/* SC_TH_END:4.3.24:fc0ffc30 */ ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2026) – Sangrami Lehar
Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2026)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2026)

ਆਰਐੱਮਪੀਆਈ ਵੱਲੋਂ ਫੈਡਰਲ ਢਾਚੇ ਦੀ ਰਾਖੀ ਲਈ ਤੇ ਪੰਜਾਬ ਨਾਲ ਹੁੰਦੇ ਵਿਤਕਰਿਆਂ ਅਤੇ ਧੱਕਿਆਂ ਖ਼ਿਲਾਫ਼ ਕੀਤੀ ਸੂਬਾਈ ਰੈਲੀ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਫੈਡਰਲ ਢਾਚੇ ਦੀ ਰਾਖੀ ਲਈ ਅਤੇ ਪੰਜਾਬ ਨਾਲ ਹੁੰਦੇ ਵਿਤਕਰਿਆਂ ਅਤੇ ਧੱਕਿਆਂ ਖ਼?ਲਾਫ਼ ਕੀਤੀ ਗਈ ਸੂਬਾਈ ਰੈਲੀ
ਚੰਡੀਗੜ੍ਹ ; ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਸੈਕਟਰ 25 ’ਚ ਕੀਤੀ ਗਈ ਵਿਸ਼ਾਲ ਰੈਲੀ ’ਚ ਪੰਜਾਬ ਦੇ ਸਮੂਹ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਫੈਡਰਲ ਅਧਿਕਾਰਾਂ ਦੇ ਨਿਰੰਤਰ ਘਾਣ, ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਤੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀਆਂ ਏਜੰਸੀਆਂ ਤੇ ਕੱਟੜਪੰਥੀਆਂ ਦੀਆਂ ਕੁਚਾਲਾਂ ਖਿਲਾਫ਼ ਗਰਜਵੀਂ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਇਸ ਜਨਤਕ ਇਕੱਠ ’ਚ ਹੱਥਾਂ ’ਚ ਲਾਲ ਝੰਡੇ ਲੈ ਕੈ ਪੁੱਜੇ ਲੋਕਾਂ ਦੇ ਅਕਾਸ਼ ਗੂੰਜਾਊ ਨਾਅਰੇ ਸਮੁੱਚੇ ਵਾਤਾਵਰਣ ਨੂੰ ਇਨਕਲਾਬੀ ਰੰਗ ’ਚ ਰੰਗ ਰਹੇ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਰਾਹੀਂ ਪ੍ਰਾਂਤ ਵਾਸੀਆਂ ਦੀ ਅਪਰਾਧੀ ਗਰੋਹਾਂ ਤੋਂ ਰਾਖੀ ਕਰਨ ਪੱਖੋਂ ਬੁਰੀ ਤਰ੍ਹਾਂ ਨਾਕਾਮ ਰਹੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ।ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਮੇਤ ਸਾਰੇ ਦੇਸ਼ ’ਚ ਬਿਨਾਂ ਮੁਕੱਦਮਾ ਚਲਾਏ ਜੇਲ੍ਹੀਂ ਡੱਕੇ ਤੇ ਸਜ਼ਾਵਾਂ ਪੂਰੀਆਂ ਕਰ ਚੁਕੇ ਸਿਆਸੀ ਕੈਦੀ, ਬੁੱਧੀਜੀਵੀ ਤੇ ਮਨੁੱਖੀ ਅਧਿਕਾਰ ਕਾਰਕੁੰਨ ਫੌਰੀ ਰਿਹਾ ਕੀਤੇ ਜਾਣ; ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਫੌਰੀ ਪੰਜਾਬ ਦੇ ਹਵਾਲੇ ਕੀਤਾ ਜਾਵੇ; ਦਰਿਆਈ ਪਾਣੀਆਂ ਦੀ ਰਿਪੇਅਰੀਨ ਸਿਧਾਂਤ ਮੁਤਾਬਕ ਵੰਡ ਕੀਤੀ ਜਾਵੇ; ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕੀਤੇ ਜਾਣ; ਪੰਜਾਬੀ ਬੋਲੀ ਨੂੰ ਪੰਜਾਬ ਸਮੇਤ ਪੂਰੇ ਦੇਸ਼ ’ਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ; ਭਾਖੜਾ-ਬਿਆਸ ਪ੍ਰਬੰਧਕੀ ਬੋਰਡ ’ਚ ਪੰਜਾਬ ਦਾ ਖੋਹਿਆ ਰੁਤਬਾ ਬਹਾਲ ਕੀਤਾ ਜਾਵੇ; ਬਾਰਡਰ ਖੋਲ੍ਹ ਕੇ ਭਾਰਤ-ਪਾਕ ਦੁਵੱਲਾ ਵਪਾਰ ਸ਼ੁਰੂ ਕੀਤਾ ਜਾਵੇ; ਪੰਜਾਬ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ। ਇਸ ਮੌਕੇ ਐਲਾਨ ਕੀਤਾ ਗਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ ਧਰਮਾਂ-ਜਾਤਾਂ ਦੇ ਵਖਰੇਵਿਆਂ ਤੋਂ ਉੱਤੇ ਉੱਠ ਕੇ ਸਮੂਹ ਪੰਜਾਬੀਆਂ ਦਾ ਸਰਬ ਸਾਂਝਾ ਘੋਲ ਵਿੱਢਿਆ ਜਾਵੇਗਾ।
ਰੈਲੀ ਤੋਂ ਬਾਅਦ ਵਿਸ਼ਾਲ ਜਨਤਕ ਮਾਰਚ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਤੇ ਰਾਜ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਨਵਰਾਜ ਸਿੰਘ ਬਰਾੜ ਪੀ ਸੀ ਐਸ, ਓਐਸਡੀ ਮੁੱਖ ਮੰਤਰੀ ਪੰਜਾਬ ਦੇ ਰਾਹੀਂ ਭੇਜੇ ਗਏ।
ਵਿਸ਼ਾਲ ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰਾਜ ਕਮਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਸੂਬਾ ਸਕੱਤਰੇਤ ਦੇ ਮੈਂਬਰਾਨ ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ, ਡਾਕਟਰ ਸਤਨਾਮ ਸਿੰਘ ਅਜਨਾਲਾ, ਦਰਸ਼ਨ ਨਾਹਰ, ਸ਼ਿਵ ਕੁਮਾਰ ਪਠਾਨਕੋਟ ਨੇ ਸੰਬੋਧਨ ਕੀਤਾ। ਰੈਲੀ ਦੀ ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ ਢੱਡਵਾਲ, ਸੁਰਿੰਦਰ ਗਿੱਲ ਜੈਪਾਲ ਨੇ ਕੀਤੀ। ਉਪਰੋਕਤ ਆਗੂਆਂ ਤੋਂ ਇਲਾਵਾ ਸਾਥੀ ਮਹੀਪਾਲ, ਮੋਹਨ ਸਿੰਘ ਧਮਾਣਾ, ਰਘਬੀਰ ਸਿੰਘ ਬੈਨੀਪਾਲ, ਡਾ ਸਰਬਜੀਤ ਸਿੰਘ ਮੁਠੱਡਾ ਮੰਚ ‘ਤੇ ਹਾਜ਼ਰ ਸਨ ਅਤੇ ਮੰਚ ਸੰਚਾਲਕ ਦੇ ਫਰਜ ਰਾਜ ਕਮੇਟੀ ਦੇ ਖਜ਼ਾਨਚੀ ਪ੍ਰੋਫੈਸਰ ਜੈਪਾਲ ਸਿੰਘ ਨੇ ਨਿਭਾਏ। ਰੈਲੀ ਦਾ ਪ੍ਰਬੰਧ ਪਾਰਟੀ ਦੀ ਜ਼ਿਲ੍ਹਾ ਕਮੇਟੀ ਮੁਹਾਲੀ-ਚੰਡੀਗੜ੍ਹ ਨੇ ਆਪਣੀ ਯਥਾ ਸ਼ਕਤੀ ਨਾਲ ਬਹੁਤ ਵਧੀਆ ਤਰੀਕੇ ਨਾਲ ਕੀਤਾ।
ਰਿਪੋਰਟ: ਸ਼ਮਸ਼ੇਰ ਸਿੰਘ ਬਟਾਲਾ


ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 47ਵੀਂ ਬਰਸੀ ਮਨਾਈ ਗਈ
ਫਿਲੌਰ: ਤਹਿਸੀਲ ਫਿਲੌਰ ਦੇ ਪਿੰਡ ਮੁਠੱਡਾ ਕਲਾਂ ਵਿਖੇ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 47ਵੀਂ ਬਰਸੀ ਮਨਾਈ ਗਈ ।ਆਰੰਭ ’ਚ ਝੰਡਾ ਲਹਿਰਾਉਣ ਦੀ ਰਸਮ ਜਸਬੀਰ ਸਿੰਘ ਨੇ ਨਿਭਾਈ। ਮੁੱਖ ਬੁਲਾਰੇ ਉਘੇ ਚਿੰਤਕ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦੁਨੀਆ ਭਰ ‘ਚ ਲੋਕਤੰਤਰ ਦਾ ਮਾਡਲ ਵੀ ਫੇਲ੍ਹ ਹੋ ਗਿਆ ਹੈ, ਜਿਸ ’ਚ ਕਿਹਾ ਜਾਂਦਾ ਸੀ ਕਿ ਇਹ ਸਾਰੇ ਵਰਗਾਂ ਦਾ ਭਲਾਈ ਕਰਦਾ ਹੈ, ਜਿਥੇ ਬੱਚਿਆਂ ਸਮੇਤ ਬੁਢਾਪਾ ਵੀ ਵਧੀਆਂ ਕੱਟਿਆ ਜਾਂਦਾ ਹੈ, ਅੱਜ ਉਸੇ ਮਾਡਲ ’ਚੋਂ ਨੌਜਵਾਨਾਂ ਨੂੰ ਬੰਨ੍ਹ ਕੇ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਜਿਹੇ ਨੌਜਵਾਨਾਂ ਨੂੰ ਵੀ ਚੁੱਪ ਚੁਪੀਤੇ ਵੀ ਵਾਪਸ ਭੇਜ ਸਕਦਾ ਸੀ ਪਰ ਉਹ ਜਾਣ ਬੁੱਝ ਕੇ ਨੌਜਵਾਨਾਂ ਨੂੰ ਬੇੜੀਆਂ ਲਗਾ ਕੇ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੋਕਤੰਤਰ ਦੇ ਅੰਦਰੂਨੀ ਸੰਕਟ ਦਾ ਹੀ ਪ੍ਰਗਟਾਵਾ ਹੈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅਸਲ ’ਚ ਇਹ ਲੋਕਾਂ ਦਾ ਲੋਕਤੰਤਰ ਨਹੀਂ ਹੈ ਸਗੋਂ ਲੋਕਤੰਤਰ ਦੇ ਨਾਮ ‘ਤੇ ਸੱਤਾ ਨੂੰ ਕੋਈ ਹੋਰ ਸੰਭਾਲ ਰਿਹਾ ਹੈ। ਭਾਰਤ ’ਚ ਕਿਰਤ ਕਾਨੂੰਨਾਂ ਦੀਆਂ ਤਬਦੀਲੀਆਂ ਵੀ ਇਸ ਮਨਸ਼ੇ ਨਾਲ ਕੀਤੀਆਂ ਗਈਆਂ ਹਨ ਅਤੇ ਹੋਰ ਕਾਨੂੰਨਾਂ ’ਚ ਵੀ ਤਬਦੀਲੀ ਕੀਤੀ ਗਈ ਹੈ। ਇਹ ਤਬਦੀਲੀਆਂ ਕਾਰਪੋਰੇਟ ਜਗਤ ਦੇ ਫਾਇਦੇ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਖੱਬੇ ਪੱਖ ਦੇ ਲੋਕਾਂ ਨੂੰ ਹੋਰ ਧਿਰਾਂ ਨਾਲ ਮਿਲ ਕੇ ਅੱਗੇ ਵੱਧਣਾ ਚਾਹੀਦਾ ਹੈ, ਜਿਸ ਨਾਲ ਹੀ ਅਜਿਹੀਆਂ ਨੀਤੀਆਂ ਤੋਂ ਮੋੜਾਂ ਕੱਟਿਆ ਜਾ ਸਕਦਾ ਹੈ। ਆਰਐੱਮਪੀਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਕੁਲੰਵਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦਾ ਅੰਦੋਲਨ ਕਾਰਪੋਰੇਟ ਜਗਤ ਨੂੰ ਚੈਲੇਂਜ ਕਰਦਾ ਹੋਇਆ ਅੰਦੋਲਨ ਸੀ, ਜਿਸ ਨੇ ਦੂਜੇ ਦੇਸ਼ਾਂ ਨੂੰ ਵੀ ਸੰਘਰਸ਼ਾਂ ਦਾ ਰਸਤਾ ਦਿੱਤਾ। ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਬਜੀਤ ਸੰਗੋਵਾਲ, ਕੁਲਜੀਤ ਫਿਲੌਰ, ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਕੁਲਦੀਪ ਵਾਲੀਆ, ਰਾਮ ਨਾਥ ਦੁਸਾਂਝ, ਮੱਖਣ ਸੰਗਰਾਮੀ, ਬੇਅੰਤ ਔਜਲਾ, ਗੁਰਨਾਮ ਸਿੰਘ ਮੁਠੱਡਾ ਆਦਿ ਹਾਜ਼ਰ ਸਨ।
ਰਿਪੋਰਟ: ਸ਼ਮਸ਼ੇਰ ਸਿੰਘ ਬਟਾਲਾ/ਰਮੇਸ਼ ਚੰਦਰ

ਆਰਐਮਪੀਆਈ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਪ੍ਰਦਰਸ਼ਨ
ਬਾਬਾ ਬਕਾਲਾ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਵਰਕਰਾਂ ਵੱਲੋਂ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ, ਜਿਸ ਦੀ ਅਗਵਾਈ ਨਿਰਮਲ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ ਨੇ ਕੀਤੀ। ਪਾਰਟੀ ਦੇ ਸੂਬਾ ਕਮੇਟੀ ਮੈਂਬਰਾਂ ਅਮਰੀਕ ਸਿੰਘ ਦਾਊਦ ਅਤੇ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਉਕਤ ਅਧਿਕਾਰੀ ਹਲਕੇ ਦੇ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਦਿਆਂ ਵਿਰੋਧੀ ਪਾਰਟੀਆਂ ਨੂੰ ਖੱਜਲ ਖੁਆਰ ਕਰਦਾ ਹੈ। ਪਿਛਲੇ ਦਿਨੀ ਪਾਰਟੀ ਆਗੂਆਂ ਵੱਲੋਂ ਉਕਤ ਅਧਿਕਾਰੀ ਕੋਲੋਂ ਪਿੰਡਾਂ ਵਿੱਚ ਗਰੀਬ ਲੋਕਾਂ ਲਈ ਬਣਨ ਵਾਲੇ ਮਕਾਨਾਂ ਦੇ ਲਾਭਪਾਤਰੀਆਂ ਦੀਆਂ ਲਿਸਟਾਂ ਮੰਗੀਆਂ ਗਈਆਂ ਪਰ ਉਕਤ ਅਧਿਕਾਰੀ ਨੇ ਲਿਸਟਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਦੇ ਰੋਸ ਵਜੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੋੜਵੰਦ ਲੋਕਾਂ ਨੂੰ ਨਹੀਂ ਮਿਲ ਰਿਹਾ ਸਗੋਂ ਰਾਜ ਕਰਦੀ ਧਿਰ ਦੇ ਅਮੀਰ ਲੋਕਾਂ ਨੂੰ ਇਹ ਸਕੀਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ, ਜਿਸ ਦੇ ਖਿਲਾਫ ਪਾਰਟੀ ਵੱਲੋਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਬੀ ਡੀ ਪੀ ਓ ਵੱਲੋਂ ਲਿਸਟਾਂ ਮੁਹੱਈਆ ਕਰਵਾਉਣ ਉਪਰੰਤ ਰੋਸ ਧਰਨਾ ਸਮਾਪਤ ਕਰ ਦਿੱਤਾ ਗਿਆ। ਸੁਵਿੰਦਰ ਸਿੰਘ ਖਹਿਰਾ, ਹਰਭਜਨ ਸਿੰਘ ਫੱਤੂਵਾਲ, ਮੰਗਲ ਸਿੰਘ ਕੋਟ ਮਹਿਤਾਬ, ਚਰਨ ਸਿੰਘ ਖਿਲਚੀਆਂ, ਕੇਵਲ ਸਿੰਘ ਸੱਤੋਵਾਲ, ਮਨਜੀਤ ਸਿੰਘ ਜਮਾਲਪੁਰ, ਮਲੂਕ ਸਿੰਘ ਮਹਿਤਾ, ਸ਼ਿੰਗਾਰਾ ਸਿੰਘ ਸੁਧਾਰ, ਪਰਵਿੰਦਰ ਸਿੰਘ ਰਈਆ ਆਦਿ ਆਗੂਆਂ ਨੇ ਸੰਬੋਧਨ ਕੀਤਾ। ਰਿਪੋਰਟ: ਰਮੇਸ਼ ਚੰਦਰ

Scroll To Top