Author: admin

  • ਆਰਐੱਮਪੀਆਈ ਵਲੋਂ ਵੱਖ- ਵੱਖ ਥਾਵਾਂ ‘ਤੇ ਜ਼ੋਰਦਾਨ ਕੀਤੇ ਗਏ ਪ੍ਰਦਰਸ਼ਨ

    ਆਰਐੱਮਪੀਆਈ ਵਲੋਂ ਵੱਖ- ਵੱਖ ਥਾਵਾਂ ‘ਤੇ ਜ਼ੋਰਦਾਨ ਕੀਤੇ ਗਏ ਪ੍ਰਦਰਸ਼ਨ

    ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਹੜ੍ਹ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਲਈ ਅੱਜ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ‘ਤੇ ਜ਼ੋਰਦਾਰ ਧਰਨੇ ਮਾਰੇ ਗਏ ਤੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ। ਮੁਜ਼ਾਹਰਾਕਾਰੀ, ਹੜ੍ਹਾਂ ਦੀ ਅਗਾਊਂ ਰੋਕ-ਥਾਮ ਕਰਨ ਪੱਖੋਂ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦੀ ਮੁਜ਼ਰਮਾਨਾ ਅਣਗਹਿਲੀ ਤੇ ਹੜ੍ਹ ਪੀੜਤਾਂ ਪ੍ਰਤੀ ਹਕੂਮਤਾਂ ਦੀ ਸਿਰੇ ਦੀ ਸੰਵੇਦਨਹੀਨਤਾ ਖਿਲਾਫ਼ ਜਬਰਦਸਤ ਨਾਅਰਿਆਂ ਰਾਹੀਂ ਤਿੱਖਾ ਰੋਸ ਪ੍ਰਗਟਾਅ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਹੈ ਕਿ  ਸਰਕਾਰਾਂ ਨੇ ਮੁਆਵਜ਼ੇ ਦੀ ਨਿਗੂਣੀ ਰਕਮ ਐਲਾਨ ਕੇ ਹੜ੍ਹ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਭੁੱਕਣ ਵਾਲਾ ਭੱਦਾ ਮਜਾਕ ਕੀਤਾ ਹੈ। ਮੁਜ਼ਾਹਰਾਕਾਰੀਆਂ ਦੀ ਅਗਵਾਈ ਕਰ ਰਹੀਆਂ ਪਾਰਟੀ ਦੀਆਂ ਜਿਲ੍ਹਾ ਤੇ ਤਹਿਸੀਲ ਕਮੇਟੀਆਂ ਨੇ ਅਧਿਕਾਰੀਆਂ ਰਾਹੀਂ ਮੋਦੀ-ਮਾਨ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜੇ ਹਨ। ਹਕੂਮਤਾਂ ਨੂੰ ਭੇਜੇ ਗਏ ਇਕ ਵੱਖਰੇ ਮੰਗ ਪੱਤਰ ਰਾਹੀਂ ਪ੍ਰਵਾਸੀ ਬਨਾਮ ਪੰਜਾਬੀ ਵਿਵਾਦ ਖੜ੍ਹਾ ਕਰਕੇ ਦੇਸ਼ ਭਰ ‘ਚ ਭਰਾ ਮਾਰੂ ਜਿਹਾਦ ਭੜਕਾਉਣ ਵਾਲੇ ਅਨਸਰਾਂ ਨਾਲ ਕਰੜੇ ਹੱਥੀਂ ਸਿੱਝਣ ਦੀ ਮੰਗ ਕੀਤੀ ਗਈ ਹੈ।

    ਸੂਬਾ ਕੇਂਦਰ ‘ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਉਕਤ ਧਰਨੇ-ਮੁਜ਼ਾਹਰੇ ਜਲੰਧਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਸ਼੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਰੋਪੜ, ਸੰਗਰੂਰ, ਪਟਿਆਲਾ, ਬਰਨਾਲਾ ਦੇ ਡੀਸੀ ਦਫਤਰਾਂ ਅਤੇ ਅਬੋਹਰ ਤੇ ਸਰਦੂਲਗੜ੍ਹ ਦੇ ਐਸਡੀਐਮ ਦਫਤਰਾਂ ਸਾਹਵੇਂ ਕੀਤੇ ਗਏ ਹਨ। ਜਦਕਿ ਨਵਾਂ ਸ਼ਹਿਰ ਵਿਖੇ ਭਰਵੇਂ ਜਨਤਕ ਵਫਦ ਵਲੋਂ ਮੰਗ ਪੱਤਰ ਸੌਂਪਿਆ ਗਿਆ ਹੈ।

    ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਫੈਸਲੇ ਤਹਿਤ ਮਾਰੇ ਗਏ ਉਕਤ ਰੋਸ ਧਰਨਿਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਸੂਬਾਈ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰਾਨ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ ਤੇ ਪ੍ਰੋ. ਜੈਪਾਲ ਸਿੰਘ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਨੱਥਾ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਹੜ੍ਹ ਕੇਵਲ ਕੁਦਰਤੀ ਕਰੋਪੀ ਹੀ ਨਹੀਂ ਬਲਕਿ ਆਪਣਾ ਬਣਦਾ ਫਰਜ ਨਿਭਾਉਣ ਪੱਖੋਂ ਸਰਕਾਰਾਂ ਦੀ ਘੋਰ ਅਸਫਲਤਾ ਅਤੇ ਉੱਪਰ ਤੋਂ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਚੋਂ ਉਪਜੀ  ਮਨੁੱਖ ਸਿਰਜੀ ਤਬਾਹੀ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਸਰਕਾਰ ਭਾਰੀ ਗਿਣਤੀ ਮੌਤਾਂ ਤੇ ਵਸੀਹ ਮਾਲੀ ਨੁਕਸਾਨ ਦੇ ਮੱਦੇਨਜ਼ਰ ਸੂਬੇ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਘੱਟੋ-ਘੱਟ 40 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਜਾਰੀ ਕਰੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਟੱਬਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ ਇਕੱਲੇ-ਇਕੱਲੇ ਪੀੜਤ ਨੂੰ ਬਣਦਾ ਮੁਆਵਜ਼ਾ ਦਿੱਤੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਬੁਲਾਰਿਆਂ ‘ਚ ਸ਼ਿਵ ਕੁਮਾਰ ਪਠਾਨਕੋਟ, ਮੋਹਨ ਸਿੰਘ ਧਮਾਣਾ, ਧਰਮਿੰਦਰ ਸਿੰਘ ਮੁਕੇਰੀਆਂ, ਦਰਸ਼ਨ ਨਾਹਰ, ਸਰਬਜੀਤ ਸਿੰਘ ਮੁਠੱਡਾ, ਰਘਬੀਰ ਸਿੰਘ ਬੈਨੀਪਾਲ ਤੇ ਲਾਲ ਚੰਦ ਸਰਦੂਲਗੜ੍ਹ ਵੀ ਸ਼ਾਮਲ ਸਨ।

  • ਪਿੰਡ ਜੋਧਾਂ ‘ਚ “ਇਨਕਲਾਬੀ ਮੇਲਾ” 28 ਸਤੰਬਰ ਨੂੰ

    ਪਿੰਡ ਜੋਧਾਂ ‘ਚ “ਇਨਕਲਾਬੀ ਮੇਲਾ” 28 ਸਤੰਬਰ ਨੂੰ

    ਜੋਧਾਂ: “ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਸਥਿਤ ਨਗਰ ਜੋਧਾਂ ਵਿੱਚ ਇਨਕਲਾਬੀ ਮੇਲਾ ਕਰਵਾਇਆ ਜਾਵੇਗਾ। ਜਿਸ ਦੀਆਂ ਤਿਆਰੀਆ ਜ਼ੋਰਾਂ ਉੱਪਰ ਕੀਤੀਆ ਜਾ ਰਹੀਆਂ ਹਨ।”
    ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਇਲਾਕਾ ਕਮੇਟੀ ਜੋਧਾਂ-ਰਤਨ ਦੇ ਪ੍ਰਧਾਨ ਲਖਵਿੰਦਰ ਸਿੰਘ ਰਤਨ ਅਤੇ ਸਕੱਤਰ ਦਲਵਿੰਦਰ ਸਿੰਘ ਜੱਸ ਜੋਧਾਂ ਨੇ ਕੀਤਾ। ਉਹਨਾਂ ਆਖਿਆ ਕਿ ਸਭਾ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਗ੍ਰਾਮ ਪੰਚਾਇਤ ਜੋਧਾਂ ਅਤੇ ਰਤਨ ਦੇ ਸਹਿਯੋਗ ਨਾਲ ਮਿਲਕੇ ਪਿੰਡ ਜੋਧਾਂ ਦੇ ਆਸੀ ਕਲਾਂ ਵਾਲੇ ਚੌਕ ਵਿੱਚ ਇਨਕਲਾਬੀ ਮੇਲਾ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਸਕੂਲੀ ਬੱਚਿਆਂ ਵੱਲੋਂ ਸਮਾਜ ਨੂੰ ਸੇਧ ਦਿੰਦੇ ਗੀਤ, ਕਵਿਤਾਵਾ, ਨਾਟਕ ਅਤੇ ਸਕਿੰਟਾਂ ਪੇਸ਼ ਕੀਤੀਆਂ ਜਾਣਗੀਆਂ। ਉਹਨਾਂ ਆਖਿਆ ਕਿ ਮੇਲੇ ਲਈ ਇਲਾਕੇ ਦੇ ਪਤਵੰਤੇ ਸੱਜਣਾਂ, ਐਨ ਆਰ ਆਈ ਵੀਰਾਂ ਭੈਣਾਂ, ਪੰਚਾਂ ਸਰਪੰਚਾਂ, ਦੁਕਾਨਦਾਰ ਵੀਰਾਂ ਅਤੇ ਬਜ਼ਾਰ ਦੀ ਕਮੇਟੀ ਵੱਲੋ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ।

  • ਖਟਕੜ ਕਲਾਂ ਮੋਰਚੇ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

    ਖਟਕੜ ਕਲਾਂ ਮੋਰਚੇ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

    ਜੰਡਿਆਲਾ ਮੰਜਕੀ: 28 ਸਤੰਬਰ ਖਟਕੜ ਕਲਾਂ ਮੋਰਚੇ ਦੀ ਤਿਆਰੀ ਲਈ ਤਹਿਸੀਲ ਫਿਲੌਰ ਦੇ ਵੱਖ ਵੱਖ ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਪਿੰਡ ਬੁੰਡਾਲਾ ਮੰਜਕੀ ਵਿਖੇ ਵੱਖ ਵੱਖ ਪਿੰਡਾਂ ਦੇ ਸਰਗਰਮ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸਭਾ ਦੇ ਜਿਲਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਪਿੱਛੇ ਹਟ ਗਈ ਹੈ। ਬੇਰਜ਼ਾਗਰੀ ਭੱਤਾ ਲੈਣ ਦੀਆਂ ਸ਼ਰਤਾਂ ਹੀ ਇੰਨੀਆਂ ਕਠਿਨ ਹਨ ਕਿ ਪੰਜਾਬ ਚ ਇਸ ਵੇਲੇ ਸਿਰਫ਼ ਇੱਕ ਨੌਜਵਾਨ ਨੂੰ ਹੀ 150 ਰੁਪਏ ਪ੍ਰਤੀ ਮਹੀਨੇ ਬੇਰੁਜ਼ਗਾਰੀ ਭੱਤਾ ਮਿਲਦਾ ਹੈ। ਨਸ਼ਿਆਂ ਕਾਰਨ ਹਰ ਰੋਜ਼ ਮੌਤ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ।

    ਆਗੂਆਂ ਨੇ ਕਿਹਾ ਕਿ 28 ਸਤੰਬਰ ਨੂੰ ਖਟਕੜ ਤੱਕ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ। ਇਸ ਉਪਰੰਤ ਖਟਕੜ ਵਿਖੇ ਮੋਰਚਾ ਆਰੰਭ ਕਰ ਦਿੱਤਾ ਜਾਵੇਗਾ। ਇਸ ਮੌਕੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਸੁੱਖਾ ਬੰਡਾਲਾ, ਸਾਬੀ ਰਾਜਗੁਮਾਲ ਆਦਿ ਹਾਜ਼ਰ ਸਨ।

  • ਮੁਕੇਰੀਆਂ ਇਲਾਕੇ ’ਚ ਮਜ਼ਦੂਰ ਪਰਿਵਾਰਾਂ ’ਚ ਰਾਹਤ ਰਾਸ਼ੀ ਵੰਡੀ

    ਮੁਕੇਰੀਆਂ ਇਲਾਕੇ ’ਚ ਮਜ਼ਦੂਰ ਪਰਿਵਾਰਾਂ ’ਚ ਰਾਹਤ ਰਾਸ਼ੀ ਵੰਡੀ

    ਮੁਕੇਰੀਆਂ: ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜਿਸ ਢੰਗ ਨਾਲ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਸੀ, ਉਸ ਤੋਂ ਇਹ ਹਾਕਮ ਧਿਰਾਂ ਕੋਹਾਂ ਦੂਰ ਹਨ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਇਥੇ ਆ ਕੇ ਪਿੰਡ ਮਹਿਤਾਬਪੁਰ ’ਚ ਮਜ਼ਦੂਰ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੀ ਵੰਡ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾ ਜੁਆਇਟ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਆਗੂ ਡਾ. ਸਰਬਜੀਤ ਮੁਠੱਡਾ, ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਬਲਜਿੰਦਰ ਬਿਲਗਾ ਨੇ ਆਮਦ ਕੀਤੀ।

    ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਮਾ. ਤਰਸੇਮ ਸਿੰਘ ਮਹਿਤਾਬਪੁਰ ਅਤੇ ਲੱਕੀ ਨੇ ਇਸ ਟੀਮ ਦੀ ਅਗਵਾਈ ਕੀਤੀ। ਆਗੂਆਂ ਵਲੋਂ ਪਿੰਡ ਦਾ ਦੌਰਾ ਕੀਤਾ ਗਿਆ। ਕਾਫੀ ਘਰਾਂ ’ਚ ਪਾਣੀ ਆਉਣ ਕਾਰਨ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ। ਇੱਕ ਘਰ ’ਚ, ਇਸ ਦੌਰ ’ਚ ਵੀ ਕਾਹਨਿਆਂ ਦੀ ਛੱਤ ਪਾਈ ਹੋਈ ਸੀ ਅਤੇ ਇਸ ਘਰ ਦਾ ਪਿਛਲਾ ਪਾਸਾ ਡਿੱਗ ਗਿਆ ਸੀ, ਫਿਰ ਵੀ ਪਰਿਵਾਰ ਹੌਸਲੇ ਵਿੱਚ ਸੀ। ਇਸ ਪਰਿਵਾਰ ਦੀਆਂ ਔਰਤਾਂ ਨੇ ਆਪਣੇ ਪਰਿਵਾਰ ਬਾਰੇ ਮਾਣ ਨਾਲ ਕਿਹਾ ਕਿ ਉਨ੍ਹਾਂ ਦਾ ਜਵਾਈ ਇੰਨਾ ਚੰਗਾ ਹੈ ਕਿ ਉਹ ਇਸ ਘਰ ’ਚ ਰਾਤ ਰਹਿ ਲੈਂਦਾ ਹੈ। ਜਿਵੇਂ ਉਹ ਕਹਿ ਰਹੀਆਂ ਹੋਣ ਕਿ ਘਰ ਤਾਂ ਰਹਿਣ ਲਾਈਕ ਵੀ ਨਹੀਂ ਹੈ।

    ਨੌਜਵਾਨ ਆਗੂ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਜਾਰੀ ਹੈ। ਹੋਰ ਵੀ ਕਈ ਪਾਸੇ ਤੋਂ ਮਦਦ ਆਉਂਦੀ ਰਹੀ ਹੈ ਅਤੇ ਆਉਣ ਦਾ ਵਿਸ਼ਵਾਸ਼ ਦਵਾ ਚੁੱਕੀ ਹੈ। ਜਿਸ ਕਾਰਨ ਉਹ ਕਾਫੀ ਹੱਦ ਤੱਕ ਮਦਦ ਕਰ ਸਕਣ ਦੇ ਯੋਗ ਹੋ ਸਕਣਗੇ। ਜ਼ਿਲ੍ਹਾ ਜਲੰਧਰ ਤੋਂ ਆਏ ਸਾਥੀਆਂ ਨੇ ਦੱਸਿਆ ਕਿ ਇਹ ਮਦਦ ਮੁਠੱਡਾ ਕਲਾਂ, ਬਿਲਗਾ, ਫਿਲੌਰ, ਢੇਸੀਆਂ ਕਾਹਨਾ, ਕੋਟ ਗਰੇਵਾਲ ਆਦਿ ਥਾਵਾਂ ਨਾਲ ਵਸਦੇ ਪ੍ਰਵਾਸੀ ਭਾਰਤੀਆਂ ਨੇ ਭੇਜੀ ਸੀ। ਜਿਸ ਦੇ ਇੱਕ ਹਿੱਸੇ ਦੀ ਵੰਡ ਇਥੇ ਕੀਤੀ ਗਈ ਹੈ, ਬਾਕੀ ਰਕਮ ਵੀ ਲੋੜਵੰਦ ਥਾਵਾਂ ’ਤੇ ਜਲਦੀ ਵੰਡੀ ਜਾਵੇਗੀ।

  • 26 ਸਤੰਬਰ ਨੂੰ ਦਿੱਤੇ ਜਾ ਰਹੇ ਧਰਨੇ ’ਚ ਵੱਡੀ ਗਿਣਤੀ ’ਚ ਪੁੱਜਣਗੇ ਕਿਸਾਨ

    26 ਸਤੰਬਰ ਨੂੰ ਦਿੱਤੇ ਜਾ ਰਹੇ ਧਰਨੇ ’ਚ ਵੱਡੀ ਗਿਣਤੀ ’ਚ ਪੁੱਜਣਗੇ ਕਿਸਾਨ

    ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਦੀ ਭਰਵੀਂ ਮੀਟਿੰਗ ਦਰਗਾਹਪੁਰ ਵਿਖੇ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਤੋਂ ਜਮਹੂਰੀ ਕਿਸਾਨ ਸਭਾ ਦੇ ਨੁਮਾਇਦਿਆ ਨੂੰ ਸ਼ਮੂਲੀਅਤ ਕੀਤੀ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸਭਾ ਦੇ ਸੂਬਾ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾ ਰਾਏ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੜ੍ਹਾਂ ਨਾਲ ਲੱਖਾਂ ਕਿਸਾਨਾਂ ਦੀ ਤਬਾਹੀ ਹੋਈ ਹੈ, ਜੇਕਰ ਇਹਨਾਂ ਸਰਕਾਰਾਂ ਨੇ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਕਿਸਾਨਾਂ ਦੀ ਬਰਬਾਦੀ ਨਾ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਹੜ੍ਹ ਪੀੜਤਾਂ ਦੀ ਮਦਦ ਲਈ ਹਜ਼ਾਰਾਂ ਲੋਕਾਂ ਨੇ ਹਰ ਤਰ੍ਹਾਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਪੈਰਾਂ ਸਿਰ ਹੋਣ ਦਾ ਨਿਸ਼ਚਾ ਕੀਤਾ ਪਰ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਉਪਰਾਲਾ ਨਹੀਂ ਕੀਤਾ, ਸਗੋਂ ਕੇਂਦਰ ਨੇ ਨਗੂਣਾ ਜਿਹਾ ਐਲਾਨ ਕਰਕੇ ਹੜ੍ਹ ਪੀੜਤਾਂ ਦੇ ਜਖਮਾਂ ’ਤੇ ਲੂਣ ਹੀ ਛਿਣਕਿਆ ਹੈ।

    ਜਮਾਰਾਏ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਪੈਰਾਂ ਸਿਰ ਖੜਾ ਕਰਨ ਲਈ ਘੱਟੋ ਘੱਟ 70 ਹਜਾਰ ਰੁਪਏ ਪ੍ਰਤੀ ਏਕੜ ਜ਼ਮੀਨ ਦਾ ਮੁਆਵਜਾ, ਇੱਕ ਡੰਗਰ ਦਾ ਘੱਟੋ ਘੱਟ ਇੱਕ ਲੱਖ ਰੁਪਏ ਅਤੇ ਹੋਰ ਖਰਾਬ ਹੋਏ ਸਾਜੋ ਸਮਾਨ ਦਾ ਸਰਕਾਰ ਯੋਗ ਮੁਆਵਜ਼ਾ ਦੇਵੇ ਅਤੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੇ ਘਰ ਬਰਸਾਤਾਂ ਨਾਲ ਢਹਿ ਚੁੱਕੇ ਹਨ, ਛੱਤਾਂ ਦੀ ਹਾਲਤ ਖਸਤਾ ਹੋਣ ਕਾਰਨ ਕੰਧਾਂ ਪਾੜ ਚੁੱਕੀਆਂ ਹਨ, ਘਰ ਬਣਾਉਣ ਲਈ 10 ਲੱਖ ਰੁਪਏ ਦਿੱਤੇ ਜਾਣ। ਹੜ੍ਹਾਂ ਕਾਰਨ ਅਤੇ ਮੌਸਮ ਕਾਰਨ ਹੋਈ ਮੌਤ ਲਈ ਦਸ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਜਾਵੇ।

    ਇਸ ਮੌਕੇ ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਵਲੋਂ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੇ ਦਬਾਅ ਪਾਉਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ 26 ਸਤੰਬਰ ਨੂੰ ਜ਼ਿਲ੍ਹਾ ਕੇਂਦਰਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ, ਜਿਸ ’ਚ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।

    ਇਸ ਮੌਕੇ ਨਰਿੰਦਰ ਸਿੰਘ ਰਟੌਲ, ਅੰਮ੍ਰਿਤਪਾਲ ਸਿੰਘ ਚੌਧਰੀਵਾਲ, ਪੰਜਾਬ ਸਿੰਘ ਠੇਡਾ, ਗੁਰਭੇਜ ਸਿੰਘ ਕਾਹਲਵਾਂ, ਗੁਰਵਿੰਦਰ ਸਿੰਘ ਠੱਠੀਆਂ, ਮਹੀਪਾਲ ਸਿੰਘ ਠੱਠੀਆਂ, ਰਣਧੀਰ ਸਿੰਘ ਦਰਗਾਪੁਰ, ਗੁਰਮੀਤ ਸਿੰਘ ਦਰਗਾਪੁਰ, ਹਰਦੇਵ ਸਿੰਘ ਦਰਗਾਪੁਰ, ਗੁਰਚੇਤ ਸਿੰਘ ਨੱਥੂਪੁਰ, ਕੁਲਦੀਪ ਸਿੰਘ ਝਬਾਲ, ਬਲਜੀਤ ਸਿੰਘ ਉਸਮਾ, ਦਿਲਬਾਗ ਸਿੰਘ ਵਰਿਆਂ, ਗੁਰਭੇਜ ਸਿੰਘ ਸਰਹਾਲੀ ਕਲਾਂ ਆਦਿ ਹਾਜ਼ਰ ਸਨ।

  • ਰੂਪੋਵਾਲ ‘ਚ ਮਨਰੇਗਾ ਵਰਕਰਜ ਯੂਨੀਅਨ ਦੀ ਮੀਟਿੰਗ

    ਰੂਪੋਵਾਲ ‘ਚ ਮਨਰੇਗਾ ਵਰਕਰਜ ਯੂਨੀਅਨ ਦੀ ਮੀਟਿੰਗ


    ਫਿਲੌਰ: ਮਨਰੇਗਾ ਵਰਕਰਜ਼ ਯੂਨੀਅਨ ਦੀ ਭਰਵੀ ਮੀਟਿੰਗ ਪਿੰਡ ਰੂਪੋਵਾਲ ਵਿਖ਼ੇ ਕੀਤੀ ਗਈ।
    ਮੀਟਿੰਗ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਜ਼ਿਲ੍ਹਾ ਆਗੂ ਪਰਮਜੀਤ ਰੰਧਾਵਾ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਮਨਰੇਗਾ ਵਰਕਰਾਂ ਦੇ ਕੀਤੇ ਕੰਮ ਦੇ ਪੈਸੇ ਤੁਰੰਤ ਪਾਏ ਜਾਣ ਅਤੇ ਕਾਫੀ ਵਰਕਰਾਂ ਦੇ ਪਿਛਲੇ ਬਣਦੇ ਬੁਕਾਏ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣ। ਮਨਰੇਗਾ ਵਰਕਰਾ ਦੇ ਜੌਬ ਕਾਰਡ ਬਣਾਏ ਜਾਣ ਅਤੇ ਹਾਜ਼ਰੀ ਜੌਬ ਕਾਰਡਾਂ ‘ਤੇ ਲਾਈ ਜਾਵੇ। ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾਂ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ, ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ, ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ। ਪਿਛਲੇ ਰਹਿੰਦੇ ਬਕਾਏ ਅਤੇ ਕੰਮ ਦੇ ਪੈਸੇ ਸਮੇਂ ਸਿਰ ਪਾਏ ਜਾਣ। ਮਨਰੇਗਾ ਵਰਕਰਾਂ ਦੇ ਸਾਰੇ ਪ੍ਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ।
    ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਵਾਲੀਆ ਨੇ ਕਿਹਾ ਕਿ ਮਨਰੇਗਾ ਵਰਕਰਾਂ ਲਈ ਲੋੜੀਂਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਟ ਮੁਹੱਈਆ ਕਰਾਈ ਜਾਵੇ ਅਤੇ ਔਰਤਾਂ ਦੇ ਬੱਚਿਆ ਦੀ ਦੇਖ ਭਾਲ ਲਈ ਬਜੁਰਗ ਔਰਤਾਂ ਦਾ ਪ੍ਰਬੰਧ ਕੀਤਾ ਜਾਵੇ। ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ।
    ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਗੋਗੀ ਬੇਗਮਪੁਰ ਅਤੇ ਕੁਲਦੀਪ ਸਿਆਣ ਵੀ ਹਾਜ਼ਰ ਸਨ। ਇਸ ਸਮੇਂ ਹੰਸ ਰਾਜ, ਮਨਜੀਤ ਸਿੰਘ, ਰੇਸ਼ਮ ਕੌਰ, ਮਨਜੀਤ ਕੌਰ, ਹਰਮੇਸ਼ ਲਾਲ, ਸ਼ਿੰਦਰ ਪਾਲ, ਮਮਤਾ, ਕਮਲਜੀਤ ਕੌਰ, ਦਰਸ਼ਨ ਕੌਰ, ਸ਼ਿੰਗਾਰਾ ਰਾਮ ਤੇ ਹੋਰ ਸਾਥੀ ਹਾਜਰ ਸਨ।

  • ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਨਹੀਂ ਰਹੇ

    ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਨਹੀਂ ਰਹੇ


    ਕਾਹਨੂੰਵਾਲ: ਮਹਾਨ ਇਨਕਲਾਬੀ ਯੋਧਾ ਪ੍ਰਕਾਸ਼ ਸਿੰਘ ਕਾਹਨੂੰਵਾਨ (82) ਜਿਨ੍ਹਾਂ ਨੇ ਗਵਰਮੈਂਟ ਟੀਚਰ ਯੂਨੀਅਨ ਵਿੱਚ ਅਤੇ ਜਮਹੂਰੀ ਕਿਸਾਨ ਸਭਾ ‘ਚ ਬਹੁਤ ਕੰਮ ਕੀਤਾ, ਦਾ ਦੇਹਾਂਤ ਹੋ ਗਿਆ। ਉਹ ਆਰਐੱਮਪੀਆਈ ਦੇ ਜ਼ਿਲ੍ਹਾ ਕਮੇਟੀ ਮੈਂਬਰ ਵੀ ਰਹੇ ਅਤੇ ਜਮਹੂਰੀ ਕਿਸਾਨ ਸਭਾ ਦੇ ਅਤੇ ਗਵਰਨਮੈਂਟ ਟੀਚਰ ਯੂਨੀਅਨ ਦੇ ਲਗਾਤਾਰ ਜ਼ਿਲ੍ਹਾ ਆਗੂ ਰਹੇ।
    ਅੱਜ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

  • ਹੜ ਪੀੜਤਾਂ ਨੂੰ ਰਾਹਤ ਦਿਵਾਉਣ ਲਈ ਡੀਸੀ ਤਰਨਤਾਰਨ ਦੇ ਦਫ਼ਤਰ ਅੱਗੇ 26 ਸਤੰਬਰ ਨੂੰ ਦਿੱਤਾ ਜਾਵੇਗਾ ਵਿਸ਼ਾਲ ਧਰਨਾ

    ਹੜ ਪੀੜਤਾਂ ਨੂੰ ਰਾਹਤ ਦਿਵਾਉਣ ਲਈ ਡੀਸੀ ਤਰਨਤਾਰਨ ਦੇ ਦਫ਼ਤਰ ਅੱਗੇ 26 ਸਤੰਬਰ ਨੂੰ ਦਿੱਤਾ ਜਾਵੇਗਾ ਵਿਸ਼ਾਲ ਧਰਨਾ


    ਭਿੱਖੀਵਿੰਡ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਹਰਜਿੰਦਰ ਸਿੰਘ ਚੂੰਘ, ਸਵਿੰਦਰ ਚੱਕ, ਗੁਰਬੀਰ ਭੱਟੀ ਰਾਜੋਕੇ ਆਦਿ ਆਗੂਆਂ ਨੇ ਪਾਰਟੀ ਦਫ਼ਤਰ ਭਿੱਖੀਵਿੰਡ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਹੜਾਂ ਦੌਰਾਨ ਹੋਈ ਬਰਬਾਦੀ ਨਾਲ ਜਿੱਥੇ 4 ਲੱਖ ਦੇ ਕਰੀਬ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ ਉੱਥੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਦੇਣਾ ਕਿਸਾਨਾਂ ਦੇ ਜ਼ਖਮਾਂ ਉੱਪਰ ਲੂਣ ਪਾਉਣ ਦਾ ਕੰਮ ਕੀਤਾ ਹੈ। ਸਰਕਾਰ ਨੇ ਮਜ਼ਦੂਰ ਵਰਗ ਦੇ ਹੱਕ ‘ਚ ਫੁੱਟੀ ਕੌਡੀ ਪਾਉਣ ਦਾ ਐਲਾਨ ਨਹੀਂ ਕੀਤਾ। ਬਰਸਾਤਾਂ ਦਰਮਿਆਨ ਹੋਈ ਭਾਰੀ ਤਬਾਹੀ ਨਾਲ ਕਈ ਗਰੀਬ ਮਜ਼ਦੂਰਾਂ ਦੀਆਂ ਘਰਾਂ ਦੀਆਂ ਛੱਤਾਂ ਡਿੱਗੀਆਂ ਹਨ ਤੇ ਘਰਾਂ ਦੀਆਂ ਕੰਧਾਂ ਪਾੜ ਗਈਆਂ ਹਨ।
    ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਘਰਾਂ ਦਾ ਸਰਵੇਖਣ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਜੇਕਰ ਇਹਨਾਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ 26 ਸਤੰਬਰ ਨੂੰ ਡੀ ਸੀ ਤਰਨਤਾਰਨ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਜ਼ਿਲ੍ਹਾ ਤਰਨਤਾਰਨ ਅੰਦਰ ਮੁਕੰਮਲ ਕਰ ਲਈਆ ਹਨ।
    ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਭਿੱਖੀਵਿੰਡ, ਮਨਦੀਪ ਕਲਸੀ, ਸੰਤੋਖ ਸਿੰਘ ਮੱਖੀਕਲਾਂ, ਸੁਖਦੇਵ ਸਿੰਘ ਬੱਬੀ ਪਹਿਲਵਾਨ ਕੇ ਆਦਿ ਆਗੂ ਹਾਜ਼ਰ ਸਨ।

  • ਫਿਲੌਰ ਦਾ ਮਹੌਲ ਖਰਾਬ ਕਰਨ ’ਤੇ ਆਰਐੱਮਪੀਆਈ ਨੇ ਚਿੰਤਾ ਪ੍ਰਗਟਾਈ

    ਫਿਲੌਰ ਦਾ ਮਹੌਲ ਖਰਾਬ ਕਰਨ ’ਤੇ ਆਰਐੱਮਪੀਆਈ ਨੇ ਚਿੰਤਾ ਪ੍ਰਗਟਾਈ

    ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਸ਼ਹਿਰ ਫਿਲੌਰ ’ਚ ਨਹਿੰਗ ਜਥੇਬੰਦੀਆਂ ਵਲੋਂ ਮਹੌਲ ਨੂੰ ਖਰਾਬ ਕਰਨ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਅਜਿਹੀ ਕਾਰਵਾਈ ਦੇ ਬਦਲੇ ਪੰਜਾਬ ਤੋਂ ਬਾਹਰ ਕੰਮ ਕਰਦੇ ਪੰਜਾਬੀਆਂ ਲਈ ਨਵੇਂ ਖ਼ਤਰੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਕੁੱਝ ਸਾਲ ਪਹਿਲਾ ਛੋਕਰਾਂ ਪਿੰਡ ’ਚ ਜੈਦੀਪ ਨਾਂ ਦਾ ਬੱਚਾ ਮਾਰਿਆ ਸੀ ਤਾਂ ਕੀ ਉਸ ਵੇਲੇ ਕਾਤਲਾਂ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਸੀ। ਇਹ ਕੋਈ ਇਨਸਾਫ਼ ਨਹੀਂ ਹੈ ਕਿ ਜ਼ੁਰਮ ਕਰਨ ਵਾਲੇ ਦਾ ਇਲਾਕਾ, ਰੰਗ ਆਦਿ ਦੇਖ ਕੇ ਉਨ੍ਹਾਂ ਦੇ ਬਾਕੀ ਭਾਈਚਾਰੇ ’ਚ ਦਹਿਸ਼ਤ ਪੈਦਾ ਕੀਤੀ ਜਾਵੇ।

    ਮੀਟਿੰਗ ਦੀ ਕਾਰਵਾਈ ਬਾਰੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਦੱਸਿਆ ਕਿ 26 ਸਤੰਬਰ ਨੂੰ ਹੜ੍ਹ ਪੀੜਤਾਂ ਲਈ ਸਹਾਇਤਾ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਡੀਸੀ ਦਫ਼ਤਰ ਇਕੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 28 ਸਤੰਬਰ ਤੋਂ 2 ਅਕਤੂਬਰ ਤੱਕ ਨੌਜਵਾਨਾਂ ਵਲੋਂ ਖਟਕੜ ਕਲਾਂ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਮੀਟਿੰਗ ਨੂੰ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਅਤੇ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ।

    ਇਸ ਮੌਕੇ ਕੁਲਦੀਪ ਫਿਲੌਰ, ਕੁਲਦੀਪ ਵਾਲੀਆ, ਬਲਜਿੰਦਰ ਬੱਬੀ, ਕੁਲਦੀਪ ਕੌੜਾ, ਬਲਬੀਰ ਬੀਰੀ, ਬਲਵਿੰਦਰ ਸਰਗੁੰਦੀ, ਗੁਰਦੀਪ ਗੋਗੀ, ਮੇਜਰ ਫਿਲੌਰ, ਮੱਖਣ ਸੰਗਰਾਮੀ, ਅਮਰੀਕ ਰੁੜਕਾ, ਅਮ੍ਰਿੰਤ ਨੰਗਲ, ਬਲਵਿੰਦਰ ਦੁਸਾਂਝ, ਰਾਮ ਨਾਥ ਦੁਸਾਂਝ, ਅਜੈ ਫਿਲੌਰ, ਕੁਲਵੰਤ ਖਹਿਰਾ, ਮਨਜਿੰਦਰ ਢੇਸੀ ਆਦਿ ਹਾਜ਼ਰ ਸਨ।

  • ਮੱਛਰਦਾਨੀਆਂ, ਮੱਛਰ ਭਜਾਓ ਅਗਰਬੱਤੀਆਂ ਸਮੇਤ ਹੋਰ ਸਮਾਨ ਲੋੜਵੰਦ ਪਰਿਵਾਰਾਂ ਨੂੰ ਵੰਡਿਆਂ

    ਮੱਛਰਦਾਨੀਆਂ, ਮੱਛਰ ਭਜਾਓ ਅਗਰਬੱਤੀਆਂ ਸਮੇਤ ਹੋਰ ਸਮਾਨ ਲੋੜਵੰਦ ਪਰਿਵਾਰਾਂ ਨੂੰ ਵੰਡਿਆਂ

    ਅਜਨਾਲਾ: ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਖੇਤਾਂ ’ਚ ਨੀਵੇਂ ਥਾਵਾਂ ’ਤੇ ਖੜ੍ਹੇ ਪਾਣੀ ਵਿੱਚ ਬਹੁਤ ਜ਼ਿਆਦਾ ਮੱਛਰ ਤੇ ਹੋਰ ਕੀਟ ਪਤੰਗ ਦੀ ਭਰਮਾਰ ਹੋ ਗਈ ਹੈ ਇੱਥੋਂ ਤੱਕ ਕਿ ਲੋਕਾਂ ਨੂੰ ਰਾਤ ਵੇਲੇ ਵੀ ਸੌਣਾਂ ਨਹੀਂ ਮਿਲਦਾ ਅਤੇ ਡੰਗਰਾਂ ਨੂੰ ਵੀ ਬਹੁਤ ਕੱਟਦਾ ਹੈ। ਅਜਿਹੀ ਅਵਸਥਾ ਵਿੱਚ ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਆ ਰਹੀਆਂ ਹਨ।

    ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਖੇਤੀ ਮਾਹਿਰ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਪੰਜਾਬ ਸਰਕਾਰ  ਤੋਂ ਪੁਰਜ਼ੋਰ ਮੰਗ ਕੀਤੀ ਕਿ ਸਿਹਤ ਵਿਭਾਗ ਤੇ ਪਸ਼ੂ ਪਾਲਣ ਮਹਿਕਮੇ ਵੱਲੋਂ ਇਸ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਹੜ੍ਹ ਪੀੜਤ ਪਿੰਡਾਂ ਤੇ ਕਸਬਿਆਂ ਵਿੱਚ ਵੱਡੀ ਪੱਧਰ ’ਤੇ ਮੱਛਰਦਾਨੀਆਂ, ਕੱਛੂਆਂ ਛਾਪ ਅਤੇ ਹੋਰ ਲੋੜੀਂਦੀਆਂ ਦਵਾਈਆਂ ਆਦਿਕ ਸਪਲਾਈ ਕੀਤੀਆਂ ਜਾਣ।

    ਉਕਤ ਅਵਸਥਾ ਨੂੰ ਵੇਖਦਿਆਂ ਅੱਜ ਇਥੇ ਡਿਆਲ ਭੱਟੀ ਪਿੰਡ ਵਿੱਖੇ ਸਵੈਂਸੇਵਕ ਜਥੇਬੰਦੀਆਂ ਵੱਲੋਂ ਲੋੜਵੰਦ ਗਰੀਬਾਂ ਨੂੰ ਮੱਛਰਦਾਨੀਆਂ ਤੇ ਕੱਛੂਆਂ ਛਾਪ ਵੰਡੇ ਗਏ, ਜਿਸ ਕਾਰਨ ਇਸ ਦੀ ਇਲਾਕੇ ਵਿੱਚ ਖ਼ੂਬ ਚਰਚਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀਰਾ ਗੱਗੋਮਾਹਲ, ਸੋਨਾ ਸਿੰਘ ਬੱਲੜ੍ਹਵਾਲ ਆਦਿ ਦਰਜਨ ਪਰਿਵਾਰਾਂ ਨੂੰ ਮੱਛਰਦਾਨੀਆਂ ਤੇ ਹੋਰ ਸਮਾਨ ਵੰਡਿਆਂ ਗਿਆ।

    ਇਹ ਵਸਤਾਂ ਵੰਡਣ ਸਮੇਂ ਰਜਿੰਦਰ ਸਿੰਘ ਭਲਾ ਪਿੰਡ, ਸੰਤੋਖ ਸਿੰਘ ਅਜਨਾਲਾ, ਸਾਬਕਾ ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਸਮਾਜ ਸੇਵਕ ਬਲਵਿੰਦਰ ਸਿੰਘ, ਮਹਿੰਦਰ ਸਿੰਘ ਗੁਰਾਲਾ, ਨਿਹੰਗ ਗੁਰਮੇਜ ਸਿੰਘ ਆਦਿ ਨੇ ਵੀ ਇਸ ਵੰਡ ਵਿੱਚ ਭਾਗ ਲਿਆ।

  • ਕੇਂਦਰੀ ਸਰਕਾਰ ਦੇ ਮੁਲਾਜ਼ਮਾਂ-ਕਿਰਤੀਆਂ ਦੀ 19 ਸਤੰਬਰ 1968 ਦੀ ਇਤਿਹਾਸਕ ਹੜਤਾਲ

    ਕੇਂਦਰੀ ਸਰਕਾਰ ਦੇ ਮੁਲਾਜ਼ਮਾਂ-ਕਿਰਤੀਆਂ ਦੀ 19 ਸਤੰਬਰ 1968 ਦੀ ਇਤਿਹਾਸਕ ਹੜਤਾਲ

    ਮੇਜਰ ਸਿੰਘ ਮੁਹਾਲੀ
    ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਤੇ ਕਿਰਤੀਆਂ ਵਲੋਂ 19 ਸਤੰਬਰ 1968 ਨੂੰ ਕੀਤੀ ਗਈ ਇਕ ਰੋਜ਼ਾ, ਦੇਸ਼ ਪੱਧਰੀ ਹੜਤਾਲ ਦਾ ਭਾਰਤ ਦੇ ਮਜ਼ਦੂਰ ਸੰਘਰਸ਼ਾਂ ਦੇ ਇਤਿਹਾਸ ’ਚ ਇਕ ਮਹਤਵਪੂਰਨ ਸਥਾਨ ਹੈ। ਇਸ ਸ਼ਾਨਾਮੱਤੀ ਹੜਤਾਲ ਦੀ ਅਗਵਾਈ ਕਰਨ ਵਾਲੇ ਤੇ ਇਸ ’ਚ ਹਿਸਾ ਲੈਣ ਵਾਲੇ ਸਾਰੇ ਆਗੂ ਤੇ ਵਰਕਰ ਹੁਣ ਸੇਵਾਮੁਕਤ ਹੋ ਚੁੱਕੇ ਹਨ। ਇਨ੍ਹਾਂ ’ਚੋਂ ਬਹੁਤੇ ਹੁਣ ਇਸ ਦੁਨੀਆ ਤੋਂ ਜਿਸਮਾਨੀ ਤੌਰ ’ਤੇ ਵਿਦਾ ਹੋ ਚੁੱਕੇ ਹਨ।
    ਜੁਲਾਈ 1960 ’ਚ ਹੋਈ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ, ਆਜ਼ਾਦੀ ਪ੍ਰਾਪਤੀ ਤੋਂ ਪਿੱਛੋਂ ਦੇਸ਼ ਦੀ ਪਹਿਲੀ ਵੱਡੀ ਹੜਤਾਲ ਸੀ। 11 ਜੁਲਾਈ 1960 ਨੂੰ ਹੋਈ ਇਸ ਪੰਜ ਦਿਨਾਂ ਹੜਤਾਲ ਨੂੰ ਕੇਂਦਰੀ ਸਰਕਾਰ ਨੇ “ਸਿਵਲ ਬਗ਼ਾਵਤ” ਐਲਾਨ ਕੇ ਬੇਰਹਿਮੀ ਨਾਲ ਕੁਚਲ ਦਿੱਤਾ ਸੀ। ਹੜਤਾਲ ਦੀ ਮੁੱਖ ਮੰਗ ਦੂਜੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ’ਚ ਸੁਧਾਰ ਅਤੇ ਤਬਦੀਲੀਆਂ ਕਰਨਾ ਸੀ। 1957 ਵਿੱਚ 15 ਵੀਂ ਕਿਰਤ ਕਾਨਫਰੰਸ ਵਲੋਂ ਅਪਣਾਈ ਗਈ “ਲੋੜ ’ਤੇ ਅਧਾਰਤ ਘੱਟੋ-ਘੱਟ ਤਨਖਾਹ” ਦੀ ਸਿਫਾਰਿਸ਼ ਦੂਜੇ ਤਨਖਾਹ ਕਮਿਸ਼ਨ ਨੇ ਰੱਦ ਕਰ ਦਿੱਤੀ ਸੀ।
    1966 ਵਿੱਚ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਚਰਚਾ ਅਤੇ ਨਿਪਟਾਰਾ ਕਰਨ ਲਈ ਫੋਰਮ ਵਜੋਂ ‘ਸੰਯੁਕਤ ਸਲਾਹਕਾਰ ਮਸ਼ੀਨਰੀ’ (ਜੇਸੀਐਮ) ਦੀ ਸਥਾਪਨਾ ਕੀਤੀ ਗਈ ਸੀ। ਜਿਨ੍ਹਾਂ ਮੁਦਿਆਂ ’ਤੇ ਜੇਸੀਐਮ ’ਚ ਸਹਿਮਤੀ ਨਾ ਬਣ ਸਕੇ, ਉਨ੍ਹਾਂ ਨੂੰ ਆਰਬਿਟ੍ਰੇਸ਼ਨ ਬੋਰਡ ਵਿੱਚ ਭੇਜਿਆ ਜਾਣਾ ਸੀ। ਜੇਸੀਐਮ ਦੀ ਪਹਿਲੀ ਬੈਠਕ ਵਿੱਚ ਸਟਾਫ ਦੇ ਨੁਮਾਇੰਦਿਆਂ ਵੱਲੋਂ ਤਿੰਨ ਮੁੱਖ ਮੰਗਾਂ ਪੇਸ਼ ਕੀਤੀਆਂ ਗਈਆਂ ਸਨ। ਇਹ ਸਨ 1957 ’ਚ ਪੰਦਰਵੀਂ ਕਿਰਤ ਕਾਨਫਰੰਸ ਦੁਆਰਾ ਮਨਜ਼ੂਰ ਕੀਤੀ ਲੋੜ ’ਤੇ ਅਧਾਰਤ ਘੱਟੋ-ਘੱਟ ਤਨਖਾਹ ਦੇਣੀ, ਮਹਿੰਗਾਈ ਭੱਤੇ ਨੂੰ ਤਨਖਾਹ ਨਾਲ ਮਿਲਾਉਣਾ ਤੇ ਮਹਿੰਗਾਈ ਭੱਤੇ ਦੇ ਫਾਰਮੂਲੇ ’ਚ ਸੋਧ ਕਰਨੀ। ਇਨਾਂ ਮੰਗਾਂ ’ਤੇ ਡੇਢ ਸਾਲ ਤੋਂ ਵੀ ਵੱਧ ਸਮੇਂ ਤੱਕ ਚਲੀ ਚਰਚਾ ਤੋਂ ਪਿੱਛੋਂ ਵੀ ਸਰਕਾਰ ਨੇ ਕੋਈ ਮੰਗ ਨਾ ਮੰਨੀ ਤੇ ਨਾ ਹੀ ਮਾਮਲਾ ਆਰਬਿਟ੍ਰੇਸ਼ਨ ਲਈ ਭੇਜਿਆ। ਇਸ ਦਾ ਵਿਰੋਧ ਕਰਦੇ ਹੋਏ ਸਟਾਫ ਪੱਖ ਦੇ ਆਗੂਆਂ ਨੇ ਜੇਸੀਐਮ ਦੀ ਬੈਠਕ ’ਚੋਂ ਵਾਕ ਆਊਟ ਕਰ ਦਿੱਤਾ ਤੇ ਇਕ ਦਿਨ ਦੀ ਹੜਤਾਲ ਕਰਨ ਦਾ ਫੈਸਲਾ ਕਰ ਲਿਆ। ‘ਜੁਆਇੰਟ ਐਕਸ਼ਨ ਕਮੇਟੀ’ ਬਣਾਈ ਗਈ ਤੇ ਹੜਤਾਲ ਦੀ ਤਾਰੀਖ 19 ਸਤੰਬਰ 1968 ਨਿਰਧਾਰਿਤ ਕੀਤੀ ਗਈ ।
    ਮੁੱਖ ਮੰਗਾਂ ਸਨ

    1. ਲੋੜ ਅਧਾਰਤ ਘੱਟੋ-ਘੱਟ ਤਨਖਾਹ ਮਿੱਥਣੀ
    2. ਕੀਮਤਾਂ ਵਿੱਚ ਵਾਧੇ ਦੀ ਪੂਰੀ ਪੂਰਤੀ ਕਰਨੀ
    3. ਡੀ.ਏ. ਨੂੰ ਬੇਸਿਕ ਤਨਖਾਹ ਨਾਲ ਮਿਲਾਉਣਾ
    4. 50 ਸਾਲ ਦੀ ਉਮਰ ਜਾਂ 25 ਸਾਲ ਦੀ ਸੇਵਾ ਪੂਰੀ ਕਰਨ ਤੇ ਮੁਲਾਜ਼ਮਾਂ ਨੂੰ ਜ਼ਬਰੀ ਰਿਟਾਇਰ ਕਰਨ ਦੀ ਤਜ਼ਵੀਜ ਵਾਪਸ ਲੈਣੀ
    5. ਬਰਖਾਸਤ ਮੁਲਾਜ਼ਮਾਂ ਨੂੰ ਬਹਾਲ ਕਰਨਾ
    6. ਬਰਾਬਰ ਨੌਕਰੀ ਦਿੱਤੇ ਬਿਨਾਂ ਛਾਂਟੀ ਨਾ ਕਰਨਾ
    7. ਠੇਕੇਦਾਰੀ ਪ੍ਰਥਾ ਤੇ ਕੈਜੂਅਲ ਮਜ਼ਦੂਰੀ ਦਾ ਖਾਤਮਾ ਕਰਨਾ
      ਜੁਆਇੰਟ ਐਕਸ਼ਨ ਕਮੇਟੀ ਨੇ ਹੜਤਾਲ ਦਾ ਨੋਟਿਸ ਦੇ ਕੇ 19 ਸਤੰਬਰ 1968 ਨੂੰ ਸਵੇਰੇ 6 ਵਜੇ ਤੋਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ। ਦੇਸ਼ ਭਰ ’ਚ ਮੁਹਿੰਮ ਚਲਾਈ ਗਈ। ਜੇਏਸੀ ਵਿਚ ‘ਏਆਈਆਰਐਫ’, ‘ਏਆਈਡੀਈਐਫ’ ਤੇ ‘ਕੇਂਦਰੀ ਮੁਲਾਜ਼ਮਾਂ ਦੀ ਕਨਫੈਡਰੇਸ਼ਨ’ ਮੁੱਖ ਸੰਗਠਨ ਸਨ। ਕੇਂਦਰੀ ਸਰਕਾਰ ਨੇ ਹੜਤਾਲ ਨੂੰ ਕੁਚਲਣ ਲਈ ‘ਐਸਮਾ’ (ਏਸੈਨਸ਼ਿਅਲ ਸਰਵਿਸਿਜ਼ ਮੈਨਟੇਨੈਂਸ ਆਰਡੀਨੈਂਸ) ਲਾਗੂ ਕਰ ਦਿੱਤਾ। ਮੁਲਾਜ਼ਮਾਂ ’ਤੇ ਭਾਰੀ ਜੁਰਮਾਨੇ ਠੋਸ ਗਏ, ਮੁੱਅਤਲੀਆਂ, ਬਰਖਾਸਤਗੀਆਂ, ਨੌਕਰੀ ਖ਼ਤਮ ਕਰਨ, ਸੇਵਾਵਾਂ ਵਿੱਚ ਰੁਕਾਵਟ ਪਾਉਣ ਆਦਿ ਸਜ਼ਾਵਾਂ ਦੇਣ ਦੇ ਵਿਸਥਾਰ ਪੂਰਵਕ ਧਮਕੀਨੁਮਾ ਨਿਰਦੇਸ਼ ਜਾਰੀ ਕੀਤੇ ਗਏ। ਕੇਂਦਰੀ ਸਰਕਾਰ ਨੇ ਸਭ ਰਾਜ ਸਰਕਾਰਾਂ ਨੂੰ ਵੀ ਕਿਹਾ ਕਿ ਹੜਤਾਲ ਕਿਸੇ ਵੀ ਕੀਮਤ ’ਤੇ ਰੋਕੀ ਜਾਵੇ।
      ਪਰ ਉਦੋਂ ਦੀ ਕੇਰਲ ਦੀ ਕਮਿਊਨਿਸਟ ਸਰਕਾਰ ਦੇ ਮੁੱਖ ਮੰਤਰੀ ਕਾਮਰੇਡ ਈ.ਐਸ.ਐਸ. ਨੰਬੂਦਰੀਪਾਦ ਨੇ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਪੂਰਨ ਸਮਰਥਨ ਕਰਦਿਆਂ ਹੋਇਆਂ ਹੜਤਾਲ ਦੀ ਹਮਾਇਤ ਕੀਤੀ। ਕੇਂਦਰ ਸਰਕਾਰ ਦੀਆਂ ਰਾਜ ਸਰਕਾਰ ਨੂੰ ਭੰਗ ਕਰਨ ਦੀਆਂ ਧਮਕੀਆਂ ਨੂੰ ਦਰਕਿਨਾਰ ਕਰਦਿਆਂ ਕੇਰਲਾ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ’ਤੇ ਐਸਮਾ ਲਾਉਣ ਤੋਂ ਵੀ ਸਾਫ ਨਾਂਹ ਕਰ ਦਿੱਤੀ ਸੀ। ਇਹੋ ਨਹੀਂ ਉਨ੍ਹਾਂ ਮੁਲਾਜ਼ਮਾਂ ਨੂੰ ਦਬਾਉਣ ਲਈ ਰਾਜ ਅੰਦਰ ਸੀ.ਆਰ.ਪੀ.ਐਫ. ਦੀ ਤਾਇਨਾਤੀ ਦੀ ਇਜਾਜ਼ਤ ਦੇਣ ਤੋਂ ਵੀ ਕੋਰਾ ਇਨਕਾਰ ਕਰ ਦਿੱਤਾ ਸੀ।
      ਸਰਕਾਰ ਦੇ ਸਖਤ ਕਦਮਾਂ ਦੇ ਬਾਵਜੂਦ ਹੜਤਾਲ, ਜੋ 18 ਸਤੰਬਰ ਦੁਪਹਿਰ ਤੋਂ ਹੀ ਸ਼ੁਰੂ ਹੋ ਗਈ ਸੀ, ਪੂਰੇ ਭਾਰਤ ਅੰਦਰ ਲਾਮਿਸਾਲ ਸਫਲ ਰਹੀ ਸੀ। ਦੇਸ਼ ਭਰ ’ਚ 12000 ਮੁਲਾਜ਼ਮਾਂ ਤੇ ਆਗੂਆਂ ਨੂੰ ਗਿ੍ਰਫਤਾਰ ਕਰਕੇ ਜੇਲ੍ਹੀਂ ਡੱਕ ਦਿਤਾ ਗਿਆ ਸੀ। 64000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਤੇ 40,000 ਮੁੱਅਤਲ (ਸਸਪੈਂਡ) ਕੀਤੇ ਗਏ ਸਨ। ਪਠਾਨਕੋਟ, ਬੀਕਾਨੇਰ, ਦਿੱਲੀ ਅਤੇ ਉੱਤਰੀ-ਪੂਰਬੀ ਖੇਤਰ ’ਚ ਫੌਜ਼-ਪੁਲਸ ਨੇ ਗੋਲੀਆਂ ਨਾਲ 17 ਮੁਲਾਜ਼ਮ ਸ਼ਹੀਦ ਕੀਤੇ ਸਨ।
      19 ਸਤੰਬਰ 1968 ਦੀ ਹੜਤਾਲ, ਦੇਸ਼ ਦੇ ਮਜ਼ਦੂਰ ਵਰਗ ਦੇ ਇਤਿਹਾਸ ’ਚ ਸਦਾ-ਸਦਾ ਲਈ ਸੂਹੇ ਅਖਰਾਂ ਨਾਲ ਦਰਜ ਹੋ ਚੁੱਕੀ ਹੈ। ਹੜਤਾਲ ਬੇਸ਼ੱਕ ਇਕ ਦਿਨ ਦੀ ਸੀ, ਪਰ ਇਸਦੇ ਪ੍ਰਭਾਵ ਲੰਮੇ ਸਮੇਂ ਤਕ ਰਹੇ। ਸਰਕਾਰ, ਜਿਸ ਨੇ ਪਹਿਲਾਂ ਮੰਗਾਂ ਰਦ ਕਰ ਦਿੱਤੀਆਂ ਸਨ, ਪਿੱਛੋਂ ਕੁਝ ਮੰਗਾਂ ਲਾਗੂ ਕਰਨ ਲਈ ਮਜ਼ਬੂਰ ਹੋਈ। ਸਹੀ ਮੰਗਾਂ ਲਈ ਸਹੀ ਦਿਸ਼ਾ ਵਿੱਚ ਕੀਤਾ ਗਿਆ ਸੰਘਰਸ਼ ਕਦੇ ਵੀ ਵਿਅਰਥ ਨਹੀਂ ਜਾਂਦਾ। ਸਮਾਜਿਕ ਜਬਰ ਰਹਿਤ ਅਤੇ ਆਰਥਿਕ ਲੁੱਟ-ਘਸੁੱਟ ਰਹਿਤ ਸਮਾਜ ਸਿਰਜਣ ਲਈ ਸੰਘਰਸ਼ ਜ਼ਰੂਰੀ ਹਨ।
      ਆਓ, ਅਸੀਂ ਪਿਛਲੇ ਸੰਘਰਸ਼ਾਂ ਦੇ ਸ਼ਹੀਦਾਂ ਨੂੰ ਸਲਾਮ ਕਰੀਏ ਅਤੇ ਉਨਾਂ ਸਭ ਨੂੰ ਯਾਦ ਕਰੀਏ, ਜਿਹਨਾਂ ਨੇ ਪਿਛਲੇ ਸੰਘਰਸ਼ਾਂ ਵਿੱਚ ਬੇਹੱਦ ਦੁੱਖ ਸਹੇ। ਉਹਨਾਂ ਵਲੋਂ ਛੱਡੀ ਗਈ ਮਾਣਮਤੀ ਵਿਰਾਸਤ ਨੂੰ ਅਗੇ ਵਧਾਈਏ ਅਤੇ ਅਸੀਂ ਇਹ ਫੈਸਲਾ ਕਰੀਏ ਕਿ ਭਵਿੱਖ ਦੇ ਸੰਘਰਸ਼ਾਂ ਨੂੰ ਵੱਡੀ ਪੱਧਰ ’ਤੇ ਕਾਮਯਾਬ ਬਣਾਵਾਂਗੇ।
  • 28 ਸਤੰਬਰ ਤੋਂ ਆਰੰਭ ਹੋਣ ਵਾਲੇ ਖਟਕੜ ਕਲਾਂ ਮੋਰਚੇ ’ਚ ਸ਼ਾਮਲ ਹੋਣ ਦੀ ਅਪੀਲ

    28 ਸਤੰਬਰ ਤੋਂ ਆਰੰਭ ਹੋਣ ਵਾਲੇ ਖਟਕੜ ਕਲਾਂ ਮੋਰਚੇ ’ਚ ਸ਼ਾਮਲ ਹੋਣ ਦੀ ਅਪੀਲ

    ਮੁਕੰਦਪੁਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਜਗਤਪੁਰ ’ਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਚ ਖਟਕੜ ਕਲਾਂ ਚ ਲੱਗਣ ਵਾਲੇ ਮੋਰਚੇ ਚ ਨੌਜਵਾਨਾਂ ਨੂੰ ਪੁੱਜਣ ਦੀ ਅਪੀਲ ਕੀਤੀ।

    ਇਸ ਮੀਟਿੰਗ ਨੂੰ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਪ੍ਰੈੱਸ ਸਕੱਤਰ ਐਡੋਵਕੇਟ ਅਜੈ ਫਿਲੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣਾ ਹਰਾ ਪੈੱਨ ਕਿਤੇ ਰੱਖ ਕੇ ਭੁਲ ਗਈ ਹੈ। ਇਸ ਤਰ੍ਹਾਂ ਬੇਰੁਜ਼ਗਾਰੀ ਭੱਤਾ ਦੇਣ ਲਈ ਸਰਕਾਰ ਨੇ ਹਾਲੇ ਤੱਕ ਪੂਣੀ ਵੀ ਨਹੀਂ ਕੱਤੀ।

    ਆਗੂਆਂ ਨੇ ਕਿਹਾ ਕਿ ਖੇਡਾਂ ਦੇ ਨਾਮ ਹੇਠ ਨਿਗੂਣੇ ਕੀਤੇ ਜਾ ਰਹੇ ਯਤਨਾਂ ਨਾਲ ਨੌਜਵਾਨ ਨਸ਼ਿਆਂ ’ਤੇ ਲੱਗ ਰਹੇ ਹਨ। ਪਿੰਡਾਂ ’ਚ ਗਰਾਊਂਡਾਂ ਦੀ ਘਾਟ ਹੈ, ਜਿਸ ਕਾਰਨ ਕ੍ਰਿਕਟ ਦੇ ਜਿਆਦਾਤਰ ਟੂਰਨਾਮੈਂਟ ਭਰ ਗਰਮੀ ’ਚ ਖਾਲੀ ਪਏ ਖੇਤਾਂ ’ਚ ਹੀ ਹੁੰਦੇ ਹਨ।

    ਨਸ਼ਿਆਂ ਦੇ ਸਬੰਧ ’ਚ ਆਗੂਆਂ ਨੇ ਕਿਹਾ ਕਿ ਜੇਲ੍ਹ ਭੇਜੇ ਗਏ ਨੌਜਵਾਨ ਜੇ ਸਾਰੇ ਸਮਗਲਰ ਹਨ ਤਾਂ ਫਿਰ ਨਸ਼ੇ ’ਚ ਲੱਗੇ ਨੌਜਵਾਨ ਤਾਂ ਕਈ ਲੱਖਾਂ ’ਚ ਹੋਣਗੇ। ਇਲਾਜ ਦੀ ਸਹੀ ਸਹੂਲਤ ਨਾ ਹੋਣ ਕਾਰਨ ਇਹ ਨੌਜਵਾਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਆਗੂਆਂ ਨੇ ਉਕਤ ਮੁਦਿਆ ਪ੍ਰਤੀ ਸਰਕਾਰ ਦਾ ਧਿਆਨ ਖਿੱਚਣ ਵਾਸਤੇ 28 ਸਤੰਬਰ ਤੋਂ ਲੱਗਣ ਵਾਲੇ ਮੋਰਚੇ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਮਰਜੀਤ ਸ਼ੇਰਗਿੱਲ, ਬੌਬੀ ਚੰਦੜ੍ਹ, ਜਸਕਰਨ ਸ਼ੇਰਗਿੱਲ, ਹਰਵਿੰਦਰ ਸੰਧੂ, ਜਤਿਨ ਬੱਧਣ, ਦਵਿੰਦਰ ਸਿੰਘ, ਹਨੀ ਜਗਤਪੁਰਾ, ਲਵਪ੍ਰੀਤ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਖਿਡਾਰੀ ਵੀ ਹਾਜ਼ਰ ਸਨ।

  • ਕੈਬਨਿਟ ਮੀਟਿੰਗਾਂ ਸਰਕਾਰੀ ਜਾਇਦਾਦਾਂ ਲੱਭ ਕੇ ਵੇਚਣ ਤੱਕ ਸੀਮਤ, ਸਰਕਾਰ ਦੀ ਵਿੱਤੀ ਹਾਲਤ ਕੱਖੋਂ ਹੌਲੀ

    ਕੈਬਨਿਟ ਮੀਟਿੰਗਾਂ ਸਰਕਾਰੀ ਜਾਇਦਾਦਾਂ ਲੱਭ ਕੇ ਵੇਚਣ ਤੱਕ ਸੀਮਤ, ਸਰਕਾਰ ਦੀ ਵਿੱਤੀ ਹਾਲਤ ਕੱਖੋਂ ਹੌਲੀ

    ਸਿੱਧਵਾਂ ਬੇਟ: ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਲਏ ਕਰਜ਼ ਅਤੇ ਮਾਈਨਿੰਗ, ਐਕਸਾਈਜ਼, ਜੀਐੱਸਟੀ ਅਤੇ ਹੋਰ ਪੰਜਾਬ ਦੇ ਲੋਕਾਂ ਤੋਂ ਵਸੂਲੇ ਟੈਕਸਾਂ ਦੇ ਬਾਵਜੂਦ ਪੰਜਾਬ ਕੈਬਨਿਟ ਦੀਆਂ ਮੀਟਿੰਗਾਂ ਵਿੱਚ ਸਰਕਾਰੀ ਜ਼ਮੀਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਜਿਨਾਂ ਨੂੰ ਵੇਚਿਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾਂ ਨੇ ਕਿਹਾ ਕਿ ਬਹੁਤ ਸਾਰੀਆਂ ਕੀਮਤੀ ਸਰਕਾਰੀ ਜਾਇਦਾਦਾਂ ਵੇਚਣ ’ਤੇ ਸਹਿਮਤੀ ਵੀ ਬਣ ਗਈ ਹੈ, ਜਿਸ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਸਰਕਾਰ ਦੀ ਵਿੱਤੀ ਹਾਲਤ ਕੱਖੋਂ ਹੌਲੀ ਹੋ ਚੁੱਕੀ ਹੈ। ਸਰਕਾਰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਝੂਠੇ ਦਮਗਜੇ ਮਾਰ ਰਹੀ ਹੈ, ਜਿਹੜੀ ਸਰਕਾਰ ਐੱਨਆਰਆਈਆਂ ਤੋਂ ਦਾਨ ਮੰਗ ਰਹੀ ਹੈ ਅਤੇ ਆਪਣੇ ਐੱਮਐੱਲਏ, ਐੱਮਪੀ ਨੂੰ ਵੱਧ ਤੋਂ ਵੱਧ ਕਰੋੜਾਂ ’ਚ ਦਾਨ ਇਕੱਠਾ ਕਰਨ ਨੂੰ ਕਹਿ ਰਹੀ ਹੈ ਅਤੇ ਪੰਚਾਇਤਾਂ ਦੀਆਂ ਆਮਦਨਾ ਵਿੱਚੋਂ 5% ਮੰਗ ਰਹੀ ਹੈ, ਉਹ ਸਰਕਾਰ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ 20 ਹਜਰ ਰੁਪਏ ਪ੍ਰਤੀ ਏਕੜ ਤੇ ਨੁਕਸਾਨੇ ਪਸ਼ੂਆਂ ਵਾਸਤੇ 37 ਹਜਾਰ ਪ੍ਰਤੀ ਪਸ਼ੂ ਤੇ ਹੜ੍ਹਾਂ ਨਾਲ ਨੁਕਸਾਨੇ ਗਏ ਮਕਾਨਾਂ, ਸੜਕਾਂ, ਸਰਕਾਰੀ ਸਕੂਲਾਂ, ਸਰਕਾਰੀ ਇਮਾਰਤਾਂ ਦੀ ਉਸਾਰੀ ਵਿੱਚ ਕਿਵੇਂ ਅਜਿਹੇ ਹਾਲਾਤਾਂ ਵਿੱਚ ਮਦਦ ਕਰ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬੇਹਿਸਾਬ ਬੇਲੋੜੇ ਖਰਚਿਆਂ ਕਾਰਨ ਇਹ ਹਾਲਤ ਬਣੀ ਹੈ ਉਹਨਾਂ  ਕਿਹਾ ਸਰਕਾਰ ਤੋਂ ਹੜ੍ਹ ਪੀੜਿਤ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਦੀ ਕੋਈ ਉਮੀਦ ਨਹੀਂ ਅਤੇ ਪੰਜਾਬ ਦੇ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਉਸਾਰੂ ਕਦਮ ਨਾ ਚੁੱਕੇ ਪੰਜਾਬ ਵਾਸੀਆਂ ਦਾ ਭਵਿੱਖ ਤਬਾਹ ਹੋ ਜਾਵੇਗਾ।

  • ਹੜ੍ਹਾਂ ਦੇ ਨੁਕਸਾਨ ਦੇ ਨਾਲ-ਨਾਲ  ਝੋਨਾ ਘੱਟੋ ਘੱਟ ਰੇਟ ’ਤੇ ਨਾ ਖਰੀਦਣ ਕਾਰਨ ਹੋ ਰਿਹਾ ਦੋਹਰਾ ਨੁਕਸਾਨ

    ਹੜ੍ਹਾਂ ਦੇ ਨੁਕਸਾਨ ਦੇ ਨਾਲ-ਨਾਲ  ਝੋਨਾ ਘੱਟੋ ਘੱਟ ਰੇਟ ’ਤੇ ਨਾ ਖਰੀਦਣ ਕਾਰਨ ਹੋ ਰਿਹਾ ਦੋਹਰਾ ਨੁਕਸਾਨ

    ਅਜਨਾਲਾ: ਖੇਤਰ ਵਿੱਚ ਹੜ੍ਹ ਆਏ ਨੂੰ 25-26 ਦਿਨ ਹੋ ਗਏ ਹਨ ਪ੍ਰੰਤੂ ਅਜੇ ਵੀ ਬਹੁਤ ਸਾਰੇ ਝੋਨੇ ਵਾਲੇ ਰਕਬੇ ਵਿੱਚ ਪਾਣੀ ਖੜ੍ਹਾ ਹੈ। ਇਹਨਾਂ ਕਿਸਾਨਾਂ ਨੂੰ ਡਾਢੀ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੀ ਕਣਕ ਵੀ ਬੀਜੀਂ ਨਹੀਂ ਜਾਣੀਂ। ਅਜਿਹੇ ਹਲਾਤਾਂ ਦਾ ਪ੍ਰਗਟਾਵਾ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਕਰਦਿਆਂ ਅਜਿਹੇ ਕਿਸਾਨਾਂ ਨੂੰ ਫਸਲਾਂ ਦੇ ਖ਼ਰਾਬਾ ਦੁਗਣਾ ਦਿੱਤਾ ਜਾਵੇ। ਅੱਜ ਜਮਹੂਰੀ ਕਿਸਾਨ ਸਭਾ ਦੀ ਟੀਮ ਨੇ ਬਹੁਤ ਸਾਰੇ ਹੜ੍ਹ ਪੀੜਿਤ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਜਿਹੜੀ ਨਿਗੂਣੀ ਰਾਹਤ ਐਲਾਨੀ ਹੈ ਉਹ ਬਹੁਤ ਥੋੜ੍ਹੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ 40 ਫੀਸਦੀ ਤੋਂ ਵੱਧ ਖ਼ਰਾਬੇ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰ ਦੇ ਘਰ ਦੀਵਾ ਜਗਾਉਣ ਲਈ ਉਹਨਾਂ ਵਾਸਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤੇ ਜਾਣ।

    ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਇੱਕ ਬੰਨੇਂ ਭਾਰੀ ਬਾਰਸ਼ਾਂ ਤੇ ਹੜ੍ਹਾਂ ਕਾਰਨ ਝੋਨੇ ਤੇ ਬਾਸਮਤੀ ਦਾ ਸਿੱਧਾ ਹੀ 10 ਕੁਇੰਟਲ ਝਾੜ ਘੱਟ ਗਿਆ ਹੈ ਉਪਰੋਂ ਭਗਵੰਤ ਮਾਨ ਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਬਾਂਹ ਨਾ ਫੜਨ ਕਰਕੇ ਸੋਨੇ ਵਰਗੀ ਬਾਸਮਤੀ ਕੌਡੀਆਂ ਦੇ ਭਾਅ 24 ਤੋਂ 29 ਸੌ ਰੁਪਏ ਤੱਕ ਲੁੱਟੀ ਜਾ ਰਹੀ ਹੈ, ਜਦੋਂ ਕਿ ਪੰਜਾਬ ਸਰਕਾਰ ਦਾ ਐੱਸਕੇਐੱਮ ਨਾਲ ਵਾਅਦਾ ਸੀ ਕਿ ਜੇਕਰ ਬਾਸਮਤੀ ਦਾ ਭਾਅ ਮੰਡੀ ਵਿੱਚ 35 ਸੌ ਰੁਪਏ ਪ੍ਰਤੀ ਕੁਇੰਟਲ ਤੋਂ ਡਿੱਗੇਗਾ ਤਾਂ ਸਰਕਾਰ ਆਪ ਖ਼ਰੀਦ ਕਰੇਗੀ ਪ੍ਰੰਤੂ ਸਿਤਮ ਦੀ ਗੱਲ ਹੈ ਕਿ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਖੇਤੀ ਮਾਹਿਰ ਅਜਨਾਲਾ ਨੇ ਅੱਗੇ ਕਿਹਾ ਕਿ ਅਜਿਹਾ ਹਾਲ ਝੋਨੇ ਦੀ ਖਰੀਦ ਵਿੱਚ ਹੋ ਰਿਹਾ ਹੈ ਅੱਜ ਤੱਕ ਸਮੁੱਚੇ ਪੰਜਾਬ ਵਿੱਚ ਕਿਸੇ ਵੀ ਕਿਸਾਨ ਪਾਸੋਂ ਝੋਨੇ ਦੀ ਐੱਮਐੱਸਪੀ 2389 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕਿਸੇ ਵੀ ਸਰਕਾਰੀ ਏਜੰਸੀ ਨੇ ਜਾਂ ਇਸ ਰੇਟ ’ਤੇ ਇੱਕ ਵੀ ਦਾਣਾ ਨਹੀਂ ਖ਼ਰੀਦਿਆ। ਅਜਿਹੀ ਹੋ ਰਹੀ ਲੁੱਟ ਵਿਰੁੱਧ ਐੱਸਕੇਐੱਮ ਵੱਡਾ ਸੰਘਰਸ਼ ਵਿੱਡੇਗਾ।

  • ਰਚਨਾ ਪ੍ਰਧਾਨ, ਸੁਖਵਿੰਦਰ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਸਕੱਤਰ ਤੇ ਹਰਜਿੰਦਰ ਕੌਰ ਖ਼ਜ਼ਾਨਚੀ ਚੁਣੇ

    ਰਚਨਾ ਪ੍ਰਧਾਨ, ਸੁਖਵਿੰਦਰ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਸਕੱਤਰ ਤੇ ਹਰਜਿੰਦਰ ਕੌਰ ਖ਼ਜ਼ਾਨਚੀ ਚੁਣੇ


    ਤਰਨ ਤਾਰਨ: ਬਰਸਾਤਾਂ ਜਿਆਦਾ ਹੋਣ ਕਾਰਨ ਗਰੀਬ ਲੋਕਾਂ ਦੇ ਘਰ ਢਹਿ ਚੁੱਕੇ ਕੋਠਿਆ ਦੀ ਖਸਤਾ ਹਾਲਤ ਹੋ ਗਈ ਹੈ, ਜਿਸ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਸਾਰ ਲਵੇ।
    ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਰਟੋਲ ਨੇ ਪਿੰਡ ਪੱਖੋਕੇ ‘ਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
    ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹ ਕੁਦਰਤੀ ਕਰੋਪੀ ਅਤੇ ਸਮੇਂ ਦੇ ਹਾਕਮਾਂ ਦੀ ਨਲਾਇਕੀ ਸਦਕਾ ਆਏ ਹਨ। ਜਿਸ ਕਾਰਨ ਲੱਖਾਂ ਏਕੜ ਫ਼ਸਲ, ਹਜ਼ਾਰਾਂ ਪਿੰਡ ਤੇ ਲੱਖਾਂ ਘਰ ਬਰਬਾਦ ਹੋ ਚੁੱਕੇ ਹਨ ਤੇ ਲੱਖਾਂ ਲੋਕ ਆਪਣਾ ਸਭ ਕੁਝ ਗੁਆ ਚੁੱਕੇ ਹਨ।
    ਇਨ੍ਹਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਨੂੰ ਕੌਮੀ ਆਫ਼ਤ ਘੋਸ਼ਿਤ ਕਰੇ ਤਾਂ ਕਿ ਕੌਮੀ ਰਾਹਤ ਫੰਡ ਵਿੱਚੋਂ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਉਨ੍ਹਾਂ ਕਿਹਾ ਕਿ ਬਰਸਾਤ ਜਿਆਦਾ ਹੋਣ ਕਾਰਨ ਮਜ਼ਦੂਰਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਹਨ ਅਤੇ ਗਰੀਬ ਲੋਕਾਂ ਦੀਆਂ ਛੱਤਾਂ ਬਰਸਾਤ ਜ਼ਿਆਦਾ ਹੋਣ ਕਾਰਨ ਗਰੀਬ ਲੋਕਾਂ ਦੀਆਂ ਛੱਤਾਂ ਬਰਸਾਤ ਜਿਆਦਾ ਹੋਣ ਕਾਰ ਤ੍ਰਿੱਪ ਤ੍ਰਿੱਪ ਕਰ ਰਹੀਆਂ ਹਨ। ਢਹਿ ਚੁੱਕੇ ਘਰਾਂ ਨੂੰ ਬਣਾਉਣ ਲਈ ਘੱਟੋ ਘੱਟ 10 ਲੱਖ ਰੁਪਏ ਦੀ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ। ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਦੀ ਸਖਤ ਅਲੋਚਨਾ ਕਰਦਿਆ ਕਿਹਾ ਕਿ ਦੋਵੇਂ ਸਰਕਾਰਾਂ ਲਗਾਤਾਰ ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰ ਰਹੀਆਂ ਹਨ।
    ਪਿਛਲੇ ਸਾਲ ਘਟਾਏ ਬਜਟ ਕਾਰਨ ਕਾਮਿਆਂ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ, ਹੁਣ ਮਨਰੇਗਾ ਕੰਮਾਂ ਵਿੱਚ ਕਟੌਤੀ ਕਰਕੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਜਿਸ ਕਿਸੇ ਕ਼ੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਨਰੇਗਾ ਵਰਕਰਾਂ ਦਾ ਮਿਹਨਤਆਨਾ ਘੱਟੋ ਘੱਟ ਪ੍ਰਤੀ ਦਿਹਾੜੀ 700 ਰੁਪਏ, ਸਾਰਾ ਸਾਲ ਕੰਮ ਦੇਣ, ਬੁਢਾਪਾ, ਵਿਧਵਾ, ਅੰਗਹੀਣ, ਆਸ਼ਰਤ ਬੱਚਿਆਂ ਨੂੰ ਪੈਨਸ਼ਨ ਘੱਟੋ ਘੱਟ 7000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ।
    ਇਹਨਾਂ ਆਗੂਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦਵਾਉਣ ਲਈ 26 ਸਤੰਬਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ‘ਚ ਵੱਡੀ ਗਿਣਤੀ ‘ਚ ਪਹੁੰਚਣ ਦਾ ਸੱਦਾ ਦਿੱਤਾ।
    ਇਸ ਮੌਕੇ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਰਚਨਾ ਪ੍ਰਧਾਨ, ਸੁੱਖਵਿੰਦਰ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਸਕੱਤਰ, ਹਰਜਿੰਦਰ ਕੌਰ ਖ਼ਜ਼ਾਨਚੀ ਚੁਣੇ ਗਏ।
    ਇਸ ਮੌਕੇ ਮੰਗਲ ਸਿੰਘ ਰਟੋਲ, ਬਲਵਿੰਦਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

  • ਮਨਰੇਗਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜੀ ਕੀਤੀ

    ਮਨਰੇਗਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜੀ ਕੀਤੀ


    ਹਾਜੀਪੁਰ: ਇਥੇ ਨੇੜਲੇ ਪਿੰਡ ਬਡਲਾ ਵਿਖੇ ਮਨਰੇਗਾ ਵਰਕਰਾਂ ਨੇ ਕੰਮ ਨਾ ਮਿਲਣ ਅਤੇ ਕੀਤੇ ਕੰਮ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਖ਼ਿਲਾਫ਼ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਮਨਰੇਗਾ ਵਰਕਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਧਾਨ ਪਰਮਜੀਤ ਕੌਰ ਬਡਾਲੀਆਂ ਨੇ ਦਸਿਆ ਕਿ ਮਨਰੇਗਾ ਵਰਕਰਾਂ ਨੂੰ ਇਸੇ ਸਾਲ ਜੂਨ ਮਹੀਨੇ ਤੋਂ ਕੀਤੇ ਕੰਮ ਦੀ ਅਦਾਇਗੀ ਨਹੀਂ ਹੋਈ। ਹੁਣ ਤੱਕ ਕਰੀਬ 6 ਪੰਦਰੀਆਂ ਦੇ ਪੈਸੇ ਬਕਾਏ ਹਨ। ਪਿੰਡਾਂ ’ਚ ਵਿਕਾਸ ਕਾਰਜ ਠੱਪ ਪਏ ਹੋਏ ਹਨ, ਅੱਗੇ ਕੰਮ ਨਹੀਂ ਮਿਲ ਰਿਹਾ ਅਤੇ ਪਿਛਲੇ ਕੀਤੇ ਕੰਮ ਦੀ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ। ਅੱਤ ਦੀ ਮਹਿੰਗਾਈ ’ਚ ਵਰਕਰਾਂ ਲਈ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਲੰਘੇ ਮਹੀਨੇ ਪੰਜਾਬ ’ਚ ਆਏ ਹੜ੍ਹਾਂ ਦੌਰਾਨ ਬੀਡੀਪੀਓ ਦਫ਼ਤਰਾਂ ਵਿੱਚ ਮਿੱਟੀ ਦੀ ਭਰਾਈ ਕਰਵਾਈ ਗਈ ਸੀ, ਉਸਦਾ ਮਿਹਨਤਾਨਾ ਵੀ ਵਰਕਰਾਂ ਨਹੀਂ ਦਿੱਤਾ ਗਿਆ। ਭਾਰੀ ਬਰਸਾਤ ਕਾਰਨ ਜ਼ਿਆਦਾਤਰ ਮਨਰੇਗਾ ਵਰਕਰਾਂ ਦੇ ਕੱਚੇ ਕੋਠੇ ਡਿੱਗ ਗਏ ਜਾਂ ਪੱਕੇ ਮਕਾਨ ਚੌਣ ਲੱਗ ਪਏ, ਨਾ ਤਾਂ ਸਰਕਾਰ ਨੇ ਅਤੇ ਨਾ ਹੀ ਪ੍ਰਸ਼ਾਸਨ ਨੇ ਇਨ੍ਹਾਂ ਵਰਕਰਾਂ ਦੀ ਅਜੇ ਤੱਕ ਕੋਈ ਸਾਰ ਲਈ ਹੈ।
    ਪ੍ਰਸ਼ਾਸਨ ਅਤੇ ਸਰਕਾਰ ਦੀ ਬੇਰੁਖੀ ਤੋਂ ਮਨਰੇਗਾ ਵਰਕਰ ਨਾਖੁਸ਼ ਹਨ। ਮੇਟ ਵਿਜੇ ਕੁਮਾਰ ਸੀਪਰੀਆਂ, ਬਲਾਕ ਪ੍ਰਧਾਨ ਬਲਵਿੰਦਰ ਕੌਰ, ਮੇਟ ਅਨਿਤਾ ਰਾਣੀ ਆਦਿ ਨੇ ਮਨਰੇਗਾ ਵਰਕਰਾਂ ਦੇ ਬਕਾਏ ਤੁਰੰਤ ਜਾਰੀ ਕਰਨ ਅਤੇ ਕੰਮ ਨਾ ਦੇਣ ਦੀ ਸੂਰਤ ’ਚ ਐਕਟ ਮੁਤਾਬਕ ਬੇਰੁਜ਼ਗਾਰੀ ਭੱਤਾ ਦੇਣ ਦੀ ਮੰਗ ਕੀਤੀ ਹੈ।

  • ਸਰਕਾਰ ਮਨਰੇਗਾ ਵਰਕਰਾਂ ਦੇ ਬਕਾਏ ਅਤੇ ਮੁਲਾਜ਼ਮਾਂ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰੇ

    ਸਰਕਾਰ ਮਨਰੇਗਾ ਵਰਕਰਾਂ ਦੇ ਬਕਾਏ ਅਤੇ ਮੁਲਾਜ਼ਮਾਂ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰੇ


    ਹੁਸ਼ਿਆਰਪੁਰ: ਮਨਰੇਗਾ ਵਰਕਰਾਂ ਯੂਨੀਅਨ ਇਕਾਈ ਭੂੰਗਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਵਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਜੰਗਲਾਤ ਦਫ਼ਤਰ ਢੋਲਵਾਹਾ ਵਿਖੇ ਹੋਈ। ਮੀਟਿੰਗ ’ਚ ਵੱਡੀ ਗਿਣਤੀ ਮਨਰੇਗਾ ਵਰਕਰਜ਼ ਸ਼ਾਮਲ ਹੋਏ। ਜ਼ਿਲ੍ਹਾ ਸੰਯੋਜਕ ਅਤੇ ਮੁਲਾਜ਼ਮ ਆਗੂ ਮਨਜੀਤ ਸੈਣੀ, ਜੰਗਲਾਤ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪਾਲ ਅਤੇ ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮਨਰੇਗਾ ਵਰਕਰਾਂ ਨੇ ਦਰਪੇਸ਼ ਸਮਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
    ਅਮਨਪ੍ਰੀਤ ਕੌਰ ਨੌਸ਼ਹਿਰਾ, ਓਮਾ ਦੇਵੀ ਰਾਮਟਟਵਾਲੀ ਅਤੇ ਰੀਨਾ ਰਾਣੀ ਢੋਲਵਾਹਾ ਨੇ ਦਸਿਆ ਕਿ ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦੇ ਪਿਛਲੇ ਕੀਤੇ ਕੰਮ ਦੀ ਅਦਾਇਗੀ ਨਹੀਂ ਹੋਈ। ਕਰੀਬ ਪੰਜ ਮਹੀਨੇ ਦੀ ਅਦਾਇਗੀ ਰੁਕੀ ਹੋਈ ਹੈ। ਹੜ੍ਹਾਂ ਦੌਰਾਨ ਬਲਾਕ ਦਫ਼ਤਰਾਂ ਵੱਲੋਂ ਕਰਵਾਏ ਕੰਮ ਦਾ ਕੋਈ ਪੈਸਾ ਨਹੀਂ ਦਿੱਤਾ ਗਿਆ। ਪਿੰਡਾਂ ’ਚ ਵਿਕਾਸ ਕਾਰਜ ਬੰਦ ਪਏ ਹੋਣ ਕਾਰਨ ਮਨਰੇਗਾ ਵਰਕਰ ਫਾਕੇ ਕੱਟਣ ਲਈ ਮਜ਼ਬੂਰ ਹਨ। ਮੇਟ ਪ੍ਰੇਮ ਕੁਮਾਰ ਕਟੌਹਡ਼, ਰੀਟਾ ਦੇਵੀ, ਸੰਦੀਪ ਸਿੰਘ ਆਦਿ ਨੇ ਆਨਲਾਈਨ ਹਾਜ਼ਰੀ ਦੇ ਨਾਲ ਆਫ਼ਲਾਈਨ ਹਾਜ਼ਰੀ ਦੀ ਸੁਵਿਧਾ ਮੁਹੱਇਆ ਕਰਵਾਉਣ ਦੀ ਮੰਗ ਕੀਤੀ ਹੈ। ਜੰਗਲਾਤ ਅਤੇ ਨਹਿਰਾਂ ’ਤੇ ਕੰਮ ਦੌਰਾਨ ਮੋਬਾਈਲ ਨੈਟਵਰਕ ਦੀ ਅਣਹੋਂਦ ਕਾਰਨ ਆਨਲਾਈਨ ਹਾਜ਼ਰੀ ਨਹੀਂ ਲੱਗਦੀ, ਮਨਰੇਗਾ ਵਰਕਰਾਂ ਨੂੰ ਕੰਮ ਕਰਨ ਦੇ ਬਾਵਜੂਦ ਅਦਾਇਗੀ ਨਹੀਂ ਹੁੰਦੀ। ਇਸੇ ਤਰ੍ਹਾਂ ਜੀਓ ਟੈਗ ਸਬੰਧੀ ਸਮਸਿਆਵਾਂ ਕਾਰਨ ਮਨਰੇਗਾ ਵਰਕਰਾਂ ਦੀਆਂ ਦੁਸ਼ਵਾਰੀਆਂ ਵਧ ਗਈਆਂ ਹਨ।
    ਜ਼ਿਲ੍ਹਾ ਸੰਯੋਜਕ ਮਨਜੀਤ ਸੈਣੀ ਨੇ ਮਨਰੇਗਾ ਬਜ਼ਟ ’ਚ ਹਰ ਵਰ੍ਹੇ ਕਟੌਤੀ ਕਰਨ ਲਈ ਕੇਂਦਰ ਅਤੇ ਰਾਜ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਮਨਰੇਗਾ ਵਰਕਰਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇੱਕਜੁਟ ਹੋ ਕੇ ਸੰਘਰਸ਼ ਦੇ ਪਿਡ਼ ਮੱਲਣ ਦਾ ਸੱਦਾ ਦਿੱਤਾ।
    ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਸਰਕਾਰ ਨੂੰ ਮਨਰੇਗਾ ਵਰਕਰਾਂ ਦੇ ਬਕਾਏ ਅਤੇ ਮਨਰੇਗਾ ਮੁਲਾਜ਼ਮਾਂ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜ਼ਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮਨਰੇਗਾ ਵਰਕਰ ਯੂਨੀਅਨ ਨੇ ਪਿੰਡਾਂ ’ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ, ਪੰਚਾਇਤਾਂ ਦਾ ਸਾਰਾ ਕੰਮ ਮਨਰੇਗਾ ਰਾਹੀਂ ਕਰਵਾਉਣ, ਮਨਰੇਗਾ ਵਰਕਰਾਂ ਦੇ ਮਾਮਲੇ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਦੀ ਮੰਗ ਨੂੰ ਲੈ ਕੇ 24 ਤਾਰੀਕ ਨੂੰ ਬੀਡੀਪੀਓ ਦਫ਼ਤਰ ਭੂੰਗਾ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ।
    ਹੋਰਨਾਂ ਤੋਂ ਇਲਾਵਾ ਇਸ ਮੌਕੇ ਕੰਚਨ ਦੇਵੀ, ਭੌਲੀ, ਤ੍ਰਿਪਤਾ ਦੇਵੀ, ਰਚਨਾ ਦੇਵੀ, ਰੁਪਿੰਦਰ ਕੌਰ, ਬਲਵੀਰ ਕੌਰ, ਮਹਿੰਦਰ ਪਾਲ , ਰਾਮ ਜੀ ਦਾਸ, ਓਮ ਪ੍ਰਕਾਸ਼, ਹਰਨਾਮ ਦਾਸ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।