Now Reading
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਊਧਮ ਸਿੰਘ ਸਨਾਮ ਦੇ ਸ਼ਹੀਦੀ ਦਿਨ ‘ਤੇ ਸੂਬਾਈ ਕਨਵੈਨਸ਼ਨ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਊਧਮ ਸਿੰਘ ਸਨਾਮ ਦੇ ਸ਼ਹੀਦੀ ਦਿਨ ‘ਤੇ ਸੂਬਾਈ ਕਨਵੈਨਸ਼ਨ

 

 

See Also

ਰੁਜਗਾਰ ਅਤੇ ਨਸ਼ਿਆਂ ਦੇ ਮੁੱਦੇ ਪੰਜਾਬ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਣ ਦਾ ਐਲਾਨ
ਜਲੰਧਰ : ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ‘ਤੇ ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਨੌਜਵਾਨਾਂ ਦੇ ਭੱਖਦੇ ਮਸਲੇ ਰੁਜ਼ਗਾਰ ਤੇ ਨਸ਼ਿਆਂ ਦੇ ਮੁੱਦੇ ‘ਤੇ ਵਿਸ਼ਾਲ ਸੂਬਾਈ ਨੌਜਵਾਨ ਤੇ ਵਿਦਿਆਰਥੀ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਜਿਸਦੀ ਪ੍ਰਧਾਨਗੀ ਮਨਦੀਪ ਰਤੀਆ, ਮਨਜਿੰਦਰ ਢੇਸੀ, ਰਵੀ ਕੁਮਾਰ ਕਟਾਰੂਚੱਕ, ਕੁਲਵੰਤ ਮੱਲੂਨੰਗਲ ਤੇ ਸੁੱਲਖਣ ਤੁੜ ਨੇ ਸਾਂਝੇ ਤੌਰ ਤੇ ਕੀਤੀ।
ਕਨਵੈਨਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਊਨਾਓ (ਉਤਰ ਪ੍ਰਦੇਸ਼) ਦੀ ਬਲਾਤਕਾਰ ਪੀੜਤ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰ ਦੀ ਹੋਈ ਹੱਤਿਆ ‘ਤੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਡਾ. ਕਰਮਜੀਤ ਸਿੰਘ ਸਾਬਕਾ ਪ੍ਰੋਫੈਸਰ ਅਤੇ ਮੈਂਬਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਸਾਡੇ ਦੇਸ਼ ਦੇ ਮਹਾਨ ਸ਼ਹੀਦ ਹਨ ਅਤੇ ਨੌਜਵਾਨਾਂ ਦੇ ਮਹਾਨਾਇਕ ਹਨ। ਇਹਨਾਂ ਮਹਾਨ ਸ਼ਹੀਦਾਂ ਨੇ ਦੇਸ਼ ਨੂੰ ਸਾਮਰਾਜ ਤੋਂ ਆਜਾਦ ਕਰਵਾਉਣ ਖਾਤਰ ਅਪਣੀ  ਕੁਰਬਾਨੀ ਦਿੱਤੀ ਸੀ ਅਤੇ ਇਕ ਸੁਪਨਾ ਲਿਆ ਕਿ ਭਾਰਤ ਦੇਸ਼ ਵਿਚ ਬਰਾਬਰਤਾ ਦਾ ਸਮਾਜ ਸਿਰਜਣਾ। ਪਰ ਇਹਨਾਂ ਸ਼ਹੀਦਾਂ  ਦਾ ਸੁਪਨਾ ਅਜੇ ਅਧੂਰਾ ਹੈ ਕਿਉਂਕਿ ਦੇਸ਼ ਦੀ ਅਜਾਦੀ ਤੋਂ ਬਾਅਦ ਰਾਜਸੱਤਾ ‘ਤੇ ਕਾਬਜ਼ ਹੋਈਆ ਹਾਕਮ ਧਿਰਾਂ ਵਲੋਂ ਅਪਣਾਈਆਂ ਗਈਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਕਾਰਨ ਮਹਿੰਗਾਈ, ਬੇਕਾਰੀ, ਗਰੀਬੀ, ਭਰਸ਼ਟਾਚਾਰ ਤੇ ਹਰ ਕਿਸਮ ਦੀਆਂ ਪੀੜਾਂ ਭਾਰਤੀ ਲੋਕਾਂ ਨੂੰ ਤੜਫਾ ਰਹੀਆਂ ਹਨ। ਨੌਜਵਾਨਾਂ ਕੋਲੋਂ ਵਿੱਦਿਆ ਅਤੇ ਰੁਜ਼ਗਾਰ ਪ੍ਰਾਪਤ ਕਰਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਇਹ ਵਰਤਾਰਾ ਹੁਣ ਹੋਰ ਵੀ ਖਤਰਨਾਕ ਬਣ ਗਿਆ ਹੈ ਜਦੋਂ ਕਿ ਦੇਸ਼ ਦੀ ਰਾਜਸੱਤਾ ‘ਤੇ ਭਾਜਪਾ ਅਤੇ ਆਰ.ਐਸ.ਐਸ. ਦਾ ਕਬਜ਼ਾ ਹੈ, ਫਿਰਕਾਪ੍ਰਸਤੀ ਦੇ ਨਾਂਅ ਹੇਠ ਦੇਸ਼ ਅਤੇ ਵਿਦਿਅਕ ਅਦਾਰਿਆਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇਹਨਾਂ ਨੀਤੀਆਂ ਦੇ ਖਿਲਾਫ ਲੜਨ ਵਾਲੇ ਸੰਘਰਸ਼ਸ਼ੀਲ ਲੋਕਾਂ ਦੀ ਜੁਬਾਨ ਬੰਦ ਕਰਨ ਲਈ ਉਹਨਾਂ ‘ਤੇ ਝੂਠੇ ਮੁੱਕਦਮੇ ਦਰਜ ਕੀਤੇ ਜਾ ਰਹੇ ਹਨ। ਦੇਸ਼ ਅੰਦਰ ਵੱਧ ਰਹੇ ਸਾਮਰਾਜ ਦੇ ਦਖਲ ਵਿਰੁੱਧ, ਫਿਰਕਾਪ੍ਰਸਤੀ ਅਤੇ ਆਰਥਿਕ ਨੀਤੀਆਂ ਦੇ ਖਿਲਾਫ ਨੌਜਵਾਨ ਤੇ ਵਿਦਿਆਰਥੀਆਂ ਨੂੰ ਫਿਰ ਇਨ੍ਹਾਂ ਸ਼ਹੀਦਾਂ ਦੀਆਂ ਪਾਈਆਂ ਪੈੜਾਂ ਉਪਰ ਚੱਲਣ ਦਾ ਅਹਿਦ ਕਰਦਿਆਂ ਹੋਇਆ ਹਰ ਜ਼ਬਰ-ਜ਼ੁਲਮ ਦਾ ਟਾਕਰਾ ਕਰਨ ਲਈ ਸੰਗਰਾਮ ਕਰਨਾ ਹੋਵੇਗਾ।
ਰੁਜ਼ਗਾਰ ਦੇ ਮੁੱਦੇ ਬੋਲਦਿਆਂ ਸਭਾ ਦੇ ਪ੍ਰੈਸ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਰ ਦੀਆਂ ਨਵਉਦਾਰਵਾਦੀ ਨੀਤੀਆਂ ਕਾਰਨ ਬੇਰੁਜ਼ਗਾਰੀ  ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਵਾਲੇ ਵਸੀਲੇ ਨਿੱਜੀਕਰਨ ਦੀ ਨੀਤੀ ਦੇ ਕਾਰਨ ਖਤਮ ਕੀਤੇ ਜਾ ਰਹੇ ਹਨ। ਪੰਜਾਬ ਦਾ ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਦੀ ਧਰਤੀ ‘ਤੇ ਧੱਕੇ ਖਾਣ ਲਈ ਮਜ਼ਬੂਰ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਖੇਤੀ ਆਧਾਰਤ ਸਨਅਤਾਂ, ਨਵਾਂ ਉਦਯੋਗ ਅਤੇ ਪਬਲਿਕ ਸੈਕਟਰ ਦੀ ਉਸਾਰੀ ਤੋਂ ਬਿਨਾਂ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰਾਂ ਇਹਨਾਂ ਨੂੰ ਖਤਮ ਕਰ ਰਹੀ ਹੈ।
ਵਿਦਿਆਰਥੀਆਂ ਦੇ ਮਸਲਿਆਂ ‘ਤੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਕਨਵੀਨਰ ਮਨਜਿੰਦਰ ਢੇਸੀ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਮੁਫ਼ਤ ਲਾਜ਼ਮੀ ਤੇ ਇਕਸਾਰ ਵਿਦਿਆ ਪ੍ਰਾਪਤ ਨਹੀਂ ਹੋ ਰਹੀ ਜਿਸਦਾ ਮੁੱਖ ਕਾਰਨ ਸਰਕਾਰਾਂ ਦੀਆਂ ਵਿਦਿਆਰਥੀਆਂ ਵਿਰੋਧੀ ਨੀਤੀਆਂ ਹਨ ਜਿਸਦੇ ਕਾਰਨ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਬੰਦ ਕਰਕੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ। ਨਿੱਜੀ ਵਿਦਿਅਕ ਅਦਾਰਿਆਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਸ਼ਹਿ ‘ਤੇ ਦਲਿਤ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਦਿੱਤੇ ਜਾ ਰਹੇ ਅਤੇ ਪੂਰੀਆਂ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ ਅਤੇ ਬਸ ਪਾਸ ਦੀ ਸਹੂਲਤ ਵੀ ਲਾਗੂ ਨਹੀਂ ਕੀਤੀ ਜਾ ਰਹੀ।
ਨਸ਼ਿਆਂ ਦੇ ਮੁੱਦੇ ‘ਤੇ ਬੋਲਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਦੀਪ ਰਤੀਆ ਨੇ ਕਿਹਾ ਕਿ ਨਸ਼ਾ ਵਪਾਰੀ, ਪੁਲਸ ਅਧਿਕਾਰੀ ਅਤੇ ਸਿਆਸੀ ਆਗੂਅ ਦੀ ਸ਼ਹਿ ‘ਤੇ ਚੱਲ ਰਿਹਾ ਨਸ਼ਿਆਂ ਦੇ ਕਾਰੋਬਾਰ ਨੇ ਦੇਸ਼ ਦੀ ਜਵਾਨੀ ਤਬਾਹ ਕਰ ਰੱਖ ਦਿੱਤੀ ਹੈ। ਦੇਸ਼ ਅੰਦਰ ਹਰ ਰੋਜ਼ ਨਸ਼ਿਆਂ ਨਾਲ ਨੌਜਵਾਨੀ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰਾਂ ਨੂੰ ਇਸਦੀ ਕੋਈ ਵੀ ਚਿੰਤਾ ਨਹੀਂ ਬਸ ਇਹ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਤੇ ਕੋਈ ਠੋਸ ਕਾਰਵਾਈ ਨਹੀਂ ਪਰ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਬਜਾਏ ਉਹਨਾਂ ‘ਤੇ ਝੂਠੇ ਮੁਕੱਦਮੇਂ ਕੀਤੇ ਜਾ ਰਹੇ ਹਨ ਕਿਉਂਕਿ ਨਸ਼ਿਆਂ ਦੇ ਕਾਰੋਬਾਰ ਤੋਂ ਸਰਕਾਰਾਂ ਨੂੰ  ਮੋਟੀ ਕਮਾਈ ਹੋ ਰਹੀ ਹੈ।
ਕਨਵੈਨਸ਼ਨ ਦੇ ਅੰਤ ਵਿਚ ਬੋਲਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਜਥੇਬੰਦੀ ਵਲੋਂ ਰੁਜ਼ਗਾਰ ਅਤੇ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਦੇ ਖਿਲਾਫ ਆਰ-ਪਾਰ ਦੀ ਲੜਾਈ ਲੜ੍ਹਨ ਦਾ ਫੈਸਲਾ ਕੀਤਾ ਹੈ। ਜਿਸ ਵੀ ਕੜੀ ਵਜੋਂ ਪਹਿਲੇ ਪੜਾਅ ਵਿਚ 1 ਅਗਸਤ ਤੋਂ ਲੈ ਕੇ 15 ਅਗਸਤ ਤੱਕ ਪਿੰਡਾਂ ਅੰਦਰ ਮੀਟਿੰਗਾਂ, ਜਲਸੇ ਕੀਤੇ ਜਾਣਗੇ ਅਤੇ ਦੂਜੇ ਪੜਾਅ ਵਿਚ 16 ਅਗਸਤ ਤੋਂ 30 ਅਗਸਤ ਤੱਕ ਮੁਜ਼ਾਹਰੇ ਕਰਕੇ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਅਤੇ ਆਖਰੀ ਪੜਾਅ ਵਿਚ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ।
ਇਸ ਤੋਂ ਬਿਨਾਂ ਕਨਵੈਨਸ਼ਨ ਵਿਚ ਦੋ ਮਤੇ ਪਾਸ ਕੀਤੇ ਗਏ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਜਾਬਰਾਨਾ ਘਿਣਾਉਣੇ ਰਵੱਈਏ ਕਾਰਨ ਜਲ੍ਹਿਆਵਾਲਾ ਬਾਗ ਦੇ ਮੂਲ ਸਰੂਪ ਨਾਲ ਕੀਤੀ ਜਾ ਰਹੀ ਛੇੜਛਾੜ ਬੰਦ ਕਰਵਾਉਣ ਲਈ ਅਤੇ ਦਲਿਤ ਵਿਦਿਆਰਥੀਆਂ ਦੇ ਦਾਖਲੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇ। ਕਨਵੈਨਸ਼ਨ ਦੀ ਸਮਾਪਤੀ ਤੋਂ ਬਾਅਦ ਊਨਾਓ (ਯੂ.ਪੀ.) ਦੀ ਬਲਾਤਕਾਰ ਪੀੜਤ ਲੜਕੀ ਤੇ ਉਸਦੇ ਪਰਿਵਾਰ ਨੂੰ ਮਾਰਨ ਵਾਲੇ ਭਾਜਪਾ ਵਿਧਾਇਕ ਕੁਲਦੀਪ ਸੰਘੜ ਨੂੰ ਸਖਤ ਸਜ਼ਾ ਦੇਣ ਅਤੇ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਨਸ਼ਿਆਂ ਦੇ ਮੁੱਦੇ ‘ਤੇ   ਦੇਸ਼ ਭਗਤ ਯਾਦਗਾਰ ਹਾਲ ਤੋਂ ਪੰਡਿਤ ਕਿਸ਼ੋਰੀ ਲਾਲ ਦੇ ਬੁੱਤ ਤੱਕ ਮਾਰਚ ਕੀਤਾ ਗਿਆ। ਇਸ ਕਨਵੈਨਸ਼ਨ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਹਰਨੇਕ ਗੁੱਜਰਵਾਲ, ਜਤਿੰਦਰ ਫਰੀਦਕੋਟ, ਸੁਰਜੀਤ ਦੁਧਰਾਏ, ਮੱਖਣ ਸੰਗਰਾਮੀ, ਦਲਵਿੰਦਰ ਕੁਲਾਰ, ਬੰਸੀ ਲਾਲ, ਜਸਵਿੰਦਰ ਕਾਲਖ, ਸਿਮਰਜੀਤ ਬਰਾੜ, ਗੁਰਦੀਪ ਬੇਗਮਪੁਰ, ਸੁਰੇਸ਼ ਸਮਾਣਾ, ਗਗਨਦੀਪ ਸਰਦੂਲਗੜ੍ਹ, ਸੁਖਦੇਵ ਜਵੰਦਾ, ਪਰਮਜੀਤ ਲਾਲੀ ਅਤੇ ਸਾਬਕਾ ਨੌਜਵਾਨ ਆਗੂ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕੀਤਾ।

Scroll To Top