
ਹੁਸ਼ਿਆਰਪੁਰ: “ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ” (ਪਸਸਫ- 1406, 22 ਬੀ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਲੰਘੀ 8 ਜੁਲਾਈ ਤੋਂ ਜਾਰੀ ਪੰਜਾਬ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਧਾਰੀ ਮੁਜ਼ਰਮਾਨਾ ਚੁੱਪ ਅਤੇ ਸਰਕਾਰ ਦੀਆਂ ਹੜਤਾਲ ਤੋੜੂ ਸਾਜਿਸ਼ਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਰਾਣਾ, ਬਾਸੀ ਤੇ ਬਾਜਵਾ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਅਤਿ ਵਾਜਬ ਮੰਗਾਂ ਫੌਰੀ ਮੰਨੇ ਜਾਣ ਦਾ ਐਲਾਨ ਕਰੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਲਈ ਆਗੂਆਂ ਨਾਲ ਬਿਨਾਂ ਦੇਰੀ ਮੀਟਿੰਗ ਕੀਤੀ ਜਾਵੇ।
ਆਗੂਆਂ ਨੇ ਫੈਡਰੇਸ਼ਨ ਦਾ ਨਾਂ ਵਰਤ ਕੇ ਹੜਤਾਲ ਦਾ ਵਿਰੋਧ ਕਰਨ ਵਾਲੇ ਕੁੱਝ ਅਨਸਰਾਂ ਦੀਆਂ ਘੋਲ ਵਿਰੋਧੀ ਕਾਰਵਾਈਆਂ ਦਾ ਜ਼ੋਰਦਾਰ ਖੰਡਨ ਕਰਦੇ ਹੋਏ, ਇਨ੍ਹਾਂ ਲੋਕਾਂ ਜਥੇਬੰਦੀ ਦੇ ਨਾਂ ਨੂੰ ਬੱਟਾ ਲਾਉਣ ਤੋਂ ਗੁਰੇਜ ਕਰਨ ਦੀ ਸਖ਼ਤ ਤਾੜਨਾ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਅਜਿਹੇ ਵਿਅਕਤੀਆਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਅਤੇ ਫੈਡਰੇਸ਼ਨ ਨਾ ਕੇਵਲ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਮੁਕੰਮਲ ਸਮਰਥਨ ਕਰ ਰਹੀ ਹੈ, ਬਲਕਿ ਹੜਤਾਲ ਦੌਰਾਨ ਕੀਤੇ ਜਾ ਰਹੇ ਐਕਸ਼ਨਾਂ ‘ਚ ਵੀ ਆਗੂਆਂ ਵਲੋਂ ਹਰ ਜਿਲ੍ਹੇ ‘ਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਆਗੂਆਂ ਨੇ ਹੜਤਾਲ ਤੋਂ ਬਾਹਰ ਰਹਿ ਰਹੇ ਆਮ ਸਫਾਈ ਸੇਵਕਾਂ ਨੂੰ ਸੰਘਰਸ਼ ‘ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ, ਪੰਜਾਬ ਵਾਸੀਆਂ ਨੂੰ ਹੜਤਾਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਅਤੇ ਹੜਤਾਲੀ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਇਕ-ਦੂਜੇ ਦੇ ਵਿਰੁੱਧ ਖੜ੍ਹਾ ਕਰਨ ਦੀਆਂ ਸਰਕਾਰੀ ਕੁਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ ਹੈ।