
ਜੰਡਿਆਲਾ ਮੰਜਕੀ: 28 ਸਤੰਬਰ ਖਟਕੜ ਕਲਾਂ ਮੋਰਚੇ ਦੀ ਤਿਆਰੀ ਲਈ ਤਹਿਸੀਲ ਫਿਲੌਰ ਦੇ ਵੱਖ ਵੱਖ ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਪਿੰਡ ਬੁੰਡਾਲਾ ਮੰਜਕੀ ਵਿਖੇ ਵੱਖ ਵੱਖ ਪਿੰਡਾਂ ਦੇ ਸਰਗਰਮ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸਭਾ ਦੇ ਜਿਲਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਪਿੱਛੇ ਹਟ ਗਈ ਹੈ। ਬੇਰਜ਼ਾਗਰੀ ਭੱਤਾ ਲੈਣ ਦੀਆਂ ਸ਼ਰਤਾਂ ਹੀ ਇੰਨੀਆਂ ਕਠਿਨ ਹਨ ਕਿ ਪੰਜਾਬ ਚ ਇਸ ਵੇਲੇ ਸਿਰਫ਼ ਇੱਕ ਨੌਜਵਾਨ ਨੂੰ ਹੀ 150 ਰੁਪਏ ਪ੍ਰਤੀ ਮਹੀਨੇ ਬੇਰੁਜ਼ਗਾਰੀ ਭੱਤਾ ਮਿਲਦਾ ਹੈ। ਨਸ਼ਿਆਂ ਕਾਰਨ ਹਰ ਰੋਜ਼ ਮੌਤ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ।
ਆਗੂਆਂ ਨੇ ਕਿਹਾ ਕਿ 28 ਸਤੰਬਰ ਨੂੰ ਖਟਕੜ ਤੱਕ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ। ਇਸ ਉਪਰੰਤ ਖਟਕੜ ਵਿਖੇ ਮੋਰਚਾ ਆਰੰਭ ਕਰ ਦਿੱਤਾ ਜਾਵੇਗਾ। ਇਸ ਮੌਕੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਸੁੱਖਾ ਬੰਡਾਲਾ, ਸਾਬੀ ਰਾਜਗੁਮਾਲ ਆਦਿ ਹਾਜ਼ਰ ਸਨ।