/* SC_TH_END:4.3.24:fc0ffc30 */ ਜਮਹੂਰੀ ਕਿਸਾਨ ਸਭਾ ਨੇ ਅਜਨਾਲਾ ਇਲਾਕੇ ਦੇ ਕਿਸਾਨਾਂ 22 ਜੁਲਾਈ ਦੇ ਐਕਸ਼ਨ ‘ਚ ਪੁੱਜਣ ਦਾ ਦਿੱਤਾ ਸੱਦਾ – Sangrami Lehar
Now Reading
ਜਮਹੂਰੀ ਕਿਸਾਨ ਸਭਾ ਨੇ ਅਜਨਾਲਾ ਇਲਾਕੇ ਦੇ ਕਿਸਾਨਾਂ 22 ਜੁਲਾਈ ਦੇ ਐਕਸ਼ਨ ‘ਚ ਪੁੱਜਣ ਦਾ ਦਿੱਤਾ ਸੱਦਾ

ਜਮਹੂਰੀ ਕਿਸਾਨ ਸਭਾ ਨੇ ਅਜਨਾਲਾ ਇਲਾਕੇ ਦੇ ਕਿਸਾਨਾਂ 22 ਜੁਲਾਈ ਦੇ ਐਕਸ਼ਨ ‘ਚ ਪੁੱਜਣ ਦਾ ਦਿੱਤਾ ਸੱਦਾ

ਅਜਨਾਲਾ: ਮੋਦੀ ਸਰਕਾਰ ਵਲੋਂ ਜਿਹੜਾ ਅਮਰੀਕਾ ਦੀ ਟਰੰਪ ਸਰਕਾਰ ਨਾਲ ‘ਕਰ ਮੁਕਤ ਵਪਾਰ’ ਸਮਝੌਤਾ ਕੀਤੈ, ਨੂੰ ਰੱਦ ਕਰਵਾਉਣ ਲਈ ਅਤੇ ਪੰਜਾਬ ਸਰਕਾਰ ਦੀ ਨਵੀਂ ਕਿਸਾਨ ਵਿਰੋਧੀ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਲਈ ਉੱਠ ਰਹੀ ਲੋਕ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਇਥੇ ਜਮੂਹਰੀ ਕਿਸਾਨ ਸਭਾ ਪੰਜਾਬ ਦੀ ਭਰਵੀਂ ਮੀਟਿੰਗ ਸੀਨੀਅਰ ਕਿਸਾਨ ਆਗੂ ਟਹਿਲ ਸਿੰਘ ਚੇਤਨਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿੱਥੇ ਇਹਨਾਂ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਕਰ ਮੁਕਤ ਵਪਾਰ ਸਮਝੌਤੇ ਹੋਣ ਨਾਲ ਸਾਡੇ ਦੇਸ਼ ਦੀ ਖੇਤੀ ਤਬਾਹ ਹੋ ਜਾਵੇਗੀ, ਅੰਨ ਸੁਰੱਖਿਆ ਖ਼ਤਰੇ ਵਿਚ ਪੈ ਜਾਵੇਗੀ ਅਤੇ ਪ੍ਰਚੂਨ ਵਪਾਰ ਨੂੰ ਡਾਢੀ ਸੱਟ ਵੱਜੇਗੀ। ਇਸੇ ਤਰ੍ਹਾਂ ਭਗਵੰਤ ਮਾਨ ਵੱਲੋਂ ਲਿਆਂਦੀ ਗਈ ਨਵੀਂ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਅਤੇ ਕਰ ਮੁਕਤ ਵਪਾਰ ਵਿੱਚੋਂ ਖੇਤੀ ਕਿੱਤੇ ਨੂੰ ਬਾਹਰ ਰੱਖਣ ਲਈ 22 ਜੁਲਾਈ ਨੂੰ ਛਿੱਡਣ, ਜੰਡਿਆਲਾ ਗੁਰੂ ਤੇ ਕੱਥੂਨੰਗਲ ਸਮੇਤ ਪੰਜਾਬ ਭਰ ਦੇ ਟੌਲ ਪਲਾਜੇ 12 ਤੋਂ 3 ਵਜੇ ਸ਼ਾਮ ਤੱਕ ਫ੍ਰੀ ਰੱਖੇ ਜਾਣਗੇ ਤੇ ਇਹਨਾਂ ਟੌਲ ਪਲਾਜ਼ਿਆਂ ਉੱਪਰ ਕੀਤੇ ਜਾ ਰਹੇ ਮੁਜ਼ਾਹਰਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਿਲ ਹੋਣਗੇ। ਕਿਸਾਨ ਸਭਾ ਦੇ ਆਗੂਆਂ ਸੁਰਜੀਤ ਸਿੰਘ ਭੂਰੇ ਗਿੱਲ, ਬਲਕਾਰ ਸਿੰਘ ਗੁਲਗੜ੍ਹ ਤੇ ਰਜਿੰਦਰ ਸਿੰਘ ਭੱਲਾ ਪਿੰਡ ਨੇ ਮੀਟਿੰਗ ਚ ਇਹ ਵੀ ਦੱਸਿਆ ਕਿ ਇਹਨਾਂ ਮੁਜ਼ਾਹਰਿਆਂ ਵਿੱਚ ਬਿਜਲੀ ਬਿੱਲ ਤੇ ਬੀਜ ਬਿੱਲ 2026 ਨੂੰ ਵਾਪਿਸ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਰੱਦ ਕਰਵਾਉਣ, ਬਾਸਮਤੀ ਸਮੇਤ ਸਮੂਹ ਫਸਲਾਂ ਦੀ ਐੱਮ ਐੱਸ ਪੀ ਤੇ ਕਾਨੂੰਨੀ ਗਰੰਟੀ ਲੈਣ ਲਈ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇ। ਮੀਟਿੰਗ ਚ ਸੀਨੀਅਰ ਮਜ਼ਦੂਰ ਆਗੂ ਗੁਰਨਾਮ ਸਿੰਘ ਉਮਰਪੁਰਾ ਨੇ ਸਰਕਾਰਾਂ ਕੋਲੋਂ ਮੰਗ ਕੀਤੀ ਕਿ 12 ਘੰਟੇ ਦੀ ਬਜਾਏ ਦਿਹਾੜੀ 8 ਘੰਟੇ ਕੀਤੀ ਜਾਵੇ ਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡਾਂ ਰੱਦ ਕੀਤੀਆਂ ਜਾਣ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ 20 ਸਤੰਬਰ ਨੂੰ ਜਲੰਧਰ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਕਿਸਾਨ ਵੱਧ ਚੜ੍ਹ ਕੇ ਸ਼ਾਮਿਲ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਸ਼ਪਾਲ ਸਿੰਘ ਸਾਹੋਵਾਲ, ਜਤਿੰਦਰ ਸਿੰਘ ਜਾਫਰਕੋਟ, ਸਤਨਾਮ ਸਿੰਘ ਚੱਕ ਔਲ, ਰੇਸ਼ਮ ਸਿੰਘ ਅਜਨਾਲਾ, ਸਾ. ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਜਥੇਦਾਰ ਤਸਬੀਰ ਸਿੰਘ ਹਾਸਮਪੁਰਾ, ਪ੍ਰੀਤਮ ਸਿੰਘ ਟਨਾਣਾਂ, ਗੁਰਦੇਵ ਸਿੰਘ ਗੱਗੋਮਾਹਲ, ਗੌਰਵ, ਸਤਪਾਲ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਸਿੰਘ, ਸੂਰਤਾ ਸਿੰਘ ਚੱਕ ਔਲ ਆਦਿ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।

Scroll To Top