

ਜਲੰਧਰ, 12 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਦੀਆਂ ਟਰੇਡ ਯੂਨੀਅਨਾਂ, ਕਿਸਾਨ-ਖੇਤ ਮਜ਼ਦੂਰ ਸੰਗਠਨਾਂ, ਕਰਮਚਾਰੀ ਫੈਡਰੇਸ਼ਨਾਂ ਅਤੇ ਜਨਤਕ ਜੱਥੇਬੰਦੀਆਂ ਵੱਲੋਂ ਪਿੰਗਲੇ ਆਡੀਟੋਰੀਅਮ, ਗ਼ਦਰ ਮੈਮੋਰੀਅਲ ਜਲੰਧਰ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਗੌਰੀਆ, ਪ.ਸ.ਸ.ਫ. (ਹੈੱਡ ਆਫਿਸ 1406-22 ਬੀ, ਚੰਡੀਗੜ੍ਹ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਏਕਟੂ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਬਖ਼ਤਪੁਰ, ਕੁਲ ਹਿੰਦ ਕਿਸਾਨ ਫੈਡਰੇਸ਼ਨ (ਏਆਈਕੇਐਫ) ਦੇ ਮੀਤ ਪ੍ਰਧਾਨ ਕਿਰਨਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਨੁਮਾਇੰਦਾ ਇਕੱਤਰਤਾ ਸੱਦੀ ਗਈ।
ਹਾਜ਼ਰ ਨੁਮਾਇੰਦਿਆਂ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਤੇ ਜ਼ਿਆਦਤੀਆਂ, ਬਹੁ ਕੌਮੀ ਕਾਰਪੋਰੇਸ਼ਨਾਂ ਦੀ ਮਿਲੀਭੁਗਤ ਨਾਲ ਕਾਰਪੋਰੇਟ ਘਰਾਣਿਆਂ ਵੱਲੋਂ ਸਰਕਾਰਾਂ ਦੀ ਸ਼ਹਿ ’ਤੇ ਕੀਤੀ ਜਾ ਰਹੀ ਪੰਜਾਬ ਦੇ ਕੁਦਰਤੀ ਵਸੀਲਿਆਂ ਦੀ ਬੇਕਿਰਕ ਲੁੱਟ, ਮਾਫੀਆ ਤੰਤਰ ਤੇ ਨਸ਼ਾ ਤਸਕਰਾਂ ਦੀਆਂ ਮਨ ਆਈਆਂ, ਪ੍ਰਾਂਤ ਅੰਦਰ ਖਤਰਨਾਕ ਹੱਦਾਂ ਪਾਰ ਕਰ ਚੁੱਕੀ ਬੇਰੁਜ਼ਗਾਰੀ ਅਤੇ ਛਾਲਾਂ ਮਾਰ ਕੇ ਵਧ ਰਹੀ ਗਰੀਬੀ ਤੇ ਮਹਿੰਗਾਈ, ਬਹੁਗਿਣਤੀ ਵਸੋਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਬਿਜਲੀ, ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਆਏ ਦਿਨ ਵਧਾਈਆਂ ਜਾ ਰਹੀਆਂ ਕੀਮਤਾਂ, ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਅਤੇ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੇ ਫਿਰਕੂ-ਫੁੱਟ ਪਾਊ ਤਾਕਤਾਂ ਦੇ ਕੋਝੇ ਮਨਸੂਬਿਆਂ, ਸੰਘਰਸ਼ਸ਼ੀਲ ਤਬਕਿਆਂ ਉਪਰ ਢਾਹੇ ਜਾ ਰਹੇ ਹੁਕੂਮਤੀ ਜਬਰ ਅਤੇ ਸ਼ਾਂਤੀਪੂਰਨ ਘੋਲਾਂ ਨੂੰ ਖਦੇੜਣ ਲਈ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਆਦਿ ਬਾਰੇ ਗੰਭੀਰ ਵਿਚਾਰਾਂ ਕੀਤੀਆਂ।
ਬੁਲਾਰਿਆਂ ਨੇ ਪੰਜਾਬ ਵਾਸੀਆਂ ਨੂੰ ਦਰਪੇਸ਼ ਉਕਤ ਸਮੱਸਿਆਵਾਂ ਦੇ ਖਾਤਮੇ ਲਈ ਆਰ-ਪਾਰ ਦੇ ਸੰਘਰਸ਼ ਲਾਮਬੰਦ ਕਰਨ ਦੇ ਉਦੇਸ਼ ਤਹਿਤ ਮਿਹਨਤੀ ਤਬਕਿਆਂ ਦਾ ਇੱਕ ਸਰਵ ਸਾਂਝਾ ਮੰਚ ਉਸਾਰਨ ਦੀ ਲੋੜ ਤੇ ਜੋਰ ਦਿੱਤਾ। ਇਸ ਸੁਝਾਅ ਨੂੰ ਪ੍ਰਵਾਨ ਕਰਦਿਆਂ “ਪੰਜਾਬ ਬਚਾਓ ਸੰਯੁਕਤ ਮੋਰਚੇ’’ ਦਾ ਗਠਨ ਕਰਦਿਆਂ ਉਪਰੋਕਤ ਅਲਾਮਤਾਂ ਖਿਲਾਫ਼ ਧੁਰ ਹੇਠਾਂ ਤੋਂ ਸੰਘਰਸ਼ ਛੇੜਨ ਦਾ ਨਿਰਣਾ ਲਿਆ ਗਿਆ ਹੈ।
ਸਰਵਸੰਮਤੀ ਨਾਲ ਪਾਸ ਕੀਤੇ ਇੱਕ ਮਤੇ ਰਾਹੀ ਤਿੰਨੋਂ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ ਅਤੇ ਕਿਰਤੀ ਮਾਰੂ ਕਿਰਤ ਕੋਡ ਰੱਦ ਕਰਨ ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਕਰਨ ਦੀ ਮੰਗ ਕੀਤੀ ਗਈ ਹੈ।
ਮਤੇ ਰਾਹੀਂ ਜਨਤਕ ਖੇਤਰ ਦੇ ਨਿੱਜੀਕਰਨ ਦੀ ਪ੍ਰਕਿਰਿਆ ਫੌਰੀ ਬੰਦ ਕਰਨ ਅਤੇ ਸਭਨਾਂ ਨੂੰ ਇੱਕਸਾਰ ਤੇ ਮਿਆਰੀ ਸਿੱਖਿਆ, ਵਿਸ਼ਵ ਪੱਧਰੀਆਂ ਸਿਹਤ ਸਹੂਲਤਾਂ, ਰਿਹਾਇਸ਼ ਲਈ ਥਾਵਾਂ ਅਤੇ ਮਕਾਨ ਉਸਾਰੀ ਲਈ ਢੁਕਵੀਂ ਗ੍ਰਾਂਟ, ਪੀਣ ਵਾਲਾ ਸਵੱਛ ਪਾਣੀ ਆਦਿ ਸਰਕਾਰ ਵੱਲੋਂ ਮੁਫਤ ਦਿੱਤੇ ਜਾਣ ਤੋਂ ਇਲਾਵਾ ਸਮੁੱਚੀ ਕਿਰਤ ਸ਼ਕਤੀ ਨੂੰ ਸਨਮਾਨ ਯੋਗ ਉਜਰਤਾਂ/ ਤਨਖਾਹਾਂ ਸਮੇਤ ਪੱਕਾ ਰੁਜਗਾਰ ਦੇਣ ਅਤੇ ਸਰਵ ਪੱਖੀ ਜਨਤਕ ਵੰਡ ਪ੍ਰਣਾਲੀ ਕਾਇਮ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ।
ਫਾਸਿਸਟ ਸੰਗਠਨਾਂ ਦੇ ਸ਼ਿਸ਼ਕਾਰੇ ਅਪਰਾਧੀਆਂ ਵੱਲੋਂ ਇਸਤਰੀਆਂ, ਦਲਿਤਾਂ ਅਤੇ ਘੱਟ ਗਿਣਤੀ ਵਸੋਂ ਉੱਪਰ ਢਾਹੇ ਜਾ ਰਹੇ ਕਿਆਸੋਂ ਬਾਹਰੇ ਜੁਲਮਾਂ ਵਿਰੁੱਧ ਹਰ ਪੱਧਰ ’ਤੇ ਗਰਜਵੀਂ ਆਵਾਜ ਬੁਲੰਦ ਕਰਨ ਦਾ ਸੰਕਲਪ ਲਿਆ ਗਿਆ।
ਜੋਸ਼ ਭਰਪੂਰ ਨਾਹਰਿਆਂ ਦੀ ਗੂੰਜ ਦਰਮਿਆਨ ਫੈਸਲਾ ਕੀਤਾ ਗਿਆ ਕਿ 14 ਨਵੰਬਰ ਨੂੰ ਲੁਧਿਆਣਾ ਵਿਖੇ “ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਦੇ ਸੱਦੇ ਤਹਿਤ ਵਿਸ਼ਾਲ ਲੋਕ ਇਕੱਠ ਕੀਤਾ ਜਾਵੇਗਾ ਜਿਸ ਵਿਚ ਹਜਾਰਾਂ ਮਿਹਨਤਕਸ਼ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।
ਇਸ ਮੌਕੇ ਮੰਗਤ ਰਾਮ ਪਾਸਲਾ, ਬੰਤ ਸਿੰਘ ਬਰਾੜ, ਕੁਲਵੰਤ ਸਿੰਘ ਸੰਧੂ, ਨੀਲਮ ਘੁਮਾਣ, ਧਰਮਿੰਦਰ ਸਿੰਘ ਮੁਕੇਰੀਆਂ, ਗੁਰਨਾਮ ਸਿੰਘ ਦਾਊਦ, ਵਿਜੈ ਮਿਸ਼ਰਾ, ਕੁਸ਼ਲ ਭੌਰਾ, ਗੁਰਪ੍ਰੀਤ ਰੂੜੇਕੇ, ਭਗਵੰਤ ਸਮ੍ਹਾਓਂ, ਰਾਜਬਿੰਦਰ ਰਾਣਾ, ਬਿੰਦਰ ਆਲਖ਼, ਗੁਰਜੰਟ ਸਿੰਘ, ਡਾਕਟਰ ਰਘਬੀਰ ਕੌਰ, ਦੇਵੀ ਕੁਮਾਰੀ, ਹਰਮੇਲ ਸਿੰਘ ਮਹਿਰੋਕ, ਪਰਮਜੀਤ ਸਿੰਘ ਲੁਧਿਆਣਾ ਨੇ ਵੀ ਸੰਬੋਧਨ ਕੀਤਾ।
ਲਖੀਮਪੁਰ ਖ਼ੀਰੀ ਦੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ, ਉਸ ਦੇ ਮੁੰਡੇ ਆਸ਼ੀਸ਼ ਮਿਸ਼ਰਾ ਸਮੇਤ ਸਾਰੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕਰਦਿਆਂ ਕਿਸਾਨ ਘੋਲ ਦੇ ਸ਼ਹੀਦਾਂ ਦੀ ਯਾਦ ਵਿੱਚ ਪ੍ਰੈਸ ਕਲੱਬ ਚੌਂਕ ਤੱਕ ਮੌਨ ਸ਼ਰਧਾਂਜਲੀ ਮਾਰਚ ਕੀਤਾ ਗਿਆ।