
ਮੁੱਲਾਪੁਰ: ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਲੁਧਿਆਣਾ ਦੀ ਸਾਂਝੀ ਮੀਟਿੰਗ ਦਾਣਾ ਮੰਡੀ ਮੁੱਲਾਪੁਰ ਵਿੱਚ ਬਲਦੇਵ ਸਿੰਘ ਲਤਾਲਾ, ਮਹਿੰਦਰ ਸਿੰਘ ਕਮਾਲਪੁਰਾ ਅਤੇ ਜੋਗਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਸਰਾਭਾ ਜੀ ਦੇ ਵਿਚਾਰਾਂ ਤੋਂ ਸੇਧ ਲੈਕੇ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਫੈਸਲਾ ਕਰਦਿਆਂ ਆਗੂਆਂ ਨੇ ਆਖਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਜਬਰੀ ਐਕੁਵਾਇਰ ਕਰਨ ਵਿਰੁੱਧ 27 ਮਈ ਨੂੰ 11 ਵਜੇ ਸਵੇਰੇ ਗਲਾਡਾ ਦੇ ਦਫ਼ਤਰ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚੇ, ਪੀੜਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਵੱਲੋ “ਚਿਤਾਵਨੀ ਰੈਲੀ” ਕਰਕੇ ਸਰਕਾਰ ਨੂੰ ਇਹ ਯੋਜਨਾ ਰੱਦ ਕਰਨ ਦੀ ਮੰਗ ਕਰਨਗੇ। ਆਗੂਆਂ ਨੇ ਆਖਿਆ ਕਿ ਇਲਾਕੇ ਦੇ ਪਿੰਡ ਸਰਕਾਰ ਦੀ ਇਸ ਯੋਜਨਾ ਵਿਰੁੱਧ ਆਮ ਇਜਲਾਸ ਕਰਕੇ ਮਤੇ ਪਾਸ ਕਰ ਰਹੇ ਹਨ।
ਆਗੂਆਂ ਨੇ ਪਿੰਡਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਨੇ ਹਾਲੇ ਤੱਕ ਮਤੇ ਪਾਸ ਨਹੀਂ ਕੀਤੇ ਉਹ ਜਲਦੀ ਮਤੇ ਪਾ ਕੇ ਭੇਜਣ। ਆਗੂਆਂ ਨੇ ਆਖਿਆ ਕਿ “ਚਿਤਾਵਨੀ ਰੈਲੀ” ਦੀ ਤਿਆਰੀ ਲਈ ਜ਼ਿਲ੍ਹੇ ਦੇ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ, ਜਲਸੇ ਕਰਕੇ ਲੋਕਾ ਨੂੰ ਲਾਮਬੰਦ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਆਲ ਇੰਡੀਆ ਕਿਸਾਨ ਸਭਾ (1936) ਦੇ ਚਮਕੌਰ ਸਿੰਘ ਬਰਮੀ, ਜਸਵੀਰ ਸਿੰਘ ਝੱਜ, ਆਲ ਇਡੀਆ ਕਿਸਾਨ ਸਭਾ (ਹੱਨਨ ਮੁੱਲਾ) ਦੇ ਰੂਪ ਬਸੰਤ ਸਿੰਘ ਵੜੈਚ, ਬਲਦੇਵ ਸਿੰਘ ਲਤਾਲਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜਗਰੂਪ ਸਿੰਘ ਹਸਨਪੁਰ, ਅਮਨਦੀਪ ਸਿੰਘ ਲੱਲਤੋ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮਹਿੰਦਰ ਸਿੰਘ ਕਮਾਲਪੁਰਾ, ਰਾਜਵੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਚਰਨ ਸਿੰਘ ਨੂਰਪੁਰਾ, ਸੁਦਾਗਰ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮਨਪ੍ਰੀਤ ਸਿੰਘ, ਰਣਵੀਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜੋਗਿੰਦਰ ਸਿੰਘ ਢਿੱਲੋ, ਹਰੀ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਸਾਬਕਾ ਸਰਪੰਚ ਹਰਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਮਨਪ੍ਰੀਤ ਸਿੰਘ ਘੁਲਾਲ ਨੇ ਮੀਟਿੰਗ ਨੂੰ ਸੰਬੋਧਨ ਕੀਤਾ।