ਮੰਗਤ ਰਾਮ ਪਾਸਲਾ
‘‘ਖੂਬ ਹੋਈਆਂ ਕੋਸ਼ਿਸ਼ਾਂ ਮੈਨੂੰ ਮਿਟਾਵਣ ਦੇ ਲਈ,
ਇੱਕ ਨਵੀਂ ਉਗਦੀ ਹੋਈ ਆਸਾਂ ਦੀ ਵੇਲ ਨੂੰ
ਜ਼ੁਲਮ ਦੇ ਪੈਰਾਂ ’ਚ ਰੋਲਣ ਤੇ ਦਬਾਵਣ ਦੇ ਲਈ
ਖੂਬ ਹੋਈਆਂ ਕੋਸ਼ਿਸਾਂ ਮੈਨੂੰ ਮਿਟਾਵਣ ਦੇ ਲਈ’’
See Also
ਪੰਜਾਬੀ ਜ਼ਬਾਨ ਦੇ ਉੱਘੇ ਪ੍ਰਗਤੀਵਾਦੀ ਸ਼ਾਇਰ ਮਰਹੂਮ ਬਾਵਾ ਬਲਵੰਤ ਦੀ ਬੇਹੱਦ ਮਕਬੂਲ ਕਵਿਤਾ ‘ਸਮਾਜਵਾਦ’ ਦਾ ਉਪਰੋਕਤ ਸ਼ਿਅਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ ’ਚ ਆਪਣੇ ਭਾਸ਼ਣ ਦੌਰਾਨ ਕਮਿਊਨਿਸਟਾਂ ਵਿਰੁੱਧ ਉਗਲੀ ਜ਼ਹਿਰ ਦਾ ਅਤਿਅੰਤ ਢੁਕਵਾਂ ਤੇ ਠੋਕਵਾਂ ਜਵਾਬ ਹੈ।ਇਹ ਉਚੇਚਾ ਯਾਦ ਰੱਖਣ ਯੋਗ ਹੈ ਕਿ 31 ਮਾਰਚ ’26 ਤੱਕ ਦੇਸ਼ ਚੋਂ ਮਾਓਵਾਦੀਆਂ ਦਾ ਮੁਕੰਮਲ ਖਾਤਮਾ ਕਰ ਦੇਣ ਦਾ ਅਮਿਤ ਸ਼ਾਹ ਵਲੋਂ ਲਗਾਇਆ ਗਿਆ ਯਰਕਾਊ ਨਾਅਰਾ, ਦਰਅਸਲ ਮੋਦੀ-ਸ਼ਾਹ ਸਮੇਤ ਸਮੁੱਚੀ ਭਾਜਪਾ, ਸੰਘ ਪਰਿਵਾਰ ਤੇ ਇਨ੍ਹਾਂ ਦੇ ਪਿੱਤਰੀ ਸੰਗਠਨ ‘ਰਾਸ਼ਟਰੀ ਸੋਇਮ ਸੇਵਕ ਸੰਘ’ (ਆਰ.ਐਸ.ਐਸ.) ਦੀ ਕਮਿਊਨਿਸਟਾਂ ਦੇ ਖਾਤਮੇ ਦੀ ਜਨਮ-ਜਾਤ ਇੱਛਾ ਦਾ ਪ੍ਰਗਟਾਵਾ ਹੈ। ਸੰਘ ਦੇ ਆਗੂਆਂ ਤੇ ਵਿਚਾਰਕਾਂ ਨੇ ਉਕਤ ਇੱਛਾ 1925 ’ਚ ਸੰਘ ਦੀ ਸਥਾਪਨਾ ਸਮੇਂ ਹੀ ਆਪਣੇ ਮਨ ’ਚ ਧਾਰ ਲਈ ਸੀ। ਆਰ.ਐਸ.ਐਸ. ਦੇ ਵੱਡੇ ਸਿਧਾਂਤਕਾਰ ਸਮਝੇ ਜਾਂਦੇ, ਇਸ ਦੇ ਦੂਜੇ ਸਰਸੰਘ ਚਾਲਕ (ਮੁਖੀ) ਐਮ.ਐਸ. ਗੋਲਵਾਲਕਰ ਨੇ ਆਪਣੇ ਪੈਰੋਕਾਰਾਂ ਨੂੰ ‘ਮੱਤ’ ਦਿੱਤੀ ਸੀ, ‘‘ਹਿੰਦੂਓ, ਆਪਣੀ ਤਾਕਤ ਅੰਗਰੇਜ਼ਾਂ ਨਾਲ ਲੜਣ ’ਚ ਜਾਇਆ ਨਾ ਕਰੋ, ਬਲਕਿ ਇਹ ਤਾਕਤ ਸਾਡੇ ਅੰਦਰੂਨੀ ਦੁਸ਼ਮਣਾਂ ਮੁਸਲਮਾਨਾਂ, ਈਸਾਈਆਂ ਤੇ ਕਮਿਊਨਿਸਟਾਂ ਨਾਲ ਲੜਣ ਲਈ ਬਚਾਅ ਕੇ ਰੱਖੋ।’’
ਕੇਂਦਰੀ ਸਰਕਾਰ ਤੇ ਅਮਿਤ ਸ਼ਾਹ ਇਸ ਤੱਥ ਤੋਂ ਭਲੀ-ਭਾਂਤ ਜਾਣੂੰ ਹਨ ਕਿ ਭਾਰਤ ਦੀਆਂ ਜ਼ਿਆਦਾਤਰ ਕਮਿਊਨਿਸਟ ਪਾਰਟੀਆਂ ਮਾਓਵਾਦੀਆਂ ਦੀ ਸੰਕੀਰਨ ਸੋਚ ਤੇ ਮਾਅਰਕੇਬਾਜੀ ’ਤੇ ਆਧਾਰਤ ਕੰਮ-ਢੰਗ ਨਾਲ ਉੱਕਾ ਹੀ ਸਹਿਮਤੀ ਨਹੀਂ ਰੱਖਦੀਆਂ। ਕਿਉਂਕਿ ਮਾਓਵਾਦੀ ਧੜੇ ਚੰਦ ਕੁ ਸੂਰਮਿਆਂ ਨੂੰ ਮਿਲੀਸ਼ੀਆ ਵਾਂਗ ਹਥਿਆਰਬੰਦ ਕਰਕੇ, ਮੁੱਠੀ ਭਰ ਲੋਟੂਆਂ ਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦਾ ਕਤਲ ਕਰਨ ਰਾਹੀਂ ਆਪਣੇ ਮਨ ’ਚ ਸਮਾਜਵਾਦੀ ਕ੍ਰਾਂਤੀ ਸਿਰੇ ਚਾੜ੍ਹਨ ਦਾ ਖ਼ੁਆਬ ਸੰਜੋਈ ਬੈਠੇ ਹਨ। ਇਹ ਵੀ ਸੱਚ ਹੈ ਕਿ ਮਾਓਵਾਦੀਆਂ ਦੇ ਇਸ ਮਾਅਰਕੇਬਾਜ ਪੈਂਤੜੇ ਅਤੇ ਹਿੰਸਕ ਕਾਰਵਾਈਆਂ ਦਾ ਦੇਸ਼ ਦੀ ਕਮਿਊਨਿਸਟ ਲਹਿਰ ਨੂੰ ਕੋਈ ਲਾਭ ਮਿਲਣ ਦੀ ਬਜਾਏ ਉਲਟਾ ਭਾਰੀ ਨੁਕਸਾਨ ਹੀ ਝੱਲਣਾ ਪਿਆ ਹੈ। ਲੇਕਿਨ ਕੇਂਦਰੀ ਹੁਕਮਰਾਨਾਂ ਵਲੋਂ ਮਾਓਵਾਦੀਆਂ ਨੂੰ ਦਹਿਸ਼ਤਗਰਦਾਂ ਜਾਂ ਦੇਸ਼ ਤੋੜਣ ਵਾਲੇ ਗੱਦਾਰਾਂ ਦੀ ਕਤਾਰ ’ਚ ਖੜ੍ਹੇ ਕਰਨਾ ਸਰਾਸਰ ਜ਼ਿਆਦਤੀ ਤੇ ਜਮਾਤੀ ਘ੍ਰਿਣਾ ਚੋਂ ਉਪਜਿਆ ਕੂੜ ਪ੍ਰਚਾਰ ਹੈ। ਐਪਰ, ਕਿਸੇ ਨੂੰ ਆਪਣੇ ਮਨ ’ਚ ਇਹ ਭੁਲੇਖਾ ਬਿਲਕੁਲ ਵੀ ਨਹੀਂ ਪਾਲਣਾ ਚਾਹੀਦਾ ਕਿ ਮਾਓਵਾਦੀਆਂ ਦੇ ਖਾਤਮੇ ਨਾਲ ਉਨ੍ਹਾਂ ਮਸਲਿਆਂ ਦਾ ਵੀ ਸਮਾਧਾਨ ਹੋ ਜਾਵੇਗਾ, ਜਿਨ੍ਹਾਂ ਨੂੰ ਆਧਾਰ ਬਣਾ ਕੇ ਮਾਓਵਾਦੀ ਆਦਿਵਾਸੀਆਂ, ਗਰੀਬਾਂ ਨੂੰ ਜਥੇਬੰਦ ਕਰਦੇ ਹੋਏ ਹਥਿਆਰਬੰਦ ਘੋਲ ਲੜਦੇ ਹਨ। ਕਿਉਂਕਿ ਇਹ ਮਸਲੇ ਮੋਦੀ-ਸ਼ਾਹ ਸਰਕਾਰ ਤੇ ਇਸ ਤੋਂ ਪਹਿਲੀਆਂ ਸਰਕਾਰਾਂ ਦੀਆਂ ਜਲ-ਜੰਗਲ-ਜ਼ਮੀਨ-ਖਣਿਜਾਂ ਸਮੇਤ ਦੇਸ਼ ਦੇ ਸਮੁੱਚੇ ਬੇਸ਼ਕੀਮਤੀ ਕੁਦਰਤੀ ਖਜ਼ਾਨੇ ਤੇ ਮਾਨਵੀ ਵਸੀਲੇ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੇ ਹਵਾਲੇ ਕਰਕੇ ਵਸੋਂ ਨੂੰ ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਵੱਲ ਧੱਕ ਦੇਣ ਅਤੇ ਅੰਤ ਨਵ-ਬਸਤੀਵਾਦੀ ਰਾਜ ਕਾਇਮ ਕਰਨ ਵਾਲੀਆਂ ਲੋਕ ਮਾਰੂ, ਦੇਸ਼ ਵਿਰੋਧੀ, ਸਾਮਰਾਜ ਪੱਖੀ ਨੀਤੀਆਂ ਦੀ ਲਾਜ਼ਮੀ ਪੈਦਾਵਾਰ ਹਨ।ਕਮਿਊਨਿਸਟ, ਕਿਉਂਕਿ ਇਨ੍ਹਾਂ ਨੀਤੀਆਂ ਦੇ ਡੱਟਵੇਂ ਜਮਾਤੀ ਵਿਰੋਧੀ ਹਨ ਅਤੇ ਉਕਤ ਨੀਤੀ ਚੌਖਟੇ ਖਿਲਾਫ਼ ਲੋਕਾਂ ਨੂੰ ਨਾਲ ਲੈਕੇ ਜਮਹੂਰੀ ਲੀਹਾਂ ’ਤੇ ਬਾ-ਜ਼ਾਬਤਾ ਸੰਘਰਸ਼ ਲੜਦੇ ਆ ਰਹੇ ਹਨ, ਇਸ ਲਈ ‘ਨਾਗਪੁਰੀ ਕੁਨਬੇ’ ਦੀਆਂ ਅੱਖਾਂ ’ਚ ਇਹ ਉਚੇਚੇ ਰੜਕਦੇ ਹਨ। ਅਮਿਤ ਸ਼ਾਹ, ਇਸੇ ਕਰਕੇ ਸਮੁੱਚੇ ਕਮਿਊਨਿਸਟਾਂ ਨੂੰ ਮਾਓਵਾਦੀ ਕਹਿਣ ਤੋਂ ਸ਼ੁਰੂ ਕਰ ਕੇ ਟੁਕੜੇ-ਟੁਕੜੇ ਗੈਂਗ, ਸ਼ਹਿਰੀ ਨਕਸਲੀ ਆਦਿ ਦੱਸਦਾ ਹੋਇਆ ਹੁਣ ਕਮਿਊਨਿਸਟਾਂ ਨੂੰ ਹੀ ਦੇਸ਼ ਲਈ ਪ੍ਰਮੁੱਖ ਖਤਰਾ ਦੱਸ ਰਿਹਾ ਹੈ ਤੇ ਆਪਣੇ ਮਨ ’ਚ ‘ਕਮਿਊਨਿਸਟ ਮੁਕਤ ਭਾਰਤ’ ਸਿਰਜਣ ਦੀ ਖਾਮ ਖਿਆਲੀ ਪਾਲੀ ਬੈਠਾ ਹੈ। ਹਾਲਾਂਕਿ, ਮਾਓਵਾਦੀ ਵੀ ਉਕਤ ਨੀਤੀਆਂ ਦੇ ਖਰੇ ਵਿਰੋਧੀ ਹੋਣ ਦੇ ਵੱਡੇ ਦਾਅਵੇਦਾਰ ਹਨ, ਪਰ ਕਮਿਊਨਿਸਟ ਲਹਿਰ ਦੀ ਉਨ੍ਹਾਂ ਦੇ ਦਾਅਪੇਚਾਂ ਤੇ ਅਮਲਾਂ ਨਾਲ ਸਹਿਮਤੀ ਨਹੀਂ ਹੈ।ਖੈਰ, ਅਮਿਤ ਸ਼ਾਹ ਨੂੰ ਇਹ ਸਪਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਦੁਨੀਆਂ ਦੀ ਕੋਈ ਵੀ ਸੱਤਾ, ਚਾਹੇ ਉਹ ਕਿੰਨੀ ਵੀ ਤਾਕਤਵਰ ਤੇ ਖੂੰਖਾਰ ਕਿਉਂ ਨਾ ਹੋਵੇ, ਕਮਿਊਨਿਸਟਾਂ ਦੀ ਲੋਕ ਪੱਖੀ, ਪ੍ਰਗਤੀ ਹਾਮੀ ਵਿਚਾਰਧਾਰਾ ਤੇ ਹੋਂਦ ਦੀ ਸਮਾਪਤੀ ਕਦੀ ਵੀ ਨਹੀਂ ਕਰ ਸਕਦੀ। ਲੱਗਦੇ ਹੱਥ ਇਹ ਵੀ ਦੱਸ ਦੇਈਏ ਕਿ ਕਮਿਊਨਿਸਟ ਕਿਰਤੀ-ਕਿਸਾਨਾਂ, ਮਿਹਨਤੀ ਤਬਕਿਆਂ ਵਲੋਂ ਲੜੀ ਜਾ ਰਹੀ, ਆਰਥਿਕ ਲੁੱਟ-ਚੋਂਘ ਤੇ ਜਬਰ-ਜਿੱਲਤ ਤੋਂ ਮੁਕਤੀ ਦੀ ਜੰਗ ’ਚ ਨਿਭਾਈ ਜਾ ਰਹੀ ਆਪਣੀ ਮੋਹਰੀ ਭੂਮਿਕਾ ’ਤੇ ਹਮੇਸ਼ਾ ਮਾਣ ਮਹਿਸੂਸ ਕਰਦੇ ਹਨ। ਲੇਕਿਨ, ਹਿਟਲਰ ਤੇ ਮੁਸੋਲਿਨੀ ਵਰਗੇ ਮਨੁੱਖਤਾ ਦੇ ਘਿਨਾਉਣੇ ਕਾਤਲਾਂ ਦੇ ਪੈਰੋਕਾਰਾਂ ਦੀ ਅਸਲ ਚਿੰਤਾ ਇਸ ਤੋਂ ਵੀ ਕਿਤੇ ਵਡੇਰੀ ਹੈ। ਕਮਿਊਨਿਸਟ, ਆਰ.ਐਸ.ਐਸ. ਦੀ ਪਿੱਛਲਖੁਰੀ ਵਿਚਾਰਧਾਰਾ ਅਤੇ ਤਾਨਾਸ਼ਾਹੀ ਤਰਜ਼ ਦਾ, ਧਰਮ ਅਧਾਰਤ, ਪਿਛਾਖੜੀ ਰਾਸ਼ਟਰ ਕਾਇਮ ਕਰਨ ਦੇ ਇਸ ਦੇ ਘਾਤਕ ਏਜੰਡੇ ਦੇ ਸਭ ਤੋਂ ਵੱਡੇ, ਸਿਧਾਂਤਕ ਵਿਰੋਧੀ ਹਨ। ਕਮਿਊਨਿਸਟ ਹੀ ਹਨ ਜੋ ਬੇਖ਼ੌਫ ਕਹਿੰਦੇ ਹਨ ਕਿ ਆਰ.ਐਸ.ਐਸ. ਦਾ ਅਖੌਤੀ ਹਿੰਦੂ ਰਾਸ਼ਟਰ ਜੇਕਰ ਮੰਦੇਭਾਗੀਂ ਹੋਂਦ ’ਚ ਆ ਗਿਆ ਤਾਂ ਇਸ ਦੀ ਸ਼ਾਸ਼ਨ ਪੱਧਤੀ ਮਨੂੰ ਸਿਮਰਤੀ ’ਤੇ ਅਧਾਰਤ ਹੋਵੇਗੀ। ਉਹੀ ਮਨੂੰ ਸਿਮਰਤੀ ਜੋ ਇਸਤਰੀਆਂ ਨੂੰ ਮਰਦ ਦੀ ਸਦੀਵੀ ਗੁਲਾਮ ਬਣਾਈ ਰੱਖਣ ਅਤੇ ਭੂਮੀ ਪੁੱਤਰ ਸ਼ੂਦਰਾਂ ਯਾਨਿ ਅਜੋਕੇ ਦਲਿਤਾਂ ਨੂੰ ਹਰ ਕਿਸਮ ਦੇ ਮਾਨਵੀ ਅਧਿਕਾਰਾਂ ਤੋਂ ਵੰਚਿਤ ਰੱਖਣ ਦੀ ਪੈਰਵੀ ਕਰਦੀ ਹੈ। ਆਰ.ਐਸ.ਐਸ., ਹਿੰਦੂ ਰਾਸ਼ਟਰ ਦੀ ਕਾਇਮੀ ਰਾਹੀਂ, ਜਾਤੀਵਾਦੀ ਤੇ ਲਿੰਗਕ ਜ਼ੁਲਮ-ਵਿਤਕਰੇ ਨੂੰ ਅਤੀਤ ਵਾਂਗੂੰ ਹੀ ਸੰਸਥਾਗਤ ਰੂਪ ਦੇਣਾ ਲੋਚਦਾ ਹੈ। ਘੱਟ ਗਿਣਤੀਆਂ ਦੇ ਕਤਲਾਂ, ਦਲਿਤਾਂ-ਔਰਤਾਂ ਖ਼ਿਲਾਫ਼ ਹੌਲਨਾਕ ਗੁਨਾਹਾਂ ਅਤੇ ਫਿਰਕੂ ਕਤਾਰਬੰਦੀ ਦੇ ਹਿੰਦੂਤਵੀ ਟੋਲਿਆਂ ਦੇ ਕੋਝੇ ਯਤਨਾਂ ਦਾ ਟਾਕਰਾ ਵੀ ਕਮਿਊਨਿਸਟ ਹੀ ਵਧੇਰੇ ਸਪਸ਼ਟਤਾ ਤੇ ਦਲੇਰੀ ਨਾਲ ਕਰਦੇ ਹਨ। ਇਸੇ ਕਰਕੇ ‘ਨਾਗਪੁਰੀ ਖਰੂਦੀ ਲਾਣੇ’ ਨੇ ਕਮਿਊਨਿਸਟਾਂ ਨੂੰ ਆਪਣੇ ਅੱਵਲ ਦਰਜੇ ਦੇ ਦੁਸ਼ਮਣ ਮੰਨਿਆ ਹੋਇਆ ਹੈ।ਵੈਸੇ, ਇਹ ਬੜੇ ਦੁਰਭਾਗ ਦੀ ਗੱਲ ਹੈ ਕਿ ਅਜੋਕੇ ਸਮੇਂ ਅਸੀਂ ਇਕ ਅਜਿਹੇ ਦੁਬਿਧਾ ਜਨਕ ਤੇ ਅਸਹਿਜ ਦੌਰ ਚੋਂ ਲੰਘ ਰਹੇ ਹਾਂ, ਜਿਸਦੀ ਸਹੀ-ਸਹੀ ਵਿਆਖਿਆ ਕਰਨੀ ਵੀ ਬਹੁਤੇ ਲੋਕਾਂ ਲਈ ਕਾਫੀ ਗੁੰਝਲਦਾਰ ਮਸਲਾ ਬਣਿਆ ਹੋਇਆ ਹੈ। ਸਾਮਰਾਜੀ ਹਾਕਮਾਂ ਦੇ ਹੁਕਮਾਂ ਤਹਿਤ ਹੋਂਦ ’ਚ ਲਿਆਂਦੇ ਗਏ, ਸੁਤੰਤਰਤਾ ਸੰਗਰਾਮ ’ਚ ਧਰਮ ਦੇ ਆਧਾਰ ’ਤੇ ਫੁੱਟ ਪਾਉਣ ’ਚ ਗਲਤਾਨ ਰਹੇ, ਦੇਸ਼ ਧ੍ਰੋਹੀਆਂ ਦੇ ਅਜੋਕੇ ਵਾਰਸ ਅੱਜ ਭਾਰਤ ਦੀ ਕੇਂਦਰੀ ਸੱਤਾ ’ਤੇ ਕਾਬਜ਼ ਹੋਈ ਬੈਠੇ ਹਨ। ਸਾਡੀ ਮੁਰਾਦ ਜੱਗ-ਜ਼ਾਹਰ ਅੰਗ੍ਰੇਜ਼ ਪ੍ਰਸਤ ਰਹੇ ਹਿੰਦੂ ਮਹਾਂ ਸਭਾ ਤੇ ਆਰ.ਐਸ.ਐਸ. ਦੇ ਨੇਤਾਵਾਂ ਤੋਂ ਹੈ। ਜਦਕਿ ਬਰਤਾਨਵੀ ਸਾਮਰਾਜ ਦੀ ਬਸਤੀਵਾਦੀ ਗੁਲਾਮੀ ਤੋਂ ਮੁਕਤੀ ਲਈ ਸੀਸ ਤਲੀ ’ਤੇ ਰੱਖ ਕੇ ਜੂਝਣ ਨਿਕਲੀ ਦੇਸ਼ ਭਗਤ ਸੂਰਬੀਰਾਂ ਦੀ ਟੋਲੀ ਦੇ ਅਜੋਕੇ ਸੱਚੇ ਪੈਰੋਕਾਰ, ਕਮਿਊਨਿਸਟਾਂ ਵਿਰੁੱਧ ਅਜੋਕੇ ਸੱਤਾਧਾਰੀ ਅੱਜ ‘ਰਾਸ਼ਟਰ ਧ੍ਰੋਹੀ’ ਹੋਣ ਦਾ ‘ਫਤਵਾ’ ਜਾਰੀ ਕਰ ਰਹੇ ਹਨ। ਆਪਣੇ ਕੂੜ ਪ੍ਰਚਾਰ ਰਾਹੀਂ ਇਹ ਗੱਦਾਰ ਟੋਲੇ, ਜੋ ਅੱਜ ਵੀ ਸਾਮਰਾਜ ਦੀ ਉਮਰ ਲੰਮੀ ਤੋਂ ਲੰਮੇਰੀ ਕਰਨ ਲਈ ਹਰ ਹਰਬਾ ਵਰਤ ਰਹੇ ਹਨ, ਫਾਂਸੀਆਂ ਦੇ ਰੱਸੇ ਗਲਾਂ ’ਚ ਪਾ ਕੇ ‘ਸਾਮਰਾਜ ਮੁਰਦਾਬਾਦ’ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਸੂਲੀ ਚੜ੍ਹਣ ਵਾਲੇ ਸਿਰਲੱਥ ਯੋਧਿਆਂ ਦੀ ਸ਼ਾਨਾਮੱਤੀ ਭੂਮਿਕਾ ਨੂੰ ਲੋਕ ਚੇਤਿਆਂ ਚੋਂ ਮਿਟਾਉਣਾ ਚਾਹੰਦੇ ਹਨ। ਆਜ਼ਾਦੀ ਸੰਗਰਾਮ ’ਚ ਵੈਸੇ ਤਾਂ ਕਾਂਗਰਸ ਪਾਰਟੀ ਸਮੇਤ, ਉਦੋਂ ਦੇ ਬਹੁ ਗਿਣਤੀ ਰਾਜਸੀ ਦਲਾਂ ਅਤੇ ਹਰ ਤਰ੍ਹਾਂ ਦੇ ਧਾਰਮਿਕ-ਸਮਾਜਿਕ ਸੰਗਠਨਾਂ ਤੇ ਆਮ ਲੋਕਾਂ ਨੇ ਜਾਨ ਹੂਲਵੀਂ ਸ਼ਮੂਲੀਅਤ ਕੀਤੀ ਸੀ। ਪ੍ਰੰਤੂ ਇਸ ਲਹਿਰ ’ਚ ਸ਼ਾਮਲ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਕਮਿਊਨਿਸਟ, ਹਰ ਮੋੜ ’ਤੇ ਆਜ਼ਾਦੀ ਪ੍ਰਾਪਤੀ ਦੇ ਨਾਲ-ਨਾਲ ਸਾਂਝੀਵਾਲਤਾ ਤੇ ਬਰਾਬਰੀ ਵਾਲਾ ਢਾਂਚਾ (ਸਮਾਜਵਾਦ) ਸਿਰਜਣ ਦੇ ਨਾਅਰੇ ਬੁਲੰਦ ਕਰਦੇ ਰਹੇ ਤੇ ਅੱਜ ਵੀ ਕਰ ਰਹੇ ਹਨ। ਤਾਂ ਹੀ ਬਰਤਾਨਵੀ ਰਾਜ ਦੌਰਾਨ ਬਗ਼ਾਵਤ ਤੇ ਦੇਸ਼ ਧ੍ਰੋਹੀ ਦੇ ਇਲਜ਼ਾਮ ਅਧੀਨ ਦਰਜ ਜ਼ਿਆਦਾਤਰ ਮੁਕੱਦਮਿਆਂ ’ਚ ਦੋਸ਼ੀਆਂ ਵਜੋਂ ਨਾਮਜ਼ਦ ਕਮਿਊਨਿਸਟਾਂ ਦੀ ਗਿਣਤੀ ਬਾਕੀ ਸਭ ਤੋਂ ਉਪਰ ਨਜ਼ਰ ਆਉਂਦੀ ਹੈ।ਆਜ਼ਾਦੀ ਸੰਗਰਾਮ ਦੀਆਂ ਅਨੇਕਾਂ ਧਾਰਾਵਾਂ ਸਨ, ਜੋ ਵਿਚਾਰਕ ਮਤਭੇਦਾਂ ਦੇ ਬਾਵਜੂਦ ਅੰਗ੍ਰੇਜ਼ੀ ਸਾਮਰਾਜ ਵਿਰੁੱਧ ਨਿਰੰਤਰ ਸਰਗਰਮ ਰਹਿੰਦੀਆਂ ਸਨ। ਵੱਖੋ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਲੋਕ ਅੰਗ੍ਰੇਜ਼ ਸਾਮਰਾਜ ਵਲੋਂ ਉਨ੍ਹਾਂ ਦੇ ਧਰਮ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਬਦਜ਼ਨ ਹੋ ਕੇ ਆਜ਼ਾਦੀ ਦੀ ਲਹਿਰ ’ਚ ਕੁੱਦੇ ਸਨ। ਕਈ ਰਿਆਸਤਾਂ ਦੇ ਮੁਖੀ, ਵੈਸੇ ਤਾਂ ਆਪਣੀ ਖ਼ਲਕਤ ਨਾਲ ਹੰਕਾਰੀ ਰਾਜਿਆਂ ਵਾਂਗ ਹੀ ਪੇਸ਼ ਆਉਂਦੇ ਸਨ, ਪ੍ਰੰਤੂ ਅੰਗ੍ਰੇਜ਼ਾਂ ਵੱਲੋਂ ਆਪਣੀ ਸੱਤਾ ਹੜੱਪ ਲੈਣ ਦੇ ਮਨਸੂਬਿਆਂ ਨੂੰ ਦੇਖਦਿਆਂ ਉਹ ਵੀ ਆਜ਼ਾਦੀ ਸੰਗਰਾਮ ਦਾ ਹਿੱਸਾ ਬਣ ਗਏ ਸਨ। ਆਜ਼ਾਦੀ ਅੰਦੋਲਨ ’ਚ ਕੁੱਦੇ ਬਹੁ ਗਿਣਤੀ ਲੋਕਾਂ ਦਾ ਵੱਡਾ ਹਿੱਸਾ ਕਾਂਗਰਸ ਪਾਰਟੀ, ਖਾਸ ਕਰਕੇ ਮਹਾਤਮਾ ਗਾਂਧੀ ਦਾ ਅਨੁਆਈ ਸੀ ਤੇ ਅਹਿੰਸਕ ਜੱਦੋਜਹਿਦ ਰਾਹੀਂ ਸੁਤੰਤਰਤਾ ਹਾਸਲ ਕਰਨ ’ਚ ਭਰੋਸਾ ਰੱਖਦਾ ਸੀ। ਜਦਕਿ ਇਨਕਲਾਬੀ ਧਾਰਾ ਅੰਗ੍ਰੇਜ਼ੀ ਸੱਤਾ ਨੂੰ ਜੜ੍ਹੋਂ ਉਖਾੜ ਕੇ ਬਰਾਬਰਤਾ ਵਾਲਾ ਸਮਾਜ ਉਸਾਰਨ ਵਾਸਤੇ ਹਥਿਆਰਬੰਦ ਘੋਲ ਵਿੱਢਣ ਦੀ ਹਮੈਤੀ ਸੀ। ਚੋਖੀ ਗਿਣਤੀ ਖੱਬੇ ਪੱਖੀ ਤੇ ਅਗਾਂਹਵਧੂ ਨੇਤਾ ਹਥਿਆਰਾਂ ਨਾਲੋਂ ‘ਜਨਤਕ ਭਾਗੀਦਾਰੀ’ ਨੂੰ ਅੰਗ੍ਰੇਜ਼ੀ ਰਾਜ ਤੋਂ ਮੁਕਤੀ ਦੀ ਮੁਢਲੀ ਸ਼ਰਤ ਸਮਝਦੇ ਸਨ। ਇਸ ਧਾਰਾ ਦਾ ਮੁਖੀ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੰ ਆਖਿਆ ਜਾ ਸਕਦਾ ਹੈ। ਇਕ ਨਿਵੇਕਲੀ ਧਾਰਾ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠਲੀ ਵੀ ਸੀ, ਜੋ ਦੂਜੀ ਸੰਸਾਰ ਜੰਗ ਦੌਰਾਨ ਹਿਟਲਰ ਮੁਸੋਲੀਨੀ ਤੇ ਤੋਜ਼ੋ ਜਿਹੇ ਫਾਸ਼ੀਵਾਦੀ ਤਾਨਾਸ਼ਾਹਾਂ ਨਾਲ ਸਾਂਝ ਪਾ ਕੇ ਅੰਗ੍ਰੇਜ਼ ਸਾਮਰਾਜ ਤੋਂ ਆਜ਼ਾਦੀ ਹਾਸਲ ਕਰਨ ਨੂੰ ਤਰਜੀਹ ਦਿੰਦੀ ਸੀ। ਯਾਦ ਰਹੇ ਬਰਤਾਨਵੀ ਸਰਕਾਰ ਆਪਣੇ ਹਿਤਾਂ ਦੀ ਰਾਖੀ ਲਈ, ਉਦੋਂ ਹੋਂਦ ’ਚ ਆਏ ‘ਫਾਸ਼ੀਵਾਦ ਵਿਰੋਧੀ ਸੰਸਾਰ ਪੱਧਰੀ ਮੋਰਚੇ’ ਯਾਨਿ ‘ਮਿੱਤਰ ਦੇਸ਼ਾਂ ਦੇ ਫਰੰਟ’ ਦਾ ਹਿੱਸਾ ਬਣ ਗਈ ਸੀ। ਸੁਭਾਸ਼ ਚੰਦਰ ਬੋਸ ਵਲੋਂ ਸੁਤੰਤਰਤਾ ਪ੍ਰਾਪਤੀ ਲਈ ਵਰਤੇ ਗਏ ਗਲਤ ਦਾਅਪੇਚਾਂ ’ਤੇ ਤਾਂ ਬਿਨਾਂ ਸ਼ੱਕ ਉਂਗਲ ਧਰੀ ਜਾ ਸਕਦੀ ਹੈ, ਪ੍ਰੰਤੂ ਦੇਸ਼ ਪ੍ਰੇਮ ਦੇ ਤਰਾਜ਼ੂ ’ਚ ਤੋਲਣ ਲਗਿਆਂ ਉਨ੍ਹਾਂ ਯੋਧਿਆਂ ਦਾ ਵਜ਼ਨ ਬਾਕੀ ਦੇਸ਼ ਭਗਤਾਂ ਨਾਲੋਂ ਮਾਸਾ ਵੀ ਘੱਟ ਨਹੀਂ ਅੰਕਿਆ ਜਾ ਸਕਦਾ। ਇਸ ਸਾਰੇ ਵਰਤਾਰੇ ਤੋਂ ਇਹ ਤਾਂ ਸਾਫ਼ ਮਿਥਿਆ ਜਾ ਸਕਦਾ ਹੈ ਕਿ ਅੰਗ੍ਰੇਜ਼ ਸਾਮਰਾਜ ਪ੍ਰਤੀ ਧਾਰਨ ਕੀਤਾ ਵਤੀਰਾ ਕਿਸੇ ਵੀ ਸੰਗਠਨ ਜਾਂ ਵਿਅਕਤੀ ਦੀ ਦੇਸ਼ ਭਗਤੀ ਦਾ ਠੀਕ ਮੁਲਾਂਕਣ ਕਰ ਸਕਦਾ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਜਨਮ-ਜਾਤ ਅੰਗ੍ਰੇਜ਼ ਪ੍ਰਸਤ ਤੇ ਅੱਜ ਵੀ ਸਾਮਰਾਜ ਦਾ ਸਭ ਤੋਂ ਵੱਡਾ ਹਮਾਇਤੀ, ਆਰ.ਐਸ.ਐਸ. ਤੇ ਉਸ ਨਾਲ ਜੁੜੇ ਸੰਗਠਨਾਂ ਦਾ ਅਜੋਕਾ ਹੁਕਮਰਾਨ ਟੋਲਾ, ਸੁਤੰਤਰਤਾ ਸੰਗਰਾਮ ਦੀ ਪਿੱਠ ’ਚ ਛੁਰਾ ਘੋਪ ਕੇ ਵੀ ਆਪਣੇ ਮੱਥੇ ’ਤੇ ‘ਦੇਸ਼ ਭਗਤੀ’ ਦਾ ਤਮਗਾ ਟੰਗੀ ਫਿਰਦਾ ਹੈ। ਆਪਣੇ ਇਸ ਨਾਪਾਕ ਕਿਰਦਾਰ ਦੀ ਪਰਦਾਪੋਸ਼ੀ ਲਈ ਗੱਦਾਰਾਂ ਦਾ ਇਹ ਗ੍ਰੋਹ ਲਕੀਰ ਦੇ ਉਸ ਪਾਰ ਡਟੇ ਰਹੇ, ਖਰੇ ਦੇਸ਼ ਭਗਤ ਸੰਗਠਨਾਂ ਤੇ ਯੋਧਿਆਂ ਦਰਮਿਆਨ ਫਰਜ਼ੀ ਮਤਭੇਦ ਖੜ੍ਹੇ ਕਰਨ ਲੱਗਾ ਹੋਇਆ ਹੈ। ਦੇਸ਼ ਦੀ ਰਾਜਸੱਤਾ ਉਪਰ ਆਪਣਾ ਮਾਲਕੀ ਹੱਕ ਸਦੀਵੀ ਕਾਇਮ ਕਰਨ ਲਈ ਇਹ ਲੋਕ ਚੇਤਨਾ ’ਚ ਫਿਰਕੂ ਨਫ਼ਰਤ, ਜਾਤੀਵਾਦੀ ਤੇ ਲਿੰਗਕ ਵਖਰੇਵੇਂ ਘੁਸੇੜਨ ਦਾ ਯਤਨ ਕਰ ਰਿਹਾ ਹੈ। ਇਹ ਸਿਰੇ ਦੀ ਬੇਹੂਦਾ ਤੇ ਖਤਰਨਾਕ ਪਹੁੰਚ ਹੈ।ਅੰਗਰੇਜ਼ ਪ੍ਰਸਤ ਟੋਲੇ ਅੱਜ ਆਪਣੇ ਬਾਰੇ ਅਖੌਤੀ ਦੇਸ਼ ਭਗਤ ਹੋਣ ਦੇ ਦਾਅਵੇ ਕਰਦੇ ਹੋਏ ਆਜ਼ਾਦੀ ਸੰਗਰਾਮ ’ਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੰਗਠਨਾਂ ਨੂੰ ‘ਦੇਸ਼ ਧ੍ਰੋਹੀ’ ਦੱਸ ਕੇ ਭਾਰਤੀ ਸਿਆਸਤ ਤੋਂ ਉਨ੍ਹਾਂ ਦੇ ਨਕਸ਼ ਮਿਟਾ ਦੇਣ ਦੀਆਂ ਘਿਨਾਉਣੀਆਂ ਸਾਜਿਸ਼ਾਂ ਰਚ ਰਹੇ ਹਨ। ਆਰ.ਐਸ.ਐਸ. ਨੇ ਇਸ ਘਿਨਾਉਣੇ ਕੰਮ ਦੀ ਜ਼ਿੰਮੇਵਾਰੀ ਮੋਦੀ ਸਰਕਾਰ, ਖਾਸ ਕਰਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੀ ਹੋਈ ਹੈ। ਜਿਵੇਂ ਪਹਿਲਾਂ ਹੀ ਦੱਸ ਆਏ ਹਾਂ ਕਿ ਅਮਿਤ ਸ਼ਾਹ ਨੇ 31 ਮਾਰਚ 2026 ਤੱਕ ‘ਮਾਓਵਾਦ’ ਦੇ ਪੂਰਨ ਖਾਤਮੇ ਦਾ ਐਲਾਨ ਕੀਤਾ ਹੋਇਆ ਸੀ। ਸੱਤਾ ਦੀ ਦੁਰਵਰਤੋਂ ਕਰਦਿਆਂ ਹਰ ਗੈਰ ਸੰਵਿਧਾਨਕ ਤੇ ਗੈਰ ਜਮਹੂਰੀ ਢੰਗ ਨਾਲ ‘ਮਾਓਵਾਦੀ’ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ਦੇ ਵੱਡੇ ਭਾਗ ਨੂੰ ਜਾਂ ਤਾਂ ਮਾਰ ਦਿੱਤਾ ਗਿਆ ਹੈ ਤੇ ਜਾਂ ਆਤਮ ਸਮਰਪਣ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ। ਕੀ ਜਬਰ ਦੇ ਆਸਰੇ ਕੀਤਾ ਗਿਆ ਇਹ ਕੰਮ ਸੰਘ-ਭਾਜਪਾ ਤੇ ਮੋਦੀ ਹਕੂਮਤ ਦੀ ਬਹਾਦਰੀ ਸਮਝੀ ਜਾਣੀ ਚਾਹੀਦੀ ਹੈ ? ਹਰਗਿਜ ਨਹੀਂ। ਦੇਸ਼ ਦੀ ਭਾਰੀ ਬਹੁਗਿਣਤੀ ਵਸੋਂ ਨਾਲੋਂ ਨਿੱਖੜੇ ਹੋਏ ਅਤੇ ਗੋਦੀ ਮੀਡੀਆ ਤੇ ਸੰਘੀ ਅਫਵਾਹ ਮਸ਼ੀਨਰੀ ਵਲੋਂ ਦੇਸ਼-ਦੁਨੀਆ ’ਚ ਇਕ ਹਿੰਸਕ ਟੋਲੇ ਵਜੋਂ ਬਦਨਾਮ ਕਰ ਦਿੱਤੇ ਗਏ ਕੁਝ ਕੁ ਸੈਂਕੜੇ ਮਾਓਵਾਦੀਆਂ ਨੂੰ ਮਾਰ ਦੇਣਾ ਸਰਕਾਰ ਤੇ ਫੌਜ-ਪੁਲਸ ਦੀ ਕੋਈ ਮਾਣ ਕਰਨ ਯੋਗ ਪ੍ਰਾਪਤੀ ਨਹੀਂ ਕਹੀ ਜਾ ਸਕਦੀ। ਦੇਸ਼ ਦੀ ਸਮੁੱਚੀ ਕਮਿਊਨਿਸਟ ਲਹਿਰ ਤੇ ਦੇਸ਼ ਭਗਤਕ ਸੋਚ ਵਾਲੇ ਜਮਹੂਰੀ ਲੋਕਾਂ ਨੇ ਹਿੰਸਾਤਮਕ ਗੁਰੀਲਾ ਕਾਰਵਾਈਆਂ ਨਾਲ ਸਮਾਜਵਾਦੀ ਕ੍ਰਾਂਤੀ ਸਰ ਕਰਨ ਦੀ ਮਾਓਵਾਦੀਆਂ ਦੀ ‘ਐਡਵੈਂਚਰਸ’ ਇੱਛਾ ਨੂੰ ਕਦੀ ਵੀ ਗੰਭੀਰਤਾ ਨਾਲ ਨਹੀਂ ਲਿਆ। ਐਪਰ, ਜਲ, ਜੰਗਲ, ਜ਼ਮੀਨ ਤੇ ਧਰਤੀ ਹੇਠਲੇ ਹੋਰ ਖਜ਼ਾਨੇ ਕਬਾਇਲੀਆਂ ਤੋਂ, ਜੋ ਕਿ ਮਾਓਵਾਦੀ ਨਹੀਂ ਹਨ, ਨੂੰ ਜੰਗਲਾਂ ’ਚੋਂ ਖਦੇੜ ਕੇ ਉਨ੍ਹਾਂ ਦੀ ਪਿੱਠ ਪਿੱਛੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਸਰਕਾਰੀ ਸਮਝੌਤੇ ਵੀ ਕਦੀ ਮਨਜ਼ੂਰ ਨਹੀਂ ਕੀਤੇ ਜਾ ਸਕਦੇ। ਭਾਜਪਾ ਸਰਕਾਰ ਦਾ ਇਹ ਨੀਤੀ-ਪੈਂਤੜਾ ਲੋਕ ਵਿਰੋਧੀ ਤਾਂ ਹੈ ਹੀ, ਬਿਨਾਂ ਸ਼ੱਕ ਦੇਸ਼ ਧ੍ਰੋਹ ਦੀ ਸ਼੍ਰੇਣੀ ’ਚ ਆਉਂਦਾ ਹੈ। ਸੋਚਣ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਗਿਣਤੀ ਦੇ ‘ਮਾਓਵਾਦੀਆਂ’ ਨੂੰ ਹਕੂਮਤੀ ਜ਼ਬਰ ਨਾਲ ਖਤਮ ਕਰਕੇ ਕਬਾਇਲੀਆਂ ਤੇ ਹੋਰ ਗਰੀਬਾਂ ਕੋਲੋਂ ਉਨ੍ਹਾਂ ਦੀ ਰੋਟੀ-ਰੋਜ਼ੀ ਦੇ ਸਾਧਨ ਜਬਰੀ ਖੋਹ ਲੈਣੇ ਕੀ ਨਿਆਂ ਪੂਰਬਕ ਤੇ ਤਰਕ ਸੰਗਤ ਨੀਤੀ-ਪਹੁੰਚ ਹੈ? ਕੀ ਇਹ ਦੇਸ਼ ਦੇ ਸੰਵਿਧਾਨ, ਜੋ ਭਾਰਤ ਨੂੰ ਇਕ ਆਜ਼ਾਦ, ਧਰਮ-ਨਿਰਪੱਖ, ਲੋਕ ਰਾਜੀ ਤੇ ਸਮਾਜਵਾਦੀ ਵਿਵਸਥਾ ਵਜੋਂ ਵੱਧਦਾ-ਫੁੱਲਦਾ ਦੇਖਣ ਦਾ ਇੱਛਕ ਹੈ, ਦੀਆਂ ਭਾਵਨਾਵਾਂ ਦੇ ਅਨੁਕੂਲ ਕਦਮ ਹੈ ? ਮਾਓਵਾਦੀਆਂ ਦਾ ਖਾਤਮਾ, ਕਰੋੜਾਂ ਲੋਕਾਂ, ਖਾਸ ਕਰਕੇ ਕਬਾਇਲੀਆਂ ਦੇ ਮਨ-ਮਸਤਕ ਅੰਦਰ ਹਿਲੋਰੇ ਲੈ ਰਹੀ ਜਲ-ਜੰਗਲ-ਜ਼ਮੀਨ ਦੀ ਮਾਲਕੀ ਦੇ ਅਧਿਕਾਰਾਂ ਦੀ ਪ੍ਰਾਪਤੀ ਦੀ ਉਮੰਗ ਦਾ ਖਾਤਮਾ ਨਹੀਂ ਕਰ ਸਕਦਾ? ਉਹ ਤਾਂ ਆਪਣੀ ਰੋਟੀ-ਰੋਜ਼ੀ ਦੀ ਲੜਾਈ ਲੜਦਿਆਂ ਇਸ ਤੋਂ ਵੀ ਅਗਾਂਹ ਸਮੁੱਚੇ ਦੇਸ਼ ਅੰਦਰ ਬਰਾਬਰਤਾ ਦੇ ਅਸੂਲਾਂ ’ਤੇ ਅਧਾਰਤ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੀ ਇੱਛਾ ਰੱਖਦੇ ਹਨ। ਗ੍ਰਹਿ ਮੰਤਰੀ, ਮਾਓਵਾਦ ਨੂੰ ਖਤਮ ਕਰਨ ਦੇ ਆਪਣੇ ‘ਮਹਾਨ ਮਕਸਦ’ ਨੂੰ ਹੌਲੀ-ਹੌਲੀ ਸ਼ਹਿਰੀ ਨਕਸਲ ਦਾ ਸਫਾਇਆ ਕਰਨ ਤੇ ਇਸ ਤੋਂ ਵੀ ਅਗਾਂਹ ਖੱਬੇ ਪੱਖੀ ਵਿਚਾਰਾਂ ਤੋਂ ਸੱਖਣਾ ’ਕਮਿਊਨਿਸਟ ਮੁਕਤ ਭਾਰਤ’ ਦੇਖਣ ਦੀ ਖਤਰਨਾਕ ਇੱਛਾ ਧਾਰੀ ਬੈਠਾ ਹੈ। ਅਸੀਂ ਠੋਕ-ਵਜਾ ਕੇ ਕਹਿਣਾ ਚਾਹੁੰਦੇ ਹਾਂ ਕਿ ਉਸ ਦੀ ਇਹ ਇੱਛਾ ਕਦੀ ਵੀ ਪੂਰੀ ਨਹੀਂ ਹੋ ਸਕੇਗੀ। ਪਾਰਲੀਮੈਂਟ ਦੇ ਲੰਘੇ ਸ਼ੈਸ਼ਨ ’ਚ ਦਿੱਤੇ 85 ਮਿੰਟ ਦੇ ਆਪਣੇ ਭਾਸ਼ਣ ’ਚ ਅਮਿਤ ਸ਼ਾਹ ਅਸਲ ’ਚ ਆਰ.ਐਸ.ਐਸ. ਦੇ ਉਸ ਉਦੇਸ਼ ਨੂੰ ਰੂਪਮਾਨ ਕਰਦਾ ਹੈ, ਜੋ ਕਦੀ ਹਿੰਦੂ ਮਹਾਸਭਾ ਦੇ ਸਾਬਕਾ ਆਗੂ ਤੇ ਪਿਛੋਂ ਆਰ.ਐਸ.ਐਸ. ਦੇ ਸੰਸਥਾਪਕਾਂ ਚੋਂ ਇਕ ਰਹੇ ਡਾਕਟਰ ਮੁੰਜੇ ਨੇ ਇਟਲੀ ਦੇ ਫਾਸਿਸਟ ਤਾਨਾਸ਼ਾਹ ਮੁਸੋਲੀਨੀ ਨਾਲ ਮਿਲ ਕੇ ਚਿਤਵਿਆ ਸੀ। ਮੁੰਜੇ, ਭਾਰਤ ਅੰਦਰ ਵੀ ਉਸੇ ਤਰਜ਼ ਦਾ ਗੈਰ ਲੋਕਰਾਜੀ, ਫਾਸ਼ੀ ਢਾਂਚਾ ਕਾਇਮ ਕਰਨ ਦੀ ਮਨਸੂਬਾਬੰਦੀ ਕਰਨ ਲਈ ਮੁਸੋਲਿਨੀ ਤੇ ਉਸ ਦੀ ਪਾਰਟੀ ਦੇ ਆਗੂਆਂ ਨੂੰ ਮਿਲਣ ਲਈ ਇਟਲੀ ਗਿਆ ਸੀ। ਗ੍ਰਹਿ ਮੰਤਰੀ ਸ਼ਾਇਦ ਮੁਸੋਲਿਨੀ ਦਾ ਹਸ਼ਰ ਭੁੱਲ ਗਿਆ ਹੈ। ਇਟਲੀ ਦੀ ਉਹੋ ਜਨਤਾ, ਜੋ ਕਦੀ ਮੁਸੋਲਿਨੀ ਦੀ ਜੈ-ਜੈਕਾਰ ਕਰਿਆ ਕਰਦੀ ਸੀ, ਨੇ ਹੀ ਸ਼ਰ੍ਹੇਆਮ ਚੌਂਕ ’ਚ ਫਾਂਸੀ ਦੇ ਕੇ ਉਸਦੀ ਅਲਖ ਮੁਕਾਈ ਸੀ। ਜਦਕਿ ਬਰਾਬਰਤਾ ਵਾਲਾ ਢਾਂਚਾ, ਭਾਵ ਸਮਾਜਵਾਦ ਸਿਰਜਣ ਦਾ ਸੰਕਲਪ ਭਾਰਤ ਦੀ ਹਜ਼ਾਰਾਂ ਸਾਲਾਂ ਦੀ ਫਿਲਾਸਫੀ ਦੇ ਅੰਦਰ ਹੀ ਅੰਕਿਤ ਹੈ। ਇਸ ਸੰਕਲਪ ਨੂੰ ਆਮਲੀ ਜਾਮਾ ਪਹਿਨਾਉਣ ਲਈ ਹੀ ਸਿੱਖ ਗੁਰੂ ਸਾਹਿਬਾਨ, ਸਤਿਗੁਰੂ ਰਵੀਦਾਸ ਜੀ ਤੇ ਸੰਤ ਕਬੀਰ ਜੀ ਵਰਗੇ ਭਗਤੀ ਲਹਿਰ ਦੇ ਮਹਾਨ ਰਹਿਬਰਾਂ, ਸੂਫੀ ਸੰਤਾਂ ਤੇ ਅਗਾਂਹਵਧੂ ਧਾਰਮਿਕ-ਸਮਾਜਿਕ ਲਹਿਰਾਂ ਦੇ ਹੋਰ ਜੁਝਾਰੂਆਂ ਨੇ ਵੱਡੀਆਂ ਘਾਲਣਾਵਾਂ ਘਾਲੀਆਂ ਹਨ। ਭਾਰਤ ਅੰਦਰ 1920 ’ਚ ਕਮਿਊਨਿਸਟ ਪਾਰਟੀ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ ਜੈਨ ਤੇ ਬੁੱਧ ਮਤ, ਸਿੱਖ ਫਲਸਫੇ ਤੇ ਹੋਰ ਅਨੇਕਾਂ ਲਹਿਰਾਂ ਦੇ ਦਸਤਾਵੇਜ਼ਾਂ ਤੇ ਧਰਮ ਗ੍ਰੰਥਾਂ ਦੇ ਪੰਨਿਆਂ ’ਤੇ ਉਹ ਮਾਨਵੀ ਫਲਸਫਾ ਦਰਜ ਹੈ, ਜੋ ਅਮੀਰੀ-ਗਰੀਬੀ ਦੇ ਪਾੜੇ ਨੂੰ ਮੇਟਣਾ ਚਾਹੁੰਦਾ ਹੈ, ਜਾਤਪਾਤ ਦਾ ਖਾਤਮਾ ਕਰਨਾ ਚਾਹੁੰਦਾ ਹੈ, ਔਰਤ-ਮਰਦ ਦੀ ਬਰਾਬਰਤਾ ਦਾ ਮੁੱਦਈ ਹੈ, ਤਰਕ-ਦਲੀਲ ਤੇ ਸੰਵਾਦ ਦਾ ਪੈਰਵੀਕਾਰ ਹੈ ਅਤੇ ਦਕਿਆਨੂਸੀ ਵਿਚਾਰਾਂ, ਵਹਿਮ ਪ੍ਰਸਤੀ ਤੇ ਕਰਮ ਕਾਂਡ ਤੋਂ ਮੁਕਤੀ ਦਾ ਰਾਹ ਦਰਸਾਉਂਦਾ ਹੈ। ਕੀ ਅਮਿਤ ਸ਼ਾਹ ਕਮਿਊਨਿਸਟਾਂ ਦੇ ਖਾਤਮੇ ਦੇ ਬਹਾਨੇ ਉਕਤ ਮਾਨਵੀ ਫਲਸਫੇ, ਜੋ ਸਾਡੀ ਧਰਤੀ ’ਤੇ ਕਮਿਊਨਿਸਟ ਵਿਚਾਰਾਂ ਦੇ ਆਗਮਨ ਤੋਂ ਸੈਂਕੜੇ ਸਾਲ ਪਹਿਲਾਂ ਸਿਰਜਿਆ ਗਿਆ ਹੈ, ਦਾ ਵੀ ਖਾਤਮਾ ਕਰ ਸਕਦਾ ਹੈ? ਆਜ਼ਾਦੀ ਤੇ ਬਰਾਬਰਤਾ ਤਾਂ ਉਹ ਵਰਤਾਰੇ ਹਨ, ਜੋ ਕੁਦਰਤ ਨੇ ਵੀ ਮੁਢਲੇ ਅਸੂਲਾਂ ਵਜੋਂ ਅਪਣਾਏ ਹੋਏ ਹਨ ਅਤੇ ਵੱਖੋ-ਵੱਖ ਰੂਪਾਂ ’ਚ ਸਾਫ ਦੇਖੇ ਵੀ ਜਾ ਸਕਦੇ ਹਨ।ਆਰ.ਐਸ.ਐਸ., ਆਪਣੀ ਫਿਰਕੂ-ਫਾਸ਼ੀ ਵਿਚਾਰਧਾਰਾ ਦੀ ਉੱਤਮਤਾ ਤੇ ਸਫਲਤਾ ਦੇ ਭਾਰੀ ਭੁਲੇਖੇ ’ਚ ਹੈ। ਨਾਲ ਆਪਣੀ ਹੱਥਠੋਕਾ ਮੋਦੀ-ਸ਼ਾਹ ਜੋੜੀ ਦੇ ਸੱਤਾ ’ਤੇ ਕਾਬਜ਼ ਹੋਣ ਕਰਕੇ ਹੰਕਾਰਿਆ ਹੋਇਆ ਵੀ ਹੈ। ਉਹ ਆਪਣੇ ਖਿਲਾਫ ਉੱਠਣ ਵਾਲੀ ਵਿਰੋਧ ਦੀ ਹਰ ਆਵਾਜ਼ ਖਤਮ ਕਰਨ ’ਤੇ ਤੁਲਿਆ ਹੋਇਆ ਹੈ। ਲੇਕਿਨ ਭਾਰਤ ਦੇ 140 ਕਰੋੜ ਲੋਕਾਂ ਚੋਂ ਵੱਡੀ ਬਹੁ ਗਿਣਤੀ ਹਿੰਦੂ-ਸਿੱਖ, ਮੁਸਲਮਾਨ, ਈਸਾਈ ਤੇ ਹੋਰ ਪੀੜਤ ਲੋਕ ਭਾਰਤ ਦਾ ਸੰਵਿਧਾਨ ਅਤੇ ਦੇਸ਼ ਦਾ ਧਰਮ ਨਿਰਪੱਖ, ਲੋਕ ਰਾਜੀ, ਫੈਡਰਲ ਢਾਂਚਾ ਕਾਇਮ ਰੱਖਣ ਦੇ ਹਾਮੀ ਹਨ। ਲੋਕ ਤਾਂ ਇਸ ਤੋਂ ਵੀ ਅੱਗੇ ਦੇਸ਼ ਅੰਦਰ ਬਰਾਬਰੀ ਦੇ ਅਸੂਲਾਂ ’ਤੇ ਅਧਾਰਤ ਸਮਾਜਵਾਦੀ ਢਾਂਚਾ ਸਿਰਜਣ ਦਾ ਸੁਪਨਾ ਪਾਲੀ ਬੈਠੇ ਹਨ ਅਤੇ ਇਸ ਦਿਸ਼ਾ ’ਚ ਕਾਮਯਾਬੀ ਲਈ ਸਮਰੱਥਾ ਮੁਤਾਬਕ ਸੰਘਰਸ਼ ਵੀ ਕਰ ਰਹੇ ਹਨ। ਭਾਰਤੀ ਜਨਤਾ, ਆਰ.ਐਸ.ਐਸ. ਵੱਲੋਂ ਦੇਸ਼ ’ਚ ਫੈਲਾਈ ਜਾ ਰਹੀ ‘‘ਫਿਰਕੂ ਨਫ਼ਰਤ ਤੇ ਹਜ਼ੂਮੀ ਹਿੰਸਾ ਤੋਂ ਮੁਕਤ ਭਾਰਤ ਦੇਖਣ ਦੀ ਇੱਛਕ ਹੈ, ਜੋ ਲੋਕ ਸੰਘਰਸ਼ਾਂ ਸਦਕਾ ਲਾਜ਼ਮੀ ਹੋਂਦ ’ਚ ਆਏਗਾ।’’