ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਨੇ ਨਕੋਦਰ ਹਲਕੇ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਕਿਸਾਨ ਜੱਥੇਬੰਦੀਆਂ ਦੇ ਵਰਕਰਾਂ ਅਤੇ ਆਮ ਲੋਕਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਵਿਧਾਇਕਾਂ ਨੂੰ ਲੋਕਾਂ ਨੂੰ ਬੁਰਾ ਭਲਾ ਕਹਿਣ ਲਈ ਮਾਫੀ ਮੰਗਣ ਦੀ ਮੰਗ ਕੀਤੀ ਹੈ। ਮੋਰਚੇ ਨੇ ਸੂਬੇ ਦੀ ਸੱਤਾਰੂੜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਸਤੀ ਸ਼ੋਹਰਤ ਲਈ ਫੋਟੋ ਸ਼ੂਟ ਆਊਟ ਕਰਵਾਉਣ ਦੀ ਥਾਂ ਪੰਜਾਬ ਦੇ ਹੜ ਪੀੜਤਾਂ ਦੀਆਂ ਸੱਮਸਿਆਵਾਂ ਨੂੰ ਇਸ ਬਿਪਤਾ ਦੀ ਘੜੀ ਵਿੱਚ ਹਮਦਰਦੀ ਨਾਲ ਹੱਲ ਕਰਨ ਦੀ ਮੰਗ ਵੀ ਕੀਤੀ ਹੈ।
ਵਰਣਨਯੋਗ ਹੈ ਕਿ ਕੱਲ੍ਹ ਬਿਲਗਾ ਕਸਬੇ ਨਜ਼ਦੀਕ ਸਤਲੁਜ ਦੇ ਧੁੱਸੀ ਬੰਨ੍ਹ ਵਿੱਚ ਖੋਰਾ ਲੱਗਣ ਉਪਰੰਤ ਇਲਾਕੇ ਦੇ ਲੋਕ ਸਮੇਤ ਕਿਸਾਨ ਜੱਥੇਬੰਦੀਆਂ ਦੇ ਵਰਕਰ ਜਦੋਂ ਬੰਨ੍ਹ ਦੀ ਮਜ਼ਬੂਤੀ ਲਈ ਜੁਟੇ ਹੋਏ ਸਨ ਤਾਂ ਵਿਧਾਇਕਾਂ ਇੰਦਰਜੀਤ ਕੌਰ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਥਾਂ ਬਦਤਮੀਜ਼ੀ ਨਾਲ ਵਿਹਾਰ ਕਰਦਿਆਂ ਬੁਰਾ ਭਲਾ ਕਿਹਾ ਸੀ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਦੀ ਦੇ ਸੱਭ ਤੋਂ ਮਾਰੂ ਹੜਾਂ ਦਾ ਸਾਹਮਣਾ ਕਰ ਰਹੇ ਹਨ।ਇਸ ਬਿਪਤਾ ਦੀ ਘੜੀ ਵਿੱਚ ਲੋਕ ਤਾਂ ਇੱਕ ਦੂਜੇ ਦਾ ਸਹਾਰਾ ਬਣੇ ਹਨ ਪਰ ਸਰਕਾਰ ਦੇ ਪ੍ਰਬੰਧਾਂ ਦੀ ਬਦਇੰਤਜ਼ਾਮੀ ਦੀ ਪੋਲ ਵੀ ਖੁੱਲ ਗਈ ਹੈ। ਉਪਰੋ ਸਿਤਮਜ਼ਰੀਫੀ ਇਹ ਹੈ ਕਿ ਆਪ ਦੇ ਵਿਧਾਇਕ ਅਤੇ ਮੰਤਰੀਆਂ ਦੇ ਜ਼ਿਆਦਾਤਰ ਤਰ ਹਿੱਸੇ ਲੋਕਾਂ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਲਈ ਹਮਦਰਦੀ ਭਰਿਆ ਰਵੱਈਆ ਰੱਖਣ ਦੀ ਬਜਾਏ ਫੋਟੋ ਸ਼ੂਟ ਆਊਟ ਕਰਕੇ ਤੁਰਦੇ ਬਣਦੇ ਹਨ। ਜਿਸ ਕਾਰਨ ਲੋਕਾਂ ਵਿਚ ਸਰਕਾਰ ਅਤੇ ਉਸਦੇ ਅਮਲੇ ਫੈਲੇ ਪ੍ਰਤੀ ਰੋਹ ਰੋਸ ਵੱਧ ਰਿਹਾ। ਸੰਯੁਕਤ ਕਿਸਾਨ ਮੋਰਚਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਦੇ ਨੁਮਾਇੰਦਿਆਂ ਦਾ ਰਵੱਈਆ ਨਾ ਸੁਧਰਿਆਂ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪ੍ਰਧਾਨਗੀ ਮੰਡਲ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਨਕੋਦਰ ਦੀ ਐਮ ਐਲ ਏ ਨੂੰ ਵਲੰਟੀਅਰ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਲੋਕਾਂ ਵਲੋਂ ਬੰਨ੍ਹ ਦੀ ਮਜ਼ਬੂਤੀ ਲਈ ਜਵਾਬਦੇਹੀ ਨਾਲ ਜੁੜੇ ਸਵਾਲ ਕਰਨ ਤੋਂ ਬੁਖਲਾਹਟ ਵਿੱਚ ਆਕੇ ਬੁਰਾ ਭਲਾ ਕਹਿਣਾ ਦੱਸਦਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਲੋਕ ਇਸ ਦੁੱਖ ਦੀ ਘੜੀ ਵਿੱਚ ਵੀ ਸਿਰਫ ਤੇ ਸਿਰਫ ਸਸਤੀ ਸ਼ੋਹਰਤ ਦੀ ਸਿਆਸਤ ਕਰ ਰਹੇ ਹਨ।