ਮੈ ਰਾਮ ਮਜੂਦ।
ਜਾਤਿ ਪਾਤਿ ਕੇ ਫੇਰ ਮਹਿ, ਉਰਝਿ ਰਹਈ ਸਭ ਲੋਗ।
ਮਾਨੁਸ਼ਤਾ ਕੂੰ ਖਾਤ ਹਈ, ਰਵਿਦਾਸ ਜਾਤ ਕਾ ਰੋਗ।
ਰਵਿਦਾਸ ਜਨਮ ਕੇ ਕਾਰਨੈ, ਹੋਤ ਨ ਕੋਊ ਨੀਚ।
ਨ ਕੂੰ ਨੀਚ ਕਰ ਡਾਰਿ ਹੈ, ਓਛੇ ਕਰਮ ਜੋ ਕੀਤ।
ਬ੍ਰਹਮਨ ਬੈਸ ਸੂਦ ਅਰ ਖਤ੍ਰੀ,
ਡੋਮ ਚੰਡਾਰ ਮਲੇਛ ਮਨ ਸੋਇ।
ਹੋਇ ਪੁਨੀਤ ਭਗਵੰਤ ਭਜਨ ਤੇ,
ਆਪੁ ਤਾਰਿ ਤਾਰੇ ਕੁਲ ਦੋਇ। (ਬਿਲਾਵਲ ਭਗਤ ਰਵਿਦਾਸ ਜੀ)
ਜਿਸ ਭਗਵੰਤ ਭਜਨ ਤੋਂ ਪਵਿੱਤਰ ਹੋਣਾ ਮੰਨਿਆ ਗਿਆ ਹੈ, ਇਸ ਭਜਨ ਨੂੰ ਪਾਉਣ ਲਈ ਵੀ ਹਜ਼ਾਰਾਂ ਸਾਲ ਲੱਗੇ ਹਨ। ਮਨੂੰਵਾਦ ਅਨੁਸਾਰ ਸ਼ੂਦਰ ਲਈ ਰਾਮ ਨਾਮ ਗਾਉਣ ਦੇ ਅਧਿਕਾਰ, ਸੰਸਕ੍ਰਿਤ ਪੜ੍ਹਨੀ, ਰਾਮ ਦਾ ਨਾਮ ਲੈਣਾ, ਅਪਰਾਧ ਗਿਣਿਆ ਗਿਆ ਹੈ। ਰਾਮ ਦੇ ਰਾਜ ਵਿਚ ਕਿਸੇ ਦੇ ਮੌਤ ਦਾ ਕਾਰਣ ਪੰਡਿਤਾਂ ਵੱਲੋਂ, ਸ਼ੂਦਰਾਂ ਦੀ ਪ੍ਰਭੂ-ਅਰਾਧਨਾ ਮੰਨਿਆ ਗਿਆ। ਇਸ ਅਪਰਾਧ ਲਈ ਸ਼ੰਬੂਕ ਦਾ ਸਿਰ ਲਾਹ ਦਿੱਤਾ ਗਿਆ। ਭਗਤੀ ਲਹਿਰ ਵਿਸ਼ਣੂ ਦੀ ਅਰਾਧਨਾ ਵੀ ਕਰਦੀ ਹੈ, ਰਾਮ ਤੇ ਕ੍ਰਿਸ਼ਨ ਦੀ ਵੀ। ਸਗੁਣ ਭਗਤੀ ਇਨ੍ਹਾਂ ਅਵਤਾਰਾਂ ਨੂੰ ਸਾਖਿਆਤ ਮੰਨਦੀ ਹੈ, ਪਰ ਨਿਰਗੁਣ ਭਗਤੀ ਇਨ੍ਹਾਂ ਅਵਤਾਰਾਂ ਨੂੰ ਕਾਲ ਅਤੀਤ ਮੰਨ ਕੇ ਰਾਮ ਆਦਿ ਨੂੰ ਸਰਵ ਵਿਆਪਕ ਮੰਨਦੀ ਹੈ। ਇਸੇ ਲਈ ਭਗਤ ਇਕ ਪਾਸੇ ਠੋਕ ਵਜਾ ਕੇ ਆਪਣੀ ਜਾਤ ਦਾ ਪ੍ਰਗਟਾਵਾ ਕਰਦੇ ਹਨ ਤੇ ਆਪਣੇ ਇਸ਼ਟ ਨੂੰ ਵੀ ਲੁਕਾਉਂਦੇ ਨਹੀਂ। ਬ੍ਰਾਹਮਣਵਾਦੀਆਂ ਲਈ ਇਹ ਅਸਹਿ ਗੱਲ ਸੀ, ਜਿਸ ਕਾਰਣ ਮੁਗ਼ਲਾਂ ਤੇ ਦੂਸਰੇ ਸੱਤਾਧਾਰੀਆਂ ਸਾਹਮਣੇ ਪਰੰਪਰਾ ਦਾ ਵਾਸਤਾ ਪਾ ਕੇ ਭਗਤਾਂ ਨੂੰ ਇਨ੍ਹਾਂ ਦੋਨਾਂ ਕੰਮਾਂ ਤੋਂ ਤੇ ਗੁਰੂ ਬਣ ਬਹਿਣ ਦੇ ਵਿਰੋਧ ਵਿਚ ਸ਼ਿਕਾਇਤਾਂ ਕਰਦੇ ਹਨ, ਪਰ ਭਗਤ ਇਨ੍ਹਾਂ ਸ਼ਿਕਾਇਤਾਂ ਤੋਂ ਪਾਰ ਜਾ ਚੁੱਕੇ ਸਨ। ਉਹ ਤਾਂ ਵੱਡੇ-ਵੱਡੇ ਗਿਆਨੀਆਂ ਨੂੰ ਵੰਗਾਰਨ ਦਾ ਮਾਦਾ ਰੱਖਦੇ ਸਨ।
ਹਮ ਬਡ ਕਬਿ ਕੁਲੀਨ ਹਮ ਪੰਡਿਤ,
ਹਮ ਜੋਗੀ ਸਨਿਆਸੀ।
ਗਿਆਨੀ ਗੁਨੀ ਸੂਰ ਹਮ ਦਾਤੇ,
ਇਹ ਬੁਧਿ ਕਬਿਹ ਨ ਨਾਸੀ। (ਰਾਮਕਲੀ))
ਗੁਰੂ ਰਵਿਦਾਸ ਜੀ ਦੀ ਬਾਣੀ ਵਿਚ, ਸੰਸਾਰ ਦੀ ਅਸਥਿਰਤਾ, ਤੀਰਥਾਂ, ਵਰਤਾਂ ਦੀ ਨਿਰਾਰਥਕਤਾ, ਔਗੁਣਾਂ ਦਾ ਤ੍ਰਿਸਕਾਰ ਅਤੇ ਗੁਣਾਂ ਦਾ ਸਤਿਕਾਰ ਦੇਖਿਆ ਜਾ ਸਕਦਾ ਹੈ।
ਜੇ ਓਹੁ ਅਠਸਠਿ ਤੀਰਥ ਨਾਵੈ।
ਜੇ ਓੁਹੁ ਦੁਆਦਸ ਸਿਲਾ ਪੁਜਾਵੈ।
ਜੇ ਓਹੁ ਕੂਪ ਤਟਾ ਦੇਵਾਵੈ।
ਕਰ ਨਿੰਦ ਸਭ ਬਿਰਥਾ ਜਾਵੈ। (ਗੋਂਡ)
ਭਗਤੀ ਲਹਿਰ ਦੇ ਆਪਣੇ ਸਮਕਾਲੀਆਂ ਅਤੇ ਹੋ ਚੁੱਕੇ ਭਗਤਾਂ ਦੀ ਪ੍ਰਸੰਸਾ ਉਨ੍ਹਾਂ ਦੀ ਭਗਤੀ ਵਿਚ ਪੂਰਨ ਹੋਣ ਕਰਕੇ ਉਵੇਂ ਹੀ ਕੀਤੀ ਗਈ ਹੈ ਜਿਵੇਂ ਗੁਰੂ ਸਾਹਿਬਾਨ ਨੇ ਭਗਤਾਂ ਨੂੰ ਇਸੇ ਕਾਰਣ ਉੱਚੀ ਪਦਵੀ ਦਿੱਤੀ ਹੈ।
ਹਰਿ ਕੇ ਨਾਮ ਕਬੀਰ ਉਜਾਗਰ।
ਜਨਮ ਜਨਮ ਕੇ ਕਾਟੇ ਕਾਗਰ।
ਨਮਿਤ ਨਾਮ ਦੇਉ ਦੂਧੁ ਪੀਆਇਆ।
ਤਉ ਜਗ ਜਨਮ ਸੰਕਟ ਨਹੀਂ ਆਇਆ। (ਆਸਾ)
ਨਾਮਦੇਵ ਕਬੀਰ ਤਿਲੋਚਨ ਸਧਨਾ ਸੈਨੁ ਤਰੈ।
ਕਹਿ ਰਵਿਦਾਸ ਸੁਨਹੁ ਰੇ ਸੰਤਹੁ, ਹਰਿ ਜੀਉ ਤੇ ਸਭੈ ਸਰੈ।(ਮਾਰੂ)
ਭਗਤੀ ਲਹਿਰ ਦੋ ਸਭਿਆਚਾਰਾਂ ਦਾ ਸੰਗਮ ਵੀ ਹੈ। ਭਗਤ ਕਵੀਆਂ ਵਿਚ ਭਾਰਤੀ ਤੇ ਸਾਮੀ ਸਭਿਆਚਾਰਾਂ ਦਾ ਮੇਲ ਦੇਖਿਆ ਜਾ ਸਕਦਾ ਹੈ। ਗੁਰੂ ਰਵਿਦਾਸ ਬਾਣੀ ਵਿਚ ਪੁਲਸਰਾਤ, ਫ਼ਨਖਾਨੇ ਜਿਹੇ ਫ਼ਾਰਸੀ ਸ਼ਬਦ ਇਸ ਦੀ ਤਸਦੀਕ ਕਰਦੇ ਹਨ। ਇਸ ਸਮੇਂ ਤਕ ਹਿੰਦੂ ਮੁਸਲਮਾਨ-ਤਕਰਾਰ ਵੀ ਉਭਰਨੇ ਸ਼ੁਰੂ ਹੋ ਗਏ ਸਨ, ਪ੍ਰੰਤੂ ਗੁਰੂ ਰਵਿਦਾਸ ਵਰਗੇ ਭਗਤ ਇਨ੍ਹਾਂ ਦੋਨਾਂ ਨੂੰ ਏਕਤਾ ਦੇ ਸੂਤਰ ਵਿਚ ਜੋੜਨਾ ਚਾਹੁੰਦੇ ਹਨ। ਉਨ੍ਹਾਂ ਦਾ ਇਕ ਸ਼ਲੋਕ ਹੈ-
ਜਬ ਸਮ ਕਰਿ ਦੋਊ ਹਾਥ ਪੈਰ,
ਦੋਊ ਨੈਨ ਦੋਊ ਕਾਨ।
ਰਵਿਦਾਸ ਪ੍ਰਥਕ ਕੈਸੇ ਭਏ ਹਿੰਦੂ ਮੁਸਲਮਾਨ।
ਗੁਰੂ ਰਵਿਦਾਸ ਜੀ ਦੀ ਬਾਣੀ ਕੇਵਲ ਉਪਦੇਸ਼ਮਈ ਹੀ ਨਹੀਂ ਹੈ ਸਗੋਂ ਇਸ ਦਾ ਕਾਵਿਕ ਸੁਹਜਮਈ ਮਹੱਤਵ ਵੀ ਬਹੁਤ ਹੈ। ਇਥੇ ਆਪਣੇ ਤੇ ਪ੍ਰਭੂ ਦੇ ਸਬੰਧਾਂ ਨੂੰ ਪ੍ਰਗਟਾਉਂਦਿਆਂ ਮੋਰ, ਚੰਦ, ਚਕੋਰ ਦੇ ਜ਼ਿਕਰ ਦੇ ਨਾਲ-ਨਾਲ ਬੱਛੜੇ, ਭਉਰੇ, ਸੱਪਾਂ ਦੇ ਜ਼ਹਿਰ ਤਕ ਦੀਆਂ ਉਪਮਾਵਾਂ ਵਰਤੀਆਂ ਗਈਆਂ ਹਨ। ਹੋਰ ਭਗਤਾਂ ਵਾਂਗ ਗੁਰੂ ਰਵਿਦਾਸ ਨੇ ਵੀ ਆਪਣੇ ਕਿੱਤੇ ਵਿਚੋਂ ਬਿੰਬਾਂ ਦੀ ਸਿਰਜਣਾ ਕੀਤੀ। ਗੌਤਮ-ਅਹਿਲਿਆ ਦੀ ਮਿੱਥ ਨੂੰ ਵਰਤਿਆ ਅਤੇ ਅਨੇਕਾਂ ਰੂਪਕਾਂ ਦੀ ਵਰਤੋਂ ਕੀਤੀ। ਕਵਿਤਾ ਵਿਚ ਵੀ ਤਰਕ ਨੂੰ ਨਿਭਾਉਣ ਦੀ ਉਦਾਹਰਣ ਦੇਖਣ ਯੋਗ ਹੈ।
ਫਲ ਕਾਰਨ ਫੂਲੀ ਬਨਰਾਇ।
ਫਲ ਲਾਗਾ ਤਬ ਫੂਲ ਬਿਲਾਇ
ਘ੍ਰਿਤ ਕਾਰਨ ਦੁਧ ਮਥੈ ਸਇਆਨ
ਜੀਵਨ ਮੁਕਤ ਸਦਾ ਨਿਰਬਾਨ। (ਭੈਰਉ)
ਫੁੱਲ ਕਿਰਦੇ ਹਨ ਤਾਂ ਫ਼ਲ ਲਗਦੇ ਹਨ, ਦਹੀਂ ਰਿੜਕਣ ਨਾਲ ਘਿਉ ਨਿਕਲਦਾ ਹੈ। ਸੁਹਜਮਈ ਉਡਾਰੀ ਦੀਆਂ ਦੋ ਉਦਾਹਰਣਾਂ ਦੇਖਣੀਆਂ ਜ਼ਰੂਰੀ ਹਨ।
ਜਉ ਤੁਮ ਗਿਰਵਰ, ਤਉ ਹਮ ਮੋਰਾ।
ਜਉ ਤੁਮ ਚੰਦ, ਤਉ ਹਮ ਹੈ ਚਕੋਰਾ।….
ਜਉ ਤੁਮ ਦੀਵਰਾ ਤਉ ਹਮ ਬਾਤੀ।
ਜਉ ਤੁਮ ਤੀਰਥ, ਤਉ ਹਮ ਜਾਤੀ। (ਸੋਰਠਿ)
ਜਿਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਧਨਿ ਤੁਮ ਬਾਧੇ।
ਅਪਨੈ ਛੂਟਨ ਕੋ ਜਤਨ ਕਰਹੁ, ਹਮ ਛੂਟੇ ਤੁਮ ਆਰਾਧੇ।….
ਜਾ ਕਾਰਨਿ ਹਮ ਤੁਮ ਆਰਾਧੇ, ਸੋ ਦੁਖੁ ਅਜਹੂ ਸਹੀਐ। (ਸੋਰਠਿ)
ਚਮਰੇਟਾ ਗਾਂਠਿ ਨਾ ਜਨਈ। ਲੋਗ ਗਠਾਵੈ ਪਨਹੀ। ਰਹਾਉ।
ਆਰ ਨਹੀਂ ਜਿ ਤੋਪਉ, ਨਹੀਂ ਰਾਂਬੀ ਠਾਉ ਰੋਪਉ।
ਲੋਗ ਗੰਠ ਗੰਠ ਖਰਾ ਬਿਗੂਚਾ।
ਹਉ ਬਿਨ ਗਾਂਠੇ ਜਾਇ ਪਹੁੰਚਾ। (ਸੋਰਠਿ)
ਹੋਰ ਮੱਧਕਾਲੀ ਭਗਤਾਂ ਵਾਂਗ ਗੁਰੂ ਰਵਿਦਾਸ ਜੀ ਨਾਲ ਵੀ ਅਨੇਕਾਂ ਦੰਤ ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਸਾਧੂ ਪਾਸੋਂ ਪਾਰਸਮਣੀ ਮਿਲਣਾ, ਮੁਹਰਾਂ ਦੀ ਪ੍ਰਾਪਤੀ, ਹਰੀ ਦਰਸ਼ਨ, ਪੱਥਰੀ ਤਾਰਨਾ, ਸੱਚਾ ਜਨੇਊ ਸਰੀਰ ਵਿਚੋਂ ਕੱਢਣਾ, ਗੰਗਾ ਵੱਲੋਂ ਹੱਥ ਕੱਢ ਕੇ ਗੁਰੂ ਰਵਿਦਾਸ ਦੀ ਭੇਟ ਸਵਿਕਾਰ ਕਰਨਾ, ਕਠੌਤੀ ਵਿਚ ਗੰਗਾ ਦਿਖਾਲਣਾ, ਉਲਟੀ ਗੰਗਾ ਵਗਾਉਣਾ, ਗੰਗਾ ਦਾ ਪ੍ਰਵਾਹ ਰੋਕਣਾ ਆਦਿ। ਇਨ੍ਹਾਂ ਸਾਰੀਆਂ ਦੰਤ ਕਥਾਵਾਂ ਦਾ ਸਾਰ ਤੱਤ ਇਹ ਹੈ ਕਿ ਗੁਰੂ ਰਵਿਦਾਸ ਮੋਹਰਾਂ ਦੀ ਪ੍ਰਵਾਹ ਨਹੀਂ ਕਰਦੇ। ਇਸਦੀ ਬਜਾਇ ਗਰੀਬੀ ਦੀ ਜ਼ਿੰਦਗੀ ਤੇ ਦਸਾਂ ਨਹੁੰਆਂ ਦੀ ਕਿਰਤ ਉਪਰ ਗੁਜ਼ਰ-ਬਸਰ ਕਰਦੇ ਸਨ। ਉਨ੍ਹਾਂ ਦੀ ਜੀਵਨ ਜਾਂਚ ਅਤੇ ਬਾਣੀ ਹੀ ਉਨ੍ਹਾਂ ਦੀ ਕਰਾਮਾਤ ਸੀ। ਇਨ੍ਹਾਂ ਦੰਤ ਕਥਾਵਾਂ ਕਾਰਣ ਹੀ ਉਨ੍ਹਾਂ ਦੇ ਜੀਵਨ ਵੇਰਵੇੇ ਤੇ ਇਤਿਹਾਸਕ ਤੱਥ ਸਾਹਮਣੇ ਨਹੀਂ ਆਏ। ਜਿਸ ਉੱਪਰ ਬਹੁਤ ਸਾਰੀ ਖੋਜ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਗੁਰੂ ਰਵਿਦਾਸ ਜੀ ਦੁਆਰਾ ਦੱਸੇ ਬੇਗ਼ਮਪੁਰਾ ਅਤੇ ਰਾਜ ਦੀ ਕੀਤੀ ਕਲਪਨਾ ਅੱਜ ਵੀ ਸਾਡੇ ਲਈ ਸਾਰਥਕ ਹੈ। ਉਨ੍ਹਾਂ ਦੇ ਜੀਵਨ ਤੋਂ ਅਤੇ ਬਾਣੀ ਤੋਂ ਚਾਨਣ ਲੈ ਕੇ ਗਰੀਬ ਲੋਕਾਈ ਆਪਣਾ ਰਾਹ ਰੁਸ਼ਨਾ ਸਕਦੀ ਹੈ, ਇਹੀ ਹੈ ਗੁਰੂ ਰਵਿਦਾਸ ਜੀ ਦੀ ਅੱਜ ਦੇ ਯੁੱਗ ਵਿਚ ਪ੍ਰਸੰਗਿਕਤਾ।