Now Reading
ਇਨਕਲਾਬੀ ਅਤੇ ਕਮਿਊਨਿਸਟ ਪਾਰਟੀਆਂ ਵਲੋਂ ਸੂਬਾਈ ਕਨਵੈਨਸ਼ਨ ਤੋਂ ਬਾਅਦ ਵਿਸ਼ਾਲ ਮਾਰਚ, ਮਾਓਵਾਦੀਆਂ, ਨਕਸਲਬਾੜੀਆਂ ਦੇ ਝੂਠੇ ਮੁਕੱਦਮੇ ਬੰਦ ਕਰਨ ਦੀ ਮੰਗ

ਇਨਕਲਾਬੀ ਅਤੇ ਕਮਿਊਨਿਸਟ ਪਾਰਟੀਆਂ ਵਲੋਂ ਸੂਬਾਈ ਕਨਵੈਨਸ਼ਨ ਤੋਂ ਬਾਅਦ ਵਿਸ਼ਾਲ ਮਾਰਚ, ਮਾਓਵਾਦੀਆਂ, ਨਕਸਲਬਾੜੀਆਂ ਦੇ ਝੂਠੇ ਮੁਕੱਦਮੇ ਬੰਦ ਕਰਨ ਦੀ ਮੰਗ


ਜਲੰਧਰ: ਇਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਦੇ ਖਚਾਖਚ ਭਰੇ ਹਾਲ ਵਿਖੇ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਛੱਤੀਸਗੜ੍ਹ ਅਤੇ ਹੋਰ ਇਲਾਕਿਆਂ ਚੋਂ ਮਾਉਵਾਦੀਆਂ ਤੇ ਨਕਸਲਵਾੜੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਬਣਾਕੇ ਮਾਰਚ 2026 ਤੱਕ ਖ਼ਤਮ ਕਰਨ, ਦੇਸ਼ ਦੀ ਵਸੋਂ ਵਿੱਚ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਣ ਤੇ ਭਰਾ ਭਰਾ ਵਿੱਚ ਪਾੜਾ ਪਾਉਣ ਅਤੇ ਹਿੰਦ ਦੀ ਧਰਤੀ ਦੇ ਅਮੀਰ ਕੁਦਰਤੀ ਮਾਲ ਖਜ਼ਾਨਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਵਾਲੀ ਨੀਤੀ ਵਿਰੁੱਧ ਸੂਬਾਈ ਕਨਵੈਨਸ਼ਨ ਕਰਨ ਤੋਂ ਬਾਅਦ ਜਲੰਧਰ ਦੀਆਂ ਸੜਕਾਂ ਤੇ ਰੋਹ ਭਰਪੂਰ ਮਾਰਚ ਕੀਤਾ। ਕਨਵੈਨਸ਼ਨ ਦੀ ਪ੍ਰਧਾਨਗੀ ਸੁਬਾਈ ਆਗੂਆਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ, ਮੁਖਤਿਆਰ ਸਿੰਘ ਪੂਹਲਾ, ਜਸਬੀਰ ਕੌਰ ਨੱਤ, ਨਰਿੰਜਨ ਸਿੰਘ ਸਫੀਪੁਰ ਨੇ ਕੀਤੀ। ਸੰਬੋਧਨ ਕਰਨ ਵਾਲਿਆਂ ਵਿੱਚ ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਆਰਐੱਮਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ ਐੱਮਐੱਲ ਨਿਊ ਡੈਮੋਕਰੇਸੀ ਦੇ ਦਰਸ਼ਨ ਸਿੰਘ ਖਟਕੜ, ਇਨਕਲਾਬੀ ਕੇਂਦਰ ਪੰਜਾਬ ਦੇ ਮੁਖਤਿਆਰ ਸਿੰਘ ਪੂਹਲਾ ਅਤੇ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਗੁਰਮੀਤ ਸਿੰਘ ਬਖਤਪੁਰਾ, ਐੱਮਸੀਪੀਆਈ ਯੂ ਦੇ ਕਿਰਨਜੀਤ ਸਿੰਘ ਸੇਖੋਂ ਸਨ।
ਬੁਲਾਰਿਆਂ ਨੇ ਕੇਂਦਰ ਦੀ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਦੀ ਪੁਰਜ਼ੋਰ ਨਿੰਦਾ ਕਰਦਿਆਂ ਮੰਗ ਕੀਤੀ ਕਿ ਮਾਉਵਾਦੀਆਂ, ਨਕਸਲਬਾੜੀਆਂ ਅਤੇ ਆਦਿਵਾਸੀਆਂ ਦੇ ਫਰਜ਼ੀ ਪੁਲੀਸ ਮੁਕਾਬਲੇ ਫੌਰੀ ਤੌਰ ’ਤੇ ਬੰਦ ਕੀਤੇ ਜਾਣ। ਮਾਓਵਾਦੀਆਂ ਨੂੰ ਖ਼ਤਮ ਕਰਨ ਦੇ ਬਹਾਨੇ ਜੰਗਲਾਂ ਵਿੱਚ ਮੁੱਢ ਕਦੀਮ ਤੋਂ ਵੱਸਦੇ ਆਦਿਵਾਸੀਆਂ ਦੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਗਏ ਹਨ। ਜਲ, ਜੰਗਲ, ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਧੜਾ ਧੜ ਵੇਚੇ ਜਾ ਰਹੇ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਹਕੂਮਤ ਵਿਰੁੱਧ ਬੋਲਣ ਤੇ ਲਿਖਣ ਵਾਲੇ ਬੁੱਧੀਜੀਵੀ, ਪੱਤਰਕਾਰ, ਅਗਾਂਹਵਧੂ ਆਗੂਆਂ ਤੇ ਚੈਨਲਾਂ ਵਾਲਿਆਂ ਨੂੰ ਫੌਰੀ ਤੌਰ ਤੇ ਰਿਹਾਅ ਕੀਤਾ ਜਾਵੇ।


ਕਨਵੈਨਸ਼ਨ ਵਿੱਚ ਪਾਸ ਕੀਤੇ ਗਏ ਮਤਿਆਂ ਰਾਹੀਂ ਦੇਸ਼ ਭਰ ਵਿੱਚ ਘੱਟ ਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲੀ ਮੁਹਿੰਮ ਬੰਦ ਕਰਨ, ਵਕਫ ਬੋਰਡ ਵਿੱਚ ਕੀਤੀਆਂ ਮੁਸਲਮਾਨਾਂ ਵਿਰੋਧੀ ਸੋਧਾਂ ਰੱਦ ਕਰਨ, ਪਹਿਲਗਾਮ ਘਟਨਾ ਦੀ ਆੜ ਵਿੱਚ ਕੇਂਦਰ ਸਰਕਾਰ ਵੱਲੋਂ ਸੰਧੂਰ ਅਪਰੇਸ਼ਨ ਦੇ ਪ੍ਰਚਾਰ ਨਾਲ ਅੰਨ੍ਹਾ ਰਾਸ਼ਟਰਵਾਦ ਭੜਕਾਉਣ, ਆਪਣੀ ਹਕੂਮਤ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਪਰਦਾ ਫਾਸ਼ ਕਰਨ ਦਾ ਦੇਸ਼ ਦੇ ਲੋਕਾਂ ਨੂੰ ਸੱਦਾ ਦੇਣ, ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦਾ ਕਤਲੇਆਮ ਬੰਦ ਕਰਨ ਅਤੇ ਫ਼ਲਸਤੀਨ ਨੂੰ ਆਜ਼ਾਦ ਕਰਨ, ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਵਿਦੇਸ਼ਾਂ ‘ਚੋਂ ਅਮਰੀਕਾ ਵਿਖੇ ਪੜ੍ਹਨ ਆਏ ਵਿਦਿਆਰਥੀਆਂ ਨੂੰ ਜ਼ਬਰਨ ਕੱਢਣ ਅਤੇ ਹਿੰਦੁਸਤਾਨ ਦੇ ਵਿਦਿਆਰਥੀਆਂ ਨੂੰ ਹੱਥ ਕੜੀਆਂ ਅਤੇ ਬੇੜੀਆਂ ਲਾ ਕੇ ਹਿੰਦੁਸਤਾਨ ਭੇਜਣ ਵਿਰੁੱਧ ਅਤੇ ਟਰੰਪ ਦੀ ਕੌਮਾਂਤਰੀ ਪੱਧਰ ਦੀ ਟਰੇਡ ਵਾਰ ਦੀ ਨਿਖੇਧੀ ਕਰਦਿਆਂ ਆਵਾਮ ਨੂੰ ਸੱਦਾ ਦਿੱਤਾ ਕਿ ਉਹ ਸਾਮਰਾਜੀ ਸਰਗਣੇ ਟਰੰਪ ਦੀ ਨੀਤੀ ਦਾ ਜ਼ੋਰਦਾਰ ਵਿਰੋਧ ਕਰਨ, ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾਉਣ ਦੀ ਨੀਤੀ ਖ਼ਤਮ ਕਰਨ, ਪੰਜਾਬ ਸਰਕਾਰ 17 ਜਿਲ੍ਹਿਆਂ ਵਿੱਚ ਉਪਜਾਊ ਜ਼ਮੀਨਾਂ ਤੇ ਅਰਬਨ ਅਸਟੇਟ ਬਣਾਉਣ ਦੇ ਕਾਰਪੋਰੇਟ ਤੇ ਲੁਟੇਰੇ ਕਦਮਾਂ ਦੀ ਨਿੰਦਾ ਕਰਦਿਆਂ ਵਾਪਸ ਲੈਣ ਦੀ ਮੰਗ ਕਰਦਿਆਂ ਲੋਕਾਂ ਨੂੰ ਸਰਕਾਰ ਦੀ ਇਸ ਨੀਤੀ ਵਿਰੁੱਧ ਲਾਮਬੰਦੀ ਦਾ ਹੋਕਾ ਦਿੱਤਾ ਗਿਆ। ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਕੰਵਲਜੀਤ ਖੰਨਾ ਨੇ ਬਾਖ਼ੂਬੀ ਨਿਭਾਈ।

Scroll To Top