Author: admin

  • ਧਰਨਾ ਲਗਾ ਕੇ ਦੱਬੀ ਹੋਈ ਮੈਡੀਕਲ ਰਿਪੋਰਟ ਕੀਤੀ ਪ੍ਰਾਪਤ

    ਧਰਨਾ ਲਗਾ ਕੇ ਦੱਬੀ ਹੋਈ ਮੈਡੀਕਲ ਰਿਪੋਰਟ ਕੀਤੀ ਪ੍ਰਾਪਤ


    ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਵਰਕਰਾਂ ਵਲੋਂ ਸਥਾਨਕ ਸਿਵਲ ਹਸਪਤਾਲ ਦੇ ਦਫਤਰ ਸਾਹਮਣੇ ਰੋਸ ਮੁਜਾਹਰਾ ਕੀਤਾ, ਜਿਸਦੀ ਅਗਵਾਈ ਗੁਰਮੇਜ ਸਿੰਘ ਤਿੰਮੋਵਾਲ ਅਤੇ ਗੁਰਨਾਮ ਸਿੰਘ ਭਿੰਡਰ ਨੇ ਕੀਤੀ।
    ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਸੂਬਾ ਕਮੇਟੀ ਮੈਂਬਰਾਂ ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ ਨੇ ਕਿਹਾ ਹਲਕੇ ਦੇ ਪਿੰਡ ਟੌਂਗ ਵਿੱਚ 21 ਜੂਨ ਨੂੰ ਪਰਮਜੀਤ ਕੌਰ ਅਤੇ ਨਰਿੰਦਰ ਕੌਰ ਨਾਂ ਦੀਆਂ ਮਜ਼ਦੂਰ ਔਰਤਾਂ ਨੂੰ ਕਥਿਤ ਤੌਰ ’ਤੇ ਜਗਰੂਪ ਸਿੰਘ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੋਹੇ ਦੀਆਂ ਰਾਡਾਂ ਨਾਲ ਸੱਟਾਂ ਮਾਰੀਆਂ ਅਤੇ ਬਾਹਾਂ ਤੋੜ ਦਿੱਤੀਆਂ। ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸਟਾਫ ਅਤੇ ਐੱਸਐੱਮਓ ਵੱਲੋਂ 24 ਦਿਨ ਬੀਤ ਜਾਣ ਉਪਰੰਤ ਵੀ ਐੱਮਐੱਲਆਰ ਨਹੀਂ ਦਿੱਤੀ, ਉਨ੍ਹਾਂ ਕਿਹਾ ਕਿ ਇਹ ਸਭ ਕੁਝ ਹਲਕਾ ਵਿਧਾਇਕ ਦੀ ਸ਼ਹਿ ’ਤੇ ਹੋ ਰਿਹਾ ਹੈ।
    ਅੱਜ ਲੋਕ ਸ਼ਕਤੀ ਦੇ ਦਬਾਅ ਹੇਠ ਐੱਸਐੱਮਓ ਵਲੋਂ ਸੱਟਾਂ ਦੇ ਨਤੀਜੇ ਦੀਆਂ ਕਾਪੀਆਂ ਦੇਣ ਉਪਰੰਤ ਰੋਸ ਮੁਜ਼ਾਹਰਾ ਸਮਾਪਤ ਕੀਤਾ ਗਿਆ। ਇਸ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਬੁਟਾਰੀ, ਰਸ਼ਪਾਲ ਸਿੰਘ ਬੁਟਾਰੀ, ਸਵਿੰਦਰ ਸਿੰਘ ਖਹਿਰਾ, ਸੁਰਜੀਤ ਸਿੰਘ ਤਲਵੰਡੀ, ਸ਼ੰਗਾਰਾ ਸਿੰਘ ਸੁਧਾਰ, ਪਰਗਟ ਸਿੰਘ ਟੌਂਗ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤਿੱਖਾ ਸੰਘਰਸ਼ ਕੀਤਾ ਜਾਵੇਗਾ।

  • ਮੰਗ ਪੱਤਰ ਦੇਣ ਉਪਰੰਤ 12 ਅਗਸਤ ਨੂੰ ਧਰਨਾ ਦੇਣ ਦਾ ਕੀਤਾ ਐਲਾਨ

    ਮੰਗ ਪੱਤਰ ਦੇਣ ਉਪਰੰਤ 12 ਅਗਸਤ ਨੂੰ ਧਰਨਾ ਦੇਣ ਦਾ ਕੀਤਾ ਐਲਾਨ


    ਤਰਨ ਤਾਰਨ: ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮਨਰੇਗਾ ਵਰਕਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ। ਜਿਸ ਦੀ ਅਗਵਾਈ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਰਟੋਲ, ਕਮਲਜੀਤ ਸਿੰਘ ਫੌਜੀ ਨਾਗੋਕੇ, ਜਸਬੀਰ ਕੌਰ ਕੈਰੋਵਾਲ, ਕਿਰਪਾਲ ਸਿੰਘ ਦੇਓ ਨੇ ਕੀਤੀ। ਇਨ੍ਹਾਂ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਮਨਰੇਗਾ ਵਰਕਰਾਂ ਦੇ ਕਾਫੀ ਸਮੇਂ ਤੋਂ ਰੁਕੇ ਬਕਾਏ ਤੁਰੰਤ ਪਾਏ ਜਾਣ ਅਤੇ ਕਾਫੀ ਵਰਕਰਾਂ ਦੇ ਪਿਛਲੇ ਬਣਦੇ ਬਕਾਏ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣ। ਮਨਰੇਗਾ ਵਰਕਰਾਂ ਦੇ ਜੌਬ ਕਾਰਡ ਬਿਨ੍ਹਾਂ ਭੇਦਭਾਵ ਬਣਾਏ ਜਾਣ ਅਤੇ ਹਾਜ਼ਰੀ ਜੌਬ ਕਾਰਡਾਂ ’ਤੇ ਲਾਈ ਜਾਵੇ। ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾਂ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ, ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ, ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ। ਮਨਰੇਗਾ ਵਰਕਰਾਂ ਦੇ ਸਾਰੇ ਪ੍ਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਮਨਰੇਗਾ ਵਰਕਰਾਂ ਲਈ ਲੜੀਂਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਟ ਮੁਹੱਈਆ ਕਰਵਾਈ ਜਾਵੇ ਅਤੇ ਔਰਤਾਂ ਦੇ ਬੱਚਿਆਂ ਦੀ ਦੇਖ ਭਾਲ ਲਈ ਬਜ਼ੁਰਗ ਔਰਤਾਂ ਦਾ ਪ੍ਰਬੰਧ ਕੀਤਾ ਜਾਵੇ। ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ। ਸਾਰੇ ਬਲਾਕਾਂ ’ਚ ਮਨਰੇਗਾ ਦਾ ਬੰਦ ਕੰਮ ਚਾਲੂ ਕਰਾਇਆ ਜਾਵੇ। ਬਲਾਕ ਅਧਿਕਾਰੀਆਂ ਮਨਰੇਗਾ, ਸੈਕਟਰੀਆਂ ਵੱਲੋਂ ਮੇਟਾ/ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਮਨਰੇਗਾ ਵਰਕਰਾਂ ਦੇ ਜੌਬ ਕਾਰਡ ’ਤੇ ਹੋਰ ਵਰਕਰਾਂ ਦੇ ਖਾਤਿਆਂ ’ਚ ਪੈਸੇ ਪਾਏ ਜਾ ਰਹੇ ਹਨ, ਇਸ ਦੀ ਪੜਤਾਲ ਕਰਵਾਈ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਮਨਰੇਗਾ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 12 ਅਗਸਤ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਅੱਗੇ ਧਰਨਾ ਦਿੱਤਾ ਜਾਵੇਗਾ।
    ਇਸ ਮੌਕੇ ਮਹਿੰਗਾ ਸਿੰਘ, ਮੰਗਲ ਸਿੰਘ ਰਟੋਲ, ਕੁਲਦੀਪ ਸਿੰਘ ਰਟੋਲ, ਬਾਬਾ ਮੇਜਰ ਸਿੰਘ ਨਾਗੋਕੇ, ਲਾਡੀ, ਮੰਗਲ ਸਿੰਘ, ਬਲਦੇਵ ਸਿੰਘ ਬਾਠ, ਬਲਵਿੰਦਰ ਸਿੰਘ, ਵੱਸਣ ਸਿੰਘ ਮੱਝੂਪੁਰ, ਹਰਚਰਨ ਸਿੰਘ ਪੰਡੋਰੀ ਆਦਿ ਹਾਜ਼ਰ ਸਨ।

  • ਮੋਦੀ ਸਰਕਾਰ ਦੀਆਂ ਮਨਰੇਗਾ ਦੇ ਖਾਤਮੇ ਦੀਆਂ ਸਾਜ਼ਿਸ਼ਾਂ ਦਾ ਬੁਥਾੜ ਭੰਨਣ ਦਾ ਸੱਦਾ

    ਮੋਦੀ ਸਰਕਾਰ ਦੀਆਂ ਮਨਰੇਗਾ ਦੇ ਖਾਤਮੇ ਦੀਆਂ ਸਾਜ਼ਿਸ਼ਾਂ ਦਾ ਬੁਥਾੜ ਭੰਨਣ ਦਾ ਸੱਦਾ


    ਪਟਿਆਲਾ: ‘ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਵਲੋਂ ਸਥਾਨਕ ‘ਦੋਸਤੀ ਭਵਨ’ ਵਿਖੇ ਸਰਵ ਸਾਥੀ ਪ੍ਰਹਿਲਾਦ ਸਿੰਘ ਨਿਆਲ, ਗੀਤਾ ਰਾਣੀ ਛਿੱਬਰ, ਲਖਵਿੰਦਰ ਸਿੰਘ ਰਾਠੀਆਂ, ਰਣਧੀਰ ਸਿੰਘ ਕਾਦਰਾਬਾਦ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨ ਕਰਕੇ ਮਜ਼ਬੂਤ ਜਥੇਬੰਦੀ ਉਸਾਰਨ ਅਤੇ ਮਗਨਰੇਗਾ ਕਾਮਿਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਰ ਪੱਧਰ ‘ਤੇ ਘੋਲ ਵਿੱਢਣ ਦਾ ਨਿਰਣਾ ਲਿਆ ਗਿਆ ਹੈ।
    ਕਨਵੈਨਸ਼ਨ ਦੇ ਮੁੱਖ ਬੁਲਾਰੇ, ਯੂਨੀਅਨ ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕੁਰ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਲੋਟੂਆਂ ਦੇ ਹੁਕਮਾਂ ਤਹਿਤ ਮਗਨਰੇਗਾ ਐਕਟ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ। ਇਸੇ ਲਈ ਕੇਂਦਰੀ ਸਰਕਾਰ ਹਰ ਬਜਟ ਵਿਚ ਮਨਰੇਗਾ ਫੰਡ ਘਟਾਉਂਦੀ ਜਾ ਰਹੀ ਹੈ। ਕਾਨੂੰਨ ਤਹਿਤ ਸੂਚੀਬੱਧ ਪੇਂਡੂ ਕਿਰਤੀ ਪਰਿਵਾਰਾਂ ਨੂੰ ਨਾ ਤਾਂ ਸਾਲ ‘ਚ 100 ਦਿਨ ਰੁਜ਼ਗਾਰ ਦਿੱਤਾ ਜਾਂਦਾ ਹੇ ਤੇ ਨਾ ਹੀ ਸਮੇਂ ਸਿਰ ਤੈਅਸ਼ੁਦਾ ਮਿਹਨਤਾਨਾ ਅਦਾ ਕੀਤਾ ਜਾਂਦਾ ਹੈ। ਮਨਰੇਗਾ ਕਾਮੇ ਬੇਰੁਜ਼ਗਾਰੀ ਭੱਤੇ ਅਤੇ ਕੰਮ ਦੇ ਸੰਦਾਂ ਤੋਂ ਵਿਰਵੇ ਰੱਖੇ ਜਾ ਰਹੇ ਹਨ। ਹਾਦਸਿਆਂ ‘ਚ ਜ਼ਖ਼ਮੀ ਹੋ ਜਾਣ ਜਾਂ ਮੌਤ ਹੋ ਜਾਣ ਦੀ ਸੂਰਤ ‘ਚ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਕਿਰਤੀ ਔਰਤਾਂ ਅਤੇ ਛੋਟੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦੀ ਜਾਣ-ਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ।
    ਦੂਜੇ ਪਾਸੇ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਮਨਰੇਗਾ ਕਿਰਤੀਆਂ ਦੇ ਮੰਗਾਂ-ਮਸਲਿਆਂ ਪ੍ਰਤੀ ਮੁਜ਼ਰਮਾਨਾ ਘੇਸਲ ਮਾਰੀ ਹੋਈ ਹੈ। ਇਸ ਲਈ ਅੱਜ ਨਾ ਕੇਵਲ ਮਨਰੇਗਾ ਕਾਨੂੰਨ ਦੀ ਰਾਖੀ ਲਈ ਬਲਕਿ ਇਸ ‘ਚ ਕਿਰਤੀ ਪੱਖੀ ਰੈਡੀਕਲ ਸੋਧਾਂ ਕਰਵਾਉਣ ਲਈ ਵੀ ਤਿੱਖੇ ਤੇ ਬੱਝਵੇਂ, ਆਜ਼ਾਦਾਨਾ ਤੇ ਸਾਂਝੇ ਸੰਘਰਸ਼ ਛੇੜਣੇ ਸਮੇਂ ਦੀ ਪਲੇਠੀ ਤੇ ਮਹਤਵਪੂਰਣ ਲੋੜ ਬਣ ਚੁੱਕੀ ਹੈ। ਉਨ੍ਹਾਂ ਮਨਰੇਗਾ ਕਾਨੂੰਨ ਨੂੰ ਅੱਖਰ-ਅੱਖਰ ਲਾਗੂ ਕਰਵਾਉਣ ਅਤੇ ਕੁਰੱਪਸ਼ਨ ਤੇ ਨਾਜਾਇਜ ਦਖ਼ਲ ਦੇ ਖਾਤਮੇ ਲਈ ਪਿੰਡ-ਪਿੰਡ ਮਜ਼ਬੂਤ ਜੱਥੇਬੰਦੀ ਉਸਾਰਨ ਦਾ ਸੱਦਾ ਦਿੱਤਾ ਹੈ।
    ਸਾਥੀ ਦੀਪਕ ਨੇ ਕਿਰਤੀਆਂ ਨੂੰ ਸੁਤੰਤਰਤਾ ਪ੍ਰਾਪਤੀ ਤੋਂ ਆਮ ਲੋਕਾਂ ਨੂੰ ਹਾਸਲ ਹੋਈਆਂ ਮਾਮੂਲੀ ਸਹੂਲਤਾਂ ਦਾ ਖਾਤਮਾ ਕਰਨ ਵਾਲੀਆਂ ਕੇਂਦਰੀ ਦੀ ਮੋਦੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ, ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਖਿਲਾਫ ਫੈਸਲਾਕੁੰਨ ਘੋਲ ਵਿੱਢਣ ਦੀ ਵੀ ਅਪੀਲ ਕੀਤੀ ਹੈ। ਭਾਜਪਾ ਦੇ ਵਿਚਾਰਧਾਰਕ ਆਕਾ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਹੱਲਿਆਂ ਤੇ ਵੰਡਵਾਦੀ ਕੁਚਾਲਾਂ ਨੂੰ ਸਮਝਣ ਤੇ ਭਾਂਜ ਦੇਣ ਲਈ ਵੀ ਘੋਲਾਂ ਦੇ ਪਿੜ ‘ਚ ਨਿਤਰਨ ਦਾ ਸੱਦਾ ਦਿਤਾ ਹੈ।
    ਇਸ ਮੌਕੇ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਪੇਂਡੂ ਕਿਰਤੀ ਪਰਿਵਾਰਾਂ ਦੇ ਸਾਰੇ ਬਾਲਗ ਜੀਆਂ ਨੂੰ ਘੱਟੋ-ਘੱਟ 700 ਰੁਪਏ ਦੀ ਦਿਹਾੜੀ ਸਹਿਤ ਸਾਰਾ ਸਾਲ ਕੰਮ ਦੇਣ ਦੀ ਮੰਗ ਕੀਤੀ ਗਈ ਹੈ। ਯੂਨੀਅਨ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਐਡਹਾਕ ਕਮੇਟੀ ਵੀ ਚੁਣੀ ਗਈ ਜਿਸ ਦੇ ਕਨਵੀਨਰ ਦੀ ਜ਼ਿੰਮੇਵਾਰੀ ਸਾਥੀ ਪ੍ਰਹਿਲਾਦ ਨਿਆਲ ਨੂੰ ਸੌਂਪੀ ਗਈ ਹੈ।
    ਉਚੇਚੇ ਪੁੱਜੇ ਸੀ.ਟੀ.ਯੂ. ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਦੇਵ ਰਾਜ ਵਰਮਾ, ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ (ਐਸ.ਬੀ.ਵਾਈ.ਐਫ.) ਦੇ ਜਨਰਲ ਸਕੱਤਰ ਸਾਥੀ ਧਰਮਿੰਦਰ ਸਿੰਘ ਮੁਕੇਰੀਆਂ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਦੇ ਸੂਬਾ ਕਨਵੀਨਰ ਸਾਥੀ ਗਗਨਦੀਪ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਆਪੋ-ਆਪਣੇ ਸੰਗਠਨਾਂ ਵਲੋਂ ਹਰ ਪੱਖੋਂ ਸਹਿਯੋਗ ਕਰਨ ਦਾ ਯਕੀਨ ਦਿਵਾਇਆ।
    ਬੁਲਾਰਿਆਂ ਨੇ ਸੂਬੇ ਦੀ ਕਨੂੰਨ-ਪ੍ਰਬੰਧ ਦੀ ਚਿੰਤਾਜਨਕ ਅਵਸਥਾ, ਸਰਕਾਰੀ ਦਾਅਵਿਆਂ ਦੇ ਉਲਟ ਨਸ਼ੇ ਨਾਲ ਹੋ ਰਹੀਆਂ ਬੇਸ਼ੁਮਾਰ ਮੌਤਾਂ, ਅਪਰਾਧਾਂ ਤੇ ਮਾਫੀਆ ਲੁੱਟ ਦੇ ਬੇਰੋਕ ਵਾਧੇ ਅਤੇ ਪੁਲਸ ਮੁਕਾਬਲਿਆਂ ਰਾਹੀਂ ਕੀਤੇ ਜਾ ਰਹੇ ਗੈਰ ਸੰਵਿਧਾਨਕ ਕਤਲਾਂ ਲਈ ਜਿੰਮੇਵਾਰ ਭਗਵੰਤ ਸਿੰਘ ਮਾਨ ਸਰਕਾਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
    ਇਸ ਮੌਕੇ ਪੂਰਨ ਚੰਦ ਨਨਹੇੜਾ, ਅਮਰਜੀਤ ਸਿੰਘ ਘਨੌਰ, ਰਾਜ ਕਿਸ਼ਨ ਨੂਰ ਖੇੜੀ, ਸੁਖਪਾਲ ਸਿੰਘ ਕਾਦਰਾਬਾਦ ਅਤੇ ਰਵਿੰਦਰ ਰਵੀ ਲੋਹਗੜ੍ਹ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਕ ਦੇ ਫਰਜ ਸਾਥੀ ਹਰੀ ਸਿੰਘ ਦੌਣ ਕਲਾਂ ਨੇ ਨਿਭਾਏ।

  • ਡਕੌਦਾ ਜਥੇਬੰਦੀ ਦੇ ਆਗੂ ਜਮਹੂਰੀ ਕਿਸਾਨ ਸਭਾ ‘ਚ ਹੋਏ ਸ਼ਾਮਲ

    ਡਕੌਦਾ ਜਥੇਬੰਦੀ ਦੇ ਆਗੂ ਜਮਹੂਰੀ ਕਿਸਾਨ ਸਭਾ ‘ਚ ਹੋਏ ਸ਼ਾਮਲ


    ਤਰਨ ਤਾਰਨ: ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਅੱਜ ਜਮਹੂਰੀ ਕਿਸਾਨ ਸਭਾ ‘ਚ ਸ਼ਾਮਲ ਹੋ ਗਏ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੀ ਇੱਕ ਮੀਟਿੰਗ ਦਿਲਬਾਗ ਸਿੰਘ ਵਰਿਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬਲਦੇਵ ਸਿੰਘ ਪੰਡੋਰੀ, ਕਰਮ ਸਿੰਘ ਪੰਡੋਰੀ ਸ਼ਾਮਲ ਹੋਏ। ਪੰਡੋਰੀ ਨੇ ਜਥੇਬੰਦੀ ਦੇ ਪ੍ਰੋਗਰਾਮ, ਨੀਤੀਆਂ ਤੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਜਥੇਬੰਦੀ ਦੀਆਂ ਪ੍ਰਾਪਤੀਆਂ ਸ਼ਾਨਾਮਤੇ ਇਤਿਹਾਸ ‘ਤੇ ਚਾਨਣਾ ਪਾਇਆ। ਪੰਡੋਰੀ ਨੇ ਦੱਸਿਆ ਜਥੇਬੰਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਵੱਖ ਵੱਖ ਪਿੰਡਾਂ ਤੋਂ ਸਾਥੀ ਅੱਜ ਜਮਹੂਰੀ ਕਿਸਾਨ ਸਭਾ ਵਿੱਚ ਸ਼ਾਮਲ ਹੋਏ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਚੌਧਰੀਵਾਲਾ, ਬਲਜੀਤ ਸਿੰਘ ਉਸਮਾ, ਸੁਖਵੰਤ ਸਿੰਘ ਦਰਗਾਪੁਰ, ਗੁਰਮੀਤ ਸਿੰਘ ਦਰਗਾਪੁਰ, ਬਲਬੀਰ ਸਿੰਘ ਦਰਗਾਪੁਰ, ਦਿਲਬਾਗ ਸਿੰਘ ਵਰਿਆਂ, ਗੁਰਭੇਜ ਸਿੰਘ ਸਰਹਾਲੀ, ਗੁਰਵਿੰਦਰ ਸਿੰਘ ਸਰਹਾਲੀ, ਵਿਸ਼ਵਦੀਪ ਸਿੰਘ ਸਰਹਾਲੀ, ਜੁਗਰਾਜ ਸਿੰਘ ਠੱਠੀਆਂ, ਗੁਰਲਾਲ ਸਿੰਘ ਠੱਠੀਆ, ਮਹੀਪਾਲ ਸਿੰਘ ਠੱਠੀਆ ਆਦਿ ਸ਼ਾਮਲ ਹੋਏ। ਪੰਡੋਰੀ ਨੇ ਜਥੇਬੰਦੀ ‘ਚ ਸ਼ਾਮਲ ਹੋਣ ‘ਤੇ ਸਾਰਿਆਂ ਨੂੰ ਜੀ ਆਇਆ ਆਖਿਆ ਅਤੇ ਜਥੇਬੰਦੀ ‘ਚ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
    ਸ਼ਾਮਲ ਹੋਣ ਵਾਲੇ ਸਾਥੀਆਂ ਨੇ ਕਿਹਾ ਕੇ ਉਹਨਾਂ ਨੂੰ ਜਥੇਬੰਦੀ ਦੇ ਕਿਸਾਨੀ, ਜਵਾਨੀ ਅਤੇ ਪਾਣੀ ਨੂੰ ਬਚਾਉਣ ਅਤੇ ਵਾਤਾਵਰਨ ਦੀ ਰਾਖੀ ਲਈ ਵਿਗਿਆਨਕ ਸਮਝਦਾਰੀ ਅਤੇ ਜ਼ਮੀਨਾਂ ਦੀ ਰਾਖੀ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕੀਤੇ ਜਾ ਰਹੇ ਸੰਘਰਸ਼ ਅਤੇ ਅਗਵਾਈ ਵਿੱਚ ਪੂਰਨ ਭਰੋਸਾ ਹੈ। ਉਹਨਾਂ ਕਿਹਾ ਕੇ ਕਿਸਾਨਾਂ ਦੀ ਲੁੱਟ ਖਿਲਾਫ ਸੰਘਰਸ਼ ਅਤੇ ਕੇਦਰ ਅਤੇ ਪੰਜਾਬ ਸਰਕਾਰ ਵੱਲ ਕਿਸਾਨਾਂ ਦੀਆ ਜਮੀਨਾਂ ਪਹਿਲਾਂ ਬਣੇ 2013 ਦੇ ਕਾਨੂੰਨ ਦੀ ਉਲੰਘਣਾ ਕਰਕੇ ਲੈਂਡ ਪੂਲਿੰਗ ਪੌਲਿਸੀ ਤਹਿਤ ਜਬਰੀ ਪ੍ਰਾਪਤ ਕਰਨ ਖ਼ਿਲਾਫ਼ ਬੇਹਤਰ ਢੰਗ ਨਾਲ ਯੋਗਦਾਨ ਪਾ ਸਕਣਗੇ।

  • ਮੌਸਮ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਕੀਤੀ ਮੰਗ

    ਮੌਸਮ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਕੀਤੀ ਮੰਗ


    ਅਜਨਾਲਾ: ਪੰਜਾਬ ਸਰਕਾਰ ਦੀ ਫ਼ਸਲਾਂ ਦੇ ਖ਼ਰਾਬੇ ਸਬੰਧੀ ਕੋਈ ਵੀ ਪਾਰਦਰਸ਼ੀ ਨੀਤੀ ਜਾਣਬੁੱਝ ਕੇ ਨਾ ਬਣਾਉਣ ਕਰਕੇ ਕਿਸਾਨਾਂ ਨੂੰ ਉਹਨਾਂ ਦੀ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਯੋਗ ਮੁਆਵਜ਼ਾ ਜਦੋਂ ਦੀ ਮਾਨ ਸਰਕਾਰ ਆਈ ਹੈ, ਲੋਕਾਂ ਨੂੰ ਨਹੀਂ ਮਿਲਿਆ। ਨਾਲਿਆਂ, ਨਖਾਸੂਵਾਂ, ਕਸੀਆਂ ਦੀ ਸਫ਼ਾਈ ਨਾ ਹੋਣ ਕਾਰਨ ਅਤੇ ਪੁਰਾਣੇ ਪਾਣੀ ਦੇ ਵਹਿਣ ਸੜਕਾਂ ਦੀ ਉਸਾਰੀ ਬੰਦ ਹੋਣ ਕਰਕੇ ਜ਼ਿਆਦਾ ਬਾਰਸ਼ਾਂ ਹੋਣ ਕਾਰਨ ਉਹਨਾਂ ਵਿੱਚ ਹੜ੍ਹ ਆ ਜਾਣ ਕਰਕੇ ਲੱਖਾਂ ਏਕੜ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਪੈ੍ਸ ਨੂੰ ਜਾਣਕਾਰੀ ਦਿੱਤੀ ਕਿ ਭਾਰੀ ਬਾਰਸ਼ਾਂ ਤੇ ਪਾਣੀ ਦੇ ਵਹਿਣ ਕਾਰਨ ਝੋਨੇ ਦੀ ਫ਼ਸਲ ਦਾ 33 ਫੀਸਦੀ ਤੋਂ ਲੈ ਕੇ 100 ਫ਼ੀਸਦੀ ਤੱਕ ਦਾ ਨੁਕਸਾਨ ਕਾਫੀ ਰਕਬੇ ਵਿੱਚ ਹੋ ਚੁੱਕਾ ਹੈ, ਜਿਸ ਕਾਰਨ ਕਿਸਾਨਾਂ ਵਿੱਚ ਹਾਹਾਕਾਰ ਮੱਚ ਗਈ ਹੈ।
    ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੀ ਟੀਮ ਵਲੋਂ ਪਿੰਡਾਂ – ਖੇਤਾਂ ਵਿੱਚ ਜਾ ਕੇ ਮੌਕੇ ‘ਤੇ ਦੇਖਿਆ ਕਿ ਇਕੱਲੇ ਭਿੰਡੀ ਸੈਦਾਂ, ਝੁੰਜ਼ ਤੇ ਭਿੰਡੀ ਖੁਰਦ ਕਿਸਾਨਾਂ ਦਾ ਝੋਨਾ 4- 5 ਸੌ ਏਕੜ ਗੋਡੇ – ਗੋਡੇ ਪਾਣੀ ਵਿੱਚ ਡੁੱਬ ਕੇ ਮਾਰਿਆ ਗਿਆ ਹੈ। ਇਸ ਸਬੰਧੀ ਪੀੜਿਤ ਕਿਸਾਨਾਂ ਗੁਰਮੇਜ ਸਿੰਘ ਭਿੰਡੀ ਖੁਰਦ, ਬਘੇਲ ਸਿੰਘ ਪਿੰਡ ਝੁੰਜ, ਭਾਗ ਸਿੰਘ ਜਸਰਾਊਰ, ਜਸਬੀਰ ਸਿੰਘ ਭਿੰਡੀ ਸੈਦਾਂ, ਪ੍ਰੀਤਮ ਸਿੰਘ ਝੁੰਜ, ਸੁਰਜੀਤ ਸਿੰਘ ਭਿੰਡੀ ਸੈਦਾਂ ਆਦਿ ਨੇ ਆਪਣੀ ਦੁੱਖ ਭਰੀ ਵਿਥਿਆ ਸੁਣਾਈ। ਉਸ ਤੋਂ ਬਾਅਦ ਇਹ ਟੀਮ ਪਿੰਡਾਂ ਦਾ ਦੌਰਾ ਕਰਦੀ ਹੋਈ ਹਾਸ਼ਮਪੁਰੇ ਪਹੁੰਚੀ ਉਥੇ ਕਿਸਾਨਾਂ ਦੀ ਅਗਵਾਈ ਕਰ ਰਹੇ ਜਥੇਦਾਰ ਤਸਬੀਰ ਸਿੰਘ ਹਾਸਮਪੁਰ ਨੇ ਵੀ ਅਜਿਹੀ ਵਿੱਥਿਆ ਸੁਨਾਈ ਕਿ ਹਾਸ਼ਮਪੁਰੇ ਵਿਚ ਵੀ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਹੈ। ਡਾ.ਅਜਨਾਲਾ ਨੇ ਭਿੰਡੀ ਸੈਦਾਂ ਵਿਖੇ ਮੌਕੇ ‘ਤੇ ਐੱਸਡੀਐਮ ਸੰਜੀਵ ਕੁਮਾਰ ਨੂੰ ਟੈਲੀਫੋਨ ਕਰਕੇ ਅਜਿਹੇ ਖ਼ਰਾਬੇ ਬਾਰੇ ਦੱਸਿਆ। ਗੱਲਬਾਤ ਮਗਰੋਂ ਕਿਸਾਨ ਆਗੂ ਨੇ ਦੱਸਿਆ ਕਿ ਉਹ ਜਲਦੀ ਇੱਥੇ ਪਹੁੰਚ ਕੇ ਬਣਦੀ ਉੱਚਿਤ ਕਾਰਵਾਈ ਕਰਨਗੇ।
    ਉਹਨਾਂ ਮਾਨ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਉਦੋਂ ਤੋਂ ਕਿਸਾਨਾਂ ਨੂੰ ਫਸਲ ਦੇ ਖ਼ਰਾਬੇ ਦਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਖੇਤੀ ਮਾਹਿਰ ਡਾ. ਸਤਨਾਮ ਸਿੰਘ ਅਜਨਾਲਾ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਤੇ ਮੱਕੀ ਦੇ ਫ਼ਸਲਾਂ ਦੇ 100 ਫੀਸਦੀ ਖ਼ਰਾਬੇ ਤੇ ਪ੍ਰਤੀ ਏਕੜ 60 ਹਜ਼ਾਰ ਰੁਪਏ, 60 ਫੀਸਦੀ ਦਾ 40 ਹਜ਼ਾਰ ਰੁਪਏ ਤੇ 30 ਫੀਸਦੀ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਡਾ. ਅਜਨਾਲਾ ਨੇ ਪੁਰਜ਼ੋਰ ਮੰਗ ਕੀਤੀ ਕਿ ਖ਼ਰਾਬੇ ਦੀ ਤੁਰੰਤ ਗਿਰਦਾਵਰੀ ਕਰਾ ਕੇ ਮੁਆਵਜ਼ਾ ਦਿੱਤ ਜਾਵੇ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਚਰਨ ਸਿੰਘ ਭਿੰਡੀ ਔਲਖ ਆਦਿ ਨੇ ਵੀ ਖ਼ਰਾਬੇ ਦੀ ਪੂਰੀ ਪੂਰੀ ਭਰਪਾਈ ਦੀ ਮੰਗ ਕੀਤੀ।

  • ਪ੍ਰਭਾਵਸ਼ਾਲੀ ਕਨਵੈਨਸ਼ਨ ਦੌਰਾਨ ‘ਮਨਰੇਗਾ ਵਰਕਰਾਂ ਨੇ ਤਿੱਖੇ ਘੋਲਾਂ ਦਾ ਕੀਤਾ ਐਲਾਨ

    ਪ੍ਰਭਾਵਸ਼ਾਲੀ ਕਨਵੈਨਸ਼ਨ ਦੌਰਾਨ ‘ਮਨਰੇਗਾ ਵਰਕਰਾਂ ਨੇ ਤਿੱਖੇ ਘੋਲਾਂ ਦਾ ਕੀਤਾ ਐਲਾਨ


    ਬਠਿੰਡਾ: ਸਥਾਨਕ ‘ਟੀਚਰਜ ਹੋਮ’ ਦੇ ‘ਸ਼ਹੀਦ-ਇ-ਆਜ਼ਮ ਭਗਤ ਸਿੰਘ ਹਾਲ’ ਵਿਖੇ ‘ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਵਲੋਂ ਦੱਖਣੀ ਮਾਲਵਾ ਖਿੱਤੇ ਦੇ ਜ਼ਿਲ੍ਹਿਆਂ ਦੀ ਭਰਵੀਂ ਪ੍ਰਤੀਨਿਧ ਕਨਵੈਨਸ਼ਨ ਦੌਰਾਨ ਅਗਲੇਰੇ ਸੰਘਰਸ਼ ਦਾ ਐਲਾਨ ਕੀਤਾ ਗਿਆ।
    ਇਸ ਕਨਵੈਨਸ਼ਨ ਦੀ ਪ੍ਰਧਾਨਗੀ ਗੁਰਮੀਤ ਸਿੰਘ ਬਠਿੰਡਾ, ਜੱਗਾ ਸਿੰਘ ਫਾਜ਼ਿਲਕਾ, ਜਸਵਿੰਦਰ ਸਿੰਘ ਵੱਟੂ ਸ਼੍ਰੀ ਮੁਕਤਸਰ ਸਾਹਿਬ, ਬਲਕਾਰ ਸਿੰਘ ਔਲਖ ਫਰੀਦਕੋਟ, ਆਤਮਾ ਰਾਮ ਮਾਨਸਾ ਨੇ ਕੀਤੀ।
    ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਤੇ ‘ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕੁਰ ਨੇ ਕਿਰਤੀਆਂ ਨੂੰ ਕੇਂਦਰੀ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ, ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਖਿਲਾਫ ਫੈਸਲਾਕੁੰਨ ਘੋਲ ਵਿੱਢਣ ਤੇ ਭਾਜਪਾ ਦੇ ਵਿਚਾਰਧਾਰਕ ਆਕਾ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਹੱਲਿਆਂ ਤੇ ਵੰਡਵਾਦੀ ਕੁਚਾਲਾਂ ਨੂੰ ਭਾਂਜ ਦੇਣ ਦਾ ਸੱਦਾ ਦਿਤਾ।
    ਉਨ੍ਹਾਂ ਸੂਬੇ ਦੀ ਕਨੂੰਨ-ਪ੍ਰਬੰਧ ਦੀ ਚਿੰਤਾਜਨਕ ਅਵਸਥਾ, ਸਰਕਾਰੀ ਦਾਅਵਿਆਂ ਦੇ ਉਲਟ ਨਸ਼ੇ ਨਾਲ ਮੌਤਾਂ, ਅਪਰਾਧਾਂ ਤੇ ਮਾਫੀਆ ਲੁੱਟ ਦੇ ਬੇਰੋਕ ਵਾਧੇ ਅਤੇ ਪੁਲਸ ਮੁਕਾਬਲਿਆਂ ਰਾਹੀਂ ਕੀਤੇ ਜਾ ਰਹੇ ਗੈਰ ਸੰਵਿਧਾਨਕ ਕਤਲਾਂ ਲਈ ਜਿੰਮੇਵਾਰ ਭਗਵੰਤ ਸਿੰਘ ਮਾਨ ਸਰਕਾਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
    ਕਨਵੈਨਸ਼ਨ ਦਾ ਮੁੱਖ ਮਤਾ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਪੇਸ਼ ਕੀਤਾ। ਮੰਚ ਸੰਚਾਲਕ ਦੇ ਫਰਜ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਨਿਭਾਏ।
    ਇਸ ਮੌਕੇ ਧਰਮਿੰਦਰ ਸਿੰਘ (ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ), ਰਵਿੰਦਰ ਸਿੰਘ ਰਵੀ (ਕੋ ਕਨਵੀਨਰ ਪੰਜਾਬ ਸਟੂਡੈਂਟਸ ਫੈਡਰੇਸ਼ਨ), ਵਰਿੰਦਰ ਸਿੰਘ (ਸਰਪ੍ਰਸਤ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ), ਮਹੀਪਾਲ ਅਤੇ ਗੁਰਤੇਜ ਸਿੰਘ ਹਰੀ ਨੌ (ਸੂਬਾਈ ਆਗੂ ਦਿਹਾਤੀ ਮਜ਼ਦੂਰ ਸਭਾ ਪੰਜਾਬ) ਨੇ ਵੀ ਵਿਚਾਰ ਰੱਖੇ।
    ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਨਰੇਗਾ ਦੇ ਖਾਤਮੇ ਦੀਆਂ ਸਾਜ਼ਿਸ਼ਾਂ ਅਤੇ ਸੂਬੇ ਦੀ ਮਾਨ ਸਰਕਾਰ ਦੀ ਮਨਰੇਗਾ ਕਿਰਤੀਆਂ ਪ੍ਰਤੀ ਮੁਜ਼ਰਮਾਨਾ ਬੇਰੁਖੀ ਖਿਲਾਫ ਤਿੱਖਾ ਤੇ ਬੱਝਵਾਂ ਘੋਲ ਵਿੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਇਸ ਕਾਨੂੰਨ ਤਹਿਤ ਸੂਚੀਬੱਧ ਪੇਂਡੂ ਕਿਰਤੀ ਪਰਿਵਾਰਾਂ ਨੂੰ ਸਾਲ ‘ਚ 100 ਦਿਨ ਦਾ ਰੁਜ਼ਗਾਰ ਤੇ ਨਾ ਹੀ ਤੈਅਸ਼ੁਦਾ ਮਿਹਨਤਾਨਾ ਅਦਾ ਕੀਤਾ ਜਾ ਰਿਹਾ ਹੈ। ਕਿਰਤੀ ਬੇਰੁਜ਼ਗਾਰੀ ਭੱਤੇ ਤੇ ਕੰਮ ਦੇ ਸੰਦਾਂ ਤੋਂ ਵਿਰਵੇ ਰੱਖੇ ਜਾ ਰਹੇ ਹਨ। ਜ਼ਖ਼ਮੀ ਹੋਣ ਜਾਂ ਮੌਤ ਹੋ ਜਾਣ ਦੀ ਸੂਰਤ ‘ਚ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ। ਕੇਂਦਰੀ ਸਰਕਾਰ ਹਰ ਬਜਟ ਵਿਚ ਮਨਰੇਗਾ ਫੰਡ ਘਟਾਉਂਦੀ ਜਾ ਰਹੀ ਹੈ।
    ਉਨ੍ਹਾਂ ਮਨਰੇਗਾ ਕਾਨੂੰਨ ਨੂੰ ਅੱਖਰ-ਅੱਖਰ ਲਾਗੂ ਕਰਵਾਉਣ ਅਤੇ ਕੁਰੱਪਸ਼ਨ ਤੇ ਨਾਜਾਇਜ ਦਖ਼ਲ ਦੇ ਖਾਤਮੇ ਲਈ ਪਿੰਡ-ਪਿੰਡ ਮਜ਼ਬੂਤ ਜੱਥੇਬੰਦੀ ਉਸਾਰਨ ਦਾ ਸੱਦਾ ਦਿੱਤਾ।
    ਇਸ ਮੌਕੇ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਪੇਂਡੂ ਕਿਰਤੀ ਪਰਿਵਾਰਾਂ ਦੇ ਸਾਰੇ ਬਾਲਗ ਜੀਆਂ ਨੂੰ 700 ਰੁਪਏ ਦੀ ਦਿਹਾੜੀ ਸਹਿਤ ਸਾਰਾ ਸਾਲ ਕੰਮ ਦੇਣ ਦੀ ਮੰਗ ਕੀਤੀ ਗਈ ਹੈ।

  • ਹੜ੍ਹਾਂ ਦੀ ਪੱਕੀ ਰੋਕਥਾਮ ਲਈ ਦਰਿਆਵਾਂ ਦਾ ਨਹਿਰੀਕਰਨ ਦੀ ਕੀਤੀ ਮੰਗ

    ਹੜ੍ਹਾਂ ਦੀ ਪੱਕੀ ਰੋਕਥਾਮ ਲਈ ਦਰਿਆਵਾਂ ਦਾ ਨਹਿਰੀਕਰਨ ਦੀ ਕੀਤੀ ਮੰਗ

    ਫਤਿਆਬਾਦ: ਮੰਡ/ਬੇਟ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਦਾਰਾ ਸਿੰਘ ਮੁੰਡਾ ਪਿੰਡ ਦੀ ਪਰਧਾਨਗੀ ਹੇਠ ਮੁੰਡਾ ਪਿੰਡ ਵਿਖੇ ਹੋਈ।
    ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਮੰਡ ਬੇਟ ਏਰੀਏ ਦੇ ਵਿਕਾਸ ਅਤੇ ਹੜਾਂ ਦੀ ਪੱਕੀ ਰੋਕਥਾਮ ਲਈ ਦਰਿਆਵਾਂ ਦਾ ਨਹਿਰੀ ਕਰਨ ਦੀ ਲੋੜ ਹੈ।
    ਇਸ ਨਾਲ ਦਰਿਆਵਾਂ ਕੰਢੇ ਖੇਤੀ ਕਰਦੇ ਕਿਸਾਨਾਂ ਦੀ ਜ਼ਮੀਨ ਬਚ ਸਕਦੀ ਹੈ ਅਤੇ ਸਸਤੀ ਬਿਜਲੀ ਪੈਦਾ ਹੋ ਸਕਦੀ ਹੈ। ਉਹਨਾਂ ਕਿਹਾ ਕੇ ਮੰਡ ਖੇਤਰ ਨੂੰ ਕਿਸਾਨਾਂ ਨੇ ਦਹਾਕਿਆਂ ਦੀ ਮਿਹਨਤ ਨਾਲ ਉਪਜਾਊ ਜਮੀਨਾਂ ਵਿੱਚ ਬਦਲਿਆ ਹੈ। ਪੰਜਾਬ ਸਰਕਾਰ ਲਗਾਤਾਰ ਜ਼ਮੀਨਾਂ ਤੇ ਹੱਲਾ ਬੋਲ ਰਹੀ ਹੈ। ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਨਹੀਂ ਦਿੱਤੀ ਜਾ ਰਹੇ।
    ਜਾਮਾਰਾਏ ਨੇ ਕਿਹਾ ਪੰਜਾਬ ਸਰਕਾਰ ਦਰਿਆਵਾਂ ਦੇ ਪਾਣੀ ਵਿੱਚ ਜ਼ਹਿਰ ਘਲਦੇ ਸਨਅਤਕਾਰਾਂ ਨੂੰ ਬਚਾਉਣ ਲਈ ਕਾਨੂੰਨ ਬਣਾ ਕੇ ਲਾਗੂ ਕਰ ਰਹੀ ਹੈ। ਉਹਨਾਂ ਨੇ ਸਰਕਾਰ ਦੀਆਂ ਕਿਸਾਨਾਂ ਨੂੰ ਉਜਾੜਨ ਦੀਆਂ ਨੀਤੀਆਂ ਦਾ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।
    ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਕਿਹਾ ਜਥੇਬੰਦੀ ਕਿਸਾਨਾਂ ਦੇ ਹੱਕਾਂ ਹਿਤਾਂ ਲਈ ਡੱਟ ਕੇ ਲੜੇਗੀ। ਉਹਨਾਂ ਦੱਸਿਆ ਕੇ ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ, ਦਰਿਆਆਵਾਂ ਦੇ ਪਵਿੱਤਰ ਦਰਿਆਵਾਂ ਵਿੱਚ ਜਹਿਰੀਲਾ ਪਾਣੀ ਬੰਦ ਕੀਤਾ ਜਾਵੇ। ਰੇਤ ਮਾਫੀਆ ਨੂੰ ਨੱਥ ਪਾਈ ਜਾਵੇ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਧਰਮ ਸਿੰਘ, ਜਗੀਰ ਸਿੰਘ ਗੰਡੀਵਿੰਡ, ਲਖਬੀਰ ਸਿੰਘ ਜੌਣੇਕੇ, ਜਗਰੂਪ ਸਿੰਘ, ਕੰਵਲਜੀਤ ਸਿੰਘ ਡੇਹਰਾ ਸਹਿਬ, ਛਿੰਦਾ ਸਿੰਘ, ਸੰਕਰ ਸਿੰਘ ਧੂੰਦਾ, ਚੈਚਲ ਸਿੰਘ, ਕੁਲਦੀਪ ਸਿੰਘ ਆਦਿ ਆਗੂਆਂ ਸੰਬੋਧਨ ਕੀਤਾ।

  • ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਲਗਾਇਆ ਧਰਨਾ

    ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਲਗਾਇਆ ਧਰਨਾ


    ਰੂਪਨਗਰ: ਅੱਜ ਇਲਾਕਾ ਸੰਘਰਸ਼ ਕਮੇਟੀ ਲੋਧੀਮਾਜਰਾ ਘਨੌਲੀ ਦੇ ਸਦੇ ‘ਤੇ ਸੈਂਕੜੇ ਕਿਸਾਨ ਮਜ਼ਦੂਰ ਜਿਨ੍ਹਾਂ ਵਿੱਚ ਪਿੰਡ ਰੈਲੋਂ, ਸਮਰਾਲਾ, ਬੇਲੀ, ਗੁਰਦਾਸਪੁਰਾ, ਫੂਲ ਆਦਿ ਪਿੰਡਾਂ ਦੇ ਕਿਸਾਨ ਸ਼ਾਮਿਲ ਹੋਏ। ਇਨ੍ਹਾਂ ਕਿਸਾਨਾਂ ਨੇ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਅਧੀਨ ਉਪਰੋਕਤ ਪਿੰਡਾਂ ਦੀਆਂ ਖੋਹੀਆਂ ਹੋਈਆਂ ਜ਼ਮੀਨਾਂ ਨੂੰ ਰੱਦ ਕਰਵਾਉਣ ਲਈ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਧਰਨਾ ਦਿੱਤਾ ਗਿਆ ਅਤੇ ਮਾਨ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਡੀ.ਸੀ. ਰੋਪੜ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ।

    ਧਰਨੇ ਨੂੰ ਸੰਬੋਧਨ ਕਰਦਿਆ ਕਮੇਟੀ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਜਨਰਲ ਸਕੱਤਰ ਗਿਆਨ ਸਿੰਘ ਘਨੌਲੀ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲ, ਜਰਨੈਲ ਸਿੰਘ ਘਨੌਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਜਿਲ੍ਹਾ ਰੂਪਨਗਰ ਗੁਰਿੰਦਰ ਸਿੰਘ ਗੋਗੀ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਦੇਵ ਸਿੰਘ ਖੇੜੀ ਸਕੱਤਰ ਏ.ਆਈ.ਕੇ.ਐਫ. ਅਤੇ ਮਾਸਟਰ ਜਗਤਾਰ ਸਿੰਘ ਪ੍ਰਧਾਨ ਜਿਲ੍ਹਾ ਪੈਨਸ਼ਨਰ ਯੂਨੀਅਨ ਅਤੇ ਮਾਸਟਰ ਜਗਤਾਰ ਸਿੰਘ ਲੋਧੀਮਾਜਰਾ ਤੇ ਸ਼ਮਸ਼ੇਰ ਸਿੰਘ ਹਵੇਲੀ ਨੇ ਮਾਨ ਸਰਕਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਦੀ ਜਾਨ ਮਾਲ ਦੀ ਰਾਖੀ ਕਰਨਾ ਬੇਰੁਜਗਾਰੀ ਦੂਰ ਕਰਨ ਅਤੇ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਸੁਆਮੀ ਨਾਥਨ ਰਿਪੋਰਟ ਅਨੁਸਾਰ ਦੇਣ ਦੀ ਵਜਾਏ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਲੈਂਡ ਪੂਲਿੰਗ ਸਕੀਮ ਅਧੀਨ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਜਮੀਨ ਗੈਰ ਕਾਨੂੰਨੀ ਜੋਰ ਜਬਰਦਸਤੀ ਨਾਲ ਮੁੱਫਤ ਵਿਚ ਹਥਿਆਉਣਾ ਖੋਣਾ ਮੁੱਖ ਮੰਤਰੀ ਪੰਜਾਬ ਦੇ ਘਟੀਆ ਚੋਜ ਅਤੇ ਸ਼ੁਗਲ ਹਨ।
    ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦਾ ਦਿਲ ਸਾਫ ਨਹੀ ਹੈ ਅਤੇ ਉਹ ਕਿਸਾਨਾਂ ਦੀ ਜ਼ਮੀਨ ਜਾਇਦਾਦ ਖੋਹਣ ਅਤੇ ਭੂਮੀ ਹੀਣ ਤੇ ਉਜਾੜਾ ਕਰਨ ਲਈ ਭੱਬਾ ਭਾਰ ਹੈ।
    ਰੋਪੜ ਜ਼ਿਲ੍ਹੇ ਦੇ ਪਿੰਡ ਰੈਲੋਂ ਸਮਰਾਲਾ ਛੋਟੀ ਹਵੇਲੀ, ਬੜੀ ਹਵੇਲੀ ਗੁਰਦਾਸਪੁਰਾ ਫੂਲ ਪਿੰਡ ਦੇ ਜਮੀਨ ਮੁੱਫਤ ਵਿਚ ਖੋਹ ਕੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਹੀ ਜ਼ਮੀਨ ਵਿੱਚ ਮਜ਼ਦੂਰੀ ਕਰਨ ਦੇ ਰਾਹ ਪਾ ਰਹੀ ਹੈ। ਲੈਂਡ ਪੂਲਿੰਗ ਸਕੀਮ ਸ਼ਰੇਆਮ ਬੇਰੁਜਗਾਰੀ ਅਤੇ ਕੰਗਾਲੀ ਵਿਚ ਵਾਧਾ ਕਰੇਗੀ। ਦੇਸ਼ ਵਿੱਚ ਕਦੇ ਵੀ ਅੰਨ ਸੰਕਟ ਪੈਦਾ ਹੋ ਕੇ ਭੁੱਖ ਮਰੀ ਨਾਲ ਲੋਕ ਬਿਨ੍ਹ ਆਈ ਮੌਤ ਮਰਨਗੇ। ਇਸ ਦੇ ਲਈ ਵੀ ਸਰਕਾਰ ਕਸੂਰਵਾਰ ਹੋਵੇਗੀ।

    ਆਗੂਆਂ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਕਿਸਾਨ ਸਰਕਾਰੀ ਜੁਲਮ ਸਿਤਮ ਦਾ ਟਾਕਰਾਂ ਕਰਨਗੇ ਅਤੇ ਜ਼ਮੀਨਾਂ ਜਾਇਦਾਦਾਂ ਨਹੀਂ ਛੱਡਣਗੇ। ਮਾਨ ਸਰਕਾਰ ਗੈਰ ਕਾਨੂੰਨੀ ਆਪਹੂਦਰੀਆ ਕਰਕੇ ਨਾਦਰ ਸ਼ਾਹ, ਅਬਦਾਲੀ ਹਿਟਲਰ ਆਦਿ ਦੀ ਲੁੱਟ ਖਸੁੱਟ ਅਤੇ ਮਾਰ ਧਾੜ ਦੇ ਜ਼ਬਰ ਜ਼ੁਲਮ ਨੂੰ ਪਿੱਛੇ ਛੱਡ ਰਹੀ ਹੈ। ਸਰਕਾਰ ਦੀਆਂ ਘੱਟੀਆਂ ਕਰਤੂਤਾਂ ਕਰਕੇ ਪੰਜਾਬ ਅਤੇ ਕਿਸਾਨਾਂ ਮਜ਼ਦੂਰਾਂ ਵਿੱਚ ਡਰ ਨਿਰਾਸ਼ਾ ਵੱਧ ਰਿਹਾ ਹੈ। ਮੁੱਖ ਮੰਤਰੀ ਪੰਜਾਬ ਲੋਕ ਰਾਜ ਨੂੰ ਤਿੰਜਾਲੀ ਦੇ ਕੇ ਘਲੂਘਾਰੇ ਵਰਗੇ ਹਾਲਾਤ ਪੈਦਾ ਕਰਨ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਜਿਹੇ ਹਾਲਤ ਪੈਦਾ ਕਰਨ ਤੋਂ ਸਰਕਾਰ ਗਰੇਜ ਕਰੇ ਨਹੀ ਤਾਂ ਆਪ ਪਾਰਟੀ ਅਤੇ ਮਾਨ ਸਰਕਾਰ ਦਾ ਲੋਕ ਪੰਜਾਬ ਵਿੱਚੋਂ ਸਦਾ ਲਈ ਬਿਸਤਰਾਂ ਗੋਲ ਕਰ ਦੇਣਗੇ ਅਤੇ ਆਪ ਪਾਰਟੀ ਪਰ ਲੈਂਡ ਪੂਲਿੰਗ ਅਧੀਨ ਕੀਤੀ ਡਕੈਤੀ ਦਾ ਇਤਿਹਾਸਿਕ ਕਲੰਕ ਲਗਿਆ ਹੋਇਆ ਕਦੇ ਨਹੀ ਮਿਟੇਗਾ। ਇਹ ਅਪਰਾਧ ਪਾਪ ਅਨਿਆਇ ਲੋਕ ਰਾਜ ਪਰ ਅਮਿਟ ਧੱਬਾ ਹੋਵੇਗਾ।
    ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭੂਮੀ (ਲੈਂਡ ਭੂਮੀ) ਸਕੀਮ ਫੋਰਨ ਰੱਦ ਕੀਤੀ ਜਾਵੇ ਨਹੀ ਤਾਂ ਸੰਘਰਸ਼ ਹੋਰ ਤੇਜ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

    ਧਰਨੇ ਵਿਚ ਮੋਹਨ ਸਿੰਘ, ਰਾਮ ਲੋਕ ਸਿੰਘ, ਇੰਦਰਜੀਤ ਸਿੰਘ ਬੜੀ ਹਵੇਲੀ, ਸੁਰਜੀਤ ਸਿੰਘ ਫੂਲ ਹਰਿੰਦਰ ਸਿੰਘ, ਕੌਮਾਂ ਸਿੰਘ, ਬਲਵਿੰਦਰ ਸਿੰਘ, ਰਾਮ ਲੋਕ, ਮਦਨ ਸਿੰਘ, ਦੇਵ ਸਿੰਘ, ਗੁਲਾਬ ਸਿੰਘ, ਅਵਤਾਰ ਸਿੰਘ, ਧਰਮਪਾਲ ਸੈਣੀ, ਰਣਜੀਤ ਸਿੰਘ ਆਦਿ ਹਾਜ਼ਰ ਸਨ।

  • ਮਨਰੇਗਾ ਵਰਕਰ ਯੂਨੀਅਨ ਵੱਲੋਂ ਸੰਕੇਤਕ ਧਰਨਾ ਅਤੇ ਰੋਸ ਮਾਰਚ

    ਮਨਰੇਗਾ ਵਰਕਰ ਯੂਨੀਅਨ ਵੱਲੋਂ ਸੰਕੇਤਕ ਧਰਨਾ ਅਤੇ ਰੋਸ ਮਾਰਚ


    ਹਾਜੀਪੁਰ: ਅੱਜ ਸੈਂਕੜੇ ਮਨਰੇਗਾ ਮੇਟ ਅਤੇ ਵਰਕਰਾਂ ਨੇ ਬੀਡੀਪੀਓ ਦਫਤਰ ਹਾਜੀਪੁਰ ਵਿਖੇ ਧਰਨਾ ਮੁਜਹਾਰਾ ਕੀਤਾ। ਲੰਬੇ ਸਮੇਂ ਤੋਂ ਮਨਰੇਗਾ ਸਕੀਮ ਤਹਿਤ ਕੰਮ ਕਰਦੇ ਮਨਰੇਗਾ ਦੇ ਮੇਟਾਂ ਨੂੰ ਨਵੀਆਂ ਚੁਣੀਆਂ ਪੰਚਾਇਤਾਂ ਵੱਲੋਂ ਬਿਨਾਂ ਕਿਸੇ ਕਾਰਨ ਸਿਆਸੀ ਰੰਜਸ ਦੇ ਚਲਦਿਆਂ ਕੱਢਿਆ ਜਾ ਰਿਹਾ ਹੈ ਅਤੇ ਕੁਝ ਪਿੰਡਾਂ ਦੇ ਸਰਪੰਚਾਂ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਪਿੰਡ ਤੋਂ ਬਾਹਰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਈ ਮਜ਼ਦੂਰਾਂ ਦੇ ਮਹੀਨਿਆਂ ਬੱਧੀ ਕੰਮ ਦੇ ਪੈਸੇ ਅਜੇ ਤੱਕ ਨਹੀਂ ਮਿਲੇ। ਇਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅੱਜ ਮਨਰੇਗਾ ਵਰਕਰ ਯੂਨੀਅਨ ਦੇ ਝੰਡੇ ਹੇਠ ਹਾਜੀਪੁਰ ਬੀਡੀਪੀਓ ਦਫਤਰ ਧਰਨਾ ਲਗਾ ਕੇ ਮੰਗ ਪੱਤਰ ਦਿੱਤਾ ਗਿਆ ਅਤੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਦੋ ਹਫਤਿਆਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਆਉਣ ਵਾਲੀ 24 ਜੁਲਾਈ ਨੂੰ ਦੁਬਾਰਾ ਤੋਂ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵੱਡਾ ਰੋਸ਼ ਮੁਜਾਰਾ ਕੀਤਾ ਜਾਏਗਾ।
    ਇਸ ਮੌਕੇ ਪਿੰਡ ਸਿਬੋ ਚੱਕ ਤੋਂ ਸੀਮਾ ਦੇਵੀ ਮਨਰੇਗਾ ਵਰਕਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਨੂੰ ਪਿੰਡ ਤੋਂ ਬਾਹਰ ਜੰਗਲਾਤ ਵਿੱਚ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸ ਮੌਕੇ ਅਲੱਗ ਅਲੱਗ ਪਿੰਡਾਂ ਦੇ ਮਜ਼ਦੂਰਾਂ ਨੇ ਕਿਹਾ ਕਿ ਸਾਨੂੰ ਕੰਮ ਦੌਰਾਨ ਸਾਹ ਨਹੀਂ ਲੈਣ ਦਿੱਤਾ ਜਾਂਦਾ ਪਰ ਮਹੀਨੇ ਬੀਤ ਗਏ ਸਾਡੇ ਬਕਾਏ ਅਜੇ ਤੱਕ ਸਾਡੇ ਖਾਤਿਆਂ ਵਿੱਚ ਨਹੀਂ ਪੈ ਰਹੇ।
    ਇਸ ਮੌਕੇ ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਕਨਵੀਨਰ ਦੀਪਕ ਠਾਕੁਰ ਨੇ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਮਨਰੇਗਾ ਬਜਟ ਵਿੱਚ ਕਟੌਤੀ ਕੀਤੀ ਜਾ ਰਹੀ ਹੈ, ਇਸ ਵਿਰੁੱਧ ਪੰਜਾਬ ਭਰ ਦੇ ਮਨਰੇਗਾ ਮਜ਼ਦੂਰਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਸੂਬਾ ਪੱਧਰੀ ਕਨਵੈਨਸ਼ਨਾਂ ਹੋਣ ਉਪਰੰਤ ਪੰਜਾਬ ਪੱਧਰ ਦਾ ਸੰਘਰਸ਼ ਕੀਤਾ ਜਾਵੇਗਾ।
    ਧਰਨੇ ਦੌਰਾਨ ਧਰਮਿੰਦਰ ਮੁਕੇਰੀਆਂ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਹੋਣ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਤੇ ਕਿਹਾ ਜੇਕਰ ਹਾਜ਼ੀਪੁਰ ਬਲਾਕ ਵਿਚ ਸਾਰੇ ਮਨਰੇਗਾ ਮੇਹਟ ਤੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਈਆ ਤਾਂ ਆਉਂਦੀ 24 ਜੁਲਾਈ ਨੂੰ ਵੱਡੇ ਪੱਧਰ ਉੱਤੇ ਹਾਜ਼ੀਪੁਰ ਧਾਰਨਾ ਦਿੱਤਾ ਜਾਵੇਂਗਾ।
    ਇਸ ਮੌਕੇ ਸੁਨੀਤਾ ਦੇਵੀ, ਬਲਵਿੰਦਰ ਕੌਰ ਬਲਾਕ ਪ੍ਰਧਾਨ, ਅਨੀਤਾ ਰਾਣੀ, ਪਰਮਜੀਤ ਜਿਲ੍ਹਾ ਪ੍ਰਧਾਨ, ਮਮਤਾ ਦੇਵੀ, ਸੁਰਿੰਦਰ ਸਿੰਘ, ਵਿਜੇ ਕੁਮਾਰ, ਊਸ਼ਾ ਰਾਣੀ, ਸੋਹਣ ਲਾਲ ਤਲਵਾੜਾ, ਬਲਕਾਰ ਸਿੰਘ, ਰਕਸ਼ਾ ਦੇਵੀ, ਕਮਲਾ ਦੇਵੀ ਤੇ ਵੱਡੀ ਗਿਣਤੀ ਮਨਰੇਗਾ ਕਾਮੇ ਹਾਜ਼ਰ ਸਨ।

  • ਗੁਰਾਇਆ ਵਿਖੇ ਮੁਲਾਜ਼ਮਾਂ ਦੀ ਮੀਟਿੰਗ ‘ਚ ਜਨਤਕ ਜਥੇਬੰਦੀਆਂ ਨੇ ਕੀਤੀ ਸ਼ਮੂਲੀਅਤ

    ਗੁਰਾਇਆ ਵਿਖੇ ਮੁਲਾਜ਼ਮਾਂ ਦੀ ਮੀਟਿੰਗ ‘ਚ ਜਨਤਕ ਜਥੇਬੰਦੀਆਂ ਨੇ ਕੀਤੀ ਸ਼ਮੂਲੀਅਤ


    ਗੁਰਾਇਆ: ਅੱਜ ਦੇਸ਼ ਭਰ ‘ਚ ਦਿੱਤੇ ਹੜਤਾਲ ਦੇ ਸੱਦੇ ਤਹਿਤ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅੱਜ ਹੜਤਾਲ ਦਾ ਹਮਾਇਤ ਕੀਤੀ। ਇਸ ਹਮਾਇਤ ਨੂੰ ਹੋਰ ਹੁਲਾਰਾ ਉਸ ਵੇਲੇ ਮਿਲਿਆ ਜਦੋਂ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਲਵਾਈ।

  • ਮੁਲਾਜ਼ਮਾਂ, ਮਜ਼ਦੂਰਾਂ ਵਲੋਂ ਕੌਮੀ ਹੜਤਾਲ ਮੌਕੇ ਰੋਸ ਰੈਲੀ, ਸਰਕਾਰਾਂ ਦੇ ਹੱਲਿਆਂ ਦਾ ਇੱਕਮੁੱਠ ਹੋ ਕੇ ਵਿਰੋਧ ਕਰਨ ਦਾ ਸੱਦਾ

    ਮੁਲਾਜ਼ਮਾਂ, ਮਜ਼ਦੂਰਾਂ ਵਲੋਂ ਕੌਮੀ ਹੜਤਾਲ ਮੌਕੇ ਰੋਸ ਰੈਲੀ, ਸਰਕਾਰਾਂ ਦੇ ਹੱਲਿਆਂ ਦਾ ਇੱਕਮੁੱਠ ਹੋ ਕੇ ਵਿਰੋਧ ਕਰਨ ਦਾ ਸੱਦਾ


    ਮੁਹਾਲੀ: ਅੱਜ ਕੌਮੀ ਹੜਤਾਲ ਦੇ ਦਿਨ ਵੱਖ -ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਵਲੋਂ ਇੱਕਠੇ ਹੋ ਕੇ ਨਵੇ ਬੱਸ ਸਟੈਂਡ ਮੁਹਾਲੀ (ਸਾਹਮਣੇ ਵੇਰਕਾ ਮਿਲਕ ਪਲਾਂਟ)ਦੇ ਵਿੱਚ ਰੈਲੀ ਕੀਤੀ ਗਈ। ਜਿਸ ਦੀ ਅਗਵਾਈ ਸੀਨੀਅਰ ਟਰੇਡ ਯੂਨੀਅਨ ਆਗੂ ਕਾਮਰੇਡ ਇੰਦਰਜੀਤ ਗਰੇਵਾਲ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਮਨਪ੍ਰੀਤ ਸਿੰਘ ਗੋਸਲਾ, ਫ਼ੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਕੁਮਾਰ ਠਾਕੁਰ, ਜੰਗਲਾਤ ਵਰਕਰਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਸ਼ਿਸਵਾ, ਨਗਰ ਨਿਗਮ ਮੁਹਾਲੀ ਦੇ ਆਗੂ ਅਜਮੇਰ ਸਿੰਘ ਲੌਂਗੀਆ, ਛੱਤਬੀੜ ਚਿੜੀਆਘਰ ਦੇ ਪ੍ਰਧਾਨ ਸ਼ਿੰਦਰਪਾਲ, ਮਿੱਡ ਡੇ ਮੀਲ ਯੂਨੀਅਨ ਦੀ ਆਗੂ ਕੁਲਵਿੰਦਰ ਕੌਰ ਅੰਧਹੇੜੀ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਹਨਤਕਸ਼ ਲੋਕਾਂ ਚਾਹੇ ਉਹ ਮਜ਼ਦੂਰ ਹੋਵੇ ਜਾਂ ਕਿਸਾਨ ਇਥੋਂ ਤੱਕ ਕਿ ਸਰਕਾਰ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਮੁਲਾਜ਼ਮ ਹੋਣ ਉਨਾ ਪ੍ਰਤੀ ਅਪਣਾਈ ਜਾ ਰਹੀ ਪਹੁੰਚ ਦੀ ਨਿਖੇਧੀ ਕੀਤੀ ਗਈ। ਪ੍ਰਮੁੱਖ ਮੰਗਾਂ ਵਿੱਚ ਕਿਰਤੀਆਂ ਦੇ ਮਸਲਿਆਂ ਨੂੰ ਨਜਿੱਠਣ ਲਈ ਬਣਾਏ ਗਏ ਚਾਰ ਕੋਡ ਰੱਦ ਕੀਤੇ ਜਾਣ, 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਿੱਤੀ ਜਾਵੇ,ਪੀ ਐਫ਼ ਆਰ ਡੀ ਏ ਬਿੱਲ ਰੱਦ ਕੀਤਾ ਜਾਵੇ, ਵੱਖ -ਵੱਖ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਅੱਗੇ ਤੋਂ ਖਾਲੀ ਪੋਸਟਾਂ ਤੇ ਪੱਕੀ ਭਰਤੀ ਯਕੀਨੀ ਬਣਾਈ ਜਾਵੇ, ਸਰਕਾਰੀ ਅਦਾਰਿਆਂ ਦਾ ਕਾਰਪੋਰੇਟੀਕਰਨ /ਨਿੱਜੀ ਕਰਨ ਬੰਦ ਕੀਤਾ ਜਾਵੇ ਅਤੇ ਵਿਭਾਗਾਂ ਦਾ ਨਿਜੀਕਰਨ ਬੰਦ ਕੀਤਾ ਜਾਵੇ, ਮਿੱਡ ਡੇ ਮੀਲ, ਆਸ਼ਾ ਵਰਕਰਾਂ ਤੇ ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਉੱਜ਼ਰਤਾਂ ਦੇ ਘੇਰੇ ਅੰਦਰ ਲਿਆਂਦਾ ਜਾਵੇ ,ਇਹ ਯਕੀਨੀ ਬਣਾਉਂਦੇ ਹੋਏ ਕਿ 8ਵੇਂ ਤਨਖਾਹ ਕਮਿਸ਼ਨ ਦੇ ਲਾਭ ਸਾਰਿਆਂ ਨੂੰ ਮਿਲਣਗੇ, ਸੂਬਾ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ, ਪੈਨਸ਼ਨਰਾਂ ਦੀ 2.59 ਦੇ ਗੁਣਾਕ ਨਾਲ ਸੁਧਾਈ ਯਕੀਨੀ ਬਣਾਈ ਜਾਵੇ, ਸਭ ਡੀ ਏ ਦੀਆਂ ਕਿਸ਼ਤਾਂ ਤੇ ਜ਼ਬਤ ਕੀਤੇ ਡੀ ਏ ਦੇ ਬਕਾਏ ਦਿੱਤੇ ਜਾਣ, ਕੌਮੀ ਸਿਖਿਆ ਨੀਤੀ 2020 ਨੂੰ ਤੁਰੰਤ ਰੱਦ ਕੀਤਾ ਜਾਵੇ ਆਦਿ ਮੰਗਾਂ ਸ਼ਾਮਲ ਹਨ।ਇਸ ਮੌਕੇ ਬੈਂਕ ਮੁਲਾਜ਼ਮਾਂ ਦੇ ਆਗੂ ਸੱਜਣ ਸਿੰਘ ਬੈਂਸ, ਸੁਰਜੀਤ ਸਿੰਘ ਮੁਹਾਲੀ, ਰਵਿੰਦਰ ਸਿੰਘ ਸਿਧੂ ਗੌ ਟੀ ਯੂਨੀਅਨ, ਮਹਿੰਦਰ ਸਿੰਘ ਮਾਵੀ, ਸਤੀਸ਼ ਖੋਸਲਾ, ਵਿਜੈ ਸਿੰਘ, ਕਰਮ ਸਿੰਘ ਧਨੋਆ ਕਨਵੀਨਰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਚਰਨਜੀਤ ਸਿੰਘ ਸਿਧੂ, ਰਾਮ ਕਿਸ਼ਨ ਧੁਨਕੀਆ ਜਮਹੂਰੀ ਕਿਸਾਨ ਸਭਾ, ਐਨ ਡੀ ਤਿਵਾੜੀ ਫੈਡਰੇਸ਼ਨ (ਵਿਗਿਆਨਕ) ਪ੍ਰਦੀਪ ਮੁਸਾਹਿਬ ਬੀ ਕੇ ਯੂ ਡਕੌਂਦਾ, ਅੰਗਰੇਜ਼ ਸਿੰਘ ਪ੍ਰੈਸ ਸਕੱਤਰ ਬੀ ਕੇ ਯੂ ਡਕੌਂਦਾ ਗੁਰਬਿੰਦਰ ਸਿੰਘ ਫੈਡਰੇਸ਼ਨ ਆਗੂ ਸ਼ਾਮਲ ਸਨ।

  • 9 ਜੁਲਾਈ ਦੀ ਹੜਤਾਲ ਸਮੇਂ ਮਜ਼ਦੂਰਾਂ ਮੁਲਾਜ਼ਮਾਂ ਤੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜ਼ਾਹਰਾ

    9 ਜੁਲਾਈ ਦੀ ਹੜਤਾਲ ਸਮੇਂ ਮਜ਼ਦੂਰਾਂ ਮੁਲਾਜ਼ਮਾਂ ਤੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜ਼ਾਹਰਾ


    ਰੂਪਨਗਰ: ਵੱਖ ਵੱਖ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਚਾਰ ਲੇਬਰ ਕੋਡਾਂ ਨੂੰ ਰੱਦ ਕਰਵਾਉਣ ਅਤੇ ਮੋਦੀ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਰੋਹ ਭਰਪੂਰ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਰਣਜੀਤ ਕੌਰ, ਚੰਦਰ ਕਾਂਤਾ, ਪਵਨ ਕੁਮਾਰ ਚੱਕ ਕਰਮਾਂ, ਰੁਪਿੰਦਰ ਸਿੰਘ ਰੁਪਾ, ਜਰਨੈਲ ਸਿੰਘ ਪਟਵਾਰੀ, ਰਣਜੀਤ ਸਿੰਘ ਗਿੱਲ ਨੇ ਕੀਤੀ।
    ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਖ਼ਬਰਦਾਰ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦੇ 25 ਕਰੋੜ ਲੋਕ ਸੜਕਾਂ ਤੇ ਆ ਕੇ ਸਰਕਾਰ ਦਾ ਸਿਆਪਾ ਕਰ ਰਹੇ ਹਨ।ਸਰਕਾਰ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੰਡ ਰਹੀ ਹੈ ਅਤੇ ਨਿਜੀਕਰਨ ਅੰਨੇ ਵਾਹ ਲਾਗੂ ਕਰ ਰਹੀ ਹੈ। ਸਰਕਾਰ ਮਿਹਨਤਕਸ਼ ਆਵਾਮ ਵਿਰੁੱਧ ਨੀਤੀਆਂ ਘੜਨੀਆਂ ਬੰਦ ਕਰੇ ਅਤੇ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਨੂੰ ਮੁਨਾਫੇ ਪਹੁੰਚਾਉਣੇ ਬੰਦ ਕਰੇ ਨਹੀਂ ਤਾਂ ਮਿਹਨਤ ਕਸ਼ ਆਵਾਮ ਅਤੇ ਇਨਸਾਫ ਪਸੰਦ ਲੋਕ ਇਹਨਾਂ ਨੀਤੀਆਂ ਖਿਲਾਫ ਸੜਕਾਂ ਤੇ ਆ ਕੇ ਸਰਕਾਰ ਦਾ ਚੱਕਾ ਜਾਮ ਕਰਨਗੇ ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਸਰਕਾਰ ਲੋਕ ਭਲਾਈ ਲਈ ਜਰੂਰਤ ਅਨੁਸਾਰ ਫੰਡ ਮੁਹਈਆ ਕਰਾਵੇ ਨਾ ਕਿ ਕਾਰਪੋਰੇਟ ਅਤੇ ਪੂੰਜੀਪਤੀਆਂ ਦੀ ਚੌਕੀਦਾਰ ਬਣ ਕੇ ਉਹਨਾਂ ਦੇ ਮੁਨਾਫੇ ਵਧਾਵੇ। ਸਰਕਾਰ ਸਾਰੇ ਮਹਿਕਮਿਆਂ ਵਿੱਚ ਖਾਲੀ ਅਸਾਮੀਆਂ ਸਥਾਈ ਰੂਪ ਵਿੱਚ ਭਰਤੀ ਕਰੇ,ਸਾਰੇ ਸਕੀਮ ਵਰਕਰਾਂ ਨੂੰ ਪੱਕੇ ਕਰੇ,ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰੇ ਅਤੇ 200 ਦਿਨ ਦਾ ਕੰਮ ਦੇਵੇ,ਸਭ ਲਈ ਪੈਨਸ਼ਨ ਅਤੇ ਸਿੱਖਿਆ,ਸਿਹਤ ਸੇਵਾਵਾਂ ਮੁੱਹਈਆ ਕਰਾਵੇ।
    ਬੁਲਾਰਿਆਂ ਵਿੱਚ ਸੁਰਜਿੰਦਰ ਕੌਰ, ਸੀਮਾ ਆਸ਼ਾ ਵਰਕਰ ਯੂਨੀਅਨ, ਜਗਦੀਸ਼ ਲਾਲ, ਅਸ਼ੋਕ ਕੁਮਾਰ ਤਰਕਸ਼ੀਲ ਆਗੂ, ਰਜਿੰਦਰ ਸਿੰਘ ਪੀ ਐਸ ਈ ਬੀ, ਮਹਿੰਦਰ ਸਿੰਘ, ਰਾਮ ਕੁਮਾਰ, ਹਰਜਿੰਦਰ ਸਿੰਘ, ਗੁਰਬਿੰਦਰ ਸਿੰਘ, ਦਵਿੰਦਰ ਸਿੰਘ ਜੀ ਟੁ ਯੁ, ਅੰਜੂ ਬਾਲਾ ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ, ਹਰਬੰਸ ਸਿੰਘ ਖਿਜਰਾਬਾਦ, ਰੁਪਿੰਦਰ ਸਿੰਘ ਰੂਪਾ, ਜਰਨੈਲ ਸਿੰਘ ਪਟਵਾਰੀ, ਸੁਖਵੀਰ ਸਿੰਘ ਸੁੱਖਾ, ਗਗਨ ਰਾਣਾ ਖਰੜ‌, ਸੁਖਵੀਰ ਸਿੰਘ ਸੁੱਖਾ ਕਿਸਾਨ ਆਗੂ, ਕਿਸਾਨ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਸਾਥੀ ਦਲੀਪ ਸਿੰਘ ਘਨੌਲਾ ਖੇਤ ਮਜ਼ਦੂਰ ਯੂਨੀਅਨ ਆਗੂ,ਜਗਦੀਸ਼ ਸਿੰਘ ਅਟਾਰੀ ਆਗੂ ਚੌਕੀਦਾਰ ਯੂਨੀਅਨ, ਸਾਥੀ ਕੁਲਦੀਪ ਸਿੰਘ ਜੇਈ ਸਰਪੰਚ ਘਨੌਲੀ, ਤਰਲੋਚਨ ਸਿੰਘ ਹੁਸੈਨਪੁਰ, ਭਗਤ ਸਿੰਘ ਬਿੱਕੋਂ, ਦੇਵਰਾਜ ਬੜਾ ਪਿੰਡ ਮਨਿੰਦਰ ਸਿੰਘ ਮੌਂਟੀ ਆਦਿ ਸ਼ਾਮਲ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਕਾਮਰੇਡ ਸੁਖਦੇਵ ਸਿੰਘ ਸੁਰਤਾਪਰੀ ਨੇ ਨਿਭਾਈ ਅਤੇ ਆਏ ਹੋਏ ਸਾਥੀਆਂ ਦਾ ਹੜਤਾਲ ਅਤੇ ਇਸ ਰੋਸ ਰੈਲੀ ਨੂੰ ਕਾਮਯਾਬ ਕਰਨ ਲਈ ਧੰਨਵਾਦ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕੀਤਾ।

  • ਗੜ੍ਹਸ਼ੰਕਰ ਵਿਚ ਮੁਲਾਜ਼ਮ, ਮਜ਼ਦੂਰ ਤੇ ਜਨਤਕ ਜਥੇਬੰਦੀਆਂ ਵਲੋਂ ਹੜਤਾਲ ਉਪਰੰਤ ਕੀਤੀ ਰੋਸ ਰੈਲੀ ਤੇ ਮਾਰਚ

    ਗੜ੍ਹਸ਼ੰਕਰ ਵਿਚ ਮੁਲਾਜ਼ਮ, ਮਜ਼ਦੂਰ ਤੇ ਜਨਤਕ ਜਥੇਬੰਦੀਆਂ ਵਲੋਂ ਹੜਤਾਲ ਉਪਰੰਤ ਕੀਤੀ ਰੋਸ ਰੈਲੀ ਤੇ ਮਾਰਚ

    ਗੜ੍ਹਸ਼ੰਕਰ: ਕੇਂਦਰੀ ਟ੍ਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਹੜਤਾਲ਼ ਦੇ ਸੱਦੇ ‘ਤੇ ਬਲਾਕ ਗੜ੍ਹਸ਼ੰਕਰ ਦੀਆਂ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵਲੋਂ ਸਾਥੀ ਮੱਖਣ ਸਿੰਘ ਵਾਹਿਦ ਪੁਰੀ, ਅਮਰੀਕ ਸਿੰਘ, ਮੁਕੇਸ਼ ਕੁਮਾਰ, ਸਰੂਪ ਚੰਦ, ਕੁਲਭੂਸ਼ਨ ਕੁਮਾਰ, ਹਰਮੇਸ਼ ਢੇਸੀ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਵਿਚ ਹੜਤਾਲ ਕਰਨ ਉਪਰੰਤ ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਰੋਸ ਰੈਲੀ ਕੀਤੀ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਰੋਸ ਮਾਰਚ ਕੀਤਾ।
    ਇਸ ਸਮੇਂ ਰਾਮ ਜੀ ਦਾਸ ਚੌਹਾਨ, ਅਮਰੀਕ ਸਿੰਘ, ਸ਼ਾਮ ਸੁੰਦਰ ਕਪੂਰ, ਸੁਖਦੇਵ ਡਾਨਸੀਵਾਲ, ਸਤਪਾਲ ਮਿਨਹਾਸ, ਜਗਦੀਸ਼ ਰਾਇ, ਵਿਨੋਦ ਕੁਮਾਰ, ਬਲਬੀਰ ਖਾਨਪੁਰ ਤੇ ਅਸ਼ਵਨੀ ਰਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਸਮੁੱਚੇ ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰੀ ਤੇ ਗਰੀਬੀ ਦਿਨੋ ਦਿਨ ਵੱਧਦੀ ਜਾ ਰਹੀ ਰਹੀ ਹੈ। ਆਮ ਆਦਮੀ ਦੀ ਜੀਣਾ ਦਿਨੋ ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੋਦੀ ਸਰਕਾਰ ਜਿੱਥੇ ਸਰਕਾਰੀ ਅਦਾਰਿਆਂ ਦਾ ਨਿੱਜੀ ਕਰਨ ਅਤੇ ਲੋਕ ਵਿਰੋਧੀ ਕਾਰਪੋਰੇਟ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਕੇ ਦੇਸ਼ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਉਸ ਦੇ ਨਾਲ ਹੀ ਧਾਰਮਿਕ ਕੱਟੜਤਾ, ਘੱਟ ਗਿਣਤੀਆਂ ਤੇ ਦਲਿਤਾਂ ਨਾਲ ਪੱਖਪਾਤੀ ਨੀਤੀ, ਸਿੱਖਿਆ ਨੀਤੀ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਭਗਵਾਂਕਰਨ, ਸੱਚ ਬੋਲਣ ਵਾਲਿਆਂ ਦੀ ਜੁਬਾਨਬੰਦੀ ਅਤੇ ਸੰਵਿਧਾਨ ਨਾਲ ਛੇੜਛਾੜ ਕਰਕੇ ਦੇਸ਼ ਵਿਚ ਨਫ਼ਰਤ ਦਾ ਮਹੌਲ ਪੈਦਾ ਕਰ ਰਹੀ ਹੈ, ਜਿਸ ਨੂੰ ਦੇਸ਼ ਦੇ ਅਮਨ ਪਸੰਦ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।
    ਆਗੂਆਂ ਕਿਹਾ ਨੇ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਮੁਲਾਜ਼ਮਾਂ, ਪੈਨਸ਼ਨਰਾਂ, ਮਜਦੂਰਾਂ, ਕਿਸਾਨਾਂ ਤੇ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਨ, ਡੀ.ਏ-ਪੇਅ ਕਮਿਸ਼ਨ ਦੇ ਬਕਾਏ, ਕੱਟੇ 37 ਭੱਤੇ ਬਹਾਲ ਕਰਨ ਅਤੇ ਹੋਰ ਹੱਕੀ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ। ਆਂਗਨਵਾੜੀ ਮੁਲਾਜ਼ਮਾਂ, ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ ਤੇ ਘੱਟੋ ਘੱਟ ਉਜਰਤ ਲਾਗੂ ਨਹੀਂ ਕੀਤੀ ਜਾ ਰਹੀ।
    ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਫੈਸਲੇ ਲੈਣ ਵਾਲੀਆਂ ਸਰਕਾਰਾਂ ਬਹੁਤਾ ਲੰਮਾ ਸਮਾਂ ਲੋਕਾਂ ਦੇ ਸੰਘਰਸ਼ ਸਾਹਮਣੇ ਟਿਕ ਨਹੀਂ ਸਕਦੀਆਂ।ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁਲਾਜ਼ਮ,ਮਜ਼ਦੂਰ ਕਿਸਾਨ, ਪੈਨਸ਼ਨਰ ਅਤੇ ਆਮ ਲੋਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।ਆਗੂਆਂ ਨੇ ਵੱਖ ਵੱਖ ਵਿਭਾਗਾਂ ਵਲੋਂ ਹੜਤਾਲ ਵਿਚ ਵੱਧ ਚੜ੍ਹ ਕੀਤੀ ਸ਼ਮੂਲੀਅਤ ਤੇ ਤਸੱਲੀ ਪ੍ਰਗਟ ਕੀਤੀ।
    ਇਸ ਮੌਕੇ ਜਗਦੀਸ਼ ਪੱਖੋਵਾਲ, ਗੁਰਨਾਮ ਹਾਜੀਪੁਰ, ਪਵਨ ਕੁਮਾਰ ਗੜ੍ਹੀ, ਜੋਗਿੰਦਰ ਸਿੰਘ, ਗੋਪਾਲ ਦਾਸ ਮਨਹੋਤਰਾ, ਸ਼ਿੰਗਾਰਾ ਰਾਮ, ਰਮੇਸ਼ ਮਲਕੋਵਾਲ, ਜਰਨੈਲ ਡਘਾਮ, ਨਰੇਸ਼ ਕੁਮਾਰ ਭਾਮੀਆਂ, ਰਾਜ ਕੁਮਾਰ, ਸੰਦੀਪ ਬਡੇਸਰੋਂ, ਪਰਮਿੰਦਰ ਪੱਖੋਵਾਲ, ਭਲਭੱਦਰ ਸਿੰਘ, ਗੁਰਨਾਮ ਹਾਜ਼ੀ ਪੁਰਸਿੰਘ, ਜੋਗਿੰਦਰ ਕੁਲੇਵਾਲ, ਮਨਦੀਪ ਕੁਮਾਰ, ਬਲਵੰਤ ਰਾਮ, ਕੁਲਵੰਤ ਗੋਲੇਵਾਲ, ਕੁਲਵਿੰਦਰ ਚਾਹਲ, ਨਰੇਸ਼ ਧੀਮਾਨ, ਸੁਰਿੰਦਰ ਕੁਮਾਰ,ਨਿਤਿਨ ਸੁਮਨ, ਰਮਨ ਕੁਮਾਰ, ਪਰਮਾ ਨੰਦ ਹਾਜ਼ਿਰ ਸਨ।

  • ਦੇਸ਼ ਵਿਆਪੀ ਹੜਤਾਲ ਮੌਕੇ ਟਰੇਡ ਯੂਨੀਅਨਾਂ, ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੈਲੀ ਤੇ ਮਾਰਚ

    ਦੇਸ਼ ਵਿਆਪੀ ਹੜਤਾਲ ਮੌਕੇ ਟਰੇਡ ਯੂਨੀਅਨਾਂ, ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੈਲੀ ਤੇ ਮਾਰਚ


    ਬਟਾਲਾ: ਭਾਰਤ ਪੱਧਰ ਦੀ ਹੜਤਾਲ ਦੇ ਸਮੇਂ ਇਥੋਂ ਦੀਆਂ ਟਰੇਡ ਯੂਨੀਅਨਾਂ ਅਤੇ ਉਹਨਾਂ ਦੀ ਹਮਾਇਤ ਉੱਪਰ ਆਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿੱਚ ਰੈਲੀ ਕੀਤੀ ਗਈ ਅਤੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ।
    ਰੈਲੀ ਨੂੰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਰਣਬੀਰ ਸਿੰਘ ਵਿਰਕ, ਗੁਲਜਾਰ ਸਿੰਘ ਭੁੰਬਲੀ, ਜਰਨੈਲ ਸਿੰਘ ਅਤੇ ਗੁਰਮੀਤ ਸਿੰਘ ਬੱਖਤਪੁਰਾ ਨੇ ਬੋਲਦਿਆਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਰੋੜਾਂ ਮਜ਼ਦੂਰਾਂ, ਮੁਲਾਜ਼ਮ ਅਤੇ ਹੋਰ ਮਿਹਨਤਕਸ਼ ਲੋਕਾਂ ਵਲੋ ਕੀਤੀ ਗਈ ਹੜਤਾਲ ਰਾਹੀਂ ਮੋਦੀ ਸਰਕਾਰ ਉਪਰ ਦੋਸ਼ ਲਾਏ ਜਾ ਰਹੇ ਹਨ ਕਿ ਪਿਛਲੇ 11 ਸਾਲਾਂ ਤੋਂ ਮੋਦੀ ਸਰਕਾਰ ਮਿਹਨਤਕਸ਼ ਜਮਾਤ ਅਤੇ ਦੇਸ਼ ਦੇ ਬਹੁਗਿਣਤੀ ਲੋਕਾਂ ਵਿਰੋਧੀ ਕੰਮ ਕਰ ਰਹੀ ਹੈ।ਦੇਸ਼ ਅੰਦਰ ਪੂਰੀ ਤਰਾਂ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਕਾਰਪੋਰੇਟੀ ਘਰਾਣਿਆ ਦੀ ਲੁੱਟ ਨੂੰ ਮਜ਼ਬੂਤ ਕੀਤਾ ਗਿਆ ਹੈ।ਜਿਸ ਕਾਰਨ ਦੇਸ਼ ਵਿਚ ਲੱਖਾ ਛੋਟੇ ਅਤੇ ਦਰਮਿਆਨੇ ਕਾਰਖਾਨੇ ਬੰਦ ਹੋ ਗਏ ਹਨ ਅਤੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਖੁਸ਼ ਗਏ ਹਨ। ਮੋਦੀ ਸਰਕਾਰ ਵਲੋਂ ਦੇਸ਼ ਤੇ ਮਜ਼ਦੂਰਾਂ ਨੂੰ ਕਨੂੰਨੀ ਤੌਰ ਤੇ ਨਿਹੱਥਾ ਕਰਨ ਲਈ ਲੰਬੀਆਂ ਕੁਰਬਾਨੀਆਂ ਤੋਂ ਬਾਅਦ ਮਜ਼ਦੂਰਾਂ ਵੱਲੋਂ ਹਾਸਿਲ ਕੀਤੇ ਗਏ ਕਿਰਤ ਕਾਨੂੰਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ।ਪੰਜਾਬ ਦੀ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਪੈੜ ਚਿੰਨਾ ‘ਤੇ ਚਲਦਿਆ ਜਿੱਥੇ ਮਜ਼ਦੂਰਾਂ ਨੂੰ ਸਨਤਕਾਰਾਂ ਦੇ ਰਹਿਮੋ ਕਰਮ ਤੇ ਨਿਰਭਰ ਬਣਾ ਰਹੀ ਹੈ ਉੱਥੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਨਵੀਆਂ ਕਲੋਨੀਆਂ ਬਣਾਉਣ ਦੀ ਆੜ ਹੇਠ ਖੋਹੀਆ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਦੇ ਆਮ ਲੋਕਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਬਰਬਾਦ ਕੀਤੀ ਜਾ ਰਹੀ ਹੈ।
    ਬੁਲਾਰਿਆ ਮੰਗ ਕੀਤੀ ਕਿ ਮੋਦੀ ਸਰਕਾਰ ਸਮੁੱਚੇ ਕਿਰਤ ਕਾਨੂੰਨਾਂ ਦੀ ਬਹਾਲੀ ਕਰੇ, ਮਨਰੇਗਾ ਦਾ ਰੁਜ਼ਗਾਰ 200 ਦਿਨ ਅਤੇ ਮਨਰੇਗਾ ਦੀ ਦਿਹਾੜੀ 700 ਕੀਤੀ ਜਾਵੇ, ਹਰ ਮਜ਼ਦੂਰ ਪਰਿਵਾਰ ਦੇ ਬਾਲਕ ਮੈਂਬਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਦਹਾਕਿਆ ਤੋਂ ਕਚੇ ਚੱਲ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਰੁਜ਼ਗਾਰ ਨਾ ਦੇਣ ਦੀ ਹਾਲਤ ਵਿੱਚ ਉਸ ਪਰਿਵਾਰ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ, ਕਿਸਾਨਾਂ ਤੋਂ ਹਜ਼ਾਰਾਂ ਏਕੜ ਜ਼ਮੀਨ ਖੋਹਣ ਦਾ ਨੋਟੀਫਿਕੇਸ਼ਨ ਮਾਨ ਸਰਕਾਰ ਵਾਪਸ ਲਵੇ, ਆਗੂਆਂ ਪੰਜਾਬ ਦੀ ਅਮਨ ਕਨੂੰਨ ਦੀ ਹਾਲਤ ਨੂੰ ਇਤਿਹਾਸ ਦੀ ਸਭ ਤੋਂ ਬਦਤਰ ਦੱਸਦਿਆ ਕਿਹਾ ਕਿ ਮਾਨ ਸਰਕਾਰ ਹਰ ਫਰੰਟ ਉਪਰ ਨਾਕਾਮ ਸਾਬਿਤ ਹੋਈ ਹੈ।
    ਇਸ ਸਮੇ ਦਲਬੀਰ ਭੋਲਾ, ਰਾਜਗੁਰਵਿਦਰ ਸਿੰਘ ਲਾਡੀ, ਲਖਵਿੰਦਰ ਸਿੰਘ ਮੰਜਿਆਵਾਲੀ, ਸੁਰਿਦਰ ਸਿੰਘ ਮੁਰੀਦਕੇ, ਕੂਲਦੀਪ ਸਿੰਘ ਦਾਦੂਜੋਧ, ਰਘਬੀਰ ਸਿੰਘ ਪਕੀਵਾਂ, ਜਗੀਰ ਸਿੰਘ ਕਿਲਾ ਲਾਲ ਸਿੰਘ, ਫੌਜੀ ਬਲਵਿੰਦਰ ਸਿੰਘ, ਬਲਦੇਵ ਸਿੰਘ ਖੈਹਿਰਾ, ਜਨਕ ਰਾਜ, ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ, ਸੋਮ ਸਿੰਘ, ਪੈਨਸ਼ਨਰ ਆਗੂ ਮਹੇਸ਼ ਲਾਲ ਅਤੇ ਰੋਡਵੇਜ ਆਗੂ ਗੁਰਦੀਪ ਸਿੰਘ ਘੋੜੇਵਾਹ ਆਦਿ ਆਗੂ ਸ਼ਾਮਲ ਸਨ।

  • ਲੁਧਿਆਣਾ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਅਨੇਕਾਂ ਅਦਾਰਿਆਂ ਵਿੱਚ ਹੋਈ ਹੜਤਾਲ ਅਤੇ ਵਿਸ਼ਾਲ ਰੈਲੀ

    ਲੁਧਿਆਣਾ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਅਨੇਕਾਂ ਅਦਾਰਿਆਂ ਵਿੱਚ ਹੋਈ ਹੜਤਾਲ ਅਤੇ ਵਿਸ਼ਾਲ ਰੈਲੀ

    ਲੁਧਿਆਣਾ: ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਅਤੇ ਸੁਤੰਤਰ ਖੇਤਰੀ ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੇ ਸੱਦੇ ‘ਤੇ ਅੱਜ ਦੇਸ਼ ਵਿਆਪੀ ਆਮ ਹੜਤਾਲ ਵਿੱਚ ਲੁਧਿਆਣਾ ਦੇ ਕਾਮਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਏਟਕ, ਇੰਟਕ, ਸੀਟੂ ਅਤੇ ਸੀਟੀਯੂ ਪੰਜਾਬ ਦੇ ਨਾਲ ਸਬੰਧਤ ਯੂਨੀਅਨਾਂ ਦੇ ਕਾਮਿਆਂ ਨੇ ਆਪਣੇ ਆਪਣੇ ਅਦਾਰਿਆਂ ਤੇ ਰੈਲੀਆਂ ਕਰਕੇ ਉਪਰੰਤ ਬਸ ਸਟੈਂਡ ਵਿਖੇ ਸਾਂਝੀ ਰੈਲੀ ਵਿੱਚ ਸ਼ਮੂਲੀਅਤ ਕੀਤੀ।
    ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਆਰਥਿਕ ਅਸਮਾਨਤਾ ਇੰਨੀ ਜਿਆਦਾ ਵਧ ਗਈ ਹੈ ਕਿ ਇੱਕ ਪਾਸੇ ਤਾਂ ਇੱਕ ਪ੍ਰਤੀਸ਼ਤ ਲੋਕਾਂ ਕੋਲ ਦੇਸ਼ ਦੀ 40% ਸੰਪਤੀ ਹੈ, ਦੂਜੇ ਪਾਸੇ 7 ਕਰੋੜ ਲੋਕ ਦੇਸ਼ ਵਿੱਚ ਐਸੇ ਹਨ ਜੋ ਕਿ 62 ਰੁਪਏ ਤੋਂ ਵੀ ਘੱਟ ਰੋਜ਼ ਦੀ ਕਮਾਈ ਕਰਦੇ ਹਨ। 116 ਕਰੋੜ ਹਨ ਜੋ ਕਿ ਕੇਵਲ 171 ਰੁਪਏ ਹਰ ਰੋਜ ਕਮਾਉਂਦੇ ਹਨ। ਇਹ ਇਸ ਲਈ ਹੈ ਕਿ ਮੌਜੂਦਾ ਸਰਕਾਰ ਵੱਲੋਂ ਅਪਨਾਈਆਂ ਗਈਆਂ ਨੀਤੀਆਂ ਕਾਰਪੋਰੇਟ ਪੱਖੀ ਹਨ।ਕਾਮਿਆਂ, ਮੁਲਾਜ਼ਮਾਂ ਅਤੇ ਕਿਸਾਨਾਂ ਤੋਂ ਇਲਾਵਾ ਹੋਰ ਮਿਹਨਤਕਸ਼ ਲੋਕਾਂ ਨੂੰ ਪੂਰੀ ਤਰਹਾਂ ਅਣਦੇਖਿਆ ਕੀਤਾ ਜਾ ਰਿਹਾ ਹੈ। ਧੰਨ ਕੁਬੇਰਾਂ ਨੂੰ ਟੈਕਸ ਵਿੱਚ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ,ਪਰ ਆਮ ਲੋਕਾਂ ਤੇ ਸਿੱਧੇ ਟੈਕਸ ਤੋਂ ਇਲਾਵਾ ਜੀਐਸਟੀ ਰਾਹੀਂ ਸਿੱਧੇ ਟੈਕਸ ਦਾ ਬਹੁਤ ਵੱਡਾ ਬੋਝ ਪਾਇਆ ਜਾ ਰਿਹਾ ਹੈ। ਕਾਰਪੋਰੇਟ ਖੇਤਰ ਦੁਆਰਾ ਬੈਂਕਾਂ ਤੋਂ ਲਏ ਗਏ ਕਰਜੇ ਵੀ 90% ਤੋਂ ਉਪਰ ਮਾਫ ਕੀਤੇ ਜਾ ਰਹੇ ਹਨ। ਇਸ ਸਥਿਤੀ ਦੇ ਵਿੱਚ ਕਾਮਿਆਂ ਦਾ ਇਹ ਸੰਘਰਸ਼ ਆਉਣ ਵਾਲੇ ਸਮਿਆਂ ਵਿੱਚ ਇਕ ਵਿਸ਼ਾਲ ਅੰਦੋਲਨ ਦੀ ਤਿਆਰੀ ਵਜੋਂ ਹੋ ਰਿਹਾ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਨੇ ਵੀ ਇਸ ਅੱਜ ਦੇ ਐਕਸ਼ਨ ਨੂੰ ਪੂਰਾ ਸਮਰਥਨ ਦਿੱਤਾ ਹੈ ਤੇ ਅਨੇਕਾਂ ਥਾਵਾਂ ਤੇ ਪੇਂਡੂ ਬੰਦ ਦਾ ਵੀ ਐਲਾਨ ਕੀਤਾ ਹੈ।
    ਅੱਜ ਦੇ ਇਸ ਐਕਸ਼ਨ ਦੇ ਵਿੱਚ ਉਦਯੋਗਿਕ ਕਾਮਿਆਂ ਤੋਂ ਇਲਾਵਾ ਪੀਏਯੂ, ਰੋਡਵੇਜ, ਅਧਿਆਪਕ, ਆਂਗਣਵਾੜੀ, ਆਸ਼ਾਵਰਕਰ ਅਤੇ ਹੋਰ ਸਕੀਮ ਵਰਕਰ,ਬੀਐਸਐਨਐਲ, ਬੈਂਕ ਆਦਿ ਦੇ ਕਾਮਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਪ੍ਰਣ ਕੀਤਾ।
    ਰੈਲੀ ਵਿੱਚ ਮੁੱਖ ਮੰਗਾਂ ਸਨ ਕਿ ਚਾਰ ਕਿਰਤ ਕੋਡਾਂ ਨੂੰ ਖਤਮ ਕਰੋ,ਘੱਟੋ-ਘੱਟ ਰਾਸ਼ਟਰੀ ਉਜਰਤ 26000 ਰੁਪਏ ਪ੍ਰਤੀ ਮਹੀਨਾ ਕਰੋ , ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਏ, ਅਸੰਗਠਿਤ ਕਾਮਿਆਂ ਅਤੇ ਖੇਤੀਬਾੜੀ ਕਾਮਿਆਂ ਸਮੇਤ ਸਾਰੇ ਵਰਗਾਂ ਦੇ ਕਾਮਿਆਂ ਲਈ ਘੱਟੋ-ਘੱਟ 9000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਯਕੀਨੀ ਬਣਾਓ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਏ। ਠੇਕੇਦਾਰੀ ਪ੍ਰਬੰਧ ਸਮਾਪਤ ਕੀਤਾ ਜਾਵੇ। ਬਿਜਲੀ ਸੋਧ ਬਿਲ ਵਾਪਸ ਲਿਆ ਜਾਵੇ, ਕਿਸਾਨਾਂ ਨੂੰ ਸੀ ਟੂ ਪਲੱਸ 50% ਤੇ ਐਮਐਸਪੀ ਦਿੱਤੀ ਜਾਵੇ। ਕੰਮ ਕਰਨ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰ ਘੋਸ਼ਿਤ ਕੀਤਾ ਜਾਵੇ। ਸਿੱਖਿਆ ਤੇ ਸਿਹਤ ਨੂੰ ਬੁਨਿਆਦੀ ਅਧਿਕਾਰ ਘੋਸ਼ਿਤ ਕੀਤਾ ਜਾਵੇ, ਮਹਿੰਗਾਈ ਤੇ ਨੱਥ ਪਾਈ ਜਾਏ।
    ਸੂਬਾ ਸਰਕਾਰ ਵੱਲੋਂ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਵਿੱਚ ਮਜ਼ਦੂਰ ਵਿਰੋਧੀ ਸੋਧ ਵਾਪਸ ਲਈ ਜਾਵੇ( 20 ਮਜ਼ਦੂਰਾਂ ਜਾਂ ਮੁਲਾਜ਼ਮਾਂ ਦੀ ਇਕਾਈ ਨੂੰ ਰਜਿਸਟਰੇਸ਼ਨ ਦੇ ਦਾਇਰੇ ਵਿੱਚ ਵਾਪਸ ਲਿਆਉ),ਕੰਮ ਦੀ ਦਿਹਾੜੀ ਨੂੰ ਮੁੜ ਅੱਠ ਘੰਟੇ ਕਰੋ,ਘੱਟੋ ਘੱਟ ਉਜਰਤ ਵਿੱਚ ਵਾਧਾ ਕਰੋ(ਘੱਟੋ ਘੱਟ ਉਜਰਤ ਪਿਛਲੇ 12 ਸਾਲ ਤੋਂ ਨਹੀਂ ਵਧਾਈ ਗਈ)।
    ਬੁਲਾਰਿਆਂ ਨੇ ਸਾਵਧਾਨ ਕੀਤਾ ਕਿ ਹਰ ਪੱਖੋਂ ਅਸਫਲ ਰਹਿਣ ਤੋਂ ਬਾਅਦ ਮੋਦੀ ਸਰਕਾਰ ਹੁਣ ਬੜੀ ਤੇਜ਼ੀ ਦੇ ਨਾਲ ਸਮਾਜ ਵਿੱਚ ਫਿਰਕੂ ਲੀਹਾਂ ਤੇ ਵੰਡੀਆਂ ਪਾਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਦੇਸ਼ ਤੇ ਸਮਾਜ ਤੇ ਖਾਸ ਤੌਰ ਤੇ ਕਾਮਿਆਂ ਤੇ ਸਭ ਤੋਂ ਮਾੜਾ ਪ੍ਰਭਾਵ ਪੈਂਦਾ ਹੈ। ਸਾਡੀ ਵਿਦੇਸ਼ ਨੀਤੀ ਪੂਰੀ ਤਰਹਾਂ ਖੋਖਲੀ ਸਾਬਤ ਹੋਈ ਹੈ। ਇਹਨਾਂ ਹਾਲਾਤਾਂ ਵਿੱਚ ਕਾਮਿਆਂ ਸਾਹਮਣੇ ਦੋਹਰੀ ਲੜਾਈ ਹੈ ਜਿਸ ਨੂੰ ਅਸੀਂ ਰਲ ਮਿਲ ਕੇ ਸਫਲਤਾ ਪੂਰਵਕ ਅੰਜਾਮ ਦਿਆਂਗੇ।
    ਮੁੱਖ ਬੁਲਾਰੇ ਮੰਗਤ ਰਾਮ ਪਾਸਲਾ, ਗੁਲਜਾਰ ਗੋਰੀਆ,ਕਾਮਰੇਡ ਜਤਿੰਦਰ, ਡੀ ਪੀ ਮੌੜ, ਮਾਸਟਰ ਫਿਰੋਜ, ਸੁਭਾਸ਼ ਰਾਨੀ, ਬਲਬੀਰ ਕੌਰ, ਚਮਕੌਰ ਸਿੰਘ, ਹਰਨੇਕ ਸਿੰਘ ਗੁੱਜਰਵਾਲ, ਸਮਰ ਬਹਾਦਰ, ਬਲਰਾਮ ਸਿੰਘ, ਕਾਮਰੇਡ ਚਿਤਰੰਜਨ,ਬਲਬੀਰ ਸਿੰਘ ਅਤੇ ਸਰਬਜੀਤ ਕੌਰ ਸ਼ਾਮਿਲ ਸਨ।
    ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਵਿਜੇ ਕੁਮਾਰ, ਆਸ਼ਾ ਰਾਣੀ,ਕੇਵਲ ਸਿੰਘ ਬਨਵੈਤ, ਗੁਰਜੀਤ ਸਿੰਘ ਜਗਪਾਲ, ਸਰਬਜੀਤ ਸਿੰਘ ਸਰਹਾਲੀ, ਪਰਮਜੀਤ ਸਿੰਘ ਅਤੇ ਜਗਦੀਸ਼ ਚੰਦ ਸ਼ਾਮਿਲ ਸਨ।
    ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਐਮ ਐਸ ਭਾਟੀਆ ਅਤੇ ਸੁਖਵਿੰਦਰ ਸਿੰਘ ਲੋਟੇ ਨੇ ਨਿਭਾਈ। ਪਸਸਫ ਦਾ ਇੱਕ ਵੱਡਾ ਜੱਥਾ ਕਾਮਰੇਡ ਪਰਵੀਨ ਕੁਮਾਰ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ।
    ਇਸ ਰੈਲੀ ਵਿੱਚ ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਏ। ਵੱਡੀ ਗਿਣਤੀ ਦੇ ਵਿੱਚ ਬੈਂਕ ਮੁਲਾਜ਼ਮ,ਪੀਏਯੂ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ ਅਤੇ ਇੰਡਸਟਰੀ ਮਜਦੂਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
    ਰੈਲੀ ਦਾ ਸਾਰਾ ਪ੍ਰਬੰਧ ਪੰਜਾਬ ਰੋਡਵੇਜ਼ ਦੇ ਆਗੂ ਰਣਧੀਰ ਸਿੰਘ ਧੀਰਾ, ਹਰਬੰਸ ਸਿੰਘ, ਰਵਿੰਦਰ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ।

  • ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ‌ ਅਤੇ ਜਨਤਕ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਰੈਲੀ ਅਤੇ ਮੁਜਾਹਰਾ

    ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ‌ ਅਤੇ ਜਨਤਕ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਰੈਲੀ ਅਤੇ ਮੁਜਾਹਰਾ

    ਨਵਾਂ ਸ਼ਹਿਰ: ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ ‘ਤੇ ਦੇਸ਼ ਵਿਆਪੀ ਹੜਤਾਲ ਦੇ ਮੌਕੇ ਜਸਵੰਤ ਸਿੰਘ ਸੈਣੀ, ਕੁਲਦੀਪ ਸਿੰਘ ਦੌੜਕਾ, ਦਸੌਂਦਾ ਸਿੰਘ, ਬਲਜੀਤ ਕੌਰ, ਅਮਰਜੀਤ ਕੌਰ, ਨਰਿੰਦਰ ਕੁਮਾਰ ਪੰਡੋਰੀ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਰੋਸ ਰੈਲੀ ਉਪਰੰਤ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਟਰੇਡ ਯੂਨੀਅਨ ਆਗੂ ਸੁਤੰਤਰ ਕੁਮਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
    ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮਹਾਂ ਸਿੰਘ ਰੋੜੀ, ਨਰੰਜਨ ਦਾਸ ਮੇਹਲੀ, ਹਰਪਾਲ ਸਿੰਘ ਜਗਤਪੁਰ, ਬੂਟਾ ਸਿੰਘ ਮਹਿਮੂਦਪੁਰ, ਪ੍ਰੇਮ ਰੱਕੜ, ਜਸਵਿੰਦਰ ਭੰਗਲ, ਲਖਬੀਰ ਸਿੰਘ ਪਨਬਸ, ਜਗਤਾਰ ਸਿੰਘ, ਬਿਕਰਮਜੀਤ ਸਿੰਘ, ਕਸ਼ਮੀਰ ਸਿੰਘ, ਪਰਮਿੰਦਰ ਮੇਨਕਾ, ਪਰਮਜੀਤ ਸਿੰਘ ਰੋੜੀ, ਰੇਸ਼ਮ ਲਾਲ, ਜਸਵੀਰ ਕੌਰ, ਸਤਨਾਮ ਸਿੰਘ ਗੁਲਾਟੀ, ਚਰਨਜੀਤ ਦੌਲਤਪੁਰ, ਕੁਲਦੀਪ ਝਿੰਗੜ, ਜੁਝਾਰ ਸਿੰਘ, ਅੱਛਰ ਸਿੰਘ, ਮੋਹਣ ਸਿੰਘ ਪੂਨੀਆ, ਨਿਰਮਲ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਸਾਮਰਾਜੀ ਮੁਲਕਾਂ ਵਲੋਂ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਨਾਲ ਦੇਸ਼ ਵਿੱਚ ਗਰੀਬੀ, ਅਨਪੜ੍ਹਤਾ, ਮਹਿੰਗਾਈ, ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰ ਦੀ ਕਾਰਪੋਰੇਟ ਪੱਖੀ ਫਿਰਕੂ ਫਾਸ਼ੀਵਾਦੀ ਸਰਕਾਰ ਵਲੋਂ ਦੇਸ਼ ਦੇ ਲੋਕਾਂ ਨੂੰ ਸੇਵਾਵਾਂ ਦੇਣ ਅਤੇ ਨਵੀਂ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਸੌਂਪੇ ਜਾ ਰਹੇ ਹਨ। ਉਨ੍ਹਾਂ ਨੂੰ ਸਰਕਾਰੀ ਬੈਂਕਾਂ ਵਿੱਚੋਂ ਦਿੱਤੇ ਗਏ 16.5 ਲੱਖ ਕਰੋੜ ਦੇ ਕਰਜੇ ਨਾ ਉਗਰਾਹੁਣਯੋਗ ਕਹਿ ਕੇ ਮੁਆਫ ਕੀਤੇ ਗਏ ਹਨ। ਜਿਸ ਨਾਲ ਬੈਕਿੰਗ ਸਿਸਟਮ ਤਹਿਸ ਨਹਿਸ ਹੋ ਰਿਹਾ ਹੈ। ਬੁਲਾਰਿਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਾਲੇ ਕਾਨੂੰਨਾਂ ਰਾਹੀਂ ਸ਼ਹਿਰੀ ਆਜਾਦੀਆਂ ਖਤਮ ਕਰਨ ਦੀ ਨਿਖੇਧੀ ਕਰਦਿਆਂ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਫਿਰਕੂ ਫਾਸੀਵਾਦੀ ਕਾਰਪੋਰੇਟ ਪੱਖੀ ਭਾਜਪਾ ਸਰਕਾਰ ਦੇ ਮਨਸੂਬੇ ਫੇਲ ਕਰਨ ਲਈ ਲਗਾਤਾਰ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
    ਆਗੂਆਂ ਨੇ ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨ ਖਤਮ ਕਰਕੇ ਚਾਰ ਕੋਡ ਲਾਗੂ ਕਰਨ ਦੀ ਥਾਂ ਕਿਰਤ ਕਾਨੂੰਨ ਬਹਾਲ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਆਂਗਨਵਾੜੀ, ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਸਮੇਤ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੂਰੇ ਗਰੇਡ ਤੇ ਪੱਕੇ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂਂ ਦੂਰ ਕਰਦਿਆਂ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਯਕਮੁਸ਼ਤ ਦੇਣ, ਪੇਂਡੂ ਭੱਤੇ ਸਮੇਤ ਸਮੁੱਚੇ ਭੱਤੇ ਬਹਾਲ ਕਰਨ, ਜਨਤਕ ਖੇਤਰ ਦੇ ਅਦਾਰਿਆਂ ਨੂੰ ਖਤਮ ਕਰਨ ਦੀ ਨਿਜੀਕਰਨ ਦੀ ਨੀਤੀ ਰੱਦ ਕਰਨ, ਲੈਂਡ ਪੁਲਿੰਗ ਰਾਹੀਂ ਪੰਜਾਬ ਦੀਆਂ ਖੇਤੀਯੋਗ ਜਮੀਨਾਂ ਖੋਹਣ ਆਦਿ ਮੰਗਾਂ ਦਾ ਜਿਕਰ ਕੀਤਾ ਗਿਆ।

  • ਕੇਂਦਰੀ ਟਰੇਡ ਯੂਨੀਅਨਾਂ, ਨੌਜਵਾਨ ਅਤੇ ਕਿਸਾਨ ਜਥੇਬੰਦੀਆਂ ਵਲੋਂ ਹੜਤਾਲ

    ਕੇਂਦਰੀ ਟਰੇਡ ਯੂਨੀਅਨਾਂ, ਨੌਜਵਾਨ ਅਤੇ ਕਿਸਾਨ ਜਥੇਬੰਦੀਆਂ ਵਲੋਂ ਹੜਤਾਲ


    ਖਡੂਰ ਸਹਿਬ: ਕੇਂਦਰੀ ਟਰੇਡ ਯੂਨੀਅਨਾ ਦੇ ਸੱਦੇ ‘ਤੇ ਕੀਤੀ ਜਾ ਰਹੀ ਦੇਸ ਵਿਆਪੀ ਹੜਤਾਲ ਨੂੰ ਅੱਜ ਇਥੇ ਭਰਪੂਰ ਹੁੰਗਾਰਾ ਮਿਲਿਆ| ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਨੌਜਵਾਨ, ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਇਸ ’ਚ ਭਰਵੀਂ ਸ਼ਮੂਲੀਅਤ ਕੀਤੀ|
    ਐੱਸਡੀਐੱਮ ਦਫ਼ਤਰ ਦੇ ਬਾਹਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਟੀਐੱਸਯੂ ਦੇ ਸੂਬਾਈ ਪ੍ਰਧਾਨ ਜਗਤਾਰ ਸਿੰਘ ਉਪਲ., ਆਰਐੱਮਪੀਆਈ ਦੇ ਮੁਖਤਾਰ ਸਿੰਘ ਮੱਲਾ, ਆਸ਼ਾ ਵਰਕਰ ਯੂਨੀਅਨ ਦੀ ਕਲਵੰਤ ਕੌਰ ਵੈਈ ਪੂੰਈ, ਐਂਪਲਾਈਜ਼ ਫੈਡਰੇਸ਼ਨ ਦੇ ਆਗੂ ਜਸਪਾਲ ਸਿੰਘ ਨਾਗੋਕੇ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਤਪਾਲ ਸਿੰਘ ਨੱਥੋਕੇ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਸਾਮਰਾਜੀ ਸੰਸਥਾਵਾਂ ਤੋਂ ਨਿਰਦੇਸ਼ਤ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ| ਮਜ਼ਦੂਰ ਪੱਖੀ ਕਨੂੰਨਾਂ ਨੂੰ ਸੋਧ ਕੇ ਕਰਪੋਰੇਟ ਪੱਖੀ ਬਣਾਇਆ ਗਿਆ ਹੈ|
    ਮਜ਼ਦੂਰਾਂ, ਕਿਸਾਨਾਂ ਦੇ ਹਿੱਤਾਂ ਦੀ ਕੁਰਬਾਨੀ ਦੇ ਕੇ ਕਾਰਪੋਰੇਟਾਂ ਦੇ ਮੁਨਾਫਿਆਂ ਲਈ ਕੰਮ ਕੀਤਾ ਜਾ ਰਿਹਾ ਹੈ। ਮਜ਼ਦੂਰ ਦੀ ਦਿਹਾੜੀ ਅੱਠ ਘੰਟੇ ਤੋ ਬਾਰਾਂ ਘੰਟੇ ਕੀਤੀ ਗਈ ਹੈ| ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਨਾਲ ਸਰਕਾਰੀ ਨੌਕਰੀਆਂ ਦਾ ਭੋਗ ਪੈਣ ਕਾਰਨ ਬੇਰੁਜਗਾਰੀ ਲਗਾਤਾਰ ਵੱਧ ਰਹੀ ਹੈ|
    ਕਾਰਪੋਰੇਟਾਂ ਦੀ ਇਜਾਰੇਦਾਰੀ ਕਾਰਨ ਛੋਟੇ ਕਾਰੋਬਾਰ ਅਤੇ ਦੁਕਾਨਾਂ ਬੰਦ ਹੋ ਰਹੀਆਂ ਹਨ| ਕਿਸਾਨਾਂ ਦੀਆਂ ਤਿੰਨ ਤਿੰਨ ਫਸਲਾਂ ਵਾਲੀਆਂ ਜ਼ਮੀਨਾਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਜ਼ਮੀਨਾਂ ਖੋਹਣ ਦੀ ਸਾਂਝੀ ਨੀਤੀ ਦੇਸ਼ ਦੀ ਅੰਨ ਸਰੱਖਿਆ ਲਈ ਵੀ ਗੰਭੀਰ ਖਤਰੇ ਪੈਦਾ ਕਰੇਗੀ।
    ਬੁਲਾਰੇ ਆਗੂਆਂ ਨੇ ਮੰਗ ਕੀਤੀ ਮੋਦੀ ਸਰਕਾਰ ਲੋਕਾਂ ਨੂੰ ਵੰਡਣ ਵਾਲੀ ਫਿਰਕੂ ਪਹੁੰਚ ਤਿਆਗੇ ਅਤੇ ਕਾਰਪੋਰੇਟ ਘਰਾਣਿਆ ਅਤੇ ਬਹੁਕੌਮੀ ਕੰਪਨੀਆਂ ਦੇ ਹਿੱਤ ਪਾਲਣਾ ਬੰਦ ਕਰੇ| ਉਹਨਾਂ ਮੰਗ ਕੀਤੀ ਕੇ ਮਜ਼ਦੂਰ ਵਿਰੋਧੀ ਚਾਰੇ ਕੋਡ ਰੱਦ ਕਰਕੇ ਮਜ਼ਦੂਰ ਪੱਖੀ ਕਨੂੰਨ ਬਹਾਲ ਕੀਤੇ ਜਾਣ| ਸਰਕਾਰੀ ਅਦਾਰਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਲੱਖਾਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਤਰੰਤ ਭਰੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਸੱਠ ਸਾਲ ਤੋਂ ਉਪਰ ਹਰੇਕ ਲਈ ਗੁਜਾਰੇ ਯੋਗ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ| ਇਸ ਮੌਕੇ ਹੋਰਨਾਂ ਤੋ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਖੇਤ ਮਜ਼ਦੂਰ ਸਭਾ ਦੇ ਆਗੂ ਮੇਜਰ ਸਿੰਘ ਦਾਰਾਪੁਰ, ਆਸ਼ਾ ਵਰਕਰ ਯੂਨੀਅਨ ਦੇ ਆਗੂ ਬਲਜੀਤ ਕੌਰ ਖਡੂਰ ਸਾਹਿਬ, ਦਿਹਾਤੀ ਮਜ਼ਦੂਰ ਯੂਨੀਅਨ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਬਲਜੀਤ ਸਿੰਘ ਫਤਿਆਬਾਦ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਨਗਰ ਦੇ ਬਜ਼ਾਰਾਂ ਵਿੱਚ ਰੋਹ ਭਰਭੂਰ ਮਾਰਚ ਵੀ ਕੀਤਾ ਗਿਆ|

  • ਭਿੱਖੀਵਿੰਡ ‘ਚ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ

    ਭਿੱਖੀਵਿੰਡ ‘ਚ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ


    ਭਿੱਖੀਵਿੰਡ: ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਭਿੱਖੀਵਿੰਡ ਵਿਖੇ ਦਿਹਾਤੀ ਮਜ਼ਦੂਰ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਮੇਨ ਚੌਂਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਗੱਜਨ ਸਿੰਘ ਨਾਰਲਾ ਨੇ ਕੀਤੀ। ਇਸ ਮੌਕੇ ਇਕੱਠੇ ਹੋਏ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜ਼ਕੇ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਤੋੜ ਰਹੀ ਹੈ। 1886 ਈਸਵੀ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਅੰਦਰ ਮਜ਼ਦੂਰਾਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਦਿਹਾੜੀ ਦੇ ਘੰਟੇ ਦੀ ਅੱਠ ਘੰਟੇ ਦੀ ਗਰੰਟੀ ਦਵਾਈ ਪਰ ਅੱਜ ਫਿਰ ਮੋਦੀ ਦੀ ਸਰਕਾਰ ਮਜ਼ਦੂਰਾਂ ਦੇ ਦਿਹਾੜੀ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰ ਰਹੀ ਹੈ। ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਲੋਕਾਂ ਦੇ ਮਨੂੰ ਸਿਮਰਤੀ ਲਾਗੂ ਕੀਤੀ ਜਾ ਰਹੀ ਹੈ। ਜਿਸ ਦੀਆਂ ਜਨਤਕ ਜਥੇਬੰਦੀਆਂ ਲਗਾਤਾਰ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀਆਂ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਇਸ ਪੰਜਾਬ ਸਰਕਾਰ ਮੋਦੀ ਸਰਕਾਰ ਦੀ ਤਰਜ ਤੇ ਪੰਜਾਬ ਅੰਦਰ ਮਜ਼ਦੂਰਾਂ ਦੀ ਦਿਹਾੜੀ ਦੇ ਘੰਟਿਆਂ ਦੀ ਗਰੰਟੀ ਅੱਠ ਘੰਟੇ ਤੋਂ 12 ਘੰਟੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰਤਾ ਦੋਵਾਂ ਪਾਰਟੀਆਂ ਦਾ ਨੀਤੀਆਂ ਦੇ ਪੱਖ ਤੋਂ ਕੋਈ ਅੰਤਰ ਨਹੀਂ ਇਹਨਾਂ ਦੀਆਂ ਨੀਤੀਆਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੁਕਾਨਦਾਰ ਮੁਲਾਜ਼ਮਾਂ ਨੂੰ ਮਾਰਨ ਵਾਲੀ ਜੇਕਰ ਫਿਰ ਵੀ ਸਾਡੀਆਂ ਮੰਗਾਂ ਵਾਲੇ ਹਿੰਦੁਸਤਾਨ ਤੇ ਪੰਜਾਬ ਦੀ ਸਰਕਾਰ ਨੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਚ ਟਰੇਡ ਯੂਨੀਅਨ ਜਿੱਦਾਂ ਦਾ ਦੇਸ਼ ਅੰਦਰ ਸੱਦਾ ਦੇਣਗੀਆਂ ਸਾਡੀਆਂ ਜਨਤਕ ਜਥੇਬੰਦੀਆਂ ਡੱਟ ਕੇ ਉਹਨਾਂ ਦਾ ਸਮਰਥਨ ਕਰਨਗੀਆਂ।

  • ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਗੱਜਣ ਸਿੰਘ ਨਾਰਲਾ ਪ੍ਰਧਾਨ, ਲਾਜਰ ਲਾਖਣਾ ਸਕੱਤਰ ਚੁਣੇ

    ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਗੱਜਣ ਸਿੰਘ ਨਾਰਲਾ ਪ੍ਰਧਾਨ, ਲਾਜਰ ਲਾਖਣਾ ਸਕੱਤਰ ਚੁਣੇ

    ਭਿੱਖੀਵਿੰਡ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਕਮੇਟੀ ਭਿੱਖੀਵਿੰਡ ਦਾ ਡੈਲੀਗੇਟ ਇਜਲਾਸ ਰਾਹੁਲ ਦਰਾਜ਼ਕੇ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਚੁਣੇ ਹੋਏ ਡੈਲੀਗੇਟਾਂ ਨੇ ਭਾਗ ਲਿਆ। ਇਜਲਾਸ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਦੀ, ਉਹਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਬੋਲਦਿਆ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜਿਆ ਗਿਆ ਯੁੱਧ ਸਿਰਫ ਤੇ ਸਿਰਫ ਡਰਾਮੇਬਾਜ਼ੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਛੇੜੀ ਗਈ ਨਸ਼ਿਆਂ ਦੀ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਮਜ਼ਦੂਰਾਂ ਕਿਸਾਨਾਂ ਦੇ ਨੌਜਵਾਨ ਪੁੱਤਾਂ ਨੂੰ ਘਰਾਂ ਤੋਂ ਸੁੱਤੇ ਪਿਆ ਨੂੰ ਚੁੱਕ ਕੇ ਉਹਨਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਜੋ ਸਚਿਆਈ ਤੋਂ ਕੋਹਾਂ ਦੂਰ ਹਨ। ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ।
    ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਭਗਤ ਸਿੰਘ ਦੇ ਵਿਚਾਰਧਾਰਾ ਨੂੰ ਆਪਣਾ ਕੇ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
    ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਚੋਣ ਕੀਤੀ ਜਿਸ ਵਿੱਚ ਪ੍ਰਧਾਨ ਗੱਜਨ ਸਿੰਘ ਨਾਰਲਾ, ਸਕੱਤਰ ਲਾਜਰ ਲਾਖਣਾ ਚੁਣੇ ਜਾਣ ਤੋਂ ਇਲਾਵਾ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਭਰਾਤਰੀ ਜਥੇਬੰਦੀ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਚੂੰਘ, ਸੁਵਿੰਦਰ ਸਿੰਘ ਚੱਕ, ਜਸਵੰਤ ਸਿੰਘ ਭਿੱਖੀਵਿੰਡ, ਸੰਤੋਖ ਸਿੰਘ ਮੱਖੀ ਕਲਾਂ ਆਦਿ ਹਾਜ਼ਰ ਸਨ।

  • ਜਮਹੂਰੀ ਕਿਸਾਨ ਸਭਾ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਹੋਵੇਗੀ ਸ਼ਾਮਲ

    ਜਮਹੂਰੀ ਕਿਸਾਨ ਸਭਾ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਹੋਵੇਗੀ ਸ਼ਾਮਲ

    ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੀ ਮੀਟਿੰਗ ਕਿਲ੍ਹਾ ਰਾਏਪੁਰ ਵਿਖੇ ਸਥਿਤ ਸਭਾ ਦੇ ਦਫ਼ਤਰ ਵਿੱਚ ਮਲਕੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਇਸ ਇਲਾਕੇ ਵਿੱਚੋਂ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਜੱਥਾ ਲੁਧਿਆਣਾ ਬੱਸ ਸਟੈਂਡ ਤੇ ਲਗਾਏ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਕੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰੇਗਾ।
    ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਇਲਾਕਾ ਕਮੇਟੀ ਦੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਕਾਰਪੋਰੇਟ ਪੱਖੀ ਨੀਤੀਆਂ ਨੂੰ ਮੋੜਾ ਦੇਣ ਲਈ ਮਜਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਔਰਤਾਂ ਦੀ ਵਿਸ਼ਾਲ ਏਕਤਾ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਪੂਰੀ ਤਰਾਂ ਕਾਰਪੋਰੇਟਾ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ। ਜਿਸ ਕਾਰਨ ਆਮ ਲੋਕਾਂ ਕੋਲੋ ਰੁਜ਼ਗਾਰ ਖੁੱਸ ਰਹੇ ਹਨ ਅਤੇ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਹੋਣ ਵਾਲੀ ਆਮ ਹੜਤਾਲ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਪਾਉਣ ਵਿੱਚ ਸਹਾਈ ਹੋਵੇਗੀ।
    ਆਗੂਆਂ ਨੇ ਆਖਿਆ ਕਿ ਲੈਡ ਪੂਲਿੰਗ ਦੀ ਨੀਤੀ ਜਿੱਥੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰ ਦੇਵੇਗੀ, ਉੱਥੇ ਵੱਡੀਆ ਬਹੁਰਾਸ਼ਟਰੀ ਕੰਪਨੀਆਂ ਨੂੰ ਲੁੱਟ ਦੇ ਹੋਰ ਮੌਕੇ ਦੇਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਲੈਡ ਪੂਲਿੰਗ ਨੀਤੀ ਨੂੰ ਲਾਗੂ ਨਹੀ ਹੋਣ ਦੇਣਗੇ।
    ਅੱਜ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਕਰਮ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਚਰਨਜੀਤ ਸਿੰਘ ਗਰੇਵਾਲ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।