Now Reading
ਸਾਂਝਾ ਮੁਹਾਜ਼ ਤਕੜਾ ਕਰਦਿਆਂ ਫਿਰਕੂ-ਫਾਸ਼ੀਵਾਦ ਤੇ ਨਵਉਦਾਰਵਾਦ ਖ਼ਿਲਾਫ਼ ਘੋਲਾਂ ਵੱਲ ਵਧੋ

ਸਾਂਝਾ ਮੁਹਾਜ਼ ਤਕੜਾ ਕਰਦਿਆਂ ਫਿਰਕੂ-ਫਾਸ਼ੀਵਾਦ ਤੇ ਨਵਉਦਾਰਵਾਦ ਖ਼ਿਲਾਫ਼ ਘੋਲਾਂ ਵੱਲ ਵਧੋ


ਪਰਗਟ ਸਿੰਘ ਜਾਮਾਰਾਏ
ਪੰਜਾਬ ਦੇ ਸਿਆਸੀ ਚੌਗਿਰਦੇ ਅੰਦਰ ਪਿਛਲੇ ਦਿੱਨੀਂ ਇਕ ਬੜਾ ਹਾਂ ਪੱਖੀ ਘਟਨਾਕ੍ਰਮ ਵਾਪਰਿਆ ਹੈ। ਸੂਬੇ ਦੀਆਂ ਛੇ ਖੱਬੀਆਂ ਪਾਰਟੀਆਂ ਤੇ ਇਨਕਲਾਬੀ ਧਿਰਾਂ ਸੀ.ਪੀ.ਆਈ., ਆਰ.ਐਮ.ਪੀ. ਆਈ., ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਐਮ.ਸੀ.ਪੀ.ਆਈ. (ਯੂ.) ਤੇ ਇਨਕਲਾਬੀ ਕੇਂਦਰ ਪੰਜਾਬ ਨੇ ਸਾਂਝੇ ਮੰਚ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਦਾ ਪੁਨਰ ਗਠਨ ਕਰਨ ਦਾ ਨਿਰਣਾ ਲਿਆ ਹੈ। ਪੁਨਰਗਠਤ ‘ਫਰੰਟ’ ਦੇਸ਼ ਦੀਆਂ ਵਰਤਮਾਨ ਗੰਭੀਰ ਸਿਆਸੀ ਪ੍ਰਸਥਿਤੀਆਂ ਅੰਦਰ ਅਸਰਦਾਇਕ ਸਿਆਸੀ-ਵਿਚਾਰਧਾਰਕ ਦਖ਼ਲ ਅੰਦਾਜ਼ੀ ਕਰਨ ਦੇ ਉਦੇਸ਼ ਤਹਿਤ ਨਿਰੰਤਰ ਸਰਗਰਮੀ ਕਰੇਗਾ। ਦੇਸ਼ ਤੇ ਪੰਜਾਬ ਦੇ ਲੋਕਾਂ, ਖਾਸ ਕਰਕੇ ਖੱਬੇ ਪੱਖੀ ਸਿਆਸਤ ਤੇ ਪ੍ਰਗਤੀਸ਼ੀਲ ਲਹਿਰ ਨੂੰ ਵੱਧਦਾ-ਫੁੱਲਦਾ ਵੇਖਣ ਦੇ ਚਾਹਵਾਨਾਂ ਨੇ ਇਸ ਸਾਂਝ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਹੈ।
‘ਫਰੰਟ’, ਆਰ.ਐਸ.ਐਸ.-ਭਾਜਪਾ ਦੀ ਫਿਰਕੂ-ਫਾਸ਼ੀ ਵਿਚਾਰਧਾਰਾ; ਮੰਨੂਵਾਦੀ ਚੌਖਟੇ ਵਾਲਾ, ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ ਕੱਟੜ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਨਿਸ਼ਾਨੇ, ਦੇਸ਼ ਦੇ ਵਰਤਮਾਨ ਢਾਂਚੇ ਨੂੰ ਤੋੜਨ ਦੀਆਂ ਸੰਘ ਪਰਿਵਾਰ ਦੀਆਂ ਵਿਉਂਤਬੱਧ ਸਾਜ਼ਿਸ਼ਾਂ ਅਤੇ ਪ੍ਰਸ਼ਾਸਨਿਕ ਅਦਾਰਿਆਂ ਤੇ ਸਰਕਾਰੀ ਵਿਭਾਗਾਂ ਦੇ ਭਗਵਾਂ ਕਰਨ ਖ਼ਿਲਾਫ਼ ਲੋਕਾਂ ਨੂੰ ਸੁਚੇਤ ਕਰਨ ਤੇ ਵਿਸ਼ਾਲ ਲੋਕ ਲਾਮਬੰਦੀ ‘ਤੇ ਆਧਾਰਿਤ ਤਿੱਖੇ-ਬੱਝਵੇ ਘੋਲ ਵਿੱਢਣ ਦੇ ਨਿਰੰਤਰ ਉਪਰਾਲੇ ਕਰੇਗਾ।

ਫਰੰਟ ਲੋਕਰਾਜੀ ਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਅਤੇ ਫੈਡਰਲ ਅਧਿਕਾਰਾਂ ਦੀ ਰਾਖੀ ਲਈ ਵੀ ਲੋਕ ਲਹਿਰ ਖੜ੍ਹੀ ਕਰੇਗਾ।

ਫਰੰਟ ਵੱਲੋਂ ਘੱਟ ਗਿਣਤੀਆਂ, ਇਸਤਰੀਆਂ, ਦਲਿਤਾਂ, ਕਬਾਇਲੀਆਂ ਤੇ ਹੋਰ ਹਾਸ਼ੀਆਗਤ ਆਬਾਦੀ ਸਮੂਹਾਂ, ਲੋਕ ਪੱਖੀ ਬੁੱਧੀਜੀਵੀਆਂ ਤੇ ਕਾਰਕੁੰਨਾਂ ਖਿਲਾਫ਼ ਢਾਹੇ ਜਾਂਦੇ ਅਕਹਿ ਜ਼ੁਲਮਾਂ ਵਿਰੁੱਧ ਆਮ ਲੋਕਾਂ, ਖਾਸ ਕਰਕੇ ਬੁਨਿਆਦੀ ਜਮਾਤਾਂ ਨੂੰ ਜੱਥੇਬੰਦ ਕਰਕੇ ਘੋਲ ਵਿੱਢਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

ਸਾਮਰਾਜੀ ਤੇ ਕਾਰਪੋਰੇਟੀ ਧੌਂਸ ਤੇ ਲੁੱਟ ਬਰਕਰਾਰ ਰੱਖਣ ਤੇ ਦਿਨੋ-ਦਿਨ ਹੋਰ ਤਿੱਖੀ ਕਰਨ ਲਈ ਘੜੀਆਂ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਲੜੇ ਜਾ ਰਹੇ ਤਬਕਾਤੀ ਘੋਲਾਂ ਨੂੰ ਹੋਰ ਤੀਬਰ ਕਰਨਾ ਤੇ ਇਨ੍ਹਾਂ ਘੋਲਾਂ ‘ਚ ਸਰਗਰਮ ਸ਼ਮੂਲੀਅਤ ਕਰਨ ਵਾਲੇ ਆਮ ਲੋਕਾਂ, ਖਾਸ ਕਰਕੇ ਮਿਹਨਤੀ ਜਨ ਸਮੂਹਾਂ ਦੀ ਰਾਜਸੀ ਚੇਤਨਾ ਉਚਿਆਉਣ ਦੇ ਠੋਸ ਉਪਰਾਲੇ ਕਰਨੇ ਵੀ ਫਰੰਟ ਦੇ ਕਰਨ ਗੋਚਰਾ ਅਹਿਮ ਕਾਰਜ ਰਹੇਗਾ।

‘ਫਰੰਟ’ ਨੇ ਕੇਂਦਰੀ ਹੁਕਮਰਾਨਾਂ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਬੰਦ ਕਰਵਾਉਣ, ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂ ਪੂਰਬਕ ਹੱਲ ਕਰਨ ਅਤੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਤੇ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੀਆਂ ਹਕੂਮਤੀ ਤੇ ਸ਼ਰਾਰਤੀ ਤੱਤਾਂ ਦੀਆਂ ਸਾਜ਼ਿਸਾਂ ਖ਼ਿਲਾਫ਼ ਵੀ ਸਮੂਹ ਪੰਜਾਬੀਆਂ ਨੂੰ ਇਕਜੁੱਟ ਕਰਨ ਤੇ ਯਥਾ ਸ਼ਕਤੀ ਢੁਕਵਾਂ ਦਖ਼ਲ ਦੇਣ ਦੀ ਸਮਝਦਾਰੀ ਅਪਣਾਈ ਹੈ।

ਹਾਲਾਂਕਿ ਫਰੰਟ ਦੀ ਇਹ ਸਪੱਸ਼ਟ ਸਮਝਦਾਰੀ ਹੈ ਕਿ ਮੌਜੂਦਾ ਮੋਦੀ ਸਰਕਾਰ ਨੂੰ ਦੇਸ਼ ਦੀ ਕੇਂਦਰੀ ਸੱਤਾ ਤੋਂ ਲਾਂਭੇ ਕਰਨ ਨਾਲ ਹੀ ਆਰ.ਐਸ.ਐਸ. ਦਾ ਖਤਰਾ ਮੁੱਕ ਨਹੀਂ ਜਾਵੇਗਾ। ਲੇਕਿਨ ਇਹ ਵੀ
ਸੱਚ ਹੈ ਕਿ ਆਰ.ਐਸ.ਐਸ. ਨੂੰ ਵੱਡੀ ਹੱਦ ਤੱਕ ਬਲਹੀਣ ਕਰਨ ਲਈ ਮੋਦੀ ਸਰਕਾਰ ਦੀ ਸੱਤਾ ਤੋਂ ਬੇਦਖ਼ਲੀ ਅਤਿ ਲੋੜੀਂਦੀ ਹੈ। ਇਸ ਲਈ ‘ਫਰੰਟ’ ਭਾਰਤੀ ਲੋਕਾਈ ਨੂੰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਜ਼ੋਰਦਾਰ ਸੱਦਾ ਦੇਵੇਗਾ। ਐਪਰ ਫਰੰਟ ਭਾਜਪਾ ਦੇ ਬਦਲ ਵਜੋਂ ਕਿਸੇ ਪਾਰਟੀ ਨੂੰ ਪ੍ਰੋਮੋਟ ਨਹੀਂ ਕਰੇਗਾ।

ਫਰੰਟ ਵਲੋਂ ਆਪਣੇ ਹੱਕੀ ਮੰਗਾਂ-ਮਸਲਿਆਂ ਪ ਜਾਮਾਰਾਏ ਲਈ ਲੜ ਰਹੇ ਸੰਗਠਨਾਂ ਦੇ ਘੋਲਾਂ ਦਾ ਨੈਤਿਕ- ਭੌਤਿਕ ਸਮਰਥਨ ਵੀ ਕੀਤਾ ਜਾਵੇਗਾ ਤੇ ਪੁਲਸ ਜਬਰ ਖ਼ਿਲਾਫ਼ ਵੀ ਹਰ ਮੰਚ ਤੋਂ ਸ਼ਕਤੀਸ਼ਾਲੀ ਮੁਜ਼ਹਮਤ ਉਸਾਰੀ ਜਾਵੇਗੀ।

ਫਰੰਟ ਹਾਲਾਂਕਿ ਚੋਣ ਸਰਗਰਮੀਆਂ ਤੋਂ ਨਿਰਲੇਪ ਰਹੇਗਾ ਪਰ ਫਰੰਟ ਚੋਣ ਪ੍ਰਕਿਰਿਆ ਨੂੰ ਭੰਡਣ ਜਾਂ ਇਸ ਤੋਂ ਅਲਹਿਦਗੀ ਕਰਨ ਦੀ ਵਕਾਲਤ ਵੀ ਨਹੀਂ ਕਰੇਗਾ। ਹਾਂ, ਫਰੰਟ ਦੀਆਂ ਭਾਈਵਾਲ ਪਾਰਟੀਆਂ ਚੋਣਾਂ ਸਮੇਂ ਆਪੋ-ਆਪਣੀ ਯੁੱਧਨੀਤਕ ਤੇ ਦਾਅਪੇਚਕ ਸਮਝਦਾਰੀ ਨਾਲ ਮੇਚਵਾਂ ਫੈਸਲਾ ਲੈਣ ਲਈ ਆਜ਼ਾਦ ਹੋਣਗੀਆਂ।

ਇਸ ਥੜ੍ਹੇ ਵਿੱਚ ਕਿਸੇ ਵੀ ਬੁਨਿਆਦ ਪ੍ਰਸਤ, ਦਹਿਸ਼ਤ ਦੀ ਹਾਮੀ ਤੇ ਫਿਰਕੂ ਸ਼ਕਤੀ ਲਈ ਕੋਈ ਥਾਂ ਨਹੀਂ ਹੋਵੇਗੀ। ਪਰ ਇਹ ਥੜ੍ਹਾ ਕਿਸੇ ਵਿਸ਼ੇਸ਼ ਮੁੱਦੇ ‘ਤੇ ਕਿਸੇ ਧਾਰਮਿਕ ਤੇ ਜਾਤ ਅਧਾਰਿਤ ਸੰਗਠਨ ਨਾਲ ਸਾਂਝੀ ਸਰਗਰਮੀ ਕਰਨ ਦੀ ਗੁੰਜਾਇਸ਼ ਰੱਖੇਗਾ।

ਫਰੰਟ ਹਾਕਮ ਵਰਗਾਂ ਦੀ ਨੁਮਾਇੰਦਗੀ ਕਰਦੀਆਂ ਦੇਸ਼ ਤੇ ਸਬਿਆਂ ਦੀਆਂ ਬਾਕੀ ਪਾਰਟੀਆਂ ਤੇ ਆਰ.ਐਸ.ਐਸ. ਦੇ ਸਿਆਸੀ ਵਿੰਗ ਭਾਜਪਾ ਦਾ ਜਮਾਤੀ ਚਰਿੱਤਰ ਇਕੋ ਜਿਹਾ ਹੋਣ ਦੇ ਬਾਵਜੂਦ ਭਾਜਪਾ ਤੇ ਬਾਕੀ ਦੇ ਪੂੰਜੀਵਾਦੀ ਦਲਾਂ ਨੂੰ ਇਕੋ ਤਕੜੀ ‘ਚ ਤੋਲਣ ਦੀ ਸਮਝਦਾਰੀ ਤੋਂ ਨਿਖੇੜਾ ਕਰਦਾ ਹੈ।

ਸਭ ਤੋਂ ਜਰੂਰੀ ਗੱਲ ਫਰੰਟ ਨਿਰੋਲ ਸਿਆਸੀ ਮੁੱਦਿਆਂ ਤੇ ਸਿਆਸੀ ਸਰਗਰਮੀ ਕਰਨ ਦਾ ਪਲੇਟਫਾਰਮ ਹੋਵੇਗਾ। ਇਸ ਮੰਚ ਤੋਂ ਸਰਕਾਰ ਦੇ ਨੀਤੀ-ਚੌਖਟੇ ਦੀ ਆਲੋਚਨਾ ਕਰਦੇ ਹੋਏ ਵੱਖੋ-ਵੱਖ ਵਰਗਾਂ ਦੀਆਂ ਮੰਗਾਂ ਦੀ ਤਫਸੀਲ ਨਹੀਂ ਦਿੱਤੀ ਜਾਵੇਗੀ।

ਸਿਆਸੀ ਜਾਣਕਾਰਾਂ ਨੂੰ ਦੱਸ ਦੇਈਏ ਕਿ ਇਸ ਫਰੰਟ ਦਾ ਗਠਨ ਉਦੋਂ ਕੀਤਾ ਗਿਆ ਸੀ, ਜਦੋਂ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨਾਲ ਸਬੰਧਤ ਸੰਵਿਧਾਨਕ ਧਾਰਾਵਾਂ 370 ਤੇ 35 ਏ ਮਨਸੂਖ ਕਰਕੇ ਸੂਬੇ ਤੋਂ ਰਾਜ ਦਾ ਦਰਜਾ ਖੋਹ ਲਿਆ ਸੀ ਤੇ ਪ੍ਰਾਂਤ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚ ਵੰਡ ਦਿੱਤਾ ਸੀ। ਇਸ ਕਦਮ ਖ਼ਿਲਾਫ਼ ਫਰੰਟ ਨੇ ਉਦੋਂ ਸੂਬੇ ਦੇ ਸਾਰੇ ਭਾਗਾਂ ‘ਚ ਬਹੁਤ ਪ੍ਰਭਾਵਸ਼ਾਲੀ ਲਾਮਬੰਦੀ ਕੀਤੀ ਸੀ, ਜਿਸ ਦੀ ਦੇਸ਼- ਵਿਦੇਸ਼ ‘ਚ ਬਹੁਤ ਵਿਆਪਕ, ਹਾਂ-ਪੱਖੀ ਚਰਚਾ ਵੀ ਹੋਈ ਸੀ। ਫਰੰਟ ਨੇ ਕੁੱਝ-ਇਕ ਜਨ ਸੰਗਠਨਾਂ ਨਾਲ ਸਾਂਝ ਪਾ ਕੇ ਫ਼ਲਸਤੀਨੀਆਂ ਦੇ ਹੱਕ ‘ਚ ਤੇ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਖ਼ਿਲਾਫ਼ ਵੀ ਹੇਠਾਂ ਪੱਧਰ ‘ਤੇ ਬਹੁਤ ਸਫਲ ਐਕਸ਼ਨ ਕੀਤੇ ਸਨ।

See Also

ਪਿੱਛੋਂ ਇਹ ਮਹਿਸੂਸ ਕੀਤਾ ਗਿਆ ਕਿ ਪ੍ਰਾਂਤ ਦੀਆਂ ਖੱਬੀਆਂ ਪਾਰਟੀਆਂ ਨੂੰ ਆਰ.ਐਸ.ਐਸ. ਦੇ ਧਰਮ ਆਧਾਰਿਤ ਪਿਛਾਖੜੀ ਰਾਜ ਕਾਇਮ ਕਰਨ ਦੇ ਏਜੰਡੇ ਅਤੇ ਵਿਸ਼ੈਲੀ ਵਿਚਾਰਧਾਰਾ ਨੂੰ ਭਾਂਜ ਦੇਣ ਲਈ ਇਸ ਨਾਲ ਜੁੜੇ ਹਰ ਮੁੱਦੇ ‘ਤੇ ਸਾਂਝੀ ਰਾਇ ਬਨਾਉਣ ਤੇ ਇਕਜੁੱਟ ਸੰਗਰਾਮੀ ਦਖਲ ਦੀ ਉਸਾਰੀ ਕਰਨੀ ਅਜੋਕਾ ਪਲੇਠਾ ਤੇ ਮਹੱਤਵਪੂਰਨ ਕਾਰਜ ਹੈ। ਇਸੇ ਸਮਝਦਾਰੀ ਅਧੀਨ ‘ਫਰੰਟ’ ਦਾ ਪੁਨਰ ਗਠਨ ਕੀਤਾ ਗਿਆ ਹੈ। ਫਰੰਟ ਦੀ ਸਮਝਦਾਰੀ ਅਤੇ ਭਵਿੱਖੀ ਸਰਗਰਮੀਆਂ ਦੀ ਸੇਧ ਦਿੰਦਾ ਸਾਂਝਾ ਚੌਖਟਾ ਵੀ ਅਪਣਾਇਆ ਗਿਆ ਹੈ ਅਤੇ ਜ਼ਾਬਤਾ ਵੀ ਤੈਅ ਕੀਤਾ ਗਿਆ ਹੈ। ਤੈਅਸ਼ੁਦਾ ਚੌਖਟੇ ਮੁਤਾਬਕ, ਫਰੰਟ ਤੋਂ ਬਾਹਰ ਰਹਿ ਗਈਆਂ ਖੱਬੀਆਂ ਧਿਰਾਂ ਨੂੰ ਸ਼ਾਮਲ ਕਰਨ ਦੀ ਵੀ ਪੂਰੀ-ਪੂਰੀ ਗੁੰਜਾਇਸ਼ ਰੱਖੀ ਗਈ ਹੈ।

ਫਰੰਟ ਵਿੱਚ ਸ਼ਾਮਲ ਧਿਰਾਂ ਆਪਸੀ ਸਹਿਮਤੀ ਨਾਲ ਅਪਣਾਏ ਚੌਖਟੇ ਅਤੇ ਤੈਅਸ਼ੁਦਾ ਜਾਬਤੇ ਦੇ ਦਇਰੇ ‘ਚ ਵਿੱਚਰਣ ਦੀਆਂ ਪਾਬੰਦ ਹੋਣਗੀਆਂ। ਫੈਸਲੇ ਸਰਬ ਸੰਮਤੀ ਨਾਲ ਲਏ ਜਾਣਗੇ। ਪਰ ਕਿਸੇ ਮਸਲੇ ਦੀ ਵਿਸ਼ੇਸ਼ ਅਹਿਮੀਅਤ ਤੇ ਤੀਖਣਤਾ ਕਾਰਨ ਫੈਸਲਾ ਬਹੁ ਗਿਣਤੀ ਨਾਲ ਵੀ ਕੀਤਾ ਜਾ ਸਕੇਗਾ, ਲੇਕਿਨ ਇਸ ‘ਤੇ ਵੀ ਹੋਰ ਗਹਿਣ ਵਿਚਾਰ-ਵਟਾਂਦਰੇ ਨਾਲ ਆਮ ਸਹਿਮਤੀ ਕਾਇਮ ਕਰਨੀ ਜ਼ਰੂਰੀ ਹੋਵੇਗੀ। ਸਾਰੀਆਂ ਧਿਰਾਂ ਦੀ ਹੈਸੀਅਤ ਇਕ ਸਮਾਨ ਹੋਵੇਗੀ ਤੇ ਫੰਡ- ਖਰਚ ਵੀ ਬਰਾਬਰ ਦਿੱਤਾ ਜਾਵੇਗਾ। ਪ੍ਰੈਸ ਬਿਆਨ ਜਾਰੀ ਕਰਨ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਾਰੀ ਸਿਰ (ਰੋਟੇਸ਼ਨਲ) ਹੋਵੇਗੀ।

ਉਪਰੋਕਤ ਚੌਖਟੇ ਮੁਤਾਬਕ ਮੰਚ ਦੀ ਸਮਝਦਾਰੀ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਅਤੇ ਸ਼ਾਮਲ ਪਾਰਟੀਆਂ ਦੇ ਕਾਡਰ ਦੀ ਧੁਰ ਹੇਠਾਂ ਤੱਕ ਸਾਂਝ ਕਾਇਮ ਕਰਨ ਲਈ 15 ਜੁਲਾਈ ਤੋਂ 15 ਅਗਸਤ ਤੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕਰਨ ਦਾ ਨਿਰਣਾ ਲਿਆ ਗਿਆ ਸੀ। ਕੁੱਝ ਕੁ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਇਨ੍ਹਾਂ ਕਨਵੈਨਸ਼ਨਾਂ ਦੀ ਵਿਧੀਵਤ ਸ਼ੁਰੂਆਤ, ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ 31 ਜੁਲਾਈ ਤੋਂ ਹੋਈ ਸੀ। ਹੁਣ ਤਾਈਂ ਪਠਾਨਕੋਟ, ਗੁਰਦਾਸਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਤਰਨਤਾਰਨ ਸਾਹਿਬ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਰੂਪ ਨਗਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਕੀਤੀਆਂ ਜਾ ਚੁੱਕੀਆਂ ਹਨ। ਇੱਕ-ਅੱਧ ਜਿਲ੍ਹੇ ਨੂੰ ਛੱਡ ਕੇ ਬਾਕੀ ਥਾਈਂ ਇਹ ਕਨਵੈਨਸ਼ਨਾਂ ਹਾਜ਼ਰੀ ਅਤੇ ਸੁਨੇਹਾ ਦੇਣ ਪੱਖੋਂ ਵੱਡੀ ਹੱਦ ਤੱਕ ਸਫਲ ਰਹੀਆਂ ਹਨ। ਨੇੜ ਭਵਿੱਖ ‘ਚ ਮੀਟਿੰਗ ਸੱਦ ਕੇ ਅਗਲੇਰੀ ਰੂਪਰੇਖਾ ਉਲੀਕੀ ਜਾਵੇਗੀ।

ਸਮੂਹ ਪਾਰਟੀ ਕਮੇਟੀਆਂ ਨੂੰ ਫਰੰਟ ਦੇ ਐਕਸ਼ਨਾਂ ‘ਚ ਪੂਰੀ ਸ਼ਿੱਦਤ ਤੇ ਸੰਜ਼ੀਦਗੀ ਨਾਲ ਸ਼ਮੂਲੀਅਤ ਕਰਨੀ ਚਾਹੀਦੀ ਹੈ।

(24 ਅਗਸਤ 2025)

Scroll To Top