
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਸਰਵਨ ਸਿੰਘ ਚੀਮਾ ਭਵਨ ਗੜ੍ਹਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਇਕ ਹੋਰ ਕਿਸਾਨ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਨਾਲ ਚੱਲ ਰਹੇ ਏਕਤਾ ਦੇ ਅਮਲ ਸਬੰਧੀ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਸੂਬਾ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਜਿਸ ਨਾਲ ਹੁਣ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਆਪਣੇ ਏਕਤਾ ਦੇ ਅਮਲ ਨੂੰ ਨੇਪਰੇ ਚੜਾਉਣ ਲਈ ਰਾਹ ਪੱਧਰਾ ਹੋ ਗਿਆ। ਡਾ. ਅਜਨਾਲਾ ਨੇ ਅੱਗੇ ਆਖਿਆ ਕਿ ਦੋਨੋਂ ਜਥੇਬੰਦੀਆਂ ਸਾਂਝੇ ਤੌਰ ‘ਤੇ 20-21 ਸਤੰਬਰ ਨੂੰ ਜਲੰਧਰ ਵਿੱਚ ਦੇਸ਼ ਪੱਧਰੀ ਕਾਨਫਰੰਸ ਕਰਕੇ ਇਸ ਏਕਤਾ ਦੇ ਅਮਲ ਨੂੰ ਮੁਕੰਮਲ ਕੀਤਾ ਜਾਏਗੀ। ਉਹਨਾ ਆਖਿਆ ਕਿ 20 ਸਤੰਬਰ ਨੂੰ ਕਿਸਾਨਾਂ ਦੀ ਵੱਡੀ ਰੈਲੀ ਕਰਕੇ ਕਾਨਫਰੰਸ ਦਾ ਅਗਾਜ਼ ਕੀਤੀ ਜਾਵੇਗਾ। ਜਿਸ ਵਿੱਚ ਸੱਤ ਸੌ ਤੋਂ ਜ਼ਿਆਦਾ ਡੈਲੀਗੇਟ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਡਿਊਟੀਆਂ ਦੀ ਵੰਡ ਕਰਕੇ ਕਮੇਟੀਆਂ ਦਾ ਗਠਨ ਆਉਣ ਵਾਲੇ ਕੁੱਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 22 ਜੁਲਾਈ ਨੂੰ ਸੂਬੇ ਦੇ ਸਾਰੇ ਟੌਲ਼ ਪਲਾਜੇ ਫ੍ਰੀ ਕੀਤੇ ਜਾਣਗੇ ਅਤੇ ਭਾਜਪਾ ਆਗੂਆਂ ਅਤੇ ਉਹਨਾਂ ਦੇ ਦਫ਼ਤਰਾਂ ਅੱਗੇ ਧਰਨੇ ਮਾਰ ਕੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦਾ ਡਟਵਾ ਵਿਰੋਧ ਕੀਤਾ ਜਾਵੇਗਾ। ਉਹਨਾਂ ਆਖਿਆ ਕਿ 10 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਐਕਸ਼ਨ ਕਰਕੇ ਲਟੇਰੇ ਕਾਰਪੋਰੇਟੋ ਭਾਰਤ ਛੱਡੋ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਮੀਟਿੰਗ ਵਿੱਚ ਕੀਤੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਤੈਅ ਕਰ ਲਈਆਂ ਹਨ। ਇਹਨਾਂ ਮੀਟਿੰਗਾਂ ਵਿੱਚ ਤੈਅ ਕੀਤੇ ਪ੍ਰੋਗਰਾਮਾਂ ਨੂੰ ਸਫ਼ਲ ਕਰਨ ਲਈ ਵਿਉਤਬੰਦੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਵੀਰ ਸਿੰਘ ਬੈਨੀਪਾਲ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਮਲਕੀਤ ਸਿੰਘ ਨਿਆਲ, ਦਰਸ਼ਨ ਸਿੰਘ ਬੇਲੂ ਮਾਜਰਾ, ਮੁਖਤਿਆਰ ਸਿੰਘ ਮੱਲਾ, ਪ੍ਰਗਟ ਸਿੰਘ ਜਾਮਾਰਾਏ, ਮੇਜਰ ਸਿੰਘ ਖੁਰਲਾਪੁਰ, ਮੋਹਨ ਸਿੰਘ ਧਮਾਣਾ, ਸਵਰਨ ਸਿੰਘ ਮੁਕੇਰੀਆਂ, ਹਰਜੀਤ ਸਿੰਘ ਕਾਹਲੋਂ, ਧਰਮਪਾਲ ਸਿੰਘ ਸੈਣੀ, ਮਨੋਹਰ ਸਿੰਘ ਗਿੱਲ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਮਜੀਠਾ, ਸੰਤੋਖ ਸਿੰਘ ਬਿਲਗਾ, ਕੁਲਦੀਪ ਸਿੰਘ ਫਿਲੌਰ, ਊਧਮ ਸਿੰਘ ਸੰਤੋਖਪੁਰਾ, ਮਹਿੰਦਰ ਸਿੰਘ ਮੋਹਾਲੀ ਆਦਿ ਹਾਜ਼ਰ ਸਨ।