Now Reading
ਮਨਰੇਗਾ ਵਰਕਰਾਂ ਅਤੇ ਕਿਸਾਨਾਂ ਵੱਲੋ ਕੂੰਮਕਲਾਂ ਵਿੱਚ ਪ੍ਰਦਰਸ਼ਨ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ

ਮਨਰੇਗਾ ਵਰਕਰਾਂ ਅਤੇ ਕਿਸਾਨਾਂ ਵੱਲੋ ਕੂੰਮਕਲਾਂ ਵਿੱਚ ਪ੍ਰਦਰਸ਼ਨ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ

ਕੂੰਮਕਲਾਂ: ਕੇਂਦਰ ਸਰਕਾਰ ਦੇ ਲੋਕ ਵਿਰੋਧੀ ਹੱਲਿਆਂ ਖ਼ਿਲਾਫ਼ ਮਨਰੇਗਾ ਮਜ਼ਦੂਰਾਂ ਤੇ ਕਿਸਾਨਾਂ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਸਾਂਝੀ ਮੀਟਿੰਗ ਕਰਕੇ ਕੇਂਦਰ ਸਰਕਾਰ ਵੱਲੋ ਮਨਰੇਗਾ ਕਾਨੂੰਨ ਦੀ ਥਾਂ ਲਿਆਂਦੇ ਗਏ ‘ਜੀ ਰਾਮ ਜੀ” ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਕਾਨੂੰਨ ਬਹਾਲ ਕਰਨ, ਮਨਰੇਗਾ ਤਹਿਤ ਕਿਰਤੀਆਂ ਨੂੰ ਸਾਰਾ ਸਾਲ ਰੁਜ਼ਗਾਰ ਦਾ ਪ੍ਰਬੰਧ ਕਰਨ, ਮਨਰੇਗਾ ਦੇ ਬੰਦ ਪਏ ਕੰਮ ਬਿਨਾਂ ਕਿਸੇ ਦੇਰੀ ਦੇ ਚਾਲੂ ਕੀਤੇ ਜਾਣ, ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਲੋਕ ਸਭਾ ‘ਚ ਪੇਸ਼ ਕਰਨ ਤੋਂ ਪੱਕੇ ਤੌਰ ‘ਤੇ ਰੋਕਣ, ਕਿਸਾਨਾਂ ਦੀਆਂ ਪਿਛਲੇ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਨੂੰ ਮੰਨਣ, ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਭਾਰਤ ਮਾਲਾ ਪ੍ਰੋਜੈਕਟ ਅਧੀਨ ਜਬਰੀ ਕਬਜ਼ੇ ਕਰਨੇ ਬੰਦ ਕਰਨ, ਪ੍ਰਦੂਸ਼ਨ ਪੈਦਾ ਕਰਨ ਵਾਲੀਆਂ ਬਾਬਿਓ ਗੈਸ ਫ਼ੈਕਟਰੀਆਂ ਨੂੰ ਲਗਾਉਣਾ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਇਕੱਤਰ ਹੋਏ ਕਿਰਤੀ ਕਿਸਾਨਾਂ ਵੱਲੋਂ ਕਾਨੂੰਨ ਅਤੇ ਬਿੱਲਾਂ ਦੀਆਂ ਕਾਪੀਆਂ ਨੂੰ ਸਾੜਿਆ ਵੀ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟਾਂ ਦੇ ਦਬਾਅ ਅਧੀਨ ਲੋਕਾਂ ਤੋਂ ਰੋਜੀ ਰੋਟੀ ਖੋਹਣ ਦੇ ਰਾਹ ਪੈ ਚੁੱਕੀ ਹੈ। ਉਹਨਾਂ ਕਿਹਾ ਕਿ ਮਨਰੇਗਾ ਕਾਨੂੰਨ ਬਦਲਣਾ, ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਇਸ ਦੀਆਂ ਤਾਜ਼ਾ ਉਦਾਹਰਣਾਂ ਹਨ। ਉਹਨਾਂ ਸਖ਼ਤ ਲਹਿਜੇ ਵਿੱਚ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਸਰਕਾਰ ਆਪਣੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰ ਦੇਵੇ, ਨਹੀਂ ਤਾਂ ਦੇਸ਼ ਦੇ ਕਿਰਤੀ ਕਿਸਾਨ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਇਸ ਮੌਕੇ ਸੰਬੋਧਨ ਕਰਦਿਆਂ ਲਛਮਣ ਸਿੰਘ ਕੂੰਮਕਲਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਜ਼ਸ਼ੀ ਚੁੱਪ ਦੀ ਕੜੀ ਨਿੰਦਾ ਕਰਦਿਆਂ ਆਖਿਆ ਕਿ ਇਹ ਚੁੱਪ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਮਹਿੰਗੀ ਪਵੇਗੀ। ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਮਨਰੇਗਾ ਵਰਕਰਸ ਯੂਨੀਅਨ ਪੰਜਾਬ ਦੇ ਆਗੂ ਮੇਟ ਪਰਮਿੰਦਰ ਕੌਰ ਰਤਨਗੜ੍ਹ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਬਲਾਕ ਸੰਮਤੀ ਮੈਂਬਰ ਦਲਵੀਰ ਸਿੰਘ ਪਾਗਲੀਆ ਨੇ ਕੀਤੀ। ਇਸ ਮੌਕੇ ਮੀਟਿੰਗ ਕਰਕੇ ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਇਲਾਕਾ ਕਮੇਟੀ ਕੂੰਮਕਲਾਂ ਦੀ 15 ਮੈਂਬਰੀ ਕਮੇਟੀ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਕਮੇਟੀ ਦੀ ਕਨਵੀਨਰ ਰਮਨਦੀਪ ਕੌਰ ਝੂੰਗੀਆਂ ਬੇਗਾਂ ਅਤੇ ਕੋ ਕਨਵੀਨਰ ਰਜਿੰਦਰ ਕੌਰ ਸੇਖੋਵਾਲ ਤੇ ਪਰਮਿੰਦਰ ਕੌਰ ਚੁਣੀਆਂ ਗਈਆਂ। ਇਹ ਕਮੇਟੀ ਪਿੰਡਾਂ ਵਿੱਚ ਮੈਂਬਰਸ਼ਿਪ ਕਰਕੇ ਅਗਲੀ ਕਮੇਟੀ ਦਾ ਗਠਨ ਕਰੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਚੇਅਰਮੈਨ ਬੇਅੰਤ ਸਿੰਘ ਗਰੇਵਾਲ, ਸਾਬਕਾ ਸਰਪੰਚ ਗੁਰਚਰਨ ਸਿੰਘ ਝੂੰਗੀਆਂ ਬੇਗਾਂ, ਸਰਪੰਚ ਅਵਤਾਰ ਸਿੰਘ ਦੋਆਬਾ ਭੈਣੀ, ਸਰਪੰਚ ਹਰਜਿੰਦਰ ਸਿੰਘ ਰਤਨਗੜ੍ਹ, ਹਰਜਿੰਦਰ ਸਿੰਘ ਸੋਨੀ, ਹਰਜੀਤ ਸਿੰਘ ਗਰਚਾ, ਪਵਨਦੀਪ ਅਟਵਾਲ ਗੁੱਜਰਵਾਲ, ਲੇਖ ਰਾਜ, ਆਤਮਾ ਸਿੰਘ ਰਤਨਗੜ੍ਹ, ਨੰਬਰਦਾਰ ਨੰਦ ਸਿੰਘ ਸੇਖੋਵਾਲ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।

Scroll To Top