
ਮੁਕੇਰੀਆਂ: ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜਿਸ ਢੰਗ ਨਾਲ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਸੀ, ਉਸ ਤੋਂ ਇਹ ਹਾਕਮ ਧਿਰਾਂ ਕੋਹਾਂ ਦੂਰ ਹਨ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਇਥੇ ਆ ਕੇ ਪਿੰਡ ਮਹਿਤਾਬਪੁਰ ’ਚ ਮਜ਼ਦੂਰ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੀ ਵੰਡ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾ ਜੁਆਇਟ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਆਗੂ ਡਾ. ਸਰਬਜੀਤ ਮੁਠੱਡਾ, ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਬਲਜਿੰਦਰ ਬਿਲਗਾ ਨੇ ਆਮਦ ਕੀਤੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਮਾ. ਤਰਸੇਮ ਸਿੰਘ ਮਹਿਤਾਬਪੁਰ ਅਤੇ ਲੱਕੀ ਨੇ ਇਸ ਟੀਮ ਦੀ ਅਗਵਾਈ ਕੀਤੀ। ਆਗੂਆਂ ਵਲੋਂ ਪਿੰਡ ਦਾ ਦੌਰਾ ਕੀਤਾ ਗਿਆ। ਕਾਫੀ ਘਰਾਂ ’ਚ ਪਾਣੀ ਆਉਣ ਕਾਰਨ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ। ਇੱਕ ਘਰ ’ਚ, ਇਸ ਦੌਰ ’ਚ ਵੀ ਕਾਹਨਿਆਂ ਦੀ ਛੱਤ ਪਾਈ ਹੋਈ ਸੀ ਅਤੇ ਇਸ ਘਰ ਦਾ ਪਿਛਲਾ ਪਾਸਾ ਡਿੱਗ ਗਿਆ ਸੀ, ਫਿਰ ਵੀ ਪਰਿਵਾਰ ਹੌਸਲੇ ਵਿੱਚ ਸੀ। ਇਸ ਪਰਿਵਾਰ ਦੀਆਂ ਔਰਤਾਂ ਨੇ ਆਪਣੇ ਪਰਿਵਾਰ ਬਾਰੇ ਮਾਣ ਨਾਲ ਕਿਹਾ ਕਿ ਉਨ੍ਹਾਂ ਦਾ ਜਵਾਈ ਇੰਨਾ ਚੰਗਾ ਹੈ ਕਿ ਉਹ ਇਸ ਘਰ ’ਚ ਰਾਤ ਰਹਿ ਲੈਂਦਾ ਹੈ। ਜਿਵੇਂ ਉਹ ਕਹਿ ਰਹੀਆਂ ਹੋਣ ਕਿ ਘਰ ਤਾਂ ਰਹਿਣ ਲਾਈਕ ਵੀ ਨਹੀਂ ਹੈ।
ਨੌਜਵਾਨ ਆਗੂ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਜਾਰੀ ਹੈ। ਹੋਰ ਵੀ ਕਈ ਪਾਸੇ ਤੋਂ ਮਦਦ ਆਉਂਦੀ ਰਹੀ ਹੈ ਅਤੇ ਆਉਣ ਦਾ ਵਿਸ਼ਵਾਸ਼ ਦਵਾ ਚੁੱਕੀ ਹੈ। ਜਿਸ ਕਾਰਨ ਉਹ ਕਾਫੀ ਹੱਦ ਤੱਕ ਮਦਦ ਕਰ ਸਕਣ ਦੇ ਯੋਗ ਹੋ ਸਕਣਗੇ। ਜ਼ਿਲ੍ਹਾ ਜਲੰਧਰ ਤੋਂ ਆਏ ਸਾਥੀਆਂ ਨੇ ਦੱਸਿਆ ਕਿ ਇਹ ਮਦਦ ਮੁਠੱਡਾ ਕਲਾਂ, ਬਿਲਗਾ, ਫਿਲੌਰ, ਢੇਸੀਆਂ ਕਾਹਨਾ, ਕੋਟ ਗਰੇਵਾਲ ਆਦਿ ਥਾਵਾਂ ਨਾਲ ਵਸਦੇ ਪ੍ਰਵਾਸੀ ਭਾਰਤੀਆਂ ਨੇ ਭੇਜੀ ਸੀ। ਜਿਸ ਦੇ ਇੱਕ ਹਿੱਸੇ ਦੀ ਵੰਡ ਇਥੇ ਕੀਤੀ ਗਈ ਹੈ, ਬਾਕੀ ਰਕਮ ਵੀ ਲੋੜਵੰਦ ਥਾਵਾਂ ’ਤੇ ਜਲਦੀ ਵੰਡੀ ਜਾਵੇਗੀ।