
ਸਰਦੂਲਗੜ੍ਹ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸਰਦੂਲਗੜ੍ਹ ਤਹਿਸੀਲ ਕਮੇਟੀ ਦੇ ਪ੍ਰਧਾਨ ਸਾਥੀ ਰਣਬੀਰ ਕੁਮਾਰ ਜੈਨ ਦੇ ਬੇਵਕਤੀ ਦੇਹਾਂਤ ਹੋ ਗਿਆ। ਅੱਜ ਸਵੇਰੇ ਸਾਝਰੇ ਪਿਆ ਦਿਮਾਗ਼ ਦਾ ਦੌਰਾ (ਬ੍ਰੇਨ ਹੈਮਰੇਜ਼) ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ।
ਮੂਲ ਰੂਪ ‘ਚ ਨੇੜਲੇ ਪਿੰਡ ਖੈਰਾ ਕਲਾਂ ਦੇ ਜੰਮਪਲ ਸਾਥੀ ਰਣਵੀਰ ਕੁਮਾਰ ਜੈਨ ਲੰਘੀ ਸਦੀ ਦੇ ਅੰਤਲੇ ਦਹਾਕੇ ‘ਚ ਸੀਪੀਆਈ (ਐੱਮ) ਨਾਲ ਜੁੜੇ ਸਨ। ਸੀਪੀਐੱਮ ਪੰਜਾਬ ਅਤੇ ਆਰਐੱਮਪੀਆਈ ਦੀ ਸਥਾਪਨਾ ਅਤੇ ਵਿਕਾਸ ‘ਚ ਉਨ੍ਹਾਂ ਨੇ ਸ਼ਾਨਦਾਰ ਯੋਗਦਾਨ ਪਾਇਆ ਸੀ।
ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਬਜ਼ੁਰਗ ਰਹਿਬਰ ਸਾਥੀ ਛੱਜੂ ਰਾਮ ਰਿਸ਼ੀ, ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ, ਗੁਰਦੇਵ ਸਿੰਘ ਲੋਹਗੜ੍ਹ ਅਤੇ ਆਤਮਾ ਰਾਮ ਨੇ ਸਾਥੀ ਰਣਬੀਰ ਦੇ ਯੋਗਦਾਨ ਅਤੇ ਬੇਦਾਗ ਜੀਵਨ ਨੂੰ ਸਨਮਾਨ ਨਾਲ ਸਿਜਦਾ ਕਰਦਿਆਂ ਉਨ੍ਹਾਂ ਨੂੰ ਸੂਹੀ ਸ਼ਰਧਾਂਜਲੀ ਭੇਂਟ ਕੀਤੀ ਹੈ। ਪਾਰਟੀ ਆਗੂਆਂ ਨੇ ਵਿਛੜੇ ਸਾਥੀ ਦੇ ਪਰਿਵਾਰ ਨਾਲ ਆਪਣੀਆਂ ਸੰਵੇਦਨਾਵਾਂ ਵੀ ਸਾਂਝੀਆਂ ਕੀਤੀਆਂ ਹਨ।