Now Reading
ਮੌਸਮ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਕੀਤੀ ਮੰਗ

ਮੌਸਮ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਕੀਤੀ ਮੰਗ


ਅਜਨਾਲਾ: ਪੰਜਾਬ ਸਰਕਾਰ ਦੀ ਫ਼ਸਲਾਂ ਦੇ ਖ਼ਰਾਬੇ ਸਬੰਧੀ ਕੋਈ ਵੀ ਪਾਰਦਰਸ਼ੀ ਨੀਤੀ ਜਾਣਬੁੱਝ ਕੇ ਨਾ ਬਣਾਉਣ ਕਰਕੇ ਕਿਸਾਨਾਂ ਨੂੰ ਉਹਨਾਂ ਦੀ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਯੋਗ ਮੁਆਵਜ਼ਾ ਜਦੋਂ ਦੀ ਮਾਨ ਸਰਕਾਰ ਆਈ ਹੈ, ਲੋਕਾਂ ਨੂੰ ਨਹੀਂ ਮਿਲਿਆ। ਨਾਲਿਆਂ, ਨਖਾਸੂਵਾਂ, ਕਸੀਆਂ ਦੀ ਸਫ਼ਾਈ ਨਾ ਹੋਣ ਕਾਰਨ ਅਤੇ ਪੁਰਾਣੇ ਪਾਣੀ ਦੇ ਵਹਿਣ ਸੜਕਾਂ ਦੀ ਉਸਾਰੀ ਬੰਦ ਹੋਣ ਕਰਕੇ ਜ਼ਿਆਦਾ ਬਾਰਸ਼ਾਂ ਹੋਣ ਕਾਰਨ ਉਹਨਾਂ ਵਿੱਚ ਹੜ੍ਹ ਆ ਜਾਣ ਕਰਕੇ ਲੱਖਾਂ ਏਕੜ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਪੈ੍ਸ ਨੂੰ ਜਾਣਕਾਰੀ ਦਿੱਤੀ ਕਿ ਭਾਰੀ ਬਾਰਸ਼ਾਂ ਤੇ ਪਾਣੀ ਦੇ ਵਹਿਣ ਕਾਰਨ ਝੋਨੇ ਦੀ ਫ਼ਸਲ ਦਾ 33 ਫੀਸਦੀ ਤੋਂ ਲੈ ਕੇ 100 ਫ਼ੀਸਦੀ ਤੱਕ ਦਾ ਨੁਕਸਾਨ ਕਾਫੀ ਰਕਬੇ ਵਿੱਚ ਹੋ ਚੁੱਕਾ ਹੈ, ਜਿਸ ਕਾਰਨ ਕਿਸਾਨਾਂ ਵਿੱਚ ਹਾਹਾਕਾਰ ਮੱਚ ਗਈ ਹੈ।
ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੀ ਟੀਮ ਵਲੋਂ ਪਿੰਡਾਂ – ਖੇਤਾਂ ਵਿੱਚ ਜਾ ਕੇ ਮੌਕੇ ‘ਤੇ ਦੇਖਿਆ ਕਿ ਇਕੱਲੇ ਭਿੰਡੀ ਸੈਦਾਂ, ਝੁੰਜ਼ ਤੇ ਭਿੰਡੀ ਖੁਰਦ ਕਿਸਾਨਾਂ ਦਾ ਝੋਨਾ 4- 5 ਸੌ ਏਕੜ ਗੋਡੇ – ਗੋਡੇ ਪਾਣੀ ਵਿੱਚ ਡੁੱਬ ਕੇ ਮਾਰਿਆ ਗਿਆ ਹੈ। ਇਸ ਸਬੰਧੀ ਪੀੜਿਤ ਕਿਸਾਨਾਂ ਗੁਰਮੇਜ ਸਿੰਘ ਭਿੰਡੀ ਖੁਰਦ, ਬਘੇਲ ਸਿੰਘ ਪਿੰਡ ਝੁੰਜ, ਭਾਗ ਸਿੰਘ ਜਸਰਾਊਰ, ਜਸਬੀਰ ਸਿੰਘ ਭਿੰਡੀ ਸੈਦਾਂ, ਪ੍ਰੀਤਮ ਸਿੰਘ ਝੁੰਜ, ਸੁਰਜੀਤ ਸਿੰਘ ਭਿੰਡੀ ਸੈਦਾਂ ਆਦਿ ਨੇ ਆਪਣੀ ਦੁੱਖ ਭਰੀ ਵਿਥਿਆ ਸੁਣਾਈ। ਉਸ ਤੋਂ ਬਾਅਦ ਇਹ ਟੀਮ ਪਿੰਡਾਂ ਦਾ ਦੌਰਾ ਕਰਦੀ ਹੋਈ ਹਾਸ਼ਮਪੁਰੇ ਪਹੁੰਚੀ ਉਥੇ ਕਿਸਾਨਾਂ ਦੀ ਅਗਵਾਈ ਕਰ ਰਹੇ ਜਥੇਦਾਰ ਤਸਬੀਰ ਸਿੰਘ ਹਾਸਮਪੁਰ ਨੇ ਵੀ ਅਜਿਹੀ ਵਿੱਥਿਆ ਸੁਨਾਈ ਕਿ ਹਾਸ਼ਮਪੁਰੇ ਵਿਚ ਵੀ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਹੈ। ਡਾ.ਅਜਨਾਲਾ ਨੇ ਭਿੰਡੀ ਸੈਦਾਂ ਵਿਖੇ ਮੌਕੇ ‘ਤੇ ਐੱਸਡੀਐਮ ਸੰਜੀਵ ਕੁਮਾਰ ਨੂੰ ਟੈਲੀਫੋਨ ਕਰਕੇ ਅਜਿਹੇ ਖ਼ਰਾਬੇ ਬਾਰੇ ਦੱਸਿਆ। ਗੱਲਬਾਤ ਮਗਰੋਂ ਕਿਸਾਨ ਆਗੂ ਨੇ ਦੱਸਿਆ ਕਿ ਉਹ ਜਲਦੀ ਇੱਥੇ ਪਹੁੰਚ ਕੇ ਬਣਦੀ ਉੱਚਿਤ ਕਾਰਵਾਈ ਕਰਨਗੇ।
ਉਹਨਾਂ ਮਾਨ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਉਦੋਂ ਤੋਂ ਕਿਸਾਨਾਂ ਨੂੰ ਫਸਲ ਦੇ ਖ਼ਰਾਬੇ ਦਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਖੇਤੀ ਮਾਹਿਰ ਡਾ. ਸਤਨਾਮ ਸਿੰਘ ਅਜਨਾਲਾ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਤੇ ਮੱਕੀ ਦੇ ਫ਼ਸਲਾਂ ਦੇ 100 ਫੀਸਦੀ ਖ਼ਰਾਬੇ ਤੇ ਪ੍ਰਤੀ ਏਕੜ 60 ਹਜ਼ਾਰ ਰੁਪਏ, 60 ਫੀਸਦੀ ਦਾ 40 ਹਜ਼ਾਰ ਰੁਪਏ ਤੇ 30 ਫੀਸਦੀ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਡਾ. ਅਜਨਾਲਾ ਨੇ ਪੁਰਜ਼ੋਰ ਮੰਗ ਕੀਤੀ ਕਿ ਖ਼ਰਾਬੇ ਦੀ ਤੁਰੰਤ ਗਿਰਦਾਵਰੀ ਕਰਾ ਕੇ ਮੁਆਵਜ਼ਾ ਦਿੱਤ ਜਾਵੇ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਚਰਨ ਸਿੰਘ ਭਿੰਡੀ ਔਲਖ ਆਦਿ ਨੇ ਵੀ ਖ਼ਰਾਬੇ ਦੀ ਪੂਰੀ ਪੂਰੀ ਭਰਪਾਈ ਦੀ ਮੰਗ ਕੀਤੀ।

Scroll To Top