Now Reading
ਸੰਪਾਦਕੀ: ਮੋਦੀ ਰਾਜ ਦੇ ਤਬਾਹਕੁੰਨ ਬਾਰਾਂ ਸਾਲ 

ਸੰਪਾਦਕੀ: ਮੋਦੀ ਰਾਜ ਦੇ ਤਬਾਹਕੁੰਨ ਬਾਰਾਂ ਸਾਲ 

ਭਾਰਤ, ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ. ਜਾਂ ‘ਸੰਘ’) ਦੀ ਅਗਵਾਈ ਹੇਠਲੇ ਫਿਰਕੂ-ਫਾਸ਼ੀਵਾਦੀਆਂ ਦੇ ਘਿਨਾਉਣੇ ਦੁਸ਼ਚੱਕਰ ’ਚ ਹਰ ਪਲ ਵਧੇਰੇ ਤੋਂ ਵਧੇਰੇ ਘਿਰਦਾ ਜਾ ਰਿਹਾ ਹੈ। ਲੰਘੇ ਦਿਨੀਂ, ਆਰ.ਐਸ.ਐਸ. ਦੇ ਸ਼ਸ਼ਕਾਰੇ ਸੱਜ ਪਿਛਾਖੜੀ ਲੱਠਮਾਰਾਂ ਨੇ ਦਿੱਲੀ ’ਵਰਸਿਟੀ ਦੇ ਵਿਦਿਆਰਥੀਆਂ ਸਾਹਵੇਂ ਭਾਸ਼ਣ ਦੇ ਰਹੇ ਨਾਮਵਰ ਬੁੱਧੀਜੀਵੀ ਤੇ ਉੱਚ ਮੁਰਾਤਬੇ ਵਾਲੇ ਇਤਿਹਾਸਕਾਰ ਪ੍ਰੋਫੈਸਰ ਐਸ. ਇਰਫਾਨ ਹਬੀਬ ਉਪਰ ਪਾਣੀ ਡੋਲ੍ਹ ਦੇਣ ਦੀ ਕਾਇਰਾਨਾ ਕਰਤੂਤ ਕੀਤੀ ਸੀ। ਜ਼ਾਹਿਰ ਹੈ, ਇਹ ਨੀਚ ਹਰਕਤ ਉਨ੍ਹਾਂ ਨੂੰ ਅਪਮਾਨਤ ਕਰਨ ਤੇ ਡਰਾਉਣ ਰਾਹੀਂ ਆਪਣਾ ਭਾਸ਼ਣ ਦੇਣੋਂ ਰੋਕਣ ਲਈ ਕੀਤੀ ਗਈ ਸੀ। ਐਪਰ, ਇਹ ਡਾਢੇ ਮਾਣ ਦੀ ਗੱਲ ਹੈ ਕਿ ਲੋਕ ਹਿਤਾਂ ਨੂੰ ਪ੍ਰਣਾਏ ਇਸ ਬੁੱਧੀਜੀਵੀ ਨੇ ਨਾ ਕੇਵਲ ਆਪਣਾ ਭਾਸ਼ਣ ਮੁਕੰਮਲ ਕੀਤਾ, ਬਲਕਿ ਫਿਰਕੂ-ਫਾਸ਼ੀ, ਮੰਨੂਵਾਦੀ ਤਨਜ਼ੀਮ ਦੀ ਤਰਫੋਂ ਭਾਰਤੀ ਲੋਕ ਤੰਤਰ ਤੇ ਸਮਾਜ ਨੂੰ ਦਰਪੇਸ਼ ਅਜੋਕੇ ਹਰ ਖਤਰੇ ਦੀ ਬਾਦਲੀਲ, ਸਪਸ਼ਟ ਨਿਸ਼ਾਨਦੇਹੀ ਵੀ ਕੀਤੀ। ਵਿਦਵਾਨ ਬੁਲਾਰੇ ਦੀ ਇਸ ਦੀਦਾ ਦਲੇਰੀ ਤੋਂ ਸੰਘ ਪਰਿਵਾਰ ਦੇ ਖਰੂਦੀ ਟੋਲੇ ਹੋਰ ਵੀ ਬੁਖਲਾ ਗਏ। ਲਿਹਾਜ਼ਾ, ਸੰਘ-ਭਾਜਪਾ ਦੇ ‘ਅੰਧ ਭਗਤਾਂ’ ਤੇ ‘ਟਰੋਲ ਆਰਮੀ’ ਨੇ ਵੱਖੋ-ਵੱਖ ਸ਼ੋਸ਼ਲ ਮੀਡੀਆ ਸਾਈਟਸ ’ਤੇ ਪ੍ਰੋਫੈਸਰ ਐਸ. ਇਰਫਾਨ ਹਬੀਬ ਵਿਰੁੱਧ ਅਤਿਅੰਤ ਭੱਦੀ ਭਾਸ਼ਾ ’ਚ ਬੇਹੱਦ ਘਟੀਆ ਕਿਸਮ ਦੀਆਂ ਬੇਹੂਦਾ ਟਿੱਪਣੀਆਂ ਕੀਤੀਆਂ। ਖੈਰ, ਇਸ ਸਮੁੱਚੇ ਘਟਨਾਕ੍ਰਮ ਤੋਂ ਆਪਣੇ ਆਪ ਨੂੰ ਸਨਾਤਨ ਦੇ ਝੰਡਾਬਰਦਾਰ ਦੱਸਣ ਵਾਲੇ ਇਨ੍ਹਾਂ ਫਿਰਕੂ ਤੱਤਾਂ ਦੀ ਬਿਮਾਰ ਮਾਨਸਿਕਤਾ ਤੇ ਨਫ਼ਰਤੀ ਸੋਚ ਦਾ ਬਾਖ਼ੂਬੀ ਪ੍ਰਗਟਾਵਾ ਹੁੰਦਾ ਹੈ।

ਇਸ ਘਟਨਾ ਤੋਂ ਕੁੱਝ ਦਿਨ ਪਹਿਲਾਂ ਸੰਕੀਰਨ ਸੋਚ ਵਾਲੇ ਅਜਿਹੇ ਹੀ ਸੰਘੀ ਗ੍ਰੋਹਾਂ ਨੇ ਉਤਰਾਖੰਡ ਵਿਖੇ ਪੰਜਾਬੀ ਖਿੱਤੇ ਦੀ ਨਾਬਰੀ ਦੀ ਸੁਰ ਦੀ ਪਛਾਣ ਬਣ ਚੁੱਕੀ ਬਾਗ਼ੀਆਨਾ ਕਾਵਿ ਧਾਰਾ ਦੀ ਬੁਲੰਦ ਆਵਾਜ਼ ਮੰਨੇ ਜਾਂਦੇ, ਪ੍ਰਸਿੱਧ ਸੂਫੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਬੇਹੁਰਮਤੀ ਤੇ ਭੰਨ-ਤੋੜ ਕੀਤੀ ਸੀ। ਇਨ੍ਹਾਂ ਮੰਦਬੁੱਧੀਆਂ ਨੇ ਹਰ ਧਰਮ ਵਿਚਲੇ ਪਾਖੰਡੀਆਂ ਤੇ ਕੱਟੜਪੰਥੀਆਂ ਨੂੰ ਵੰਗਾਰ ਪਾਉਣ ਵਾਲੇ ਬਾਬਾ ਬੁੱਲ੍ਹੇ ਸ਼ਾਹ ਨੂੰ ਬੇਹੱਦ ਨਿੰਦਣਯੋਗ ਭਾਸ਼ਾ ’ਚ ਗਾਲ੍ਹ ਮੰਦਾ ਵੀ ਬੋਲਿਆ ਸੀ। ਇਹੋ ਨਹੀਂ, ਇਨ੍ਹਾਂ ਨੇ ਉਸ ਥਾਂ ’ਤੇ ਪਿਸ਼ਾਬ ਕਰਨ ਦੀ ਹੋਛੀ ਹਰਕਤ ਕਰਕੇ ਆਪਣੀ ਤੇ ਆਪਣੇ ਬਦ ਦਿਮਾਗ਼ ਆਕਾਵਾਂ ਦੀ ਹੱਦ ਦਰਜੇ ਦੀ ਨੀਵੀਂ ਸੋਚ ਦੇ ‘ਦਰਸ਼ਨ-ਦੀਦਾਰ’ ਵੀ ਬਾਖੂਬੀ ਕਰਵਾਏ ਸਨ। ਲੇਕਿਨ ਜਾਪਦਾ ਹੈ ਕਿ ਇੰਨੇ ਨਾਲ ਵੀ ਇਨ੍ਹਾਂ ਵਹਿਸ਼ੀ ਦਰਿੰਦਿਆਂ ਦਾ ਦਿਲ ਨਹੀਂ ਭਰਿਆ! ਤੇ ਨਾ ਮੁਸਲਮਾਨਾਂ ਨੂੰ ਦੇਸ਼ ਧ੍ਰੋਹੀ, ਘੁਸਪੈਠੀਏ, ਲਵ ਜਹਾਦੀ, ਅੱਤਵਾਦੀ ਆਦਿ ਵਿਸ਼ੇਸ਼ਣਾਂ ਨਾਲ ‘ਨਵਾਜ’ ਕੇ ਹੀ ਇਨ੍ਹਾਂ ਦੀ ਤਸੱਲੀ ਹੁੰਦੀ ਹੈ!

ਨਫ਼ਰਤੀ ਕੂੜ ਪ੍ਰਚਾਰ ਦੀ ਮਾਹਿਰ ਸਮਝੀ ਜਾਂਦੀ ‘ਸਨਾਤਨ ਸੰਸਥਾ’ ਨਾਂ ਦੀ ਜਥੇਬੰਦੀ ਨੇ ਪਿਛਲੇ ਦਿਨੀਂ ਕੌਮੀ ਰਾਜਧਾਨੀ ਦਿੱਲੀ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਸੀ। ਇਸ ਨਾਮ ਨਿਹਾਦ ਧਾਰਮਿਕ ਸਮਾਗਮ ਦਾ ਮਕਸਦ ਸੀ, ਹਿੰਦੂ ਰਾਸ਼ਟਰ ਕਾਇਮ ਕਰਨਾ। ਇੱਥੇ ਘੱਟ ਗਿਣਤੀ ਵਸੋਂ ਦਾ ਘਾਣ ਕਰਨ ਦੀ ਭੜਕਾਹਟ ਪੈਦਾ ਕਰਨ ਲਈ ਰਵਾਇਤੀ ਤੇ ਅਗਨ ਹਥਿਆਰਾਂ ਦਾ ਬਹੁਤ ਭੱਦਾ ਪ੍ਰਗਟਾਵਾ ਕੀਤਾ ਗਿਆ ਸੀ। ਅਨੇਕਾਂ ਕੇਂਦਰੀ ਵਜ਼ੀਰਾਂ ਦੀ ਹਾਜਰੀ ’ਚ ਕੁਝ ‘ਧਾਰਮਿਕ’ ਦਿੱਖ ਵਾਲੇ ਬੁਲਾਰਿਆਂ ਤੇ ਹੋਰ ਹਿੰਦੂਤਵੀ ਖਰੂਦੀਆਂ ਨੇ ਸੱਦਾ ਦਿੱਤਾ, ‘25% ਮੁਸਲਮਾਨਾਂ ਨੂੰ ਭਾਰਤ ’ਚੋਂ ਖਦੇੜ ਦਿਓ। ਬਾਕੀ ਰਹਿੰਦੇ ਆਪੇ ਧਰਮ ਬਦਲ ਕੇ ਹਿੰਦੂ ਬਣ ਜਾਣਗੇ।’ ਸਾਫ ਹੈ ਕਿ ਇਸ ਆਯੋਜਨ ਦਾ ਇਕਲੌਤਾ ਮਕਸਦ ਫਿਰਕੂ ਵੰਡ ਤਿੱਖੀ ਕਰਨੀ ਤੇ ਭਾਈਚਾਰਿਆਂ ਦਰਮਿਆਨ ਘ੍ਰਿਣਾ ਦੀ ਖਾਈ ਹੋਰ ਡੂੰਘੀ ਤੇ ਚੌੜੀ ਕਰਨਾ ਸੀ।  ‘ਸੂਚਨਾ ਦਾ ਅਧਿਕਾਰ ਕਾਨੂੰਨ’ (ਆਰਟੀਆਈ) ਰਾਹੀਂ ਮੰਗੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕੇਂਦਰੀ ਸਰਕਾਰ ਦੇ ‘ਸੱਭਿਆਚਾਰਕ ਮੰਤਰਾਲੇ’ ਨੇ ਇਸ ਧਾਰਮਿਕ ਆਯੋਜਨ ਲਈ 63  ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ। ਇਸ ਤੋਂ ਸਮਾਗਮ ਕਰਨ ਵਾਲੀ ਸੰਸਥਾ ਤੇ ਕੇਂਦਰੀ ਸਰਕਾਰ ਦੀ ਸਾਂਝੀ ਮੰਸ਼ਾ ਤੇ ਮਿਲੀਭਗਤ ਸਪੱਸ਼ਟ ਜਾਹਿਰ ਹੁੰਦੀ ਹੈ। ਇਉਂ ਹੀ ਆਰ.ਐਸ.ਐਸ. ਦਾ ਨਵਾਂ-ਨਵਾਂ ਚਾਕਰ ਬਣਿਆ ਆਸਾਮ ਸੂਬੇ ਦਾ ਭਾਜਪਾਈ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਹਰ ਦਿਨ ਮੁਸਲਮਾਨਾਂ ਨੂੰ ਦੇਸ਼ ਨਿਕਾਲਾ ਦੇਣ ਤੇ ਇਨ੍ਹਾਂ ਦਾ ਖੁਰਾ-ਖੋਜ ਮਿਟਾਉਣ ਦੇ ਸੰਦੇਸ਼ ਦੇ ਰਿਹਾ ਹੈ।

ਜਦੋਂ ਆਰ.ਐਸ.ਐਸ., ਭਾਜਪਾ, ਕੇਂਦਰ ਦੀ ਮੋਦੀ ਸਰਕਾਰ ਤੇ ਵੱਖੋ-ਵੱਖ ਸੂਬਿਆਂ ਦੀਆਂ ਭਾਜਪਾਈ ਸਰਕਾਰਾਂ ਦੀ ਸ਼ਹਿ ਪ੍ਰਾਪਤ ‘ਅੰਧ ਭਗਤ’ ਦੇਸ਼ ਭਰ ’ਚ ਅਜਿਹੇ ਕੁਕਰਮਾਂ ਨੂੰ ਸਰ ਅੰਜ਼ਾਮ ਦੇ ਰਹੇ ਹਨ ਤਾਂ ਇਸ ’ਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਅਸਾਡਾ ਇਹ ਮੰਨਣਾ ਹੈ ਕਿ ਇਨ੍ਹਾਂ ਖਰੂਦੀਆਂ ਤੋਂ ਕਿਸੇ ਭਲੇ ਦੀ ਕੋਈ ਆਸ ਕੀਤੀ ਵੀ ਨਹੀਂ ਜਾ ਸਕਦੀ। ਧਰਮ ਦੇ ਬੁਰਕੇ ਹੇਠ ਲੁਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਵਲੋਂ ਧਾਰਮਿਕ ਘੱਟ ਗਿਣਤੀ ਮੁਸਲਿਮ, ਇਸਾਈ ਤੇ ਬੋਧੀ ਭਾਈਚਾਰਿਆਂ ਨੂੰ ਆਨੀਂ-ਬਹਾਨੀਂ ਗਾਲੀ-ਗਲੋਚ ਕਰਨਾ ਤੇ ਇਨ੍ਹਾਂ ਦੇ ਹਜ਼ੂਮੀ ਕਤਲ ਕਰਨੇ ਆਮ ਵਰਤਾਰਾ ਬਣ ਗਿਆ ਹੈ। ਯਾਦ ਰਹੇ, ਆਰ.ਐਸ.ਐਸ. ਦੀ ਸੰਕੀਰਨ, ਵੰਡਪਾਊ ਵਿਚਾਰਧਾਰਾ ਦੇ ਇਨ੍ਹਾਂ ਉਪਾਸ਼ਕਾਂ ਦੇ ਦਿਲਾਂ ’ਚ ਸਿੱਖਾਂ ਪ੍ਰਤੀ ਵੀ ਕੁੱਟ-ਕੁੱਟ ਕੇ ਨਫ਼ਰਤ ਭਰੀ ਹੋਈ ਹੈ, ਜੋ ਉਚਿਤ ਸਮਾਂ ਆਉਣ ਤੇ ਬਾਖੂਬੀ ਜੱਗ ਜ਼ਾਹਰ ਵੀ ਲਾਜ਼ਮੀ ਹੋਵੇਗੀ।

ਯੂ.ਪੀ., ਰਾਜਸਥਾਨ, ਹਰਿਆਣਾ, ਦਿੱਲੀ ਆਦਿ ਪ੍ਰਾਂਤਾਂ ਅੰਦਰ ਕਾਂਵੜ ਯਾਤਰਾ ਦੌਰਾਨ ਮੁਸਲਿਮ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ-ਰੇਹੜੀਆਂ ਆਦਿ ’ਤੇ ਆਪਣਾ ਨਾਂ ਲਿਖਣ ਵਾਸਤੇ ਮਜ਼ਬੂਰ ਕੀਤਾ ਜਾਂਦਾ ਹੈ। ਹਿੰਦੂ ਵਸੋਂ ਦੇ ਧਾਰਮਿਕ ਸਮਾਗਮਾਂ, ਤਿਉਹਾਰਾਂ ਮੌਕੇ ਜੁੜਦੇ ਇਕੱਠਾਂ ’ਚ ਮੁਸਲਮਾਨਾਂ ਦਾ ਦਾਖ਼ਲਾ ਸ਼ਰ੍ਹੇਆਮ ਵਿਵਰਜਤ ਐਲਾਨਿਆ ਜਾ ਚੁੱਕਿਆ ਹੈ। ਸ਼ਰਾਰਤੀ ਅਨਸਰ ਹਿੰਦੂ ਧਰਮ ਦੇ ਕਿਸੇ ਵੀ ਧਾਰਮਿਕ ਸਮਾਗਮ ਜਾਂ ਜਲੂਸ ਆਦਿ ਮੌਕੇ ਮਸਜਿਦਾਂ, ਖਾਨਗਾਹਾਂ, ਦਰਗਾਹਾਂ ਆਦਿ ਦੇ ਅੱਗੋਂ ਦੀ ਲੰਘਦੇ ਹੋਏ ਅਜਿਹੀਆਂ ਸਿਰੇ ਦੀਆਂ ਉਤੇਜਨਾ ਭੜਕਾਊ ਕਾਰਵਾਈਆਂ ਕਰਦੇ ਹਨ, ਜਿਨ੍ਹਾਂ ਨਾਲ ਦੂਜੇ ਫਿਰਕੇ ਦੇ ਕੁੱਝ ਲੋਕੀਂ ਵੀ ਭੜਕ ਸਕਦੇ ਹਨ। ਬੱਸ! ਇੱਥੋਂ ਹੀ ਫਿਰਕੂ ਦੰਗੇ ਭੜਕ ਪੈਂਦੇ ਹਨ। ਬਿਨਾਂ ਸ਼ੱਕ, ਸਮੁੱਚੇ ਸੰਘ ਪਰਿਵਾਰ ਦਾ ਮਕਸਦ ਵੀ ਇਹੋ ਹੈ। ਉਹ ਦੇਸ਼ ਵਿਆਪੀ ਫਿਰਕੂ ਦੰਗੇ ਭੜਕਾ ਕੇ ਇਸ ਮੁਲਖ ਨੂੰ ਨਿਰਦੋਸ਼ਾਂ ਦੀ ਕਬਰਗਾਹ ਬਣਾਉਣ ਲਈ ਪਰ ਤੋਲ ਰਹੇ ਹਨ।

ਨਸ਼ਾ ਤਸਕਰਾਂ ਨੂੰ ਸਬਕ ਸਿਖਾਉਣ ਤੇ ਨਜ਼ਾਇਜ਼ ਕਬਜ਼ੇ ਹਟਾਉਣ ਦੇ ਨਾਂ ’ਤੇ ਜਿਨ੍ਹਾਂ ਲੋਕਾਂ ਦੇ ਘਰਾਂ, ਦੁਕਾਨਾਂ, ਧਾਰਿਮਕ ਸਥਾਨਾਂ ’ਤੇ ਬੁਲਡੋਜ਼ਰ ਚਲਾਏ ਜਾਂਦੇ ਹਨ, ਉਨ੍ਹਾਂ ’ਚੋਂ 99% ਮੁਸਲਿਮ ਫਿਰਕੇ ਨਾਲ ਸਬੰਧਤ ਹਨ। ਭਾਜਪਾ ਸਰਕਾਰਾਂ ਨੇ ਫਿਰਕੂ ਘ੍ਰਿਣਾ ਫੈਲਾਉਣ ਲਈ ਮੁਸਲਿਮ ਧਰਮ ਜਾਂ ਸਭਿਆਚਾਰ ਦਾ ਝਲਕਾਰਾ ਦਿੰਦੇ ਨਾਵਾਂ ਵਾਲੇ ਸ਼ਹਿਰਾਂ, ਸਟੇਸ਼ਨਾਂ, ਸੜਕਾਂ, ਬਿਲਡਿੰਗਾਂ, ਅਦਾਰਿਆਂ ਆਦਿ ਦੇ ਨਾਂ ਬਦਲ ਕੇ ਇਨ੍ਹਾਂ ’ਤੇ  ‘ਭਗਵਾਂ’ ਰੰਗ ਚਾੜ੍ਹਨ ਦੀ ਮੁਹਿੰਮ ਵਿੱਢੀ ਹੋਈ ਹੈ। ਇੱਕ ਧਾਰਮਿਕ ਸਮਾਗਮ ’ਚ ਕਿਸੇ ਔਰਤ ਗਾਇਕਾ ਦਾ ਸਨਮਾਨ ਕੀਤਾ ਜਾਣਾ ਸੀ। ਉਸ ਵੱਲੋਂ ‘‘ਰਘੂਪਤੀ ਰਾਘਵ ਰਾਜਾ ਰਾਮ, ਪਤਿਤ ਪਾਵਨ ਸੀਤਾ ਰਾਮ, ਈਸ਼ਵਰ ਅੱਲ੍ਹਾ ਤੇਰੇ ਨਾਮ, ਸਭ ਕੋ ਸਨਮਤੀ ਦੇ ਭਗਵਾਨ’’ ਭਜਨ ਗਾਏ ਦੌਰਾਨ ਜਦੋਂ ‘ਅੱਲਾ’ ਸ਼ਬਦ ਉਚਾਰਿਆ   ਗਿਆ ਤਾਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗੁੰਡੇ ਉਸ ਵਿਚਾਰੀ ’ਤੇ ਟੁੱਟ ਪਏ। ਉਹ  ਹਲੂਣ-ਹਲੂਣ ਕੇ ਉਸਨੂੰ ਪੁੱਛ ਰਹੇ ਸਨ ਕਿ ਉਸ ਨੇ ਆਪਣੇ ਭਜਨ ’ਚ ‘ਅੱਲ੍ਹਾ’ ਸ਼ਬਦ ਬੋਲਣ ਦਾ ਹੀਆ ਕਿਵੇਂ ਕੀਤਾ!? ਥਰ-ਥਰ ਕੰਬਦੀ ਉਸ ਗਾਇਕਾ ਦੀ ਵੀਡੀਓ ਪੂਰੇ ਦੇਸ਼ ’ਚ ਵਾਇਰਲ ਹੋਈ ਸੀ। ਇਹ ਬਾਲ ਵਰੇਸ ਤੋਂ ‘ਸੰਘ’ ਦੀਆਂ ਸ਼ਖਾਵਾਂ ’ਚ ਹਾਜ਼ਰੀ ਭਰਨ ਵਾਲੇ ਸੋਇਮ ਸੇਵਕਾਂ ਦੇ ਦਿਮਾਗ਼ਾਂ ’ਚ ਭਰੀ ਫਿਰਕੂ ਨਫ਼ਰਤ ਰੂਪੀ ਸੜਾਂਧ ਦਾ ਪ੍ਰਗਟਾਵਾ ਹੈ। ‘ਸੰਘ ਪਰਿਵਾਰ’ ਦੇ ਇਹ ਬਗਲਬੱਚੇ ਦਰਅਸਲ, ਗੌਰੀ ਲੰਕੇਸ਼, ਗੋਵਿੰਦ ਪਨਸਾਰੇ ਤੇ ਨਰਿੰਦਰ ਦਭੋਲਕਰ ਵਾਂਗ ਤਰਕ ਤੇ ਵਿਗਿਆਨ ਦੀ ਮਸ਼ਾਲ ਜਗਾਉਣ ਵਾਲੀ ਹਰ ਆਵਾਜ਼ ਨੂੰ ਸਦਾ ਲਈ ਖਾਮੋਸ਼ ਕਰ ਦੇਣਾ ਚਾਹੁੰਦੇ ਹਨ। ਇਹ ਤਾਂ ਐਨੇ ਅਮਾਨਵੀ ਤੇ ਅਸੱਭਿਅਕ ਹੱਤਿਆਰੇ ਹਨ ਕਿ ਆਪਣੇ ਹੀ ਧਰਮ ਦੇ ਸ਼ੰਕਰਆਚਾਰੀਆ ਮੁਕਤੇਸ਼ਵਰਾਨੰਦ ਦੀ ਮਾਰ-ਕੁੱਟ ਕਰਕੇ ਵੀ ਕੋਈ ਸ਼ਰਮਿੰਦਗੀ ਮਹਿਸੂਸ ਕਰਨ ਦੀ ਥਾਂ ਉਲਟਾ ਖੁਸ਼ੀ ’ਚ ਬੁਲਬੁਲੀਆਂ ਮਾਰ ਰਹੇ ਹਨ। ਸੰਘ ਦਾ ਥਾਪੜਾ ਹਾਸਲ ਇਹ ‘ਅੰਧ ਭਗਤ’ ਭਾਰਤ ਦੇ ਮੌਜੂਦਾ ਸੰਵਿਧਾਨ ਤੇ ਕੌਮੀ ਝੰਡੇ ਨੂੰ ਵੀ ਘੋਰ ਨਫ਼ਰਤ ਕਰਦੇ ਹਨ। ਸੰਵਿਧਾਨ ’ਚ ਦਰਜ ਧਰਮ ਨਿਰਪੱਖਤਾ, ਸਮਾਜਵਾਦ, ਲੋਕ ਰਾਜ ਜਿਹੇ ਪਾਕ-ਪਵਿੱਤਰ ਸ਼ਬਦ ਇਨ੍ਹਾਂ ਜਨੂੰਨੀਆਂ ਨੂੰ ‘ਨਾਸੂਰ’ ਜਾਪਦੇ ਹਨ। ਲੋਕਾਂ ਦੇ ਅੱਖੀਂ ਘੱਟਾ ਪਾਉਣ ਤੇ ਲੋਕ ਲੱਜਾ ਪੱਖੋਂ ਭਾਵੇਂ ਇਹ ਸੱਜ ਪਿਛਾਖੜੀ ਟੋਲੇ ਭਾਰਤੀ ਸੰਵਿਧਾਨ ਤੇ ਇਸ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਸਤਿਕਾਰ ਦੀਆਂ ਸਹੂੰਆਂ ਖਾਂਦੇ ਨਹੀਂ ਥੱਕਦੇ। ਪ੍ਰੰਤੂ ਅੰਦਰੋ-ਅੰਦਰੀ ਇਹ ਮੌਜੂਦਾ ਸੰਵਿਧਾਨ ਨੂੰ ਨਵੇਂ ਸਿਰਿਓਂ ਲਿਖ ਕੇ ਮਨੂੰਵਾਦੀ ਚੌਖਟੇ ’ਚ ਢਾਲਣ ਦੀਆਂ ਗੋਂਦਾਂ ਗੁੰਦੀ ਬੈਠੇ ਹਨ। ਯਾਨਿ ਇਹ ਮੌਜੂਦਾ ਸੰਵਿਧਾਨ ਦੀ  ‘ਲੋਕ ਰਾਜ’, ‘ਧਰਮ ਨਿਰਪੱਖਤਾ’, ‘ਫੈਡਰਲਿਜ਼ਮ’, ‘ਸਮਾਜਵਾਦ’  ਰੂਪੀ ਰੂਹ ਮਾਰਨ ਲਈ ਪੱਬਾਂ ਭਾਰ ਹਨ। ਮੁੱਕਦੀ ਗੱਲ, ਇਹ ਵਰਤਮਾਨ ਸੰਵਿਧਾਨ ’ਤੇ ‘ਸੰਘ’ ਦੀ ਹਿਟਲਰੀ ਤਰਜ਼ ਦੀ, ਗੈਰ ਲੋਕ ਰਾਜੀ ਵਿਚਾਰਧਾਰਾ ਦੀ ਪੁੱਠ ਚਾੜ੍ਹਨ ਦੀ ਪੂਰੀ  ਮਨਸੂਬਾਬੰਦੀ ਘੜੀ ਬੈਠੇ ਹਨ।

ਥੋੜ੍ਹੀ ਜਿਹੀ ਘੋਖਵੀਂ ਨਿਗ੍ਹਾ ਮਾਰਿਆਂ ਇਹ ਸਾਫ ਸਮਝ ਆ ਜਾਂਦੀ ਹੈ ਕਿ ਸਾਲ 2014 ’ਚ, ਜਦੋਂ ਤੋਂ ਮੋਦੀ ਸਰਕਾਰ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ਼ ਹੋਈ ਹੈ, ਉਦੋਂ ਤੋਂ ਹੀ ਸੰਘ ਪਰਿਵਾਰ ਨੇ ਲੋਕਾਂ ਨੂੰ ਵਾਰ-ਵਾਰ ਧੋਖਾ ਦੇਣ ਦੇ ਅਨੇਕਾਂ ਯਤਨ ਕੀਤੇ ਹਨ।  ਮੋਦੀ ਸਰਕਾਰ ਭਾਰਤੀ ਲੋਕਾਂ ਸਿਰ ਐਸੀਆਂ ਆਰਥਿਕ ਨੀਤੀਆਂ ਠੋਸ ਰਹੀ ਹੈ ਜੋ ਭਾਰਤ ਦੇ ਅਦਾਨੀ-ਅੰਬਾਨੀ ਵਰਗੇ ਜੁੰਡੀ ਪੂੰਜੀਵਾਦੀਆਂ ਤੇ ਕਾਰਪੋਰੇਟ ਘਰਾਣਿਆਂ, ਕਾਲਾ ਧੰਦਾ ਕਰਨ ਵਾਲਿਆਂ ਅਤੇ ਸਾਮਰਾਜੀ ਲੋਟੂਆਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਨੂੰ ਮਾਲੋ-ਮਾਲ ਕਰ ਰਹੀਆਂ ਹਨ। ਜਦਕਿ ਇਨ੍ਹਾਂ ਨੀਤੀਆਂ ਸਦਕਾ ਆਮ ਲੋਕਾਂ ਨੂੰ ਦਰਪੇਸ਼ ਗਰੀਬੀ-ਭੁੱਖਮਰੀ, ਮਹਿੰਗਾਈ-ਬੇਰੁਜ਼ਗਾਰੀ ਆਦਿ ਅਲਾਮਤਾਂ ਪਲੋ ਪਲੀ ਰਾਕੇਟ ਦੀ ਰਫ਼ਤਾਰ ਨਾਲ ਵੱਧਦੀਆਂ ਜਾ ਰਹੀਆਂ ਹਨ। ਕੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਾਲਾ ਧੰਦਾ ਕਰਨ ਵਾਲਿਆਂ ਦਾ ਵਿਦੇਸ਼ੀ ਬੈਂਕਾਂ ’ਚ ਜਮ੍ਹਾਂ ‘ਕਾਲਾ ਧਨ’ ਭਾਰਤ ਵਾਪਸ ਲਿਆ ਕੇ ਹਰ ਨਾਗਰਿਕ ਦੇ ਬੈਂਕ ਖਾਤਿਆਂ ’ਚ 15 ਲੱਖ ਰੁਪਏ ਜਮ੍ਹਾਂ ਕਰਨ ਦੇ ਆਪਣੇ ਵਾਅਦੇ ਬਾਰੇ ਕੋਈ ਰੌਸ਼ਨੀ ਪਾਉਣਗੇ? ਇਹ ਦੱਸਣ ਦੀ ਵੀ ਖੇਚਲ ਕੀਤੀ ਜਾਵੇ ਕਿ ਹਰ ਸਾਲ ਦੋ ਕਰੋੜ ਲੋਕਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਬਣਿਆ? ‘ਨੋਟਬੰਦੀ’ ਦਾ ਨਾਟਕ ਕਾਲਾ ਧਨ ਬੇਪਰਦ ਕਰਕੇ ਇਹ ਕਾਲੀ ਮਾਇਆ ਜਬਤ ਕਰਨ ਲਈ ਨਹੀਂ, ਬਲਕਿ ਕਾਲੇ ਧੰਦਿਆਂ ’ਚ ਲਿਪਤ ਭਾਜਪਾ ਦੇ ਹਮਾਇਤੀਆਂ ਦੇ ਕਾਲੇ ਧਨ ਨੂੰ ਬੈਂਕਾਂ ’ਚ ਜਮ੍ਹਾਂ ਕਰਾ ਕੇ ਚਿੱਟਾ ਕਰਨ ਲਈ ਖੇਡਿਆ ਗਿਆ ਸੀ। ਜੀ.ਐਸ.ਟੀ. ਲਾਗੂ ਕਰਨ ਵੇਲੇ ਇਹ ਕੁਫ਼ਰ ਤੋਲਿਆ ਗਿਆ ਸੀ ਕਿ ਇਸ ਨਾਲ ਦੇਸ਼ ਨੂੰ ‘ਦੂਜੀ ਆਜ਼ਾਦੀ’ ਮਿਲ ਜਾਵੇਗੀ। ਉਦੋਂ ਕੀਤੇ ਇਸ ਬੁਲੰਦ ਬਾਂਗ ਪ੍ਰਚਾਰ ਦੇ ਉਲਟ ਜੀਐਸਟੀ, ਸੂਬਿਆਂ ਵਲੋਂ ਟੈਕਸ ਵਸੂਲੀ ਰਾਹੀਂ ਇਕੱਠਾ ਕੀਤਾ ਗਿਆ ਸਾਰਾ ਧਨ ਕੇਂਦਰ ਵਲੋਂ ਹਥਿਆ ਕੇ ਰਾਜਾਂ ਨੂੰ ਕੰਗਾਲ ਕਰਨ ਤੇ ਵਿੱਤੀ ਸੰਕਟ ਵੱਲ ਧੱਕ ਦੇਣ ਵਾਲੀ ਕਵਾਇਦ ਸਿੱਧ ਹੋਈ ਹੈ।  ਇਸ ਦਾ ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰਾਂ ਤੇ ਵਪਾਰੀਆਂ ਨੂੰ ਉੱਕਾ ਹੀ ਲਾਭ ਨਹੀਂ ਮਿਲਿਆ। ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਗੈਰ ਭਾਜਪਾ ਰਾਜਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੋਈ ਇਸ ਧਨ ਦੀ ਮਨਮਾਨੀ ਦੁਰਵਰਤੋਂ ਕਰ ਰਹੀ ਹੈ।

‘ਮਗਨਰੇਗਾ’ ਦਾ ਖਾਤਮਾ ਕਰਕੇ ਇਸ ਦੀ ਥਾਂ  ‘‘ਵੀ .ਬੀ. ਜੀ.ਰਾਮ ਜੀ’’ ਨਾਂ ਦਾ ਸੁਆਂਗ ਰਚਿਆ ਗਿਆ ਹੈ। ਇਸ ਸੁਆਂਗ ਰਾਹੀਂ ਘੋਰ ਮੰਨੂਵਾਦੀ ਮੋਦੀ ਸਰਕਾਰ ਨੇ ਪਿੰਡਾਂ ’ਚ ਵਸਦੇ ਗਰੀਬਾਂ, ਜਿਨ੍ਹਾਂ ’ਚੋਂ ਵਧੇਰੇ ਕਰਕੇ ਦਲਿਤ ਹਨ, ਨੂੰ ਸੀਮਤ ਮਿਆਦ ਦਾ ਗਰੰਟੀਸ਼ੁਦਾ ਰੁਜ਼ਗਾਰ ਦੇਣ ਤੋਂ ਕਿਨਾਰਾਕਸ਼ੀ ਕਰਨ ਦੀ ਆਪਣੀ ਚਿਰੋਕਣੀ ਸਾਜ਼ਿਸ਼ ਬਹੁਮਤ ਦੇ ਜ਼ੋਰ ’ਤੇ ਪੂਰ ਚੜ੍ਹਾਈ ਹੈ। ‘ਮਗਨਰੇਗਾ’ ਲਈ ਕੇਂਦਰੀ ਸਰਕਾਰ ਵਲੋਂ ਪਾਇਆ ਜਾਂਦਾ 90% ਵਿੱਤੀ ਯੋਗਦਾਨ ਹੁਣ ਘਟਾ ਕੇ 60% ਕਰ ਦਿੱਤਾ ਗਿਆ ਹੈ। ਮਤਲਬ  ਪ੍ਰਾਂਤਾਂ ਸਿਰ ਪੈਂਦਾ ਭਾਰ 10% ਤੋਂ ਵਧਾ ਕੇ 40% ਕਰ ਦਿੱਤਾ ਗਿਆ ਹੈ।

ਆਰ.ਐਸ.ਐਸ. ਤੇ ਇਸ ਨਾਲ ਜੁੜੇ ਅਣਗਿਣਤ ਸੰਗਠਨਾਂ ਦਾ ਲੋਕਰਾਜੀ ਢਾਂਚੇ ਨਾਲ ਦੂਰ-ਦੂਰ ਤੱਕ ਵੀ ਕੋਈ ਰਿਸ਼ਤਾ ਨਹੀਂ ਹੈ। ਇਹ ‘ਰਾਜਾਸ਼ਾਹੀ ਤਰਜ਼ ਦੀ ਫਾਸ਼ੀ ਹਕੂਮਤ’ ਕਾਇਮ ਕਰਨ ਦੇ ਜਨਮ-ਜਾਤ ਹਾਮੀ ਹਨ। ਆਪਣੇ ਇਸੇ ਮਕਸਦ ਦੀ ਪੂਰਤੀ ਲਈ ਇਨ੍ਹਾਂ ਨੇ ‘ਵਿਸ਼ੇਸ਼ ਗਹਿਣ ਸੁਧਾਈ’ (ਐਸ.ਆਈ.ਆਰ) ਤਹਿਤ ਆਪਣੀ ਕਠਪੁਤਲੀ ਬਣ ਚੁੱਕੇ ਭਾਰਤੀ ਚੋਣ ਕਮਿਸ਼ਨ (ਈਸੀਆਈ) ਰਾਹੀਂ, ਦੇਸ਼ ਦੇ ਮੁਸਲਮਾਨਾਂ, ਪਛੜਿਆਂ, ਦਲਿਤਾਂ ਸਮੇਤ ਭਾਜਪਾ ਵਿਰੁੱਧ ਭੁਗਤਣ ਵਾਲੇ ਕਰੋੜਾਂ ਵੋਟਰਾਂ ਦੇ ਨਾਂ ਵੋਟਰ ਸੂਚੀਆਂ ’ਚੋਂ ਕੱਟ ਦਿੱਤੇ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਕੇ ਦੇਸ਼ ਦੇ ਸੰਵਿਧਾਨ ਤੇ ਲੋਕ ਰਾਜੀ ਵਿਵਸਥਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ ਅਤੇ ਅੱਗੋਂ ਜਾ ਕੇ ਆਰ.ਐਸ.ਐਸ. ਵੱਲੋਂ ਚਿਤਵਿਆ ਧਰਮ ਅਧਾਰਤ, ਗੈਰ ਲੋਕ ਰਾਜੀ ‘ਹਿੰਦੂਤਵੀ-ਮੰਨੂਵਾਦੀ ਰਾਜ’ ਸਥਾਪਤ ਕੀਤਾ ਜਾ ਸਕੇ। ਚੇਤੇ ਰਹੇ, ਧਰਮ ’ਤੇ ਅਧਾਰਤ ਇਹ ਜ਼ਾਲਮਾਨਾ ਰਾਜ ਉਸੇ ਤਰਜ਼ ਦਾ ਹੋਵੇਗਾ, ਜਿਹੋ ਜਿਹਾ ਮੁਸਲਿਮ ਧਰਮ ਨਾਲ ਸਬੰਧਤ ਸਵਾਰਥੀ ਰਾਜਨੀਤੀਵਾਨਾਂ ਤੇ ਅੰਗ੍ਰੇਜ਼ ਸਾਮਰਾਜੀਆਂ ਨੇ 1947 ’ਚ ਪਾਕਿਸਤਾਨ ਬਣਵਾ ਕੇ ਸਥਾਪਿਤ ਕੀਤਾ ਸੀ। ਅਫ਼ਗਾਨਿਸਤਾਨ ਤੇ ਹੋਰ ਕਈ ਅਰਬ ਦੇਸ਼ਾਂ ’ਚ ਸਥਾਪਤ ਹੋਏ ਮੁਸਲਿਮ ਧਰਮ ’ਤੇ ਅਧਾਰਤ ਰਾਜਾਂ ਦੇ ਹਾਕਮ ਵੀ ਇਵੇਂ ਹੀ ਆਪਣੇ ਹੀ ਧਰਮ ਦੇ ਆਮ ਲੋਕਾਂ ਦਾ ਚੌਤਰਫਾ ਉਤਪੀੜਨ ਕਰ ਰਹੇ ਹਨ। ਲੋਕ ਰਾਜੀ ਵਿਵਸਥਾ ਬਣਾਈ ਰੱਖਣ ਲਈ ਲਾਜ਼ਮੀ ਲੋੜੀਂਦੀ ਸਮਝ ਕੇ ਕਾਇਮ ਕੀਤੀ ਗਈ ਸੰਸਥਾ ‘ਚੋਣ ਕਮਿਸ਼ਨ’ ਨੂੰ ਭਾਜਪਾ ਨੇ ਪੂਰੀ ਤਰ੍ਹਾਂ ਆਪਣੇ ਕੰਟਰੋਲ ਹੇਠ ਕਰ ਲਿਆ ਹੈ। ਇਲੈਕਸ਼ਨ ਕਮਿਸ਼ਨ, ਸਰਕਾਰ ਵਲੋਂ ਕੀਤੀਆਂ ਜਾਂਦੀਆਂ ਚੋਣ ਧਾਂਧਲੀਆਂ ਤੇ ਗੈਰ ਸੰਵਿਧਾਨਕ ਕਾਰਵਾਈਆਂ ਖ਼ਿਲਾਫ਼ ਕੀਤੀਆਂ ਜਾਣ ਵਾਲੀਆਂ ਵਿਰੋਧੀ ਧਿਰ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੁਣ ਕੋਈ ਕਾਰਵਾਈ ਨਹੀਂ ਕਰਦਾ। ਉਲਟਾ ਇਹ ਸੰਘ-ਭਾਜਪਾ ਆਗੂਆਂ ਨੂੰ ਖੁਸ਼ ਕਰਨ ਲਈ ਨੰਗਾ-ਚਿੱਟਾ ਹਾਕਮ ਧਿਰ ਦੇ ਹੱਕ ’ਚ ਭੁਗਤਦਾ ਹੈ। ਨਿਆਂ ਪਾਲਕਾ, ਕਾਰਜ ਪਾਲਕਾ ਤੇ ਸੁਰੱਖਿਆ ਬਲਾਂ ’ਚ ਵੀ ਵੱਡੀ ਗਿਣਤੀ ’ਚ ਸੰਘ ਸਮਰਥਕ ਨਿਯੁਕਤ ਕੀਤੇ ਜਾ ਚੁੱਕੇ ਹਨ। ਅਜਿਹੇ ਵਿਅਕਤੀ ਹੁਣ ਸੰਵਿਧਾਨਕ ਤੇ ਲੋਕ ਰਾਜੀ ਮਰਿਆਦਾਵਾਂ ਅਨੁਸਾਰ ਨਹੀਂ, ਬਲਕਿ ਬਹੁ ਗਿਣਤੀ ਵਸੋਂ ਦੀ ਧਾਰਮਿਕ ਆਸਥਾ ਅਨੁਸਾਰ ਆਪਣੇ ‘ਜ਼ਿੰਮੇ ਲੱਗੇ ਫਰਜ਼’ ਨਿਭਾਉਂਦੇ ਹਨ। ਇਹ ਵਰਤਾਰਾ ਲੋਕ ਰਾਜੀ ਵਿਵਸਥਾ ਦੇ ਜੜ੍ਹੀਂ ਤੇਲ ਦੇਣ ਦੇ ਤੁਲ ਹੈ।

‘ਲੋਕ ਰਾਜ’ ਦਾ ‘ਚੌਥਾ ਥੰਮ੍ਹ’ ਸਮਝਿਆ ਜਾਂਦਾ ਮੀਡੀਆ, ਕਾਰਪੋਰੇਟ ਘਰਾਣਿਆਂ ਦੀ ਮਾਲਕੀ ਹੇਠ ਪੂਰੀ ਤਰ੍ਹਾਂ ਭਾਜਪਾ ਸਰਕਾਰਾਂ ਦਾ ਗੁਣਗਾਨ ਕਰਦਾ ਹੋਇਆ ਧਾਰਮਿਕ ਘੱਟ ਗਿਣਤੀਆਂ ਤੇ ਵਿਰੋਧੀ ਦਲਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਾ ‘ਧੂਤੂ’ ਬਣ ਗਿਆ ਹੈ।

ਸੰਸਾਰ ਭਰ ’ਚ ਚਰਚਿਤ ‘ਐਪਸਟੀਨ ਫਾਈਲਾਂ’ ਦੇ ਪੰਨਿ੍ਹਆਂ ’ਤੇ ਇਕ ਸੰਸਾਰ ਪੱਧਰੀ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਹ ਗੈਰ ਇਖ਼ਲਾਕੀ ਧੰਦਾ ਜੈਫਰੀ ਐਪਸਟੀਨ ਨਾਂ ਦਾ ਬੰਦਾ ਚਲਾ ਰਿਹਾ ਸੀ। ਇਸ ਗੰਦੇ ਧੰਦੇ ’ਚ ਸ਼ਾਮਲ ਰਹੇ ਸੰਸਾਰ ਦੇ ਕਈ ਦੇਸ਼ਾਂ ਦੇ ਮੁਖੀ, ਰਾਜਨੀਤੀਵਾਨ, ਫਿਲਮ ਐਕਟਰ ਤੇ ਹੋਰ ਧਨਵਾਨਾਂ ਦੇ ਨਾਵਾਂ ਦੇ ਖੁਲਾਸੇ ਹੋਏ ਹਨ। ਫਾਈਲਾਂ ’ਚ ਇਨ੍ਹਾਂ ਵਿਭਚਾਰੀਆਂ ਦੇ ਕਾਲੇ ਕਾਰਨਾਮਿਆਂ ਦੇ ਕੱਚੇ ਚਿੱਠੇ ਫਰੋਲੇ ਗਏ ਹਨ। ਇਹ ਗੰਦੇ ਕੀੜੇ ਛੋਟੀ ਉਮਰ ਦੀਆਂ ਬੱਚੀਆਂ ਨਾਲ ਹਰ ਤਰ੍ਹਾਂ ਦੀਆਂ ‘ਅਨੈਤਿਕ ਹਰਕਤਾਂ’ ਕਰਦੇ ਸਨ। ਇਨ੍ਹਾਂ ਕੁਕਰਮੀਆਂ ’ਚ ਭਾਰਤ ਦੇ ਕਈ ਵਜ਼ੀਰਾਂ ਤੇ ਰਸੂਖਵਾਨਾਂ ਦਾ ਨਾਂ ਵੀ ਬੋਲਦਾ ਹੈ। ਇਸ ਘ੍ਰਿਣਤ ਕਾਂਡ ਨਾਲ ਜੁੜੇ ਸੰਸਾਰ ਦੇ ਕਈ ਦੇਸ਼ਾਂ ਨਾਲ ਸਬੰਧਤ ਦੋਸ਼ੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ, ਕਈਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਹਨ ਤੇ ਕਈ ਹੋਰਾਂ ਵਿਰੁੱਧ ਅਪਰਾਧਿਕ ਮੁਕੱਦਮੇ ਦਰਜ ਹੋਏ ਹਨ। ਪ੍ਰੰਤੂ ਮੋਦੀ ਸਰਕਾਰ ਤੇ ਇਸਦਾ ਪਾਲਤੂ ਮੀਡੀਆ ‘ਸ਼ੈਤਾਨੀਅਤ ਭਰੀ ਮੱਕਾਰੀ ਚੁੱਪ’ ਵੱਟੀ ਬੈਠਾ ਹੈ। ਸਾਫ ਜ਼ਾਹਿਰ ਹੈ ਕਿ ਇਨ੍ਹਾਂ ਸਿਰੇ ਦੇ ਬਦਇਖ਼ਲਾਕ ਤੇ ਗਿਰਾਵਟ ਭਰੇ ਕਾਰਿਆਂ ਨੂੰ ਭਾਰਤ ਦੇ ਸ਼ਾਸਕ ਵਰਗ ਤੇ ਗੋਦੀ ਮੀਡੀਆ ਦਬਾ ਕੇ ਰੱਖਣਾ ਚਾਹੁੰਦੇ ਹਨ।

See Also

15 ਅਗਸਤ 2025 ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਦਿੱਤੇ ਆਪਣੇ ਭਾਸ਼ਣ ’ਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਜ਼ਾਦੀ ਸੰਗਰਾਮ ਦੇ ਯੋਧਿਆਂ ਤੇ ਕੌਮੀ ਸ਼ਹੀਦਾਂ ਦਾ ਜ਼ਿਕਰ ਕਰਨ ਦੀ ਜਹਿਮਤ ਨਹੀਂ ਸੀ ਉਠਾਈ। ਇਸਦੀ ਥਾਂ ਸ਼੍ਰੀ ਮੋਦੀ ਦਾ ਸਾਰਾ ਜ਼ੋਰ ਆਰ.ਐਸ.ਐਸ. ਦੀਆਂ ਸਿਫਤਾਂ ਦੇ ਪੁਲ ਬੰਨਣ ’ਤੇ ਲੱਗਾ ਰਿਹਾ ਸੀ। ਆਰ.ਐਸ.ਐਸ., ਜਿਸ ਨੇ ਆਜ਼ਾਦੀ ਸੰਗਰਾਮ ’ਚ ਹਿੱਸਾ ਲੈਣ ਦੀ ਥਾਂ ਪੂਰੀ ਢੀਠਤਾ ਨਾਲ ਅੰਗਰੇਜ਼ੀ ਸਾਮਰਾਜੀਆਂ ਦਾ ਸਾਥ ਦਿੱਤਾ ਸੀ। ਉਹੀ ਆਰ.ਐਸ.ਐਸ., ਜੋ 1925 ’ਚ ਆਪਣੀ ਸਥਾਪਨਾ ਵੇਲੇ ਤੋਂ ਲੈ ਕੇ ਅੱਜ ਤਾਈਂ ਸਮਾਜ ’ਚ ਫਿਰਕੂ ਜ਼ਹਿਰ ਘੋਲਣ ਦਾ ਕੰਮ ਹੀ ਕਰਦਾ ਆ ਰਿਹਾ ਹੈ। ਮੋਦੀ ਸਰਕਾਰ ਵਲੋਂ ਅੱਜ, ਦੇਸ਼ ਦੇ ਰਾਜ ਪ੍ਰਬੰਧ, ਨੀਤੀ ਨਿਰਧਾਰਨ, ਵਿਦੇਸ਼ ਨੀਤੀ ਤੋਂ ਲੈ ਕੇ ਵਿਦਿਆ, ਸਾਹਿਤ, ਕਲਾ ਤੇ ਇਤਿਹਾਸ ਨਾਲ ਜੁੜੇ ਅਦਾਰਿਆਂ, ਗੱਲ ਕੀ ਹਰ ਖੇਤਰ ’ਚ ਆਰ.ਐਸ.ਐਸ. ਦਾ ਪੂਰਾ-ਪੂਰਾ ਕੰਟਰੋਲ ਕਾਇਮ ਕਰ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਮੋਦੀ ਸਰਕਾਰ ਨੇ ਸੰਸਾਰ ਨੂੰ ਜੰਗਾਂ ਦੀ ਭੱਠੀ ਚ ਝੋਂਕ ਦੇਣ ਵਾਲੇ ਸਾਮਰਾਜ ਦੀ ਵਿਰੋਧਤਾ ਕਰਨ, ਤੀਜੀ ਦੁਨੀਆਂ ਦੇ ਦੇਸ਼ਾਂ ਨਾਲ ਸਹਿਯੋਗ ਪੂਰਨ ਭਰਾਤਰੀ ਸਬੰਧ ਬਨਾਉਣ ਤੇ ਸੰਸਾਰ ਅਮਨ ਦੇ ਹੱਕ ’ਚ ਡੱਟ ਕੇ ਖੜ੍ਹੇ ਹੋਣ ਦੀਆਂ ਰਿਵਾਇਤਾਂ ਤਿਆਗ ਦਿੱਤੀਆਂ ਹਨ। ਇਸ ਦੀ ਥਾਂ ਹੁਣ ਸਾਰਾ ਕੁੱਝ ਅਮਰੀਕਨ ਸਾਮਰਾਜ ਨਾਲ ਨੱਥੀ ਕਰ ਦਿੱਤਾ ਗਿਆ ਹੈ। ਸਾਫ ਗੱਲ ਤਾਂ ਇਹ ਹੈ ਕਿ ਮੋਦੀ ਕਾਲ ਦੌਰਾਨ ਭਾਰਤ ਨੇ ਅਮਰੀਕਾ ਨਾਲ ਯੁਧਨੀਤਕ ਸਾਂਝਾਂ ਕਾਇਮ ਕਰ ਲਈਆਂ ਹਨ।

ਇਜ਼ਰਾਇਲ ਵੱਲੋਂ ਗਾਜ਼ਾ ਤੇ ਪੱਛਮੀ ਕਿਨਾਰੇ ’ਚ ਕੀਤੇ ਜਾ ਰਹੇ ਫਲਸਤੀਨੀਆਂ ਦੇ ਨਸਲਘਾਤ ਦਾ ਵਿਰੋਧ ਕਰਨ ਦੀ ਬਜਾਏ ਭਾਰਤ ਦੇ ਮੌਜੂਦਾ ਹਾਕਮਾਂ ਨੇ ਮਨੁੱਖਤਾ ਦੇ ਕਾਤਲ ਇਜ਼ਰਾਇਲੀ ਹਾਕਮਾਂ ਤੇ ਨਾਟੋ ਦੇਸ਼ਾਂ ਦਾ ਸਾਥ ਦਿੱਤਾ ਹੈ। ਯਾਦ ਰਹੇ ਆਰ.ਐਸ.ਐਸ. ਆਪਣਾ ਮੁੱਢ ਬੱਝਣ ਵੇਲੇ ਤੋਂ ਹੀ ਨਸਲਵਾਦੀ ਇਜ਼ਰਾਇਲ ਦਾ ਕੱਟੜ ਸਮਰਥਕ ਰਿਹਾ ਹੈ। ਇਹੋ ਸਭਨਾਂ ਦੇ ਸੋਚਣ ਦਾ ਵਿਸ਼ਾ ਹੈ ਕਿ ਕੋਈ ਸੰਗਠਨ ਐਨਾ ਦੰਭੀ ਤੇ ਫਰੇਬੀ ਕਿਵੇਂ ਹੋ ਸਕਦਾ ਹੈ ਕਿ ਇਕੋ ਵੇਲੇ ਯਹੂਦੀਆਂ ਦੇ ਕਾਤਲ ਹਿਟਲਰ ਦੀ ਵੀ ਉਪਾਸਨਾ ਕਰਦਾ ਹੋਵੇ ਤੇ ਨਾਲ ਦੀ ਨਾਲ ਯਹੂਦੀਆਂ ਦੀ ਵੀ ਪੁਸ਼ਤਪਨਾਹੀ ਕਰਦਾ ਹੋਵੇ।

ਪਹਿਲਾਂ ਯੂਰਪੀਨ ਯੂਨੀਅਨ ਦੇ ਦੇਸ਼ਾਂ ਤੇ ਹੁਣ ਅਮਰੀਕਾ ਨਾਲ ਜੋ ਵਪਾਰਕ ਸਮਝੌਤੇ ਕੀਤੇ ਗਏ ਹਨ ਤੇ ਭਵਿੱਖ ’ਚ ਹੋਣ ਜਾ ਰਹੇ ਅਜਿਹੇ ਹੀ ਹੋਰ ਸਮਝੌਤਿਆਂ ਦੀ ਜੋ ਪੱਟਕਥਾ ਲਿਖੀ ਜਾ ਰਹੀ ਹੈ,  ਉਨ੍ਹਾਂ ਕਰਕੇ ਦੇਸ਼ ਦਾ ਖੇਤੀ-ਬਾੜੀ ਦਾ ਪਹਿਲਾਂ ਤੋਂ ਹੀ ਸੰਕਟਗ੍ਰਸਤ ਧੰਦਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਨਾਲ ਹੀ ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਵੀ ਧਾਰਾਸ਼ਾਈ ਹੋ ਜਾਣਗੇ। ‘ਜਨੈਟਿਕ ਮੋਡੀਫਾਈਡ’ ਅਨਾਜ, ਫਲ, ਬੀਜਾਂ ਨਾਲ ਦੇਸ਼ ਦੀ ਖੇਤੀਬਾੜੀ ਤੇ ਡੇਇਰੀ ਫਾਰਮਿੰਗ ਸਾਮਰਾਜ ਦੇ ਚੁੰਗਲ ’ਚ ਫਸ ਕੇ ਨਾ ਸਿਰਫ ਆਪ ਤਬਾਹ ਹੋ ਜਾਣਗੇ, ਬਲਕਿ ਇਨ੍ਹਾਂ ਦੀ ਵਰਤੋਂ ਨਾਲ ਦੇਸ਼ ਦੇ ਵਸਨੀਕਾਂ ਤੇ ਪਸ਼ੂਆਂ ਨੂੰ ਐਸੀਆਂ ਨਾਮੁਰਾਦ ਬਿਮਾਰੀਆਂ ਚਿੰਬੜਨ ਦਾ ਖਤਰਾ ਵੀ ਖੜ੍ਹਾ ਹੋ ਗਿਆ ਹੈ, ਜਿਨ੍ਹਾਂ ਦੇ ਇਲਾਜ਼ ਲਈ ਸਾਡੇ ਲੋਕ ਪੂਰੀ ਤਰ੍ਹਾਂ ਵਿਦੇਸ਼ੀ ਦਵਾਈਆਂ ’ਤੇ ਨਿਰਭਰ ਹੋ ਜਾਣਗੇ। ਮੋਦੀ ਸਰਕਾਰ ਵੱਲੋਂ ਲੋਕਾਂ ’ਤੇ ਸਾਮਰਾਜ ਨਿਰਦੇਸ਼ਤ, ਲੋਕ ਮਾਰੂ ਤੇ ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਠੋਸੀਆਂ ਜਾ ਰਹੀਆਂ ਹਨ। ਇਹ ਲਾਜ਼ਮੀ ਹੈ ਕਿ ਇਨ੍ਹਾਂ ’ਤੇ ਅਮਲ ਕਰਨ ਦੀ ਪ੍ਰੀਕ੍ਰਿਆ ਦੌਰਾਨ ਮਿਹਨਤਕਸ਼ ਲੋਕ ਟਰੇਡ ਯੂਨੀਅਨ ਅਧਿਕਾਰਾਂ, ਲਿਖਣ-ਬੋਲਣ ਰਾਹੀਂ ਵਿਚਾਰੇ ਪ੍ਰਗਟਾਵੇ ਦੀ ਆਜ਼ਾਦੀ, ਅਸਹਿਮਤੀ ਦਾ ਅਧਿਕਾਰ ਯਾਨਿ ਸਰਕਾਰ ਦੀਆਂ ਨੀਤੀਆਂ, ਗੈਰ ਸੰਵਿਧਾਨਕ ਕਾਰਵਾਈਆਂ ਤੇ ਵਿਚਾਰਧਾਰਾ ਦਾ ਵਿਰੋਧ ਕਰਨ ਦੀਆਂ ਆਜ਼ਾਦੀਆਂ ਤੋਂ ਮਹਿਰੂਮ ਕਰ ਦਿੱਤੇ ਜਾਣਗੇ। ਕਹਿਣ ਦੀ ਲੋੜ ਨਹੀਂ ਕਿ ਨਵ-ਉਦਾਰਵਾਦੀ ਨੀਤੀ ਚੌਖਟੇ ਰਾਹੀਂ ਦੇਸ਼ ਵਾਸੀਆਂ ਨੂੰ ਨਵੀਂ ਕਿਸਮ ਦੀ ਗੁਲਾਮੀ ’ਚ ਜਕੜ ਲਿਆ ਗਿਆ ਹੈ। ਅੱਜ ਹਜ਼ਾਰਾਂ ਲੋਕ, ਖਾਸ ਕਰਕੇ ਧਾਰਮਿਕ ਘੱਟ ਗਿਣਤੀ ਵਸੋਂ ਨਾਲ ਸਬੰਧਤ ਲੋਕ , ਖੱਬੇ ਪੱਖੀ ਬੁੱਧੀਜੀਵੀ ਤੇ ਅਗਾਂਹਵਧੂ ਲੇਖਕ ਬਿਨਾਂ ਕਿਸੇ ਦੋਸ਼ ਦੇ ਜੇਲ੍ਹਾਂ ’ਚ ਬੰਦ ਕੀਤੇ ਹੋਏ ਹਨ। ਦੇਸ਼ ਦੀ ਸਰਵ ਉਚ ਅਦਾਲਤ ਬਿਨ੍ਹਾਂ ਮੁਕੱਦਮਾ ਚਲਾਏ ਜੇਲ੍ਹ ’ਚ ਬੰਦ ਕੀਤੇ ਹੋਏ ਜੇ.ਐਨ.ਯੂ. ਦੇ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਹੋਰ ਵਧੇਰੇ ਸਮਾਂ ਕੈਦ ਰੱਖਣ ਲਈ ਜਮਾਨਤ ਦੇਣੋਂ ਵਾਰ-ਵਾਰ ਮੁਨਕਰ ਹੋ ਰਹੀ ਹੈ। ਦੇਸ਼ ਦੇ ਵੱਖੋ-ਵੱਖ ਭਾਗਾਂ ’ਚ ਹੋਏ ਦੰਗਿਆਂ ’ਚ ਸ਼ਾਮਲ ਹੁੜਦੰਗੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਥਾਂ, ਉਲਟਾ ਪੀੜਤ ਧਿਰਾਂ ਸਿਰ ਝੂਠੇ ਕੇਸ ਮੜ੍ਹੇ ਜਾਂਦੇ ਹਨ। ਸਾਲਾਂ ਬੱਧੀ ਜੇਲ੍ਹਾਂ ’ਚ ਡੱਕੇ ਲੋਕ ਜਦੋਂ ਅਦਾਲਤਾਂ ਵੱਲੋਂ ਬਾਇੱਜ਼ਤ ਬਰੀ ਕੀਤੇ ਜਾਂਦੇ ਹਨ ਤਾਂ ਕਾਨੂੰਨੀ ਤੇ ਮਾਨਵੀ ਤਕਾਜ਼ੇ ਮੰਗ ਕਰਦੇ ਹਨ ਕਿ ਇਨ੍ਹਾਂ ਬੇਦੋਸ਼ੇ ਲੋਕਾਂ ਨੂੰ ਜੇਲ੍ਹੀਂ ਡੱਕਣ ਵਾਲੇ ਅਧਿਕਾਰੀਆਂ-ਕਰਮਚਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰੰਤੂ ਏਥੇ ਤਾਂ ਮੁਸਲਮਾਨਾਂ ਵੱਲ ਇਸ਼ਾਰਾ ਕਰਕੇ ‘‘ਦੇਸ਼ ਕੇ ਗੱਦਾਰੋ ਕੋ, ਗੋਲੀ ਮਾਰੋ ਸਾਲੋਂ ਕੋ’’ ਦਾ ਨਾਅਰਾ ਲਗਾਉਣ ਵਾਲਾ ਬੰਦਾ ਕੇਂਦਰੀ ਮੰਤਰੀ ਮੰਡਲ ਦਾ ‘ਨਗੀਨਾ’ ਬਣਿਆ ਬੈਠਾ ਹੈ। ‘ਕੌਮੀ ਸੁਰੱਖਿਆ ਸਲਾਹਕਾਰ’ ਸ਼੍ਰੀਮਾਨ ਅਜੀਤ ਡੋਵਾਲ ਨੌਜਵਾਨਾਂ ਦੀ ਇਕ ਮੀਟਿੰਗ ’ਚ ਕਹਿ ਰਿਹਾ ਹੈ, ‘‘ਪਿਛਲੀਆਂ ਸਦੀਆਂ ’ਚ ਜਦੋਂ ਸਾਡੇ ਮੰਦਰ ਢਾਹੇ ਗਏ ਸਨ ਤਾਂ ਅਸੀਂ ਉਦੋਂ ਕੁੱਝ ਨਹੀਂ ਸਾਂ ਕਰ ਸਕੇ। ਹੁਣ ਉਨ੍ਹਾਂ ਗੁਨਾਹਾਂ ਦਾ ਬਦਲਾ ਲੈਣ ਭਾਵ ਅੱਜ ਦੇ ਭਾਰਤੀ ਮੁਸਲਮਾਨਾਂ ਦਾ ਵਢਾਂਗਾ ਕਰਨ  ਦਾ ਸਮਾਂ ਆ ਗਿਆ ਹੈ।’’ ਕੀ ਭਰਾ ਮਾਰੂ ਜੰਗ  ਭੜਕਾਉਣ ਦਾ ਇਹ ਸੱਦਾ ਦੇਸ਼ ਦੇ ਅਮਨ-ਚੈਨ, ਫਿਰਕੂ ਇਕਸੁਰਤਾ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਸਾਜਿਸ਼ ਨਹੀਂ?  ਕੀ ਇਹ ਸੱਦਾ ਦੇਸ਼ ਦੀ ਏਕਤਾ-ਅਖੰਡਤਾ ਦੇ ਜੜ੍ਹੀਂ ਤੇਲ ਦੇਣ ਦੀ ਡੂੰਘੀ ਚਾਲ ਨਹੀਂ? ਇਥੇ ਇਹ ਵੀ ਦੱਸ ਦੇਈਏ ਕਿ ਫਿਰਕੂ ਸੋਚ ਵਾਲਾ ਕੋਈ ਬੰਦਾ ਜੇਕਰ ਅਜੀਤ ਦੋਵਾਲ ਵੱਲੋਂ ਦੱਸੇ ਇਤਿਹਾਸ ਤੋਂ ਵੀ ਪਹਿਲਾਂ ਵਾਲੇ ਇਤਿਹਾਸ ਦੇ ਪੰਨੇ ਫਰੋਲੇਗਾ ਤਾਂ ਉਥੇ ‘ਕਾਤਲ’ ਹੋਰ ਹੀ ਨਿਕਲਣਗੇ! ਕਿਉਂਕਿ ਬਾਹਰੋਂ ਆਏ ਸਾਡੇ ਆਰੀਅਨ ਪੁਰਖੇ ਇਸ ਖਿੱਤੇ ਦੇ ‘ਮੂਲ ਨਿਵਾਸੀਆਂ’ ਦਾ ਕਤਲੇਆਮ ਕਰਕੇ ਹੀ ਇਸ ਧਰਤੀ ’ਤੇ ਕਾਬਜ਼ ਹੋਏ ਸਨ। ਅਜੀਤ ਡੋਵਾਲ ਦੇ ਫਾਰਮੂਲੇ ਨਾਲ ਤਾਂ ਫਿਰ ਅੱਜ ਦੇ ਸਮੇਂ ਅਸੀਂ ਵੀ ਉਸੇ ‘ਬਦਲੇ’ ਦੀ ਮਾਰ ਹੇਠਾਂ ਆ ਜਾਵਾਂਗੇ।  ਅਜੀਤ ਦੋਵਾਲ ਵਰਗੀ ਫਿਰਕੂ ਸੋਚ ਵਾਲੇ ਬੰਦੇ ਅਸਲ ’ਚ ਵਿਗਿਆਨ ਤੇ ਤਰਕ ਦੇ ਇਸ ਨਵੇਂ ਯੁੱਗ ’ਚ ਵੀ ਸਮਾਜ ਨੂੰ ਪਿਛਾਖੜੀ ਤੇ ਫਿਰਕੂ-ਤੰਗ ਨਜ਼ਰ ਸੋਚ ਨਾਲ ਨੂੜ ਕੇ ਮੁੜ ਗੁਲਾਮੀ ਦੀਆਂ ਬੇੜੀਆਂ ’ਚ ਜਕੜਨਾ ਚਾਹੁੰਦੇ ਹਨ। ਕੀ ਅਸਲ ਝਗੜਾ ਵੱਖੋ-ਵੱਖ ਧਰਮਾਂ ਦਰਮਿਆਨ ਹੈ ਜਾਂ ਹਮੇਸ਼ਾ ਵਾਂਗ ‘ਸੱਚ-ਝੂਠ’ ’ਚ  ਤੇ ‘‘ਸਹੀ-ਗਲਤ’’ ਵਿਚਕਾਰ ਹੈ? ‘ਮਹਾਂਭਾਰਤ’ ’ਚ ਬਿਆਨਿਆ ਗਿਆ ਕੌਰਵਾਂ-ਪਾਡਵਾਂ ਦਾ ਆਪਸੀ ਯੁੱਧ ਦੋ ਵਿਰੋਧੀ ਧਰਮਾਂ ਵਿਚਕਾਰ ਨਹੀਂ ਸੀ ਲੜਿਆ ਗਿਆ। ਇਹ ਖੂਨੀ ਯੁੱਧ ਤਾਂ ਇਕੋ ਖਾਨਦਾਨ ਨਾਲ ਸਬੰਧਤ ਤਾਏ-ਚਾਚੇ ਦੇ ਪੁੱਤਰਾਂ ਵਿਚਕਾਰ ਸੱਤਾ ਤੇ ਰਾਜ ਭਾਗ ’ਤੇ ਕਬਜ਼ਾ ਕਰਨ ਲਈ ਲੜਿਆ ਗਿਆ ਸੀ।

ਇਸ ਲਈ, ਜਦੋਂ ਅਸੀਂ 2014 ਤੋਂ ਪਿਛੋਂ ਦੇ ਮੋਦੀ ਕਾਲ ਨੂੰ ਘੋਖਦੇ ਹਾਂ, ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਸੰਘ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਹਾਕਮਾਂ ਨੇ ਸਾਡਾ ਉਹ ਸਾਰਾ ਕੁੱਝ ਤਬਾਹ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਜੋ ਸਮਾਜ ਦੇ ਤੇਜ਼ ਤੇ ਸਾਵੇਂ ਚੌਤਰਫਾ ਵਿਕਾਸ ਲਈ ਅਤਿਅੰਤ ਲੋੜੀਂਦਾ ਹੈ। ਭਾਰਤ ਦਾ ਮੌਜੂਦਾ ਸਰੂਪ ਬਹਾਲ ਰੱਖਣ ਲਈ ਮਨੁੱਖੀ ਆਜ਼ਾਦੀਆਂ ਤੇ ਜਮਹੂਰੀ ਅਧਿਕਾਰਾਂ ਦੀ ਲਿਖਤੀ ਗਰੰਟੀ ਕਰਦੇ ਅਜੋਕੇ ਸੰਵਿਧਾਨ ਅਤੇ ਦੇਸ਼ ਦੇ ਲੋਕ ਰਾਜੀ, ਧਰਮ ਨਿਰਪੱਖ, ਸੰਘਾਂਤਮਕ ਢਾਂਚੇ ਦੀ ਹੋਂਦ ਦੀ ਕਾਇਮੀ ਅਤੇ ਹੋਰ ਮਜ਼ਬੂਤੀ ਅਤਿ ਲੋੜੀਂਦੀ ਹੈ। ਤਾਂ ਹੀ ਅਸੀਂ ਮਨੁੱਖ ਹੱਥੋਂ ਮਨੁੱਖ ਤੇ ਦੇਸ਼ਾਂ ਹੱਥੋਂ ਦੇਸ਼ਾਂ ਦੀ ਲੁੱਟ-ਖਸੁੱਟ ਤੇ ਆਰਥਿਕ ਨਾ ਬਰਾਬਰੀ ਦਾ ਖਾਤਮਾ ਕਰਕੇ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਰਾਹ ’ਤੇ ਸਾਬਤ ਕਦਮੀਂ ਅੱਗੇ ਵਧ ਸਕਾਂਗੇ। ਇਸ ਤੋਂ ਅੱਗੇ ਸੰਸਾਰ ਅਮਨ ਦੇ ਹੱਕ ’ਚ ਤੇ ਸਾਮਰਾਜ ਦੀ ਵਿਰੋਧਤਾ ਕਰਦੇ ਘੱਟ ਵਿਕਸਤ ਦੇਸ਼ਾਂ ਵੱਲੋਂ ਆਪਣੀ ਆਜ਼ਾਦੀ ਤੇ ਸਨਮਾਨ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਜੱਦੋ ਜ਼ਹਿਦਾਂ ਦੇ ਹੱਕ ’ਚ ਡਟ ਕੇ ਖਲੋਣ ਨਾਲ ਹੀ ਭਾਰਤ ਸੰਸਾਰ ’ਚ ਆਪਣਾ ਖੁੱਸਿਆ ਵਕਾਰ ਮੁੜ ਬਹਾਲ  ਕਰ ਸਕੇਗਾ। ਇਸ ਕਾਰਜ ਦੀ ਪੂਰਤੀ ਲਈ ਸਾਰੀਆਂ ਗੈਰ-ਭਾਜਪਾ ਲੋਕ ਰਾਜੀ, ਧਰਮ ਨਿਰਪੱਖ ਤੇ ਖੱਬੇ ਪੱਖੀ ਸਿਆਸੀ-ਸਮਾਜਿਕ ਤਾਕਤਾਂ ਨੂੰ ਇਕਮੁੱਠ ਹੋ ਕੇ ‘ਸੰਘ’ ਦੀ ਫਿਰਕੂ ਵਿਚਾਰਧਾਰਾ ਤੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਤੇ ਸਾਮਰਾਜ ਪੱਖੀ ਆਰਥਿਕ ਨੀਤੀਆਂ ਵਿਰੁੱਧ ਖਾੜਕੂ ਜਨਤਕ ਘੋਲ ਵਿੱਢਣੇ ਤੇ ਹੋਰ ਤੇਜ਼ ਕਰਨੇ ਹੋਣਗੇ। ਇਹੋ ਸਾਡੇ ਸਮਿਆਂ ਦੀ ਫੌਰੀ, ਵਡੇਰੀ ਲੋੜ ਹੈ।    

– ਮੰਗਤ ਰਾਮ ਪਾਸਲਾ

Scroll To Top