
ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਕਾਰਕੁੰਨਾਂ ਵੱਲੋਂ ਅੱਜ ਡੀਐੱਸਪੀ ਬਾਬਾ ਬਕਾਲਾ ਸਾਹਿਬ ਦੇ ਦਫਤਰ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਆਰੰਭ ਕਰ ਦਿੱਤਾ ਗਿਆ। ਰੋਸ ਧਰਨੇ ਦੀ ਅਗਵਾਈ ਸਵਿੰਦਰ ਸਿੰਘ ਖਹਿਰਾ, ਗੁਰਨਾਮ ਸਿੰਘ ਭਿੰਡਰ ਨੇ ਕੀਤੀ। ਧਰਨਾਕਾਰੀਆਂ ਨੇ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਇਸ ਸਬੰਧੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੇਂਦਰੀ ਅਤੇ ਸੂਬਾਈ ਆਗੂਆਂ ਸਾਥੀ ਗੁਰਨਾਮ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ ਨੇ ਕਿਹਾ ਪਿੰਡ ਟੌਂਗ ਦੀਆਂ ਮਜ਼ਦੂਰ ਔਰਤਾਂ ਪਰਮਜੀਤ ਕੌਰ ਅਤੇ ਨਰਿੰਦਰ ਕੌਰ ਦੇ ਪਿੰਡ ਵਾਸੀ ਨੇ ਬੀਤੀ 21 ਜੂਨ ਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ, ਜਿਸ ਸਬੰਧੀ ਸਮੇਂ ਸਮੇਂ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਪੁਲਿਸ ਵੱਲੋਂ ਪੀੜਤ ਪਰਿਵਾਰ ਉੱਪਰ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ। ਇਸ ਧੱਕੇ ਖਿਲਾਫ ਬੀਤੀ 3 ਅਕਤੂਬਰ ਨੂੰ ਪੁਲਿਸ ਚੌਂਕੀ ਰਈਆ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਜਿੱਥੇ ਡੀਐੱਸਪੀ ਬਾਬਾ ਬਕਾਲਾ ਸਾਹਿਬ ਨੇ ਇਨਸਾਫ਼ ਦੇਣ ਦਾ ਵਾਅਦਾ ਕੀਤਾ ਪਰ ਅੱਜ ਤੱਕ ਕੋਈ ਇਨਸਾਫ਼ ਨਹੀਂ ਦਿੱਤਾ ਗਿਆ, ਜਿਸਦੇ ਖ਼ਿਲਾਫ਼ ਅੱਜ ਰੋਸ ਧਰਨਾ ਆਰੰਭ ਕੀਤਾ ਗਿਆ ਹੈ ਜੋ ਇਨਸਾਫ਼ ਪ੍ਰਾਪਤੀ ਤੱਕ ਜਾਰੀ ਰਹੇਗਾ। ਇਸ ਮੌਕੇ ਰਸ਼ਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਸੱਜਣ ਸਿੰਘ ਤਿੰਮੋਵਾਲ, ਪਰਗਟ ਸਿੰਘ ਟੌਂਗ, ਸੂਬਾ ਸਿੰਘ ਵਡਾਲਾ, ਗੁਰਜੰਟ ਸਿੰਘ ਮੁੱਛਲ ਆਦਿ ਨੇ ਸੰਬੋਧਨ ਕੀਤਾ। ਖ਼ਬਰ ਲਿਖੇ ਜਾਣ ਜਾਣ ਤੱਕ ਧਰਨਾ ਜਾਰੀ ਸੀ।