
ਤਰਨ ਤਾਰਨ: ਦੇਸ਼ ਦੀਆਂ ਖੱਬੇ ਪੱਖੀ ਪਾਰਟੀਆਂ ਦੇ ਸੱਦੇ ’ਤੇ ਆਰਐੱਮਪੀਆਈ, ਸੀਪੀਆਈ, ਸੀਪੀਐੱਮ, ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਕਾਰਕੁਨਾ ਨੇ ਇਥੋਂ ਦੇ ਗਾਂਧੀ ਪਾਰਕ ਚ ਇਕੱਠ ਕਰਕੇ ਫਿਲਿਸਤੀਨ ਤੇ ਇਰਾਨ ਦੇ ਲੋਕਾਂ ’ਤੇ ਅਮਰੀਕਾ ਤੇ ਇਜ਼ਰਾਈਲ ਜੁੰਡਲੀ ਵਲੋਂ ਕੀਤੇ ਜਾ ਰਹੇ ਬਹੁਤ ਹੀ ਕਾਇਰਤਾ ਪੂਰਨ ਹਮਲਿਆਂ ਦੇ ਵਿਰੋਧ ’ਚ ਸਥਾਨਕ ਬਜ਼ਾਰਾਂ ’ਚ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਹ ਭਰਪੂਰ ਨਾਅਰੇਬਾਜੀ ਕੀਤੀ। ਬੁਲਾਰਿਆ ਨੇ ਕਿਹਾ ਕਿ ਇਹ ਹਮਲੇ ਅਮਰੀਕਾ ਦੀ ਸ਼ਹਿ ’ਤੇ ਇਜ਼ਰਾਇਲ ਵਲੋਂ ਛੋਟੇ ਬੱਚਿਆਂ, ਬਜੁਰਗਾਂ, ਔਰਤਾਂ, ਸਕੂਲਾਂ, ਹਸਪਤਾਲਾਂ, ਕਾਲਜਾਂ ਆਦਿ ਥਾਵਾਂ ’ਤੇ ਹਮਲੇ ਕਰਕੇ ਲੱਖਾਂ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਬੁਲਾਰਿਆ ਨੇ ਕਿਹਾ ਕਿ ਅਮਰੀਕਾ ਦੇ ਇਸ਼ਾਰਿਆ ’ਤੇ ਇਜ਼ਰਾਈਲ ਵੱਲੋਂ ਫਿਲਿਸਤੀਨ ਦੇ ਲੋਕਾਂ ’ਤੇ ਹਮਲੇ ਕਰਕੇ ਕਹਿਰ ਢਾਇਆ ਜਾ ਰਿਹਾ ਹੈ। ਅੱਜ ਦਾ ਰੋਸ ਪ੍ਰਦਰਸ਼ਨ ਫਲਸਤੀਨੀ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਵਾ ਕਰਦਾ ਹੈ।
ਇਸ ਮੌਕੇ ਮੁਖਤਾਰ ਸਿੰਘ ਮੱਲਾ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਦਵਿੰਦਰ ਸੋਹਲ, ਬਲਕਾਰ ਵਲਟੋਹਾ, ਦਲਵਿੰਦਰ ਸਿੰਘ ਪੰਨੂ, ਦਲਜੀਤ ਸਿੰਘ ਦਿਆਲਪੁਰਾ, ਹੀਰਾ ਸਿੰਘ ਕੰਡਿਆਵਾਲਾ, ਸੁਲੱਖਣ ਸਿੰਘ ਤੁੜ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।