
ਸਰਦੂਲਗੜ੍ਹ: ਸਥਾਨਕ ਸ਼੍ਰੀ ਹਨੂੰਮਾਨ ਮੰਦਰ ਵਿਖੇ ਸਰਵ ਸਾਥੀ ਆਤਮਾ ਰਾਮ ਸਰਦੂਲਗੜ੍ਹ, ਮੰਗਤ ਰਾਮ ਕਰੰਡੀ, ਪਰਮਜੀਤ ਕੌਰ ਰੋੜਕੀ, ਦਯਾ ਰਾਮ ਦੀ ਪ੍ਰਧਾਨਗੀ ਹੇਠ ‘ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ’ (ਜੇਪੀਐਮਓ) ਦੀ ਤਹਿਸੀਲ ਪੱਧਰੀ ਕਨਵੈਨਸ਼ਨ ਸੱਦੀ ਗਈ। ਕਨਵੈਨਸ਼ਨ ਵਿਚ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਸਸਫ 1406- 22 ਬੀ ਚੰਡੀਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਗੌਰਮਿੰਟ ਟੀਚਰ ਯੂਨੀਅਨ, ਸਫਾਈ ਸੇਵਕ ਯੂਨੀਅਨ, ਮਨਰੇਗਾ ਵਰਕਰ ਯੂਨੀਅਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ।
ਮੁਖ ਬੁਲਾਰੇ, ਮੰਚ ਦੇ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਖਿਲਾਫ ਜਨ ਸੰਗਰਾਮ ਪ੍ਰਚੰਡ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਕੁਰਾਹੇ ਪਾ ਰਹੀਆਂ ਫਿਰਕੂ-ਫਾਸ਼ੀ ਵੰਡਵਾਦੀ ਤਾਕਤਾਂ ਨੂੰ ਭਾਂਜ ਦੇਣ ਦੀ ਵੀ ਅਪੀਲ ਕੀਤੀ। ਲਾਲ ਚੰਦ ਸਰਦੂਲਗੜ੍ਹ, ਗੁਰਦਾਸ ਸਿੰਘ ਰਾਇਪੁਰ, ਗੁਰਦੇਵ ਸਿੰਘ ਲੋਹਗੜ੍ਹ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਕ ਦੇ ਫਰਜ ਸਾਥੀ ਦਰਸ਼ਨ ਸਿੰਘ ਜਟਾਣਾ ਨੇ ਬਾਖੂਬੀ ਨਿਭਾਏ।
ਇਸ ਮੌਕੇ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਇਕ ਮਤੇ ਰਾਹੀਂ ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ‘ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਨਿਰਣਾ ਲਿਆ ਗਿਆ। ਜੁਲਾਈ ਦੇ ਦੂਜੇ ਹਫਤੇ ਬਠਿੰਡਾ ਵਿਖੇ ਹੋਣ ਜਾ ਰਹੀ ਮਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ ਵਿਚ ਵਿਸ਼ਾਲ ਜੱਥਾ ਭੇਜਣ ਅਤੇ 3 ਜੂਨ ਨੂੰ ਸਫਾਈ ਸੇਵਕਾਂ ਵਲੋਂ ਸਰਦੂਲਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਮਜ਼ਾਹਰੇ ‘ਚ ਵੀ ਭਰਵਾਂ ਹਿੱਸਾ ਪਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਪੁਲਸ ਹਿਰਾਸਤ ਵਿਚ ਤਸੀਹੇ ਦੇ ਕੇ ਮਾਰੇ ਗਏ ਗੋਨਿਆਨਾ ਮੰਡੀ ਦੇ ਅਧਿਆਪਕ ਨੂੰ ਇਨਸਾਫ ਦਿਵਾਉਣ ਲਈ 6 ਜੂਨ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਦੀ ਡਟਵੀਂ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਰਵ ਸੰਮਤੀ ਨਾਲ ਗੁਰਦਾਸ ਸਿੰਘ ਰਾਇਪੁਰ, ਦਰਸ਼ਨ ਸਿੰਘ ਜਟਾਣਾ, ਦਇਆ ਰਾਮ, ਆਤਮ ਰਾਮ, ਲਾਲ ਚੰਦ, ਗੁਰਦੇਵ ਸਿੰਘ ਲੋਹਗੜ੍ਹ, ਮਨਦੀਪ ਸਿੰਘ ‘ਤੇ ਆਧਾਰਿਤ ਤਾਲਮੇਲ ਕਮੇਟੀ ਚੁਣੀ ਗਈ। ਇਸ ਮੌਕੇ ਦੋਧੀ ਯੂਨੀਅਨ ਵਲੋਂ ਚਾਹ ਦਾ ਲੰਗਰ ਲਗਾਇਆ ਗਿਆ।