Now Reading
ਸਾਮਰਾਜ ਤੇ ਫਿਰਕੂ ਕੋਹੜ ਤੋਂ ਮੁਕਤੀ ਲਈ ਕੁਰਬਾਨ ਹੋਇਆ ਲਾਸਾਨੀ ਯੋਧਾ ਮੁਹੰਮਦ ਸਿੰਘ ‘ਆਜ਼ਾਦ’ ਉਰਫ ਸ਼ਹੀਦ ਊਧਮ ਸਿੰਘ

ਸਾਮਰਾਜ ਤੇ ਫਿਰਕੂ ਕੋਹੜ ਤੋਂ ਮੁਕਤੀ ਲਈ ਕੁਰਬਾਨ ਹੋਇਆ ਲਾਸਾਨੀ ਯੋਧਾ ਮੁਹੰਮਦ ਸਿੰਘ ‘ਆਜ਼ਾਦ’ ਉਰਫ ਸ਼ਹੀਦ ਊਧਮ ਸਿੰਘ

ਸ਼ਮਸ਼ੇਰ ਸਿੰਘ ਬਟਾਲਾ
ਭਾਰਤ ਨੂੰ ਅੰਗ੍ਰੇਜ਼ੀ ਸਾਮਰਾਜ ਦੀ ਬਸਤੀਵਾਦੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਦਿਵਾਉਣ ਲਈ ਦੇਸ਼ ਦੇ ਬੇਸ਼ੁਮਾਰ ਅਣਖੀਲੇ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਸਨ । ਨਾਲ ਹੀ ਸੁਤੰਤਰਤਾ ਪ੍ਰਾਪਤੀ ਲਈ ਬੇਮਿਸਾਲ ਤਿਆਗ ਕਰਨ ਵਾਲੇ ਜੰਗਜੂਆਂ ਦੀ ਵੀ ਬੜੀ ਲੰਮੀ ਕਤਾਰ ਹੈ। ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਮੂਹਰਲੀ ਕਤਾਰ ਦੇ ਮਹਾਨ ਸ਼ਹੀਦਾਂ ‘ਚ, ਵਰ੍ਹਿਆਂ ਬੱਧੀ ਸਖ਼ਤ ਜੱਦੋ-ਜਹਿਦ ਕਰਨ ਪਿਛੋਂ ਲੰਦਨ ਜਾ वे ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦੀ ਸਾਕੇ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਸੁਨਾਮ ਦਾ ਨਾਂ ਵੀ ਮਾਣ ਨਾਲ ਲਿਆ ਜਾਂਦਾ ਹੈ। ਸ਼ਹੀਦ ਊਧਮ ਸਿੰਘ ਅਜਿਹਾ ਨਾਂ ਹੈ ਜੋ ਕੇਵਲ ਪੰਜਾਬ ਹੀ ਨਹੀਂ, ਬਲਕਿ ਸਾਰੇ ਹਿੰਦੋਸਤਾਨ ਦੇ ਇਨਕਲਾਬੀ ਇਤਿਹਾਸ ਦੀ ਧੜਕਨ ਬਣ ਗਿਆ ਹੈ। ਉਹ ਇਕ ਅਜਿਹਾ ਕ੍ਰਾਂਤੀਕਾਰੀ ਸੀ, ਜਿਸਦੀ ਸ਼ਹਾਦਤ ਇਕ ਅੰਗ੍ਰੇਜ਼ ਅਧਿਕਾਰੀ ਦੇ ਅਣ ਕਿਆਸੀ ਦਲੇਰੀ ਨਾਲ ਕੀਤੇ ਕਤਲ ਤੱਕ ਸੀਮਤ ਨਹੀਂ ਕੀਤੀ ਜਾ ਸਕਦੀ। ਉਹ ਤਾਂ ਸਗੋਂ ਮਨੁੱਖਤਾ ਦੇ ਸਭ ਤੋਂ ਘਾਤਕ ਵੈਰੀ ਸਾਮਰਾਜਵਾਦ ਅਤੇ ਇਸ ਦੀ ਨਾਜਾਇਜ਼ ਔਲਾਦ ਫਿਰਕਾਪ੍ਰਸਤੀ ਦਾ ਕੱਟੜ ਦੁਸ਼ਮਣ ਸੀ। ਇਸ ਤੋਂ ਵੀ ਅਗਾਂਹ, ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਵਿਚਾਰ ਗ਼ਦਰ ਲਹਿਰ ਦੇ ਮਹਾਨ ਆਦਰਸ਼ਾਂ ਦੀ ਜਿਉਂਦੀ ਮਿਸਾਲ ਹਨ। ਹੱਥਲਾ ਲੇਖ ਉਸ ਲਾਸਾਨੀ ਸ਼ਹੀਦ ਦੀ ਪ੍ਰੇਰਣਾਦਾਇਕ ਜ਼ਿੰਦਗੀ, ਸ਼ਾਨਾਮੱਤੇ ਸੰਘਰਸ਼ ਅਤੇ ਮਾਨਵੀ ਸੋਚ ਨੂੰ ਸਮਰਪਿਤ ਹੈ।

ਮੁੱਢਲਾ ਜੀਵਨ ਤੇ ਪਿਛੋਕੜ

ਸ਼ਹੀਦ ਊਧਮ ਸਿੰਘ ਦਾ ਜਨਮ ਪਿੰਡ ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ, ਮਾਤਾ ਨਰੈਣ ਕੌਰ ਉਰਫ ਹਰਨਾਮ ਕੌਰ ਦੀ ਕੁੱਖੋਂ, ਪਿਤਾ ਸ਼੍ਰੀ ਚੂਹੜ ਸਿੰਘ ਉਰਫ ਟਹਿਲ ਸਿੰਘ ਦੇ ਘਰ 26 ਦਸੰਬਰ 1899 ਨੂੰ ਹੋਇਆ ਸੀ। ਸ਼ਹੀਦ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਕੇਵਲ 7 ਸਾਲ ਦੀ ਉਮਰ ‘ਚ ਮਾਤਾ ਤੇ 10 ਸਾਲ ਦੀ ਉਮਰ ‘ਚ ਪਿਤਾ ਦੇ ਦਿਹਾਂਤ ਤੋਂ ਪਿਛੋਂ ਉਹ ਤੇ ਉਸਦਾ ਵੱਡਾ ਭਰਾ ਮੁਕਤਾ ਸਿੰਘ ਅਨਾਥ ਹੋ ਗਏ ਸਨ। ਲਿਹਾਜਾ ਦੋਨੋਂ ਭਰਾ ਅੰਮ੍ਰਿਤਸਰ ਦੇ ਖ਼ਾਲਸਾ ਅਨਾਥ ਆਸ਼ਰਮ ਵਿਖੇ ਚਲੇ ਗਏ ਸਨ। ਊਧਮ ਸਿੰਘ ਨੇ ਸਾਲ 1918 ‘ਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਤੇ ਸਾਲ 1919 ‘ਚ ਅਨਾਥ ਆਸ਼ਰਮ ਛੱਡ ਦਿੱਤਾ ਸੀ।

ਜਲਿਆਂਵਾਲਾ ਬਾਗ਼ ਸ਼ਹੀਦੀ ਸਾਕਾ

ਅੰਗ੍ਰੇਜ ਹਾਕਮਾਂ ਦੀ, ਭਾਰਤੀਆਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਸੁਤੰਤਰਤਾ ਸੰਗਰਾਮ ਤਾਰਪੀਡੋ ਕਰਨ ਦੀ ਨੀਤੀ ‘ਤੇ ਅਮਲ ਕਰਦਿਆਂ ਵੇਲੇ ਦੇ ਗਵਰਨਰ ਜਨਰਲ ਸਰ ਮਾਈਕਲ ਓ’ਡਵਾਇਰ ਦੇ ਹੁਕਮਾਂ ਤਹਿਤ ਜਨਰਲ ਡਾਇਰ ਨੇ 13 ਅਪ੍ਰੈਲ ਅੰਮ੍ਰਿਤਸਰ ਜਲਿਆਂਵਾਲਾ ਬਾਗ਼ ਵਿਖੇ ਨਿਹੱਥੇ ਭਾਰਤੀਆਂ ‘ਤੇ ਗੋਲੀਆਂ ਚਲਾ ਕੇ ਹਜ਼ਾਰਾਂ ਬੇਗੁਨਾਹਾਂ ਦੀਆਂ ਲਾਸ਼ਾਂ ਵਿਛਾ ਦਿਤੀਆਂ ਸਨ। ਮਾਰੇ ਜਾਣ ਵਾਲਿਆਂ ‘ਚ ਹਿੰਦੂ, ਮੁਸਲਮਾਨ ਤੇ ਸਿੱਖ ਭਾਵ ਸਾਰੇ ਧਰਮਾਂ ਦੇ ਲੋਕ ਸਨ । ਮਾਸੂਮ ਬੱਚਿਆਂ ‘ਤੇ ਔਰਤਾਂ ਦੀਆਂ ਲਾਸ਼ਾਂ ਦੇਖ ਕੇ ਕਾਲਜੇ ਨੂੰ ਹੌਲ ਪੈਂਦੇ ਸਨ। ਇਸ ਖੂਨੀ ਕਾਂਡ ਨੇ ਸ਼ਹੀਦ ਊਧਮ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਛੱਡਿਆ। ਉਸ ਨੇ ਇਸ ਖੂਨੀ ਹੱਤਿਆਕਾਂਡ ਦੇ ਜ਼ਿੰਮੇਵਾਰ ਅੰਗ੍ਰੇਜ ਅਧਿਕਾਰੀਆਂ ਤੋਂ ਬਦਲਾ ਲੈਣ ਦੀ ਪੱਕੀ ਧਾਰ ਲਈ।” ਇਤਿਹਾਸ ਗਵਾਹ ਹੈ ਕਿ ਇਹੋ ਉਸਦੀ ਜ਼ਿੰਦਗੀ ਦਾ ਮਕਸਦ ਬਣ ਗਈ।

ਗ਼ਦਰ ਲਹਿਰ ਨਾਲ ਸਬੰਧ

ਜਲਿਆਂਵਾਲਾ ਬਾਗ਼ ਕਤਲੇਆਮ ਤੋਂ ਪਿੱਛੋਂ ਊਧਮ ਸਿੰਘ ਗ਼ਦਰ ਲਹਿਰ ਦੇ ਸੰਪਰਕ ‘ਚ ਆਇਆ। ਅੰਮ੍ਰਿਤਸਰ ਦੇ ਅਨਾਥ ਆਸ਼ਰਮ ‘ਚ ਰਹਿੰਦਿਆਂ ਵੀ ਉਹ ਪਾਰਟੀ ਦਾ ਪਰਚਾ “ਗ਼ਦਰ ਦੀ ਗੂੰਜ” ਪੜ੍ਹਦਾ ਸੀ । ਗ਼ਦਰੀਆਂ ਦੇ ਮੁੱਖ ਨਾਅਰੇ “ਗ਼ਦਰ ਜ਼ਿੰਦਾਬਾਦ, ਅੰਗ੍ਰੇਜ਼ੀ ਰਾਜ ਮੁਰਦਾਬਾਦ” ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ ਸੀ। 1924 ‘ਚ ਜਦੋਂ ਉਹ ਅਮਰੀਕਾ ਗਿਆ ਤਾਂ ਸਿੱਧਾ ਸੈਨ ਫਰਾਂਸਿਸਕੋ ਵਿਚਲੇ ਗ਼ਦਰ ਪਾਰਟੀ ਦੇ ਦਫ਼ਤਰ “ਯੁਗਾਂਤਰ ਆਸ਼ਰਮ” ‘ਚ ਪਹੁੰਚਿਆ ਸੀ, ਜਿੱਥੇ ਉਸਨੂੰ ਬਾਬਾ ਸੋਹਣ ਸਿੰਘ ਭਕਨਾ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਮਿਲੇ ਸਨ।

ਗ਼ਦਰ ਪਾਰਟੀ ਲਈ ਉਸਨੇ ਮਹੱਤਵਪੂਰਨ ਕੰਮ ਕੀਤੇ ਸਨ। ਉਹ “ਗ਼ਦਰ” ਅਖ਼ਬਾਰ ਪੰਜਾਬੀ ਮਜ਼ਦੂਰਾਂ ਤੱਕ ਪੁਚਾਉਂਦਾ ਸੀ ਤੇ ਮਜ਼ਦੂਰੀ ਰਾਹੀਂ ਕੀਤੀ ਕਮਾਈ ਪਾਰਟੀ ਨੂੰ ਸੌਂਪ ਦਿੰਦਾ ਸੀ। ਕਿਉਂਕਿ ਗ਼ਦਰ ਪਾਰਟੀ ਦਾ ਮਕਸਦ ਹੀ ਹਥਿਆਰਬੰਦ ਇਨਕਲਾਬ ਕਰਨਾ ਸੀ, ਇਸ ਲਈ ਉਸਨੇ 25 ਪਿਸਤੌਲ ਖਰੀਦ ਕੇ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਗ਼ਦਰੀਆਂ ਨੇ ਉਸਨੂੰ “ਆਪਣਾ ਲਹੂ” ਕਿਹਾ ਸੀ। ਉਹ ਕਹਿੰਦੇ ਸਨ ਕਿ ਊਧਮ ਸਿੰਘ ਗ਼ਦਰ ਪਾਰਟੀ ਦੇ 1915 ਵਾਲੇ ਸੁਪਨੇ ਨੂੰ ਜਿਉਂਦਾ ਰੱਖਣ ਵਾਲਾ ਆਖਰੀ ਸੂਰਮਾ ਹੈ।

ਸ਼ਹੀਦ ਭਗਤ ਸਿੰਘ ਨੂੰ ਰਾਜਸੀ ਗੁਰੂ ਮੰਨਣਾ

ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਸ਼ਖਸੀਅਤ, ਵਿਚਾਰਾਂ ਤੇ ਕੁਰਬਾਨੀ ਦੇ ਜਜ਼ਬੇ ਨੇ ਉਸ ਨੂੰ ਸਭ ਤੋਂ ਵਧੇਰੇ ਪ੍ਰਭਾਵਿਤ ਕੀਤਾ ਸੀ। ਉਹ ਭਗਤ ਸਿੰਘ ਨੂੰ ਆਪਣਾ ਸਭ ਤੋਂ ਵਧੀਆ ‘ਦੋਸਤ’ ਅਤੇ ‘ਗੁਰੂ’ ਦੋਵੇਂ ਮੰਨਦਾ ਸੀ। ਊਧਮ ਸਿੰਘ, 1927 ’ਚ ਭਗਤ ਸਿੰਘ ਦੇ ਬੁਲਾਵੇ ‘ਤੇ ਭਾਰਤ ਵੱਲ ਮੁੜਿਆ ਸੀ। ਭਗਤ ਸਿੰਘ ਦਾ ਉਸ ਦੀ ਸ਼ਖਸ਼ੀਅਤ ‘ਤੇ ਬਹੁਤ ਪ੍ਰਭਾਵ ਸੀ। ਇੱਥੋਂ ਤੱਕ ਕਿ ਅੰਗ੍ਰੇਜ਼ ਵੀ ਉਸ ਨੂੰ ਭਗਤ ਸਿੰਘ ਦਾ ਸਾਥੀ ਸਮਝਦੇ ਸਨ। 23 ਮਾਰਚ 1931 ਨੂੰ ਜਦੋਂ ਭਗਤ ਸਿੰਘ ਤੇ ਸਾਥੀ ਸ਼ਹੀਦ ਹੋਏ ਤਾਂ ਨਾ ਕੇਵਲ “ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ” (HSRA), ਬਲਕਿ ਗ਼ਦਰ ਪਾਰਟੀ ਵੀ ਕਮਜ਼ੋਰ ਹੋ ਗਈ ਸੀ।

ਵਿਦੇਸ਼ਾਂ ਨੂੰ ਚਾਲੇ ਤੇ ਬਦਲਾ ਲੈਣ ਦੀ ਵਿਉਂਤ

ਜਲ੍ਹਿਆਂਵਾਲਾ ਬਾਗ਼ ਕਤਲੇਆਮ ਤੋਂ ਪਿੱਛੋਂ ਊਧਮ ਸਿੰਘ ਦੀ ਇਹ ਸਮਝ ਬਣ ਗਈ ਸੀ ਕਿ ਇਸ ਘਿਨਾਉਣੇ ਕਾਂਡ ਦਾ ਬਦਲਾ ਭਾਰਤ ‘ਚ ਰਹਿ ਕੇ ਨਹੀਂ ਲਿਆ ਜਾ ਸਕਦਾ, ਕਿਉਂਕਿ ਦੁਸ਼ਮਣ ਤਾਂ ਲੰਡਨ ਬੈਠਾ ਸੀ। ਇਸ ਲਈ ਉਸਨੇ ਆਪਣੇ ਜੀਵਨ ਦੇ 21 ਸਾਲ ਸਫ਼ਰ ‘ਚ ਲੰਘਾਏ।

1920 ‘ਚ ਉਹ ਪਹਿਲੀ ਵਾਰ ਅਫਗਾਨਿਸਤਾਨ ਗਿਆ, ਜਿੱਥੇ ਉਦੋਂ ਰਾਜਾ ਅਮਾਨੁੱਲਾ ਖ਼ਾਨ ਦਾ ਰਾਜ ਸੀ। ਉਥੇ ਰਹਿ ਕੇ ਉਸਨੇ ਗ਼ਦਰੀਆਂ ਨਾਲ ਸੰਪਰਕ ਬਣਾਇਆ। ਫਿਰ ਉਹ ਜਰਮਨੀ ਪੁੱਜਿਆ। ਜਰਮਨੀ ਉਦੋਂ ਸਾਮਰਾਜ ਵਿਰੋਧੀ ਤਾਕਤਾਂ ਦਾ ਕੇਂਦਰ ਬਣ ਗਿਆ ਸੀ। ਉੱਥੇ ਉਹ ਭਾਰਤੀ ਕ੍ਰਾਂਤੀਕਾਰੀਆਂ ਦੀ “ਬਰਲਿਨ ਕਮੇਟੀ” ਦੇ ਸੰਪਰਕ ‘ਚ ਆਇਆ।

1924 ‘ਚ ਅਮਰੀਕਾ ਪੁੱਜ ਕੇ ਉਸਨੇ ਆਪਣਾ ਨਾਂ ਸ਼ੇਰ ਸਿੰਘ ਰੱਖ ਲਿਆ। ਕੈਲੀਫੋਰਨੀਆ ‘ਚ ਉਸਨੇ ਖੇਤਾਂ, ਫੈਕਟਰੀਆਂ ‘ਚ ਮਜ਼ਦੂਰੀ ਕੀਤੀ, ਗ਼ਦਰ ਪਾਰਟੀ ਦਾ ਅਖ਼ਬਾਰ “ਗ਼ਦਰ” ਵੰਡਿਆ ਅਤੇ ਭਾਰਤ ਭੇਜਣ ਲਈ 25 ਰਿਵਾਲਵਰ ਖਰੀਦੇ। ਬ੍ਰਿਟਿਸ਼ ਪੁਲਿਸ ਉਸਦੇ ਪਿੱਛੇ ਸੀ। 1927 ’ਚ ਉਸਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਉਹ ਯੂਰਪ ਚਲਾ ਗਿਆ। ਇਸ ਦੌਰਾਨ ਉਹ ਜਾਅਲੀ ਪਾਸਪੋਰਟਾਂ ‘ਤੇ ਨਾਂ ਬਦਲ-ਬਦਲ ਕੇ ਜਰਮਨੀ, ਇਟਲੀ, ਸਵਿਟਜ਼ਰਲੈਂਡ ਆਦਿ ਦੇਸ਼ਾਂ ‘ਚ ਘੁੰਮਦਾ ਰਿਹਾ। ਉਸ ਵੱਲੋਂ ਰੱਖੇ ਉਦੈ ਸਿੰਘ, ਸ਼ੇਰ ਸਿੰਘ, ਬਾਵਾ, ਯੂ.ਐੱਸ ਸਿੱਧੂ, ਫਰੈਂਕ, ਊਧਨ ਸਿੰਘ ,ਊਧਮ ਸਿੰਘ ਤੇ “ਮੁਹੰਮਦ ਸਿੰਘ ਆਜ਼ਾਦ” ਆਦਿ ਨਾਵਾਂ ਦਾ ਵੇਰਵਾ ਮਿਲਦਾ ਹੈ।

1940 ਦੇ ਸ਼ੁਰੂ ‘ਚ ਉਹ ਲੰਡਨ ਪੁੱਜਿਆ। ਉਸ ਕੋਲ 21 ਸਾਲਾਂ ਤੋਂ ਸੰਭਾਲ ਕੇ ਰੱਖਿਆ ਹੋਇਆ 6 ਗੋਲੀਆਂ ਵਾਲਾ ਰਿਵਾਲਵਰ ਸੀ। ਉਸਨੇ ਕੈਕਸਟਨ ਹਾਲ ਵਿਖੇ ਹੋਣ ਵਾਲੇ ਅਜਲਾਸ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ। ਉਸ ਨੂੰ ਪਤਾ ਸੀ ਕਿ 13 ਮਾਰਚ 1940 ਨੂੰ ਮਾਈਕਲ ਓ’ਡਵਾਇਰ ਉੱਥੇ ਬੋਲਣ ਆਵੇਗਾ।

ਸਾਮਰਾਜਵਾਦ ਵਿਰੋਧੀ ਸੋਚ

ਊਧਮ ਸਿੰਘ ਅੰਗ੍ਰੇਜ਼ੀ ਕੌਮ ਜਾਂ ਬ੍ਰਿਟੇਨ ਦੇ ਆਮ ਲੋਕਾਂ ਨੂੰ ਭੋਰਾ-ਭਰ ਵੀ ਨਫਰਤ ਨਹੀਂ ਸੀ ਕਰਦਾ। ਉਸਦੀ ਘ੍ਰਿਣਾ ਦਾ ਪਾਤਰ ਤਾਂ ਅੰਗ੍ਰੇਜ਼ੀ ਸਾਮਰਾਜ ਸੀ। ਉਹ ਸਮਝਦਾ ਸੀ ਕਿ ਅੰਗ੍ਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਤੇ ਮਜ਼ਦੂਰਾਂ-ਕਿਸਾਨਾਂ ਨੂੰ ਗ਼ਰੀਬ ਬਣਾਇਆ ਹੈ। ਅਦਾਲਤ ‘ਚ ਆਪਣੇ ਬਿਆਨ ‘ਚ ਉਸਨੇ ਕਿਹਾ ਸੀ, “ਮੈਂ ਕਿਸੇ ਇਨਸਾਨ ਨੂੰ ਨਹੀਂ ਮਾਰਿਆ, ਬਲਕਿ ਸਾਮਰਾਜ ਦਾ ਇਕ ਪ੍ਰਤੀਕ ਮਾਰ-ਮੁਕਾਇਆ ਹੈ।”

ਉਸਦੇ ਵਿਚਾਰ ਭਗਤ ਸਿੰਘ ਵਰਗੇ ਸਨ ਭਾਵ ਸਮਾਜਵਾਦ, ਬਰਾਬਰੀ ਤੇ ਲੋਕਾਂ ਦਾ ਰਾਜ। ਉਹ ਆਪਣੇ ਮਨ-ਮਸਤਕ ਅੰਦਰ ਮਜ਼ਦੂਰਾਂ-ਕਿਸਾਨਾਂ ਦੇ ਰਾਜ ਦੀ ਕਾਇਮੀ ਦਾ ਸੁਪਨਾ ਸੰਜੋਈ ਫਿਰਦਾ ਸੀ। ਇਹ ਸੁਪਨਾ ਉਸ ਦੇ ਦਿਲੋ-ਦਿਮਾਗ਼ ਅੰਦਰ ਗ਼ਦਰੀਆਂ ਦੇ ਪ੍ਰਭਾਵ ਹੇਠ ਪਨਪਿਆ ਸੀ।

ਫਿਰਕਾਪ੍ਰਸਤੀ ਵਿਰੋਧੀ ਆਦਰਸ਼

ਊਧਮ ਸਿੰਘ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਖਾਸੀਅਤ ਉਸਦੀ ਫਿਰਕਾਪ੍ਰਸਤੀ ਵਿਰੋਧੀ ਸੋਚ ਸੀ। ਉਸ ਵਲੋਂ ਰੱਖਿਆ ਆਪਣਾ ਨਾਂ “ਮੁਹੰਮਦ ਸਿੰਘ ਆਜ਼ਾਦ” ਹੀ ਮਾਨਵੀ ਸੋਚ ਦਾ ਸਸ਼ਕਤ ਪ੍ਰਤੀਕ ਹੈ। ਜੱਜ ਨੇ ਉਸਨੂੰ ਪੁੱਛਿਆ ਕਿ ਤੁਸੀਂ ਹਿੰਦੂ, ਮੁਸਲਮਾਨ ਜਾਂ ਸਿੱਖ, ਕੀ ਹੋ? ਉਸਨੇ ਕਿਹਾ, “ਮੈਂ ਇਨਸਾਨ ਹਾਂ। ਇਨਸਾਨੀਅਤ ਹੀ ਮੇਰਾ ਧਰਮ ਹੈ।”

1920-30 ਦੇ ਦਹਾਕੇ ‘ਚ ਦੇਸ਼ ‘ਚ ਹੋਏ ਫਿਰਕੂ ਦੰਗਿਆਂ ਵੇਲੇ ਊਧਮ ਸਿੰਘ ਨੇ ਹਮੇਸ਼ਾ ਕਿਹਾ ਕਿ, “ਅੰਗਰੇਜ਼ ਫੁੱਟ ਪਾਓ ਰਾਜ ਕਰੋ ਦੀ ਨੀਤੀ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਕਮਜ਼ੋਰ ਕਰ ਰਹੇ ਹਨ।” ਉਸਦੀ ਸ਼ਹਾਦਤ ਨੇ ਅਸਾਨੂੰ ਇਹ ਸਿਖਾ ਦਿੱਤਾ ਹੈ ਕਿ ਆਜ਼ਾਦੀ ਦੀ ਲੜਾਈ ਅਸੀਂ ਸਵਾਰਥੀਆਂ ਵਲੋਂ ਖੜ੍ਹੀਆਂ ਕੀਤੀਆਂ ਧਾਰਮਿਕ ਵਖਰੇਵਿਆਂ ਦੀਆਂ ਕੰਧ ਢਾਹੇ ਬਗੈਰ ਹਰਗਿਜ ਨਹੀਂ ਜਿੱਤ ਸਕਦੇ।

ਬਦਲਾ ਲੈਣ ਦਾ ਦਿਨ

13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ‘ਚ ‘ਈਸਟ ਇੰਡੀਆ ਐਸੋਸੀਏਸ਼ਨ’ ਦਾ ਅਜਲਾਸ ਚੱਲ ਰਿਹਾ ਸੀ। ਊਧਮ ਸਿੰਘ ਅਪਣੀ ਪਿਸਤੌਲ ਇਕ ਮੋਟੀ ਕਿਤਾਬ ਦੇ ਪੰਨਿਆਂ ‘ਚ ਲੁਕੇ ਕੇ ਉੱਥੇ ਜਾ ਪੁੱਜਿਆ। ਯਾਦ ਰਹੇ ਜਨਰਲ ਡਾਇਰ, ਜਿਸਨੇ ਜਲ੍ਹਿਆਂ ਵਾਲਾ ਬਾਗ਼ ਵਿਖੇ ਗੋਲੀ ਚਲਵਾਈ ਸੀ, ਤਾਂ 1927 ’ਚ ਹੀ ਮਰ ਗਿਆ ਸੀ। ਐਪਰ ਉਸ ਸਮੇਂ ਦਾ ਪੰਜਾਬ ਦਾ ਗਵਰਨਰ ਸਰ ਮਾਈਕਲ ਓ’ਡਵਾਇਰ, ਜਿਸਨੇ ਗੋਲੀਬਾਰੀ ਦਾ ਹੁਕਮ ਦਿੱਤਾ ਸੀ, ਅਜੇ ਜਿਉਂਦਾ ਸੀ ਤੇ ਭਾਸ਼ਣ ਦੇਣ ਲਈ ਸੱਜ-ਧੱਜ ਕੇ ਕੈਕਸਟਨ ਹਾਲ ਵਿਖੇ ਪੁੱਜਿਆ ਹੋਇਆ ਸੀ। ਮਾਈਕਲ ਓ’ਡਵਾਇਰ ਨੇ ਹੀ ਜਲ੍ਹਿਆਂਵਾਲਾ ਬਾਗ਼ ‘ਚ ਗੋਲੀ ਚਲਾਉਣ ਵਾਲੇ ਡਾਇਰ ਨੂੰ ‘ਇੰਗਲੈਂਡ ਦਾ ਪੁੱਤਰ’ ਦਾ ਖਿਤਾਬ ਦਿੱਤਾ ਸੀ। ਊਧਮ ਸਿੰਘ ਨੇ ਉਸਨੂੰ ਗੋਲੀ ਮਾਰ ਕੇ ਥਾਏਂ ਢੇਰ ਕਰ ਦਿੱਤਾ। ਉਹ ਉੱਥੋਂ ਭੱਜਿਆਂ ਨਹੀਂ, ਸਗੋਂ ਸਕੂਨ ਨਾਲ ਗਿ੍ਫ਼ਤਾਰੀ ਦਿੱਤੀ।

ਇਤਿਹਾਸਕ ਬਿਆਨ

ਊਧਮ ਸਿੰਘ ਖਿਲਾਫ ਲੰਡਨ ਦੀ ਸੈਂਟਰਲ ਕ੍ਰਿਮੀਨਲ ਕੋਰਟ ‘ਓਲਡ ਬੇਲੀ’ ‘ਚ ਸਰ ਮਾਈਕਲ ਓਡਵਾਇਰ ਦੇ ਕਤਲ ਦਾ ਮੁਕੱਦਮਾ ਚੱਲਿਆ ਸੀ। ਜੱਜ ਨੇ ਜਦੋਂ ਉਸਦਾ ਨਾਂ ਪੁੱਛਿਆ ਤਾਂ ਉਸਨੇ ਕਿਹਾ ‘ਮੁਹੰਮਦ ਸਿੰਘ ਆਜ਼ਾਦ।’ ਉਸਨੇ ਕਿਹਾ ‘ਮੈਂ ਆਪਣਾ ਮੁਕੱਦਮਾ ਆਪ ਲੜਾਂਗਾ।’ ਉਸਨੇ ਆਪਣੇ ਵਲੋਂ ਕੀਤੀ ਕਾਰਵਾਈ ਬੜੀ ਜੁਰਅੱਤ ਨਾਲ ਕਬੂਲ ਕੀਤੀ ਪਰ ਆਪਣੀ ਇਸ ਕਾਰਵਾਈ ਨੂੰ ਜ਼ੁਰਮ ਕਦੀ ਨਹੀਂ ਮੰਨਿਆ। ਆਪਣੇ ਅਦਾਲਤੀ ਬਿਆਨ ‘ਚ ਉਸਨੇ ਕਿਹਾ, “ਮੈਂ ਇਹ ਕਦਮ ਆਪਣੇ ਦੇਸ਼ ਦੀ ਆਜ਼ਾਦੀ ਅਤੇ ਸਵੈਮਾਨ ਦੀ ਬਹਾਲੀ ਲਈ ਚੁੱਕਿਆ ਹੈ। ਜੇ ਮੈਨੂੰ ਇਹ ਕੰਮ ਫੇਰ ਵੀ ਕਰਨਾ ਪਿਆ ਤਾਂ ਮੈਂ ਵਾਰ-ਵਾਰ ਕਰਾਂਗਾ।”

ਅਦਾਲਤ ‘ਚ ਉਸਨੇ ਅੰਗ੍ਰੇਜ਼ੀ ‘ਚ ਦਿੱਤੇ ਆਪਣੇ ਬਿਆਨ ‘ਚ ਕਿਹਾ, “ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਕਿ ਮੈਂ ਓ’ਡਵਾਇਰ ਨੂੰ ਮਾਰਿਆ ਹੈ। ਬਲਕਿ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਮੈਂ ਉਸਨੂੰ 20 ਸਾਲ ਪਹਿਲਾਂ ਕਿਉਂ ਨਹੀਂ ਮਾਰਿਆ। ਮੈਂ ਇੱਕ ਮਨੁੱਖ ਨੂੰ ਨਹੀਂ ਮਾਰਿਆ। ਮੈਂ ਇੱਕ ਬੇਰਹਿਮ, ਅਨਿਆਈ ਤੇ ਅਮਾਨਵੀ ਪ੍ਰਣਾਲੀ, ਜਿਸ ਦਾ ਨਾਂ ਬ੍ਰਿਟਿਸ਼ ਸਾਮਰਾਜਵਾਦ ਹੈ, ਦਾ ਇਕ ਨਿਰਦਈ ਪੁਰਜਾ ਮਾਰਿਆ ਹੈ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ‘ਚ ਕੀਤਾ ਗਿਆ ਕਤਲੇਆਮ ਮਨੁੱਖਤਾ ਲਈ ਸ਼ਰਮ ਦੀ ਗੱਲ ਹੈ। ਮਾਈਕਲ ਓਡਵਾਇਰ ਉਸ ਕਤਲੇਆਮ ਦਾ ਜ਼ਿੰਮੇਵਾਰ ਸੀ। ਉਸਨੇ ਜਨਰਲ ਡਾਇਰ ਨੂੰ ਇਸ ਅਮਾਨਵੀ ਕਰਤੂਤ ਬਦਲੇ ਇਨਾਮ-ਓ-ਇਕਰਾਮ ਵੀ ਦਿੱਤਾ ਸੀ। ਮੈਂ ਆਪਣੇ ਦੇਸ਼ਵਾਸੀਆਂ ਦਾ ਬਦਲਾ ਲਿਆ ਹੈ। ਮੈਂ ਇਕੱਲਾ ਨਹੀਂ ਹਾਂ। ਮੇਰੇ ਪਿੱਛੇ ਲੱਖਾਂ ਹਿੰਦੁਸਤਾਨੀ ਖੜ੍ਹੇ ਹਨ। ਜੇ ਮੈਂ ਅੱਜ ਮਰ ਜਾਵਾਂ ਤਾਂ ਕੱਲ੍ਹ ਨੂੰ ਦਸ ਹੋਰ ਊਧਮ ਸਿੰਘ ਪੈਦਾ ਹੋਣਗੇ। ਮੈਂ ਬ੍ਰਿਟਿਸ਼ ਕੋਰਟ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਦਾ। ਮੈਂ ਇਤਿਹਾਸ ਦੀ ਕੋਰਟ ਤੋਂ ਇਨਸਾਫ਼ ਮੰਗਦਾ ਹਾਂ। ਇੱਕ ਦਿਨ ਆਵੇਗਾ ਜਦੋਂ ਭਾਰਤ ਆਜ਼ਾਦ ਹੋਵੇਗਾ ਤੇ ਮੇਰੇ ਇਸ ਕਦਮ ਨੂੰ ਇਨਕਲਾਬ ਤਸਲੀਮ ਕੀਤਾ ਜਾਵੇਗਾ।”

ਇਹ ਬਿਆਨ ਸੁਣ ਕੇ ਅਦਾਲਤ ‘ਚ ਸੁੰਨ ਪਸਰ ਗਈ ਸੀ। ਅੰਗ੍ਰੇਜ਼ੀ ਅਖ਼ਬਾਰਾਂ ਦੀ ਸੁਰਖੀ ਸੀ, “ਇਹ ਬੰਦਾ ਮਰਨ ਤੋਂ ਉੱਕਾ ਹੀ ਨਹੀਂ ਡਰਦਾ।”

See Also

ਸ਼ਹਾਦਤ, ਜੋ ਸਦੀਵੀ ਪ੍ਰੇਰਣਾ ਬਣ ਗਈ

31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਊਧਮ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਫਾਂਸੀ ਚੜ੍ਹਨ ਤੋਂ ਪਹਿਲਾਂ ਉਸਨੇ ਕਿਹਾ “ਮੈਂ ਮਰ ਕੇ ਵੀ ਜਿਊਂਦਾ ਰਹਾਂਗਾ।” ਫਾਂਸੀ ਵਾਲੀ ਰੱਸੀ ਗੱਲ ‘ਚ ਪਾਉਣ ਤੋਂ ਪਹਿਲਾਂ ਉਸਨੇ “ਇਨਕਲਾਬ ਜ਼ਿੰਦਾਬਾਦ, ਹਿੰਦੁਸਤਾਨ ਆਜ਼ਾਦ ਹੋਵੇਗਾ” ਦੇ ਨਾਅਰੇ ਬੁਲੰਦ ਕੀਤੇ। ਉਸਦੀ ਆਖਰੀ ਇੱਛਾ ਸੀ ਕਿ ਉਸਦੀਆਂ ਅਸਥੀਆਂ ਭਾਰਤ ਲਿਆ ਕੇ ਸਤਲੁਜ ਦਰਿਆ ‘ਚ ਵਹਾ ਦਿੱਤੀਆਂ ਜਾਣ। ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ, 1975 ‘ਚ ਭਾਰਤ ਲਿਆਂਦੀਆਂ ਗਈਆਂ ਤੇ ਵੱਖੋ-ਵੱਖ ਸਥਾਨਾਂ ’ਤੇ ਜਲ ਪ੍ਰਵਾਹ ਕੀਤੀਆਂ ਗਈਆਂ।

ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਚ ਸਦਾ ਲਈ ਦਰਜ ਹੋ ਚੁੱਕੀ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੀ ਸ਼ਾਨਾਮੱਤੀ ਦਾਸਤਾਨ ਦੇਸ਼ ਵਾਸੀਆਂ ਨੂੰ ਹਮੇਸ਼ਾ ਜਬਰ-ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ।

ਬਹੁਪੱਖੀ ਸ਼ਖਸੀਅਤ ਦੇ ਰੌਸ਼ਨ ਪਹਿਲੂ

ਗ਼ਦਰ ਲਹਿਰ ਦਾ ਨਾਅਰਾ ਸੀ “ਲਹੂ ਨਾਲ ਆਜ਼ਾਦੀ ਲੈਣੀ ਹੈ।” ਊਧਮ ਸਿੰਘ ਨੇ ਇਹ ਨਾਅਰਾ ਸੱਚ ਕਰ ਦਿਖਾਇਆ।

ਗ਼ਦਰੀਆਂ ਦੀ ਸਮਾਨਤਾਵਾਦੀ ਸਮਾਜ ਸਿਰਜਣ ਦੀ ਸੋਚ ਊਧਮ ਸਿੰਘ ਦੀ ਸ਼ਖਸੀਅਤ ਦਾ ਅਨਿੱਖੜਵਾਂ ਅੰਗ ਹੈ। ਬਦਕਿਸਮਤੀ ਨਾਲ ਇਹ ਪੱਖ ਵੱਡੀ ਪੱਧਰ ‘ਤੇ ਅਣਗੌਲਿਆ ਕਰ ਦਿੱਤਾ ਗਿਆ ਹੈ। ਇਉਂ ਹੀ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਵੀ ਉਨ੍ਹਾਂ ਦੀ ਹਸਤੀ ‘ਤੇ ਬਹੁਤ ਡੂੰਘਾ ਪ੍ਰਭਾਵ ਰਿਹਾ ਹੈ। ਇਸ ਬਾਰੇ ਵੀ ਬਹੁਤੀ ਗੱਲ ਨਹੀਂ ਕੀਤੀ ਜਾਂਦੀ। ਦਰਅਸਲ, ਊਧਮ ਸਿੰਘ ਦਾ ਇਕੋ ਪੱਖ, ਉਸ ਵਲੋਂ ਲੰਦਨ ਜਾ ਕੇ ‘ਜਲ੍ਹਿਆਂਵਾਲਾ ਬਾਗ਼ ਹੱਤਿਆ ਕਾਂਡ’ ਦਾ ਬਦਲਾ ਲੈਣਾ, ਜੋ ਬਿਨਾਂ ਸ਼ੱਕ ਵੱਡਾ ਦਲੇਰਾਨਾ ਕਾਰਨਾਮਾ ਸੀ, ਹੀ ਉਭਾਰਿਆ ਜਾ ਰਿਹਾ ਹੈ। ਉਸ ਦੀ ਮਾਨਵੀ ਸੋਚ ਅਤੇ ਜਮਾਤੀ ਦ੍ਰਿਸ਼ਟੀਕੋਣ ਜਾਣ-ਬੁੱਝ ਕੇ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ। ਯਾਦ ਕਰੋ ਊਧਮ ਸਿੰਘ ਨੇ ਅਦਾਲਤ ‘ਚ ਕਿਹਾ ਸੀ, “ਮੇਰੀ ਅੰਗ੍ਰੇਜ਼ ਕੌਮ ਨਾਲ ਕੋਈ ਦੁਸ਼ਮਣੀ ਨਹੀਂ, ਬਲਕਿ ਅਣਗਿਣਤ ਅੰਗ੍ਰੇਜ਼ ਕਿਰਤੀ ਤਾਂ ਮੇਰੇ ਮਿੱਤਰ ਹਨ। ਮੇਰੀ ਲੜਾਈ ਤਾਂ ਬ੍ਰਿਟਿਸ਼ ਸਾਮਰਾਜ ਨਾਲ ਹੈ ਜਿਸ ਨੇ ਮੇਰੇ ਦੇਸ਼ ਨੂੰ ਕੰਗਾਲ ਤੇ ਖੋਖਲਾ ਕਰ ਦਿੱਤਾ ਹੈ।” ਇਹ ਬਿਆਨ ਉਸ ਦੀ ਵਿਸ਼ਾਲ ਮਾਨਵੀ ਸੋਚ ਦੀ ਝਲਕ ਮਾਤਰ ਹੈ।

ਅਦੁਤੀ ਸ਼ਹੀਦੀ ਦਾ ਅਜੋਕਾ ਮਹੱਤਵ

ਇਸ ਨੂੰ ਭਾਰਤ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਸਾਲ 2014 ਤੋਂ ਲੈ ਕੇ ਹੁਣ ਤਾਈਂ ਭਾਰਤ ਦੀ ਕੇਂਦਰੀ ਸੱਤਾ ‘ਤੇ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਕਬਜਾ ਜਮਾਈ ਬੈਠਾ ਹੈ | ਆਰ.ਐਸ.ਐਸ. ਦੀ ਸਥਾਪਨਾ, ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਤੋਂ ਤਕਰੀਬਨ ਛੇ ਸਾਲ ਪਿਛੋਂ, 1925 ‘ਚ ਦੁਸ਼ਹਿਰੇ ਵਾਲੇ ਦਿਨ ਹੋਈ ਸੀ। ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਨੇ ਊਧਮ ਸਿੰਘ ਹੀ ਨਹੀਂ, ਉਸ ਵਰਗੇ ਲੱਖਾਂ ਭਾਰਤੀ ਨੌਜਵਾਨਾਂ ਦੇ ਮਨ ਅੰਗ੍ਰੇਜ਼ ਸਾਮਰਾਜ ਖਿਲਾਫ ਡਾਢੀ ਘ੍ਰਿਣਾ ਨਾਲ ਨੱਕੋ-ਨੱਕ ਭਰ ਦਿੱਤੇ ਸਨ। ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਦੇ ਪ੍ਰਭਾਵ ਅਧੀਨ ਦੇਸ਼ ਭਰ ‘ਚ ਫਿਰਕੂ ਇਕਸੁਰਤਾ, ਭਾਈਚਾਰਕ ਸਾਂਝ ਅਤੇ ਦੇਸ਼ ਵਾਸੀਆਂ ਦੀ ਸੁਤੰਤਰਤਾ ਦੀ ਤਾਂਘ ਨੂੰ ਵੀ ਖੰਭ ਲੱਗ ਗਏ ਸਨ। ਬ੍ਰਿਟਿਸ਼ ਸਾਮਰਾਜ ਤਾਂ ਉਕਤ ਘਿਨਾਉਣੇ ਹੱਤਿਆਕਾਂਡ ਰਾਹੀਂ ਭਾਰਤੀਆਂ ਨੂੰ ਦਹਿਸ਼ਤਜ਼ਦਾ ਕਰਨਾ ਲੋਚਦਾ ਸੀ, ਪਰ ਉਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਸੀ। ਸਾਮਰਾਜ, ਭਾਰਤੀਆਂ ਦੇ ਪੀਡੇ ਹੋ ਰਹੇ ਏਕੇ ਅਤੇ ਸੁਤੰਤਰਤਾ ਸੰਗਰਾਮ ਦੀ ਚੜ੍ਹਦੀ ਕਲਾ ਤੋਂ ਭੈਭੀਤ ਹੋ ਗਿਆ ਸੀ। ਸਾਮਰਾਜ ਨੇ ਇਸ ਹਾਲਾਤ ਨਾਲ ਨਜਿੱਠਣ ਲਈ “ਪਾੜੋ ਤੇ ਰਾਜ ਕਰੋ” ਦਾ ਆਪਣਾ ਅਜਮਾਇਆ ਹੋਇਆ ਨੁਸਖਾ ਫੇਰ ਵਰਤਣ ਦੀ ਪੱਕੀ ਧਾਰ ਲਈ ਸੀ। ਆਰ.ਐਸ.ਐਸ., ਸਾਮਰਾਜੀ ਹਾਕਮਾਂ ਦੀ ਇਸੇ ਮੰਦੀ ਸੋਚ ਦੀ ਪੈਦਾਇਸ਼ ਸੀ, ਜੋ ਆਪਣੇ ਜਨਮ ਵੇਲੇ ਤੋਂ ਹੀ ਦੇਸ਼ ‘ਚ ਫਿਰਕੂ ਜ਼ਹਿਰ ਫੈਲਾਉਂਦਾ ਆ ਰਿਹਾ ਹੈ ਅਤੇ ਇਸ ਨੇ ਆਪਣੇ ਇਹ ਸ਼ਰਮਨਾਕ ਕਾਰੇ ਅੱਜ ਵੀ ਬਾਦਸਤੂਰ ਜਾਰੀ ਰੱਖੇ ਹੋਏ ਹਨ। ਆਰ.ਐਸ.ਐਸ. ਵਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ ਦੀ ਸਪੱਸ਼ਟ ਵਿਰੋਧਤਾ ਕਰਦਿਆਂ ‘ਨਾਮ ਨਿਹਾਦ ਹਿੰਦੂ ਰਾਸ਼ਟਰ’ ਦੀ ਸਥਾਪਨਾ ਦਾ ਨਿਸ਼ਾਨਾ ਮਿਥਿਆ ਗਿਆ ਸੀ। ਆਰ.ਐਸ.ਐਸ. ਦੇ ਵਿਚਾਰਕਾਂ ਨੇ ਸਾਫ ਕਿਹਾ ਸੀ, “ਅੰਗ੍ਰੇਜ਼ ਸਾਮਰਾਜ ਵਿਰੁੱਧ ਲੜਦਿਆਂ ਆਪਣੀ ਤਾਕਤ ਜਾਇਆ ਨਾ ਕਰੋ, ਸਾਡੇ ਅਸਲੀ ਦੁਸ਼ਮਣ ਮੁਸਲਮਾਨ, ਈਸਾਈ ਤੇ ਕਮਿਊਨਿਸਟ ਹਨ।”

ਮਾਮੂਲੀ ਸਮਝ ਰੱਖਣ ਵਾਲਾ ਕੋਈ ਵੀ ਇਨਸਾਨ ਇਹ ਸਹਿਜੇ ਹੀ ਸਮਝ ਸਕਦਾ ਹੈ ਕਿ ਆਰ.ਐਸ.ਐਸ. ਦਾ ਉਕਤ ਨਿਸ਼ਾਨਾ ਤੇ ਨੀਤੀ-ਬਿਆਨ ਸ਼ਹੀਦ ਊਧਮ ਸਿੰਘ ਦੇ ਵਿਚਾਰਾਂ ਦੇ ਐਨ ਉਲਟ ਹੈ। ਊਧਮ ਸਿੰਘ ਵਲੋਂ ਆਪਣਾ ਨਾਂ “ਮੁਹੰਮਦ ਸਿੰਘ ਆਜ਼ਾਦ” ਰੱਖ ਲੈਣਾ ਉਸ ਦੀ ਸਾਮਰਾਜ ਤੇ ਫਿਰਕਾਪ੍ਰਸਤੀ ਵਿਰੋਧੀ, ਮਾਨਵੀ ਸੋਚ ਨੂੰ ਸਪੱਸ਼ਟ ਉਜਾਗਰ ਕਰਦਾ ਹੈ। ਅਦਾਲਤ ‘ਚ ਉਸ ਵਲੋਂ ਦਿੱਤੇ ਗਏ ਬਿਆਨ ਅਸਾਡੀ ਸੋਚ ਨੂੰ ਝੰਜੋੜਦੇ ਹਨ। ਅਜੋਕੇ ਹਾਲਾਤ ਸਾਨੂੰ ਸਪੱਸ਼ਟ ਹਦਾਇਤ ਕਰ ਰਹੇ ਹਨ ਕਿ ਗ਼ਦਰੀ ਸੂਰਬੀਰਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਅਤੇ ਸ਼ਹੀਦ ਊਧਮ ਸਿੰਘ ਵਲੋਂ ਵਿੱਢੀ ਅਤੇ ਆਨ- ਬਾਨ-ਸ਼ਾਨ ਨਾਲ ਲੜੀ ਗਈ ਸਾਮਰਾਜੀ ਲੁੱਟ-ਖਸੁੱਟ, ਦਖ਼ਲ- ਦਾਬੇ ਖ਼ਿਲਾਫ਼ ਜੰਗ ਹਾਲੇ ਮੁੱਕੀ ਨਹੀਂ। ਬਲਕਿ ਬਦਲੇ ਆਲਮੀ ਤੇ ਕੌਮੀ ਹਾਲਾਤ ਅਨੁਸਾਰ, ਨਵੇਂ-ਨਵੇਂ ਰੂਪਾਂ ‘ਚ ਪਲੋ-ਪਲ ਪਹਿਲਾਂ ਨਾਲੋਂ ਵੀ ਹੋਰ ਵਧੇਰੇ ਤਿੱਖੀ ਹੁੰਦੀ ਜਾ ਰਹੀ ਹੈ। ਬਸਤੀਵਾਦ ਦੇ ਖਾਤਮੇ ਤੋਂ ਪਿੱਛੋਂ ਸਾਮਰਾਜ ਨੇ ਨਵ-ਬਸਤੀਵਾਦ ਦੀ ਸ਼ਕਲ ‘ਚ ਦੁਨੀਆਂ ਭਰ ਦੀ ਲੁੱਟ ਕਰਨ ਦਾ ਨਵਾਂ ਹਥਿਆਰ ਘੜ ਲਿਆ ਹੈ। ਊਧਮ ਸਿੰਘ ਅਤੇ ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਦੇ ਸਭ ਤੋਂ ਸ਼ਕਤੀਸ਼ਾਲੀ ਸਬਕਾਂ ਚੋਂ ਇਕ ਫਿਰਕੂ ਇਕਸੁਰਤਾ ਵੀ ਅੱਜ ਭਾਰੀ ਖਤਰੇ ‘ਚ ਹੈ। ਯਾਦ ਰਹੇ ਜਮਾਤੀ ਇਕਜੁੱਟਤਾ ਕਾਇਮ ਕਰਨ ਲਈ = ਫਿਰਕੂ ਇਕਸੁਰਤਾ ਦਾ ਵਜੂਦ ਕਾਇਮ ਰਹਿਣਾ ਨਿਹਾਇਤ ਜਰੂਰੀ ਹੈ।

ਬਹਰਹਾਲ, ਸ਼ਹੀਦ ਊਧਮ ਸਿੰਘ ਨੇ ਸਾਨੂੰ ਇਹ ਸਿਖਾਇਆ ਹੈ – ਕਿ ਇਨਕਲਾਬੀ ਧਰਮ, ਜਾਤ, ਖਿੱਤੇ, ਭਾਸ਼ਾ ਅਤੇ ਲਿੰਗਕ – ਮਤਭੇਦ ਨਹੀਂ ਮੰਨਦੇ। ਮਾਨਵਤਾ ਦੀ ਲੁੱਟ-ਖਸੁੱਟ, ਜਬਰ-ਜਿੱਲਤ – ਤੋਂ ਆਜ਼ਾਦੀ ਅਤੇ ਲੋਕ ਭਲਾਈ ਉਨ੍ਹਾਂ ਦਾ ਅੰਤਮ ਉਦੇਸ਼ ਹੁੰਦਾ ਹੈ।

ਸ਼ਹੀਦ ਊਧਮ ਸਿੰਘ ਸਿਰਫ਼ ਕ੍ਰਾਂਤੀ ਦਾ ਸਸ਼ਕਤ ਪ੍ਰਤੀਕ ਹੀ ਨਹੀਂ ਸਗੋਂ ਇਕ ਵਿਚਾਰਧਾਰਾ ਦਾ ਹਰਕਾਰਾ ਹੈ। ਸਾਮਰਾਜ ਖਿਲਾਫ਼ ਅਡੋਲ ਖੜ੍ਹੇ ਹੋਣ ਤੇ ਬੇਖੌਫ਼ ਜੂਝਣ ਦੀ ਵਿਚਾਰਧਾਰਾ ਦਾ ਸੰਦੇਸ਼ਵਾਹਕ ਹੈ। ਫਿਰਕਾਪ੍ਰਸਤੀ ਦੀ ਬਲਦੀ ਅੱਗ ‘ਚ ਇਨਸਾਨੀਅਤ ਦੇ ਸੀਨੇ ‘ਚ ਭਾਈਚਾਰਕ ਸਾਂਝ ਦੀ ਠੰਢਕ ਪੁਚਾਉਣ ਵਾਲਾ ਝਰਨਾ ਹੈ। ਗ਼ਦਰੀਆਂ ਦੇ ਉਸ ਪਾਕ-ਪਵਿੱਤਰ – ਖੂਨ ਦਾ ਕਤਰਾ ਹੈ, ਜਿਸ ਰਾਹੀਂ ਆਜ਼ਾਦੀ ਦੀ ਫਸਲ ਸਿੰਜੀ ਗਈ ਸੀ । ਉਸਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਆਸਾਨੀ ਨਾਲ ਨਹੀਂ ਮਿਲਦੀ। ਉਸ ਲਈ ਸਹੁੰ ਚੁੱਕਣੀ ਤੇ ਤੋੜ ਨਿਭਾਉਣੀ ਪੈਂਦੀ ਹੈ। ਸਬਰ-ਸਿਦਕ ਨਾਲ ਢੁਕਵੇਂ ਮੌਕੇ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਸਭ ਤੋਂ ਵਧ ਕੇ ਲੋੜ ਪੈਣ ‘ਤੇ ਜਾਨ ਦੀ ਬਾਜ਼ੀ ਵੀ ਲਾਉਣੀ ਪੈਂਦੀ ਹੈ। ਸ਼ਹੀਦ ਊਧਮ ਸਿੰਘ ਦਾ ਨਾਂ ਰਹਿੰਦੀ ਦੁਨੀਆ ਤੱਕ ਧਰੂ ਤਾਰੇ ਵਾਂਗ ਚਮਕਦਾ ਰਹੇਗਾ।

ਇਨਕਲਾਬ ਜ਼ਿੰਦਾਬਾਦ ! ਸਾਮਰਾਜਵਾਦ ਮੁਰਦਾਬਾਦ !!

ਫਿਰਕ-ਫਾਸ਼ੀਵਾਦ ਹੋ ਬਰਬਾਦ !!!

Scroll To Top