
ਤਰਨਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਹੜ੍ਹ ਪੀੜਤ ਲੋਕਾਂ ਵੱਲੋਂ ਅੱਜ ਸਥਾਨਕ ਡੀਸੀ ਦਫਤਰ ਵਿੱਖੇ ਸੈਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਹੜ੍ਹਾਂ ਨਾਲ ਸਬੰਧਤ ਮਸਲਿਆਂ, ਮੰਗਾਂ ਦਾ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਲਈ ਪਰਧਾਨ ਮੰਤਰੀ ਦੇ ਨਾਮ ਡੀਸੀ ਤਰਨ ਤਾਰਨ ਰਾਹੀਂ ਭੇਜਿਆ ਗਿਆ|
ਇਸ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ, ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਜ਼ਿਲ੍ਹਾ ਖਜਾਨਚੀ ਬਲਦੇਵ ਸਿੰਘ ਪੰਡੋਰੀ, ਸੂਬਾ ਕਮੇਟੀ ਮੈਂਬਰ ਮਾ. ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ, ਧਰਮ ਸਿੰਘ ਪੱਟੀ ਆਦਿ ਨੇ ਕੀਤੀ|
ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਵਿਤਕਰੇ ਭਰੀ ਨੀਤੀ ਅਤੇ ਪੰਜਾਬ ਸਰਕਾਰ ਦੀ ਹੜ੍ਹਾਂ ਦੀ ਰੋਕਥਾਮ ਵਿੱਚ ਨਕਾਮੀ ਪੰਜਾਬ ਦੇ ਲੋਕਾਂ ਦੀ ਤਬਾਹੀ ਦਾ ਕਾਰਨ ਬਣੇ ਹਨ| ਉਹਨਾਂ ਕਿਹਾ ਕੇ ਕੁਦਰਤੀ ਆਫਤਾਂ ਲਈ ਰੱਖੇ ਫੰਡ ਰਾਹੀਂ ਡੈਮਾਂ ਦੀਆਂ ਝੀਲਾਂ, ਦਰਿਆਵਾਂ, ਬਰਸਾਤੀ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਅਤੇ ਧੁੱਸੀ ਬੰਨ੍ਹਾਂ ਨੂੰ ਪੱਕਿਆਂ ਅਤੇ ਮਜ਼ਬੂਤ ਕੀਤਾ ਹੁੰਦਾ ਤਾਂ ਲੋਕਾਂ ਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ|
ਜਾਮਾਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਠੋਸੀ ਭਾਖੜਾ ਬਿਆਸ ਮਨੈਜਮੈਟ ਬੋਰਡ ਦੀ ਪਾਣੀ ਸਟੋਰ ਕਰਨ ਅਤੇ ਛੱਡਣ ਵੇਲੇ ਵਰਤੀ ਅਣਗਹਿਲੀ ਅਤੇ ਗੈਰ ਸੰਵੇਦਨਾਂ ਦੀ ਪੜਤਾਲ ਕਰਨ ਦੀ ਲੋੜ ਹੈ| ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਨਾਲ ਵਿਤਕਰੇ ਅਤੇ ਦੋਖੀ ਨੀਤੀ ਕਾਰਨ ਮਮੂਲੀ ਫੰਡ ਜਾਰੀ ਕਰਕੇ ਲੋਕਾਂ ਦੇ ਅੱਲੇ ਜਖਮਾਂ ਤੇ ਲੂਣ ਛਿੜਕਿਆ ਹੈ| ਹੜ੍ਹਾਂ ਦੇ ਮੁਆਵਜਾ ਦੇਣ ਬਾਰੇ ਸ਼ਰਤਾਂ ਅਤੇ ਨਿਯਮ ਵੇਲਾ ਵਿਹਾਅ ਚੁੱਕੇ ਹਨ। ਜਿਸ ਨਾਲ ਹੜ੍ਹ ਪੀੜਤਾਂ ਪੱਲੇ ਕੁਝ ਵੀ ਨਹੀਂ ਪੈਂਦਾ| ਉਹਨਾਂ ਨਿਯਮਾਂ ਸ਼ਰਤਾ ਵਿੱਚ ਸੋਧਾਂ ਕਰਕੇ ਮੌਜੂਦਾ ਨੁਕਸਾਨ ਮੁਤਾਬਕ ਪੂਰਾ ਮੁਆਵਜਾ ਦੇਣ ਅਤੇ ਅੱਗੋਂ ਤੋ ਹੜ੍ਹਾਂ ਦੀ ਪੱਕੀ ਰੋਕਥਾਮ ਲਈ ਦਰਿਆਵਾਂ ਨੂੰ ਚੈਨਲਲਾਈਜ ਕਰਨ ਦੀ ਮੰਗ ਕੀਤੀ|
ਇਸ ਮੌਕੇ ਮੁਖਤਾਰ ਸਿੰਘ ਮੱਲ੍ਹਾ, ਚਮਨ ਲਾਲ ਦਰਾਜਕੇ ਅਤੇ ਬਲਦੇਵ ਸਿੰਘ ਪੰਡੋਰੀ ਨੇ ਬੋਲਦਿਆਂ ਕਿਹਾ ਕਿ ਕੇਦਰ ਸਰਕਾਰ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਘੱਟੋ ਘੱਟ 40 ਹਜ਼ਾਰ ਕਰੋੜ ਰੁਪਏ ਦੀ ਰਕਮ ਜਾਰੀ ਕਰੇ, ਹੜ੍ਹ ਪੀੜਤ ਪਿੰਡਾਂ ਦੇ ਸਮੂਹ ਲੋਕਾਂ ਲਈ ਪ੍ਰਤੀ ਪ੍ਰੀਵਾਰ ਇੱਕ ਲੱਖ ਰੁਪਏ ਜਾਰੀ ਕਰੇ ਅਤੇ ਮਜ਼ਦੂਰ ਪ੍ਰੀਵਾਰਾਂ ਨਾਲ ਵਿਤਕਰਾ ਬੰਦ ਕੀਤਾ ਜਾਵੇ| ਹੜ੍ਹਾਂ ਨਾਲ ਹੋਈਆਂ ਮੌਤਾਂ ਲਈ ਪੀੜਤ ਪਰੀਵਾਰਾਂ ਨੂੰ 25 ਲੱਖ ਰੁਪਏ ਸਹਾਇਤਾ ਦਿੱਤੀ ਜਾਵੇ, ਬਰਬਾਦ ਹੋਈਆਂ ਫਸਲਾਂ ਲਈ 70 ਹਜਾਰ ਰੁਪਏ ਅਤੇ ਗੰਨੇ ਦੀ ਫਸਲ ਲਈ ਇੱਕ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ, ਮੱਝ, ਗਾਂ ਲਈ ਇੱਕ ਲੱਖ ਰੁਪਏ ਅਤੇ ਭੇਡ, ਬੱਕਰੀ, ਪੋਲਟਰੀ, ਫਿਸ਼ਰੀ ਦੇ ਹੋਏ ਨੁਕਸਾਨ ਲਈ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ|
ਦਰਿਆਵਾਂ ਵਿੱਚੋ ਹੁੰਦੀ ਗੈਰ ਕਨੂੰਨੀ ਮਾਈਨਿੰਗ ਜੋ ਹੜ੍ਹਾਂ ਵੇਲੇ ਤਬਾਹੀ ਦਾ ਕਾਰਣ ਬਣਦੀ ਹੈ ਤੇ ਰੋਕ ਲਾਈ ਜਾਵੇ, ਕਿਸਾਨਾਂ ਨੂੰ ਖੇਤਾਂ ਵਿੱਚੋਂ ਰੇਤਾ, ਮਿੱਟੀ, ਭਲ ਚੁੱਕਣ ਦੀ ਇਜਾਜਤ ਦਿੱਤੀ ਜਾਵੇ| ਅਬਾਦਕਾਰ, ਕਾਸ਼ਤਤਕਾਰ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ, ਦਰਿਆਵਾਂ ਨੂੰ ਚੈਨਲਲਾਈਜ ਕਰਕੇ ਹੜ੍ਹਾਂ ਦੀ ਪੱਕੀ ਰੋਕਥਾਮ ਕੀਤੀ ਜਾਵੇ| ਧਰਨੇ ਨੂੰ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਚੂਸਲੇਵੜ, ਰੇਸ਼ਮ ਸਿੰਘ ਫੇਲੋਕੇ, ਜਗੀਰ ਸਿੰਘ ਗੰਡੀਵਿੰਡ, ਦਾਰਾ ਸਿੰਘ ਮੁੰਡਾ ਪਿੰਡ, ਜਸਬੀਰ ਸਿੰਘ ਵੈਰੋਵਾਲ, ਨਰਿੰਦਰ ਸਿੰਘ ਰਟੋਲ, ਜਰਨੈਲ ਸਿੰਘ ਰਸੂਲਪੁਰ, ਦਾਰਾ ਸਿੰਘ ਮੁੰਡਾ ਪਿੰਡ, ਹਰਜਿੰਦਰ ਸਿੰਘ ਚੂੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
