Author: admin

  • ਕਹਿਰ ਦੇ ਸਮੇਂ ਰਾਜਸੀ ਮੁਕਾਬਲੇਬਾਜ਼ੀ ਛੱਡ ਕੇ ਦੁਖਿਆਰਿਆਂ ਦੀ ਬਾਂਹ ਫੜ੍ਹਣ ਹਕੂਮਤਾਂ

    ਕਹਿਰ ਦੇ ਸਮੇਂ ਰਾਜਸੀ ਮੁਕਾਬਲੇਬਾਜ਼ੀ ਛੱਡ ਕੇ ਦੁਖਿਆਰਿਆਂ ਦੀ ਬਾਂਹ ਫੜ੍ਹਣ ਹਕੂਮਤਾਂ


    ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਰਾਜ ਕਮੇਟੀ ਨੇ ਹੜ੍ਹਾਂ ਨਾਲ ਦਿਨੋ-ਦਿਨ ਗੰਭੀਰ ਹੁੰਦੇ ਜਾ ਰਹੇ ਪੰਜਾਬ ਦੇ ਹਾਲਾਤ ਬਾਰੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਹਾਲਾਤ ਨਾਲ ਨਜਿੱਠਣ ਪੱਖੋਂ ਮੁਜ਼ਰਮਾਨਾ ਅਸਫਲਤਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
    ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਹੜ੍ਹ ਮਾਰੇ ਲੋਕਾਂ ਦੀ ਵਿਤੋਂ ਵੱਧ ਇਮਦਾਦ ਕਰਨ ਵਾਲੇ ਪ੍ਰਾਂਤ ਵਾਸੀਆਂ ਤੇ ਗੁਆਂਢੀ ਸੂਬਿਆਂ ਦੇ ਫਰਾਖ਼ਦਿਲ ਬਾਸ਼ਿੰਦਿਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਰੰਧਾਵਾ ਤੇ ਜਾਮਾਰਾਏ ਨੇ ਇਸ ਗੱਲੋਂ ਡਾਢਾ ਰੋਸ ਜਾਹਿਰ ਕੀਤਾ ਹੈ ਕਿ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦੇ ਨੁਮਾਇੰਦੇ ਇਸ ਔਖੀ ਘੜੀ ‘ਚ ਦਿਆਨਦਾਰੀ ਨਾਲ ਆਪਣਾ ਬਣਦਾ ਫਰਜ਼ ਅਦਾ ਕਰਨ ਦੀ ਬਜਾਏ ਰਾਜਸੀ ਕਿੜਾਂ ਕੱਢਣ ਤੇ ਸ਼ੋਸ਼ੇਬਾਜ਼ੀ ਕਰਨ ‘ਚ ਮਸਰੂਫ ਹਨ। ਇਸ ਪੱਖੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪੰਜਾਬ ਨਾਲ ਬਦਲਾਖੋਰੀ ਤੋਂ ਪ੍ਰੇਰਿਤ ਸੰਵੇਦਨਹੀਨਤਾ ਸਭ ਤੋਂ ਜ਼ਿਆਦਾ ਤਕਲੀਫ਼ ਦੇਹ ਹੈ। ਉਨ੍ਹਾਂ ਕਿਹਾ ਕਿ ਇਹ ਵੀ ਡਾਢੇ ਅਫਸੋਸ ਦੀ ਗੱਲ ਹੈ ਕਿ ਇੱਕਾ-ਦੁੱਕਾ ਨੂੰ ਛੱਡ ਕੇ ਸੂਬੇ ਨਾਲ ਸਬੰਧਤ ਜ਼ਿਆਦਾਤਰ ਐਮਪੀ ਵੀ ਕਿਧਰੇ ਨਜ਼ਰ ਨਹੀਂ ਆ ਰਹੇ। ਦੋਹਾਂ ਆਗੂਆਂ ਨੇ ਫਿਰ ਦੁਹਰਾਇਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕਣ ਕਰਕੇ ਹੜ੍ਹਾਂ ਨਾਲ ਹੋਣ ਵਾਲਾ ਜਾਨੀ-ਮਾਲੀ ਨੁਕਸਾਨ ਹਜ਼ਾਰਾਂ ਗੁਣਾ ਵਧ ਗਿਆ ਹੈ।
    ਸਾਥੀ ਰੰਧਾਵਾ ਤੇ ਜਾਮਾਰਾਏ ਨੇ ਫਸਲਾਂ, ਘਰਾਂ-ਦੁਕਾਨਾਂ, ਪਸ਼ੂ ਧਨ ਆਦਿ ਦੇ ਇਵਜਾਨੇ ਵਜੋਂ ਤੇ ਦਰਜਨਾਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਸਰਕਾਰਾਂ ਤੋਂ ਪੂਰੀ ਫਰਾਖ਼ਦਿਲੀ ਨਾਲ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ।
    ਉਨ੍ਹਾਂ ਪੂਰੀ ਤਨਦੇਹੀ ਨਾਲ ਹੜ੍ਹ ਪੀੜਤਾਂ ਦੀ ਇਮਦਾਦ ਕਰ ਰਹੀਆਂ ਪਾਰਟੀ ਕਮੇਟੀਆਂ ਤੇ ਜਨ ਸੰਗਠਨਾਂ ਨੂੰ ਹੋਰ ਵੱਡਾ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ।

  • ਐੱਸਕੇਐੱਮ ਨੇ ਸਰਕਾਰ ’ਤੇ 2023 ’ਚ ਆਏ ਹੜ੍ਹਾਂ ਤੋਂ ਸਬਕ ਨਾ ਸਿੱਖਣ ਦੇ ਦੋਸ਼ ਲਗਾਏ, ਮੁਆਵਜੇ ਦੀ ਕੀਤੀ ਮੰਗ

    ਐੱਸਕੇਐੱਮ ਨੇ ਸਰਕਾਰ ’ਤੇ 2023 ’ਚ ਆਏ ਹੜ੍ਹਾਂ ਤੋਂ ਸਬਕ ਨਾ ਸਿੱਖਣ ਦੇ ਦੋਸ਼ ਲਗਾਏ, ਮੁਆਵਜੇ ਦੀ ਕੀਤੀ ਮੰਗ


    ਤਲਵਾੜਾ: ਸਬ ਡਵੀਜ਼ਨ ਮੁਕੇਰੀਆਂ ਅਧੀਨ ਆਉਂਦੇ ਸੰਯੁਕਤ ਕਿਸਾਨ ਮੋਰਚੇ ਨੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰ੍ਹਾ ਕੀਤਾ। ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ।
    ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਕਿਸਾਨ ਮੋਰਚੇ ਦੇ ਆਗੂ ਅਮਰਜੀਤ ਕਨੂੰਗੋ, ਲਖਬੀਰ ਸਿੰਘ, ਡਾ ਜਤਿੰਦਰ ਕਾਲੜਾ, ਸਵਰਨ ਸਿੰਘ, ਤਰਲੋਕ ਸਿੰਘ, ਰੋਸ਼ਨ ਖਾਨ, ਧਰਮਿੰਦਰ ਸਿੰਘ ਆਦਿ ਨੇ ਦਸਿਆ ਕਿ ਅੱਜ ਹਲੇੜ੍ਹ, ਜਨਾਰਧਨ, ਮੋਤਲਾ, ਕੁੱਲ੍ਹੀਆਂ, ਕੌਲ਼ੀਆਂ, ਸਿੰਬਲੀ, ਮਹਿਤਾਬਪੁਰ ਆਦਿ ਪਿੰਡਾਂ ਦਾ ਦੌਰ੍ਹਾ ਕੀਤਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ’ਤੇ ਦੋ ਸਾਲ ਪਹਿਲਾਂ ਆਂਏ ਹੜ੍ਹਾਂ ਤੋਂ ਕੋਈ ਸਬਕ ਨਾ ਸਿੱਖਣ ਦੇ ਦੋਸ਼ ਲਗਾਏੇ ਹਨ। ਸਰਕਾਰ ਨੇ ਸਮਾਂ ਰਹਿੰਦਿਆਂ ਨਾ ਤਾਂ ਡੇ੍ਰਨਾਂ ਦੀ ਸਫ਼ਾਈ ਕਰਵਾਈ ਅਤੇ ਨਾ ਹੀ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੋਈ ਯੋਜਨਾ ਬਣਾਈ। ਪਿੰਡ ਮੋਤਲਾ ਦੇ ਸਾਬਕਾ ਸਰਪੰਚ ਜਗਤਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੋਲ਼ ਬਣਿਆ ਧੁੱਸੀ ਬੰਨ੍ਹ ਐਂਤਕੀ ਫਿਰ ਟੁੱਟ ਗਿਆ ਹੈ। ਪਿੰਡ ਦੀ ਮੁੱਖ ਲਿੰਕ ਸਡ਼ਕ ਹੜ੍ਹ ਦੇ ਪਾਣੀ ’ਚ ਰੁੜ੍ਹ ਗਈ ਹੈ, ਅਤੇ ਉਨ੍ਹਾਂ ਦਾ ਸੜਕੀ ਸੰਪਰਕ ਪਿਛਲੇ ਇੱਕ ਹਫ਼ਤੇ ਤੋਂ ਟੁੱਟਿਆ ਹੋਇਆ ਹੈ। ਝੋਨੇ ਅਤੇ ਗੰਨੇ ਦੀ ਜ਼ਿਆਦਾਤਰ ਫਸਲ ਤਬਾਹ ਹੋ ਗਈ ਹੈ। ਬਾਜਰਾ ਆਦਿ ਨੁਕਸਾਨੇ ਜਾਣ ਕਾਰਨ ਪਸ਼ੂਆਂ ਲਈ ਹਰੇ ਚਾਰੇ ਦੀ ਸਮਸਿਆ ਪੈਦਾ ਹੋ ਗਈ ਹੈ। ਗਰੀਬ ਅਤੇ ਮਜ਼ਦੂਰ ਪਰਿਵਾਰਾਂ ਦੇ ਮਕਾਨ ਜ਼ਿਆਦਾ ਮੀਂਹ ਕਾਰਨ ਚੌਅ ਰਹੇ ਹਨ ਅਤੇ ਕੱਚੇ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਹਨ।
    ਤਰਸੇਮ ਲਾਲ ਮਹਿਤਾਬਪੁਰ ਨੇ ਦਸਿਆ ਕਿ ਕਿਸਾਨਾਂ ਨੂੰ ਫਸਲ ਤਬਾਹੀ ਦਾ ਗ਼ਮ ਸਤਾ ਰਿਹਾ ਹੈ, ਉੱਥੇ ਹੀ ਹੜ੍ਹ ਕਾਰਨ ਆਏ ਮਲਬੇ ਕਾਰਨ ਖੇਤ ਗਾਰ ਨਾਲ ਭਰ ਗਏ ਹਨ, ਕਿਸਾਨਾਂ ਨੂੰ ਮੁੜ ਖੇਤ ਬਣਾਉਣ ਦੀ ਚਿੰਤਾ ਵੀ ਸਤਾਉਣ ਲੱਗੀ ਹੈ।
    ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਹੜ੍ਹ ਪੀੜਤ ਪਿੰਡਾਂ ਦਾ ਦੌਰ੍ਹਾ ਕਰਨ ਉਪਰੰਤ ਸਰਕਾਰ ਤੋਂ ਬਿਆਸ ਦਰਿਆ ’ਚ ਆਈ ਸਿਲਟ ਨੂੰ ਚੈਨਲਾਈਜ਼ ਕਰਨ, ਪਿੰਡ ਮੋਤਲਾ ਤੋਂ ਧਨੋਆ ਤੱਕ ਜ਼ਮੀਨ ਐਕਵਾਇਰ ਕਰਕੇ ਧੁੱਸੀ ਬੰਨ੍ਹ ਬਣਾਉਣ, ਪ੍ਰਤੀ ਏਕੜ ਇੱਕ ਲੱਖ ਰੁਪਏ ਯਕਮੁਸ਼ਤ ਰਾਹਤ ਦੇਣ, ਡਿੱਗੇ ਮਕਾਨਾਂ ਦੀ ਰਿਪੇਅਰ ਜਾਂ ਨਵੇਂ ਬਣਾਉਣ ਲਈ ਮਦਦ ਅਤੇ ਪ੍ਰਤੀ ਏਕੜ ਮੁਆਵਜ਼ੇ ਦੇ ਸੱਤਵੇਂ ਹਿੱਸੇ ਬਰਾਬਰ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
    ਮੋਰਚੇ ਨੇ ਹੜ੍ਹ ਪੀੜਤਾਂ ਲਈ ਨਿੱਤਰੀਆਂ ਸਮਾਜਿਕ, ਧਾਰਮਿਕ ਤੇ ਹੋਰ ਸੰਗਠਨਾਂ ਦਾ ਧੰਨਵਾਦ ਕੀਤਾ ਹੈ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਖੜਕ ਸਿੰਘ, ਜਸਵੰਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਵਾਲੰਟੀਅਰਾਂ ਨੇ ਹੜ੍ਹ ਪੀੜਹਤਾਂ ਲਈ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਹਰੇ ਚਾਰੇ ਤੇ ਤੂੜੀ ਦਾ ਪ੍ਰਬੰਧ ਕੀਤਾ।

  • ਬੇਗਮਪੁਰ ਤੋਂ ਸੰਗੋਵਾਲ ਲਈ ਲੰਗਰ ਰਵਾਨਾ

    ਬੇਗਮਪੁਰ ਤੋਂ ਸੰਗੋਵਾਲ ਲਈ ਲੰਗਰ ਰਵਾਨਾ


    ਫਿਲੌਰ: ਹੜ੍ਹ ਪੀੜਿਤਾਂ ਨੂੰ ਮਦਦ ਕਰਨ ਲਈ ਅੱਜ ਬੇਗਮਪੁਰ ਦੇ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਰਾਸ਼ਨ ਦੀਆਂ ਟਰਾਲੀਆਂ ਦੂਜੇ ਦਿਨ ਵੀ ਸੇਵਾ ਲਈ ਸੰਗੋਵਾਲ ਦਰਿਆ ਕਿਨਾਰੇ ਪੁੱਜੀਆਂ। ਇਸ ਮੌਕੇ ਗੁਰੂਦੁਆਰਾ ਦੇ ਪ੍ਰਧਾਨ ਕਸ਼ਮੀਰ ਚੰਦ, ਨੌਜਵਾਨ ਆਗੂ ਗੁਰਦੀਪ ਗੋਗੀ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਕਰਨ ਲੱਗਪਗ 1500 ਪਿੰਡ ਪ੍ਰਭਾਵਿਤ ਹੋਇਆ ਹੈ ਅਤੇ ਹਜ਼ਾਰਾਂ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਪੂਰੇ ਪੰਜਾਬ ਅੰਦਰ ਹੜ੍ਹਾਂ ਨੇ ਜਿਸ ਤਰ੍ਹਾਂ ਨਾਲ ਤਬਾਹੀ ਮਚਾਈ ਹੈ, ਇਸ ਨਾਲ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਸ ਨਾਲ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਰੋਟੀ ਪਾਣੀ ਬਣਾਉਣ ਤੋਂ ਵੀ ਅਵਾਜ਼ਾਰ ਹੋ ਗਏ ਹਨ। ਇਸ ਲਈ ਹੀ ਪਿੰਡ ਵਾਸੀਆਂ ਵੱਲੋਂ ਸਹਿਜੋਗ ਲਈ ਸੇਵਾ ਕੀਤੀ ਜਾ ਰਹੀ ਹੈ।
    ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਦਰਿਆਵਾਂ ਦੇ ਬਨ੍ਹ ਮਜਬੂਰ ਕੀਤੇ ਜਾਣ। ਗੈਰ ਕਾਨੂੰਨੀ ਮਾਈਨਿੰਗ ਬੰਦ ਕੀਤੀ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ।
    ਇਸ ਮੌਕੇ ਓਂਕਾਰ ਬਿਰਦੀ, ਸੁਰਜੀਤ ਸਿੰਘ, ਪੀਲੂ ਪੰਚ, ਮਿੰਟੂ ਮਹਿਮੀ, ਅਮਰਜੀਤ ਸਿੰਘ, ਬਿੱਟੂ ਅਟਵਾਲ ਅਵਤਾਰ ਬਿਰਦੀ, ਪਰਮਿੰਦਰ ਬਿਰਦੀ, ਰਾਮ ਰਾਜ ਬਿਰਦੀ, ਰਸ਼ਪਾਲ ਬਿਰਦੀ, ਸੰਦੀਪ ਬਿਰਦੀ, ਮਨੀ, ਲਵਰਾਜ, ਪਰਮਜੀਤ ਕੁਮਾਰ ਆਦਿ ਵੀ ਹਾਜ਼ਰ ਸਨ।

  • ਸੰਯੁਕਤ ਕਿਸਾਨ ਮੋਰਚਾ ਲਾਵੇਗਾ ਜਾਣਕਾਰੀ ਅਤੇ ਸਹਿਯੋਗ ਕੈਂਪ

    ਸੰਯੁਕਤ ਕਿਸਾਨ ਮੋਰਚਾ ਲਾਵੇਗਾ ਜਾਣਕਾਰੀ ਅਤੇ ਸਹਿਯੋਗ ਕੈਂਪ


    ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਹਰਜੀਤ ਸਿੰਘ ਝੀਤੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜ਼ਾਮਪੁਰਾ, ਧਨਵੰਤ ਸਿੰਘ ਖਤਰਾਏ ਕਲਾਂ, ਭੁਪਿੰਦਰਜੀਤ ਸਿੰਘ ਛੀਨਾ, ਸੁੱਖ ਹਰੜ, ਰਜਿੰਦਰ ਸਿੰਘ ਭਲਾ ਪਿੰਡ, ਅਮਰੀਕ ਸਿੰਘ ਸੰਗਤਪੁਰਾ, ਗੁਰਮੇਜ ਸਿੰਘ ਤਿਮੋਵਾਲ, ਸੁਵਿੰਦਰ ਸਿੰਘ ਮੀਰਾਂਕੋਟ ਨੇ ਭਾਗ ਲਿਆ।
    ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਬੀਤੀ 1 ਸਤੰਬਰ ਨੂੰ ਥੀਨ ਡੈਮ ਤੋਂ 35 ਹਜਾਰ ਕਿਊਸਕ, 2 ਸਤੰਬਰ ਨੂੰ 44 ਹਜਾਰ ਕਿਊਸਿਕ, 3 ਸਤੰਬਰ ਨੂੰ 68 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਹੜ ਮਾਰੇ ਪਿੰਡਾਂ ਵਿੱਚ ਹੋਰ ਪਾਣੀ ਭਰ ਜਾਵੇਗਾ ਅਤੇ ਪਹਿਲਾਂ ਤੋਂ ਮੁਸ਼ਕਿਲ ਭਰੇ ਦਿਨ ਕੱਟ ਰਹੇ ਲੋਕ ਹੋਰ ਮੁਸੀਬਤ ਵਿੱਚ ਫਸ ਜਾਣਗੇ।
    ਉਹਨਾਂ ਕਿਹਾ ਕਿ ਤਹਿਸੀਲ ਅਜਨਾਲਾ ਦੇ ਹੜ ਗ੍ਰਸਤ ਪਿੰਡਾਂ ਵਿੱਚ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਰਾਹਤ ਸਮਗਰੀ ਲੈ ਕੇ ਆ ਰਹੇ ਹਨ ਪਰ ਕਈ ਥਾਂ ਵੇਖਣ ਵਿੱਚ ਆਇਆ ਹੈ ਕਿ ਰਾਹਤ ਸਮਗਰੀ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਵਿੱਚ ਮੁਸ਼ਕਲ ਆ ਰਹੀ ਹੈ ਇਸ ਲਈ ਸੰਯੁਕਤ ਮੋਰਚੇ ਵੱਲੋਂ ਹਾੜ ਪੀੜਿਤ ਲੋਕਾਂ, ਰਾਹਤ ਸਮੱਗਰੀ ਵੰਡਣ ਵਾਲੀਆਂ ਸੰਗਤਾਂ ਲਈ ਜਾਣਕਾਰੀ ਅਤੇ ਸਹਿਯੋਗ ਕੈਂਪ ਇਲਾਕੇ ਦੇ ਪਿੰਡਾਂ ਮਹਿਲ ਬੁਖਾਰੀ, ਅਤੇ ਓਠੀਆਂ ਵਿਖੇ ਤੁਰੰਤ ਲਗਾ ਦਿੱਤੇ ਜਾਣਗੇ ਤਾਂ ਕਿ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਉਹਨਾਂ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਪੀੜਿਤ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ।

  • ਨਕੋਦਰ ਦੀ ਵਿਧਾਇਕਾ ਵਲੋਂ ਬਦਤਮੀਜ਼ੀ ਨਾਲ ਪੇਸ਼ ਆਉਣ ਦੀ ਐੱਸਕੇਐੱਮ ਵਲੋਂ ਜ਼ੋਰਦਾਰ ਨਿਖੇਧੀ

    ਨਕੋਦਰ ਦੀ ਵਿਧਾਇਕਾ ਵਲੋਂ ਬਦਤਮੀਜ਼ੀ ਨਾਲ ਪੇਸ਼ ਆਉਣ ਦੀ ਐੱਸਕੇਐੱਮ ਵਲੋਂ ਜ਼ੋਰਦਾਰ ਨਿਖੇਧੀ


    ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਨੇ ਨਕੋਦਰ ਹਲਕੇ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਕਿਸਾਨ ਜੱਥੇਬੰਦੀਆਂ ਦੇ ਵਰਕਰਾਂ ਅਤੇ ਆਮ ਲੋਕਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਵਿਧਾਇਕਾਂ ਨੂੰ ਲੋਕਾਂ ਨੂੰ ਬੁਰਾ ਭਲਾ ਕਹਿਣ ਲਈ ਮਾਫੀ ਮੰਗਣ ਦੀ ਮੰਗ ਕੀਤੀ ਹੈ। ਮੋਰਚੇ ਨੇ ਸੂਬੇ ਦੀ ਸੱਤਾਰੂੜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਸਤੀ ਸ਼ੋਹਰਤ ਲਈ ਫੋਟੋ ਸ਼ੂਟ ਆਊਟ ਕਰਵਾਉਣ ਦੀ ਥਾਂ ਪੰਜਾਬ ਦੇ ਹੜ ਪੀੜਤਾਂ ਦੀਆਂ ਸੱਮਸਿਆਵਾਂ ਨੂੰ ਇਸ ਬਿਪਤਾ ਦੀ ਘੜੀ ਵਿੱਚ ਹਮਦਰਦੀ ਨਾਲ ਹੱਲ ਕਰਨ ਦੀ ਮੰਗ ਵੀ ਕੀਤੀ ਹੈ।
    ਵਰਣਨਯੋਗ ਹੈ ਕਿ ਕੱਲ੍ਹ ਬਿਲਗਾ ਕਸਬੇ ਨਜ਼ਦੀਕ ਸਤਲੁਜ ਦੇ ਧੁੱਸੀ ਬੰਨ੍ਹ ਵਿੱਚ ਖੋਰਾ ਲੱਗਣ ਉਪਰੰਤ ਇਲਾਕੇ ਦੇ ਲੋਕ ਸਮੇਤ ਕਿਸਾਨ ਜੱਥੇਬੰਦੀਆਂ ਦੇ ਵਰਕਰ ਜਦੋਂ ਬੰਨ੍ਹ ਦੀ ਮਜ਼ਬੂਤੀ ਲਈ ਜੁਟੇ ਹੋਏ ਸਨ ਤਾਂ ਵਿਧਾਇਕਾਂ ਇੰਦਰਜੀਤ ਕੌਰ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਥਾਂ ਬਦਤਮੀਜ਼ੀ ਨਾਲ ਵਿਹਾਰ ਕਰਦਿਆਂ ਬੁਰਾ ਭਲਾ ਕਿਹਾ ਸੀ।
    ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਦੀ ਦੇ ਸੱਭ ਤੋਂ ਮਾਰੂ ਹੜਾਂ ਦਾ ਸਾਹਮਣਾ ਕਰ ਰਹੇ ਹਨ।ਇਸ ਬਿਪਤਾ ਦੀ ਘੜੀ ਵਿੱਚ ਲੋਕ ਤਾਂ ਇੱਕ ਦੂਜੇ ਦਾ ਸਹਾਰਾ ਬਣੇ ਹਨ ਪਰ ਸਰਕਾਰ ਦੇ ਪ੍ਰਬੰਧਾਂ ਦੀ ਬਦਇੰਤਜ਼ਾਮੀ ਦੀ ਪੋਲ ਵੀ ਖੁੱਲ ਗਈ ਹੈ। ਉਪਰੋ ਸਿਤਮਜ਼ਰੀਫੀ ਇਹ ਹੈ ਕਿ ਆਪ ਦੇ ਵਿਧਾਇਕ ਅਤੇ ਮੰਤਰੀਆਂ ਦੇ ਜ਼ਿਆਦਾਤਰ ਤਰ ਹਿੱਸੇ ਲੋਕਾਂ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਲਈ ਹਮਦਰਦੀ ਭਰਿਆ ਰਵੱਈਆ ਰੱਖਣ ਦੀ ਬਜਾਏ ਫੋਟੋ ਸ਼ੂਟ ਆਊਟ ਕਰਕੇ ਤੁਰਦੇ ਬਣਦੇ ਹਨ। ਜਿਸ ਕਾਰਨ ਲੋਕਾਂ ਵਿਚ ਸਰਕਾਰ ਅਤੇ ਉਸਦੇ ਅਮਲੇ ਫੈਲੇ ਪ੍ਰਤੀ ਰੋਹ ਰੋਸ ਵੱਧ ਰਿਹਾ। ਸੰਯੁਕਤ ਕਿਸਾਨ ਮੋਰਚਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਦੇ ਨੁਮਾਇੰਦਿਆਂ ਦਾ ਰਵੱਈਆ ਨਾ ਸੁਧਰਿਆਂ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
    ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪ੍ਰਧਾਨਗੀ ਮੰਡਲ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਨਕੋਦਰ ਦੀ ਐਮ ਐਲ ਏ ਨੂੰ ਵਲੰਟੀਅਰ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਲੋਕਾਂ ਵਲੋਂ ਬੰਨ੍ਹ ਦੀ ਮਜ਼ਬੂਤੀ ਲਈ ਜਵਾਬਦੇਹੀ ਨਾਲ ਜੁੜੇ ਸਵਾਲ ਕਰਨ ਤੋਂ ਬੁਖਲਾਹਟ ਵਿੱਚ ਆਕੇ ਬੁਰਾ ਭਲਾ ਕਹਿਣਾ ਦੱਸਦਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਲੋਕ ਇਸ ਦੁੱਖ ਦੀ ਘੜੀ ਵਿੱਚ ਵੀ ਸਿਰਫ ਤੇ ਸਿਰਫ ਸਸਤੀ ਸ਼ੋਹਰਤ ਦੀ ਸਿਆਸਤ ਕਰ ਰਹੇ ਹਨ।

  • ਕਾਕੋਰੀ ਦੇ ਸ਼ਹੀਦਾਂ ਦੀ ਫਾਂਸੀ ਦੇ ਹਾਲਾਤ

    ਕਾਕੋਰੀ ਦੇ ਸ਼ਹੀਦਾਂ ਦੀ ਫਾਂਸੀ ਦੇ ਹਾਲਾਤ


    ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਆਪਣੇ ਕਲਮੀ ਨਾਂ ‘ਵਿਦਰੋਹੀ’ ਹੇਠ ‘ਕਾਕੋਰੀ ਦੇ ਸ਼ਹੀਦਾਂ ਦੇ ਫਾਂਸੀ ਦੇ ਹਾਲਾਤ’ ਨਾਮੀ ਲੇਖ ਲਿਖਿਆ ਸੀ ਜੋ ਪੰਜਾਬੀ ਤੇ ਉਰਦੂ ਜ਼ੁਬਾਨ ਵਿਚ ਛਪਦੇ ਮਾਸਿਕ ਰਸਾਲੇ ‘ਕਿਰਤੀ’ ਦੇ ਜਨਵਰੀ 1928 ਦੇ ਅੰਕ ਵਿੱਚ ਛਪਿਆ ਸੀ। ਅਸੀਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ (28 ਸਤੰਬਰ 1925) ਅਤੇ ਬਸਤੀਵਾਦੀ ਅੰਗਰੇਜ਼ ਸਾਮਰਾਜ ਨੂੰ ਚੁਣੌਤੀ ਦੇਣ ਵਾਲੇ ਦਲੇਰਾਨਾ ਕਾਰਨਾਮੇ ‘ਕਾਕੋਰੀ ਰੇਲ ਡਕੈਤੀ’ ਦੀ ਸ਼ਤਾਬਦੀ (9 ਅਗਸਤ 2025) ਮੌਕੇ ਉਹ ਲੇਖ ਦੁਬਾਰਾ ਛਾਪ ਰਹੇ ਹਾਂ। ਯਾਦ ਰਹੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੇ ਸਕੂਲੀ ਵਿਦਿਆ ਪੰਜਾਬੀ ’ਚ ਨਹੀਂ ਸੀ ਹਾਸਲ ਕੀਤੀ। ਪੰਜਾਬੀ ’ਚ ਲਿਖਣਾ-ਪੜ੍ਹਨਾ ਪਿਛੋਂ ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ ਹੀ ਸਿੱਖਿਆ ਸੀ। ਇਸ ਕਰਕੇ ਉਨ੍ਹਾਂ ਦੀ ਪੰਜਾਬੀ ਲੇਖਣੀ ਵਿੱਚ ਕਈ ਥਾਈਂ ਸ਼ਬਦ ਜੋੜਾਂ ਦੀ ਇਕਸਾਰਤਾ ਨਹੀਂ। ਕਈ ਥਾਵਾਂ ’ਤੇ ਹਿੰਦੀ ਦੇ ਸ਼ਬਦ ਵੀ ਵਰਤੇ ਗਏ ਹਨ। ਫਿਰ ਵੀ ਇਨ੍ਹਾਂ ਗੱਲਾਂ ਦਾ ਇਸ ਗੰਭੀਰ ਲਿਖਤ ਦੇ ਸਾਰ ਤੱਤ ’ਤੇ ਕੋਈ ਅਸਰ ਨਹੀਂ ਪੈਂਦਾ। ਨਾਲ ਹੀ ਬਾਵੱਕਾਰ ਇਤਿਹਾਸ ਲੇਖਕ ਸਰਬਜੀਤ ਸਿੰਘ ਵਿਰਕ ਹੁਰਾਂ ਵਲੋਂ ਉਕਤ ਸ਼ਾਨਾਮੱਤੇ ਘਟਨਾਕ੍ਰਮ ਬਾਰੇ ਮੁਹੱਈਆ ਕਰਵਾਈ ਸੰਖੇਪ ਜਾਣਕਾਰੀ ਵੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ – ਸੰਪਾਦਕੀ ਮੰਡਲ


    ਸ਼ਹੀਦ-ਇ-ਆਜ਼ਮ ਭਗਤ ਸਿੰਘ
    ਘਟਨਾ ਦਾ ਪਿਛੋਕੜ ਅਤੇ ਸੰਖੇਪ ਜਾਣਕਾਰੀ
    ਸਚਿੰਦਰ ਨਾਥ ਸਨਿਆਲ, ਰਾਮ ਪ੍ਰਸਾਦ ਬਿਸਮਿਲ ਤੇ ਯੋਗੇਸ਼ ਚੰਦਰ ਚੈਟਰਜੀ ਨੇ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਸੰਨ 1923 ਵਿੱਚ ‘ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ’ ਨਾਂ ਦੀ ਪਾਰਟੀ ਬਣਾਈ ਸੀ। ਇਸ ਜਥੇਬੰਦੀ ਦਾ ਉਦੇਸ਼ ਸੰਯੁਕਤ ਭਾਰਤ ਵਿੱਚ ਹਥਿਆਰਬੰਦ ਸੰਘਰਸ਼ ਨਾਲ ਆਜ਼ਾਦ ਸਰਕਾਰ ਕਾਇਮ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਬਹੁਤ ਸਾਰੇ ਕ੍ਰਾਂਤੀਕਾਰੀ ਸਾਥੀ ਛੇਤੀ ਹੀ ਇਸ ਦੇ ਮੈਂਬਰ ਬਣ ਗਏ ਸਨ। 1925 ਵਿੱਚ ‘ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ’ ਨੂੰ ਆਪਣਾ ਉਦੇਸ਼ ਪੂਰਾ ਕਰਨ ਲਈ ਲੋੜੀਂਦੇ ਹਥਿਆਰਾਂ ਦੀ ਥੁੜ੍ਹ ਹੋ ਗਈ। ਸੂਹ ਮਿਲੀ ਕਿ ਜਰਮਨੀ ਤੋਂ ਮਾਊਜ਼ਰ ਪਿਸਤੌਲਾਂ ਦੀ ਖੇਪ ਕਲਕੱਤੇ ਪਹੁੰਚ ਰਹੀ ਹੈ। ਐਸੋਸੀਏਸ਼ਨ ਨੇ ਇਹ ਹਥਿਆਰ ਖਰੀਦਣ ਦਾ ਮਨ ਬਣਾਇਆ। ਰਾਮ ਪ੍ਰਸਾਦ ਬਿਸਮਿਲ (ਸ਼ਹੀਦ) ਨੇ ਪੈਸੇ ਦੀ ਘਾਟ ਰੇਲਵੇ ਦਾ ਖ਼ਜ਼ਾਨਾ ਖੋਹ ਕੇ ਪੂਰੀ ਕਰਨ ਦੀ ਯੋਜਨਾ ਬਣਾਈ। ਇਸ ਲਈ ਉਨ੍ਹਾਂ 9 ਅਗਸਤ 1925 ਨੂੰ ਹਰਦੋਈ ਤੇ ਲਖਨਊ ਵਿਚਕਾਰ ਪੈਂਦੇ ਕਾਕੋਰੀ ਸਟੇਸ਼ਨ ਨੇੜੇ ਰੇਲਗੱਡੀ ਰੋਕ ਕੇੇ ਖ਼ਜ਼ਾਨਾ ਲੁੱਟ ਲਿਆ ਸੀ। ਇਸ ਤੋਂ ਪਿੱਛੋਂ ਪੁਲੀਸ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਫੜ੍ਹਨ ਲੱਗੀ। ਇਸ ਡਾਕੇ ਦੀ ਸੂਹ ਲਾਉਣ ਲਈ ਹਿਰਾਸਤ ’ਚ ਲਏ 40 ਬੰਦਿਆਂ ਵਿੱਚੋਂ 29 ’ਤੇ ਮੁਕੱਦਮਾ ਚਲਾਇਆ ਗਿਆ। 6 ਅਪ੍ਰੈਲ 1927 ਨੂੰ ਤਿੰਨ ਇਨਕਲਾਬੀਆਂ-ਰਾਮ ਪ੍ਰਸਾਦ ਬਿਸਮਿਲ, ਰੋਸ਼ਨ ਸਿੰਘ ਤੇ ਰਾਜੇਂਦਰ ਨਾਥ ਲਾਹਿਰੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ। ਮਗਰੋਂ ਅਸ਼ਫ਼ਾਕਉੱਲਾ ਨੂੰ ਗਿ੍ਰਫ਼ਤਾਰ ਕਰਨ ਪਿੱਛੋਂ ਉਸ ਨੂੰ ਵੀ ਮੁਕੱਦਮੇ ਵਿੱਚ ਸ਼ਾਮਲ ਕਰਕੇ 11 ਅਗਸਤ 1927 ਨੂੰ ਦੁਬਾਰਾ ਸਜ਼ਾਵਾਂ ਐਲਾਨੀਆਂ ਗਈਆਂ। ਉਪਰੋਕਤ ਤਿੰਨਾਂ ਦੇ ਨਾਲ ਅਸ਼ਫ਼ਾਕਉੱਲਾ ਨੂੰ ਵੀ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਬਾਕੀ ਇਨਕਲਾਬੀਆਂ ਵਿੱਚੋਂ ਸਚਿੰਦਰ ਨਾਥ ਸਾਨਿਆਲ, ਸਚਿੰਦਰ ਬਖ਼ਸ਼ੀ, ਗੋਵਿੰਦ ਚਰਨਕਰ, ਯੋਗੇਸ਼ ਚੈਟਰਜੀ ਤੇ ਮੁਕੰਦੀ ਲਾਲ ਨੂੰ ਕਾਲੇ ਪਾਣੀ (ਅੰਡੇਮਾਨ ਟਾਪੂ ਵਿਚਲੀ ਸੈਲੂਲਰ ਜੇਲ੍ਹ) ਵਿਖੇ ਉਮਰ ਕੈਦ , ਮਨਮੱਥ ਗੁਪਤਾ ਨੂੰ 14 ਸਾਲ ਅਤੇ ਹੋਰਾਂ ਨੂੰ 10 ਸਾਲ ਜਾਂ ਇਸ ਤੋਂ ਘੱਟ ਸਮਾਂ ਬਾਮੁਸ਼ੱਕਤ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
    ਕਾਕੋਰੀ ਕੇਸ ਵਿੱਚ ਹੋ ਰਹੀਆਂ ਇਨਕਲਾਬੀਆਂ ਦੀਆਂ ਗਿ੍ਰਫ਼ਤਾਰੀਆਂ ਸਮੇਂ ਭਗਤ ਸਿੰਘ ਤੇ ਉਸ ਦੇ ਸਾਥੀ, ਸਰਕਾਰ ਵਿਰੁੱਧ ਖੁੱਲ੍ਹੀ ਬਗ਼ਾਵਤ ਕਰਦਿਆਂ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਭਗਤ ਸਿੰਘ ਨੇ ਨਵੰਬਰ 1925 ਅਤੇ ਜਨਵਰੀ/ਫਰਵਰੀ 1926 ਵਿੱਚ ਕਾਨਪੁਰ ਜਾ ਕੇ ਕਾਕੋਰੀ ਡਾਕੇ ਵਿੱਚ ਸ਼ਾਮਲ ਇਨਕਲਾਬੀਆਂ ਨੂੰ ਜੇਲ੍ਹ ਤੋਂ ਛੁਡਾਉਣ ਦੇ ਯਤਨਾਂ ਵਿੱਚ ਹਿੱਸਾ ਵੀ ਲਿਆ ਸੀ, ਪਰ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਸਨ ਹੋ ਸਕੇ।
    ਇਸ ਪਿੱਛੋਂ ਸਾਰੇ ਹਿੰਦੋਸਤਾਨ ਵਿੱਚ ਰੋਹ ਜਾਗ ਪਿਆ ਸੀ, ਕਿਉਂਕਿ ਕਾਕੋਰੀ ਮੁਕੱਦਮੇ ਵਿੱਚ ਹਕੂਮਤ ਨੇ ਸਾਜ਼ਿਸ਼ ਤਹਿਤ ਜਾਣ-ਬੁੱਝ ਕੇ ਮਿਸਾਲੀ ਸਜ਼ਾਵਾਂ ਦਿਵਾਈਆਂ ਸਨ। ਇਨ੍ਹਾਂ ਸਖ਼ਤ ਸਜ਼ਾਵਾਂ ਨੂੰ ਭਗਤ ਸਿੰਘ ਨੇ ਅੰਗਰੇਜ਼ਾਂ ਦੀ ਇਤਿਹਾਸਕ ਗਲਤੀ ਕਰਾਰ ਦਿੱਤਾ ਸੀ।
    ਕਾਕੋਰੀ ਦੇ ਜਾਂਬਾਜ਼ ਸ਼ਹੀਦਾਂ ਬਾਰੇ ਭਗਤ ਸਿੰਘ ਦਾ ਲੇਖ
    ਕਿਰਤੀ’ ਦੇ ਪਾਠਕਾਂ ਨੂੰ ਕਾਕੋਰੀ ਦੇ ਮੁਕੱਦਮੇ ਦੇ ਹਾਲਾਤ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ। ਹੁਣ ਇਨ੍ਹਾਂ ਚਾਰ ਵੀਰਾਂ ਦੇ ਫਾਂਸੀ ਦਿੱਤੇ ਜਾਣ ਦਾ ਹਾਲ ਦੱਸਦੇ ਹਾਂ। ਸ਼੍ਰੀ ਰਾਜੇਂਦਰ ਨਾਥ ਲਾਹਿਰੀ ਨੂੰ 17 ਦਸੰਬਰ 1927 ਨੂੰ ਗੋਂਡਾ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ। ਇਉਂ ਹੀ ਸ਼੍ਰੀ ਰਾਮ ਪ੍ਰਸਾਦ ‘ਬਿਸਮਿਲ’ ਨੂੰ ਗੋਰਖਪੁਰ ਜੇਲ੍ਹ ਵਿਚ, ਸ੍ਰੀ ਅਸ਼ਫ਼ਾਕ ਉੱਲਾ ਨੂੰ ਫ਼ੈਜ਼ਾਬਾਦ ਜੇਲ੍ਹ ਵਿਚ ਅਤੇ ਸ੍ਰੀ ਰੌਸ਼ਨ ਸਿੰਘ ਜੀ ਨੂੰ ਇਲਾਹਾਬਾਦ ਜੇਲ੍ਹ ਵਿਚ 19 ਦਸੰਬਰ 1927 ਨੂੰ ਫਾਂਸੀ ’ਤੇ ਚਾੜ੍ਹ ਦਿੱਤਾ ਗਿਆ ਸੀ।
    ਏਸ ਮੁਕੱਦਮੇ ਦੇ ਸੈਸ਼ਨ ਜੱਜ ਮਿਸਟਰ ਹੈਮਿਲਟਨ ਨੇ ਫੈਸਲਾ ਦਿੰਦਿਆਂ ਕਿਹਾ ਸੀ ਕਿ ਏਹ ਨੌਜਵਾਨ ਦੇਸ਼ ਭਗਤ ਹਨ, ਅਤੇ ਇਹਨਾਂ ਆਪਨੇ ਕਿਸੇ ਫ਼ਾਇਦੇ ਵਾਸਤੇ ਕੁਝ ਵੀ ਨਹੀਂ ਕੀਤਾ। ਜੇਕਰ ਉਹ ਆਪਣੇ ਕੀਤੇ ’ਤੇ ਪਛਤਾਵਾ ਕਰਨ ਤਾਂ ਉਹਨਾਂ ਦੀਆਂ ਸਜ਼ਾਵਾਂ ਵਿਚ ਰਿਐਤ ਕੀਤੀ ਜਾ ਸਕੇਗੀ। ਉਹਨਾਂ ਚਾਰੇ ਵੀਰਾਂ ਵੱਲੋਂ ਇਸ ਮਤਲਬ ਦੇ ਐਲਾਨ ਵੀ ਨਿਕਲ ਗਏ ਪਰ ਉਹਨਾਂ ਨੂੰ ਫਾਂਸੀ ਦਿੱਤਾ ਬਿਨਾਂ ਡਾਇਣ ਨੌਕਰਸ਼ਾਹੀ ਨੂੰ ਠੰਡ ਕਿਵੇਂ ਪੈਂਦੀ? ਅਪੀਲ ਵਿਚ ਬਹੁਤ ਸਾਰਿਆਂ ਦੀਆਂ ਸਜ਼ਾਵਾਂ ਵਧਾ ਦਿੱਤੀਆਂ ਗਈਆਂ। ਫੇਰ ਨਾ ਗਵਰਨਰ ਤੇ ਨਾ ਵਾਇਸਰਾਏ ਨੇ ਹੀ ਉਹਨਾਂ ਦੀਆਂ ਜਵਾਨੀਆਂ ਵੱਲ ਧਿਆਨ ਦਿੱਤਾ। ਪਿ੍ਰਵੀ ਕੌਂਸਲ ਨੇ ਵੀ ਉਨ੍ਹਾਂ ਦੀ ਅਪੀਲ ਸੁਣਨ ਤੋਂ ਪਹਿਲਾਂ ਹੀ ਖ਼ਾਰਜ ਕਰ ਦਿੱਤੀ ਸੀ। ਯੂ.ਪੀ. ਦੀ ਕੌਂਸਲ ਦੇ ਬਹੁਤ ਸਾਰੇ ਮੈਂਬਰਾਂ, ਅਸੈਂਬਲੀ ਅਤੇ ਕੌਂਸਲ ਆਫ ਸਟੇਟ ਦੇ ਬਹੁਤ ਸਾਰੇ ਮੈਂਬਰਾਂ ਨੇ ਵਾਇਸਰਾਏ ਨੂੰ ਉਨ੍ਹਾਂ ਦੀ ਜਵਾਨੀ ਤੇ ਤਰਸ ਖਾਣ ਦੀ ਦਰਖ਼ਾਸਤ ਦਿੱਤੀ, ਪਰ ਕੀ ਹੋਣਾ ਸੀ? ਉਹਨਾਂ ਦੇ ਏਨੇ ਹੱਥ-ਪੈਰ ਮਾਰਨ ਦਾ ਕੋਈ ਨਤੀਜਾ ਨਾ ਨਿਕਲਿਆ।
    ਯੂ.ਪੀ. ਦੀ ਕੌਂਸਲ ਵਿਚ ਸਵਰਾਜਿਸਟ ਆਗੂ ਸ੍ਰੀ ਗੋਵਿੰਦ ਵੱਲਭ ਪੰਤ ਹੋਰੀਂ ਉਹਨਾਂ ਦੇ ਮਾਮਲੇ ’ਤੇ ਬਹਿਸ ਵਾਸਤੇ ਅਤੇ ਆਪਣਾ ਮਤ ਵਾਇਸਰਾਏ ਅਤੇ ਲਾਟ ਨੂੰ ਭੇਜਣ ਵਾਸਤੇ ਰੌਲਾ ਪਾਉਂਦੇ ਸਨ। ਪਹਿਲੋਂ ਤਾਂ ਪ੍ਰੈਜ਼ੀਡੈਂਟ ਸਾਹਿਬ ਹੀ ਆਗਿਆ ਨਹੀਂ ਦਿੰਦੇ ਸਨ। ਪਰ ਫੇਰ ਜਦੋਂ ਬਹੁਤ ਸਾਰੇ ਮੈਂਬਰਾਂ ਨੇ ਰਲ ਕੇ ਕਿਹਾ ਤਾਂ ਸੋਮਵਾਰ ਨੂੰ ਬਹਿਸ ਵਾਸਤੇ ਮਨਜ਼ੂਰੀ ਮਿਲੀ। ਪਰ ਫੇਰ ਅੰਗਰੇਜ਼ ਛੋਟੇ ਪ੍ਰਧਾਨ (ਡਿਪਟੀ ਪ੍ਰੈਜ਼ੀਡੈਂਟ), ਜੋ ਕਿ ਉਸ ਵੇਲੇ ਪ੍ਰਧਾਨ ਦਾ ਕੰਮ ਕਰ ਰਿਹਾ ਸੀ, ਨੇ ਸੋਮਵਾਰ ਨੂੰ ਕੌਂਸਲ ਦੀ ਛੁੱਟੀ ਹੀ ਕਰ ਦਿੱਤੀ। ਹੋਮ ਮੈਂਬਰ ਨਵਾਬ ਛਤਾਰੀ ਦੇ ਬੂਹੇ ’ਤੇ ਜਾ ਪਿੱਟੇ, ਪਰ ਉਹਨਾਂ ਦੇ ਕੰਨ ਤੇ ਜੂੰ ਤੱਕ ਵੀ ਨਾ ਸਰਕੀ। ਅਤੇ ਕੌਂਸਲ ਵਿਚ ਉਨ੍ਹਾਂ (ਇਨਕਲਾਬੀ ਵੀਰਾਂ) ਦੇ ਸਬੰਧ ’ਚ ਇਕ ਸ਼ਬਦ ਵੀ ਨਾ ਕਿਹਾ ਜਾ ਸਕਿਆ ਅਤੇ ਓਹ ਫਾਂਸੀ ’ਤੇ ਲਟਕਾ ਦਿੱਤੇ ਗਏ। ਇਸੇ ਗੁੱਸੇ ਨਾਲ, ਇਸੇ ਨੀਚਤਾ ਨਾਲ ਰੂਸੀ ਜ਼ਾਰ ਤੇ ਫ੍ਰਾਂਸੀਸੀ ਲੂਇਸ ਬਾਦਸ਼ਾਹ ਹੋਨਹਾਰ ਨੌਜਵਾਨਾਂ ਨੂੰ ਫਾਹੇ ਲਾ-ਲਾ ਕੇ ਦਿਲਾਂ ਦੇ ਮੱਤੜੇ ਕੱਢਦੇ ਰਹੇ, ਪਰ ਉਨ੍ਹਾਂ ਦੇ ਰਾਜਾਂ ਦੀਆਂ ਨੀਹਾਂ ਖੋਖਲੀਆਂ ਹੋ ਗਈਆਂ ਤੇ ਤਖ਼ਤ ਉਲਟ ਗਏ। ਇਸੇ ਗ਼ਲਤ ਤਰੀਕੇ ਦਾ ਅੱਜ ਫੇਰ ਇਸਤੇਮਾਲ ਹੋ ਰਿਹਾ ਹੈੈ। ਦੇਖੀਏ ਜੇ ਐਤਕੀਂ ਇਨ੍ਹਾਂ ਦੀਆਂ ਹੀ ਮੁਰਾਦਾਂ ਬਰ ਆ ਸਕਣ। ਅਸੀਂ ਹੇਠਾਂ ਉਨ੍ਹਾਂ ਚੌਹਾਂ ਵੀਰਾਂ ਦੇ ਹਾਲਾਤ ਸੰਖੇਪ ਨਾਲ ਲਿਖਦੇ ਹਾਂ, ਜਿਸ ਤੋਂ ਪਤਾ ਚੱਲੇਗਾ ਕਿ ਏਹ ਅਮੁੱਲੇ ਰਤਨ ਮੌਤ ਦੇ ਸਾਹਮਣੇ ਖਲੋ ਕੇ ਵੀ ਕਿਸ ਬਹਾਦੁਰੀ ਨਾਲ ਹੱਸ ਰਹੇ ਸਨ।


    ਸ੍ਰੀ ਰਾਜੇਂਦਰ ਨਾਥ ਲਾਹਿਰੀ : ਆਪ ਹਿੰਦੂ ਯੂਨੀਵਰਸਟੀ ਬਨਾਰਸ ਦੇ ਐਮ.ਏ. ਦੇ ਵਿਦਿਆਰਥੀ ਸਨ। 1925 ਵਿਚ ਜੋ ਕਲਕੱਤੇ ਕੋਲ ਦਾਖਿਨੇਸ਼ਵਰ ਬੰਮ ਫੈਕਟਰੀ ਪਕੜੀ ਗਈ ਸੀ, ਉਸ ਵਿਚ ਆਪ ਭੀ ਫੜ੍ਹੇ ਗਏ ਸਨ, ਅਤੇ ਆਪ ਨੂੰ ਸੱਤ ਸਾਲਾਂ ਦੀ ਕੈਦ ਹੋ ਗਈ ਸੀ। ਉਥੋਂ ਆਪ ਹੋਰਾਂ ਨੂੰ ਲਖਨਊ ਲਿਆਂਦਾ ਗਿਆ ਅਤੇ ਕਾਕੋਰੀ ਕੇਸ ਵਿਚ ਆਪ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਆਪ ਨੂੰ ਬਾਰਾਂਬੰਕੀ ਅਤੇ ਗੋਂਡਾ ਜੇਲ੍ਹਾਂ ’ਚ ਰੱਖਿਆ ਗਿਆ ਸੀ। ਆਪ ਮੌਤ ਨੂੰ ਸਾਹਮਣੇ ਖਲੋਤੀ ਵੇਖ ਕੇ ਘਬਰਾਏ ਨਹੀਂ ਬਲਕਿ ਸਦਾ ਹੱਸਦੇ ਰਹਿੰਦੇ ਸਨ। ਆਪ ਦਾ ਸੁਭਾਵ ਬੜਾ ਹਾਸੇ ਵਾਲਾ ਤੇ ਨਿਰਭੈ ਸੀ। ਆਪ ਮੌਤ ਨੂੰ ਮਖੌਲ ਕਰਦੇ ਹੁੰਦੇ ਸਨ। ਆਪ ਦੇ ਦੋ ਪੱਤਰ ਸਾਡੇ ਸਾਹਮਣੇ ਹਨ। ਇਕ 6 ਅਕਤੂਬਰ ਨੂੰ ਉਦੋਂ ਲਿਖਿਆ ਸੀ ਜਦੋਂ ਵਾਇਸਰਾਏ ਨੇ ਰਹਿਮ ਦੀ ਦਰਖ਼ਾਸਤ ਨਾਮਨਜ਼ੂਰ ਕੀਤੀ ਸੀ। ਆਪ ਲਿਖਦੇ ਹਨ- ‘ਛੇ ਮਹੀਨੇ ਬਾਰਾਂਬੰਕੀ ਤੇ ਗੋਂਡਾ ਜੇਲ੍ਹ ਦੀਆਂ ਕਾਲ-ਕੋਠੜੀਆਂ ’ਚ ਬੰਦ ਰਹਿਣ ਤੋਂ ਬਾਅਦ ਅੱਜ ਦੱਸਿਆ ਗਿਆ ਹੈ ਕਿ ਇਕ ਹਫਤੇ ਦੇ ਅੰਦਰ-ਅੰਦਰ ਮੈਨੂੰ ਫਾਂਸੀ ਦੇ ਦਿੱਤੀ ਜਾਵੇਗੀ, ਕਿਉਂਕਿ ਵਾਇਸਰਾਇ ਨੇ ਦਰਖ਼ਾਸਤ ਨਾਮਨਜ਼ੂਰ ਕਰ ਦਿੱਤੀ ਹੈ। ਹੁਣ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਆਪਣੇ ਇਨ੍ਹਾਂ ਮਿੱਤਰਾਂ ਦਾ (ਇੱਥੇ ਉਨ੍ਹਾਂ ਦੇ ਨਾਮ ਹਨ) ਧੰਨਵਾਦ ਕਰ ਜਾਵਾਂ, ਜਿਨ੍ਹਾਂ ਮੇਰੇ ਵਾਸਤੇ ਬਹੁਤ ਸਾਰੀ ਕੋਸ਼ਿਸ਼ ਕੀਤੀ। ਤੁਸੀਂ ਮੇਰਾ ਆਖ਼ਰੀ ਨਮਸਕਾਰ ਕਬੂਲ ਕਰੋ। ਸਾਡੇ ਵਾਸਤੇ ਮਰਨਾ ਪੁਰਾਣੇ ਕੱਪੜੇ ਬਦਲਣ ਤੋਂ ਵਧੀਕ ਕੁੱਝ ਵੀ ਨਹੀਂ। (ਇੱਥੇ ਜੇਲ੍ਹ ਵਾਲਿਆਂ ਨੇ ਕੁਝ ਕੱਟ-ਵੱਢ ਕੀਤੀ ਹੈ ਜੋ ਬਿਲਕੁਲ ਪੜ੍ਹ ਨਹੀਂ ਹੁੰਦਾ)। ਮੌਤ ਆ ਰਹੀ ਹੈ। ਹੱਸਦਾ-ਹੱਸਦਾ ਬੜੀ ਖ਼ੁਸ਼ੀ ਤੇ ਚਾਅ ਨਾਲ ਮੈਂ ਓਸ ਨੂੰ ਘੁੱਟ ਕੇ ਜੱਫੀ ਪਾ ਲਵਾਂਗਾ। ਜੇਲ੍ਹ ਦੇ ਕਾਨੂੰਨ ਦੇ ਮੁਤਾਬਿਕ ਹੋਰ ਨਹੀਂ ਲਿਖ ਸਕਦਾ। ਤੁਹਾਨੂੰ ਨਮਸਕਾਰ, ਦੇਸ਼ ਦੇ ਦਰਦਮੰਦਾਂ ਨੂੰ ਨਮਸਕਾਰ, ਵੰਦੇ ਮਾਤਰਮ! ਆਪਦਾ ਰਾਜੇਂਦਰ ਨਾਥ ਲਾਹਿਰੀ’
    ਫੇਰ ਏਸ ਖ਼ਤ ਦੇ ਬਾਅਦ ਹੀ ਫਾਂਸੀ ਨਹੀਂ ਹੋ ਸਕੀ ਕਿਉਂਕਿ ਪ੍ਰੀਵੀ ਕੌਂਸਲ ਵਿਚ ਅਪੀਲ ਕੀਤੀ ਗਈ ਸੀ। ਦੂਜਾ ਪੱਤਰ ਆਪ ਨੇ 14 ਦਸੰਬਰ 1927 ਨੂੰ ਇਕ ਮਿੱਤਰ ਦੇ ਨਾਉਂ ਲਿਖਿਆ ਸੀ- ‘ਕੱਲ੍ਹ ਮੈਨੂੰ ਪਤਾ ਲੱਗਾ ਹੈ ਕਿ ਪ੍ਰੀਵੀ ਕੌਂਸਲ ਨੇ ਮੇਰੀ ਅਪੀਲ ਖ਼ਾਰਜ ਕਰ ਦਿੱਤੀ ਹੈ। ਤੁਸੀਂ ਸਾਨੂੰ ਬਚਾਉਣ ਦਾ ਬੜਾ ਯਤਨ ਕੀਤਾ ਪਰ ਮਾਲੂਮ ਹੁੰਦਾ ਹੈ ਕਿ ਦੇਸ਼ ਦੀ ਯਗਵੇਦੀ ’ਤੇ ਸਾਡੇ ਪ੍ਰਾਣਾਂ ਦੀ ਕੁਰਬਾਨੀ ਦੀ ਹੀ ਲੋੜ ਹੈ। ਮੌਤ ਕੀ ਹੈ? ਜੀਵਨ ਦੀ ਦੂਜੀ ਦਿਸ਼ਾ ਦੇ ਸਿਵਾਏ ਕੁਝ ਵੀ ਨਹੀਂ। ਜੀਵਨ ਕੀ ਹੈ? ਮੌਤ ਦੀ ਦੂਜੀ ਦਿਸ਼ਾ ਦਾ ਹੀ ਨਾਉਂ ਹੈੈ। ਫੇਰ ਡਰਨ ਦੀ ਕੀ ਲੋੜ ਹੈ? ਏਹ ਤਾਂ ਕੁਦਰਤੀ ਗੱਲ ਹੈ, ਉਨੀ ਹੀ ਕੁਦਰਤੀ ਜਿੰਨੀ ਕਿ ਸਵੇਰੇ ਸੂਰਜ ਦਾ ਉੱਗਣਾ। ਜੇ ਏਹ ਗੱਲ ਸੱਚ ਹੈ ਕਿ ਇਤਿਹਾਸ ਪਲਟਾ ਖਾਇਆ ਕਰਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਸਾਡੀ ਕੁਰਬਾਨੀ ਐਵੇਂ ਨਹੀਂ ਜਾਂਦੀ। ਮੇਰਾ ਨਮਸਕਾਰ ਸਭ ਨੂੰ – ਅੰਤਮ ਨਮਸਕਾਰ!
    ਆਪਦਾ ਰਾਜੇਂਦਰ ਨਾਥ ਲਾਹਿਰੀ’


    ਕਿੰਨਾ ਭੋਲਾ, ਕਿੰਨਾ ਸੋਹਣਾ ਅਤੇ ਨਿਰਭੈਤਾ ਭਰਿਆ ਖ਼ਤ ਹੈ ਅਤੇ ਕਿੰਨਾ ਭੋਲਾ ਇਹਨਾਂ ਦਾ ਲੇਖਕ ਹੈ? ਫੇਰ ਇਹਨਾਂ ਨੂੰ ਹੀ ਦੂਜਿਆਂ ਕੋਲੋਂ ਦੋ ਦਿਨ ਪਹਿਲੋਂ ਫਾਂਸੀ ਦੇ ਦਿੱਤੀ ਗਈ! ਫਾਂਸੀ ਦੇ ਵੇਲੇ ਆਪ ਦੇ ਹੱਥਕੜੀ ਪਹਿਨਾਉਣ ਦਾ ਬੰਦੋਬਸਤ ਕੀਤਾ ਜਾਣ ਲੱਗਾ ਤੇ ਆਪ ਨੇ ਕਿਹਾ, ‘ਕੀ ਲੋੜ ਹੈ! ਤੁਸੀਂ ਮੈਨੂੰ ਰਾਹ ਦੱਸੀ ਜਾਉ, ਮੈਂ ਆਪ ਹੀ ਉਧਰ ਨੂੰ ਚੱਲ ਪੈਂਦਾ ਹਾਂ।’
    ਸ਼੍ਰੀ ਰੋਸ਼ਨ ਸਿੰਘ ਜੀ : ਆਪ ਨੂੰ 19 ਦਸੰਬਰ (1927) ਨੂੰ ਅਲਾਹਾਬਾਦ ਵਿਖੇ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦਾ ਇਕ ਆਖ਼ਰੀ ਖ਼ਤ 13 ਦਸੰਬਰ ਦਾ ਲਿਖਿਆ ਹੋਇਆ ਹੈ। ਆਪ ਲਿਖਦੇ ਹਨ- ‘ਇਸ ਹਫਤੇ ਵਿਚ ਫਾਂਸੀ ਹੋ ਜਾਵੇਗੀ। ਈਸ਼ਵਰ ਅੱਗੇ ਬੇਨਤੀ ਹੈ ਕਿ ਤੁਹਾਡੇ ਪ੍ਰੇਮ ਦਾ ਤੁਹਾਨੂੰ ਬਦਲਾ ਦੇਵੇ। ਤੁਸੀਂ ਮੇਰੇ ਲਈ ਕੋਈ ਗ਼ਮ ਨ ਕਰਨਾ। ਮੇਰੀ ਮੌਤ ਤਾਂ ਖ਼ੁਸ਼ੀ ਵਾਲੀ ਹੈ। ਚਾਹੀਦਾ ਤਾਂ ਇਹ ਹੈ ਕਿ ਕੋਈ ਬਦਫ਼ੈਲੀ ਕਰਕੇ ਬਦਨਾਮ ਹੋ ਕੇ ਨਾ ਮਰੇ ਅਤੇ ਅੰਤ ਵੇਲੇ ਈਸ਼ਵਰ ਯਾਦ ਰਹੇ। ਸੋ ਏਹ ਦੋਨੋਂ ਗੱਲਾਂ ਹਨ। ਇਸ ਲਈ ਕੋਈ ਗ਼ਮ ਨਹੀਂ ਕਰਨਾ ਚਾਹੀਦਾ। ਦੋ ਸਾਲ ਬਾਲ-ਬੱਚਿਆਂ ਤੋਂ ਅਲੱਗ ਰਿਹਾ ਹਾਂ। ਈਸ਼ਵਰ ਦੇ ਭਜਨ ਦਾ ਖ਼ੂਬ ਮੌਕਾ ਮਿਲਿਆ, ਏਸ ਕਰਕੇ ਮੋਹ-ਮਾਇਆ ਸਭ ਹਟ ਗਈ। ਹੁਣ ਕੋਈ ਚਾਹ ਬਾਕੀ ਨਹੀਂ। ਮੈਨੂੰ ਯਕੀਨ ਹੈ ਕਿ ਜੀਵਨ ਦੀ ਦੁੱਖ ਭਰੀ ਯਾਤਰਾ ਖ਼ਤਮ ਕਰਕੇ ਸੁੱਖ ਦੇ ਥਾਓਂ ਜਾ ਰਿਹਾ ਹਾਂ। ਸ਼ਾਸਤਰਾਂ ਵਿਚ ਲਿਖਿਆ ਹੈ ਕਿ ਯੁੱਧ ਵਿਚ ਮਰਨ ਵਾਲਿਆਂ ਦੀ ਰਿਸ਼ੀਆਂ ਵਰਗੀ ਹੀ ਰਹਿਤ ਹੁੰਦੀ ਹੈ। (ਇੱਥੋਂ ਕੱਟਿਆ ਹੋਇਆ ਹੈ।)
    ਜ਼ਿੰਦਗੀ ਜ਼ਿੰਦਾਦਿਲੀ ਕੋ ਜਾਨਿਐ ਰੋਸ਼ਨ,
    ਵਰਨਾ ਕਿਤਨੇ ਮਰੇ ਔਰ ਪੈਦਾ ਹੋਤੇ ਜਾਤੇ ਹੈਂ।
    ਆਖ਼ਰੀ ਨਮਸਤੇ!
    ਸ੍ਰੀ ਰੋਸ਼ਨ ਸਿੰਘ ਰਾਏਬ੍ਰੇਲੀ ਦੇ ਕੰਮ ਕਰਨ ਵਾਲਿਆਂ ਵਿਚੋਂ ਸਨ। ਕਿਸਾਨ ਐਜੀਟੇਸ਼ਨ (ਅੰਦੋਲਨ) ਵਿਚ ਜ਼ੇਲ੍ਹ ਜਾ ਚੁੱਕੇ ਸਨ। ਸਭ ਨੂੰ ਯਕੀਨ ਸੀ ਕਿ ਹਾਈਕੋਰਟ ਵਿਚ ਆਪ ਦੀ ਮੌਤ ਦੀ ਸਜ਼ਾ ਹਟ ਜਾਵੇਗੀ ਕਿਉਂਕਿ ਆਪ ਦੇ ਖ਼ਿਲਾਫ ਕੁਝ ਭੀ ਨਹੀਂ ਸੀ। ਫੇਰ ਵੀ ਉਹ ਅੰਗਰੇਜ਼-ਸ਼ਾਹੀ ਦੇ ਸ਼ਿਕਾਰ ਹੋ ਹੀ ਗਏ ਅਤੇ ਫਾਂਸੀ ’ਤੇ ਲਟਕਾ ਦਿੱਤੇ ਗਏ। ਤਖ਼ਤੇ ਤੇ ਖਲੋਣ ਪੁਰ ਆਪ ਦੇ ਮੂੰਹ ਤੋਂ ਜੋ ਆਵਾਜ਼ ਨਿਕਲੀ, ਓਹ ਇਹ ਸੀ- ‘ਵੰਦੇ ਮਾਤਰਮ’
    ਆਪ ਦੀ ਅਰਥੀ ਦਾ ਜਲੂਸ ਨਾ ਕੱਢਣ ਦਿੱਤਾ ਗਿਆ। ਲਾਸ਼ ਦੀ ਫੋਟੋ ਲੈ ਕੇ ਦੁਪਹਿਰ ਨੂੰ ਆਪ ਦਾ ਦਾਹ ਸੰਸਕਾਰ ਕੀਤਾ ਗਿਆ।
    ਸ਼੍ਰੀ ਅਸ਼ਫ਼ਾਕਉੱਲਾ : ਏਹ ਮਸਤਾਨਾ ਕਵੀ ਵੀ ਹੈਰਾਨ ਕਰਨ ਵਾਲੀ ਖ਼ੁਸ਼ੀ ਨਾਲ ਫਾਂਸੀ ਚੜ੍ਹਿਆ! ਬੜਾ ਸੋਹਣਾ ਅਤੇ ਲੰਬਾ-ਚੌੜਾ ਜਵਾਨ ਸੀ। ਤਕੜਾ ਬੜਾ ਸੀ। ਜ਼ੇਲ੍ਹ ’ਚ ਕੱੁਝ ਮਾੜਾ ਹੋ ਗਿਆ ਸੀ। ਆਪ ਨੇ ਮੁਲਾਕਾਤ ਵੇਲੇ ਦੱਸਿਆ, ਕਿ ਮਾੜਾ ਹੋਣ ਦਾ ਕਾਰਨ ਗ਼ਮ-ਫ਼ਿਕਰ ਨਹੀਂ, ਬਲਕਿ ਰੱਬ ਦੀ ਯਾਦ ਵਿਚ ਮਸਤ ਰਹਿਣ ਖ਼ਾਤਰ ਰੋਟੀ ਬਹੁਤ ਥੋੜ੍ਹੀ ਖਾਂਦਾ ਹਾਂ। ਫਾਂਸੀ ਤੋਂ ਇਕ ਦਿਨ ਪਹਿਲੋਂ ਆਪ ਦੀ ਮੁਲਾਕਾਤ ਹੋਈ। ਆਪ ਖ਼ੂਬ ਸਜੇ-ਧਜੇ ਸਨ। ਬੜੇ-ਬੜੇ ਵਾਲ ਵਾਹੇ ਹੋਏ ਖ਼ੂਬ ਸੱਜਦੇ ਸਨ। ਬੜੇ ਹੱਸ ਹੱਸ ਕੇ ਗੱਲਾਂ ਕਰਦੇ ਰਹੇ। ਆਪ ਨੇ ਕਿਹਾ, ਕੱਲ੍ਹ ਮੇਰੀ ਸ਼ਾਦੀ ਹੋਣ ਵਾਲੀ ਹੈ। ਦੂਜੇ ਦਿਨ ਸੁਵੇਰੇ ਛੇ ਵਜੇ ਆਪ ਨੂੰ ਫਾਂਸੀ ਦਿੱਤੀ ਗਈ। ਕੁਰਾਨ ਸ਼ਰੀਫ ਦਾ ਬਸਤਾ ਲਟਕਾ ਕੇ, ਹਾਜ਼ੀਆਂ ਦੀ ਤਰ੍ਹਾਂ ਵਜ਼ੀਫਾ ਪੜ੍ਹਦੇ ਹੋਏ ਬੜੇ ਹੌਂਸਲੇ ਨਾਲ ਤੁਰ ਪਏ। ਅੱਗੇ ਜਾ ਕੇ ਤਖ਼ਤੇ ਅਤੇ ਰੱਸੀ ਨੂੰ ਚੁਮ ਲਿਆ। ਆਪ ਨੇ ਓਥੇ ਕਿਹਾ- ‘‘ਮੈਂ ਕਦੇ ਕਿਸੇ ਆਦਮੀ ਦੇ ਖ਼ੂਨ ਨਾਲ ਆਪਣੇ ਹੱਥ ਨਹੀਂ ਰੰਗੇ ਅਤੇ ਮੇਰਾ ਇਨਸਾਫ਼ ਖ਼ੁਦਾ ਦੇ ਸਾਹਮਣੇ ਹੋਵੇਗਾ। ਮੇਰੇ ਉਤੇ ਲਾਏ ਗਏ ਸਭੇ ਇਲਜ਼ਾਮ ਗ਼ਲਤ ਹਨ।’’
    ਖ਼ੁਦਾ ਦਾ ਨਾਮ ਲੈਂਦਿਆਂ ਰੱਸੀ ਖਿੱਚ ਗਈ। ਅਤੇ ਉਹ ਕੂਚ ਕਰ ਗਏ। ਰਿਸ਼ਤੇਦਾਰਾਂ ਨੇ ਬੜੇ ਮਿੰਨਤ-ਤਰਲੇ ਕਰਕੇ ਉਹਨਾਂ ਦੀ ਲਾਸ਼ ਲਈ ਅਤੇ ਉਹਨੂੰ ਸ਼ਾਹ ਜਹਾਨ ਪੁਰ ਨੂੰ ਲਿਆਏ। ਕੱੁਝ ਸਜਨਾਂ ਨੂੰ ਲਖਨਊ ਸਟੇਸ਼ਨ ’ਤੇ ਮਾਲਗੱਡੀ ਦੇ ਇਕ ਡੱਬੇ ’ਚ ਉਹਨਾਂ ਦੀ ਲਾਸ਼ ਦੇਖਣ ਦਾ ਮੌਕਾ ਮਿਲਿਆ ਸੀ। ਫਾਂਸੀ ਦੇ ਦਸ ਘੰਟੇ ਬਾਦ ਵੀ ਚੇਹਰੇ ’ਤੇ ਓਸੇ ਤਰ੍ਹਾਂ ਰੌਨਕ ਸੀ। ਏਹ ਮਾਲੂਮ ਹੁੰਦਾ ਸੀ ਹੁਣੇ ਜਹੇ ਹੀ ਸੌਂ ਗਏ ਹਨ। ਪਰ ਅਸ਼ਫ਼ਾਕ ਹੋਰੀਂ ਤਾਂ ਐਸੀ ਨੀਂਦ ਸੌਂ ਚੁੱਕੇ ਸਨ, ਜਿਥੋਂ ਉਨ੍ਹਾਂ ਕਦੇ ਭੀ ਨਹੀਂ ਜਾਗਣਾ। ਅਸ਼ਫ਼ਾਕ ਸ਼ਾਇਰ ਸੀ, ਉਨ੍ਹਾਂ ਦਾ ਤਖ਼ਲੁਸ ‘ਹਸਰਤ’ ਸੀ। ਮਰਨ ਤੋਂ ਪਹਿਲੋਂ ਆਪ ਨੇ ਦੋ ਸ਼ਿਅਰ ਕਹੇੇ ਸਨ :
    ‘ਫ਼ਨ੍ਹਾ ਹੈ ਸਬਕੇ ਲੀਏ, ਹਮ ਪੈ ਕੁੱਛ ਨਹੀਂ ਮੌਕੂਫ!
    ਬਕਾ ਹੈ ਏਕ ਫਕਤ ਜ਼ਾਤ-ਇ-ਕਿਬਿ੍ਰਆ ਕੇ ਲੀਏ॥
    (ਨਾਸ਼ ਤਾਂ ਸਭ ਦਾ ਹੀ ਹੋਣਾ ਹੈ, ਕੋਈ ਸਾਡੇ ਕੱਲਿਆਂ ਵਾਸਤੇ ਹੀ ਥੋੜ੍ਹਾ ਹੈ। ਨਾ ਮਰਨ ਵਾਲਾ ਤਾਂ ਕੇਵਲ ਇਕ ਪਰਮਾਤਮਾ ਹੈ) ਅਤੇ
    ਤੰਗ ਆਕਰ ਹਮ ਭੀ ਓਨਕੇ ਜ਼ੁਲਮ ਸੇ, ਬੇਦਾਦ ਸੇ,
    ਚਲ ਦੀਏ ਸੂਏ ਅਦਮ ਜਿੰਦਾਨੇ ਫੈਜ਼ਾਬਾਦ ਸੇ।
    (ਅਸੀਂ ਉਨ੍ਹਾਂ ਦੇ ਲਗਾਤਾਰ ਜ਼ੁਲਮ-ਓ-ਸਿਤਮ ਤੋਂ ਤੰਗ ਆ ਕੇ ਫੈਜ਼ਾਬਾਦ ਤੋਂ ਦੂਰ ਦੀ ਯਾਤਰਾ ਉਤੇ ਚੱਲੇ ਹਾਂ)
    ਸ੍ਰੀ ਅਸ਼ਫ਼ਾਕ ਵੱਲੋਂ ਇਕ ਮਾਫ਼ੀਨਾਮਾ ਛਪਿਆ ਸੀ, ਉਸਦੇ ਸਬੰਧ ਵਿਚ ਸ੍ਰੀ ਰਾਮ ਪ੍ਰਸਾਦ (ਬਿਸਮਿਲ) ਜੀ ਨੇ ਆਪਣੇ ਆਖ਼ਰੀ ਐਲਾਨ ਵਿਚ ਇਨ੍ਹਾਂ ਦੀ ਪੁਜ਼ੀਸ਼ਨ ਸਾਫ਼ ਕਰ ਦਿੱਤੀ ਹੈ। ਆਪ ਕਹਿੰਦੇ ਹਨ ਕਿ ਅਸ਼ਫ਼ਾਕ ਮਾਫ਼ੀਨਾਮਾ ਤਾਂ ਕੀ ਅਪੀਲ ਵਾਸਤੇ ਵੀ ਰਾਜ਼ੀ ਨਹੀਂ ਸਨ। ਆਪ ਨੇ ਕਿਹਾ ਸੀ, ਮੈਂ ਖ਼ੁਦਾ ਤੋਂ ਸਿਵਾ ਕਿਸੇ ਅੱਗੇ ਝੁਕਣਾ ਨਹੀਂ ਚਾਹੁੰਦਾ। ਪਰੰਤੂ ਰਾਮ ਪ੍ਰਸਾਦ ਹੋਰਾਂ ਦੇ ਕਹਿਣ-ਸੁਣਨ ਤੇ ਆਪ ਹੋਰਾਂ ਓਹ ਸਭ ਕੁਝ ਲਿਖਿਆ ਸੀ। ਵਰਨਾ ਮੌਤ ਦਾ ਉਨ੍ਹਾਂ ਨੂੰ ਕੋਈ ਡਰ-ਭੈਅ ਨਹੀਂ ਸੀ। ਉਪਰ ਲਿਖਿਆ ਹਾਲ ਪੜ੍ਹਕੇ ਵੀ ਪਾਠਕ ਏਹ ਗੱਲ ਸਮਝ ਸਕਦੇ ਹਨ। ਆਪ ਸ਼ਾਹਜਹਾਨਪੁਰ ਦੇ ਰਹਿਣ ਵਾਲੇ ਸਨ ਅਤੇ ਆਪ ਸ੍ਰੀ ਰਾਮ ਪ੍ਰਸਾਦ ਜੀ ਦੇ ਸੱਜੇ ਹੱਥ ਸਨ। ਮੁਸਲਮਾਨ ਹੋਣ ਦੇ ਬਾਵਜੂਦ ਆਪ ਦਾ ਕੱਟਰ ਆਰੀਯਾ ਸਮਾਜੀ ਧਰਮੀ ਨਾਲ ਹੱਦ ਦਰਜੇ ਦਾ ਪ੍ਰੇਮ ਸੀ। ਦੋਨੋਂ ਪ੍ਰੇਮੀ ਇਕੋ ਬੜੇ ਕੰਮ ਵਾਸਤੇ ਆਪਣੇ ਪ੍ਰਾਣ ਤਿਆਗ ਕੇ ਅਮਰ ਹੋ ਗਏ।


    ਸ੍ਰੀ ਰਾਮ ਪ੍ਰਸਾਦ ‘ਬਿਸਮਿਲ’ : ਸ੍ਰੀ ਰਾਮ ਪ੍ਰਸਾਦ ‘ਬਿਸਮਿਲ’ ਬੜੇ ਹੋਣਹਾਰ ਨੌਜਵਾਨ ਸਨ। ਬਹੁਤ ਵਧੀਆ ਸ਼ਾਇਰ ਸਨ। ਦੇਖਣ ਨੂੰ ਭੀ ਡਾਢੇ ਸੋਹਣੇ ਸਨ। ਲਾਇਕ ਬਹੁਤ ਸਨ। ਜਾਣਨ ਵਾਲੇ ਕਹਿੰਦੇ ਹਨ (ਕਿ ਉਹ ਜੇਕਰ) ਕਿਸੇ ਹੋਰ ਥਾਂ, ਕਿਸੇ ਹੋਰ ਦੇਸ਼ ਯਾ ਕਿਸੇ ਹੋਰ ਵੇਲੇ ਪੈਦਾ ਹੋਏ ਹੁੰਦੇ ਤਾਂ ਫ਼ੌਜਾਂ ਦੇ ਜਰਨੈਲ ਬਣਦੇ। ਆਪ ਨੂੰ ਸਾਰੀ ਸਾਜ਼ਸ਼ ਦਾ ਨੇਤਾ ਮੰਨਿਆ ਗਿਆ ਹੈ। ਬਹੁਤ ਜ਼ਿਆਦਾ ਭਾਵੇਂ ਨਹੀਂ ਸੀ ਪੜ੍ਹੇ ਹੋਏ, ਪਰ ਫੇਰ ਭੀ ਪੰਡਿਤ ਜਗਤ ਨਾਰਾਇਣ ਵਰਗੇ ਸਰਕਾਰੀ ਵਕੀਲ ਦੀ ਸੁੱਧ-ਬੁੱਧ ਭੁਲਾ ਦਿੰਦੇ ਸਨ। ਚੀਫ ਕੋਰਟ ਵਿਚ ਆਪਣੀ ਅਪੀਲ ਆਪ ਹੀ ਲਿਖੀ ਸੀ, ਜਿਸ ਤੋਂ ਕਿ ਜੱਜਾਂ ਨੂੰ ਕਹਿਣਾ ਪਿਆ ਕਿ ਇਸ ਦੇ ਲਿਖਣ ਵਿਚ ਜ਼ਰੂਰ ਹੀ ਕਿਸੇ ਸਿਆਣੇ ਅਤੇ ਲਾਇਕ ਆਦਮੀ ਦਾ ਹੱਥ ਹੈ। ਆਪ ਨੂੰ 19 ਤਾਰੀਖ (ਦਸੰਬਰ 1927) ਨੂੰ ਫਾਂਸੀ ’ਤੇ ਲਟਕਾਇਆ ਗਿਆ ਸੀ। 12 (ਦਸੰਬਰ) ਦੀ ਸ਼ਾਮ ਨੂੰ ਹੀ ਆਪ ਨੂੰ ਜਦੋਂ ਦੁੱਧ ਦਿੱਤਾ ਗਿਆ ਤਾਂ ਆਪ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਹੁਣ ਮੈਂ ਮਾਂ ਦਾ ਦੁੱਧ ਹੀ ਪੀਵਾਂਗਾ। 18 (ਦਸੰਬਰ) ਨੂੰ ਆਪ ਦੀ ਮੁਲਾਕਾਤ ਹੋਈ। ਮਾਂ ਨੂੰ ਮਿਲਣ ਵੇਲੇ ਆਪ ਦੀਆਂ ਅੱਖੀਆਂ ਵਿਚੋਂ ਅਥਰੂ ਕਿਰ ਪਏ। ਮਾਂ ਇਕ ਬੜੇ ਹੌਸਲੇ ਵਾਲੀ ਦੇਵੀ ਸੀ। ਆਪ ਨੂੰ ਕਹਿਣ ਲੱਗੀ- ‘ਹਰੀਸ਼ ਚੰਦਰ, ਦਧੀਚੀ ਆਦਿ ਬਜ਼ੁਰਗਾਂ ਵਾਂਗੂੰ ਬੀਰਤਾ ਨਾਲ ਧਰਮ ਅਤੇ ਦੇਸ਼ ਵਾਸਤੇ ਜਾਨ ਦੇਹ। ਚਿੰਤਾ ਕਰਨ ਅਤੇ ਪਛਤੌਣ ਦੀ ਲੋੜ ਨਹੀਂ।’
    ਆਪ ਹੱਸ ਪਏ। ਕਿਹਾ ‘ਮਾਂ! ਮੈਨੂੰ ਚਿੰਤਾ ਕਾਹਦੀ ਅਤੇ ਪਛਤਾਵਾ ਕਾਹਦਾ। ਮੈਂ ਕੋਈ ਪਾਪ ਨਹੀਂ ਕੀਤਾ। ਮੈਂ ਮੌਤ ਤੋਂ ਨਹੀਂ ਡਰਦਾ। ਪਰ ਮਾਂ! ਅੱਗ ਕੋਲ ਰੱਖਿਆ ਘਿਓ ਪੰਘਰ ਹੀ ਪੈਂਦਾ ਹੈ। ਤੇਰਾ-ਮੇਰਾ ਸਬੰਧ ਹੀ ਕੁੱਝ ਐਸਾ ਹੈ ਕਿ ਪਾਸ ਹੁੰਦਿਆਂ ਸਾਰ ਹੀ ਅੱਖਾਂ ਵਿਚੋਂ ਹੰਝੂ ਡਿੱਗ ਪਏ। ਨਹੀਂ ਤਾਂ ਮੈਂ ਤਾਂ ਬੜਾ ਖ਼ੁਸ਼ ਹਾਂ।’
    ਫਾਂਸੀ ਵਾਸਤੇ ਲਿਜਾਣ ਵੇਲੇ ਆਪ ਨੇ ਜ਼ੋਰ ਨਾਲ ਕਿਹਾ- ਵੰਦੇ-ਮਾਤ੍ਰਮ, ਭਾਰਤ ਮਾਤਾ ਕੀ ਜੈ ਅਤੇ ਸ਼ਾਂਤੀ ਨਾਲ ਚੱਲਦਿਆਂ ਹੋਇਆਂ ਕਿਹਾ- ‘ਮਾਲਕ ਤੇਰੀ ਰਜ਼ਾ ਰਹੇ ਔਰ ਤੂ ਹੀ ਤੂ ਰਹੇ, ਬਾਕੀ ਨ ਮੈਂ ਰਹੂੰ, ਨ ਮੇਰੀ ਆਰਜ਼ੂ ਰਹੇ। ਜਬ ਤਕ ਕਿ ਤਨ ਮੇਂ ਜਾਨ, ਰਗੋਂ ਮੇਂ ਲਹੂ ਰਹੇ, ਤੇਰਾ ਹੀ ਜ਼ਿਕ੍ਰ ਯਾਰ, ਤੇਰੀ ਹੀ ਜੁਸਤਜੂ ਰਹੇ।’
    ਫਾਂਸੀ ਦੇ ਤਖ਼ਤੇ ਉਤੇ ਖਲੋ ਕੇ ਆਪਨੇ ਕਿਹਾ- ‘I wish the downfall of the British Empire’
    ਫੇਰ ਇਹ ਸ਼ੇਅਰ ਪੜ੍ਹਿਆ-
    ‘ਅਬ ਨ ਅਹਲੇ ਵਲਵਲੇ ਹੈਂ, ਔਰ ਨ ਅਰਮਾਨੋਂ ਕੀ ਭੀੜ!
    ਏਕ ਮਿਟ ਜਾਨੇ ਕੀ ਹਸਰਤ, ਅਬ ਦਿਲੇ-ਬਿਸਮਿਲ ਮੇਂ ਹੈ!’
    (ਭਾਵ ਮੇਰੇ ਦਿਲ ਵਿਚ ਹੁਣ ਦੇਸ਼ ਲਈ ਕੁਰਬਾਨ ਹੋ ਜਾਣ ਦੀ ਇੱਛਾ ਤੋਂ ਇਲਾਵਾ ਹੋਰ ਕੋਈ ਚਾਹਤ ਨਹੀਂ)
    ਫੇਰ ਈਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਫੇਰ ਇਕ ਮੰਤ੍ਰ ਪੜ੍ਹਨਾ ਸ਼ੁਰੂ ਕੀਤਾ। ਰੱਸੀ ਖਿੱਚੀ ਗਈ। ਰਾਮ ਪ੍ਰਸਾਦ ਜੀ ਫਾਂਸੀ ’ਤੇ ਲਟਕ ਗਏ। ਅੱਜ ਉਹ ਵੀਰ ਇਸ ਸੰਸਾਰ ਵਿਚ ਨਹੀਂ। ਉਸਨੂੰ ਅੰਗਰੇਜ਼ੀ ਸਰਕਾਰ ਨੇ ਆਪਣਾ ਖੌਫ਼ਨਾਕ ਦੁਸ਼ਮਣ ਸਮਝਿਆ। ਆਮ ਖਿਆਲ ਹੈ ਕਿ ਉਸ ਦਾ ਕਸੂਰ ਏਹੋ ਸੀ ਕਿ ਉਹ ਏਸ ਗ਼ੁਲਾਮ ਦੇਸ਼ ਵਿਚ ਜੰਮ ਕੇ ਭੀ ਇਕ ਬੜਾ ਭਾਰੀ ਯੋਧਾ ਬਣ ਗਿਆ ਸੀ, ਅਤੇ ਲੜਾਈ ਦੇ ਸਾਰੇ ਇਲਮ ਤੋਂ ਖ਼ੂਬ ਵਾਕਿਫ਼ ਸੀ। ਆਪ ਨੂੰ ਮੈਨਪੁਰੀ ਸਾਜ਼ਸ਼ ਦੇ ਲੀਡਰ ਸ੍ਰੀ ਗੇਂਦਾ ਲਾਲ ਦੀਖਸ਼ਿਤ ਜਿਹੇ ਸੂਰਬੀਰ ਨੇ ਖ਼ਾਸ ਤੌਰ ਤੇ ਸਿੱਖਿਆ ਦੇ ਕੇ ਤਿਆਰ ਕੀਤਾ ਹੋਇਆ ਸੀ। ਮੈਨਪੁਰੀ ਦੇ ਮੁਕੱਦਮੇ ਵੇਲੇ ਆਪ ਦੌੜ ਕੇ ਨਿਪਾਲ ਚਲੇ ਗਏ ਸਨ। ਹੁਣ ਉਹੋ ਵਿਦਿਯਾ ਹੀ ਆਪ ਦੀ ਮੌਤ ਦੀ ਇਕ ਬੜੀ ਵਜ੍ਹਾ ਹੋ ਗਈ।
    ਸੱਤ ਵਜੇ ਆਪ ਦੀ ਲਾਸ਼ ਮਿਲੀ ਤੇ ਬੜਾ ਭਾਰੀ ਜਲੂਸ ਨਿਕਲਿਆ। ਸਵਦੇਸ਼ ਪ੍ਰੇਮ ਵਿਚ ਆਪ ਦੀ ਮਾਤਾ ਨੇ ਕਿਹਾ- ‘ਮੈਂ ਆਪਣੇ ਪੁੱਤਰ ਦੀ ਏਸ ਮੌਤ ਤੋਂ ਖ਼ੁਸ਼ ਹਾਂ, ਦੁਖੀ ਨਹੀਂ। ਮੈਂ ਸ੍ਰੀ ਰਾਮਚੰਦਰ ਜੀ ਵਰਗਾ ਹੀ ਪੁੱਤਰ ਚਾਹੁੰਦੀ ਸਾਂ। ਬੋਲੋ ਸ੍ਰੀ ਰਾਮ ਚੰਦਰ ਜੀ ਕੀ ਜੈ।’
    ਇਤਰ ਫੁਲੇਲ ਅਤੇ ਫੁੱਲਾਂ ਦੀ ਵਰਖਾ ਵਿਚ ਉਨ੍ਹਾਂ ਦੀ ਲਾਸ਼ ਦਾ ਜਲੂਸ ਜਾ ਰਿਹਾ ਸੀ। ਦੁਕਾਨਦਾਰਾਂ ਨੇ ਉਨ੍ਹਾਂ ਉਤੋਂ ਦੀ ਪੈਸੇ ਸੁੱਟੇ। ਗਿਆਰਾਂ ਬਜੇ ਆਪ ਦੀ ਲਾਸ਼ ਸ਼ਮਸ਼ਾਨ ਭੂਮੀ ਵਿਖੇ ਪੁੱਜੀ ਅਤੇ ਅੰਤਿਮ ਕਿ੍ਰਆ ਸਮਾਪਤ ਕੀਤੀ ਗਈ। ਆਪ ਦੇ ਆਖਰੀ ਪੱਤਰ ਦਾ ਕੁਝ ਹਿੱਸਾ ਆਪ ਦੀ ਭੇਟਾ ਕੀਤਾ ਜਾਂਦਾ ਹੈ- ‘ਮੈਂ ਖ਼ੂਬ ਸੁਖੀ ਹਾਂ। 19 ਤਾਰੀਖ ਨੂੰ ਸਵੇਰੇ ਜੋ ਹੋਣਾ ਹੈ ਉਸ ਵਾਸਤੇ ਤਿਆਰ ਹਾਂ। ਪ੍ਰਮਾਤਮਾ ਕਾਫੀ ਸ਼ਕਤੀ ਬਖਸ਼ਣਗੇ। ਮੇਰਾ ਯਕੀਨ ਹੈ ਕਿ ਮੈਂ ਲੋਕਾਂ ਦੀ ਸੇਵਾ ਲਈ ਫੇਰ ਜਲਦੀ ਹੀ ਜਨਮ ਲਵਾਂਗਾ। ਸਭਨਾਂ ਨੂੰ ਮੇਰਾ ਨਮਸਤੇ ਕਹਿ ਦੇਣਾ। ਦਯਾ ਕਰਕੇ ਇਤਨਾ ਕੰੰਮ ਹੋਰ ਵੀ ਕਰਨਾ ਕਿ ਮੇਰਾ ਪੰਡਿਤ ਜਗਤ ਨਾਰਾਇਣ (ਸਰਕਾਰੀ ਵਕੀਲ ਜਿਸ ਨੇ ਇਨ੍ਹਾਂ ਨੂੰ ਫਾਂਸੀ ਦੁਆਉਣ ਲਈ ਬੜਾ ਜ਼ੋਰ ਲਾਇਆ ਸੀ) ਨੂੰ ਅੰਤਮ ਨਮਸਕਾਰ ਕਹਿ ਦੇਣਾ। ਉਹਨਾਂ ਨੂੰ ਸਾਡੇ ਲਹੂ ਭਰੇ ਰੁਪਏ ਨਾਲ ਚੈਨ ਦੀ ਨੀਂਦ ਆਵੇ। ਬੁਢਾਪੇ ਵਿਚ ਪਰਮਾਤਮਾ ਉਹਨਾਂ ਨੂੰ ਸੁਮੱਤ ਦੇਵੇ।’
    ਰਾਮ ਪ੍ਰਸਾਦ ਜੀ ਦੀਆਂ ਸਾਰੀਆਂ ਹਸਰਤਾਂ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ। ਆਪ ਨੇ ਇਕ ਲੰਮਾ-ਚੌੜਾ ਐਲਾਨ ਕੀਤਾ ਹੈ, ਜਿਸਦਾ ਸੰਖੇਪ ਅਸੀਂ ਦੂਜੀ ਥਾਂ ਦਿੰਦੇ ਹਾਂ।
    ਫਾਂਸੀ ਤੋਂ ਦੋ ਦਿਨ ਪਹਿਲੋਂ ਸੀ.ਆਈ.ਡੀ. ਦੇ ਮਿਸਟਰ ਹੈਮਿਲਟਨ ਆਪ ਹੋਰਾਂ ਦੀਆਂ ਮਿੰਨਤਾਂ ਕਰਦੇ ਰਹੇ ਕਿ ਤੁਸੀਂ ਜ਼ੁਬਾਨੀ ਸਭ ਕੁਛ ਦਸ ਦੇਵੋ ਅਤੇ ਤੁਸਾਂ ਨੂੰ ਪੰਜ ਹਜ਼ਾਰ ਨਕਦ ਦੇ ਦਿੱਤਾ ਜਾਵੇਗਾ ਅਤੇ ਸਰਕਾਰੀ ਖਰਚ ਤੇ ਵਲੈਤ ਭੇਜ ਕੇ ਬੈਰਿਸਟਰੀ ਪੜ੍ਹਾਈ ਜਾਵੇਗੀ। ਪਰ ਆਪ ਇਨ੍ਹਾਂ ਗੱਲਾਂ ਦੀ ਕੀ ਪਰਵਾਹ ਕਰਦੇ ਸਨ! ਆਪ ਹਕੂਮਤਾਂ ਨੂੰ ਠੁਕਰਾਉਣ ਵਾਲੇ ਕਦੇ-ਕਦੇ ਜਨਮ ਲੈਣ ਵਾਲੇ ਵੀਰਾਂ ਚੋਂ ਸਨ। ਮੁਕੱਦਮੇ ਦੇ ਦਿਨਾਂ ਵਿਚ ਆਪ ਨੂੰ ਜੱਜ ਨੇ ਪੁਛਿਆ ਸੀ, ‘ਤੁਹਾਡੇ ਪਾਸ ਕੀ ਡਿਗਰੀ ਹੈ?’ ਤਾਂ ਆਪ ਨੇ ਹੱਸ ਕੇ ਜਵਾਬ ਦਿੱਤਾ ਸੀ, ‘ਸ਼ਹਿਨਸ਼ਾਹ ਬਣਾਉਣ ਵਾਲਿਆਂ ਨੂੰ ਡਿਗਰੀਆਂ ਦੀ ਕੋਈ ਲੋੜ ਨਹੀਂ ਹੁੰਦੀ, ਕਲਾਇਵ ਪਾਸ ਭੀ ਕੋਈ ਡਿਗਰੀ ਨਹੀਂ ਸੀ।’ ਅੱਜ ਉਹ ਵੀਰ ਸਾਡੇ ਵਿਚ ਨਹੀਂ ਹਨ! ਆਹ!! ਇਨਕਲਾਬ ਜ਼ਿੰਦਾਬਾਦ!

  • ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵਲੋਂ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

    ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵਲੋਂ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

    ਸਿਧਵਾ ਬੇਟ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਸੁਖਦੇਵ ਸਿੰਘ ਮੰਗੀ, ਇੰਦਰਜੀਤ ਸਿੰਘ ਭੂੰਦੜੀ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਤੇ ਜਿੰਦਰ ਸਿੰਘ ਕੋਟ ਮਾਨਾ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ। ਉਹਨਾਂ ਕਿਹਾ ਕਿ ਬੇਸ਼ੱਕ ਇਹ ਕੁਦਰਤ ਦੀ ਲੋਕਾਂ ‘ਤੇ ਵੱਡੀ ਮਾਰ ਪਈ ਹੈ, ਪਰ ਜੇ ਸਮਾਂ ਰਹਿੰਦਿਆਂ ਸੂਬਾ ਸਰਕਾਰ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਹੜ੍ਹਾਂ ਨੂੰ ਰੋਕਣ ਦੀ ਪਹਿਲਾਂ ਵਿਉਂਤਬੰਦੀ ਕੀਤੀ ਹੁੰਦੀ ਤਾਂ ਸ਼ਾਇਦ ਲੋਕਾਂ ਦਾ ਇੰਨਾਂ ਨੁਕਸਾਨ ਨਾ ਹੁੰਦਾ।
    ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਸਾਰੇ ਕਾਸੇ ਦੀ ਸ਼ਪੈਸ਼ਲ ਗੁਦਾਵਰੀ ਕਰਵਾਕੇ ਜਿੰਨਾਂ ਦੀਆਂ ਫਸਲਾਂ ਮਾਰੀਆਂ ਗਈਆਂ, ਪਸ਼ੂ, ਪੰਛੀਆਂ ਦੇ ਹੋਏ ਨੁਕਸਾਨ ਅਤੇ ਢਹਿ ਗਏ ਮਕਾਨਾਂ ਦਾ ਪੂਰਾ ਮੁਆਵਜ਼ਾ ਬਿਨਾ ਕਿਸੇ ਦੇਰੀ ਦੇ ਦੇਵੇ। ਹੜ੍ਹਾਂ ਦੀ ਮਾਰ ਵਿੱਚ ਆਏ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵੀ ਸਰਕਾਰ ਮੁਆਫ਼ ਕਰੇ।
    ਉਹਨਾਂ ਵੱਲੋਂ ਸੁੱਕੀਆਂ ਦਾਲਾਂ, ਨਮਕ, ਤੇਲ, ਸੁੱਕਾ ਦੁੱਧ, ਪਾਣੀ ਤੇ ਬੱਚਿਆਂ ਲਈ ਬਿਸਕੁਟ ਤੇ ਟੌਫ਼ੀਆਂ ਵੰਡੀਆਂ ਗਈਆਂ।

  • ਸਾਂਝਾ ਮੁਹਾਜ਼ ਤਕੜਾ ਕਰਦਿਆਂ ਫਿਰਕੂ-ਫਾਸ਼ੀਵਾਦ ਤੇ ਨਵਉਦਾਰਵਾਦ ਖ਼ਿਲਾਫ਼ ਘੋਲਾਂ ਵੱਲ ਵਧੋ

    ਸਾਂਝਾ ਮੁਹਾਜ਼ ਤਕੜਾ ਕਰਦਿਆਂ ਫਿਰਕੂ-ਫਾਸ਼ੀਵਾਦ ਤੇ ਨਵਉਦਾਰਵਾਦ ਖ਼ਿਲਾਫ਼ ਘੋਲਾਂ ਵੱਲ ਵਧੋ


    ਪਰਗਟ ਸਿੰਘ ਜਾਮਾਰਾਏ
    ਪੰਜਾਬ ਦੇ ਸਿਆਸੀ ਚੌਗਿਰਦੇ ਅੰਦਰ ਪਿਛਲੇ ਦਿੱਨੀਂ ਇਕ ਬੜਾ ਹਾਂ ਪੱਖੀ ਘਟਨਾਕ੍ਰਮ ਵਾਪਰਿਆ ਹੈ। ਸੂਬੇ ਦੀਆਂ ਛੇ ਖੱਬੀਆਂ ਪਾਰਟੀਆਂ ਤੇ ਇਨਕਲਾਬੀ ਧਿਰਾਂ ਸੀ.ਪੀ.ਆਈ., ਆਰ.ਐਮ.ਪੀ. ਆਈ., ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਐਮ.ਸੀ.ਪੀ.ਆਈ. (ਯੂ.) ਤੇ ਇਨਕਲਾਬੀ ਕੇਂਦਰ ਪੰਜਾਬ ਨੇ ਸਾਂਝੇ ਮੰਚ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਦਾ ਪੁਨਰ ਗਠਨ ਕਰਨ ਦਾ ਨਿਰਣਾ ਲਿਆ ਹੈ। ਪੁਨਰਗਠਤ ‘ਫਰੰਟ’ ਦੇਸ਼ ਦੀਆਂ ਵਰਤਮਾਨ ਗੰਭੀਰ ਸਿਆਸੀ ਪ੍ਰਸਥਿਤੀਆਂ ਅੰਦਰ ਅਸਰਦਾਇਕ ਸਿਆਸੀ-ਵਿਚਾਰਧਾਰਕ ਦਖ਼ਲ ਅੰਦਾਜ਼ੀ ਕਰਨ ਦੇ ਉਦੇਸ਼ ਤਹਿਤ ਨਿਰੰਤਰ ਸਰਗਰਮੀ ਕਰੇਗਾ। ਦੇਸ਼ ਤੇ ਪੰਜਾਬ ਦੇ ਲੋਕਾਂ, ਖਾਸ ਕਰਕੇ ਖੱਬੇ ਪੱਖੀ ਸਿਆਸਤ ਤੇ ਪ੍ਰਗਤੀਸ਼ੀਲ ਲਹਿਰ ਨੂੰ ਵੱਧਦਾ-ਫੁੱਲਦਾ ਵੇਖਣ ਦੇ ਚਾਹਵਾਨਾਂ ਨੇ ਇਸ ਸਾਂਝ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਹੈ।
    ‘ਫਰੰਟ’, ਆਰ.ਐਸ.ਐਸ.-ਭਾਜਪਾ ਦੀ ਫਿਰਕੂ-ਫਾਸ਼ੀ ਵਿਚਾਰਧਾਰਾ; ਮੰਨੂਵਾਦੀ ਚੌਖਟੇ ਵਾਲਾ, ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ ਕੱਟੜ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਨਿਸ਼ਾਨੇ, ਦੇਸ਼ ਦੇ ਵਰਤਮਾਨ ਢਾਂਚੇ ਨੂੰ ਤੋੜਨ ਦੀਆਂ ਸੰਘ ਪਰਿਵਾਰ ਦੀਆਂ ਵਿਉਂਤਬੱਧ ਸਾਜ਼ਿਸ਼ਾਂ ਅਤੇ ਪ੍ਰਸ਼ਾਸਨਿਕ ਅਦਾਰਿਆਂ ਤੇ ਸਰਕਾਰੀ ਵਿਭਾਗਾਂ ਦੇ ਭਗਵਾਂ ਕਰਨ ਖ਼ਿਲਾਫ਼ ਲੋਕਾਂ ਨੂੰ ਸੁਚੇਤ ਕਰਨ ਤੇ ਵਿਸ਼ਾਲ ਲੋਕ ਲਾਮਬੰਦੀ ‘ਤੇ ਆਧਾਰਿਤ ਤਿੱਖੇ-ਬੱਝਵੇ ਘੋਲ ਵਿੱਢਣ ਦੇ ਨਿਰੰਤਰ ਉਪਰਾਲੇ ਕਰੇਗਾ।

    ਫਰੰਟ ਲੋਕਰਾਜੀ ਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਅਤੇ ਫੈਡਰਲ ਅਧਿਕਾਰਾਂ ਦੀ ਰਾਖੀ ਲਈ ਵੀ ਲੋਕ ਲਹਿਰ ਖੜ੍ਹੀ ਕਰੇਗਾ।

    ਫਰੰਟ ਵੱਲੋਂ ਘੱਟ ਗਿਣਤੀਆਂ, ਇਸਤਰੀਆਂ, ਦਲਿਤਾਂ, ਕਬਾਇਲੀਆਂ ਤੇ ਹੋਰ ਹਾਸ਼ੀਆਗਤ ਆਬਾਦੀ ਸਮੂਹਾਂ, ਲੋਕ ਪੱਖੀ ਬੁੱਧੀਜੀਵੀਆਂ ਤੇ ਕਾਰਕੁੰਨਾਂ ਖਿਲਾਫ਼ ਢਾਹੇ ਜਾਂਦੇ ਅਕਹਿ ਜ਼ੁਲਮਾਂ ਵਿਰੁੱਧ ਆਮ ਲੋਕਾਂ, ਖਾਸ ਕਰਕੇ ਬੁਨਿਆਦੀ ਜਮਾਤਾਂ ਨੂੰ ਜੱਥੇਬੰਦ ਕਰਕੇ ਘੋਲ ਵਿੱਢਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

    ਸਾਮਰਾਜੀ ਤੇ ਕਾਰਪੋਰੇਟੀ ਧੌਂਸ ਤੇ ਲੁੱਟ ਬਰਕਰਾਰ ਰੱਖਣ ਤੇ ਦਿਨੋ-ਦਿਨ ਹੋਰ ਤਿੱਖੀ ਕਰਨ ਲਈ ਘੜੀਆਂ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਲੜੇ ਜਾ ਰਹੇ ਤਬਕਾਤੀ ਘੋਲਾਂ ਨੂੰ ਹੋਰ ਤੀਬਰ ਕਰਨਾ ਤੇ ਇਨ੍ਹਾਂ ਘੋਲਾਂ ‘ਚ ਸਰਗਰਮ ਸ਼ਮੂਲੀਅਤ ਕਰਨ ਵਾਲੇ ਆਮ ਲੋਕਾਂ, ਖਾਸ ਕਰਕੇ ਮਿਹਨਤੀ ਜਨ ਸਮੂਹਾਂ ਦੀ ਰਾਜਸੀ ਚੇਤਨਾ ਉਚਿਆਉਣ ਦੇ ਠੋਸ ਉਪਰਾਲੇ ਕਰਨੇ ਵੀ ਫਰੰਟ ਦੇ ਕਰਨ ਗੋਚਰਾ ਅਹਿਮ ਕਾਰਜ ਰਹੇਗਾ।

    ‘ਫਰੰਟ’ ਨੇ ਕੇਂਦਰੀ ਹੁਕਮਰਾਨਾਂ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਬੰਦ ਕਰਵਾਉਣ, ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂ ਪੂਰਬਕ ਹੱਲ ਕਰਨ ਅਤੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਤੇ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੀਆਂ ਹਕੂਮਤੀ ਤੇ ਸ਼ਰਾਰਤੀ ਤੱਤਾਂ ਦੀਆਂ ਸਾਜ਼ਿਸਾਂ ਖ਼ਿਲਾਫ਼ ਵੀ ਸਮੂਹ ਪੰਜਾਬੀਆਂ ਨੂੰ ਇਕਜੁੱਟ ਕਰਨ ਤੇ ਯਥਾ ਸ਼ਕਤੀ ਢੁਕਵਾਂ ਦਖ਼ਲ ਦੇਣ ਦੀ ਸਮਝਦਾਰੀ ਅਪਣਾਈ ਹੈ।

    ਹਾਲਾਂਕਿ ਫਰੰਟ ਦੀ ਇਹ ਸਪੱਸ਼ਟ ਸਮਝਦਾਰੀ ਹੈ ਕਿ ਮੌਜੂਦਾ ਮੋਦੀ ਸਰਕਾਰ ਨੂੰ ਦੇਸ਼ ਦੀ ਕੇਂਦਰੀ ਸੱਤਾ ਤੋਂ ਲਾਂਭੇ ਕਰਨ ਨਾਲ ਹੀ ਆਰ.ਐਸ.ਐਸ. ਦਾ ਖਤਰਾ ਮੁੱਕ ਨਹੀਂ ਜਾਵੇਗਾ। ਲੇਕਿਨ ਇਹ ਵੀ
    ਸੱਚ ਹੈ ਕਿ ਆਰ.ਐਸ.ਐਸ. ਨੂੰ ਵੱਡੀ ਹੱਦ ਤੱਕ ਬਲਹੀਣ ਕਰਨ ਲਈ ਮੋਦੀ ਸਰਕਾਰ ਦੀ ਸੱਤਾ ਤੋਂ ਬੇਦਖ਼ਲੀ ਅਤਿ ਲੋੜੀਂਦੀ ਹੈ। ਇਸ ਲਈ ‘ਫਰੰਟ’ ਭਾਰਤੀ ਲੋਕਾਈ ਨੂੰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਜ਼ੋਰਦਾਰ ਸੱਦਾ ਦੇਵੇਗਾ। ਐਪਰ ਫਰੰਟ ਭਾਜਪਾ ਦੇ ਬਦਲ ਵਜੋਂ ਕਿਸੇ ਪਾਰਟੀ ਨੂੰ ਪ੍ਰੋਮੋਟ ਨਹੀਂ ਕਰੇਗਾ।

    ਫਰੰਟ ਵਲੋਂ ਆਪਣੇ ਹੱਕੀ ਮੰਗਾਂ-ਮਸਲਿਆਂ ਪ ਜਾਮਾਰਾਏ ਲਈ ਲੜ ਰਹੇ ਸੰਗਠਨਾਂ ਦੇ ਘੋਲਾਂ ਦਾ ਨੈਤਿਕ- ਭੌਤਿਕ ਸਮਰਥਨ ਵੀ ਕੀਤਾ ਜਾਵੇਗਾ ਤੇ ਪੁਲਸ ਜਬਰ ਖ਼ਿਲਾਫ਼ ਵੀ ਹਰ ਮੰਚ ਤੋਂ ਸ਼ਕਤੀਸ਼ਾਲੀ ਮੁਜ਼ਹਮਤ ਉਸਾਰੀ ਜਾਵੇਗੀ।

    ਫਰੰਟ ਹਾਲਾਂਕਿ ਚੋਣ ਸਰਗਰਮੀਆਂ ਤੋਂ ਨਿਰਲੇਪ ਰਹੇਗਾ ਪਰ ਫਰੰਟ ਚੋਣ ਪ੍ਰਕਿਰਿਆ ਨੂੰ ਭੰਡਣ ਜਾਂ ਇਸ ਤੋਂ ਅਲਹਿਦਗੀ ਕਰਨ ਦੀ ਵਕਾਲਤ ਵੀ ਨਹੀਂ ਕਰੇਗਾ। ਹਾਂ, ਫਰੰਟ ਦੀਆਂ ਭਾਈਵਾਲ ਪਾਰਟੀਆਂ ਚੋਣਾਂ ਸਮੇਂ ਆਪੋ-ਆਪਣੀ ਯੁੱਧਨੀਤਕ ਤੇ ਦਾਅਪੇਚਕ ਸਮਝਦਾਰੀ ਨਾਲ ਮੇਚਵਾਂ ਫੈਸਲਾ ਲੈਣ ਲਈ ਆਜ਼ਾਦ ਹੋਣਗੀਆਂ।

    ਇਸ ਥੜ੍ਹੇ ਵਿੱਚ ਕਿਸੇ ਵੀ ਬੁਨਿਆਦ ਪ੍ਰਸਤ, ਦਹਿਸ਼ਤ ਦੀ ਹਾਮੀ ਤੇ ਫਿਰਕੂ ਸ਼ਕਤੀ ਲਈ ਕੋਈ ਥਾਂ ਨਹੀਂ ਹੋਵੇਗੀ। ਪਰ ਇਹ ਥੜ੍ਹਾ ਕਿਸੇ ਵਿਸ਼ੇਸ਼ ਮੁੱਦੇ ‘ਤੇ ਕਿਸੇ ਧਾਰਮਿਕ ਤੇ ਜਾਤ ਅਧਾਰਿਤ ਸੰਗਠਨ ਨਾਲ ਸਾਂਝੀ ਸਰਗਰਮੀ ਕਰਨ ਦੀ ਗੁੰਜਾਇਸ਼ ਰੱਖੇਗਾ।

    ਫਰੰਟ ਹਾਕਮ ਵਰਗਾਂ ਦੀ ਨੁਮਾਇੰਦਗੀ ਕਰਦੀਆਂ ਦੇਸ਼ ਤੇ ਸਬਿਆਂ ਦੀਆਂ ਬਾਕੀ ਪਾਰਟੀਆਂ ਤੇ ਆਰ.ਐਸ.ਐਸ. ਦੇ ਸਿਆਸੀ ਵਿੰਗ ਭਾਜਪਾ ਦਾ ਜਮਾਤੀ ਚਰਿੱਤਰ ਇਕੋ ਜਿਹਾ ਹੋਣ ਦੇ ਬਾਵਜੂਦ ਭਾਜਪਾ ਤੇ ਬਾਕੀ ਦੇ ਪੂੰਜੀਵਾਦੀ ਦਲਾਂ ਨੂੰ ਇਕੋ ਤਕੜੀ ‘ਚ ਤੋਲਣ ਦੀ ਸਮਝਦਾਰੀ ਤੋਂ ਨਿਖੇੜਾ ਕਰਦਾ ਹੈ।

    ਸਭ ਤੋਂ ਜਰੂਰੀ ਗੱਲ ਫਰੰਟ ਨਿਰੋਲ ਸਿਆਸੀ ਮੁੱਦਿਆਂ ਤੇ ਸਿਆਸੀ ਸਰਗਰਮੀ ਕਰਨ ਦਾ ਪਲੇਟਫਾਰਮ ਹੋਵੇਗਾ। ਇਸ ਮੰਚ ਤੋਂ ਸਰਕਾਰ ਦੇ ਨੀਤੀ-ਚੌਖਟੇ ਦੀ ਆਲੋਚਨਾ ਕਰਦੇ ਹੋਏ ਵੱਖੋ-ਵੱਖ ਵਰਗਾਂ ਦੀਆਂ ਮੰਗਾਂ ਦੀ ਤਫਸੀਲ ਨਹੀਂ ਦਿੱਤੀ ਜਾਵੇਗੀ।

    ਸਿਆਸੀ ਜਾਣਕਾਰਾਂ ਨੂੰ ਦੱਸ ਦੇਈਏ ਕਿ ਇਸ ਫਰੰਟ ਦਾ ਗਠਨ ਉਦੋਂ ਕੀਤਾ ਗਿਆ ਸੀ, ਜਦੋਂ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨਾਲ ਸਬੰਧਤ ਸੰਵਿਧਾਨਕ ਧਾਰਾਵਾਂ 370 ਤੇ 35 ਏ ਮਨਸੂਖ ਕਰਕੇ ਸੂਬੇ ਤੋਂ ਰਾਜ ਦਾ ਦਰਜਾ ਖੋਹ ਲਿਆ ਸੀ ਤੇ ਪ੍ਰਾਂਤ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚ ਵੰਡ ਦਿੱਤਾ ਸੀ। ਇਸ ਕਦਮ ਖ਼ਿਲਾਫ਼ ਫਰੰਟ ਨੇ ਉਦੋਂ ਸੂਬੇ ਦੇ ਸਾਰੇ ਭਾਗਾਂ ‘ਚ ਬਹੁਤ ਪ੍ਰਭਾਵਸ਼ਾਲੀ ਲਾਮਬੰਦੀ ਕੀਤੀ ਸੀ, ਜਿਸ ਦੀ ਦੇਸ਼- ਵਿਦੇਸ਼ ‘ਚ ਬਹੁਤ ਵਿਆਪਕ, ਹਾਂ-ਪੱਖੀ ਚਰਚਾ ਵੀ ਹੋਈ ਸੀ। ਫਰੰਟ ਨੇ ਕੁੱਝ-ਇਕ ਜਨ ਸੰਗਠਨਾਂ ਨਾਲ ਸਾਂਝ ਪਾ ਕੇ ਫ਼ਲਸਤੀਨੀਆਂ ਦੇ ਹੱਕ ‘ਚ ਤੇ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਖ਼ਿਲਾਫ਼ ਵੀ ਹੇਠਾਂ ਪੱਧਰ ‘ਤੇ ਬਹੁਤ ਸਫਲ ਐਕਸ਼ਨ ਕੀਤੇ ਸਨ।

    ਪਿੱਛੋਂ ਇਹ ਮਹਿਸੂਸ ਕੀਤਾ ਗਿਆ ਕਿ ਪ੍ਰਾਂਤ ਦੀਆਂ ਖੱਬੀਆਂ ਪਾਰਟੀਆਂ ਨੂੰ ਆਰ.ਐਸ.ਐਸ. ਦੇ ਧਰਮ ਆਧਾਰਿਤ ਪਿਛਾਖੜੀ ਰਾਜ ਕਾਇਮ ਕਰਨ ਦੇ ਏਜੰਡੇ ਅਤੇ ਵਿਸ਼ੈਲੀ ਵਿਚਾਰਧਾਰਾ ਨੂੰ ਭਾਂਜ ਦੇਣ ਲਈ ਇਸ ਨਾਲ ਜੁੜੇ ਹਰ ਮੁੱਦੇ ‘ਤੇ ਸਾਂਝੀ ਰਾਇ ਬਨਾਉਣ ਤੇ ਇਕਜੁੱਟ ਸੰਗਰਾਮੀ ਦਖਲ ਦੀ ਉਸਾਰੀ ਕਰਨੀ ਅਜੋਕਾ ਪਲੇਠਾ ਤੇ ਮਹੱਤਵਪੂਰਨ ਕਾਰਜ ਹੈ। ਇਸੇ ਸਮਝਦਾਰੀ ਅਧੀਨ ‘ਫਰੰਟ’ ਦਾ ਪੁਨਰ ਗਠਨ ਕੀਤਾ ਗਿਆ ਹੈ। ਫਰੰਟ ਦੀ ਸਮਝਦਾਰੀ ਅਤੇ ਭਵਿੱਖੀ ਸਰਗਰਮੀਆਂ ਦੀ ਸੇਧ ਦਿੰਦਾ ਸਾਂਝਾ ਚੌਖਟਾ ਵੀ ਅਪਣਾਇਆ ਗਿਆ ਹੈ ਅਤੇ ਜ਼ਾਬਤਾ ਵੀ ਤੈਅ ਕੀਤਾ ਗਿਆ ਹੈ। ਤੈਅਸ਼ੁਦਾ ਚੌਖਟੇ ਮੁਤਾਬਕ, ਫਰੰਟ ਤੋਂ ਬਾਹਰ ਰਹਿ ਗਈਆਂ ਖੱਬੀਆਂ ਧਿਰਾਂ ਨੂੰ ਸ਼ਾਮਲ ਕਰਨ ਦੀ ਵੀ ਪੂਰੀ-ਪੂਰੀ ਗੁੰਜਾਇਸ਼ ਰੱਖੀ ਗਈ ਹੈ।

    ਫਰੰਟ ਵਿੱਚ ਸ਼ਾਮਲ ਧਿਰਾਂ ਆਪਸੀ ਸਹਿਮਤੀ ਨਾਲ ਅਪਣਾਏ ਚੌਖਟੇ ਅਤੇ ਤੈਅਸ਼ੁਦਾ ਜਾਬਤੇ ਦੇ ਦਇਰੇ ‘ਚ ਵਿੱਚਰਣ ਦੀਆਂ ਪਾਬੰਦ ਹੋਣਗੀਆਂ। ਫੈਸਲੇ ਸਰਬ ਸੰਮਤੀ ਨਾਲ ਲਏ ਜਾਣਗੇ। ਪਰ ਕਿਸੇ ਮਸਲੇ ਦੀ ਵਿਸ਼ੇਸ਼ ਅਹਿਮੀਅਤ ਤੇ ਤੀਖਣਤਾ ਕਾਰਨ ਫੈਸਲਾ ਬਹੁ ਗਿਣਤੀ ਨਾਲ ਵੀ ਕੀਤਾ ਜਾ ਸਕੇਗਾ, ਲੇਕਿਨ ਇਸ ‘ਤੇ ਵੀ ਹੋਰ ਗਹਿਣ ਵਿਚਾਰ-ਵਟਾਂਦਰੇ ਨਾਲ ਆਮ ਸਹਿਮਤੀ ਕਾਇਮ ਕਰਨੀ ਜ਼ਰੂਰੀ ਹੋਵੇਗੀ। ਸਾਰੀਆਂ ਧਿਰਾਂ ਦੀ ਹੈਸੀਅਤ ਇਕ ਸਮਾਨ ਹੋਵੇਗੀ ਤੇ ਫੰਡ- ਖਰਚ ਵੀ ਬਰਾਬਰ ਦਿੱਤਾ ਜਾਵੇਗਾ। ਪ੍ਰੈਸ ਬਿਆਨ ਜਾਰੀ ਕਰਨ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਾਰੀ ਸਿਰ (ਰੋਟੇਸ਼ਨਲ) ਹੋਵੇਗੀ।

    ਉਪਰੋਕਤ ਚੌਖਟੇ ਮੁਤਾਬਕ ਮੰਚ ਦੀ ਸਮਝਦਾਰੀ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਅਤੇ ਸ਼ਾਮਲ ਪਾਰਟੀਆਂ ਦੇ ਕਾਡਰ ਦੀ ਧੁਰ ਹੇਠਾਂ ਤੱਕ ਸਾਂਝ ਕਾਇਮ ਕਰਨ ਲਈ 15 ਜੁਲਾਈ ਤੋਂ 15 ਅਗਸਤ ਤੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕਰਨ ਦਾ ਨਿਰਣਾ ਲਿਆ ਗਿਆ ਸੀ। ਕੁੱਝ ਕੁ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਇਨ੍ਹਾਂ ਕਨਵੈਨਸ਼ਨਾਂ ਦੀ ਵਿਧੀਵਤ ਸ਼ੁਰੂਆਤ, ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ 31 ਜੁਲਾਈ ਤੋਂ ਹੋਈ ਸੀ। ਹੁਣ ਤਾਈਂ ਪਠਾਨਕੋਟ, ਗੁਰਦਾਸਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਤਰਨਤਾਰਨ ਸਾਹਿਬ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਰੂਪ ਨਗਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਕੀਤੀਆਂ ਜਾ ਚੁੱਕੀਆਂ ਹਨ। ਇੱਕ-ਅੱਧ ਜਿਲ੍ਹੇ ਨੂੰ ਛੱਡ ਕੇ ਬਾਕੀ ਥਾਈਂ ਇਹ ਕਨਵੈਨਸ਼ਨਾਂ ਹਾਜ਼ਰੀ ਅਤੇ ਸੁਨੇਹਾ ਦੇਣ ਪੱਖੋਂ ਵੱਡੀ ਹੱਦ ਤੱਕ ਸਫਲ ਰਹੀਆਂ ਹਨ। ਨੇੜ ਭਵਿੱਖ ‘ਚ ਮੀਟਿੰਗ ਸੱਦ ਕੇ ਅਗਲੇਰੀ ਰੂਪਰੇਖਾ ਉਲੀਕੀ ਜਾਵੇਗੀ।

    ਸਮੂਹ ਪਾਰਟੀ ਕਮੇਟੀਆਂ ਨੂੰ ਫਰੰਟ ਦੇ ਐਕਸ਼ਨਾਂ ‘ਚ ਪੂਰੀ ਸ਼ਿੱਦਤ ਤੇ ਸੰਜ਼ੀਦਗੀ ਨਾਲ ਸ਼ਮੂਲੀਅਤ ਕਰਨੀ ਚਾਹੀਦੀ ਹੈ।

    (24 ਅਗਸਤ 2025)

  • ਹੜ੍ਹ ਪੀੜਤਾਂ ਦੀ ਸਹਾਇਤਾ ਕਰਕੇ ਕੇਂਦਰ ਸਰਕਾਰ ਆਪਣਾ ਫਰਜ਼ ਪੂਰਾ ਕਰੇ

    ਹੜ੍ਹ ਪੀੜਤਾਂ ਦੀ ਸਹਾਇਤਾ ਕਰਕੇ ਕੇਂਦਰ ਸਰਕਾਰ ਆਪਣਾ ਫਰਜ਼ ਪੂਰਾ ਕਰੇ


    ਤਰਨ ਤਾਰਨ: ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਸਤਾਨਕ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ।
    ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਗ਼ਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ ਤੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆਂ ਹਨ। ਬਾਰਿਸ਼ ਇਸ ਵਾਰ ਆਫ਼ਤ ਬਣ ਕੇ ਆਈ ਹੈ, ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਹਨ ਅਤੇ ਘਰੋਂ ਬੇਘਰ ਹੋ ਗਏ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਖੇਤ ਮਜ਼ਦੂਰਾਂ ਨੂੰ ਵੀ ਕਿਸਾਨਾਂ ਦੀ ਤਰਜ਼ ’ਤੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਖੇਤ ਮਜ਼ਦੂਰਾਂ ਦੀਆਂ ਇਨ੍ਹਾਂ ਭਖਦੀਆਂ ਮੰਗਾਂ ਨੂੰ ਲੈ ਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 17 ਸਤੰਬਰ ਨੂੰ ਮਾਝਾ ਤੇ ਦੋਆਬਾ ਜੋਨ ਦਾ ਵੱਡਾ ਇਕੱਠ ਕਰਕੇ ਜਲੰਧਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
    ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਦਿਆਲ ਸਿੰਘ ਲੋਹਕਾ, ਚੰਦ ਸਿੰਘ ਤੂਤ, ਨਛੱਤਰ ਸਿੰਘ ਤੂੜ, ਹਰਜਿੰਦਰ ਸਿੰਘ ਚੂੰਘ, ਸੰਤੋਖ ਸਿੰਘ ਮੱਖੀਕਲਾਂ, ਜੋਗਿੰਦਰ ਸਿੰਘ ਖਡੂਰ ਸਾਹਿਬ, ਸਵਿੰਦਰ ਸਿੰਘ ਚੱਕ, ਜਸਵੰਤ ਸਿੰਘ ਭਿੱਖੀਵਿੰਡ ਆਦਿ ਆਗੂ ਹਾਜ਼ਰ ਸਨ।

  • ਸੰਯੁਕਤ ਕਿਸਾਨ ਮੋਰਚੇ ਨੇ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਹੜ੍ਹਾਂ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ

    ਸੰਯੁਕਤ ਕਿਸਾਨ ਮੋਰਚੇ ਨੇ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਹੜ੍ਹਾਂ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ


    ਸੁਲਤਾਨਪੁਰ ਲੋਧੀ: ਪੰਜਾਬ ਵਿਚ ਹੜ੍ਹਾਂ ਕਾਰਨ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ ਤੇ ਇਸ ਸਭ ਕੁੱਝ ਲਈ ਸਿੱਧੇ ਤੌਰ ‘ਤੇ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਇਹ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਸ਼ਾਹਦੀਪੁਰ, ਕੁਲਵੰਤ ਸਿੰਘ ਸੰਧੂ ਤੇ ਹੋਰ ਆਗੂਆਂ ਨੇ ਇਥੋਂ ਦੇ ਪ੍ਰੈੱਸ ਕਲੱਬ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਆਏ ਹੜ੍ਹਾਂ ਦੀ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਹਾਈਕੋਰਟ ਦੇ ਮੌਜੂਦਾਂ ਜੱਜ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਬੀ.ਬੀ.ਐਮ.ਬੀ. ਦਾ ਆਪਸ ਵਿਚ ਤਾਲਮੇਲ ਨਾ ਹੋਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਡੈਮਾਂ ਵਿਚੋਂ 31 ਮਈ ਤੱਕ ਪਾਣੀ ਖ਼ਾਲੀ ਕਰਨਾ ਹੁੰਦਾ ਹੈ ਜਦਕਿ ਅਜਿਹਾ ਨਹੀਂ ਕੀਤਾ ਗਿਆ ਤੇ ਜਦੋਂ ਪਾਣੀ ਸਿਰੋਂ ਨਿਕਲ ਗਿਆ ਤਾਂ ਡੈਮਾਂ ਦੇ ਗੇਟ ਖੋਲ ਕੇ ਪੰਜਾਬ ਨੂੰ ਰੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਜਾਂ ਕਿਸੇ ਵੀ ਸੰਸਦ ਮੈਂਬਰ ਨੇ ਅਜੇ ਤੱਕ ਕਿਸਾਨਾਂ ਨਾਲ ਹਮਦਰਦੀ ਦੇ ਦੋ ਲਫ਼ਜ਼ ਨਹੀਂ ਬੋਲੇ।
    ਉਨ੍ਹਾਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਖ਼ਰਚੇ ਲਈ ਇਕ ਲੱਖ ਰੁਪਏ ਉਜਾੜਾ ਭੱਤਾ ਪ੍ਰਤੀ ਪਰਿਵਾਰ ਬਿਨਾਂ ਕਿਸੇ ਭੇਦ ਭਾਵ ਦੇ ਦੇਵੇ। ਉਪਰੰਤ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 70 ਹਜ਼ਾਰ ਰੁਪਏ, ਗੰਨੇ ਦੀ ਫ਼ਸਲ ਲਈ ਇਕ ਲੱਖ ਰੁਪਏ, ਜਾਨੀ ਨੁਕਸਾਨ ਅਤੇ ਜਿਨ੍ਹਾਂ ਦੇ ਮਕਾਨ ਢਹਿ ਗਏ ਹਨ, ਨੂੰ 10 ਲੱਖ ਰੁਪਏ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਸਮੂਹ ਕਿਸਾਨ ਜਥੇਬੰਦੀਆਂ ਮਿਲ ਕੇ ਰਾਹਤ ਕੈਂਪ ਲਗਾ ਕੇ ਜਿੱਥੇ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੇਣਗੇ, ਉੱਥੇ ਕਣਕ ਦੀ ਫ਼ਸਲ ਬੀਜਣ ਤੱਕ ਬੀਜ, ਡੀਜ਼ਲ ਤੇ ਹੋਰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣਗੇ।
    ਮੀਟਿੰਗ ਮੌਕੇ ਬਲਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸੂਰਤ ਸਿੰਘ ਧਰਮਕੋਟ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਨਿਰਭੈ ਸਿੰਘ ਢੁੱਡੀਕੇ ਕਿਸਾਨ ਯੂਨੀਅਨ, ਰੁਲਦੂ ਸਿੰਘ ਮਾਨਸਾ ਤੇ ਗੁਰਨਾਮ ਸਿੰਘ ਭਿੱਖੀ ਬੀਕੇਯੂ ਪੰਜਾਬ, ਬੋਘ ਸਿੰਘ ਬੀਕੇਯੂ ਮਾਨਸਾ, ਕੇਵਲ ਸਿੰਘ ਮਹਿਤਪੁਰ ਤੋਤੇਵਾਲ, ਗੁਰਮੀਤ ਸਿੰਘ ਮੁਹਿੰਮ ਜਨਰਲ ਸਕੱਤਰ ਕ੍ਰਾਂਤੀਕਾਰੀ ਯੂਨੀਅਨ ਪੰਜਾਬ, ਮੁਕੇਸ਼ ਸ਼ਰਮਾ ਬੀਕੇਯੂ ਰਾਜੇਵਾਲ, ਬੂਟਾ ਸਿੰਘ ਬੀਕੇਯੂ ਸ਼ਾਦੀਪੁਰ, ਮਹਾਵੀਰ ਸਿੰਘ ਗਿੱਲ ਪੱਟੀ ਆਲ ਇੰਡੀਆ ਕਿਸਾਨ ਸਭਾ, ਹਰਜਿੰਦਰ ਸਿੰਘ ਟਾਂਡਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਬੂਟਾ ਸਿੰਘ ਬੁਰਜ ਗਿੱਲ ਬੀਕੇਯੂ ਡਕੌਂਦਾ, ਜੰਗਵੀਰ ਸਿੰਘ ਚੌਹਾਨ ਦੁਆਬਾ ਕਿਸਾਨ ਯੂਨੀਅਨ, ਹਰਵਿੰਦਰ ਸਿੰਘ ਹੈਪੀ ਗਿੱਲ ਕਿਸਾਨ ਸੰਘਰਸ਼ ਕਮੇਟੀ (ਪੰਨੂ), ਮਨਜੀਤ ਸਿੰਘ ਧਨੇਰ ਬੀਕੇਯੂ ਏਕਤਾ ਡਕੌਂਦਾ, ਦਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ ਆਦਿ ਨੇ ਵੀ ਹਾਜ਼ਰ ਸਨ।
    ਮੀਟਿੰਗ ਉਪਰੰਤ ਸਮੂਹ ਕਿਸਾਨ ਆਗੂਆਂ ਨੇ ਮੰਡ ਖੇਤਰ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਵਾਇਆ।
    ਇਸ ਮੌਕੇ ਰਸ਼ਪਾਲ ਸਿੰਘ ਸੀਨੀਅਰ ਆਗੂ, ਐਡਵੋਕੇਟ ਰਜਿੰਦਰ ਸਿੰਘ ਰਾਣਾ ਸੀਨੀਅਰ ਕਿਸਾਨ ਆਗੂ, ਮਾਸਟਰ ਚਰਨ ਸਿੰਘ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਦਿਆਲ ਸਿੰਘ ਦੀਪੇਵਾਲ, ਸਰਵਨ ਸਿੰਘ ਕਰਮਜੀਤ ਪੁਰ, ਜਸਵਿੰਦਰ ਸਿੰਘ ਟਿੱਬਾ, ਰਵਿੰਦਰ ਸਿੰਘ ਰਵੀ, ਰਜਿੰਦਰ ਸਿੰਘ ਰਾਣਾ ਸੈਦੋਵਾਲ, ਤਰਸੇਮ ਸਿੰਘ ਬੰਨੇਮੱਲ, ਰਘਬੀਰ ਸਿੰਘ ਮਹਿਰਵਾਲਾ ਆਦਿ ਸਮੇਤ ਦੋ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

  • ਪੀੜਤ ਲੋਕਾਂ ਦੇ ਅੰਗ ਸੰਗ ਜਾ ਕੇ ਆਗੂਆਂ ਨੇ ਮੁਆਵਾਜ਼ੇ ਦੀ ਕੀਤੀ ਮੰਗ

    ਪੀੜਤ ਲੋਕਾਂ ਦੇ ਅੰਗ ਸੰਗ ਜਾ ਕੇ ਆਗੂਆਂ ਨੇ ਮੁਆਵਾਜ਼ੇ ਦੀ ਕੀਤੀ ਮੰਗ


    ਅਜਨਾਲਾ: ਤਹਿਸੀਲ ਅਜਨਾਲਾ ਦੇ ਏਰੀਆ ਗੱਗੋਮਾਲ ਅਤੇ ਰਮਦਾਸ ਦੇ ਪਿੰਡਾਂ ਵਿੱਚ ਹੜ੍ਹਾਂ ਦੇ ਪਾਣੀ ਨੇ ਬਹੁਤ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਫਸਲਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਝੋਨੇ ਦੀ ਫ਼ਸਲ ਅਤੇ ਪਸ਼ੂਆਂ ਦੇ ਚਾਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਿਸ ਨਾਲ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਦਿਨ ਕਟੀ ਕਰ ਰਹੀ ਕਿਸਾਨੀ ਹੋਰ ਸੰਕਟ ਵਿੱਚ ਫਸ ਗਈ ਹੈ। ਪੇਂਡੂ ਮਜ਼ਦੂਰਾਂ ਨੂੰ ਮਜ਼ਦੂਰੀ ਨਾ ਮਿਲਣ ਕਾਰਨ ਬੁਰਾ ਹਾਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਆਪਣੀ 40-50 ਨੌਜਵਾਨਾਂ ਦੀ ਟੀਮ ਨਾਲ ਰਮਦਾਸ, ਸ਼ਾਹ ਹਬੀਬ ਕੋਟਲੀ, ਮੰਦਰਾਂ ਵਾਲਾ, ਬਗਵਾਨਪੁਰਾ, ਕਤਲਾ, ਰੂੜੇਵਾਲ, ਨੰਗਲ ਸੋਹਲ, ਘੁਮਰਾਹ, ਪੰਜਗਰਾਈਆਂ, ਸਿੰਘੋਕੇ, ਨਿਸੋਕੇ, ਪੱਸ਼ੀਆ ਆਦਿ ਪਿੰਡਾਂ ਵਿੱਚ ਟਰੈਕਟਰ ਟਰਾਲੀਆਂ ਦੇ ਕਾਫਲੇ ਰਾਹੀਂ ਰਾਹਤ ਸਮਗਰੀ ਵੰਡਦਿਆਂ ਕੀਤਾ। ਉਹਨਾਂ ਕਿਹਾ ਕਿ ਇਹ ਹੜ੍ਹ ਕੁਦਰਤੀ ਆਫਤ ਨਹੀਂ ਸਗੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਨਲਾਇਕੀ ਦੀ ਵਜ੍ਹਾ ਕਾਰਨ ਆਏ ਹਨ, ਜਿਸ ਦੇ ਅਗਾਊਂ ਪ੍ਰਬੰਧ ਕਰਕੇ ਰੋਕਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਥੀਨ ਡੈਮ ਦੀ ਝੀਲ ਦੀ ਕਪੈਸਿਟੀ 526 ਮੀਟਰ ਪਰ ਪਾਣੀ ਦਾ ਪੱਧਰ 527 ਮੀਟਰ ਹੋਣ ਤੋਂ ਬਾਅਦ ਪਾਣੀ ਛੱਡਣਾ ਸ਼ੁਰੂ ਕੀਤਾ ਜਿਸ ਕਾਰਨ ਦੋ ਫਲੱਡ ਗੇਟ ਟੁੱਟ ਗਏ ਅਤੇ ਪਾਣੀ ਬੇਕਾਬੂ ਹੋ ਕੇ ਹੜ੍ਹਾਂ ਦੇ ਰੂਪ ਵਿੱਚ ਨੁਕਸਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਚਾਰੇ ਦਰਿਆਵਾਂ ਦੇ ਬੰਨ੍ਹ ਬੰਨ੍ਹਣ ਲਈ ਕੇਵਲ 1800 ਕਰੋੜ ਰੁਪਏ ਦੀ ਜ਼ਰੂਰਤ ਹੈ ਜੋ ਲੋਕਾਂ ਦੇ ਹੁੰਦੇ ਨੁਕਸਾਨ ਦੇ ਸਾਹਮਣੇ ਬਹੁਤ ਛੋਟੀ ਰਕਮ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਦਰਿਆਵਾਂ ਦਾ ਤੁਰੰਤ ਨਹਿਰੀਕਰਨ ਕਰੇ, ਜਿਸ ਨਾਲ ਹੜ੍ਹਾਂ ਤੋਂ ਪੱਕਾ ਬਚਾ ਰਵੇਗਾ ਅਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ। ਟੀਮ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 70000 ਰੁਪਏ ਅਤੇ ਮਜ਼ਦੂਰਾਂ ਨੂੰ 7000 ਰੁਪਏ ਦਿੱਤੇ ਜਾਣ। ਹੜ੍ਹਾਂ ਨਾਲ ਢੱਠੇ ਘਰਾਂ ਦਾ 10 ਲੱਖ ਰੁਪਏ ਅਤੇ ਪ੍ਰਤੀ ਡੰਗਰ ਇੱਕ ਲੱਖ ਅਤੇ ਮਾਰੇ ਗਏ ਵਿਅਕਤੀਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
    ਡਾਕਟਰ ਅਜਨਾਲਾ ਤੋਂ ਇਲਾਵਾ ਹਰਪ੍ਰੀਤ ਸਿੰਘ ਬਟਾਰੀ‌, ਸਤਵਿੰਦਰ ਸਿੰਘ ਓਠੀਆਂ, ਕੁਲਵੰਤ ਸਿੰਘ ਮੱਲੂ ਨੰਗਲ, ਨਿਰਮਲ ਸਿੰਘ ਭਿੰਡਰ, ਹਰਨੇਕ ਸਿੰਘ ਸੋਨੂੰ ਬੁਟਾਰੀ, ਅੰਮ੍ਰਿਤ ਪਾਲ ਸਿੰਘ ਬਟਾਰੀ, ਅੰਮ੍ਰਿਤਪਾਲ ਸਿੰਘ, ਬਚਿੱਤਰ ਸਿੰਘ, ਕਾਬਲ ਸਿੰਘ, ਪ੍ਰਦੀਪ ਸ਼ਰਮਾ, ਧਰਮ ਸਿੰਘ ਬੁਟਾਰੀ, ਕੰਵਰਦੀਪ ਸਿੰਘ ਬਟਾਰੀ, ਸਰਪੰਚ ਸਤਨਾਮ ਸਿੰਘ, ਅਮਰਜੀਤ ਸਿੰਘ ਲਾਡਾ, ਸਰਪੰਚ ਤਜਿੰਦਰ ਸਿੰਘ, ਰੀਤੀ ਵਾਹਲਾ, ਦਲਜੀਤ ਸਿੰਘ ਵਾਹਲਾ, ਸਾਬਕਾ ਸਰਪੰਚ ਅਮਰੀਕ ਸਿੰਘ, ਸਰਪੰਚ ਜਸਵਿੰਦਰ ਸਿੰਘ, ਭਗਵਾਨ ਸਿੰਘ ਵਾਹਲਾ, ਬੁੱਧ ਸਿੰਘ, ਮਨਜੀਤ ਸਿੰਘ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ।

  • ਹੜਾਂ/ਬਾਰਸ਼ਾਂ ਕਾਰਨ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਦੀ ਸਰਕਾਰ ਫੌਰੀ ਭਰਪਾਈ ਕਰੇ

    ਹੜਾਂ/ਬਾਰਸ਼ਾਂ ਕਾਰਨ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਦੀ ਸਰਕਾਰ ਫੌਰੀ ਭਰਪਾਈ ਕਰੇ

    ਜਲੰਧਰ: ਪੰਜਾਬ ‘ਚ ਹੋ ਰਹੀ ਲਗਾਤਾਰ ਭਰਵੀਂ ਬਾਰਸ਼ ਕਾਰਨ ਜਿਥੇ ਦਰਿਆਵਾਂ, ਵੇਂਈਆਂ ਲਾਗਲੇ ਇਲਾਕੇ ਬੁਰੀ ਤਰਾਂ ਹੜਾਂ ਤੋਂ ਪ੍ਰਭਾਵਿਤ ਹੋ ਰਹੇ ਹਨ ਉਥੇ ਲਗਾਤਾਰ ਬਾਰਸ਼ਾਂ ਕਾਰਨ ਗਰੀਬ ਮਜ਼ਦੂਰਾਂ ਦੇ ਘਰਾਂ/ਮਕਾਨਾਂ ਦਾ ਬੁਰਾ ਹਾਲ ਹੈ, ਪਰ ਇਹਨਾਂ ਪੀੜਤਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ, ਜ਼ੋਰਾ ਸਿੰਘ ਨਸਰਾਲੀ, ਤਰਸੇਮ ਪੀਟਰ, ਦਰਸ਼ਨ ਨਾਹਰ, ਗੁਰਮੇਸ਼ ਸਿੰਘ, ਦੇਵੀ ਕੁਮਾਰੀ, ਗੋਬਿੰਦ ਸਿੰਘ ਛਾਜਲੀ, ਕੁਲਵੰਤ ਸਿੰਘ ਸੇਲਵਰਾ‌ ਅਤੇ ਮੁਕੇਸ਼ ਮਲੌਦ ਨੇ ਇਕ ਸਾਂਝੇ ਬਿਆਨ ਰਾਹੀਂ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਪ੍ਰਭਾਵਤ ਲੋਕਾਂ ਦੇ ਸੌ ਫੀਸਦੀ ਨੁਕਸਾਨ ਦਾ ਮੁਆਵਜ਼ਾ ਫੌਰੀ ਦਿੱਤਾ ਜਾਵੇ।
    ਆਗੂਆਂ ਨੇ ਕਿਹਾ ਕਿ ਉਕਤ ਸਥਿਤੀ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਡੀਂਗਾਂ ਮਾਰਦੇ ਸਨ ਕਿ ਅਸੀਂ ਹੜਾਂ ਦੀ ਮਾਰ ਤੋਂ ਬਚਣ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਪਰ ਹੜਾਂ/ਬਾਰਸ਼ਾਂ ਨੇ ਜਿਥੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਉਥੇ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਹੈ ਜੋਂ ਅਜੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਮਜ਼ਦੂਰ ਜਥੇਬੰਦੀਆਂ ਨੇ ਕਿਹਾ ਕਿ ਹੜ ਪ੍ਰਭਾਵਿਤ ਇਲਾਕਿਆਂ ਤੋਂ ਬਿਨਾਂ ਵੀ ਗਰੀਬ ਮਜ਼ਦੂਰਾਂ ਨੂੰ ਦੂਹਰੀ ਤੀਹਰੀ ਮਾਰ ਪੈ ਰਹੀ ਹੈ, ਬਾਰਸ਼ਾਂ ਕਾਰਨ ਕੰਮ ਬੰਦ ਅਤੇ ਅੱਧ ਕੱਚੇ ਪੱਕੇ ਮਕਾਨ ਚੋਅ ਚੋਅ ਢਹਿ ਰਹੇ ਹਨ ਅਤੇ ਗਰੀਬ ਮਜ਼ਦੂਰਾਂ ਦੀ ਵਰਤੋਂ ਦਾ ਜ਼ਰੂਰੀ ਸਮਾਨ ਬੁਰੀ ਤਰਾਂ ਨੁਕਸਾਨਿਆ ਗਿਆ ਹੈ ਪਰ ਸਰਕਾਰ ਕੁਦਰਤੀ ਕਰੋਪੀ ਕਹਿ ਕੇ ਪੱਲਾ ਝਾੜ ਰਹੀ ਹੈ ਉਨ੍ਹਾਂ ਕਿਹਾ 2023 ਵਿਚ ਵੀ ਮੁਖ ਮੰਤਰੀ ਵਲੋਂ “ਕੁਕੜੀਆਂ/ਬੱਕਰੀਆਂ ਦੇ” ਪੈਸੇ ਦੇਣ ਦਾ ਜੁਮਲਾ ਖੇਡਿਆ ਗਿਆ ਸੀ ਤੇ ਹੁਣ ਵੀ ਸਰਕਾਰ ਅਜੇ ਤੱਕ ਫੌਕੇ ਐਲਾਨ ਹੀ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਮਜ਼ਦੂਰਾਂ ਕੋਲ ਤਾਂ ਕੋਠਿਆਂ ‘ਤੇ ਤਰਪਾਲਾਂ ਪਾਉਣ ਲਈ ਵੀ ਪੈਸੇ ਨਹੀਂ ਹਨ ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਰੁਜ਼ਗਾਰ ਦੇ ਹੋਏ ਨੁਕਸਾਨ ਸਮੇਤ ਘਰਾਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਪਾਣੀ ਭਰਨ ਕਾਰਨ ਫੈਲ ਰਹੀਆਂ ਬਿਮਾਰੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਤੋਂ ਫਰੀ ਮੈਡੀਕਲ ਸਹੂਲਤ ਦਿੱਤੀ ਜਾਏ।
    ਮਜ਼ਦੂਰ ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਹੜਾਂ ਤੋਂ ਰੋਕਥਾਮ ਲਈ ਮਨਰੇਗਾ ਦੇ ਬਜ਼ਟ ਵਧਾਕੇ ਦਰਿਆਵਾਂ, ਵੇਂਈਆਂ, ਬਰਸਾਤੀ ਨਾਲਿਆਂ ਨੂੰ ਸਾਰਾ ਸਾਲ ਸਾਫ਼ ਕਰਨ ਦਾ ਕੰਮ ਮਜ਼ਦੂਰਾਂ ਨੂੰ ਦਿੱਤਾ ਜਾਵੇ ਅਤੇ ਪਿੰਡਾਂ ਦੇ ਟੋਭਿਆਂ/ਛੱਪੜਾਂ ਨੂੰ ਮਜ਼ਦੂਰ ਬਸਤੀਆਂ ਤੋਂ ਬਾਹਰ, ਪੰਚਾਇਤੀ/ਸ਼ਾਮਲਾਟੀ ਜ਼ਮੀਨਾਂ’ਚ ਤਬਦੀਲ ਕੀਤਾ ਜਾਵੇ ਤਾਂ ਕਿ ਮਜ਼ਦੂਰਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਬਾਰਸ਼ਾਂ ਮੌਕੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕੇ।

  • ਖੱਬੀਆਂ ਪਾਰਟੀਆਂ ਨੇ ਹੜ੍ਹ ਪੀੜਤਾਂ ਦੇ ਨੁਕਸਾਨ ਦੇ ਮੁਆਵਜ਼ਾ ਦੀ ਕੀਤੀ ਮੰਗ

    ਖੱਬੀਆਂ ਪਾਰਟੀਆਂ ਨੇ ਹੜ੍ਹ ਪੀੜਤਾਂ ਦੇ ਨੁਕਸਾਨ ਦੇ ਮੁਆਵਜ਼ਾ ਦੀ ਕੀਤੀ ਮੰਗ


    ਬਟਾਲਾ: ਹੜ੍ਹਾਂ ਕਾਰਨ ਪੰਜਾਬ ਵਿੱਚ ਹੋਏ ਨੁਕਸਾਨ ਸਬੰਧੀ ਚਾਰ ਖੱਬੀਆਂ ਪਾਰਟੀਆਂ ਸੀਪੀਆਈ, ਸੀਪੀਆਈ (ਐੱਮ), ਆਰਐੱਮਪੀਆਈ ਅਤੇ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੀ ਸਾਂਝੀ ਮੀਟਿੰਗ ਲਿਬਰੇਸ਼ਨ ਦਫ਼ਤਰ ਕਾਮਰੇਡ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
    ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਾਮਰੇਡ ਰਣਬੀਰ ਸਿੰਘ ਵਿਰਕ, ਕਾਮਰੇਡ ਰਘਬੀਰ ਸਿੰਘ ਪਕੀਵਾਂ, ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਕੁਦਰਤੀ ਆਫ਼ਤ ਦੇ ਨਾਲ ਨਾਲ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਡੈਮਾਂ ਦੇ ਘਟੀਆ ਪ੍ਰਬੰਧਾਂ ਦੀ ਅਣਗਿਹਲੀ ਕਰਕੇ ਹੜ੍ਹ ਆਏ ਹਨ। ਪੰਜਾਬ ਸਰਕਾਰ ਨੂੰ ਪਹਿਲਾਂ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਹਨ ਜ਼ੋ ਨਹੀਂ ਕੀਤੇ ਜਾ ਸਕੇ,ਜਦਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਜ਼ਿਆਦਾ ਬਾਰਿਸ਼ ਹੋਣ ਚੇਤਾਵਨੀ ਦਿੱਤੀ ਸੀ,ਪਰ ਡੈਮਾਂ ਵਿਚ ਪਾਣੀ ਜ਼ਿਆਦਾ ਇਕੱਠਾਂ ਕਰਕੇ ਇਕ ਦਮ ਪਾਣੀ ਛੱਡਣ ਕਾਰਨ ਪੰਜਾਬ ਅੰਦਰ ਹੜ੍ਹ ਆਉਣ ਨਾਲ ਬਹੁਤ ਸਾਰੇ ਪਰਿਵਾਰ, ਮਕਾਨ, ਫਸਲਾਂ, ਪਸ਼ੂਆਂ ਦਾ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਜਾਨੀ-ਮਾਨੀ ਨੁਕਸਾਨ ਹੋਇਆ ਹੈ। ਕੇਂਦਰ ਤੇ ਪੰਜਾਬ ਸਰਕਾਰ ਹੜ੍ਹ ਪੀੜਤ ਲੋਕਾਂ ਦੀ ਕੋਈ ਮੱਦਦ ਨਹੀਂ ਕਰ ਰਹੀ, ਸਗੋਂ ਪੰਜਾਬ ਦੇ ਲੋਕ ਆਪ ਮੁਹਾਰੇ ਹੜ੍ਹ ਪੀੜਤਾਂ ਤੱਕ ਲੰਗਰ, ਦਵਾਈਆਂ, ਪਸ਼ੂਆਂ ਲਈ ਚਾਰਾ ਦੀ ਦਿਲ ਖੋਲ੍ਹ ਕੇ ਮੱਦਦ ਕਰ ਰਹੇ ਹਨ ਜਿਸਦੀ ਜ਼ੋਰਦਾਰ ਸ਼ਲਾਘਾ ਕਰਨੀ ਬਣਦੀ ਹੈ,ਜਿਸ ਨਾਲ ਇਕ ਵਾਰ ਫੇਰ ਪੰਜਾਬੀਆਂ ਨੇ ਭਾਈਚਾਰਕ ਏਕਤਾ, ਪੰਜਾਬੀ ਰਵਾਇਤਾਂ ਨੂੰ ਕਾਇਮ ਰੱਖਿਆ ਹੈ।
    ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਲੋਕਾਂ ਨਾਲ ਟਾਲ ਮਟੋਲ ਗੱਲ ਛੱਡ ਕੇ ਹੜ੍ਹ ਪੀੜਤ ਲੋਕਾਂ ਦੀ ਇਸ ਸੰਕਟ ਦੀ ਘੜੀ ਵਿੱਚ ਬਾਂਹ ਫੜ੍ਹਨੀ ਚਾਹੀਦੀ ਹੈ। ਲੋਕਾਂ ਦੇ ਰਹਿਣ-ਸਹਿਣ, ਰੋਟੀ ਪਾਣੀ ਅਤੇ ਦਵਾਈਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਕਿਸਾਨਾਂ, ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਕਰਾਉਣ ਲਈ ਮੁਆਵਜ਼ਾ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਮੌਕੇ ਕਾਮਰੇਡ ਗੁਲਜ਼ਾਰ ਸਿੰਘ ਭੰਬਲੀ, ਕਾਮਰੇਡ ਜਨਕ ਰਾਜ, ਸੁਲੱਖਣ ਮਸੀਹ ਆਦਿ ਵੀ ਹਾਜ਼ਰ ਸਨ।

  • ਸੰਪਾਦਕੀ: ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਜੂਝੋ!

    ਸੰਪਾਦਕੀ: ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਜੂਝੋ!


    ਆਜ਼ਾਦੀ ਸੰਗਰਾਮੀਆਂ ਨੇ ਇਕ ਸੰਪੂਰਨ ਖੁਦ ਮੁਖ਼ਤਾਰ, ਲੋਕਰਾਜੀ, ਧਰਮ ਨਿਰਪੱਖ ਤੇ ਖੁਸ਼ਹਾਲ ਦੇਸ਼ ਦੀ ਕਾਇਮੀ ਲਈ ਅੰਗਰੇਜ਼ੀ ਸਾਮਰਾਜ ਵਿਰੁੱਧ ਜੁਝਦਿਆਂ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਸਨ। ਪ੍ਰੰਤੂ ਉਹ ਮਹਾਨ ਰਹਿਬਰ ਭਾਰਤ ਦੀ ਅਜੋਕੀ ਦੁਰਦਸ਼ਾ ਦੇਖ ਕੇ ਨਮੋਸ਼ੀ ਜ਼ਰੂਰ ਮਹਿਸੂਸ ਕਰਦੇ ਹੋਣਗੇ। ਜੇਕਰ ਅਨੇਕਾਂ ਧਰਮਾਂ ਨੂੰ ਮੰਨਣ ਵਾਲੇ, ਵੰਨ-ਸੁਵੰਨੀਆਂ ਬੋਲੀਆਂ ਬੋਲਣ ਵਾਲੇ, ਅਨੇਕਾਂ ਕੌਮੀਅਤਾਂ ਨਾਲ ਜੁੜੇ, ਵੱਖੋ-ਵੱਖ ਖਿੱਤਿਆਂ ’ਚ ਵੱਸਦੇ ਲੋਕ ਇਕਮੁੱਠ ਹੋ ਕੇ ਦੇਸ਼ ਦੀ ਆਜ਼ਾਦੀ ਲਈ ਨਾ ਜੂਝਦੇ ਤਾਂ ਭਾਰਤ ਵਾਸੀ ਅੱਜ ਵੀ ਲਾਜ਼ਮੀ ਗੁਲਾਮੀ ਦੀਆਂ ਜੰਜ਼ੀਰਾਂ ’ਚ ਜਕੜੇ ਹੋਏ ਹੀ ਹੋਣੇ ਸਨ।
    ਆਜ਼ਾਦੀ ਪਿਛੋਂ ਘਾਟਾਂ-ਕਮਜ਼ੋਰੀਆਂ ਤੇ ਬੇਸ਼ੁਮਾਰ ਮੁਸ਼ਕਿਲਾਂ ਦੇ ਬਾਵਜੂਦ ਦੇਸ਼ ਅੰਦਰ ਸੰਵਿਧਾਨ ਦੀਆਂ ਬੁਨਿਆਦੀ ਧਾਰਨਾਵਾਂ, ਧਰਮ ਨਿਰਪੱਖਤਾ ਤੇ ਲੋਕ ਰਾਜੀ ਸਰੋਕਾਰ ਅਤੇ ਫੈਡਰਲ (ਸੰਘਾਤਮਕ) ਢਾਂਚਾ ਕਾਇਮ ਰੱਖਿਆ ਗਿਆ ਹੈ। ਬਹੁਤ ਸਾਰੇ ਨਵੇਂ ਆਜ਼ਾਦ ਹੋਏ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਅੰਦਰ ਵਧੇਰੇ ਸਥਿਰਤਾ ਵੀ ਰਹੀ ਹੈ ਅਤੇ ਸ਼ਾਂਤੀ ਤੇ ਆਪਸੀ ਸਦਭਾਵਨਾ ਵੀ ਮਜ਼ਬੂਤ ਰਹੀ ਹੈ। ਭਾਰਤ ਨੇ ਆਰਥਿਕ ਤਰੱਕੀ ਪੱਖੋਂ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਹ ਗੱਲ ਜਰੂਰ ਚਿੰਤਾਜਨਕ ਹੈ ਕਿ ਇਸ ਤਰੱਕੀ ਦਾ ਲਾਭ ਦੇਸ਼ ਦੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤੀ ਤਬਕਿਆਂ ਤੱਕ ਨਹੀਂ ਪੁੱਜਿਆ।
    ਅਫਸੋਸ, 2014 ’ਚ ਮੋਦੀ ਸਰਕਾਰ ਦੀ ਕਾਇਮੀ ਤੋਂ ਪਿਛੋਂ ਉਪਰੋਕਤ ਸਾਰੀਆਂ ਨਿੱਗਰ ਪ੍ਰਾਪਤੀਆਂ ਤੇ ਹਾਂ ਪੱਖੀ ਸਰੋਕਾਰ ਵਿਉਂਤਬੱਧ ਤਬਾਹ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਡੇਗਣ ਤੇ ‘ਵਿਰੋਧੀ ਧਿਰ ਮੁਕਤ ਭਾਰਤ’ ਸਿਰਜਣ ਦੇ ਨਿਰੋਲ ਮਕਸਦ ਤਹਿਤ ਪੇਸ਼ ਕੀਤਾ ਗਿਆ 130ਵਾਂ ਸੰਵਿਧਾਨਕ ਸੋਧ ਬਿੱਲ ਸੰਘ-ਭਾਜਪਾ ਤੇ ਮੋਦੀ-ਸ਼ਾਹ ਸਰਕਾਰ ਦੇ ਲੋਕ ਰਾਜ ਦੇ ਖਾਤਮੇ ਦੇ ਕੋਝੇ ਇਰਾਦਿਆਂ ਦੀ ਮੂੰਹ ਬੋਲਦੀ ਤਸਵੀਰ ਹੈ। ਮੋਦੀ ਸਰਕਾਰ ਲੋਕ ਰਾਜੀ ਪ੍ਰਣਾਲੀ ’ਚੋਂ ਆਮ ਲੋਕਾਂ, ਖਾਸ ਕਰਕੇ ਗਰੀਬਾਂ ਤੇ ਨੌਜਵਾਨਾਂ ਦਾ ਦਖ਼ਲ ਮਨਫੀ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ‘ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ’ ਦੀਆਂ ਚੋਣਾਂ ਲੜਣ ਦੇ ਚਾਹਵਾਨਾਂ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਸਰਕਾਰੀ ਹੁਕਮਾਂ ਤਹਿਤ ਇਕ ਲੱਖ ਰੁਪਏ ਦਾ ਬੌਂਡ ਭਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਤੋਂ ਮੋਦੀ ਸਰਕਾਰ ਦੇ ਉਕਤ ਇਰਾਦੇ ਬਾਖੂਬੀ ਬੇਪਰਦ ਹੁੰਦੇ ਹਨ।
    ਮੌਜੂਦਾ ਸਰਕਾਰ ਦੀ ਦੇਸ਼ ਦੇ ਹਿਤਾਂ ਦੀ ਅਣਦੇਖੀ ਕਰਕੇ ਸਾਮਰਾਜੀ ਧਾੜਵੀਆਂ ਨਾਲ ਯੁਧਨੀਤਕ ਸਾਂਝਾਂ ਪਾਉਣ ਦੀ ਨੀਤੀ ਸਦਕਾ ਦੇਸ਼ ਅੱਜ ਡੋਨਾਲਡ ਟਰੰਪ ਦੇ ਹੱਥੋਂ ਜੋ ਦੁਰਗਤ ਤੇ ਜਿੱਲਤ ਹੰਢਾਆ ਰਿਹਾ ਹੈ, ਉਸਨੇ ਸਾਡੇ ਮਹਾਨ ਦੇਸ਼ ਦੇ ਵੱਕਾਰ ਨੂੰ ਭਾਰੀ ਸੱਟ ਮਾਰੀ ਹੈ। ਲੰਬੇ ਸਮੇਂ ਤੋਂ ਪਰਖੀ ਗਈ ਸਾਡੀ ਸੰਤੁਲਤ ਵਿਦੇਸ਼ ਨੀਤੀ , ਜਿਸ ਦੀ ਮੁੱਖ ਸੇਧ ਸਾਮਰਾਜ ਵਿਰੋਧੀ, ਸੰਸਾਰ ਅਮਨ ਦੇ ਪੱਖ ’ਚ, ਕੌਮੀ ਆਜ਼ਾਦੀ ਦੀਆਂ ਲਹਿਰਾਂ ਦੀ ਡੱਟਵੀਂ ਹਮਾਇਤ ਕਰਨ ਵਾਲੀ ਰਹੀ ਸੀ, ਵੀ ਅੱਜ ਡਾਵਾਂਡੋਲ ਹੈ। ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਫ਼ਲਸਤੀਨੀਆਂ ਦੇ ਨਸਲਘਾਤ ਬਾਰੇ ਧਾਰੀ ਸਾਡੇ ਹਾਕਮਾਂ ਦੀ ਅਪਰਾਧਿਕ ਚੁੱਪ ਨੇ ਸਾਡੀ ਸਾਰੀ ਕੂਟਨੀਤਕ ਖੱਟੀ-ਕਮਾਈ ਬਰਬਾਦ ਕਰ ਦਿੱਤੀ ਹੈ।
    ਮੋਦੀ ਸਰਕਾਰ ਦੇ ਵਿਦੇਸ਼ ਨੀਤੀ ਦੇ ਇਸੇ ਨਜ਼ਰੀਏ ਤੋਂ ਉਤਸ਼ਾਹਤ ਹੋ ਕੇ ਮੁੰਬਈ ਹਾਈਕੋਰਟ ਦੇ ਜੱਜ ਨੇ ਗਾਜ਼ਾ ਦੇ ਲੋਕਾਂ ਦੇ ਹੱਕ ’ਚ ਕੀਤੇ ਗਏ ਮੁਜ਼ਾਹਰੇ ’ਚ ਖਰੂਦ ਪਾਉਣ ਵਾਲਿਆਂ ਦੀ ਝਾੜਝੰਬ ਕਰਨ ਦੀ ਥਾਂ ਉਲਟਾ ਮੁਜ਼ਾਹਰਾਕਾਰੀਆਂ ਨੂੰ ਹੀ ਅਖੌਤੀ ਦੇਸ਼ ਭਗਤੀ ਦੇ ਨਾਂ ਹੇਠ ਮਾਨਵਤਾ ਵਲੋਂ ਮੂੰਹ ਫੇਰ ਲੈਣ ਦਾ ਬੇਲੋੜਾ ਸਬਕ ਪੜ੍ਹਾਉਣ ਦੀ ਜੁਰਅੱਤ ਕੀਤੀ ਸੀ। ਪੁੱਛਣਾ ਬਣਦਾ ਹੈ ਕਿ ਕੀ ਅਮਰੀਕਣ ਸਾਮਰਾਜ ਵੱਲੋਂ ਵੀਅਤਨਾਮ ਦੇ ਲੋਕਾਂ ਉਪਰ ਕੀਤੇ ਗਏ ਜ਼ਬਰ ਵਿਰੁੱਧ ਤੇ ਬੰਗਲਾ ਦੇਸ਼ ਦੀ ਕੌਮੀ ਮੁਕਤੀ ਦੀ ਲੜਾਈ ਲੜ ਰਹੇ ਲੋਕਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨਾ ਦੇਸ਼ ਵਿਰੋਧੀ ਕੰਮ ਸੀ? ਵੱਡੀ ਫਿਕਰਮੰਦੀ ਤਾਂ ਇਸ ਗੱਲੋਂ ਹੈ ਕਿ ਭਾਰਤ ਦੀ ਨਿਆਂ ਪਾਲਕਾ ਕਿੰਨੀ ਇਕ ਪਾਸੜ ਸੋਚ ਤੇ ਅੰਤਰਮੁਖਤਾ ਦਾ ਸ਼ਿਕਾਰ ਹੋ ਚੁੱਕੀ ਹੈ! ਵੈਸੇ ਵੀ, ਜਦੋਂ ਹਾਈ ਕੋਰਟ ਦੇ ਕਿਸੇ ਜੱਜ ਦੇ ਘਰੋਂ ਕਰੋੜਾਂ ਰੁਪਏ ਦਾ ਗੈਰ ਕਾਨੂੰਨੀ ਧਨ ਮਿਲ ਰਿਹਾ ਹੋਵੇ ਤਾਂ ਫਿਰ ਲੋਕ ਜੱਜਾਂ ਦੇ ਕਿਰਦਾਰ ਬਾਰੇ ਚੰਗਾ ਕਿਵੇਂ ਸੋਚਣਗੇ? ਇਉਂ ਹੀ ਅਲਾਹਾਬਾਦ ਕੋਰਟ ਦੇ ਇਕ ਮੌਜੂਦਾ ਜੱਜ ਵੱਲੋਂ ਫਿਰਕੂ ਜ਼ਿਹਣੀਅਤ ਵਾਲੇ ਇਕ ਸੱਜੇ ਪੱਖੀ ਸੰਗਠਨ ਦੇ ਸਮਾਰੋਹ ’ਚ ਸ਼ਾਮਲ ਹੋ ਕੇ ਘੱਟ ਗਿਣਤੀ ਫਿਰਕੇ ਬਾਰੇ ਕੀਤੀ ਗਈ ਆਪੱਤੀ ਜਨਕ ਟਿੱਪਣੀ ਤੋਂ ਬਾਅਦ ਵੀ ਜੇਕਰ ਉਸ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਨਿਆਂ ਪਾਲਿਕਾ ’ਤੇ ਲੋਕਾਂ ਦਾ ਭਰੋਸਾ ਕਿਵੇਂ ਕਾਇਮ ਰਹਿ ਸਕਦਾ ਹੈ?
    ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਹਾਕਮ ਪਾਰਟੀ ਦੇ ਹੱਕ ’ਚ ਜਨਤਕ ਤੌਰ ’ਤੇ ਨਿਭਾਈ ਜਾ ਰਹੀ ਸ਼ਰਮਨਾਕ ਭੂਮਿਕਾ ਨੇ ਤਾਂ ਲੋਕ ਰਾਜੀ ਪ੍ਰਣਾਲੀ ਦੇ ਇਸ ਸੱਭ ਤੋਂ ਬੁਨਿਆਦੀ ਥੰਮ੍ਹ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਬਣਾਈ ਰੱਖਣ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਬਾਰੇ ਕੀਤੀਆਂ ਜਾ ਰਹੀਆਂ ਵਿਰੋਧੀ ਪਾਰਟੀਆਂ ਦੀਆਂ ਠੋਸ ਸ਼ਿਕਾਇਤਾਂ ਦਾ ਨਿਆਂਪੂਰਕ ਨਿਪਟਾਰਾ ਕਰਨ ਦੀ ਥਾਂ ਉਲਟਾ ਵਿਰੋਧੀ ਧਿਰਾਂ ਨੂੰ ਹੀ ਧਮਕੀ ਭਰੇ ਅੰਦਾਜ਼ ’ਚ ਕੋਸਿਆ ਜਾ ਰਿਹਾ ਹੈ। ਯਾਦ ਰਹੇ ਸਾਬਕਾ ਚੋਣ ਕਮਿਸ਼ਨਰ ਸ਼੍ਰੀ ਟੀ.ਐਸ. ਸ਼ੈਸ਼ਨ ਨੇ ਵੱਡੀ ਹੱਦ ਤੱਕ ਹਾਂ ਪੱਖੀ ਰੋਲ ਅਦਾ ਕਰਕੇ ਨਿਰਪੱਖ ਚੋਣਾਂ ਕਰਾਉਣ ਰਾਹੀਂ ਭਾਰਤੀ ਵੋਟਰਾਂ ਦਾ ਭਰੋਸਾ ਜਿੱਤਿਆ ਸੀ। ਮੌਜੂਦਾ ਚੋਣ ਕਮਿਸ਼ਨ ਨੇ ਉਹ ਨਿੱਗਰ ਪ੍ਰਾਪਤੀ ਪੂਰੀ ਤਰ੍ਹਾਂ ਘੱਟੇ ਰੋਲ ਦਿੱਤੀ ਹੈ। ਗੈਰ ਕਾਨੂੰਨੀ ਵਿਧੀ ਨਾਲ ਲੱਖਾਂ ਵੋਟਰਾਂ ਦੇ ਨਾਂ ਵੋਟਰ ਸੂਚੀਆਂ ’ਚੋਂ ਗਾਇਬ ਕਰਕੇ ਤੇ ਵੋਟਰ ਸੂਚੀਆਂ ’ਚ ਬਿਨਾਂ ਕਿਸੇ ਪਤੇ ਦੇ ਲੱਖਾਂ ਫਰਜ਼ੀ ਨਾਂ ਸ਼ਾਮਲ ਕਰਕੇ ਆਮ ਲੋਕਾਂ ਦੇ ਮਨਾਂ ’ਚ ਮੌਜੂਦਾ ਲੋਕ ਰਾਜੀ ਪ੍ਰਣਾਲੀ ਬਾਰੇ ਗੰਭੀਰ ਸ਼ੰਕੇ ਖੜ੍ਹੇ ਕਰ ਦਿੱਤੇ ਗਏ ਹਨ। ਜੇਕਰ ਇਨ੍ਹਾਂ ਵੱਲ ਧਿਆਨ ਨਾ ਦਿੱਤਾ ਗਿਆ ਤੇ ਸਮੂਹ ਭਾਰਤੀ ਲੋਕਾਂ ਨੇ ਇਸ ਸੰਵਿਧਾਨ ਵਿਰੋਧੀ ਕਾਰਵਾਈ ਵਿਰੁੱਧ ਗਰਜਵੀਂ ਆਵਾਜ਼ ਨਾ ਬੁਲੰਦ ਕੀਤੀ ਤਾਂ ਦੇਸ਼ ਮੁੜ ਕੇ ਮੱਧ ਕਾਲ ਦੀ ਗੈਰ ਲੋਕਰਾਜੀ ਰਾਜਨੀਤੀ ਦੇ ਹਨੇਰੇ ਦੌਰ ਵੱਲ ਪਰਤ ਸਕਦਾ ਹੈ।
    ਆਰ.ਐਸ.ਐਸ. ਦਾ ਸਮਰਥਨ ਪ੍ਰਾਪਤ ਸੱਜੇ ਪੱਖੀ ਸੰਗਠਨਾਂ ਦੇ ਆਗੂ ਤੇ ਕਾਰਕੁੰਨ ਹਰ ਰੋਜ਼, ਘੱਟ ਗਿਣਤੀ ਭਾਈਚਾਰੇ ਵਿਰੁੱਧ ਸ਼ਰ੍ਹੇਆਮ ਹਿੰਸਕ ਹਮਲੇ ਕਰਦੇ ਹਨ ਅਤੇ ਦੇਸ਼ ਦੇ ਸੰਵਿਧਾਨ ਨੂੰ ਮੂਲੋਂ ਤਬਦੀਲ ਕਰਕੇ ਇਕ ਵਿਸ਼ੇਸ਼ ਧਰਮ ’ਤੇ ਅਧਾਰਤ ਰਾਜਸੀ-ਸਮਾਜਿਕ ਵਿਵਸਥਾ ਕਾਇਮ ਕਰਨ ਦੇ ਦਬਕਾੜੇ ਮਾਰ ਰਹੇ ਹਨ। ਇਹ ਖਰੂਦੀ ਟੋਲੇ ਜਦੋਂ ਅੱਤ ਦੀਆਂ ਭੜਕਾਊ ਤੇ ਉਤੇਜਨਾ ਭਰੀਆਂ ਉਕਤ ਕਾਰਵਾਈਆਂ ਕਰਕੇ ਬਾਘੀਆਂ ਪਾਉਂਦੇ ਹਨ, ਤਾਂ ਉਦੋਂ ਦੇਸ਼ ਦੀ ਕਾਨੂੰਨ-ਪ੍ਰਬੰਧ ਦੀ ਮਸ਼ੀਨਰੀ ਤੇ ਨਿਆਂ ਪਾਲਕਾ ਇਹ ਸਭ ਕੁੱਝ ਤਮਾਸ਼ਬੀਨ ਬਣਕੇ ਦੇਖਦੇ ਰਹਿੰਦੇ ਹਨ। ਬਹੁਤ ਵਾਰ ਤਾਂ ਉਹ ਪੀੜਤਾਂ ਦੇ ਵਿਰੁੱਧ ਦੋਸ਼ੀਆਂ ਦੇ ਹੱਕ ’ਚ ਭੁਗਤਦੇ ਵੀ ਨਜ਼ਰ ਆਉਂਦੇ ਹਨ। ਇਸ ਦੇ ਉਲਟ ਜੇ ਕਰ ਕੋਈ ਸੰਗਠਨ ਜਾਂ ਵਿਅਕਤੀ ਇਨ੍ਹਾਂ ਫਿਰਕੂ ਕਾਰਵਾਈਆਂ ਵਿਰੁੱਧ ਵਿਚਾਰਧਾਰਕ ਨਜ਼ਰੀਏ ਤੋਂ ਆਵਾਜ਼ ਉਠਾਉਂਦਾ ਹੈ, ਤਾਂ ਉਸ ਖਿਲਾਫ ‘ਦੇਸ਼ ਧ੍ਰੋਹ’ ਦਾ ਮੁਕੱਦਮਾ ਦਰਜ ਕਰਕੇ ਉਸਨੂੰ ਤੁਰੰਤ ਜੇਲ੍ਹ ’ਚ ਡੱਕ ਦਿੱਤਾ ਜਾਂਦਾ ਹੈ। ਭਾਵੇਂ ਬਹੁਤ ਸਾਰੇ ਕੇਸਾਂ ’ਚ ਅਜਿਹੇ ਵਿਅਕਤੀ ਕਈ-ਕਈ ਸਾਲਾਂ ਬਾਅਦ ‘ਬਾਇੱਜ਼ਤ’ ਬਰੀ ਵੀ ਹੋ ਜਾਂਦੇ ਹਨ। ਪ੍ਰੰਤੂ ਉਨ੍ਹਾਂ ਦੀ ਜ਼ਿੰਦਗੀ ਦੇ ਜੋ ਕੀਮਤੀ ਸਾਲ ਮੌਜੂਦਾ ਹਾਕਮਾਂ, ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਤੇ ਅਦਾਲਤਾਂ ਦੀ ਮਿਲੀ ਭੁਗਤ ਨੇ ਬਰਬਾਦ ਕਰ ਦਿੱਤੇ ਹਨ, ਉਨ੍ਹਾਂ ਦੀ ਭਰਪਾਈ ਕੌਣ ਕਰੇਗਾ?
    ਦੇਸ਼ ਦੇ ਇਲੈਕਟਰਾਨਿਕ ਮੀਡੀਆ ਦੇ ਵੱਡੇ ਹਿੱਸੇ ਨੇ ਆਪਣੇ-ਆਪ ਨੂੰ ਹਾਕਮ ਧੜੇ ਦਾ ਬੁਲਾਰਾ ਬਣਾ ਕੇ ਲੋਕ ਰਾਜ ਦੇ ਚੌਥੇ ਥੰਮ੍ਹ ਕਹੇ ਜਾਣ ਵਾਲੇ ਮੀਡੀਆ ਨੂੰ ਪੂਰੀ ਤਰ੍ਹਾਂ ਹਾਕਮ ਧਿਰਾਂ ਦਾ ‘ਗੋਲਾ’ ਬਣਾ ਦਿੱਤਾ ਹੈ। ਲੋਕਾਂ ਦੀਆਂ ਹਕੀਕੀ ਹਾਲਤਾਂ ਨੂੰ ਉਜਾਗਰ ਕਰਨ, ਸਰਕਾਰ ਦੀਆਂ ਕਮਜ਼ੋਰੀਆਂ ਤੇ ਗੈਰ ਸੰਵਿਧਾਨਕ ਕਦਮਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਜ਼ਿੰਮੇਵਾਰੀ ਤਿਆਗ ਕੇ ਭਾਰਤੀ ਮੀਡੀਏ ਦਾ ਵੱਡਾ ਹਿੱਸਾ ਸਰਕਾਰ ਦੇ ਸੋਹਲੇ ਗਾਉਣ ’ਚ ਮਸਤ ਦਿਖਾਈ ਦੇ ਰਿਹਾ ਹੈ। ਮੀਡੀਆ ਵਲੋਂ ਲੋਕਾਂ ਦੇ ਹਕੀਕੀ ਸਵਾਲਾਂ ਨੂੰ ਅਣਡਿੱਠ ਕਰਦਿਆਂ ਹਰ ਮੁੱਦੇ ਨੂੰ ‘ਫਿਰਕੂ ਰੰਗਤ’ ਦਿੱਤੀ ਜਾ ਰਹੀ ਹੈ ਤੇ ਪੂਰੀ ਢੀਠਤਾਈ ਨਾਲ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਰਾਹੀਂ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ ਦੀ ਥਾਂ ਉਸ ਦੀ ਪਿੱਠ ਥਾਪੜੀ ਜਾ ਰਹੀ ਹੈ।
    ਇਹ ਦੱਸਣ ਦੀ ਤਾਂ ਹੁਣ ਕੌਈ ਬਹੁਤੀ ਲੋੜ ਹੀ ਨਹੀਂ ਰਹੀ ਕਿ ਭਾਜਪਾ ਤੇ ਮੋਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ’ਚ ਕਿੰਨੀ ਕੁ ਪ੍ਰਗਤੀ ਕੀਤੀ ਹੈ। ਇਸਦਾ ਅੰਦਾਜ਼ਾ ਤਾਂ ਦੇਸ਼ ’ਚ ਵੱਧ ਰਹੀ ਬੇਰੋਜ਼ਗਾਰੀ , ਮਹਿੰਗਾਈ, ਭਿ੍ਰਸ਼ਟਾਚਾਰ, ਕਿਸਾਨੀ ਸੰਕਟ ਤੋਂ ਇਲਾਵਾ140 ਕਰੋੜ ਵਸੋਂ ’ਚੋਂ 80 ਕਰੋੜ ਤੋਂ ਵੱਧ ਲੋਕਾਂ ਨੂੰ ਜੀਵਤ ਰੱਖਣ ਲਈ ਹਰ ਮਹੀਨੇ 20 ਕਿਲੋ ਆਟਾ/ਚਾਵਲ ਤੇ ਪੰਜ ਕਿਲੋ ਦਾਲ ਮੁਫ਼ਤ ਵੰਡੇ ਜਾਣ ਤੋਂ ਸੌਖਿਆਂ ਹੀ ਲਾਇਆ ਜਾ ਸਕਦਾ ਹੈ! ਵੈਸੇ ਵੀ ਮੋਦੀ ਜੀ ‘ਨੋਟਬੰਦੀ’ ਜੀ.ਐਸ.ਟੀ. ‘ਸਟਾਰਟਅੱਪ’, ਪ੍ਰਤੀ ਸਾਲ ਦੋ ਕਰੋੜ ਨੌਕਰੀਆਂ ਪੈਦਾ ਕਰਨ ਤੇ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੇ ਕਰਨ ਦਾ ਅੱਜ ਕੱਲ੍ਹ ਨਾ ਤਾਂ ਜਵਾਬ ਦੇ ਰਹੇ ਹਨ ਤੇ ਨਾ ਹੀ ਕਿਧਰੇ ਕੋਈ ਜਿਕਰ ਕਰ ਰਹੇ ਹਨ। ਵਿਦੇਸ਼ੀ ਵਿਉਪਾਰ ਦਾ ਵੱਧ ਰਿਹਾ ਅਸਾਵਾਂਪਨ, ਵਿਦੇਸ਼ੀ ਕਰਜ਼ਿਆਂ ਦਾ ਭਾਰ ਤੇ ਛੋਟੇ ਤੇ ਮੱਧਮ ਦਰਜ਼ੇ ਦੇ ਕਾਰੋਬਾਰੀਆਂ ਦੀ ਦੁਰਦਸ਼ਾ ਨੂੰ ਪ੍ਰਧਾਨ ਮੰਤਰੀ ਤੇ ਉਸਦੇ ਸਹਿਯੋਗੀਆਂ ਵੱਲੋਂ ਭਾਰਤ ਦੇ ‘ਵਿਸ਼ਵ ਗੁਰੂ’ ਬਣ ਕੇ ਦੁਨੀਆਂ ਦੀ ਤੀਸਰੇ ਨੰਬਰ ਦੀ ਅਰਥ ਵਿਵਸਥਾ ਬਣਨ ਤੇ ਫੋਕੇ ਨਾਅਰਿਆਂ ਨਾਲ ਨਹੀਂ ਢਕਿਆ ਜਾ ਸਕਦਾ। ਸਾਫ਼ ਨਜ਼ਰ ਆ ਰਿਹਾ ਹੈ ਕਿ ‘ਲੋਕਾਂ ਪ੍ਰਤੀ ਜਵਾਬਦੇਹੀ’ ਦਾ ਸੰਕਲਪ ਤਾਂ ਮੌਜੂਦਾ ਹਾਕਮਾਂ ਨੇ ਪੂਰੀ ਤਰ੍ਹਾਂ ਤਿਆਗ ਹੀ ਦਿੱਤਾ ਹੈ।
    ਦੇਸ਼ ਅੱਜ ਸਰਵ ਵਿਆਪੀ ਸੰਕਟ ਦੇ ਚੋਰਾਹੇ ’ਤੇ ਖੜ੍ਹਾ ਹੈ। ਜੇਕਰ ਇਸ ਸੰਕਟ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਤਾਂ ਫਿਰ ਇਤਿਹਾਸ ਸਾਥੋਂ ਪੁੱਛੇਗਾ ਕਿ ‘“ਤੁਸੀਂ ਤਬਾਹੀ ਦੇ ਮੰਜ਼ਰ ਨੂੰ ਅੱਖਾਂ ਬੰਦ ਕਰਕੇ ਕੁੰਦ ਦਿਮਾਗ਼ ਬਣੇ ਕਿਵੇਂ ਦੇਖਦੇ ਰਹੇ?’’ ਆਪਣੇ ਫਰਜ਼ਾਂ ਪ੍ਰਤੀ ਕੀਤੀ ਕੁਤਾਹੀ ਸਾਡੀ ਬਰਬਾਦੀ ਦਾ ਕਾਰਨ ਬਣ ਜਾਵੇਗੀ। ਪ੍ਰੰਤੂ ਇਹ ਤੱਥ ਵੀ ਯਾਦ ਰੱਖਣ ਯੋਗ ਹੈ ਕਿ ‘‘ਲੋਕਾਂ ਦੀ ਸ਼ਕਤੀ ਅਮਰ ਤੇ ਅਜਿੱਤ ਹੈ।’’ ਜੇਕਰ ਉਹ ਜਾਗ ਪੈਣ ਤਾਂ ਹਰ ਮੁਸ਼ਕਿਲ ਦਾ ਟਾਕਰਾ ਕੀਤਾ ਜਾ ਸਕਦਾ ਹੈ। ਇਹ ਮੁੱਦਾ ਕਿਸੇ ਵਿਸ਼ੇਸ਼ ਧਰਮ ਜਾਂ ਸ਼ਕਤੀ ਨਾਲ ਸਬੰਧਤ ਨਹੀਂ ਹੈ, ਬਲਕਿ ਦੇਸ਼ ਦੀ ਕੁਲ ਵੱਸੋਂ ਦੀ ਹੋਣੀ ਨਾਲ ਬੱਝਾ ਹੋਇਆ ਹੈ।
    ਅਜੋਕੇ ਭਾਰਤੀ ਸਮਾਜ ਅੰਦਰ ਭਾਈਚਾਰਕ ਸਾਂਝ, ਸਹਿਣਸ਼ੀਲਤਾ ਤੇ ਆਪਸੀ ਮੁਹੱਬਤ ਵਰਗੇ ਖੂਬਸੂਰਤ ਅਹਿਸਾਸਾਂ ਦੀ ਘਾਟ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਮੁਹੱਬਤ ਤੇ ਖਲੂਸ ਦੇ ਜਨਮ-ਜਾਤ ਵੈਰੀ ਫਿਰਕੂ ਤੱਤ, ਵੱਖੋ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕਾਂ ਵਲੋਂ ਖੁਸ਼ੀ-ਗਮੀ ਦੇ ਮੌਕੇ ਮਿਲ-ਬੈਠ ਕੇ ਦੁੱਖ-ਸੁੱਖ ਵੰਡਾਉਣ ਦੀਆਂ ਮਾਨਵੀ ਰਵਾਇਤਾਂ ਅਲੋਪ ਕਰਨ ਦੇ ਵਿਉਂਤਬੰਦ ਯਤਨ ਕਰ ਰਹੇ ਹਨ। ਇਕ-ਦੂਜੇ ਨੂੰ ਮਿਲਣ ਵੇਲੇ ‘ਰਾਮ-ਰਾਮ’ ਤੇ ‘ਸਲਾਮ ਐਲਕਮ’ ਆਖ ਕੇ ਗਰਮਜੋਸ਼ੀ ਨਾਲ ਸਵਾਗਤ ਕਰਨਾ ਹੁਣ ਬੀਤੇ ਦੀ ਗੱਲ ਬਣਦਾ ਜਾ ਰਿਹਾ ਹੈ।
    ਮਨੁੱਖੀ ਸੱਭਿਅਤਾ ਦੇ ਖਾਤਮੇ ਲਈ ਬਜ਼ਿੱਦ ਇਨ੍ਹਾਂ ਹਨ੍ਹੇਰੀਆਂ ਦੇ ਬਾਵਜੂਦ ਅੱਜ ਵੀ ਬੇਸ਼ੁਮਾਰ ਲੋਕ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਦਾ ਪਰਚਮ ਬੁਲੰਦ ਕਰਦੇ ਹੋਏ ਦੇਸ਼ ਅੰਦਰ ਵੰਨ-ਸੁਵੰਨੇ ਰੰਗਾਂ ਦੇ ਫੁੱਲਾਂ ਦੀ ਫੁਲਵਾੜੀ ਦੀ ਰਾਖੀ ਲਈ ਖੜੋਤੇ ਹਨ। ਉਨ੍ਹਾਂ ਹਕੀਕੀ ਦੇਸ਼ ਭਗਤਾਂ ਤੇ ਮਾਨਵਤਾ ਦੇ ਪੁਜਾਰੀਆਂ ਨੂੰ ਸਲਾਮ ਕਰਨਾ ਬਣਦਾ ਹੈ। ਪੂਰਾ ਭਰੋਸਾ ਹੈ ਕਿ ਅਸੀਂ ਆਰ.ਐਸ.ਐਸ. ਤੇ ਇਸ ਨਾਲ ਜੁੜੇ ਸੰਗਠਨਾਂ ਦੀ ਫਿਰਕੂ-ਫਾਸ਼ੀ, ਪਿਛਾਖੜੀ ਵਿਚਾਰਧਾਰਾ, ਜਿਸ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੇ 15 ਅਗਸਤ 2025 ਨੂੰ ਲਾਲ ਕਿਲੇ ਦੀ ਫਸੀਲ ’ਤੋਂ ਭਾਸ਼ਣ ਦਿੰਦਿਆਂ ਝੂਠਾ ਗੁਣਗਾਨ ਕੀਤਾ ਹੈ, ਨੂੰ ਹਰਾ ਕੇ ਭਾਰਤ ਨੂੰ ਆਜ਼ਾਦੀ ਸੰਗਰਾਮੀਅਆਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ’ਚ ਸਫਲ ਹੋਵਾਂਗੇ,। ਧਰਮ ਨਿਰਪੱਖਤਾ ਲੋਕ ਰਾਜੀ ਤੇ ਫੈਡਰਲ ਢਾਂਚੇ ਦੀ ਮਜ਼ਬੂਤੀ ਤੋਂ ਬਿਨਾਂ ਭਾਰਤ ਦਾ ਮੌਜੂਦਾ ਵਜੂਦ ਕਾਇਮ ਰੱਖਣਾ ਔਖਾ ਹੀ ਨਹੀਂ, ਅਸੰਭਵ ਹੈ।

    • ਮੰਗਤ ਰਾਮ ਪਾਸਲਾ
  • ਤਰਸਿੱਕਾ ਬਲਾਕ ਬਚਾਉਣ ਲਈ ਪਿੰਡਾਂ ਦੇ ਮੋਹਤਬਰ ਨਿੱਤਰੇ ਮੈਦਾਨ ’ਚ

    ਤਰਸਿੱਕਾ ਬਲਾਕ ਬਚਾਉਣ ਲਈ ਪਿੰਡਾਂ ਦੇ ਮੋਹਤਬਰ ਨਿੱਤਰੇ ਮੈਦਾਨ ’ਚ

    ਤਰਸਿੱਕਾ: ਪੰਜਾਬ ਸਰਕਾਰ ਵੱਲੋਂ ਬਲਾਕ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਖਤਮ ਕਰਨ ਖਿਲਾਫ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਦਾ ਵਰਦੇ ਮੀਂਹ ਦੌਰਾਨ ਇਕੱਠ ਹੋਇਆ।
    ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਬਲਦੇਵ ਸਿੰਘ ਸੈਦਪੁਰ, ਲਖਬੀਰ ਸਿੰਘ ਨਿਜ਼ਾਮਪੁਰ, ਗੁਰਮੇਜ ਸਿੰਘ ਤਿੰਮੋਵਾਲ ਅਤੇ ਮਜ਼ਦੂਰਾਂ ਦੇ ਆਗੂਆਂ ਮੰਗਲ ਸਿੰਘ ਖੁਜਾਲਾ, ਬਲਵਿੰਦਰ ਸਿੰਘ ਮਹਿਸਮਪੁਰ ਨੇ ਦੱਸਿਆ ਕਿ 1960 ਵਿੱਚ ਉਸ ਵੇਲੇ ਦੇ ਵਿਧਾਇਕ ਕਾਮਰੇਡ ਮੱਖਣ ਸਿੰਘ ਤਰਸਿੱਕਾ ਦੇ ਅਣਥੱਕ ਯਤਨਾ ਸਦਕਾ ਤਰਸਿੱਕਾ ਬਲਾਕ ਹੋਂਦ ਵਿੱਚ ਆਇਆ ਸੀ ਜਿਸ ਦਾ ਇਲਾਕੇ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਬਹੁਤ ਲਾਭ ਹੋਇਆ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਲਾਕ ਦੀ ਹੋਂਦ ਖਤਮ ਕਰਕੇ ਬਲਾਕ ਦੇ ਅਧੀਨ ਆਉਂਦੇ ਪਿੰਡਾਂ ਨੂੰ ਜੰਡਿਆਲਾ ਬਲਾਕ ਅਤੇ ਟਾਹਲੀ ਸਾਹਿਬ ਬਲਾਕ ਨਾਲ ਜੋੜਿਆ ਜੋ ਕਿ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ।
    ਆਗੂਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਵੇਖਦਿਆਂ ਫੈਸਲਾ ਕੀਤਾ ਹੈ ਕਿ 6 ਸਤੰਬਰ ਨੂੰ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਵਫਦ ਦੇ ਰੂਪ ਵਿੱਚ ਮਿਲ ਕੇ ਤਰਸਿੱਕਾ ਬਲਾਕ ਨੂੰ ਬਹਾਲ ਰੱਖਣ ਦੀ ਮੰਗ ਕੀਤੀ ਜਾਵੇਗੀ ਅਤੇ ਮੰਗ ਪੂਰੀ ਨਾ ਹੋਣ ਤੇ ਆਉਣ ਵਾਲੇ ਦਿਨਾਂ ਵਿੱਚ ਬਲਾਕ ਨਾਲੋਂ ਤੋੜੇ ਗਏ ਪਿੰਡਾਂ ਵਿੱਚ ਲਾਮਬੰਦੀ ਕਰਕੇ ਵੱਡਾ ਸੰਘਰਸ਼ ਆਰੰਭ ਦਿੱਤਾ ਜਾਵੇਗਾ।
    ਇਸ ਮੌਕੇ ਹਰਪ੍ਰੀਤ ਸਿੰਘ ਬੁਟਾਰੀ, ਸੁਵਿੰਦਰ ਸਿੰਘ ਖਹਿਰਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਭੱਟੀਕੇ, ਕੁਲਦੀਪ ਸਿੰਘ ਤਲਵੰਡੀ, ਬਖਤੌਰ ਸਿੰਘ ਰਸੂਲਪੁਰ ਕਲਾਂ, ਰਾਜਵਿੰਦਰ ਸਿੰਘ ਸੰਗਰਾਏ, ਅਮਰੀਕ ਸਿੰਘ ਟਾਂਗਰਾ, ਗੁਰਜੰਟ ਸਿੰਘ ਮੁੱਛਲ, ਜਤਿੰਦਰ ਸਿੰਘ ਕੋਟ ਹਯਾਤ, ਬਲਦੇਵ ਸਿੰਘ ਜੱਬੋਵਾਲ, ਪਰਗਟ ਸਿੰਘ ਤਰਸਿੱਕਾ, ਜਸਵੰਤ ਸਿੰਘ ਸੋਨੂੰ ਦਸ਼ਮੇਸ਼ ਨਗਰ, ਕਰਮ ਸਿੰਘ ਸੈਦਪੁਰ, ਕੇਵਲ ਸਿੰਘ ਮਹਿਸਮਪੁਰ, ਸਤਨਾਮ ਸਿੰਘ ਟਾਂਗਰਾ, ਸੇਵਾ ਸਿੰਘ ਸੈਦੋ ਲੇਹਲ, ਬਲਜੀਤ ਸਿੰਘ ਡੇਹਰੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।

  • ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

    ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ


    ਖਡੂਰ ਸਾਹਿਬ: ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਬਲਾਕ ਖਡੂਰ ਸਾਹਿਬ ਅੱਗੇ ਬੰਦ ਪਏ ਮਨਰੇਗਾ ਦੇ ਕੰਮ ਨੂੰ ਚਾਲੂ ਕਰਾਉਣ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਬਜਟ ‘ਚ ਕਟੌਤੀ ਕਰਨ ਵਿਰੁੱਧ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ।
    ਜਿਸ ਦੀ ਅਗਵਾਈ ਬਾਬਾ ਮੇਜਰ ਸਿੰਘ ਨਾਗੋਕੇ, ਜਗੀਰ ਸਿੰਘ ਮੰਗਲ ਸਿੰਘ ਨੇ ਕੀਤੀ।
    ਇਸ ਮੌਕੇ ਬੋਲਦਿਆਂ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਕਮਲਜੀਤ ਸਿੰਘ ਨਾਗੋਕੇ ਨੇ ਕਿਹਾ ਕਿ ਮਨਰੇਗਾ ਵਰਕਰਾਂ ਦੇ ਜੌਬ ਕਾਰਡ ਬਣਾਏ ਜਾਣ ਅਤੇ ਹਾਜ਼ਰੀ ਜੌਬ ਕਾਰਡਾਂ ‘ਤੇ ਲਾਈ ਜਾਵੇ। ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾਂ ਦੀ ਦਖਲ ਅੰਦਾਜੀ ਬੰਦ ਕੀਤੀ ਜਾਵੇ, ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ, ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ। ਜਿਹੜੇ ਪਿੰਡਾਂ ਦੇ ਵਿਰੋਧੀ ਸਰਪੰਚ ਮਸਟਰੋਲ ਤੇ ਦਸਤਖਤ ਕਰਕੇ ਨਹੀਂ ਦੇਦੇ ਕਰਾ ਕੇ ਦਿੱਤੇ ਜਾਣ, ਪਿਛਲੇ ਰਹਿੰਦੇ ਬਕਾਏ ਅਤੇ ਕੰਮ ਦੇ ਪੈਸੇ ਸਮੇਂ ਸਿਰ ਪਾਏ ਜਾਣ।
    ਮਨਰੇਗਾ ਵਰਕਰਾਂ ਦੇ ਸਾਰੇ ਪ੍ਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਮਨਰੇਗਾ ਵਰਕਰਾਂ ਲਈ ਲੜੀੰਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਤ ਮੁਹਾਈਆ ਕਰਾਈ ਜਾਵੇ ਅਤੇ ਅੋੌਰਤਾ ਦੇ ਬੱਚਿਆ ਦੀ ਦੇਖ ਭਾਲ ਲਈ ਬਜੁਰਗ ਅੋੌਰਤਾ ਦਾ ਪ੍ਰਬੰਧ ਕੀਤਾ ਜਾਵੇ । ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ। ਉਨਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆ ਦੀ ਸੇਵਾ ਕਰ ਰਹੀ ਹੈ।
    ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਘੱਟੋ ਘੱਟ ਉਜਰਤਾਂ ਵਿੱਚ ਫੌਰੀ ਵਾਧਾ ਕੀਤਾ ਜਾਵੇ। ਉਨਾਂ ਕਿਹਾ ਕਿ ਮਨਰੇਗਾ ਸਕੀਮ ਦਾ ਕੰਮ ਹਾਕਮ ਧਿਰ ਦੇ ਸਰਪੰਚਾਂ ਦੇ ਕਹਿਣ ‘ਤੇ ਚੱਲ ਰਿਹਾ ਹੈ। ਕੰਮ ਮੰਗਦੇ ਵਰਕਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਮੇਟ ਦੇ ਤੌਰ ‘ਤੇ ਕੰਮ ਕਰਦੇ ਮੇਟਾਂ ਨੂੰ ਹਟਾ ਕੇ ਹਾਕਮ ਧਿਰ ਦੇ ਸਰਪੰਚ ਆਪਣੀ ਧਿਰ ਦੇ ਲਾ ਰਹੇ ਹਨ। ਬਲਾਕਾਂ ਦੇ ਬੀਡੀਪੀਓ, ਮਨਰੇਗਾ ਅਫਸਰ, ਮਨਰੇਗਾ ਸੈਕਟਰੀ ਆਪਣੀਆਂ ਮੰਨ ਮਾਨੀਆ ਕਰ ਰਹੇ ਹਨ। ਵਿਰੋਧੀ ਧਿਰ ਦੇ ਸਰਪੰਚਾਂ ਨੂੰ ਮਨਰੇਗਾ ਤਹਿਤ ਕੰਮ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਅਤੇ ਪਿਛਲੇ ਬਕਾਏ ਨਹੀਂ ਦਿੱਤੇ ਜਾ ਰਹੇ। ਆਦਿ ਹਾਜ਼ਰ ਸਨ। ਇਸ ਮੌਕੇ ਗੁਰਜੀਤ ਸਿੰਘ ਮੁਣਸ਼ੀ ਸਿੰਘ ਜਗੀਰ ਸਿੰਘ,ਮੰਗਲ ਸਿੰਘ ਕਾਕੂ, ਜਸਬੀਰ ਸਿੰਘ ਜੱਸਾ, ਗੁਰਨਾਮ ਗੁਰਨਾਮ ਸਿੰਘ, ਸਨੀਤਾ ਕੌਰ, ਬਖਸ਼ੀਸ਼ ਕੌਰ, ਦਲਬੀਰ ਕੌਰ, ਕਸ਼ਮੀਰ ਕੌਰ, ਸ਼ੰਬੂ ਭਗਤ, ਜਿੰਦੂ ਪਿੰਟਰ ਆਦਿ ਹਾਜਰ ਸਨ।

  • ਮੁਕਤ ਵਪਾਰ ਸਮਝੌਤੇ ਨਾਲ ਕਾਰੋਬਾਰ ਹੋਣਗੇ ਖਤਮ

    ਮੁਕਤ ਵਪਾਰ ਸਮਝੌਤੇ ਨਾਲ ਕਾਰੋਬਾਰ ਹੋਣਗੇ ਖਤਮ


    ਗੁਰਾਇਆ: ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਸ਼ਿੰਗਾਰਾ ਸਿੰਘ ਬੋਪਾਰਾਏ ਦੀ 8ਵੀਂ ਬਰਸੀ ਪਿੰਡ ਬੋਪਾਰਾਏ ਵਿਖੇ ਮਨਾਈ ਗਈ।
    ਇਸ ਮੌਕੇ ‘ਮੁਕਤ ਵਪਾਰ ਸਮਝੌਤਾ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਰਮਾਏਦਾਰੀ ਦੇ ਸੰਕਟ ਕਾਰਨ ਹੀ ਪਹਿਲੀ ਤੇ ਦੂਜੀ ਜੰਗ ਲੱਗੀ ਸੀ ਅਤੇ ਮੌਜੂਦਾ ਸਮੇਂ ਦੌਰਾਨ ਵੀ ਸੰਕਟ ਨੂੰ ਟਾਲਣ ਲਈ ਟੈਕਸ ਲਗਾਏ ਜਾ ਰਹੇ ਹਨ। ਦੁਨੀਆ ਭਰ ‘ਚ ਸਰਮਾਏਦਾਰੀ ਵਲੋਂ ਖੇਤੀ ‘ਚੋਂ ਲੋਕਾਈ ਨੂੰ ਕੱਢ ਕੇ ਸ਼ਹਿਰਾਂ ਵੱਲ ਬੇਰੁਜ਼ਗਾਰਾਂ ਦੀ ਫੌਜ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।ਸੰਧੂ ਨੇ ਕਿਹਾ ਕਿ ਭਾਰਤ ਦੀ ਪੌਣੇ ਚਾਰ ਟ੍ਰਿਲੀਅਨ ਦੀ ਇਕਾਨਮੀ ਦੇ ਮੁਕਾਬਲੇ ਅਮਰੀਕਾ ਦੀ ਇੱਕੀ ਟ੍ਰਿਲੀਅਨ ਡਾਲਰ ਦੀ ਇਕਾਨਮੀ ਹੈ। ਭਾਰਤ ਨੂੰ ਦੂਜੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪਵੇਗਾ ਜਦੋਂ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਹੁਣ ਵਿਸ਼ਵ ਤਾਕਤ ਬਣ ਗਿਆ ਹੈ। ਸੰਧੂ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਨਾਲ ਇਥੋਂ ਦੇ ਕਾਰੋਬਾਰ ਖਤਮ ਹੋਣ ਕੰਢੇ ਪੁੱਜ ਜਾਣਗੇ।
    ਇਸ ਸਮਾਗਮ ਨੂੰ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਕੁਲਦੀਪ ਦੌੜਕਾ ਅਤੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕਰਦੇ ਹੋਏ ਸ਼ਿੰਗਾਰਾ ਸਿੰਘ ਬੋਪਾਰਾਏ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੀਤਲ ਬੰਗਾ ਤੇ ਕੁਲਦੀਪ ਵਾਲੀਆ ਨੇ ਕਵਿਤਾਵਾਂ ਪੇਸ਼ ਕੀਤੀਆਂ।
    ਆਰੰਭ ‘ਚ ਝੰਡਾ ਲਹਿਰਾਉਣ ਦੀ ਰਸਮ ਕੁਲਵੰਤ ਸਿੰਘ ਸੰਧੂ ਨੇ ਅਦਾ ਕੀਤੀ। ਜਿਸ ਦੌਰਾਨ ਪਰਿਵਾਰਕ ਰਿਸ਼ਤੇਦਾਰ ਜਥੇਦਾਰ ਹਰਜਿੰਦਰ ਸਿੰਘ ਲੱਲੀਆ, ਨਿਰਮਲ ਸਿੰਘ ਤੱਗੜ, ਰੌਸ਼ਨ ਲਾਲ ਰੌਸ਼ੀ, ਪਰਮਜੀਤ ਬੋਪਾਰਾਏ, ਤੀਰਥ ਸਿੰਘ ਬਾਸੀ, ਕੁਲਦੀਪ ਕੌੜਾ, ਕੁਲਦੀਪ ਫਿਲੌਰ, ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਬਨਾਰਸੀ ਘੁੜਕਾ, ਮੱਖਣ ਸੰਗਰਾਮੀ, ਕੁਲਜਿੰਦਰ ਤਲਵਣ, ਰਾਮ ਨਾਥ ਦੁਸਾਂਝ, ਮਨਜੀਤ ਸੂਰਜਾ, ਬਲਵਿੰਦਰ ਸਿੰਘ ਦੁਸਾਂਝ ਆਦਿ ਹਾਜ਼ਰ ਸਨ।
    ਇਸ ਮੌਕੇ ਰਾਏ ਪਰਿਵਾਰ ਵਲੋਂ ਸਕੂਲ ਨੂੰ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਵੀ ਦਿੱਤੀ ਗਈ।

  • ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਬਲਾਕ ਨੌਸ਼ਹਿਰਾ ਪੰਨੂਆ ਅੱਗੇ ਪੁਤਲਾ ਸਾੜਿਆ

    ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਬਲਾਕ ਨੌਸ਼ਹਿਰਾ ਪੰਨੂਆ ਅੱਗੇ ਪੁਤਲਾ ਸਾੜਿਆ


    ਨੌਸ਼ਹਿਰਾ ਪੰਨੂਆ: ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਕਾਮਿਆਂ ਦਾ ਕੰਮ ਬੰਦ ਕਰਨ ਅਤੇ ਮਿਹਨਤਾਨਾ ਸਮੇਂ ਸਿਰ ਨਾ ਦੇਣ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜਿਸ ਦੀ ਅਗਵਾਈ ਕੰਮਲਜੀਤ ਕੌਰ ਸਾਬਕਾ ਸਰਪੰਚ ਚੌਧਰੀਵਾਲਾ, ਕੁਲਦੀਪ ਸਿੰਘ, ਮੰਗਲ ਸਿੰਘ ਰਟੌਲ ਨੇ ਕੀਤੀ।
    ਇਸ ਮੌਕੇ ਬੋਲਦਿਆ ਮਨਰੇਗਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਰਟੌਲ, ਨੌਜਵਾਨ ਆਗੂ ਕੈਪਟਨ ਸਿੰਘ ਕਾਹਲਵਾ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਕੇਦਰੀ ਫੰਡਾਂ ਤੇ ਕੱਟ ਲਾਈ ਜਾ ਰਹੀ ਹੈ । ਮਨਰੇਗਾ ਵਰਕਰਾਂ ਨੂੰ ਮਿਹਨਤਆਨਾ ਨਿਗੂਣਾ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਾਰੇ ਬੋਲਦਿਆ ਕਿਹਾ ਕਿ ਇਹ ਸਰਕਾਰ ਵੀ ਲੋਕ ਵਿਰੋਧੀ ਸਾਬਤ ਹੋਈ ਹੈ । ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਗਰੰਟੀਆ ਕੀਤੀਆਂ ਜਾ ਰਹੀਆਂ ਹਨ। ਮਜਦੂਰ ਦੇ ਵਿਰੋਧ ਚ ਦਿਹਾੜੀ ਦਾ ਸਮਾ ਘਟਾਉਣ ਦੀ ਥਾਂ 8 ਘੰਟੇ ਤੋ 12 ਘੰਟੇ ਸਮੇਂ ਦੇ ਮਤੇ ਪਾਸ ਕੀਤੇ ਜਾ ਰਹੇ ਹਨ। ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਹਲਕਾ ਵਿਧਾਇਕਾਂ ਵੱਲੋਂ ਮਨਰੇਗਾ ਸਕੀਮ ਚ ਗੈਰ ਕਾਨੂੰਨੀ ਢੰਗ ਨਾਲ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ।
    ਨਸ਼ੇ, ਗੁੰਡਾਗਰਦੀ, ਕਤਲੋਗਾਰਦ, ਲੁੱਟਾਂ ਖੋਹਾ ਪੂਰੇ ਜੋਬਨ ਹਨ। ਕਾਨੂੰਨ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸ਼ਨ ਲਚਾਰ ਹੋਇਆ ਪਿਆ ਹੈ। ਥਾਣਿਆ ਚ ਕਿਸੇ ਨੂੰ ਇਨਸਾਫ਼ ਨਹੀ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਦੀ ਦਿਹਾੜੀ 700 ਰੁ ਕੀਤੀ ਜਾਵੇ ਅਤੇ ਮਿਹਨਤਾਨਾ ਸਮੇਂ ਸਿਰ ਦਿੱਤਾ।
    ਇਸ ਮੌਕੇ ਕਵਲਜੀਤ ਕੌਰ, ਕੁਲਦੀਪ ਸਿੰਘ, ਮੰਗਲ ਸਿੰਘ, ਜਗੀਰ ਕੌਰ, ਗੁਰਜੀਤ ਕੌਰ, ਪਿੰਕੀ, ਅਮਰਜੀਤ ਕੌਰ, ਸੀਮਾ, ਪ੍ਰਭਜੀਤ ਕੌਰ, ਬੂਟਾ ਸਿੰਘ, ਰਣਜੋਤ ਸਿੰਘ, ਮੇਜਰ ਸਿੰਘ, ਜੱਗੂ, ਕੁਲਵੰਤ ਸਿੰਘ, ਬਗੀਚਾ ਸਿੰਘ, ਭਿੰਦਰ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ ਜੋਗਿੰਦਰ ਕੌਰ ਸੁਰਜੀਤ ਕੌਰ, ਮੱਸਾ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ।

  • ਮਨਰੇਗਾ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

    ਮਨਰੇਗਾ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ


    ਚੋਹਲਾ ਸਾਹਿਬ: ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਚੋਹਲਾ ਸਾਹਿਬ ਬਲਾਕ ਦਫ਼ਤਰ ਸਾਹਮਣੇ ਸਾੜਿਆ ਗਿਆ। ਜਿਸ ਦੀ ਅਗਵਾਈ ਦਾਰਾ ਸਿੰਘ ਮੁੰਡਾ ਪਿੰਡ ਨੇ ਕੀਤੀ।
    ਇਸ ਮੌਕੇ ਬੋਲਦਿਆਂ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਮਨਰੇਗਾ ਵਰਕਰਾਂ ਦੇ ਕਾਫੀ ਸਮੇਂ ਤੋਂ ਰੁਕੇ ਬਕਾਏ ਤੁਰੰਤ ਪਾਏ ਜਾਣ ਅਤੇ ਕਾਫੀ ਵਰਕਰਾਂ ਦੇ ਪਿਛਲੇ ਬਣਦੇ ਬਕਾਏ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣ। ਮਨਰੇਗਾ ਵਰਕਰਾਂ ਦੇ ਜੌਬ ਕਾਰਡ ਬਿਨ੍ਹਾਂ ਭੇਦਭਾਵ ਬਣਾਏ ਜਾਣ ਅਤੇ ਹਾਜ਼ਰੀ ਜੌਬ ਕਾਰਡਾਂ ’ਤੇ ਲਾਈ ਜਾਵੇ। ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾਂ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ, ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ, ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ। ਮਨਰੇਗਾ ਵਰਕਰਾਂ ਦੇ ਸਾਰੇ ਪ੍ਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਮਨਰੇਗਾ ਵਰਕਰਾਂ ਲਈ ਲੜੀਂਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਟ ਮੁਹੱਈਆ ਕਰਵਾਈ ਜਾਵੇ ਅਤੇ ਔਰਤਾਂ ਦੇ ਬੱਚਿਆਂ ਦੀ ਦੇਖ ਭਾਲ ਲਈ ਬਜ਼ੁਰਗ ਔਰਤਾਂ ਦਾ ਪ੍ਰਬੰਧ ਕੀਤਾ ਜਾਵੇ। ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ। ਸਾਰੇ ਬਲਾਕਾਂ ’ਚ ਮਨਰੇਗਾ ਦਾ ਬੰਦ ਕੰਮ ਚਾਲੂ ਕਰਾਇਆ ਜਾਵੇ। ਬਲਾਕ ਅਧਿਕਾਰੀਆਂ ਮਨਰੇਗਾ, ਸੈਕਟਰੀਆਂ ਵੱਲੋਂ ਮੇਟਾ/ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਮਨਰੇਗਾ ਵਰਕਰਾਂ ਦੇ ਜੌਬ ਕਾਰਡ ’ਤੇ ਹੋਰ ਵਰਕਰਾਂ ਦੇ ਖਾਤਿਆਂ ’ਚ ਪੈਸੇ ਪਾਏ ਜਾ ਰਹੇ ਹਨ, ਇਸ ਦੀ ਪੜਤਾਲ ਕਰਵਾਈ ਜਾਵੇ।
    ਇਸ ਮੌਕੇ ਪਰਮਜੀਤ ਸਿੰਘ, ਰਮਨ ਸਿੰਘ ਜੌਹਲ, ਲਖਬੀਰ ਸਿੰਘ ਜੌਹਲ, ਬੂਟਾ ਸਿੰਘ ਮੁੰਡਾ ਪਿੰਡ, ਕਾਲਾ ਸਿੰਘ, ਸਰਬਜੀਤ ਸਿੰਘ, ਸਵਰਨ ਸਿੰਘ, ਗੁਰਦਿਆਲ ਸਿੰਘ ਜੋਹਲ, ਕਾਸ਼, ਵੀਰਾ ਸਿੰਘ, ਅਜੀਤ ਸਿੰਘ, ਦਰਸ਼ਨ ਸਿੰਘ, ਗੁਲਜਾਰ ਸਿੰਘ, ਬਲਵੰਤ ਸਿੰਘ ਆਦਿ ਹਾਜਰ ਸਨ।

  • ਹੜ੍ਹ ਕਾਰਨ ਨੁਕਸਾਨ ਦਾ ਲਿਆ ਜਾਇਜ਼ਾ

    ਹੜ੍ਹ ਕਾਰਨ ਨੁਕਸਾਨ ਦਾ ਲਿਆ ਜਾਇਜ਼ਾ


    ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਥੀਨ ਡੈਮ (ਰਣਜੀਤ ਸਾਗਰ) ਤੋਂ ਲਗਾਤਾਰ ਦਰਿਆ ਰਾਵੀ ਵਿਚ ਜ਼ਿਆਦਾ ਪਾਣੀ ਛੱਡਣ ਨਾਲ ਅੱਜ ਵੀ ਕੋਈ ਲੱਗਭੱਗ 70 ਹਜ਼ਾਰ ਕਿਊਸਿਕ ਪਾਣੀ ਆਉਣ ਕਾਰਨ ਜਿੱਥੇ ਅਜਨਾਲਾ – ਰਮਦਾਸ ਇਲਾਕੇ ਚੇ ਕੋਈ ਡੇਢ ਲੱਖ ਰਕਬੇ ਵਿੱਚ ਫ਼ਸਲਾਂ ਮਾਰੀਆਂ ਜਾਂਣ ਕਾਰਨ ਕੋਈ ਚਾਰ ਹਜ਼ਾਰ ਕਰੋੜ ਰੁਪਏ ਦਾ ਸਮੇਤ ਜਾਨ ਮਾਲ ਦਾ ਨੁਕਸਾਨ ਹੋ ਗਿਆ ਹੈ।
    ਉਹ ਆਪਣੀ ਟੀਮ ਸਮੇਤ ਹੜ੍ਹ ਪੀੜਿਤ ਇਲਾਕੇ ਦੇ ਧੁਰ ਅੰਦਰ ਤੱਕ ਗਏ, ਜਿੱਥੇ ਲੋਕਾਂ ਨੇ ਦੱਸਿਆ ਕਿ ਸਾਡੀ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਵੱਲੋਂ ਸਾਨੂੰ ਕੋਈ ਰਾਹਤ ਨਹੀਂ ਪੁਚਾਈ ਜਾ ਰਹੀ। ਪੀੜਿਤ ਲੋਕਾਂ ਨੇ ਦੱਸਿਆ ਕਿ ਸਿਰਫ ਤੇ ਸਿਰਫ ਸਵੈ ਸੇਵਕ ਜਥੇਬੰਦੀਆਂ ਵੱਲੋਂ ਸਾਨੂੰ ਪੀਣ ਵਾਲਾ ਪਾਣੀ ਤੇ ਹੋਰ ਜ਼ਰੂਰੀ ਪਾਣ ਪੀਣ ਦੀਆਂ ਵਸਤਾਂ ਕੁੱਝ ਪਿੰਡਾਂ ਵਿੱਚ ਮੁੱਹਈਆ ਕੀਤੀਆਂ ਗਈਆਂ।
    ਇਸ ਟੀਮ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੱਤੀ ਕਿ ਕਿਤੇ ਕਿਤੇ ਫੌਜ ਵੱਲੋਂ ਵੀ ਪੀਣ ਵਾਲਾ ਪਾਣੀ ਤੇ ਹੋਰ ਖਾਣ ਦਾ ਸਮਾਨ ਵੰਡਿਆ ਗਿਆ। ਵੱਡੀ ਗਿਣਤੀ ਵਿੱਚ ਪਿੰਡਾਂ ਤੇ ਕਸਬਿਆਂ ਦੇ ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਪਿਛਲੇ 15 – 20 ਦਿਨਾਂ ਤੋਂ ਕੋਈ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਸਾਡੇ ਘਰਾਂ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਹੈ।
    ਡਾ. ਅਜਨਾਲਾ ਨੇ ਕਈ ਥਾਵਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਵੱਖੋ ਵੱਖ ਇੱਕਠਾਂ ਚੇ ਦੱਸਦਿਆਂ ਮੰਗ ਕੀਤੀ ਕਿ ਪਿੰਡਾਂ ਕਸਬਿਆਂ ਵਿੱਚ ਫੌਰੀ ਤੌਰ ‘ਤੇ ਸਰਕਾਰ ਪਾਣ ਪੀਣ ਦੀਆਂ ਜ਼ੰਗੀ ਪੱਧਰ ‘ਤੇ ਵਸਤਾਂ ਭੇਜੇ ਅਤੇ ਖਾਸਕਰ ਪਸ਼ੂਆਂ ਵਾਸਤੇ ਚਾਰਾ – ਚੋਕਰ ਪਹੁਚਾਇਆ ਜਾਵੇ।
    ਟੀਮ ਵਿਚ ਸ਼ਾਮਿਲ ਰੇਸ਼ਮ ਸਿੰਘ ਭੂਰੇ ਗਿੱਲ ਤੇ ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਬਲਕਾਰ ਸਿੰਘ ਗੁਲਗੜ੍ਹ, ਅਮਰਜੀਤ ਸਿੰਘ ਹਰੜ ਖੁਰਦ, ਗਗਨਦੀਪ ਸਿੰਘ ਗੱਗੋਮਾਹਲ ਇਹਨਾਂ ਤੋਂ ਇਲਾਵਾ ਸਵੈ ਸੇਵਕ ਜਥੇਬੰਦੀਆਂ ਦੇ ਰਾਹਤਕਾਰੀ ਹਰਵਿੰਦਰ ਸਿੰਘ ਤੇ ਗੁਰਜੀਤ ਸਿੰਘ ਕਿਆਪੁਰ, ਜਸਪਾਲ ਸਿੰਘ ਘੁੱਕੇਵਾਲੀ, ਅਰਸ਼ਦੀਪ ਸਿੰਘ ਸੈਸਰਾਂ ਪੱਤੀ ਰਾਮਪੁਰਾ, ਤੇਜਬੀਰ ਸਿੰਘ, ਗੁਰਪ੍ਰੀਤ ਸਿੰਘ ਘੁੱਕੇਵਾਲੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨੌਜਵਾਨ ਹਰਪ੍ਰੀਤ, ਦੀਪੂ, ਵਾਸਦੀਪ ਵਿੱਕੀ, ਹੈਪੀ ਗੁਲਬ, ਸੁੱਖਾ, ਮਨਪ੍ਰੀਤ ਸਿੰਘ ਗਿੱਲ, ਜਸ਼ਨਦੀਪ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਆਦਿ ਨੇ ਵੀ ਟੀਮ ਨਾਲ ਆਪਣੀਆਂ ਘਰੇਲੂ ਦੁਖ ਤਕਲੀਫਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਸਾਡੇ ਘਰਾਂ ਵਿੱਚ ਪਾਣੀ ਆਣ ਵੜਿਆ, ਜਿਸ ਨਾਲ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਰਾਹਤ ਸਮੱਗਰੀ ਭੇਜੀ ਜਾਵੇ ਅਤੇ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦੇਣ ਦੇ ਨਾਲ ਨਾਲ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।