
ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜਲੰਧਰ-ਕਪੂਰਥਲਾ ਵਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਰ ਵਿਖੇ ਇਕੱਠ ਕਰਨ ਤੋਂ ਬਾਅਦ ਡੀਸੀ ਜਲੰਧਰ ਨੂੰ ਇੱਕ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁਖ ਮੰਤਰੀ ਲਈ ਭੇਜਿਆ ਗਿਆ।
ਇਸ ਮੰਗ ਪੱਤਰ ‘ਚ ਹੜ੍ਹ ਪੀੜਤਾਂ ਅਤੇ ਬਾਰਸ਼ਾਂ ਕਾਰਨ ਪੈਦਾ ਹੋਈ ਦੁਰਦਸ਼ਾ ਬਾਰੇ ਜਾਣੂੰ ਕਰਵਾਉਣ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਵੱਲੋਂ ਉਨ੍ਹਾਂ ਪ੍ਰਤੀ ਅਪਣਾਈ ਜਾ ਰਹੀ ਅਣਗਹਿਲੀ ਖਿਲਾਫ਼ ਰੋਸ ਮੁਜ਼ਾਹਰੇ ਦਾ ਆਯੋਜਨ ਕੀਤਾ ਗਿਆ। ਇਸ ਦਾ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਨੇ ਕੀਤੀ। ਇਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਹੜ੍ਹਾਂ ਦੀ ਸਮੱਸਿਆ ਕੁਦਰਤੀ ਘੱਟ ਮਨੁੱਖੀ ਅਣਗਹਿਲੀਆਂ ਦਾ ਸਿੱਟਾ ਜਿਆਦਾ ਹੈ। ਹੜ੍ਹ ਮਗਰੋਂ ਜਿਸ ਢੰਗ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਨੇ ਪੇਸ਼ ਆ ਰਹੀ ਹੈ, ਉਸ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ। ਪਾਸਲਾ ਨੇ ਅੱਗੇ ਕਿਹਾ ਕਿ ਕੇਂਦਰ ਨੇ ਬਹੁਤ ਹੀ ਨਿਗੂਣੀ ਰਾਸ਼ੀ ਦਾ ਹਾਲੇ ਸਿਰਫ਼ ਐਲਾਨ ਹੀ ਕੀਤਾ ਹੈ ਅਤੇ ਪੰਜਾਬ ਨੂੰ ਕੁਦਰਤੀ ਆਫ਼ਤਾਂ ਲਈ ਰਾਂਖਵੇ ਰੱਖੇ ਫ਼ੰਡ ਹਾਲੇ ਤੱਕ ਨਹੀਂ ਲੱਭੇ। ਪੰਜਾਬ ਸਰਕਾਰ ਨੇ ਵੀ ਅਲੱਗ ਤੋਂ ਇੱਕ ਫੰਡ ਕਾਇਮ ਕਰਕੇ ਕੇਂਦਰ ਦੇ ਪੀਐੱਮ ਕੇਅਰ ਵਾਂਗ ਇੱਕ ਫੰਡ ਲਈ ਕੋਟੇ ਲਗਾ ਦਿੱਤੇ ਹਨ, ਜਿਥੇ ਹਰ ਤਰ੍ਹਾਂ ਦਾ ਪੈਸਾ ਇਕੱਠਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪਾਸਲਾ ਨੇ ਕਿਹਾ ਕਿ ਲੋਕਾਂ ਦੇ ਘਰ ਡਿੱਗ ਪਏ, ਕੀਮਤਾਂ ਜਾਨਾਂ ਚਲੀਆਂ ਗਈਆਂ, ਕੀਮਤੀ ਪਸ਼ੂ ਹੜ੍ਹਾਂ ‘ਚ ਰੁੜ ਗਏ, ਜਿਸ ਬਾਰੇ ਪੁੱਛਣ ਨੂੰ ਕੋਈ ਤਿਆਰ ਨਹੀ।
ਪਾਸਲਾ ਨੇ ਕਿਹਾ ਕਿ ਬੀਬੀਐੱਮਬੀ ਬਾਰੇ ਪੰਜਾਬ ਸਰਕਾਰ ਚੁੱਪ ਹੈ ਅਤੇ ਨਾ ਹੀ ਸਰਕਾਰ ਨੇ ਹੜ੍ਹਾਂ ਨੂੰ ਲੈ ਕੇ ਅਗਾਂਊ ਕੋਈ ਤਿਆਰੀ ਕੀਤੀ ਸੀ।
ਅੰਤਰਰਾਜੀ ਮਜ਼ਦੂਰਾਂ ਬਾਰੇ ਉਨ੍ਹਾਂ ਕਿਹਾ ਕਿ ਜਿਸ ਨੇ ਇਹ ਕਾਰਾ ਕੀਤਾ ਚਾਹੇ ਉਹ ਕਿਸੇ ਥਾਂ ਤੋਂ ਹੋਵੇ, ਉਸ ਨੂੰ ਸਖਤ ਸਜਾਂ ਮਿਲਣੀ ਚਾਹੀਦੀ ਹੈ ਪਰ ਇਸ ਨਾਂ ਹੇਠ ਅੰਤਰਰਾਜੀ ਮਜ਼ਦੂਰਾਂ ਨੂੰ ਇਥੋਂ ਕੱਢਿਆ ਜਾਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਕੁੱਝ ਏਜੰਸੀਆਂ ਫੁੱਟ ਪਵਾ ਕੇ ਪਹਿਲਾ ਬਿਹਾਰ ‘ਚੋਂ ਅਤੇ ਮਗਰੋਂ ਪੰਜਾਬ ‘ਚੋਂ ਵੋਟਾਂ ਲੈਣ ਲਈ ਹੱਥਕੰਢੇ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਤੇ ਆਰਐੱਸਐੱਸ ਦੇ ਮਨਸੂਬੇ ਸਫ਼ਲ ਨਹੀ ਹੋਣ ਦੇਣਗੇ।
ਇਕੱਠ ਨੂੰ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹੀ ਨਹੀਂ ਸਗੋਂ ਦੂਜੇ ਰਾਜਾਂ ਅਤੇ ਵਿਦੇਸ਼ਾਂ ‘ਚੋਂ ਵੀ ਮਦਦ ਆਈ ਹੈ ਪਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜੀ ਹੋਈ ਦਿਖਾਈ ਦਿੰਦੀ ਹੈ। ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਦੁਨੀਆ ਭਰ ‘ਚ ਮੁਨਾਫੇ ਦੀ ਅੰਨੀ ਦੌੜ ਕਾਰਨ ਵਾਤਾਵਰਣ ਤਬਦੀਲ ਹੋ ਰਿਹਾ ਹੈ, ਜਿਸ ਨਾਲ ਕੁਦਰਤੀ ਆਫਤਾ ਦੇ ਖਤਰੇ ਪਹਿਲਾ ਨਾਲੋਂ ਹੋਰ ਵਧਣਗੇ। ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਹੋਰ ਪਤਲੀ ਹੋ ਗਈ ਹੈ, ਨੁਕਸਾਨ ਵੀ ਹੋ ਗਿਆ ਅਤੇ ਕੰਮ ਵੀ ਨਹੀਂ ਮਿਲ ਰਿਹਾ। ਸੂਬਾ ਕਮੇਟੀ ਮੈਂਬਰ ਮਨੋਹਰ ਗਿੱਲ ਅਤੇ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਰੇਤਾ ਹਟਾਉਣਾ ਵੱਡਾ ਕੰਮ ਹੈ, ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਲੱਗੀਆਂ ਹੋਈਆਂ ਹਨ ਪਰ ਸਰਕਾਰ ਨੇ ਕੋਈ ਨੀਤੀ ਨਹੀਂ ਅਪਣਾਈ। ਜਿਸ ਦਾ ਖੇਤ, ਉਸ ਦੀ ਰੇਤ ਦੇ ਫੈਸਲੇ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਲੋਕ ਅਜਿਹੀ ਰੇਤ ਦਾ ਕੀ ਕਰਨਗੇ, ਇਹ ਰੇਤ ਨਾ ਉਸਾਰੀ ਦੇ ਕੰਮ ਆਉਣੀ ਹੈ ਅਤੇ ਨਾ ਹੀ ਖੇਤੀ ਦੇ ਕੰਮ ਆਉਣੀ ਹੈ।
ਇਸ ਮੌਕੇ ਤਹਿਸੀਲ ਸ਼ਾਹਕੋਟ ਦੇ ਸਕੱਤਰ ਨਿਰਮਲ ਮਲਸੀਆ, ਤਹਿਸੀਲ ਜਲੰਧਰ ਦੇ ਪ੍ਰਧਾਨ ਰਾਮ ਕਿਸ਼ਨ, ਸਕੱਤਰ ਬਲਦੇਵ ਸਿੰਘ ਨੂਰਪੁਰੀ, ਖਜਾਨਚੀ ਹਰੀ ਮੁਨੀ ਸਿੰਘ, ਤਹਿਸੀਲ ਨਕੋਦਰ ਦੇ ਸਕੱਤਰ ਦਲਵਿੰਦਰ ਸਿੰਘ ਅਤੇ ਕਪੂਰਥਲਾ ਦੇ ਸਕੱਤਰ ਹਰਬੰਸ ਮੱਟੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਮਗਰੋਂ ਦੇਸ਼ ਭਗਤ ਯਾਦਗਾਰ ਹਾਲ ਤੋਂ ਕਾਫਲਾ ਡੀਸੀ ਦਫਤਰ ਲਈ ਰਵਾਨਾ ਹੋਇਆ। ਜਿਥੇ ਆਗੂਆਂ ਨੇ ਮੁਖ ਮੰਤਰੀ ਪੰਜਾਬ ਦੇ ਸਲਾਹਕਾਰ ਨਵਦੀਪ ਸਿੰਘ ਅਤੇ ਜੀਏ ਟੂ ਡੀਸੀ ਰੋਹਿਤ ਜਿੰਦਲ ਨੂੰ ਮੰਗ ਪੱਤਰ ਸੌਂਪਿਆ।