
ਤਲਵਾੜਾ: ਮਨਰੇਗਾ ਵਰਕਰਜ਼ ਯੂਨੀਅਨ ਇਕਾਈ ਹਾਜੀਪੁਰ ਨੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ। ਮੀਟਿੰਗ ’ਚ ਵੱਖ-ਵੱਖ ਪਿੰਡਾਂ ਦੇ ਮੇਟ ਅਤੇ ਮਨਰੇਗਾ ਵਰਕਰਜ਼ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਆਸਫ਼ਪੁਰ ਨੇ ਬੀਤੇ ਦਿਨੀਂ ਸੂਬਾ ਕਮੇਟੀ ਵੱਲੋਂ ਲਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਸੂਬਾ ਕਮੇਟੀ ਨੇ ਮਨਰੇਗਾ ਵਰਕਰਾਂ ਨੂੰ ਜਥੇਬੰਦ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਭਰ ’ਚ ਤਿੰਨ ਕਨਵੈਨਸ਼ਨਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਮਾਝਾ-ਦੋਆਬਾ ਜ਼ੋਨ ਦੀ ਕਨਵੈਂਸ਼ਨ 6 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕਰਵਾਈ ਜਾ ਰਹੀ ਹੈ। ਜਲੰਧਰ ਕਨਵੈਂਸ਼ਨ ’ਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਮਨਰੇਗਾ ਵਰਕਰ ਸ਼ਾਮਲ ਹੋਣਗੇ। ਬਲਾਕ ਪੱਧਰੀ ਮੀਟਿੰਗਾਂ ਕਰਕੇ ਵਰਕਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਦਸਿਆ ਕਿ ਜਲੰਧਰ ਕਨਵੈਂਸ਼ਨ ’ਚ ਹਾਜੀਪੁਰ ਤੋਂ ਵੱਡਾ ਕਾਫ਼ਲਾ ਸ਼ਾਮਲ ਹੋਵੇਗਾ। ਕਨਵੈਂਸ਼ਨ ਦੀ ਤਿਆਰੀ ਲਈ ਬਲਾਕ ਹਾਜੀਪੁਰ ਨੂੰ ਚਾਰ ਜ਼ੋਨਾਂ ’ਚ ਵੰਡਿਆ ਗਿਆ ਹੈ, ਬਲਾਕ ਆਗੂਆਂ ਵੱਲੋਂ ਪਿੰਡ ਪੱਧਰ ’ਤੇ ਮੀਟਿੰਗਾਂ ਕਰਕੇ ਵਰਕਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਵਰਕਰਾਂ ਨੇ ਨਵੇਂ ਚੁਣੇ ਸਰਪੰਚਾਂ ਵੱਲੋਂ ਮਨਰੇਗਾ ਵਰਕਰਾਂ/ ਮੇਟਾਂ ਨਾਲ ਬਦਸਲੂਕੀ ਕਰਨ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕੀਤੀ, ਉੱਥੇ ਹੀ ਸਿਆਸੀ ਰੰਜਿਸ਼ ਤਹਿਤ ਮੇਟਾਂ ਨੂੰ ਕੰਮ ਤੋਂ ਹਟਾਉਣ ਅਤੇ ਮਨਰੇਗਾ ਵਰਕਰਾਂ ਨੂੰ ਕੰਮ ਨਾ ਮੁਹੱਇਆ ਕਰਵਾਉਣ ’ਤੇ ਪ੍ਰਸ਼ਾਸਨ ਦੇ ਦਖ਼ਲ ਦੀ ਮੰਗ ਕੀਤੀ। ਬਲਾਕ ਕਮੇਟੀ ਨੇ ਪੰਚਾਇਤ ਨੁੰਮਾਇੰਦਿਆਂ ਵੱਲੋਂ ਮਨਰੇਗਾ ਵਰਕਰਾਂ ਖ਼ਿਲਾਫ਼ ਵਧੀਕੀਆਂ ਬੰਦ ਨਾ ਹੋਣ ’ਤੇ 10 ਜੁਲਾਈ ਨੂੰ ਬੀਡੀਪੀਓ ਦਫ਼ਤਰ ਹਾਜੀਪੁਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਜੈ ਸੀਪਰੀਆਂ, ਜੋਤੀ ਦਗਨ, ਸ਼ਸ਼ੀ ਸ਼ਰਮਾ ਰੈਲੀ, ਸੁਨੀਤਾ ਰਾਣੀ ਕੁੱਲੀਆਂ ਲੁਬਾਣਾ, ਮਨਜੀਤ ਕੌਰ ਢਾਡੇਕਟਵਾਲ, ਮਮਤਾ ਰਾਣੀ ਬਾਬਾ ਈਸ਼ਾ, ਸੁਰਿੰਦਰ ਕੌਰ ਗੇਰਾ, ਬਲਕਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।