Now Reading
ਲੋਕ ਮਾਰੂ ਨੀਤੀ ਵਾਪਸ ਲੈਣ ਦੀ ਮੰਗ

ਲੋਕ ਮਾਰੂ ਨੀਤੀ ਵਾਪਸ ਲੈਣ ਦੀ ਮੰਗ


ਅਜਨਾਲਾ: ਕਿਸਾਨਾਂ ਤੇ ਇਲਾਕੇ ਦੇ ਹੋਰ ਕਾਰੋਬਾਰੀ ਲੋਕਾਂ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਵਿਰੁੱਧ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਇਥੇ ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਿਲ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਧਨਵੰਤ ਸਿੰਘ ਖਤਰਾਏਂ ਕਲਾਂ ਨੇ ਦੱਸਿਆ ਕਿ ਪੰਜਾਬ ਛੋਟਾ ਸੂਬਾ ਹੋਣ ਦੇ ਕਾਰਨ ਵੀ ਕੇਂਦਰੀ ਅਨਾਜ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ ਪ੍ਰੰਤੂ ਕੇਂਦਰ ਤੇ ਸੂਬਾ ਸਰਕਾਰਾਂ ਅਜਿਹੀਆਂ ਕਿਸਾਨ ਤੇ ਲੋਕ ਵਿਰੋਧੀ ਪਾਲਸੀਆਂ ਸਮੇਂ ਸਮੇਂ ਤੇ ਲਿਆ ਰਹੀਆਂ ਹਨ,ਜਿਸ ਕਾਰਨ ਪੰਜਾਬ ਦੀ 105 ਲੱਖ ਏਕੜ ਜਰਖੇਜ ਭੂਮੀ ਨੂੰ ਭਾਰਤ ਮਾਲਾ ਜਿਹੇ ਪ੍ਰੋਜੈਕਟ ਅਤੇ ਲੈਂਡ ਪੂਲਿੰਗ ਰਾਹੀਂ ਕੋਈ 29 ਲੱਖ ਏਕੜ ਜਰਖੇਜ ਭੂਮੀ ਨੂੰ ਖੇਤੀ ਥੱਲਿਓਂ ਬਾਹਰ ਕੱਢ ਕੇ ਪੰਜਾਬ ਦੀ ਕਿਸਾਨੀ ਅਤੇ ਸੂਬੇ ਦੀ ਆਰਥਿਕਤਾ ਨੂੰ ਕਮਜ਼ੋਰ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਹਨ।
ਉਕਤ ਦੋਨਾਂ ਆਗੂਆਂ ਨੇ ਪ੍ਰੈਸ ਨੁਮਾਇੰਦਿਆਂ ਨੂੰ ਦੱਸਿਆ ਕਿ ਸੜਕਾਂ ਲਈ ਜ਼ਮੀਨਾਂ ਲੈਣ ਲਈ ਤਾਂ ਕੁਝ ਘੱਟ ਵੱਧ ਪੈਸੇ ਦਿੱਤੇ ਗਏ ਪ੍ਰੰਤੂ ਲੈਂਡ ਪੂਲਿੰਗ ਵਿੱਚ ਕਿਸਾਨ ਨੂੰ ਕੋਈ ਪੈਸਾ ਨਹੀਂ ਦੇਣਾ ਸਿਰਫ ਸਬਜ਼ਬਾਗ ਵਿਖਾਏ ਜਾ ਰਹੇ ਹਨ ਕਿ ਇੱਕ ਏਕੜ 4840 ਵਰਗ ਗਜ ਜ਼ਮੀਨ ਦੇਣ ਲਈ ਜਦੋਂ ਕਦੇ ਪਤਾ ਨਹੀਂ ਕਦੋਂ ਪ੍ਰੋਜੈਕਟ ਵਿਕਸਿਤ ਹੋਵੇਗਾ 1000 ਗਜ ਘਰ ਬਣਾਉਣ ਤੇ 200 ਗਜ ਪ੍ਰੋਜੈਕਟ ਵਿਕਸਿਤ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਦੇਖੋ ਕਿਸ ਤਰ੍ਹਾਂ ਅਖਬਾਰਾਂ ਵਿੱਚ ਸਬਜਬਾਗ ਵਿਖਾਏ ਹਨ ਤੇ ਕਿਸਾਨਾਂ ਨਾਲ ਦਿਨ ਦੀਵੀਂ ਠੱਗੀ ਮਾਰ ਰਹੇ ਹਨ ਪ੍ਰੰਤੂ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹਨਾਂ ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਤੁਰੰਤ ਐਸਕੇਐਮ ‘ਚ ਸ਼ਾਮਿਲ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਫੈਸਲਾ ਲਿਆ ਜਾਵੇਗਾ ਪਹਿਲੇ ਪੜਾਅ ‘ਚ ਅੰਮ੍ਰਿਤਸਰ ਜ਼ਿਲ੍ਹੇ ਦੀ 4464 ਏਕੜ ਜ਼ਮੀਨ ਜਿਨਾਂ ਪਿੰਡਾਂ ਦੀ ਆਉਂਦੀ ਹੈ ਉਹਨਾਂ ਦੀ ਕਨਵੈਨਸ਼ਨ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਦਾ ਲੈਂਡ ਪੂਲਿੰਗ ਪਾਲਸੀ ਵਿਰੁੱਧ ਮਤੇ ਪਾਏ ਜਾਣਗੇ ਅਤੇ ਉਪਰੰਤ ਜਦ ਵੀ ਇਹ ਸਕੀਮ ਲਈ ਜ਼ਮੀਨ ਲੈਣ ਪਿੰਡਾਂ ਵਿੱਚ ਅਧਿਕਾਰੀ ਆਉਣਗੇ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਪ੍ਰੈਸ ਮਿਲਣੀ ‘ਚ ਕਾਫੀ ਸਾਰਥਿਕ ਸਵਾਲ ਜਵਾਬ ਹੋਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਬਾਠ, ਮਾਸਟਰ ਅਮਰੀਕ ਸਿੰਘ ਸੰਗਤਪੁਰਾ, ਰੇਸ਼ਮ ਸਿੰਘ ਅਜਨਾਲਾ, ਵਿਜੇ ਸ਼ਾਹ ਧਾਲੀਵਾਲ, ਦਵਿੰਦਰ ਸਿੰਘ ਰਿਆੜ ਨੇ ਸਵਾਲਾਂ ਜਵਾਬਾਂ ਵਿੱਚ ਹਿੱਸਾ ਲਿਆ।
ਪ੍ਰੈਸ ਮਿਲਣੀ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਤੇ ਲੋਕ ਵਿਰੋਧੀ ਲੈਂਡ ਪੋਲਿੰਗ ਨੀਤੀ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ ਤੇ ਜ਼ੋਰਦਾਰ ਆਵਾਜ਼ ‘ਚ ਕਿਹਾ ਗਿਆ ਇਹ ਕਿਸਾਨ ਲੋਕ ਮਾਰੂ ਨੀਤੀ ਤੁਰੰਤ ਵਾਪਸ ਲਈ ਜਾਵੇ।

Scroll To Top