Category: News

  • ਜਰਨੈਲ ਸਿੰਘ ਤੇ ਮਹਿੰਦਰ ਪੱਪੀ ਦੀ ਬਰਸੀ ਮਨਾਈ

    ਜਰਨੈਲ ਸਿੰਘ ਤੇ ਮਹਿੰਦਰ ਪੱਪੀ ਦੀ ਬਰਸੀ ਮਨਾਈ


    ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦ ਜਰਨੈਲ ਸਿੰਘ ਅਤੇ ਸ਼ਹੀਦ ਮਹਿੰਦਰ ਸਿੰਘ ਪੱਪੀ ਦੀ 37ਵੀਂ ਬਰਸੀ ਮਨਾਈ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਉਸ ਵੇਲੇ ਵੀ ਗੋਡੇ ਨਹੀੰ ਟੇਕੇ ਜਦੋਂ ਸਕੂਲ ਦੇ ਬੱਚਿਆਂ ਨੂੰ ਧੱਕੇ ਨਾਲ ਵਰਦੀਆਂ ਪਵਾਈਆਂ ਜਾਂਦੀਆਂ ਸਨ, ਧੱਕੇ ਨਾਲ ਨੰਬਰ ਪਲੇਟਾਂ ਲਿਖਾਈਆਂ ਜਾਂਦੀਆਂ ਹਨ ਅਤੇ ਖ਼ੁਸ਼ੀਆਂ ਦੇ ਪ੍ਰੋਗਰਾਮ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਨ ਦਿੱਤੇ ਜਾਂਦੇ ਸਨ। ਅਜੋਕੇ ਦੌਰ ‘ਚ ਵੀ ਧੱਕੇ ਨਾਲ ਲੋਕਾਂ ਦੀ ਆਵਾਜ਼ ਬੰਦ ਕਰਵਾਈ ਜਾ ਰਹੀ ਹੈ, ਲਾਠੀਚਾਰਜ ਕੀਤੇ ਜਾ ਰਹੇ ਹਨ। ਧੱਕੇ ਨਾਲ ਐੱਸ ਆਈ ਆਰ ਦੇ ਨਾਮ ਹੇਠ ਵੋਟਾਂ ਕੱਟੀਆਂ ਜਾ ਰਹੀਆਂ ਹਨ। ਧੱਕੇ ਨਾਲ ਲੋਕਾਂ ਵਿਰੋਧੀ, ਕਿਸਾਨਾਂ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਇਸ ਦਾ ਮੁੱਲ ਹਮੇਸ਼ਾਂ ਤਾਰਨਾ ਪੈਂਦਾ ਹੈ। ਇਸ ਮੌਕੇ ਸ਼ਹੀਦੀ ਲਾਟ ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਮਾ, ਕੁਲਦੀਪ ਵਾਲੀਆ, ਜਸਬੀਰ ਸਿੰਘ ਭੋਲੀ ਆਦਿ ਵੀ ਹਾਜ਼ਰ ਸਨ।

  • ਆਰ ਐੱਮ ਪੀ ਆਈ ਨੇ ਡਾ. ਗੁਰਦਿਆਲ ਸਿੰਘ ਮੁਠੱਡਾ ਦਾ ਸ਼ਹੀਦੀ ਦਿਨ ਮਨਾਇਆ

    ਆਰ ਐੱਮ ਪੀ ਆਈ ਨੇ ਡਾ. ਗੁਰਦਿਆਲ ਸਿੰਘ ਮੁਠੱਡਾ ਦਾ ਸ਼ਹੀਦੀ ਦਿਨ ਮਨਾਇਆ

    ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਪਿੰਡ ਮੁਠੱਡਾ ਕਲਾਂ ਵਿਖੇ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 39ਵੀਂ ਬਰਸੀ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਰ ਐੱਮ ਪੀ ਆਈ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅੱਸੀਵਿਆਂ ਦੇ ਦੌਰ ਦੌਰਾਨ ਧਰਮ ਦੇ ਨਾਂ ਹੇਠ ਜਿਹੜੀ ਬੁਰਸ਼ਾਗਰਦੀ ਹੋ ਰਹੀ ਸੀ. ਉਸ ਨਾਲ ਆਮ ਲੋਕ ਭੈਅਭੀਤ ਹੋ ਗਏ ਸਨ।
    ਘੱਟ ਗਿਣਤੀਆਂ ਦੀ ਪੰਜਾਬ ‘ਚੋਂ ਹਿਜ਼ਰਤ ਸ਼ੁਰੂ ਗਈ ਸੀ, ਵਪਾਰ ਖਤਮ ਹੋ ਗਿਆ ਸੀ। ਦੂਜੇ ਪਾਸੇ ਪੁਲੀਸ ਦੀਆਂ ਜ਼ਿਆਦਤੀਆਂ ਵੱਧ ਗਈਆਂ ਸਨ। ਜਾਮਾਰਾਏ ਨੇ ਕਿਹਾ ਡਾ. ਮੁਠੱਡਾ ਦੀ ਸ਼ਹੀਦੀ ਨੇ ਲੋਕ ਪੱਖੀ ਲਹਿਰ ਨੂੰ ਹੋਰ ਵੀ ਗੂੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ‘ਚ ਵੀ ਧਰਮ ਦੇ ਨਾਂ ਹੇਠ ਪੰਜਾਬ ਦੇ ਹਲਾਤ ਖ਼ਰਾਬ ਕਰਨ ਵਾਲੇ ਪਾਸੇ ਮਹੌਲ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਮਸਲੇ ਹੱਲ੍ਹ ਕਰਨ ਦੀ ਥਾਂ ਇਨ੍ਹਾਂ ਵੱਲ ਮੂੰਹ ਕਰਨ ਲਈ ਵੀ ਪੰਜਾਬ ਦੀ ਕੋਈ ਧਿਰ ਤਿਆਰ ਨਹੀਂ ਹੈ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਕਾ ਬਣਾ ਕੇ ਕਾਲੀਆਂ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ।
    ਇਸ ਮੌਕੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਵਾਲੇ ਲੋਕਾਂ ਨੂੰ ਟੁਕੜੇ ਟੁਕੜੇ ਗੈਂਗ ਕਹਿ ਕਿ ਸਧਾਰਨ ਲੋਕਾਂ ਦਾ ਧਿਆਨ ਭਟਕਾਉਣ ਦਾ ਹੀ ਕੰਮ ਕਰ ਰਹੀਂ ਹੈ।
    ਜੰਤਰ ਮੰਤਰ ‘ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜਿਸ ਢੰਗ ਨਾਲ ਲਾਠੀਚਾਰਜ ਕੀਤਾ ਗਿਆ, ਉਸ ਨਾਲ ਮੋਦੀ ਦਾ ਚਿਹਰਾ ਹੋਰ ਨੰਗਾ ਹੋਇਆ ਹੈ। ਸੰਧੂ ਨੇ ਅੱਗੇ ਕਿਹਾ ਕਿ ਦੋ ਕਿਸਾਨ ਜਥੇਬੰਦੀਆਂ ਦਾ ਏਕਾ ਹੋ ਰਿਹਾ ਹੈ, ਜਿਸ ਸਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
    ਇਸ ਮੌਕੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੂਬਾ ਕਮੇਟੀ ਮੈਂਬਰ ਸ਼ਿਵ ਤਿਵਾੜੀ, ਨੌਜਵਾਨ ਆਗੂ ਮਨਜਿੰਦਰ ਸਿੰਘ ਢੇਸੀ ਅਤੇ ਮਨਮੋਹਣ ਸ਼ਰਮਾ ਨੇ ਵੀ ਸੰਬੋਧਨ ਕੀਤਾ।
    ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਕੁਲਦੀਪ ਕੌੜਾ, ਕੁਲਦੀਪ ਵਾਲੀਆ, ਅਮਰੀਕ ਰੁੜਕਾ, ਤਰਜਿੰਦਰ ਧਾਲੀਵਾਲ, ਰਾਮ ਨਾਥ ਦੁਸਾਂਝ, ਬਲਵਿੰਦਰ ਸਿੰਘ ਦੁਸਾਂਝ, ਬਿੱਟਾ ਭੈਣੀ, ਮਨਜੀਤ ਸੂਰਜਾ, ਜਯਬੀਰ ਭੋਲੀ, ਮੱਖਣ ਸੰਗਰਾਮੀ, ਬਲਜੀਤ ਪੀਤੂ ਤੋਂ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਕਾਰਕੁੰਨ ਹਾਜ਼ਰ ਸਨ। ਆਰੰਭ ’ਚ ਸ਼ਹੀਦੀ ਯਾਦਗਾਰ ’ਤੇ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਨਿਭਾਈ।

  • ਫਾਸ਼ੀਵਾਦੀ ਮੋਦੀ ਸਰਕਾਰ ਮਜ਼ਦੂਰ ਜਮਾਤ ਦੇ ਦੁਸ਼ਮਣ, 31 ਨੂੰ ਤਰਨ ਤਾਰਨ ਪੁੱਜਣ ਦੀ ਅਪੀਲ

    ਫਾਸ਼ੀਵਾਦੀ ਮੋਦੀ ਸਰਕਾਰ ਮਜ਼ਦੂਰ ਜਮਾਤ ਦੇ ਦੁਸ਼ਮਣ, 31 ਨੂੰ ਤਰਨ ਤਾਰਨ ਪੁੱਜਣ ਦੀ ਅਪੀਲ

    ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਭਰਵੀਂ ਮੀਟਿੰਗ ਚੀਮਾ ਖੁਰਦ ਵਿਖੇ ਗੁਰਵੇਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਸੂਬਾ ਕਮੇਟੀ ਮੈਂਬਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਤਹਿਤ ਫਾਸ਼ੀਵਾਦੀ ਰੁਝਾਨ ਰਾਹੀਂ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਤੇ ਜ਼ੁਲਮ ਕਰਕੇ ਦੇਸ਼ ਵਿੱਚ ਫਿਰਕੂ ਜਹਿਰ ਨੂੰ ਘੋਲਿਆ ਜਾ ਰਿਹਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦਾ ਮਜ਼ਦੂਰ, ਕਿਸਾਨ ਤੇ ਹੋਰ ਕਿਰਤੀ ਲੋਕ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਹਨ। ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਤੰਗ ਨਜ਼ਰੀ ਨੇ ਆਮ ਮਿਹਨਤਕਸ਼ ਲੋਕਾਂ ਨੂੰ ਤਰਸ ਦੇ ਪਾਤਰ ਬਣਾ ਦਿੱਤਾ ਹੈ। ਸਾਡੇ ਦੇਸ਼ ਆਮ ਮਜ਼ਦੂਰ ਤੋਂ ਲੈਕੇ ਦਰਮਿਆਨੇ ਤਬਕੇ ਤੱਕ ਸਭ ਲੋਕਾਂ ਨੂੰ ਬੁਰੀ ਤਰ੍ਹਾਂ ਕਰਜ਼ੇ ਦੇ ਜੰਜਾਲ ਵਿੱਚ ਫਸਾਇਆ ਹੈ।
    ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਸਾਮਰਾਜ ਦੇ ਦਬਾਅ ਤਹਿਤ ਮਹਿੰਗਾ ਡੀਜ਼ਲ ਪੈਟਰੋਲ ਗੈਸ ਖਰੀਦ ਕੇ ਸਾਡੇ ਲੋਕਾਂ ਤੇ ਮਹਿੰਗਾਈ ਦਾ ਵੱਡਾ ਬੋਝ ਪਾ ਰਹੀ ਹੈ, ਜਦੋਂ ਕਿ ਇਰਾਨ ਰੂਸ ਤੋਂ ਸਸਤਾ ਤੇਲ ਖਰੀਦਿਆ ਜਾ ਸਕਦਾ ਹੈ। ਮਜ਼ਦੂਰਾਂ ਦੇ ਹੱਕ ਦੇ ਕਾਨੂੰਨ ਤੋੜ ਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ। ਪੰਜਾਬ ਨਾਲ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਚੰਡੀਗੜ੍ਹ ਪੰਜਾਬ ਤੋਂ ਪੱਕੇ ਤੌਰ ਤੇ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਪੰਜਾਬ ਸਮੇਤ ਹੋਰ ਰਾਜਾਂ ਦੇ ਬਣਦੇ ਫੈਡਰਲ ਹੱਕ ਖੋਹੇ ਜਾ ਰਹੇ ਹਨ। ਵਿਰੋਧੀ ਪਾਰਟੀਆਂ ਦੇ ਐਮ. ਪੀ,ਐਮ ਐਲ ਏ ਖਰੀਦੇ ਤੇ ਈ ਡੀ ਰਾਹੀਂ ਡਰਾਏ ਜਾ ਰਹੇ ਹਨ। ਉਨ੍ਹਾਂ ਨੂੰ ਬੀ ਜੇ ਪੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਘਰ ਭਰਦਿਆਂ ਆਮ ਮਿਹਨਤਕਸ਼ ਲੋਕਾਂ ਦਾ ਲਹੂ ਪੀ ਰਹੀ ਹੈ।
    ਸਾਡੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਅਪਣਾ ਕੇ ਕਿਰਤੀਆਂ ਦੀ ਲੁੱਟ ਦੇ ਰਾਹ ਪਈ ਹੈ। ਹੱਕ ਮੰਗਦੇ ਲੋਕਾਂ ਤੇ ਖੁੱਲ੍ਹ ਕੇ ਪੁਲੀਸ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਮੌਕੇ ਜਰਨੈਲ ਸਿੰਘ ਰਸੂਲਪੁਰ ਨੇ ਦੱਸਿਆ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਤਰਨ ਤਾਰਨ ਵਿਖੇ ਮਨਾਇਆ ਜਾ ਰਿਹਾ ਅਤੇ ਪੰਜ ਅਗਸਤ ਨੂੰ ਮਜ਼ਦੂਰਾਂ ਦੀਆਂ ਜਥੇਬੰਦੀਆਂ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਸ਼ਾਲ ਇਕੱਠ ਕੀਤਾ ਜਾ ਰਿਹਾ, ਜਿਸ ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮੀਨਾ ਕੌਰ ਸਰਪੰਚ ਚੀਮਾ ਖੁਰਦ, ਦਿਲਜੀਤ ਕੌਰ, ਮਨਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

  • 31ਜੁਲਾਈ ਨੂੰ ਮਨਾਇਆ ਜਾਵੇਗਾ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ

    31ਜੁਲਾਈ ਨੂੰ ਮਨਾਇਆ ਜਾਵੇਗਾ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ


    ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਮੀਟਿੰਗ ਰਸੂਲਪੁਰ ਵਿਖੇ ਜਰਨੈਲ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ।
    ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਅਤੇ ਜ਼ਿਲ੍ਹਾ ਸਕੱਤਰੇਤ ਮੈਂਬਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਭਾਜਪਾ ਦੀ ਮੋਦੀ ਸਰਕਾਰ ਕਾਰਪੋਰੇਟਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਅਤੇ ਦੇਸ਼ ਦੀ ਪਰੱਭੂਸੱਤਾ ਨੂੰ ਅਮਰੀਕਨ ਸਾਮਰਾਜ ਕੋਲ ਗਹਿਣੇ ਧਰਕੇ ਦੇਸ ਦੇ ਹਿੱਤਾ ਨੂੰ ਨੁਕਸਾਨ ਪਹੁਚਾ ਰਹੀ ਹੈ। ਇਹਨਾਂ ਆਗੂਆਂ ਨੇ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ. ਜਾਂ ਸੰਘ) ਵਲੋਂ ਫਿਰਕੂ ਤੇ ਜਾਤੀਵਾਦੀ ਵੰਡ ਤਿੱਖੀ ਕਰਨ ਲਈ ਦੇਸ਼ ਭਰ ‘ਚ ਮੁਸਲਮਾਨ ਤੇ ਈਸਾਈ ਘੱਟ ਗਿਣਤੀ ਵਸੋਂ ਅਤੇ ਦਲਿਤਾਂ ਦੇ ਕੀਤੇ ਜਾ ਰਹੇ ਘਿਨੌਣੇ ਕਤਲਾਂ, ਇਨ੍ਹਾਂ ਖਿਲਾਫ ਕੀਤੇ ਜਾ ਰਹੇ ਵਿਉਂਤਬੱਧ ਨਫਰਤੀ ਕੂੜ ਪ੍ਰਚਾਰ ਅਤੇ ਸਮਾਜਿਕ ਜਬਰ ਤੇ ਵਿਤਕਰੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮਨੂੰਵਾਦੀ ਸ਼ਾਸ਼ਨ ਪੱਧਤੀ ਲਾਗੂ ਕਰਨ ਲਈ ਸੰਘ ਪ੍ਰੀਵਾਰ ਦੇ ਗੁਰਗੇ ਔਰਤਾਂ ਖ਼ਿਲਾਫ਼ ਦੇਸ਼ ਭਰ ‘ਚ ਹੌਲਨਾਕ ਜ਼ੁਲਮ ਕਮਾ ਰਹੇ ਹਨ। ਉਹਨਾਂ ਕਿਹਾ ਕਿ ਸੰਘ-ਭਾਜਪਾ ਅਤੇ ਮੋਦੀ ਸਰਕਾਰ ਸਭਨਾਂ ਦੇ ਸਾਂਝੇ ਉਦਾਰ ਭਾਰਤ ਨੂੰ ਧਰਮ ਅਧਾਰਤ, ਕੱਟੜ-ਪਿਛਾਖੜੀ, ਗੈਰ ਲੋਕਰਾਜੀ ਰਾਸ਼ਟਰ ‘ਚ ਤਬਦੀਲ ਕਰਨਾ ਚਾਹੁੰਦੇ ਹਨ। ਆਪਣੇ ਇਸ ਮਕਸਦ ਲਈ ਇਨ੍ਹਾਂ ਖਰੂਦੀ ਟੋਲਿਆਂ ਵਲੋਂ ਦੇਸ਼ ਦੇ ਮੌਜੂਦਾ ਸੰਵਿਧਾਨ, ਭਾਰਤ ਦੇ ਲੋਕਰਾਜੀ, ਧਰਮ ਨਿਰਪੱਖ, ਫੈਡਰਲ ਢਾਂਚੇ ਅਤੇ ਸੰਵਿਧਾਨਕ ਤੇ ਜਮਹੂਰੀ ਸੰਸਥਾਵਾਂ ਦਾ ਗਿਣ-ਮਿਥ ਕੇ ਘਾਣ ਕੀਤਾ ਜਾ ਰਿਹਾ ਹੈ।
    ਉਹਨਾਂ ਕਿਹਾ ਕਿ ਆਰ.ਐੱਸ.ਐੱਸ. ਤੇ ਭਾਜਪਾ ਦੀਆਂ ਪੰਜਾਬ ਦੀ ਸੱਤਾ ‘ਤੇ ਕਬਜ਼ਾ ਜਮਾਉਣ ਦੀਆਂ ਕੁਚਾਲਾਂ ਨੂੰ ਭਾਂਜ ਦੇਣ ਲਈ ਸਿਆਸੀ ਤੇ ਜਨਤਕ ਘੋਲ ਹੋਰ ਪ੍ਰਚੰਡ ਕੀਤੇ ਜਾਣਗੇ। ਜਾਮਾਰਾਏ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਤਰਨ ਤਾਰਨ ਤਹਿਸੀਲ ਵਲੋਂ ਮਨਾਇਆ ਜਾਵੇਗਾ।
    ਇਸ ਮੌਕੇ ਲਖਵਿੰਦਰ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਗੁਰਪ੍ਰੀਤ, ਜਸਵਿੰਦਰ ਕੌਰ, ਜੋਗਿੰਦਰ ਕੌਰ, ਨਰਿੰਦਰ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਗੁਲਜ਼ਾਰ ਸਿੰਘ, ਗਰਮੇਜ਼ ਸਿੰਘ, ਗੋਰਾ ਗਾਇਕ ਰਸੂਲਪੁਰ, ਜੈ ਗੁਰਦੇਵ ਸਿੰਘ, ਬਲਜਿੰਦਰ ਕੌਰ, ਨਿਸ਼ਾਨ ਸਿੰਘ, ਪੰਜਾਬ ਸਿੰਘ ਆਦਿ ਹਾਜ਼ਰ ਸਨ।

  • ਪੁਲਸ ਤਸ਼ੱਦਦ ਤੇ ਸੰਘੀ ਗੁੰਡਾਗਰਦੀ ਖਿਲਾਫ 23 ਤੋਂ 30 ਜੁਲਾਈ ਤੱਕ ਪਿੰਡਾਂ-ਸ਼ਹਿਰਾਂ ‘ਚ ਪੁਤਲੇ ਫੂਕ ਮੁਜ਼ਾਹਰੇ ਕਰਨ ਦਾ ਦਿੱਤਾ ਸੱਦਾ

    ਪੁਲਸ ਤਸ਼ੱਦਦ ਤੇ ਸੰਘੀ ਗੁੰਡਾਗਰਦੀ ਖਿਲਾਫ 23 ਤੋਂ 30 ਜੁਲਾਈ ਤੱਕ ਪਿੰਡਾਂ-ਸ਼ਹਿਰਾਂ ‘ਚ ਪੁਤਲੇ ਫੂਕ ਮੁਜ਼ਾਹਰੇ ਕਰਨ ਦਾ ਦਿੱਤਾ ਸੱਦਾ

    ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.), ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕ੍ਰੇਸੀ, ਸੀ.ਪੀ.ਆਈ. (ਐਮ.ਐਲ.) ਲਿਬ੍ਰੇਸ਼ਨ ਤੇ ਐਮ.ਸੀ.ਪੀ.ਆਈ.-ਯੂ. ਨੇ ਬੀਤੇ ਕਲ੍ਹ ਨਵੀਂ ਦਿੱਲੀ ਪੁਲਸ ਵਲੋਂ ਅੰਦੋਲਨਕਾਰੀ ਨੌਜਵਾਨਾਂ, ਖਾਸ ਕਰਕੇ ਲੜਕੀਆਂ ‘ਤੇ ਢਾਹੇ ਵਹਿਸ਼ੀਆਨਾ ਜਬਰ ਵਿਰੁੱਧ 23 ਤੋਂ 30 ਜੁਲਾਈ ਤੱਕ ਪਿੰਡਾਂ-ਸ਼ਹਿਰਾਂ ‘ਚ ਭਰਵੇਂ ਇਕੱਠ ਕਰਕੇ ਮੋਦੀ ਸਰਕਾਰ ਤੇ ਸੰਘ-ਭਾਜਪਾ ਦੇ ਪੁਤਲੇ ਫੂਕੇ ਜਾਣ ਦਾ ਐਲਾਨ ਕੀਤਾ ਹੈ। ਉਕਤ ਰੋਸ ਐਕਸ਼ਨਾਂ ਦੌਰਾਨ ਪ੍ਰਾਂਤ ਦੀਆਂ ਬਾਕੀ ਖੱਬੀਆਂ ਪਾਰਟੀਆਂ ਨੂੰ ਵੀ ਨਾਲ ਲੈਣ ਦੇ ਸਿਰਤੋੜ ਯਤਨ ਕੀਤੇ ਜਾਣਗੇ।
    ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਚੌੰਹਾਂ ਪਾਰਟੀਆਂ ਦੇ ਸੂਬਾਈ ਆਗੂਆਂ ਪਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ ਸਮਰਾ, ਰਾਜਬਿੰਦਰ ਸਿੰਘ ਰਾਣਾ ਤੇ ਕਿਰਨਜੀਤ ਸਿੰਘ ਸੇਖੋਂ ਨੇ ਦਿੱਤੀ ਹੈ।
    ਆਗੂਆਂ ਨੇ ਕਿਹਾ ਹੈ ਕਿ ਪੁਲਸ ਦੇ ਨਾਲ ਮਿਲ ਕੇ ਨੌਜਵਾਨਾਂ ‘ਤੇ ਕਹਿਰ ਢਾਹੁਣ ਵਾਲੇ ਸੰਘ ਪ੍ਰੀਵਾਰ ਦੇ ਗੁਰਗਿਆਂ, ਜਿਨ੍ਹਾਂ ਚੋਂ ਬਹੁਤਿਆਂ ਦੀ ਬਾਖੂਬੀ ਪਛਾਣ ਕੀਤੀ ਜਾ ਚੁੱਕੀ ਹੈ, ਵਿਰੁੱਧ ਕਾਨੂੰਨ ਦੀਆਂ ਬਣਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ।
    ਆਗੂਆਂ ਨੇ ਸੈਂਕੜਿਆਂ ਦੀ ਗਿਣਤੀ ‘ਚ ਪ੍ਰੀਖਿਆ ਪਰਚੇ ਲੀਕ ਹੋਣੋਂ ਨਾਕਾਮ ਰਹਿਣ ਵਾਲੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਫੌਰੀ ਅਸਤੀਫੇ ਦੀ ਮੰਗ ਵੀ ਕੀਤੀ ਹੈ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ‘ਚ ਰਾਜ ਕਰਦੀ ਧਿਰ ਦੇ ਬਾਰਸੂਖ਼ ਆਗੂ ਤੇ ਨੌਕਰਸ਼ਾਹ ਪਰਚਾ ਲੀਕ ਮਾਫੀਆ ਨਾਲ ਮਿਲੇ ਹੋਏ ਹਨ।
    ਖੱਬੇ ਪੱਖੀ ਆਗੂਆਂ ਨੇ ਪ੍ਰਾਂਤ ਵਾਸੀਆਂ ਨੂੰ ਉਕਤ ਰੋਸ ਐਕਸ਼ਨਾਂ ‘ਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

  • ਆਰ ਐੱਮ ਪੀ ਆਈ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ

    ਆਰ ਐੱਮ ਪੀ ਆਈ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ


    ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਪਿੰਡ ਮੁਠੱਡਾ ਕਲਾਂ ਦੇ ਚੌਂਕ ‘ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ‘ਚ ਵਿਦਿਆਰਥੀਆਂ ਉਪਰ ਕੀਤੇ ਵਹਿਸ਼ੀਆਨਾਂ ਲਾਠੀਚਾਰਜ ਅਤੇ ਇਸ ਤੋਂ ਪਹਿਲਾ ਸੋਨਮ ਵਾਗਚੁੱਕ ਨੂੰ ਜਿਸ ਢੰਗ ਨਾਲ ਚੁੱਕ ਲਿਆ ਗਿਆ, ਉਸ ਨਾਲ ਆਮ ਲੋਕਾਂ ਦੀ ਆਵਾਜ਼ ਬੰਦੀ ਦਾ ਕੰਮ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਰਹੀ ਹੈ ਕਿ ਦੇਸ਼ ਦਾ ਸਿੱਖਿਆ ਮੰਤਰੀ ਅਸਤੀਫ਼ਾ ਦੇਵੇ ਕਿਉਂਕਿ ਨੀਟ ਦੀ ਪ੍ਰੀਖਿਆ ਦੌਰਾਨ ਨਕਲ ਹੋਈ ਅਤੇ ਵੀਂਹ ਦੇ ਕਰੀਬ ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ। ਦਿੱਲੀ ਦੀ ਉਕਤ ਘਟਨਾ ਤੋਂ ਬਿਨ੍ਹਾਂ ਬੰਗਾਲ ‘ਚ ਜਿਓਤੀ ਬਾਸੂ ਦੀ ਯਾਦਗਰ ਬਣਾਉਣ ਲਈ ਪੈਸੇ ਇਕੱਠੇ ਕਰ ਰਹੇ ਲੋਕਾਂ ਉਪਰ ਉਥੋਂ ਦੀ ਸਰਕਾਰ ਦੀ ਸ਼ਹਿ ‘ਤੇ ਕਾਤਲਾਨਾ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਰਾਹੁਲ ਸੰਕਰਤਾਇਣ ਦੇ ਬੁੱਤ ਨੂੰ ਨੁਕਸਾਨ ਪੁਚਾਏ ਜਾਣ ਦੀ ਘਟਨਾ ਵੀ ਵਾਪਰੀ ਹੈ।
    ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਤੇ ਸ਼ਿਵ ਤਿਵਾੜੀ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਕੁਲਦੀਪ ਕੌੜਾ ਤੋਂ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਕਾਰਕੁੰਨ ਹਾਜ਼ਰ ਸਨ।

  • 17 ਜੁਲਾਈ ਨੂੰ ਰੋਸ ਧਰਨਾ ਦੇਣ ਦਾ ਐਲਾਨ

    17 ਜੁਲਾਈ ਨੂੰ ਰੋਸ ਧਰਨਾ ਦੇਣ ਦਾ ਐਲਾਨ


    ਰਈਆ: ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ ਪੀ ਐਮ ਓ) ਦੀ ਸਥਾਨਕ ਤਹਿਸੀਲ ਇਕਾਈ ਵੱਲੋਂ 17 ਜੁਲਾਈ 2026 ਨੂੰ ਪੁਲਿਸ ਥਾਣਾ ਖਿਲਚੀਆਂ ਸਾਹਮਣੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ। ਮੰਚ ਦੇ ਸੂਬਾਈ ਕਨਵੀਨਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾਈ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ ਨੇ ਦੱਸਿਆ ਕਿ ਸਥਾਨਕ ਥਾਣੇ ਦੀ ਪੁਲਿਸ ਰਾਜ ਕਰਦੀ ਧਿਰ ਦੇ ਦਬਾਅ ਹੇਠ ਕੰਮ ਕਰਦਿਆਂ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀ।
    ਪਿਛਲੇ ਦਿਨੀਂ ਮੰਚ ਦੇ ਆਗੂਆਂ ਦਾ ਵੱਡਾ ਵਫਦ ਥਾਣਾ ਮੁਖੀ ਨੂੰ ਮਿਲਿਆ ਅਤੇ ਅਤੀ ਜਾਇਜ਼ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਸੀ ਅਤੇ ਥਾਣਾ ਮੁਖੀ ਨੇ ਇੱਕ ਹਫਤੇ ਵਿੱਚ ਸਾਰੇ ਮਸਲੇ ਹੱਲ ਕਰਨ ਦਾ ਯਕੀਨ ਦਿਵਾਇਆ ਸੀ ਪਰ ਮਸਲੇ ਜਿਉਂ ਦੇ ਤਿਉਂ ਹਨ। ਆਗੂਆਂ ਨੇ ਕਿਹਾ ਕਿ 17 ਜੁਲਾਈ ਨੂੰ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ ਜੋ ਮਸਲਿਆਂ ਦੇ ਹੱਲ ਤੱਕ ਜਾਰੀ ਰਹੇਗਾ।

  • “ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ” ਨੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਕੀਤਾ ਮੁਕੰਮਲ ਸਮਰਥਨ

    “ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ” ਨੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਕੀਤਾ ਮੁਕੰਮਲ ਸਮਰਥਨ


    ਹੁਸ਼ਿਆਰਪੁਰ: “ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ” (ਪਸਸਫ- 1406, 22 ਬੀ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਲੰਘੀ 8 ਜੁਲਾਈ ਤੋਂ ਜਾਰੀ ਪੰਜਾਬ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਧਾਰੀ ਮੁਜ਼ਰਮਾਨਾ ਚੁੱਪ ਅਤੇ ਸਰਕਾਰ ਦੀਆਂ ਹੜਤਾਲ ਤੋੜੂ ਸਾਜਿਸ਼ਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਰਾਣਾ, ਬਾਸੀ ਤੇ ਬਾਜਵਾ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਅਤਿ ਵਾਜਬ ਮੰਗਾਂ ਫੌਰੀ ਮੰਨੇ ਜਾਣ ਦਾ ਐਲਾਨ ਕਰੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਲਈ ਆਗੂਆਂ ਨਾਲ ਬਿਨਾਂ ਦੇਰੀ ਮੀਟਿੰਗ ਕੀਤੀ ਜਾਵੇ।
    ਆਗੂਆਂ ਨੇ ਫੈਡਰੇਸ਼ਨ ਦਾ ਨਾਂ ਵਰਤ ਕੇ ਹੜਤਾਲ ਦਾ ਵਿਰੋਧ ਕਰਨ ਵਾਲੇ ਕੁੱਝ ਅਨਸਰਾਂ ਦੀਆਂ ਘੋਲ ਵਿਰੋਧੀ ਕਾਰਵਾਈਆਂ ਦਾ ਜ਼ੋਰਦਾਰ ਖੰਡਨ ਕਰਦੇ ਹੋਏ, ਇਨ੍ਹਾਂ ਲੋਕਾਂ ਜਥੇਬੰਦੀ ਦੇ ਨਾਂ ਨੂੰ ਬੱਟਾ ਲਾਉਣ ਤੋਂ ਗੁਰੇਜ ਕਰਨ ਦੀ ਸਖ਼ਤ ਤਾੜਨਾ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਅਜਿਹੇ ਵਿਅਕਤੀਆਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਅਤੇ ਫੈਡਰੇਸ਼ਨ ਨਾ ਕੇਵਲ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਮੁਕੰਮਲ ਸਮਰਥਨ ਕਰ ਰਹੀ ਹੈ, ਬਲਕਿ ਹੜਤਾਲ ਦੌਰਾਨ ਕੀਤੇ ਜਾ ਰਹੇ ਐਕਸ਼ਨਾਂ ‘ਚ ਵੀ ਆਗੂਆਂ ਵਲੋਂ ਹਰ ਜਿਲ੍ਹੇ ‘ਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ।
    ਆਗੂਆਂ ਨੇ ਹੜਤਾਲ ਤੋਂ ਬਾਹਰ ਰਹਿ ਰਹੇ ਆਮ ਸਫਾਈ ਸੇਵਕਾਂ ਨੂੰ ਸੰਘਰਸ਼ ‘ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ, ਪੰਜਾਬ ਵਾਸੀਆਂ ਨੂੰ ਹੜਤਾਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਅਤੇ ਹੜਤਾਲੀ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਇਕ-ਦੂਜੇ ਦੇ ਵਿਰੁੱਧ ਖੜ੍ਹਾ ਕਰਨ ਦੀਆਂ ਸਰਕਾਰੀ ਕੁਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ ਹੈ।

  • ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿਖੇ ਵਿਦਿਆਰਥੀਆਂ ਦੇ ਕੈਂਪ ਦੇ 10ਵੇ ਦਿਨ “ਇਤਿਹਾਸਕ ਪਦਾਰਥ” ਵਿਸ਼ੇ ‘ਤੇ ਹੋਇਆ ਸੈਮੀਨਾਰ

    ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿਖੇ ਵਿਦਿਆਰਥੀਆਂ ਦੇ ਕੈਂਪ ਦੇ 10ਵੇ ਦਿਨ “ਇਤਿਹਾਸਕ ਪਦਾਰਥ” ਵਿਸ਼ੇ ‘ਤੇ ਹੋਇਆ ਸੈਮੀਨਾਰ

    ਜੋਧਾਂ: ਗੁਰੂ ਗੋਬਿੰਦ ਸਿੰਘ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀਆ ਦੇ ਲੱਗੇ ਕੈਂਪ ਦੇ 10ਵੇਂ ਦਿਨ “ਇਤਿਹਾਸਕ ਪਦਾਰਥ” ਵਿਸ਼ੇ ‘ਤੇ ਕੀਤੇ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰਸਟੀ ਕਾ. ਮੰਗਤ ਰਾਮ ਪਾਸਲਾ ਨੇ ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿਖੇ ਸੰਬੋਧਨ ਕਰਦਿਆਂ ਆਖਿਆ ਕਿ ਕਿਸੇ ਸਮਾਜ ਨੂੰ ਬਦਲਣ ਲਈ ਪਦਾਰਥਕ ਕਾਰਨ ਅਸਰ ਕਰਦੇ ਹਨ। ਉਹਨਾਂ ਆਖਿਆ ਕਿ ਇਤਿਹਾਸਕ ਪਦਾਰਥਵਾਦ ਇਹ ਦੱਸਦਾ ਹੈ ਕਿ ਮਨੁੱਖੀ ਇਤਿਹਾਸ ਕਿਸੇ ਰਾਜੇ-ਮਹਾਰਾਜੇ ਦੀ ਮਰਜ਼ੀ ਜਾਂ ਰੱਬੀ ਖੇਡ ਨਾਲ ਨਹੀਂ ਬਦਲਦਾ, ਸਗੋਂ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ ਦਾ ਉਤਪਾਦਨ ਕਿਵੇਂ ਕਰਦਾ ਹੈ ਅਤੇ ਉਸ ਆਰਥਿਕ ਪ੍ਰਣਾਲੀ ਵਿੱਚ ਸ਼ਕਤੀ ਕਿਸਦੇ ਹੱਥ ਵਿੱਚ ਹੈ। ਉਹਨਾਂ ਕਿਹਾ ਕਿ ਮਾਰਕਸ ਅਨੁਸਾਰ, ਕਿਸੇ ਵੀ ਸਮਾਜ ਵਿੱਚ ਵਿਚਾਰ, ਰਾਜਨੀਤੀ, ਧਰਮ ਜਾਂ ਕਾਨੂੰਨ ਉਦੋਂ ਤੱਕ ਪੈਦਾ ਨਹੀਂ ਹੋ ਸਕਦੇ ਜਦੋਂ ਤੱਕ ਮਨੁੱਖ ਦੀਆਂ ਮੁਢਲੀਆਂ ਭੌਤਿਕ ਲੋੜਾਂ ਜਿਵੇਂ ਰੋਟੀ, ਕੱਪੜਾ ਅਤੇ ਮਕਾਨ ਪੂਰੀਆਂ ਨਹੀਂ ਹੁੰਦੀਆਂ। ਇਸ ਲਈ, ਸਮਾਜ ਨੂੰ ਸਮਝਣ ਲਈ ਉਸਦੀ ਆਰਥਿਕ ਪ੍ਰਣਾਲੀ ਨੂੰ ਸਮਝਣਾ ਜ਼ਰੂਰੀ ਹੈ। ਇਸ ਮੌਕੇ ਆਏ ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ‘ਤੇ ਸਵਾਲ ਜਵਾਬ ਵੀ ਕੀਤੇ ਗਏ। ਇਸ ਮੌਕੇ ਅਮਰਪ੍ਰੀਤ ਸਿੰਘ ਗੁੱਜਰਵਾਲ ਨੇ ਸਟੇਜ ਦੀ ਕਾਰਵਾਈ ਚਲਾਈ। ਸੈਮੀਨਾਰ ਤੋਂ ਉਪਰੰਤ ਆਏ ਮਹਿਮਾਨਾਂ ਕਾ. ਮੰਗਤ ਰਾਮ ਪਾਸਲਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਘਵੀਰ ਸਿੰਘ ਬੈਨੀਪਾਲ ਦਾ ਕਮੇਟੀ ਮੈਂਬਰਾਂ ਪਰਮਜੀਤ ਸਿੰਘ ਗਰੇਵਾਲ, ਡਾ. ਮਨਦੀਪ ਕੌਰ ਰਾਏ, ਲਾਈਬ੍ਰੇਰੀਅਨ ਲਵਪ੍ਰੀਤ ਕੌਰ, ਹਰਨੇਕ ਸਿੰਘ ਗੁੱਜਰਵਾਲ ਅਤੇ ਮਦਨ ਲਾਲ ਸ਼ਰਮਾ ਵਲੋਂ ਸਨਮਾਨ ਵੀ ਕੀਤਾ ਗਿਆ।

  • ਦੋ ਜਥੇਬੰਦੀਆਂ ਦੀ ਏਕਤਾ ਕਾਨਫ਼ਰੰਸ ਨਾਲ ਕਿਸਾਨ ਲਹਿਰ ਨੂੰ ਮਿਲੇਗਾ ਉਤਸ਼ਾਹ

    ਦੋ ਜਥੇਬੰਦੀਆਂ ਦੀ ਏਕਤਾ ਕਾਨਫ਼ਰੰਸ ਨਾਲ ਕਿਸਾਨ ਲਹਿਰ ਨੂੰ ਮਿਲੇਗਾ ਉਤਸ਼ਾਹ

    ਫਿਲੌਰ: ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਇਥੋਂ ਦੇ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਏਕਤਾ ਹੋਣ ਜਾ ਰਹੀ ਹੈ। ਜਿਸ ਤਹਿਤ ਮਹਾਸਭਾ ਦੀ ਕੌਮੀ ਕਾਨਫ਼ਰੰਸ ਜਲੰਧਰ ਵਿਖੇ ਆਯੋਜਿਤ ਕੀਤੀ ਜਾਵੇਗੀ। ਸੰਧੂ ਨੇ ਕਿਹਾ ਕਿ ਏਕਤਾ ਹੋਣ ਨਾਲ ਕਿਸਾਨ ਲਹਿਰ ਨੂੰ ਭਰਵਾਂ ਹੁੰਗਾਰਾ ਮਿਲੇਗਾ ਅਤੇ ਇਸ ਨਾਲ ਲਾਜ਼ਮੀ ਚੰਗੇ ਨਤੀਜੇ ਮਿਲਣਗੇ। ਮਨੋਹਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਬਾਰੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ ਕੌਮੀ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਮੁਖ ਜ਼ਿੰਮੇਵਾਰੀ ਜ਼ਿਲ੍ਹਾ ਜਲੰਧਰ ਦੀ ਕਿਸਾਨ ਸਭਾ ਸਿਰ ਹੋਵੇਗੀ, ਜਿਸ ਤਹਿਤ ਸਤੰਬਰ ‘ਚ ਹੋਣ ਵਾਲੀ ਇਸ ਕਾਨਫ਼ਰੰਸ ਲਈ ਚੱਲਣ ਵਾਲੀਆਂ ਤਿਆਰੀਆਂ ਦੀ ਰੁਪ ਰੇਖਾ ਵੀ ਤੈਅ ਕਰ ਲਈ ਗਈ ਹੈ। ਇਸ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਕੁਲਦੀਪ ਫਿਲੌਰ, ਮੇਜਰ ਖੁਰਲਾਪੁਰ, ਸਰਬਜੀਤ ਸੰਗੋਵਾਲ ਤੋਂ ਇਲਾਵਾ ਨਕੋਦਰ, ਸ਼ਾਹਕੋਟ, ਮਲਸੀਆ, ਮਹਿਤਪੁਰ ਅਤੇ ਜਲੰਧਰ ਤੋਂ ਵੀ ਕਿਸਾਨ ਨੁਮਾਇੰਦੇ ਇਸ ਮੀਟਿੰਗ ਦੌਰਾਨ ਹਾਜ਼ਰ ਸਨ।

  • ਜਮਹੂਰੀ ਕਿਸਾਨ ਸਭਾ ਨੇ ਅਜਨਾਲਾ ਇਲਾਕੇ ਦੇ ਕਿਸਾਨਾਂ 22 ਜੁਲਾਈ ਦੇ ਐਕਸ਼ਨ ‘ਚ ਪੁੱਜਣ ਦਾ ਦਿੱਤਾ ਸੱਦਾ

    ਜਮਹੂਰੀ ਕਿਸਾਨ ਸਭਾ ਨੇ ਅਜਨਾਲਾ ਇਲਾਕੇ ਦੇ ਕਿਸਾਨਾਂ 22 ਜੁਲਾਈ ਦੇ ਐਕਸ਼ਨ ‘ਚ ਪੁੱਜਣ ਦਾ ਦਿੱਤਾ ਸੱਦਾ

    ਅਜਨਾਲਾ: ਮੋਦੀ ਸਰਕਾਰ ਵਲੋਂ ਜਿਹੜਾ ਅਮਰੀਕਾ ਦੀ ਟਰੰਪ ਸਰਕਾਰ ਨਾਲ ‘ਕਰ ਮੁਕਤ ਵਪਾਰ’ ਸਮਝੌਤਾ ਕੀਤੈ, ਨੂੰ ਰੱਦ ਕਰਵਾਉਣ ਲਈ ਅਤੇ ਪੰਜਾਬ ਸਰਕਾਰ ਦੀ ਨਵੀਂ ਕਿਸਾਨ ਵਿਰੋਧੀ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਲਈ ਉੱਠ ਰਹੀ ਲੋਕ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਇਥੇ ਜਮੂਹਰੀ ਕਿਸਾਨ ਸਭਾ ਪੰਜਾਬ ਦੀ ਭਰਵੀਂ ਮੀਟਿੰਗ ਸੀਨੀਅਰ ਕਿਸਾਨ ਆਗੂ ਟਹਿਲ ਸਿੰਘ ਚੇਤਨਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿੱਥੇ ਇਹਨਾਂ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਕਰ ਮੁਕਤ ਵਪਾਰ ਸਮਝੌਤੇ ਹੋਣ ਨਾਲ ਸਾਡੇ ਦੇਸ਼ ਦੀ ਖੇਤੀ ਤਬਾਹ ਹੋ ਜਾਵੇਗੀ, ਅੰਨ ਸੁਰੱਖਿਆ ਖ਼ਤਰੇ ਵਿਚ ਪੈ ਜਾਵੇਗੀ ਅਤੇ ਪ੍ਰਚੂਨ ਵਪਾਰ ਨੂੰ ਡਾਢੀ ਸੱਟ ਵੱਜੇਗੀ। ਇਸੇ ਤਰ੍ਹਾਂ ਭਗਵੰਤ ਮਾਨ ਵੱਲੋਂ ਲਿਆਂਦੀ ਗਈ ਨਵੀਂ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਅਤੇ ਕਰ ਮੁਕਤ ਵਪਾਰ ਵਿੱਚੋਂ ਖੇਤੀ ਕਿੱਤੇ ਨੂੰ ਬਾਹਰ ਰੱਖਣ ਲਈ 22 ਜੁਲਾਈ ਨੂੰ ਛਿੱਡਣ, ਜੰਡਿਆਲਾ ਗੁਰੂ ਤੇ ਕੱਥੂਨੰਗਲ ਸਮੇਤ ਪੰਜਾਬ ਭਰ ਦੇ ਟੌਲ ਪਲਾਜੇ 12 ਤੋਂ 3 ਵਜੇ ਸ਼ਾਮ ਤੱਕ ਫ੍ਰੀ ਰੱਖੇ ਜਾਣਗੇ ਤੇ ਇਹਨਾਂ ਟੌਲ ਪਲਾਜ਼ਿਆਂ ਉੱਪਰ ਕੀਤੇ ਜਾ ਰਹੇ ਮੁਜ਼ਾਹਰਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਿਲ ਹੋਣਗੇ। ਕਿਸਾਨ ਸਭਾ ਦੇ ਆਗੂਆਂ ਸੁਰਜੀਤ ਸਿੰਘ ਭੂਰੇ ਗਿੱਲ, ਬਲਕਾਰ ਸਿੰਘ ਗੁਲਗੜ੍ਹ ਤੇ ਰਜਿੰਦਰ ਸਿੰਘ ਭੱਲਾ ਪਿੰਡ ਨੇ ਮੀਟਿੰਗ ਚ ਇਹ ਵੀ ਦੱਸਿਆ ਕਿ ਇਹਨਾਂ ਮੁਜ਼ਾਹਰਿਆਂ ਵਿੱਚ ਬਿਜਲੀ ਬਿੱਲ ਤੇ ਬੀਜ ਬਿੱਲ 2026 ਨੂੰ ਵਾਪਿਸ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਰੱਦ ਕਰਵਾਉਣ, ਬਾਸਮਤੀ ਸਮੇਤ ਸਮੂਹ ਫਸਲਾਂ ਦੀ ਐੱਮ ਐੱਸ ਪੀ ਤੇ ਕਾਨੂੰਨੀ ਗਰੰਟੀ ਲੈਣ ਲਈ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇ। ਮੀਟਿੰਗ ਚ ਸੀਨੀਅਰ ਮਜ਼ਦੂਰ ਆਗੂ ਗੁਰਨਾਮ ਸਿੰਘ ਉਮਰਪੁਰਾ ਨੇ ਸਰਕਾਰਾਂ ਕੋਲੋਂ ਮੰਗ ਕੀਤੀ ਕਿ 12 ਘੰਟੇ ਦੀ ਬਜਾਏ ਦਿਹਾੜੀ 8 ਘੰਟੇ ਕੀਤੀ ਜਾਵੇ ਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡਾਂ ਰੱਦ ਕੀਤੀਆਂ ਜਾਣ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ 20 ਸਤੰਬਰ ਨੂੰ ਜਲੰਧਰ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਕਿਸਾਨ ਵੱਧ ਚੜ੍ਹ ਕੇ ਸ਼ਾਮਿਲ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਸ਼ਪਾਲ ਸਿੰਘ ਸਾਹੋਵਾਲ, ਜਤਿੰਦਰ ਸਿੰਘ ਜਾਫਰਕੋਟ, ਸਤਨਾਮ ਸਿੰਘ ਚੱਕ ਔਲ, ਰੇਸ਼ਮ ਸਿੰਘ ਅਜਨਾਲਾ, ਸਾ. ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਜਥੇਦਾਰ ਤਸਬੀਰ ਸਿੰਘ ਹਾਸਮਪੁਰਾ, ਪ੍ਰੀਤਮ ਸਿੰਘ ਟਨਾਣਾਂ, ਗੁਰਦੇਵ ਸਿੰਘ ਗੱਗੋਮਾਹਲ, ਗੌਰਵ, ਸਤਪਾਲ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਸਿੰਘ, ਸੂਰਤਾ ਸਿੰਘ ਚੱਕ ਔਲ ਆਦਿ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।

  • ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ

    ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ


    ਰਈਆ: ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਇਕਾਈ ਬਾਬਾ ਬਕਾਲਾ ਸਾਹਿਬ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨਾਂ ਦੀ ਜਨਰਲ ਬਾਡੀ ਮੀਟਿੰਗ ਸਥਾਨਕ ਕਸਬੇ ਅੰਦਰ ਸਵਿੰਦਰ ਸਿੰਘ ਖਹਿਰਾ ਅਤੇ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਰਕੁੰਨ ਸ਼ਾਮਿਲ ਹੋਏ। ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਅਜਨਾਲਾ ਨੇ ਕਿਹਾ ਕਿ ਦੇਸ਼ ਅੰਦਰ ਦੋ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਪੰਜਾਬ ਅੰਦਰ ਜਮਹੂਰੀ ਕਿਸਾਨ ਸਭਾ ਅਤੇ ਦੇਸ਼ ਪੱਧਰ ਉੱਤੇ ਕੁੱਲ ਹਿੰਦ ਕਿਸਾਨ ਮਹਾਸਭਾ ਦੇ ਝੰਡੇ ਹੇਠ ਕਿਸਾਨ ਲਹਿਰ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦਾ ਸੁਹਿਰਦ ਲੋਕਾਂ ਵੱਲੋਂ ਬਹੁਤ ਵੱਡੀ ਪੱਧਰ ਤੇ ਸਵਾਗਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੋਹਾਂ ਜਥੇਬੰਦੀਆਂ ਦੇ ਰਲੇਵੇਂ ਨਾਲ ਪੰਜਾਬ ਦੀ ਕਿਸਾਨ ਲਹਿਰ ਨੂੰ ਬਹੁਤ ਵੱਡਾ ਹੁੰਗਾਰਾ ਮਿਲੇਗਾ ਅਤੇ ਏਕਤਾ ਦੇ ਅਮਲ ਲਈ 20 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਿਸਾਨਾਂ ਦਾ ਵੱਡਾ ਇਕੱਠ ਕਰਕੇ 21 ਸਤੰਬਰ ਤੱਕ ਆਲ ਇੰਡੀਆ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ 15 ਰਾਜਾਂ ਤੋਂ ਡੈਲੀਗੇਟ ਹਿੱਸਾ ਲੈਣਗੇ। ਉਹਨਾਂ ਜਮਹੂਰੀ ਕਿਸਾਨ ਸਭਾ, ਭਰਾਤਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ, ਵਰਕਰਾਂ ਨੂੰ ਅੱਜ ਤੋਂ ਹੀ ਇਸ ਕਾਰਜ ਨੂੰ ਨੇਪਰੇ ਚਾੜਨ ਦੀ ਅਪੀਲ ਕੀਤੀ। ਸਭਾ ਦੇ ਆਗੂਆਂ, ਕਾਰਕੁਨਾਂ ਵੱਲੋਂ ਮੌਕੇ ਤੇ ਡੇਢ ਲੱਖ ਰੁਪਏ ਫੰਡ ਇਸ ਕਾਰਜ ਲਈ ਦੇਣ ਦਾ ਐਲਾਨ ਕੀਤਾ।

    ਸਭਾ ਦੇ ਸੂਬਾ ਆਗੂ ਗੁਰਮੇਲ ਸਿੰਘ ਤਿੰਮੋਵਾਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ, ਮਜ਼ਦੂਰ ਨੀਤੀਆਂ ਖਿਲਾਫ 22 ਜੁਲਾਈ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਸਥਿਤ ਨਿਜਰਪੁਰਾ ਅਤੇ ਢਿਲਵਾਂ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ ਅਤੇ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਦੇ ਖਿਲਾਫ 17 ਜੁਲਾਈ ਨੂੰ ਪੁਲਿਸ ਥਾਣਾ ਖਿਲਚੀਆਂ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਦਿੱਤਾ ਜਾਵੇਗਾ।

    ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਜਮਹੂਰੀ ਕਿਸਾਨ ਸਭਾ ਦੇ ਹਰ ਕੰਮ ਵਿੱਚ ਸਹਿਯੋਗ ਦੇਣ ਦਾ ਐਲਾਨ ਕੀਤਾ ਅਤੇ ਪੰਜ ਅਗਸਤ ਨੂੰ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

    ਇਸ ਮੌਕੇ ਦੋਹਾਂ ਸਭਾਵਾਂ ਦੇ ਸੂਬਾ ਆਗੂਆਂ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਹਰਪ੍ਰੀਤ ਸਿੰਘ ਬੁਟਾਰੀ ਨੇ ਤੈਅ ਕੀਤੇ ਕਾਰਜਾਂ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਭਰੋਸਾ ਦਿਵਾਇਆ। ਸਾਥੀ ਬਲਦੇਵ ਸਿੰਘ ਸੈਦਪੁਰ ਨੇ ਆਏ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕੀਤੇ ਹੋਏ ਫੈਸਲੇ ਲਾਗੂ ਕਰਨ ਦੀ ਬੇਨਤੀ ਕੀਤੀ।

  • ਲੋਕ ਜਾਗਰੂਕ ਮੁਹਿੰਮ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਕੀਤੀ ਲਾਮਬੰਦੀ

    ਲੋਕ ਜਾਗਰੂਕ ਮੁਹਿੰਮ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਕੀਤੀ ਲਾਮਬੰਦੀ


    ਤਰਨਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਵਲੋਂ ਮਾਨੋਚਾਹਲ ਵਿਖੇ ਲੋਕ ਜਾਗਰੂਕ ਮੁਹਿੰਮ ਤਹਿਤ ਭਰਵੀਆਂ ਮੀਟਿੰਗਾਂ ਕੀਤੀਆਂ ਗਈਆ। ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ । ਪਾਰਟੀ ਦਾ ਮੰਨਣਾ ਹੈ ਕਿ ਇਹ ਨੀਤੀਆਂ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਆਮ ਨਾਗਰਿਕਾਂ ਦੇ ਹਿੱਤਾਂ ਨੂੰ ਗੰਭੀਰ ਰੂਪ ਵਿੱਚ ਠੇਸ ਪਹੁੰਚਾ ਰਹੀਆਂ ਹਨ।
    ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਪਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ, ਖਾਸ ਕਰਕੇ ਮਹਿੰਗਾਈ ਅਤੇ ਵੱਧ ਰਹੀ ਬੇਰੁਜ਼ਗਾਰੀ, ਆਮ ਲੋਕਾਂ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਰਹੀਆਂ ਹਨ। ਇਹਨਾਂ ਆਗੂਆਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਗਿਆ ਕਿ ਉਹ ਕਿਸਾਨਾਂ ਦੇ ਮੁੱਦਿਆਂ, ਖੇਤੀਬਾੜੀ ਸੰਕਟ ਅਤੇ ਉਦਯੋਗਿਕ ਬੰਦਸ਼ਾਂ ਵਰਗੇ ਗੰਭੀਰ ਸਵਾਲਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਪਾਰਟੀ ਨੇ ਇਨ੍ਹਾਂ ਨੀਤੀਆਂ ਨੂੰ “ਪੂੰਜੀਵਾਦੀ ਅਤੇ ਸ਼ੋਸ਼ਣਕਾਰੀ” ਕਰਾਰ ਦਿੰਦੇ ਹੋਏ ਮੰਗ ਕੀਤੀ ਕਿ ਤੁਰੰਤ ਸਮਾਜਿਕ ਸੁਰੱਖਿਆ ਉਪਾਅ ਲਾਗੂ ਕੀਤੇ ਜਾਣ ਅਤੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਤਰਜੀਹ ਦਿੱਤੀ ਜਾਵੇ।
    ਪਾਰਟੀ ਆਗੂਆਂ ਨੇ ਐਲਾਨ ਕੀਤਾ ਕਿ ਅਗਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸੂਬੇ ਭਰ ਵਿੱਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਆਮ ਲੋਕਾਂ ਨੂੰ ਇਸ ਵਿਰੋਧੀ ਲਹਿਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਨਾ ਮੀਟਿੰਗਾਂ ਨੂੰ ਕੁਲਦੀਪ ਸਿੰਘ ਮਾਣੋਚਾਹਲ, ਦਰਸ਼ਨ ਸਿੰਘ, ਗੁਰਮੀਤ ਸਿੰਘ, ਅੰਗਰੇਜ ਸਿੰਘ, ਸੁਖਦੇਵ ਸਿੰਘ ਜਵੰਦਾ, ਸੁਰਿੰਦਰ ਸਿੰਘ ਖਬੇ, ਸਾਹਿਬ ਸਿੰਘ, ਸੁਖਦੇਵ ਸਿੰਘ ਮੈਂਬਰ, ਮੰਗਲ ਸਿੰਘ ਜਵੰਦਾ, ਮਾਈਪਾਲ ਸਿੰਘ ਠੱਠੀਆਂ, ਗੁਰਵਿੰਦਰ ਸਿੰਘ ਠੱਠੀਆਂ ਨੇ ਸੰਬੋਧਨ ਕੀਤਾ। ਇਹਨਾਂ ਵੱਖ ਵੱਖ ਮੀਟਿੰਗਾਂ ਵਿੱਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਮੌਕੇ ਤਰਨ ਤਾਰਨ ਕੀਤੇ ਜਾ ਰਹੇ ਸੈਮੀਨਾਰ ਪਹੁੰਚਣ ਦਾ ਸੱਦਾ ਦਿੱਤਾ।

  • ਜਵੰਦਾ ਕਲਾਂ ਵਿੱਚ ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਹੋਈ

    ਜਵੰਦਾ ਕਲਾਂ ਵਿੱਚ ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਹੋਈ

    ਤਰਨ ਤਾਰਨ: ਪਿੰਡ ਜਵੰਦਾ ਕਲਾਂ ਵਿਖੇ ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਾਂਝੀ ਮੀਟਿੰਗ ਸਰਿੰਦਰ ਸਿੰਘ ਖੱਬਾ, ਨੌਜਵਾਨ ਆਗੂ ਸੁਖਦੇਵ ਸਿੰਘ ਜਵੰਦਾ ਦੀ ਪ੍ਰਧਾਨਗੀ ‘ਚ ਕਰਵਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਆਗੂ ਪਰਗਟ ਸਿੰਘ ਜਾਮਾਰਾਏ, ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਨੌਜਵਾਨਾਂ ਦੇ ਆਗੂ ਸੁਖਦੇਵ ਸਿੰਘ, ਮੰਗਲ ਸਿੰਘ ਜਵੰਦਾ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਅਤੇ ਭਾਰਤ ਅਮਰੀਕਾ ਮੁਕਤ ਵਪਾਰਕ ਸਮਝੌਤੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 22 ਜੁਲਾਈ ਨੂੰ ਟੌਲ ਫ੍ਰੀ ਕੀਤੇ ਜਾ ਰਹੇ ਹਨ। ਜਿਸ ‘ਚ ਵੱਡੀ ਗਿਣਤੀ ਵਿਚ ਆਮ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਤਾਂ ਜੋ ਕੇੰਦਰ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਇਆ ਜਾ ਸਕੇ।
    ਮੀਟਿੰਗ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੁੜੇ ਅਹਿਮ ਮਸਲਿਆਂ, ਖੇਤੀ ਸੰਕਟ, ਨੌਜਵਾਨਾਂ ਦੇ ਰੁਜ਼ਗਾਰ, ਨਸ਼ਿਆਂ ਦੇ ਵਧ ਰਹੇ ਪ੍ਰਭਾਵ ਅਤੇ ਸਮਾਜਿਕ ਏਕਤਾ ਵਰਗੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਹਰ ਪਿੰਡ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਜਨ-ਮੁੱਦਿਆਂ ਲਈ ਲਾਮਬੰਦ ਕੀਤਾ ਜਾਵੇਗਾ।
    ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਮਹੂਰੀ ਅਧਿਕਾਰਾਂ ਦੀ ਰੱਖਿਆ, ਕਿਸਾਨੀ ਦੀਆਂ ਮੰਗਾਂ ਅਤੇ ਨੌਜਵਾਨਾਂ ਦੇ ਭਵਿੱਖ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।
    ਅੰਤ ਵਿੱਚ ਸਭਾ ਵਲੋਂ ਭਵਿੱਖ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਵੀ ਉਲੀਕੀ ਗਈ। ਇਸ ਮੌਕੇ ਸੱਜਣ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਮੰਗਲ ਸਿੰਘ, ਸਾਹਿਬ ਸਿੰਘ, ਸਕੱਤਰ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਸਿਮਰਨਜੀਤ ਸਿੰਘ, ਰਵੀਸੇ਼ਰ ਸਿੰਘ, ਤਰਨਵੀਰ ਸਿੰਘ, ਧਨਵੰਤ ਸਿੰਘ, ਕੁਲਵਿੰਦਰ ਸਿੰਘ, ਰੇਸ਼ਮ ਸਿੰਘ, ਹਰਜਿੰਦਰ ਸਿੰਘ, ਅੰਗਰੇਜ ਸਿੰਘ, ਨਰਿੰਦਰ ਸਿੰਘ, ਲੱਖਾ ਸਿੰਘ, ਸਰਬਜੀਤ ਸਿੰਘ, ਸਰਜੀਤ ਸਿੰਘ, ਤਰਸੇਮ ਸਿੰਘ, ਸਰਵਣ ਸਿੰਘ, ਸੁਖਦੇਵ ਸਿੰਘ, ਪ੍ਰਗਟ ਸਿੰਘ ਹਾਜ਼ਰ ਸਨ।

  • ਮੁੱਖ ਮੰਤਰੀ ਦੇ ਜਲੰਧਰ ਵਾਲੇ ਘਰ ਤੱਕ ਰੋਸ ਮੁਜ਼ਾਹਰਾ ਕਰਨ ਦੀਆਂ ਤਿਆਰੀਆਂ ਜ਼ੋਰਾਂ ‘ਤੇ

    ਮੁੱਖ ਮੰਤਰੀ ਦੇ ਜਲੰਧਰ ਵਾਲੇ ਘਰ ਤੱਕ ਰੋਸ ਮੁਜ਼ਾਹਰਾ ਕਰਨ ਦੀਆਂ ਤਿਆਰੀਆਂ ਜ਼ੋਰਾਂ ‘ਤੇ


    ਤਰਨ ਤਾਰਨ: ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਕਮੇਟੀ ਤਰਨ ਤਾਰਨ ਦੀ ਮੀਟਿੰਗ ਜਸਬੀਰ ਸਿੰਘ ਵੈਰੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੇ ਫ਼ੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ 5 ਅਗਸਤ ਵਾਲੇ ਦਿਨ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦੇ ਜਲੰਧਰ ਵਾਲੇ ਘਰ ਤੱਕ ਵਿਸ਼ਾਲ ਮਾਰਚ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਤਰਨਤਾਰਨ ਨੂੰ ਤਿੰਨ ਜੋਨਾਂ ਵਿੱਚ ਵੰਡਿਆ ਗਿਆ ਹੈ, ਇਸ ਮਜ਼ਦੂਰ ਰੈਲੀ ਵਿੱਚ ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਜਿਵੇਂ ਕਿ ਮਨਰੇਗਾ ਸਕੀਮ ਦਾ ਪਹਿਲਾ ਸਰੂਪ ਬਹਾਲ ਰੱਖਣਾ ਤੇ ਉਸ ਦੀ ਦਿਹਾੜੀ 700 ਰੁਪਏ ਕਰਨਾ, ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਸਾਰਾ ਸਾਲ ਕੰਮ ਦੇਣਾ, ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਘੱਟੋ-ਘੱਟ 5 ਹਜ਼ਾਰ ਰੁਪਏ ਕਰਨ ਵਰਗੇ ਅਹਿਮ ਮੁੱਦੇ ਉਭਾਰੇ ਜਾਣਗੇ, ਇਸ ਵਿਸ਼ਾਲ ਰੈਲੀ ਪ੍ਰਤੀ ਮਜ਼ਦੂਰ ਵਰਗ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
    ਮੀਟਿੰਗ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਜਸਵੰਤ ਸਿੰਘ ਭਿੱਖੀਵਿੰਡ, ਜਰਨੈਲ ਸਿੰਘ ਰਸੂਲਪੁਰ, ਜੋਗਿੰਦਰ ਸਿੰਘ ਖਡੂਰ ਸਾਹਿਬ, ਨਛੱਤਰ ਸਿੰਘ ਧੁੜ, ਕਮਲਜੀਤ ਕੌਰ ਨਸ਼ਹਿਰਾ, ਪਰਮਜੀਤ ਸਿੰਘ ਗੰਡੀਵਿੰਡ, ਦਿਆਲ ਸਿੰਘ ਲੋਹਕਾ, ਚੰਦ ਸਿੰਘ ਤੂਤ ਆਦਿ ਹਾਜ਼ਰ ਸਨ।

  • ਜਗਦੀਸ਼ ਚੰਦਰ ਲੁਧਿਆਣਾ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਕਲਸੀ ਰਾਏਕੋਟ ਵਿੱਤ ਸਕੱਤਰ ਚੁਣੇ

    ਜਗਦੀਸ਼ ਚੰਦਰ ਲੁਧਿਆਣਾ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਕਲਸੀ ਰਾਏਕੋਟ ਵਿੱਤ ਸਕੱਤਰ ਚੁਣੇ

    ਸ਼ਾਹਪੁਰ ਕੰਢੀ: ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦੀ ਛੇਵੀਂ ਦੋ ਦਿਨਾਂ ਸੂਬਾਈ ਜਥੇਬੰਦਕ ਕਾਨਫਰੰਸ ਵਿੱਚ ਪੰਜਾਬ ਭਰ ਦੇ ਡੈਲੀਗੇਸ਼ਨ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਜਗਤ ਮਾਲਾਮਾਲ ਕਰਨ ਵਾਲੀਆਂ ਆਰਥਿਕ ਨੀਤੀਆਂ ਤੇ ਭਾਰਤ ਅਮਰੀਕਾ ਇਕਤਰਫਾ ਵਪਾਰਕ (ਐਫ ਟੀ ਏ) ਸਮਝੌਤਾ ਭਾਰਤ ਦੀ ਮਜ਼ਦੂਰ ਜਮਾਤ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰੇਗਾ। ਚਾਰ ਲੇਬਰ ਕੋਡ ਤੇ ਕੰਮ ਦੇ ਘੰਟੇ ਵਧਾਉਣ ਦਾ ਮਤਲਬ ਮਜ਼ਦੂਰਾਂ ਨੂੰ ਗੁਲਾਮ ਬਣਾਉਣਾ ਹੈ। ਮੋਦੀ ਸਰਕਾਰ ਨੇ ਪਹਿਲਾਂ ਕਿਰਤ ਕਾਨੂੰਨਾਂ ਨੂੰ ਖਤਮ ਕੀਤਾ ਅਤੇ ਹੁਣ ਗਰੀਬਾਂ ਤੋਂ ਵੋਟ ਦਾ ਅਧਿਕਾਰ ਵੀ ਖੋਹਣ ਜਾ ਰਹੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਲਾਗੂ ਕਰ ਰਹੀ ਹੈ।

    ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਵੱਲੋਂ ਪੇਸ਼ ਰੀਪੋਰਟ ਕੀਤੀ ਉੱਪਰ ਡੈਲੀਗੇਟ ਸਾਥੀਆਂ ਨੇ ਬਹਿਸ ਵਿਚ ਹਿੱਸਾ ਲੈਂਦਿਆ ਘਾਟਾਂ ਕਮਜ਼ੋਰੀਆਂ ਦੂਰ ਕਰਕੇ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਸੰਘਰਸ਼ ਨੂੰ ਤਿੱਖਾ ਕਰਨ ਲਈ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਬਹਿਸ ਉਪਰੰਤ ਰੀਪੋਰਟ ਨੂੰ ਸਰਵਸੰਮਤੀ ਨਾਲ ਕੀਤਾ ਗਿਆ।
    ਇਕ ਵਿਸ਼ੇਸ਼ ਮਤਾ ਜੰਗ ਨਹੀਂ ਅਮਨ ਚਾਹੀਏ, ਲੇਬਰ ਕੋਡ ਰੱਦ ਕਰੋ ਪੁਰਾਣੇ ਕਿਰਤ ਕਾਨੂੰਨ ਬਹਾਲ ਕਰੋ, ਸਿਹਤ ਸਿੱਖਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ, ਠੇਕੇਦਾਰੀ ਸਿਸਟਮ ਬੰਦ ਕਰੋ ਕੱਚੇ ਕਾਮੇ ਪੱਕੇ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ, ਸਾਰੇ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਮਿਲਣਾ ਯਕੀਨੀ ਕਰੋ, ਦੇਸ਼ ਵਿਰੋਧੀ ਅਮਰੀਕਾ-ਭਾਰਤ ਵਪਾਰ ਸਮਝੌਤਾ ਰੱਦ ਕਰੋ ਅਤੇ ਫਿਰਕੂ ਨਫ਼ਰਤ ਬੰਦ ਕਰੋ ਭਾਈਚਾਰਕ ਸਾਂਝ ਮਜ਼ਬੂਤ ਕਰੋ ਆਦਿ ਮਤੇ ਪਾਸ ਕਰਕੇ ਸੰਘਰਸ਼ ਦੀ ਨਿਸ਼ਾਨਦੇਹੀ ਕੀਤੀ।

    ਸੀ ਟੀ ਯੂ ਪੰਜਾਬ ਦੀ ਨਵੀਂ ਟੀਮ ਦੀ ਚੋਣ ਕੀਤੀ ਜਿਸ ਵਿਚ ਕਾਮਰੇਡ ਜਗਦੀਸ਼ ਚੰਦਰ ਲੁਧਿਆਣਾ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਕਲਸੀ ਰਾਏਕੋਟ ਵਿੱਤ ਸਕੱਤਰ, ਕਾਮਰੇਡ ਨੱਥਾ ਸਿੰਘ ਢਡਵਾਲ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਮੰਗਤ ਰਾਮ ਪਾਸਲਾ, ਸੱਜਣ ਸਿੰਘ, ਜਸਵੰਤ ਸਿੰਘ ਸੰਧੂ, ਧਿਆਨ ਸਿੰਘ ਠਾਕੁਰ, ਗੰਗਾ ਪ੍ਰਸਾਦ, ਹਰੀਮੁਨੀ ਸਿੰਘ ਮੀਤ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਸਕੱਤਰ, ਮਾਸਟਰ ਸੁਭਾਸ਼ ਸ਼ਰਮਾ, ਲਾਲ ਚੰਦ ਮਾਨਸਾ, ਕਿਰਪਾਲ ਸਿੰਘ ਗਿੱਲ, ਜਗਤਾਰ ਸਿੰਘ ਕਰਮਪੁਰਾ, ਅਮਰਜੀਤ ਘਨੌਰ, ਸਰਬਜੀਤ ਸਿੰਘ ਵੜੈਚ, ਬਲਰਾਮ ਸਿੰਘ ਲੁਧਿਆਣਾ, ਜਗੀਰ ਸਿੰਘ ਬਟਾਲਾ ਆਦਿ ਜਾਇੰਟ ਸਕੱਤਰ ਅਹੁਦੇਦਾਰਾਂ ਸਮੇਤ 50 ਮੈਂਬਰੀ ਸੂਬਾਈ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ।
    ਚੋਣ ਉਪਰੰਤ ਕੇਂਦਰ ਤੇ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਤੇ ਨੀਤੀਗਤ ਫ਼ੈਸਲਿਆਂ ਖਿਲਾਫ ਸੀ ਟੀ ਯੂ ਪੰਜਾਬ ਆਜ਼ਾਦਾਨਾ ਤੇ ਪੰਜਾਬ ਦੀਆਂ ਹੋਰ ਮਜ਼ਦੂਰ ਪੱਖੀ ਟਰੇਡ ਯੂਨੀਅਨਾਂ ਨਾਲ ਮਿਲ ਕੇ ਸਾਂਝੇ ਸੰਘਰਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

  • ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ਪੁਸਤਕ ’ਤੇ ਵਿਚਾਰ-ਚਰਚਾ 31 ਜੁਲਾਈ ਨੂੰ

    ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ਪੁਸਤਕ ’ਤੇ ਵਿਚਾਰ-ਚਰਚਾ 31 ਜੁਲਾਈ ਨੂੰ


    ਜਲੰਧਰ: ਗ਼ਦਰ ਲਹਿਰ ਅਤੇ ਆਜ਼ਾਦੀ ਦੀ ਅੱਖੋਂ ਪਰੋਖੇ ਕੀਤੀ ਗਈ ਇਨਕਲਾਬੀ ਲਹਿਰ ਦੇ ਚਮਕਦੇ ਸਿਤਾਰੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ (31 ਜੁਲਾਈ 1940) ਨੂੰ ਸਿਜਦਾ ਕਰਦੇ ਹੋਏ 31 ਜੁਲਾਈ ਦਿਨ ਸ਼ੁੱਕਰਵਾਰ ਬਾਅਦ ਦੁਪਹਿਰ ਠੀਕ 2:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਚਾਰ-ਚਰਚਾ ਸਮਾਗਮ ਕੀਤਾ ਜਾ ਰਿਹਾ ਹੈ।
    ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਜੁਲਾਈ ਨੂੰ ਹੋ ਰਹੇ ਇਸ ਸਮਾਗਮ ’ਚ ਉੱਘੇ ਵਿਦਵਾਨ, ਲੇਖਕ ਅਤੇ ਰੰਗ ਕਰਮੀ ਸ਼ਮਸੁਲ ਇਸਲਾਮ ਦੁਆਰਾ ਰਚਿਤ ਪੁਸਤਕ ‘ਭਾਰਤ-ਵੰਡ ਵਿਰੋਧੀ ਮੁਸਲਮਾਨ’ (ਦੇਸ਼-ਪ੍ਰੇਮੀ ਮੁਸਲਮਾਨਾਂ ਦੀ ਅਣਕਹੀ ਦਾਸਤਾਨ) ਉਪਰ ਗੰਭੀਰ ਵਿਚਾਰ-ਚਰਚਾ ਹੋਏਗੀ।
    ਇਸ ਵਿਚਾਰ-ਚਰਚਾ ਦੇ ਮੁੱਖ ਵਕਤਾ ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ ਹੋਣਗੇ ਅਤੇ ਉਹਨਾਂ ਤੋਂ ਇਲਾਵਾ ਹੋਰਨਾਂ ਬੁੱਧੀਜੀਵੀਆਂ, ਇਤਿਹਾਸਕਾਰਾਂ, ਲੇਖਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੋ ਆਪਣੇ ਅਨਮੋਲ ਵਿਚਾਰਾਂ ਨਾਲ ਇਸ ਵਿਚਾਰ-ਚਰਚਾ ਨੂੰ ਹੋਰ ਵੀ ਸਾਰਥਕ ਬਣਾਉਣਗੇ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

  • ਸੀ ਟੀ ਯੂ ਦੀ ਸੂਬਾ ਪੱਧਰੀ ਜਥੇਬੰਦਕ ਕਾਨਫ਼ਰੰਸ 11-12 ਜੁਲਾਈ ਨੂੰ

    ਸੀ ਟੀ ਯੂ ਦੀ ਸੂਬਾ ਪੱਧਰੀ ਜਥੇਬੰਦਕ ਕਾਨਫ਼ਰੰਸ 11-12 ਜੁਲਾਈ ਨੂੰ


    ਪਠਾਨਕੋਟ: ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦੀ ਛੇਵੀਂ ਸੂਬਾਈ ਕਾਨਫਰੰਸ 11-12 ਜੁਲਾਈ 2026 ਨੂੰ ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਸ਼ਾਹਪੁਰ ਕੰਡੀ ਵਿਖੇ ਹੋ ਰਹੀ ਹੈ। ਕਾਨਫਰੰਸ ਦੀ ਮੁਕੰਮਲ ਤਿਆਰੀ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਹਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੀ ਟੀ ਯੂ ਪੰਜਾਬ ਨਾਲ ਐਫੀਲੇਟਡ ਮਜ਼ਦੂਰ ਯੂਨੀਅਨਾਂ ਦੇ ਚੂਨੰਦਾ ਆਗੂ ਡੈਲੀਗੇਟ ਪਹੁੰਚਣਗੇ। ਕਾਨਫਰੰਸ ਦੇ ਪਹਿਲੇ ਦਿਨ 11 ਜੁਲਾਈ ਨੂੰ ਮੁੱਖ ਬੁਲਾਰੇ ਟਰੇਡ ਯੂਨੀਅਨ ਦੇ ਉਘੇ ਆਗੂ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ ਦੇ ਮੁੱਖ ਆਗੂ ਛੇਵੀਂ ਸੂਬਾਈ ਕਾਨਫਰੰਸ ਨੂੰ ਭਰਾਤਰੀ ਸੰਦੇਸ਼ ਦੇਣ ਲਈ ਉਚੇਚ ਨਾਲ ਪਹੁੰਚ ਰਹੇ ਹਨ।
    ਕਾਨਫਰੰਸ ਵਿੱਚ ਮਜ਼ਦੂਰਾਂ ਨਾਲ ਜੁੜੇ ਮੁੱਦਿਆਂ ਚਾਰ ਲੇਬਰ ਕੋਡ ਰੱਦ ਕਰਨ, ਮਿਨੀਮਮ ਵੇਜ ਵਿੱਚ ਸੋਧ ਕਰਨ, ਬਾਰਾ ਘੰਟੇ ਕੰਮ ਲੈਣ ਲਈ ਜਾਰੀ ਨੋਟੀਫਿਕੇਸ਼ਨ ਰੱਦ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਤੇ ਕੱਚੇ ਕਾਮੇ ਪੱਕੇ ਕਰਨ, ਆਸ਼ਾ ਵਰਕਰ ਮਿਡ-ਡੇ-ਮੀਲ ਆਂਗਣਵਾੜੀ ਵਰਕਰ ਚੌਕੀਦਾਰਾਂ ਸਮੇਤ ਹੋਰ ਸਾਰੇ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇਣਾ ਯਕੀਨੀ ਬਣਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਮੰਗਾਂ ਉੱਪਰ ਚਰਚਾ ਕਰਨ ਉਪਰੰਤ ਸਾਂਝੇ ਸੰਘਰਸ਼ ਵਿਡਣ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਉੱਥੇ ਡੈਲੀਗੇਟ ਅਜਲਾਸ ਦੌਰਾਨ ਸੱਤਾਧਾਰੀ ਰਾਜਸੀ ਪਾਰਟੀਆਂ ਵੱਲੋਂ ਆਮ ਲੋਕਾਂ ਨੂੰ ਦਰਪੇਸ਼ ਆਰਥਿਕ ਕਾਣੀ ਵੰਡ, ਸਮਾਜਿਕ ਨਾ ਬਰਾਬਰੀ, ਰਾਜਨੀਤਕ ਅਤੇ ਵਿਚਾਰਧਾਰਕ ਹੋ ਰਹੇ ਹਮਲਿਆਂ ਖ਼ਿਲਾਫ਼ ਵੀ ਮਿਲ ਬੈਠਕੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਬਣਦਾ ਵਿਰੋਧ ਕੀਤਾ ਜਾਵੇਗਾ।
    ਉਨ੍ਹਾਂ ਅੱਗੇ ਦੱਸਿਆ ਕਿ ਡੈਲੀਗੇਟ ਸਾਥੀਆਂ ਦੀ ਰਹਾਇਸ਼ ਤੇ ਖਾਣੇ ਦੀ ਵਿਵਸਥਾ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।

  • ਜਮਹੂਰੀ ਕਿਸਾਨ ਸਭਾ ਦੇ ਵਫ਼ਦ ਵਲੋਂ ਪਾਵਰਕੌਮ ਦੇ ਚੀਫ਼ ਇੰਜੀਨੀਅਰ ਨਾਲ ਕੀਤੀ ਮੁਲਾਕਾਤ

    ਜਮਹੂਰੀ ਕਿਸਾਨ ਸਭਾ ਦੇ ਵਫ਼ਦ ਵਲੋਂ ਪਾਵਰਕੌਮ ਦੇ ਚੀਫ਼ ਇੰਜੀਨੀਅਰ ਨਾਲ ਕੀਤੀ ਮੁਲਾਕਾਤ

    ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਵਫ਼ਦ ਵਲੋਂ ਪਾਵਰਕੌਮ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨਾਲ ਉਹਨਾਂ ਦੇ ਦਫ਼ਤਰ ਵਿੱਚ ਸੁਰਜੀਤ ਸਿੰਘ ਸੀਲੋ ਅਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਅਗਵਾਈ ਵਿੱਚ ਮੁਲਾਕਾਤ ਕਰਕੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਸੰਬੰਧੀ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਦੀ ਮੰਗ ਨੂੰ ਲੈ ਕੇ ਮਿਲਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਇਲਾਕਾ ਕਮੇਟੀ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟ੍ਰਾਸਫਾਰਮਰ ਓਵਰਲੋਡ ਹੋਣ ਕਾਰਨ ਦੂਰ ਵਾਲੀਆਂ ਮੋਟਰਾਂ ‘ਤੇ ਪੂਰੀ ਲਾਈਟ ਨਹੀਂ ਪਹੁੰਚਦੀ, ਜਿਸ ਕਾਰਨ ਮੋਟਰਾਂ ਸੜ੍ਹ ਜਾਂਦੀਆਂ ਹਨ। ਜਿਸ ਕਾਰਨ ਕਿਸਾਨਾਂ ਦਾ ਸਮਾਂ ‘ਤੇ ਪੈਸਾ ਖ਼ਰਾਬ ਹੁੰਦਾ ਹੈ। ਉਹਨਾਂ ਕਿਹਾ ਕਿ ਜਿਹੜੇ ਟ੍ਰਾਸਫਾਰਮਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਦੇ ਪਾਸ ਹੋਏ ਹਨ, ਉਹਨਾਂ ਨੂੰ ਜਲਦੀ ਨਾਲ ਕਿਸਾਨਾਂ ਦੀਆਂ ਮੋਟਰਾਂ ‘ਤੇ ਲਗਾਇਆ ਜਾਵੇ। ਬਾਕੀ ਟਰਾਂਸਫਾਰਮਰਾਂ ਨੂੰ ਅੰਡਰ ਲੋਡ ਕੀਤਾ ਜਾਵੇ। ਪਿਛਲੇ ਦਿਨੀਂ ਕਈ ਇਲਾਕਿਆਂ ਵਿੱਚ ਆਈ ਤੇਜ਼ ਹਵਾ ਕਾਰਨ ਟੁੱਟੇ ਖੰਬਿਆਂ ਤੇ ਤਾਰਾਂ ਦੀ ਰੀਪੇਅਰ ਕਰਕੇ ਬਿਜਲੀ ਦੀ ਸਪਲਾਈ ਚਾਲੂ ਕੀਤੀ ਜਾਵੇ। ਜਿੱਥੇ ਕਿਤੇ ਘਰੇਲੂ ਸਪਲਾਈ ਬੰਦ ਹੈ ਉਸ ਨੂੰ ਵੀ ਚਾਲੂ ਕੀਤਾ ਜਾਵੇ। ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫ਼ਤਰ ਸਕੱਤਰ ਨਛੱਤਰ ਸਿੰਘ, ਤਰਲੋਚਨ ਸਿੰਘ ਘੁੰਗਰਾਣਾ, ਉਦਯੋਗਪਤੀ ਜਸਵੰਤ ਸਿੰਘ ਵੀ ਹਾਜ਼ਰ ਸਨ।

  • 20-21 ਸਤੰਬਰ ਨੂੰ ਜਲੰਧਰ ਵਿੱਚ ਦੇਸ਼ ਪੱਧਰੀ ਕਾਨਫਰੰਸ ਕਰਕੇ ਏਕਤਾ ਦਾ ਅਮਲ ਹੋਵੇਗਾ ਮੁਕੰਮਲ

    20-21 ਸਤੰਬਰ ਨੂੰ ਜਲੰਧਰ ਵਿੱਚ ਦੇਸ਼ ਪੱਧਰੀ ਕਾਨਫਰੰਸ ਕਰਕੇ ਏਕਤਾ ਦਾ ਅਮਲ ਹੋਵੇਗਾ ਮੁਕੰਮਲ

    ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਸਰਵਨ ਸਿੰਘ ਚੀਮਾ ਭਵਨ ਗੜ੍ਹਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਇਕ ਹੋਰ ਕਿਸਾਨ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਨਾਲ ਚੱਲ ਰਹੇ ਏਕਤਾ ਦੇ ਅਮਲ ਸਬੰਧੀ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਸੂਬਾ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਜਿਸ ਨਾਲ ਹੁਣ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਆਪਣੇ ਏਕਤਾ ਦੇ ਅਮਲ ਨੂੰ ਨੇਪਰੇ ਚੜਾਉਣ ਲਈ ਰਾਹ ਪੱਧਰਾ ਹੋ ਗਿਆ। ਡਾ. ਅਜਨਾਲਾ ਨੇ ਅੱਗੇ ਆਖਿਆ ਕਿ ਦੋਨੋਂ ਜਥੇਬੰਦੀਆਂ ਸਾਂਝੇ ਤੌਰ ‘ਤੇ 20-21 ਸਤੰਬਰ ਨੂੰ ਜਲੰਧਰ ਵਿੱਚ ਦੇਸ਼ ਪੱਧਰੀ ਕਾਨਫਰੰਸ ਕਰਕੇ ਇਸ ਏਕਤਾ ਦੇ ਅਮਲ ਨੂੰ ਮੁਕੰਮਲ ਕੀਤਾ ਜਾਏਗੀ। ਉਹਨਾ ਆਖਿਆ ਕਿ 20 ਸਤੰਬਰ ਨੂੰ ਕਿਸਾਨਾਂ ਦੀ ਵੱਡੀ ਰੈਲੀ ਕਰਕੇ ਕਾਨਫਰੰਸ ਦਾ ਅਗਾਜ਼ ਕੀਤੀ ਜਾਵੇਗਾ। ਜਿਸ ਵਿੱਚ ਸੱਤ ਸੌ ਤੋਂ ਜ਼ਿਆਦਾ ਡੈਲੀਗੇਟ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਡਿਊਟੀਆਂ ਦੀ ਵੰਡ ਕਰਕੇ ਕਮੇਟੀਆਂ ਦਾ ਗਠਨ ਆਉਣ ਵਾਲੇ ਕੁੱਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 22 ਜੁਲਾਈ ਨੂੰ ਸੂਬੇ ਦੇ ਸਾਰੇ ਟੌਲ਼ ਪਲਾਜੇ ਫ੍ਰੀ ਕੀਤੇ ਜਾਣਗੇ ਅਤੇ ਭਾਜਪਾ ਆਗੂਆਂ ਅਤੇ ਉਹਨਾਂ ਦੇ ਦਫ਼ਤਰਾਂ ਅੱਗੇ ਧਰਨੇ ਮਾਰ ਕੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦਾ ਡਟਵਾ ਵਿਰੋਧ ਕੀਤਾ ਜਾਵੇਗਾ। ਉਹਨਾਂ ਆਖਿਆ ਕਿ 10 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਐਕਸ਼ਨ ਕਰਕੇ ਲਟੇਰੇ ਕਾਰਪੋਰੇਟੋ ਭਾਰਤ ਛੱਡੋ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਮੀਟਿੰਗ ਵਿੱਚ ਕੀਤੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਤੈਅ ਕਰ ਲਈਆਂ ਹਨ। ਇਹਨਾਂ ਮੀਟਿੰਗਾਂ ਵਿੱਚ ਤੈਅ ਕੀਤੇ ਪ੍ਰੋਗਰਾਮਾਂ ਨੂੰ ਸਫ਼ਲ ਕਰਨ ਲਈ ਵਿਉਤਬੰਦੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਵੀਰ ਸਿੰਘ ਬੈਨੀਪਾਲ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਮਲਕੀਤ ਸਿੰਘ ਨਿਆਲ, ਦਰਸ਼ਨ ਸਿੰਘ ਬੇਲੂ ਮਾਜਰਾ, ਮੁਖਤਿਆਰ ਸਿੰਘ ਮੱਲਾ, ਪ੍ਰਗਟ ਸਿੰਘ ਜਾਮਾਰਾਏ, ਮੇਜਰ ਸਿੰਘ ਖੁਰਲਾਪੁਰ, ਮੋਹਨ ਸਿੰਘ ਧਮਾਣਾ, ਸਵਰਨ ਸਿੰਘ ਮੁਕੇਰੀਆਂ, ਹਰਜੀਤ ਸਿੰਘ ਕਾਹਲੋਂ, ਧਰਮਪਾਲ ਸਿੰਘ ਸੈਣੀ, ਮਨੋਹਰ ਸਿੰਘ ਗਿੱਲ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਮਜੀਠਾ, ਸੰਤੋਖ ਸਿੰਘ ਬਿਲਗਾ, ਕੁਲਦੀਪ ਸਿੰਘ ਫਿਲੌਰ, ਊਧਮ ਸਿੰਘ ਸੰਤੋਖਪੁਰਾ, ਮਹਿੰਦਰ ਸਿੰਘ ਮੋਹਾਲੀ ਆਦਿ ਹਾਜ਼ਰ ਸਨ।