
ਅਜਨਾਲਾ: ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਖੇਤਾਂ ’ਚ ਨੀਵੇਂ ਥਾਵਾਂ ’ਤੇ ਖੜ੍ਹੇ ਪਾਣੀ ਵਿੱਚ ਬਹੁਤ ਜ਼ਿਆਦਾ ਮੱਛਰ ਤੇ ਹੋਰ ਕੀਟ ਪਤੰਗ ਦੀ ਭਰਮਾਰ ਹੋ ਗਈ ਹੈ ਇੱਥੋਂ ਤੱਕ ਕਿ ਲੋਕਾਂ ਨੂੰ ਰਾਤ ਵੇਲੇ ਵੀ ਸੌਣਾਂ ਨਹੀਂ ਮਿਲਦਾ ਅਤੇ ਡੰਗਰਾਂ ਨੂੰ ਵੀ ਬਹੁਤ ਕੱਟਦਾ ਹੈ। ਅਜਿਹੀ ਅਵਸਥਾ ਵਿੱਚ ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਆ ਰਹੀਆਂ ਹਨ।
ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਖੇਤੀ ਮਾਹਿਰ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਿਹਤ ਵਿਭਾਗ ਤੇ ਪਸ਼ੂ ਪਾਲਣ ਮਹਿਕਮੇ ਵੱਲੋਂ ਇਸ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਹੜ੍ਹ ਪੀੜਤ ਪਿੰਡਾਂ ਤੇ ਕਸਬਿਆਂ ਵਿੱਚ ਵੱਡੀ ਪੱਧਰ ’ਤੇ ਮੱਛਰਦਾਨੀਆਂ, ਕੱਛੂਆਂ ਛਾਪ ਅਤੇ ਹੋਰ ਲੋੜੀਂਦੀਆਂ ਦਵਾਈਆਂ ਆਦਿਕ ਸਪਲਾਈ ਕੀਤੀਆਂ ਜਾਣ।
ਉਕਤ ਅਵਸਥਾ ਨੂੰ ਵੇਖਦਿਆਂ ਅੱਜ ਇਥੇ ਡਿਆਲ ਭੱਟੀ ਪਿੰਡ ਵਿੱਖੇ ਸਵੈਂਸੇਵਕ ਜਥੇਬੰਦੀਆਂ ਵੱਲੋਂ ਲੋੜਵੰਦ ਗਰੀਬਾਂ ਨੂੰ ਮੱਛਰਦਾਨੀਆਂ ਤੇ ਕੱਛੂਆਂ ਛਾਪ ਵੰਡੇ ਗਏ, ਜਿਸ ਕਾਰਨ ਇਸ ਦੀ ਇਲਾਕੇ ਵਿੱਚ ਖ਼ੂਬ ਚਰਚਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀਰਾ ਗੱਗੋਮਾਹਲ, ਸੋਨਾ ਸਿੰਘ ਬੱਲੜ੍ਹਵਾਲ ਆਦਿ ਦਰਜਨ ਪਰਿਵਾਰਾਂ ਨੂੰ ਮੱਛਰਦਾਨੀਆਂ ਤੇ ਹੋਰ ਸਮਾਨ ਵੰਡਿਆਂ ਗਿਆ।
ਇਹ ਵਸਤਾਂ ਵੰਡਣ ਸਮੇਂ ਰਜਿੰਦਰ ਸਿੰਘ ਭਲਾ ਪਿੰਡ, ਸੰਤੋਖ ਸਿੰਘ ਅਜਨਾਲਾ, ਸਾਬਕਾ ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਸਮਾਜ ਸੇਵਕ ਬਲਵਿੰਦਰ ਸਿੰਘ, ਮਹਿੰਦਰ ਸਿੰਘ ਗੁਰਾਲਾ, ਨਿਹੰਗ ਗੁਰਮੇਜ ਸਿੰਘ ਆਦਿ ਨੇ ਵੀ ਇਸ ਵੰਡ ਵਿੱਚ ਭਾਗ ਲਿਆ।
