
ਅੰਮ੍ਰਿਤਸਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਹੜ੍ਹ ਪੀੜਤਾਂ ਦੇ ਜਾਨੀ – ਮਾਲੀ, ਫ਼ਸਲਾਂ ਤੇ ਹੋਰ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਲੈਣ ਸਬੰਧੀ ਅਤੇ ਸੂਬੇ ਦੇ ਹੜ੍ਹ ਪੀੜਿਤਾਂ ਦੀ ਹੋਈ ਦੂਰਦਸ਼ਾ ਬਾਰੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਜਾਣੂ ਕਰਵਾਉਣ ਅਤੇ ਪ੍ਰਸ਼ਾਸ਼ਨਿਕ ਮਸ਼ੀਨਰੀ ਵੱਲੋਂ ਉਨ੍ਹਾਂ ਪ੍ਰਤੀ ਅਪਣਾਈ ਜਾ ਰਹੀ ਅਣਗਹਿਲੀਂ ਖ਼ਿਲਾਫ਼ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ’ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਦੇ ਆਗੂ, ਕਾਰਕੁੰਨ, ਨੌਜਵਾਨ ਤੇ ਹੋਰ ਮਿਹਨਤਕਸ਼ ਲੋਕ ਪਾਰਟੀ ਦੇ ਝੰਡੇ ਲੈਕੇ ਨਾਅਰੇ ਮਾਰਦੇ ਸ਼ਾਮਿਲ ਹੋਏ>
ਮੁਜ਼ਾਹਰੇ ਦੀ ਪ੍ਰਧਾਨਗੀ ਆਰਐੱਮਪੀਆਈ ਦੇ ਆਗੂਆ ਹਰਪ੍ਰੀਤ ਸਿੰਘ ਬੁਟਾਰੀ , ਕੁਲਵੰਤ ਸਿੰਘ ਮੱਲੂਨੰਗਲ, ਜਗਤਾਰ ਸਿੰਘ ਕਰਮਪੁਰਾ ਤੇ ਮੁਖਤਿਆਰ ਸਿੰਘ ਮੁਹਾਵਾ ਨੇ ਕੀਤੀ। ਜਿੱਥੇ ਸਮੂਹ ਬੁਲਾਰਿਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਕੇਂਦਰ ਸਰਕਾਰ ਸੂਬੇ ਦੇ ਹੜ੍ਹ ਪੀੜਤਾਂ ਦੇ ਵੱਡੇ ਪੱਧਰ ਤੇ ਹੋਏ ਨੁਕਸਾਨ ਦੀ ਪੂਰਤੀ ਅਤੇ ਉਹਨਾਂ ਦੇ ਮੁੜ ਵਸੇਬੇ ਅਤੇ ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਪੰਜਾਬ ਨੂੰ ਘੱਟੋਘੱਟ 40 ਹਜ਼ਾਰ ਕਰੋੜ ਰੁਪਏ ਅੰਤਿ੍ਮ ਰਾਹਿਤ ਵੱਜੋਂ ਦਿੱਤੇ ਜਾਣ ਅਤੇ ਪੰਜਾਬ ਸਰਕਾਰ ਵੀ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਆਪਣਾ ਵੱਡਾ ਯੋਗਦਾਨ ਪਾਵੇ। ਪਾਰਟੀ ਆਗੂਆਂ ਨੇ ਸਮੂਚੇ ਹੜ੍ਹ ਪੀੜਤਾਂ ਪਰਿਵਾਰਾਂ ਯਾਨੀ ਬੇਜ਼ਮੀਨੇ – ਸਾਧਨਹੀਨ ਕਿਰਤੀਆਂ, ਗਰੀਬ ਕਿਸਾਨਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਘੱਟੋਘੱਟ 1 ਲੱਖ ਰੁਪਏ ਪ੍ਰਤੀ ਪਰਿਵਾਰ ਅੰਤਿਮ ਰਾਹਤ ਵਜੋਂ ਦਿੱਤੇ ਜਾਵੇ।
ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਰਐੱਮਪੀਆਈ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਕਰੋਪੀ ਨਹੀਂ, ਕੇਂਦਰ ਤੇ ਪੰਜਾਬ ਸਰਕਾਰ ਦੇ ਡੈਮਾਂ ਨੂੰ ਕੰਟਰੋਲ ਕਰਨ ਵਾਲੇ ਪ੍ਰਕਾਸ਼ਨ ਦੀ ਘੋਰ ਲਾਪਰਵਾਹੀ ਅਤੇ ਪੰਜਾਬ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੁੰਦੇ ਰਹੇ ਗੈਰ ਕਾਨੂੰਨੀ ਖਨਨ ਤੇ ਵਣਾਂ ਦੀ ਕਟਾਈ ਕਰਕੇ ਵੀ ਭਾਰੀ ਤਬਾਹੀ ਹੋਈ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਕਸੂਰਵਾਰ ਅਧਿਕਾਰੀਆਂ ਅਤੇ ਖਾਸਕਰਕੇ ਮੁੱਖ ਕਸੂਰਵਾਰ ਸਿੰਚਾਈ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਜਿਹੇ ਹਲਾਤਾਂ ਵਿੱਚ ਉੱਕਤ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਹੜ੍ਹਾਂ ਨਾਲ ਮਾਰੀਆਂ ਗਈਆਂ ਫਸਲਾਂ ਦਾ ਹਰੇਕ ਕਾਸ਼ਤਕਾਰ ਤੇ ਅਬਾਦਕਾਰ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਕਣਕ ਦੀ ਬਿਜਾਈ ਲਈ ਹੜ੍ਹ ਪੀੜਤ ਕਾਸ਼ਤਕਾਰਾਂ ਨੂੰ ਮੁਫ਼ਤ ਬੀਜ਼, ਖਾਦ ਤੇ ਡੀਜ਼ਲ ਉਪਲੱਭਧ ਕੀਤਾ ਜਾਵੇ, ਦਰਿਆ ਬੁਰਦ ਹੋਈਆਂ ਜ਼ਮੀਨਾਂ ਦੇ ਬਦਲੇ ਹੋਰ ਜ਼ਮੀਨਾਂ ਦੀ ਪੱਕੀ ਅਲਾਟਮੈਂਟਾਂ ਕੀਤੀ ਜਾਵੇ ਜਾਂ 50 ਲੱਖ ਪ੍ਰਤੀ ਏਕੜ ਦਿੱਤੇ ਜਾਣ।
ਪਾਰਟੀ ਦੇ ਸੂਬਾ ਕਮੇਟੀ ਮੈਂਬਰ ਅਮਰੀਕ ਸਿੰਘ ਦਾਊਦ, ਜਗਤਾਰ ਸਿੰਘ ਕਰਮਪੁਰਾ ਤੇ ਪਾਰਟੀ ਆਗੂ ਸੁਰਜੀਤ ਸਿੰਘ ਦੁਧਰਾਏ ਨੇ ਜ਼ੋਰਦਾਰ ਮੰਗ ਕੀਤੀ ਕਿ ਭਾਰੀ ਬਾਰਸ਼ਾਂ ਤੇ ਹੜ੍ਹਾਂ ਨਾਲ ਪੂਰੀ ਤਰਾਂ ਢਹਿ ਗਏ ਤੇ ਆੰਸ਼ਿਕ ਤੌਰ ’ਤੇ ਨੁਕਸਾਨੇ ਗਏ ਮਕਾਨਾਂ ਦੀ ਉਸਾਰੀ ਲਈ ਘੱਟੋ ਘੱਟ 10 ਲੱਖ ਰੁਪਏ ਪ੍ਰਤੀ ਮਕਾਨ ਦਿੱਤੇ ਜਾਣ ਅਤੇ ਹੜ੍ਹ ਪੀੜਤਾਂ ਦਾ ਹਰ ਪ੍ਰਕਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।
ਪਾਰਟੀ ਦੇ ਪ੍ਰਮੁੱਖ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਬਲਦੇਵ ਸਿੰਘ ਸੈਦਪੁਰ, ਕੁਲਵੰਤ ਸਿੰਘ ਮੱਲੂਨੰਗਲ ਤੇ ਹਰਭਜਨ ਸਿੰਘ ਕਰਪਈ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਹੜ੍ਹਾਂ ’ਚ ਮਰੀ ਮੱਝ – ਗਾਵਾਂ ਦਾ 1 ਲੱਖ ਰੁਪਏ, ਖੱਚਰ ਜਾਂ ਗਧਾ – ਗਧੀ ਦਾ 50 ਹਜ਼ਾਰ ਰੁਪਏ, ਭੇਡ – ਬੱਕਰੀ ਆਦਿ ਦਾ 20 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ ਅਤੇ ਹੜ੍ਹਾਂ ਵਿੱਚ ਜਾਣ ਗੁਵਾਉਣ ਵਾਲਿਆਂ ਦੇ ਵਾਰਸਾਂ ਨੂੰ ਘੱਟੋਘੱਟ 25 ਲੱਖ ਰੁਪਏ ਤੇ ਮਿਰਤਕ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਸਮੂਹ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਹੜ੍ਹਾਂ ਦੀ ਪੱਕੀ ਰੋਕਥਾਮ ਲਈ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ। ਇਸ ਸਮੇਂ ਜਿੱਥੇ ਹੜ੍ਹਾਂ ਦਾ ਬਣਦਾ ਮੁਆਵਜਾ ਲੈਣ ਲਈ ਡੀਸੀ ਅੰਮ੍ਰਿਤਸਰ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਲਈ ਮੰਗ ਪੱਤਰ ਦਿੱਤੇ ਗਏ ਉੱਥੇ ਮੁੱਖ ਮੰਤਰੀ ਦੇ ਨਾਮ ਅੰਤਰਰਾਜੀ ਕਿਰਤੀਆਂ ਖਿਲਾਫ ਜਾਰੀ ਨਫ਼ਰਤੀ ਮੁਹਿੰਮ ਤੇ ਹਮਲੇ ਠੱਲ੍ਹਣ ਲਈ ਅਸਰਦਾਰ ਕਦਮ ਚੁੱਕੇ ਜਾਣ।
ਧਰਨੇ ਦੌਰਾਨ ਹੜ੍ਹ ਪੀੜਤਾਂ ਦਾ ਯੋਗ ਮੁਆਵਜ਼ਾ ਲੈਣ ਲਈ ਡੀਸੀ ਅੰਮ੍ਰਿਤਸਰ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਨੇ ਮੰਗ ਪੱਤਰ ਦਿੱਤੇ ਗਏ ਉੱਥੇ ਅੰਤਰਰਾਜੀ ਕਿਰਤੀ ਰਾਖ਼ੀ ਲਈ ਮੁੱਖ ਮੰਤਰੀ ਪੰਜਾਬ ਨੂੰ ਵੀ ਡੀਸੀ ਰਾਹੀਂ ਮੰਗ ਪੱਤਰ ਦਿੱਤਾ ਗਿਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਭਿੰਡਰ, ਟਹਿਲ ਸਿੰਘ ਚੇਤਨਪੁਰਾ, ਮਾਨ ਸਿੰਘ ਮੁਹਾਵਾ, ਪਲਵਿੰਦਰ ਸਿੰਘ ਮਹਿਸਮਪੁਰਾ, ਮੰਗਲ ਸਿੰਘ ਟਾਂਡਾ, ਸਰਬਜੀਤ ਸਿੰਘ ਭਿੰਡਰ, ਵਿਰਸਾ ਸਿੰਘ ਪਟਿਆਲਾ, ਪ੍ਰੋ. ਮਾਲਕ ਸਿੰਘ ਗੁਰਾਲਾ, ਸੁਖਦੇਵ ਸਿੰਘ ਕੱਕੜ, ਪਾਰਟੀ ਦੇ ਆਗੂ ਨੌਜਵਾਨ ਜੱਗਾ ਸਿੰਘ ਡੱਲਾ ਤੇ ਗਾਇਕ ਗੁਰਪਾਲ ਗਿੱਲ ਸੈਦਪੁਰ, ਪਲਵਿੰਦਰ ਸਿੰਘ ਝੁਬਾਲ ਤੇ ਦੇਸਾ ਸਿੰਘ ਭਿੰਡੀ ਔਲਖ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
