Now Reading
ਆਰਐੱਮਪੀਆਈ ਵਲੋਂ ਵੱਖ- ਵੱਖ ਥਾਵਾਂ ‘ਤੇ ਜ਼ੋਰਦਾਨ ਕੀਤੇ ਗਏ ਪ੍ਰਦਰਸ਼ਨ

ਆਰਐੱਮਪੀਆਈ ਵਲੋਂ ਵੱਖ- ਵੱਖ ਥਾਵਾਂ ‘ਤੇ ਜ਼ੋਰਦਾਨ ਕੀਤੇ ਗਏ ਪ੍ਰਦਰਸ਼ਨ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਹੜ੍ਹ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਲਈ ਅੱਜ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ‘ਤੇ ਜ਼ੋਰਦਾਰ ਧਰਨੇ ਮਾਰੇ ਗਏ ਤੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ। ਮੁਜ਼ਾਹਰਾਕਾਰੀ, ਹੜ੍ਹਾਂ ਦੀ ਅਗਾਊਂ ਰੋਕ-ਥਾਮ ਕਰਨ ਪੱਖੋਂ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦੀ ਮੁਜ਼ਰਮਾਨਾ ਅਣਗਹਿਲੀ ਤੇ ਹੜ੍ਹ ਪੀੜਤਾਂ ਪ੍ਰਤੀ ਹਕੂਮਤਾਂ ਦੀ ਸਿਰੇ ਦੀ ਸੰਵੇਦਨਹੀਨਤਾ ਖਿਲਾਫ਼ ਜਬਰਦਸਤ ਨਾਅਰਿਆਂ ਰਾਹੀਂ ਤਿੱਖਾ ਰੋਸ ਪ੍ਰਗਟਾਅ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਹੈ ਕਿ  ਸਰਕਾਰਾਂ ਨੇ ਮੁਆਵਜ਼ੇ ਦੀ ਨਿਗੂਣੀ ਰਕਮ ਐਲਾਨ ਕੇ ਹੜ੍ਹ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਭੁੱਕਣ ਵਾਲਾ ਭੱਦਾ ਮਜਾਕ ਕੀਤਾ ਹੈ। ਮੁਜ਼ਾਹਰਾਕਾਰੀਆਂ ਦੀ ਅਗਵਾਈ ਕਰ ਰਹੀਆਂ ਪਾਰਟੀ ਦੀਆਂ ਜਿਲ੍ਹਾ ਤੇ ਤਹਿਸੀਲ ਕਮੇਟੀਆਂ ਨੇ ਅਧਿਕਾਰੀਆਂ ਰਾਹੀਂ ਮੋਦੀ-ਮਾਨ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜੇ ਹਨ। ਹਕੂਮਤਾਂ ਨੂੰ ਭੇਜੇ ਗਏ ਇਕ ਵੱਖਰੇ ਮੰਗ ਪੱਤਰ ਰਾਹੀਂ ਪ੍ਰਵਾਸੀ ਬਨਾਮ ਪੰਜਾਬੀ ਵਿਵਾਦ ਖੜ੍ਹਾ ਕਰਕੇ ਦੇਸ਼ ਭਰ ‘ਚ ਭਰਾ ਮਾਰੂ ਜਿਹਾਦ ਭੜਕਾਉਣ ਵਾਲੇ ਅਨਸਰਾਂ ਨਾਲ ਕਰੜੇ ਹੱਥੀਂ ਸਿੱਝਣ ਦੀ ਮੰਗ ਕੀਤੀ ਗਈ ਹੈ।

ਸੂਬਾ ਕੇਂਦਰ ‘ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਉਕਤ ਧਰਨੇ-ਮੁਜ਼ਾਹਰੇ ਜਲੰਧਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਸ਼੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਰੋਪੜ, ਸੰਗਰੂਰ, ਪਟਿਆਲਾ, ਬਰਨਾਲਾ ਦੇ ਡੀਸੀ ਦਫਤਰਾਂ ਅਤੇ ਅਬੋਹਰ ਤੇ ਸਰਦੂਲਗੜ੍ਹ ਦੇ ਐਸਡੀਐਮ ਦਫਤਰਾਂ ਸਾਹਵੇਂ ਕੀਤੇ ਗਏ ਹਨ। ਜਦਕਿ ਨਵਾਂ ਸ਼ਹਿਰ ਵਿਖੇ ਭਰਵੇਂ ਜਨਤਕ ਵਫਦ ਵਲੋਂ ਮੰਗ ਪੱਤਰ ਸੌਂਪਿਆ ਗਿਆ ਹੈ।

ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਫੈਸਲੇ ਤਹਿਤ ਮਾਰੇ ਗਏ ਉਕਤ ਰੋਸ ਧਰਨਿਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਸੂਬਾਈ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰਾਨ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ ਤੇ ਪ੍ਰੋ. ਜੈਪਾਲ ਸਿੰਘ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਨੱਥਾ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਹੜ੍ਹ ਕੇਵਲ ਕੁਦਰਤੀ ਕਰੋਪੀ ਹੀ ਨਹੀਂ ਬਲਕਿ ਆਪਣਾ ਬਣਦਾ ਫਰਜ ਨਿਭਾਉਣ ਪੱਖੋਂ ਸਰਕਾਰਾਂ ਦੀ ਘੋਰ ਅਸਫਲਤਾ ਅਤੇ ਉੱਪਰ ਤੋਂ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਚੋਂ ਉਪਜੀ  ਮਨੁੱਖ ਸਿਰਜੀ ਤਬਾਹੀ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਸਰਕਾਰ ਭਾਰੀ ਗਿਣਤੀ ਮੌਤਾਂ ਤੇ ਵਸੀਹ ਮਾਲੀ ਨੁਕਸਾਨ ਦੇ ਮੱਦੇਨਜ਼ਰ ਸੂਬੇ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਘੱਟੋ-ਘੱਟ 40 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਜਾਰੀ ਕਰੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਟੱਬਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ ਇਕੱਲੇ-ਇਕੱਲੇ ਪੀੜਤ ਨੂੰ ਬਣਦਾ ਮੁਆਵਜ਼ਾ ਦਿੱਤੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਬੁਲਾਰਿਆਂ ‘ਚ ਸ਼ਿਵ ਕੁਮਾਰ ਪਠਾਨਕੋਟ, ਮੋਹਨ ਸਿੰਘ ਧਮਾਣਾ, ਧਰਮਿੰਦਰ ਸਿੰਘ ਮੁਕੇਰੀਆਂ, ਦਰਸ਼ਨ ਨਾਹਰ, ਸਰਬਜੀਤ ਸਿੰਘ ਮੁਠੱਡਾ, ਰਘਬੀਰ ਸਿੰਘ ਬੈਨੀਪਾਲ ਤੇ ਲਾਲ ਚੰਦ ਸਰਦੂਲਗੜ੍ਹ ਵੀ ਸ਼ਾਮਲ ਸਨ।

Scroll To Top