ਜਗਮੋਹਨ ਸਿੰਘ (ਪ੍ਰੋ.)
ਅੰਗਰੇਜ਼ ਬਸਤੀਵਾਦ ਤੋਂ ਮੁਕਤੀ ਦੀ ਲੜਾਈ ਵਿਚ ਕਿਰਸਾਨੀ ਦਾ ਮੁੱਦਾ ਬਹੁਤ ਅਹਿਮ ਰਿਹਾ ਹੈ। ਬਸਤੀਵਾਦ ਦੀ ਨੀਤੀ ਵੀ ਇਹ ਸੀ ਕਿ ਮਿਹਨਤੀ ਜਨਤਾ ਨੂੰ ਕਮਜੋਰ ਰਖਿਆ ਜਾਵੇ ਤੇ ਇਸ ਨਿਰਬਲਤਾ ਨੂੰ ਬਣਾਏ ਰੱਖਣ ਲਈ ਉਹਨਾਂ ਨੂੰ ਮਿਹਨਤ ਦੇ ਵਸੀਲ਼ਿਆਂ ਤੋਂ ਵਾਂਝੇ ਕਰਨ ਦੀਆਂ ਨੀਤੀਆਂ ਅਪਨਾਈਆਂ ਜਾਣ। ਇਸ ਨੂੰ ਸ਼ਹੀਦ ਭਗਤ ਸਿੰਘ ਨੇ ਆਦਮੀ ਹੱਥੋਂ ਆਦਮੀ ਦੀ ਲੁੱਟ ਕਿਹਾ ਸੀ।
ਇਸੇ ਕਰਕੇ 1907 ਦੀ ‘ਪੱਗੜੀ ਸੰਭਾਲ ਜੱਟਾ ਲਹਿਰ’, ਜਿਸ ਦੀ ਅਗਵਾਈ ਕਰਦਿਆਂ ਸਰਦਾਰ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦ, ਲਾਲ ਚੰਦ ਫਲਕ ਤੇ ਸਾਥੀਆਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਜਿੱਤ ਪ੍ਰਾਪਤ ਕੀਤੀ ਸੀ, ਪਰ ਉਸ ਦੇ ਨਾਲ ਹੀ ਪੂਰਣ ਤੌਰ ‘ਤੇ ਆਪਣੀ ਹੋਣੀ ਦੇ ਮਾਲਕ ਆਪ ਬਨਣ; ਲਈ ਉਨ੍ਹਾਂ ਨੇ ਦੋ ਅਹਿਮ ਸੂਤਰ ਵੀ ਦਿੱਤੇ ਸਨ। ਜਦ ਤਿਲਕ, ਜੋ ਉਸ ਵਕਤ ਵੱਡੇ ਲੀਡਰ ਸਨ, ਨੇ ਉਹਨਾਂ ਨੂੰ ਤਾਜ ਦੇ ਕੇ ਸਨਮਾਨਿਤ ਕੀਤਾ ਤਾਂ ਉਸ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਸੀ, ”ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀ ਮੈਨੂੰ ਕਹਿਣਾ ਚਾਹੁੰਦੇ ਹੋ ਕਿ ਅਸੀਂ (ਨੌਜਵਾਨ) ਆਪਣੇ ਦਿਮਾਗ ਤੇ ਜੋਸ਼ ਨੂੰ ਸੰਭਾਲ ਕੇ ਰੱਖੀਏ, ਕਿਉਂਕਿ ਪੱਗੜੀ, ਟੋਪੀ ਤੇ ਤਾਜ਼ ਸਿਰ ਨੂੰ ਸੰਭਾਲਣ ਲਈ ਹੁੰਦੇ ਹਨ। ਸਾਡੇ ਦੇਸ਼ ਵਿਚ ਹੁੱਕੇ ਦੀ ਚਿਲਮ ਨੂੰ ਵੀ ਟੋਪੀ ਕਿਹਾ ਜਾਂਦਾ ਹੈ, ਜਿਸ ਦਾ ਕੰਮ ਅੱਗ ਨੂੰ ਆਪਣੇ ਅੰਦਰ ਸੰਭਾਲਣ ਦਾ ਹੁੰਦਾ ਹੈ, ਇਸ ਕਰਕੇ ਸਾਨੂੰ ਕੌਮੀ ਅੱਗ (ਸਪਿਰਟ) ਨੂੰ ਸੰਭਾਲ ਕੇ ਰੱਖਣਾ ਤੇ ਭੜਕਣ ਤੋਂ ਬਚਾਉਣਾ ਚਾਹੀਦਾ ਹੈ। ਟੋਪੀ ਰਾਇਫਲ ਨਾਲ ਵੀ ਸਬੰਧਤ ਹੈ। ਜਿਸ ਰਾਹੀਂ ਰਾਇਫਲ ਦੀ ਤਾਕਤ ਵੀ ਮਹਿਫੂਜ਼ ਹੁੰਦੀ ਹੈ ਤਾਂ ਕਿ ਵਕਤ ਪੈਣ ਸਮੇਂ ਵਰਤੀ ਜਾ ਸਕੇ। ਇਸ ਕਰਕੇ ਕੌਮੀ ਤਾਕਤ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਕਿ ਵਿਦੇਸ਼ੀ ਸਲਾਭਾ ਇਸ ਵਿਚ ਆਲਸ ਨਾ ਪੈਦਾ ਕਰ ਸਕੇ ਅਤੇ ਵਕਤ ਪੈਣ ਤੇ ਇਸਤੇਮਾਲ ਲਈ ਤਿਆਰ ਰਹੇ। ਪੱਗੜੀਆਂ ਤੇ ਟੋਪੀਆਂ ਦਾ ਅਸਲ ਕੰਮ ਸਾਡੇ ਦਿਮਾਗ, ਸਾਡੀ ਕੌਮੀ ਸਪਿਰਟ, ਜਵਾਨੀ ਦੀ ਤਾਕਤ ਨੂੰ ਸੰਭਾਲਣਾ ਹੋਣਾ ਚਾਹੀਦਾ ਹੈ ਤਾਂ ਕਿ ਵਕਤ ਪੈਣ ‘ਤੇ ਇਸਤੇਮਾਲ ਕੀਤਾ ਜਾ ਸਕੇ।”
ਇਸ ਸੁਨੇਹੇ ਨੂੰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਖੂਬ ਸਮਝਿਆ ਤੇ ਕਾਮਯਾਬ ਤੱਕ ਕਰ ਦਿਖਾਇਆ। ਭਗਤ ਸਿੰਘ ਨੇ ਇਸ ਸੁਨੇਹੇ ਨੂੰ ਆਤਮਸਾਤ ਕੀਤਾ ਤੇ ਇਸੇ ਲਈ ਉਨ੍ਹਾਂ ਨੇ ਵੀ ਲਿਖਿਆ ਕਿ ”ਨੌਜਵਾਨਾਂ ਨੂੰ ਜੋਸ਼ ਤੇ ਹੋਸ਼ ਨੂੰ ਕਾਇਮ ਰੱਖਣਾ ਚਾਹੀਦਾ ਹੈ।” ਭਗਤ ਸਿੰਘ ਨੇ ਇਹ ਵੀ ਕਰਕੇ ਦਿਖਾਇਆ ਕਿ ਹੋਸ਼ ਦਾ ਭਾਵ ਕੀ ਹੁੰਦਾ ਹੈ। ਉਹਨਾਂ ਨੂੰ ਗਹੁ ਨਾਲ ਜਾਣਿਆਂ ਪਤਾ ਚਲਦਾ ਹੈ ਕਿ ਉਹਨਾਂ ਨੇ ਪਹਿਲਾਂ ਸਿਸਟਮ ਨੂੰ ਖੂਬ ਸਮਝਣ ਲਈ ਸਾਹਿਤ, ਵਿਗਿਆਨਕ ਸੋਚ ਨਾਲ ਹਾਲਾਤਾਂ ਦਾ ਨਰੀਖਣ ਕਰਨ ਅਤੇ ਇਤਿਹਾਸ ਨੂੰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸ ਸਮੇਂ ਦੇ ਸਿਸਟਮ ਦੀਆਂ ਕਮਜੋਰੀਆਂ ਨੂੰ ਚੈਲੰਜ ਕੀਤਾ ਜਾ ਸਕੇ ਅਤੇ ਇਕ ਬਦਲ ਵੀ ਖੜ੍ਹਾ ਕੀਤਾ ਜਾ ਸਕੇ। ਇਸ ਲਈ ਇਹ ਗਲ ਸਮਝਣ ਦੀ ਲੋੜ ਹੈ ਕਿ ਭਗਤ ਸਿੰਘ ਆਪਣੇ ਸਾਥੀ ਬੀ.ਕੇ.ਦੱਤ ਨਾਲ ਅੰਗਰੇਜ ਸਾਮਰਾਜ ਦੇ ਕਿਲ੍ਹੇ ਵਿਚ ਬੇਧੱੜਕ ਹੋ ਕੇ ਧਮਾਕੇਦਾਰ ਅਵਾਜ ਨਾਲ ਚੈਲੰਜ ਕਰਨ ਲਈ ਜਾ ਵੜੇ ਅਤੇ ਫਿਰ ਆਪਣੀ ਦਲੀਲ ਤੇ ਹੌਂਸਲੇ ਨਾਲ ਅੰਗਰੇਜ ਬਸਤੀਵਾਦ ਦੇ ਸਾਰੇ ਅਦਾਰਿਆਂ ਦੇ ਲੋਕ ਵਿਰੋਧੀ ਤੇ ਜ਼ੁਲਮੀ ਚਿਹਰੇ ਨੂੰ ਆਪਣੇ ਸਰੀਰਾਂ ‘ਤੇ ਬੇਮਿਸਾਲ ਦੁਖ ਝਲ ਕੇ ਨੰਗਾ ਹੀ ਨਹੀਂ ਕੀਤਾ ਬਲਕਿ ਲੋਕਾਂ ਵਿਚੋਂ ਢਾਂਚੇ ਪ੍ਰਤੀ ਵਿਸ਼ਵਾਸ ਨੂੰ ਖਤਮ ਕਰ ਦਿੱਤਾ। ਇਸੇ ਦਾ ਅਸਰ ਸੀ ਕਿ ਉਹਨਾਂ ਦੀ ਫਾਂਸੀ ਤੋਂ ਬਾਅਦ ਲੋਕ ਲਹਿਰਾਂ ਹੋਰ ਪ੍ਰਚੰਡ ਤੇ ਬੇਧੜਕ ਹੁੰਦੀਆਂ ਗਈਆਂ ਅਤੇ ਬਸਤੀਵਾਦ ਦਾ ਸਿੱਧਾ ਰਾਜ ਖਤਮ ਹੋ ਗਿਆ।
ਉਹਨਾਂ ਦੇ ਸਾਥੀਆਂ ਦੀਆਂ ਕੁਰਬਾਨੀਆਂ ਨੇ ਉਹਨਾਂ ਦੇ ਜੇਲ੍ਹ ਵਿਚ ਹੁੰਦੇ ਹੋਏ ਹੀ “ਸੰਪੂਰਣ ਅਜ਼ਾਦੀ ਦਾ ਮਤਾ” ਵੱਡੇ ਲੀਡਰਾਂ ਦੇ ਨਾਂਹ ਨੁਕਰ ਕਰਦੇ ਹੋਏ ਵੀ 26 ਜਨਵਰੀ 1930 ਨੂੰ ਪਾਸ ਹੋ ਗਿਆ। ਪਰ ਭਗਤ ਸਿੰਘ ਤੇ ਸਾਥੀਆਂ ਨੇ ਉਸ ਤੋਂ ਅਗਲਾ ਅਹਿਮ ਸਵਾਲ ਇਹ ਕੀਤਾ ਕਿ ”ਮਤਾ ਤਾਂ ਠੀਕ ਹੈ ਪਰ ਇਸ ਨਾਲ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕੀ ਹੋਵੇਗਾ ਜਾਂ ਇਵੇਂ ਕਹਿ ਲਈਏ ਕਿ ਲੋਕਾਂ ਦੇ ਪੱਲੇ ਕੀ ਪਾਵੇਗਾ?”
ਇਸ ਸਵਾਲ ਨੂੰ ਲੈ ਕੇ ਉਹਨਾਂ ਨੇ 2 ਫਰਵਰੀ 1931 ਨੂੰ ਫਾਂਸੀ ਕੋਠੜੀ ਵਿਚੋਂ ਲੰਬਾ ਰਾਜਨੀਤਕ ਖਰੜਾ ਲਿਖਦੇ ਹੋਏ ਸਮਝਾਇਆ ਕਿ ਮੌਜੂਦਾ ਹਾਲਾਤ ਨੂੰ ਕਿਵੇਂ ਆਂਕਿਆ ਜਾਵੇ। ਉਹਨਾਂ ਨੇ ਲਿਖਿਆ ਕਿ “ਵਿਸ਼ਲੇਸ਼ਨ ਇਸ ਕਰਕੇ ਨਹੀਂ ਕੀਤਾ ਜਾਂਦਾ ਕਿ ਪ੍ਰਾਪਤੀਆਂ ਤੇ ਖੁਸ਼ੀ ਮਨਾਈ ਜਾਵੇ ਸਗੋਂ ਇਸ ਲਈ ਹੁੰਦਾ ਹੈ ਕਿ ਜਨਤਾ ਨੂੰ ਚੇਤੰਨ ਕੀਤਾ ਜਾ ਸਕੇ ਅਤੇ ਆਉਣ ਵਾਲੀ ਜੱਦੋ ਜਹਿਦ ਲਈ ਤਿਆਰ ਕੀਤਾ ਜਾ ਸਕੇ। ਸਾਡੇ ਲਈ ਸਮਝੌਤਾ ਗੋਡੇ ਟੇਕਣਾ ਨਹੀਂ ਸਗੋਂ ਇਕ ਕਦਮ ਅਗੇ ਤੇ ਫਿਰ ਕੁਝ ਆਰਾਮ । ਪਰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਾ ਇਸ ਤੋਂ ਵਧ ਹੋਰ ਕੁਝ ਨਹੀਂ ਹੈ । ਆਖਰੀ ਮੰਤਵ ਤੇ ਆਖਰੀ ਆਰਾਮ ਦੀ ਥਾਂ ਨਹੀਂ ਹੈ।
ਭਗਤ ਸਿੰਘ ਨੇ ਅੱਗੇ ਇਹ ਵੀ ਕਿਹਾ ਕਿ ਜਨਤਾ ਨੂੰ ਆਪਣੀ ਹੋਣੀ ਦੇ ਮਾਲਕ ਬਣਨ ਲਈ “ਇਕ ਦਮ ਅਸੰਗਠਿਤ ਜਾਂ ਸੁੱਤੇ ਸਿੱਧ ਤਬਦੀਲ਼ੀ ਦੇ ਬਿਲਕੁਲ ਉਲਟ, ਜਥੇਬੰਦ ਅਤੇ ਸਿਲਸਲੇਵਾਰ ਕੰਮ ਰਾਹੀਂ ਸੋਚੀ ਸਮਝੀ ਤਬਦੀਲੀ ਲਿਆਉਣ ਵੱਲ ਵੱਧਣਾ ਚਾਹੀਦਾ ਹੈ।”
ਇਸ ਲਈ ਕਿਸੇ ਹੋਰ ਲਿਖਤ ਵਿਚ ਉਨ੍ਹਾਂ ਕਿਹਾ ਸੀ ਕਿ ਨੌਜਵਾਨਾਂ ਨੂੰ ਇਕ ਤੀਹਰਾ ਅਸੂਲ਼ ਅਪਨਾ ਕੇ ਕੰਮ ਕਰਨਾ ਚਾਹੀਦਾ ਹੈ, ”ਨੌਜਵਾਨਾਂ ਨੂੰ ਸੱਚੇ ਦਿਲੋਂ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਣ ਤੇ ਕੁਰਬਾਨੀ ਦਾ ਤੀਹਰਾ ਆਦਰਸ਼ ਅਪਨਾਉਣਾ ਚਾਹੀਦਾ ਹੈ।” ਜਿਸ ਦੀ ਮਿਸਾਲ ਉਹਨਾਂ ਨੇ ਖੁਦ ਵੀ ਅਤੇ ਉਹਨਾਂ ਦੇ ਸਾਥੀਆਂ ਨੇ ਸਾਡੇ ਸਾਹਮਣੇ ਪੇਸ਼ ਕੀਤੀ।
ਉਹਨਾਂ ਨੇ ਇਹ ਵੀ ਕਿਹਾ ਸੀ ਕਿ ‘ਨੌਜਵਾਨਾਂ ਨੂੰ ਆਪਣੇ ਅੰਦਰ ਸ਼ਕਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ।” ਇਸ ਲਈ ਉਹਨਾਂ ਦੀ ਸਲਾਹ ਵੀ ਹੈ ਕਿ ਮਜ੍ਹਬ, ਵਹਿਮ ਅਤੇ ਧਾਰਮਿਕ ਕੱਟੜਪੱਖਤਾ ਨੂੰ ਪਰ੍ਹਾਂ ਵਗਾਹ ਮਾਰਕੇ, ਜਾਤੀ ਹੰਕਾਰ ਤੋਂ ਮੁਕਤ ਹੋ ਕੇ ਇਕ ਇਨਕਲਾਬੀ ਜਜ਼ਬੇ ਨਾਲ ਲਬਰੇਜ਼ ਰਹਿਕੇ ਹੀ ਭਵਿੱਖ ਦਾ ਸਮਾਜ ਉਸਾਰਿਆ ਜਾ ਸਕਦਾ ਹੈ।
ਉਹਨਾਂ ਇਕ ਹੋਰ ਲੇਖ ਵਿਚ ਜਨਤਾ ਵਿਚ ਧਰਮ ਦੇ ਪ੍ਰਸ਼ਨ ਨੂੰ ਕਿਵੇਂ ਮੁਖਾਤਿਬ ਹੋਣਾ ਹੈ ਸਬੰਧੀ ਕਿਹਾ ਸੀ ਕਿ ਮਜ਼ਹਬ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ। ਇਕ ਧਰਮ ਦਾ ਧੁਰਾ, ਜੋ ਉਸ ਦਾ ਜਰੂਰੀ ਹਿੱਸਾ ਹੈ, ਉਹ ਹੈ ਸੱਚ ਬੋਲਣਾ, ਗਰੀਬਾਂ ਦੀ ਮਦਦ ਕਰਨਾ, ਪਿਆਰ ਨਾਲ ਰਹਿਣਾ, ਜੂਏਬਾਜੀ ਯਾਨੀ ਪੇਸੈ ਨਾਲ ਪੈਸਾ ਨਾ ਠੱਗਣਾ ਆਦਿ । ਇਹ ਸਮਾਜ ਲਈ ਜਰੂਰੀ ਵੀ ਹਨ।
ਪਰ ਅਸਲ ਸਮਾਜੀ ਝਗੜੇ ਦਾ ਕਾਰਣ ਵੱਖਰੇ ਵੱਖਰੇ ਰਸਮੋਂ ਰਿਵਾਜ ਹਨ ਅਤੇ ਉਨਾਂ ਪ੍ਰਤੀ ਕੱਟੜਤਾ ਹੈ। ਅਗਰ ਧਰਮ ਦੇ ਪਹਿਲੇ ਮੂਲ ਅਧਾਰ ਨੂੰ ਮੰਨ ਕੇ ਚੱਲਿਆ ਜਾਵੇ ਤਾਂ ਸਮਾਜ ਅੱਗੇ ਵਧੇਗਾ।
ਖੈਰ ਉਹਨਾਂ ਨੇ ਇਹ ਸੁਝਾਅ ਦਿੱਤਾ ਕਿ ਸਾਡੀ ਲੜਾਈ ਦੁਵੱਲੀ ਹੁੰਦੀ ਹੈ; ਇਕ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਜਿਸ ਦਾ ਫਾਇਦਾ ਖੁਦਗਰਜ ਲੋਕ ਅਤੇ ਸਾਡੇ ਦੁਸ਼ਮਣ ਉਠਾਉਂਦੇ ਹਨ। ਦੂਸਰੀ ਵਿਦੇਸ਼ੀ ਦੁਸ਼ਮਨਾਂ ਦੀਆਂ ਨੀਤੀਆਂ ਦੇ ਖਿਲਾਫ।
ਨੌਜਵਾਨ ਪੁੱਛ ਸਕਦੇ ਹਨ ਕਿ ਵਿਦੇਸ਼ੀ ਦੁਸ਼ਮਣ ਹੁਣ ਕੌਣ ਹੈ? ਇਸ ਲਈ ਇਹ ਜਾਨਣਾ ਜਰੂਰੀ ਹੈ ਕਿ ਕਿਵੇਂ ਕਰਜ਼ੇ ਦੇ ਤੰਤਰ ਰਾਹੀਂ ਅੱਜ ਦੇ ਨਵਉਦਾਰਵਾਦੀ ਯੁੱਗ ਵਿਚ ਦੇਸ਼ਾਂ ਨੂੰ ਆਪਣੀ ਹੀ ਜਨਤਾ ਵਿਰੁੱਧ ਨੀਤੀਆਂ ਅਪਨਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਤੇ ਕਿਵੇਂ ਸਾਡੀਆਂ ਸਰਕਾਰਾਂ ਜਨਤਾ ਦੀਆਂ ਹਿਤੈਸ਼ੀ ਹੋਣ ਦਾ ਭਰਮ ਖੜ੍ਹਾ ਕਰਕੇ ਅਸਲ ਵਿਚ ਇਹਨਾਂ ਵਿਦੇਸ਼ੀ ਤਾਕਤਾਂ ਦੀ ਮਦਦ ਕਰਦੀਆਂ ਹਨ।
ਇਸ ਹੀ ਕਿਰਦਾਰ ਵਿਚੋਂ ਹੋਈ ਹੈ ਅੱਜ ਦੇ ਕਿਰਸਾਨੀ ਵਿਰੋਧੀ ਕਾਨੂੰਨਾ ਦੀ ਉਪਜ ਜੋ ਅਸਲ ਵਿਚ ਪੂਰੇ ਖੁਰਾਕ ਪ੍ਰਬੰਧ ਨੂੰ ਸਿੱਧੇ ਕਾਰਪੋਰੇਟ, (ਦੇਸੀ ਤੇ ਵਿਦੇਸ਼ੀ) ਦੇ ਹਵਾਲੇ ਕਰਨ ਦੀ ਸਾਜਿਸ਼ ਹੈ। ਇਹ ਵਰਤਾਰਾ ਦੱਖਣੀ ਅਮਰੀਕਾ ਦੇ ਦੇਸ਼ਾਂ ਮੈਕਸੀਕੋ, ਬ੍ਰਾਜ਼ੀਲ, ਅਰਜਨਟਾਇਨਾ, ਚਿੱਲੀ ਆਦਿ ਦੇਸ਼ਾਂ ਤੇ ਅਫਰੀਕਾ ਦੇ ਬਹੁਤ ਦੇਸ਼ਾਂ ਵਿੱਚ ਸਪੱਸ਼ਟ ਦੇਖਿਆ ਜਾ ਸਕਦਾ ਹੈ।
ਭਗਤ ਸਿੰਘ ਤੇ ਬੀ.ਕੇ. ਦੱਤ ਨੇ ਅਸੈਂਬਲੀ ਵਿਚ ਜਾ ਕਿ ਕਿਹਾ ਸੀ ਕਿ ਅਸੀਂ ਇਕ ਨਾਹਰਾ ਸਮਝਾਉਣ ਲਈ ਆਪਣੀ ਜ਼ਿੰਦਗੀ ਨੂੰ ਇਸ ਬਲੀਵੇਦੀ ਤੇ ਭੇਂਟ ਕਰਨ ਲਈ ਲਿਆਏ ਹਾਂ ਉਹ ਸੰਪੂਰਣ ਨਾਹਰਾ ਹੈ, “ਸਾਮਰਾਜ ਮੁਰਦਾਬਾਦ-ਇਨਕਲਾਬ ਜਿੰਦਾਬਾਦ!” ਜੋ ਗ਼ਦਰ ਪਾਰਟੀ ਨੇ ਆਪਣੇ ਅੰਤਰਰਾਸ਼ਟਰੀ ਤਜ਼ਰਬੇ ਵਿਚੋਂ ਸਮਝਾਇਆ ਸੀ ਕਿ ਅਸਲ ਆਜ਼ਾਦੀ ਦੀ ਲੜਾਈ ਇਕ ਅਜੇਹੇ ਅੰਤਰਾਸ਼ਟਰੀ ਪ੍ਰਬੰਧ ਖ਼ਿਲਾਫ ਹੈ ਜੋ ਬਸਤੀਵਾਦ ਨੂੰ ਚਲਾ ਰਿਹਾ ਹੈ। ਜਿਸ ਤੋਂ ਸਮਝਦਾਰੀ ਲੈਂਦੇ ਭਗਤ ਸਿੰਘ ਤੇ ਸਾਥੀਆਂ ਨੇ ਇਸ ਦਵੰਦਵਾਦੀ ਨਾਹਰੇ ਨੂੰ ਪੇਸ਼ ਕੀਤਾ। ਸਪੱਸ਼ਟ ਸ਼ਬਦਾਂ ਵਿਚ ਕਿ ਇਕ ਅੰਤਰਰਾਸ਼ਟਰੀ ਲੁੱਟਤੰਤਰ ਨੂੰ ਕਾਬੂ ਕੀਤੇ ਬਗੈਰ ਜਨਤਾ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਨਹੀਂ ਆ ਸਕਦੀ। ਇਸ ਲਈ ਅੰਗਰੇਜ਼ ਰਾਜ ਦੇ ਸਿੱਧੇ ਰਾਜ ਦੇ ਖਾਤਮੇਂ ਬਾਅਦ ਅਸੀਂ ਅੱਧਾ ਸਬਕ ਹੀ ਯਾਦ ਰੱਖਿਆ ਜਿਸ ਕਰਕੇ ਸਾਮਰਾਜਵਾਦ ਦਾ ਨਵਾਂ ਭੂਤ, ਨਵਉਦਾਰਵਾਦ ਨੇ ਕਦੋਂ ਸਾਡੇ ‘ਤੇ ਇਕ ਪਰਜੀਵੀ ਵਾਂਗ ਹਮਲਾ ਕਰ ਦਿੱਤਾ ਇਹ ਸਮਝਣ ਵਿਚ ਸਾਨੂੰ ਦੇਰ ਲੱਗ ਗਈ। ਪਰ ਇਸ ਕਿਰਸਾਨੀ ਦੀ ਵਿਸ਼ਾਲ ਲਹਿਰ ਨੇ ਉਹ ਸਭ ਕੁੱਝ ਸਮਝਣ ਵਿਚ ਇਕ ਵੱਡੀ ਭੂਮਿਕਾ ਨਿਭਾਈ ਹੈ। ਇਕ ਸਮਾਜੀ ਸਮਝਦਾਰੀ ਦਾ ਪ੍ਰਸਾਰ ਹੋਇਆ ਹੈ।
ਫਾਂਸੀ ਕੋਠੜੀ ਵਿਚ ਬੈਠੇ ਭਗਤ ਸਿੰਘ 2 ਫਰਵਰੀ ਨੂੰ ਇਕ ਰਾਜਨੀਤਕ ਪ੍ਰੋਗਰਾਮ ਲਿਖ ਰਹੇ ਸਨ ਤਾਂ ਕਿ ਸੰਪੂਰਣ ਆਜ਼ਾਦੀ ਦਾ ਫਲ ਜਨਤਾ ਤਕ ਪੁਹੰਚ ਸਕੇ।
ਉਹਨਾਂ ਲਿਖਿਆ ਕਿ ਬੁਨਿਆਦੀ ਕੰਮ ਇਹ ਹੈ ਕਿ ”ਜਨਤਾ ਨੂੰ ਜੂਝਾਰੂ ਕੰਮ ਲਈ ਤਿਆਰ ਕਰਣ ਲਈ ਲਾਮਬੰਦ ਕੀਤਾ ਜਾਵੇ। ਸਾਨੂੰ ਅੰਧ ਵਿਸ਼ਵਾਸ਼ਾਂ, ਜਜ਼ਬਾਤਾਂ, ਧਾਰਮਿਕਤਾ ਜਾਂ ਉਦਾਸੀਨਤਾ ਦੇ ਆਦਰਸ਼ਾਂ ਨਾਲ ਖੇਡਣ ਦੀ ਲੋੜ ਨਹੀਂ ਹੈ। ਸਾਡੇ ਉਹਨਾਂ ਨਾਲ ਅੱਧੇ-ਅਧੂਰੇ ਵਾਅਦੇ ਨਹੀਂ ਹੋਣਗੇ। ਉਹ ਸੰਪੂਰਣ ਤੇ ਠੋਸ ਹੋਣਗੇ ਅਤੇ ਇਮਾਨਦਾਰੀ ਨਾਲ ਸਪੱਸ਼ਟ ਗੱਲ ਕਰਾਂਗੇ। ਅਸੀ ਕਦੀਂ ਵੀ ਉਸਦੇ ਮਨ ਵਿਚ ਭਰਮਾਂ ਦਾ ਜਮਘਟਾ ਖੜ੍ਹਾ ਨਹੀਂ ਹੋਣ ਦਿਆਂਗੇ।” ਇਸ ਲਈ ਸਪੱਸ਼ਟ ਉਦੇਸ਼ ਉਹਨਾਂ ਨੇ ਇਸ ਤਰ੍ਹਾਂ ਰੱਖੇ। “ਜਗੀਰਦਾਰੀ (ਯਾਨੀ ਜਮੀਨ ਤੇ ਅਜ਼ਾਰੇਦਾਰੀ) ਦਾ ਖਾਤਮਾ ਅਤੇ ਕਿਸਾਨਾਂ ਦੇ ਕਰਜ਼ੇ ਖਤਮ ਕਰਨਾ, ਰਹਿਣ ਲਈ ਘਰ ਦੀ ਗਰੰਟੀ, ਕਿਰਸਾਨੀ ਤੋਂ ਲਏ ਜਾਂਦੇ ਖਰਚੇ ਖਤਮ ਕਰ ਕੇ ਇਕਹਿਰਾ ਜਮੀਨੀ ਟੈਕਸ ਲਾਉਣਾ, ਹਰ ਬੱਚੇ ਲਈ ਮੁਫਤ ਤੇ ਆਮ ਵਿੱਦਿਆ ਮੁਹੱਈਆ ਕਰਨਾ।”
ਇਸ ਕਿਰਸਾਨੀ ਲਹਿਰ ਨੇ ਉਸ ਭਗਤ ਸਿੰਘ ਦੇ ਰੁਕੇ ਕੰਮ ਨੂੰ ਕਿਸੇ ਹੱਦ ਤੱਕ ਅੱਗੇ ਵਧਾਉਣ ਦਾ ਕੰਮ ਹੀ ਤਾਂ ਕੀਤਾ ਹੈ। ਇਸ ਲਹਿਰ ਨੇ ਇਕ ਇਤਿਹਾਸਕ ਭੁਮਿਕਾ ਤਾਂ ਪਾਰ ਕਰ ਲਈ ਹੈ ਕਿ ਸਮਾਜ ਵਿਚ ਕਿਰਸਾਨੀ ਨੂੰ ਇਕ ਵਰਗ ਦੇ ਤੌਰ ‘ਤੇ ਸਥਾਪਿਤ ਕਰਕੇ ਇਕ ਜਨਤਕ ਸਭਿਆਚਾਰ ਨੂੰ ਸਥਾਪਿਤ ਕੀਤਾ ਹੈ ਅਤੇ ਇਸ ਨੂੰ ਮਨਹੂਸ ਹਿੰਦੂਤਵੀ ਸਭਿਆਚਾਰ ਦੇ ਨਫਰਤ ਤੇ ਵੈਰ ਵਿਰੋਧ ਤੇ ਸਮਾਜੀ ਹਿੰਸਾ ਨੂੰ ਪ੍ਰਚਾਰ ਕੇ ਕਾਰਪੋਰੇਟੀ ਲੁੱਟ ਨੂੰ ਠੋਸਣ ਦੀ ਭੂਮਿਕਾ ਨੂੰ ਨੰਗਿਆਂ ਕਰ ਦਿੱਤਾ ਹੈ।
ਅੱਜ ਦੀ ਇਸ ਲਹਿਰ ਨੂੰ ਉਸ ਜਨਤਕ ਸੈਲਾਬ ਵਾਂਗ ਦੇਖਿਆ ਜਾ ਸਕਦਾ ਹੈ ਜੋ ਬਹੁਤ ਗੰਦ-ਮੰਦ ਨੂੰ ਸਾਫ ਕਰਨ ਦੇ ਨਾਲ ਇਕ ਨਵੀਂ ਜਮੀਨ ਵੀ ਬਣਾ ਜਾਂਦਾ ਹੈ। ਪਰ ਇਸ ਸਮਾਜਿਕ ਜਮੀਨ ਨੂੰ ਉਪਜਾਊ ਬਣਾਈ ਰੱਖਣ ਲਈ ਅੱਗੇ ਕਰਨ ਵਾਲੀਆਂ ਕੁੱਝ ਜਰੂਰੀ ਜਿੰਮੇਵਾਰੀਆਂ ਨੂੰ ਵੀ ਸਮਝਿਆ ਜਾਵੇ।
ਮੈਂ ਜਦੋਂ ਗ਼ਦਰੀ ਬਾਬਿਆਂ ਨੂੰ ਮਿਲਣ ਜਾਂਦਾ ਸਾਂ ਤਾਂ ਇਕ ਗੱਲ ਜੋ ਮੈਨੂੰ ਪ੍ਰਭਾਵਤ ਕਰਦੀ ਸੀ ਉਹ ਸੀ ਉਹਨਾਂ ਦੀ ਵਿੱਦਿਆ ਦੇ ਪ੍ਰਚਾਰ ਬਾਰੇ ਯਤਨਸ਼ੀਲ਼ਤਾ। ਬਾਬਾ ਭਕਨਾ ਜੀ ਨੇ ਮੇਰੇ ਇਸ ਬਾਰੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ “ਸਾਮਰਜਵਾਦ ਦਾ ਮੂਲ਼ ਹੈ ਲੋਕਾਂ ਵਿੱਚ ਵੱਖਰੇਵੇਂ ਖੜ੍ਹੇ ਕਰਨੇ, ਜਨਤਾ ਨੂੰ ਤੇ ਖਾਸ ਕਰਕੇ ਨੌਜਵਾਨਾਂ ਨੂੰ ਗਿਆਨ ਵਿਹੂਣੇ ਰੱਖਣਾ ਅਤੇ ਉਹਨਾਂ ਵਿਚਲੇ ਸਵੈਵਿਸ਼ਵਾਸ਼ ਨੂੰ ਖੋਰਾ ਲਾਉਣਾ। ਇਸ ਲਈ ਇਕ ਮੂਲ਼ ਇਨਕਲਾਬੀ ਕੰੰਮ ਹੈ ਨੌਜਵਾਨ ਲੜਕੇ-ਲ਼ੜਕੀਆਂ ਨੂੰ ਵਿੱਦਿਆ ਰਾਹੀਂ ਸਮਝਦਾਰ ਬਨਾਉਣਾ।” ਮੈਂ ਫਿਰ ਇਕ ਹੋਰ ਸਵਾਲ ਕੀਤਾ ਕਿ ਇਹ ਕੰਮ ਤਾਂ ਸਰਕਾਰ ਦਾ ਹੈ। ਉਹਨਾਂ ਕਿਹਾ ਕਿ ”ਸਰਕਾਰ ਲੋਕਾਂ ਦੇ ਹਿੱਤ ਵਿਚ ਕੰਮ ਉਸ ਹੱਦ ਤੱਕ ਹੀ ਕਰੇਗੀ ਜਿਸ ਹੱਦ ਤੱਕ ਲੋਕ ਆਪਣੇ ਹੱਕ ਪ੍ਰਤੀ ਜਾਗਰੂਕ ਹੋਣਗੇ। ਜੇ ਤੁਸੀ ਸਰਕਾਰ ‘ਤੇ ਨਿਰਭਰਤਾ ਰੱਖ ਕੇ ਅੱਜ ਦੀ ਰੋਟੀ ਤੋਂ ਭੁੱਖੇ ਨਹੀਂ ਰਹਿ ਸਕਦੇ ਤਾਂ ਉਸੇੇ ਤਰ੍ਹਾਂ ਵਿੱਦਿਆ ਤੇ ਸਹਿਤ ਨੂੰ ਵੀ ਫੇਰ ਦੂਸਰੇ ਦੇ ਭਰੋਸੇ ਕਿਉਂ ਛਡੋ?”
ਮੈਨੂੰ ਲੱਗਾ ਕਿ ਬਾਬਾ ਜੀ ਤੇ ਇਹੀ ਸੁਨੇਹਾ ਭਗਤ ਸਿੰਘ ਤੇ ਸਾਥੀਆਂ ਨੇ ਦਿੱਤਾ ਸੀ ਕਿ ਆਪਣੀਆਂ ਜਨਤਕ ਜਰੂਰਤਾਂ ਨੂੰ ਸਮਾਜਿਕ ਤੌਰ ‘ਤੇ ਅਡਰੈਸ ਹੋਣ ਦੀ ਅੱਜ ਬੇਹਦ ਜਰੂਰਤ ਹੈ। ਜਿੱਥੇ ਇਸ ਕਿਰਸਾਨੀ ਅੰਦੋਲਨ ਨੂੰ ਉਸ ਦੇ ਫਰੰਟ ‘ਤੇ ਮਜਬੂਤ ਰੱਖਣਾ ਜ਼ਰੂਰੀ ਹੈ ਉਸ ਦੇ ਨਾਲ ਹੀ ਪਿੰਡਾਂ ਤੇ ਮੁਹੱਲਿਆਂ ਦੀਆਂ ਤੁਰੰਤ ਜਰੂਰਤਾਂ, ਪੋਸ਼ਿਟਿਕਤਾ, ਵਿਦਿਆ ਅਤੇ ਸਿਹਤ ਲਈ ਵੀ ਲਾਮ ਬੰਦ ਕਰੀਏ । ਕਿਉਂ ਕਿ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਹਨਾਂ ਜਰੂਰਤਾਂ ਤੋਂ ਜਨਤਾ ਨੂੰ ਵਾਂਝੇ ਕਰਨ ਦੀਆਂ ਸਾਜਿਸ਼ਾਂ ਵੀ ਨਾਲ ਦੀ ਨਾਲ ਹੀ ਚਲ ਰਹੀਆਂ ਹਨ। ਇਹਨਾਂ ਖੇਤੀ ਕਾਨੂੰਨਾਂ ਰਾਹੀਂ ਪੌਸ਼ਟਕ ਖੁਰਾਕ ਜਿਵੇਂ ਪਿਆਜ, ਆਲੂ ਆਦਿ ਤਾਂ ਪਹਿਲਾਂ ਹੀ 27500 ਕਰੋੜ ਦੇ ਵਿਦੇਸ਼ਾਂ ਵਿਚ ਵੇਚ ਕੇ ਲਾਭ ਉਠਾਇਆ ਗਿਆ, ਫਿਰ ਮਹਿੰਗੇ ਭਾਅ ਘਰ ਦੀ ਮੰਡੀ ਵਿਚ ਵੇਚ ਕੇ ਜਨਤਾ ਨੂੰ ਠੱਗ ਲਿਆ। ਹੁਣ ਧੜਾ-ਧੜ ਪੌਸ਼ਟਿਕ ਬੋਇਲਡ ਚੌਲ, ਜੋ ਕਿ 60 ਫੀਸਦੀ ਲੋਕਾਂ ਦੀ ਖੁਰਾਕ ਹੈ, ਵਿਦੇਸ਼ਾਂ ਨੂੰ ਵੇਚਿਆ ਜਾ ਰਿਹਾ ਹੈ। ਸੋ ਪਿੰਡ ਵਿਚ ਪੌਸ਼ਟਿਕਤਾ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕੇ। ਅਗਰ ਅੱਜ ਬੱਚਾ ਪੌਸ਼ਟਿਕ ਖਾਣਾ ਖਾਏਗਾ ਤਾਂ ਹੀ ਬੁੱਧੀਮਾਨ ਹੋਵੇਗਾ। ਇਸੇ ਤਰ੍ਹਾਂ ਵਿੱਦਿਆ ਨੂੰ ਪੂੰਜੀਪਤੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਵਾਸਤੇ 2020 ਦੀ “ਕੌਮੀ ਵਿਦਿਆ ਨੀਤੀ” ਲਿਆਂਦੀ ਗਈ ਹੈ ਜੋ ਨੋਜਵਾਨਾਂ ਨੂੰ ਗਿਆਨ ਵਿਹੂਣੇ ਬਣਾ ਕੇ ਮਾਨਸਿਕ ਤੌਰ ‘ਤੇ ਨਪੁੰਸਕ ਕਰਨ ਦੀ ਹੀ ਚਾਲ ਹੈ। ਇਸ ਕਰਕੇ ਪਿੰਡ ਨੂੰ ਇਸ ਜਰੂਰੀ ਕੰਮ ਨੂੰ ਵੀ ਹੱਥ ਲੈਣ ਦੀ ਲੌੜ ਹੈ। ਸਿਹਤ ਵੱਲ ਵੀ ਸਰਕਾਰੀ ਬਦਨੀਤੀ ਨੂੰ ਸਮਝ ਹੀ ਗਏ ਹੋਵੋਗੇ ਕਿ ਬਿਮਾਰੀ ਦੇ ਇਲਾਜ ਲਈ ਸਰਕਾਰ ਪੇਸੈ ਨਹੀਂ ਲਗਾ ਰਹੀ ਬਲਕਿ ਟੀਕੇ ਬਨਾਉਣ ਵਾਲੀ ਕੰਪਨੀ, ਜੋ ਵਿਦੇਸ਼ੀ ਹੈ ਨੂੰ 35000 ਕਰੋੜ ਦੇਣਾ ਹੈ। ਇਸ ਕਰਕੇ ਸਿਹਤ ਨੂੰ ਵੀ ਜਨਤਕ ਪਹਿਲ ਵਿਚ ਲਿਆਉਣ ਦੀ ਲੋੜ ਹੈ। ਇਕ ਨੌਜਵਾਨ ਨੇ ਠੀਕ ਸਵਾਲ ਕੀਤਾ ਸੀ ਕਿ ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਿਵੇਂ ਕਰਾਈਏ? ਇਸ ਦਾ ਜਵਾਬ ਹੈ ਕਿ ਗਰਾਮ ਸਭਾ ਜੋ ਕਿ ਸਥਾਈ ਸੰਵਿਧਾਨਕ ਸੰਸਥਾ ਹੈ। ਜਿਸ ਦਾ ਹਰ ਇਕ ਵੋਟਰ ਪੱਕਾ ਮੈਂਬਰ ਹੈ ਉਹ ਜੇਕਰ ਇਕੱਠੇ ਬੈਠ ਕੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਜਿਵੇਂ ਪੌਸ਼ਟਿਕਤਾ ਦੀ ਲੋੜ, ਵਿੱਦਿਆ ਸਭ ਲਈ ਮੁਫਤ ਦੇ ਪ੍ਰਬੰਧ ਲਈ ਖਰਚਾ, ਸਿਹਤ ਲਈ ਖਰਚਾ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਤੇ ਖਰਚਾ। ਇਸੇ ਤਰ੍ਹਾਂ ਸ਼ਹਿਰ-ਮੁਹੱਲੇ ਵੀ ਆਪਣਾ ਖਰਚੇ ਦਾ ਵੇਰਵਾ ਬਣਾਕੇ ਸਰਕਾਰ ਤੋਂ ਮੰਗ ਕਰਨ। ਇਸ ਨਾਲ ਸਰਕਾਰੀ ਤੰਤਰ ਨੂੰ ਵੀ ਉਸ ਦੀ ਜਿੰਮੇਵਾਰੀ ਦਿਖਾਈ ਜਾ ਸਕਦੀ ਹੈ।
ਇਸ ਨਾਲ ਜਿੱਥੇ ਸਰਕਾਰ ਦੀ ਜਨਤਾ ਨੂੰ ਕਮਜੋਰ ਕਰਨ ਦੀ ਬਦਨੀਤੀ ‘ਤੇ ਰੋਕ ਲਾ ਕੇ ਜਨਤਾ ਦੇ ਇਕੱਠ ਤੇ ਸਾਂਝ ਨਾਲ ਜਵਾਬ ਦਿੱਤਾ ਜਾ ਸਕਦਾ ਹੈ।
ਭਗਤ ਸਿੰਘ ਨੇ ਇਕ ਸ਼ੇਅਰ ਨੌਜਵਾਨਾਂ ਲਈ ਕਿਹਾ ਸੀ ਯਾਦ ਰੱਖਣਾ :
ਕਮਾਲੇ ਬੁਝਦਿਲੀ ਹੈ ਆਪਣੇ ਆਪ ਕੋ ਕਮਜ਼ੋਰ ਸਮਝਣਾ
ਰਾਹ ਰੋਕਦੀਆਂ ਨੇ ਸਾਡਾ ਦੁਚਿੱਤੀਆਂ ਹਮੇਸ਼ਾ
ਨਹੀਂ ਤਾਂ ਕੌਣ ਸਾ ਕਤਰਾ ਹੈ ਜੋ ਦਰਿਆ ਬਣ ਨਹੀਂ ਸਕਦਾ
ਸੋ ਨੌਜਵਾਨਾਂ ਲਈ ਸਮਾਜ ਵਿਚ ਨਿੱਗਰ ਭੂਮਿਕਾ ਲਈ ਇਕ ਮਹਾਨ ਮੌਕਾ ਹੈ। ੳਠੋ ਸਮਾਜ ਦੇ ਭਵਿੱਖ ਦੇ ਉਸਰੱਈਏ ਬਣ ਜਾੳ।
ਸ਼ਹੀਦ ਭਗਤ ਸਿੰਘ ਦੀ ਨਜ਼ਰ ‘ਚ : ਕਿਸਾਨ ਮਸਲੇ ਤੇ ਨੌਜਵਾਨਾਂ ਦੇ ਫਰਜ਼