
ਸੰਗਰੂਰ, 4 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ.ਪੀ.ਐਮ.ਓ.) ਦੀ ਸੰਗਰੂਰ ਜਿਲ੍ਹਾ ਕਮੇਟੀ ਵੱਲੋਂ ਆਉਣ ਵਾਲੀ 9 ਸਤੰਬਰ ਨੂੰ ਕਸਬਾ ਭਵਾਨੀਗੜ੍ਹ ਦੀ ਡਾਕਟਰ ਬੀ.ਆਰ. ਅੰਬੇਦਕਰ ਯਾਦਗਾਰ ਪਾਰਕ ਵਿਖੇ ਇੱਕ ਨੁਮਾਇੰਦਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਕਨਵੈਨਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨ ਲਈ ਸੀ.ਟੀ.ਯੂ.ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪਹੁੰਚ ਰਹੇ ਹਨ।
ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਉਕਤ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਊਧਮ ਸਿੰਘ ਸੰਤੋਖਪੁਰਾ ਨੇ ਦੱਸਿਆ ਕਿ ਕਨਵੈਨਸ਼ਨ ਵੱਲੋਂ ਜਨ ਅੰਦੋਲਨ ਬਣ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਜਿੱਤ ਲਈ ਵਸੋਂ ਦੇ ਸਾਰੇ ਮਿਹਨਤੀ ਭਾਗਾਂ ਦੀ ਵਿਸ਼ਾਲ ਲਾਮਬੰਦੀ ਅਤੇ ਸਰਗਰਮ ਸ਼ਮੂਲੀਅਤ ਦੇ ਉਦੇਸ਼ ਦੀ ਪੂਰਤੀ ਲਈ ਵਿਚਾਰ ਚਰਚਾ ਕੀਤੀ ਜਾਵੇਗੀ।
ਸੰਤੋਖਪੁਰਾ ਨੇ ਕਿਹਾ ਕਿ ਕਨਵੈਨਸ਼ਨ ਨੂੰ ਸੇਧ ਦੇਣ ਲਈ ਭੀਮ ਸਿੰਘ ਆਲਮਪੁਰ, ਕਰਮਜੀਤ ਸਿੰਘ ਬੀਹਲਾ, ਦੇਵ ਰਾਜ ਵਰਮਾ, ਸਰਬਜੀਤ ਸਿੰਘ, ਮੱਖਣ ਸਿੰਘ ਜਖੇਪਲ, ਨਿਰਮਲ ਸਿੰਘ ਘਰਾਚੋਂ, ਕਾਕਾ ਸਿੰਘ ਭੱਟੀਵਾਲ, ਰਾਜਬਿੰਦਰ ਸਿੰਘ ਝਨੇੜੀ ਅਤੇ ਹੋਰ ਜਨਤਕ ਆਗੂ ਪੁੱਜ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੇ ਫੁੱਟ ਪਾਊ ਮਨਸੂਬਿਆਂ ਅਤੇ ਜਾਬਰ ਹੱਥਕੰਡਿਆਂ ਨੂੰ ਅਸਰਦਾਰ ਢੰਗ ਨਾਲ ਭਾਂਜ ਦੇਣ ਲਈ ਠੋਸ ਵਿਉਂਤਬੰਦੀ ਕੀਤੀ ਜਾਵੇਗੀ।
