Author: admin

  • ‘ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ (ਸੰਗਰਾਮੀ ਲਹਿਰ ਜੁਲਾਈ 2026)

    ‘ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ (ਸੰਗਰਾਮੀ ਲਹਿਰ ਜੁਲਾਈ 2026)


    ਸਵਾਲ : ਕਮਿਊਨਿਸਟਾਂ ਦਾ ਧਰਮ ਪ੍ਰਤੀ ਕੀ ਰਵੱਈਆ ਹੈ?

    • ਪਰਮਿੰਦਰ ਸਿੰਘ ਪਟਿਆਲਾ
      ਜਵਾਬ : ਧਰਮ ਦੀ ਉਤਪਤੀ ਮਨੁੱਖ ਜਾਤੀ ਦੀ ਉਤਪਤੀ ਤੋਂ ਬਹੁਤ ਪਿੱਛੋਂ ਜਾ ਕੇ ਹੋਈ ਹੈ। ਮਨੁੱਖ ਜਦੋਂ ਆਪਣੀ ਹੋਂਦ ਬਚਾਉਣ ਲਈ ਕੁਦਰਤ ਨਾਲ ਜੂਝ ਰਿਹਾ ਸੀ, ਤਾਂ ਉਦੋਂ ਕਿਸੇ ਮਾਨਸਿਕ ਸਹਾਰੇ ਤੇ ਆਤਮਕ ਸੰਤੁਸ਼ਟੀ ਦੀ ਭਾਲ ਦੌਰਾਨ ਧਰਮ ਦੀ ਆਮਦ ਹੋਈ। ਧਰਮ ਨੇ ਦਰਪੇਸ਼ ਸਮੱਸਿਆਵਾਂ ਤੋਂ ਮਨੁੱਖ ਨੂੰ ਥੋੜ੍ਹੇ ਸਮੇਂ ਲਈ ਛੁਟਕਾਰਾ ਵੀ ਦਿੱਵਾਇਆ।
      ਬਦਲਦੇ ਸਮਾਜਿਕ ਹਾਲਾਤ ’ਚ ਜਿੱਥੇ ਸਮਾਜ ਨੇ ਵਿਕਾਸ ਦੀਆਂ ਮਹੱਤਵਪੂਰਨ ਪੁਲਾਂਘਾ ਪੁੱਟੀਆਂ, ਉਥੇ ਨਾਲ ਹੀ ਸਮਾਜ ਵਿਚਲੇ ਲੁਟੇਰੇ ਤੱਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ’ਚ ਢੇਰਾਂ ਵਾਧਾ ਵੀ ਕੀਤਾ ਹੈ। ਇਨ੍ਹਾਂ ਅਮਾਨਵੀ ਅਮਲਾਂ ’ਤੇ ਕਾਬੂ ਪਾਉਣ ਹਿੱਤ ਹੀ ਵੱਖੋ-ਵੱਖ ਸਮਿਆਂ ਤੇ ਨਵੇਂ ਧਰਮਾਂ ਨੇ ਜਨਮ ਲਿਆ ਸੀ।
      ਸ਼ੁਰੂਆਤੀ ਦੌਰ ’ਚ ਧਰਮ ਨੇ ਪੀੜਤ ਲੋਕਾਂ ਲਈ ਇਕ ‘ਸਹਾਰੇ’ ਦੀ ਭੂਮਿਕਾ ਅਦਾ ਕੀਤੀ। ਪ੍ਰੰਤੂ ਸਮਾਂ ਬੀਤਣ ਨਾਲ ਲੁਟੇਰੀਆਂ ਸ੍ਰੇਣੀਆਂ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਧਰਮ ਦੀ ਦੁਰਵਰਤੋਂ ਕਰਨੀ ਆਰੰਭ ਦਿੱਤੀ ਤੇ ਮਨੁੱਖ ਨੂੰ ਸਥਾਪਤ ਅਣਸੁਖਾਵੀਆਂ ਸਥਿਤੀਆਂ ਦੇ ਅਨੁਕੂਲ ਹੀ ਸਬਰ-ਸੰਤੋਖ ਨਾਲ ਗੁਜ਼ਾਰਾ ਕਰਨ ਦੀ ਸਿੱਖਿਆ ਦਿੱਤੀ।
      ਕਮਿਊਨਿਸਟ ਵਿਚਾਰਧਾਰਾ ਦਾ ਮੁੱਢ ਦੁਨੀਆਂ ਦੇ ਮਹਾਨ ਫਿਲਾਸਫਰ, ਜਰਮਨੀ ਦੇ ਜੰਮ-ਪਲ ਕਾਰਲ ਮਾਰਕਸ ਦੀਆਂ ਖੋਜਾਂ ਤੇ ਗੂੜ੍ਹੇ ਗਿਆਨ ਦੀ ਪ੍ਰਾਪਤੀ ਨਾਲ ਬੱਝਾ ਸੀ। ਕਮਿਊਨਿਸਟ ਵਿਚਾਰਧਾਰਾ ’ਤੇ ਰੌਸ਼ਨੀ ਪਾਉਂਦੀ ਪੁਸਤਕ ‘ਕਮਿਊਨਿਸਟ ਮੈਨੀਫੈਸਟੋ’ ਕਾਰਲ ਮਾਰਕਸ ਤੇ ਐਂਗਲਜ਼ ਨੇ 1848 ’ਚ ਪ੍ਰਕਾਸ਼ਤ ਕੀਤੀ ਸੀ। ਦੋਹਾਂ ਨੇ ਵੱਖੋ-ਵੱਖ ਸਮਿਆਂ ’ਤੇ ਧਰਮ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ।
      ਕਾਰਲ ਮਾਰਕਸ ਨੇ ਸੰਨ 1844 ’ਚ ਇਕ ਹੋਰ ਫਿਲਾਸਫਰ ਹੀਗਲ ਦੀ ‘ਸੱਜੇ ਪੱਖੀ ਫਿਲਾਸਫੀ’ ਨਾਮੀ ਕਿਤਾਬ ਦਾ ਮੁੱਖ ਬੰਦ ਲਿਖਦਿਆਂ ਦੱਸਿਆ ਸੀ ਕਿ ‘‘ਧਰਮ ਅਫੀਮ ਵਾਂਗ ਦਰਦ ਨਿਵਾਰਕ ਦਵਾ ਹੈ, ਉਹ ਨਿਹੱਕਾ ਦਰਦ ਜਿਹੜਾ ਉਸਨੂੰ ਲੁਟੇਰੇ ਨਿਜ਼ਾਮ ਨੇ ਦਿੱਤਾ ਹੈ।’’ ਧਰਮ ਨੂੰ ਬਹੁਤ ਹੀ ਗੁੰਝਲਦਾਰ ਵਿਸ਼ਾ ਦੱਸਦਿਆਂ ਮਾਰਕਸ ਅੱਗੇ ਲਿਖਦਾ ਹੈ, ‘‘ਧਰਮ ਦੱਬੇ-ਕੁਚਲੇ ਲੋਕਾਂ ਲਈ ਰਾਹਤ ਹੈ, ਬੇਦਰਦ ਦੁਨੀਆਂ ਅੰਦਰ ਉਸਦਾ ਦਿਲ ਅਤੇ ਆਤਮਹੀਣ ਸਥਿਤੀਆਂ ਅੰਦਰ ਉਸ ਦੀ ਆਤਮਾ ਹੈ।’’
      ਕਮਿਊਨਿਸਟ ਸਮਾਜਿਕ ਵਿਕਾਸ ’ਚ ਧਰਮ ਵੱਲੋਂ ਨਿਭਾਈ ਮਹੱਤਵਪੂਰਨ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਦੇ ਹਨ। ਧਰਮ, ਜਿਸਦੀ ਬੁਨਿਆਦ ਵਿਚਾਰਵਾਦੀ ਫਲਸਫ਼ੇ ’ਤੇ ਅਧਾਰਤ ਹੈ, ਮੂਲ ਰੂਪ ’ਚ ਮਨੁੱਖਤਾ ਦਾ ਨਿੱਜੀ ਮਸਲਾ ਹੈ। ਇਹ ਮਨੁੱਖ ਨੂੰ ਸੰਸਾਰਕ ਦੁੱਖਾਂ ਤੋਂ (ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ) ਛੁਟਕਾਰਾ ਦਿਵਾਉਂਦਾ ਹੈ।
      ਕਮਿਊਨਿਸਟ ਹਰ ਵਿਅਕਤੀ ਨੂੰ ਆਪੋ-ਆਪਣਾ ਧਰਮ ਮੰਨਣ ਤੇ ਧਾਰਮਿਕ ਰਸਮਾਂ ਨਿਭਾਉਣ ਦੀ ਪੂਰਨ ਆਜ਼ਾਦੀ ਦੇਣ ਦੇ ਹਮਾਇਤੀ ਹਨ। ਪ੍ਰੰਤੂ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਦੂਜੇ ਦੇ ਧਰਮ ਨੂੰ ਨੀਵਾਂ ਦਿਖਾਉਣ ਜਾਂ ਦੂਜੇ ਧਰਮਾਂ ਪ੍ਰਤੀ ਨਿਰਾਦਰ ਦੀ ਭਾਵਨਾ ਪ੍ਰਗਟਾਉਣ ਦੀ ਇਜ਼ਾਜ਼ਤ ਹਰਗਿਜ਼ ਨਹੀਂ ਦਿੱਤੀ ਜਾਣੀ ਚਾਹੀਦੀ। ਕਮਿਊਨਿਸਟ ਧਰਮ ਦੀ ਸਿਆਸੀ ਫਾਇਦੇ ਲਈ ਦੁਰਵਰਤੋਂ ਦੇ ਵੀ ਸਖ਼ਤ ਵਿਰੋਧੀ ਹਨ, ਕਿਉਂਕਿ ਰਾਜਨੀਤੀ ਧਰਮ ’ਤੇ ਨਹੀਂ, ਜਮਾਤਾਂ ’ਤੇ ਅਧਾਰਿਤ ਹੁੰਦੀ ਹੈ। ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਲਈ ਨਾਸਤਿਕ ਹੋਣ ਦੀ ਵੀ ਕੋਈ ਲਾਜ਼ਮੀ ਸ਼ਰਤ ਨਹੀਂ ਹੈ। ਕੋਈ ਵੀ ਆਸਤਿਕ ਸ਼ਖਸ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਸਕਦਾ ਹੈ। ਲੇਕਿਨ ਇਹ ਉਸਦੀ ਨਿਜੀ ਜ਼ਿੰਮੇਵਾਰੀ ਹੈ ਕਿ ਉਸਦੀ ਧਾਰਮਿਕ ਆਸਥਾ ਸਮਾਜਿਕ ਬਦਲਾਅ ਦੇ ਮਾਨਵੀ ਯੁੱਧ ਦੇ ਰਾਹ ਦੀ ਰੁਕਾਵਟ ਨਾ ਬਣੇ। ਸਥਾਪਤ ਲੁਟੇਰੇ ਢਾਂਚੇ ਨੂੰ ਤਬਦੀਲ ਕਰਕੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦੇ ਖਾਤਮੇ ਵਾਲਾ ਸਮਾਜ ਸਿਰਜਣ ਦੇ ਆਸ਼ੇ ਨਾਲ ਸੰਸਾਰ ਭਰ ’ਚ ਕੀਤੇ ਗਏ ਇਨਕਲਾਬ, ਬਿਨਾਂ ਸ਼ੱਕ ਮਾਰਕਸੀ-ਲੈਨਿਨੀ ਵਿਗਿਆਨਕ ਫਲਸਫੇ ਤੋਂ ਸੇਧ ਲੈ ਕੇ ਹੀ ਸਫਲ ਹੋਏ ਸਨ। ਪ੍ਰੰਤੂ ਵੱਖੋ-ਵੱਖ ਧਰਮਾਂ ਦੇ ਪੈਰੋਕਾਰਾਂ ਨੇ ਵੀ ਸਮਾਜਿਕ ਬਦਲਾਅ ਦੀ ਇਸ ਕਠਿਨ ਜਦੋਜਹਿਦ ’ਚ ਬੜੀ ਵੱਡੀ ਗਿਣਤੀ ’ਚ ਭਾਗ ਲਿਆ ਸੀ। ਅਸਾਡੇ ਦੇਸ਼ ਅਤੇ ਪੰਜਾਬ ’ਚ ਵੀ ਬਹੁਤ ਸਾਰੇ ਕਮਿਊਨਿਸਟ ਆਗੂ ਹਿੰਦੂ, ਮੁਸਲਿਮ, ਸਿੱਖ, ਇਸਾਈ ਜਾਂ ਕਿਸੇ ਵੀ ਹੋਰ ਧਰਮ ਦੇ ਅਨੁਆਈ ਰਹਿੰਦੇ ਹੋਏ ਅਤੀਤ ’ਚ ਵੀ ਜਮਾਤੀ ਘੋਲਾਂ ਅੰਦਰ ਮੋਢੇ ’ਤੇ ਲਾਲ ਝੰਡਾ ਲੈ ਕੇ ਇਨਕਲਾਬੀ ਤਬਦੀਲੀ ਲਈ ਜੂਝਦੇ ਰਹੇ ਹਨ ਤੇ ਅੱਜ ਵੀ ਜੂਝ ਰਹੇ ਹਨ। ਕਮਿਊਨਿਸਟ, ਅੰਧ ਵਿਸ਼ਵਾਸ਼ ਤੇ ਕਰਮਕਾਂਡ ਦੇ ਵਿਰੋਧੀ ਹਨ ਅਤੇ ਵਿਗਿਆਨਕ ਨਜ਼ਰੀਆ ਅਪਣਾਉਣ ਦਾ ਯਤਨ ਕਰਦੇ ਹਨ।
      ਅਜੋਕੇ ਭਾਰਤੀ ਸਮਾਜ ਵਿੱਚ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਕਰੋੜਾਂ ਕਿਰਤੀ-ਕਿਸਾਨ ਤੇ ਹੋਰ ਮਿਹਨਤਕਸ਼ ਲੋਕ ਰਹਿ ਰਹੇ ਹਨ ਜੋ ਲੁੱਟ-ਖਸੁੱਟ ਤੋਂ ਪੀੜਤ ਹਨ ਤੇ ਹਾਲਾਤ ਬਦਲਣ ਦੀ ਤਾਂਘ ਰੱਖਦੇ ਹਨ। ਇਨ੍ਹਾਂ ਲੋਕਾਂ ਨੂੰ ਇਨਕਲਾਬੀ ਲਹਿਰ ’ਚ ਸ਼ਾਮਿਲ ਕੀਤੇ ਤੋਂ ਬਿਨਾਂ ਇਨਕਲਾਬੀ ਜਨਤਕ ਲਹਿਰ ਦੀ ਮਜ਼ਬੂਤੀ ਅਤੇ ਅੱਗੋਂ ਸਮਾਜਿਕ ਬਦਲਾਅ ਦੇ ਲੋਕ ਯੁੱਧ ਦੀ ਕਾਮਯਾਬੀ ਬਾਰੇ ਸੋਚਿਆ ਤੱਕ ਵੀ ਨਹੀਂ ਜਾ ਸਕਦਾ।
      ਅੰਤਮ ਰੂਪ ’ਚ ਇਹੋ ਕਿਹਾ ਜਾ ਸਕਦਾ ਹੈ ਕਿ ਕਮਿਊਨਿਸਟ, ਵਿਗਿਆਨਕ ਵਿਚਾਰਧਾਰਾ (ਮਾਰਕਸਵਾਦ-ਲੈਨਿਨਵਾਦ) ਦੇ ਧਾਰਨੀ ਹੋਣ ਦੇ ਨਾਲ-ਨਾਲ ਆਪਣੇ ਦੇਸ਼, ਖਿੱਤੇ ਤੇ ਪ੍ਰਾਂਤ ਦੇ ਨਰੋਏ ਇਤਿਹਾਸ, ਹਾਂ ਪੱਖੀ ਰਸਮੋ-ਰਿਵਾਜ਼ ਤੇ ਪ੍ਰਚਲਤ ਧਰਮਾਂ ਦੇ ਮਾਨਵੀ ਸਰੋਕਾਰਾਂ ਤੋਂ ਅਲੱਗ-ਥਲੱਗ ਕਤਈ ਨਹੀਂ ਰਹਿ ਸਕਦੇ।
      ਉਹ, ਇਤਿਹਾਸ ਦੀਆਂ ਮਾਣ ਕਰਨ ਯੋਗ ਤੇ ਲੋਕਾਈ ਲਈ ਆਪਾ ਵਾਰਨ ਦੀਆਂ ਮਹਾਨ ਪ੍ਰੰਪਰਾਵਾਂ, ਜੋ ਵੱਖੋ-ਵੱਖ ਧਰਮਾਂ-ਵਿਸ਼ਵਾਸ਼ਾਂ ਤੇ ਵਿਚਾਰਾਂ ਨਾਲ ਜੁੜੀਆਂ ਹੋਈਆਂ ਹਨ, ਤੋਂ ਪ੍ਰੇਰਨਾ ਲੈਂਦੇ ਹੋਏ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਜਨਤਕ ਇਨਕਲਾਬੀ ਲਹਿਰ ਉਸਾਰਨ ਲਈ ਯਤਨਸ਼ੀਲ ਹਨ।
  • ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ਪੁਸਤਕ ’ਤੇ ਵਿਚਾਰ-ਚਰਚਾ 31 ਜੁਲਾਈ ਨੂੰ

    ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ਪੁਸਤਕ ’ਤੇ ਵਿਚਾਰ-ਚਰਚਾ 31 ਜੁਲਾਈ ਨੂੰ


    ਜਲੰਧਰ: ਗ਼ਦਰ ਲਹਿਰ ਅਤੇ ਆਜ਼ਾਦੀ ਦੀ ਅੱਖੋਂ ਪਰੋਖੇ ਕੀਤੀ ਗਈ ਇਨਕਲਾਬੀ ਲਹਿਰ ਦੇ ਚਮਕਦੇ ਸਿਤਾਰੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ (31 ਜੁਲਾਈ 1940) ਨੂੰ ਸਿਜਦਾ ਕਰਦੇ ਹੋਏ 31 ਜੁਲਾਈ ਦਿਨ ਸ਼ੁੱਕਰਵਾਰ ਬਾਅਦ ਦੁਪਹਿਰ ਠੀਕ 2:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਚਾਰ-ਚਰਚਾ ਸਮਾਗਮ ਕੀਤਾ ਜਾ ਰਿਹਾ ਹੈ।
    ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਜੁਲਾਈ ਨੂੰ ਹੋ ਰਹੇ ਇਸ ਸਮਾਗਮ ’ਚ ਉੱਘੇ ਵਿਦਵਾਨ, ਲੇਖਕ ਅਤੇ ਰੰਗ ਕਰਮੀ ਸ਼ਮਸੁਲ ਇਸਲਾਮ ਦੁਆਰਾ ਰਚਿਤ ਪੁਸਤਕ ‘ਭਾਰਤ-ਵੰਡ ਵਿਰੋਧੀ ਮੁਸਲਮਾਨ’ (ਦੇਸ਼-ਪ੍ਰੇਮੀ ਮੁਸਲਮਾਨਾਂ ਦੀ ਅਣਕਹੀ ਦਾਸਤਾਨ) ਉਪਰ ਗੰਭੀਰ ਵਿਚਾਰ-ਚਰਚਾ ਹੋਏਗੀ।
    ਇਸ ਵਿਚਾਰ-ਚਰਚਾ ਦੇ ਮੁੱਖ ਵਕਤਾ ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ ਹੋਣਗੇ ਅਤੇ ਉਹਨਾਂ ਤੋਂ ਇਲਾਵਾ ਹੋਰਨਾਂ ਬੁੱਧੀਜੀਵੀਆਂ, ਇਤਿਹਾਸਕਾਰਾਂ, ਲੇਖਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੋ ਆਪਣੇ ਅਨਮੋਲ ਵਿਚਾਰਾਂ ਨਾਲ ਇਸ ਵਿਚਾਰ-ਚਰਚਾ ਨੂੰ ਹੋਰ ਵੀ ਸਾਰਥਕ ਬਣਾਉਣਗੇ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

  • ਸੀ ਟੀ ਯੂ ਦੀ ਸੂਬਾ ਪੱਧਰੀ ਜਥੇਬੰਦਕ ਕਾਨਫ਼ਰੰਸ 11-12 ਜੁਲਾਈ ਨੂੰ

    ਸੀ ਟੀ ਯੂ ਦੀ ਸੂਬਾ ਪੱਧਰੀ ਜਥੇਬੰਦਕ ਕਾਨਫ਼ਰੰਸ 11-12 ਜੁਲਾਈ ਨੂੰ


    ਪਠਾਨਕੋਟ: ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦੀ ਛੇਵੀਂ ਸੂਬਾਈ ਕਾਨਫਰੰਸ 11-12 ਜੁਲਾਈ 2026 ਨੂੰ ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਸ਼ਾਹਪੁਰ ਕੰਡੀ ਵਿਖੇ ਹੋ ਰਹੀ ਹੈ। ਕਾਨਫਰੰਸ ਦੀ ਮੁਕੰਮਲ ਤਿਆਰੀ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਹਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੀ ਟੀ ਯੂ ਪੰਜਾਬ ਨਾਲ ਐਫੀਲੇਟਡ ਮਜ਼ਦੂਰ ਯੂਨੀਅਨਾਂ ਦੇ ਚੂਨੰਦਾ ਆਗੂ ਡੈਲੀਗੇਟ ਪਹੁੰਚਣਗੇ। ਕਾਨਫਰੰਸ ਦੇ ਪਹਿਲੇ ਦਿਨ 11 ਜੁਲਾਈ ਨੂੰ ਮੁੱਖ ਬੁਲਾਰੇ ਟਰੇਡ ਯੂਨੀਅਨ ਦੇ ਉਘੇ ਆਗੂ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ ਦੇ ਮੁੱਖ ਆਗੂ ਛੇਵੀਂ ਸੂਬਾਈ ਕਾਨਫਰੰਸ ਨੂੰ ਭਰਾਤਰੀ ਸੰਦੇਸ਼ ਦੇਣ ਲਈ ਉਚੇਚ ਨਾਲ ਪਹੁੰਚ ਰਹੇ ਹਨ।
    ਕਾਨਫਰੰਸ ਵਿੱਚ ਮਜ਼ਦੂਰਾਂ ਨਾਲ ਜੁੜੇ ਮੁੱਦਿਆਂ ਚਾਰ ਲੇਬਰ ਕੋਡ ਰੱਦ ਕਰਨ, ਮਿਨੀਮਮ ਵੇਜ ਵਿੱਚ ਸੋਧ ਕਰਨ, ਬਾਰਾ ਘੰਟੇ ਕੰਮ ਲੈਣ ਲਈ ਜਾਰੀ ਨੋਟੀਫਿਕੇਸ਼ਨ ਰੱਦ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਤੇ ਕੱਚੇ ਕਾਮੇ ਪੱਕੇ ਕਰਨ, ਆਸ਼ਾ ਵਰਕਰ ਮਿਡ-ਡੇ-ਮੀਲ ਆਂਗਣਵਾੜੀ ਵਰਕਰ ਚੌਕੀਦਾਰਾਂ ਸਮੇਤ ਹੋਰ ਸਾਰੇ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇਣਾ ਯਕੀਨੀ ਬਣਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਮੰਗਾਂ ਉੱਪਰ ਚਰਚਾ ਕਰਨ ਉਪਰੰਤ ਸਾਂਝੇ ਸੰਘਰਸ਼ ਵਿਡਣ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਉੱਥੇ ਡੈਲੀਗੇਟ ਅਜਲਾਸ ਦੌਰਾਨ ਸੱਤਾਧਾਰੀ ਰਾਜਸੀ ਪਾਰਟੀਆਂ ਵੱਲੋਂ ਆਮ ਲੋਕਾਂ ਨੂੰ ਦਰਪੇਸ਼ ਆਰਥਿਕ ਕਾਣੀ ਵੰਡ, ਸਮਾਜਿਕ ਨਾ ਬਰਾਬਰੀ, ਰਾਜਨੀਤਕ ਅਤੇ ਵਿਚਾਰਧਾਰਕ ਹੋ ਰਹੇ ਹਮਲਿਆਂ ਖ਼ਿਲਾਫ਼ ਵੀ ਮਿਲ ਬੈਠਕੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਬਣਦਾ ਵਿਰੋਧ ਕੀਤਾ ਜਾਵੇਗਾ।
    ਉਨ੍ਹਾਂ ਅੱਗੇ ਦੱਸਿਆ ਕਿ ਡੈਲੀਗੇਟ ਸਾਥੀਆਂ ਦੀ ਰਹਾਇਸ਼ ਤੇ ਖਾਣੇ ਦੀ ਵਿਵਸਥਾ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।

  • ਜਮਹੂਰੀ ਕਿਸਾਨ ਸਭਾ ਦੇ ਵਫ਼ਦ ਵਲੋਂ ਪਾਵਰਕੌਮ ਦੇ ਚੀਫ਼ ਇੰਜੀਨੀਅਰ ਨਾਲ ਕੀਤੀ ਮੁਲਾਕਾਤ

    ਜਮਹੂਰੀ ਕਿਸਾਨ ਸਭਾ ਦੇ ਵਫ਼ਦ ਵਲੋਂ ਪਾਵਰਕੌਮ ਦੇ ਚੀਫ਼ ਇੰਜੀਨੀਅਰ ਨਾਲ ਕੀਤੀ ਮੁਲਾਕਾਤ

    ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਵਫ਼ਦ ਵਲੋਂ ਪਾਵਰਕੌਮ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨਾਲ ਉਹਨਾਂ ਦੇ ਦਫ਼ਤਰ ਵਿੱਚ ਸੁਰਜੀਤ ਸਿੰਘ ਸੀਲੋ ਅਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਅਗਵਾਈ ਵਿੱਚ ਮੁਲਾਕਾਤ ਕਰਕੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਸੰਬੰਧੀ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਦੀ ਮੰਗ ਨੂੰ ਲੈ ਕੇ ਮਿਲਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਇਲਾਕਾ ਕਮੇਟੀ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟ੍ਰਾਸਫਾਰਮਰ ਓਵਰਲੋਡ ਹੋਣ ਕਾਰਨ ਦੂਰ ਵਾਲੀਆਂ ਮੋਟਰਾਂ ‘ਤੇ ਪੂਰੀ ਲਾਈਟ ਨਹੀਂ ਪਹੁੰਚਦੀ, ਜਿਸ ਕਾਰਨ ਮੋਟਰਾਂ ਸੜ੍ਹ ਜਾਂਦੀਆਂ ਹਨ। ਜਿਸ ਕਾਰਨ ਕਿਸਾਨਾਂ ਦਾ ਸਮਾਂ ‘ਤੇ ਪੈਸਾ ਖ਼ਰਾਬ ਹੁੰਦਾ ਹੈ। ਉਹਨਾਂ ਕਿਹਾ ਕਿ ਜਿਹੜੇ ਟ੍ਰਾਸਫਾਰਮਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਦੇ ਪਾਸ ਹੋਏ ਹਨ, ਉਹਨਾਂ ਨੂੰ ਜਲਦੀ ਨਾਲ ਕਿਸਾਨਾਂ ਦੀਆਂ ਮੋਟਰਾਂ ‘ਤੇ ਲਗਾਇਆ ਜਾਵੇ। ਬਾਕੀ ਟਰਾਂਸਫਾਰਮਰਾਂ ਨੂੰ ਅੰਡਰ ਲੋਡ ਕੀਤਾ ਜਾਵੇ। ਪਿਛਲੇ ਦਿਨੀਂ ਕਈ ਇਲਾਕਿਆਂ ਵਿੱਚ ਆਈ ਤੇਜ਼ ਹਵਾ ਕਾਰਨ ਟੁੱਟੇ ਖੰਬਿਆਂ ਤੇ ਤਾਰਾਂ ਦੀ ਰੀਪੇਅਰ ਕਰਕੇ ਬਿਜਲੀ ਦੀ ਸਪਲਾਈ ਚਾਲੂ ਕੀਤੀ ਜਾਵੇ। ਜਿੱਥੇ ਕਿਤੇ ਘਰੇਲੂ ਸਪਲਾਈ ਬੰਦ ਹੈ ਉਸ ਨੂੰ ਵੀ ਚਾਲੂ ਕੀਤਾ ਜਾਵੇ। ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫ਼ਤਰ ਸਕੱਤਰ ਨਛੱਤਰ ਸਿੰਘ, ਤਰਲੋਚਨ ਸਿੰਘ ਘੁੰਗਰਾਣਾ, ਉਦਯੋਗਪਤੀ ਜਸਵੰਤ ਸਿੰਘ ਵੀ ਹਾਜ਼ਰ ਸਨ।

  • 20-21 ਸਤੰਬਰ ਨੂੰ ਜਲੰਧਰ ਵਿੱਚ ਦੇਸ਼ ਪੱਧਰੀ ਕਾਨਫਰੰਸ ਕਰਕੇ ਏਕਤਾ ਦਾ ਅਮਲ ਹੋਵੇਗਾ ਮੁਕੰਮਲ

    20-21 ਸਤੰਬਰ ਨੂੰ ਜਲੰਧਰ ਵਿੱਚ ਦੇਸ਼ ਪੱਧਰੀ ਕਾਨਫਰੰਸ ਕਰਕੇ ਏਕਤਾ ਦਾ ਅਮਲ ਹੋਵੇਗਾ ਮੁਕੰਮਲ

    ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਸਰਵਨ ਸਿੰਘ ਚੀਮਾ ਭਵਨ ਗੜ੍ਹਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਇਕ ਹੋਰ ਕਿਸਾਨ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਨਾਲ ਚੱਲ ਰਹੇ ਏਕਤਾ ਦੇ ਅਮਲ ਸਬੰਧੀ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਸੂਬਾ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਜਿਸ ਨਾਲ ਹੁਣ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਆਪਣੇ ਏਕਤਾ ਦੇ ਅਮਲ ਨੂੰ ਨੇਪਰੇ ਚੜਾਉਣ ਲਈ ਰਾਹ ਪੱਧਰਾ ਹੋ ਗਿਆ। ਡਾ. ਅਜਨਾਲਾ ਨੇ ਅੱਗੇ ਆਖਿਆ ਕਿ ਦੋਨੋਂ ਜਥੇਬੰਦੀਆਂ ਸਾਂਝੇ ਤੌਰ ‘ਤੇ 20-21 ਸਤੰਬਰ ਨੂੰ ਜਲੰਧਰ ਵਿੱਚ ਦੇਸ਼ ਪੱਧਰੀ ਕਾਨਫਰੰਸ ਕਰਕੇ ਇਸ ਏਕਤਾ ਦੇ ਅਮਲ ਨੂੰ ਮੁਕੰਮਲ ਕੀਤਾ ਜਾਏਗੀ। ਉਹਨਾ ਆਖਿਆ ਕਿ 20 ਸਤੰਬਰ ਨੂੰ ਕਿਸਾਨਾਂ ਦੀ ਵੱਡੀ ਰੈਲੀ ਕਰਕੇ ਕਾਨਫਰੰਸ ਦਾ ਅਗਾਜ਼ ਕੀਤੀ ਜਾਵੇਗਾ। ਜਿਸ ਵਿੱਚ ਸੱਤ ਸੌ ਤੋਂ ਜ਼ਿਆਦਾ ਡੈਲੀਗੇਟ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਡਿਊਟੀਆਂ ਦੀ ਵੰਡ ਕਰਕੇ ਕਮੇਟੀਆਂ ਦਾ ਗਠਨ ਆਉਣ ਵਾਲੇ ਕੁੱਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 22 ਜੁਲਾਈ ਨੂੰ ਸੂਬੇ ਦੇ ਸਾਰੇ ਟੌਲ਼ ਪਲਾਜੇ ਫ੍ਰੀ ਕੀਤੇ ਜਾਣਗੇ ਅਤੇ ਭਾਜਪਾ ਆਗੂਆਂ ਅਤੇ ਉਹਨਾਂ ਦੇ ਦਫ਼ਤਰਾਂ ਅੱਗੇ ਧਰਨੇ ਮਾਰ ਕੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦਾ ਡਟਵਾ ਵਿਰੋਧ ਕੀਤਾ ਜਾਵੇਗਾ। ਉਹਨਾਂ ਆਖਿਆ ਕਿ 10 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਐਕਸ਼ਨ ਕਰਕੇ ਲਟੇਰੇ ਕਾਰਪੋਰੇਟੋ ਭਾਰਤ ਛੱਡੋ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਮੀਟਿੰਗ ਵਿੱਚ ਕੀਤੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਤੈਅ ਕਰ ਲਈਆਂ ਹਨ। ਇਹਨਾਂ ਮੀਟਿੰਗਾਂ ਵਿੱਚ ਤੈਅ ਕੀਤੇ ਪ੍ਰੋਗਰਾਮਾਂ ਨੂੰ ਸਫ਼ਲ ਕਰਨ ਲਈ ਵਿਉਤਬੰਦੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਵੀਰ ਸਿੰਘ ਬੈਨੀਪਾਲ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਮਲਕੀਤ ਸਿੰਘ ਨਿਆਲ, ਦਰਸ਼ਨ ਸਿੰਘ ਬੇਲੂ ਮਾਜਰਾ, ਮੁਖਤਿਆਰ ਸਿੰਘ ਮੱਲਾ, ਪ੍ਰਗਟ ਸਿੰਘ ਜਾਮਾਰਾਏ, ਮੇਜਰ ਸਿੰਘ ਖੁਰਲਾਪੁਰ, ਮੋਹਨ ਸਿੰਘ ਧਮਾਣਾ, ਸਵਰਨ ਸਿੰਘ ਮੁਕੇਰੀਆਂ, ਹਰਜੀਤ ਸਿੰਘ ਕਾਹਲੋਂ, ਧਰਮਪਾਲ ਸਿੰਘ ਸੈਣੀ, ਮਨੋਹਰ ਸਿੰਘ ਗਿੱਲ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਮਜੀਠਾ, ਸੰਤੋਖ ਸਿੰਘ ਬਿਲਗਾ, ਕੁਲਦੀਪ ਸਿੰਘ ਫਿਲੌਰ, ਊਧਮ ਸਿੰਘ ਸੰਤੋਖਪੁਰਾ, ਮਹਿੰਦਰ ਸਿੰਘ ਮੋਹਾਲੀ ਆਦਿ ਹਾਜ਼ਰ ਸਨ।

  • ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਵਿਰੁੱਧ ਜਲੰਧਰ ਵਿਖੇ ਹੋਵੇਗੀ ਸੂਬਾਈ ਰੈਲੀ

    ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਵਿਰੁੱਧ ਜਲੰਧਰ ਵਿਖੇ ਹੋਵੇਗੀ ਸੂਬਾਈ ਰੈਲੀ


    ਜਲੰਧਰ: ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੋਈ।
    ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦੇਸ਼ ਦੀ ਮੌਜੂਦਾ ਰਾਜਨੀਤਿਕ ਅਵਸਥਾ ‘ਤੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਦੀ ਸਰਕਾਰ ਨੇ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਕੇ ਪਬਲਿਕ ਸੈਕਟਰ ਤਬਾਹ ਕਰ ਦਿੱਤਾ ਹੈ। ਮਹਿੰਗਾਈ ਨੇ ਗਰੀਬਾਂ ਅਤੇ ਆਮ ਲੋਕਾਂ ਦਾ ਜਿਊਂਣਾ ਦੁਭਰ ਕਰ ਦਿੱਤਾ ਹੈ। ਰਹਿੰਦੀ ਕਸਰ ਪਟਰੋਲ ਡੀਜਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਪੂਰੀ ਕਰ ਦਿੱਤੀ ਹੈ। ਬੇਰੁਜ਼ਗਾਰੀ ਸਭ ਹੱਦਾਂ ਬੰਨੇ ਪਾਰ ਕਰ ਗਈ ਹੈ। ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਬਣਾ ਕੇ ਮਜ਼ਦੂਰਾਂ ਦੇ ਬਲਦੇ ਚੁੱਲੇ ਠੰਡੇ ਪਾ ਦਿੱਤੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਤੋਂ ਲੈਕੇ ਮਜ਼ਦੂਰ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਹਨ, ਪਰ ਲਾਰਿਆਂ ਅਤੇ ਫੋਕੇ ਵਾਅਦਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਿਆ, ਉਨ੍ਹਾਂ ਕਿਹਾ ਪੰਜ ਵਾਰ ਮੁੱਖ ਮੰਤਰੀ ਪੰਜਾਬ, ਮੀਟਿੰਗ ਦਾ ਸੱਦਾ ਦੇ ਕੇ ਮੁਕਰ ਜਾਂਦੇ ਰਹੇ ਅਤੇ ਕੈਬਨਿਟ ਸਬ ਕਮੇਟੀ ਵਲੋਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ, ਜਿਸ ਦਾ ਮਜ਼ਦੂਰਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ।
    ਮੀਟਿੰਗ ਦੇ ਫੈਸਲੇ ਦੇ ਜਾਰੀ ਕਰਦਿਆਂ ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ, ਪ੍ਰੈਸ ਸਕੱਤਰ ਬਲਦੇਵ ਨੂਰਪੁਰੀ ਨੇ ਦੱਸਿਆ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬੇਜ਼ਮੀਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਣਗੌਲਿਆ ਕਰਨ ਵਿਰੁੱਧ 5 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਕੇ, ਮੁੱਖ ਮੰਤਰੀ ਦੀ ਜਲੰਧਰ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।ਮਜ਼ਦੂਰਾਂ ਲਈ ਸਾਲ ਭਰ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਨਵੇਂ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਕੇ ਬਾਲਗ ਜੀਆਂ ਨੂੰ ਪ੍ਰਤੀ ਦਿਨ 700 ਰੁਪਏ ਦਿਹਾੜੀ ਦੇਣ, ਵਿਧਵਾ ਬੁਢਾਪਾ ਅੰਗਹੀਣ ਪੈਨਸ਼ਨ 5000 ਮਹੀਨਾ ਕਰਨ, ਔਰਤਾਂ ਦੇ ਖਾਤੇ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦਾ ਬਕਾਇਆ ਪਾਉਣ , ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਅਤੇ ਮਕਾਨ ਉਸਾਰੀ ਲਈ ਗਰਾਂਟ ਦੇਣ, ਜਨਤਕ ਵੰਡ ਪ੍ਰਣਾਲੀ ਰਾਹੀਂ ਸਰਕਾਰੀ ਡਿਪੂਆਂ ਤੋਂ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਸਸਤੇ ਭਾਅ ਤੇ ਮੁੱਹਈਆਂ ਕਰਵਾਉਣ ਅਤੇ ਲੋੜਵੰਦਾਂ ਦੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ, ਪੰਚਾਇਤੀ ਜ਼ਮੀਨਾਂ ‘ਚੋਂ ਰਾਖਵੇਂ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣ‌ ਅਤੇ ਜ਼ਮੀਨ ਹੱਦ ਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ‘ਚ ਵੰਡਣ, ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਮਾਫ਼ ਕਰਨ ਅਤੇ ਕਿਰਤ ਕਾਨੂੰਨਾਂ ਨੂੰ ਮੁੜ ਬਹਾਲ ਕਰਨ, ਸੰਘਰਸ਼ਾਂ ਦੌਰਾਨ ਲੜਦੇ ਲੋਕਾਂ ਤੇ ਬਣਾਏ ਸਾਰੇ ਕੇਸ ਖਤਮ ਕੀਤੇ ਜਾਣ।
    ਰੈਲੀ ਦੀ ਤਿਆਰੀ ਲਈ ਜ਼ਿਲ੍ਹਿਆਂ ਅੰਦਰ ਮੀਟਿੰਗਾਂ ਕਰਕੇ 20 ਜੁਲਾਈ ਤੋਂ 3 ਅਗਸਤ ਤੱਕ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 5 ਅਗਸਤ ਨੂੰ ਪੰਜਾਬ ਭਰ ‘ਚੋਂ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰੈਲੀ ਅਤੇ ਮੁਜ਼ਾਹਰੇ ਵਿੱਚ ਸ਼ਾਮਲ ਹੋਣਗੇ। ਮੀਟਿੰਗ ਦੌਰਾਨ ਮੋਦੀ ਸਰਕਾਰ ਵਲੋਂ ਭਗਵੇਂ ਕਰਨ ਤਹਿਤ ਐੱਨਸੀਈਆਰਟੀ ਦੇ ਸਿਲੇਬਸ ‘ਚ ਰੂਸੀ ਅਤੇ ਫਰਾਂਸੀਸੀ ਕ੍ਰਾਂਤੀ ਦੇ ਅਧਿਆਏ ਹਟਾ ਕੇ ਮਨੁ ਸਿਮ੍ਰਿਤਿ ਨੂੰ ਸ਼ਾਮਲ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ।

  • ਐੱਸਕੇਐੱਮ ਵੱਲੋਂ 22 ਜੁਲਾਈ ਨੂੰ “ਐੱਫ ਟੀ ਏ ਵਿਰੁੱਧ ਕਿਸਾਨ ਸਹੁੰ ਦਿਵਸ” ਵਜੋਂ – ਟਰੰਪ ਅਤੇ ਮੋਦੀ ਦੇ ਪੁਤਲੇ ਸਾੜਨ ਦਾ ਐਲਾਨ

    ਐੱਸਕੇਐੱਮ ਵੱਲੋਂ 22 ਜੁਲਾਈ ਨੂੰ “ਐੱਫ ਟੀ ਏ ਵਿਰੁੱਧ ਕਿਸਾਨ ਸਹੁੰ ਦਿਵਸ” ਵਜੋਂ – ਟਰੰਪ ਅਤੇ ਮੋਦੀ ਦੇ ਪੁਤਲੇ ਸਾੜਨ ਦਾ ਐਲਾਨ

    ਨਵੀਂ ਦਿੱਲੀ: ਕੇਂਦਰ ਸਰਕਾਰ 24 ਜੁਲਾਈ ਤੋਂ ਪਹਿਲਾਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕਰਨ ਲਈ ਦ੍ਰਿੜ ਜਾਪਦੀ ਹੈ, ਐੱਸਕੇਐੱਮ ਨੇ ਭਾਰਤ ਭਰ ਦੇ ਕਿਸਾਨਾਂ ਨੂੰ 22 ਜੁਲਾਈ ਨੂੰ “ਐੱਫ ਟੀ ਏ ਵਿਰੁੱਧ ਕਿਸਾਨ ਸਹੁੰ ਦਿਵਸ” ਵਜੋਂ ਮਨਾਉਣ ਅਤੇ ਦੇਸ਼ ਭਰ ਵਿੱਚ ਪ੍ਰਤੱਖ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਕਿਸਾਨ ਪਿੰਡਾਂ ਵਿੱਚ ਇੱਕ ਪ੍ਰਣ ਲੈਣਗੇ ਕਿ ਜੇਕਰ ਮੋਦੀ ਸਰਕਾਰ ਭਾਰਤ-ਅਮਰੀਕਾ ਐੱਫ ਟੀ ਏ ‘ਤੇ ਦਸਤਖਤ ਕਰਦੀ ਹੈ, ਤਾਂ ਕਿਸਾਨ 2020-21 ਦੇ ਇਤਿਹਾਸਕ ਕਿਸਾਨ ਸੰਘਰਸ਼ ਵਾਂਗ, ਸਾਰੇ ਐੱਫ ਟੀ ਏ ਰੱਦ ਹੋਣ ਤੱਕ ਵਿਸ਼ਾਲ, ਇਕਸਾਰ ਪੈਨ-ਇੰਡੀਆ ਸੰਘਰਸ਼ ਸ਼ੁਰੂ ਕਰਨਗੇ।

    ਉਸ ਦਿਨ ਵਿਰੋਧ ਪ੍ਰਦਰਸ਼ਨ ਦੇ ਵੱਖ-ਵੱਖ ਰੂਪਾਂ ਨੂੰ ਚਲਾਉਣ ਲਈ ਇੱਕ ਆਲ-ਇੰਡੀਆ ਮੁਹਿੰਮ ਚਲਾਈ ਜਾਵੇਗੀ। ਹਰੇਕ ਪਿੰਡ ਦੇ ਕਿਸਾਨਾਂ ਦੁਆਰਾ ਦਸਤਖਤ ਕੀਤੇ ਇੱਕ ਪੱਤਰ, ਭਾਰਤ ਦੇ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਜਿਸ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ-ਅਮਰੀਕਾ ਐੱਫ ਟੀ ਏ ‘ਤੇ ਦਸਤਖਤ ਨਾ ਕਰਨ ਦੀ ਹਦਾਇਤ ਕਰਨ ਦੀ ਅਪੀਲ ਕੀਤੀ ਜਾਵੇਗੀ, ਜੋ ਛੋਟੇ ਉਤਪਾਦਕਾਂ ਨੂੰ ਬਰਬਾਦ ਕਰ ਦੇਵੇਗਾ ਅਤੇ ਘਰੇਲੂ ਬਾਜ਼ਾਰ ਨੂੰ ਵਿਸ਼ਵਵਿਆਪੀ ਕਾਰਪੋਰੇਟ ਦਿੱਗਜਾਂ ਦੁਆਰਾ ਲੁੱਟਣ ਲਈ ਖੋਲ੍ਹ ਦੇਵੇਗਾ। ਭਾਜਪਾ-ਐਨਡੀਏ ਸੰਸਦ ਮੈਂਬਰਾਂ ਦੇ ਦਫਤਰਾਂ ਦੇ ਸਾਹਮਣੇ ਵਿਸ਼ਾਲ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਸਬ-ਡਿਵੀਜ਼ਨ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਅਤੇ 3 ਘੰਟੇ ਦਾ ਸਮੂਹਿਕ ਧਰਨਾ ਦੇਣਗੇ। ਜ਼ਿਲ੍ਹਾ ਕੇਂਦਰਾਂ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਟੋਲ ਪਲਾਜ਼ਾ ਸੰਘਰਸ਼ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਾ ਰਹੇਗਾ। ਵਿਰੋਧ ਕਾਰਵਾਈਆਂ ਦਾ ਰੂਪ ਅਤੇ ਸਥਾਨ ਸਬੰਧਤ ਰਾਜ ਤਾਲਮੇਲ ਕਮੇਟੀਆਂ ਅਤੇ ਮੈਂਬਰ ਸੰਗਠਨਾਂ ਦੁਆਰਾ ਤੈਅ ਕੀਤਾ ਜਾਵੇਗਾ।  

    ਐੱਸਕੇਐੱਮ ਸੱਤਾਧਾਰੀ ਭਾਜਪਾ-ਆਰਐੱਸਐੱਸ ਗੱਠਜੋੜ ਦੀ ਲੀਡਰਸ਼ਿਪ ਨੂੰ ਸਖ਼ਤ ਚੇਤਾਵਨੀ ਦਿੰਦਾ ਹੈ ਕਿ ਉਹ ਵਿਸ਼ਵਵਿਆਪੀ ਕਾਰਪੋਰੇਟ ਘਰਾਣਿਆਂ ਅਤੇ ਅਮਰੀਕੀ ਸਾਮਰਾਜਵਾਦ ਦੇ ਹੁਕਮਾਂ ਅੱਗੇ ਸਮਰਪਣ ਕਰਨ ਤੋਂ ਗੁਰੇਜ਼ ਕਰਨ, ਜੋ ਭਾਰਤ ਦੇ ਲੋਕਾਂ ਦੀ ਸਵੈ-ਨਿਰਭਰਤਾ ਅਤੇ ਪ੍ਰਭੂਸੱਤਾ ਨੂੰ ਤਬਾਹ ਕਰ ਦੇਵੇਗਾ।

    ਐੱਸਕੇਐੱਮ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਐੱਫ ਟੀ ਏ ਦਾ ਸਖ਼ਤ ਵਿਰੋਧ ਕਰਨ ਅਤੇ ਕੇਂਦਰ ਸਰਕਾਰ ਤੋਂ ਚੱਲ ਰਹੇ ਗੰਭੀਰ ਖੇਤੀਬਾੜੀ ਸੰਕਟ, ਬੇਲਗਾਮ ਕਿਸਾਨ ਅਤੇ ਰੋਜ਼ਾਨਾ ਮਜ਼ਦੂਰ ਖੁਦਕੁਸ਼ੀਆਂ ਨੂੰ ਖਤਮ ਕਰਨ ਅਤੇ ਸਾਰੀਆਂ ਫਸਲਾਂ ਦੀ ਖਰੀਦ ਅਤੇ ਵਿਆਪਕ ਕਰਜ਼ਾ ਮੁਆਫੀ ਦੇ ਨਾਲ ਐੱਮ ਐੱਸ ਪੀ @ ਸੀ2+50% ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰਨ ਦੀ ਅਪੀਲ ਕਰਦਾ ਹੈ।

  • ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਡੀਐੱਮਸੀ ਲੁਧਿਆਣਾ ਦਾਖਲ ਕਰਵਾਇਆ

    ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਡੀਐੱਮਸੀ ਲੁਧਿਆਣਾ ਦਾਖਲ ਕਰਵਾਇਆ


    ਲੁਧਿਆਣਾ : ​ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੌਮੀ ਪ੍ਰਧਾਨ, ‘ਖੁੰਡੇ ਵਾਲੇ ਬਾਬੇ’ ਵਜੋਂ ਮਸ਼ਹੂਰ ਰੁਲਦੂ ਸਿੰਘ ਮਾਨਸਾ ਦੀ ਸਿਹਤ‌ ਵਿਗੜਨ ਕਾਰਨ ਉਨ੍ਹਾਂ ਨੂੰ ਮਾਨਸਾ ਤੋਂ ਇਥੋਂ ਦੇ ਡੀਐੱਮਸੀ ਹਸਪਤਾਲ ਦਾਖਲ ਕਰਾਉਣਾ ਪਿਆ।
    ​ਉਨ੍ਹਾ ਨੂੰ ਨਮੂਨੀਆ ਵਿਗੜਨ ਅਤੇ ਛਾਤੀ ਦੀ ਇਨਫੈਕਸ਼ਨ ਕਾਰਨ ਗੰਭੀਰ ਹਾਲਤ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਪ੍ਰਸ਼ਾਸਨ ਅਨੁਸਾਰ, ਉਨ੍ਹਾਂ ਨੂੰ ਅਜੇ ਲਗਭਗ ਇੱਕ ਹਫ਼ਤਾ ਹੋਰ ਹਸਪਤਾਲ ਵਿੱਚ ਇਲਾਜ ਅਧੀਨ ਰਹਿਣਾ ਪਵੇਗਾ ਅਤੇ ਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਨੂੰ ਜਨਤਕ ਜੀਵਨ ਤੋਂ ਤਕਰੀਬਨ 10 ਦਿਨਾਂ ਲਈ ਦੂਰੀ ਬਣਾ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਹ ਹਸਪਤਾਲ ਵਿੱਚ ਪੂਰੀ ਚੜ੍ਹਦੀ ਕਲਾ ਵਿੱਚ ਹਨ ਅਤੇ ਜਲਦੀ ਹੀ ਆਪਣੇ ਲੋਕਾਂ ਵਿੱਚ ਮੁੜ ਸਰਗਰਮ ਹੋ ਜਾਣਗੇ।
    ​ਅੱਜ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ‘ਤੇ ਪਹੁੰਚੇ।

  • ਪਿੰਡ ਰੱਖਿਆ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਸ਼ਿਆਂ ਖ਼ਿਲਾਫ਼ ਸਕੂਲੀ ਬੱਚਿਆਂ ਦੀ ਰੈਲੀ ਕੱਢੀ

    ਪਿੰਡ ਰੱਖਿਆ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਸ਼ਿਆਂ ਖ਼ਿਲਾਫ਼ ਸਕੂਲੀ ਬੱਚਿਆਂ ਦੀ ਰੈਲੀ ਕੱਢੀ

    ਮਲਸੀਆਂ: ਪਿੰਡ ਲਕਸੀਆ ਦੇ ਸਰਪੰਚ ਕਾਮਰੇਡ ਨਿਰਮਲ ਸਹੋਤਾ ਦੀ ਪ੍ਰੇਰਨਾ ਸਦਕਾ ਪਿੰਡ ਰੱਖਿਆ ਕਮੇਟੀ ਲਕਸੀਆ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿ ਸ਼ਾਹਕੋਟ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਪ੍ਰਧਾਨ ਪ੍ਰਿੰਸ ਸਹੋਤਾ, ਰਵੀ ਕੁਮਾਰ, ਗੁਰਪ੍ਰੀਤ ਸਿੰਘ ਅਕਾਲਪਰ ਨੇ ਕੀਤੀ। ਰੈਲੀ ਦੀ ਆਰੰਭਤਾ ਸ੍ਰੀ ਗੁਰੂ ਵਾਲਮੀਕਿ ਧਰਮਸ਼ਾਲਾ ਤੋਂ ਗ੍ਰਾਮ ਪੰਚਇਤ ਲਕਸੀਆ ਵਲੋਂ ਹਰੀ ਝੰਡੀ ਦੇ ਕੇ ਕੀਤੀ ਗਈ।
    ਇਸ ਮੌਕੇ ਕਸਬਾ ਮਲਸੀਆਂ ਦੀਆਂ ਗਲੀਆ ਤੇ ਮੇਨ ਬਜ਼ਾਰ ਤੋਂ ਹੁੰਦੇ ਹੋਏ ਸਕੂਲੀ ਵਿਦਿਆਰਥੀਆਂ ਦੇ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਨਸ਼ਾ ਤਿਆਗੋ, ਹੁਣ ਤਾਂ ਜਾਗੋ ਵਰਗੇ ਨਾਅਰੇ ਲਾਉਂਦੇ ਹੋਏ ਬੱਸ ਅੱਡੇ ਮਲਸੀਆਂ ਪਹੁੰਚੇ। ਰਸਤੇ ਵਿਚ ਬੱਚਿਆ ਨੇ ਨਸ਼ਿਆ ਖ਼ਿਲਾਫ਼ ਕੋਰਿਓਗ੍ਰਾਫੀ ਕਰ ਕੇ ਛੋਟੇ ਬੱਚਿਆ ਨੇ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਦਾ ਸੁਨੇਹਾ ਦਿੱਤਾ।
    ਇਸ ਮੌਕੇ ਭਾਰੀ ਗਿਣਤੀ ਵਿੱਚ ਜਿੱਥੇ ਨੌਜਵਾਨ ਇਕੱਠੇ ਹੋਏ ਓਥੇ ਹੀ ਆਮ ਲੋਕਾਂ ਸਮੇਤ ਔਰਤਾਂ ਤੇ ਮਰਦਾ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲਿਆ।
    ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਉਚੇਰੇ ਤੌਰ ਤੇ ਪੁੱਜੇ ਜਿਨ੍ਹਾਂ ਨੌਜਵਾਨ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ। ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਅਤੇ ਇਕ ਚੰਗਾ ਪੰਜਾਬ, ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੁਨੇਹਾ ਦਿੱਤਾ।
    ਉਨ੍ਹਾ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਵਿਚਾਰਧਾਰਾ ਨਾਲ ਜੁੜ ਕੇ ਆਰਥਿਕ ਅਜ਼ਾਦੀ ਅਤੇ ਬਰਾਬਰਤਾ ਦਾ ਰਾਜ ਪ੍ਰਬੰਧ ਲਿਆਦਾ ਜਾ ਸਕਦਾ ਹੈ। ਇਸ ਨਾਲ ਪੰਜਾਬ ਦੇ ਭੱਖਦੇ ਮਾਮਲਿਆ ਗਾ ਹੱਲ੍ਹ ਕੀਤਾ ਜਾ ਸਕਦਾ ਹੈ।
    ਇਸ ਮੌਕੇ ਪਿੰਡ ਰੱਖਿਆ ਕਮੇਟੀ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਤੇ ਪਿੰਡ ਰੱਖਿਆ ਕਮੇਟੀ ਨੇ ਵਿਸ਼ਵਾਸ਼ ਦਵਾਇਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਹੁੰਦਾ ਹੈ ਤਾਂ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਅਖੀਰ ਵਿੱਚ ਸਰਪੰਚ ਕਾਮਰੇਡ ਨਿਰਮਲ ਸਹੋਤਾ ਅਤੇ ਸਮੂਹ ਗ੍ਰਾਮ ਪੰਚਾਇਤ ਤੇ ਵੱਖ ਵੱਖ ਸੰਸਥਾਵਾਂ ਅਤੇ ਸਕੂਲਾਂ ਤੋਂ ਆਏ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਮਡਿਆਲਾ ਤੋਂ ਇਲਾਵਾ ਪ੍ਰਿੰਸ ਸਹੋਤਾ, ਗੁਰਪ੍ਰੀਤ ਸਿੰਘ, ਰਵੀ ਕੁਮਾਰ, ਰਮਨ ਕੁਮਾਰ ਸਾਬਕਾ ਪੰਚ, ਜਸਵੀਰ ਸਿੰਘ ਸਾਬਕਾ ਪੰਚ, ਬਲਜੀਤ ਪੰਚ, ਮਨਿਦਰ ਕੌਰ ਪੰਚ, ਰੀਨਾ ਕੋਟਲੀ ਗਾਜਰਾਂ, ਵਿਜੇ ਹਵੇਲੀ ਪੱਤੀ, ਸ਼ੇਖਰ ਤੇਜ਼ੀ ਮਲਸੀਆਂ ਪੱਤੀ, ਦੀਪੂ, ਗੋਪੀ, ਕਰਨ, ਕੁਲਵੀਰ, ਕਮਿਸ਼, ਕੋਮਲ, ਬਾਬਾ ਲਕਸਿਆ, ਬੌਬੀ, ਅਭੀ, ਹੈੱਪੀ ਤਲਵੰਡੀ ਬੂਟਿਆ, ਅਭਿ ਬੱਗਾ, ਸੰਤੋਖ ਸਿੰਘ ਤਲਵੰਡੀ ਮਾਧੋ, ਐਥਲੈਟਿਕ ਕੋਚ ਰਾਕੇਸ਼ ਕੁਮਾਰ ਮਲਸੀਆਂ, ਸ਼ਹਿਜ਼ਾਦਾ ਭੰਗੜਾ ਅਕੈਡਮੀ ਸ਼ਾਹਕੋਟ, ਸੰਦੀਪ ਕੌਰ ਗਿੱਲ, ਹਰਸਿਮਰਨ ਜੀਤ ਸਿੰਘ, ਡਾਕਟਰ ਜਤਿਨ ਜੋਤੀ ਨਿਹਾਲੂਵਾਲ, ਡਾਕਟਰ ਦਿਲਸ਼ਾਦ, ਸਰਪੰਚ ਪ੍ਰੀਤ ਕੌਰ ਅਕਲਪੁਰ, ਹੈੱਪੀ ਅਕਾਲਪੁਰ, ਸੰਦੀਪ ਸਹੋਤਾ, ਰਵੀ ਖੋਖਰ, ਅਜੇ ਖੋਖਰ, ਮਨਜੋਤ ਸਿੰਘ, ਰਣਜੀਤ ਸਰੰਗਵਾਲ, ਤਨਵੀਰ ਬਿੱਲੀ ਭੁੱਲਰ, ਅਸ਼ਨੀ ਤੇ ਹੋਰ ਸਾਰੇ ਸਾਥੀ ਮੌਜੂਦ ਸਨ।

  • ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੂਬੇ ’ਚ ਜਨ ਜਾਗ੍ਰਤੀ ਮੁਹਿੰਮ ਆਰੰਭਣ ਦਾ ਐਲਾਨ

    ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੂਬੇ ’ਚ ਜਨ ਜਾਗ੍ਰਤੀ ਮੁਹਿੰਮ ਆਰੰਭਣ ਦਾ ਐਲਾਨ


    ਜਲੰਧਰ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ’ ਦੀ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸਾਥੀ ਸੁਖਦਰਸ਼ਨ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਆਰ.ਐਸ.ਐਸ.-ਬੀਜੇਪੀ ਦੇ ਦੇਸ਼ ਨੂੰ ਪੂਰੀ ਤਰ੍ਹਾਂ ਅਮਰੀਕੀ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਕੋਝੇ ਮਨਸੂਬਿਆਂ ਅਤੇ ਸੰਵਿਧਾਨਕ ਲੋਕਤੰਤਰ ਦੀ ਥਾਂ ਤਾਨਾਸ਼ਾਹ ਫਾਸ਼ੀਵਾਦੀ ਨਿਜ਼ਾਮ ਪੱਕਾ ਕਰਨ ਦੇ ਮਨੂੰਵਾਦੀ ਅਜੰਡੇ ਖਿਲਾਫ ਸਿਆਸੀ ਜਾਗਰਤੀ ਮੁਹਿੰਮ ਜ਼ਮੀਨੀ ਪੱਧਰ ’ਤੇ ਹੋਰ ਤੇਜ਼ ਕਰਨ ਦਾ ਨਿਰਣਾ ਲਿਆ ਹੈ।
    ਮੀਟਿੰਗ ਵਿੱਚ ਆਰ.ਐਮ.ਪੀ.ਆਈ. ਵਲੋਂ ਸਾਥੀ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ ਤੇ ਮਹੀਪਾਲ, ਸੀਪੀਆਈ ਵਲੋਂ ਸਾਥੀ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀਪੀਆਈ (ਐਮ.ਐਲ.) ਨਿਊ ਡੈਮੋਕ੍ਰੇਸੀ ਵਲੋਂ ਸਾਥੀ ਅਜਮੇਰ ਸਿੰਘ ਸਮਰਾ ਤੇ ਸ.ਸ. ਮਾਹਲ, ਸੀਪੀਆਈ (ਐਮ.ਐਲ.) ਲਿਬਰੇਸ਼ਨ ਵਲੋਂ ਸਾਥੀ ਸੁਖਦੇਵ ਸਿੰਘ ਝਾਮਕਾ, ਐਮਸੀਪੀਆਈ-ਯੂ ਵਲੋਂ ਸਾਥੀ ਕਿਰਨਜੀਤ ਸਿੰਘ ਸੇਖੋਂ ਸ਼ਾਮਲ ਹੋਏ।
    ਮੀਟਿੰਗ ਨੇ ਲੰਘੀ 22 ਜੂਨ ਨੂੰ ਫਿਰਕੂ-ਫਾਸ਼ੀ ਹੱਲਿਆਂ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ-ਖਸੁੱਟ ਵਿਰੁੱਧ ਜਿਲ੍ਹਾ ਕੇਂਦਰਾਂ ’ਤੇ ਜੱਥੇਬੰਦ ਕੀਤੇ ਗਏ ਰੈਲੀ-ਮੁਜ਼ਾਹਰਿਆਂ ਬਾਰੇ ਤਸੱਲੀ ਜਾਹਿਰ ਕਰਦਿਆਂ ਇੰਨਾਂ ਮੁੱਦਿਆਂ ਨੂੰ ਲੈ ਕੇ ਪਿੰਡਾਂ ਤੇ ਸ਼ਹਿਰਾਂ-ਕਸਬਿਆਂ ’ਚ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉਕਤ ਮੁਹਿੰਮ ਦੇ ਸ਼ਿਖਰ ’ਤੇ ਫਰੰਟ ’ਚ ਸ਼ਾਮਲ ਪਾਰਟੀਆਂ ਵਲੋਂ ਸੂਬਾ ਪੱਧਰ ਦੀ ਇਕ ਵਿਸ਼ਾਲ ਜਨਤਕ ਰੈਲੀ ਵੀ ਕੀਤੀ ਜਾਵੇਗੀ।
    ਬਿਆਨ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਫਰੰਟ ’ਚ ਸ਼ਾਮਲ ਕੁੱਝ-ਇਕ ਪਾਰਟੀਆਂ ਨੇ ਫਰੰਟ ਦੀ ਰਾਜਸੀ ਸੇਧ ਅਤੇ ਐਕਸ਼ਨਾਂ ਨਾਲ ਪੂਰੀ ਸਹਿਮਤੀ ਦਾ ਇਜ਼ਹਾਰ ਕਰਦਿਆਂ ਆਪਣੇ ਜਥੇਬੰਦਕ ਰੁਝੇਵਿਆਂ ਕਰਕੇ ਆਰਜੀ ਤੌਰ ’ਤੇ ਫਰੰਟ ਦੀ ਮੁਹਿੰਮ ਤੇ ਇਕੱਠ ’ਚ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟਾਈ ਹੈ।

  • ਸਾਮਰਾਜ ਤੇ ਫਿਰਕੂ ਕੋਹੜ ਤੋਂ ਮੁਕਤੀ ਲਈ ਕੁਰਬਾਨ ਹੋਇਆ ਲਾਸਾਨੀ ਯੋਧਾ ਮੁਹੰਮਦ ਸਿੰਘ ‘ਆਜ਼ਾਦ’ ਉਰਫ ਸ਼ਹੀਦ ਊਧਮ ਸਿੰਘ

    ਸਾਮਰਾਜ ਤੇ ਫਿਰਕੂ ਕੋਹੜ ਤੋਂ ਮੁਕਤੀ ਲਈ ਕੁਰਬਾਨ ਹੋਇਆ ਲਾਸਾਨੀ ਯੋਧਾ ਮੁਹੰਮਦ ਸਿੰਘ ‘ਆਜ਼ਾਦ’ ਉਰਫ ਸ਼ਹੀਦ ਊਧਮ ਸਿੰਘ

    ਸ਼ਮਸ਼ੇਰ ਸਿੰਘ ਬਟਾਲਾ
    ਭਾਰਤ ਨੂੰ ਅੰਗ੍ਰੇਜ਼ੀ ਸਾਮਰਾਜ ਦੀ ਬਸਤੀਵਾਦੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਦਿਵਾਉਣ ਲਈ ਦੇਸ਼ ਦੇ ਬੇਸ਼ੁਮਾਰ ਅਣਖੀਲੇ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਸਨ । ਨਾਲ ਹੀ ਸੁਤੰਤਰਤਾ ਪ੍ਰਾਪਤੀ ਲਈ ਬੇਮਿਸਾਲ ਤਿਆਗ ਕਰਨ ਵਾਲੇ ਜੰਗਜੂਆਂ ਦੀ ਵੀ ਬੜੀ ਲੰਮੀ ਕਤਾਰ ਹੈ। ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਮੂਹਰਲੀ ਕਤਾਰ ਦੇ ਮਹਾਨ ਸ਼ਹੀਦਾਂ ‘ਚ, ਵਰ੍ਹਿਆਂ ਬੱਧੀ ਸਖ਼ਤ ਜੱਦੋ-ਜਹਿਦ ਕਰਨ ਪਿਛੋਂ ਲੰਦਨ ਜਾ वे ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦੀ ਸਾਕੇ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਸੁਨਾਮ ਦਾ ਨਾਂ ਵੀ ਮਾਣ ਨਾਲ ਲਿਆ ਜਾਂਦਾ ਹੈ। ਸ਼ਹੀਦ ਊਧਮ ਸਿੰਘ ਅਜਿਹਾ ਨਾਂ ਹੈ ਜੋ ਕੇਵਲ ਪੰਜਾਬ ਹੀ ਨਹੀਂ, ਬਲਕਿ ਸਾਰੇ ਹਿੰਦੋਸਤਾਨ ਦੇ ਇਨਕਲਾਬੀ ਇਤਿਹਾਸ ਦੀ ਧੜਕਨ ਬਣ ਗਿਆ ਹੈ। ਉਹ ਇਕ ਅਜਿਹਾ ਕ੍ਰਾਂਤੀਕਾਰੀ ਸੀ, ਜਿਸਦੀ ਸ਼ਹਾਦਤ ਇਕ ਅੰਗ੍ਰੇਜ਼ ਅਧਿਕਾਰੀ ਦੇ ਅਣ ਕਿਆਸੀ ਦਲੇਰੀ ਨਾਲ ਕੀਤੇ ਕਤਲ ਤੱਕ ਸੀਮਤ ਨਹੀਂ ਕੀਤੀ ਜਾ ਸਕਦੀ। ਉਹ ਤਾਂ ਸਗੋਂ ਮਨੁੱਖਤਾ ਦੇ ਸਭ ਤੋਂ ਘਾਤਕ ਵੈਰੀ ਸਾਮਰਾਜਵਾਦ ਅਤੇ ਇਸ ਦੀ ਨਾਜਾਇਜ਼ ਔਲਾਦ ਫਿਰਕਾਪ੍ਰਸਤੀ ਦਾ ਕੱਟੜ ਦੁਸ਼ਮਣ ਸੀ। ਇਸ ਤੋਂ ਵੀ ਅਗਾਂਹ, ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਵਿਚਾਰ ਗ਼ਦਰ ਲਹਿਰ ਦੇ ਮਹਾਨ ਆਦਰਸ਼ਾਂ ਦੀ ਜਿਉਂਦੀ ਮਿਸਾਲ ਹਨ। ਹੱਥਲਾ ਲੇਖ ਉਸ ਲਾਸਾਨੀ ਸ਼ਹੀਦ ਦੀ ਪ੍ਰੇਰਣਾਦਾਇਕ ਜ਼ਿੰਦਗੀ, ਸ਼ਾਨਾਮੱਤੇ ਸੰਘਰਸ਼ ਅਤੇ ਮਾਨਵੀ ਸੋਚ ਨੂੰ ਸਮਰਪਿਤ ਹੈ।

    ਮੁੱਢਲਾ ਜੀਵਨ ਤੇ ਪਿਛੋਕੜ

    ਸ਼ਹੀਦ ਊਧਮ ਸਿੰਘ ਦਾ ਜਨਮ ਪਿੰਡ ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ, ਮਾਤਾ ਨਰੈਣ ਕੌਰ ਉਰਫ ਹਰਨਾਮ ਕੌਰ ਦੀ ਕੁੱਖੋਂ, ਪਿਤਾ ਸ਼੍ਰੀ ਚੂਹੜ ਸਿੰਘ ਉਰਫ ਟਹਿਲ ਸਿੰਘ ਦੇ ਘਰ 26 ਦਸੰਬਰ 1899 ਨੂੰ ਹੋਇਆ ਸੀ। ਸ਼ਹੀਦ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਕੇਵਲ 7 ਸਾਲ ਦੀ ਉਮਰ ‘ਚ ਮਾਤਾ ਤੇ 10 ਸਾਲ ਦੀ ਉਮਰ ‘ਚ ਪਿਤਾ ਦੇ ਦਿਹਾਂਤ ਤੋਂ ਪਿਛੋਂ ਉਹ ਤੇ ਉਸਦਾ ਵੱਡਾ ਭਰਾ ਮੁਕਤਾ ਸਿੰਘ ਅਨਾਥ ਹੋ ਗਏ ਸਨ। ਲਿਹਾਜਾ ਦੋਨੋਂ ਭਰਾ ਅੰਮ੍ਰਿਤਸਰ ਦੇ ਖ਼ਾਲਸਾ ਅਨਾਥ ਆਸ਼ਰਮ ਵਿਖੇ ਚਲੇ ਗਏ ਸਨ। ਊਧਮ ਸਿੰਘ ਨੇ ਸਾਲ 1918 ‘ਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਤੇ ਸਾਲ 1919 ‘ਚ ਅਨਾਥ ਆਸ਼ਰਮ ਛੱਡ ਦਿੱਤਾ ਸੀ।

    ਜਲਿਆਂਵਾਲਾ ਬਾਗ਼ ਸ਼ਹੀਦੀ ਸਾਕਾ

    ਅੰਗ੍ਰੇਜ ਹਾਕਮਾਂ ਦੀ, ਭਾਰਤੀਆਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਸੁਤੰਤਰਤਾ ਸੰਗਰਾਮ ਤਾਰਪੀਡੋ ਕਰਨ ਦੀ ਨੀਤੀ ‘ਤੇ ਅਮਲ ਕਰਦਿਆਂ ਵੇਲੇ ਦੇ ਗਵਰਨਰ ਜਨਰਲ ਸਰ ਮਾਈਕਲ ਓ’ਡਵਾਇਰ ਦੇ ਹੁਕਮਾਂ ਤਹਿਤ ਜਨਰਲ ਡਾਇਰ ਨੇ 13 ਅਪ੍ਰੈਲ ਅੰਮ੍ਰਿਤਸਰ ਜਲਿਆਂਵਾਲਾ ਬਾਗ਼ ਵਿਖੇ ਨਿਹੱਥੇ ਭਾਰਤੀਆਂ ‘ਤੇ ਗੋਲੀਆਂ ਚਲਾ ਕੇ ਹਜ਼ਾਰਾਂ ਬੇਗੁਨਾਹਾਂ ਦੀਆਂ ਲਾਸ਼ਾਂ ਵਿਛਾ ਦਿਤੀਆਂ ਸਨ। ਮਾਰੇ ਜਾਣ ਵਾਲਿਆਂ ‘ਚ ਹਿੰਦੂ, ਮੁਸਲਮਾਨ ਤੇ ਸਿੱਖ ਭਾਵ ਸਾਰੇ ਧਰਮਾਂ ਦੇ ਲੋਕ ਸਨ । ਮਾਸੂਮ ਬੱਚਿਆਂ ‘ਤੇ ਔਰਤਾਂ ਦੀਆਂ ਲਾਸ਼ਾਂ ਦੇਖ ਕੇ ਕਾਲਜੇ ਨੂੰ ਹੌਲ ਪੈਂਦੇ ਸਨ। ਇਸ ਖੂਨੀ ਕਾਂਡ ਨੇ ਸ਼ਹੀਦ ਊਧਮ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਛੱਡਿਆ। ਉਸ ਨੇ ਇਸ ਖੂਨੀ ਹੱਤਿਆਕਾਂਡ ਦੇ ਜ਼ਿੰਮੇਵਾਰ ਅੰਗ੍ਰੇਜ ਅਧਿਕਾਰੀਆਂ ਤੋਂ ਬਦਲਾ ਲੈਣ ਦੀ ਪੱਕੀ ਧਾਰ ਲਈ।” ਇਤਿਹਾਸ ਗਵਾਹ ਹੈ ਕਿ ਇਹੋ ਉਸਦੀ ਜ਼ਿੰਦਗੀ ਦਾ ਮਕਸਦ ਬਣ ਗਈ।

    ਗ਼ਦਰ ਲਹਿਰ ਨਾਲ ਸਬੰਧ

    ਜਲਿਆਂਵਾਲਾ ਬਾਗ਼ ਕਤਲੇਆਮ ਤੋਂ ਪਿੱਛੋਂ ਊਧਮ ਸਿੰਘ ਗ਼ਦਰ ਲਹਿਰ ਦੇ ਸੰਪਰਕ ‘ਚ ਆਇਆ। ਅੰਮ੍ਰਿਤਸਰ ਦੇ ਅਨਾਥ ਆਸ਼ਰਮ ‘ਚ ਰਹਿੰਦਿਆਂ ਵੀ ਉਹ ਪਾਰਟੀ ਦਾ ਪਰਚਾ “ਗ਼ਦਰ ਦੀ ਗੂੰਜ” ਪੜ੍ਹਦਾ ਸੀ । ਗ਼ਦਰੀਆਂ ਦੇ ਮੁੱਖ ਨਾਅਰੇ “ਗ਼ਦਰ ਜ਼ਿੰਦਾਬਾਦ, ਅੰਗ੍ਰੇਜ਼ੀ ਰਾਜ ਮੁਰਦਾਬਾਦ” ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ ਸੀ। 1924 ‘ਚ ਜਦੋਂ ਉਹ ਅਮਰੀਕਾ ਗਿਆ ਤਾਂ ਸਿੱਧਾ ਸੈਨ ਫਰਾਂਸਿਸਕੋ ਵਿਚਲੇ ਗ਼ਦਰ ਪਾਰਟੀ ਦੇ ਦਫ਼ਤਰ “ਯੁਗਾਂਤਰ ਆਸ਼ਰਮ” ‘ਚ ਪਹੁੰਚਿਆ ਸੀ, ਜਿੱਥੇ ਉਸਨੂੰ ਬਾਬਾ ਸੋਹਣ ਸਿੰਘ ਭਕਨਾ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਮਿਲੇ ਸਨ।

    ਗ਼ਦਰ ਪਾਰਟੀ ਲਈ ਉਸਨੇ ਮਹੱਤਵਪੂਰਨ ਕੰਮ ਕੀਤੇ ਸਨ। ਉਹ “ਗ਼ਦਰ” ਅਖ਼ਬਾਰ ਪੰਜਾਬੀ ਮਜ਼ਦੂਰਾਂ ਤੱਕ ਪੁਚਾਉਂਦਾ ਸੀ ਤੇ ਮਜ਼ਦੂਰੀ ਰਾਹੀਂ ਕੀਤੀ ਕਮਾਈ ਪਾਰਟੀ ਨੂੰ ਸੌਂਪ ਦਿੰਦਾ ਸੀ। ਕਿਉਂਕਿ ਗ਼ਦਰ ਪਾਰਟੀ ਦਾ ਮਕਸਦ ਹੀ ਹਥਿਆਰਬੰਦ ਇਨਕਲਾਬ ਕਰਨਾ ਸੀ, ਇਸ ਲਈ ਉਸਨੇ 25 ਪਿਸਤੌਲ ਖਰੀਦ ਕੇ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਗ਼ਦਰੀਆਂ ਨੇ ਉਸਨੂੰ “ਆਪਣਾ ਲਹੂ” ਕਿਹਾ ਸੀ। ਉਹ ਕਹਿੰਦੇ ਸਨ ਕਿ ਊਧਮ ਸਿੰਘ ਗ਼ਦਰ ਪਾਰਟੀ ਦੇ 1915 ਵਾਲੇ ਸੁਪਨੇ ਨੂੰ ਜਿਉਂਦਾ ਰੱਖਣ ਵਾਲਾ ਆਖਰੀ ਸੂਰਮਾ ਹੈ।

    ਸ਼ਹੀਦ ਭਗਤ ਸਿੰਘ ਨੂੰ ਰਾਜਸੀ ਗੁਰੂ ਮੰਨਣਾ

    ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਸ਼ਖਸੀਅਤ, ਵਿਚਾਰਾਂ ਤੇ ਕੁਰਬਾਨੀ ਦੇ ਜਜ਼ਬੇ ਨੇ ਉਸ ਨੂੰ ਸਭ ਤੋਂ ਵਧੇਰੇ ਪ੍ਰਭਾਵਿਤ ਕੀਤਾ ਸੀ। ਉਹ ਭਗਤ ਸਿੰਘ ਨੂੰ ਆਪਣਾ ਸਭ ਤੋਂ ਵਧੀਆ ‘ਦੋਸਤ’ ਅਤੇ ‘ਗੁਰੂ’ ਦੋਵੇਂ ਮੰਨਦਾ ਸੀ। ਊਧਮ ਸਿੰਘ, 1927 ’ਚ ਭਗਤ ਸਿੰਘ ਦੇ ਬੁਲਾਵੇ ‘ਤੇ ਭਾਰਤ ਵੱਲ ਮੁੜਿਆ ਸੀ। ਭਗਤ ਸਿੰਘ ਦਾ ਉਸ ਦੀ ਸ਼ਖਸ਼ੀਅਤ ‘ਤੇ ਬਹੁਤ ਪ੍ਰਭਾਵ ਸੀ। ਇੱਥੋਂ ਤੱਕ ਕਿ ਅੰਗ੍ਰੇਜ਼ ਵੀ ਉਸ ਨੂੰ ਭਗਤ ਸਿੰਘ ਦਾ ਸਾਥੀ ਸਮਝਦੇ ਸਨ। 23 ਮਾਰਚ 1931 ਨੂੰ ਜਦੋਂ ਭਗਤ ਸਿੰਘ ਤੇ ਸਾਥੀ ਸ਼ਹੀਦ ਹੋਏ ਤਾਂ ਨਾ ਕੇਵਲ “ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ” (HSRA), ਬਲਕਿ ਗ਼ਦਰ ਪਾਰਟੀ ਵੀ ਕਮਜ਼ੋਰ ਹੋ ਗਈ ਸੀ।

    ਵਿਦੇਸ਼ਾਂ ਨੂੰ ਚਾਲੇ ਤੇ ਬਦਲਾ ਲੈਣ ਦੀ ਵਿਉਂਤ

    ਜਲ੍ਹਿਆਂਵਾਲਾ ਬਾਗ਼ ਕਤਲੇਆਮ ਤੋਂ ਪਿੱਛੋਂ ਊਧਮ ਸਿੰਘ ਦੀ ਇਹ ਸਮਝ ਬਣ ਗਈ ਸੀ ਕਿ ਇਸ ਘਿਨਾਉਣੇ ਕਾਂਡ ਦਾ ਬਦਲਾ ਭਾਰਤ ‘ਚ ਰਹਿ ਕੇ ਨਹੀਂ ਲਿਆ ਜਾ ਸਕਦਾ, ਕਿਉਂਕਿ ਦੁਸ਼ਮਣ ਤਾਂ ਲੰਡਨ ਬੈਠਾ ਸੀ। ਇਸ ਲਈ ਉਸਨੇ ਆਪਣੇ ਜੀਵਨ ਦੇ 21 ਸਾਲ ਸਫ਼ਰ ‘ਚ ਲੰਘਾਏ।

    1920 ‘ਚ ਉਹ ਪਹਿਲੀ ਵਾਰ ਅਫਗਾਨਿਸਤਾਨ ਗਿਆ, ਜਿੱਥੇ ਉਦੋਂ ਰਾਜਾ ਅਮਾਨੁੱਲਾ ਖ਼ਾਨ ਦਾ ਰਾਜ ਸੀ। ਉਥੇ ਰਹਿ ਕੇ ਉਸਨੇ ਗ਼ਦਰੀਆਂ ਨਾਲ ਸੰਪਰਕ ਬਣਾਇਆ। ਫਿਰ ਉਹ ਜਰਮਨੀ ਪੁੱਜਿਆ। ਜਰਮਨੀ ਉਦੋਂ ਸਾਮਰਾਜ ਵਿਰੋਧੀ ਤਾਕਤਾਂ ਦਾ ਕੇਂਦਰ ਬਣ ਗਿਆ ਸੀ। ਉੱਥੇ ਉਹ ਭਾਰਤੀ ਕ੍ਰਾਂਤੀਕਾਰੀਆਂ ਦੀ “ਬਰਲਿਨ ਕਮੇਟੀ” ਦੇ ਸੰਪਰਕ ‘ਚ ਆਇਆ।

    1924 ‘ਚ ਅਮਰੀਕਾ ਪੁੱਜ ਕੇ ਉਸਨੇ ਆਪਣਾ ਨਾਂ ਸ਼ੇਰ ਸਿੰਘ ਰੱਖ ਲਿਆ। ਕੈਲੀਫੋਰਨੀਆ ‘ਚ ਉਸਨੇ ਖੇਤਾਂ, ਫੈਕਟਰੀਆਂ ‘ਚ ਮਜ਼ਦੂਰੀ ਕੀਤੀ, ਗ਼ਦਰ ਪਾਰਟੀ ਦਾ ਅਖ਼ਬਾਰ “ਗ਼ਦਰ” ਵੰਡਿਆ ਅਤੇ ਭਾਰਤ ਭੇਜਣ ਲਈ 25 ਰਿਵਾਲਵਰ ਖਰੀਦੇ। ਬ੍ਰਿਟਿਸ਼ ਪੁਲਿਸ ਉਸਦੇ ਪਿੱਛੇ ਸੀ। 1927 ’ਚ ਉਸਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਉਹ ਯੂਰਪ ਚਲਾ ਗਿਆ। ਇਸ ਦੌਰਾਨ ਉਹ ਜਾਅਲੀ ਪਾਸਪੋਰਟਾਂ ‘ਤੇ ਨਾਂ ਬਦਲ-ਬਦਲ ਕੇ ਜਰਮਨੀ, ਇਟਲੀ, ਸਵਿਟਜ਼ਰਲੈਂਡ ਆਦਿ ਦੇਸ਼ਾਂ ‘ਚ ਘੁੰਮਦਾ ਰਿਹਾ। ਉਸ ਵੱਲੋਂ ਰੱਖੇ ਉਦੈ ਸਿੰਘ, ਸ਼ੇਰ ਸਿੰਘ, ਬਾਵਾ, ਯੂ.ਐੱਸ ਸਿੱਧੂ, ਫਰੈਂਕ, ਊਧਨ ਸਿੰਘ ,ਊਧਮ ਸਿੰਘ ਤੇ “ਮੁਹੰਮਦ ਸਿੰਘ ਆਜ਼ਾਦ” ਆਦਿ ਨਾਵਾਂ ਦਾ ਵੇਰਵਾ ਮਿਲਦਾ ਹੈ।

    1940 ਦੇ ਸ਼ੁਰੂ ‘ਚ ਉਹ ਲੰਡਨ ਪੁੱਜਿਆ। ਉਸ ਕੋਲ 21 ਸਾਲਾਂ ਤੋਂ ਸੰਭਾਲ ਕੇ ਰੱਖਿਆ ਹੋਇਆ 6 ਗੋਲੀਆਂ ਵਾਲਾ ਰਿਵਾਲਵਰ ਸੀ। ਉਸਨੇ ਕੈਕਸਟਨ ਹਾਲ ਵਿਖੇ ਹੋਣ ਵਾਲੇ ਅਜਲਾਸ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ। ਉਸ ਨੂੰ ਪਤਾ ਸੀ ਕਿ 13 ਮਾਰਚ 1940 ਨੂੰ ਮਾਈਕਲ ਓ’ਡਵਾਇਰ ਉੱਥੇ ਬੋਲਣ ਆਵੇਗਾ।

    ਸਾਮਰਾਜਵਾਦ ਵਿਰੋਧੀ ਸੋਚ

    ਊਧਮ ਸਿੰਘ ਅੰਗ੍ਰੇਜ਼ੀ ਕੌਮ ਜਾਂ ਬ੍ਰਿਟੇਨ ਦੇ ਆਮ ਲੋਕਾਂ ਨੂੰ ਭੋਰਾ-ਭਰ ਵੀ ਨਫਰਤ ਨਹੀਂ ਸੀ ਕਰਦਾ। ਉਸਦੀ ਘ੍ਰਿਣਾ ਦਾ ਪਾਤਰ ਤਾਂ ਅੰਗ੍ਰੇਜ਼ੀ ਸਾਮਰਾਜ ਸੀ। ਉਹ ਸਮਝਦਾ ਸੀ ਕਿ ਅੰਗ੍ਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਤੇ ਮਜ਼ਦੂਰਾਂ-ਕਿਸਾਨਾਂ ਨੂੰ ਗ਼ਰੀਬ ਬਣਾਇਆ ਹੈ। ਅਦਾਲਤ ‘ਚ ਆਪਣੇ ਬਿਆਨ ‘ਚ ਉਸਨੇ ਕਿਹਾ ਸੀ, “ਮੈਂ ਕਿਸੇ ਇਨਸਾਨ ਨੂੰ ਨਹੀਂ ਮਾਰਿਆ, ਬਲਕਿ ਸਾਮਰਾਜ ਦਾ ਇਕ ਪ੍ਰਤੀਕ ਮਾਰ-ਮੁਕਾਇਆ ਹੈ।”

    ਉਸਦੇ ਵਿਚਾਰ ਭਗਤ ਸਿੰਘ ਵਰਗੇ ਸਨ ਭਾਵ ਸਮਾਜਵਾਦ, ਬਰਾਬਰੀ ਤੇ ਲੋਕਾਂ ਦਾ ਰਾਜ। ਉਹ ਆਪਣੇ ਮਨ-ਮਸਤਕ ਅੰਦਰ ਮਜ਼ਦੂਰਾਂ-ਕਿਸਾਨਾਂ ਦੇ ਰਾਜ ਦੀ ਕਾਇਮੀ ਦਾ ਸੁਪਨਾ ਸੰਜੋਈ ਫਿਰਦਾ ਸੀ। ਇਹ ਸੁਪਨਾ ਉਸ ਦੇ ਦਿਲੋ-ਦਿਮਾਗ਼ ਅੰਦਰ ਗ਼ਦਰੀਆਂ ਦੇ ਪ੍ਰਭਾਵ ਹੇਠ ਪਨਪਿਆ ਸੀ।

    ਫਿਰਕਾਪ੍ਰਸਤੀ ਵਿਰੋਧੀ ਆਦਰਸ਼

    ਊਧਮ ਸਿੰਘ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਖਾਸੀਅਤ ਉਸਦੀ ਫਿਰਕਾਪ੍ਰਸਤੀ ਵਿਰੋਧੀ ਸੋਚ ਸੀ। ਉਸ ਵਲੋਂ ਰੱਖਿਆ ਆਪਣਾ ਨਾਂ “ਮੁਹੰਮਦ ਸਿੰਘ ਆਜ਼ਾਦ” ਹੀ ਮਾਨਵੀ ਸੋਚ ਦਾ ਸਸ਼ਕਤ ਪ੍ਰਤੀਕ ਹੈ। ਜੱਜ ਨੇ ਉਸਨੂੰ ਪੁੱਛਿਆ ਕਿ ਤੁਸੀਂ ਹਿੰਦੂ, ਮੁਸਲਮਾਨ ਜਾਂ ਸਿੱਖ, ਕੀ ਹੋ? ਉਸਨੇ ਕਿਹਾ, “ਮੈਂ ਇਨਸਾਨ ਹਾਂ। ਇਨਸਾਨੀਅਤ ਹੀ ਮੇਰਾ ਧਰਮ ਹੈ।”

    1920-30 ਦੇ ਦਹਾਕੇ ‘ਚ ਦੇਸ਼ ‘ਚ ਹੋਏ ਫਿਰਕੂ ਦੰਗਿਆਂ ਵੇਲੇ ਊਧਮ ਸਿੰਘ ਨੇ ਹਮੇਸ਼ਾ ਕਿਹਾ ਕਿ, “ਅੰਗਰੇਜ਼ ਫੁੱਟ ਪਾਓ ਰਾਜ ਕਰੋ ਦੀ ਨੀਤੀ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਕਮਜ਼ੋਰ ਕਰ ਰਹੇ ਹਨ।” ਉਸਦੀ ਸ਼ਹਾਦਤ ਨੇ ਅਸਾਨੂੰ ਇਹ ਸਿਖਾ ਦਿੱਤਾ ਹੈ ਕਿ ਆਜ਼ਾਦੀ ਦੀ ਲੜਾਈ ਅਸੀਂ ਸਵਾਰਥੀਆਂ ਵਲੋਂ ਖੜ੍ਹੀਆਂ ਕੀਤੀਆਂ ਧਾਰਮਿਕ ਵਖਰੇਵਿਆਂ ਦੀਆਂ ਕੰਧ ਢਾਹੇ ਬਗੈਰ ਹਰਗਿਜ ਨਹੀਂ ਜਿੱਤ ਸਕਦੇ।

    ਬਦਲਾ ਲੈਣ ਦਾ ਦਿਨ

    13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ‘ਚ ‘ਈਸਟ ਇੰਡੀਆ ਐਸੋਸੀਏਸ਼ਨ’ ਦਾ ਅਜਲਾਸ ਚੱਲ ਰਿਹਾ ਸੀ। ਊਧਮ ਸਿੰਘ ਅਪਣੀ ਪਿਸਤੌਲ ਇਕ ਮੋਟੀ ਕਿਤਾਬ ਦੇ ਪੰਨਿਆਂ ‘ਚ ਲੁਕੇ ਕੇ ਉੱਥੇ ਜਾ ਪੁੱਜਿਆ। ਯਾਦ ਰਹੇ ਜਨਰਲ ਡਾਇਰ, ਜਿਸਨੇ ਜਲ੍ਹਿਆਂ ਵਾਲਾ ਬਾਗ਼ ਵਿਖੇ ਗੋਲੀ ਚਲਵਾਈ ਸੀ, ਤਾਂ 1927 ’ਚ ਹੀ ਮਰ ਗਿਆ ਸੀ। ਐਪਰ ਉਸ ਸਮੇਂ ਦਾ ਪੰਜਾਬ ਦਾ ਗਵਰਨਰ ਸਰ ਮਾਈਕਲ ਓ’ਡਵਾਇਰ, ਜਿਸਨੇ ਗੋਲੀਬਾਰੀ ਦਾ ਹੁਕਮ ਦਿੱਤਾ ਸੀ, ਅਜੇ ਜਿਉਂਦਾ ਸੀ ਤੇ ਭਾਸ਼ਣ ਦੇਣ ਲਈ ਸੱਜ-ਧੱਜ ਕੇ ਕੈਕਸਟਨ ਹਾਲ ਵਿਖੇ ਪੁੱਜਿਆ ਹੋਇਆ ਸੀ। ਮਾਈਕਲ ਓ’ਡਵਾਇਰ ਨੇ ਹੀ ਜਲ੍ਹਿਆਂਵਾਲਾ ਬਾਗ਼ ‘ਚ ਗੋਲੀ ਚਲਾਉਣ ਵਾਲੇ ਡਾਇਰ ਨੂੰ ‘ਇੰਗਲੈਂਡ ਦਾ ਪੁੱਤਰ’ ਦਾ ਖਿਤਾਬ ਦਿੱਤਾ ਸੀ। ਊਧਮ ਸਿੰਘ ਨੇ ਉਸਨੂੰ ਗੋਲੀ ਮਾਰ ਕੇ ਥਾਏਂ ਢੇਰ ਕਰ ਦਿੱਤਾ। ਉਹ ਉੱਥੋਂ ਭੱਜਿਆਂ ਨਹੀਂ, ਸਗੋਂ ਸਕੂਨ ਨਾਲ ਗਿ੍ਫ਼ਤਾਰੀ ਦਿੱਤੀ।

    ਇਤਿਹਾਸਕ ਬਿਆਨ

    ਊਧਮ ਸਿੰਘ ਖਿਲਾਫ ਲੰਡਨ ਦੀ ਸੈਂਟਰਲ ਕ੍ਰਿਮੀਨਲ ਕੋਰਟ ‘ਓਲਡ ਬੇਲੀ’ ‘ਚ ਸਰ ਮਾਈਕਲ ਓਡਵਾਇਰ ਦੇ ਕਤਲ ਦਾ ਮੁਕੱਦਮਾ ਚੱਲਿਆ ਸੀ। ਜੱਜ ਨੇ ਜਦੋਂ ਉਸਦਾ ਨਾਂ ਪੁੱਛਿਆ ਤਾਂ ਉਸਨੇ ਕਿਹਾ ‘ਮੁਹੰਮਦ ਸਿੰਘ ਆਜ਼ਾਦ।’ ਉਸਨੇ ਕਿਹਾ ‘ਮੈਂ ਆਪਣਾ ਮੁਕੱਦਮਾ ਆਪ ਲੜਾਂਗਾ।’ ਉਸਨੇ ਆਪਣੇ ਵਲੋਂ ਕੀਤੀ ਕਾਰਵਾਈ ਬੜੀ ਜੁਰਅੱਤ ਨਾਲ ਕਬੂਲ ਕੀਤੀ ਪਰ ਆਪਣੀ ਇਸ ਕਾਰਵਾਈ ਨੂੰ ਜ਼ੁਰਮ ਕਦੀ ਨਹੀਂ ਮੰਨਿਆ। ਆਪਣੇ ਅਦਾਲਤੀ ਬਿਆਨ ‘ਚ ਉਸਨੇ ਕਿਹਾ, “ਮੈਂ ਇਹ ਕਦਮ ਆਪਣੇ ਦੇਸ਼ ਦੀ ਆਜ਼ਾਦੀ ਅਤੇ ਸਵੈਮਾਨ ਦੀ ਬਹਾਲੀ ਲਈ ਚੁੱਕਿਆ ਹੈ। ਜੇ ਮੈਨੂੰ ਇਹ ਕੰਮ ਫੇਰ ਵੀ ਕਰਨਾ ਪਿਆ ਤਾਂ ਮੈਂ ਵਾਰ-ਵਾਰ ਕਰਾਂਗਾ।”

    ਅਦਾਲਤ ‘ਚ ਉਸਨੇ ਅੰਗ੍ਰੇਜ਼ੀ ‘ਚ ਦਿੱਤੇ ਆਪਣੇ ਬਿਆਨ ‘ਚ ਕਿਹਾ, “ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਕਿ ਮੈਂ ਓ’ਡਵਾਇਰ ਨੂੰ ਮਾਰਿਆ ਹੈ। ਬਲਕਿ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਮੈਂ ਉਸਨੂੰ 20 ਸਾਲ ਪਹਿਲਾਂ ਕਿਉਂ ਨਹੀਂ ਮਾਰਿਆ। ਮੈਂ ਇੱਕ ਮਨੁੱਖ ਨੂੰ ਨਹੀਂ ਮਾਰਿਆ। ਮੈਂ ਇੱਕ ਬੇਰਹਿਮ, ਅਨਿਆਈ ਤੇ ਅਮਾਨਵੀ ਪ੍ਰਣਾਲੀ, ਜਿਸ ਦਾ ਨਾਂ ਬ੍ਰਿਟਿਸ਼ ਸਾਮਰਾਜਵਾਦ ਹੈ, ਦਾ ਇਕ ਨਿਰਦਈ ਪੁਰਜਾ ਮਾਰਿਆ ਹੈ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ‘ਚ ਕੀਤਾ ਗਿਆ ਕਤਲੇਆਮ ਮਨੁੱਖਤਾ ਲਈ ਸ਼ਰਮ ਦੀ ਗੱਲ ਹੈ। ਮਾਈਕਲ ਓਡਵਾਇਰ ਉਸ ਕਤਲੇਆਮ ਦਾ ਜ਼ਿੰਮੇਵਾਰ ਸੀ। ਉਸਨੇ ਜਨਰਲ ਡਾਇਰ ਨੂੰ ਇਸ ਅਮਾਨਵੀ ਕਰਤੂਤ ਬਦਲੇ ਇਨਾਮ-ਓ-ਇਕਰਾਮ ਵੀ ਦਿੱਤਾ ਸੀ। ਮੈਂ ਆਪਣੇ ਦੇਸ਼ਵਾਸੀਆਂ ਦਾ ਬਦਲਾ ਲਿਆ ਹੈ। ਮੈਂ ਇਕੱਲਾ ਨਹੀਂ ਹਾਂ। ਮੇਰੇ ਪਿੱਛੇ ਲੱਖਾਂ ਹਿੰਦੁਸਤਾਨੀ ਖੜ੍ਹੇ ਹਨ। ਜੇ ਮੈਂ ਅੱਜ ਮਰ ਜਾਵਾਂ ਤਾਂ ਕੱਲ੍ਹ ਨੂੰ ਦਸ ਹੋਰ ਊਧਮ ਸਿੰਘ ਪੈਦਾ ਹੋਣਗੇ। ਮੈਂ ਬ੍ਰਿਟਿਸ਼ ਕੋਰਟ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਦਾ। ਮੈਂ ਇਤਿਹਾਸ ਦੀ ਕੋਰਟ ਤੋਂ ਇਨਸਾਫ਼ ਮੰਗਦਾ ਹਾਂ। ਇੱਕ ਦਿਨ ਆਵੇਗਾ ਜਦੋਂ ਭਾਰਤ ਆਜ਼ਾਦ ਹੋਵੇਗਾ ਤੇ ਮੇਰੇ ਇਸ ਕਦਮ ਨੂੰ ਇਨਕਲਾਬ ਤਸਲੀਮ ਕੀਤਾ ਜਾਵੇਗਾ।”

    ਇਹ ਬਿਆਨ ਸੁਣ ਕੇ ਅਦਾਲਤ ‘ਚ ਸੁੰਨ ਪਸਰ ਗਈ ਸੀ। ਅੰਗ੍ਰੇਜ਼ੀ ਅਖ਼ਬਾਰਾਂ ਦੀ ਸੁਰਖੀ ਸੀ, “ਇਹ ਬੰਦਾ ਮਰਨ ਤੋਂ ਉੱਕਾ ਹੀ ਨਹੀਂ ਡਰਦਾ।”

    ਸ਼ਹਾਦਤ, ਜੋ ਸਦੀਵੀ ਪ੍ਰੇਰਣਾ ਬਣ ਗਈ

    31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਊਧਮ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਫਾਂਸੀ ਚੜ੍ਹਨ ਤੋਂ ਪਹਿਲਾਂ ਉਸਨੇ ਕਿਹਾ “ਮੈਂ ਮਰ ਕੇ ਵੀ ਜਿਊਂਦਾ ਰਹਾਂਗਾ।” ਫਾਂਸੀ ਵਾਲੀ ਰੱਸੀ ਗੱਲ ‘ਚ ਪਾਉਣ ਤੋਂ ਪਹਿਲਾਂ ਉਸਨੇ “ਇਨਕਲਾਬ ਜ਼ਿੰਦਾਬਾਦ, ਹਿੰਦੁਸਤਾਨ ਆਜ਼ਾਦ ਹੋਵੇਗਾ” ਦੇ ਨਾਅਰੇ ਬੁਲੰਦ ਕੀਤੇ। ਉਸਦੀ ਆਖਰੀ ਇੱਛਾ ਸੀ ਕਿ ਉਸਦੀਆਂ ਅਸਥੀਆਂ ਭਾਰਤ ਲਿਆ ਕੇ ਸਤਲੁਜ ਦਰਿਆ ‘ਚ ਵਹਾ ਦਿੱਤੀਆਂ ਜਾਣ। ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ, 1975 ‘ਚ ਭਾਰਤ ਲਿਆਂਦੀਆਂ ਗਈਆਂ ਤੇ ਵੱਖੋ-ਵੱਖ ਸਥਾਨਾਂ ’ਤੇ ਜਲ ਪ੍ਰਵਾਹ ਕੀਤੀਆਂ ਗਈਆਂ।

    ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਚ ਸਦਾ ਲਈ ਦਰਜ ਹੋ ਚੁੱਕੀ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੀ ਸ਼ਾਨਾਮੱਤੀ ਦਾਸਤਾਨ ਦੇਸ਼ ਵਾਸੀਆਂ ਨੂੰ ਹਮੇਸ਼ਾ ਜਬਰ-ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ।

    ਬਹੁਪੱਖੀ ਸ਼ਖਸੀਅਤ ਦੇ ਰੌਸ਼ਨ ਪਹਿਲੂ

    ਗ਼ਦਰ ਲਹਿਰ ਦਾ ਨਾਅਰਾ ਸੀ “ਲਹੂ ਨਾਲ ਆਜ਼ਾਦੀ ਲੈਣੀ ਹੈ।” ਊਧਮ ਸਿੰਘ ਨੇ ਇਹ ਨਾਅਰਾ ਸੱਚ ਕਰ ਦਿਖਾਇਆ।

    ਗ਼ਦਰੀਆਂ ਦੀ ਸਮਾਨਤਾਵਾਦੀ ਸਮਾਜ ਸਿਰਜਣ ਦੀ ਸੋਚ ਊਧਮ ਸਿੰਘ ਦੀ ਸ਼ਖਸੀਅਤ ਦਾ ਅਨਿੱਖੜਵਾਂ ਅੰਗ ਹੈ। ਬਦਕਿਸਮਤੀ ਨਾਲ ਇਹ ਪੱਖ ਵੱਡੀ ਪੱਧਰ ‘ਤੇ ਅਣਗੌਲਿਆ ਕਰ ਦਿੱਤਾ ਗਿਆ ਹੈ। ਇਉਂ ਹੀ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਵੀ ਉਨ੍ਹਾਂ ਦੀ ਹਸਤੀ ‘ਤੇ ਬਹੁਤ ਡੂੰਘਾ ਪ੍ਰਭਾਵ ਰਿਹਾ ਹੈ। ਇਸ ਬਾਰੇ ਵੀ ਬਹੁਤੀ ਗੱਲ ਨਹੀਂ ਕੀਤੀ ਜਾਂਦੀ। ਦਰਅਸਲ, ਊਧਮ ਸਿੰਘ ਦਾ ਇਕੋ ਪੱਖ, ਉਸ ਵਲੋਂ ਲੰਦਨ ਜਾ ਕੇ ‘ਜਲ੍ਹਿਆਂਵਾਲਾ ਬਾਗ਼ ਹੱਤਿਆ ਕਾਂਡ’ ਦਾ ਬਦਲਾ ਲੈਣਾ, ਜੋ ਬਿਨਾਂ ਸ਼ੱਕ ਵੱਡਾ ਦਲੇਰਾਨਾ ਕਾਰਨਾਮਾ ਸੀ, ਹੀ ਉਭਾਰਿਆ ਜਾ ਰਿਹਾ ਹੈ। ਉਸ ਦੀ ਮਾਨਵੀ ਸੋਚ ਅਤੇ ਜਮਾਤੀ ਦ੍ਰਿਸ਼ਟੀਕੋਣ ਜਾਣ-ਬੁੱਝ ਕੇ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ। ਯਾਦ ਕਰੋ ਊਧਮ ਸਿੰਘ ਨੇ ਅਦਾਲਤ ‘ਚ ਕਿਹਾ ਸੀ, “ਮੇਰੀ ਅੰਗ੍ਰੇਜ਼ ਕੌਮ ਨਾਲ ਕੋਈ ਦੁਸ਼ਮਣੀ ਨਹੀਂ, ਬਲਕਿ ਅਣਗਿਣਤ ਅੰਗ੍ਰੇਜ਼ ਕਿਰਤੀ ਤਾਂ ਮੇਰੇ ਮਿੱਤਰ ਹਨ। ਮੇਰੀ ਲੜਾਈ ਤਾਂ ਬ੍ਰਿਟਿਸ਼ ਸਾਮਰਾਜ ਨਾਲ ਹੈ ਜਿਸ ਨੇ ਮੇਰੇ ਦੇਸ਼ ਨੂੰ ਕੰਗਾਲ ਤੇ ਖੋਖਲਾ ਕਰ ਦਿੱਤਾ ਹੈ।” ਇਹ ਬਿਆਨ ਉਸ ਦੀ ਵਿਸ਼ਾਲ ਮਾਨਵੀ ਸੋਚ ਦੀ ਝਲਕ ਮਾਤਰ ਹੈ।

    ਅਦੁਤੀ ਸ਼ਹੀਦੀ ਦਾ ਅਜੋਕਾ ਮਹੱਤਵ

    ਇਸ ਨੂੰ ਭਾਰਤ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਸਾਲ 2014 ਤੋਂ ਲੈ ਕੇ ਹੁਣ ਤਾਈਂ ਭਾਰਤ ਦੀ ਕੇਂਦਰੀ ਸੱਤਾ ‘ਤੇ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਕਬਜਾ ਜਮਾਈ ਬੈਠਾ ਹੈ | ਆਰ.ਐਸ.ਐਸ. ਦੀ ਸਥਾਪਨਾ, ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਤੋਂ ਤਕਰੀਬਨ ਛੇ ਸਾਲ ਪਿਛੋਂ, 1925 ‘ਚ ਦੁਸ਼ਹਿਰੇ ਵਾਲੇ ਦਿਨ ਹੋਈ ਸੀ। ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਨੇ ਊਧਮ ਸਿੰਘ ਹੀ ਨਹੀਂ, ਉਸ ਵਰਗੇ ਲੱਖਾਂ ਭਾਰਤੀ ਨੌਜਵਾਨਾਂ ਦੇ ਮਨ ਅੰਗ੍ਰੇਜ਼ ਸਾਮਰਾਜ ਖਿਲਾਫ ਡਾਢੀ ਘ੍ਰਿਣਾ ਨਾਲ ਨੱਕੋ-ਨੱਕ ਭਰ ਦਿੱਤੇ ਸਨ। ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਦੇ ਪ੍ਰਭਾਵ ਅਧੀਨ ਦੇਸ਼ ਭਰ ‘ਚ ਫਿਰਕੂ ਇਕਸੁਰਤਾ, ਭਾਈਚਾਰਕ ਸਾਂਝ ਅਤੇ ਦੇਸ਼ ਵਾਸੀਆਂ ਦੀ ਸੁਤੰਤਰਤਾ ਦੀ ਤਾਂਘ ਨੂੰ ਵੀ ਖੰਭ ਲੱਗ ਗਏ ਸਨ। ਬ੍ਰਿਟਿਸ਼ ਸਾਮਰਾਜ ਤਾਂ ਉਕਤ ਘਿਨਾਉਣੇ ਹੱਤਿਆਕਾਂਡ ਰਾਹੀਂ ਭਾਰਤੀਆਂ ਨੂੰ ਦਹਿਸ਼ਤਜ਼ਦਾ ਕਰਨਾ ਲੋਚਦਾ ਸੀ, ਪਰ ਉਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਸੀ। ਸਾਮਰਾਜ, ਭਾਰਤੀਆਂ ਦੇ ਪੀਡੇ ਹੋ ਰਹੇ ਏਕੇ ਅਤੇ ਸੁਤੰਤਰਤਾ ਸੰਗਰਾਮ ਦੀ ਚੜ੍ਹਦੀ ਕਲਾ ਤੋਂ ਭੈਭੀਤ ਹੋ ਗਿਆ ਸੀ। ਸਾਮਰਾਜ ਨੇ ਇਸ ਹਾਲਾਤ ਨਾਲ ਨਜਿੱਠਣ ਲਈ “ਪਾੜੋ ਤੇ ਰਾਜ ਕਰੋ” ਦਾ ਆਪਣਾ ਅਜਮਾਇਆ ਹੋਇਆ ਨੁਸਖਾ ਫੇਰ ਵਰਤਣ ਦੀ ਪੱਕੀ ਧਾਰ ਲਈ ਸੀ। ਆਰ.ਐਸ.ਐਸ., ਸਾਮਰਾਜੀ ਹਾਕਮਾਂ ਦੀ ਇਸੇ ਮੰਦੀ ਸੋਚ ਦੀ ਪੈਦਾਇਸ਼ ਸੀ, ਜੋ ਆਪਣੇ ਜਨਮ ਵੇਲੇ ਤੋਂ ਹੀ ਦੇਸ਼ ‘ਚ ਫਿਰਕੂ ਜ਼ਹਿਰ ਫੈਲਾਉਂਦਾ ਆ ਰਿਹਾ ਹੈ ਅਤੇ ਇਸ ਨੇ ਆਪਣੇ ਇਹ ਸ਼ਰਮਨਾਕ ਕਾਰੇ ਅੱਜ ਵੀ ਬਾਦਸਤੂਰ ਜਾਰੀ ਰੱਖੇ ਹੋਏ ਹਨ। ਆਰ.ਐਸ.ਐਸ. ਵਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ ਦੀ ਸਪੱਸ਼ਟ ਵਿਰੋਧਤਾ ਕਰਦਿਆਂ ‘ਨਾਮ ਨਿਹਾਦ ਹਿੰਦੂ ਰਾਸ਼ਟਰ’ ਦੀ ਸਥਾਪਨਾ ਦਾ ਨਿਸ਼ਾਨਾ ਮਿਥਿਆ ਗਿਆ ਸੀ। ਆਰ.ਐਸ.ਐਸ. ਦੇ ਵਿਚਾਰਕਾਂ ਨੇ ਸਾਫ ਕਿਹਾ ਸੀ, “ਅੰਗ੍ਰੇਜ਼ ਸਾਮਰਾਜ ਵਿਰੁੱਧ ਲੜਦਿਆਂ ਆਪਣੀ ਤਾਕਤ ਜਾਇਆ ਨਾ ਕਰੋ, ਸਾਡੇ ਅਸਲੀ ਦੁਸ਼ਮਣ ਮੁਸਲਮਾਨ, ਈਸਾਈ ਤੇ ਕਮਿਊਨਿਸਟ ਹਨ।”

    ਮਾਮੂਲੀ ਸਮਝ ਰੱਖਣ ਵਾਲਾ ਕੋਈ ਵੀ ਇਨਸਾਨ ਇਹ ਸਹਿਜੇ ਹੀ ਸਮਝ ਸਕਦਾ ਹੈ ਕਿ ਆਰ.ਐਸ.ਐਸ. ਦਾ ਉਕਤ ਨਿਸ਼ਾਨਾ ਤੇ ਨੀਤੀ-ਬਿਆਨ ਸ਼ਹੀਦ ਊਧਮ ਸਿੰਘ ਦੇ ਵਿਚਾਰਾਂ ਦੇ ਐਨ ਉਲਟ ਹੈ। ਊਧਮ ਸਿੰਘ ਵਲੋਂ ਆਪਣਾ ਨਾਂ “ਮੁਹੰਮਦ ਸਿੰਘ ਆਜ਼ਾਦ” ਰੱਖ ਲੈਣਾ ਉਸ ਦੀ ਸਾਮਰਾਜ ਤੇ ਫਿਰਕਾਪ੍ਰਸਤੀ ਵਿਰੋਧੀ, ਮਾਨਵੀ ਸੋਚ ਨੂੰ ਸਪੱਸ਼ਟ ਉਜਾਗਰ ਕਰਦਾ ਹੈ। ਅਦਾਲਤ ‘ਚ ਉਸ ਵਲੋਂ ਦਿੱਤੇ ਗਏ ਬਿਆਨ ਅਸਾਡੀ ਸੋਚ ਨੂੰ ਝੰਜੋੜਦੇ ਹਨ। ਅਜੋਕੇ ਹਾਲਾਤ ਸਾਨੂੰ ਸਪੱਸ਼ਟ ਹਦਾਇਤ ਕਰ ਰਹੇ ਹਨ ਕਿ ਗ਼ਦਰੀ ਸੂਰਬੀਰਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਅਤੇ ਸ਼ਹੀਦ ਊਧਮ ਸਿੰਘ ਵਲੋਂ ਵਿੱਢੀ ਅਤੇ ਆਨ- ਬਾਨ-ਸ਼ਾਨ ਨਾਲ ਲੜੀ ਗਈ ਸਾਮਰਾਜੀ ਲੁੱਟ-ਖਸੁੱਟ, ਦਖ਼ਲ- ਦਾਬੇ ਖ਼ਿਲਾਫ਼ ਜੰਗ ਹਾਲੇ ਮੁੱਕੀ ਨਹੀਂ। ਬਲਕਿ ਬਦਲੇ ਆਲਮੀ ਤੇ ਕੌਮੀ ਹਾਲਾਤ ਅਨੁਸਾਰ, ਨਵੇਂ-ਨਵੇਂ ਰੂਪਾਂ ‘ਚ ਪਲੋ-ਪਲ ਪਹਿਲਾਂ ਨਾਲੋਂ ਵੀ ਹੋਰ ਵਧੇਰੇ ਤਿੱਖੀ ਹੁੰਦੀ ਜਾ ਰਹੀ ਹੈ। ਬਸਤੀਵਾਦ ਦੇ ਖਾਤਮੇ ਤੋਂ ਪਿੱਛੋਂ ਸਾਮਰਾਜ ਨੇ ਨਵ-ਬਸਤੀਵਾਦ ਦੀ ਸ਼ਕਲ ‘ਚ ਦੁਨੀਆਂ ਭਰ ਦੀ ਲੁੱਟ ਕਰਨ ਦਾ ਨਵਾਂ ਹਥਿਆਰ ਘੜ ਲਿਆ ਹੈ। ਊਧਮ ਸਿੰਘ ਅਤੇ ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਦੇ ਸਭ ਤੋਂ ਸ਼ਕਤੀਸ਼ਾਲੀ ਸਬਕਾਂ ਚੋਂ ਇਕ ਫਿਰਕੂ ਇਕਸੁਰਤਾ ਵੀ ਅੱਜ ਭਾਰੀ ਖਤਰੇ ‘ਚ ਹੈ। ਯਾਦ ਰਹੇ ਜਮਾਤੀ ਇਕਜੁੱਟਤਾ ਕਾਇਮ ਕਰਨ ਲਈ = ਫਿਰਕੂ ਇਕਸੁਰਤਾ ਦਾ ਵਜੂਦ ਕਾਇਮ ਰਹਿਣਾ ਨਿਹਾਇਤ ਜਰੂਰੀ ਹੈ।

    ਬਹਰਹਾਲ, ਸ਼ਹੀਦ ਊਧਮ ਸਿੰਘ ਨੇ ਸਾਨੂੰ ਇਹ ਸਿਖਾਇਆ ਹੈ – ਕਿ ਇਨਕਲਾਬੀ ਧਰਮ, ਜਾਤ, ਖਿੱਤੇ, ਭਾਸ਼ਾ ਅਤੇ ਲਿੰਗਕ – ਮਤਭੇਦ ਨਹੀਂ ਮੰਨਦੇ। ਮਾਨਵਤਾ ਦੀ ਲੁੱਟ-ਖਸੁੱਟ, ਜਬਰ-ਜਿੱਲਤ – ਤੋਂ ਆਜ਼ਾਦੀ ਅਤੇ ਲੋਕ ਭਲਾਈ ਉਨ੍ਹਾਂ ਦਾ ਅੰਤਮ ਉਦੇਸ਼ ਹੁੰਦਾ ਹੈ।

    ਸ਼ਹੀਦ ਊਧਮ ਸਿੰਘ ਸਿਰਫ਼ ਕ੍ਰਾਂਤੀ ਦਾ ਸਸ਼ਕਤ ਪ੍ਰਤੀਕ ਹੀ ਨਹੀਂ ਸਗੋਂ ਇਕ ਵਿਚਾਰਧਾਰਾ ਦਾ ਹਰਕਾਰਾ ਹੈ। ਸਾਮਰਾਜ ਖਿਲਾਫ਼ ਅਡੋਲ ਖੜ੍ਹੇ ਹੋਣ ਤੇ ਬੇਖੌਫ਼ ਜੂਝਣ ਦੀ ਵਿਚਾਰਧਾਰਾ ਦਾ ਸੰਦੇਸ਼ਵਾਹਕ ਹੈ। ਫਿਰਕਾਪ੍ਰਸਤੀ ਦੀ ਬਲਦੀ ਅੱਗ ‘ਚ ਇਨਸਾਨੀਅਤ ਦੇ ਸੀਨੇ ‘ਚ ਭਾਈਚਾਰਕ ਸਾਂਝ ਦੀ ਠੰਢਕ ਪੁਚਾਉਣ ਵਾਲਾ ਝਰਨਾ ਹੈ। ਗ਼ਦਰੀਆਂ ਦੇ ਉਸ ਪਾਕ-ਪਵਿੱਤਰ – ਖੂਨ ਦਾ ਕਤਰਾ ਹੈ, ਜਿਸ ਰਾਹੀਂ ਆਜ਼ਾਦੀ ਦੀ ਫਸਲ ਸਿੰਜੀ ਗਈ ਸੀ । ਉਸਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਆਸਾਨੀ ਨਾਲ ਨਹੀਂ ਮਿਲਦੀ। ਉਸ ਲਈ ਸਹੁੰ ਚੁੱਕਣੀ ਤੇ ਤੋੜ ਨਿਭਾਉਣੀ ਪੈਂਦੀ ਹੈ। ਸਬਰ-ਸਿਦਕ ਨਾਲ ਢੁਕਵੇਂ ਮੌਕੇ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਸਭ ਤੋਂ ਵਧ ਕੇ ਲੋੜ ਪੈਣ ‘ਤੇ ਜਾਨ ਦੀ ਬਾਜ਼ੀ ਵੀ ਲਾਉਣੀ ਪੈਂਦੀ ਹੈ। ਸ਼ਹੀਦ ਊਧਮ ਸਿੰਘ ਦਾ ਨਾਂ ਰਹਿੰਦੀ ਦੁਨੀਆ ਤੱਕ ਧਰੂ ਤਾਰੇ ਵਾਂਗ ਚਮਕਦਾ ਰਹੇਗਾ।

    ਇਨਕਲਾਬ ਜ਼ਿੰਦਾਬਾਦ ! ਸਾਮਰਾਜਵਾਦ ਮੁਰਦਾਬਾਦ !!

    ਫਿਰਕ-ਫਾਸ਼ੀਵਾਦ ਹੋ ਬਰਬਾਦ !!!

  • ਦੇਸ਼ ਭਗਤ ਯਾਦਗਾਰ ਹਾਲ ’ਚ ਸਿਖਿਆਰਥੀ ਚੇਤਨਾ ਕੈਂਪ 28 ਤੋਂ 30 ਅਗਸਤ ਤੱਕ

    ਦੇਸ਼ ਭਗਤ ਯਾਦਗਾਰ ਹਾਲ ’ਚ ਸਿਖਿਆਰਥੀ ਚੇਤਨਾ ਕੈਂਪ 28 ਤੋਂ 30 ਅਗਸਤ ਤੱਕ

    ਜਲੰਧਰ: ​ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ’ਚ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਅਗਲੇ ਮਹੀਨਿਆਂ ਦੀਆਂ ਸਰਗਰਮੀਆਂ ਉਲੀਕੀਆਂ ਗਈਆਂ। ਦੇਸ਼ ਭਗਤ ਯਾਦਗਾਰ ਹਾਲ ’ਚ ਹਰ ਵਰ੍ਹੇ ਲੱਗਦਾ ਸਿਖਿਆਰਥੀ ਚੇਤਨਾ ਕੈਂਪ ਇਸ ਵਾਰ 28, 29, 30 ਅਗਸਤ 2026 ਦਿਨ ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਹੋਏਗਾ।
    ਇਸ ਕੈਂਪ ਵਿੱਚ ਵਿਸ਼ੇਸ਼ ਕਰਕੇ ਤਿੰਨ ਮਹੱਤਵਪੂਰਣ ਵਿਸ਼ਿਆਂ ਉਪਰ ਭਾਸ਼ਣ ਹੋਣਗੇ ਅਤੇ ਉਪਰੰਤ ਸਿਖਿਆਰਥੀਆਂ ਨਾਲ ਸੁਆਲ-ਜਵਾਬ ਅਤੇ ਗੰਭੀਰ ਵਿਚਾਰਾਂ ਹੋਣਗੀਆਂ।
    ਕੈਂਪ ਦੇ ਉਦਘਾਟਨੀ ਸਮਾਰੋਹ ਮੌਕੇ 28 ਅਗਸਤ ਨੂੰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਅਮਰੀਕੀ ਸਾਮਰਾਜੀਆਂ ਅੱਗੇ ਗੋਡੇ ਟੇਕ ਕੇ ਭਾਰਤੀ ਲੋਕਾਂ ਉਪਰ ਮੜ੍ਹੀ ਜਾ ਰਹੀ ‘ਖੁੱਲ੍ਹੀ ਵਪਾਰ ਨੀਤੀ ਦੇ ਭਾਰਤੀ ਲੋਕਾਂ ਦੇ ਸਿਰ ’ਤੇ ਮੰਡਰਾ ਰਹੇ ਖ਼ਤਰਿਆਂ’ ਬਾਰੇ ਸਿਖਿਆਰਥੀਆਂ ਨਾਲ ਵਿਚਾਰ ਸਾਂਝੇ ਕਰਨਗੇ।
    28 ਅਗਸਤ ਪਹਿਲੇ ਦਿਨ ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਨੂੰ ਸਿਜਦਾ ਕਰਦੇ ਹੋਏ ‘ਆਜ਼ਾਦੀ ਦੀ ਜਦੋ ਜਹਿਦ ’ਚ ਇਨਕਲਾਬੀ ਲਹਿਰਾਂ ਦੀ ਭੂਮਿਕਾ, ਉਸਦਾ ਉਦੇਸ਼ ਅਤੇ ਉਸ ਉਦੇਸ਼ ਨੂੰ ਰੋਲਣ ਲਈ ਫਾਸ਼ੀ ਹੱਲਾ’ ਵਿਸ਼ੇ ਉਪਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਸਿਖਿਆਰਥੀਆਂ ਦੇ ਰੂਬਰੂ ਹੋਣਗੇ।
    29 ਅਗਸਤ ਨੂੰ ਦੋ ਸੈਸ਼ਨ ਹੋਣਗੇ। ਪਹਿਲੇ ਸੈਸ਼ਨ ’ਚ ਸਿੱਖਿਆ ਸਿਲੇਬਸ ਵਿੱਚ ਗੈਰ-ਵਿਗਿਆਨਕ, ਮਿਥਿਹਾਸਕ ਵਿਸ਼ੇ ਸ਼ਾਮਲ ਕਰਨ, ਦੁਨੀਆਂ ਅਤੇ ਸਾਡੇ ਮੁਲਕ ਦੇ ਇਨਕਲਾਬੀ ਇਤਿਹਾਸ ਦੀ ਫੱਟੀ ਪੋਚਣ ਪਿੱਛੇ ਕੰਮ ਕਰਦੇ ਗੁੱਝੇ ਮੰਤਵਾਂ ਅਤੇ ਸਾਡੇ ਫ਼ਰਜ਼ਾਂ ਬਾਰੇ ਵਿਚਾਰ ਸਾਂਝੇ ਕਰਨਗੇ ਪੰਜਾਬ ਦੇ ਜਾਣੇ-ਪਹਿਚਾਣੇ ਤਰਕਸ਼ੀਲ ਆਗੂ ਰਾਜਿੰਦਰ ਭਦੌੜ।
    ਦੂਜੇ ਸੈਸ਼ਨ ਵਿੱਚ ਨੌਜਵਾਨ ਪੀੜ੍ਹੀ ਉਪਰ ਸੋਸ਼ਲ ਮੀਡੀਆ ਅਤੇ ਨਵੀਂ ਸੂਚਨਾ ਸੰਚਾਰ ਪ੍ਰਣਾਲੀ ਰਾਹੀਂ ਬੋਲੇ ਮਾਰੂ ਹੱਲੇ ਦੇ ਘਾਤਕ ਨਤੀਜਿਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਸਾਂਝੇ ਕਰਨਗੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ।
    ਤੀਜੇ ਅਤੇ ਸਿਖਰਲੇ ਦਿਨ 30 ਅਗਸਤ ਐਤਵਾਰ ਨੂੰ ਸਿਖਿਆਰਥੀ ਚੇਤਨਾ ਕੈਂਪ ਬਾਰੇ ਸਿਖਿਆਰਥੀਆਂ ਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਏਗਾ। ਸਿਖਿਆਰਥੀਆਂ ਨੂੰ ਕਮੇਟੀ ਵੱਲੋਂ ਪ੍ਰਮਾਣ-ਪੱਤਰ ਅਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨਤ ਕੀਤਾ ਜਾਏਗਾ।
    ਬੋਰਡ ਆਫ਼ ਟਰੱਸਟ ਨੇ ਇਹ ਫੈਸਲਾ ਵੀ ਕੀਤਾ ਕਿ 27 ਸਤੰਬਰ ਦਿਨ ਸ਼ਨਿਚਰਵਾਰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਦੀ ਬੌਧਿਕ ਪਰਪੱਕਤਾ ਅਤੇ ਇਨਕਲਾਬ ਦੇ ਸੂਹੇ ਚਿੰਨ੍ਹ ਵਜੋਂ ਅਮਰ ਦੇਣ ਉਪਰ ਆਪਣਾ ਕੁੰਜ਼ੀਵਤ ਭਾਸ਼ਣ ਦੇਣਗੇ ਉੱਘੇ ਵਿਦਵਾਨ ਸੁਮੇਲ ਸਿੱਧੂ।
    ਮੀਟਿੰਗ ’ਚ ਸਭਿਆਚਾਰਕ ਵਿੰਗ ਵੱਲੋਂ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਪਿੰਡਾਂ ਦੀ ਹੋਈ ਵਿਸ਼ੇਸ਼ ਮਿਲਣੀ ਮੌਕੇ ਸ਼ਤਾਬਦੀ ਮੁਹਿੰਮ ਅਤੇ ਮੇਲੇ ਦੀ ਜੋਸ਼-ਖਰੋਸ਼ ਨਾਲ ਤਿਆਰੀ ਵਿੱਚ ਜੁਟਣ ਅਤੇ ਉਸ ਵਿੱਚ ਜਨਤਕ ਸ਼ਮੂਲੀਅਤ ਦੇ ਹੁੰਗਾਰੇ ਉਪਰ ਤਸੱਲੀ ਪ੍ਰਗਟ ਕੀਤੀ ਗਈ ਅਤੇ ਪਿੰਡਾਂ ’ਚ ਕਾਫ਼ਲਾ ਲੈ ਕੇ ਜਾਣ ਬਾਰੇ ਵੀ ਵਿਚਾਰਾਂ ਹੋਈਆਂ।
    ਇਸ ਮੀਟਿੰਗ ’ਚ ਐਡਵੋਕੇਟ ਰਾਜਿੰਦਰ ਮੰਡ, ਐਡਵੋਕੇਟ ਐੱਨ.ਕੇ.ਜੀਤ, ਰਿਪਦੁਮਨ ਧੀਰ, ਦਰਸ਼ਨ ਮਾਈਸਰ ਖਾਨਾ, ਜਗਸੀਰ ਸੀਰਾ ਪਿੰਡ ਗਿੱਦੜ (ਬਠਿੰਡਾ), ਕਾਮਰੇਡ ਸੁਰਿੰਦਰ ਤਿਵਾੜੀ, ਕਾਮਰੇਡ ਅਜਾਇਬ ਸਿੰਘ, ਸਵਰਨ ਭੰਗੂ, ਰੰਗਕਰਮੀ ਪ੍ਰਦੀਪ ਰਾਜਾ, ਨਾਜਰ ਸਿੰਘ ਸਿਹੌੜਾ, ਕਾਮਰੇਡ ਪ੍ਰੇਮ ਸਿੰਘ ਹਰਿਆਣਾ, ਕਾਮਰੇਡ ਗਿਆਨ ਚੰਦ ਨਵਾਂ ਜ਼ਮਾਨਾ ਦੇ ਵਿਛੋੜੇ ’ਤੇ ਪਰਿਵਾਰਾਂ, ਸਾਕ-ਸਬੰਧੀਆਂ, ਸੰਗੀ-ਸਾਥੀਆਂ ਨਾਲ ਕਮੇਟੀ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ ਅਤੇ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਦਿੱਤੀ।
    ਮੀਟਿੰਗ ਦੇ ਫੈਸਲਿਆਂ ਬਾਰੇ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਸਾਂਝੀ ਕੀਤੀ।

  • ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸਬੰਧੀ ਵਿਸ਼ੇਸ਼ ਮਿਲਣੀ ਦੌਰਾਨ ਕੀਤੀ ਵਿਚਾਰ-ਚਰਚਾ

    ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸਬੰਧੀ ਵਿਸ਼ੇਸ਼ ਮਿਲਣੀ ਦੌਰਾਨ ਕੀਤੀ ਵਿਚਾਰ-ਚਰਚਾ

    ਜਲੰਧਰ: ਆਜ਼ਾਦੀ ਸੰਗਰਾਮ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੀ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1926-2026) ਮਨਾਉਣ ਲਈ ਪ੍ਰਭਾਵਸ਼ਾਲੀ ਜਨਤਕ ਲਾਮਬੰਦੀ ਕਰਨ, ਧਰਤੀ ਨਾਲ ਜੁੜੀ ਮੁਹਿੰਮ ਚਲਾਉਣ ਅਤੇ ਇਸ ਮੁਹਿੰਮ ਦੇ ਸਿਖ਼ਰ ‘ਤੇ ਪਹਿਲੀ ਨਵੰਬਰ ਨੂੰ ਮੇਲਾ ਗ਼ਦਰੀ ਬਾਬਿਆਂ ਦਾ ਯਾਦਗਾਰੀ ਅੰਦਾਜ਼ ਵਿੱਚ ਮਨਾਉਣ ਲਈ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਪਰਿਵਾਰਾਂ, ਸੰਸਥਾਵਾਂ ਅਤੇ ਬੱਬਰਾਂ ਦੇ ਨਗਰਾਂ ਦੇ ਪ੍ਰਤੀਨਿਧਾਂ ਦੀ ਵਿਸ਼ੇਸ਼ ਮਿਲਣੀ ਕੀਤੀ ਗਈ।
    ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਬੱਬਰ ਲਹਿਰ ਦੇ ਸੂਰਮੇ ਅਮਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਸ਼ਬਦ ਕਹੇ ਅਤੇ ਸਭਨਾਂ ਨੇ ਖੜ੍ਹੇ ਹੋ ਕੇ ਬੱਬਰ ਸ਼ਹੀਦਾਂ ਨੂੰ ਸਿਜਦਾ ਕੀਤਾ। ਜਨਰਲ ਸਕੱਤਰ ਨੇ ਅਪੀਲ ਕੀਤੀ ਕਿ ਤੁਹਾਡੇ ਸਹਿਯੋਗ ਨਾਲ ਹੀ ਸ਼ਤਾਬਦੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹੀ ਜਾ ਸਕਦੀ ਹੈ।
    ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ਦਾ ਮੰਤਵ, ਕਾਰਜ਼ ਅਤੇ ਇਸ ਮੁਹਿੰਮ ਵਿੱਚ ਕਮੇਟੀ, ਬੱਬਰਾਂ ਦੇ ਪਿੰਡਾਂ, ਪਰਿਵਾਰਾਂ ਦੀ ਜੋਟੀ ਸਦਕਾ ਸਾਹਮਣੇ ਆਉਣ ਵਾਲੀ ਇਤਿਹਾਸਕ ਭੂਮਿਕਾ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਲੋਕਾਂ ਦੀ ਭਰਵੀਂ ਸ਼ਮੂਲੀਅਤ ਨਾਲ ਹੀ ਹੋਏਗੀ ਮੇਲੇ ਦੀ ਵਿਲੱਖਣ ਪ੍ਰਾਪਤੀ।
    ਬੱਬਰਾਂ ਦੇ ਵੱਖ-ਵੱਖ ਪਿੰਡਾਂ ਤੋਂ ਆਏ 50 ਤੋਂ ਵੱਧ ਪ੍ਰਤੀਨਿਧਾਂ ਨੇ ਬਹੁਤ ਹੀ ਅਮੁੱਲੜੇ ਵਿਚਾਰ ਸਾਂਝੇ ਕੀਤੇ। ਮੁਹਿੰਮ ਨੂੰ ਖਿੱਚ ਭਰਪੂਰ ਬਣਾਉਣ, ਲੋਕਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਕਰਨ ਲਈ ਠੋਸ ਰਾਵਾਂ ਅਤੇ ਸੁਝਾਅ ਦਿੱਤੇ। ਬੱਬਰ ਇਤਿਹਾਸ ਅਤੇ ਅਜੋਕੇ ਸਮੇਂ ਦੇ ਭਖ਼ਵੇਂ ਸੁਆਲਾਂ ਨੂੰ ਸੰਬੋਧਤ ਹੁੰਦੇ ਹੋਏ ਸ਼ਹੀਦਾਂ ਦੇ ਪਰਿਵਾਰਾਂ, ਪਿੰਡਾਂ, ਇਲਾਕਿਆਂ ਵਿੱਚ ਬਣੀਆਂ ਕਮੇਟੀਆਂ ਦੇ ਨੁੰਮਾਇੰਦਿਆਂ ਨੇ ਕਿਹਾ ਕਿ 100 ਵਰ੍ਹੇ ਬਾਅਦ ਬੱਬਰਾਂ ਦੀ ਅਦੁੱਤੀ ਦੇਣ ਹੋਰ ਵੀ ਤਿੱਖੀ ਤਰ੍ਹਾਂ ਪ੍ਰਸੰਗਕ ਹੈ। ਉਹਨਾਂ ਕਿਹਾ ਕਿ ਉਹ ਜੀਅ ਜਾਨ ਲਗਾ ਕੇ ਬੱਬਰਾਂ ਦੇ ਚੌਮੁਖੀਆ ਚਿਰਾਗ਼ ਨੂੰ ਜਗਦਾ ਰੱਖਣਗੇ।
    ਬੁਲਾਰਿਆਂ ਨੇ ਕਿਹਾ ਕਿ ਬੱਬਰਾਂ ਨੇ ਜਿਵੇਂ ਤਨ, ਮਨ, ਧਨ ਸਭ ਕੁੱਝ ਆਜ਼ਾਦੀ ਲਹਿਰ ਲਈ ਕੁਰਬਾਨ ਕਰ ਦਿੱਤਾ। ਫਾਂਸੀਆਂ, ਉਮਰ ਕੈਦ, ਕਾਲ਼ੇ ਪਾਣੀ, ਤਸ਼ੱਦਦ ਝੱਲੇ ਉਹਨਾਂ ਦੇ ਪਰਿਵਾਰਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਪਰ ਬੇਹੱਦ ਦੁੱਖ਼ ਦੀ ਗੱਲ ਹੈ ਕਿ ਅੱਜ 100 ਵਰ੍ਹੇ ਮਗਰੋਂ ਬਦੇਸ਼ੀ ਸਾਮਰਾਜੀਏ, ਦੇਸੀ ਕਾਰਪੋਰੇਟ ਘਰਾਣੇ ਅਤੇ ਵੰਨ-ਸੁਵੰਨੀਆਂ ਲੋਟੂ ਹਾਕਮ ਜਮਾਤਾਂ ਲੋਕਾਂ ਦੇ ਮੋਢਿਆਂ ਉਪਰ ਸਵਾਰ ਹਨ।
    ਬੁਲਾਰਿਆਂ ਕਿਹਾ ਕਿ ਲੋਕਾਂ ਉਪਰ ਕਹਿਰ ਬਣਕੇ ਵਰ੍ਹ ਰਿਹਾ ਫਾਸ਼ੀ ਹੱਲਾ, ਲੋਕਾਂ ਦੇ ਮੁੱਢਲੇ ਹੱਕਾਂ ਉਪਰ ਬੁਲਡੋਜ਼ਰ ਚਾੜ੍ਹ ਰਿਹੈ, ਦੋਮ ਦਰਜ਼ੇ ਦੇ ਮੁੱਦੇ ਜਾਣ ਬੁੱਝਕੇ ਉਭਾਰ ਰਿਹਾ ਹੈ ਇਸ ਲਈ ਬੱਬਰਾਂ ਦੇ ਇਤਿਹਾਸ ਨੂੰ ਸਿਰਫ਼ ਯਾਦ ਕਰਨਾ ਹੀ ਕਾਫ਼ੀ ਨਹੀਂ। ਅਸਲ ਗੱਲ ਤਾਂ ਇਹ ਲੋੜੀਂਦੀ ਹੈ ਕਿ ਉਹ ਜਿਸ ਮਿਸ਼ਨ ਆਜ਼ਾਦੀ, ਜਮਹੂਰੀਅਤ, ਬਰਾਬਰੀ, ਸਾਂਝੀਵਾਲਤਾ ਅਤੇ ਨਿਆਂ ਲਈ ਲੜੇ ਉਸਦੀ ਪੂਰਤੀ ਲਈ ਲੱਕ ਬੰਨ੍ਹ ਕੇ ਤੁਰਿਆ ਜਾਵੇ।
    ਵਿਚਾਰ-ਚਰਚਾ ਉਪਰੰਤ ਸਾਰ-ਤੱਤ ਪੇਸ਼ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਕਿਹਾ ਕਿ ਬੱਬਰ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਲਈ ਕੁਝ ਠੋਸ ਕਦਮ ਚੁੱਕਣ ਦੀ ਲੋੜ ਹੈ। ਮਸਲਨ ਹਰ ਪਿੰਡ ਬੱਬਰਾਂ ਦੀਆਂ ਤਸਵੀਰਾਂ ਅਤੇ ਵੇਰਵੇ ਦੀਆਂ ਫਲੈਕਸਾਂ ਲੱਗਣ, ਪਿੰਡਾਂ/ਇਲਾਕਿਆਂ ‘ਚ ਕਮੇਟੀਆਂ ਜੱਥੇਬੰਦ ਕੀਤੀਆਂ ਜਾਣ। ਪਿੰਡਾਂ/ਇਲਾਕਿਆਂ ‘ਚ ਢੁਕਵੀਆਂ ਵਿਧੀਆਂ ਰਾਹੀਂ ਸਰਗਰਮੀਆਂ ਕੀਤੀਆਂ ਜਾਣ। ਢੁਕਵੀਆਂ ਪ੍ਰਚਾਰ ਸਮੱਗਰੀ ਲੋਕਾਂ ‘ਚ ਲਿਜਾਈ ਜਾਏ। ਗ਼ਦਰੀ ਬਾਬਿਆਂ ਦੇ ਮੇਲੇ ‘ਚ ਲੰਗਰ, ਵਲੰਟੀਅਰ ਅਤੇ ਲੋਕ-ਸ਼ਮੂਲੀਅਤ ਵੱਡੀ ਪੱਧਰ ‘ਤੇ ਕਰਾਉਣ ਲਈ ਬੱਬਰਾਂ ਦੇ ਪਿੰਡ ਅਤੇ ਸੰਸਥਾਵਾਂ ਅੱਗੇ ਆਉਣ।
    ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਡਾ. ਸੈਲੇਸ਼ ਤੋਂ ਇਲਾਵਾ ਪੰਜ ਦਰਜਣ ਦੇ ਕਰੀਬ ਪ੍ਰਤੀਨਿਧਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਿਲਣੀ ਨੂੰ ਕਾਮਯਾਬ ਕਰਨ ਲਈ ਨਿੱਗਰ ਸੁਝਾਅ ਦਿੱਤੇ। ਜਿਹਨਾਂ ਲਈ ਕਮੇਟੀ ਆਗੂਆਂ ਨੇ ਸਭਨਾਂ ਦਾ ਧੰਨਵਾਦ ਕੀਤਾ।
    ਇਸ ਮੌਕੇ ਵਿਜੈ ਬੰਬੇਲੀ ਦੀ ਪੁਸਤਕ ‘ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲਦਿਆਂ’ ਬੱਬਰਾਂ ਦੇ ਪਰਿਵਾਰਾਂ ਅਤੇ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਭੇਂਟ ਕੀਤੀ ਗਈ।

  • ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋ ਦਿਨ ਕਰਜ਼ਾਈ ਕਰਨ ਵੱਲ ਤੁਰੀ, 31 ਜੁਲਾਈ ਨੂੰ ਤਰਨ ਤਾਰਨ ਪੁੱਜਣ ਦਾ ਸੱਦਾ

    ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋ ਦਿਨ ਕਰਜ਼ਾਈ ਕਰਨ ਵੱਲ ਤੁਰੀ, 31 ਜੁਲਾਈ ਨੂੰ ਤਰਨ ਤਾਰਨ ਪੁੱਜਣ ਦਾ ਸੱਦਾ

    ਨੌਸ਼ਹਿਰਾ ਪੰਨੂਆ: ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋ ਦਿਨ ਕਰਜ਼ਈ ਕਰਨ ਵੱਲ ਤੁਲੀ ਹੋਈ ਹੈ ਅਤੇ ਆਪਣੀਆਂ ਮਨ ਮਰਜ਼ਈਆਂ ਕਰਨ ਲਈ ਕਰੋੜਾਂ ਰੁਪਏ ਦਾ ਕਰਜ਼ਾ ਪੰਜਾਬ ਸਿਰ ਚਾੜਿਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਅਰਥ ਅਵਸਥਾ ਨਿਗਰਦੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਇਥੇ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਦੀ ਪ੍ਰਧਾਨਗੀ ਡਾਕਟਰ ਅਸ਼ਵਨੀ ਕੁਮਾਰ ਨੇ ਕੀਤੀ। ਜਾਮਾਰਾਏ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ। ਇਹਨਾਂ ਦੋਹਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਅਤੇ ਆਮ ਵਰਗ ਵਿਰੋਧੀ ਹਨ। ਉਹਨਾਂ ਕਿਹਾ ਕਿ ਮੁਕਤ ਵਪਾਰ ਸਮਝੌਤੇ ਦੇ ਖਿਲਾਫ ਪਾਰਟੀ ਤਿੱਖਾ ਸੰਘਰਸ਼ ਲੜਨ ਲਈ ਲੋਕਾਂ ਨੂੰ ਲਾਮਬੰਦ ਕਰੇਗੀ। ਉਹਨਾਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰ ਅਤੇ ਨੌਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਹਕੀਕਤ ਵਿਚ ਕੁੱਝ ਨਹੀਂ ਕੀਤਾ ਜਾ ਰਿਹਾ। ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ। ਨੌਜਵਾਨ ਪੀੜੀ ਰੁਜਗਾਰ ਦੀ ਥਾਂ ਡਾਂਗਾਂ ਖਾ ਰਹੀ ਹੈ। ਪੰਜਾਬ ਅੰਦਰ ਗੁਰੂਆਂ,ਪੀਰਾਂ, ਦੇਸ਼ ਭਗਤਾਂ ਦੀ ਧਰਤੀ ਤੇ ਨਸ਼ੇ, ਲੁੱਟਾਂ, ਖੋਹਾਂ, ਕਤਲੋਗਾਰਦ, ਡਕੈਤੀਆ ਨਿੱਤ ਦਿਨ ਹੋ ਰਹੀਆਂ ਹਨ। ਪੰਜਾਬ ਦੀ ਪੁਲਿਸ ਲਚਾਰ ਹੋਈ ਬੈਠੀ ਹੈ ਥਾਣਿਆਂ ਅੰਦਰ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ। ਜਮਾਰਾਏ ਨੇ ਕਿਹਾ ਕਿ ਇਹਨਾਂ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਲੋਕ ਲਹਿਰ ਉਸਾਰਨ ਦੀ ਅਹਿਮ ਲੋੜ ਹੈ।
    ਮੀਟਿੰਗ ਨੂੰ ਸੰਬੋਧਨ ਕਰਦਿਆ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਦਾ ਰਾਜ ਸਥਾਪਿਤ ਕਰਨ ਲਈ ਇਹਨਾਂ ਹਾਕਮਾਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦੀ ਅਹਿਮ ਲੋੜ ਹੈ। ਉਹਨਾਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ 31 ਜੁਲਾਈ ਨੂੰ ਤਰਨ ਤਾਰਨ ਵਿਖੇ ਕੀਤੇ ਜਾ ਰਹੇ ਸੈਮੀਨਾਰ ਚ ਪਹੁੰਚਣ ਦਾ ਸੱਦਾ ਦਿੱਤਾ।
    ਇਸ ਮੌਕੇ ਮਨਜੀਤ ਸਿੰਘ ਬੱਗੂ, ਅਮਰਤਪਾਲ ਸਿੰਘ ਚੌਧਰੀਵਾਲਾ, ਸਵਿੰਦਰ ਸਿੰਘ ਭੱਠਲ, ਬਲਬੀਰ ਸਿੰਘ ਦਰਗਾਪੁਰ, ਬਿੰਦਰ ਸਿੰਘ ਨੰਦਪੁਰ, ਗੁਰਵਿੰਦਰ ਸਿੰਘ ਠੱਠੀਆਂ, ਹਰਦੀਪ ਸਿੰਘ ਚੌਧਰੀਵਾਲਾ, ਨਿਰਭੈ ਸਿੰਘ ਜਵੰਦਾ, ਮਹੀਪਾਲ ਸਿੰਘ ਠੱਠੀਆਂ, ਸ਼ਮਸ਼ੇਰ ਸਿੰਘ ਚੌਧਰੀਵਾਲਾ ਆਦਿ ਹਾਜ਼ਰ ਸਨ।

  • ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਵਿਰੁੱਧਮਜ਼ਦੂਰ ਜਥੇਬੰਦੀਆਂ ਵੱਲੋਂ 5 ਅਗਸਤ ਨੂੰ ਜਲੰਧਰ ਵਿਖੇ ਰੈਲੀ ਅਤੇ ਮੁਜ਼ਾਹਰਾ ਕਰਨ ਦਾ ਐਲਾਨ

    ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਵਿਰੁੱਧਮਜ਼ਦੂਰ ਜਥੇਬੰਦੀਆਂ ਵੱਲੋਂ 5 ਅਗਸਤ ਨੂੰ ਜਲੰਧਰ ਵਿਖੇ ਰੈਲੀ ਅਤੇ ਮੁਜ਼ਾਹਰਾ ਕਰਨ ਦਾ ਐਲਾਨ


    ਚੰਡੀਗੜ੍ਹ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਐਲਾਨ ਕੀਤਾ ਹੈ ਕਿ , ਬੇਜ਼ਮੀਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਣਗੌਲਿਆ ਕਰਨ ਵਿਰੁੱਧ 5 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਕੇ, ਮੁੱਖ ਮੰਤਰੀ ਦੀ ਜਲੰਧਰ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
    ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਥੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਮੁੱਖ ਆਗੂ ਸਾਥੀ ਗੁਲਜ਼ਾਰ ਗੋਰੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉੱਕਤ ਐਲਾਨ ਕਰਦਿਆਂ ਸੂਬਾਈ ਮਜ਼ਦੂਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਤੋਂ ਲੈਕੇ ਮਜ਼ਦੂਰ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਹਨ, ਪਰ ਲਾਰਿਆਂ ਅਤੇ ਫੋਕੇ ਵਾਅਦਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਿਆ, ਉਨ੍ਹਾਂ ਕਿਹਾ ਪੰਜ ਵਾਰ ਮੁੱਖ ਮੰਤਰੀ ਪੰਜਾਬ, ਮੀਟਿੰਗ ਦਾ ਸੱਦਾ ਦੇ ਕੇ ਮੁਕਰ ਜਾਂਦੇ ਰਹੇ ਅਤੇ ਕੈਬਨਿਟ ਸਬ ਕਮੇਟੀ ਵਲੋਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ, ਜਿਸ ਦਾ ਮਜ਼ਦੂਰਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ। ਮੀਟਿੰਗ ‘ਚ ਸੂਬਾਈ ਆਗੂਆਂ, ਸਰਵਸਾਥੀ ਗੁਰਨਾਮ ਸਿੰਘ ਦਾਊਦ (ਜਰਨਲ ਸਕੱਤਰ ਦਿਹਾਤੀ ਮਜ਼ਦੂਰ ਸਭਾ) ਜੋਰਾ ਸਿੰਘ ਨਸਰਾਲੀ (ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ) ਗੋਬਿੰਦ ਸਿੰਘ ਛਾਜਲੀ ( ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ) ਪ੍ਰਗਟ ਸਿੰਘ ਕਾਲਾਝਾੜ (ਸੂਬਾ ਆਗੂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਅਤੇ ਦੇਵੀ ਕੁਮਾਰੀ (ਸੂਬਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਕਿਹਾ ਕਿ ਮਜ਼ਦੂਰਾਂ ਲਈ ਸਾਲ ਭਰ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਨਵੇਂ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਕੇ ਬਾਲਗ ਜੀਆਂ ਨੂੰ ਪ੍ਰਤੀ ਦਿਨ 700 ਰੁਪਏ ਦਿਹਾੜੀ ਦੇਣ, ਵਿਧਵਾ ਬੁਢਾਪਾ ਅੰਗਹੀਣ ਪੈਨਸ਼ਨ 5000 ਰੁਪਏ ਮਹੀਨਾ ਕਰਨ, ਔਰਤਾਂ ਦੇ ਖਾਤੇ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦਾ ਬਕਾਇਆ ਪਾਉਣ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਅਤੇ ਮਕਾਨ ਉਸਾਰੀ ਲਈ ਗਰਾਂਟ ਦੇਣ ,ਪੰਚਾਇਤੀ ਜ਼ਮੀਨਾਂ ‘ਚੋਂ ਰਾਖਵੇਂ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣ‌ ਅਤੇ ਜ਼ਮੀਨ ਹੱਦ ਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਅਤੇ ਥੁੜ ਜ਼ਮੀਨੇ ਕਿਸਾਨਾਂ ‘ਚ ਵੰਡਣ, ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਮਾਫ਼ ਕਰਨ ਅਤੇ ਕਿਰਤ ਕਾਨੂੰਨਾਂ ਨੂੰ ਮੁੜ ਬਹਾਲ ਕਰਨ ਅਤੇ ਨਵੇਂ ਚਾਰ ਲੇਬਰ ਕੋਡ ਰੱਦ ਕਰਨ ਵਰਗੀਆਂ ਮੰਗਾਂ ‘ਤੇ ਮਜ਼ਦੂਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪਹਿਲੀਆਂ ਸਰਕਾਰਾਂ ਵਾਂਗ ਹੀ ਮੌਜੂਦਾ ਸਰਕਾਰ ਵੀ ਮਜ਼ਦੂਰ ਮੰਗਾਂ ਨੂੰ ਦਰਕਿਨਾਰ ਕਰਕੇ ਮਜ਼ਦੂਰਾਂ ਨਾਲ ਵਿਤਕਰਾ ਕਰ ਰਹੀ ਹੈ। ਮਜ਼ਦੂਰ ਆਗੂਆਂ ਨੇ ਕਿਹਾ ਸਦੀਆਂ ਤੋਂ ਜਾਤੀ ਪਾਤੀ ਵਿਤਕਰੇ, ਸਰਕਾਰੀ ਤੇ ਜਾਗੀਰੂ ਜਬਰ ਦੇ ਸਤਾਏ ਬੇਜ਼ਮੀਨੇ ਮਜ਼ਦੂਰ ਅੱਜ ਵੀ ਅੱਤ ਦੀ ਮਹਿੰਗਾਈ, ਇਲਾਜ ਕਰਵਾਉਣ ਤੋਂ ਅਸਮਰਥ, ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਅਤੇ ਰੋਜ਼ਾਨਾ ਜੀਵਨ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਹਨ ਅਤੇ ਕਰਜੇ ਹੇਠ ਦੱਬੇ ਹੋਏ ਹਨ ਪਰ ਸਰਕਾਰਾਂ ਫੋਕੇ ਦਾਅਵੇ ਕਰਕੇ ਵਿਕਾਸ ਦੇ ਦਮਗਜੇ ਮਾਰਕੇ ਮਜ਼ਦੂਰਾਂ ਦੀਆਂ ਵੋਟਾਂ ਬਟੋਰਨ ਦੇ ਆਹਰ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ 5 ਅਗਸਤ ਨੂੰ ਪੰਜਾਬ ਭਰ ‘ਚੋਂ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰੈਲੀ ਅਤੇ ਮੁਜ਼ਾਹਰੇ ਵਿੱਚ ਸਾਮਲ ਹੋਣਗੇ। ਮੀਟਿੰਗ ਦੌਰਾਨ ਮੋਦੀ ਸਰਕਾਰ ਵਲੋਂ ਭਗਵੇਂ ਕਰਨ ਤਹਿਤ ਐਨਸੀਈਆਰਟੀ ਦੇ ਸਿਲੇਬਸ ‘ਚ ਰੂਸੀ ਅਤੇ ਫਰਾਂਸੀਸੀ ਕ੍ਰਾਂਤੀ ਦੇ ਅਧਿਆਏ ਹਟਾ ਕੇ ਮਨੁ ਸਿਮ੍ਰਿਤਿ ਨੂੰ ਸ਼ਾਮਲ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ।
    ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਦਰਸ਼ਨ ਨਾਹਰ, ਬਲਦੇਵ ਨੂਰਪੁਰੀ ਅਤੇ ਗਿਆਨ ਸੈਦਪੁਰੀ ਵੀ ਹਾਜ਼ਰ ਸਨ ਜਦ ਕਿ ਕਿਸੇ ਕਾਰਨ ਮੀਟਿੰਗ ‘ਚੋਂ ਗੈਰਹਾਜ਼ਰ ਰਹੇ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਬਨੂੜ ਅਤੇ ਭੂਪਚੰਦ ਚੰਨੋ ਨੇ ਉਲੀਕੇ ਗਏ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟ ਕਰਦਿਆਂ ਜਲੰਧਰ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਸਹਿਮਤੀ ਦਿੱਤੀ ਹੈ।

  • ਕਿਸਾਨ ਸੋਧੀ ਹੋਈ ਲੈਡ ਪੂਲਿੰਗ ਨੀਤੀ ਰਾਂਹੀ ਵੀ ਜ਼ਮੀਨਾਂ ਉੱਤੇ ਜਬਰੀ ਕਬਜ਼ੇ ਨਹੀਂ ਹੋਣ ਦੇਣਗੇ

    ਕਿਸਾਨ ਸੋਧੀ ਹੋਈ ਲੈਡ ਪੂਲਿੰਗ ਨੀਤੀ ਰਾਂਹੀ ਵੀ ਜ਼ਮੀਨਾਂ ਉੱਤੇ ਜਬਰੀ ਕਬਜ਼ੇ ਨਹੀਂ ਹੋਣ ਦੇਣਗੇ

    ਡੇਹਲੋ: “ਪੰਜਾਬ ਦੀ ਸੂਬਾ ਸਰਕਾਰ ਵੱਲੋਂ ਮੁੱੜ ਲਿਆਂਦੀ ਜਾ ਰਹੀ ਸੋਧੀ ਹੋਈ ਲੈਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਕਿਸਾਨ ਆਗੂਆਂ ਨੇ ਆਖਿਆ ਕਿ ਇਹ ਕਾਰਪੋਰੇਟ ਪੱਖੀ ਨੀਤੀ ਰਾਹੀ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ।” ਇਸ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਚੋਣਵੇਂ ਆਗੂਆਂ ਦੀ ਮੀਟਿੰਗ ਸਭਾ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਸਥਿਤ ਦਫਤਰ ਵਿੱਚ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਦਫ਼ਤਰ ਸਕੱਤਰ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਇਲਾਕਾ ਕਮੇਟੀ ਦੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਸਿੰਘ ਮਾਨ ਦੀ ਸੂਬਾ ਸਰਕਾਰ ਲੋਕਾਂ ਵੱਲੋਂ ਰੱਦ ਕੀਤੀ ਗਈ ਲੈਡ ਪੂਲਿੰਗ ਨੀਤੀ ਨੂੰ ਮੁੱੜ ਸੋਧਾਂ ਕਰਕੇ ਲਾਗੂ ਕਰਨਾ ਚਾਹੁੰਦੀ ਹੈ। ਜਦੋ ਕਿ ਕਿਸਾਨ ਇਸ ਨੀਤੀ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ ਅਤੇ ਸਰਕਾਰ ਨੂੰ ਲੋਕਾਂ ਦੇ ਵੱਡੇ ਵਿਰੋਧ ਕਾਰਨ ਵਾਪਸ ਲੈਣਾ ਪਿਆ ਸੀ ਪਰ ਕਾਰਪੋਰੇਟਾਂ ਦੇ ਦਬਾਅ ਅਧੀਨ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਇਸ ਸੋਧੀ ਹੋਈ ਨੀਤੀ ਨੂੰ ਲੋਕ ਲਾਗੂ ਨਹੀਂ ਹੋਣ ਦੇਣਗੇ ਅਤੇ ਸਰਕਾਰ ਵੱਲੋ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਜਬਰੀ ਕਬਜ਼ੇ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਇਸ ਨੀਤੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਦੀ ਰਾਏਪੁਰ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ ਗਰੇਵਾਲ ਅਤੇ ਸਭਾ ਦੇ ਸੂਬਾ ਆਗੂ ਸੁਰਜੀਤ ਸਿੰਘ ਸੀਲੋ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਯੂਰੀਏ ਖਾਦ ਦੀ ਆ ਰਹੀ ਕਲਿਤ ਨੂੰ ਦੂਰ ਕੀਤਾ ਜਾਵੇ ਅਤੇ ਸੁਸਾਇਟੀਆਂ ਵਿੱਚ ਖਾਦ ਦੀ ਸਪਲਾਈ ਹੋਰ ਤੇਜ਼ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਇਲਾਕੇ ਦੀਆਂ ਦਵਾਈਆਂ, ਬੀਜਾਂ, ਖਾਦਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਨਕਲੀ ਸਮਾਨ ਵੇਚਣ ਅਤੇ ਖਾਦਾਂ ਤੇ ਦਵਾਈਆਂ ਨਾਲ ਵਾਧੂ ਸਮਾਨ ਜਬਰੀ ਦੇਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਮਲਕੀਤ ਸਿੰਘ ਗਰੇਵਾਲ, ਪੰਚ ਸਰਬਪ੍ਰੀਤ ਸਿੰਘ ਕਿਲ੍ਹਾ ਰਾਏਪੁਰ ਆਦਿ ਹਾਜ਼ਰ ਸਨ।

  • ਮੁਨਾਫ਼ਾਖੋਰਾਂ ਤੇ ਹੁਕਮਰਾਨਾਂ ਦੀ ਮਿਲੀਭੁਗਤ ਦਾ ਨਤੀਜਾ ਗੰਭੀਰ ਰੋਗੀ ਬਣਿਆ ਪੰਜਾਬ ਦਾ ਜਨਤਕ ਸਿਹਤ ਢਾਂਚਾ

    ਮੁਨਾਫ਼ਾਖੋਰਾਂ ਤੇ ਹੁਕਮਰਾਨਾਂ ਦੀ ਮਿਲੀਭੁਗਤ ਦਾ ਨਤੀਜਾ ਗੰਭੀਰ ਰੋਗੀ ਬਣਿਆ ਪੰਜਾਬ ਦਾ ਜਨਤਕ ਸਿਹਤ ਢਾਂਚਾ


    ਹਰੀ ਬਿਲਾਸ ਹੀਓ
    ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਅਤੇ ਵਸੋਂ ਦੀ ਖੁਸ਼ਹਾਲੀ ਨੂੰ ਦੇਖਣ-ਮਾਪਣ ਦੇ ਕੁੱਝ ਨਿਸ਼ਚਿਤ ਮਿਆਰ ਹਨ। ਮਸਲਨ ਸਬੰਧਤ ਦੇਸ਼-ਖਿੱਤੇ ਦੇ ਲੋਕਾਂ ਨੂੰ ਮਿਲਦੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਕਿਸ ਦਰਜੇ ਦੀਆਂ ਹਨ? ਰੁਜ਼ਗਾਰ ਦੀ ਮਾਤਰਾ ਤੇ ਗੁਣਵੱਤਾ ਦਾ ਪੱਧਰ ਕੀ ਹੈ? ਲੋਕਾਂ ਦਾ ਰਹਿਣ-ਸਹਿਣ, ਖਾਣ- ਪੀਣ ਅਤੇ ਆਰਥਿਕ ਸਥਿਤੀ ਕਿਹੋ ਜਿਹੀ ਹੈ ? ਕੀ ਲੋਕਾਂ ਨੂੰ ਆਵਾਜਾਈ ਤੇ ਊਰਜਾ ਦੇ ਉਚ ਪਾਏ ਦੇ ਸਾਧਨ ਮੁਹੱਈਆ ਹਨ। ਸਮਾਜਿਕ ਸੁਰੱਖਿਆ ਛਤਰੀ ਮੌਜੂਦ ਹੈ ਜਾਂ ਨਹੀਂ ? ਇਹ ਵੀ ਦੇਖਿਆ ਜਾਂਦਾ ਹੈ ਕਿ ਆਮ ਲੋਕਾਂ ਨੂੰ ਦਿਤੀਆਂ ਜਾਂਦੀਆਂ ਹੋਰ ਜ਼ਰੂਰੀ ਸਹੂਲਤਾਂ ਕਿਹੋ ਜਿਹੀਆਂ ਹਨ। ਆਓ! ਉਕਤ ਪੈਮਾਨੇ ਰਾਹੀਂ ਪੰਜਾਬ ਦੇ ਸਿਹਤ ਸੇਵਾਵਾਂ ਦੇ ਸਰਕਾਰੀ ਪ੍ਰਬੰਧ ਬਾਰੇ ਚਰਚਾ ਕਰੀਏ।

    ਯਾਦ ਰਹੇ, ਅਨੇਕਾਂ ਘਾਟਾਂ- ਕਮਜ਼ੋਰੀਆਂ, ਚੁਣੌਤੀਆਂ ਦੇ ਬਾਵਜੂਦ, ਸਾਲ 1990 ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਮਿਲਦੀਆਂ ਜਨਤਕ ਸਿਹਤ ਸੇਵਾਵਾਂ ਦਾ ਪੱਧਰ ਬਹੁਤ ਉੱਚ ਪਾਏ ਦਾ ਸੀ। ਉਦੋਂ ਪੱਕੀ ਭਰਤੀ ਹੁੰਦੀ ਸੀ ਤੇ ਆਸਾਮੀਆਂ ਵੀ ਲੱਗਭੱਗ ਪੂਰੀਆਂ ਹੁੰਦੀਆਂ ਸਨ। ਵੱਡੀ ਗੱਲ ਇਹ ਸੀ ਕਿ ਸਰਕਾਰੀ ਸਿਹਤ ਅਦਾਰਿਆਂ ‘ਚ ਮਰੀਜ਼ਾਂ ਨੂੰ ਮਿਆਰੀ ਦਵਾਈਆਂ ਤੇ ਹੋਰ ਸਮਾਨ ਮੁਫ਼ਤ ਦਿੱਤਾ ਜਾਂਦਾ ਸੀ। ਅਫਸੋਸ, ਉਸ ਤੋਂ ਪਿੱਛੋਂ ਸੂਬੇ ‘ਚ ਬਣਦੀਆਂ ਰਹੀਆਂ ਰੰਗ-ਬਿਰੰਗੀਆਂ ਸਰਕਾਰਾਂ ਨੇ ਸਿਹਤ ਵਿਭਾਗ ਨੂੰ ਅੱਖੋਂ ਪਰੋਖੇ ਕਰਨਾ ਸ਼ੁਰੂ ਕਰ ਦਿੱਤਾ। ਨਾਲ ਹੀ ਸਿਹਤ ਸੇਵਾਵਾਂ ‘ਤੇ ਕੀਤਾ ਜਾਂਦਾ ਰਾਜਕੀ ਖਰਚ ਘਟਾਉਣ ਦੇ ਨਾਂ ‘ਤੇ ਜ਼ਰੂਰੀ ਅਸਾਮੀਆਂ ‘ਤੇ ਕੈਂਚੀ ਚਲਾਉਣ ਦਾ ਸਿਲਸਿਲਾ ਵਿੱਢ ਦਿੱਤਾ ਗਿਆ। ਹਾਲਾਂਕਿ “ਸੰਸਾਰ ਸਿਹਤ ਸੰਗਠਨ” (ਡਬਲਿਊ.ਐਚ.ਓ.) ਨੇ ਸਰਕਾਰਾਂ ਨੂੰ ਆਪਣੇ ਸਾਲਾਨਾ ਬਜਟ ਦਾ ਘੱਟੋ-ਘੱਟ 3% ਹਿੱਸਾ ਸਿਹਤ ਸੇਵਾਵਾਂ ‘ਤੇ ਲਾਜ਼ਮੀ ਖਰਚ ਕਰਨ ਦੀ ਸਪਸ਼ਟ ਹਦਾਇਤ ਕੀਤੀ ਹੋਈ ਹੈ। ਐਪਰ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਇਹ ਹਦਾਇਤ ਕੂੜਾ ਸਮਝ ਕੇ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤੀ ਹੈ ਤੇ ਸਿਹਤ ਸੇਵਾਵਾਂ ਲਈ ਕੁਲ ਬਜਟ ਦਾ 1% ਤੋਂ ਵੀ ਘੱਟ ਹਿੱਸਾ ਖਰਚਿਆ ਜਾ ਰਿਹਾ ਹੈ। ਇਹੋ ਨਹੀਂ, ਸਰਕਾਰੀ ਸਿਹਤ ਢਾਂਚਾ ਗਿਣ-ਮਿਥ ਕੇ ਅਤਿ ਆਧੁਨਿਕ ਤਕਨੀਕ, ਉਚ ਮਿਆਰੀ ਉਪਕਰਣ ਅਤੇ ਹੋਰ ਲੋੜੀਂਦੇ ਸਾਮਾਨ ਤੋਂ ਮਹਿਰੂਮ ਕਰ ਦਿੱਤਾ ਗਿਆ ਹੈ। ਸਰਕਾਰਾਂ ਤੇ ਉਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸਾਜਿਸ਼ਨ ਇਨ੍ਹਾਂ ਮੱਦਾਂ ‘ਤੇ ਕੀਤੇ ਜਾਂਦੇ ਖਰਚ ਤੋਂ ਮੂੰਹ ਮੋੜ ਲਿਆ ਹੈ। ਲਿਹਾਜਾ, ਸਿਹਤ ਸੇਵਾਵਾਂ ਦਾ ਨਿੱਜੀ ਕਾਰੋਬਾਰ ਬੜੀ ਫੁਰਤੀ ਨਾਲ ਵੱਧਣ-ਫੁੱਲਣ ਲੱਗਾ ਹੈ ਤੇ ਸਿਹਤ ਸਹੂਲਤਾਂ ਮਹਿਜ਼ ਬਾਜ਼ਾਰ ਦੀ ਵਸਤ ਬਣ ਕੇ ਰਹਿ ਗਈਆਂ ਹਨ। ਇੰਝ, ਨਿੱਜੀ ਸਿਹਤ ਬਾਜ਼ਾਰ ਦੇ ਪਸਾਰੇ ‘ਚ ਹਕੂਮਤਾਂ ਨੇ ਵੱਡਾ ਯੋਗਦਾਨ ਪਾਇਆ ਹੈ।

    ਬਿਨਾਂ ਸ਼ੱਕ, ਹਕੂਮਤਾਂ ਦੀ ਇਸ ਲੋਕ ਦੋਖੀ ਪਹੁੰਚ ਲਈ, ਲੰਘੀ ਸਦੀ ਦੇ ਅੰਤਲੇ ਦਹਾਕੇ ‘ਚ ਹੋਂਦ ‘ਚ ਆਈਆਂ ਅਖੌਤੀ ਨਵੀਆਂ ਆਰਥਿਕ- ਸਨਅਤੀ ਨੀਤੀਆਂ ਜਿੰਮੇਵਾਰ ਹਨ। ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਚੌਖਟੇ ਵਾਲੀਆਂ ਇਨ੍ਹਾਂ ਨੀਤੀਆਂ ਨੂੰ ਹੀ ਆਪਾਂ ਨਵ-ਉਦਾਰਵਾਦੀ ਨੀਤੀਆਂ ਸੱਦਦੇ ਹਾਂ। ਇਨ੍ਹਾਂ ਨੀਤੀਆਂ ਦਾ ਸਾਰ ਤੱਤ ਇਹ ਹੈ ਕਿ ਸਰਕਾਰਾਂ ਲੋਕਾਂ ਨੂੰ ਰੁਜ਼ਗਾਰ, ਇਕਸਾਰ ਤੇ ਮਿਆਰੀ ਸਿਖਿਆ ਤੇ ਸਿਹਤ ਸਹੂਲਤਾਂ, ਸਨਮਾਨਜਨਕ ਸਮਾਜਿਖ ਸੁਰੱਖਿਆ ਛਤਰੀ, ਊਰਜਾ ਤੇ ਆਵਾਜਾਈ ਦੇ ਸਾਧਨ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਵੱਧਤਾ ਅਤੇ ਜਿੰਮੇਵਾਰੀ ਤਿਆਗ ਦੇਣ। ਜਾਹਿਰ ਹੈ, ਜੇ ਸਰਕਾਰਾਂ ਉਕਤ ਜਿੰਮੇਵਾਰੀ ਨਿਭਾਉਣੋਂ ਭੱਜ ਜਾਣਗੀਆਂ ਤਾਂ ਲੋਕ ਦੰਦਾਂ ‘ਚ ਜੀਭ ਲੈ ਕੇ ਇਹ ਸੇਵਾਵਾਂ ਲੈਣ ਲਈ ਨਿੱਜੀ ਖੇਤਰ ਦੇ ਅਦਾਰਿਆਂ ਕੋਲ ਜਾਣਗੇ। ਅੱਗੋਂ ਨਿਜੀ ਕਾਰੋਬਾਰੀ ਉਕਤ ਸੇਵਾਵਾਂ ਦੇਣ ਬਦਲੇ ਲੋਕਾਂ ਤੋਂ ਭਾਰੀ ਭਰਕਮ ਰਕਮਾਂ ਵਸੂਲ ਕੇ ਅੰਨ੍ਹੇਵਾਹ ਮੁਨਾਫਾ ਕਮਾਉਣਗੇ। ਸਪੱਸ਼ਟ ਹੈ ਕਿ ਇਹ ਨੀਤੀਆਂ ਸਾਮਰਾਜੀ ਧਾੜਵੀਆਂ, ਇਨ੍ਹਾਂ ਦੀ ਅਗਵਾਈ ਵਾਲੇ ਕੌਮਾਂਤਰੀ ਵਿੱਤੀ ਅਦਾਰਿਆਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਜੁੰਡੀ ਪੂੰਜੀਪਤੀਆਂ ਦੇ ਧਨ-ਅੰਬਾਰ ਵੱਡੇ ਤੋਂ ਵਡੇਰੇ ਕਰਨ ਦੇ ਮਕਸਦ ਤਹਿਤ ਘੜੀਆਂ ਗਈਆਂ ਹਨ। ਦੇਸ਼ ਦੇ ਸਮੁੱਚੇ ਹਾਕਮ ਜਮਾਤੀ ਸਿਆਸੀ ਦਲ ਇਨ੍ਹਾਂ ਨੀਤੀਆਂ ਦੇ ਮੁੱਦਈ ਹਨ। ਸਾਫ ਕਹੀਏ ਤਾਂ ਉਕਤ ਨੀਤੀਆਂ ‘ਤੇ ਦਹਾਕਿਆਂਬੱਧੀ ਅੰਨ੍ਹੇਵਾਹ ਅਮਲ ਕੀਤੇ ਜਾਣ ਸਦਕਾ, ਪੰਜਾਬ ਦਾ ਸਰਕਾਰੀ ਸਿਹਤ ਢਾਂਚਾ ਖ਼ੁਦ ਹੀ ਗੰਭੀਰ ਬਿਮਾਰ ਪੈ ਗਿਆ ਹੈ। ਹੁਣ ਇਸ ਲੋਕ ਦੋਖੀ ਅਮਲ ‘ਚ ‘ਆਪ’ ਵੀ ਬਰਾਬਰ ਦੀ ਭਾਈਵਾਲ ਬਣ ਗਈ ਹੈ।

    ਚੇਤੇ ਰਹੇ, ਅਤੀਤ ਦੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸੀ ਸਰਕਾਰਾਂ ਦੀ ਨਖਿੱਧ ਕਾਰਗੁਜਾਰੀ ਸਦਕਾ ਹੋਈ ਸਰਕਾਰੀ ਸਿਹਤ ਢਾਂਚੇ ਤੇ ਜਨਤਕ ਖੇਤਰ ਦੇ ਹੋਰ ਅਦਾਰਿਆਂ ਦੀ ਦੁਰਦਸ਼ਾ ਤੋਂ ਲੋਕੀਂ ਬਹੁਤ ਦੁਖੀ ਸਨ। ਇਸੇ ਕਰਕੇ ਹੀ ਪ੍ਰਾਂਤ ਵਾਸੀਆਂ ਨੇ ਨਵੀਂ ਉੱਠੀ ‘ਆਮ ਆਦਮੀ ਪਾਰਟੀ’ ਦੇ ਆਗੂਆਂ ਦੇ ਵਾਅਦਿਆਂ- ਗਾਰੰਟੀਆਂ ਰੂਪੀ ਲਾਰਿਆਂ ਦੀ ਘੁੰਮਣ-ਘੇਰੀ ‘ਚ ਫਸ ਕੇ ਇਨ੍ਹਾਂ ਨੂੰ ਸੂਬੇ ਦੀ ਸੱਤਾ ਸੌਂਪੀ ਸੀ। ਪ੍ਰੰਤੂ ਸਰਕਾਰ ਬਣ ਜਾਣ ਪਿਛੋਂ ‘ਦਿੱਲੀ ਦੇ ਵਪਾਰਿਆਂ’ ਤੇ ਪੰਜਾਬ ਦੇ ‘ਮਜ਼ਮਾ ਲਾਉਣ ਵਾਲਿਆਂ’ ਨੇ ਲੋਕਾਂ ਨਾਲ ਕੀਤੇ ਸਾਰੇ ਕੌਲ-ਕਰਾਰ ਉੱਕਾ ਹੀ ਵਿਸਾਰ ਦਿੱਤੇ । ਨਤੀਜਾ, ‘ਆਪ’ ਸਰਕਾਰ ਤੇਜ਼ੀ ਨਾਲ ਲੋਕਾਂ ਦੀਆਂ ਨਜ਼ਰਾਂ ‘ਚੋਂ ਡਿੱਗਣ ਲੱਗ ਪਈ ਤੇ ਇਸ ਦਾ ਇਹ ਪਤਨ ਨਿਰੰਤਰ ਜਾਰੀ ਹੈ।

    ਲੋਕਾਂ ਨੂੰ ਆਸ ਸੀ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਜਨਤਕ ਸਿਹਤ ਸੇਵਾਵਾਂ ਦੇ ਖੇਤਰ ‘ਚ ਕੋਈ ਸਿਫਤੀ ਤਬਦੀਲੀ ਲਿਆ ਕੇ, ਮਿਆਰੀ ਸਿਹਤ ਢਾਂਚਾ ਉਸਾਰਨ ਪੱਖੋਂ ਕੋਈ ਸਾਰਥਕ ਭੂਮਿਕਾ ਨਿਭਾਏਗੀ। ‘ਆਪ’ ਦੇ ਆਗੂਆਂ ਨੇ ਝੂਠ ਬੋਲਣ ਦੇ ਸਾਰੇ ਰਿਕਾਰਡ ਮਾਤ ਪਾਉਂਦਿਆਂ ਲੋਕਾਂ ਨੂੰ ‘ਦਿੱਲੀ ਮਾਡਲ’ ਦੇ ਨਾਂ ‘ਤੇ ਭਰਮਾਇਆ ਵੀ ਰੱਜ ਕੇ ਸੀ । ਪ੍ਰੰਤੂ ‘ਆਪ’ ਸਰਕਾਰ ਨੇ ਵੀ ਪਟੜੀ ਤੋਂ ਲੱਥ ਚੁੱਕੇ ਸਿਹਤ ਸੇਵਾਵਾਂ ਦੇ ਜਨਤਕ ਢਾਂਚੇ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਕੋਈ ਠੋਸ ਨੀਤੀ ਬਣਾਉਣ ‘ਤੇ ਪੂਰਨ ਇੱਛਾ ਸ਼ਕਤੀ ਨਾਲ ਅਮਲ ‘ਚ ਲਿਆਉਣ ਦੀ ਥਾਂ ਡੰਗ-ਟਪਾਊ ਤੇ ਗੈਰ ਭਰੋਸੇਮੰਦ ਪਹੁੰਚ ਹੀ ਅਪਣਾਈ। ‘ਆਪ’ ਸਰਕਾਰ ਨੇ ‘ਵੱਡਾ ਬਦਲਾਅ’ ਇਹ ਲਿਆਂਦਾ ਕਿ ਪਹਿਲਾਂ ਤੋਂ ਚਲ ਰਹੇ ਵੱਖੋ- ਵੱਖ ਸਿਹਤ ਕੇਂਦਰਾਂ ਦਾ ਨਾਂ ਬਦਲ ਕੇ ‘ਆਮ ਆਦਮੀ ਕਲੀਨਿਕ’ ਰੱਖ ਦਿੱਤਾ। ਇਨ੍ਹਾਂ ‘ਚ ਡਾਕਟਰ, ਫਾਰਮਾਸਿਸਟ, ਸਟਾਫ ਨਰਸ ਤੇ ਹੋਰ ਸਹਾਇਕ ਅਮਲਾ ਭਰਤੀ ਕਰਨ ਦੀ ਅੱਵਲ ਤਾਂ ਕੋਈ ਲੋੜ ਹੀ ਨਹੀਂ ਸਮਝੀ ਗਈ। ਜੇ ਕਿਧਰੇ ਅਜਿਹਾ ਕਰਨਾ ਵੀ ਪਿਆ ਤਾਂ ਇਹ ਸਟਾਫ ਨਿਯਮਾਂ ਦੇ ਐਨ ਉਲਟ ਜਾ ਕੇ ‘ਕਮੀਸ਼ਨ ਬੇਸ’ ‘ਤੇ ਭਰਤੀ ਕੀਤਾ ਗਿਆ, ਤਾਂ ਜੋ ਕਿਸੇ ਨੂੰ ਜਦੋਂ ਮਰਜ਼ੀ ਨੌਕਰੀ ਤੋਂ ਫਾਰਗ ਕੀਤਾ ਜਾ ਸਕੇ। ਕਹਿਣ ਦੀ ਲੋੜ ਨਹੀਂ, ਇਹ ਅਮਲਾ ਬੱਝਵੇਂ ਤਨਖਾਹਾਂ-ਭੱਤੇ ਤੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੀਆਂ ਹੋਰ ਸਹੂਲਤਾਂ ਤੋਂ ਵੀ ਵਿਰਵਾ ਹੀ ਰੱਖਿਆ ਗਿਆ ਸੀ। ਇਉਂ ‘ਮਾਨ ਸਰਕਾਰ’ ਨੇ ਉਨ੍ਹਾਂ ਪੜ੍ਹੇ-ਲਿਖੇ ਹਜ਼ਾਰਾਂ ਨੌਜਵਾਨਾਂ ਨਾਲ ਬੜੀ ਸਿਤਮਜ਼ਰੀਫੀ ਕੀਤੀ ਹੈ, ਜਿਨ੍ਹਾਂ ਨੇ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਅਤੇ ਪੈਰਾ-ਮੈਡੀਕਲ ਕਾਲਜਾਂ ਚੋਂ ਐਮ.ਬੀ.ਬੀ.ਐਸ., ਬੀ.ਡੀ.ਐਸ., ਬੀ.ਐਚ.ਐਮ.ਐਸ., ਬੀ.ਏ.ਐਮ.ਐਸ., ਨਰਸਿੰਗ, ਫਾਰਮੇਸੀ, ਓ.ਟੀ. ਸਹਾਇਕ, ਰੇਡੀਓਗ੍ਰਾਫਰ ਲੈਬੋਟਰੀ ਟੈਕਨੀਸ਼ੀਅਨ ਆਦਿ ਦੇ ਅਤਿ ਮਹਿੰਗੇ ਡਿਗਰੀਆਂ-ਡਿਪਲੋਮੇ ਹਾਸਲ ਕੀਤੇ ਹਨ। ਅਫਸੋਸ, ਇਹ ਉਚ ਸਿੱਖਿਆ ਪ੍ਰਾਪਤ ਨੌਜਵਾਨ ਮੁੰਡੇ-ਕੁੜੀਆਂ ਕਾਰਪੋਰੇਟਾਂ ਦੀ ਮਾਲਕੀ ਵਾਲੇ ਨਿੱਜੀ ਹਸਪਤਾਲਾਂ ‘ਚ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਹੋਏ ਆਪਣਾ ਸੋਸ਼ਣ ਕਰਵਾ ਰਹੇ ਹਨ। ਇਨ੍ਹਾਂ ‘ਚੋਂ ਕਈ ਵਿਦੇਸ਼ਾਂ ਵੱਲ ਨੂੰ ਪ੍ਰਵਾਸ ਕਰ ਗਏ ਹਨ। ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਵਲੋਂ ਚੁਣੀਆਂ ਸਰਕਾਰਾਂ ਸਾਡੇ ਨੌਜਵਾਨਾਂ ਲਈ ਬਿਹਤਰੀਨ ਭਵਿੱਖ ਸਿਰਜਣ ਦੀ ਥਾਂ ਕਾਰਪੋਰੇਟ ਲੋਟੂਆਂ ਦੇ ਧੰਨ ਦੇ ਭੰਡਾਰ ਹੋਰ ਵਿਸ਼ਾਲ ਕਰਨ ਪ੍ਰਤੀ ਵਧੇਰੇ ਚਿੰਤਾਤੁਰ ਹਨ।
    ਹੱਟੀ-ਭੱਠੀ, ਸੜਕਾਂ-ਮੋੜਾਂ, ਸਰਕਾਰੀ ਇਮਾਰਤਾਂ, ਬੱਸਾਂ ਤੇ ਹੋਰ ਸਾਂਝੀਆਂ ਥਾਂਵਾਂ, ਇੱਥੋਂ ਤੱਕ ਕਿ ਪਖਾਨਿਆਂ ਦੀਆਂ ਕੰਧਾਂ ‘ਤੇ ਵੀ ਪੰਜਾਬ ਸਰਕਾਰ ਵੱਲੋਂ ਲਾਏ ਗਏ ਸੂਬੇ ਦੀ ਚੌਤਰਫਾ ‘ਤਰੱਕੀ’ ਦੇ ਫੋਕੇ ਦਾਅਵੇ ਕਰਦੇ ਫਲੈਕਸ ਤੇ ਬੋਰਡ ਦਿਖਾਈ ਦਿੰਦੇ ਹਨ। ਰਹਿੰਦੀ ਕਸਰ ਦੇਸ਼ ਭਰ ਦੇ ਅਖ਼ਬਾਰਾਂ ‘ਚ ਕੀਤੀ ਜਾਂਦੀ ਅਤਿ ਮਹਿੰਗੀ ਇਸ਼ਤਿਹਾਰਬਾਜ਼ੀ ਰਾਹੀਂ ਕੱਢ ਦਿੱਤੀ ਗਈ ਹੈ। ਇਸ਼ਤਿਹਾਰਾਂ-ਫਲੈਕਸਾਂ ਰਾਹੀਂ ਇਹ ਖੂਬ ਧੁੰਮਾਇਆ ਜਾ ਰਿਹਾ ਹੈ ਕਿ ਸੂਬੇ ਦੇ ਸਰਾਕਾਰੀ ਹਸਪਤਾਲਾਂ ‘ਚ ਸਭਨਾਂ ਨੂੰ ਇਲਾਜ- ਦਵਾਈਆਂ ਆਦਿ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਐਪਰ, ਸੱਚਾਈ ਕੁੱਝ ਹੋਰ ਹੀ ਹੈ। ਕਲੀਨਿਕਾਂ, ਹਸਪਤਾਲਾਂ ‘ਚ 225 ਦਵਾਈਆਂ ਦੇ ਨਾਵਾਂ ਦੀ ਸੂਚੀ ਲੱਗੀ ਹੁੰਦੀ ਹੈ। ਪਰ ਮਿਲਦੀਆਂ ਕੇਵਲ ਸੌ-ਸਵਾ ਕੁ ਸੌ ਦਵਾਈਆਂ ਹੀ ਹਨ। ਜੋ ਦਵਾਈ ਦਿੱਤੀ ਜਾਂਦੀ ਹੈ, ਉਸ ਦਾ ਨਾਂ ਪੜ੍ਹਨਾ ਹੀ ਆਪਣੇ-ਆਪ ‘ਚ ਵੱਡਾ ਮਸਲਾ ਹੈ। ਦਵਾਈ ਦੀ ਗੁਣਵੱਤਾ ਬਾਰੇ ਜਾਨਣਾ ਤਾਂ ਹੋਰ ਹੀ ਔਖਾ ਹੈ। ਇਹੋ ਹਾਲ ਬਾਕੀ ਸਾਮਾਨ ਦਾ ਹੈ। ਸਰਕਾਰਾਂ ਦੀਆਂ ਨੀਤੀਆਂ ਕਾਰਨ ਵਾਤਾਵਰਨ, ਅਨਾਜ-ਪਾਣੀ, ਫਲ-ਸਬਜ਼ੀਆਂ ਤੋਂ ਲੈ ਕੇ ਕੁਦਰਤ ਦੀ ਸਾਜੀ ਹਰ ਦਾਤ ਪਲੀਤ ਹੋ ਚੁੱਕੀ ਹੈ। ਤਾਂ ਹੀ ਕੈਂਸਰ, ਗਠੀਆ, ਸ਼ੂਗਰ, ਦਿਲ-ਜਿਗਰ ਤੇ ਗੁਰਦਿਆਂ ਦੀਆਂ ਬੀਮਾਰੀਆਂ, ਦਮਾ, ਵੱਖੋ-ਵੱਖ ਕਿਸਮ ਦਾ ਪੀਲੀਆ, ਬੀ.ਪੀ. ਆਦਿ ਰੋਗ ਬੇਤਹਾਸ਼ਾ ਵਧ ਰਹੇ ਹਨ । ਸਰਾਕਾਰੀ ਹਸਪਤਾਲਾਂ- ਕਲੀਨਿਕਾਂ ‘ਚ ਇਨ੍ਹਾਂ ਘਾਤਕ ਰੋਗਾਂ ਦੇ ਇਲਾਜ਼ ਲਈ ਦਵਾਈਆਂ ਦੇ ਨਾਂ ‘ਤੇ ਕੇਵਲ ਤਸੱਲੀਆਂ ਤੇ ਦਿਲਬਰੀਆਂ ਦਿੱਤੀਆਂ ਜਾਂਦੀਆਂ ਹਨ। ਕਾਰਪੋਰੇਟਾਂ ਦੇ ਅਤਿ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਤੱਕ ਹਰੇਕ ਮਰੀਜ਼ ਦੀ ਪਹੁੰਚ ਹੀ ਸੰਭਵ ਨਹੀਂ ਰਹੀ। ਗਰੀਬ ਲੋਕੀਂ ਮਜਬੂਰੀਵਸ ‘ਘਰੇ ਹੀ ਸੇਵਾ ਕਰ ਲਓ’ ਦਾ ‘ਫਾਰਮੂਲਾ’ ਅਪਣਾਉਣ ਲਈ ਮਜ਼ਬੂਰ ਹੋ ਜਾਂਦੇ ਹਨ। ਭਾਵ ਉਨ੍ਹਾਂ ਕੋਲ ਮਰੀਜ਼ ਦੀ ਮੌਤ ਦਾ ਇੰਤਜ਼ਾਰ ਕਰਨਾ ਹੀ ਅੰਤਿਮ ਬਦਲ ਬਚਦਾ ਹੈ।

    ਇਸ ਬਾਰੇ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੈ ? ‘ਟਕੇ ਦੀ ਬੁੜ੍ਹੀ ਤੇ ਧੇਲਾ ਸਿਰ ਮੁਨਾਈ’ ਦੀ ਕਹਾਵਤ ਅਨੁਸਾਰ ਪੰਜਾਬ ਸਰਕਾਰ ਦਾ ਕਾਰਗੁਜ਼ਾਰੀ ਦਿਖਾਉਣ ਨਾਲੋਂ ਪ੍ਰਚਾਰ ‘ਤੇ ਵੱਧ ਜ਼ੋਰ ਲੱਗਾ ਹੋਇਆ ਹੈ। ਟੀ.ਬੀ. ਰੋਗ ਨੂੰ ਜੜ੍ਹੋਂ ਖਤਮ ਕਰਨ ਦੇ ਨਾਂ ‘ਤੇ ਜੋ ਬੇਨਿਯਮੀਆਂ ਹੋ ਰਹੀਆਂ ਹਨ, ਉਹ ਬੇਹੱਦ ਗੈਰ ਮਨੁੱਖੀ ਹਨ। ਪਿੰਡਾਂ, ਸ਼ਹਿਰੀ ਬਸਤੀਆਂ ਵਿਚ ਜਾ ਕੇ ਆਮ ਲੋਕਾਂ ਦੇ ਛਾਤੀ ਦੇ ਐਕਸਰੇ, ਬਿਨਾਂ ਕਿਸੇ ਬਚਾਅ ਤੋਂ, ਖੁੱਲ੍ਹੀਆਂ ਥਾਵਾਂ ‘ਤੇ ਕੀਤੇ ਜਾ ਰਹੇ ਹਨ। ਐਕਸਰੇ ਅਪਰੇਟਰਾਂ ਨੂੰ ਖੁੱਲ੍ਹੇ ਵਿਚ ਹੀ ਆਮ ਲੋਕਾਂ ਦੇ ਐਕਸਰੇ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਦਕਿ ਅਤਿ ਦੀਆਂ ਸੂਖਮ ਤੇ ਜੋਖ਼ਮ ਭਰਪੂਰ ਐਕਸਰੇ ਕਿਰਨਾਂ ਤੋਂ ਆਮ ਲੋਕਾਂ ਨੂੰ ਬਚਾਉਣ ਖਾਤਰ ਲੈਡ (ਸਿੱਕੇ ਦੀ) ਸੀਟ ਜਾਂ ਰੈਡਏਸ਼ਨ ਰੋਕੂ ਬੈਰੀਅਰ ਜ਼ਰੂਰੀ ਹਨ, ਜੋ ਸਰਕਰ ਜੁਟਾਅ ਨਹੀਂ ਰਹੀ। ਇਹ “ਐਟੋਮਿਕ ਐਨਰਜ਼ੀ ਰੈਗੂਲਰੀ ਬੇਰੋਕ (AERB) ਦੇ ਨਿਯਮਾਂ ਦੀ ਅਣਦੇਖੀ ਹੈ, ਜੋ ਰੇਡੀਏਸ਼ਨ ਦੇ ਮਾਰੂ ਪ੍ਰਭਾਵਾਂ ਤੋਂ ਬੇਖ਼ਬਰ, ਗਰੀਬ ਤੇ ਬੇਵਸ ਲੋਕਾਂ ਨਾਲ ਬਹੁਤ ਵੱਡਾ ਜ਼ੁਲਮ ਹੈ।

    ਸਿਹਤ ਸੇਵਾਵਾਂ ਦੇ ਸਰਕਾਰੀ ਖੇਤਰ ‘ਚ ਹੋਰ ਵੀ ਅਨੇਕਾਂ ਨੁਕਸ ਤੇ ਘਾਟਾਂ ਹਨ। ਮੁਲਾਜ਼ਮਾਂ ਤੋਂ ਜਬਰੀ ਵਾਧੂ ਕੰਮ ਲਿਆ ਜਾਂਦਾ ਹੈ। ਇਨ੍ਹਾਂ ਦੀਆਂ ਤਰੱਕੀਆਂ ਜਾਣ-ਬੁੱਝ ਕੇ ਲਮਕਾਈਆਂ ਜਾਂਦੀਆਂ ਹਨ। ਰਿਸ਼ਵਤ ਦਾ ਬੋਲਬਾਲਾ ਹੈ। ਸਿਵਲ ਸਰਜਨ, ਸੀਨੀਅਰ ਮੈਡੀਕਲ ਅਫਸਰ ਅਤੇ ਦਫਤਰੀ ਅਮਲੇ ਦੀ ਤਰੱਕੀ ਤਾਂ ਝੱਟ-ਪੱਟ ਹੋ ਜਾਂਦੀ ਹੈ। ਪਰ ਪੈਰਾ ਮੈਡੀਕਲ ਕਾਮਿਆਂ ਦੇ ਕੇਸ ਦੋ- ਦੋ, ਤਿੰਨ-ਤਿੰਨ ਸਾਲ ਲਮਕਦੇ ਰਹਿੰਦੇ ਹਨ। ਅਨੇਕਾਂ ਮੁਲਾਜ਼ਮ ਬਿਨਾਂ ਤਰੱਕੀ ਲਿਆਂ ਹੀ ਸੇਵਾ ਮੁਕਤ ਹੋ ਜਾਂਦੇ ਹਨ। ਮੈਡੀਕਲ ਤੇ ਨਰਸਿੰਗ ਸਟਾਫ਼ ਤੇ ਪੈਰਾ ਮੈਡੀਕਲ ਸਟਾਫ ਦੂਹਰੀ-ਤਿਹਰੀ ਲੁੱਟ ਦਾ ਸ਼ਿਕਾਰ ਹੋ ਕੇ ਘੋਰ ਨਿਰਾਸ਼ ਦੇ ਆਲਮ ‘ਚ ਘਿਰ ਗਿਆ ਹੈ। ਸਿਹਤ ਵਿਭਾਗ ਦੇ ਕੱਚੇ ਅਤੇ ਠੇਕਾ ਅਧੀਨ ਕਾਮੇ ਤਾਂ ਆਪਣੀ ਕਿਸਮਤ ਨੂੰ ਹੋਰ ਵਧੇਰੇ ਕੋਸਦੇ ਹਨ। ਜ਼ਿਆਦਾ ਤੇ ਵਾਧੂ ਕੰਮ ਲੈਣ ਲਈ ਉਨ੍ਹਾਂ ਨੂੰ ਵਾਰ-ਵਾਰ ਨੌਕਰੀਓਂ ਕੱਢ ਦੇਣ ਦੀ ਧਮਕੀ ਦਿੱਤੀ ਜਾਂਦੀ ਹੈ।

    ਸਿਹਤ ਸੇਵਾਵਾਂ ਦਾ ਢਾਂਚਾ ਠੀਕ ਤਰ੍ਹਾਂ ਚਲਾਉਣ ਲਈ ਹੇਠਾਂ ਕੁਝ ਨੁਕਤੇ ਹਨ ਜੋ ਸਮੁੱਚੀ ਵਸੋਂ ਦਾ ਧਿਆਨ ਮੰਗਦੇ ਹਨ।

    (ੳ) ਸਿਹਤ ਵਿਭਾਗ ਦੀਆਂ ਲਗਭਗ 10 ਹਜ਼ਾਰ ਖਾਲੀ ਅਸਾਮੀਆਂ ਪੱਕੇ ਤੌਰ ‘ਤੇ ਫੌਰੀ ਭਰੀਆਂ ਜਾਣ।
    (ਅ) ਠੇਕਾ ਪ੍ਰਣਾਲੀ ਰਾਹੀਂ ਤੇ ਆਰਜ਼ੀ ਭਰਤੀ ਤੁਰੰਤ ਬੰਦ ਕੀਤੀ ਜਾਵੇ।

    (ੲ) ਟਰੌਮਾ ਸੈਂਟਰ ਤੋਂ ਇਲਾਵਾ ਕੈਂਸਰ, ਦਿਲ ਦੇ ਰੋਗਾਂ, ਰੀੜ੍ਹ ਦੀ ਹੱਡੀ ਦੇ ਨੁਕਸਾਂ, ਦਿਮਾਗ਼ੀ ਪ੍ਰੇਸ਼ਾਨੀ, ਕੈਂਸਰ ਆਦਿ ਗੰਭੀਰ ਰੋਗਾਂ ਦੇ ਕਾਰਗਰ ਇਲਾਜ ਲਈ, ਆਧੁਨਿਕ ਸੂਖਮ ਉਪਕਰਨਾਂ ਨਾਲ ਲੈਸ, ਉਚ ਤਕਨੀਕ ਵਾਲੇ ਕੇਂਦਰ ਬਣਾਏ ਜਾਣ।

    (ਸ) ਸਰਕਾਰੀ ਹਸਪਤਾਲ, (ਪੀਪੀਪੀ ਨੀਤੀ ਤਹਿਤ) ਕਾਰਪੋਰੇਟ ਲੋਟੂਆਂ ਜਾਂ ਨਿੱਜੀ ਕੰਪਨੀਆਂ ਨੂੰ ਨਾ ਸੌਂਪੇ ਜਾਣ, ਸਗੋਂ ਸਰਕਾਰ ਆਪ ਇਨ੍ਹਾਂ ਨੂੰ ਸੁਚਾਰੂ ਢੰਗ ਨਾਲ ਚਲਾਵੇ।

    (ਹ) ‘ਸੰਸਾਰ ਸਿਹਤ ਸੰਗਠਨ’ ਦੇ ਨਿਰਦੇਸ਼ਾਂ ਮੁਤਾਬਕ ਸਾਲਾਨਾ ਬਜਟ ਦਾ ਘੱਟੋ-ਘੱਟ 3% ਹਿੱਸਾ ਸਿਹਤ ਸੇਵਾਵਾਂ ਲਈ ਖਰਚਿਆ ਜਾਵੇ।

    (ਕ) ਦਫ਼ਤਰੀ ਕੰਮ-ਕਾਜ ਤੇ ਸਰਕਾਰੀ ਸਹੂਲਤਾਂ ਪਾਰਦਰਸ਼ੀ ਬਣਾਈਆਂ ਜਾਣ।

    (ਖ) ਜੇਕਰ ਕਿਸੇ ਕੇਂਦਰ ‘ਚ ਓਪੀਡੀ, ਦਵਾਈ, ਟੈਸਟਾਂ ਆਦਿ ਦੀ ਸਹੂਲਤਾਂ ਬੰਦ ਹੈ ਤਾਂ ਇਸ ਉਕਾਈ ਲਈ ਘੱਟੋ-ਘੱਟ ਸਿਹਤ ਮੰਤਰੀ ਤੇ ਸਿਵਲ ਸਰਜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।

    ਫਿਰ ਵੀ ਪੰਜਾਬ ਦੇ ਸੂਝਵਾਨ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਮ ਆਵਾਮ ਨੂੰ ਉੱਚ ਮਿਆਰੀ ਸਿਹਤ ਸਹੂਲਤਾਂ ਸਰਕਾਰ ਵਲੋਂ ਦਿੱਤੇ ਜਾਣ ਲਈ ਖ਼ੁਦ ਵੀ ਜਾਗਰੂਕ ਹੋਣ ਤੇ ਬਾਕੀਆਂ ਨੂੰ ਵੀ ਕਰਨ। ਜੇਕਰ ਅਸੀਂ ਆਵਾਜ਼ ਉਠਾਉਣੋਂ ਅੱਜ ਖੁੰਝ ਗਏ ਤਾਂ ਫਿਰ ਕੱਲ੍ਹ ਨੂੰ ਸ਼ਾਇਦ ਬੜੀ ਦੇਰ ਹੋ ਚੁੱਕੀ ਹੋਵੇਗੀ। ਵੈਸੇ ਓਪਰੀ ਨਜ਼ਰੇ ਦੇਖਿਆਂ ਪਤਾ ਲੱਗ ਜਾਂਦਾ ਹੈ ਕਿ ਮਾਨ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਕਦੀ ਵੀ ਆਮ ਵਸੋਂ ਦਾ ਮੁਢਲਾ ਅਧਿਕਾਰ ਨਹੀਂ ਮੰਨਿਆ, ਬਲਕਿ ਕਾਰਪੋਰੇਟ ਲੋਟੂਆਂ ਤੇ ਨਿਜੀ ਕੰਪਨੀਆਂ ਲਈ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦਾ ਵਪਾਰ ਬਣਾ ਦਿੱਤਾ ਹੈ। ਇਹ ‘ਆਪ’ ਸਰਕਾਰ ਦੀ ਨਾ ਕੇਵਲ ਪ੍ਰਸ਼ਾਸਨਿਕ ਨਾਕਾਮੀ ਹੈ, ਬਲਕਿ ਸੂਬੇ ਦੇ ਗਰੀਬ ਤੇ ਮੱਧਵਰਗੀ ਅਵਾਮ ਪ੍ਰਤੀ ਘੋਰ ਅਪਰਾਧ ਵੀ ਹੈ। ਸਰਕਾਰ ਦੀਆਂ ਨਾਕਾਮੀਆਂ ਤੇ ਅਣਮਨੁੱਖੀ ਨੀਤੀਆਂ ਕਰਕੇ ਤਿੰਨ ਕਰੋੜ ਪੰਜਾਬੀਆਂ ਦੇ ਜੀਵਨ ਨਾਲ ਖਿਲਵਾੜ ਹੋ ਰਿਹਾ ਹੈ। ਉਹ ਮੁਨਾਫੇ ਦੇ ਭੁੱਖੇ ਨਿੱਜੀ ਕਾਰੋਬਾਰੀਆਂ ਦੇ ਮਹਿੰਗੇ ਹਸਪਤਾਲਾਂ ਚ ਆਪਣੀ ਉਮਰ ਭਰ ਦੀ ਕਮਾਈ ਤੇ ਢਿੱਡ-ਪੇਟ ਬੰਨ੍ਹ ਕੇ ਬਚਤ ਕਰਦਿਆਂ ਜੋੜੀ ਜਮ੍ਹਾਂ- ਪੂੰਜੀ ਲੁਟਾ ਦੇਣ ਦਾ ਸੰਤਾਪ ਭੋਗ ਰਹੇ ਹਨ।

  • ਪ੍ਰੇਮ ਸਿੰਘ ਗਹਿਲੋਤ ਦਾ ਦੇਹਾਂਤ, ਜਮਹੂਰੀ ਕਿਸਾਨ ਸਭਾ ਪੰਜਾਬ ਨੇ ਗਹਿਰੇ ਦੁੱਖ ਦਾ ਕੀਤਾ ਪ੍ਰਗਟਾਵਾ

    ਪ੍ਰੇਮ ਸਿੰਘ ਗਹਿਲੋਤ ਦਾ ਦੇਹਾਂਤ, ਜਮਹੂਰੀ ਕਿਸਾਨ ਸਭਾ ਪੰਜਾਬ ਨੇ ਗਹਿਰੇ ਦੁੱਖ ਦਾ ਕੀਤਾ ਪ੍ਰਗਟਾਵਾ


    ਝੁੰਝੁਨੂ: ਆਲ ਇੰਡੀਆ ਕਿਸਾਨ ਮਹਾਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਪ੍ਰੇਮ ਸਿੰਘ ਗਹਿਲੋਤ ਦਾ ਦੇਹਾਂਤ ਹੋ ਗਿਆ। ਉਹ ਇਥੇ ਆਲ ਇੰਡੀਆ ਕਿਸਾਨ ਮਹਾਸਭਾ ਦੀ ਮੀਟਿੰਗ ਚ ਸ਼ਾਮਲ ਹੋਣ ਲਈ ਆਏ ਹੋਏ ਸਨ। ਉਹ ਕਿਸਾਨ ਸਭਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਜਾ ਰਾਮ ਸਿੰਘ ਦੀਆਂ ਬਾਹਾਂ ਵਿੱਚ ਅਕਾਲ ਚਲਾਣਾ ਕਰ ਗਏ। ਮੀਟਿੰਗ ਖਤਮ ਹੋਣ ਉਪਰੰਤ ਕਾਮਰੇਡ ਰਾਜਾ ਰਾਮ ਸਿੰਘ ਨਾਲ ਰੇਲਗੱਡੀ ਫੜਨ ਲਈ ਸਟੇਸ਼ਨ ਜਾ ਰਹੇ ਸਨ ਤਾਂ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਸਾਹ ਲੈਣ ਵਿੱਚ ਕੁਝ ਤਕਲੀਫ਼ ਹੋਣ ਦੀ ਸ਼ਿਕਾਇਤ ਕੀਤੀ ਸੀ। ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਥੇ ਉਨ੍ਹਾ ਦੀ ਮੌਤ ਹੋ ਗਈ।
    ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਸਾਨ ਸਭਾ ਵਲੋਂ ਗਹਿਰੇ ਸ਼ੋਕ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨ ਲਹਿਰ ਨੇ ਆਪਣਾ ਯੋਗ ਨੇਤਾ ਖੋਹ ਦਿੱਤਾ ਹੈ।

  • ‘ਆਪ’ ਸਰਕਾਰ ਦੀ ਕਰੋਪੀ ਤੇ ਪੁਲਸੀਆ ਕਹਿਰ ਦੀ ਦਰਦੀਲੀ ਦਾਸਤਾਨ ਬੇਰੁਜ਼ਗਾਰਾਂ, ਕੱਚੇ ਕਾਮਿਆਂ, ਸੰਘਰਸ਼ੀ ਧਿਰਾਂ ਦੀ ਕਬਰਗਾਹ ਬਣਿਆ ਪੰਜਾਬ

    ‘ਆਪ’ ਸਰਕਾਰ ਦੀ ਕਰੋਪੀ ਤੇ ਪੁਲਸੀਆ ਕਹਿਰ ਦੀ ਦਰਦੀਲੀ ਦਾਸਤਾਨ ਬੇਰੁਜ਼ਗਾਰਾਂ, ਕੱਚੇ ਕਾਮਿਆਂ, ਸੰਘਰਸ਼ੀ ਧਿਰਾਂ ਦੀ ਕਬਰਗਾਹ ਬਣਿਆ ਪੰਜਾਬ


    ਸ਼ਿਵ ਕੁਮਾਰ ਤਲਵਾੜਾ
    ਪੰਜਾਬ ‘ਚ ਪਿਛਲੇ ਲੰਮੇ ਸਮੇਂ ਤੋਂ ਅਦਲ-ਬਦਲ ਕੇ ਬਣਦੀਆਂ ਰਹੀਆਂ ਸਾਰੀਆਂ ਸਰਕਾਰਾਂ ਦਾ ਆਮ ਲੋਕਾਂ, ਖਾਸ ਕਰਕੇ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਵਤੀਰਾ ਚੰਗਾ ਨਹੀਂ ਰਿਹਾ।

    ਇਸੇ ਕਰਕੇ ਸਾਲ 2022 ‘ਚ ਹੋਈਆਂ ਸੂਬਾਈ ਵਿਧਾਨ ਸਭਾਈ ਚੋਣਾਂ ‘ਚ ਪੰਜਾਬ ਦੀ ਅੱਕੀ-ਥੱਕੀ ਜਨਤਾ ਨੇ ਪੰਜਾਬ ਦੀ ਸਿਆਸਤ ‘ਚ ਆਪਣੇ ਪੈਰ ਜਮਾਉਣ ਲਈ ਪਰ ਤੋਲ ਰਹੀ ਇਕ ਨਵੀਂ ਧਿਰ, ‘ਆਮ ਆਦਮੀ ਪਾਰਟੀ’ ਯਾਨਿ ‘ਆਪ’, ਜੋ ਤੀਜੀ ਧਿਰ ਵਜੋਂ ਚੋਣ ਮੈਦਾਨ ‘ਚ ਨਿੱਤਰੀ ਸੀ, ਨੂੰ ਵਿਧਾਨ ਸਭਾ ਦੀਆਂ 117 ਵਿਚੋਂ 92 ਸੀਟਾਂ ਤੇ ਜਿੱਤਾ ਕੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਸੀ । ਹਾਲਾਂਕਿ ਸਾਨੂੰ ਉਦੋਂ ਵੀ ‘ਆਮ ਆਦਮੀ ਪਾਰਟੀ’ ਦੇ ਜਮਾਤੀ ਕਿਰਦਾਰ ਬਾਰੇ ਕੋਈ ਭਰਮ-ਭੁਲੇਖਾ ਨਹੀਂ ਸੀ। ਐਪਰ ਪਿਛਲੀਆਂ ਸਰਕਾਰਾਂ ਦੀ ਨਖਿੱਧ ਕਾਰਗੁਜਾਰੀ, ਲੀਡਰਾਂ ਦੇ ਭ੍ਰਿਸ਼ਟ ਆਚਰਣ ਅਤੇ ਮਾਫੀਆ ਗ੍ਰੋਹਾਂ ਤੇ ਨਸ਼ਾ ਤਸਕਰਾਂ ਦੀ ਨੰਗੀ-ਚਿੱਟੀ ਪੁਸ਼ਤ-ਪਨਾਹੀ ਤੋਂ ਅੱਕੇ ਆਮ ਲੋਕੀਂ ਇਸ ਪਾਰਟੀ ਦੇ ਫਰੇਬੀ ਨੇਤਾਵਾਂ ਦੇ ਚੋਣ ਵਾਅਦਿਆਂ-ਗਾਰੰਟੀਆਂ ਦੇ ਭੁਚਲਾਵੇ ‘ਚ ਆ ਗਏ ਸਨ । ਬਦਲਾਅ ਦੇ ਨਾਅਰੇ ਨਾਲ ਭਰਮਾਏ ਲੋਕਾਂ ਨੇ ਨਾ ਕੇਵਲ ‘ਆਪ’ ਦੇ ਹੱਥਾਂ ‘ਚ ਸੱਤਾ ਦੀ ਕੁੰਜੀ ਫੜ੍ਹਾ ਦਿੱਤੀ, ਬਲਕਿ ਇਸ ਨੂੰ ਦੋ ਤਿਹਾਈ ਨਾਲੋਂ ਵੱਧ ਬਹੁਮਤ ਵੀ ਦੇ ਦਿੱਤਾ ਸੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਵੇਂ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਸਿਰ ‘ਤੇ ਰੱਖੀ, ਬਸੰਤੀ ਪੱਗਾਂ ਬੰਨ੍ਹ ਲਈਆਂ ਤੇ ਚੋਲੇ ਪਾ ਲਏ, ਉਸ ਨਾਲ ਵੀ ਲੋਕ ਇਨ੍ਹਾਂ ਨੂੰ ਆਮ ਜਨਤਾ ਦਾ ਮਸੀਹਾ ਸਮਝਣ ਦੀ ਭੁੱਲ ਕਰ ਬੈਠੇ । ਅਨੇਕਾਂ ਪੜ੍ਹੇ- ਲਿਖੇ ਵਿਦਵਾਨ ਵੀ ਇਸੇ ਧੋਖੇ ਦੇ ਸ਼ਿਕਾਰ ਬਣ ਗਏ ਸਨ। ਜੇਕਰ ਉਹ ਕੇਜਰੀਵਾਲ ਦੇ ਸ਼ਬਦਾਂ ਨੂੰ ਯਾਦ ਰੱਖਦੇ ਤਾਂ ਸ਼ਾਇਦ ਇਸ ਭੁਚਲਾਵੇ ਤੋਂ ਬਚ ਜਾਂਦੇ। ਯਾਦ ਰਹੇ, ਕੇਜਰੀਵਾਲ ਨੇ ਕਿਹਾ ਸੀ, “ਕਿਸੇ ਵੱਡੀ ਕੰਪਨੀ ਦਾ ਸੀ.ਈ.ਓ. ਆਮ ਆਦਮੀ ਹੋ ਸਕਦਾ ਹੈ।” ਅਜਿਹੇ ਅਨੇਕ ਵਿਅਕਤੀ, ਪਿਛਲੇ ਸਮੇਂ ਤੋਂ ਕੇਜਰੀਵਾਲ ਨਾਲ ਜੁੜੇ ਰਹੇ ਹਨ ਅਤੇ ਹੁਣ ਵੀ ਉਸ ਦੇ ਨਾਲ ਹੀ ਹਨ। ਆਪਣੇ-ਆਪ ਨੂੰ ਬੁੱਧੀਜੀਵੀ ਕਹਾਉਣ ਵਾਲੇ ਵੀ ਅਤੇ ਕਈ ਚੰਗੀ ਮੰਸ਼ਾ ਵਾਲੇ ਵੀ ਇਸ ਹਨੇਰੀ ‘ਚ ਉਡ ਕੇ ‘ਆਮ ਆਦਮੀ ਪਰਟੀ’ ਦੇ ਖੁੱਡੇ ‘ਚ ਜਾ ਵੜੇ ਸਨ। ਹਾਂ, ਕਈਆਂ ਨੂੰ ਇਸ ਦੀ ਅਸਲੀਅਤ ਛੇਤੀ ਹੀ ਪਤਾ ਲੱਗ ਗਈ ਸੀ ਤੇ ਉਨ੍ਹਾਂ ਨੇ ਇਸ ਨਾਲੋਂ ਛੇਤੀ ਹੀ ਕਿਨਾਰਾ ਵੀ ਕਰ ਲਿਆ ਸੀ।

    ਜੇਕਰ ‘ਆਮ ਆਦਮੀ ਪਾਰਟੀ’ ਵੱਲੋਂ ਸਾਲ 2022 ਦੀਆਂ ਚੋਣਾਂ ਵੇਲੇ ਕੀਤੇ ਵਾਅਦਿਆਂ ‘ਤੇ ਝਾਤ ਮਾਰੀਏ ਅਤੇ ਇਹ ਲੇਖਾ- ਜੋਖਾ ਕਰੀਏ ਕਿ ਪਿਛਲੇ ਸਾਢੇ ਚਾਰ ਸਾਲਾਂ ‘ਚ ਉਨ੍ਹਾਂ ਵਾਅਦਿਆਂ ‘ਚੋਂ ਕਿਹੜੇ-ਕਿਹੜੇ ਵਾਅਦੇ ਪੂਰੇ ਕੀਤੇ ਗਏ ਹਨ ਜਾਂ ਉਨ੍ਹਾਂ ਨੂੰ ਪੂਰਾ ਕਰਨ ਲਈ ਕਿਹੜੇ ਕਦਮ ਚੁੱਕੇ ਗਏ ਹਨ ਤਾਂ ਇਸ ਸਰਕਾਰ ਦੀ ਧੋਖਾਧੜੀ ਝੱਟ ਸਮਝ ਆ ਜਾਂਦੀ ਹੈ। ਇਹ ਸਰਕਾਰ ਝੂਠ ਬੋਲਣ ਤੇ ਲਾਰੇ ਲਾਉਣ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਚੁੱਕੀ ਹੈ। ਇਹੀ ਨਹੀਂ ਇਨ੍ਹਾਂ ਵੱਲੋਂ ਕੀਤੇ ਵਾਅਦੇ ਲਾਗੂ ਕਰਵਾਉਣ ਲਈ ਸੰਘਰਸ਼ਾਂ ਦਾ ਪਿੜ ਮੱਲਣ ਵਾਲੇ ਲੋਕਾਂ ਤੇ ਜਥੇਬੰਦੀਆਂ ‘ਤੇ ਤਸ਼ੱਦਦ ਕਰਨ ਪੱਖੋਂ ਵੀ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਮਾਤ ਦੇ ਕੇ ਇਸ ਦਿਸ਼ਾ ‘ਚ ਇਹ ‘ਮੀਲ ਦੇ ਨਵੇਂ ਪੱਥਰ’ ਗੱਡਦੀ ਜਾ ਰਹੀ ਹੈ। ਇਹ ਉਹੋ ਪਾਰਟੀ ਹੈ, ਜਿਹੜੀ ਕਹਿੰਦੀ ਸੀ ਕਿ ‘ਆਪ’ ਦੀ ਸਰਕਾਰ ਬਣਨ ਪਿੱਛੋਂ ਲੋਕਾਂ ਨੂੰ ਸੜਕਾਂ ‘ਤੇ ਜਾਂ ਦਫ਼ਤਰਾਂ ਮੂਹਰੇ ਧਰਨੇ-ਮੁਜ਼ਾਹਰੇ ਜਾਂ ਸੰਘਰਸ਼ ਨਹੀਂ ਕਰਨੇ ਪੈਣਗੇ ਤੇ ਨਾ ਹੀ ਮੰਗਾਂ ਮੰਨਵਾਉਣ ਲਈ ਟੈਂਕੀਆਂ ‘ਤੇ ਚੜ੍ਹਨਾ ਪਵੇਗਾ। ਦਮਗਜ਼ੇ ਤਾਂ ਇਹ ਵੀ ਮਾਰੇ ਗਏ ਸਨ ਕਿ ਸਰਕਾਰ ਬਣਨ ਪਿੱਛੋਂ ਮੁੱਖ ਮੰਤਰੀ ਦਾ ਹਰਾ ਪੈਨ ਸਭ ਤੋਂ ਪਹਿਲਾਂ ਲੋਕਾਂ ਦੀਆਂ ‘ਮੁਸ਼ਕਲਾਂ ਦੂਰ ਕਰਨ ਦੀ ਇਬਾਰਤ’ ਲਿਖੇਗਾ। ਉਹੀ ਸਰਕਾਰ ਹੁਣ ਹਰਾ ਪੈਨ ਚਲਾਉਣ ਦੀ ਥਾਂ ਹੱਕੀ ਮੰਗਾਂ ਲਈ ਵਾਜਬ ਢੰਗਾਂ ਨਾਲ ਜੂਝ ਰਹੇ ਸੰਘਰਸ਼ੀ ਲੋਕਾਂ ‘ਤੇ ਪੁਲਸ ਦੇ ਡੰਡੇ, ਜਲ ਤੋਪਾਂ, ਹੰਝੂ ਗੈਸ ਦੇ ਗੋਲੇ ਆਦਿ ਵਰ੍ਹਾ ਰਹੀ ਹੈ। ਕਈ ਦਫ਼ਾ ਕੁੜੀਆਂ-ਇਸਤਰੀਆਂ ਨੂੰ ਗੁੱਤਾਂ ਤੇ ਲੱਤਾਂ ਤੋਂ ਫੜ੍ਹ ਕੇ ਸੜਕਾਂ ‘ਤੇ ਘੜੀਸਣ ਦੇ ਨਖਿੱਧ ਕਾਰਨਾਮੇ ਵੀ ਕਰ ਚੁੱਕੀ ਹੈ। ਇਸੇ ਅਨੁਪਾਤ ‘ਚ ਮਰਦਾਂ ਦੀਆਂ ਪੱਗਾਂ ਰੋਲੀਆਂ ਜਾ ਰਹੀਆਂ ਹਨ, ਕੱਪੜੇ ਫਾੜੇ ਜਾ ਰਹੇ ਹਨ ਅਤੇ ਕੁੱਟ ਦੇ ਮਧੋਲੇ ਨੌਜਵਾਨਾਂ ਤੋਂ ਮੋਬਾਇਲ ਖੋਹੇ ਜਾ ਰਹੇ ਹਨ। ਇਹੋ ਨਹੀਂ ਹੁਣ ਤਾਂ ਗੱਲ ਸੰਘਰਸ਼ੀ ਧਿਰਾਂ ਦੇ ਸਥਾਪਿਤ ਆਗੂਆਂ ਨੂੰ, ਘਰਾਂ ‘ਚ ਨਜ਼ਰਬੰਦ ਕਰਨ ਅਤੇ ਝੂਠੇ ਕੇਸ ਮੜ੍ਹ ਕੇ ਜੇਲ੍ਹ ਡੱਕਣ ਤੱਕ ਵੀ ਜਾ ਪਹੁੰਚੀ ਹੈ। ਇਹ ਸ਼ਾਇਦ ਸੂਬੇ ਦੀ ਪਹਿਲੀ ਸਰਕਾਰ ਹੈ ਜੋ 8 ਮਾਰਚ, 2026 ਨੂੰ ਕੌਮਾਂਤਰੀ ਇਸਤਰੀ ਦਿਵਸ ਮੌਕੇ ਚੰਡੀਗੜ੍ਹ ਦੀਆਂ ਸੜਕਾਂ ‘ਤੇ ਇਸਤਰੀ ਮੁਲਾਜ਼ਮਾਂ ਨੂੰ ਛੱਲੀਆਂ ਵਾਂਗ ਕੁੱਟਣ-ਘੜੀਸਣ ਦੀ ‘ਬਹਾਦਰੀ’ ਵੀ ਦਿਖਾ ਚੁੱਕੀ ਹੈ। ਠੀਕ ਦੋ ਦਿਨਾਂ ਪਿੱਛੋਂ, 10 ਮਾਰਚ ਨੂੰ ਇਹੋ ਕੁਝ ਰਾਜ ਦੇ ਸਰਕਾਰੀ ਅਧਿਆਪਕਾਂ, ਜਿਨ੍ਹਾਂ ‘ਚ ਭਾਰੀ ਗਿਣਤੀ ਔਰਤਾਂ ਵੀ ਸਨ, ਨਾਲ ਵੀ ਇੰਨ-ਬਿੰਨ ਦੁਹਰਾਇਆ ਗਿਆ। ਸ਼ਾਂਤਮਈ ਮੁਜ਼ਾਹਰਾ ਕਰਨ ਲਈ ਬਠਿੰਡੇ ਵੱਲ ਵਧ ਰਹੇ ਕਿਸਾਨਾਂ ਨੂੰ ਪਹਿਲਾਂ ਤਪਾ ਮੰਡੀ ਨੇੜੇ ਘੇਰ ਕੇ ਕੁੱਟਿਆ ਗਿਆ, ਫਿਰ ਜਿਉਂਦ ਪਿੰਡ ਦੇ ਇਕ ਧਾਰਮਿਕ ਸਥਾਨ ‘ਚ ਇਕੱਤਰ ਹੋਏ ਬੇਹਥਿਆਰੇ ਲੋਕਾਂ ਦੇ ਹੱਡ-ਗੋਡੇ ਤੋੜੇ ਗਏ।

    ਕਿਸ-ਕਿਸ ਵਰਗ ਦਾ ਜ਼ਿਕਰ ਕਰੀਏ! ਇਸ ਨਾ-ਅਹਿਲ ਤੇ ਸਿਰੇ ਦੀ ਝੂਠੀ ਸਰਕਾਰ ਤੋਂ ਹਰ ਕੋਈ ਦੁਖੀ ਹੈ। ਸੰਘਰਸ਼ ਕਰ ਰਹੇ ਹਰ ਵਰਗ ਨੂੰ ਇਹ ਸਰਕਾਰ ਜਬਰ ਦੇ ‘ਤੋਹਫੇ’ ਨਾਲ ‘ਨਵਾਜ਼’ ਚੁੱਕੀ ਹੈ। ਸੰਘਰਸ਼ੀ ਸੰਗਠਨਾਂ ਦੇ ਬਾਵੱਕਾਰ ਆਗੂਆਂ ਨੂੰ ਵਾਰ- ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਕਰ ਜਾਣਾ ਇਸ ਸਰਕਾਰ, ਖਾਸ ਕਰਕੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਿਤਰਤ ਬਣ ਗਈ ਹੈ। ਜੇਕਰ ਕਿਧਰੇ ਭਾਰੀ ਜਨਤਕ ਦਬਾਅ ਹੇਠ ਜਾਂ ਘੋਲ ਦੀ ਤੀਬਰਤਾ ਦੇ ਪ੍ਰਭਾਵ ਅਧੀਨ ਸੰਘਰਸ਼ੀ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਵੀ ਗਈ ਹੈ ਤਾਂ ਫੋਕੇ ਲਾਰਿਆਂ ਤੋਂ ਸਿਵਾਏ ਕੁੱਝ ਵੀ ਪੱਲੇ ਨਹੀਂ ਪਾਇਆ ਗਿਆ। ਮੀਟਿੰਗਾਂ ਦੌਰਾਨ ਬਣੀ ਸਹਿਮਤੀ ਦੇ ਆਧਾਰ ‘ਤੇ ਲਏ ਗਏ ਫੈਸਲਿਆਂ ਚੋਂ ਵੀ ਸ਼ਾਇਦ ਹੀ ਕੋਈ ਫੈਸਲਾ ਲਾਗੂ ਕੀਤਾ ਗਿਆ ਹੋਵੇ।

    ਜਬਰ-ਤਸ਼ੱਦਦ ਅਤੇ ਝੂਠ ਦੇ ਇਸ ਵਰਤਾਰੇ ਦਾ ਕੱਚਾ ਚਿੱਠਾ ਬੜਾ ਲੰਮਾ-ਚੌੜਾ ਹੈ। ਹੱਥਲੇ ਲੇਖ ‘ਚ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਮੁਸ਼ਕਿਲ ਹੋਵੇਗਾ। ਇਸ ਲਈ ਕੁੱਝ ਕੁ ਤਾਜ਼ੀਆਂ ਵਾਪਰੀਆਂ, ਸਿਰੇ ਦੀਆਂ ਨਿੰਦਣਯੋਗ, ਅਤਿ ਗੰਭੀਰ ਘਟਨਾਵਾਂ ਦਾ ਜ਼ਿਕਰ ਹੀ ਕਰਾਂਗੇ।

    ਲੰਘੀ 5 ਜੂਨ ਨੂੰ ਪਟਿਆਲਾ ਵਿਖੇ ਧਰਨੇ ‘ਤੇ ਬੈਠੇ ਪਾਵਰਕਾਮ (ਪੀ.ਐਸ.ਪੀ.ਸੀ.ਐਲ.) ਦੇ ਬੇਰੁਜ਼ਗਾਰ ਲਾਈਨ ਮੈਨਾਂ ‘ਤੇ ਵਹਿਸ਼ੀਆਨਾ ਲਾਠੀਚਾਰਜ ਕੀਤਾ ਗਿਆ ਸੀ। ਪੁਲਸ ਵੱਲੋਂ ਅੰਨ੍ਹੇਵਾਹ ਕੀਤਾ ਗਿਆ ਇਹ ਲਾਠੀਚਾਰਜ ਨਾ ਕੇਵਲ ਅੱਤ ਦਾ ਘਿਨਾਉਣਾ, ਗੈਰ ਵਾਜ਼ਬ ਤੇ ਅਣਮਨੁੱਖੀ ਸੀ, ਸਗੋਂ ਪੰਜਾਬ ਸਰਕਾਰ ਤੇ ਪੁਲਸ ਦੇ ਮੱਥੇ ‘ਤੇ ਲੱਗਿਆ ਇਕ ਸਦੀਵੀ ਕਾਲਾ ਦਾਗ਼ ਬਣ ਗਿਆ ਹੈ। ਧਰਨਾਕਾਰੀਆਂ ਦੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਹੈ ਕਿ ਇਹ ਧਰਨਾ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਧਰਨਾਕਾਰੀਆਂ ਨੇ ਨਾ ਤਾਂ ਟ੍ਰੈਫਿਕ ‘ਚ ਕੋਈ ਵਿਘਣ ਪਾਇਆ ਸੀ ਤੇ ਨਾ ਹੀ ਵਿਭਾਗੀ ਅਧਿਕਾਰੀਆਂ-ਕਰਮਚਾਰੀਆਂ ਨੂੰ ਅੰਦਰ ਤੇ ਬਾਹਰ ਆਉਣ- ਜਾਣ ਤੋਂ ਰੋਕਿਆ ਸੀ। ਇਸ ਦੇ ਬਾਵਜੂਦ, ਪਟਿਆਲਾ ਦੇ ਪੁਲਸ ਥਾਣਾ ਸਿਟੀ-1 ਦੀ ਪੁਲਸ ਨੇ ਡੀ.ਐਸ.ਪੀ. ਸੰਜੀਵ ਸਿੰਗਲਾ ਦੀ ਅਗਵਾਈ ਹੇਠ ਸ਼ਾਂਤਮਈ ਧਰਨਾ ਦੇ ਰਹੇ ਬੇਰੁਜ਼ਗਾਰ ਲਾਈਨਮੈਨਾਂ ਤੇ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ। ਕਈ ਧਰਨਾਕਾਰੀ ਬੁਰੀ ਤਰ੍ਹਾਂ ਫੱਟੜ ਹੋ ਗਏ। ਮਨਿੰਦਰ ਕੁਮਾਰ ਨਾਂ ਦੇ ਇਕ ਨੌਜਵਾਨ ਦਾ ਫੋਨ ਇਕ ਪੁਲਸ ਕਰਮਚਾਰੀ ਨੇ ਖੋਹ ਲਿਆ। ਜਦ ਉਸ ਨੇ ਆਪਣਾ ਫੋਨ ਮੰਗਿਆ ਤਾਂ ਡੀ.ਐਸ.ਪੀ. ਸਿੰਗਲਾ ਤੇ ਹੋਰ ਪੁਲਸ ਕਰਮਚਾਰੀਆਂ ਨੇ ਉਸ ਨੂੰ ਐਨਾ ਕੁੱਟਿਆ ਕਿ ਉਹ ਨੌਜਵਾਨ ਦੋ ਦਫ਼ਾ ਬੇਹੋਸ਼ ਹੋ ਕੇ ਡਿੱਗ ਗਿਆ। ਪਰ ਡੀ.ਐਸ.ਪੀ. ਨੂੰ ਤਰਸ ਨਹੀਂ ਆਇਆ। ਇੰਝ ਲੱਗਦਾ ਹੈ ਕਿ ਸਰਕਾਰ ਦੇ ਹੁਕਮਾਂ ਨੂੰ ਅੱਗੇ ਵੱਧ ਕੇ ਜ਼ੋਰ-ਸ਼ੋਰ ਨਾਲ ਲਾਗੂ ਕਰਨ ਰਾਹੀਂ, ਆਪਣੇ ਆਪ ਨੂੰ ਖੂੰਖਾਰ ਅਫਸਰਾਂ ਦੀ ਕਤਾਰ ‘ਚ ਸ਼ਾਮਲ ਕਰਵਾਉਣ ਲਈ ਡੀ.ਐਸ.ਪੀ. ‘ਸਾਹਿਬ’ ਨੇ ਜਬਰ-ਤਸ਼ੱਦਦ ਢਾਹੁਣ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ। ਜਥੇਬੰਦੀ ਦੇ ਆਗੂ ਆਕਾਸ਼ ਕੰਬੋਜ਼ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੰਜਾਬੀ ਦੇ ਪੇਪਰ ਦੀ ਤਿਆਰੀ ਕਰਨ ਲਈ ਕਿਹਾ ਸੀ। ਯੂਨੀਅਨ ਨੇ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਰਾਹੀਂ ਭੇਜੇ ਭਰੋਸੇ, ਜਿਸ ਰਾਹੀਂ ਇਕ ਹਫ਼ਤੇ ਦੇ ਅੰਦਰ-ਅੰਦਰ ਪੇਪਰ ਲੈਣ ਦੀ ਤਰੀਕ ਐਲਾਨਣ ਦਾ ਵਾਅਦਾ ਕੀਤਾ ਗਿਆ ਸੀ, ‘ਤੇ ਧਰਨਾ ਚੁੱਕ ਲਿਆ ਗਿਆ ਸੀ। ਪਰ ਨਗਰ ਨਿਗਮ ਚੋਣਾਂ ਦਾ ਬਹਾਨਾ ਲਾ ਕੇ ਇਹ ਤਰੀਕ ਟਾਲ ਦਿੱਤੀ ਗਈ। ਚੋਣ ਜਾਬਤਾ ਖਤਮ ਹੋਣ ਪਿੱਛੋਂ ਵੀ ਪੇਪਰ ਲੈਣ ਦੀ ਤਰੀਕ ਨਾ ਐਲਾਨੀ ਗਈ। ਅੰਤ ਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਵਿਭਾਗ ’ਚ ਨਹੀਂ ਲਿਆ ਜਾ ਸਕਦਾ। ਇਨ੍ਹਾਂ ਲਾਈਨਮੈਨਾਂ ਨੇ ਆਈ.ਟੀ.ਆਈ. ਕਰਨ ਪਿੱਛੋਂ 6 ਮਹੀਨੇ ਦੀ ਅਪਰੈਂਟਿਸ਼ਿਪ ਵੀ ਕਰ ਲਈ ਹੈ। ਸਰਕਾਰ ਦੇ ਮੁਕਰਨ ਪਿੱਛੋਂ ਮਜ਼ਬੂਰ ਹੋ ਕੇ ਇਨ੍ਹਾਂ 2600 ਲਾਈਨਮੈਨਾਂ ਨੇ ਮੁੜ ਦਿਨ-ਰਾਤ ਦਾ ਧਰਨਾ ਲਗਾ ਦਿੱਤਾ ਸੀ। ਇਹੀ ਸ਼ਾਂਤਮਈ ਧਰਨਾ ਖਦੇੜਣ ਲਈ ਪੰਜਾਬ ਸਰਕਾਰ ਦੇ ਹੁਕਮਾਂ ਦੀ ਬੱਧੀ ਪੁਲਸ ਨੇ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਨੂੰ ਘੜੀਸ-ਘੜੀਸ ਕੇ ਕੁੱਟਿਆ ਸੀ।

    ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’, ਜਿਸ ‘ਚ ਫਰਦ ਕੇਂਦਰ, ਸੀਵਰੇਜ਼ ਬੋਰਡ, ਪਾਵਰਕਾਮ ਤੇ ਕਈ ਹੋਰ ਵਿਭਾਗਾਂ ਦੇ ਆਊਟ ਸੋਰਸ ਤੇ ਠੇਕਾ ਮੁਲਾਜ਼ਮ ਸ਼ਾਮਲ ਹਨ, ਨੇ ਵੀ 9 ਜੂਨ ਤੋਂ ਹੜਤਾਲ ਕੀਤੀ ਹੋਈ ਹੈ। ਪੀਐਸਪੀਸੀਐਲ ਦੇ ਕਾਮੇ ਕਈ ਕੰਪਨੀਆਂ, ਜਿਨ੍ਹਾਂ ‘ਚੋਂ ਪੈਸਕੋ, ਸੈਰਕੋ ਤੇ ਬਰੇਵੋਵਾਲ ਪ੍ਰਮੁੱਖ ਹਨ, ਰਾਹੀਂ ਰੱਖੇ ਹੋਏ ਹਨ। ਇਨ੍ਹਾਂ ਆਊਟ ਸੋਰਸ ਕਾਮਿਆਂ ਦੀ ਗਿਣਤੀ 12 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ। ਸਰਕਾਰ ਇਨ੍ਹਾਂ ਕੰਪਨੀਆਂ ਨੂੰ 23 ਹਜ਼ਾਰ ਰੁਪਏ ਤੋਂ ਕੁੱਝ ਵੱਧ ਰਕਮ ਪ੍ਰਤੀ ਕਾਮਾ, ਪ੍ਰਤੀ ਮਹੀਨਾ ਦਿੰਦੀ ਹੈ। ਯੂਨੀਅਨ ਦੇ ਆਗੂਆਂ ਦੇ ਦੱਸਣ ਮੁਤਾਬਕ ਅੱਗੋਂ ਕੰਪਨੀਆਂ ਕਾਮਿਆਂ ਨੂੰ 13 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਵੀ ਘੱਟ ਤਨਖਾਹ ਦਿੰਦੀਆਂ ਹਨ। ਇਸੇ ਤਰ੍ਹਾਂ ਇਕ ਕੰਪਨੀ ਵਲੋਂ ਸਰਕਾਰ ਤੋਂ ਲਗਭਗ 24 ਹਜ਼ਾਰ ਰੁਪਏ ਪ੍ਰਤੀ ਕਾਮਾ ਪ੍ਰਾਪਤ ਕਰਕੇ ਅੱਗੋਂ ਕਾਮਿਆਂ ਨੂੰ ਮਹੀਨਾਵਾਰ ਤਨਖਾਹ ਵਜੋਂ ਕੇਵਲ 14 ਹਜਾਰ 700 ਰੁਪਏ ਹੀ ਦਿੱਤੇ ਜਾਂਦੇ ਹਨ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਲਾਭ ਪੁਚਾਉਣ ਲਈ ਆਊਟਸੋਰਸ ਕਾਮਿਆਂ ਦਾ ਭਾਰੀ ਸ਼ੋਸ਼ਣ ਕਰ ਰਹੀ ਹੈ। ਕਾਮਿਆਂ ਦੇ ਵੱਡੇ ਰੋਸ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਸਰਕਾਰ 37 ਵਾਰ ਮੀਟਿੰਗਾਂ ਦਾ ਸਮਾਂ ਦੇ ਚੁੱਕੀ ਹੈ, ਪਰ ਇਕ ਦਫ਼ਾ ਵੀ ਉਨ੍ਹਾਂ ਨਾਲ ਮੀਟਿੰਗ ਨਹੀਂ ਕੀਤੀ ਗਈ।

    ਸੁਵਿਧਾ ਕੇਂਦਰਾਂ ਦੇ ਆਊਟਸੋਰਸ ਮੁਲਾਜ਼ਮ ਵੀ ਇਸੇ ਤਰ੍ਹਾਂ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋਣ ਕਰਕੇ ਹੜਤਾਲ ’ਤੇ ਸਨ। ਸਰਕਾਰ ਵੱਲੋਂ ਉਨ੍ਹਾਂ ਨੂੰ ਸਿੱਧਾ ਸਰਕਾਰ ਅਧੀਨ ਲੈਣ ਦਾ ਭਰੋਸਾ ਮਿਲਣ ‘ਤੇ ਹੀ ਉਹ ਮੁੜ ਕੰਮ ‘ਤੇ ਪਰਤੇ ਹਨ। ਸਰਕਾਰ ਆਪਣੇ ਭਰੋਸੇ ਤੇ ਕਿੰਨਾ ਕੁ ਕਾਇਮ ਰਹਿੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸੇ ਤਰ੍ਹਾਂ ਮਗਨਰੇਗਾ ਦੇ ਦਫ਼ਤਰੀ ਕਾਮੇ ਵੀ ਲਗਾਤਾਰ ਸੰਘਰਸ਼ਾਂ ਦੇ ਮੈਦਾਨ ‘ਚ ਹਨ। ਪਰ ਨਾ ਤਾਂ ਮੋਦੀ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਉਨ੍ਹਾਂ ਦੀ ਸੁੱਧ ਲੈਣ ਲਈ ਤਿਆਰ ਹਨ।

    ਜਲ ਸਪਲਾਈ ਵਿਭਾਗ ਵਿਚ ਇਨਲਿਸਟਮੈਂਟ ਦੇ ਨਾਂ ‘ਤੇ ਰੱਖੇ ਗਏ ਕਾਮਿਆਂ, ਜਿਨ੍ਹਾਂ ਦੀ ਗਿਣਤੀ 2800 ਦੇ ਲਗਭਗ ਦੱਸੀ ਜਾ ਰਹੀ ਹੈ, ਨੂੰ ਨਾ ਤਾਂ ਪੰਜਾਬ ਸਰਕਾਰ ਆਪਣੇ ਕਾਮੇ ਮੰਨਦੀ ਹੈ ਤੇ ਨਾ ਹੀ ਇਹ ਆਊਟਸੋਰਸ ਕਾਮੇ ਹਨ।

    ਜਲ ਸਪਲਾਈ ਵਿਭਾਗ ’ਚ, ਇਨਲਿਸਟਮੈਂਟ ਕਾਮਿਆਂ ਤੋਂ ਇਲਾਵਾ 1500 ਦੇ ਲਗਭਗ ਆਊਟਸੋਰਸ ਕਾਮੇ ਵੀ ਕੰਮ ਕਰਦੇ ਹਨ। ਇਨ੍ਹਾਂ ਆਊਟ ਸੋਰਸ ਕਾਮਿਆਂ ਦੀ ਵੀ ਬਾਕੀ ਵਿਭਾਗਾਂ ਦੇ ਕਾਮਿਆਂ ਵਾਂਗ ਹੀ ਕੰਪਨੀਆਂ ਥੋੜ੍ਹੀ-ਥੋੜ੍ਹੀ ਤਨਖਾਹ ਦੇ ਕੇ ਲੁੱਟ ਕਰ ਰਹੀਆਂ ਹਨ । ਜਲ ਸਪਲਾਈ ਵਿਭਾਗ ਦੇ ਇਹ ਕਾਮੇ ਵੀ ਲਗਾਤਾਰ ਸੰਘਰਸ਼ ਕਰ ਰਹੇ ਹਨ ਤੇ ਸਰਕਾਰੀ ਲੁੱਟ ਦੇ ਨਾਲ- ਨਾਲ ਪੁਲਸ ਤਸ਼ੱਦਦ ਵੀ ਝੱਲ ਰਹੇ ਹਨ।

    ਕੁੱਝ ਹੋਰ ਵਰਗ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੁੱਝ ਆਗੂ ਇਸ ਵਰ੍ਹਦੀ ਅੱਗ ‘ਚ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹੇ ਬੈਠੇ ਹਨ। ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਜਾਂ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਨੂੰ ਪੁਲਸ ਰਾਹੀਂ ਘੇਰ ਕੇ ਡਰਾ-ਧਮਕਾ ਰਹੀ ਹੈ।

    ਪਿਛਲੇ ਸਾਲਾਂ ‘ਚ ਇਸ ਸਰਕਾਰ ਨੇ ਕੁਝ ਕਾਮੇ ਪੱਕੇ ਕਰਨ ਦਾ ਦਾਅਵਾ ਕੀਤਾ ਹੈ। ਕਾਮੇ ਪੱਕੇ ਕਰਨ ਦਾ ਇਸ ਤਰ੍ਹਾਂ ਦਾ ਕੰਮ, ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਪੱਕੇ ਕੀਤੇ ਇਨ੍ਹਾਂ ਕਾਮਿਆਂ ਨੂੰ ਕੋਈ ਗ੍ਰੇਡ ਨਹੀਂ ਦਿੱਤੇ ਗਏ ਤੇ ਨਾ ਹੀ ਇਨ੍ਹਾਂ ‘ਤੇ ਕੋਈ ਸੇਵਾ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਨੂੰ ਮਿਲਦੀ ਤਨਖਾਹ ‘ਚ ਥੋੜ੍ਹਾ ਜਿਹਾ ਵਾਧਾ ਕੀਤਾ ਗਿਆ ਹੈ। ਮਾਮੂਲੀ ਜਿਹੀ ਸਾਲਾਨਾ ਇਨਕਰੀਮੈਂਟ ਲਾਈ ਜਾਵੇਗੀ। ਸੇਵਾਮੁਕਤੀ ’ਤੇ ਇਨ੍ਹਾਂ ਨੂੰ ਨਾ ਪੈਨਸ਼ਨ ਮਿਲੇਗੀ ਤੇ ਹੀ ਨਾ ਕੋਈ ਹੋਰ ਲਾਭ । ਨਾਲ ਹੀ ਇਨ੍ਹਾਂ ਦੀ ਪੋਸਟ ਵੀ ਖਤਮ ਸਮਝੀ ਜਾਵੇਗੀ। ਇੰਜ ਦਾ ਵਰਤਾਰਾ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ।

    ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਕੱਚੇ ਕਾਮੇ ਵੀ ਪੱਕੇ ਕੀਤੇ ਜਾਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਕਈ ਦਫ਼ਾ ਹੜਤਾਲ ਕਰ ਚੁੱਕੇ ਹਨ। ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਲਾਰਾ ਲਾਉਣ ਵਾਲੀ ਇਸ ਸਰਕਾਰ ਦਾ ਹਰਾ ਪੈਨ ਅੱਜ ਤੱਕ ਨਹੀਂ ਚੱਲਿਆ। ਲੱਗਦਾ ਹੈ ਉਸ ਪੈਨ ਦੀ ਹਰੀ ਸਿਆਹੀ ਮੁੱਕ ਚੁੱਕੀ ਹੈ। ਅਧਿਆਪਕਾਂ, ਮੁਲਾਜ਼ਮਾਂ- ਪੈਨਸ਼ਨਰਾਂ ਦੇ ਮਾਰਚ ਮਹੀਨੇ ਵਿਧਾਨ ਸਭਾ ਵੱਲ ਕੀਤੇ ਵਿਸ਼ਾਲ ਮੁਜ਼ਾਹਰਿਆਂ ‘ਤੇ ਕੀਤਾ ਗਿਆ ਲਾਠੀਚਾਰਜ਼, ਪਾਣੀ ਦੀਆਂ ਬੁਛਾਰਾਂ ਤੇ ਹੰਝੂ ਗੈਸ ਆਦਿ ਅਜੇ ਵੀ ਕਿਸੇ ਤੋਂ ਭੁੱਲੇ ਹੋਏ ਨਹੀਂ ਹਨ। ਮਹਿੰਗਾਈ ਭੱਤੇ ਸਬੰਧੀ ‘ਆਪ’ ਸਰਕਾਰ ਵਲੋਂ ਪੰਜਾਬ- ਹਰਿਆਣਾ ਉੱਚ ਅਦਾਲਤ ਦੇ ਡਬਲ ਬੈਂਚ ਅੱਗੇ ਪੇਸ਼ ਕੀਤੇ ਸੀਲਬੰਦ ਲਿਫਾਫੇ ਨੇ ਮੁਲਾਜ਼ਮਾਂ-ਪੈਨਸ਼ਨਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਕਰਤੂਤ ਨਾਲ ਸਰਕਾਰ ਦੇ ਉਸ ਦਾਅਵੇ ਦੀ ਫੂਕ ਕੱਢ ਦਿੱਤੀ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ।

    ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਉਪਰੋਕਤ ਵਰਗਾਂ ਤੇ ਹੋਰ ਸ਼ੰਘਰਸ਼ਸ਼ੀਲ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਖਰਚਿਆ ਜਾਣ ਵਾਲਾ ਸਰਕਾਰੀ ਧਨ, ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ, ਮੰਤਰੀਆਂ-ਸੰਤਰੀਆਂ ਦੇ ਐਸ਼ੋ-ਆਰਾਮ, ਫਜ਼ੂਲ ਖਰਚੀਆਂ ਤੇ ਆਪਣੀਆਂ ਚਹੇਤੀਆਂ ਕੰਪਨੀਆਂ ਦੇ ਧਨ ਦੇ ਭੰਡਾਰ ਹੋਰ ਵੱਡੇ ਕਰਨ ਲਈ ਖਰਚਿਆ ਜਾ ਰਿਹਾ ਹੈ। ਨਾਲ ਹੀ ਖਜ਼ਾਨੇ ‘ਚ ਆਉਣ ਵਾਲੇ ਧਨ ਦਾ ਵੱਡਾ ਹਿੱਸਾ ਚੋਰ ਮੋਰੀਆਂ ਰਾਹੀਂ ਸਿੱਧਾ ਰਾਜ ਨੇਤਾਵਾ ਦੀਆਂ ਜੇਬਾਂ ‘ਚ ਜਾ ਰਿਹਾ ਹੈ। ਇਸ ਵਰਤਾਰੇ ਨੂੰ ਮੋੜਾ ਦੇਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਾ ਸਿਰਫ ਸੰਘਰਸ਼ਾਂ ਦੇ ਮੈਦਾਨਾਂ ‘ਚ ਨਿਤਰਨਾ ਪਵੇਗਾ, ਸਗੋਂ ਆਉਂਦੀਆਂ 2027 ਦੀਆਂ ਚੋਣਾਂ ਵਿਚ ਇਸ ਪਾਰਟੀ ਨੂੰ ਸਬਕ ਵੀ ਸਿਖਾਉਣਾ ਹੋਵੇਗਾ।

  • ਸਥਾਨਕ ਅਦਾਰਿਆਂ ਦੀਆਂ ਚੋਣਾਂ ‘ਚ ਟੁੱਟੇ ਧੱਕੇ-ਧਾਂਦਲੀਆਂ ਦੇ ਰਿਕਾਰਡ, ਰੱਜ ਕੇ ਵਰਤਿਆ ਸਾਮ-ਦਾਮ-ਦੰਡ-ਭੇਦ ਦਾ ਫਾਰਮੂਲਾ

    ਸਥਾਨਕ ਅਦਾਰਿਆਂ ਦੀਆਂ ਚੋਣਾਂ ‘ਚ ਟੁੱਟੇ ਧੱਕੇ-ਧਾਂਦਲੀਆਂ ਦੇ ਰਿਕਾਰਡ, ਰੱਜ ਕੇ ਵਰਤਿਆ ਸਾਮ-ਦਾਮ-ਦੰਡ-ਭੇਦ ਦਾ ਫਾਰਮੂਲਾ


    ਲੰਘੀ 26 ਮਈ ਨੂੰ ਪੰਜਾਬ ਦੀਆਂ 8 ਮਿਊਂਸੀਪਲ ਕਾਰਪੋਰੇਸ਼ਨਾਂ, 76 ਮਿਊਂਸੀਪਲ ਕਾਊਂਸਿਲਾਂ ਤੇ 21 ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਵੀ ਐਲਾਨੇ ਜਾ ਚੁੱਕੇ ਹਨ। ਕੁੱਲ 1977 ਵਾਰਡਾਂ ‘ਚੋਂ ਆਮ ਆਦਮੀ ਪਾਰਟੀ ਨੂੰ 958, ਕਾਂਗਰਸ ਪਾਰਟੀ ਨੂੰ 397, ਸ਼ਮਣੀ ਅਕਾਲੀ ਦਲ ਨੂੰ 192, ਭਾਜਪਾ ਨੂੰ 172 ਅਤੇ ਬਸਪਾ ਨੂੰ 7 ਵਾਰਡਾਂ ‘ਤੇ ਜਿੱਤ ਹਾਸਲ ਹੋਈ ਹੈ। ਆਮ ਚਰਚਾ ਹੈ ਕਿ ਇਹ ਚੋਣਾਂ ਜਿੱਤਣ ਲਈ ਸੂਬੇ ‘ਚ ਰਾਜ ਕਰਦੀ ‘ਆਮ ਆਦਮੀ ਪਾਰਟੀ’ (‘ਆਪ’) ਨੇ ਰੱਜ ਕੇ ਧਾਂਦਲੀ ਅਤੇ ਧੱਕੇਸ਼ਾਹੀ ਕੀਤੀ ਹੈ। ਚੋਣਾਂ ਜਿੱਤਣ ਲਈ ‘ਆਪ’ ਨੇ ਹਰ ਉਹ ਕੋਝਾ ਹੱਥਕੰਡਾ ਵਰਤਿਆ ਹੈ, ਜਿਸ ਨੂੰ ਵਰਤੇ ਜਾਣ ਦਾ ਦੋਸ਼ ਇਸ ਪਾਰਟੀ ਦੇ ਆਗੂ ਅਤੀਤ ‘ਚ ਰਾਜ ਕਰਦੇ ਰਹੇ ਤਕਰੀਬਨ ਸਾਰੇ ਰਵਾਇਤੀ ਰਾਜਸੀ ਦਲਾਂ ਸਿਰ ਮੜ੍ਹਦੇ ਰਹੇ ਹਨ। ਇੰਝ ‘ਆਪ’ ਦਾ ਹੀਜ਼-ਪਿਆਜ ਇਕ ਵਾਰ ਫੇਰ ਬੜੀ ਭੈੜੀ ਤਰ੍ਹਾਂ ਨੰਗਾ ਹੋਇਆ ਹੈ। ਯਾਦ ਰਹੇ ‘ਆਪ’ ਦੇ ਆਗੂ ਤੇ ਸੂਬਾ ਸਰਕਾਰ ਇਹੋ ਕਾਰਨਾਮਾ ਲੰਘੇ ਸਾਲ ਦਸੰਬਰ ਮਹੀਨੇ ‘ਚ ਹੋਈਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਵੀ ਕਰ ਚੁੱਕੇ ਹਨ। ਵੈਸੇ, ਸੂਝਵਾਨ ਸਿਆਸੀ ਵਿਸ਼ਲੇਸ਼ਕਾਂ ਨੇ ਇਹ ਭਾਣਾ ਵਾਪਰਨ ਦਾ ਅੰਦਾਜ਼ਾ ਉਸੇ ਦਿਨ ਹੀ ਲਾ ਲਿਆ ਸੀ, ਜਦੋਂ ਦਿੱਲੀ ਦੇ ਵੋਟਰਾਂ ਵਲੋਂ ਭੈੜੀ ਤਰ੍ਹਾਂ ਰੱਦ ਕੀਤੇ ਮਨੀਸ਼ ਸਿਸੋਦੀਆ ਨੇ ‘ਆਪ’ ਦੇ ਵਲੰਟੀਅਰਾਂ ਨੂੰ ਇਹ ‘ਪਾੜ੍ਹਤ’ ਪੜ੍ਹਾਈ ਸੀ ਕਿ ਸਾਮ- ਦਾਮ-ਦੰਡ-ਭੇਦ ਦੀ ਨੀਤੀ ‘ਤੇ ਚਲਦਿਆਂ ਹਰ ਹਰਬਾ ਵਰਤ ਕੇ ਲੋਕਲ ਬਾਡੀਜ਼ ਚੋਣਾਂ ਹਰ ਹਾਲ ਜਿੱਤਣ ਦੀ ਤਿਆਰੀ ਵਿੱਢ ਦਿਓ।

    ਉਂਝ ਸਿਆਸੀ ਮੌਕਾਪ੍ਰਸਤੀ ਤੇ ਗਿਰਾਵਟ ਦਾ ਇਹ ਵਰਤਾਰਾ ‘ਆਪ’ ਦੇ ਆਗੂਆਂ ਲਈ ਹੁਣ ਕੋਈ ਸ਼ਰਮਿੰਦਗੀ ਜਾਂ ਨਮੋਸ਼ੀ ਦਾ ਵਿਸ਼ਾ ਨਹੀਂ ਰਿਹਾ। ਅਸੂਲਾਂ ਦੀ ਰਾਜਨੀਤੀ ਕਰਨ ਦਾ ਢੰਡੋਰਾ ਪਿੱਟਣ ਵਾਲੇ ‘ਆਪ’ ਦੇ ਆਗੂ ਇਸ ਤੋਂ ਪਹਿਲਾਂ ਸੂਬੇ ਦੇ ਵੱਡੇ ਧਨ ਕੁਬੇਰਾਂ ਨੂੰ ‘ਆਮ ਆਦਮੀ’ ਦਾ ਲਿਬਾਸ ਪਵਾ ਕੇ ਰਾਜ ਸਭਾ ‘ਚ ਭੇਜਣ ਦਾ ਭੱਦਾ ਕਾਰਨਾਮਾ ਕਰ ਚੁੱਕੇ ਹਨ। ਕੁਝ ਹਲਕਿਆਂ ਵਲੋਂ ਤਾਂ ਇਹ ਇਲਜ਼ਾਮ ਵੀ ਲਾਏ ਜਾਂਦੇ ਹਨ ਕਿ ‘ਆਪ’ ਦੇ ‘ਥਿੰਕ ਟੈਕ’ ਨੇ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਨਹੀਂ ਸਨ, ਸਗੋਂ ਵੇਚੀਆਂ ਸਨ। ਇਸੇ ਵੱਖਰੀ ਗੱਲ ਹੈ ਕਿ ਪੰਜਾਬੀ ਦੀ ਕਹਾਵਤ, “ਜਿਹੋ ਜਿਹੀ ਸੂਟੀ ਉਹੋ ਜਿਹਾ ਮੁਕਲਾਵਾ” ਅਨੁਸਾਰ ਰਾਜ ਸਭਾ ਦੇ ਇਹ ਸਾਰੇ ਮੈਂਬਰ ਹੁਣ ਦਲਬਦਲੀ ਕਰਕੇ ਭਾਜਪਾ ਦੀ ਝੋਲੀ ‘ਚ ਜਾ ਬੈਠੇ ਹਨ।

    ‘ਆਪ’ ਦੇ ਮੰਤਰੀਆਂ ਤੋਂ ਲੈਕੇ ਵਿਧਾਇਕਾਂ, ਹਲਕਾ ਇੰਚਾਰਜਾਂ, ਇਥੋਂ ਤੱਕ ਕਿ ਪਿੰਡ ਪੱਧਰ ਦੇ ਆਗੂਆਂ ਖ਼ਿਲਾਫ਼ ਨਸ਼ਾ ਤਸਕਰਾਂ, ਰੇਤ-ਬਜ਼ਰੀ ਮਾਫੀਆ ਤੇ ਅਪਰਾਧੀ ਗ੍ਰੋਹਾਂ ਦੀ ਪੁਸ਼ਤ-ਪਨਾਹੀ ਕਰਨ, ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਰਾਹੀਂ ਬੇਓੜਕ ਮਾਇਆ ਇਕੱਠੀ ਕਰਨ, ਲੋਕਾਂ ਦੀਆਂ ਕੀਮਤੀ ਜਾਇਦਾਦਾਂ ‘ਤੇ ਕਬਜ਼ਾ ਜਮਾਉਣ, ਕਮਿਸ਼ਨ ਖੋਰੀ ਆਦਿ ਦੇ ਇਲਜਾਮ ਸ਼ਰ੍ਹੇਆਮ ਲੱਗ ਰਹੇ ਹਨ।

    ‘ਆਪ’ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ, ਦਿੱਲੀ ਵਿਚਲੇ ਉਨ੍ਹਾਂ ਦੇ ਅਤਿ ਨਜ਼ਦੀਕੀ ਰਾਜ਼ਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਪਾਰਟੀ ਦਾ ਹਰ ਛੋਟਾ-ਵੱਡਾ ਆਗੂ ਅਕਸਰ ਸਿਆਸੀ ਬਿਆਨਬਾਜ਼ੀ ਕਰਦਿਆਂ ਜਾਂ ਆਮ ਗੱਲਬਾਤ ਦੌਰਾਨ ਆਪਣੇ ਆਪ ਨੂੰ ਜਮਹੂਰੀ ਕਦਰਾਂ-ਕੀਮਤਾਂ ਦੇ ਸਭ ਤੋਂ ਵੱਡੇ ਰਾਖਿਆਂ ਵਜੋਂ ਪੇਸ਼ ਕਰਦੇ ਰਹੇ ਹਨ। ਇਹੋ ਨਹੀਂ ਇਹ ‘ਸੱਜਣ’ ਆਪਣੇ ਆਪ ਬਾਰੇ ਇਹ ਦਾਅਵੇ ਕਰਦੇ ਵੀ ਨਹੀਂ ਸਨ ਥੱਕਦੇ ਕਿ ਉਹ ਸਵੱਛ ਰਾਜਨੀਤੀ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਤੇ ਈਮਾਨਦਾਰੀ ਦੇ ਮੁਜ਼ੱਸਮੇ ਹਨ। ਭਾਜਪਾ ਵਲੋਂ ਦੇਸ਼ ਦੀ ਲੋਕ ਰਾਜੀ ਪ੍ਰਣਾਲੀ ਨੂੰ ਲਾਈ ਜਾ ਰਹੀ ਗੰਭੀਰ ਢਾਹ ਤੇ ਖੁਦ ਮੁਖ਼ਤਾਰ ਸੰਵਿਧਾਨਕ ਸੰਸਥਾਵਾਂ ਦਾ ਵਕਾਰ ਮਿੱਟੀ-ਘੱਟੇ ਰੋਲਣ ਵਾਲੇ ਸੰਘ-ਭਾਜਪਾ ਦੇ ਕੋਝੇ ਮਨਸੂਬਿਆਂ ਦੀ ਕਰੜੀ ਆਲੋਚਨਾ ਕਰਨ ਲੱਗੇ ਵੀ ਇਹ ‘ਮਹਾਂਪੁਰਸ਼’ ਕੋਈ ਕਸਰ ਬਾਕੀ ਨਹੀਂ ਛੱਡਦੇ। ਲੇਕਿਨ, ਜਿੱਥੇ ਇਨ੍ਹਾਂ ਦਾ ਆਪਣਾ ਜ਼ੋਰ ਚਲਦਾ ਹੈ, ਉੱਥੇ ਇਹ ਖੁਦ ਵੀ ਹੂਬਹੂ ‘ਭਾਜਪਾ ਮਾਰਕਾ ਧੱਕੇਸ਼ਾਹੀ’ ਕਰਦੇ ਹਨ। ਯਾਨਿ “ਕੌਣ ਆਖੇ ਰਾਣੀ ਅੱਗਾ ਢੱਕ !”

    ਖੈਰ ! ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਵੱਲ ਮੁੜਦੇ ਹਾਂ। ਚੋਣਾਂ ਦੀ ਮੁਢਲੀ ਪ੍ਰਕ੍ਰਿਆ ਦੌਰਾਨ, ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਾਉਨ ਵੇਲੇ ਹੀ ਬੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਸੀ। ਚੋਣਾਂ ਕਰਾਉਣ ਲਈ ਨਿਯੁਕਤ ਕੀਤੇ ਅਮਲੇ-ਫੈਲੇ ਨੇ ਪੱਖਪਾਤੀ ਵਤੀਰਾ ਧਾਰਨ ਕੀਤਾ। ਦਰਜਨਾਂ ਉਮੀਦਵਾਰਾਂ ਦੇ ਕਾਗਜ ਰੱਦ ਕਰਕੇ ਰਾਜ ਕਰਦੀ ਪਾਰਟੀ ਦੇ 60 ਤੋਂ ਵਧੇਰੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤੇ ਗਏ। ਚੋਣਾਂ ਵਾਲੇ ਦਿਨ ਹੁਕਮਰਾਨਾਂ ਦੇ ਚਹੇਤਿਆਂ ਵਲੋਂ ਕੀਤੀ ਹਿੰਸਾ ਤੇ ਗੁੰਡਾਗਰਦੀ ਨੇ ਪਿੱਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਸਨ। ਪੁਲਿਸ-ਪ੍ਰਸਾਸ਼ਨ ਸਾਰਾ ਕੁੱਝ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਸੀ। ਮਨੀਸ਼ ਸਿਸੋਦੀਆ ਵਲੋਂ ਦਿੱਤਾ ‘ਗੁਰ ਮੰਤਰ’ ਲਾਗੂ ਕਰਨ ਪੱਖੋਂ ‘ਆਪ’ ਦੇ ਆਗੂਆਂ ਤੇ ਸੂਬਾ ਸਰਕਾਰ ਅਤੇ ਭਾਜਪਾ ਦੇ ਆਗੂਆਂ ਤੇ ਕੇਂਦਰੀ ਸਰਕਾਰ ਦੀ ਕਾਰਜ ਪ੍ਰਣਾਲੀ ‘ਚ ਭੋਰਾ ਭਰ ਵੀ ਅੰਤਰ ਨਹੀਂ ਦਿਖਾਈ ਦਿੱਤਾ। ਇਉਂ ਲੱਗਿਆ ਜਿਵੇਂ ਦੋਵੇਂ ਧਿਰਾਂ ਨੇ ‘ਨਾਗਪੁਰੀ ਵਿਸ਼ਵ ਵਿਦਿਆਲੇ’ ਤੋਂ ਬਰਾਬਰ ਦੀ ਡਿਗਰੀ ਹਾਸਲ ਕੀਤੀ ਹੋਵੇ।

    ਨਗਰ ਨਿਗਮ, ਨਗਰ ਪਾਲਿਕਾ, ਨਗਰ ਪੰਚਾਇਤਾ ਦੀਆਂ ਇਹ ਚੋਣਾਂ ਲੋਕਾਂ ਲਈ ਸਭ ਤੋਂ ਨੇੜਲੇ ਪੱਧਰ ਦੀਆਂ ਚੋਣਾਂ ਹੁੰਦੀਆਂ ਹਨ, ਜਿੱਥੇ ਲੋਕ ਆਪਣੇ ਚੁਣੇ ਹੋਏ ਨੁਮਾਇਦਿਆਂ ਰਾਹੀਂ ਆਪਣੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ।

    ਇਸ ਲਈ ਵੋਟਰ ਰਾਜਸੀ ਦਲਾਂ ਦੇ ਉਮੀਦਵਾਰਾਂ ਦੀ ਥਾਂ ਦੁੱਖ-ਸੁੱਖ ਵੇਲੇ ਲੋਕਾਂ ਦੇ ਅੰਗ-ਸੰਗ ਖਲੋਣ ਵਾਲੇ ਬਾਕਿਰਦਾਰ ਨੁਮਾਇੰਦੇ ਚੁਣਦੇ ਹਨ।

    ਪਰ ਮੌਜੂਦਾ ਸਮੇਂ ਇਨ੍ਹਾਂ ਸੰਸਥਾਵਾਂ ਦੀ ਖੁਦ ਮੁਖਤਾਰੀ ਨੂੰ ਇੱਕ ਸੋਚੀ-ਸਮਝੀ ਚਾਲ ਤਹਿਤ ਭਾਰੀ ਢਾਹ ਲਾਈ ਗਈ ਹੈ। ਸਾਫ- ਸਫਾਈ ਦਾ ਯੋਗ ਪ੍ਰਬੰਧ, ਕੂੜੇ-ਕਰਕਟ ਦਾ ਠੀਕ ਨਿਪਟਾਰਾ, ਸੀਵਰੇਜ ਸਬੰਧੀ ਸਮੱਸਿਆਵਾਂ ਦਾ ਹੱਲ, ਪਾਰਕਾਂ ਦਾ ਰੱਖ-ਰਖਾਅ ਅਤੇ ਸ਼ਹਿਰੀ ਪ੍ਰਬੰਧ ਚਲਾਉਣ ਲਈ ਫੰਡਾਂ ਦੀ ਘਾਟ ਜਾਣ-ਬੁੱਝ ਕੇ ਬਣਾਈ ਰੱਖੀ ਜਾਂਦੀ ਹੈ। ਇਹ ਘਾਟ ਪੂਰੀ ਕਰਨ ਲਈ ਹਾਕਮ ਧਿਰ ਨੂੰ ਹੀ ਜਿਤਾਉਣ ਦਾ ਬਿਰਤਾਂਤ ਸਿਰਜਿਆ ਜਾਂਦਾ ਹੈ। ‘ਆਪ’ ਇਸੇ ਬਿਰਤਾਂਤ ਅਤੇ ਹਰ ਤਰ੍ਹਾਂ ਦੀਆਂ ਬੇਨਿਯਮੀਆਂ ਤੇ ਧੱਕੇ ਸ਼ਾਹੀਆ ਦੇ ਆਸਰੇ ਸਭ ਤੋਂ ਵਧ ਸੀਟਾਂ ਜਿੱਤਣ ‘ਚ ਸਫਲ ਰਹੀ ਹੈ। ਇਹ ਚੋਣਾਂ ਹਰ ਹੀਲੇ ਜਿੱਤਣ ਪਿੱਛੇ ‘ਆਪ’ ਦੀ ਮੰਸ਼ਾ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਆਧਾਰ ਤਿਆਰ ਕਰਨਾ ਵੀ ਸੀ। ਸ਼ਹਿਰੀ-ਅਰਧ ਸ਼ਹਿਰੀ ਸੰਸਥਾਵਾਂ ਦੀਆਂ ਇਨ੍ਹਾਂ ਚੋਣਾਂ ਦਾ ਇੱਕ ਪਹਿਲੂ ਇਹ ਵੀ ਰਿਹਾ ਹੈ ਕਿ ਭਾਜਪਾ, ਜੋ ਹਰ ਹੀਲੇ ਪੰਜਾਬ ਨੂੰ ਜਿੱਤਣ ਦੇ ਮਨਸੂਬੇ ਘੜੀ ਬੈਠੀ ਹੈ, ਆਜ਼ਾਦ ਉਮੀਦਵਾਰਾਂ ਤੋ ਵੀ ਪਿੱਛੇ ਰਹਿ ਗਈ ਹੈ।

    ਚੋਣਾਂ ਲੰਘਣ ਪਿੱਛੋਂ ਸ਼ਹਿਰੀ ਲੋਕਾਂ ਸਾਹਮਣੇ ਉਹੋ ਮੁੱਦੇ ਤੇ ਸਮੱਸਿਆਵਾਂ ਮੂੰਹ ਅੱਡੀ ਖੜ੍ਹੇ ਹਨ। ਪਲਾਟ ਜਾਂ ਮਕਾਨ ਖਰੀਦਣ- ਵੇਚਣ ਲੱਗਿਆਂ ਐਨਓਸੀ ਹਾਸਲ ਕਰਨ ਦੇ ਰਾਹ ‘ਚ ਡਾਹੇ ਜਾਂਦੇ ਬੇਲੋੜੇ ਅੜਿੱਕਿਆਂ ਤੋਂ ਮੁਕਤੀ, ਦਫਤਰਾਂ ‘ਚ ਫੈਲੇ ਭ੍ਰਿਸ਼ਟਾਚਾਰ ਤੇ ਲਾਲਫੀਤਾਸ਼ਾਹੀ ਦਾ ਖਾਤਮਾ, ਪੀਣ ਵਾਲੇ ਸਵੱਛ ਪਾਣੀ ਦੀ ਨਿਰਵਿਘਣ ਸਪਲਾਈ ਯਕੀਨੀ ਬਣਾਉਣ, ਗਲੀ-ਮੁਹੱਲਿਆਂ ਦੀ ਸਫਾਈ ਵੇਲੇ ਸਿਰ ਕੀਤੇ ਜਾਣ, ਸੀਵੇਰੇਜ ਸਬੰਧੀ ਸਮੱਸਿਆਵਾਂ ਦੂਰ ਕਰਨ ਆਦਿ ਲਈ ਇਹਨਾਂ ਸੰਸਥਾਵਾਂ ਨੂੰ ਸਵੈ ਨਿਰਭਰ ਬਣਾਉਣ ਲਈ ਆਰਥਿਕ ਸਰੋਤ ਪੈਦਾ ਕਰਨੇ ਅਤੇ ਸਮੁੱਚੀ ਕਾਰਜ ਪ੍ਰਣਾਲੀ ਸਚਾਰੂ ਬਣਾਉਣ ਲਈ ਸਟਾਫ ਦੀ ਰੈਗੂਲਰ ਭਰਤੀ ਕਰਨੀ ਆਦਿ ਮੰਗਾਂ-ਮਸਲੇ ਜਿਉਂ ਦੀ ਤਿਉਂ ਮੂੰਹ ਅੱਡੀ ਖੜ੍ਹੇ ਹਨ। ਇਹ ਕਾਰਜ ਕੀਤੇ ਬਿਨਾਂ ਇਹਨਾਂ ਚੋਣਾਂ ਦੇ ਨਤੀਜਿਆਂ ‘ਚ ਜੇਤੂ ਰਹਿਣ ਵਾਲੇ ਵੀ ਲੋਕਾਂ ਤੇ ਸਹਿਰਾਂ ਦਾ ਬਹੁਤਾ ਕੁਝ ਨਹੀਂ ਸੰਵਾਰ ਸਕਣਗੇ। ਲੋਕ ਪੱਖੀ ਧਿਰਾਂ ਦਾ ਸਾਹਮਣੇ ਇਹ ਕਾਰਜ ਹੈ ਕਿ ਉਹ ਇਹ ਮੁੱਦੇ ਸ਼ਿੱਦਤ ਨਾਲ ਉਠਾਉਣ, ਜਿਸ ਨਾਲ ਜਾਣ ਤੇ ਲੋਕਾਂ ਦੀ ਸਿਆਸੀ ਤੇ ਜਮਹੂਰੀ ਚੇਤਨਤਾ ਉਚਿਆਈ ਜਾ ਸਕੇ।