Now Reading
ਹੜ੍ਹ ਪੀੜਤਾਂ ਦੇ ਮਸਲਿਆਂ ਦੇ ਹੱਲ ਲਈ ਡੀਸੀ ਦਫ਼ਤਰ ਅੱਗੇ ਧਰਨਾ 26 ਸਤੰਬਰ ਨੂੰ

ਹੜ੍ਹ ਪੀੜਤਾਂ ਦੇ ਮਸਲਿਆਂ ਦੇ ਹੱਲ ਲਈ ਡੀਸੀ ਦਫ਼ਤਰ ਅੱਗੇ ਧਰਨਾ 26 ਸਤੰਬਰ ਨੂੰ


ਤਰਨਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਦੇਸ਼ ਦੀ ਅਤੇ ਕੌਮਾਤਰੀ ਰਾਜਨੀਤਿਕ ਅਵਸਥਾ ਬਾਰੇ ਵਿਚਾਰ ਚਰਚਾ ਕੀਤੀ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਮਰਾਜੀ ਤਾਕਤਾਂ ਨਾਲ ਗੱਲਵਕੜੀ ਪਾ ਰਹੀ ਹੈ ਅਤੇ ਦੇਸ਼ ਦੀ ਕੁਦਰਤੀ ਸਰੋਤ ਧੰਨ ਕਬੇਰਾ ਨੂੰ ਵੇਚੇ ਜਾ ਰਹੇ ਹਨ। ਜਾਮਾਰਾਏ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪੀੜਤਾਂ ਦੀ ਸਾਰ ਲੈਣ ਵਾਸਤੇ ਪੰਜਾਬ ਦੀ ਫੇਰੀ ਦੌਰਾਨ ਕੋਝਾ ਜਿਹਾ ਮਜ਼ਾਕ ਕਰਕੇ ਚਲਦੇ ਬਣੇ ਅਤੇ ਨਾ ਹੀ ਗਰੀਬ ਵਰਗ ਦੇ ਹੱਕ ਚ ਕੋਈ ਐਲਾਨ ਕੀਤਾ, ਸਗੋਂ ਪੰਜਾਬ ਦੇ ਅਣਖੀ ਲੋਕਾਂ ਨੂੰ ਸ਼ਰਮਿੰਦਾ ਕਰਨ ਤੋਂ ਸਿਵਾਏ ਕੱਖ ਨਹੀਂ ਕੀਤਾ।
ਜਾਮਾਰਾਏ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਡੇ ਵੱਡੇ ਕਾਰਪੋਰੇਟ ਘਰਾਣਿਆ ਦੇ ਢਿੱਡ ਭਰ ਰਹੀ ਹੈ ਅਤੇ ਕਿਰਤ ਕਰਨ ਵਾਲੇ ਲੋਕਾਂ ਲਈ ਮੂੰਹ ਖੋਲਣ ਨੂੰ ਵੀ ਤਿਆਰ ਨਹੀਂ। ਉਹਨਾਂ ਪੰਜਾਬ ਦੇ ਅਣਖੀ ਬਹਾਦਰ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਚੇਤਨ ਹੋਣ ਦਾ ਸੱਦਾ ਦਿੱਤਾ।
ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਲੋਕਾਂ ਦੀ ਜਾਨ, ਮਾਲ ਅਤੇ ਫਸਲਾਂ ਦੀ ਭਾਰੀ ਤਬਾਹੀ ਹੋਈ ਹੈ ਅਤੇ ਔਖੀ ਘੜੀ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰਲਿਆਂ ਸੂਬਿਆਂ ਦੇ ਦਾਨੀ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਲੋਕਾਂ ਦੀ ਹਰ ਤਰਾਂ ਦੀ ਮਦਦ ਕੀਤੀ ਹੈ। ਜਿਸ ਦੀ ਪਾਰਟੀ ਜ਼ਿਲ੍ਹਾ ਕਮੇਟੀ ਵੱਲੋਂ ਸਰਾਹਨਾ ਕੀਤੀ ਗਈ। ਮੀਟਿੰਗ ਵਿੱਚ ਆਈਆਂ ਰਿਪੋਰਟਾਂ ਅਤੇ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਵਿੱਚ ਨਕਾਮੀਂ ਅਤੇ ਸਹਾਇਤਾ ਲਈ ਦੇਰੀ ਦੀ ਨਿੰਦਾ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿਰੋਧੀ ਵਤੀਰੇ ‘ਤੇ ਚਲਦਿਆਂ ਬਹੁਤ ਮਮੂਲੀ ਰਕਮ ਦਾ ਐਲਾਨ ਕਰਕੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ ਅਤੇ ਪੰਜਾਬ ਸਰਕਾਰ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਗੁੰਮਰਾਹ ਕਰ ਰਹੀ ਹੈ।
ਪਾਰਟੀ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 26 ਸਤੰਬਰ ਨੂੰ ਡੀਸੀ ਦਫਤਰ ਤਰਨ ਤਾਰਨ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਸੁਲੱਖਣ ਸਿੰਘ ਤੁੜ, ਹਰਭਜਨ ਸਿੰਘ, ਧਰਮ ਸਿੰਘ ਪੱਟੀ, ਜਸਬੀਰ ਸਿੰਘ ਵੈਰੋਵਾਲ, ਜਗੀਰ ਸਿੰਘ ਗੰਡੀਵਿੰਡ, ਕੇਵਲ ਸਿੰਘ ਮਾੜੀ ਕੰਬੋਕੇ, ਦਾਰਾ ਸਿੰਘ ਮੁੰਡਾ ਪਿੰਡ ਆਦਿ ਹਾਜ਼ਰ ਸਨ।

Scroll To Top