
ਬਟਾਲਾ: ਭਾਰਤ ਪੱਧਰ ਦੀ ਹੜਤਾਲ ਦੇ ਸਮੇਂ ਇਥੋਂ ਦੀਆਂ ਟਰੇਡ ਯੂਨੀਅਨਾਂ ਅਤੇ ਉਹਨਾਂ ਦੀ ਹਮਾਇਤ ਉੱਪਰ ਆਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿੱਚ ਰੈਲੀ ਕੀਤੀ ਗਈ ਅਤੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ।
ਰੈਲੀ ਨੂੰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਰਣਬੀਰ ਸਿੰਘ ਵਿਰਕ, ਗੁਲਜਾਰ ਸਿੰਘ ਭੁੰਬਲੀ, ਜਰਨੈਲ ਸਿੰਘ ਅਤੇ ਗੁਰਮੀਤ ਸਿੰਘ ਬੱਖਤਪੁਰਾ ਨੇ ਬੋਲਦਿਆਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਰੋੜਾਂ ਮਜ਼ਦੂਰਾਂ, ਮੁਲਾਜ਼ਮ ਅਤੇ ਹੋਰ ਮਿਹਨਤਕਸ਼ ਲੋਕਾਂ ਵਲੋ ਕੀਤੀ ਗਈ ਹੜਤਾਲ ਰਾਹੀਂ ਮੋਦੀ ਸਰਕਾਰ ਉਪਰ ਦੋਸ਼ ਲਾਏ ਜਾ ਰਹੇ ਹਨ ਕਿ ਪਿਛਲੇ 11 ਸਾਲਾਂ ਤੋਂ ਮੋਦੀ ਸਰਕਾਰ ਮਿਹਨਤਕਸ਼ ਜਮਾਤ ਅਤੇ ਦੇਸ਼ ਦੇ ਬਹੁਗਿਣਤੀ ਲੋਕਾਂ ਵਿਰੋਧੀ ਕੰਮ ਕਰ ਰਹੀ ਹੈ।ਦੇਸ਼ ਅੰਦਰ ਪੂਰੀ ਤਰਾਂ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਕਾਰਪੋਰੇਟੀ ਘਰਾਣਿਆ ਦੀ ਲੁੱਟ ਨੂੰ ਮਜ਼ਬੂਤ ਕੀਤਾ ਗਿਆ ਹੈ।ਜਿਸ ਕਾਰਨ ਦੇਸ਼ ਵਿਚ ਲੱਖਾ ਛੋਟੇ ਅਤੇ ਦਰਮਿਆਨੇ ਕਾਰਖਾਨੇ ਬੰਦ ਹੋ ਗਏ ਹਨ ਅਤੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਖੁਸ਼ ਗਏ ਹਨ। ਮੋਦੀ ਸਰਕਾਰ ਵਲੋਂ ਦੇਸ਼ ਤੇ ਮਜ਼ਦੂਰਾਂ ਨੂੰ ਕਨੂੰਨੀ ਤੌਰ ਤੇ ਨਿਹੱਥਾ ਕਰਨ ਲਈ ਲੰਬੀਆਂ ਕੁਰਬਾਨੀਆਂ ਤੋਂ ਬਾਅਦ ਮਜ਼ਦੂਰਾਂ ਵੱਲੋਂ ਹਾਸਿਲ ਕੀਤੇ ਗਏ ਕਿਰਤ ਕਾਨੂੰਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ।ਪੰਜਾਬ ਦੀ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਪੈੜ ਚਿੰਨਾ ‘ਤੇ ਚਲਦਿਆ ਜਿੱਥੇ ਮਜ਼ਦੂਰਾਂ ਨੂੰ ਸਨਤਕਾਰਾਂ ਦੇ ਰਹਿਮੋ ਕਰਮ ਤੇ ਨਿਰਭਰ ਬਣਾ ਰਹੀ ਹੈ ਉੱਥੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਨਵੀਆਂ ਕਲੋਨੀਆਂ ਬਣਾਉਣ ਦੀ ਆੜ ਹੇਠ ਖੋਹੀਆ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਦੇ ਆਮ ਲੋਕਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਬਰਬਾਦ ਕੀਤੀ ਜਾ ਰਹੀ ਹੈ।
ਬੁਲਾਰਿਆ ਮੰਗ ਕੀਤੀ ਕਿ ਮੋਦੀ ਸਰਕਾਰ ਸਮੁੱਚੇ ਕਿਰਤ ਕਾਨੂੰਨਾਂ ਦੀ ਬਹਾਲੀ ਕਰੇ, ਮਨਰੇਗਾ ਦਾ ਰੁਜ਼ਗਾਰ 200 ਦਿਨ ਅਤੇ ਮਨਰੇਗਾ ਦੀ ਦਿਹਾੜੀ 700 ਕੀਤੀ ਜਾਵੇ, ਹਰ ਮਜ਼ਦੂਰ ਪਰਿਵਾਰ ਦੇ ਬਾਲਕ ਮੈਂਬਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਦਹਾਕਿਆ ਤੋਂ ਕਚੇ ਚੱਲ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਰੁਜ਼ਗਾਰ ਨਾ ਦੇਣ ਦੀ ਹਾਲਤ ਵਿੱਚ ਉਸ ਪਰਿਵਾਰ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ, ਕਿਸਾਨਾਂ ਤੋਂ ਹਜ਼ਾਰਾਂ ਏਕੜ ਜ਼ਮੀਨ ਖੋਹਣ ਦਾ ਨੋਟੀਫਿਕੇਸ਼ਨ ਮਾਨ ਸਰਕਾਰ ਵਾਪਸ ਲਵੇ, ਆਗੂਆਂ ਪੰਜਾਬ ਦੀ ਅਮਨ ਕਨੂੰਨ ਦੀ ਹਾਲਤ ਨੂੰ ਇਤਿਹਾਸ ਦੀ ਸਭ ਤੋਂ ਬਦਤਰ ਦੱਸਦਿਆ ਕਿਹਾ ਕਿ ਮਾਨ ਸਰਕਾਰ ਹਰ ਫਰੰਟ ਉਪਰ ਨਾਕਾਮ ਸਾਬਿਤ ਹੋਈ ਹੈ।
ਇਸ ਸਮੇ ਦਲਬੀਰ ਭੋਲਾ, ਰਾਜਗੁਰਵਿਦਰ ਸਿੰਘ ਲਾਡੀ, ਲਖਵਿੰਦਰ ਸਿੰਘ ਮੰਜਿਆਵਾਲੀ, ਸੁਰਿਦਰ ਸਿੰਘ ਮੁਰੀਦਕੇ, ਕੂਲਦੀਪ ਸਿੰਘ ਦਾਦੂਜੋਧ, ਰਘਬੀਰ ਸਿੰਘ ਪਕੀਵਾਂ, ਜਗੀਰ ਸਿੰਘ ਕਿਲਾ ਲਾਲ ਸਿੰਘ, ਫੌਜੀ ਬਲਵਿੰਦਰ ਸਿੰਘ, ਬਲਦੇਵ ਸਿੰਘ ਖੈਹਿਰਾ, ਜਨਕ ਰਾਜ, ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ, ਸੋਮ ਸਿੰਘ, ਪੈਨਸ਼ਨਰ ਆਗੂ ਮਹੇਸ਼ ਲਾਲ ਅਤੇ ਰੋਡਵੇਜ ਆਗੂ ਗੁਰਦੀਪ ਸਿੰਘ ਘੋੜੇਵਾਹ ਆਦਿ ਆਗੂ ਸ਼ਾਮਲ ਸਨ।