
ਪਠਾਨਕੋਟ: ਲੋੜ ਅਧਾਰਿਤ ਘੱਟੋ ਘੱਟ ਤਨਖਾਹ ਪ੍ਰਾਪਤੀ ਤੇ ਮਹਿੰਗਾਈ ਭੱਤੇ ਨੂੰ ਤਨਖਾਹ ਵਿੱਚ ਸ਼ਾਮਲ ਕਰਾਉਣ, ਵਿਵਾਦਤ ਮਸਲੇ ਹੱਲ ਕਰਨ ਤੇ ਸੇਵਾ ਨਿਯਮਾਂ ‘ਚ ਮੁਲਾਜ਼ਮ ਪੱਖੀ ਸੋਧਾਂ ਲਾਗੂ ਕਰਾਉਣ ਹਿੱਤ ਮੁਲਾਜ਼ਮਾਂ ਦੀ 19 ਸਤੰਬਰ 1968 ਨੂੰ ਦੇਸ਼ ਵਿਆਪੀ ਹੜਤਾਲ ਸਮੇਂ ਸਰਕਾਰ ਦੇ ਜਬਰ ਤੇ ਪੁਲਿਸ ਵਲੋਂ ਚਲਾਈ ਗੋਲੀ ਦੌਰਾਨ ਪਠਾਨਕੋਟ ਰੇਲਵੇ ਸਟੇਸ਼ਨ ਵਿਖੇ ਸ਼ਹੀਦ ਹੋਏ ਰੇਲ ਕਾਮਿਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਂਸ਼ਲ ਪਠਾਨਕੋਟ ਵੱਲੋਂ 57ਵੀਂ ਸ਼ਹੀਦੀ ਕਾਨਫਰੰਸ ਵਿੱਚ 19 ਸਤੰਬਰ 2025 ਨੂੰ ਰੇਲਵੇ ਸਟੇਸ਼ਨ ਪਠਾਨਕੋਟ ਹੁਮ ਹੁਮਾਕੇ ਪੁੱਜਣ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ।
ਨਾਰਦਰਨ ਰੇਲਵੇ ਮੈਨਜ਼ ਯੂਨੀਅਨ (ਐੱਨਆਰਐੱਮਯੂ) ਦੇ ਦਫ਼ਤਰ ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਸ਼ਲ ਪਠਾਨਕੋਟ ਦੇ ਪ੍ਰਧਾਨ ਕਾਮਰੇਡ ਹਰਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕੌਂਸਲ ਜਨਰਲ ਸੈਕਟਰੀ ਕਾਮਰੇਡ ਸ਼ਿਵ ਦੱਤ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਦੇ ਬਨਣ ਤੋਂ ਲੈ ਕੈ ਹੁਣ ਤੱਕ ਇਹ ਸਰਕਾਰ ਕਾਰਪੋਰੇਟ ਪੱਖੀ ਨਵਉਦਾਰਵਾਦੀ ਨੀਤੀਆਂ ਹੀ ਜਾਰੀ ਨਹੀ ਰੱਖੀ ਰਹੀ ਸਗੋਂ ਇਹਨਾਂ ਨੂੰ ਹੋਰ ਤੇਜੀ ਤੇ ਬੇਦਰਦੀ ਨਾਲ ਭਾਰਤੀ ਲੋਕਾਂ ਸਿਰ ਮੜਨ ਜਾ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਰੇਲ, ਟੈਲੀਫੋਨ, ਬਿਜਲੀ ਵਿਭਾਗ, ਆਵਾਜਾਈ ਦੇ ਸਾਰੇ ਸਾਧਨਾਂ ਦਾ ਧੜਾਧੜ ਨਿਜੀਕਰਨ ਤੇ ਨਿਗਮੀਕਰਨ ਕੀਤਾ ਜਾ ਰਿਹਾ ਹੈ। ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਕਾਰਨ ਲੋਕਾਂ ਵਿਚ ਬੇਚੈਨੀ ਵੀ ਵੱਧ ਰਹੀ ਹੈ।
ਮੀਟਿੰਗ ਵਿਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਦੇਸ਼ ਵਿਚ ਹੋ ਰਹੇ ਜਾਤੀ ਦੰਗਾ ਫਸਾਦ, ਮਹਿਲਾਵਾਂ ਤੇ ਦਲਿਤਾਂ ਉਤੇ ਹੋ ਰਹੇ ਅੱਤਿਆਚਾਰ ਅਤੇ ਵਧੀਕੀਆਂ ਅੱਤ ਨਿੰਦਣਯੋਗ ਹਨ। ਮਜ਼ਦੂਰ ਕਿਸਾਨ ਮੁਲਾਜ਼ਮ ਨੌਜਵਾਨ ਬੇਰੁਜਗਾਰ ਅਤੇ ਆਮ ਲੋਕ ਮੋਜੂਦਾ ਕੇਂਦਰ ਤੇ ਪੰਜਾਬ ਸਰਕਾਰ ਤੋਂ ਡਾਡੇ ਪ੍ਰੇਸ਼ਾਨ ਹਨ। ਇਨ੍ਹਾਂ ਸਾਰੀਆਂ ਬੁਰਾਈਆਂ ਦਾ ਹੱਲ ਵਿਸ਼ਾਲ ਏਕਾ ਤੇ ਤਿੱਖੇ ਘੋਲ ਵਿੱਚ ਹੀ ਹੈ।
ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ਵਿੱਚ ਰੇਲ ਕਾਮਿਆਂ ਦੇ ਵੱਡੇ ਆਗੂ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ, ਕਾਮਰੇਡ ਐਸ ਕੇ ਤਿਆਗੀ, ਮਜ਼ਦੂਰਾਂ ਕਿਸਾਨਾਂ ਦੇ ਉਘੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਵੀ ਪਹੁੰਚ ਰਹੇ ਹਨ। ਤਿਆਰੀ ਦੇ ਸਬੰਧ ਵਿੱਚ ਆਗੂਆਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸਵਾਰ ਵੀ 57ਵੀਂ ਸ਼ਹੀਦੀ ਕਾਨਫਰੰਸ ਵਿੱਚ ਹਜਾਰਾਂ ਲੋਕਾਂ ਦੀ ਸ਼ਮੂਲੀਅਤ ਕਰਾਉਣ ਲਈ ਮੀਟਿੰਗਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ।
ਮੀਟਿੰਗ ਵਿੱਚ ਮਾਸਟਰ ਸੁਭਾਸ਼ ਸ਼ਰਮਾ, ਨਰਿੰਦਰ ਸਿੰਘ, ਲਖਬੀਰ ਸਿੰਘ, ਪਵਿੱਤਰ ਸਿੰਘ, ਸਕੱਤਰ ਸਿੰਘ, ਸੋਹਨ ਸਿੰਘ, ਅਵਤਾਰ ਸਿੰਘ ਨਿਰਮਲਾ ਦੇਵੀ ਅਤੇ ਹੋਰ ਹਾਜ਼ਰ ਸਾਥੀਆਂ ਨੇ ਵਿਚਾਰ ਵਟਾਂਦਰਾ ਕੀਤਾ।