
ਰਈਆ: ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ ਪੀ ਐਮ ਓ) ਦੀ ਸਥਾਨਕ ਤਹਿਸੀਲ ਇਕਾਈ ਵੱਲੋਂ 17 ਜੁਲਾਈ 2026 ਨੂੰ ਪੁਲਿਸ ਥਾਣਾ ਖਿਲਚੀਆਂ ਸਾਹਮਣੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ। ਮੰਚ ਦੇ ਸੂਬਾਈ ਕਨਵੀਨਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾਈ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ ਨੇ ਦੱਸਿਆ ਕਿ ਸਥਾਨਕ ਥਾਣੇ ਦੀ ਪੁਲਿਸ ਰਾਜ ਕਰਦੀ ਧਿਰ ਦੇ ਦਬਾਅ ਹੇਠ ਕੰਮ ਕਰਦਿਆਂ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀ।
ਪਿਛਲੇ ਦਿਨੀਂ ਮੰਚ ਦੇ ਆਗੂਆਂ ਦਾ ਵੱਡਾ ਵਫਦ ਥਾਣਾ ਮੁਖੀ ਨੂੰ ਮਿਲਿਆ ਅਤੇ ਅਤੀ ਜਾਇਜ਼ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਸੀ ਅਤੇ ਥਾਣਾ ਮੁਖੀ ਨੇ ਇੱਕ ਹਫਤੇ ਵਿੱਚ ਸਾਰੇ ਮਸਲੇ ਹੱਲ ਕਰਨ ਦਾ ਯਕੀਨ ਦਿਵਾਇਆ ਸੀ ਪਰ ਮਸਲੇ ਜਿਉਂ ਦੇ ਤਿਉਂ ਹਨ। ਆਗੂਆਂ ਨੇ ਕਿਹਾ ਕਿ 17 ਜੁਲਾਈ ਨੂੰ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ ਜੋ ਮਸਲਿਆਂ ਦੇ ਹੱਲ ਤੱਕ ਜਾਰੀ ਰਹੇਗਾ।