Now Reading
ਸੀ ਟੀ ਯੂ ਦੀ ਸੂਬਾ ਪੱਧਰੀ ਜਥੇਬੰਦਕ ਕਾਨਫ਼ਰੰਸ 11-12 ਜੁਲਾਈ ਨੂੰ

ਸੀ ਟੀ ਯੂ ਦੀ ਸੂਬਾ ਪੱਧਰੀ ਜਥੇਬੰਦਕ ਕਾਨਫ਼ਰੰਸ 11-12 ਜੁਲਾਈ ਨੂੰ


ਪਠਾਨਕੋਟ: ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦੀ ਛੇਵੀਂ ਸੂਬਾਈ ਕਾਨਫਰੰਸ 11-12 ਜੁਲਾਈ 2026 ਨੂੰ ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਸ਼ਾਹਪੁਰ ਕੰਡੀ ਵਿਖੇ ਹੋ ਰਹੀ ਹੈ। ਕਾਨਫਰੰਸ ਦੀ ਮੁਕੰਮਲ ਤਿਆਰੀ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਹਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੀ ਟੀ ਯੂ ਪੰਜਾਬ ਨਾਲ ਐਫੀਲੇਟਡ ਮਜ਼ਦੂਰ ਯੂਨੀਅਨਾਂ ਦੇ ਚੂਨੰਦਾ ਆਗੂ ਡੈਲੀਗੇਟ ਪਹੁੰਚਣਗੇ। ਕਾਨਫਰੰਸ ਦੇ ਪਹਿਲੇ ਦਿਨ 11 ਜੁਲਾਈ ਨੂੰ ਮੁੱਖ ਬੁਲਾਰੇ ਟਰੇਡ ਯੂਨੀਅਨ ਦੇ ਉਘੇ ਆਗੂ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ ਦੇ ਮੁੱਖ ਆਗੂ ਛੇਵੀਂ ਸੂਬਾਈ ਕਾਨਫਰੰਸ ਨੂੰ ਭਰਾਤਰੀ ਸੰਦੇਸ਼ ਦੇਣ ਲਈ ਉਚੇਚ ਨਾਲ ਪਹੁੰਚ ਰਹੇ ਹਨ।
ਕਾਨਫਰੰਸ ਵਿੱਚ ਮਜ਼ਦੂਰਾਂ ਨਾਲ ਜੁੜੇ ਮੁੱਦਿਆਂ ਚਾਰ ਲੇਬਰ ਕੋਡ ਰੱਦ ਕਰਨ, ਮਿਨੀਮਮ ਵੇਜ ਵਿੱਚ ਸੋਧ ਕਰਨ, ਬਾਰਾ ਘੰਟੇ ਕੰਮ ਲੈਣ ਲਈ ਜਾਰੀ ਨੋਟੀਫਿਕੇਸ਼ਨ ਰੱਦ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਤੇ ਕੱਚੇ ਕਾਮੇ ਪੱਕੇ ਕਰਨ, ਆਸ਼ਾ ਵਰਕਰ ਮਿਡ-ਡੇ-ਮੀਲ ਆਂਗਣਵਾੜੀ ਵਰਕਰ ਚੌਕੀਦਾਰਾਂ ਸਮੇਤ ਹੋਰ ਸਾਰੇ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇਣਾ ਯਕੀਨੀ ਬਣਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਮੰਗਾਂ ਉੱਪਰ ਚਰਚਾ ਕਰਨ ਉਪਰੰਤ ਸਾਂਝੇ ਸੰਘਰਸ਼ ਵਿਡਣ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਉੱਥੇ ਡੈਲੀਗੇਟ ਅਜਲਾਸ ਦੌਰਾਨ ਸੱਤਾਧਾਰੀ ਰਾਜਸੀ ਪਾਰਟੀਆਂ ਵੱਲੋਂ ਆਮ ਲੋਕਾਂ ਨੂੰ ਦਰਪੇਸ਼ ਆਰਥਿਕ ਕਾਣੀ ਵੰਡ, ਸਮਾਜਿਕ ਨਾ ਬਰਾਬਰੀ, ਰਾਜਨੀਤਕ ਅਤੇ ਵਿਚਾਰਧਾਰਕ ਹੋ ਰਹੇ ਹਮਲਿਆਂ ਖ਼ਿਲਾਫ਼ ਵੀ ਮਿਲ ਬੈਠਕੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਬਣਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਡੈਲੀਗੇਟ ਸਾਥੀਆਂ ਦੀ ਰਹਾਇਸ਼ ਤੇ ਖਾਣੇ ਦੀ ਵਿਵਸਥਾ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।

Scroll To Top