Author: admin

  • ਸੰਪਾਦਕੀ: ਜਮਹੂਰੀ ਲੀਹਾਂ ’ਤੇ ਸਾਂਝੇ ਘੋਲ ਲੜ ਕੇ ਹੀ ਹੋਣੀ ਹੈ ਘੱਟ ਗਿਣਤੀਆਂ ਦੇ ਹੱਕ-ਹਕੂਕ ਦੀ ਰਾਖੀ ਦੀ ਗਰੰਟੀ

    ਸੰਪਾਦਕੀ: ਜਮਹੂਰੀ ਲੀਹਾਂ ’ਤੇ ਸਾਂਝੇ ਘੋਲ ਲੜ ਕੇ ਹੀ ਹੋਣੀ ਹੈ ਘੱਟ ਗਿਣਤੀਆਂ ਦੇ ਹੱਕ-ਹਕੂਕ ਦੀ ਰਾਖੀ ਦੀ ਗਰੰਟੀ


    ਭਾਰਤ ਅੰਦਰ ਲੋਕ ਤੰਤਰ ਦੇ ਲਗਾਤਾਰ ਕਮਜ਼ੋਰ ਹੁੰਦੇ ਜਾਣ ਸਦਕਾ ਲੋਕ ਰਾਜੀ ਪ੍ਰੰਪਰਾਵਾਂ ਤੇਜ਼ੀ ਨਾਲ ਪੇਤਲੀਆਂ ਪੈਂਦੀਆਂ ਜਾ ਰਹੀਆਂ ਹਨ। ਨਾਜਾਇਜ਼ ਧਨ ਦੀ ਅੰਨ੍ਹੀ ਦੁਰਵਰਤੋਂ ਅਤੇ ਚੋਣ ਕਮਿਸ਼ਨ, ਸੀ.ਬੀ.ਆਈ. ਆਦਿ ਸੰਵਿਧਾਨਕ ਸੰਸਥਾਵਾਂ ਦਾ ਹਾਕਮ ਧਿਰ ਦੀਆਂ ਪਿਛਲੱਗ ਬਣ ਜਾਣ ਦੇ ਸਿੱਟੇ ਵਜੋਂ ‘‘ਲੋਕਾਂ ਦਾ, ਲੋਕਾਂ ਵੱਲੋਂ, ਲੋਕਾਂ ਲਈ’’ ਵਾਲਾ ਜਮਹੂਰੀ ਸੰਕਲਪ ਅਸਲੋਂ ਹੀ ਧੁੰਦਲਾ ਪੈ ਗਿਆ ਹੈ। ਕਾਰਪੋਰੇਟ ਘਰਾਣਿਆਂ ਤੇ ਧਨਾਢਾਂ ਨੇ, “ਆਪਣੇ ਹਿੱਤਾਂ’’ ਦੀ ਰਾਖੀ ਆਪ ਕਰਨ ਦੀ ਮੰਸ਼ਾ ਤਹਿਤ, ਵੱਖੋ-ਵੱਖ ਦਲਾਂ ਦੇ ਆਗੂਆਂ ਨੂੰ ‘ਚੰਦੇ’ ਵਜੋਂ ਭਾਰੀ ਰਕਮਾਂ ਦੇ ਕੇ ਚੁਣੇ ਹੋਏ ਅਦਾਰਿਆਂ ’ਚ ਆਪਣੇ ‘ਸੇਵਾਦਾਰ’ ਭੇਜਣ ਦੀ ਥਾਂ ਹੁਣ ਸਿੱਧੇ ਆਪ ਹੀ ਰਾਜਸੀ ਪਿੜ ’ਚ ਕੁੱਦਣ ਦਾ ਨਿਰਣਾ ਕਰ ਲਿਆ ਜਾਪਦਾ ਹੈ। ਨਵੰਬਰ ਮਹੀਨੇ ’ਚ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਕਈ ਰਾਜਾਂ ’ਚ ਖਾਲੀ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਸੀਟਾਂ ਲਈ ਹੋਣ ਜਾ ਰਹੀਆਂ ਉਪ ਚੋਣਾਂ ’ਚ ਵੀ ‘ਪੈਸੇ ਤੇ ਬਾਹੂਬਲ’ ਨੇ ਆਪਣਾ ਘਿ੍ਰਣਤ ਚਿਹਰਾ ਦਿਖਾਉਣਾ ਆਰੰਭ ਦਿੱਤਾ ਹੈ। ਇਸੇ ਕੜੀ ’ਚ ਸਰਹੱਦੀ ਸੂਬੇ ਪੰਜਾਬ ਦੀ ਤਰਨ ਤਾਰਨ ਵਿਧਾਨ ਸਭਾ ਸੀਟ ਦੀ ਵੀ ਉਪ ਚੋਣ ਹੋਣ ਜਾ ਰਹੀ ਹੈ। ‘ਆਪ’ ਕਾਂਗਰਸ, ਅਕਾਲੀ ਦਲ, ਭਾਜਪਾ ਸਮੇਤ ਕਈ ਸ਼ੱਕੀ ਕਿਰਾਦਾਰ ਵਾਲੇ ‘ਗਰਮ ਦਲੀਏ’ ਵੀ ਉਮੀਦਵਾਰਾਂ ਵਜੋਂ ਚੋਣ ਮੈਦਾਨ ’ਚ ਨਿੱਤਰੇ ਹੋਏ ਹਨ।
    ਪੰਜਾਬ ਅੰਦਰ, ਕੁੱਝ ਸਮੇਂ ਤੋਂ ਯੋਜਨਾਬੱਧ ਢੰਗ ਨਾਲ ਸ਼ੋਸ਼ਲ ਮੀਡੀਆ ਰਾਹੀਂ ਕੁੱਝ ਇਹੋ ਜਿਹੇ ਭੜਕਾਊ, ਗੈਰ ਜ਼ਿੰਮੇਵਾਰ ਤੇ ਦੁਖਦਾਈ ਬਿਰਤਾਂਤ ਸਿਰਜੇ ਜਾ ਰਹੇ ਹਨ, ਜੋ ਲੰਘੀ ਸਦੀ ਦੇ ਅੱਠਵੇਂ-ਨੌਵੇਂ ਦਹਾਕੇ ’ਚ ਦੇਖਣ-ਸੁਣਨ ਨੂੰ ਮਿਲਦੇ ਸਨ। ਆਪਣੀ ਉਮਰ ਦੇ ਦੂਜੇ ਤੇ ਤੀਜੇ ਦਹਾਕੇ ’ਚੋਂ ਲੰਘ ਰਹੀ ਅਜੋਕੀ ਨਵੀਂ ਪੀੜ੍ਹੀ ਨੂੰ ਉਸ ‘ਕਾਲੇ ਦੌਰ’ ਬਾਰੇ ਨਾ ਕੋਈ ਜਾਣਕਾਰੀ ਹੈ ਤੇ ਨਾ ਕੋਈ ਨਿਜੀ ਤਜ਼ਰਬਾ ਹੈ। ਉਹ, ਇਤਿਹਾਸ ਦੀਆਂ ਕਿਤਾਬਾਂ ਤੇ ਰਸਾਲੇ ਪੜ੍ਹ ਕੇ ਜਾਂ ਉਦੋਂ ਦੇ ਰਾਜਸੀ, ਸਮਾਜਿਕ, ਧਾਰਮਿਕ ਆਗੂਆਂ ਦੇ ਰਿਕਾਰਡ ਕੀਤੇ ਭਾਸ਼ਣਾਂ ’ਚ ਪ੍ਰਗਟਾਏ ਵਿਚਾਰਾਂ ਰਾਹੀਂ ਇਸ ਦੁਖਾਂਤ ਦੀ ਸਟੀਕ ਜਾਣਕਾਰੀ ਹਾਸਲ ਕਰ ਸਕਦੇ ਹਨ। ਪ੍ਰੰਤੂ ਵੱਡਾ ਦੁਖਾਂਤ ਇਹ ਵੀ ਹੈ ਕਿ ਸਹੀ ਜਾਣਕਾਰੀ ਦੇਣ ਵਾਲਾ ਦਰੁਸਤ ਤੇ ਸੰਤੁਲਤ ਇਤਿਹਾਸਕ ਬਿਰਤਾਂਤ ਸਿਰਜਣ ਦੀ ਥਾਂ ਬੜਾ ਕੁੱਝ ‘ਅੰਤਰਮੁਖਤਾ’ ਦੇ ਅਧੀਨ ਇਕ ਪਾਸੜ ਹੋ ਕੇ ਵੀ ਰਚਿਆ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਇਸ ’ਚੋਂ ਵੀ ਕੁੱਝ ਹਿੱਸਾ ਸੱਚ ਨੂੰ ਠੀਕ ਪਰਿਪੇਖ ਵਿਚ ਸਮਝਣ ਪੱਖੋਂ ਮਦਦਗਾਹ ਸਿੱਧ ਹੋ ਸਕਦਾ ਹੈ। ਕੁਲ ਮਿਲਾ ਕੇ ਨਵੀਂ ਪੀੜ੍ਹੀ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਾਉਣੀ ਕਾਫ਼ੀ ਕਠਿਨ ਕਾਰਜ ਹੈ। ਇਸੇ ਕਰਕੇ ਉਹ ਜਲਦੀ ਹੀ ਕਿਸੇ ਵੀ ‘ਉਲਾਰ ਸੋਚ’ ਜਾਂ ‘ਭੜਕਾਊ ਨਾਅਰਿਆਂ’ ਦੇ ਸ਼ਿਕਾਰ ਹੋ ਜਾਂਦੇ ਹਨ।
    ਕੌਮਾਂਤਰੀ ਪੱਧਰ ਦੀਆਂ ਪੰਜਾਬ ਦੋਖੀ, ਦੇਸ਼ ਵਿਰੋਧੀ ਤਾਕਤਾਂ ਸਾਡੇ ਸਮਾਜ, ਅਰਥਚਾਰੇ ਤੇ ਰਾਜਨੀਤੀ ’ਚ ਪਹਿਲਾਂ ਤੋਂ ਕਿਤੇ ਵਧੇਰੇ ਮਾਤਰਾ ’ਚ ਘੁਸਪੈਠ ਕਰ ਚੁੱਕੀਆਂ ਹਨ। ਧਰਮ ਦੇ ਬੁਰਕੇ ਹੇਠ ਲੁਕੀਆਂ ਇਹ ਮਾਨਵਤਾ ਦੋਖੀ ਤਾਕਤਾਂ ਪੈਸਾ ਤੇ ਹੋਰ ਕਈ ਤਰ੍ਹਾਂ ਦੇ ਲਾਲਚ ਦੇ ਕੇ ਨੌਜਵਾਨ ਪੀੜ੍ਹੀ ਨੂੰ ਵਰਗਲਾਉਣ ਤੇ ਹਿੰਸਾ ਦੇ ਰਾਹ ਤੋਰਨ ਦਾ ਯਤਨ ਕਰਦੀਆਂ ਹਨ। ਸਾਮਰਾਜੀ ਦੇਸ਼ਾਂ, ਖਾਸ ਕਰਕੇ ਅਮਰੀਕਾ ਦੇ ਰਾਜਸੀ ਨੇਤਾਵਾਂ ਵੱਲੋਂ ਜਿਵੇਂ ਭਾਰਤ ਦੇ ਸਿਆਸੀ ਤੇ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਆਰਥਿਕ ਖੇਤਰ ’ਚ ਦਖ਼ਲ ਅੰਦਾਜ਼ੀ ਰਾਹੀਂ ਅਸਥਿਰਤਾ ਦਾ ਮਹੌਲ ਸਿਰਜਿਆ ਜਾ ਰਿਹਾ ਹੈ, ਉਹ ਸਾਡੇ ਦੇਸ਼ ਲਈ ਵੱਡੇ ਖਤਰਿਆਂ ਦੀ ਆਮਦ ਦਾ ਸਪੱਸ਼ਟ ਇਸ਼ਾਰਾ ਹੈ। ਦੇਸ਼ ਦੇ ਮੌਜੂਦਾ ਹਾਕਮਾਂ ਨੇ ਆਪਣੀ ਸੱਜੇ ਪੱਖੀ ਸੰਕੀਰਨ ਪਹੁੰਚ ਕਾਰਨ ਤੇ ਸਾਮਰਾਜੀਆਂ ਨਾਲ ਰਿਸ਼ਤਿਆਂ ਦੇ ਦਬਾਅ ਹੇਠ ਬਿਨਾਂ ਕਿਸੇ ਵੱਡੇ ਕਾਰਨ ਦੇ ਬਹੁਤ ਸਾਰੇ ਗੁਆਂਢੀ ਦੇਸ਼ਾਂ ਨੂੰ ਦੁਸ਼ਮਣਾਂ ਦੀ ਕਤਾਰ ’ਚ ਖੜ੍ਹੇ ਕਰ ਲਿਆ ਹੈ। ਖੇਡਾਂ ਨੂੰ ਵੀ ਆਪਸੀ ਮਿੱਤਰਤਾ ਵਧਾਉਣ ਦੀ ਥਾਂ ਫਿਰਕੂ ਨਫ਼ਰਤ ਪੈਦਾ ਕਰਨ ਦਾ ਮਾਧਿਅਮ ਬਣਾ ਦਿੱਤਾ ਗਿਆ ਹੈ। ਇਸ ਹਾਲਾਤ ’ਚ ਵਿਦੇਸ਼ੀ ਤਾਕਤਾਂ ਦੇ ਹੱਥਠੋਕੇ ਤੱਤਾਂ ਵੱਲੋਂ ਪੰਜਾਬ ਅੰਦਰ ਹਿੰਸਕ ਕਾਰਵਾਈਆਂ ਕਰਨ ਦੀਆਂ ਯੋਜਨਾਵਾਂ ਘੜੇ ਜਾਣਾ ਤੇ ਇਸ ਵਿਉਂਤਬੰਦੀ ਦੀ ਸਫਲਤਾ ਲਈ ਖਤਰਨਾਕ ਹਥਿਆਰਾਂ ਦੀਆ ਖੇਪਾਂ ਦਾ ਫੜ੍ਹਿਆ ਜਾਣਾ ਸਭਨਾਂ ਲਈ ਵਡੇਰੀ ਚਿੰਤਾ ਦਾ ਵਿਸ਼ਾ ਹੈ।
    ਸ਼ੋਸ਼ਲ ਮੀਡੀਆ ’ਤੇ ਲੰਘੀ ਸਦੀ ਦੇ ਅੱਠਵੇਂ-ਨੌਵੇ ਦਹਾਕੇ ਦੇ ਪੰਜਾਬ ਦੇ ਕਾਲੇ ਦੌਰ ਦੇ ਕਈ ਸਰਗਰਮ ਪਾਤਰਾਂ ਯਾਨਿ ਆਤੰਕਵਾਦੀਆਂ ਦੀਆਂ ਤਸਵੀਰਾਂ ਦਿਖਾਉਣ ਤੇ ਮਨੁੱਖਤਾ ਦੇ ਇਨ੍ਹਾਂ ਕਾਤਲਾਂ ਦਾ ਗੁਣਗਾਨ ਕਰਨ ਦੀ ਦੌੜ ਲੱਗੀ ਹੋਈ ਹੈ। ਅੱਤਵਾਦੀਆਂ ਹੱਥੋਂ ਮਾਰੇ ਗਏ 26 ਹਜ਼ਾਰ ਬੇਗੁਨਾਹ ਪੰਜਾਬੀਆਂ ਅਤੇ ਪੁਲਸ, ਫੌਜ ਤੇ ਨੀਮ ਫੌਜੀ ਦਲਾਂ ਹੱਥੋਂ ਨਿਰਦੋਸ਼ਾਂ ਦੇ ਮਾਰੇ ਜਾਣ ਦੀਆਂ ਦਿਲ ਕੰਬਾਊ ਵਾਰਦਾਤਾਂ ਦੀ ਮਨੋ ਕਲਪਿਤ ਵਿਆਖਿਆ ਕਰਦੀਆਂ ਕਥਾ-ਕਹਾਣੀਆਂ, ਅਗਿਆਨਤਾ ਵੱਸ ਤੇ ਉਲਾਰੂ ਸੋਚ ਦੇ ਨਤੀਜੇ ਵਜੋਂ ਆਮ ਆਦਮੀ ਨੂੰ ‘ਸਹੀ-ਗਲਤ’ ਵਿਚਲਾ ਫਰਕ ਸਮਝਣ ਦੇ ਅਸਮਰੱਥ ਬਣਾ ਰਹੀਆਂ ਹਨ। ਜਿਵੇਂ ‘ਹਥਿਆਰਬੰਦ ਗ੍ਰੋਹਾਂ’ ਵੱਲੋਂ ਬੇਕਸੂਰ ਲੋਕਾਂ ਦਾ ਕਤਲੇਆਮ ਬੱਜਰ ਗੁਨਾਹ ਹੈ, ਉਵੇਂ ਹੀ ਕਿਸੇ ਬੇਗੁਨਾਹ ਨੌਜਵਾਨ ਨੂੰ ਪੁਲਸ-ਫੌਜ ਵਲੋਂ ਮੌਤ ਦੇ ਘਾਟ ਉਤਾਰਿਆ ਜਾਣਾ ਵੀ ਹੱਕ ਵਜ਼ਾਨਬ ਨਹੀਂ ਕਿਹਾ ਜਾ ਸਕਦਾ। ਨਾਲ ਹੀ ਉਦੋਂ ਦੀਆਂ ਗੁੰਝਲਦਾਰ ਪ੍ਰਸਥਿਤੀਆਂ ਅੰਦਰ ਦਰਜ਼ਨਾਂ ਲੋਕਾਂ ਦੇ ਕਤਲ ਕਰਨ ਦਾ ਦਾਅਵਾ ਠੋਕਣ ਵਾਲੇ ਕਿਸੇ ਬੰਦੇ ਦੇ ਮਾਰੇ ਜਾਣ ’ਤੇ ਹੰਝੂ ਵਹਾਉਣਾ ਵੀ ਜਾਇਜ਼ ਨਹੀਂ ਠਹਿਰਾਇਆ ਜਾਣਾ ਚਾਹੀਦਾ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦਾ ਉਸ ਦੇ ਦੋ ਸੁਰੱਖਿਆ ਗਾਰਡਾਂ ਵੱਲੋਂ ਕੀਤਾ ਗਿਆ ਕਤਲ, ਜੇਕਰ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਤੇ ਮਾਨਵੀ ਤਕਾਜ਼ਿਆਂ ਦੀ ਕਸਵੱਟੀ ’ਤੇ ਖਰਾ ਨਹੀਂ ਉੱਤਰਦਾ, ਤਾਂ ਇਸ ਜ਼ੁਰਮ ਦੀ ਸਜ਼ਾ ਵਜੋਂ ਦਿੱਲੀ ਤੇ ਦੇਸ਼ ਦੇ ਹੋਰਨਾ ਥਾਵਾਂ ’ਤੇ ਹਜ਼ਾਰਾਂ ਸਿੱਖਾਂ ਦਾ ਵਹਾਇਆ ਗਿਆ ਖੂਨ ਵੀ ਕਿਸ ਅਧਾਰ ’ਤੇ ਨਿਆਂ ਸੰਗਤ ਕਿਹਾ ਜਾ ਸਕਦਾ ਹੈ? ਅਸਾਨੂੰ ਅਤੀਤ ਦੇ ਦੁਖਾਂਤਾਂ ਨੂੰ ਮੌਜੂਦਾ ਦੌਰ ’ਚ ਦਰਪੇਸ਼ ਨਵੇਂ ਖਤਰਿਆਂ ਦੀ ਰੌਸ਼ਨੀ ’ਚ ਭੁਲਾਉਣਾ ਹੋਵੇਗਾ ਤੇ ਨਵੇਂ ਦੌਰ ਨਾਲ ਮੇਚਵੀਆਂ ਸਹੀ ਰਾਜਸੀ-ਵਿਚਾਰਧਾਰਕ ਸੇਧਾਂ ਤੈਅ ਕਰਨੀਆਂ ਹੋਣਗੀਆਂ। ਉਸ ਦੌਰ ’ਚ ਹੋਏ ਵਾਪਰੇ ਲਈ ਸਾਮਰਾਜ, ਹਿੰਸਾ ਭੜਕਾਊ ਫਿਰਕੂ ਤੱਤ ਤੇ ਸਮੇਂ ਦੇ ਹੁਕਮਰਾਨ ਬਰਾਬਰ ਦੇ ਦੋਸ਼ੀ ਹਨ। ਦੋਸ਼ੀ ਉਹ ਲੋਕ ਵੀ ਹਨ, ਜਿਨ੍ਹਾਂ ਨੇ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਜਾਂ ਰਾਜਸੀ ਜੋੜ-ਘਟਾਓ ਤਹਿਤ ਸੱਚ ਕਹਿਣ ਦੀ ਹਿੰਮਤ ਨਹੀਂ ਸੀ ਦਿਖਾਈ ਤੇ ਡੰਗ ਟਪਾਊ ਵਤੀਰਾ ਧਾਰਨ ਕਰੀ ਰੱਖਿਆ ਸੀ। ਇੱਥੇ ਇਹ ਨੋਟ ਕਰਨ ਯੋਗ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਕਈ ਵਾਰ ਓਪਰੇਸ਼ਨ ਬਲਿਊ ਸਟਾਰ ਤੇ ਸਿੱਖਾਂ ਦੇ ਕਤਲੇਆਮ ਲਈ ਮੁਆਫ਼ੀ ਮੰਗੀ ਹੈ ਤੇ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਇਨ੍ਹਾਂ ਗੁਨਾਹਾਂ ਦੀ ਕਦੀ ਜੈ-ਜੈ ਕਾਰ ਕਰਦਾ ਵੀ ਨਹੀਂ ਦੇਖਿਆ ਗਿਆ। ਪ੍ਰੰਤੂ ਇਹ ਡਾਢੇ ਅਫਸੋਸ ਦੀ ਗੱਲ ਹੈ ਕਿ ਅੱਤਵਾਦੀ ਤੱਤਾਂ, ਜਿਨ੍ਹਾਂ ਨੇ ਸ਼ਰ੍ਹੇਆਮ ਬੱਸਾਂ-ਰੇਲਾਂ ’ਚੋਂ ਲਾਹ ਕੇ ਤੇ ਅਮਨ-ਅਮਾਨ ਨਾਲ ਜੀਵਨ ਬਸਰ ਕਰਦੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ, ਦਾ ਕੁੱਝ ਲੋਕਾ ਵੱਲੋਂ ਗੁਣਗਾਨ ਕੀਤਾ ਜਾਣਾ ਨਿਰੰਤਰ ਜਾਰੀ ਹੈ। ਇਨ੍ਹਾਂ ’ਚ ਸਿੱਖ ਧਰਮ ਦੀਆਂ ਉਚ ਦਰਜੇ ਦੀਆਂ ਕਈ ਸੰਸਥਾਵਾਂ ਤੇ ਸਿੱਖਾਂ ਦੇ ਰਾਜਸੀ ਆਗੂ ਵੀ ਸ਼ਾਮਿਲ ਹਨ। ਅੱਜ, ਲੰਘੀ ਸਦੀ ਦੇ ਅੰਤਲੇ ਦੋ ਦਹਾਕਿਆਂ ਦੌਰਾਨ ਵਾਪਰੇ ਉਸ ਸਾਰੇ ਭਿਆਨਕ ਘਟਨਾਕ੍ਰਮ ਤੋਂ ਲੋੜੀਂਦੇ ਸਬਕ ਸਿੱਖ ਕੇ ਚੰਗੇ ਭਵਿੱਖ ਵੱਲ ਵੱਧਣ ਦੀ ਤਰਕੀਬ ਸੋਚੇ ਜਾਣ ਦੀ ਲੋੜ ਹੈ। ਕਿਉਂਕਿ ਇਕ ਪਾਸੇ ਕੇਂਦਰੀ ਸਰਕਾਰ ਦੀਆਂ ਸਾਮਰਾਜ ਹਿਮਾਇਤੀ ਤੇ ਕਾਰਪੋਰੇਟ ਪ੍ਰਸਤ ਆਰਥਿਕ-ਸਨਅਤੀ ਨੀਤੀਆਂ ਦੇ ਸਿੱਟੇ ਵਜੋਂ ਮਹਿੰਗਾਈ, ਬੇਰੁਜ਼ਗਾਰੀ ਤੇ ਗਰੀਬੀ ਨੇ ਆਮ ਲੋਕਾਂ ਦਾ ਕਚੂੰਮਰ ਕੱਢਿਆ ਹੋਇਆ ਹੈ। ਦੂਜੇ ਪਾਸੇ ਆਰ.ਐਸ.ਐਸ. ਦੇ ਹੁਕਮਾਂ ਦੀ ਬੱਧੀ ਮੋਦੀ ਸਰਕਾਰ ਦੇਸ਼ ਦਾ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚਾ ਤਬਾਹ ਕਰਕੇ ਮਨੂੰਵਾਦੀ ਵਿਵਸਥਾ ਦੀ ਤਰਜ਼ਮਾਨੀ ਕਰਦਾ ਨਵਾਂ ਸੰਵਿਧਾਨ ਲਾਗੂ ਕਰਨ ਲਈ ਪੱਬਾਂ ਭਾਰ ਹੈ। ਸੰਘ ਪਰਿਵਾਰ ਵੱਲੋਂ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਕੀਤੇ ਜਾ ਰਹੇ ਹੱਲਿਆਂ ’ਚ ਮੁਸਲਮਾਨਾਂ ਤੇ ਇਸਾਈਆਂ ਤੋਂ ਪਿੱਛੋਂ ਹੁਣ ਬੋਧੀਆਂ (ਲੱਦਾਖ) ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਦੇਰ-ਸਵੇਰ ਸਿੱਖ ਭਾਈਚਾਰਾ ਵੀ ਇਸੇ ਕਤਾਰ ’ਚ ਖੜ੍ਹਾ ਨਜ਼ਰ ਆਵੇਗਾ। ਅਜਿਹੇ ਸਮੇਂ ਪੰਜਾਬ ’ਚ ਐਸੇ ਲੋਕਾਂ ਦੀ ਜਨਤਕ ਹਮਾਇਤ ’ਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ, ਜੋ ‘ਸਿੱਖਾਂ ਦੀ ਫਰਜ਼ੀ ਗੁਲਾਮੀ’ ਦਾ ਬਿਰਤਾਂਤ ਸਿਰਜ ਕੇ ‘ਵੱਖਰੇ ਸਿੱਖ ਰਾਜ’ ਭਾਵ ਖਾਲਿਸਤਾਨ ਦੀ ਕਾਇਮੀ ਦੇ ਬੇਲੋੜੇ ਤੇ ਭੜਕਾਊ ਨਾਅਰੇ ਲਗਾ ਕੇ ਸਿੱਖਾਂ ਦੇ ਇਕ ਹਿੱਸੇ, ਖਾਸ ਕਰਕੇ ਨੌਜਵਾਨਾਂ ਨੂੰ ਵਰਗਲਾ ਕੇ ਕੁਰਾਹੇ ਪਾ ਰਹੇ ਹਨ। ਸਰਮਾਏਦਾਰ-ਜਗੀਰਦਾਰ ਲੋਟੂ ਪ੍ਰਬੰਧ ਦੀ ਲੁੱਟ-ਖਸੁੱਟ ਨਾਲ ਦੇਸ਼ ਦੇ ਸਮੁੱਚੇ ਕਿਰਤੀ ਵਰਗ ਦੀ ਗੁਲਾਮੀ (ਉਜ਼ਰਤੀ ਗੁਲਾਮੀ) ਨੂੰ ਕਿਸੇ ਵੀ ਵਿਸ਼ੇਸ਼ ਧਰਮ ਜਾਂ ਫਿਰਕੇ ਦੀ ਗੁਲਾਮੀ ਨਾਲ ਜੋੜਨਾ ਕਿਵੇਂ ਵੀ ਤਰਕ ਸੰਗਤ ਨਹੀਂ ਹੈ। ਕਿਸੇ ਵੀ ਘੱਟ ਗਿਣਤੀ ਫਿਰਕੇ ਨਾਲ ਹੋਈ ਕਿਸੇ ਵੀ ਬੇਇਨਸਾਫ਼ੀ ਦਾ ਟਾਕਰਾ ਵੱਖੋ-ਵੱਖ ਧਰਮਾਂ, ਜਾਤਾਂ, ਇਲਾਕਿਆਂ ਤੇ ਸੱਭਿਆਚਾਰਾਂ ਨਾਲ ਸਬੰਧਤ ਜਨ ਸਮੂਹਾਂ ਦੀ ਵਿਸ਼ਾਲ ਏਕਤਾ ਤੇ ਸੰਘਰਸ਼ ਰਾਹੀਂ ਹੀ ਕੀਤਾ ਜਾ ਸਕਦਾ ਹੈ। ਇਸ ਸਿਲਸਿਲੇ ’ਚ ਕੁੱਝ ਨਾਮ ਨਿਹਾਦ ‘ਹਿੰਦੂ ਧਾਰਮਿਕ ਨੇਤਾਵਾਂ’ ਵੱਲੋਂ ਹਿੰਦੂ ਧਰਮ ਨੂੰ ਦਰਪੇਸ਼ ਨਕਲੀ ‘ਖਤਰੇ’ ਦੀ ਦੁਹਾਈ ਦੇ ਕੇ ਮੁਸਲਮਾਨਾਂ, ਈਸਾਈਆਂ ਤੇ ਹੋਰ ਅਕਲੀਅਤਾਂ ਵਿਰੁੱਧ ਕੀਤੀ ਜਾ ਰਹੀ ਭੱਦੀ ਤੇ ਇਤਰਾਜ਼ਯੋਗ ਬਿਆਨਬਾਜ਼ੀ ‘ਬਲਦੀ ’ਤੇ ਤੇਲ ਪਾਉਣ’ ਦਾ ਕੰਮ ਕਰ ਰਹੀ ਹੈ।
    ਫਿਕਰਮੰਦੀ ਦਾ ਇਕ ਵਿਸ਼ਾ ਹੋਰ ਵੀ ਹੈ। ਪੰਜਾਬ ਦੇ ਜ਼ਿਆਦਾਤਰ ਸਿਆਸੀ ਆਗੂ ਤੇ ਨੌਕਰਸ਼ਾਹ ਭਿ੍ਰਸ਼ਟਾਚਾਰ ਦੀ ਵਗਦੀ ਗੰਗਾ ’ਚ ਹੱਥ ਧੋ ਕੇ ਕਿਸੇ ਵੀ ਢੰਗ ਨਾਲ ਅਮੀਰ ਬਣਨ ਦੀ ਦੌੜ ’ਚ ਬਾਕੀਆਂ ਤੋਂ ਅੱਗੇ ਨਿਕਲ ਜਾਣ ਦੀ ਤਾਕ ’ਚ ਬੈਠੇ ਹਨ। ਸੀ.ਬੀ.ਆਈ. ਵੱਲੋਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਘਰੋਂ ਫੜ੍ਹੀ ਗਈ ਕਰੋੜਾਂ ਰੁਪਏ ਦੀ ਨਕਦੀ, ਕਿਲੋਆਂ ਦੇ ਹਿਸਾਬ ਨਾਲ ਸੋਨਾ ਤੇ ਵੱਡੀ ਮਿਕਦਾਰ ’ਚ ਬਣਾਈ ਚਲ-ਅਚੱਲ ਜਾਇਦਾਦ ਦੇ ਕਾਗਜ਼ਾਤ ਸਾਡੇ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੇ ਭਿ੍ਰਸ਼ਟ ਤੰਤਰ ਦਾ ਇਕ ਛੋਟਾ ਜਿਹਾ ਟ੍ਰੇਲਰ ਹੀ ਹੈ।
    ਡੀ.ਆਈ.ਜੀ. ਭੁੱਲਰ ਤੋਂ ਬਰਾਮਦ ਹੋਈ ਨਗਦੀ ਕਿਸੇ ਬੈਂਕ ’ਚ ਜਮ੍ਹਾਂ ਕਰਵਾਉਣ ਜਾਂ ਕੋਈ ਜਾਇਦਾਦ ਖਰੀਦਣ ਨਾਲੋਂ ‘ਭਿ੍ਰਸ਼ਟਾਚਾਰ ਦੇ ਕਾਰਖਾਨੇ’ ’ਚ ਉਸਦੇ ਭਾਗੀਦਾਰ ਰਾਜਨੀਤੀਵਾਨਾਂ ਜਾਂ ਅਫਸਰਸ਼ਾਹ ਮਿੱਤਰਾਂ ਨੂੰ ਨਕਦ ਅਦਾਇਗੀ ਕਰਨ ਦੇ ਇਰਾਦੇ ਨਾਲ ਜਮਾਂ ਕੀਤੀ ਗਈ ਵਧੇਰੇ ਜਾਪਦੀ ਹੈ। ਤਰਨ ਤਾਰਨ ਦੀ ਜ਼ਿਮਨੀ ਚੋਣ ਵੀ ਤਾਂ ਸਿਰ ’ਤੇ ਖੜ੍ਹੀ ਹੈ!
    ਸਰਹੱਦੀ ਸੂਬਾ ਪੰਜਾਬ ਮੂਲ ਰੂਪ ’ਚ ਚੌਤਰਫਾ ਸੰਕਟਾਂ ’ਚ ਘਿਰਿਆ ਹੋਇਆ ਹੈ। ਤਰਨ ਤਾਰਨ ਹਲਕੇ ਦੀ ਉਪ ਚੋਣ ’ਚ ਰਵਾਇਤੀ ਦਲਾਂ ਦੇ ਉਮੀਦਵਾਰਾਂ ਦੇ ਨਾਲ ਹੀ ‘ਵਾਰਿਸ ਪੰਜਾਬ ਦੇ’ ਤੇ ਇਸ ਵਰਗੇ ਕੁੱਝ ਹੋਰ ਧਾਰਮਿਕ ਅਦਾਰਿਆਂ ਵੱਲੋਂ ਖੜ੍ਹਾ ਕੀਤਾ ਮਨਦੀਪ ਸਿੰਘ ਵੀ ਚੋਣ ਪਿੜ ’ਚ ਨਿੱਤਰਿਆ ਹੋਇਆ ਹੈ। ਉਸ ਦਾ ਰਾਜਨੀਤਕ ਕਿਰਦਾਰ ਜਾਂ ਗੁਣ ਸਿਰਫ ਇਕ ਅਜਿਹੇ ਆਦਮੀ ਦਾ ਭਰਾ ਹੋਣਾ ਹੀ ਹੈ, ਜੋ ਆਪਣੀ ਹਿੰਸਕ ਪ੍ਰਵਿਰਤੀ ਤੇ ਸੰਕੀਰਨ ਸੋਚ ਅਧੀਨ ਪਹਿਲਾਂ ਇਕ ਕਥਿਤ ‘ਹਿੰਦੂ ਲੀਡਰ’ ਦੇ ਕਤਲ ਦੇ ਦੋਸ਼ ’ਚ ਤੇ ਪਿੱਛੋਂ ਆਪਣੀ ਡਿਊਟੀ ਦੌਰਾਨ ਬੇਗੁਨਾਹਾਂ ਦੇ ਕਤਲਾਂ ਦੇ ਦੋਸ਼ ਅਧੀਨ ਜੇਲ੍ਹ ਅੰਦਰ ਉਮਰ ਕੈਦ ਦੀ ਸਜ਼ਾ ਕੱਟ ਰਹੇ ਇਕ ਪੁਲਸ ਅਧਿਕਾਰੀ ਨੂੰ ਮਾਰਨ ਦੇ ਦੋਸ਼ ’ਚ ਸਲਾਖਾਂ ਪਿੱਛੇ ਡੱਕਿਆ ਹੋਇਆ ਹੈ। ਅਦਾਲਤ ਵੱਲੋਂ ਸੁਣਾਈ ਸਜ਼ਾ ਕਾਰਨ ਜੇਲ੍ਹ ’ਚ ਉਮਰ ਕੈਦ ਕੱਟ ਰਹੇ ਮਰਹੂਮ ਪੁਲਿਸ ਅਧਿਕਾਰੀ ਜਾਂ ਗੈਰ ਜ਼ਿੰਮੇਵਾਰ ਫਿਰਕੂ ਨਫ਼ਰਤੀ ਪ੍ਰਚਾਰ ਕਰਨ ਵਾਲੇ ਨਾਮ ਨਿਹਾਦ ‘ਹਿੰਦੂ ਸ਼ਿਵ ਸੈਨਾ’ ਦੇ ਨੇਤਾ ਦੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਜਾਂ ਵਿਚਾਰਧਾਰਾ ਨਾਲ ਕਿਸੇ ਸੂਝਵਾਨ ਵਿਅਕਤੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪ੍ਰੰਤੂ ਜੇਕਰ ਬੇਗੁਨਾਹਾਂ ਦੇ ਕਾਤਲ ਕਿਸੇ ਸਜ਼ਾ ਯਾਫ਼ਤਾ ਨੂੰ ਬਦਲੇ ਦੀ ਭਾਵਨਾ ਨਾਲ ਮਾਰ ਦੇਣ ਦਾ ਜ਼ਿੰਮਾ ‘ਸਧਾਰਣ ਆਦਮੀ’ ਨੂੰ ਸੌਂਪ ਦਿੱਤਾ ਗਿਆ, ਤਾਂ ਸਮਾਜ ਅੰਦਰ ਅਜਿਹੀ ਅਰਾਜਕਤਾ ਫੈਲੇਗੀ, ਜਿਸ ਦੀ ਆੜ ’ਚ ਸੱਤਾ ਵੱਲੋਂ ਕੀਤੀ ਜਾਣ ਵਾਲੀ ਹਿੰਸਾ ਦਾ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਦੇ ਨਾਲ-ਨਾਲ ਧਾਰਮਿਕ ਘੱਟ ਗਿਣਤੀਆਂ ਤੇ ਅਗਾਂਹਵਧੂ ਧਿਰਾਂ ਨੂੰ ਹੀ ਭੁਗਤਣਾ ਪਵੇਗਾ। ਖਾਸ ਤੌਰ ’ਤੇ ਉਦੋਂ, ਜਦੋਂ ਫਿਰਕੂ-ਫਾਸ਼ੀ ਤਾਕਤਾਂ ਬਹੁ ਗਿਣਤੀ ਵਸੋਂ ਦੀਆਂ ਧਾਰਮਿਕ ਭਾਵਨਾਵਾਂ ਦੀ ਵਰਤੋਂ ਕਰਕੇ ਸੱਤਾ ’ਤੇ ਕਬਜ਼ਾ ਜਮਾਈ ਬੈਠੀਆਂ ਹਨ। ਅਜੋਕੇ ਰਾਜਸੀ ਹਾਲਾਤ ਅਤੇ ਤਾਕਤਾਂ ਦੇ ਮੌਜੂਦਾ ਤੋਲ ਨੂੰ ਦੇਖਦਿਆਂ ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੇ ਸਪੁਰਦ ਕਰਨਾ ਲੁਟੇਰੀਆਂ ਹਾਕਮ ਧਿਰਾਂ ਲਈ ਤਾਂ ਫਾਇਦੇਮੰਦ ਹੋ ਸਕਦਾ ਹੈ, ਪੰਤੂ ਮਜ਼ਲੂਮ ਲੋਕਾਈ ਲਈ ਇਹ ਸੌਦਾ ਬਹੁਤ ਮਹਿੰਗਾ ਸਿੱਧ ਹੋ ਸਕਦਾ ਹੈ। ਇਸ ਸਮੁੱਚੇ ਘਟਨਾਕ੍ਰਮ ’ਚ ਵੱਖੋ-ਵੱਖ ਰੰਗਾਂ ਦੇ ਫਿਰਕੂ ਤੇ ਸ਼ਰਾਰਤੀ ਟੋਲਿਆਂ ਦੇ ਨਾਲ-ਨਾਲ ਸਰਕਾਰੀ ਏਜੰਸੀਆਂ ਦੀ ਭੂਮਿਕਾ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
    ਤਰਨ ਤਾਰਨ ਦੀ ਉਪ ਚੋਣ ਦੇ ਨਤੀਜੇ ਨੇ ਪੰਜਾਬ ਅੰਦਰ ਮੌਜੂਦਾ ਸਰਕਾਰ ਦੀ ਤਬਦੀਲੀ ਨੂੰ ਤੈਅ ਨਹੀਂ ਕਰਨਾ, ਬਲਕਿ ਇਸ ਸਰਹੱਦੀ ਪ੍ਰਾਂਤ ਅੰਦਰ ਆਮ ਲੋਕਾਂ, ਖਾਸ ਕਰਕੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਦਰਸਾਉਣ ਦਾ ਸਬੱਬ ਜ਼ਰੂਰ ਬਣਨਾ ਹੈ। ਕੀ ਤਰਨ ਤਾਰਨ ਹਲਕੇ ਦੇ ਲੋਕ ਮੌਜੂਦਾ ਫਿਰਕੂ, ਉਕਸਾਊ ਤੇ ਭੜਕਾਊ ਮਹੌਲ ਅੰਦਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਮੱਤ ਨਾਲ ਪਿਛਲੀ ਸਦੀ ਦੇ ਅੰਤਲੇ ਦੋ ਦਹਾਕਿਆਂ ’ਚ ਵਾਪਰੇ ਦੁਖਾਂਤ ਵੱਲ ਮੁੜ ਜਾਣ ਲਈ ਪ੍ਰੇਰਤ ਕਰਨਗੇ? ਜਾਂ ਫਿਰ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਤਿਗੁਰੂ ਨਾਨਕ ਵੱਲੋਂ ਦਿਖਾਏ ਮਾਨਵੀ ਰਸਤੇ ਅਤੇ ਗ਼ਦਰੀ ਬਾਬਿਆਂ ਵੱਲੋਂ ਸਿਰਜੇ ਗਏ ਕੁਰਬਾਨੀਆਂ ਦੇ ਮਾਣਮੱਤੇ ਇਤਿਹਾਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਦੇਸ਼ ਪੱਧਰ ’ਤੇ ਅਗਾਂਹ ਵਧੂ ਲਹਿਰ ਅੰਦਰ ਆਗੂ ਭੂਮਿਕਾ ਅਦਾ ਕਰਨ ਵਾਲੇ ਪਾਸੇ ਤੋਰਨ ਦਾ ਯਤਨ ਕਰਨਗੇ? ਦੇਸ਼ ਅੰਦਰ ਸਾਮਰਾਜ ਪ੍ਰਸਤ ਤੇ ਸੱਜ ਪਿਛਾਖੜੀ ਵਿਚਾਰਧਾਰਾ ਦੇ ਅਨੁਆਈ ਲੋਕਾਂ ਹੱਥ ਸੱਤਾ ਦੀ ਵਾਗਡੋਰ ਆ ਜਾਣ ਤੋਂ ਬਾਅਦ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਤੇ ਸ਼ਹੀਦ ਊਧਮ ਸਿੰਘ ਸੁਨਾਮ ਵੱਲੋਂ ਧਰਮ ਨਿਰਪੱਖ, ਜਮਹੂਰੀ ਤੇ ਸਰਬੱਤ ਦੇ ਭਲੇ ਵਾਲਾ ਰਾਜ ਸਥਾਪਤ ਕਰਨ ਲਈ ਪਾਈਆਂ ਪਿਰਤਾਂ ਨੂੰ ਅੱਗੇ ਵਧਾਉਣ ਲਈ ਪੰਜਾਬ ਵਾਸੀਆਂ, ਖਾਸਕਰ ਸਿੱਖਾਂ ਵੱਲ ਦੇਸ਼ ਭਰ ਦੇ ਲੋਕ ਮੋਹ ਤੇ ਆਸ਼ਾ ਭਰੀਆਂ ਨਜ਼ਰਾਂ ਨਾਲ ਟਿਕਟਿਕੀ ਲਗਾਈ ਬੈਠੇ ਹਨ।

    • ਮੰਗਤ ਰਾਮ ਪਾਸਲਾ (23 ਅਕਤੂਬਰ 2025)
  • ਚੌਥੇ ਦਿਨ ਧਰਨਾ ਕੀਤਾ ਸਮਾਪਤ

    ਚੌਥੇ ਦਿਨ ਧਰਨਾ ਕੀਤਾ ਸਮਾਪਤ

    ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਤਹਿਸੀਲ ਇਕਾਈ ਬਾਬਾ ਬਕਾਲਾ ਸਾਹਿਬ ਵੱਲੋਂ ਸਥਾਨਕ ਡੀਐੱਸਪੀ ਦੇ ਦਫ਼ਤਰ ਸਾਹਮਣੇ ਪਿਛਲੇ ਤਿੰਨ ਦਿਨ ਤੋਂ ਲੱਗਾ ਧਰਨਾ ਦੇਰ ਸ਼ਾਮ ਸਮਾਪਤ ਕਰ ਦਿੱਤਾ ਗਿਆ।
    ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾਈ ਕਮੇਟੀ ਮੈਂਬਰ ਕਾਮਰੇਡ ਅਮਰੀਕ ਸਿੰਘ ਦਾਊਦ ਨੇ ਦੱਸਿਆ ਕਿ ਪਾਰਟੀ ਵੱਲੋਂ ਪਿੰਡ ਟੌਂਗ ਦੇ ਗਰੀਬ ਮਜ਼ਦੂਰ ਪਰਿਵਾਰ ਦੀਆਂ ਔਰਤਾਂ ਨੂੰ ਗੰਭੀਰ ਸੱਟਾਂ ਮਾਰਨ ਵਾਲੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕਰਾਉਣ ਅਤੇ ਪੀੜਤ ਪਰਿਵਾਰ ਉੱਪਰ ਦਰਜ ਕੀਤਾ ਨਜਾਇਜ਼ ਪਰਚਾ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਬੀਤੀ 27 ਅਕਤੂਬਰ ਤੋਂ ਧਰਨਾ ਲਗਾਇਆ ਗਿਆ ਸੀ। ਅੱਜ ਦੇਰ ਸ਼ਾਮ ਬਾਬਾ ਬਕਾਲਾ ਸਾਹਿਬ ਸਬ ਡਿਵੀਜ਼ਨ ਦੇ ਡੀਐੱਸਪੀ ਅਰੁਣ ਸ਼ਰਮਾ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇੱਕ ਹਫਤੇ ਦੇ ਅੰਦਰ ਕੇਸ ਦੀ ਨਿਰਪੱਖ ਜਾਂਚ ਕਰਕੇ ਬੇਗੁਨਾਹਾਂ ਨੂੰ ਇਨਸਾਫ ਦਿੱਤਾ ਜਾਵੇਗਾ ਅਤੇ ਸੱਟਾਂ ਮਾਰਨ ਵਾਲਿਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇਗਾ, ਜਿਸ ‘ਤੇ ਅੱਜ ਧਰਨਾ ਸਮਾਪਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਡੀ ਐਸ ਪੀ ਵੱਲੋਂ ਕੀਤਾ ਵਾਅਦਾ ਪੂਰਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।

  • ਮੈਨੇਜਰ ਦੀ ਧੱਕੇਸ਼ਾਹੀ ਖਿਲਾਫ਼ ਲਗਾਇਆ ਧਰਨਾ

    ਮੈਨੇਜਰ ਦੀ ਧੱਕੇਸ਼ਾਹੀ ਖਿਲਾਫ਼ ਲਗਾਇਆ ਧਰਨਾ


    ਜੰਡਿਆਲਾ ਮੰਜਕੀ: ਆਰਐੱਮਪੀਆਈ ਵਲੋਂ ਕੋਆਪ੍ਰੇਟਿਵ ਬੈਂਕ ਬੁੰਡਾਲਾ ਦੇ ਮੈਨੇਜਰ ਦੀ ਧੱਕੇਸ਼ਾਹੀ ਖਿਲਾਫ਼ ਧਰਨਾ ਲਗਾਇਆ ਗਿਆ। ਧਰਨੇ ਨੂੰ ਜਲੰਧਰ ਕਪੂਰਥਲਾ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੈਂਕ ਵਲੋਂ ਕਰਜ਼ਾ ਧਾਰਕ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਗਾਰੰਟਰ ਦੀ ਐੱਫਡੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਦੇ ਰੋਸ ਵਜੋਂ ਧਰਨਾ ਲਗਾਇਆ ਗਿਆ। ਇਸ ਸਬੰਧੀ ਮਨਜਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਕੱਲ੍ਹ ਨੂੰ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ।

  • ਕਾਮਰੇਡ ਕਰਨੈਲ ਸਿੰਘ ਨੰਬਰਦਾਰ ਨਹੀਂ ਰਹੇ

    ਕਾਮਰੇਡ ਕਰਨੈਲ ਸਿੰਘ ਨੰਬਰਦਾਰ ਨਹੀਂ ਰਹੇ

    ਬਟਾਲਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸਤਿਕਾਰਤ ਬਜ਼ੁਰਗ ਆਗੂ ਬਰਾਂਚ ਸਕੱਤਰ ਕਰਨੈਲ ਸਿੰਘ ਨੰਬਰਦਾਰ ਨਵਾਂ ਪਿੰਡ ਮਿਲਖੀਵਾਲ ਸਦੀਵੀ ਵਿਛੋੜਾ ਦੇ ਗਏ।
    ਜ਼ਿਕਰਯੋਗ ਹੈ ਕਿ ਕਾਮਰੇਡ ਕਰਨੈਲ ਸਿੰਘ ਨੰਬਰਦਾਰ, ਸ਼ਹੀਦ ਕਾਮਰੇਡ ਹਰਪਾਲ ਸਿੰਘ ਦੇ ਚਾਚਾ ਜੀ ਅਤੇ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਦਾਦਾ ਜੀ ਸਨ। ਸਾਥੀ ਕਰਨੈਲ ਸਿੰਘ ਨੰਬਰਦਾਰ ਪਹਿਲਾਂ ਸੀਪੀਆਈ (ਐੱਮ) ਨਾਲ ਜੁੜੇ ਉਸ ਤੋਂ ਬਾਅਦ ਸੀਪੀਐੱਮ ਪੰਜਾਬ ਤੇ ਆਰਐੱਮਪੀਆਈ ਨਾਲ ਅੰਤਿਮ ਸਾਹਾਂ ਤੱਕ ਜੁੜੇ ਰਹੇ।
    ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ, ਜ਼ਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ, ਸੂਬਾ ਕਮੇਟੀ ਮੈਂਬਰ ਧਿਆਨ ਸਿੰਘ ਠਾਕੁਰ, ਉੱਘੇ ਸਮਾਜ ਸੇਵੀ ਵੈਦ ਪ੍ਰੇਮ ਸਿੰਘ ਨੇ ਕਾਮਰੇਡ ਕਰਨੈਲ ਸਿੰਘ ਨੰਬਰਦਾਰ ਦੇ ਬੇਦਾਗ਼ ਜੀਵਨ ਨੂੰ ਸਨਮਾਨ ਸਿਜਦਾ ਕਰਦਿਆਂ ਪਾਰਟੀ ਦਾ ਲਾਲ ਝੰਡਾ ਨੇ ਪਾ ਕੇ ਅੰਤਿਮ ਵਿਦਾਇਗੀ ਦਿੰਦਿਆਂ ਕਿਹਾ ਕਿ ਕਾਮਰੇਡ ਕਰਨੈਲ ਸਿੰਘ ਨੰਬਰਦਾਰ ਨੇ ਤਾਉਮਰ ਕਮਿਊਨਿਸਟ ਲਹਿਰ ਦੇ ਲੇਖੇ ਲਾਈ ਅਤੇ ਮਜ਼ਦੂਰਾਂ ਤੇ ਟਰੇਡ ਜਥੇਬੰਦੀਆਂ ਦੇ ਘੋਲਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਬਤੌਰ ਨੰਬਰਦਾਰ ਆਪਣੇ ਪਿੰਡ ਤੇ ਇਲਾਕੇ ਦੇ ਗਰੀਬ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕੀਤੇ। ਕਾਮਰੇਡ ਕਰਨੈਲ ਸਿੰਘ ਨੰਬਰਦਾਰ ਦੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਕਮਿਊਨਿਸਟ ਲਹਿਰ ਲਈ ਵੱਡਾ ਘਾਟਾ ਪਿਆ ਹੈ।
    ਉਪਰੋਕਤ ਆਗੂਆਂ ਇਲਾਵਾ ਇਕਬਾਲ ਸਿੰਘ ਸਰਪੰਚ ਨਵਾਂ ਪਿੰਡ, ਸ਼ਿੰਦਰਪਾਲ ਬਿਸ਼ਨਕੋਟ, ਕੰਵਲਜੀਤ ਸਿੰਘ ਸਾਬਕਾ ਸਰਪੰਚ ਰੌੜ ਖਹਿਰਾ, ਰਣਜੀਤ ਸਿੰਘ ਰਾਣਾ ਨਵਾਂ ਪਿੰਡ , ਅਸ਼ੋਕ ਕੁਮਾਰ ਸਾਬਕਾ ਸਰਪੰਚ, ਕੁਲਦੀਪ ਸਿੰਘ ਸਾਬਕਾ ਪੰਚ, ਰਣਜੀਤ ਸਿੰਘ ਭਾਗੋਵਾਲ, ਕੁਲਦੀਪ ਸਿੰਘ ਭਾਗੋਵਾਲ, ਗੁਰਨਾਮ ਸਿੰਘ ਬਾਉਲੀ, ਇੰਦਰਜੀਤ ਬਟਾਲਾ, ਜਸਵਿੰਦਰ ਸਿੰਘ ਛਿੱਤ, ਬਲਵਿੰਦਰ ਮਿਸ਼ਰਪੁਰਾ ਆਦਿ ਸਾਥੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
    ਕਾਮਰੇਡ ਕਰਨੈਲ ਸਿੰਘ ਨੰਬਰਦਾਰ ਦੀ ਅੰਤਿਮ ਅਰਦਾਸ ਮਿਤੀ 7 ਨਵੰਬਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਨਵਾਂ ਪਿੰਡ ਮਿਲਖੀਵਾਲ ਨੇੜੇ ਕਿਲ੍ਹਾ ਲਾਲ ਸਿੰਘ ਵਿਖੇ ਹੋਵੇਗੀ।

  • ਫਿਰਕੂ ਫਾਂਸ਼ੀਵਾਦੀ ਤਾਕਤਾਂ ਅਤੇ ਦੇਸ਼ ਅੰਦਰ ਫੁੱਟ ਪਾਓ ਤਾਕਤਾਂ ਨੂੰ ਹਰਾਉਣ ਲਈ ਕਾਂਗਰਸ ਦੇ ਉਮੀਦਵਾਰ ਨੂੰ ਜਤਾਉਣ ਦੀ ਅਪੀਲ

    ਫਿਰਕੂ ਫਾਂਸ਼ੀਵਾਦੀ ਤਾਕਤਾਂ ਅਤੇ ਦੇਸ਼ ਅੰਦਰ ਫੁੱਟ ਪਾਓ ਤਾਕਤਾਂ ਨੂੰ ਹਰਾਉਣ ਲਈ ਕਾਂਗਰਸ ਦੇ ਉਮੀਦਵਾਰ ਨੂੰ ਜਤਾਉਣ ਦੀ ਅਪੀਲ


    ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਜ਼ਿਲ੍ਹਾ ਸਕੱਤਰੇਤ ਦੀ ਮੀਟਿੰਗ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ।
    ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਫਾਸ਼ੀ ਤਾਕਤਾਂ ਅਤੇ ਫੁੱਟ ਪਾਓ ਫਿਰਕੂ ਪਾਰਟੀਆਂ ਵਿਰੁੱਧ ਜਿਮਨੀ ਚੋਣ ਤਰਨ ਤਾਰਨ ਡਟਣ ਦਾ ਫ਼ੈਸਲਾ ਕੀਤਾ ਗਿਆ ਅਤੇ ਧਰਮ ਨਿਰਪੱਖ ਸੈਕੂਲਰ ਸੋਚ ਰੱਖਣ ਵਾਲੀ ਪਾਰਟੀ ਕਾਂਗਰਸ ਪਾਰਟੀ ਦੀ ਉਮੀਦਵਾਰ ਦੇ ਹੱਕ ‘ਚ ਵੋਟਾਂ ਪਾਉਣ ਦਾ ਫੈਸਲਾ ਕੀਤਾ ਗਿਆ।
    ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ 7 ਨਵੰਬਰ ਤੋਂ 14 ਨਵੰਬਰ ਤੱਕ ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਪਿੰਡਾਂ ਸ਼ਹਿਰਾਂ ‘ਚ ਮੀਟਿੰਗਾਂ ਲਾ ਕੇ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤਕ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ।ਜਿਸ ਦੀ ਸ਼ੁਰੂਆਤ 7 ਨਵੰਬਰ ਨੂੰ ਪਾਰਟੀ ਵੱਲੋਂ ਤਰਨ ਤਾਰਨ ‘ਚ ਵਿਸ਼ਾਲ ਇਕੱਠ ਕਰਕੇ ਮਨਾਇਆ ਜਾਵੇਗਾ ਅਤੇ ਇਸੇ ਤਰ੍ਹਾਂ ਪਾਰਟੀ ਦੀ ਰਾਜਨੀਤੀ ਲੋਕਾਂ ਤੱਕ ਲੈ ਕੇ ਜਾਣ ਲਈ 17 ਨਵੰਬਰ ਤਹਿਸੀਲ ਤਰਨ ਤਾਰਨ ਪਿੰਡ ਰਟੌਲ ‘ਚ ਸਿਆਸੀ ਕਾਨਫਰੰਸ ਕੀਤੀ ਜਾਵੇਗੀ।
    21 ਨਵੰਬਰ ਤਹਿਸੀਲ ਪੱਟੀ ਦੇ ਪਿੰਡ ਦਿਆਲਪੁਰਾ ‘ਚ ਰਾਜਸੀ ਕਾਨਫਰੰਸ ਕੀਤੀ ਜਾਵੇ ਅਤੇ 30 ਨਵੰਬਰ ਤਹਿਸੀਲ ਖਡੂਰ ਸਾਹਿਬ ਦੇ ਕਸਬਾ ਫਤਿਹਾਬਾਦ ਰਾਜਨੀਤਿਕ ਕਾਨਫਰੰਸ ਕੀਤੀ ਜਾਵੇਗੀ। ਪਾਰਟੀ ਵੱਲੋਂ ਫੈਸਲੇ ਨੂੰ ਲਾਗੂ ਕਰਨ ਲਈ ਸਾਰੇ ਸਾਥੀ ਹੁਣ ਤੋਂ ਹੀ ਮੀਟਿੰਗਾਂ ਇਕੱਠ ਕਰਕੇ ਤਿਆਰੀ ਚ ਜੁੱਟ ਜਾਣ ਦਾ ਸੱਦਾ ਦਿੱਤਾ ਗਿਆ।
    ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਸੱਤ ਨਵੰਬਰ ਨੂੰ ਕੀਤੇ ਜਾਣ ਵਾਲੇ ਇਕੱਠ ‘ਚ ਪਾਰਟੀ ਮੈਂਬਰ ਹਮਦਰਦਾਂ ਅਤੇ ਆਮ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਪਹੁੰਚਣ ਦਾ ਸੱਦਾ ਦਿੱਤਾ।
    ਇਸ ਮੌਕੇ ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ ਦਿਆਲਪੁਰਾ, ਧਰਮ ਸਿੰਘ ਪੱਟੀ, ਸੁਲੱਖਣ ਸਿੰਘ ਤੁੜ ਆਦਿ ਹਾਜ਼ਰ ਸਨ।

  • ਆਰਐੱਮਪੀਆਈ ਸਰਦੂਲਗੜ੍ਹ ਦੇ ਪ੍ਰਧਾਨ ਸਾਥੀ ਰਣਬੀਰ ਕੁਮਾਰ ਜੈਨ ਦਾ ਦੁੱਖਦਾਈ ਵਿਛੋੜਾ

    ਆਰਐੱਮਪੀਆਈ ਸਰਦੂਲਗੜ੍ਹ ਦੇ ਪ੍ਰਧਾਨ ਸਾਥੀ ਰਣਬੀਰ ਕੁਮਾਰ ਜੈਨ ਦਾ ਦੁੱਖਦਾਈ ਵਿਛੋੜਾ


    ਸਰਦੂਲਗੜ੍ਹ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸਰਦੂਲਗੜ੍ਹ ਤਹਿਸੀਲ ਕਮੇਟੀ ਦੇ ਪ੍ਰਧਾਨ ਸਾਥੀ ਰਣਬੀਰ ਕੁਮਾਰ ਜੈਨ ਦੇ ਬੇਵਕਤੀ ਦੇਹਾਂਤ ਹੋ ਗਿਆ। ਅੱਜ ਸਵੇਰੇ ਸਾਝਰੇ ਪਿਆ ਦਿਮਾਗ਼ ਦਾ ਦੌਰਾ (ਬ੍ਰੇਨ ਹੈਮਰੇਜ਼) ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ।
    ਮੂਲ ਰੂਪ ‘ਚ ਨੇੜਲੇ ਪਿੰਡ ਖੈਰਾ ਕਲਾਂ ਦੇ ਜੰਮਪਲ ਸਾਥੀ ਰਣਵੀਰ ਕੁਮਾਰ ਜੈਨ ਲੰਘੀ ਸਦੀ ਦੇ ਅੰਤਲੇ ਦਹਾਕੇ ‘ਚ ਸੀਪੀਆਈ (ਐੱਮ) ਨਾਲ ਜੁੜੇ ਸਨ। ਸੀਪੀਐੱਮ ਪੰਜਾਬ ਅਤੇ ਆਰਐੱਮਪੀਆਈ ਦੀ ਸਥਾਪਨਾ ਅਤੇ ਵਿਕਾਸ ‘ਚ ਉਨ੍ਹਾਂ ਨੇ ਸ਼ਾਨਦਾਰ ਯੋਗਦਾਨ ਪਾਇਆ ਸੀ।
    ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਬਜ਼ੁਰਗ ਰਹਿਬਰ ਸਾਥੀ ਛੱਜੂ ਰਾਮ ਰਿਸ਼ੀ, ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ, ਗੁਰਦੇਵ ਸਿੰਘ ਲੋਹਗੜ੍ਹ ਅਤੇ ਆਤਮਾ ਰਾਮ ਨੇ ਸਾਥੀ ਰਣਬੀਰ ਦੇ ਯੋਗਦਾਨ ਅਤੇ ਬੇਦਾਗ ਜੀਵਨ ਨੂੰ ਸਨਮਾਨ ਨਾਲ ਸਿਜਦਾ ਕਰਦਿਆਂ ਉਨ੍ਹਾਂ ਨੂੰ ਸੂਹੀ ਸ਼ਰਧਾਂਜਲੀ ਭੇਂਟ ਕੀਤੀ ਹੈ। ਪਾਰਟੀ ਆਗੂਆਂ ਨੇ ਵਿਛੜੇ ਸਾਥੀ ਦੇ ਪਰਿਵਾਰ ਨਾਲ ਆਪਣੀਆਂ ਸੰਵੇਦਨਾਵਾਂ ਵੀ ਸਾਂਝੀਆਂ ਕੀਤੀਆਂ ਹਨ।

  • ਡੀਐੱਸਪੀ ਦਫ਼ਤਰ ਅੱਗੇ ਲਗਾਇਆ ਧਰਨਾ ਦੂਜੇ ਦਿਨ ‘ਚ ਦਾਖ਼ਲ

    ਡੀਐੱਸਪੀ ਦਫ਼ਤਰ ਅੱਗੇ ਲਗਾਇਆ ਧਰਨਾ ਦੂਜੇ ਦਿਨ ‘ਚ ਦਾਖ਼ਲ


    ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਇਕਾਈ ਬਾਬਾ ਬਕਾਲਾ ਸਾਹਿਬ ਵੱਲੋਂ ਸਥਾਨਕ ਡੀਐੱਸਪੀ ਦਫ਼ਤਰ ਸਾਹਮਣੇ ਲੱਗਾ ਪੱਕਾ ਮੋਰਚਾ ਅੱਜ ਦੂਸਰੇ ਦਿਨ ਸਫਲਤਾ ਨਾਲ ਜਾਰੀ ਰਿਹਾ, ਜਿਸ ਦੀ ਅਗਵਾਈ ਨਿਰਮਲ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ ਨੇ ਕੀਤੀ।
    ਇਸ ਮੌਕੇ ਸੰਬੋਧਨ ਕਰਦਿਆਂ ਸਰਵ ਸਾਥੀ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਭਿੰਡਰ, ਹਰਪ੍ਰੀਤ ਸਿੰਘ ਬੁਟਾਰੀ ਨੇ ਕਿਹਾ ਕਿ ਹਲਕੇ ਦੀ ਪੁਲਿਸ ਹਲਕਾ ਵਿਧਾਇਕ ਦੇ ਇਸਾਰਿਆਂ ਤੇ ਕੰਮ ਕਰਦਿਆਂ ਗਰੀਬ ਲੋਕਾਂ ਨਾਲ ਬੇਇਨਸਾਫੀ ਕਰ ਰਹੀ ਹੈ। ਉਨ੍ਹਾਂ ਕਿਹਾ ਪਿੰਡ ਟੌਂਗ ਦੇ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਪੀੜਤਾਂ ਖਿਲਾਫ਼ ਹੀ ਪਰਚਾ ਦਰਜ ਕੀਤਾ ਸੀ ਜਿਸ ਸਬੰਧੀ ਪਾਰਟੀ ਵੱਲੋਂ ਸੰਘਰਸ਼ ਵਿੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਜਮਾਨਤ ਲਈ ਚਾਰਾਜੋਈ ਕੀਤੀ ਪਰ ਪੁਲਿਸ ਵੱਲੋਂ ਹਰ ਤਰੀਕ ਤੇ ਅਧੂਰਾ ਰਿਕਾਰਡ ਪੇਸ਼ ਕੀਤਾ ਜਾਂਦਾ ਰਿਹਾ ਜਿਸ ਕਾਰਨ ਉਹਨਾਂ ਦੀਆਂ ਜਮਾਨਤਾਂ ਨਹੀਂ ਹੋ ਸਕੀਆਂ ਜੋ ਕਿ ਬਹੁਤ ਵੱਡੀ ਨਾਇਨਸਾਫੀ ਹੈ। ਆਗੂਆਂ ਨੇ ਕਿਹਾ ਨਜਾਇਜ਼ ਪਰਚਾ ਰੱਦ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਤੱਕ ਮੋਰਚਾ ਜਾਰੀ ਰਹੇਗਾ।
    ਇਸ ਮੌਕੇ ਸਵਿੰਦਰ ਸਿੰਘ ਖਹਿਰਾ, ਕੇਵਲ ਸਿੰਘ ਸੱਤੋਵਾਲ, ਅਮਰੀਕ ਸਿੰਘ ਟਾਂਗਰਾ, ਸੁਰਜੀਤ ਸਿੰਘ ਤਲਵੰਡੀ, ਹਰਭਜਨ ਸਿੰਘ ਫੇਰੂਮਾਨ, ਪਰਗਟ ਸਿੰਘ ਟੌਂਗ ਆਦਿ ਆਗੂਆਂ ਨੇ ਸੰਬੋਧਨ ਕੀਤਾ। ਜਿਕਰਯੋਗ ਪਾਰਟੀ ਦੇ 90 ਸਾਲ ਉਮਰ ਦੇ ਆਗੂ ਕਾਮਰੇਡ ਅਜੀਤ ਸਿੰਘ ਵਡਾਲਾ ਕਲਾਂ ਨੇ ਮੋਰਚਾ ਜਿੱਤਣ ਤੱਕ ਹਾਜਰ ਰਹਿਣ ਦਾ ਪ੍ਰਣ ਕੀਤਾ।

  • ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ, ਸ਼ੱਕੀ ਕਿਰਦਾਰ ਵਾਲੇ, ਕੱਟੜਪੰਥੀ ਉਮੀਦਵਾਰ ਨੂੰ ਮੂੰਹ ਨਾ ਲਾਉਣ ਦੀ ਅਪੀਲ

    ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ, ਸ਼ੱਕੀ ਕਿਰਦਾਰ ਵਾਲੇ, ਕੱਟੜਪੰਥੀ ਉਮੀਦਵਾਰ ਨੂੰ ਮੂੰਹ ਨਾ ਲਾਉਣ ਦੀ ਅਪੀਲ


    ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਰਾਜ ਕਮੇਟੀ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਉਹ ਆਉਣ ਵਾਲੀ 11 ਨਵੰਬਰ ਨੂੰ ਹੋਣ ਜਾ ਰਹੀ ਉਪ ਚੋਣ ‘ਚ ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ, ਸ਼ੱਕੀ ਕਿਰਦਾਰ ਵਾਲੇ, ਅਜਿਹੇ ਕਿਸੇ ਵੀ ਕੱਟੜਪੰਥੀ ਉਮੀਦਵਾਰ ਨੂੰ ਮੂੰਹ ਨਾ ਲਾਉਣ, ਜਿਸ ਦੀਆਂ ਹਰਕਤਾਂ ਤੇ ਬੋਲ-ਬਾਣੀ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦਾ ਜ਼ਰੀਆ ਬਣ ਸਕਦੇ ਹਨ।
    ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਰਾਜ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਸੂਬਾ ਖ਼ਜ਼ਾਨਚੀ ਪ੍ਰੋ. ਜੈਪਾਲ ਸਿੰਘ ਨੇ ਕਿਹਾ ਹੈ ਕਿ ਵੋਟਰਾਂ ਨੂੰ ਆਪਣੇ ਮਤ ਰਾਹੀਂ ਕੇਂਦਰੀ ਹੁਕਮਰਾਨਾਂ ਦੀਆਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਲਈ ਚੋਣ ਮੈਦਾਨ ‘ਚ ਨਿੱਤਰੇ ਸ਼ਰਾਰਤੀ ਅਨਸਰਾਂ ਦੀ ਸਪਸ਼ਟ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਭਾਂਜ ਦੇਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਹੈ ਕਿ ਇਸ ਚੋਣ ’ਚ ਦੇਸ਼ ਵਾਸੀਆਂ ਨੂੰ ਧਰਮ ਦੇ ਆਧਾਰ ‘ਤੇ ਵੰਡਣ ਵਾਲੇ ਆਰਐੱਸਐੱਸ ਦੀ ਵਿਚਾਰਧਾਰਾ ਅਨੁਸਾਰ ਦੇਸ਼ ਚਲਾ ਰਹੀ ਭਾਜਪਾ ਦੇ ਉਮੀਦਵਾਰ ਨੂੰ ਹਾਰ ਦੇ ਕੇ ਧਰਮ ਨਿਰਪੱਖਤਾ, ਜਮਹੂਰੀਅਤ ਤੇ ਫੈਡਰਲ ਢਾਂਚੇ ਦੀ ਰਾਖੀ ਦਾ ਸਪਸ਼ਟ ਸੁਨੇਹਾ ਦੇਣਾ ਚਾਹੀਦਾ ਹੈ। ਨਾਲ ਹੀ ਆਪਣੇ ਹਰ ਵਾਅਦੇ ਤੋਂ ਭੱਜੀ, ਮਾਫੀਆ ਗ੍ਰੋਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਤੇ ਸੰਘਰਸ਼ੀ ਲੋਕਾਂ ‘ਤੇ ਜਬਰ ਢਾਹ ਰਹੀ ਪੰਜਾਬ ਸਰਕਾਰ ਨੂੰ ਵੀ ਢੁੱਕਵਾਂ ਸਬਕ ਸਿਖਾਇਆ ਜਾਣਾ ਚਾਹੀਦਾ ਹੈ।
    ਉਨ੍ਹਾਂ ਐਲਾਨ ਕੀਤਾ ਹੈ ਕਿ ਆਰਐੱਮਪੀਆਈ ਧਰਮ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਰਾਖੀ ਤੇ ਮਜਬੂਤੀ ਲਈ ਹਰ ਕਿਸਮ ਦੀਆਂ ਵੰਡਵਾਦੀ ਤਾਕਤਾਂ ਨੂੰ ਹਰਾਉਣ ਦੀ ਆਪਣੀ ਨੀਤੀ ਅਨੁਸਾਰ ‘ਇੰਡੀਆ‘ ਗਠਜੋੜ ਦੀ ਮੁੱਖ ਭਾਈਵਾਲ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਦੀ ਡੱਟਵੀਂ ਹਮਾਇਤ ਕਰੇਗੀ।
    ਇਸ ਮੰਤਵ ਲਈ ਪਾਰਟੀ ਵਲੋਂ ਆਉਣ ਵਾਲੀ 7 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਸੰਬੋਧਨ ਕਰਨਗੇ।

  • ਹੜ੍ਹ ਪੀੜਤ ਕਿਸਾਨਾਂ ਨੂੰ ਡੀਏਪੀ ਖਾਦ ਤਕਸੀਮ ਕੀਤੀ

    ਹੜ੍ਹ ਪੀੜਤ ਕਿਸਾਨਾਂ ਨੂੰ ਡੀਏਪੀ ਖਾਦ ਤਕਸੀਮ ਕੀਤੀ

    ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ’ਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਜਮੂਹਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਪੰਜਾਬ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਮੁੱਖ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਧਨਵੰਤ ਸਿੰਘ ਖਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ ਅਤੇ ਕਿਸਾਨ ਆਗੂਆਂ ਕਾਬਲ ਸਿੰਘ ਤੇ ਹਰਪਾਲ ਸਿੰਘ ਛੀਨਾਂ, ਗੁਰਨਾਮ ਸਿੰਘ ਉਮਰਪੁਰਾ ਤੇ ਸਵਿੰਦਰ ਸਿੰਘ ਮੀਰਾਂਕੋਟ ਦੀ ਅਗਵਾਈ ਹੇਠ ਅੱਜ ਇਥੇ ਐੱਸਕੇਐੱਮ ਦੇ ਕੈਂਪ ਮਹਿਲ ਬੁਖ਼ਾਰੀ – ਗੁਰਦੁਆਰਾ ਟੱਕਰ ਸਾਹਿਬ ਵਿਖੇ ਅੱਤ ਦੇ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਲਈ ਡੀਏਪੀ ਖਾਦ ਦੀਆਂ 120 ਬੋਰੀਆਂ ਮੁਫ਼ਤ ਵੰਡੀਆਂ ਅਤੇ ਹੜ੍ਹ ਪੀੜਤਾਂ ਨੂੰ ਯਕੀਨ ਦਿਵਾਇਆ ਕਿ ਅੱਗੇ ਤੋਂ ਇਸ ਤਰ੍ਹਾਂ ਸਾਡੀਆਂ ਜਥੇਬੰਦੀਆਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਹੜ੍ਹ ਪੀੜਤਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਹਰ ਸੰਭਵ ਸਹਾਇਤਾ ਕਰਦੀਆਂ ਰਹਿਣਗੀਆਂ।

    ਉੱਕਤ ਆਗੂਆਂ ਨੇ ਪੰਜਾਬ ਅਤੇ ਕੇਂਦਰ  ਸਰਕਾਰਾਂ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਹੜ੍ਹ ਪੀੜਤਾਂ ਦੇ 25 ਹਜ਼ਾਰ ਕਰੋੜ ਰੁਪਏ ਦੇ ਹੋਏ ਨੁਕਸਾਨ ਵਿੱਚੋਂ ਅਜੇ ਤੱਕ ਕੋਈ ਯੋਗ ਸਹਾਇਤਾ ਨਹੀਂ ਕੀਤੀ, ਸਿਰਫ ਫੋਕੇ ਐਲਾਨ ਕਰੀ ਜਾ ਰਹੇ ਹਨ। ਆਗੂਆਂ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਸ਼ਰੇਆਮ ਆਨੇ ਬਿਹਾਨੇ ਸਿੱਲ ਦੇ ਨਾਂ ’ਤੇ ਵੱਡੇ ਕੱਟ ਲਗਾਏ ਜਾ ਰਹੇ ਹਨ। ਪਹਿਲਾਂ ਹੜ੍ਹਾਂ ਨਾਲ ਫ਼ਸਲਾਂ ਬਰਬਾਦ ਹੋ ਗਈਆਂ ਦੂਜਾ ਹਰੇਕ ਏਕੜ ਪਿੱਛੇ 8 ਕੁਇੰਟਲ ਝਾੜ ਘੱਟ ਗਿਆ ਹੈ, ਜਿਸ ਦੀ ਪੰਜਾਬ ਤੇ ਕੇਂਦਰ ਸਰਕਾਰ ਪੂਰੀ ਪੂਰੀ ਭਰਪਾਈ ਕਰੇ।

    ਹੜ੍ਹ ਪੀੜਤਾਂ ਸਮੇਤ ਪੰਜਾਬ ਦੇ ਲੋਕਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਲੋਕ ਵਿਰੋਧੀ (ਖਪਤਕਾਰ) ਬਿਜਲੀ ਬਿੱਲ 2025 ਵਾਪਸ ਲਿਆ ਜਾਵੇ।

  • ਇਨਸਾਫ਼ ਲੈਣ ਲਈ ਡੀਐੱਸਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ

    ਇਨਸਾਫ਼ ਲੈਣ ਲਈ ਡੀਐੱਸਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ

    ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਕਾਰਕੁੰਨਾਂ ਵੱਲੋਂ ਅੱਜ ਡੀਐੱਸਪੀ ਬਾਬਾ ਬਕਾਲਾ ਸਾਹਿਬ ਦੇ ਦਫਤਰ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਆਰੰਭ ਕਰ ਦਿੱਤਾ ਗਿਆ। ਰੋਸ ਧਰਨੇ ਦੀ ਅਗਵਾਈ ਸਵਿੰਦਰ ਸਿੰਘ ਖਹਿਰਾ, ਗੁਰਨਾਮ ਸਿੰਘ ਭਿੰਡਰ ਨੇ ਕੀਤੀ। ਧਰਨਾਕਾਰੀਆਂ ਨੇ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।

    ਇਸ ਸਬੰਧੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੇਂਦਰੀ ਅਤੇ ਸੂਬਾਈ ਆਗੂਆਂ ਸਾਥੀ ਗੁਰਨਾਮ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ ਨੇ ਕਿਹਾ ਪਿੰਡ ਟੌਂਗ ਦੀਆਂ ਮਜ਼ਦੂਰ ਔਰਤਾਂ ਪਰਮਜੀਤ ਕੌਰ ਅਤੇ ਨਰਿੰਦਰ ਕੌਰ ਦੇ ਪਿੰਡ ਵਾਸੀ ਨੇ ਬੀਤੀ 21 ਜੂਨ ਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ, ਜਿਸ ਸਬੰਧੀ ਸਮੇਂ ਸਮੇਂ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਪੁਲਿਸ ਵੱਲੋਂ ਪੀੜਤ ਪਰਿਵਾਰ ਉੱਪਰ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ। ਇਸ ਧੱਕੇ ਖਿਲਾਫ ਬੀਤੀ 3 ਅਕਤੂਬਰ ਨੂੰ ਪੁਲਿਸ ਚੌਂਕੀ ਰਈਆ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਜਿੱਥੇ ਡੀਐੱਸਪੀ ਬਾਬਾ ਬਕਾਲਾ ਸਾਹਿਬ ਨੇ ਇਨਸਾਫ਼ ਦੇਣ ਦਾ ਵਾਅਦਾ ਕੀਤਾ ਪਰ ਅੱਜ ਤੱਕ ਕੋਈ ਇਨਸਾਫ਼ ਨਹੀਂ ਦਿੱਤਾ ਗਿਆ, ਜਿਸਦੇ ਖ਼ਿਲਾਫ਼ ਅੱਜ ਰੋਸ ਧਰਨਾ ਆਰੰਭ ਕੀਤਾ ਗਿਆ ਹੈ ਜੋ ਇਨਸਾਫ਼ ਪ੍ਰਾਪਤੀ ਤੱਕ ਜਾਰੀ ਰਹੇਗਾ। ਇਸ ਮੌਕੇ ਰਸ਼ਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਸੱਜਣ ਸਿੰਘ ਤਿੰਮੋਵਾਲ, ਪਰਗਟ ਸਿੰਘ ਟੌਂਗ, ਸੂਬਾ ਸਿੰਘ ਵਡਾਲਾ, ਗੁਰਜੰਟ ਸਿੰਘ ਮੁੱਛਲ ਆਦਿ ਨੇ ਸੰਬੋਧਨ ਕੀਤਾ। ਖ਼ਬਰ ਲਿਖੇ ਜਾਣ ਜਾਣ ਤੱਕ ਧਰਨਾ ਜਾਰੀ ਸੀ।

  • ਬੀਬੀ ਮਹਿੰਦਰ ਕੌਰ ਡੇਹਲੋ ਦੀ ਸ਼ਹਾਦਤ ਹਮੇਸ਼ਾ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਰਹੇਗੀ: ਜਾਮਾਰਾਏ

    ਬੀਬੀ ਮਹਿੰਦਰ ਕੌਰ ਡੇਹਲੋ ਦੀ ਸ਼ਹਾਦਤ ਹਮੇਸ਼ਾ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਰਹੇਗੀ: ਜਾਮਾਰਾਏ

    ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਅੱਜ ਸਭਾ ਦੇ ਦਫ਼ਤਰ ਕਿਲ੍ਹਾ ਰਾਏਪੁਰ ਵਿਖੇ ਵਿਸ਼ੇਸ਼ ਸਮਾਗਮ ਕਰਕੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਲੱਗੇ ਮੋਰਚੇ ਵਿੱਚ ਸ਼ਹੀਦ ਹੋਣ ਵਾਲੀ ਬੀਬੀ ਮਹਿੰਦਰ ਕੌਰ ਡੇਹਲੋ ਨੂੰ ਯਾਦ ਕਰਕੇ ਉਹਨਾ ਵੱਲੋ ਅੰਦੋਲਨ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਬੀਬੀ ਜੀ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਉੱਪਰ ਲੱਗੇ ਪੱਕੇ ਮੋਰਚੇ ਦੀ ਟੀਮ ਦਾ ਹਿੱਸਾ ਸਨ। ਉਹ ਇੱਥੋਂ ਕਈ ਵਾਰ ਦਿੱਲੀ ਦੇ ਸਿੰਘੂ ਬਾਹਡਰ ਦੇ ਮੋਰਚੇ ’ਤੇ ਗਏ ਅਤੇ ਕਿਲ੍ਹਾ ਰਾਏਪੁਰ ਦੇ ਮੋਰਚੇ ਉੱਪਰ ਦਿਨ ਰਾਤ ਹਾਜ਼ਰੀ ਭਰਕੇ ਇਸ ਮੋਰਚੇ ਨੂੰ ਸਫ਼ਲ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ।

    ਅੱਜ ਦੇ ਸਮਾਗਮ ਦੀ ਪ੍ਰਧਾਨਗੀ ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਪੰਚ ਕਰਮਜੀਤ ਕੌਰ ਨਾਰੰਗਵਾਲ ਅਤੇ ਸੁਖਵਿੰਦਰ ਕੌਰ ਡੇਹਲੋ ਨੇ ਕੀਤੀ। ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋ ਦੇ ਪਤੀ ਹੁਕਮ ਸਿੰਘ ਅਤੇ ਉਹਨਾਂ ਦੇ ਪੁੱਤਰ ਤੇ ਨੂੰਹਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ।

    ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾਰਾਏ ਨੇ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਉਹਨਾਂ ਦੀ ਸ਼ਹਾਦਤ ਸਾਨੂੰ ਜਬਰ, ਜ਼ੁਲਮ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਰਹੇਗੀ। ਉਹਨਾਂ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮਜਦੂਰਾਂ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੀ ਕੁਰਬਾਨੀ ਕਰਨੀ ਪਈ ਹੈ। ਉਹਨਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਵੱਲ ਵੱਧ ਰਹੀ ਹੈ। ਪਰ ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੇ ਇਨਸਾਫ਼ ਪੰਸਦ ਕਿਰਤੀ ਕਿਸਾਨ ਇਹਨਾਂ ਨੀਤੀਆਂ ਨੂੰ ਲਾਗੂ ਨਹੀ ਹੋਣ ਦੇਣਗੇ। ਉਹਨਾ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਲੋਕਾ ਦੇ ਹਿੱਤ ਵਿੱਚ ਆਪਣਾ ਸੰਘਰਸ਼ ਜਾਰੀ ਰੱਖੇਗਾ।

              ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਦੀ ਮੰਗ ਕਰਦੀ ਹੈ। ਉਹਨਾਂ ਸੂਬਾ ਸਰਕਾਰ ਵੱਲੋ ਬਿਜਲੀ ਨਿਗਮ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਦਾ ਵਿਰੋਧ ਕੀਤਾ ਕਰਦਿਆਂ ਕਿਹਾ ਕਿ ਉਸ ਬਿਜਲੀ ਮੁਲਾਜ਼ਮਾਂ ਦੇ ਵੱਲੋ ਕੀਤੇ ਜਾ ਰਹੇ ਸੰਘਰਸ਼ ਵਿੱਚ ਵੱਧ ਚੱੜ ਕੇ ਹਿੱਸਾ ਪਾਉਣਗੇ। ਉਹ ਸਰਕਾਰੀ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਆਗੂ ਕੁਲਦੀਪ ਸਿੰਘ ਗਰੇਵਾਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਵਿੱਚ ਧਰਮ, ਜਾਤ, ਇਲਾਕਿਆਂ ਦੇ ਨਾਮ ਤੇ ਵੰਡੀਆ ਪਾ ਕੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਨਾ ਚਾਹੁੰਦੀ ਹੈ ਪਰ ਦੇਸ਼ ਦੇ ਕਿਰਤੀ ਸਰਕਾਰ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਣਗੇ।

    ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ 4 ਨਵੰਬਰ ਨੂੰ ਜ਼ਿਲ੍ਹਾ ਕੇਂਦਰਾਂ ਉੱਪਰ ਮੰਗ ਪੱਤਰ ਦਿੱਤੇ ਜਾਣਗੇ ਅਤੇ 26 ਨਵੰਬਰ ਨੂੰ ਚੰਡੀਗੜ੍ਹ ਵਿੱਚ ਰੈਲੀ ਕਰਕੇ ਕੇਦਰ ਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

    ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਖੱਜਲ ਖੁਵਾਰ ਕਰਨ ਦੀ ਨੀਤੀ ਨੂੰ ਸਰਕਾਰ ਬੰਦ ਕਰੇ। ਉਹਨਾਂ ਮੰਗ ਕੀਤੀ ਕਿ ਝੋਨੇ ਦੀ ਨਮੀ 17% ਪ੍ਰਤੀਸ਼ਤ ਤੋ ਵਧਾ ਕੇ 22% ਪ੍ਰਤੀਸ਼ਤ ਕਰ ਕੇ ਖਰੀਦ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇ ਕੋਈ ਆੜਤੀਆ ਜਾਂ ਅਧਿਕਾਰੀ ਝੋਨੇ ਦੀ ਤੁਲਾਈ ਵਿੱਚ ਕਾਟ ਲਗਾਉਂਦਾ ਹੈ ਜਾਂ ਪੈਸੇ ਦੀ ਮੰਗ ਕਰਦਾ ਹੈ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਉਹ ਇਸ ਧੱਕੇਸ਼ਾਹੀ ਨੂੰ ਚੱਲਣ ਨਹੀਂ ਦੇਣਗੇ।

    ਇਸ ਮੌਕੇ ਤੇ ਹੋਰਨਾ ਤੋ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਜਸਵੀਰ ਕੌਰ ਜੜਤੌਲੀ, ਸੁਰਜੀਤ ਸਿੰਘ ਸੀਲੋ, ਰਘਵੀਰ ਸਿੰਘ ਆਸੀ ਕਲਾਂ, ਮਲਕੀਤ ਸਿੰਘ ਗਰੇਵਾਲ, ਪੰਚ ਸਰਬਪ੍ਰੀਤ ਸਿੰਘ ਕਿਲ੍ਹਾ ਰਾਏਪੁਰ, ਦਫਤਰ ਸਕੱਤਰ ਨਛੱਤਰ ਸਿੰਘ, ਵਰਿੰਦਰ ਸਿੰਘ ਜੜਤੌਲੀ, ਕੁਲਦੀਪ ਸਿੰਘ ਗਰੇਵਾਲ ਪੱਖੋਵਾਲ, ਡਾ. ਕੇਸਰ ਸਿੰਘ ਧਾਦਰਾ, ਡਾ. ਜਸਵਿੰਦਰ ਸਿੰਘ ਢਿੱਲੋ, ਸਵਰਨਜੀਤ ਸਿੰਘ ਢਿੱਲੋ, ਰਣਜੀਤ ਸਿੰਘ ਸਾਇਆ, ਬਲਜੀਤ ਸਿੰਘ ਸਾਇਆ, ਕਰਮ ਸਿੰਘ ਗਰੇਵਾਲ, ਸੁਖਦੇਵ ਸਿੰਘ ਭੋਮਾ, ਦਿਵਾਨ ਸਿੰਘ ਕੋਟਉਮਰਾ, ਮੋਹਣਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

  • ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਆ

    ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਆ

    ਅਜਨਾਲਾ: ਜਮਹੂਰੀ ਕਿਸਾਨ ਸਭਾ ਦੀ ਟੀਮ ਨੇ ਕੁੱਝ ਪਿੰਡਾਂ ’ਚ ਖੇਤੀ ਵਿੱਚ ਕੰਮ ਕਰਦੇ ਕਿਸਾਨਾਂ ਨਾਲ ਸੰਪਰਕ ਕਰਦੇ ਹੋਏ ਸੁਨੇਹਾ ਦਿੱਤਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ, ਅਜਿਹਾ ਕਰਨ ਨਾਲ ਜੈਵਿਕ ਮਾਦਾ ਮਰ ਜਾਂਦਾ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ। ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਕੀੜੇ ਮਕੌੜੇ ਜੀਵ ਜੰਤੂ ਖਾਸ ਕਰ ਗੰਡੋਏ ਵੀ ਮਰ ਜਾਦੇ ਹਨ, ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਹੁੰਦੇ ਹਨ।

    ਖੇਤੀ ਵਿਗਿਆਨੀ ਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪਿੰਡ ਕੜਿਆਲ ਤੇ ਸੁਖਵੰਤ ਸਿੰਘ ਦੇ ਖੇਤ ਵਿੱਚ ਆਪ ਖਲੋਕੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਤਵੀਆਂ ਜਾਂ ਸੁਪਰਸੀਡਰ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਦੇਣਾ ਚਾਹੀਦਾ ਹੈ ਜਾਂ ਮਲਚਰ ਨਾਲ ਰਲ ਦੇਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਾ ਕਰ ਸਕੋ ਤਾਂ ਉਲਟਾਵੀ ਹੱਲ ਨਾਲ ਵਾਹਕੇ ਪਰਾਲੀ ਨੱਪੀ ਜਾ ਸਕਦੀ ਹੈ, ਅਜਿਹਾ ਕਰਨ ਨਾਲ ਵੀ ਜੈਵਿਕ ਮਾਦਾ ਵਧਦਾ ਹੈ ਅਤੇ ਕਣਕ ਬੀਜਣ ਲਈ ਯੂਰੀਆ ਖਾਦ ਵੀ ਘੱਟ ਪਾਉਣੀ ਪੈਂਦੀ ਹੈ।

    ਕਿਸਾਨਾਂ ਨੇ ਚੰਗਾ ਹੁੰਗਾਰਾ ਭਰਦਿਆਂ ਕਿਹਾ ਕਿ ਉਹ ਅਜਿਹਾ ਹੀ ਕਰਨਗੇ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਦੋਜ਼ ਕਰਨ ਨਾਲ ਜੇਕਰ ਕਣਕ ਦੀ ਬਿਜਾਈ ਤੋਂ ਲੈਕੇ ਵਢਾਈ ਤੱਕ ਵਿਗਿਆਨਕ ਤਰੀਕੇ ਨਾਲ ਕਣਕ ਦੀ ਖੇਤੀ ਕਰਨ ਨਾਲ ਸਹਿਜੇ ਹੀ 26 ਤੋਂ 29 ਕੁਇੰਟਲ ਤੱਕ ਕਣਕ ਦਾ ਝਾੜ ਨਿਕਲੇਗਾ। ਖੇਤੀ ਮਾਹਿਰ ਅਜਨਾਲਾ ਨੇ ਭਗਵੰਤ ਮਾਨ ਦੀ ਸਰਕਾਰ ਵਲੋਂ ਜਿਹੜੇ ਪਰਾਲੀ ਸਾੜਨ ਦੇ ਮੁਕੱਦਮੇ ਤੇ ਜੁਰਮਾਨੇ ਕੀਤੇ ਜਾ ਰਹੇ ਹਨ ਉਹ ਤੁਰੰਤ ਕਿਸਾਨ ਹਿੱਤ ਵਿੱਚ ਬੰਦ ਕੀਤੇ ਜਾਣ ਅਤੇ ਪਹਿਲਾਂ ਕੀਤੇ ਅਜਿਹੇ ਮੁਕੱਦਮੇ ਵਾਪਸ ਲੈ ਜਾਣ। ਅਜਿਹਾ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਅਜਿਹੇ ਲੋੜੀਂਦੇ ਸੰਦ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਆਦਿ ਲਈ ਕਿਸਾਨਾਂ ਨੂੰ ਸਸਤੇ ਤੋਂ ਸਸਤੇ ਦਰਾਂ ਤੇ ਉਪਲੱਬਧ ਕਰਾਏ ਜਾਣ।ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ। ਇਸ ਸਮੇਂ ਨੌਜਵਾਨ ਕਿਸਾਨ ਯੁਵਰਾਜ ਸਿੰਘ, ਜੋਬਨ ਸਿੰਘ, ਕਿਸਾਨ ਆਗੂ ਹਰਨੇਕ ਸਿੰਘ ਨੇਪਾਲ, ਸੋਨੂੰ ਕੜਿਆਲ ਆਦਿ ਇਸ ਸਮੇਂ ਖੇਤ ਵਿੱਚ ਹਾਜ਼ਰ ਸਨ।

  • ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ, ਕੁਲਬੀਰ ਸੰਘੇੜਾ ਲਹਿਰਾਉਣਗੇ ਗ਼ਦਰੀ ਝੰਡਾ

    ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ, ਕੁਲਬੀਰ ਸੰਘੇੜਾ ਲਹਿਰਾਉਣਗੇ ਗ਼ਦਰੀ ਝੰਡਾ


    ਜਲੰਧਰ: 30 ਅਕਤੂਬਰ ਤੋਂ ਇਕ ਨਵੰਬਰ ਤੱਕ ਸਾਰਾ ਦਿਨ ਸਾਰੀ ਰਾਤ ਚੱਲਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ 34 ਵਰੇ ਦਾ ਸਫਰ ਸਰ ਕਰਦਾ ਹੋਇਆ ਇਸ ਵਾਰ ਗ਼ਦਰ ਲਹਿਰ ਦੀ ਵਿਰਾਸਤ ਅਤੇ ਸਾਡੇ ਸਮਿਆਂ ਦੇ ਭਖਦੇ ਮੁੱਦਿਆਂ ਨੂੰ ਕਲਾਵੇ ਵਿੱਚ ਲਵੇਗਾ।
    ਗਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ (1925 -2025) ਨੂੰ ਸਮਰਪਿਤ ਇਸ ਮੇਲੇ ਦੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ ਕਰਨਗੇ ਅਤੇ ਉਹ ਮੇਲੇ ਚ ਆਪਣੇ ਵੱਲੋਂ ਗ਼ਦਰੀ ਪਰਚਮ ਬੁਲੰਦ ਰੱਖਣ ਦਾ ਸੁਨੇਹਾ ਦੇਣਗੇ।
    ਇਸ ਮੌਕੇ ਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਮੇਲੇ ਨੂੰ ਸੰਬੋਧਨ ਕਰਨਗੇ।
    ਇਸ ਉਪਰੰਤ ਅਮੋਲਕ ਸਿੰਘ ਦਾ ਲਿਖਿਆ ਸੰਗੀਤ ਨਾਟ ਅਪੇਰਾ ਸਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ਚ ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਝੰਡੇ ਦਾ ਗੀਤ ਪੇਸ਼ ਕੀਤਾ ਜਾਏਗਾ। ਜਿਕਰਯੋਗ ਹੈ ਕਿ ਇਸ ਝੰਡੇ ਦੇ ਗੀਤ ਦੀ ਵਰਕਸ਼ਾਪ 27 ਅਕਤੂਬਰ ਤੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੀ ਲੱਗ ਰਹੀ ਹੈ।
    30 ਅਕਤੂਬਰ 2 ਵਜੇ ਚਿੱਤਰਕਲਾ ਅਤੇ ਫੋਟੋ ਕਲਾ ਦਾ ਉਦਘਾਟਨ ਅਤੇ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਏਗਾ। ਸ਼ਾਮ 3 ਵਜੇ ਪ੍ਰਦੇਸ਼ ਤੋਂ ਆਏ ਹੋਏ ਸਾਥੀਆਂ ਨੂੰ ਜੀ ਆਇਆ ਕਿਹਾ ਜਾਏਗਾ ਅਤੇ ਉਹਨਾਂ ਦਾ ਸਨਮਾਨ ਜਾਏਗਾ। ਇਸ ਉਪਰੰਤ ਪੁਸਤਕ ਸਭਿਆਚਾਰ ਦੀ ਸ਼ਾਮ: ਪਾਬੰਦੀ ਸ਼ੁਦਾ ਪੁਸਤਕਾਂ ਦੇ ਨਾਮ ਹੋਏਗੀ। ਇਸ ਮੌਕੇ ਪ੍ਰੀਤੀ ਸ਼ੈਲੀ, ਵਰਿੰਦਰ ਦੀਵਾਨਾ, ਜਨ ਚੇਤਨਾ ਦਾ ਪ੍ਰਤੀਨਿਧ ਅਤੇ ਮੱਖਣ ਮਾਨ ਵਿਚਾਰ ਚਰਚਾ ਨੂੰ ਸੰਬੋਧਨ ਕਰਨਗੇ।
    31 ਅਕਤੂਬਰ ਕੁਇਜ਼ ,ਗਾਇਨ ਭਾਸ਼ਣ ਅਤੇ ਚਿੱਤਰ ਕਲਾ ਮੁਕਾਬਲੇ ਹੋਣਗੇ। ਦੁਪਹਿਰ ਵੇਲੇ ਤਰਕਸ਼ੀਲ ਆਗੂ ਵਿਗਿਆਨ ਦੀ ਜੋਤ ਜਗਦੀ ਰੱਖਣ ਦਾ ਸੁਨੇਹਾ ਦੇਣਗੇ। ਇਸ ਦਿਨ ਹੀ ਦੁਪਹਿਰ ਵੇਲੇ ਹੋਏਗੀ ਵਿਚਾਰ ਚਰਚਾ ਇਸ ਦੇ ਮੁੱਖ ਵਕਤਾ ਹੋਣਗੇ ਪ੍ਰਭਾਤ ਪਟਨਾਇਕ ਅਤੇ ਡਾ. ਸਵਰਾਜਬੀਰ। ਸ਼ਾਮ 4 ਵਜੇ ਕਵੀ ਦਰਬਾਰ ਹੋਏਗਾ ਜਿਸ ਦੀ ਪ੍ਰਧਾਨਗੀ ਡਾਕਟਰ ਪਾਲ ਕੌਰ ਕਰਨਗੇ ਤੇ ਕਵੀ ਦਰਬਾਰ ਉਪਰੰਤ ਫਿਲਮ ਸ਼ੋ ਹੋਏਗਾ ਠੀਕ 6 ਵਜੇ। ਇਸ ਵਿਚ ‘ਦਾ ਪ੍ਰੈਜੈਂਟ’ ਅਤੇ ‘ਲੋਹਾ ਗਰਮ ਹੈ’ ਦੋ ਫਿਲਮਾਂ ਕਰਮਵਾਰ ਫਲਸਤੀਨ ਅਤੇ ਆਦਿਵਾਸੀ ਖੇਤਰ ਬਾਰੇ ਵਿਖਾਈਆਂ ਜਾਣਗੀਆਂ।
    ਪਹਿਲੀ ਨਵੰਬਰ ਪੰਜਾਬ ਭਰ ਦੇ ਸਮੂਹ ਦੇਸ਼ ਭਗਤਾਂ ਦੇ ਪਿੰਡਾਂ ਦੀਆਂ ਕਮੇਟੀਆਂ ਦੇ ਪ੍ਰਤੀਨਿਧ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨਾਲ ਖੜ੍ਹੇ ਹੋ ਕੇ ਇਸ ਮੇਲੇ ਦਾ ਸੋਵੀਨਰ ਲੋਕ ਅਰਪਣ ਕਰਨਗੇ। ਪਹਿਲੀ ਨਵੰਬਰ ਸਾਰਾ ਦਿਨ ਗੀਤ ਸੰਗੀਤ ਤੇ ਹੋਰ ਕਲਾ ਵੰਨਗੀਆਂ ਗੀਆਂ ਤੋਂ ਇਲਾਵਾ ਦੁਪਹਿਰ ਵੇਲੇ ‘ਧਰਤ ਵੰਗਾਰੇ ਤਖ਼ਤ ਨੂੰ’ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਦਾ ਨਾਟਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਹੋਏਗਾ।
    ਪਹਿਲੀ ਨਵੰਬਰ ਦੁਪਹਿਰ ਵੇਲੇ ਯੂਸਫ਼ ਮੁਹੰਮਦ ਤਾਰੀਗਾਮੀ ਅਤੇ ਡਾ. ਨਵਸ਼ਰਨ ਮੁੱਖ ਵਕਤਾ ਹੋਣਗੇ।
    ਸ਼ਾਮ ਠੀਕ 6:30 ਵਜੇ ਕਮੇਟੀ ਦੇ ਪ੍ਰਧਾਨ ਵੱਲੋਂ ਸੰਬੋਧਨੀ ਸ਼ਬਦ ਉਪਰੰਤ ਠੀਕ 7 ਵਜੇ ਪਹਿਲਾ ਨਾਟਕ ਹੋਏਗਾ ‘ਤੂੰ ਚਰਖਾ ਘੁਕਦਾ ਰੱਖ ਜਿੰਦੇ’ ਇਹ ਨਾਟਕ ਲੋਕ ਕਲਾ ਮਾਨਸਾ ਪ੍ਰੋ. ਅਜਮੇਰ ਸਿੰਘ ਔਲਖ ਦੀ ਸਰਪਰਸਤੀ ਵਾਲੀ ਨਾਟਕ ਮੰਡਲੀ ਵੱਲੋਂ ਉਹਨਾਂ ਦੀ ਧੀ ਅਜਮੀਤ ਦੀ ਨਿਰਦੇਸ਼ਨਾ ‘ਚ ਖੇਡਿਆ ਜਾਏਗਾ ਇਸ ਉਪਰੰਤ ਸਾਰੀ ਰਾਤ ਚੱਲ ਸੋ ਚੱਲ ਸਾਰੀ ਰਾਤ ਹੋਏਗੀ ਨਾਟਕਾਂ ਅਤੇ ਗੀਤਾਂ ਭਰੀ।ਡਾ. ਹਰਜੀਤ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ‘ਸਾਂਦਲਬਾਰ’ ਨਾਟਕ ਹੋਏਗਾ।ਇਸ ਉਪਰੰਤ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਫਾਸ਼ੀਵਾਦ ਬਾਰੇ ਨਾਟਕ ਖੇਡਣਗੇ। ਡਾ.ਸਾਹਿਬ ਸਿੰਘ ਨਾਟਕ ਖੇਡਣਗੇ ‘ਤੂੰ ਅਗਲਾ ਵਰਕਾ ਫੋਲ’। ਇਕੱਤਰ ਦੀ ਨਿਰਦੇਸ਼ਨਾ ‘ਚ ਗੁਰਸ਼ਰਨ ਭਾਅ ਜੀ ਦਾ ਲਿਖਿਆ ਰਾਹਤ ਨਾਟਕ ਹੋਏਗਾ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਫ਼ਲਸਤੀਨ ਬਾਰੇ ਨਾਟਕ ਕਰਨਗੇ। ਜੇਕਰ ਯੋਗ ਹੈ ਕਿ ਇਸ ਵਾਰ ਮੇਲੇ ਵਿੱਚ ਲੰਗਰ ਦਾ ਸਾਰਾ ਪ੍ਰਬੰਧ ਆਈ, ਡਬਲਿਊ ਏ ਅਤੇ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਟਰੱਸਟ ਬਰਮਿੰਘਮ ਦੇ ਸਾਥੀ ਕਰਨਗੇ।
    ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਹ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ ਪੱਖੀ ਸੰਸਥਾਵਾਂ ਨੂੰ ਸਹਿਯੋਗ ਅਤੇ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

  • 26 ਨਵੰਬਰ ਨੂੰ ਭਾਰਤ ਭਰ ਦੇ ਜ਼ਿਲ੍ਹਾ ਅਤੇ ਰਾਜ ਹੈੱਡਕੁਆਰਟਰਾਂ ‘ਤੇ ਦੇਸ਼ ਵਿਆਪੀ ਜਨਤਕ ਲਾਮਬੰਦੀ ਦਾ ਸੱਦਾ

    26 ਨਵੰਬਰ ਨੂੰ ਭਾਰਤ ਭਰ ਦੇ ਜ਼ਿਲ੍ਹਾ ਅਤੇ ਰਾਜ ਹੈੱਡਕੁਆਰਟਰਾਂ ‘ਤੇ ਦੇਸ਼ ਵਿਆਪੀ ਜਨਤਕ ਲਾਮਬੰਦੀ ਦਾ ਸੱਦਾ

    ਨਵੀਂ ਦਿੱਲੀ: ਸੀਟੀਯੂ ਅਤੇ ਐੱਸਕੇਐੱਮ ਦੀ ਸਾਂਝੀ ਮੀਟਿੰਗ ਨੇ ਕਾਰਪੋਰੇਟ-ਪੱਖੀ, ਮਜ਼ਦੂਰ-ਵਿਰੋਧੀ ਅਤੇ ਕਿਸਾਨ-ਵਿਰੋਧੀ ਨੀਤੀਆਂ ਨੂੰ ਚੁਣੌਤੀ ਦੇਣ ਲਈ ਤਾਲਮੇਲ, ਸੰਗਠਿਤ ਅਤੇ ਇਕਜੁੱਟ ਕਾਰਵਾਈ ਜਾਰੀ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

    13 ਅਗਸਤ, 2025 ਨੂੰ, ਐਸਕੇਐਮ ਅਤੇ ਸੀਟੀਯੂ ਨੇ ਰਾਸ਼ਟਰੀ ਪ੍ਰਭੂਸੱਤਾ ਦੀ ਰੱਖਿਆ ਅਤੇ ਕਾਰਪੋਰੇਟ ਲੁੱਟ ਦੇ ਵਿਰੁੱਧ, ਸੁਤੰਤਰ ਤੌਰ ‘ਤੇ ਅਤੇ ਕੁਝ ਥਾਵਾਂ ‘ਤੇ ਸਾਂਝੇ ਤੌਰ ‘ਤੇ ਇੱਕ ਵਿਰੋਧ ਦਿਵਸ ਮਨਾਇਆ। ਇਸ ਤੋਂ ਬਾਅਦ, ਸੀਟੀਯੂ ਨੇ 22 ਸਤੰਬਰ, 2025 ਨੂੰ ਚਾਰ ਲੇਬਰ ਕੋਡਾਂ ਦੇ ਵਿਰੁੱਧ ਇੱਕ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ, ਜਿਸਦਾ ਐਸਕੇਐਮ ਦੁਆਰਾ ਸਮਰਥਨ ਕੀਤਾ ਗਿਆ ਸੀ। ਇਹ ਕਾਰਵਾਈਆਂ 9 ਜੁਲਾਈ ਨੂੰ ਸੀਟੀਯੂ ਵੱਲੋਂ ਆਯੋਜਿਤ ਸਫਲ ਆਮ ਹੜਤਾਲ ਅਤੇ ਪੇਂਡੂ ਖੇਤਰਾਂ ਵਿੱਚ ਐਸਕੇਐਮ ਵੱਲੋਂ ਆਯੋਜਿਤ ਜਨਤਕ ਲਾਮਬੰਦੀ ਦੀ ਨਿਰੰਤਰਤਾ ਸਨ।

    18 ਅਕਤੂਬਰ, 2025 ਦੀ ਮੀਟਿੰਗ ਵਿੱਚ, ਇਹ ਫੈਸਲਾ ਕੀਤਾ ਗਿਆ ਕਿ ਸੀਟੀਯੂ ਅਤੇ ਐਸਕੇਐਮ ਆਪਣੀਆਂ ਮੰਗਾਂ ਦੇ ਚਾਰਟਰਾਂ ਦੇ ਨਾਲ-ਨਾਲ ਸਾਂਝੇ ਮੁੱਦਿਆਂ ‘ਤੇ ਇੱਕ ਮਹੀਨਾ ਚੱਲਣ ਵਾਲੀ ਮੁਹਿੰਮ ਸ਼ੁਰੂ ਕਰਨਗੇ, ਜਿਸਦਾ ਸਿੱਟਾ 26 ਨਵੰਬਰ, 2025 ਨੂੰ ਸਾਰੇ ਜ਼ਿਲ੍ਹਿਆਂ ਅਤੇ ਰਾਜ ਹੈੱਡਕੁਆਰਟਰਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਇੱਕ ਵਿਸ਼ਾਲ ਵਿਕੇਂਦਰੀਕ੍ਰਿਤ ਜਨਤਕ ਇਕੱਠ ਵਿੱਚ ਨਿਕਲੇਗਾ।

    ਹਰੇਕ ਸਥਾਨ ‘ਤੇ, ਲੀਡਰਸ਼ਿਪ ਰਾਸ਼ਟਰਪਤੀ ਨੂੰ ਸੰਬੋਧਿਤ ਮੰਗਾਂ ਅਤੇ ਚਿੰਤਾਵਾਂ ਦਾ ਇੱਕ ਮੰਗ ਪੱਤਰ ਸੌਂਪੇਗੀ।

    ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਅੱਜ ਦੀ ਫੌਰੀ ਲੋੜ ਲੋਕਾਂ ਤੱਕ ਪਹੁੰਚਣ, ਧਰਮ ਨਿਰਪੱਖ ਲੋਕਤੰਤਰ ਦੀ ਰੱਖਿਆ ਕਰਨ ਅਤੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ-ਪੱਖੀ, ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਰਾਸ਼ਟਰ-ਵਿਰੋਧੀ ਦਮਨਕਾਰੀ ਨੀਤੀਆਂ ਦਾ ਮੁਕਾਬਲਾ ਕਰਨ ਦੀ ਹੈ।

    ਸਰਕਾਰ ਅੰਤਰਰਾਸ਼ਟਰੀ ਵਿੱਤ ਪੂੰਜੀ ਦੇ ਹਿੱਤਾਂ ਵਿੱਚ ਕੰਮ ਕਰ ਰਹੀ ਹੈ ਅਤੇ ਭਾਰਤੀ ਕਿਸਾਨਾਂ, ਕਾਮਿਆਂ ਅਤੇ ਛੋਟੇ ਕਾਰੋਬਾਰਾਂ ਨੂੰ ਟਰੰਪ ਦੀ ਟੈਰਿਫ ਨੀਤੀ ਦੇ ਪ੍ਰਭਾਵ ਤੋਂ ਬਚਾਉਣ ਵਿੱਚ ਅਸਫਲ ਰਹੀ ਹੈ।

    ਜਨਤਕ ਖੇਤਰ ਦੇ ਉੱਦਮਾਂ ਅਤੇ ਜਨਤਕ ਸੇਵਾਵਾਂ ਦਾ ਨਿੱਜੀਕਰਨ ਕਰਨ ਅਤੇ ਉਨ੍ਹਾਂ ਨੂੰ ਕਾਰਪੋਰੇਸ਼ਨਾਂ ਨੂੰ ਵੇਚਣ ਦੇ ਨਵੇਂ ਹਮਲੇ ਤੇਜ਼ ਹੋ ਗਏ ਹਨ। ਇਨ੍ਹਾਂ ਵਿੱਚ ਬਿਜਲੀ (ਸੋਧ) ਬਿੱਲ 2025, ਕਿਰਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਡਰਾਫਟ ਕਿਰਤ ਨੀਤੀ, ਰਾਜ ਸਰਕਾਰਾਂ ਨੂੰ ਬਾਈਪਾਸ ਕਰਕੇ ਚਾਰ ਕਿਰਤ ਕੋਡਾਂ ਦੇ ਏਜੰਡੇ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਅਤੇ ਰਾਜ ਮਸ਼ੀਨਰੀ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜ਼ਬਤ ਕਰਨਾ ਸ਼ਾਮਲ ਹੈ।

    ਇਹ ਵੀ ਫੈਸਲਾ ਕੀਤਾ ਗਿਆ ਕਿ ਸੰਘਰਸ਼ ਲਈ ਵਿਆਪਕ ਜਨਤਕ ਸਮਰਥਨ ਪ੍ਰਾਪਤ ਕਰਨ ਅਤੇ ਸਮਾਜ ਦੇ ਹੋਰ ਵਰਗਾਂ ਦੇ ਅੰਦੋਲਨਾਂ ਦਾ ਸਮਰਥਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਵਿਰੋਧ ਅੰਦੋਲਨ ਨੂੰ ਤਾਕਤ ਅਤੇ ਲੰਬੇ ਸਮੇਂ ਦੀ ਸਥਿਰਤਾ ਮਿਲੇ।

    ਸੀਟੀਯੂ ਅਤੇ ਐਸਕੇਐਮ ਆਮ ਜਨਤਾ ਨੂੰ ਰਾਸ਼ਟਰੀ ਹਿੱਤ ਵਿੱਚ ਇਹਨਾਂ ਕਾਰਵਾਈਆਂ ਦਾ ਪੂਰਾ ਸਮਰਥਨ ਕਰਨ ਅਤੇ ਹਿੱਸਾ ਲੈਣ ਦੀ ਅਪੀਲ ਕਰਦੇ ਹਨ।

  • 26 नवंबर को पूरे भारत में जिला स्तर पर और राज्य मुख्यालयों पर देशव्यापी विशाल जनसमूह एकत्रीकरण का आह्वान

    26 नवंबर को पूरे भारत में जिला स्तर पर और राज्य मुख्यालयों पर देशव्यापी विशाल जनसमूह एकत्रीकरण का आह्वान

    नई दिल्ली: सीटीयूज़ और एसकेएम की संयुक्त बैठक में यह संकल्प दोहराया गया कि वे कॉरपोरेट समर्थक, मज़दूर-विरोधी और किसान-विरोधी नीतियों को चुनौती देने के लिए समन्वित, संगठित और एकजुट कार्रवाई जारी रखेंगे।

    13 अगस्त 2025 को एसकेएम और सीटीयूज़ द्वारा स्वतंत्र रूप से तथा कुछ स्थानों पर संयुक्त रूप से राष्ट्रीय संप्रभुता की रक्षा और कॉरपोरेट लूट के खिलाफ विरोध दिवस मनाया गया था । इसके बाद सीटीयूज़ द्वारा 22 सितंबर 2025 को चार श्रम संहिताओं (Labour Codes) के खिलाफ काला दिवस मनाने का आह्वान किया गया, जिसे एस के एम ने समर्थन दिया। ये कार्यवाहियां 9 जुलाई को सी टी यूज़ द्वारा आयोजित सफल आम हड़ताल और एस के एम द्वारा ग्रामीण क्षेत्रों में किए गए जन एकत्रीकरण की निरंतरता थीं।

    18 अक्टूबर 2025 की बैठक में यह निर्णय लिया गया कि सी टी यूज़ और एसकेएम अपने-अपने मांगपत्रों के साथ-साथ साझा मुद्दों पर एक महीने से अधिक का व्यापक अभियान चलाएँगे, जो 26 नवंबर 2025 को सभी जिलों और राज्य मुख्यालयों में मज़दूरों और किसानों के विशाल विकेन्द्रीकृत जनसमूह एकत्रीकरण के रूप में परिणत होगा।
    हर स्थान पर नेतृत्व द्वारा राष्ट्रपति को संबोधित मांगों और चिंताओं का ज्ञापन सौंपा जाएगा।

    बैठक में यह भी कहा गया कि जनता के बीच जाकर धर्मनिरपेक्ष लोकतंत्र की रक्षा और केंद्र सरकार की कॉरपोरेट समर्थक, मज़दूर-विरोधी, किसान-विरोधी और राष्ट्रविरोधी दमनकारी नीतियों का मुकाबला करना आज की सबसे बड़ी आवश्यकता है।
    सरकार अंतरराष्ट्रीय वित्त पूँजी के हित में काम कर रही है और भारतीय किसानों, मज़दूरों तथा छोटे व्यापारों को ट्रंप की टैरिफ नीति के प्रभाव से बचाने में असफल रही है।

    सार्वजनिक क्षेत्र के उपक्रमों और सार्वजनिक सेवाओं को निजीकरण और कॉरपोरेट्स को बेचने के नए हमले तेज़ हो गए हैं। इसमें प्रमुख हैं —
    बिजली (संशोधन) विधेयक 2025,
    श्रम मंत्रालय द्वारा जारी ड्राफ्ट श्रम नीति, राज्य सरकारों को दरकिनार कर चार श्रम संहिताओं के एजेंडे को आगे बढ़ाने के प्रयास, और राज्य मशीनरी के ज़रिए किसानों की ज़मीनों पर कब्ज़ा।

    यह भी निर्णय लिया गया कि संघर्ष को व्यापक जनसमर्थन देने और समाज के अन्य वर्गों के आंदोलनों को समर्थन देने के लिए हर संभव प्रयास किया जाएगा, ताकि प्रतिरोध आंदोलन को मज़बूती और दीर्घकालिक स्थायित्व मिल सके।

    सी टी यूज़ और एस के एम ने आम जनता से अपील की है कि वे राष्ट्रहित में इन कार्यवाहियों में पूर्ण समर्थन और सहभागिता दें।

  • Nationwide massive mobilisation at district level on 26th November

    Nationwide massive mobilisation at district level on 26th November

    New Dehli :The joint meeting of the CTUs and SKM held on 18th October reiterated their resolve to continue coordinated, synchronized and solidarity actions with each other in order to challenge the pro-corporate, anti-workers, anti-farmers policies of the Central Government.

    13th August 2025 was observed against the corporate loot in defence of national sovereignty called by SKM and CTUs independently as well as jointly in some places, there was a call by the CTUs to observe 22nd September 2025 as black day against four labour codes, to which SKM extended its supports. These actions were as follow up of the successful 9th July General Strike called by CTUs and mass mobilisation in rural areas by SKM.

    In the joint meeting, it was decided to take forward extensive campaign for more than a month on the respective charter of demands of CTUs and SKM as well as the common issues to culminate into massive decentralised mobilisation of workers and farmers in all districts and state headquarters on 26th November 2025. The leadership everywhere will submit memorandum of concerns and demands addressed to the President of India.

    The meeting noted that it is most urgent task to campaign in masses down below to safeguard secular democracy, to fight back pro-corporate, anti-labour, anti-farmer, and anti-national oppressive policy framework of the Central government which is becoming more vindictive and oppressive. The government is serving the interest of the international finance capital and has failed to protect Indian farmers, workers and small businesses and trades against the Trump’s tariff regime.
    There are new offenses on the public sector enterprises and the public services for privatisation and sale to corporates, the latest being the proposed Electricity Amendment Bill 2025, Draft Labour policy from MoLE, the attempts of circumventing state governments to carry forward its agenda of four labour codes, and land grab of farmers through state machinery etc.
    It was decided that all efforts be made to seek support and to extend support to the struggles of other sections of the society to broaden the mass appeal. This will help in resistance movement and for sustenance of the struggles in future.
    CTUs and SKM called upon the common masses to extend their support in these actions in the national interest.

  • ਮਨਰੇਗਾ ਵਰਕਰਾਂ ਦਾ ਵਫ਼ਦ ਅਧਿਕਾਰੀਆਂ ਨੂੰ ਮਿਲਿਆ

    ਮਨਰੇਗਾ ਵਰਕਰਾਂ ਦਾ ਵਫ਼ਦ ਅਧਿਕਾਰੀਆਂ ਨੂੰ ਮਿਲਿਆ


    ਜਲੰਧਰ: ਮਨਰੇਗਾ ਵਰਕਰ ਯੂਨੀਅਨ ਦਾ ਇੱਕ ਵਫ਼ਦ ਏਡੀਸੀ ਵਿਕਾਸ ਜਲੰਧਰ ਨੂੰ ਮਿਲਿਆ, ਜਿਸ ਦੀ ਅਗਵਾਈ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਮਨਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਕੀਤੀ।
    ਆਗੂਆ ਨੇ ਕਿਹਾ ਕਿ ਮਨਰੇਗਾ ਵਰਕਰਾ ਨੂੰ ਕੰਮ ਨਹੀ ਮਿਲ ਰਿਹਾ, ਜਿਸ ਕਾਰਨ ਉਹ ਸ਼ਾਹਕੋਟ ਇਲਾਕੇ ਤੋਂ ਅਧਿਕਾਰੀਆਂ ਨੂੰ ਮਿਲਣ ਪੁੱਜੇ ਹਨ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਏਡੀਸੀ ਵਿਕਾਸ ਨੇ ਵਫਦ ਨੂੰ ਧਿਆਨ ਨਾਲ ਸੁਣਿਆ। ਇੱਕ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ। ਵਫਦ ਨੇ ਕਿਹਾ ਕਿ ਮਨਰੇਗਾ ਵਰਕਰਾਂ ਨੂੰ ਨਾ ਤਾਂ ਕੰਮ ਮਿਲ ਰਿਹਾ ਹੈ ਤੇ ਜੇਕਰ ਕੰਮ ਕਰ ਦਿੱਤਾ ਜਾਵੇ ਤਾਂ ਸਮੇਂ ਸਿਰ ਪੈਸੇ ਨਹੀਂ ਮਿਲਦੇ। ਏ.ਡੀ.ਸੀ ਵਿਕਾਸ ਨੇ ਵਫਦ ਨੂੰ ਕਿਹਾ ਕਿ ਮਨਰੇਗਾ ਵਰਕਰਾ ਨੂੰ ਬਹੁਤ ਜਲਦੀ ਕੰਮ ਦਿੱਤਾ ਜਾਵੇਗਾ।
    ਉਕਤ ਆਗੂਆਂ ਨੇ ਕਿਹਾ ਕਿ ਜਿੱਥੇ ਮਨਰੇਗਾ ਵਰਕਰਾਂ ਨੂੰ ਕੰਮ ਨਹੀ ਮਿਲ ਰਿਹਾ ਤੇ ਹੜ੍ਹ ਆਉਣ ਕਾਰਨ ਮਜ਼ਦੂਰ ਵੀ ਵਿਹਲੇ ਬੈਠੇ ਹਨ ਤੇ ਸਰਕਾਰ ਵਲੋਂ ਮਜ਼ਦੂਰਾਂ ਨੂੰ ਕੋਈ ਮੁਆਵਜਾ ਨਹੀ ਦਿੱਤਾ ਜਾ ਰਿਹਾ, ਜੋ ਬਹੁਤ ਵੱਡਾ ਵਿਤਕਰਾ ਤੇ ਨਿੰਦਨਯੋਗ ਹੈ।
    ਆਗੂਆ ਨੇ ਕਿਹਾ ਕਿ ਸਰਕਾਰ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ ਕਰੇ ਕਿਉਂਕਿ ਮਜ਼ਦੂਰ ਲੋਕਾਂ ਨੇ ਬੈਂਕਾਂ ਤੇ ਫਾਇਨਾਂਸ ਕੰਪਨੀਆ ਵੱਲੋਂ ਵੀ ਛੋਟੇ-ਛੋਟੇ ਕਰਜ਼ੇ ਚੁੱਕੇ ਹੋਏ ਹਨ ਜੋ ਕਿ ਬੈਂਕਾਂ ਤੇ ਫਾਇਨਾਂਸ ਕੰਪਨੀਆ ਵੱਲੋ ਬੇਰੁਜ਼ਗਾਰ ਮਜ਼ਦੂਰਾਂ ਨੂੰ ਰੋਜ਼ ਤੰਗ ਕੀਤਾ ਜਾ ਰਿਹਾ ਹੈ। ਸਰਕਾਰ ਬੈਂਕਾਂ ਅਤੇ ਮਾਈਕ੍ਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਵੀ ਮੁਆਫ ਕਰੇ ਅਤੇ ਸਰਕਾਰ ਕੱਚੇ ਮਕਾਨਾਂ ਤੇ ਢੱਠੇ ਹੋਏ ਮਕਾਨਾਂ ਲਈ ਵੀ ਸਰਕਾਰ ਗਰਾਂਟ ਜਾਰੀ ਕਰੇ ਅਤੇ ਸਰਕਾਰ ਵੱਲੋ ਕੀਤੇ ਹੋਏ ਵਾਅਦੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਂਟ ਵੀ ਜਾਰੀ ਕਰੇ। ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋ ਔਰਤਾਂ ਦੇ ਖਾਤੇ ਵਿੱਚ ਹਜਾਰ-ਹਜਾਰ ਰੁਪਏ ਪਾਉਣ ਦੀ ਗਰੰਟੀ ਦਿੱਤੀ ਗਈ ਸੀ ਜੋ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਹੀ ਪਾਏ ਗਏ।
    ਆਗੂਆ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ -ਵੱਖ ਪਿੰਡਾਂ ਵਿੱਚ ਮਨਰੇਗਾ ਵਰਕਰਾ ਦੀਆਂ ਮੀਟਿੰਗਾਂ ਕਰਕੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਲਈ ਇੱਕ ਸੰਘਰਸ਼ ਵਿੱਡਿਆ ਜਾਵੇਗਾ।

  • ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਤਕਸੀਮ ਕੀਤਾ

    ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਤਕਸੀਮ ਕੀਤਾ


    ਅਜਨਾਲਾ: ਹੜ੍ਹ ਪੀੜਤ ਸੀਮਾਂਤ ਕਾਸ਼ਤਕਾਰਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕਿਸਮ ਪੀਬੀਡਬਲਯੂ 826 ਦਾ ਬੀਜ ਅੱਜ ਇਥੇ ਮਟੀਆ ਪਿੰਡ ਵਿੱਖੇ ਦਿੱਤਾ ਗਿਆ, ਜਿਥੇ ਬੀਜ ਵੰਡਣ ਸਮੇਂ ਖੇਤੀ ਮਾਹਿਰ ਡਾ. ਸਤਨਾਮ ਸਿੰਘ ਅਜਨਾਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਕਣਕ ਦੀ ਬਿਜਾਈ ਲਈ ਵੱਧ ਤੋਂ ਵੱਧ ਝਾੜ ਲੈਣ ਲਈ ਬੀਜਣ ਤੋਂ ਲੈਕੇ ਪੱਕਣ ਤੱਕ ਸੁਧਰੇ ਢੰਗ ਤਰੀਕੇ ਦੱਸੇ, ਜਿੰਨਾ ਨਾਲ ਲਾਗਤ ਕੀਮਤ ਵੀ ਘਟੇਗੀ ਅਤੇ ਕਣਕ ਦਾ ਝਾੜ 25 ਤੋਂ 28 ਕੁਇੰਟਲ ਤੱਕ ਨਿਕਲੇਗਾ।
    ਡਾ. ਅਜਨਾਲਾ ਨੇ ਕਿਸਾਨਾਂ ਨੂੰ ਭਾਵਪੂਰਵਕ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਅਤੇ ਜ਼ਮੀਨ ਨੂੰ ਜ਼ਰਖ਼ੇਜ਼ ਬਣਾਉਣ ਲਈ ਨਾੜ ਨੂੰ ਜ਼ਮੀਨ ਵਿੱਚ ਹੀ ਵਾਹ ਦੇਂਣ ਸਮੂਹ ਕਿਸਾਨਾਂ ਨੇ ਪ੍ਰਣ ਲਿਆ ਕਿ ਉਹ ਕਣਕ ਦੀ ਬਿਜਾਈ ਸੁਧਰੇ ਢੰਗ ਨਾਲ ਕਰਨਗੇ ਅਤੇ ਨਾੜ ਨੂੰ ਅੱਗ ਨਹੀਂ ਲਾਉਣਗੇ।
    ਇਸ ਸਮੇਂ ਕਾਸ਼ਤਕਾਰਾਂ ਦੇ ਪ੍ਰਤੀਨਿਧ ਜੰਗ ਬਹਾਦਰ ਸਿੰਘ ਮਟੀਆ, ਸਾਬਕਾ ਸਰਪੰਚ ਅਵਤਾਰ ਸਿੰਘ ਨੇਪਾਲ, ਨੌਜਵਾਨ ਕਿਸਾਨਾਂ ਦੇ ਆਗੂ ਜੱਗਾ ਸਿੰਘ ਡੱਲਾ ਤੇ ਸ਼ਮਸ਼ੇਰ ਸਿੰਘ ਮਟੀਆ, ਲਖਬੀਰ ਸਿੰਘ ਤੇੜਾਂ ਰਾਜਪੂਤਾਂ, ਕੁਲਦੀਪ ਸਿੰਘ ਅਜਨਾਲਾ, ਫੌਜੀ ਸਤਨਾਮ ਸਿੰਘ, ਕਰਨੈਲ ਸਿੰਘ ਤੇ ਜਰਨੈਲ ਸਿੰਘ ਭਿੰਡੀ ਸੈਦਾਂ, ਹਰਨੇਕ ਸਿੰਘ ਨੇਪਾਲ, ਰਸ਼ਪਾਲ ਸਿੰਘ ਸਾਹੋਵਾਲ ਆਦਿ ਸ਼ਾਮਿਲ ਹੋਏ।
    ਇਸ ਮੌਕੇ ਸੁਹਾਵਣਾ ਬਣਾਉਣ ਲਈ ਉੱਘੇ ਗਾਇਕ ਗੁਰਪਾਲ ਗਿੱਲ ਨੇ ਗੀਤ ਗਾਏ।

  • ਪੁਲੀਸ ਦੀਆਂ ਕਾਰਗੁਜ਼ਾਰੀਆਂ ਤੋਂ ਨਰਾਜ਼ ਲੋਕਾਂ ਨੇ ਧਰਨਾ ਲਗਾਉਣ ਦਾ ਕੀਤਾ ਫ਼ੈਸਲਾ

    ਪੁਲੀਸ ਦੀਆਂ ਕਾਰਗੁਜ਼ਾਰੀਆਂ ਤੋਂ ਨਰਾਜ਼ ਲੋਕਾਂ ਨੇ ਧਰਨਾ ਲਗਾਉਣ ਦਾ ਕੀਤਾ ਫ਼ੈਸਲਾ


    ਅਜਨਾਲਾ: ਪੰਜਾਬ ਭਰ ਵਿੱਚ ਆਮ ਲੋਕ ਪੁਲਿਸ ਪ੍ਰਸ਼ਾਸਨ ਤੋਂ ਡਾਢੇ ਦੁੱਖੀ ਹਨ, ਪੁਲਿਸ ਨੂੰ ਹੇਠਾਂ ਤੋਂ ਲੈਕੇ ਉੱਪਰ ਤੱਕ ਕੋਈ ਜਾਇਜ਼ ਕੰਮ ਵੀ ਰਿਸ਼ਵਤ ਦੇਣ ਤੋਂ ਬਗੈਰ ਨਹੀਂ ਹੁੰਦਾ। ਪੁਲਿਸ ਪ੍ਰਸ਼ਾਸਨ ਤੋਂ ਹੱਦੋਂ ਜ਼ਿਆਦਾ ਪ੍ਰੇਸ਼ਾਨ ਪੀੜਤ ਲੋਕਾਂ ਨੇ ਇੱਕ ਵਿਸ਼ੇਸ਼ ਮੀਟਿੰਗ ਸਮਾਜ ਸੇਵਕ ਹਰਦੀਪ ਸਿੰਘ ਬੱਗਾ ਕਲਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ ਉਚੇਚੇ ਤੌਰ ‘ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ ਵਿਸ਼ੇਸ਼ ਵੀ ਤੌਰ ‘ਤੇ ਸ਼ਾਮਿਲ ਹੋਏ। ਉਹਨਾਂ ਦੱਸਿਆ ਕਿ 16 ਮਾਰਚ 2022 ਨੂੰ ਭਗਵੰਤ ਮਾਨ ਦੀ ਸਰਕਾਰ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਵਿੱਚ ਜ਼ੋਰ ਦੇ ਕੇ ਵਾਅਦਾ ਕੀਤਾ ਸੀ ਕਿ ਸਰਕਾਰ ਵਿਚ ਭ੍ਰਿਸ਼ਟਾਚਾਰ ਦੀ ਕੋਈ ਥਾਂ ਨਹੀਂ ਹੋਵੇਗੀ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਕੋਈ ਵੀ ਰਿਸ਼ਵਤ ਨਹੀਂ ਲਏਗਾ ਅਤੇ ਨਸ਼ਾ ਖੋਰੀ ਪੂਰੀ ਤਰ੍ਹਾਂ ਬੰਦ ਕੀਤੀ ਜਾਵੇਗੀ।
    ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਸਾਰੇ ਵਾਅਦੇ ਫਲਾਪ ਹੋ ਗਏ ਹੁਣ ਤਾਂ ਕੋਈ ਗੱਲ ਕਹਿਣ ਵਾਲੀ ਨਹੀਂ ਰਹੇਗੀ ਕਿ ਪੁਲਿਸ ਦਾ ਵੱਡਾ ਆਹੁਦੇਦਾਰ ਹਰਚਰਨ ਸਿੰਘ ਭੁੱਲਰ 5 ਲੱਖ ਰੁਪਏ ਰਿਸ਼ਵਤ ਲੈਂਦਾ ਮੌਕੇ ‘ਤੇ ਫੜਿਆ ਗਿਆ। ਇਸ ਤਰ੍ਹਾਂ ਪੰਜਾਬ ਦੇ ਹੋਰ ਬਹੁਤ ਪੁਲਿਸ ਅਫਸਰਾਂ ਵਿਰੁੱਧ ਕੇਸ ਚੱਲ ਰਹੇ ਹਨ।
    ਮੀਟਿੰਗ ‘ਚ ਸ਼ਾਮਿਲ ਸਮੂਹ ਆਗੂਆਂ ਨੇ ਬੜੇ ਗੁੱਸੇ ਭਰੇ ਲਹਿਜੇ ਨਾਲ ਕਿਹਾ ਕਿ ਅਜਨਾਲਾ ਪੁਲਿਸ ਪ੍ਰਸ਼ਾਸਨ ਵੀ ਕਿਸੇ ਤੋਂ ਘੱਟ ਨਹੀਂ ਹੈ ਜਿੱਥੇ ਕਿਸੇ ਵੀ ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ ਜਿਸ ਦੀਆਂ ਅਨੇਕ ਮਿਸਾਲਾਂ ਹਨ ਅਤੇ ਅਨੇਕਾਂ ਦੋਸ਼ੀ ਦਨਦਿਨਾ ਰਹੇ ਹਨ ਹਨ। ਜਿਸ ਦੀ ਉਗੜਦੀ ਮਿਸਾਲ ਹੈ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਦੇ ਇਰਾਦਾ ਕਤਲ ਦੇ ਦੋਸ਼ੀ ਅਤੇ ਕਮੀਰਪੁਰਾ ਦੀ ਇੱਕ ਔਰਤ ਦੇ ਜਬਰ ਜਿਨਾਹ ਨੂੰ ਵੀ ਪੁਲਿਸ ਬਚਾ ਰਹੀ ਹੈ। ਇਸ ਤਰ੍ਹਾਂ ਅਜਿਹੇ ਕਈ ਕੇਸ ਹੋਰ ਵੀ ਹਨ। ਅਜਿਹੇ ਸਾਰੇ ਕੇਸ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਹੋਣਾ ਦੇ ਧਿਆਨ ਵਿੱਚ ਕਈ ਵਾਰ ਲਿਆਂਦੇ ਹਨ ਪ੍ਰੰਤੂ ਉਹਨਾਂ ਵੱਲੋਂ ਵੀ ਕੋਈ ਇਨਸਾਫ਼ ਨਹੀਂ ਮਿਲਿਆ, ਜਿਸ ਕਾਰਨ ਲੋਕਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਆਗੂਆਂ ਨੇ ਕਿਹਾ ਕਿ ਜੇਕਰ ਅਜੇ ਵੀ ਪੀੜਤ ਲੋਕਾਂ ਨੂੰ ਪੁਲਿਸ ਵੱਲੋਂ ਜਲਦੀ ਇਨਸਾਫ਼ ਨਾ ਮਿਲਿਆ ਤਾਂ ਜਨਤਕ ਜਥੇਬੰਦੀਆਂ ਵੱਲੋਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਲਗਾਇਆ ਜਾਵੇਗਾ।
    ਮੀਟਿੰਗ ਵਿੱਚ ਜੱਗਾ ਸਿੰਘ ਡੱਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਸਾਬਕਾ ਸਰਪੰਚ ਇੰਦਰਜੀਤ ਸਿੰਘ ਅਨੈਤਪੁਰਾ, ਹਰਨੇਕ ਸਿੰਘ ਨੇਪਾਲ, ਸਤਨਾਮ ਸਿੰਘ ਡਿਆਲ ਭੱਟੀ, ਕੁਲਦੀਪ ਸਿੰਘ ਅਜਨਾਲਾ, ਲਖਬੀਰ ਸਿੰਘ ਤੇੜਾਂ, ਬਲਵਿੰਦਰ ਸਿੰਘ ਡਿਆਲ ਭੱਟੀ, ਵਿਦਿਆਰਥੀ ਆਗੂ ਸੰਤ ਸਿੰਘ , ਰਸ਼ਪਾਲ ਸਿੰਘ ਬੱਲ ਲੱਬੇ ਦਰਿਆ ਆਦਿ ਸ਼ਾਮਿਲ ਸਨ।

  • ਜੇਪੀਐਮਓ ਵਲੋਂ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ ਆਯੋਜਿਤ

    ਜੇਪੀਐਮਓ ਵਲੋਂ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ ਆਯੋਜਿਤ


    ਬਟਾਲਾ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਤਹਿਸੀਲ ਬਟਾਲਾ ਵਲੋਂ ਸਥਾਨਕ ਲੀਕ ਵਾਲਾ ਤਲਾਬ ਵਿਖੇ ਵਿਸ਼ਵਕਰਮਾ ਦਿਵਸ ਸਮਾਰੋਹ ਸਾਥੀ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ, ਅਵਤਾਰ ਸਿੰਘ ਮੁਰਗੀ ਮੁਹੱਲਾ, ਮੁਖਤਾਰ ਸਿੰਘ ਭਾਗੋਵਾਲ, ਜਸਵਿੰਦਰ ਸਿੰਘ ਛਿੱਤ, ਗੁਰਨਾਮ ਸਿੰਘ ਬਾਉਲੀ, ਇੰਦਰਜੀਤ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
    ਸਮਾਰੋਹ ਵਿੱਚ ਹਾਜ਼ਰ ਕਿਰਤੀ ਸਾਥੀਆਂ ਨੂੰ ਸੰਬੋਧਨ ਕਰਦਿਆਂ ਜੇਪੀਐੱਮਓ ਦੇ ਸੂਬਾਈ ਆਗੂ ਸਾਥੀ ਰਘਬੀਰ ਸਿੰਘ ਪਕੀਵਾਂ, ਤਹਿਸੀਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਭਾਰਤ ਦੇ ਪਹਿਲੇ ਸ਼ਿਲਪਕਾਰ ਦੇ ਮੌਢੀ ਬਾਬਾ ਵਿਸ਼ਵਕਰਮਾ ਜੀ ਨੇ ਸਮੁੱਚੀ ਕਿਰਤੀ ਜਮਾਤ ਦੇ ਕੰਮ ਲਈ ਔਜ਼ਾਰ, ਹਥਿਆਰਾਂ, ਮਸ਼ੀਨਾਂ ਆਦਿ ਦਾ ਨਿਰਮਾਣ ਕੀਤਾ ਹੈ, ਉਹਨਾਂ ਨੂੰ ‘ਕਿਰਤ ਦਾ ਦੇਵਤਾ’ ਆਖਿਆ ਜਾਂਦਾ ਹੈ। ਵੱਡੇ-ਵੱਡੇ ਡੈਮ, ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿੱਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿੱਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਵਿਸ਼ਵਕਰਮਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ। ਵਿਸ਼ਵਕਰਮਾ ਦਿਵਸ ਮੌਕੇ ਸੁਮੱਚੀ ਮਜ਼ਦੂਰ ਜਮਾਤ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿੱਚ ਪੂਜਾ ਕਰਦੇ ਹਨ।
    ਮੌਜੂਦਾ ਦੌਰ ਵਿੱਚ ਮਜ਼ਦੂਰ ਜਮਾਤ ਦੀ ਹਾਲਤ ਬਦ ਤੋਂ ਬੱਦਤਰ ਹੈ ਜਿਸ ਦੀਆਂ ਜ਼ਿੰਮੇਵਾਰ ਕੇਂਦਰ ਤੇ ਸੂਬਿਆਂ ਅੰਦਰ ਰਾਜ ਕਰਦੀਆਂ ਸਰਕਾਰਾਂ ਹਨ। ਭਾਰਤ ਵਿੱਚ ਲਾਗੂ ਕੀਤੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਕਾਰਨ ਮਜ਼ਦੂਰਾਂ ਨੂੰ ਮਿਲਦੀਆਂ ਵੱਖ-ਵੱਖ ਸਹੂਲਤਾਂ ਇੱਕ-ਇੱਕ ਕਰਕੇ ਖੋਹੀਆਂ ਜਾ ਰਹੀਆਂ ਹਨ ਜਿਵੇਂ 44 ਕਿਰਤ ਕਾਨੂੰਨਾਂ ਨੂੰ 4 ਕੋਡਾਂ ਵਿੱਚ ਤਬਦੀਲੀ ਕਰਨਾ, 8 ਘੰਟੇ ਦੀ ਦਿਹਾੜੀ 12 ਘੰਟੇ ਕਰਨਾ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਕਰਨਾ ਅਤੇ ਇਸ ਤੋਂ ਇਲਾਵਾ ਦੇਸ਼ ਵਿੱਚ ਫਿਰਕੂ ਫਾਸ਼ੀਵਾਦ ਏਜੰਡੇ ਤਹਿਤ ਘੱਟ ਗਿਣਤੀਆਂ ਮੁਸਲਮਾਨਾਂ, ਈਸਾਈਆਂ, ਦਲਿਤਾਂ, ਔਰਤਾਂ ਉਪਰ ਲਗਾਤਾਰ ਜ਼ੁਲਮ ਢਾਹਿਆ ਜਾ ਰਿਹਾ ਹੈ। ਦਲਿਤਾਂ-ਔਰਤਾਂ ਖਿਲਾਫ਼ ਜਾਤੀਵਾਦੀ ਤੇ ਲਿੰਗਕ ਜਬਰ ਵੱਧਦਾ ਜਾ ਰਿਹਾ ਹੈ।
    ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਹਰ ਰੋਜ਼ ਚੋਰੀਆਂ, ਡਾਕੇ, ਕਤਲ, ਗੋਲੀ ਕਾਂਡ ਵਰਗੇ ਘਿਨਾਉਣੇ ਅਪਰਾਧਾਂ ਦੀ ਗਿਣਤੀ ਵੱਧ ਰਹੀ ਹੈ, ਨਸ਼ੇ, ਭ੍ਰਿਸ਼ਟਾਚਾਰ ਸਿੱਖਰਾ ‘ਤੇ ਪਹੁੰਚਿਆ ਹੋਇਆ ਹੈ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ। ਇਹਨਾਂ ਸਾਰੀਆਂ ਮੁਸੀਬਤਾਂ ਦੇ ਹੱਲ ਮਜ਼ਦੂਰ ਜਮਾਤ ਦੀ ਲਾਮਬੰਦੀ ਕਰਕੇ ਵੱਡਾ ਅੰਦੋਲਨ ਕਰਨਾ ਹੋਵੇਗਾ।ਇਸ ਸਮੇਂ ਲੋਕ ਪੱਖੀ ਗੀਤਕਾਰ ਸਾਥੀ ਵਿਜੇ ਅਗਨੀਹੋਤਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ।
    ਇਸ ਮੌਕੇ ਨਿਸ਼ਾਨ ਸਿੰਘ ਜੌੜਾ ਸਿੰਘਾ, ਜਗਪਾਲ ਸਿੰਘ ਨਵਾਂ ਪਿੰਡ, ਰੂਪ ਲਾਲ, ਹਰਦੀਪ ਸਿੰਘ ਢਿੱਲੋਂ, ਕੇ ਐਸ ਗਿੱਲ, ਵਿਕਰਮ, ਸੁਖਦੇਵ ਸਿੰਘ ਭੀਖੋਵਾਲੀ, ਸੁੱਚਾ ਮਸੀਹ ਵਿਰਕ, ਸਤਨਾਮ ਸਿੰਘ ਭੁੱਲਰ, ਕਸ਼ਮੀਰ ਖੋਖਰ ਫੌਜੀਆਂ, ਹਰਜਿੰਦਰ ਸਿੰਘ ਬਾਉਲੀ ਇੰਦਰਜੀਤ, ਰੁਪਿੰਦਰਪਾਲ ਸਿੰਘ ਲਾਡੀ ਨਵਾਂ ਪਿੰਡ, ਜਸਬੀਰ ਸਿੰਘ ਰਿਖਿਆ, ਤਾਜ ਸਿੰਘ ਛਿੱਤ, ਜਤਿੰਦਰਬੀਰ ਸਿੰਘ ਛਿੱਤ ਅਤੇ ਮੱਖਣ ਸਿੰਘ ਪ੍ਰਧਾਨ ਟੈਕਸੀ ਯੂਨੀਅਨ ਆਦਿ ਸਾਥੀ ਹਾਜ਼ਰ ਸਨ।