Now Reading
ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ, ਸ਼ੱਕੀ ਕਿਰਦਾਰ ਵਾਲੇ, ਕੱਟੜਪੰਥੀ ਉਮੀਦਵਾਰ ਨੂੰ ਮੂੰਹ ਨਾ ਲਾਉਣ ਦੀ ਅਪੀਲ

ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ, ਸ਼ੱਕੀ ਕਿਰਦਾਰ ਵਾਲੇ, ਕੱਟੜਪੰਥੀ ਉਮੀਦਵਾਰ ਨੂੰ ਮੂੰਹ ਨਾ ਲਾਉਣ ਦੀ ਅਪੀਲ


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਰਾਜ ਕਮੇਟੀ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਉਹ ਆਉਣ ਵਾਲੀ 11 ਨਵੰਬਰ ਨੂੰ ਹੋਣ ਜਾ ਰਹੀ ਉਪ ਚੋਣ ‘ਚ ਕੇਂਦਰੀ ਏਜੰਸੀਆਂ ਦੇ ਸ਼ਿਸ਼ਕਾਰੇ, ਸ਼ੱਕੀ ਕਿਰਦਾਰ ਵਾਲੇ, ਅਜਿਹੇ ਕਿਸੇ ਵੀ ਕੱਟੜਪੰਥੀ ਉਮੀਦਵਾਰ ਨੂੰ ਮੂੰਹ ਨਾ ਲਾਉਣ, ਜਿਸ ਦੀਆਂ ਹਰਕਤਾਂ ਤੇ ਬੋਲ-ਬਾਣੀ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦਾ ਜ਼ਰੀਆ ਬਣ ਸਕਦੇ ਹਨ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਰਾਜ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਸੂਬਾ ਖ਼ਜ਼ਾਨਚੀ ਪ੍ਰੋ. ਜੈਪਾਲ ਸਿੰਘ ਨੇ ਕਿਹਾ ਹੈ ਕਿ ਵੋਟਰਾਂ ਨੂੰ ਆਪਣੇ ਮਤ ਰਾਹੀਂ ਕੇਂਦਰੀ ਹੁਕਮਰਾਨਾਂ ਦੀਆਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਲਈ ਚੋਣ ਮੈਦਾਨ ‘ਚ ਨਿੱਤਰੇ ਸ਼ਰਾਰਤੀ ਅਨਸਰਾਂ ਦੀ ਸਪਸ਼ਟ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਭਾਂਜ ਦੇਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਹੈ ਕਿ ਇਸ ਚੋਣ ’ਚ ਦੇਸ਼ ਵਾਸੀਆਂ ਨੂੰ ਧਰਮ ਦੇ ਆਧਾਰ ‘ਤੇ ਵੰਡਣ ਵਾਲੇ ਆਰਐੱਸਐੱਸ ਦੀ ਵਿਚਾਰਧਾਰਾ ਅਨੁਸਾਰ ਦੇਸ਼ ਚਲਾ ਰਹੀ ਭਾਜਪਾ ਦੇ ਉਮੀਦਵਾਰ ਨੂੰ ਹਾਰ ਦੇ ਕੇ ਧਰਮ ਨਿਰਪੱਖਤਾ, ਜਮਹੂਰੀਅਤ ਤੇ ਫੈਡਰਲ ਢਾਂਚੇ ਦੀ ਰਾਖੀ ਦਾ ਸਪਸ਼ਟ ਸੁਨੇਹਾ ਦੇਣਾ ਚਾਹੀਦਾ ਹੈ। ਨਾਲ ਹੀ ਆਪਣੇ ਹਰ ਵਾਅਦੇ ਤੋਂ ਭੱਜੀ, ਮਾਫੀਆ ਗ੍ਰੋਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਤੇ ਸੰਘਰਸ਼ੀ ਲੋਕਾਂ ‘ਤੇ ਜਬਰ ਢਾਹ ਰਹੀ ਪੰਜਾਬ ਸਰਕਾਰ ਨੂੰ ਵੀ ਢੁੱਕਵਾਂ ਸਬਕ ਸਿਖਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਐਲਾਨ ਕੀਤਾ ਹੈ ਕਿ ਆਰਐੱਮਪੀਆਈ ਧਰਮ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਰਾਖੀ ਤੇ ਮਜਬੂਤੀ ਲਈ ਹਰ ਕਿਸਮ ਦੀਆਂ ਵੰਡਵਾਦੀ ਤਾਕਤਾਂ ਨੂੰ ਹਰਾਉਣ ਦੀ ਆਪਣੀ ਨੀਤੀ ਅਨੁਸਾਰ ‘ਇੰਡੀਆ‘ ਗਠਜੋੜ ਦੀ ਮੁੱਖ ਭਾਈਵਾਲ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਦੀ ਡੱਟਵੀਂ ਹਮਾਇਤ ਕਰੇਗੀ।
ਇਸ ਮੰਤਵ ਲਈ ਪਾਰਟੀ ਵਲੋਂ ਆਉਣ ਵਾਲੀ 7 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਸੰਬੋਧਨ ਕਰਨਗੇ।

Scroll To Top