
ਜਗਰਾਉ: ਅਮਰੀਕਾ ਵਲੋਂ ਈਰਾਨ ਉੱਪਰ ਕੀਤੇ ਫੌਜੀ ਹਮਲੇ ਦੀ ਨਿੰਦਾ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਇਸ ਕਾਰਵਾਈ ਨਾਲ ਸੰਸਾਰ ਜੰਗ ਲੱਗਣ ਦਾ ਖ਼ਤਰਾ ਵੱਧ ਗਿਆ ਹੈ। ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਰਾਹੀਂ ਆਗੂਆਂ ਨੇ ਆਖਿਆ ਕਿ ਪਹਿਲਾਂ ਅਮਰੀਕਾ ਦੇ ਇਸ਼ਾਰੇ ’ਤੇ ਗਾਜਾ ਪੱਟੀ ਵਿੱਚ ਫਲਸਤੀਨ ਦੇ ਲੋਕਾਂ ਉੱਪਰ ਇਜ਼ਰਾਈਲ ਵਲੋਂ ਬੇਤਹਾਸ਼ਾ ਜ਼ੁਲਮ ਢਾਹੇ ਜਾ ਰਹੇ ਹਨ, ਜਿੱਥੇ ਬੱਚਿਆਂ, ਬੁੱਢਿਆਂ, ਬਿਮਾਰਾਂ ਤੇ ਔਰਤਾਂ ਨਾਲ ਅਣ ਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ, ਉੱਥੇ ਉਹਨਾਂ ਕੋਲ ਕਿਸੇ ਕਿਸਮ ਦੀ ਰਾਹਤ ਸਮੱਗਰੀ ਵੀ ਜਾਣ ਨਹੀਂ ਦਿੱਤੀ ਜਾ ਰਹੀ। ਹੁਣ ਅਮਰੀਕਾ ਵਲੋਂ ਈਰਾਨ ਉੱਪਰ ਕੀਤੇ ਹਮਲੇ ਨੇ ਉਸ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਮਰੀਕਾ ਨੂੰ ਆਪਣੇ ਵਿੱਤੀ ਘਾਟੇ ਜੰਗ ਰਾਹੀਂ ਪੂਰੇ ਕਰਨ ਦੀ ਆਗਿਆ ਦੁਨੀਆ ਭਰ ਦੇ ਲੋਕ ਨਹੀਂ ਦੇਣਗੇ। ਆਗੂਆਂ ਨੇ ਇਸ ਜੰਗ ਦੇ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਮੁਜ਼ਾਹਰੇ ਕਰਨ ਦਾ ਐਲਾਨ ਵੀ ਕੀਤਾ।