
ਖਡੂਰ ਸਹਿਬ: ਕੇਂਦਰੀ ਟਰੇਡ ਯੂਨੀਅਨਾ ਦੇ ਸੱਦੇ ‘ਤੇ ਕੀਤੀ ਜਾ ਰਹੀ ਦੇਸ ਵਿਆਪੀ ਹੜਤਾਲ ਨੂੰ ਅੱਜ ਇਥੇ ਭਰਪੂਰ ਹੁੰਗਾਰਾ ਮਿਲਿਆ| ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਨੌਜਵਾਨ, ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਇਸ ’ਚ ਭਰਵੀਂ ਸ਼ਮੂਲੀਅਤ ਕੀਤੀ|
ਐੱਸਡੀਐੱਮ ਦਫ਼ਤਰ ਦੇ ਬਾਹਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਟੀਐੱਸਯੂ ਦੇ ਸੂਬਾਈ ਪ੍ਰਧਾਨ ਜਗਤਾਰ ਸਿੰਘ ਉਪਲ., ਆਰਐੱਮਪੀਆਈ ਦੇ ਮੁਖਤਾਰ ਸਿੰਘ ਮੱਲਾ, ਆਸ਼ਾ ਵਰਕਰ ਯੂਨੀਅਨ ਦੀ ਕਲਵੰਤ ਕੌਰ ਵੈਈ ਪੂੰਈ, ਐਂਪਲਾਈਜ਼ ਫੈਡਰੇਸ਼ਨ ਦੇ ਆਗੂ ਜਸਪਾਲ ਸਿੰਘ ਨਾਗੋਕੇ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਤਪਾਲ ਸਿੰਘ ਨੱਥੋਕੇ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਸਾਮਰਾਜੀ ਸੰਸਥਾਵਾਂ ਤੋਂ ਨਿਰਦੇਸ਼ਤ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ| ਮਜ਼ਦੂਰ ਪੱਖੀ ਕਨੂੰਨਾਂ ਨੂੰ ਸੋਧ ਕੇ ਕਰਪੋਰੇਟ ਪੱਖੀ ਬਣਾਇਆ ਗਿਆ ਹੈ|
ਮਜ਼ਦੂਰਾਂ, ਕਿਸਾਨਾਂ ਦੇ ਹਿੱਤਾਂ ਦੀ ਕੁਰਬਾਨੀ ਦੇ ਕੇ ਕਾਰਪੋਰੇਟਾਂ ਦੇ ਮੁਨਾਫਿਆਂ ਲਈ ਕੰਮ ਕੀਤਾ ਜਾ ਰਿਹਾ ਹੈ। ਮਜ਼ਦੂਰ ਦੀ ਦਿਹਾੜੀ ਅੱਠ ਘੰਟੇ ਤੋ ਬਾਰਾਂ ਘੰਟੇ ਕੀਤੀ ਗਈ ਹੈ| ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਨਾਲ ਸਰਕਾਰੀ ਨੌਕਰੀਆਂ ਦਾ ਭੋਗ ਪੈਣ ਕਾਰਨ ਬੇਰੁਜਗਾਰੀ ਲਗਾਤਾਰ ਵੱਧ ਰਹੀ ਹੈ|
ਕਾਰਪੋਰੇਟਾਂ ਦੀ ਇਜਾਰੇਦਾਰੀ ਕਾਰਨ ਛੋਟੇ ਕਾਰੋਬਾਰ ਅਤੇ ਦੁਕਾਨਾਂ ਬੰਦ ਹੋ ਰਹੀਆਂ ਹਨ| ਕਿਸਾਨਾਂ ਦੀਆਂ ਤਿੰਨ ਤਿੰਨ ਫਸਲਾਂ ਵਾਲੀਆਂ ਜ਼ਮੀਨਾਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਜ਼ਮੀਨਾਂ ਖੋਹਣ ਦੀ ਸਾਂਝੀ ਨੀਤੀ ਦੇਸ਼ ਦੀ ਅੰਨ ਸਰੱਖਿਆ ਲਈ ਵੀ ਗੰਭੀਰ ਖਤਰੇ ਪੈਦਾ ਕਰੇਗੀ।
ਬੁਲਾਰੇ ਆਗੂਆਂ ਨੇ ਮੰਗ ਕੀਤੀ ਮੋਦੀ ਸਰਕਾਰ ਲੋਕਾਂ ਨੂੰ ਵੰਡਣ ਵਾਲੀ ਫਿਰਕੂ ਪਹੁੰਚ ਤਿਆਗੇ ਅਤੇ ਕਾਰਪੋਰੇਟ ਘਰਾਣਿਆ ਅਤੇ ਬਹੁਕੌਮੀ ਕੰਪਨੀਆਂ ਦੇ ਹਿੱਤ ਪਾਲਣਾ ਬੰਦ ਕਰੇ| ਉਹਨਾਂ ਮੰਗ ਕੀਤੀ ਕੇ ਮਜ਼ਦੂਰ ਵਿਰੋਧੀ ਚਾਰੇ ਕੋਡ ਰੱਦ ਕਰਕੇ ਮਜ਼ਦੂਰ ਪੱਖੀ ਕਨੂੰਨ ਬਹਾਲ ਕੀਤੇ ਜਾਣ| ਸਰਕਾਰੀ ਅਦਾਰਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਲੱਖਾਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਤਰੰਤ ਭਰੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਸੱਠ ਸਾਲ ਤੋਂ ਉਪਰ ਹਰੇਕ ਲਈ ਗੁਜਾਰੇ ਯੋਗ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ| ਇਸ ਮੌਕੇ ਹੋਰਨਾਂ ਤੋ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਖੇਤ ਮਜ਼ਦੂਰ ਸਭਾ ਦੇ ਆਗੂ ਮੇਜਰ ਸਿੰਘ ਦਾਰਾਪੁਰ, ਆਸ਼ਾ ਵਰਕਰ ਯੂਨੀਅਨ ਦੇ ਆਗੂ ਬਲਜੀਤ ਕੌਰ ਖਡੂਰ ਸਾਹਿਬ, ਦਿਹਾਤੀ ਮਜ਼ਦੂਰ ਯੂਨੀਅਨ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਬਲਜੀਤ ਸਿੰਘ ਫਤਿਆਬਾਦ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਨਗਰ ਦੇ ਬਜ਼ਾਰਾਂ ਵਿੱਚ ਰੋਹ ਭਰਭੂਰ ਮਾਰਚ ਵੀ ਕੀਤਾ ਗਿਆ|