Now Reading
ਹੜ੍ਹਾਂ ਦੇ ਨੁਕਸਾਨ ਦੇ ਨਾਲ-ਨਾਲ  ਝੋਨਾ ਘੱਟੋ ਘੱਟ ਰੇਟ ’ਤੇ ਨਾ ਖਰੀਦਣ ਕਾਰਨ ਹੋ ਰਿਹਾ ਦੋਹਰਾ ਨੁਕਸਾਨ

ਹੜ੍ਹਾਂ ਦੇ ਨੁਕਸਾਨ ਦੇ ਨਾਲ-ਨਾਲ  ਝੋਨਾ ਘੱਟੋ ਘੱਟ ਰੇਟ ’ਤੇ ਨਾ ਖਰੀਦਣ ਕਾਰਨ ਹੋ ਰਿਹਾ ਦੋਹਰਾ ਨੁਕਸਾਨ

ਅਜਨਾਲਾ: ਖੇਤਰ ਵਿੱਚ ਹੜ੍ਹ ਆਏ ਨੂੰ 25-26 ਦਿਨ ਹੋ ਗਏ ਹਨ ਪ੍ਰੰਤੂ ਅਜੇ ਵੀ ਬਹੁਤ ਸਾਰੇ ਝੋਨੇ ਵਾਲੇ ਰਕਬੇ ਵਿੱਚ ਪਾਣੀ ਖੜ੍ਹਾ ਹੈ। ਇਹਨਾਂ ਕਿਸਾਨਾਂ ਨੂੰ ਡਾਢੀ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੀ ਕਣਕ ਵੀ ਬੀਜੀਂ ਨਹੀਂ ਜਾਣੀਂ। ਅਜਿਹੇ ਹਲਾਤਾਂ ਦਾ ਪ੍ਰਗਟਾਵਾ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਕਰਦਿਆਂ ਅਜਿਹੇ ਕਿਸਾਨਾਂ ਨੂੰ ਫਸਲਾਂ ਦੇ ਖ਼ਰਾਬਾ ਦੁਗਣਾ ਦਿੱਤਾ ਜਾਵੇ। ਅੱਜ ਜਮਹੂਰੀ ਕਿਸਾਨ ਸਭਾ ਦੀ ਟੀਮ ਨੇ ਬਹੁਤ ਸਾਰੇ ਹੜ੍ਹ ਪੀੜਿਤ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਜਿਹੜੀ ਨਿਗੂਣੀ ਰਾਹਤ ਐਲਾਨੀ ਹੈ ਉਹ ਬਹੁਤ ਥੋੜ੍ਹੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ 40 ਫੀਸਦੀ ਤੋਂ ਵੱਧ ਖ਼ਰਾਬੇ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰ ਦੇ ਘਰ ਦੀਵਾ ਜਗਾਉਣ ਲਈ ਉਹਨਾਂ ਵਾਸਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤੇ ਜਾਣ।

ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਇੱਕ ਬੰਨੇਂ ਭਾਰੀ ਬਾਰਸ਼ਾਂ ਤੇ ਹੜ੍ਹਾਂ ਕਾਰਨ ਝੋਨੇ ਤੇ ਬਾਸਮਤੀ ਦਾ ਸਿੱਧਾ ਹੀ 10 ਕੁਇੰਟਲ ਝਾੜ ਘੱਟ ਗਿਆ ਹੈ ਉਪਰੋਂ ਭਗਵੰਤ ਮਾਨ ਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਬਾਂਹ ਨਾ ਫੜਨ ਕਰਕੇ ਸੋਨੇ ਵਰਗੀ ਬਾਸਮਤੀ ਕੌਡੀਆਂ ਦੇ ਭਾਅ 24 ਤੋਂ 29 ਸੌ ਰੁਪਏ ਤੱਕ ਲੁੱਟੀ ਜਾ ਰਹੀ ਹੈ, ਜਦੋਂ ਕਿ ਪੰਜਾਬ ਸਰਕਾਰ ਦਾ ਐੱਸਕੇਐੱਮ ਨਾਲ ਵਾਅਦਾ ਸੀ ਕਿ ਜੇਕਰ ਬਾਸਮਤੀ ਦਾ ਭਾਅ ਮੰਡੀ ਵਿੱਚ 35 ਸੌ ਰੁਪਏ ਪ੍ਰਤੀ ਕੁਇੰਟਲ ਤੋਂ ਡਿੱਗੇਗਾ ਤਾਂ ਸਰਕਾਰ ਆਪ ਖ਼ਰੀਦ ਕਰੇਗੀ ਪ੍ਰੰਤੂ ਸਿਤਮ ਦੀ ਗੱਲ ਹੈ ਕਿ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਖੇਤੀ ਮਾਹਿਰ ਅਜਨਾਲਾ ਨੇ ਅੱਗੇ ਕਿਹਾ ਕਿ ਅਜਿਹਾ ਹਾਲ ਝੋਨੇ ਦੀ ਖਰੀਦ ਵਿੱਚ ਹੋ ਰਿਹਾ ਹੈ ਅੱਜ ਤੱਕ ਸਮੁੱਚੇ ਪੰਜਾਬ ਵਿੱਚ ਕਿਸੇ ਵੀ ਕਿਸਾਨ ਪਾਸੋਂ ਝੋਨੇ ਦੀ ਐੱਮਐੱਸਪੀ 2389 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕਿਸੇ ਵੀ ਸਰਕਾਰੀ ਏਜੰਸੀ ਨੇ ਜਾਂ ਇਸ ਰੇਟ ’ਤੇ ਇੱਕ ਵੀ ਦਾਣਾ ਨਹੀਂ ਖ਼ਰੀਦਿਆ। ਅਜਿਹੀ ਹੋ ਰਹੀ ਲੁੱਟ ਵਿਰੁੱਧ ਐੱਸਕੇਐੱਮ ਵੱਡਾ ਸੰਘਰਸ਼ ਵਿੱਡੇਗਾ।

Scroll To Top